ਉਹ ਵੱਡੇ ਨਹੀਂ ਸਨ ਹੋਏ, ਅਸੀਂ ਆਪਣੇ- ਆਪ ਨੂੰ ਛੋਟਾ ਕਰ ਲਿਆ ਸੀ। ਉਹ ਸਿਆਣੇ ਨਹੀਂ ਸਨ, ਅਸੀਂ ਅੰਧਵਿਸ਼ਵਾਸੀ ਸਾਂ। ਅਸੀਂ ਹੀ ਨਿਰਣਾ ਕਰ ਲਿਆ ਸੀ ਕਿ ਚੌਲਾਂ ਵਰਗਾ ਰੰਗ, ਕਣਕ ਵਾਲੇ ਰੰਗ ਨਾਲੋਂ ਸੋਹਣਾ ਹੁੰਦਾ ਹੈ।
ਅਸੀਂ ਸਾਬਤ ਕਰ ਵਿਖਾਇਆ ਹੈ ਕਿ ਪਤਲੂਨ ਪਾਉਣਾ , ਪਜਾਮੇ ਅਤੇ ਤਹਿਮਤ ਨਾਲੋਂ ਉਚੇਰੀ ਸਭਿਅਤਾ ਹੈ। ਆਪਣੇ ਦੇਸ਼ ਵਿਚ ਸਾਡਾ ਘਰ ਸਾਫ ਕਰਨਾ ਨੀਵੀਂ ਜਾਤ ਦਾ ਕੰਮ ਹੈ ਪਰ ਪ੍ਰਦੇਸ਼ ਵਿਚ ਸੜਕ ਸਾਫ ਕਰਦਿਆਂ, ਸਾਡੀ ਜਾਤ ਨੂੰ ਕੋਈ ਫਰਕ ਨਹੀਂ ਪੈਂਦਾ ।
ਪੜ੍ਹਿਆ – ਲਿਖਿਆ ਮਨੁੱਖ ਅਸੀਂ ਉਸ ਨੂੰ ਸਮਝਦੇ ਹਾਂ, ਜਿਹੜਾ ਆਪਣੀ ਜ਼ੁਬਾਨ ਵਿਚ ਗੱਲ ਨਾ ਕਰੇ।
ਅਸੀਂ ਸਮਝਦੇ ਹਾਂ ਆਪਣੀ ਕਾਰ ਵਿਚ ਜਾਂਦਾ ਬੰਦਾ , ਬੱਸ – ਗੱਡੀ ਵਿਚ ਜਾਣ ਵਾਲੇ ਨਾਲੋਂ ਉੱਚਾ ਹੁੰਦਾ ਹੈ।
ਸਾਡੇ ਨਿਰਣਾ ਕਰਨ ਦੀ ਦੇਰ ਸੀ, ਆਪਣੇ- ਆਪ ਨੂੰ ਛੋਟਾ ਮੰਨਣ ਦੀ ਦੇਰ ਸੀ, ਫਿਰ ਉਨ੍ਹਾਂ ਨੂੰ ਸਾਡੇ ਤੋਂ ਵੱਡੇ ਬਣਨ ਵਿਚ ਕੋਈ ਦੇਰ ਨਹੀਂ ਲੱਗੀ। ਸਾਡੇ ਝੁਕਣ ਦੀ ਦੇਰ ਸੀ , ਉਹ ਪਲਾਕੀ ਮਾਰ ਕੇ ਸਾਡੇ ‘ਤੇ ਸਵਾਰ ਹੋ ਗਏ ਸਨ।
ਸਾਨੂੰ ਝੁਕਾਉਣ ਲਈ ਇਥੇ ਯੂਨਾਨੀ ਆਏ, ਤੁਰਕ ਆਏ, ਲੋਧੀ ਆਏ, ਹੁਨ ਆਏ, ਮੁਗਲ ਆਏ, ਪੁਰਤਗਾਲੀ, ਫਰਾਂਸੀਸੀ ਅਤੇ ਅੰਗਰੇਜ਼ ਆਏ, ਜਿਹੜੇ ਨਹੀਂ ਆਏ, ਪਤਾ ਨਹੀਂ ਕਿਉਂ ਨਹੀਂ ਆਏ?? ਜੇ ਉਹ ਆ ਜਾਂਦੇ ਤਾਂ ਉਨ੍ਹਾਂ ਨੇ ਵੀ ਸਾਡੇ ‘ ਤੇ ਰਾਜ ਹੀ ਕਰਨਾ ਸੀ, ਕਿਉਂਕਿ ਅਸੀਂ ਗੁਲਾਮ ਬਣਨ ਵਿਚ ਮਾਹਿਰ ਸਾਂ ।
ਨਰਿੰਦਰ ਸਿੰਘ ਕਪੂਰ