2.4K
ਮਾਲ ਤੇ ਘੁੰਮ ਰਿਹਾ ਸਾਂ, ਅਚਾਨਕ ਹੀ ਨਜ਼ਰ ਬੂਟਾਂ ਤੇ ਪਈ। ਸੱਜੇ ਪੈਰ ਵਾਲਾ ਤੱਸਮਾ ਦਮ ਤੋੜ ਰਿਹਾ ਸੀ। ਉਥੇ ਹੀ ਇਕ ਮੋਚੀ ਦਿਸ ਪਿਆ।
ਪੰਝੀ ਪੈਸੇ ਦੇ ਕੇ ਨਵੇਂ ਤਸਮੇ ਲਏ, ਪੁਰਾਣੇ ਤਸਮੇ ਉਥੇ ਹੀ ਸੁੱਟ ਦਿੱਤੇ।
ਸੜਕ ਦੇ ਕਿਨਾਰੇ ਇਕ ਮੜੀਅਲ ਜਿਹਾ ਆਦਮੀ ਬੈਠਾ ਸੀ। ਮੇਰੇ ਵੱਲੋਂ ਸੁੱਟੇ ਗਏ ਤਸਮੇ ਉਸ ਨੇ ਚੁਕ ਕੇ ਆਪਣੇ ਬਿਨ-ਤਸਮਿਆਂ ਦੇ ਬੂਟਾਂ ਵਿਚ ਪਾ ਲਏ। ਮੈਨੂੰ ਬਹੁਤ ਬੁਰਾ ਲੱਗਾ। ਮੈਂ ਤਸਮਿਆਂ ਦਾ ਇਕ ਨਵਾਂ ਜੋੜਾ ਖਰੀਦ ਕੇ ਉਸ ਨੂੰ ਦੇ ਦਿੱਤਾ ਤੇ ਬੜੀ ਤਸੱਲੀ ਭਰੀ ਖੁਸ਼ੀ ਨਾਲ ਅਗਾਂਹ ਨੂੰ ਹੋ ਗਿਆ। ਮੈਂ ਆਪਣੇ ਆਪ ਵਿਚ ਬੜਾ ਹਲਕਾ ਮਹਿਸੂਸ ਕਰ ਰਿਹਾ ਸਾਂ ਕਿ ਮੈਂ ਕਿਸੇ ਦੀ ਮਦਦ ਕੀਤੀ ਹੈ।
ਵਾਪਸੀ ਸਮੇਂ ਮੇਰੀ ਨਜ਼ਰ ਫਿਰ ਉਸੇ ਆਦਮੀ ਉਤੇ ਪਈ। ਜਦੋਂ ਮੈਂ ਉਸ ਦੇ ਬੂਟਾਂ ਵੱਲ ਦੇਖਿਆ ਤਾਂ ਚੌਕ ਗਿਆ, ਉਹਨੇ ਉਹੀ ਪੁਰਾਣੇ ਤਸਮੇ ਹੀ ਪਾਏ ਹੋਏ ਸਨ। ਉਹਨੇ ਮੇਰੀ ਨਜ਼ਰ ਤਾੜ ਲਈ ਅਤੇ ਬੜੀ ਖੁਸ਼ਾਮਦ ਭਰੀ ਅਵਾਜ਼ ਵਿਚ ਕਹਿਣ ਲੱਗਾ, “ ਜ਼ੀ ਉਹ ਵੀਹ ਪੈਸੇ ਵਿਚ ਉਸੇ ਮੋਚੀ ਨੂੰ ਦੇ ਦਿੱਤੇ ਜ਼ਰੂਰਤ ਸੀ ਮੈਨੂੰ।”
ਸੁਰਿੰਦਰ ਗਮਨ