ਰਾਤ ਦਾ ਆਖਰੀ ਪਹਿਰ ਬੀਤ ਚੁਕਾ ਸੀ ਤੇ ਅਸਮਾਨ ਵਿਚ ਚਾਨਣ ਰਿਸ਼ਮਾਂ ਖਿਲਰਨੀਆ ਸ਼ੁਰੂ ਹੋ ਚੁੱਕਿਆਂ ਸੀ …ਇਕ ਛੋਟੇ ਜਿਹੇ ਕਮਰੇ ਵਿਚ ਤਾੜੇ ਹੋਏ ਗੁਲਾਮਾਂ ਨੂੰ ਬਾਹਰ ਲਿਆ ਕੰਮ ਤੇ ਲਾਇਆ ਜਾ ਰਿਹਾ ਸੀ.. ਯੂਰੋਪ ਵਰਗੇ ਠੰਡੇ ਇਲਾਕੇ ਵਿਚ ਗਰਮੀ ਵੀ ਪੈਂਦੀ ਸੀ ..ਰੋਮਨ ਹੁਕਮਰਾਨਾ ਵਲੋਂ ਅਫਰੀਕਨ ਨੀਗਰੋ ਤੇ ਹੋਰ ਗੁਲਾਮ ਖਰੀਦੇ ਜਾਂਦੇ ਸਨ ਤੇ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ..ਕੋਰਲੀ ਵੀ ਓਹਨਾ ਚੋ ਇਕ ਸੀ ਪਰ ਉਸ ਨੂੰ ਆਪਣਾ ਮੁਲਕ ਬਹੁਤ ਯਾਦ ਆਉਂਦਾ ਸੀ …ਉਹ ਨਿਕਲਣਾ ਚਾਹੁੰਦਾ ਸੀ ਇਥੋਂ ਪਰ ਕਿਲੇ ਦੀ ਦੀਵਾਰ ਦੇ ਕੋਲ ਸਖਤ ਪਹਿਰੇ ਕਰਕੇ ਹਿਲ ਵੀ ਨੀ ਸੀ ਸਕਦਾ ..ਇਸੇ ਕਰਕੇ ਕਈ ਵਾਰ ਚਾਬੁਕ ਵੀ ਪਏ ..ਦਿਲ ਨੂੰ ਲਗੇ ਝੋਰੇ ਤੇ ਹੱਦ ਤੋੜਵੀ ਮੇਹਨਤ ਕਰ ਉਸ ਦਾ ਸ਼ਰੀਰ ਕਾਫੀ ਨਿਢਾਲ ਹੋ ਗਿਆ ਸੀ …
ਓਹਨਾ ਤੇ ਨਿਗਰਾਨੀ ਰੱਖਣ ਵਾਲੇ ਬੰਦੇ ਕੋਲ ਅਕਸਰ ਹੀ ਇਕ ਪਿੰਜਰਾ ਹੁੰਦਾ ਸੀ ਜਿਸ ਵਿਚ ਕਈ ਰੰਗ ਬਿਰੰਗੇ ਪੰਛੀ ਸਨ ..ਕੋਰਕੀ ਓਨਾ ਵਲ ਦੇਖਦਾ ਤਾ ਉਸ ਨੂੰ ਪੰਛੀਆਂ ਤੇ ਬੜਾ ਤਰਸ ਆਉਂਦਾ …
ਇਕ ਦਿਨ ਤੜਕਸਾਰ ਹੀ ਉਸ ਨੂੰ ਆਪਣਾ ਘਰ ਤੇ ਪਿੰਡ ਸੁਪਨੇ ਚ ਦਿਸੇ,ਉਹ ਨਦੀ ਦਿਖੀ ਜਿਸ ਵਿਚ ਉਹ ਅਕਸਰ ਤਾਰੀਆਂ ਲਾਉਂਦਾ ਸੀ …ਇਕ ਅੱਚਵੀ ਜਿਹੀ ਲਗ ਗਈ ਤੇ ਸ਼ਰੀਰ ਨਿਢਾਲ ਪੈ ਗਿਆ ..ਪਰ ਇਥੇ ਕਿਸ ਨੇ ਧਿਆਨ ਦੇਣਾ ਸੀ …ਕੋਠੜੀ ਚੋ ਬਾਹਰ ਲਿਆ ,ਉਸ ਦੀਆ ਬੇੜੀਆਂ ਖੋਲੀਆਂ ਗਈਆਂ..ਅਜਾਦ ਹੋਣ ਦੀ ਲਾਲਸਾ ਨੇ ਇਕ ਵਾਰ ਫੇਰ ਮੌਕਾ ਦੇਖ ਉਸ ਨੂੰ ਕੰਧ ਟੱਪ ਜਾਣ ਲਈ ਜ਼ੋਰ ਪਾਇਆ ਤੇ ਉਸ ਨੇ ਸਾਰੀ ਤਾਕਤ ਇਕਠੀ ਕਰ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ …
ਪਹਿਰੇਦਾਰਾਂ ਨੇ ਫੜ ਕੇ ਧੁ ਲਿਆ ਤੇ ਉਸ ਤੇ ਚਾਬੁਕ ਵਰਨੇ ਸ਼ੁਰੂ ਹੋ ਗਏ …ਕੁਛ ਸਮੇ ਮਗਰੋਂ ਥਕ ਹਾਰ ਕੇ ਪਹਿਰੇਦਾਰ ਵਾਪਸ ਜਾਣ ਲਗੇ ਤਾ ਕੋਰਕੀ ਨੇ ਮੂੰਹ ਉਤਾਂਹ ਚੁਕਿਆ ਤਾ ਸਾਹਮਣੇ ਓਹੀ ਪਿੰਜਰਾ ਦਿੱਖ ਗਿਆ …ਘਿਸਰ ਕੇ ,ਹੋਲੀ ਹੋਲੀ ਪਿੰਜਰੇ ਕੋਲ ਜਾ, ਉਸ ਨੇ ਪਿੰਜਰਾ ਖੋਲ ਸਾਰੇ ਪਰਿੰਦੇ ਉਡਾ ਦਿਤੇ ….ਚਾਬੁਕਾਂ ਦਾ ਦੋਰ ਫੇਰ ਚਲ ਪਿਆ ਪਰ ਉਸ ਤੇ ਕੋਈ ਅਸਰ ਨੀ ਹੋ ਰਿਹਾ ..ਜਿੰਨੇ ਜ਼ੋਰ ਨਾਲ ਚਾਬੁਕ ਪੈਂਦੇ ,ਉਹ ਹੋਰ ਉੱਚੀ ਹਸਦਾ ਤੇ ਅਖੀਰ ਹਸਦੇ ਹਸਦੇ ਅੱਖਾਂ ਮੀਟ ਹੋ ਗਈਆਂ ਤੇ ਅਸਮਾਨ ਦਾ ਨੀਲਾ ਰੰਗ ਉਸ ਦੀਆ ਪਲਕਾਂ ਵਿਚ ਸਮਾ,ਕਾਲਾ ਸਿਆਹ ਹੋ ਗਿਆ …ਰੂਹ ਆਜ਼ਾਦ ਹੋ ਚੁਕੀ ਸੀ …
ਗੁਲਜਿੰਦਰ ਕੌਰ