1.2K
ਇਕ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ । ਉਸਨੇ ਜੋਤਸ਼ੀ ਬੁਲਾਏ । ਜੋਤਸ਼ੀਆਂ ਨੇ ਕਿਹਾ ਜੱਗ ਕਰੋ ਤਾਂ ਔਲਾਦ ਹੋ ਜਾਵੇਗੀ । ਜੱਗ ਕਰਵਾਏ ਗਏ ਪਰ ਔਲਾਦ ਨਾ ਹੋਈ। ਫਿਰ ਪੁੱਛਿਆ ਗਿਆ ਤਾਂ ਓਹਨਾ ਨੇ ਕਿਹਾ ਕਿ ਮਾਂ ਪਿਓ ਦਾ ਇਕਲੋਤਾ ਪੁੱਤਰ ਹੋਵੇ ਤੇ ਓਹ ਉਸਨੂੰ ਖੁਸ਼ੀ ਨਾਲ਼ ਦੇ ਦੇਣ, ਉਸ ਲੜਕੇ ਦੀ ਬਲੀ ਦਿੱਤੀ ਜਾਵੇ ਤਾਂ ਔਲਾਦ ਹੋ ਜਾਏਗੀ । ਰਾਜੇ ਨੇ ਆਪਣੇ ਰਾਜ ਵਿੱਚ ਐਲਾਨ ਕਰਵਾ ਦਿੱਤਾ ਕਿ ਜੋ ਅਪਣਾ ਇਕਲੌਤਾ ਪੁੱਤਰ ਬਲੀ ਵਾਸਤੇ ਦੇਵੇਗਾ ਉਸਨੂੰ ਮੂੰਹ ਮੰਗਿਆ ਧੰਨ ਦਿੱਤਾ ਜਾਵੇਗਾ । ਇੱਕ ਗਰੀਬ ਪਰਿਵਾਰ ਸੀ ਓਹਨਾ ਨੇ ਆਪਣੇ ਲੜਕੇ ਦਾ ਨਾਮ ਜੜ੍ਹ ਰਖਿਆ ਹੋਇਆ ਸੀ ਕਿਉਂਕਿ ਓਹ ਆਪਣੀਆਂ ਹੀ ਸੋਚਾਂ ਵਿੱਚ ਲੀਨ ਰਹਿੰਦਾ ਸੀ । ਓਹਨਾ ਨੇ ਸੋਚਿਆ ਇਹ ਸਾਡੇ ਕਿਸੇ ਕੰਮ ਦਾ ਨਹੀਂ ਹੈ । ਜੇ ਰਾਜੇ ਨੂੰ ਦੇ ਦਈਏ ਤਾਂ ਬੁਹਤ ਧੰਨ ਮਿਲੇਗਾ । ਉਹਨਾ ਨੇ ਜੜ੍ਹ ਨੂੰ ਰਾਜੇ ਅੱਗੇ ਪੇਸ਼ ਕਰ ਦਿੱਤਾ ਤੇ ਧੰਨ ਲੈ ਲਿਆ । ਲੜਕੇ ਨੂੰ ਇਸ਼ਨਾਨ ਕਰਵਾਉਣ ਲਈ ਦਰਿਆ ਤੇ ਲਜਾਇਆ ਗਿਆ । ਲੜਕੇ ਨੇ ਵਾਪਸੀ ਸਮੇਂ ਚਾਰ ਢੇਰੀਆਂ ਮਿੱਟੀ ਦੀਆਂ ਬਣਾਈਆਂ । ਤਿੰਨ ਢੇਰੀਆਂ ਨੂੰ ਮੱਥਾ ਟੇਕਿਆ ਤੇ ਢਾਹ ਦਿੱਤੀਆਂ । ਚੌਥੀ ਢੇਰੀ ਨੂੰ ਸਲਾਮ ਕੀਤਾ ਤੇ ਢਾਈ ਨਹੀਂ ।
ਸਿਪਾਹੀਆਂ ਨੇ ਸਾਰੀ ਗੱਲ ਰਾਜੇ ਨੂੰ ਦੱਸੀ ਤਾਂ ਰਾਜੇ ਨੇ ਇਸਦਾ ਮਤਲਬ ਪੁੱਛਿਆ ਕਿ ਕਿਉਂ ਕੀਤਾ । ਜੜ੍ਹ ਨੇ ਉੱਤਰ ਦਿੱਤਾ ਪਹਿਲੀ ਢੇਰੀ ਮੇਰੇ ਮਾਂ ਪਿਓ ਦੀ ਸੀ । ਓਹਨਾ ਨੇ ਲਾਲਚ ਵਿੱਚ ਆ ਕੇ ਮੈਨੂੰ ਬਲੀ ਲਈ ਦੇ ਦਿੱਤਾ । ਦੂਜੀ ਢੇਰੀ ਮੇਰੇ ਰਿਸ਼ਤੇਦਾਰਾਂ , ਦੋਸਤਾਂ ਦੀ ਸੀ ਓਹਨਾ ਨੇ ਵੀ ਕਿਸੇ ਨੇ ਮੇਰੀ ਸਹਾਇਤਾ ਨਹੀਂ ਕੀਤੀ । ਤੀਜੀ ਢੇਰੀ ਰਾਜੇ ਦੀ ਸੀ । ਜਿਸਦਾ ਫਰਜ ਹੁੰਦਾ ਹੈ ਆਪਣੀ ਪਰਜਾ ਦੀ ਹਿਫਾਜਤ ਕਰੇ । ਪਰ ਓਹ ਆਪਣੀ ਖਾਤਿਰ ਆਪਣੀ ਪਰਜਾ ਦੀ ਬਲੀ ਦੇ ਰਿਹਾ ਹੈ । ਚੌਥੀ ਢੇਰੀ ਮੇਰੇ ਖੁਦਾ ਮਾਲਿਕ ਦੀ ਹੈ । ਜਿਸ ਤੇ ਮੈਨੂੰ ਹਾਲੇ ਵੀ ਆਸ ਹੈ ਕਿ ੳੁਹ ਮੇਰੀ ਮਦਦ ਜਰੂਰ ਕਰੇਗਾ ਇਸ ਲਈ ਮੈਂ ਓਹ ਢੇਰੀ ਨਹੀਂ ਢਾਹੀ ।
ਰਾਜੇ ਨੂੰ ਸੋਝੀ ਆ ਗੲੀ। ਉਸ ਨੇ ਸੋਚਿਆ ਜੇ ਬਲੀ ਦੇਕੇ ਵੀ ਔਲਾਦ ਨਾ ਹੋਈ ਤਾਂ ਓਹ ਕਿਤੇ ਦਾ ਵੀ ਨਹੀਂ ਰਹੇਗਾ। ਕਿਉਂ ਨਾ ਇਸ ਨੂੰ ਹੀ ਆਪਣਾ ਪੁੱਤਰ ਬਣਾ ਲਵਾਂ। ਰਾਜੇ ਨੇ ਉਸ ਨੂੰ ਗੋਦ ਲੈਕੇ ਆਪਣਾ ਪੁੱਤਰ ਐਲਾਨ ਦਿੱਤਾ। ਅੱਗੇ ਜਾਕੇ ਉਸਨੇ ਲੰਮਾ ਸਮਾਂ ਰਾਜ ਕੀਤਾ।