3.9K
ਹਰ ਰੋਜ਼ ਵਾਂਗ ਉਹ ਕੁੱਤਾ, ਅੱਜ ਵੀ ਉਸ ਕੋਲੋਂ ਖਾਣ ਲਈ ਰੋਟੀ ਮੰਗ ਰਿਹਾ ਹੈ। ਪਰ ਰੋਟੀ ਹੁੰਦਿਆਂ ਵੀ ਉਸ ਨੂੰ ਦੁਰਕਾਰ ਦਿੱਤਾ ਗਿਆ, ਹਰ ਰੋਜ਼ ਵਾਂਗ ਹੀ।
ਤੇ ਫਿਰ ਇੰਨੇ ਮੀਂਹ ਪਏ ਕਿ ਨਹਿਰਾਂ ਦੇ ਪਾਣੀਆਂ ’ਚ ਉਛਾਲਾ ਆ ਗਿਆ। ਤੇ ਪਾਣੀ “ਹੜ੍ਹ ਬਣ ਕੇ ਹੋਰਨਾਂ ਘਰਾਂ ਵਾਂਗਰ ਉਸ ਦਾ ਵੀ ਸਭ ਕੁਝ ਰੋੜ ਕੇ ਲੈ ਗਿਆ। ਉਹ ਕਈ ਦਿਨਾਂ ਦਾ ਭੁੱਖਾ ਉੱਚੀ ਜਗ੍ਹਾ ਚੜਿਆ ਬੈਠਾ ਭੁੱਖ ਨਾਲ ਵਿਲਕ ਰਿਹਾ ਸੀ। ਅਚਾਨਕ ਹੀ ਉਸ ਨੇ ਕੁੱਤੇ ਦੇ ਮੂੰਹ ਰੋਟੀ ਦਾ ਟੁਕੜਾ ਦੇਖਿਆ। ਜਿਵੇਂ ਉਸਦੀ ਭੁੱਖ ਹੋਰ ਚਮਕ ਉੱਠੀ। ਉਹ ਕੁੱਤੇ ਨੂੰ ਪੁਚਕਾਰ ਕੇ ਰੋਟੀ ਦਾ ਟੁਕੜਾ ਮੰਗਣ ਲੱਗਿਆ। ਕੁੱਤੇ ਨੇ ਪੂਰੇ ਦਾ ਪੂਰਾ ਟੁਕੜਾ ਉਸ ਦੇ ਹੱਥ ਤੇ ਧਰ ਦਿੱਤਾ।
ਤੇ ਉਹ ਜਿਵੇਂ ਪਾਣੀ-ਪਾਣੀ ਹੋ ਕੇ ਸਾਰੇ ਦਾ ਸਾਰਾ ਵਹਿ ਤੁਰਿਆ।
ਦੇਵ ਤਲਵੰਡੀ