ਭਰਨ ਲਈ ਪਹਿਲਾ ਖਾਲੀ ਹੋਣਾ ਪੈਂਦਾ ਹੈ। ਲੰਬੀ ਛਾਲ ਲਈ ਪਹਿਲਾ ਦੋ ਕਦਮ ਪਿੱਛੇ ਪੁੱਟਣੇ ਪੈਂਦੇ ਨੇ। ਮੀਂਹ ਆਉਣ ਤੋਂ ਪਹਿਲਾਂ ਗਰਮੀ ਦਾ ਵਧਣਾ ਆਮ ਹੈ। ਨਵੇਂ ਪੱਤਿਆ ਦੇ ਉੱਗਣ ਤੋਂ ਪਹਿਲਾ ਪੁਰਾਣਿਆ ਨੂੰ ਝੜਨਾ ਪੈਂਦਾ ਹੈ। ਜੁੜਨ ਤੋਂ ਪਹਿਲਾ ਟੁੱਟਣਾ ਪੈਂਦਾ ਹੈ। ਕਿਉਂਕਿ ਅਗਰ ਟੁੱਟਦੇ ਹੀ ਨਾ ਤਾਂ ਜੁੜਨਾ ਕਿਸ ਨੇ ਸੀ। ਤਾਰਿਆਂ ਦੇ ਚਮਕਣ ਲਈ ਹਨੇਰੇ ਦਾ ਹੋਣਾ ਲਾਜਮੀ ਹੈ।
ਇਸੇ ਤਰ੍ਹਾਂ ਚੰਗਾ ਬੋਲਣ ਦੀ ਅਵਸਥਾ ਚ ਜਾਣ ਤੋਂ ਪਹਿਲਾ ਚੁੱਪ ਰਹਿਣਾ ਲਾਜਮੀ ਹੈ।
ਕੁਝ ਵੀ ਮਾੜਾ ਨਹੀਂ ਹੁੰਦਾ, ਜੋਂ ਵੀ ਹੁੰਦਾ ਹੈ ਕਿਸੇ ਚੰਗੇ ਦੇ ਹੋਣ ਦੀ ਤਿਆਰੀ ਹੁੰਦੀ ਹੈ। ਇਸ ਬ੍ਰਹਿਮੰਡ ਦੇ ਬਹੁਤ ਹਿੱਸੇ ਚ ਖਲਾਅ ( ਖਾਲੀਪਨ ) ਹੈ ਅਤੇ ਕਈ ਗ੍ਰਿਹਾਂ ਚ ਵਾਤਾਵਰਨ ਹੈ ਅਰਥਾਤ ਉਹ ਭਰੇ ਹੋਏ ਨੇ। ਪਰ ਸ਼ਕਤੀਸ਼ਾਲੀ ਗੱਲ ਇਹ ਹੈ ਕਿ ਭਰੇ ਹੋਏ ਵੱਡੇ ਵੱਡੇ ਗ੍ਰਿਹਾਂ ਨੂੰ ਵੀ ਆਪਣੇ ਕਲਾਵੇ ਚ ਉਹ ਬ੍ਰਹਿਮੰਡ ਸੰਭਾਲੀ ਬੈਠਾ ਹੈ ਜਿਸਨੂੰ ਅਸੀ ਖਾਲੀ ਸਮਝਦੇ ਹਾਂ,ਜਿੱਥੇ ਸਾਡੀ ਨਜਰ ਚ ਖਲਾਅ ਹੈ,ਹੋਰ ਕੁਝ ਵੀ ਨਹੀਂ। ਕਈ ਵਾਰ ਜਿਸਨੂੰ ਅਸੀਂ ਖਾਲੀ ਸਮਝ ਬੈਠਦੇ ਹਾਂ ਉਹ ਜਿਆਦਾ ਭਰਿਆ ਹੁੰਦਾ ਹੈ।
ਇੱਕ ਫਕੀਰ ਨੂੰ ਇੱਕ ਰਾਜਾ ਰੋਕ ਕੇ ਪੁੱਛਣ ਲੱਗਾ ਕਿ ਤੇਰੇ ਥੈਲੇ ਚ ਕੀ ਹੈ, ਉਹ ਕਹਿੰਦਾ ਸ਼ਾਮ ਦੀ ਰੋਟੀ। ਰਾਜਾ ਕਹਿੰਦਾ ਮੈਨੂੰ ਤੇਰੀ ਹਾਲਤ ਦੇਖ ਕੇ ਤਰਸ ਆ ਰਿਹਾ ਹੈਂ। ਚੱਲ ਮੇਰੇ ਨਾਲ ਮੈ ਤੈਨੂੰ ਵਧੀਆ ਪਕਵਾਨ ਖਾਵਾਵਾਂ।
ਫਕੀਰ ਆਪਣੇ ਆਨੰਦ ਚ ਸੀ, ਉਸਦੇ ਚਹਿਰੇ ਤੇ ਨੂਰ ਤੇ ਸ਼ਾਂਤੀ ਸੀ। ਉਸਨੇ ਪਿਆਰ ਨਾਲ ਕਿਹਾ,”ਰਾਜਨ ਧੰਨਵਾਦ ਤੂੰ ਮੇਰਾ ਫ਼ਿਕਰ ਕੀਤਾ, ਪਰ ਤੂੰ ਮੇਰੇ ਤੇ ਤਰਸ ਨਾ ਖਾ, ਬਲਕਿ ਖੁਦ ਤੇ ਖਾ। ਕਿਉਂਕਿ ਤੂੰ ਸਕੂਨ ਸਿਰਫ ਮਹਿੰਗੇ ਪਕਵਾਨਾਂ ਚ ਸਮਝਦਾ ਹੈ, ਭੋਜਨ ਚ ਨਹੀਂ। ਤੇਰੀ ਨਜ਼ਰੇ ਕੱਪੜਾ ਉਹ ਹੈ ਜਿਸਤੇ ਸੋਨੇ ਦੀ ਕਢਾਈ ਹੋਵੇ। ਪਰ ਮੇਰੀ ਨਜਰੇ ਕੱਪੜਾ ਉਹ ਹੈ, ਜੋਂ ਜਿਸਮ ਨੂੰ ਢਕੇ। ਤੂੰ ਜਿੰਦਗੀ ਦਿਖਾਉਣ ਲਈ ਜਿਉਂਦਾ ਹੈ, ਮੈ ਜਿੰਦਗੀ ਜਿਉਣ ਲਈ ਜਿਉਂਦਾ ਹਾਂ। ਮੇਰੇ ਲਈ ਜਿੰਦਗੀ ਬਾਹਰ ਨਹੀਂ, ਮੇਰੇ ਅੰਦਰ ਹੈ।”
ਰਾਜਾ ਫਕੀਰ ਦੇ ਜਵਾਬ ਨੂੰ ਸੁਣਕੇ ਸੁੰਨ ਹੋ ਗਿਆ ਤੇ ਚੁੱਪ ਚਾਪ ਬਿਨਾ ਕੁਝ ਬੋਲੇ ਉਥੋਂ ਚੱਲਣ ਲੱਗਾ।
ਫਕੀਰ ਨੇ ਜਾਂਦੇ ਰਾਜੇ ਨੂੰ ਕਿਹਾ,”ਮੁਬਾਰਕ ਰਾਜਾ, ਅੱਜ ਤੂੰ ਕੁਛ ਛੱਡ ਗਿਆ ਹੈ, ਕੁਝ ਬੋਜ ਲਾ ਗਿਆ ਹੈ। ਅੱਜ ਤੂੰ ਹਲਕਾ ਹੋ ਗਿਆ, ਤੇਰੇ ਅੰਦਰ ਅੱਜ ਇੱਕ ਖਲਾਅ ਪੈਦਾ ਹੋਇਆ ਹੈ, ਜਿਸਨੇ ਅਸਲੀ ਸਕੂਨ ਨੂੰ ਖੁਦ ਚ ਸੰਭਾਲਣਾ ਹੈ।
“ਤੇਰੀ ਚੁੱਪ ਤੇਰੇ ਸ਼ਬਦਾਂ ਨਾਲੋ ਜਿਆਦਾ ਸ਼ਕਤੀਸ਼ਾਲੀ ਹੋ ਗਈ ਅੱਜ, ਇਸ ਚੁੱਪ ਦਾ ਆਨੰਦ ਮਾਣਦਾ ਰਹਿ” ਇੰਨਾ ਕਹਿ ਫਕੀਰ ਆਪਣੇ ਰਾਹ ਤੁਰ ਪਿਆ।
ਜਗਮੀਤ ਸਿੰਘ ਹਠੂਰ
ਜਗਮੀਤ ਸਿੰਘ ਹਠੂਰ