ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਇਕ ਭਗਤ “ਸੁਥਰਾ ਸ਼ਾਹ” ਸੀ। ਉਸ ਦਾ ਜਨਮ ਕਸ਼ਮੀਰ ਬਾਰਾਮੂਲੇ ਵਿਚ ਹੋਇਆ। ਜਿਸ ਦਿਨ ਜਨਮਿਆਂ,ਇਸ ਦੇ ਮੂੰਹ ਵਿਚ ਦੋ ਦੰਦ ਸਨ,ਜੋ ਬਾਹਰ ਨਿਕਲੇ ਹੋਏ ਸਨ,ਜਨਮ ਤੋਂ। ਨੱਕ ਟੇਢੀ,ਅੱਖਾਂ ਕਰੂਪ,ਚੇਹਰਾ ਬੜਾ ਭੱਦਾ,ਬਿਲਕੁਲ ਕਾਲਾ ਸੀ। ਉਸ ਨੂੰ ਦੇਖਣ ਨੂੰ ਜੀਅ ਨਾ ਕਰੇ,ਡਰ ਲੱਗੇ। ਮਾਂ ਬਾਪ ਨੂੰ ਬੜੀ ਚਿੰਤਾ ਹੋਈ ਕਿ ਮਜ਼ਾਕ ਬਣੇਗਾ,ਕਸ਼ਮੀਰੀ ਕੀ ਆਖਣਗੇ। ਪਿਉ ਰਾਤ ਦੇ ਵਕਤ ਚੁੱਕ ਕੇ ਬਾਹਰ ਗੰਦਗੀ ਦੇ ਢੇਰ ‘ਤੇ ਸੁੱਟ ਗਿਆ। ਏਨੇ ਨੂੰ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ 20-25 ਸਿੰਘਾਂ ਨਾਲ ਉਥੋਂ ਦੀ ਲੰਘੇ। ਬੱਚੇ ਦੇ ਰੋਣ ਦੀ ਆਵਾਜ਼ ਸਤਿਗੁਰਾਂ ਦੇ ਕੰਨਾਂ ਵਿਚ ਪਈ। ਸਤਿਗੁਰੂ ਜੀ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ-
“ਕਿਸੇ ਮਨੁੱਖੀ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿਚ ਪੈ ਰਹੀ ਹੈ,ਜ਼ਰਾ ਦੇਖੋ।”
ਗੰਦਗੀ ਦੇ ਢੇਰ ‘ਤੇ ਗਏ ਤੇ ਦੇਖ ਕੇ ਕਹਿਣ ਲੱਗੇ-
“ਮਹਾਰਾਜ ! ਹੈ ਤਾਂ ਮਨੁੱਖੀ ਬੱਚਾ,ਪਰ ਗੰਦਾ ਬੜਾ ਹੈ,ਕਰੂਪ ਬੜਾ ਹੈ।”
ਤਾਂ ਸਤਿਗੁਰੂ ਜੀ ਕਹਿਣ ਲੱਗੇ-
“ਚੁੱਕ ਲਿਆਓ,ਸੁਥਰਾ ਹੋ ਜਾਵੇਗਾ।”
ੲਿਸਤੋਂ ੲਿਸਦਾ ਨਾਮ ਸੁਥਰਾ ਸ਼ਾਹ ਪੈ ਗਿਆ। ਇਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਪਾਲਿਆ। ਵੱਡੇ ਹੋ ਕੇ ਤੁਖ਼ਮੇ ਤਾਸੀਰ ਕਰਕੇ ਮਜ਼ਾਕੀਆ ਸੁਭਾਅ ਦਾ ਸੀ ਤੇ ਗੁਰੂ ਜੀ ਦੀ ਸੰਗਤ ਕਰ ਕੇ ਬ੍ਹਹਮ ਗਿਆਨੀ ਬਣਿਆ।
ਇਕ ਦਿਨ ਗੁਰੂ ਦਰਬਾਰ ਵਿਚ ਇਕ ਜੋਗੀ ਆਇਆ। ਤਨ ਉੱਤੇ ਸੁੁਆਹ ਮਲੀ ਹੋਈ ਸੀ। ਸਤਿਗੁਰਾਂ ਨੂੰ ਮੱਥਾ ਟੇਕ ਕੇ ਸਾਹਮਣੇ ਬੈਠ ਗਿਆ। ਸੁਥਰਾ ਸਤਿਗੁਰਾਂ ‘ਤੇ ਚੌਰ ਕਰਦਾ ਹੋਇਆ,ਉਸ ਜੋਗੀ ਨੂੰ ਚਿੜਾਵੇ। ਕੁਛ ਦੇਰ ਤੱਕ ਤਾਂ ਜੋਗੀ ਨੇ ਬਰਦਾਸ਼ਤ ਕੀਤਾ। ਫਿਰ ਉਸ ਦੇ ਕੋਲ ਜਿਹੜਾ ਚਿਮਟਾ ਸੀ, ਉਸ ਨੇ ਚੁੱਕ ਲਿਆ ਮਾਰਨ ਨੂੰ।
ਸੁਥਰਾ ਸਤਿਗੁਰੂ ਜੀ ਨੂੰ ਕਹਿਣ ਲੱਗਾ-
“ਮਹਾਰਾਜ ! ਮੈਨੂੰ ਬਚਾਉ,ਇਹ ਚਿਮਟੇ ਨਾਲ ਮੈਨੂੰ ਦੁਫਾੜ ਕਰ ਦੇਵੇਗਾ।”
ਛੇਵੇਂ ਪਾਤਿਸ਼ਾਹ ਨੂੰ ਸਭ ਪਤਾ ਸੀ,ਕਹਿਣ ਲੱਗੇ-
“ਸੁਥਰਿਆ ! ਤੂੰ ਫਿਰ ਕੁਝ ਕੀਤਾ ਹੋਵੇਗਾ, ਕੁਝ ਆਖਿਆ ਹੋਣਾ ਹੈ।”
ਸੁਥਰੇ ਨੇ ਕਿਹਾ-
“ਨਹੀਂ, ਮੈਂ ਆਖਿਆ ਤਾਂ ਕੁਛ ਨਹੀਂ, ਪਰ ਇਸ ਨੇ ਤਨ ‘ਤੇ ‘ਜਿਹੜੀ ਸੁਆਹ ਮਲੀ ਹੋਈ ਹੈ ਨਾ, ਮੈਂ ਥੋੜੀੑ ਜਿਹੀ ਸੁਆਹ ਅਲੱਗ ਕਰਦਾ ਪਿਆ ਸੀ, ਦੇਖਾਂ ਕਿ ਕਿਧਰੇ ਅੱਗ ਵੀ ਹੈ ਕਿ ਨਹੀਂ।
ਮਹਾਰਾਜ ਜੀ ! ਮੈਂ ਰਾਖ਼ ਅਜੇ ਥੋੜੀੑ ਜਿਹੀ ਲਾਂਭੇ ਕੀਤੀ ਹੈ, ਭਾਂਬੜ ਹੀ ਭਾਂਬੜ ਨੇ,ਅੱਗ ਹੀ ਅੱਗ ਹੈ।”
” ਅੰਤਰਿ ਅਗਨਿ ਬਾਹਰਿ ਤਨੁ ਸੁਆਹ॥
ਗਲਿ ਪਾਥਰ ਕੈਸੇ ਤਰੈ ਅਥਾਹ ॥”
{ਮ: ੫, ਪੰਨਾ ੨੬੭}
ਗਿਅਾਨੀ ਸੰਤ ਸਿੰਘ ਜੀ ਮਸਕੀਨ