ਕਹਿੰਦੇ ਕਿ ਇਕ ਵਾਰੀ ਬੁਲ੍ਹੇ ਸ਼ਾਹ ਲਾਹੌਰ ਬਾਜ਼ਾਰ ਵਿਚ ਦੁੱਧ ਲੈਣ ਗਿਆ ।ਤਖ਼ਤ ਪੋਸ਼ ਤੇ ਦੁਧ ਦੀਆਂ ਬਾਲਟੀਆਂ ਰੱਖੀ ਇਕ ਮੁਟਿਆਰ ਗਵਾਲਣ ਦੁੱਧ ਵੇਚ ਰਹੀ ਸੀ ।ੳੁਹ ਗਾਹਕ ਪਾਸੋਂ ਪੈਸੇ ਫੜਦੀ, ਗਿਣਦੀ ਤੇ ਮਿਣ ਕੇ ਦੁਧ ਉਸ ਦੇ ਭਾਂਡੇ ਵਿਚ ਪਾ ਦਿੰਦੀ ਹੈ। ਇਹ ਅਸੂਲ ਦੀ ਗੱਲ, ਇਕ ਗੱਲ ਅਜਿਹੀ ਹੋਈ ਜੋ ਇਸ ਅਸੂਲ ਦੀ ਉਲੰਘਣਾ ਸੀ ।ੲਿਕ ਗੱਭਰੂ ਆਇਆ, ਸੁਨੱਖਾ ਜਿਹਾ ਤੇ ਉਸ ਨੇ ਮੁਟਿਆਰ ਦੀ ਤਲੀ ਤੇ ਕੁਝ ਰੱਖਿਆ । ਉਸਨੇ ਪਿਆਰ ਨਾਲ ਉਸ ਵੱਲ ਦੇਖਿਆ, ਪੈਸੇ ਬਿਨਾ ਗਿਣੇ ਹੀ ਗੱਲੇ ਚ ਸੁੱਟ ਦਿੱਤੇ ਤੇ ਉਸਦਾ ਭਾਂਡਾ ਲੈ ਕਿ ਬਾਲਟੀ ਵਿਚੋਂ ਨੱਕੋ ਨੱਕ ਭਰ ਦਿੱਤਾ । ਰੱਬ ਦੇ ਬੰਦੇ ਬੁਲ੍ਹੇ ਸ਼ਾਹ ਨੂੰ ਬੜੀ ਹੈਰਾਨੀ ਹੋਈ ਕਿ ਨ ਪੈਸੇ ਗਿਣੇ ਤੇ ਨਾ ਦੁਧ ਮਿਣਿਆ । ਕਾਰਨ? ਸਮਝ ਵਿਚ ਨ ਆਇਆ ਤਾਂ ਅਖੀਰ ਉਸਨੇ ਮੁਟਿਆਰ ਤੋਂ ਪੁਛਣਾ ਠੀਕ ਜਾਣਿਅਾ। ਉਸ ਰੱਜੀ ਹੋਈ ਰੂਹ ਵਾਲੀ ਮੁਟਿਆਰ ਨੇ ਆਖਿਆ, ‘ ਰੱਬ ਦੇ ਫ਼ਕੀਰਾ! ਜਿੱਥੇ ਇਸ਼ਕ ਮੁਹੱਬਤ ਹੋਵੇ ਉਥੇ ਲੇਖੇ ਜੋਖੇ ਨਹੀ ਕਰੀਦੇ ।’ ਇਹ ਸੁਣਦਿਆਂ ਬੁਲ੍ਹੇ ਸ਼ਾਹ ਵਜਦ ਵਿਚ ਅਾ ਗਿਆ ਤੇ ਆਪਣੇ ਮਨ ਨੂੰ ਲਾਹਨਤਾ ਪਾਉਣ ਲੱਗਾ ਕਿ ਸਧਾਰਨ ਗਭੱਰੂ ਨੂੰ ਮੁਹਬੱਤ ਕਰਨ ਆਲੀ ਅਤਿ ਸਾਧਾਰਨ ਗਵਾਲਣ ਹੀ ਤੇਰੇ ਨਾਲੋਂ ਚੰਗੀ ਹੈ ਜੋ ਆਪਣੇ ਸੱਜਣ ਨਾਲ ਲੇਖਾ ਨਹੀ ਕਰਦੀ ਤੇ ਤੂੰ ਕੁਲ ਆਲਮ ਦੇ ਮਾਲਕ ਦਾ ਨਾਮ ਜਪਣ ਦਾ ਲੇਖਾ ਰੱਖਣ ਲਈ ਤਸਵੀ ਲਈ ਫਿਰਦਾਂ ਹੈਂ,ਤੇ ਫਿਰ ਬੁਲ੍ਹੇ ਨੇ ਤਸਵੀ ਲਾਹ ਕੇ ਵਗਾਹ ਮਾਰੀ । ਸਾਰੀ ਉਮਰ ਅਲੇਖਾ ਹੀ ਰੱਖਿਆ।
560
previous post