ਸ਼ਾਮ ਦੀ ਰੋਟੀ ਸਾਰਾ ਪਰਿਵਾਰ ਰਸੋਈ ਦੇ ਸਾਹਮਣੇ ਵੱਡੇ ਕਮਰੇ ਵਿਚ ਬੈਠ ਕੇ ਖਾਂਦਾ ਹੈ ਜਿੱਥੇ ਟੀ.ਵੀ. ਰੱਖਿਆ ਹੋਇਆ ਹੈ। ਨੂੰਹ ਤੇ ਪੁੱਤ ਆਪੋ ਆਪਣੇ ਦਫਤਰ ਤੋਂ ਆ ਕੇ ਅਰਾਮ ਕਰਨ ਲੱਗ ਜਾਂਦੇ ਹਨ। ਮਾਂ ਉਨ੍ਹਾਂ ਦੀ ਲੋੜ ਮੁਤਾਬਕ ਪਾਣੀ, ਚਾਹ ਕਦੇ ਦੁੱਧ ਗਰਮ ਕਰਦੀ ਹੈ। ਕਦੇ ਪੋਤਾ-ਪੋਤੀ ਆਪਣੀ ਪਸੰਦ ਦੀਆਂ ਚੀਜ਼ਾਂ ਬਣਵਾਉਂਦੇ ਹਨ। ਮਾਂ ਦਾ ਕੰਮ ਸਾਰਾ ਦਿਨ ਨਹੀਂ ਮੁੱਕਦਾ। ਨੌਕਰ ਰੱਖਣ ਦਾ ਰਿਵਾਜ ਇਸ ਘਰ ਵਿੱਚ ਸ਼ੁਰੂ ਤੋਂ ਹੀ ਨਹੀਂ ਹੈ।
ਸ਼ਨੀਵਾਰ ਨੂੰ ਸਾਰੇ ਜਾਣੇ ਦੇਰ ਰਾਤ ਤੱਕ ਟੀ.ਵੀ. ਤੇ ਚੱਲਦੀ ਫਿਲਮ ਦੇਖਦੇ ਰਹੇ ਇੱਕ ਮਾਂ ਤੋਂ ਸਿਵਾਏ। ਨੂੰਹ, ਰਸੋਈ ਚ ਗੇੜਾ ਜਿਹਾ ਮਾਰਦੀ ਫਿਰ ਟੀ.ਵੀ. ਅੱਗੇ ਆ ਬਹਿੰਦੀ।
ਮਾਂ ਨੇ ਇਕੱਲੀ ਨੇ ਹੀ ਰੋਟੀ ਬਣਾ ਕੇ ਸਭ ਨੂੰ ਖਵਾਈ। ਗਿਆਰਾਂ ਕੁ ਵਜੇ ਫਿਲਮ ਖਤਮ ਹੋਈ।
ਪਾਪਾ ਸੌਣ ਵਾਲੇ ਕਮਰੇ ਵੱਲ ਜਾਂਦਿਆਂ ਆਖਣ ਲੱਗੇ, “ਮੈਨੂੰ ਸਵੇਰੇ ਅੱਠ ਵਜੇ ਤੱਕ ਨਾ ਜਗਾਉਣਾ, ਐਤਵਾਰ ਦੀ ਛੁੱਟੀ ਹੈ, ਰੱਜ ਕੇ ਨੀਂਦ ਲਾਹਵਾਂਗੇ।”
ਨੂੰਹ ਤੇ ਪੁੱਤ ਵੀ ਛੁੱਟੀ ਵਾਲੇ ਦਿਨ ਲੇਟ ਉੱਠਣ ਦੀ ਗੱਲ ਕਰਕੇ ਸੌਣ ਚਲੇ ਗਏ। ਪੋਤਾ ਤੇ ਪੋਤੀ ਬੋਲੇ, “ਸਾਨੂੰ ਵੀ ਛੇਤੀ ਨਾ ਜਗਾਇਓ, ਅਸੀਂ ਕਿਹੜਾ ਕੱਲ ਸਕੂਲ ਜਾਣਾ? ?
ਸਭ ਦੀਆਂ ਗੱਲਾਂ ਸੁਣਦੀ ਮਾਂ ਅਜੇ ਵੀ ਕੰਮ ਵਿੱਚ ਮਸ਼ਰੂਫ ਸੀ ਰਸੋਈ ਵਿਚ ਭਾਂਡਿਆਂ ਦਾ ਢੇਰ ਪਿਆ ਸੀ। ਸੌਣ ਲਈ ਉਸਨੂੰ ਘੰਟਾ ਲੱਗ ਜਾਣਾ ਸੀ। ਤੜਕੇ ਵੀ ਸਾਰਿਆਂ ਤੋਂ ਪਹਿਲਾਂ ਉੱਠਕੇ ਉਸਨੇ ਹੀ ਚਾਹ ਬਨਾਉਣੀ ਸੀ। ਕੰਮ ਕਰਦੀ ਮਾਂ ਨੂੰ ਅਚਾਨਕ ਖਿਆਲ ਆਇਆ ਭਲਾ ਮੈਨੂੰ ਛੁੱਟੀ ਕਿਹੜੇ ਦਿਨ ਹੋਵੇਗੀ?
ਕਰਮਜੀਤ ਗਰੇਵਾਲ