“ਓਏ ਅਸੀਂ ਕਿਸੇ ਦੇ ਗੁਲਾਮ ਥੋੜੇ ਆਂ, ਅਪਣਾ ਕਮਾ ਖਾਂਦੇ ਆਂ, ਉਹ ਰਾਜਾ ਹੋਊ ਤਾਂ ਅਪਣੀ ਰਿਆਸਤ ਦਾ। ਜਾਹ ਕੋਈ ਮਾਲੀਆ ਲਗਾਣ ਨਹੀਂ ਦੇਣਾ ਦੂਣਾ, ਨਹੀਂ ਭਰਦੇ ਜ਼ੁਰਮਾਨਾ, ਨੱਸ ਜਾਓ ਇੱਥੋਂ ਜਾਨਾਂ ਬਚਾਕੇ ਨਹੀਂ ਤਾਂ ਮੌਰਾਂ ਸੇਕ ਦੇਣਗੇ ਸਾਡੇ ਆਦਮੀ।”
ਤੀਸਰੀ ਵਾਰ ਵੀ ਕਰਿੰਦੇ ਝਾੜ ਖਾ ਨਾਕਾਮ ਮੁੜਨ ਲਈ ਮਜ਼ਬੂਰ ਹੋ ਗਏ। ਰਾਜੇ ਨੂੰ ਪਤਾ ਲੱਗਾ ਤਾਂ ਉਹ ਪਰੇਸ਼ਾਨ ਹੋ ਗਿਆ। ਮੁੱਠੀ ਭਰ ਆਦਮੀ ਉਸਤੋਂ ਬਾਗੀ ਹੋ ਗਏ ਨੇ, ਦੂਸਰਿਆਂ ਤੇ ਕੀ ਅਸਰ ਪਏਗਾ? ਹੈਰਾਨੀ ਦੀ ਗੱਲ ਇਹ ਏ ਕਿ ਇੱਥੇ ਮੇਰੇ ਸਾਹਮਣੇ ਗਲਤੀਆਂ ਮੰਨਦੇ, ਮੁਆਫੀਆਂ ਮੰਗਦੇ ਨੇ, ਜੁਰਮਾਨੇ ਭਰਦੇ ਨੇ ਪਰ ਵਾਪਸ ਜਾਂਦਿਆਂ ਹੀ ਬਗਾਵਤਾਂ। ਰਾਜਾ ਸੋਚਾਂ ਵਿਚ ਗੁਆਚਿਆ ਇਸ ਦਾ ਕੋਈ ਯਥਾਰਥਿਕ ਹੱਲ ਸੋਚ ਰਿਹਾ ਸੀ। ਆਖਰ ਉਸਨੇ ਬਾਗੀਆਂ ਨੂੰ ਫੜ ਲਿਆਉਣ ਦੇ ਨਾਲ-ਨਾਲ ਉੱਥੋਂ ਦੀ ਥੋੜ੍ਹੀ ਜਿਹੀ ਮਿੱਟੀ ਲਿਆਉਣ ਦਾ ਹੁਕਮ ਆਪਣੇ ਸਿਪਾਹੀਆਂ ਨੂੰ ਕੀਤਾ।
ਉਹ ਮਿੱਟੀ ਆਪਣੇ ਤੋਂ ਕੁਝ ਦੂਰੀ ਤੇ ਵਿਛਵਾ ਬਾਗੀਆਂ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ।
“ਅੰਨ ਦਾਤਾ, ਅਸੀਂ ਬੇਗੁਨਾਹ ਹਾਂ, ਅਸਾਂ ਕੋਈ ਬਗਾਵਤ ਨਹੀਂ ਕੀਤੀ, ਲਗਾਨ ਜ਼ੁਰਮਾਨੇ ਸਮੇਤ ਤਾਰਿਆ ਫਿਰ ਵੀ ਕੈਦੀ?”
ਰਾਜੇ ਵਲ ਤੁਰੇ ਆ ਰਹੇ ਬਾਗੀਆਂ ਨੇ ਜਿਉਂ ਹੀ ਉਸ ਮਿੱਟੀ ਤੇ ਪੈਰ ਧਰਿਆ, ਅਵਾਜ਼ ਗੂੰਜੀ ‘ਓਏ ਅਸੀਂ ਕਿਸੇ ਦੇ ਗੁਲਾਮ…”
ਹਰਭਜਨ ਸਿੰਘ ਖੇਮਕਰਨੀ