ਅਰਦਾਸ ਸ਼ਕਤੀ

by admin

ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸਿ। ਅੰਕ 819

ਇਸ ਵਿਚ ਕੋਈ ਸ਼ੱਕ ਨਹੀਂ ਕਿ ਅਰਦਾਸ ਵਿੱਚ ਬੜੀ ਸ਼ਕਤੀ ਹੈ, ਪਰ ਸ਼ਰਤ ਹੈ ਕਿ ਅਰਦਾਸ ਤਰੀਕੇ ਨਾਲ ਕੀਤੀ ਜਾਵੇ। ਜਿਸ ਅੱਗੇ ਅਰਦਾਸ ਕੀਤੀ ਜਾਵੇ ਉਸ ਉਪਰ ਪੂਰਨ ਭਰੋਸਾ ਹੋਵੇ ਕਿ ਉਹ ਅਰਦਾਸ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ। ਜਿਸ ਚੀਜ਼ ਬਾਰੇ ਅਰਦਾਸ ਕੀਤੀ ਜਾਵੇ ਉਸ ਵਾਸਤੇ ਪੂਰਨ ਉੱਦਮ ਕਰਨਾ ਚਾਹੀਦਾ ਹੈ ਅਤੇ ਅਰਦਾਸ ਸ਼ੁਭ ਭਾਵਨਾ ਵਾਲੀ ਹੋਵੇ।
ਦਾਸ ਆਪਣੇ ਜੀਵਨ ਦੇ ਹੇਠ ਲਿਖੇ ਦੋ ਸਾਚੇ ਵਾਕੇ ਬਿਆਨ ਕਰਦਾ ਹੈ ਜਿਸ ਤੋਂ ਅਰਦਾਸ ਦੀ ਸ਼ਕਤੀ ਉੱਤੇ ਰੋਸ਼ਨੀ ਪਵੇਗੀ-
1. ਤਕਰੀਬਨ ਸੰਨ 1939 ਦਾ ਜ਼ਿਕਰ ਹੈ ਕਿ ਦਾਸ ਮੋਗੇ ਤਹਿਸੀਲ ਵਿੱਚ ਕਾਇਮਮੁਕਾਮ ਡੀ. ਐਸ. ਪੀ. ਸੀ। ਅਜੇ ਪੱਕਾ ਹੋਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ ਸੀ। ਦਾਸ ਦੀ ਧਰਮ ਪਤਨੀ ਨੇ ‘ ਥਿਰ ਘਰ ਬੈਸਹੁ’ ਦੇ ਸ਼ਬਦ ਦਾ ਸਵਾ ਲੱਖ ਪਾਠ 40 ਦਿਨਾਂ ਅੰਦਰ ਇਸ ਭਾਵਨਾ ਨੂੰ ਮੁਖ ਰੱਖ ਕੇ ਕੀਤਾ ਕਿ ਦਾਸ ਪੱਕਾ ਹੋ ਜਾਵੇ। ਭੋਗ ਵਾਲੇ ਦਿਨ ਦਾਸ ਨੇ ਖੁਦ ਅਰਦਾਸ ਕੀਤੀ ਅਤੇ ਜਦੋਂ 10 ਵਜੇ ਦਫਤਰ ਗਿਆ ਤਾਂ ਉਥੇ ਤਾਰ ਮਿਲੀ ਜਿਸ ਵਿਚ ਦਾਸ ਦੇ ਪੱਕੇ ਹੋਣ ਬਾਰੇ ਇਕ ਮਿੱਤਰ ਦੀ ਮੁਬਾਰਕਬਾਦ ਸੀ। ਦਾਸ ਸ਼ਬਦ ਅਤੇ ਅਰਦਾਸ ਦੀ ਸ਼ਕਤੀ ਨੂੰ ਦੇਖ ਕੇ ਅਸਚਰਜ ਹੋ ਗਿਆ।

2. 1953-54 ਦਾ ਜ਼ਿਕਰ ਹੈ ਕਿ ਦਾਸ ਦਿੱਲੀ ਆਪਣੀ ਕੋਠੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿਚ ਸਵੇਰੇ 4 ਵਜੇ ਸਰਦੀ ਦੇ ਮੌਸਮ ਵਿਚ ਨਿਤਨੇਮ ਕਰਦਾ ਹੁੰਦਾ ਸੀ। ਬਾਹਰਲੇ ਕੁਆਟਰਾ ਵਿਚ ਇਕ ਸੱਜਣ ਨੇ ਕੁੱਕੜ ਪਾਲੇ ਹੋਏ ਸਨ। ਉਹ ਕੁੱਕੜ ਰੋਜ ਬਾਂਗ ਦਿੰਦਾ ਤੇ ਮੇਰੇ ਸਿਮਰਨ ਵਿਚ ਖਲਲ ਪੈਦਾ ਹੁੰਦੀ ਸੀ। ਸਿਮਰਨ ਵਿਚ ਬੈਠਿਆਂ ਮੇਰੇ ਮੂੰਹੋਂ ਨਿੱਕਲ ਗਿਆ ਕਿ ਹੇ ਵਾਹਿਗੁਰੂ , ਇਸ ਕੁੱਕੜ ਨੂੰ ਆਪ ਮਾਰ ਨਹੀਂ ਸਕਦੇ? ਦੂਸਰੇ ਦਿਨ ਉਹ ਕੁੱਕੜ ਬਿਮਾਰ ਹੋ ਕੇ ਮਰ ਗਿਆ। ਮੈਂ ਫਿਰ ਮਾਫੀ ਮੰਗੀ ਕਿ ਇਹ ਸ਼ੁਭ ਕਾਮਨਾ ਦੀ ਅਰਦਾਸ ਨਹੀਂ ਸੀ, ਇਸ ਵਾਸਤੇ ਮੈਨੂੰ ਮੁਆਫ ਕੀਤਾ ਜਾਵੇ। ਪਰ ਤੀਰ ਚੱਲ ਚੁੱਕਿਆ ਸੀ। ਕੁੱਕੜ ਵਾਲਾ ਸੱਜਣ ਦੂਸਰੇ ਚੌਥੇ ਦਿਨ ਹੋਰ ਕੁੱਕੜ ਲੈ ਆਇਆ। ਉਸਨੇ ਵੀ ਬਾਂਗ ਦੇਣੀ ਸ਼ੁਰੂ ਕਰ ਦਿੱਤੀ ਅਤੇ ਉਹ ਵੀ ਦੂਸਰੇ ਚੌਥੇ ਦਿਨ ਮਰ ਗਿਆ। ਇਸ ਤਰ੍ਹਾਂ ਨਾਲ ਸੱਤ ਕੁੱਕੜ ਮਰੇ। ਮੇਰੀ ਧਰਮ ਪਤਨੀ ਨੇ , ਜਿਸਨੂੰ ਮੈਂ ਇਸ ਅਰਦਾਸ ਬਾਰੇ ਦੱਸ ਦਿੱਤਾ ਸੀ, ਜਾਕੇ ਕੁੱਕੜਾਂ ਵਾਲੇ ਪ੍ਰੇਮੀ ਨੂੰ ਕਿਹਾ ਕਿ ਉਹ ਹੋਰ ਕੁੱਕੜ ਖਰੀਦ ਕੇ ਨਾ ਲਿਆਵੇ, ਕੋਈ ਐਸੀ ਗੱਲ ਹੈ ਕਿ ਕੁੱਕੜ ਬਚਣਗੇ ਨਹੀਂ । ਫਿਰ ਉਹ ਕੁੱਕੜ ਲਿਆਉਣੋ ਹਟ ਗਿਆ । ਇਸ ਵਾਕ ਤੋਂ ਸਿਮਰਨ ਅਭਿਲਾਸ਼ੀਆ ਨੂੰ ਇਹ ਵੀ ਸਬਕ ਲੈਣਾ ਚਾਹੀਦਾ ਹੈ ਕਿ ਸਿਮਰਨ ਵਿਚ ਬੈਠੇ ਹੋਏ ਆਪਣੇ ਮੂੰਹ ਵਿਚੋਂ ਬਹੁਤ ਹੀ ਵਿਚਾਰ ਨਾਲ ਗੱਲ ਕਹਿਣੀ ਚਾਹੀਦੀ ਹੈ।

ਬਿਸ਼ਨ ਸਿੰਘ ‘ ਪਲਤਾ ‘ ਨਾਭਾ
ਪੁਸਤਕ- ਅਰਦਾਸ ਸ਼ਕਤੀ

You may also like