ਭਿਨੰਦਨ

by Jasmeet Kaur

ਹਮੇਸ਼ਾ ਉਦਾਸ ਰਹਿਣ ਵਾਲੇ ਉਸ ਦੇ ਚਿਹਰੇ ਤੇ ਅੱਜ ਖੁਸ਼ੀ ਦੀ ਇੱਕ ਲਕੀਰ ਖਿੱਚੀ ਹੋਈ ਹੈ।
ਉਸ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਫਲਸਰੂਪ ਵਾਇਸ ਚਾਂਸਲਰ ਨੇ ਅੱਜ ਉਸ ਨੂੰ ਅਭਿਨੰਦਨ ਪੱਤਰ ਭੇਂਟ ਕਰਨਾ ਹੈ।
ਇੱਕ ਕਲਰਕ ਦੀ ਐਨੀ ਇੱਜ਼ਤ! ਕਾਲਜ ਦਾ ਐਡੀਟੋਰੀਅਮ ਖਚਾਖਚ ਭਰਿਆ ਹੋਇਆ ਹੈ। ਵਾਇਸ ਚਾਂਸਲਰ ਨੇ ਜਦੋਂ ਫੁੱਲਾਂ ਦਾ ਹਾਰ ਉਸਨੂੰ ਪਹਿਨਾਇਆ ਤਾਂ ਸਾਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ।
ਗੁਨਗੁਨਾਉਂਦੇ ਹੋਏ ਜਦੋਂ ਉਸ ਨੇ ਘਰ `ਚ ਪੈਰ ਰੱਖਿਆ ਤਾਂ ਧਮਾਕਾ ਹੋਇਆ-‘ਇਹ ਔਣ ਦਾ ਵੇਲੇ ਦੋ ਘੰਟੇ ਤੋਂ ਇੰਤਜ਼ਾਰ ਕਰ ਰਹੀ ਹਾਂ।”
ਪਤਨੀ ਦੇ ਇਨ੍ਹਾਂ ਸ਼ਬਦਾਂ ਤੇ ਉਹ ਹੌਲੀ ਜਿਹਾ ਮੁਸਕਰਾ ਪਿਆ।
ਅਚਾਨਕ ਪਤਨੀ ਦੀ ਨਜ਼ਰ ਉਸ ਦੇ ਹੱਥ ‘ਚ ਫੜੇ ਹੋਏ ਅਭਿਨੰਦਨ ਪੱਤਰ ’ਤੇ ਪੈ ਗਈ- ਹੂੰ ਤਾਂ ਜਨਾਬ ਦਾ ਅੱਜ ਫੇਰ ਕਿਤੇ ਸੁਆਗਤ ਹੋਇਆ? ਤੇ ਇਕਦਮ ਅਭਿਨੰਦਨ ਪੱਤਰ ਉਸ ਤੋਂ ਖੋਂਹਦਿਆਂ ਬੋਲੀ-ਮੈਂ ਇਸ ਕਾਗਜ਼ ਦਾ ਕੀ ਕਰਾਂ ਸਵੇਰ ਤੋਂ ਬੱਚੇ ਭੁੱਖ ਨਾਲ ਕੁਰਲਾਉਂਦੇ ਪਏ ਹਨ ਇਕ ਪਲ ਰੁਕ ਕੇ ਮੁੜ ਕਿਹਾ ਉਸ ਨੇ- ਲੋਕਾਂ ਨੂੰ ਜੇ ਤੁਸੀਂ ਐਡੇ ਈ ਵਿਦਵਾਨ ਨਜ਼ਰ ਆਉਂਦੇ ਓ ਤਾਂ ਕਿਉਂ ਨਹੀਂ ਤੁਹਾਨੂੰ ਤਰੱਕੀ ਦੇ ਦਿੰਦੇ, ਇਸ ਕਾਗਜ਼ ਦੇ ਟੁਕੜੇ ਨਾਲੋਂ ਤਾਂ ਚੰਗਾ ਸੀ ਦੋ ਚਾਰ ਰੁਪਏ ਨਕਦ ਦੇ ਦੇਦੇ- ਸ਼ਾਮ ਦਾ ਰਾਸ਼ਨ ਈ ਆ ਜਾਂਦਾ। ਉਹ ਗੁੰਮ ਸੁੰਮ ਜਿਹਾ ਬਣਿਆ, ਉਸ ਵੱਲ ਤੱਕਣ ਲੱਗਾ।

ਫਕੀਰ ਚੰਦ ਸ਼ੁਕਲਾ

You may also like