ਫਰਾਂਸ ਅਤੇ ਇਟਲੀ ਦੀਆਂ ਸਰਹੱਦਾਂ ਨਾਲ ਲਗਦਾ, ਮੱਧ ਸਾਗਰ ਦੇ ਕਿਨਾਰੇ ਨਿੱਕਾ ਜਿਹਾ ਦੇਸ ਮੋਨਾਕੋ ਹੈ। ਆਮ ਜਿਹੇ ਕਿਸੇ ਸ਼ਹਿਰ ਦਾ ਬੰਦਾ ਸ਼ੇਖੀ ਮਾਰ ਸਕਦੈ ਕਿ ਸਾਰੇ ਮੋਨਾਕੋ ਦੇਸ ਦੀ ਇੰਨੀ ਆਬਾਦੀ ਨਹੀਂ ਹੋਣੀ ਜਿੰਨੀ ਸਾਡੇ ਇਕੱਲੇ ਸ਼ਹਿਰ ਦੀ। ਕੇਵਲ ਸੱਤ ਹਜ਼ਾਰ ਨਾਗਰਿਕ, ਤੇ ਰਕਬਾ? ਜੇ ਸਾਰੇ ਦੇਸ ਦੀ ਜ਼ਮੀਨ ਨਾਗਰਿਕਾਂ ਵਿਚ ਵੰਡ ਦਈਏ ਤਾਂ ਇਕ ਬੰਦੇ ਨੂੰ ਇਕ ਏਕੜ ਮਸਾਂ ਆਵੇ, ਪਰ ਇਸ ਨਿੱਕੇ ਜਿਹੇ ਦੇਸ ਦੀ ਆਪਣੀ ਨਿੱਕੀ ਜਿਹੀ ਸਰਕਾਰ ਹੈ, ਨਿੱਕਾ ਜਿਹਾ ਮਹਿਲ, ਦਰਬਾਰੀ, ਵਜ਼ੀਰ, ਪਾਦਰੀ, ਜਰਨੈਲ ਤੇ ਫੌਜ। ਫੌਜ ਦੀ ਗਿਣਤੀ ਕੁੱਲ ਸੱਠ ਸਿਪਾਹੀ! ਪਰ ਤਾਂ ਵੀ ਫੌਜ ਫੌਜ ਹੈ ਤੇ ਜਰਨੈਲ ਜਰਨੈਲ। ਬਾਕੀ ਦੇਸਾਂ ਵਾਂਗ ਲੋਕਾਂ ਤੋਂ ਟੈਕਸ ਉਗਰਾਹੇ ਜਾਂਦੇ-ਤਮਾਕੂ ‘ਤੇ ਟੈਕਸ, ਸ਼ਰਾਬ ‘ਤੇ ਟੈਕਸ, ਪਰ ਇਹ ਟੈਕਸ ਇੰਨੇ ਥੋੜ੍ਹੇ ਸਨ ਕਿ ਇਨ੍ਹਾਂ ਨਾਲ ਸਟੇਟ ਦਾ ਖਰਚਾ ਨਾ ਨਿਕਲਦਾ। ਬਾਦਸ਼ਾਹ ਦੀ ਆਮਦਨ ਦਾ ਸਾਧਨ ਕੋਈ ਹੋਰ ਨਾ ਹੁੰਦਾ ਤਾਂ ਉਸ ਦੇ ਦਰਬਾਰੀ ਭੁੱਖੇ ਮਰ ਜਾਂਦੇ।
ਸਿਆਣਿਆਂ ਨੇ ਇਸ ਦਾ ਹੱਲ ਖੋਜਿਆ ਕਿ ਜੂਏਖਾਨੇ ਚੱਲਣ ਦਿਉ। ਲੋਕ ਜਿੱਤਣ ਭਾਵੇਂ ਹਾਰਨ, ਆਪਾਂ ਨੂੰ ਕੀ! ਆਪਾਂ ਟੈਕਸ ਰਾਹੀਂ ਵੱਡੀ ਰਕਮ ਵਸੂਲਾਂਗੇ। ਯੂਰਪ ਦੇ ਦੇਸਾਂ ਨੇ ਜੂਏ ਦੇ ਅੱਡੇ ਬੰਦ ਕਰ ਦਿੱਤੇ ਸਨ। ਜਰਮਨੀ ਵਿਚ ਦੇਰ ਤਕ ਜੂਏਬਾਜ਼ੀ ਚੱਲਦੀ ਰਹੀ, ਪਰ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਇਥੋਂ ਦੇ ਬਾਦਸ਼ਾਹ ਨੂੰ ਵੀ ਬੰਦ ਕਰਨੀ ਪਈ। ਜੂਏਖਾਨੇ ਬੰਦ ਕਰਨ ਦਾ ਕਾਰਨ ਇਹ ਸੀ ਕਿ ਨੁਕਸਾਨ ਬੜਾ ਹੋਣ ਲੱਗ ਪਿਆ ਸੀ। ਬੰਦਾ ਕਿਸਮਤ ਅਜਮਾਉਣ ਆਉਂਦਾ ਤੇ ਹਾਰ ਜਾਂਦਾ, ਫਿਰ ਉਧਾਰ ਲੈ ਕੇ ਖੇਡਦਾ, ਉਹ ਵੀ ਹਾਰ ਜਾਂਦਾ। ਫਿਰ ਇੰਨਾ ਦੁਖੀ ਹੋ ਜਾਂਦਾ ਕਿ ਖੁਦਕੁਸ਼ੀ ਕਰਦਾ। ਘਰਾਂ ਦੇ ਦੀਵੇ ਗੁਲ ਹੁੰਦੇ ਦੇਖ ਕੇ ਜਰਮਨਾਂ ਨੇ ਬਾਦਸ਼ਾਹ ਨੂੰ ਕਹਿ ਦਿੱਤਾ-ਬਸ ਹੋਰ ਨਹੀਂ, ਬੰਦ ਕਰੋ ਅੱਡੇ, ਪਾਪ ਦੀ ਕਮਾਈ ਠੀਕ ਨਹੀਂ।
ਮੋਨਾਕੋ ਦੇ ਰਾਜੇ ਨੂੰ ਕਿਸੇ ਨਹੀਂ ਰੋਕਿਆ। ਯੂਰਪ ਦਾ ਕੋਈ ਬੰਦਾ ਜੂਆ ਖੇਡਣਾ ਚਾਹੁੰਦਾ ਤਾਂ ਮੋਨਾਕੋ ਜਾ ਵੜਦਾ। ਆਏ ਮਹਿਮਾਨ ਜਿੱਤਣ ਹਾਰਨ, ਬਾਦਸ਼ਾਹ ਨੂੰ ਆਮਦਨ ਹੀ ਆਮਦਨ। ਕਦੀ ਕਦਾਈਂ ਆਪਣੇ ਕਿਸੇ ਵਜ਼ੀਰ ਨੂੰ ਬਾਦਸ਼ਾਹ ਕਹਿ ਵੀ ਦਿੰਦਾ, ਬਈ ਆਪ ਸੋਚੋ, ਇਮਾਨਦਾਰ ਬਣੇ ਰਹੀਏ ਤਾਂ ਮਹਿਲਾਂ ਵਿਚ ਕੌਣ ਰਹਿਣ ਦਏ ਆਪਾਂ ਨੂੰ। ਸਾਰੇ ਜਾਣਦੇ ਸਨ, ਜੂਏਬਾਜ਼ੀ ਬੁਰੀ ਲਤ ਹੈ, ਪਰ ਕੀਤਾ ਕੀ ਜਾਵੇ? ਇਉਂ ਤਾਂ ਜੇ ਹਿਸਾਬ ਲਾਈਏ, ਰਾਜਾ ਕਿਹਾ ਕਰਦਾ, ਤਮਾਕੂ ਤੇ ਸ਼ਰਾਬ ਪੀਣੀ ਵੀ ਤਾਂ ਜੂਏਬਾਜ਼ੀ ਜਿੰਨੀ ਹੀ ਮਾੜੀ ਲਤ ਹੈ। ਯੂਰਪ ਇਨ੍ਹਾਂ ਚੀਜ਼ਾਂ ਦੇ ਸੇਵਨ ‘ਤੇ ਪਾਬੰਦੀ ਕਿਉਂ ਨਹੀਂ ਲਾਉਂਦਾ? ਕਿਉਂਕਿ ਆਮਦਨ ਦੇ ਸਾਧਨ ਨੇ। ਤਾਂ ਫਿਰ ਜੂਆ ਵੀ ਆਮਦਨ ਦਾ ਸਾਧਨ ਹੈ, ਬੁਰਾ ਹੋਵੇ ਤਾਂ ਹੋਵੇ।
ਰਾਜੇ ਨੇ ਜਿਉਣਾ ਸੀ ਤੇ ਹਕੂਮਤ ਕਰਨੀ ਸੀ। ਇੰਨੀ ਆਮਦਨ ਹੁੰਦੀ ਕਿ ਪੂਰੇ ਠਾਠ ਨਾਲ ਰਹਿੰਦਾ। ਉਹ ਸ਼ਾਨਦਾਰ ਲਿਬਾਸ ਪਹਿਨ ਕੇ ਤਾਜ ਸਜਾਉਂਦਾ, ਸਜ਼ਾਵਾਂ ਦਿੰਦਾ, ਇਨਾਮ ਦਿੰਦਾ, ਮੁਆਫੀਆਂ ਦਿੰਦਾ। ਕਾਨੂੰਨ ਸੀ, ਕਚਹਿਰੀਆਂ ਸਨ, ਜੱਜ ਸਨ, ਸਾਰਾ ਕੁਝ ਹੀ ਸੀ ਜੋ ਸਰਕਾਰਾਂ ਕੋਲ ਹੋਇਆ ਕਰਦੈ। ਬਸ ਇੰਨਾ ਕੁ ਫਰਕ ਸੀ ਕਿ ਇਥੇ ਛੋਟੇ ਪੱਧਰ ਦਾ ਹੁੰਦਾ।
ਕੁਝ ਸਾਲ ਪਹਿਲਾਂ ਸੁਖੀ ਵਸਦੇ ਇਸ ਖਿਡੌਣੇ ਦੇਸ ਵਿਚ ਇਕ ਬੁਰੀ ਘਟਨਾ ਘਟ ਗਈ। ਜੂਆਘਰ ਵਿਚ ਕਤਲ ਹੋ ਗਿਆ। ਅਮਨਮਈ ਸਟੇਟ ਵਿਚ ਅਜਿਹੀ ਘਟਨਾ ਦੁਰਭਾਗ-ਪੂਰਨ ਸੀ। ਕਾਤਲ ਗ੍ਰਿਫਤਾਰ ਕਰ ਲਿਆ। ਜੱਜ ਬੈਠੇ। ਵਕੀਲ ਆ ਜੁੜੇ। ਸਬੂਤ ਪੇਸ਼ ਹੋਏ। ਬਿਆਨ ਹੋਏ, ਬਹਿਸਾਂ ਹੋਈਆਂ। ਸਾਰੇ ਸਹਿਮਤ ਸਨ ਕਿ ਬੁਰਾ ਹੋਇਆ, ਦੋਸ਼ੀ ਨੂੰ ਸਜ਼ਾ ਹੋਵੇ। ਮੌਤ ਦੀ ਸਜ਼ਾ ਸੁਣਾਈ ਗਈ, ਉਸ ਦਾ ਸਿਰ ਕੱਟਿਆ ਜਾਵੇ। ਬਾਦਸ਼ਾਹ ਕੋਲ ਕੇਸ ਗਿਆ, ਸਜ਼ਾ ਦੇਣ ਦੀ ਮਨਜ਼ੂਰੀ ਮਿਲ ਗਈ। ਇਥੇ ਤਕ ਸਭ ਠੀਕ ਰਿਹਾ, ਪਰ ਇਸ ਤੋਂ ਅੱਗੇ ਗੜਬੜ ਹੋ ਗਈ। ਇਸ ਦੇਸ ਵਿਚ ਪਹਿਲਾਂ ਨਾ ਕਦੀ ਕਤਲ ਹੋਇਆ ਸੀ, ਨਾ ਮੌਤ ਦੀ ਸਜ਼ਾ; ਸੋ ਨਾ ਜਲਾਦ ਸੀ, ਨਾ ਸਿਰ ਕੱਟਣ ਵਾਲੀ ਮਸ਼ੀਨ ਗਿਲੋਟੀਨ! ਗ੍ਰਹਿ ਮੰਤਰੀ ਨੇ ਮੀਟਿੰਗ ਬੁਲਾਈ, ਕੀ ਕਰੀਏ? ਅਫਸਰਾਂ ਨੇ ਕਿਹਾ, ਫਰਾਂਸ ਕੋਲ ਗਿਲੋਟੀਨ ਹੈ, ਜਲਾਦ ਵੀ। ਆਪਾਂ ਕਿਰਾਏ ‘ਤੇ ਮੰਗਵਾ ਲੈਨੇ ਆਂ। ਵਜ਼ੀਰ ਨੇ ਪ੍ਰਵਾਨਗੀ ਦੇ ਦਿੱਤੀ। ਅਫਸਰਾਂ ਨੇ ਫਰਾਂਸ ਸਰਕਾਰ ਕੋਲ ਮਸ਼ੀਨ ਅਤੇ ਜਲਾਦ ਭੇਜਣ ਦੀ ਦਰਖਾਸਤ ਵਿਚ ਪੁੱਛ ਲਿਆ ਕਿ ਸਾਨੂੰ ਖਰਚਾ ਕਿੰਨਾ ਦੇਣਾ ਪਏਗਾ।
ਫਰਾਂਸ ਸਰਕਾਰ ਦਾ ਜਵਾਬ ਆ ਗਿਆ ਕਿ ਅਸੀਂ ਖੁਸ਼ੀ ਨਾਲ ਮਸ਼ੀਨ ਅਤੇ ਜਲਾਦ ਭੇਜ ਦਿਆਂਗੇ ਪਰ ਸੋਲਾਂ ਹਜ਼ਾਰ ਮੁਹਰਾਂ ਖਰਚ ਆਏਗਾ। ਕੇਸ ਬਾਦਸ਼ਾਹ ਕੋਲ ਗਿਆ, ਕੈਬਨਿਟ ਦੀ ਮੀਟਿੰਗ ਹੋਈ, ਖਰਚੇ ‘ਤੇ ਵਿਚਾਰ-ਵਟਾਂਦਰਾ ਹੋਣ ਲੱਗਾ। ਬਾਦਸ਼ਾਹ ਨੂੰ ਇਹ ਕੰਮ ਬੜਾ ਮਹਿੰਗਾ ਲੱਗਾ। ਇਸ ਬਦਮਾਸ਼ ਉਪਰ ਸਰਕਾਰ ਸੋਲਾਂ ਹਜ਼ਾਰ ਖਰਚੇ? ਇਕ ਇਕ ਨਾਗਰਿਕ ਉਪਰ ਸਵਾ ਦੋ ਮੁਹਰਾਂ ਦੇ ਟੈਕਸ ਦਾ ਫਾਲਤੂ ਬੋਝ ਪੈ ਜਾਵੇ! ਲੋਕ ਹੋਰ ਬੜਾ ਕੁਝ ਝੱਲ ਰਹੇ ਨੇ, ਕਹਿਣਗੇ ਇਹ ਨਾਹੱਕ ਭਾਰ ਅਸੀਂ ਨਹੀਂ ਝੱਲਣਾ। ਬਗਾਵਤ ਹੋ ਸਕਦੀ ਹੈ। ਮਸਲਾ ਅਗਲੀ ਮੀਟਿੰਗ ਤੱਕ ਮੁਲਤਵੀ ਕਰ ਦਿੱਤਾ।
ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿਚ ਫਿਰ ਮੁੱਦਾ ਵਿਚਾਰਿਆ ਗਿਆ। ਵਿਦੇਸ ਮੰਤਰੀ ਨੇ ਕਿਹਾ, ਹਜ਼ੂਰ! ਫਰਾਂਸ ਦੀ ਸਰਕਾਰ ਲੋਕਤੰਤਰੀ ਹੈ, ਇਸ ਲਈ ਖਰਚਾ ਜ਼ਿਆਦਾ ਮੰਗਦੀ ਹੈ। ਅਸੀਂ ਇਟਲੀ ਦੀ ਸਰਕਾਰ ਕੋਲ ਬੇਨਤੀ ਕਰ ਦੇਖੀਏ? ਸਾਡੇ ਦੇਸ ਵਾਂਗ ਉਥੇ ਸੁਲਤਾਨ ਦੀ ਹਕੂਮਤ ਹੈ। ਸੁਲਤਾਨ ਆਪਣੇ ਸੁਲਤਾਨ ਭਰਾ ਨਾਲ ਕੁਝ ਰਿਆਇਤ ਕਰੇਗਾ ਈ ਕਰੇਗਾ। ਬਾਦਸ਼ਾਹ ਦੀ ਆਗਿਆ ਨਾਲ ਇਟਲੀ ਦੇ ਸੁਲਤਾਨ ਨੂੰ ਪੱਤਰ ਲਿਖ ਭੇਜਿਆ।
ਜਵਾਬ ਆ ਗਿਆ। ਲਿਖਿਆ ਸੀ, ਟੀ.ਏ. ਡੀ.ਏ. ਸਣੇ ਬਾਰਾਂ ਹਜ਼ਾਰ ਮੁਹਰਾਂ ਵਿਚ ਕੰਮ ਹੋ ਜਾਏਗਾ। ਫਿਰ ਮੰਤਰੀ ਮੰਡਲ ਦੀ ਮੀਟਿੰਗ ਹੋਈ। ਬਾਦਸ਼ਾਹ ਫਿਰ ਪਰੇਸ਼ਾਨ। ਇਹ ਹਰਾਮਜ਼ਾਦਾ ਬਾਰਾਂ ਹਜ਼ਾਰ ਦਾ ਕਿਥੇ ਐ? ਹਰ ਨਾਗਰਿਕ ‘ਤੇ ਪੌਣੇ ਦੋ ਮੁਹਰਾਂ ਦਾ ਬੋਝ! ਬਾਦਸ਼ਾਹ ਨੇ ਕਿਹਾ, ਅਗਲੇ ਮਹੀਨੇ ਮੀਟਿੰਗ ਕਰਾਂਗੇ। ਤਿਆਰੀ ਕਰ ਕੇ ਆਓ। ਇੰਨਾ ਖਰਚਾ ਕਰਨ ਜੋਗੇ ਨਹੀਂ ਅਸੀਂ।
ਅਗਲੀ ਮੀਟਿੰਗ ਵਿਚ ਸਲਾਹ ਦਿੱਤੀ ਗਈ ਕਿ ਆਪਣੇ ਦੇਸ ਵਿਚ ਸੱਠ ਸਿਪਾਹੀਆਂ ਦੀ ਫੌਜ ਹੈ। ਜਰਨੈਲ ਨੂੰ ਕਹੋ, ਕਿਸੇ ਫੌਜੀ ਤੋਂ ਗੋਲੀ ਮਰਵਾ ਦਏ। ਫੌਜੀਆਂ ਨੂੰ ਬੰਦੇ ਮਾਰਨ ਦੀ ਟਰੇਨਿੰਗ ਦਿੰਨੇ ਆਂ ਆਪਾਂ। ਕਿਸੇ ਦੇਸ ਨਾਲ ਨਾ ਹੁਣ ਤਕ ਲੜਾਈ ਹੋਈ, ਨਾ ਹੋਣ ਦਾ ਡਰ। ਇਹ ਵਿਹਲੇ ਬੈਠੇ ਤਨਖਾਹ ਲਈ ਜਾਂਦੇ ਨੇ, ਸਟੇਟ ਦਾ ਮਾਮੂਲੀ ਕੰਮ ਨਹੀਂ ਕਰ ਸਕਦੇ?
ਵਜ਼ਾਰਤ ਦਾ ਹੁਕਮ ਜਰਨੈਲ ਕੋਲ ਪੁੱਜਾ ਤਾਂ ਉਸ ਨੇ ਆਪਣੇ ਅਫਸਰਾਂ ਦੀ ਮੀਟਿੰਗ ਸੱਦ ਲਈ। ਸਲਾਹ ਮੰਗੀ। ਅਫਸਰਾਂ ਨੇ ਕਿਹਾ, ਅਸੀਂ ਦੁਸ਼ਮਣ ਦੇਸਾਂ ਦੇ ਸਿਪਾਹੀ ਮਾਰਨ ਵਾਸਤੇ ਹਾਂ, ਆਪਣੇ ਦੇਸ ਦਾ ਬੰਦਾ ਕਿਉਂ ਮਾਰੀਏ? ਜੇ ਉਹ ਕਾਤਲ ਵੀ ਹੈ, ਹੈ ਤਾਂ ਸਾਡਾ ਦੇਸੀ ਭਰਾ। ਅਸੀਂ ਤਾਂ ਬੰਦੀ ਕੀਤੇ ਦੁਸ਼ਮਣ ਦੇ ਫੌਜੀ ਨੂੰ ਵੀ ਨਹੀਂ ਮਾਰਦੇ। ਇਹ ਦੁਰਾਚਾਰ ਅਸੀਂ ਕਰਾਂਗੇ? ਤੌਬਾ! ਫਿਰ ਕਮੇਟੀਆਂ, ਸਬ ਕਮੇਟੀਆਂ ਬਣੀਆਂ, ਮੀਟਿੰਗਾਂ ਹੋਈਆਂ। ਆਖਰ ਸਿਆਣੇ ਵਜ਼ੀਰ ਨੇ ਬਾਦਸ਼ਾਹ ਨੂੰ ਸਲਾਹ ਦਿੱਤੀ, ਮਹਾਰਾਜ, ਇਹ ਜ਼ਰੂਰੀ ਤਾਂ ਨਹੀਂ ਕਿ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਤਾਂ ਅਸੀਂ ਬੰਦਾ ਮਾਰ ਈ ਦੇਣੈ। ਬਾਦਸ਼ਾਹ ਰਹਿਮਦਿਲ ਵੀ ਤਾਂ ਹੋ ਸਕਦੈ। ਤੁਸੀਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿਉ। ਇਸ ਨਾਲ ਖਰਚਾ ਵੀ ਬਚੇਗਾ। ਤੁਹਾਡੀ ਦਰਿਆਦਿਲੀ ਤੇ ਰਹਿਮਦਿਲੀ ਦੀ ਵੀ ਧਾਂਕ ਬੈਠੇਗੀ। ਇਹੀ ਠੀਕ ਰਹੇਗਾ, ਬਾਦਸ਼ਾਹ ਨੇ ਕਿਹਾ, ਪੁੰਨ ਦਾ ਪੁੰਨ, ਫਲੀਆਂ ਦੀਆਂ ਫਲੀਆਂ। ਇਸ ਬਿੱਜੂ ‘ਤੇ ਮੈਂ ਧੇਲਾ ਖਰਚਣ ਦੇ ਹੱਕ ਵਿਚ ਨਹੀਂ। ਇਥੇ ਮੁਸ਼ਕਿਲ ਇਹ ਆਈ ਕਿ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ, ਪਰ ਦੇਸ ਵਿਚ ਕੈਦ ਕੱਟਣ ਲਈ ਜੇਲ੍ਹ ਕੋਈ ਨਹੀਂ। ਮਹਿਲ ਨੇੜੇ ਨਿਕੀ ਜਿਹੀ ਹਵਾਲਾਤ ਸੀ ਜਿਥੇ ਮੁਲਜ਼ਮਾਂ ਨੂੰ ਥੋੜ੍ਹੀ ਦੇਰ ਲਈ ਬੰਦ ਰੱਖ ਸਕਦੇ। ਇਸ ਨੇ ਸਾਰੀ ਉਮਰ ਇਥੇ ਕੱਟਣੀ ਹੈ। ਕੀ ਕਰੀਏ? ਇਕ ਸੰਤਰੀ ਉਸ ਦੀ ਰਾਖੀ ਵਾਸਤੇ ਤਾਇਨਾਤ ਕਰ ਦਿੱਤਾ ਜਿਹੜਾ ਕੈਦੀ ਦੀ ਰਾਖੀ ਕਰਦਾ ਤੇ ਤਿੰਨ ਵਕਤ ਦਾ ਖਾਣਾ ਦੇ ਜਾਂਦਾ।
ਦਿਨ, ਹਫਤੇ, ਮਹੀਨੇ ਬੀਤੇ; ਸਾਲ ਲੰਘ ਗਿਆ। ਬਾਦਸ਼ਾਹ ਨੇ ਬੀਤੇ ਸਾਲ ਦਾ ਬਜਟ ਦੇਖਿਆ ਤਾਂ ਹੈਰਾਨ ਹੋ ਗਿਆ। ਇਕ ਨਵੀਂ ਮਦ ਇਸ ਕੈਦੀ ਦੇ ਖਰਚੇ ਦੀ ਸੀ। ਸੰਤਰੀ ਦੀ ਤਨਖਾਹ, ਕੈਦੀ ਦੀ ਰੋਟੀ ਪਾਣੀ, ਸਾਬਣ ਤੇਲ ਕੱਪੜੇ! ਇਹ ਤਾਂ ਸਾਲ ਵਿਚ ਛੇ ਸੌ ਮੁਹਰਾਂ ਤੋਂ ਵੀ ਉਪਰ ਖਰਚ ਹੋ ਰਿਹੈ। ਦੇਸ ਦੀ ਕਿਸਮਤ ਮਾੜੀ। ਕੈਦੀ ਹੱਟਾ ਕੱਟਾ ਹੈ! ਇਹਨੇ ਤਾਂ ਹੋਰ ਪੰਜਾਹ ਸਾਲ ਮਰਨ ਦਾ ਨਾਮ ਨਹੀਂ ਲੈਣਾ।
ਬਾਦਸ਼ਾਹ ਨੂੰ ਮੰਤਰੀ ਮੰਡਲ ਦੀ ਬੈਠਕ ਫਿਰ ਸੱਦਣੀ ਪਈ। ਇਸ ਬਦਮਾਸ਼ ਦਾ ਕੀ ਇਲਾਜ ਕਰੀਏ? ਇਕ ਵਜ਼ੀਰ ਨੇ ਕਿਹਾ, ਮੇਰੀ ਸਲਾਹ ਹੈ, ਸੰਤਰੀ ਨੂੰ ਹਟਾ ਦਈਏ। ਅੱਧਾ ਖਰਚਾ ਰਹਿ ਜਾਏਗਾ। ਦੂਜੇ ਵਜ਼ੀਰ ਨੇ ਕਿਹਾ, ਜੇ ਸੰਤਰੀ ਹਟਾ ਦਿੱਤਾ, ਫਿਰ ਇਹਨੇ ਭੱਜ ਜਾਣੈ। ਤੀਜੇ ਨੇ ਕਿਹਾ, ਭੱਜਦੈ ਤਾਂ ਭੱਜ ਜਾਏ। ਦਫਾ ਕਰੋ ਇਹਨੂੰ। ਸਾਥੋਂ ਨਹੀਂ ਇਸ ਮਾਮੇ ਦਾ ਖਰਚਾ ਚੁੱਕ ਹੁੰਦਾ। ਕਿਥੋਂ ਬਿਮਾਰੀ ਗਲ ਪਾ ਲਈ ਖਾਹਮਖਾਹ। ਬਾਦਸ਼ਾਹ ਦੀ ਆਗਿਆ ਲੈ ਕੇ ਸੰਤਰੀ ਨੌਕਰਿਉਂ ਹਟਾ ਦਿੱਤਾ। ਸਾਰੇ ਸੋਚਦੇ ਰਹੇ, ਦੇਖਦੇ ਆਂ ਹੁਣ ਕੀ ਹੁੰਦੈ।
ਕੈਦੀ ਨੇ ਦੇਖਿਆ, ਸੰਤਰੀ ਖਾਣਾ ਲੈ ਕੇ ਨਹੀਂ ਆਇਆ। ਭੁੱਖ ਲੱਗੀ ਹੋਈ ਸੀ। ਜੰਦਰਾ ਵੀ ਨਹੀਂ ਮਾਰ ਕੇ ਗਿਆ। ਕੈਦੀ ਨੇ ਦਰਵਾਜ਼ਾ ਖੋਲ੍ਹਿਆ, ਮਹਿਲ ਦੀ ਰਸੋਈ ਵਿਚ ਗਿਆ, ਥਾਲੀ ਵਿਚ ਖਾਣਾ ਪਾਇਆ, ਆਰਾਮ ਨਾਲ ਖਾਧਾ ਤੇ ਜੇਲ੍ਹ ਅੰਦਰ ਚਲਾ ਗਿਆ। ਅੰਦਰ ਜਾ ਕੇ ਖੁਦ ਅੰਦਰੋਂ ਬਾਂਹ ਬਾਹਰ ਕੱਢ ਕੇ ਬਾਹਰਲਾ ਕੁੰਡਾ ਬੰਦ ਕਰ ਦਿੱਤਾ ਤੇ ਸੌਂ ਗਿਆ। ਫਿਰ ਤਾਂ ਹਰ ਰੋਜ਼ ਇਹੀ ਹੁੰਦਾ। ਖਾਣ ਦਾ ਸਮਾਂ ਹੁੰਦਾ, ਦਰਵਾਜ਼ਾ ਖੋਲ੍ਹਦਾ, ਰਸੋਈ ਵਿਚੋਂ ਲੋੜੀਂਦਾ ਖਾਣਾ ਖਾਂਦਾ ਤੇ ਫਿਰ ਕਮਰੇ ਵਿਚ ਬੰਦ ਹੋ ਜਾਂਦਾ। ਦੌੜਨ ਵਾਲਾ ਤਾਂ ਕੋਈ ਲੱਛਣ ਵੀ ਨਹੀਂ ਸੀ ਉਸ ਦਾ। ਹੁਣ ਕੀ ਕਰੀਏ? ਇਹ ਤਾਂ ਚੰਬੜ ਹੀ ਗਿਆ।
ਵਜ਼ਾਰਤ ਦੀ ਮੀਟਿੰਗ ਫਿਰ ਸੱਦੀ। ਸਾਰਿਆਂ ਦੀ ਰਾਏ ਸੀ ਕਿ ਇਸ ਨਾਮੁਰਾਦ ਨੂੰ ਕਹੋ, ਹੁਣ ਖਹਿੜਾ ਛੱਡੇ ਤੇ ਦਫਾ ਹੋਵੇ। ਕਾਨੂੰਨ ਮੰਤਰੀ ਨੂੰ ਕਿਹਾ ਗਿਆ ਕਿ ਕੈਦੀ ਨੂੰ ਇਥੇ ਪੇਸ਼ ਕਰੋ। ਕੈਦੀ ਲਿਆਂਦਾ ਗਿਆ। ਵਜ਼ੀਰਾਂ ਨੇ ਪੁੱਛਿਆ, ਤੂੰ ਇਥੇ ਬੈਠਾ ਕਿਉਂ ਰਹਿਨੈਂ? ਭੱਜ ਕਿਉਂ ਨਹੀਂ ਜਾਂਦਾ? ਸੰਤਰੀ ਦੀ ਅਸੀਂ ਛੁੱਟੀ ਕਰ ਦਿੱਤੀ। ਜਿਥੇ ਜੀ ਕਰਦੈ, ਚਲਾ ਜਾਹ। ਬਾਦਸ਼ਾਹ ਸਲਾਮਤ ਬੜੇ ਦਿਆਲੂ ਨੇ। ਉਨ੍ਹਾਂ ਨੇ ਤੈਨੂੰ ਕੁਝ ਨਹੀਂ ਆਖਣਾ।
ਕੈਦੀ ਨੇ ਕਿਹਾ, ਭੱਜ ਜਾਵਾਂ? ਇਹ ਕਹਿਣ ਦਾ ਹੌਸਲਾ ਤੁਹਾਨੂੰ ਕਿਵੇਂ ਹੋ ਗਿਆ? ਮੌਤ ਦੀ ਸਜ਼ਾ ਸੁਣਾ ਕੇ ਤੁਸੀਂ ਤਾਂ ਮੈਨੂੰ ਜਹਾਨ ਵਿਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਮੇਰੇ ਨਾਲ ਕੌਣ ਗੱਲ ਕਰੇਗਾ ਸਜ਼ਾਯਾਫਤਾ ਭਗੌੜੇ ਕੈਦੀ ਨਾਲ? ਮੇਰੇ ਨਾਲ ਤੁਸੀਂ ਇੰਨਾ ਦੁਰਵਿਹਾਰ ਕੀਤਾ ਕਿ ਜਿਹੜਾ ਕੰਮ ਮੈਨੂੰ ਆਉਂਦਾ ਸੀ, ਮੈਂ ਉਹ ਵੀ ਭੁੱਲ ਗਿਆ। ਤੁਸੀਂ ਸਹੀ ਬੰਦੇ ਨਹੀਂ ਨਿਕਲੇ। ਪਹਿਲੀ ਗੱਲ ਤਾਂ ਇਹ ਕਿ ਜੇ ਮੈਨੂੰ ਮੌਤ ਦੀ ਸਜ਼ਾ ਦੇ ਦਿੱਤੀ ਸੀ ਤਾਂ ਫਿਰ ਮਾਰ ਦਿੰਦੇ? ਤੁਸੀਂ ਗ਼ੈਰ ਜ਼ਿੰਮੇਵਾਰ ਬੰਦੇ ਨਿਕਲੇ। ਤਾਂ ਵੀ ਮੈਂ ਗਿਲਾ ਸ਼ਿਕਵਾ ਨਹੀਂ ਕੀਤਾ ਕੋਈ। ਫਿਰ ਤੁਸੀਂ ਮੈਨੂੰ ਉਮਰ ਕੈਦ ਸੁਣਾ ਕੇ ਸੰਤਰੀ ਬਿਠਾ ਦਿੱਤਾ। ਜਦੋਂ ਤੁਸੀਂ ਮੇਰੀ ਸਲਾਹ ਲਏ ਬਿਨਾਂ ਸੰਤਰੀ ਹਟਾ ਦਿੱਤਾ, ਤਾਂ ਇਹ ਨਹੀਂ ਸੋਚਿਆ ਕਿ ਮੈਨੂੰ ਰੋਟੀ ਕੌਣ ਖੁਆਏਗਾ? ਮੈਂ ਮਜਬੂਰੀਵਸ ਰੋਟੀ ਵੀ ਆਪੇ ਲੈ ਕੇ ਆਉਂਦਾ ਤੇ ਆਪੇ ਆਪਣਾ ਦਰਵਾਜਾ ਬੰਦ ਕਰਦਾ। ਮੈਂ ਇਸ ਗੱਲ ਦੀ ਵੀ ਕੋਈ ਸ਼ਿਕਾਇਤ ਨਹੀਂ ਕੀਤੀ। ਹੁਣ ਤਾਂ ਤੁਸੀਂ ਹੱਦ ਹੀ ਕਰ ਦਿੱਤੀ, ਅਖੇ ਚਲਾ ਜਾਹ। ਹੁਣ ਮੇਰੀ ਵੀ ਆਖਰੀ ਗੱਲ ਕੰਨ ਖੋਲ੍ਹ ਕੇ ਸੁਣ ਲਵੋ, ਮੈਂ ਨਹੀਂ ਭੱਜਣਾ ਭੁੱਜਣਾ। ਸਮਝ ਗਏ? ਜੋ ਕਰਨੈ, ਕਰ ਲਉ।
ਵਜ਼ੀਰ ਬਾਦਸ਼ਾਹ ਕੋਲ ਚਲੇ ਗਏ। ਬਾਦਸ਼ਾਹ ਨੇ ਕਿਹਾ, ਜਿਵੇਂ ਮਰਜ਼ੀ ਕਰੋ, ਇਸ ਨਾਮੁਰਾਦ ਤੋਂ ਖਹਿੜਾ ਛੁਡਾਉ। ਪੈਨਸ਼ਨ ਲਾ ਦਿਉ। ਖਜ਼ਾਨਾ ਮੰਤਰੀ ਨੇ ਪੁੱਛਿਆ, ਜੀ ਛੇ ਸੌ ਮੁਹਰਾਂ ਤੋਂ ਘੱਟ ਪੈਨਸ਼ਨ ਲਾਈ ਤਾਂ ਬਦਨਾਮੀ ਹੋਏਗੀ ਕਿ ਇਸ ਸਰਕਾਰ ਦਾ ਤਾਂ ਦਿਵਾਲਾ ਨਿਕਲਣ ਵਾਲਾ ਹੈ। ਇੰਨੇ ਤੋਂ ਘੱਟ ਉਸ ਕੈਦੀ ਨੇ ਵੀ ਨਹੀਂ ਮੰਨਣਾ। ਹੰਢਿਆ ਹੋਇਐ ਪੂਰਾ।
-ਠੀਕ ਹੈ, ਤੇ ਬਾਦਸ਼ਾਹ ਨੇ ਪੈਨਸ਼ਨ ਮਨਜ਼ੂਰ ਕਰ ਦਿੱਤੀ।
ਕੈਦੀ ਨੂੰ ਪੈਨਸ਼ਨ ਦੀ ਖਬਰ ਦੱਸੀ ਤਾਂ ਉਹ ਬੋਲਿਆ, ਠੀਕ ਹੈ, ਠੀਕ ਹੈ, ਪਰ ਇਹ ਨਾ ਹੋਵੇ ਕਿ ਇਕ ਸਾਲ ਪੈਸੇ ਦੇ ਕੇ ਫਿਰ ਭੁੱਲ ਜਾਓ ਜਾਂ ਬਹਾਨੇਬਾਜ਼ੀ ਕਰੋਂ। ਨਾਲੇ ਐਡਵਾਂਸ ਚਾਹੀਦੈ। ਦੋ ਸੌ ਮੁਹਰਾਂ ਜੇਬ ਵਿਚ ਪਾ ਕੇ ਕੈਦੀ ਘਰ ਚਲਾ ਗਿਆ। ਘਰ ਕਿਹੜਾ ਦੂਰ ਸੀ? ਰੇਲ ਨੇ ਪੰਦਰਾਂ ਮਿੰਟਾਂ ਵਿਚ ਪੁਚਾ ਦਿੱਤਾ। ਨਾਲ ਵਾਲਾ ਖਾਲੀ ਪਿਆ ਪਲਾਟ ਵਿਕਾਊ ਸੀ, ਖਰੀਦ ਕੇ ਉਥੇ ਸਬਜ਼ੀਆਂ ਉਗਾਈਆਂ। ਉਸ ਦੀ ਆਈ ਚਲਾਈ ਤਾਂ ਸਬਜ਼ੀਆਂ ਵਿਚੋਂ ਹੋਈ ਜਾਂਦੀ, ਪਰ ਪੈਨਸ਼ਨ ਵਾਲੀ ਤਰੀਕ ਕਦੀ ਨਾ ਭੁੱਲਦਾ। ਮਹਿਲ ਵਿਚੋਂ ਪੈਨਸ਼ਨ ਜੇਬ ਵਿਚ ਪਾ ਕੇ ਸਿੱਧਾ ਜੂਏਖਾਨੇ ਜਾਂਦਾ। ਦੋ ਤਿੰਨ ਪੈਗ ਦਾਰੂ ਪੀ ਕੇ ਦੋ ਤਿੰਨ ਮੁਹਰਾਂ ਜੂਏ ਵਿਚ ਲਾ ਦਿੰਦਾ। ਕਦੀ ਜਿੱਤ ਜਾਂਦਾ, ਕਦੀ ਹਾਰ ਜਾਂਦਾ, ਪਰ ਏਦੂੰ ਵੱਧ ਪੈਸੇ ਕਦੀ ਨਹੀਂ ਲਾਏ। ਸੁੱਖੀ-ਸਾਂਦੀ ਉਹ ਹੁਣ ਆਪਣੇ ਘਰ ਰਹਿ ਰਿਹੈ। ਕਦੀ ਕਦੀ ਸੋਚਦੈ, ਚੰਗਾ ਹੋਇਆ, ਮੈਂ ਕਿਸੇ ਅਜਿਹੇ ਦੇਸ ਵਿਚ ਨਹੀਂ ਜੰਮਿਆਂ ਜਿੱਥੋਂ ਦੀ ਸਰਕਾਰ ਫਾਂਸੀ ਦੇਣ ਜਾਂ ਉਮਰ ਕੈਦ ਭੁਗਤਾਣ ਵਾਸਤੇ ਖਰਚੇ ਕਰਦੀ ਭੋਰਾ ਨਹੀਂ ਝਿਜਕਦੀ।
(ਅਨੁਵਾਦ-ਹਰਪਾਲ ਸਿੰਘ ਪੰਨੂ)
ਮਹਿੰਗਾ ਸੌਦਾ ਲਿਓ ਤਾਲਸਤਾਏ
432
previous post