ਇਕ ਵਾਰ ਇਕ ਮੁੰਡਾ ਕੰਮ ਦੀ ਭਾਲ ਵਿੱਚ ਸੀ। ਉਹ ਹਰ ਕਿਸੇ ਨੂੰ ਪੁੱਛਦਾ ਕਿ ਉਸ ਲਈ ਕੋਈ ਕੰਮ ਹੈ? ਕਿਸੇ ਬੰਦੇ ਨੇ ਉਸਨੂੰ ਇਕ ਸੇਠ ਦਾ ਪਤਾ ਦੱਸਿਆ ਤੇ ਕਿਹਾ ਕਿ ਉਹ ਤੈਨੂੰ ਕੰਮ ਦੇ ਸਕਦਾ ਹੈ ,ਤੂੰ ਉਸਨੂੰ ਜਾਕੇ ਮਿਲ।
ਉਹ ਮੁੰਡਾ ਅਗਲੇ ਦਿਨ ਉਸ ਪਤੇ ਤੇ ਪਹੁੰਚ ਗਿਆ। ਜਦੋਂ ਸੇਠ ਆਇਆ ਤਾਂ ਮੁੰਡੇ ਨੇ ਕਿਹਾ ਕਿ ਉਹ ਕੰਮ ਦੀ ਭਾਲ ਵਿੱਚ ਇੱਥੇ ਆਇਆ ਹੈ। ਸੇਠ ਨੇ ਉਸਨੂੰ ਪੁੱਛਿਆ ਕਿ ਉਹ ਕੀ ਕੀ ਕੰਮ ਕਰ ਸਕਦਾ ਹੈ। ਮੁੰਡੇ ਨੇ ਜਵਾਬ ਦਿੱਤਾ ਕਿ ਕੋਈ ਵੀ ਕੰਮ ਕਰਨ ਲਈ ਤਿਆਰ ਹੈ।
ਸੇਠ ਉਸਨੂੰ ਕਾਰਖਾਨੇ ਵਿਚ ਲੈ ਗਿਆ। ਉਥੇ ਲੱਕੜਾਂ ਦਾ ਢੇਰ ਲੱਗਾ ਸੀ। ਸੇਠ ਨੇ ਉਸਨੂੰ ਦੱਸਿਆ ਕਿ ਉਸਦਾ ਕੰਮ ਇਹਨਾਂ ਲੱਕੜਾਂ ਨੂੰ ਵੱਢਣਾ ਹੈ। ਮੁੰਡਾ ਝੱਟ ਰਾਜ਼ੀ ਹੋ ਗਿਆ। ਸੇਠ ਉਸਨੂੰ ਕੁਹਾੜਾ ਦੇਕੇ ਕਹਿਣ ਲੱਗਾ ਕਿ ਉਹ ਸ਼ਾਮ ਨੂੰ ਆਵੇਗਾ ਤੂੰ ਕੰਮ ਸ਼ੁਰੂ ਕਰ। ਮੁੰਡੇ ਨੇ ਲੱਕੜਾਂ ਵੱਡਣੀਆ ਸ਼ੁਰੂ ਕਰ ਦਿੱਤੀਆਂ। ਮੁੰਡਾ ਸਾਰਾ ਦਿਨ ਲੱਕੜਾਂ ਵੱਡਦਾ ਰਿਹਾ। ਸ਼ਾਮ ਨੂੰ ਸੇਠ ਨੇ ਆਕੇ ਪੁੱਛਿਆ ਕਿ ਕਿੰਨੀਆਂ ਲੱਕੜਾਂ ਵੱਡ ਦਿੱਤੀਆਂ। ਲੜਕੇ ਨੇ ਜਵਾਬ ਦਿੱਤਾ ਕਿ 25 । ਸੇਠ ਬਹੁਤ ਖੁਸ਼ ਹੋਇਆ ਤੇ ਉਸਨੂੰ ਕਿਹਾ ਕਿ ਤੇਰੀ ਨੌਕਰੀ ਪੱਕੀ, ਕੱਲ ਤੋਂ ਸਮੇ ਤੇ ਕੰਮ ਤੇ ਆਜੀ।
ਮੁੰਡਾ ਅਗਲੇ ਦਿਨ ਤੋਂ ਕੰਮ ਤੇ ਜਾਣ ਲੱਗ ਪਿਆ। ਉਹ ਰੋਜ ਜਾਕੇ ਲੱਕੜਾਂ ਵੱਢਣ ਲੱਗ ਪੈਂਦਾ। ਕੁਝ ਦਿਨ ਐਵੇਂ ਹੀ ਚਲਦਾ ਰਿਹਾ। ਤਕਰੀਬਨ 10 ਦਿਨਾਂ ਬਾਅਦ ਸੇਠ ਨੇ ਸੋਚਿਆ ਕਿ ਚਲੋ ਜਾਕੇ ਦੇਖਦੇ ਆ ਕਿ ਕੰਮ ਕਿਵੇ ਚਲਦਾ। ਜਦੋਂ ਸੇਠ ਨੇ ਜਾਕੇ ਦੇਖਿਆ ਤਾਂ ਕੀ ਦੇਖਦਾ ਹੈ ਕਿ ਉਸ ਦਿਨ ਦੀਆਂ ਲੱਕੜਾਂ ਪਹਿਲੇ ਦਿਨ ਦੇ ਮੁਕਾਬਲੇ ਘੱਟ ਸਨ। ਸੇਠ ਣੇ ਮੁੰਡੇ ਨੂੰ ਪੁੱਛਿਆ ਕਿ ਪਹਿਲੇ ਦਿਨ ਤਾਂ ਤੂੰ 25 ਲੱਕੜਾਂ ਵੱਡ ਦਿੱਤੀਆਂ ਸਨ ਪਰ ਅਜਬ ਕੇਵਲ 15 ਲੱਕੜਾਂ ਹੀ ਵੱਡੀਆਂ ਹਨ, ਇਸਦਾ ਕੀ ਕਾਰਨ ਹੈ? ਮੁੰਡੇ ਨੇ ਜਵਾਬ ਦਿੱਤਾ ਕਿ ਉਹ ਪੂਰੀ ਮੇਹਨਤ ਕਰ ਰਿਹਾ ਹੈ, ਆਲਸ ਵੀ ਨਹੀਂ ਕਰਦਾ ਤੇ ਸਾਰਾ ਦਿਨ ਕੰਮ ਤੇ ਲੱਗਾ ਰਹਿੰਦਾ ਹੈ ਫਿਰ ਵੀ ਪਤਾ ਨਹੀਂ ਕਿਉਂ ਪਹਿਲਾਂ ਜਿੰਨੀਆਂ ਲੱਕੜਾਂ ਨਹੀਂ ਵੱਡੀਆਂ ਜ਼ਾ ਰਹੀਆਂ।
ਸੇਠ ਨੇ ਕਿਹਾ ਕਿ ਚੱਲ ਤੂੰ ਹੋਰ ਮੇਹਨਤ ਕਰ ਫੇਰ ਦੇਖਦੇ ਹਾਂ। ਲੜਕਾ ਕੰਮ ਨੂੰ ਜੁਟ ਗਿਆ। ਅਗਲੇ ਦਿਨ ਸ਼ਾਮ ਨੂੰ ਜਦੋਂ ਸੇਠ ਨੇ ਦੁਬਾਰਾ ਗੇੜਾ ਮਾਰੀਆ ਤਾਂ ਲੱਕੜਾਂ ਪਿੱਛਲੇ ਦੀਨ ਤੋਂ ਵੀ ਘੱਟ ਸਨ। ਤਾਂ ਸੇਠ ਖਿੱਝ ਕੇ ਕਹਿਣ ਲੱਗਾ ਕਿ ਇਹ ਕਿ ਹੋ ਰਿਹਾ ਹੈ। ਅੱਜ ਤਾਂ ਪਹਿਲਾਂ ਨਾਲੋਂ ਵੀ ਘੱਟ ਲੱਕੜਾਂ ਹਨ। ਲੜਕਾ ਖੁਦ ਪਰੇਸ਼ਾਨ ਸੀ ਕਿ ਇਹ ਸਭ ਕਿਉਂ ਹੋ ਰਿਹਾ ਹੈ।
ਅਚਾਨਕ ਸੇਠ ਦੀ ਨਿਗ੍ਹਾ ਕੁਹਾੜੇ ਤੇ ਪਈ। ਸੇਠ ਨੇ ਪੁੱਛਿਆ ਕਿ ਉਹ ਕੁਹਾੜਾ ਕਿੰਨੇ ਦਿਨਾਂ ਬਾਅਦ ਤਿੱਖਾ ਕਰਦਾ ਹੈ ਤਾਂ ਮੁੰਡੇ ਨੇ ਜਵਾਬ ਦਿੱਤਾ ਕਿ ਉਸਨੇ ਹਾਲੇ ਤੱਕ ਕੁਹਾੜਾ ਤਿੱਖਾ ਹੀ ਨਹੀਂ ਕੀਤਾ ਕਿਉਂਕਿ ਉਸ ਕੋਲ ਸਮਾਂ ਹੀ ਨਹੀਂ ਸੀ। ਇਹ ਸੁਣਕੇ ਸੇਠ ਨੇ ਜਵਾਬ ਦਿੱਤਾ ਕਿ ਜੇਕਰ ਤੂੰ ਕੁਝ ਸਮਾਂ ਕੁਹਾੜੇ ਦੀ ਧਾਰ ਤੇਜ ਕਰਨ ਤੇ ਲਾਇਆ ਹੁੰਦਾ ਤਾਂ ਕੰਮ ਵੀ ਵੱਧ ਹੋਣਾ ਸੀ ਤੇ ਤੇਰੇ ਕੋਲ ਸਮਾ ਵੀ ਬਚ ਜਾਣਾ ਸੀ।
ਇਹ ਹਰ ਇਕ ਇਨਸਾਨ ਦੀ ਕਹਾਣੀ ਹੈ। ਅਸੀਂ ਪਰਮਾਤਮਾ ਦੇ ਨਾਮ ਸਿਮਰਨ ਨਾਲੋਂ ਟੁੱਟ ਚੁੱਕੇ ਆਂ ਤੇ ਜੇ ਕੋਈ ਪੁੱਛਦਾ ਹੈ ਤਾਂ ਸਾਡਾ ਜਵਾਬ ਹੁੰਦਾ ਹੈ ਕਿ ਸਮਾਂ ਹੀ ਨਹੀਂ ਮਿਲਦਾ। ਜਦਕਿ ਜੇਕਰ ਅਸੀਂ ਅਧਿਆਤਮਿਕਤਾ ਨਾਲ ਜੁੜਦੇ ਹਾਂ ਤਾਂ ਸਾਡਾ ਦਿਮਾਗ ਤੇ ਮਨ ਰੂਪੀ ਕੁਹਾੜਾ ਹੋਰ ਤਿੱਖੇ ਹੁੰਦੇ ਹਨ ਤੇ ਨਕਾਰਤਮਕਤਾ ਅਤੇ ਹੋਰ ਵਿਕਾਰਾਂ ਤੋਂ ਛੁਟਕਾਰਾ ਮਿਲਦਾ ਹੈ ਤੇ ਸਾਡਾ ਮਨ ਹਮੇਸ਼ਾ ਚੰਗੇ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ ਤੇ ਅਸੀਂ ਕੰਮ ਵੀ ਹੋਰ ਉਤਸ਼ਾਹ ਨਾਲ ਕਰ ਸਕਦੇ ਹਾਂ।
ਸਰੋਤ: ਬ੍ਰਹਮਾ ਕੁਮਾਰੀ