ਬੀਜ ਤੋਂ ਬੋਹੜ ਤੱਕ 

by admin

ਪੁਰਾਣਾ ਸਮਾਂ , 1955 ਦੇ ਇਰਦ ਗਿਰਦ ਦਾ । ਅੰਬਰਸਰ ਜ਼ਿਲ੍ਹੇ ਦਾ ਇੱਕ ਪਿੰਡ ਜੋ ਰਾਸ਼ਟਰੀ ਸ਼ਾਹ ਮਾਰਗ ਤੇ ਸਥਿਤ ਸੀ , ਓਸ ਪਿੰਡ ਵਿੱਚ ਰਹਿੰਦਾ ਸੀ ਪੁਰਾਣੇ ਜ਼ੈਲਦਾਰਾਂ ਦਾ ਅਮੀਰ ਪਰਿਵਾਰ , ਜਿਸ ਕੋਲ ਦਸ ਮੁਰੱਬੇ ਤੋ ਵੀ ਵੱਧ ਜ਼ਮੀਨ , ਸਰਕਾਰੇ ਦਰਬਾਰੇ ਵੀ ਪੂਰੀ ਪਹੁੰਚ ਸੀ ਉਹਨਾਂ ਦੀ । ਦਲਿਤ ਪਰਿਵਾਰ ਤਾਂ ਕਾਮੇ ਸਨ ਹੀ ਉਹਨਾ ਦੇ , ਕੁਝ ਗ਼ਰੀਬੜੇ ਤੇ ਕਰਜ਼ੇ ਮਾਰੇ ਜ਼ਿਮੀਂਦਾਰ ਵੀ ਉਹਨਾ ਦੇ ਕਾਮੇ ਜਾਂ ਸੀਰੀ ਸਨ । ਪਿੰਡ ਦਾ ਇੱਕ ਗ਼ਰੀਬੜਾ ਜਿਹਾ ਮਾਂ ਪਿਓ ਮਹਿੱਟਰ ,ਜੀਤੀ , ਸਿਰਫ ਦੋ ਢਾਈ ਏਕੜ ਜ਼ਮੀਨ ਦਾ ਮਾਲਕ , ਤੇ ਉਹ ਜ਼ਮੀਨ ਵੀ ਫ਼ਰਦਾਂ ਚ ਰੁਲ਼ੀ ਹੋਈ ਸੀ ,ਪਰ ਕਾਮਾ ਸੀ ਓਹ ਸਿਰੇ ਦਾ , ਚਾਚੇ ਤਾਇਆਂ ਦੀਆਂ ਖੁਰਲੀਆਂ ਚ ਰੁਲ਼ਦਾ ਈ ਪਲ਼ਿਆ ਸੀ ਵਿਚਾਰਾ , ਹਾਲਾਤਾਂ ਦਾ ਝੰਬਿਆ , ਓਹ ਵੀ ਜ਼ੈਲਦਾਰਾਂ ਦਾ ਕਾਮਾ ਰਲ਼ ਗਿਆ ਤੇ ਮਿਹਨਤੀ ਹੋਣ ਕਰਕੇ ਜ਼ੈਲਦਾਰ ਫੁੰਮਣ ਸਿੰਹੁੰ ਦਾ ਕਿਰਪਾ ਪਾਤਰ ਬਣ ਗਿਆ । ਸਾਰਾ ਦਿਨ ਬੌਲਦ ਵਾਂਗ ਖੇਤਾਂ ਚ ਕੰਮ ਕਰਦਾ , ਬੇਈਮਾਨੀ ਜਾਂ ਕੰਮ-ਚੋਰੀ ਦਾ ਤਾਂ ਜਿਵੇ ਪਤਾ ਈ ਨਹੀ ਸੀ ਉਹਨੂੰ । ਕਦੀ ਵਿਹਲਾ ਬੈਠਣਾ ਮੁਸੀਬਤ ਸੀ ਓਹਦੇ ਲਈ । ਉਮਰੋਂ ਵੀ ਤੀਹਾਂ ਤੋਂ ਟੱਪ ਗਿਆ ਸੀ ਪਰ ਕੋਈ ਸਾਕ ਨਹੀਂ ਸੀ ਹੋਇਆ , ਗਰੀਬੀ ਆੜੇ ਆ ਗਈ ਸੀ ਓਹਦੇ ।ਫੁੰਮਣ ਸਿੰਹੁੰ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਓਹਨੇ ਕਿਸੇ ਨੂੰ ਕਹਿ ਕਹਾ ਕੇ ਜੀਤੀ ਨੂੰ ਗਰੀਬ ਘਰ ਦੀ ਲੜਕੀ ਦਾ ਸਾਕ ਕਰਵਾ ਦਿੱਤਾ , ਸ਼ਾਇਦ ਮਨਸ਼ਾ ਇਹੀ ਸੀ ਕਿ ਓਹਦੇ ਨਾਲ ਨਾਲ,ਓਹਦੀ ਹੋਣ ਵਾਲੀ ਪਤਨੀ ਵੀ ਤਾਬਿਆਦਾਰ ਨੌਕਰਾਣੀ ਬਣੇਗੀ ਜ਼ੈਲਦਾਰ ਦੇ ਘਰ ਦੀ ।
ਜੀਤੀ ਦਾ ਵਿਆਹ ਹੋ ਗਿਆ , ਓਹਦੀ ਜੀਵਨ ਸਾਥਣ ਜੋ ਆਈ , ਨਾਮ ਸੀ ਬਚਨ ਕੌਰ, ਗ਼ਰੀਬੜੇ ਘਰ ਦੀ ਧੀ ਸੀ , ਕਣਕਵੰਨਾ ਰੰਗ ਪਰ ਨੈਣ ਨਕਸ਼ ਸੋਹਣੇ । ਜੀਤੀ , ਓਹ ਟਿੱਬਾ ਸੀ ਜਿਸਤੇ ਕਦੀ ਪਿਆਰ ਦਾ ਪਾਣੀ ਈ ਨਹੀਂ ਸੀ ਚੜ੍ਹਿਆ , ਉਸਨੂੰ ਪਤਾ ਈ ਨਹੀਂ ਸੀ ਕਿ ਜਿੰਦਗੀ ਕਦੀ ਏਨੀ ਸੋਹਣੀ ਵੀ ਹੋ ਸਕਦੀ ਏ , ਓਹਦੀ ਜਿੰਦਗੀ ਚ ਬਹਾਰ ਆ ਗਈ , ਖ਼ੁਸ਼ੀ ਚ ਖੀਵਾ ਹੋ ਗਿਆ ਓਹ ।ਪੈਰ ਭੋਂਇਂ ਨਹੀ ਸਨ ਲੱਗਦੇ ਓਹਦੇ ,ਜਦੋਂ ਘਰ ਵੱਲ ਨੂੰ ਤੁਰਦਾ ਤਾਂ ਉਹਨੂੰ ਲੱਗਦਾ ਜਿਵੇਂ ਖੰਭ ਲੱਗ ਗਏ ਹੋਣ , ਉੱਡ ਰਿਹਾ ਹੋਵੇ ਓਹ ਜ਼ਮੀਨ ਤੇ । ਚਾਂਈਂ ਚਾਂਈਂ ਆਪਣੇ ਕੱਚੇ ਘਰ ਨੂੰ ਸਵਾਰ ਲਿਆ ਸੀ ਓਹਨੇ , ਤੇ ਓਸੇ ਕੱਚੇ ਘਰ ਨੂੰ ਲਿੰਬ ਪੋਚ ਕੇ ਬਚਨ ਕੌਰ ਨੇ ਬਹਿਸ਼ਤ ਬਣਾ ਦਿੱਤਾ । ਕੰਧਾਂ ਤੇ ਗੋਲ਼ੂ ਪੋਚੇ ਨਾਲ ਮੋਰ ਘੁੱਗੀਆਂ ਪਾ ਕੇ ਇੱਕ ਖੋਲ਼ੇ ਵਰਗੇ ਢਾਂਚੇ ਨੂੰ ਡਾਕ ਬੰਗਲਾ ਬਣਾ ਦਿੱਤਾ । ਭਾਂਵੇਂ ਜ਼ੈਲਦਾਰ ਨੂੰ ਪੱਕੀ ਆਸ ਸੀ ਕੇ ਜੀਤੀ ਦੇ ਨਾਲ ਓਹਦੀ ਘਰ ਵਾਲੀ ਵੀ ਜ਼ੈਲਦਾਰ ਦੇ ਘਰੇ ਕੰਮ ਕਰੇਗੀ , ਪਰ ਜੀਤੀ ਨੇ ਨਿਮਰਤਾ ਨਾਲ ਹੱਥ ਜੋੜ ਦਿੱਤੇ , ਸਾਫ ਮਨ੍ਹਾਂ ਕਰ ਦਿੱਤਾ ਬਚਨ ਕੌਰ ਨੂੰ ਕੰਮ ਤੇ ਨਾਲ ਲਿਔਣ ਨੂੰ । ਜ਼ੈਲਦਾਰ ਨੂੰ ਬੁਰਾ ਤਾਂ ਲੱਗਾ ਪਰ ਜੀਤੀ ਦੀ ਨੇਕਨੀਤੀ ਤੇ ਇਮਾਨਦਾਰੀ ਦੀ ਕਦਰ ਕਰਦਾ ਸੀ ਓਹ, ਸੋ ਚੁੱਪ ਕਰ ਗਿਆ ।
ਵਿਆਹ ਤੋਂ ਡੇਢ ਕੁ ਵਰ੍ਹੇ ਬਾਅਦ ਬਚਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ , ਜੀਤੀ ਝੂਮ ਉੱਠਿਆ ਖ਼ੁਸ਼ੀ ਨਾਲ , ਜਿਵੇਂ ਦੁਨੀਆਂ ਦਾ ਸਭ ਤੋਂ ਖੁਸ਼ਨਸੀਬ ਹੋਵੇ ਓਹ । ਕੁਝ ਦਿਨ ਘਰੇ ਰਹਿ ਕੇ ਸ਼ਗਨ ਵਿਹਾਰ ਕੀਤੇ ਓਹਨੇ ਪੁੱਤਰ ਦੇ, ਪਰ ਬਾਅਦ ਚ ਦਿਨੇ ਲੰਘਦਾ ਆਉਂਦਾ ਵੀ ਚੱਕਰ ਮਾਰ ਜਾਂਦਾ ਆਪਣੇ ਪੁੱਤਰ ਨੂੰ ਵੇਖਣ ਖ਼ਾਤਰ ।
,” ਬਚਨ ਕੁਰੇ, ਵਖਾ ਤਾਂ ਜ਼ਰਾ , ਮੇਰਾ ਪੁੱਤ ਕਿੱਡਾ ਕੁ ਹੋਗਿਆ ,”
ਤੇ ਬਚਨ ਕੌਰ ਹੱਸ ਪੈਂਦੀ ਓਹਦੀਆਂ ਝੱਲ ਵਲੱਲ੍ਹੀਆਂ ਤੇ । ਓਹ ਕਾਹਲੇ ਕਦਮੀ ਕੰਮ ਤੇ ਨਿੱਕਲ ਜਾਂਦਾ , ਨੌਕਰੀ ਕੀ ਤੇ ਨਖ਼ਰਾ ਕੀ ?
ਛੇਤੀ ਹੀ ਓਹਦੇ ਮਨ ਵਿੱਚ ਖਾਹਿਸ਼ ਜਾਗੀ ਕਿ ਓਹ ਵੀ ਆਪਣੀ ਖੇਤੀ ਕਰੇ , ਕਿਸੇ ਦੀ ਅਧੀਨਗੀ ਤੋਂ ਆਜ਼ਾਦ ਹੋਵੇ । ਸਹਿਜੇ ਸਹਿਜੇ ਓਹਨੇ ਜ਼ੈਲਦਾਰ ਨਾਲ ਗੱਲ ਕਰਨ ਦਾ ਮਨ ਬਣਾ ਲਿਆ ਤੇ ਇੱਕ ਦਿਨ ਮੌਕਾ ਵੇਖ ਕੇ ਮਨ ਦੀ ਗੱਲ ਕਹਿ ਈ ਦਿੱਤੀ ।
” ਤਾਇਆ ਜੀ, ਇੱਕ ਮਿੰਨਤ ਆ , ਤੁਸੀਂ ਮੇਰੇ ਪਿਓ ਸਮਾਨ ਓ,ਕਦੀ ਫਰਕ ਵੀ ਨਹੀ ਕੀਤਾ ਤੁਸੀਂ ਮੇਰੇ ਨਾਲ , ਮੇਰੀ ਪੈਲੀ ਦੇ ਕਾਗ਼ਜ਼ ਸਹੀ ਕਰਵਾ ਦਿਓ , ਮੈ ਆਪ ਖੇਤੀ ਕਰਨੀ ਆਂ, ਸਾਰੀ ਉਮਰ ਤਾਬਿਆਦਾਰ ਰਹੂੰ ਮੈਂ ਤਵਾਡ੍ਹਾ,”
ਤੇ ਹਲੀਮੀ ਕੰਮ ਆਈ , ਜ਼ੈਲਦਾਰ ਨੇ ਪਟਵਾਰੀ , ਕਾਨੂੰਗੋ ਨੂੰ ਕਹਿ ਕੇ ਓਹਦੀ ਪੈਲੀ ਦੀ ਨਿਸ਼ਾਨਦੇਹੀ ਕਰਵਾ ਦਿੱਤੀ , ਥੋੜੀ ਬਹੁਤ ਮਾਲੀ ਮਦਾਦ ਵੀ ਕਰ ਦਿੱਤੀ ਕੋਲੋਂ। ਜੀਤੀ ਨੂੰ ਇੰਜ ਲੱਗਾ ਜਿਵੇਂ ਉਹ ਧਰਤੀ ਤੋਂ ਗਿੱਠ ਉੱਚਾ ਉੱਡ ਰਿਹਾ ਹੋਵੇ । ਸਿਰ ਤੋਂ ਭਾਰੀ ਪੰਡ ਵਗਾਹ ਮਾਰੀ ਹੋਵੇ ਲਾਹ ਕੇ। ਬਚਨ ਕੌਰ ਤਾਂ ਜਿਵੇਂ ਬਾਵਰੀ ਹੋ ਗਈ ਏਹ ਸਭ ਵੇਖਕੇ ।
ਜੀਤੀ ਜੋ ਕਿਸੇ ਖ਼ਾਤਰ ਦਿਨ ਰਾਤ ਖਪਦਾ ਸੀ , ਹੁਣ ਓਹਨੇ ਖੁਦ ਲਈ ਮਿਹਨਤ ਸ਼ੁਰੂ ਕੀਤੀ , ਤੇ ਨਾਲ ਕੁਝ ਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਨ ਲੱਗਾ, ਇੱਕ ਪੁਰਾਣਾ ਸੈਕਲ ਖਰੀਦ ਕੇ , ਪਿੱਛੇ ਚੌੜਾ ਜਿਹਾ ਕੈਰੀਅਰ ਲਵਾ ਲਿਆ ,ਸਬਜ਼ੀਆਂ ਤੋੜ ਕੇ ਵੇਚਣ ਲਈ ਅੰਬਰਸਰ ਸੈਕਲ ਤੇ ਈ ਜਾਣ ਲੱਗ ਪਿਆ ਰੋਜ ਸਵੇਰੇ ।ਜਦ ਕਦੀ ਸਹੁਰੇ ਜਾਣਾ ਹੁੰਦਾ ਤਾਂ ਉਹ ਸੈਕਲ ਨੂੰ ਪੂੰਝ ਸਵਾਰ ਕੇ ਤਿਆਰ ਕਰ ਲੈਂਦਾ । ਨਿੱਕੀ ਕਾਠੀ ਵੀ ਲਵਾ ਲਈ ਸੀ ਓਹਨੇ ਆਪਣੇ ਪੁੱਤ ਨੂੰ ਅੱਗੇ ਬਿਠਾਉਣ ਨੂੰ । ਜਦੋਂ ਉਹ ਤਿੰਨੇ ਸੈਕਲ ਤੇ ਸਵਾਰ ਹੋ ਕੱਚੇ ਰਾਹਵਾਂ ਤੇ ਵਾਂਢੇ ਜਾਂਦੇ ਤਾਂ ਜੀਤ ਸਿਹੁੰ ਖ਼ੁਦ ਨੂੰ ਮਹਾਰਾਜਾ ਸਮਝਦਾ । ਕਿਸਮਤ ਮੁਸਕਰਾ ਪਈ ਓਸ ਤੇ , ਤਿੰਨ ਕੁ ਸਾਲਾਂ ਚ ਈ ਪੈਰਾਂ ਸਿਰ ਹੋ ਗਿਆ ਓਹ , ਪਿੰਡ ਚ ਜੀਤੀ ਦੇ ਨਾਮ ਨਾਲ ਜਾਣਿਆਂ ਜਾਣ ਵਾਲਾ ਹੁਣ ਜੀਤ ਸਿਹੁੰ ਬਣ ਗਿਆ , ਦੋ ਕੁ ਏਕੜ ਪੈਲੀ ਗਹਿਣੇ ਵੀ ਲੈ ਲਈ ਓਹਨੇ , ਤੇ ਨਾਲ ਕੁਝ ਜ਼ਮੀਨ ਹਿੱਸੇ ਠੇਕੇ ਤੇ ਵੀ ਵਾਹੁਣ ਲੱਗ ਪਿਆ । ਕੁਝ ਸਮੇਂ ਬਾਅਦ ਬਚਨ ਕੌਰ ਨੇ ਦੂਜੇ ਪੁੱਤਰ ਨੂੰ ਵੀ ਜਨਮ ਦੇ ਦਿੱਤਾ ਤੇ ਉਸਤੋ ਬਾਅਦ ਦੋ ਹੋਰ ਪੁੱਤਰਾਂ ਤੇ ਇੱਕ ਧੀ ਦਾ ਬਾਪ ਬਣ ਗਿਆ ਓਹ ।
ਬਚਨ ਕੌਰ ਸਿਰਫ ਘਰ ਤੱਕ ਈ ਮਹਿਦੂਦ ਨਹੀ ਸੀ, ਬੱਚਿਆਂ ਨੂੰ ਲੈ ਕੇ , ਖੇਤਾਂ ਚ ਮਿੱਟੀ ਨਾਲ ਮਿੱਟੀ ਵੀ ਹੁੰਦੀ ਸੀ ਓਹ । ਬੱਚਿਆਂ ਨੂੰ ਸਕੂਲ ਭੇਜਦੀ , ਘਰ ਦੇ ਕੰਮ ਨਿਪਟਾਉਂਦੀ ।ਸਰੀਰੋਂ ਏਨੀ ਤੰਦਰੁਸਤ ਕਿ ਕਦੀ ਜਾਪਦਾ ਈ ਨਹੀ ਸੀ ਕਿ ਓਹ ਪੰਜ ਬੱਚਿਆਂ ਦੀ ਮਾਂ ਏ। ਬੱਚਿਆਂ ਨੇ ਜਿਉ ਜਿਉ ਸੁਰਤ ਸੰਭਾਲ਼ੀ ਤਾਂ ਮਾਂ ਪਿਓ ਨੂੰ ਕੰਮ ਕਰਦੇ ਵੇਖਿਆ । ਨਤੀਜਾ ਏਹ ਨਿਕਲਿਆ ਕਿ ਓਹ ਵੀ ਸਿਰੇ ਦੇ ਕਾਮੇ ਨਿੇਕਲੇ ਏ ਜੀਤ ਸਿੰਘ ਦੇ ਦੋ ਹੱਥ ਹੁਣ ਬਾਰਾਂ ਹੱਥ ਬਣ ਗਏ , ਜ਼ਮੀਨ ਵਧਣ ਲੱਗੀ , ਪਤਾ ਈ ਨਾ ਲੱਗਾ , ਕਦੋ ਓਹਨੇ ਇੱਕ ਪੁਰਾਣਾ ਡੀਟੀ 14 ਟਰੈਕਟਰ ਵੀ ਖਰੀਦ ਲਿਆ , ਤੇ ਫਿਰ ਸਮਾਂ ਬਦਲਣ ਤੇ ਫੋਰਡ ਵੀ ਵਿਹੜੇ ਆਣ ਖਲੋਤਾ । ਵਿਆਹ ਤੋ ਬਾਅਦ ਪੰਝੀ ਸਾਲ ਦੇ ਅਰਸੇ ਚ ਜੀਤ ਸਿੰਘ ਕੋਲ ਤਕਰੀਬਨ ਚਾਲੀ ਕਿੱਲੇ ਜ਼ਮੀਨ ਹੋ ਗਈ । ਮੁੰਡਿਆਂ ਨੇ ਭਾਰ ਚੁੱਕ ਲਿਆ , ਜੀਤ ਸਿੰਘ ਕਦੀ ਕਦੀ ਚਿੱਟਾ ਚਾਦਰਾ ਕੁੜਤਾ ਪਾਉਣ ਲੱਗ ਪਿਆ । ਵੱਡਾ ਮੁੰਡਾ ਆਰਮੀ ਚ ਹੋ ਗਿਆ , ਬਾਕੀ ਦੇ ਪੁੱਤਰਾ ਨੇ ਵੀ ਦਸ ਦਸ ਜਮਾਤਾਂ ਕੀਤੀਆਂ ਪਰ ਖੇਤੀ-ਬਾੜੀ ਦੇ ਤਾਂ ਮਾਸਟਰ ਈ ਬਣ ਗਏ ਓਹ ਸਾਰੇ । ਇਲਾਕੇ ਚ ਬੱਲੇ ਬੱਲੇ ਹੋ ਗਈ ਓਹਦੀ ਮਿਹਨਤ ਤੇ ਤਰੱਕੀ ਦੀ ।
ਜਦੋਂ ਵੱਡੇ ਪੁੱਤਰ ਦਾ ਵਿਆਹ ਕੀਤਾ ਤਾਂ ਪਿੰਡ ਵਿਚਲਾ ਘਰ ਛੋਟਾ ਪੈ ਗਿਆ , ਜੀਤ ਸਿੰਹੁੰ ਨੇ ਸ਼ਾਹ ਮਾਰਗ ਦੇ ਨਾਲ ਲੱਗਦੀ ਥਾਂ ਪਿੰਡੋਂ ਬਾਹਰਵਾਰ ਖਰੀਦ ਲਈ ਤੇ ਵੱਡਾ ਹਵੇਲ ਵਲ਼ ਲਿਆ। ਸਾਲ ਕੁ ਦੇ ਅਰਸੇ ਚ ਈ ਦੋ ਕਨਾਲ਼ਾਂ ਥਾਂ ਚ ਖੁੱਲ੍ਹੇ ਡੁੱਲ੍ਹੇ ਕਮਰਿਆਂ ਵਾਲਾ ਦੋ ਘਰ ਛੱਤ ਲਿਆ , ਅੱਗੇ ਵਰਾਂਡਾ ਤੇ ਅੱਗੇ ਖੁੱਲ੍ਹਾ ਡੁੱਲ੍ਹਾ ਵਿਹੜਾ । ਜਿੱਥੇ ਟਰੈਕਟਰ ਟ੍ਰਾਲੀ ਤੇ ਨਾਲ ਹਰ ਸੰਦ ਜੋ ਖੇਤੀ ਲਈ ਲੋੜੀਂਦਾ ਸਨ , ਸਲੀਕੇ ਨਾਲ ਟਿਕਾਏ ਹੁੰਦੇ । ਬਚਨ ਕੌਰ ਹਰ ਚੀਜ ਦੀ ਏਨੀ ਕੁ ਸਿਆਣਪ ਨਾਲ ਜੁਗਤਬੰਦੀ ਕਰਦੀ ਕਿ ਕਮਾਲ ਈ ਹੋ ਜਾਂਦਾ , ਜੀਤ ਸਿੰਹੁੰ ਹਰ ਕੰਮ ਓਸਦੀ ਸਲਾਹ ਨਾਲ ਕਰਦਾ , ਘਰ ਦੇ ਕੰਮ ਤਾਂ ਕੀ, ਉਹਨੂੰ ਫਸਲਾਂ , ਸਬਜ਼ੀਆਂ ਤੱਕ ਦੇ ਮੌਸਮ ਜ਼ਬਾਨੀ ਯਾਦ ਰਹਿੰਦੇ ਸਨ ਕਿ ਕਦੋ ਪਨੀਰੀ ਬੀਜਣੀ ਏ ਤੇ ਕਿਹੜਾ ਬੀਜ ਬੀਜਣਾ ਏ ।

You may also like