ਪਹਿਲੀ ਅਫਰੀਕੀ ਅਰਬਪਤੀ ਮਹਿਲਾ ਦੇ ਸੰਘਰਸ਼ ਦੀ ਕਹਾਣੀ

by admin

ਮੈਡਮ ਸੀ. ਜੇ. ਬਾਕਰ ਜੋ ਕਿ ਪਹਿਲੀ ਅਫਰੀਕੀ ਅਰਬਪਤੀ ਮਹਿਲਾ ਸੀ, ਉਸਦੇ ਮਾਤਾ ਪਿਤਾ ਦਿਹਾੜੀਦਾਰ ਮਜ਼ਦੂਰ ਸਨ। ਗਰੀਬੀ ਓਹਨਾਂ ਦੇ ਪਰਿਵਾਰ ਵਿੱਚ ਇੰਨੀ ਜਿਆਦਾ ਸੀ ਕਿ ਦੋ ਵਕਤ ਪੇਟ ਭਰਨ ਵਿਚ ਵੀ ਮੁਸ਼ਕਿਲ ਪੇਸ਼ ਆਉਂਦੀ ਸੀ। ਮਾੜੀ ਕਿਸਮਤ ਨੂੰ ਮੈਡਮ ਬਾਕਰ ਦੇ ਮਾਪੇ ਉਸ ਸਮੇ ਰੱਬ ਨੂੰ ਪਿਆਰੇ ਹੋ ਗਏ ਜਦੋ ਉਸਦੀ ਉਮਰ 14 ਵਰ੍ਹਿਆ ਤੋਂ ਵੀ ਘਟ ਸੀ। ਉਸਦੀ ਇਕ ਭੈਣ ਸੀ ਜਿਸਦਾ ਵਿਆਹ 14 ਵਰ੍ਹਿਆ ਵਿਚ ਈ ਕਰ ਦਿੱਤਾ ਤਾਂ ਕਿ ਉਸਨੂੰ ਪੇਟ ਭਰ ਖਾਣਾ ਮਿਲ ਸਕੇ। ਕੁਦਰਤ ਦੀ ਸਿਤਮਜਰੀਫੀ ਦੇਖੋ ਕਿ ਅਨਾਥ ਸੀ. ਜੇ. ਬਾਕਰ ਦਾ ਦੂਜਾ ਸਹਾਰਾ ਵੀ ਚੱਲ ਵਸਿਆ। ਉਸ ਸਮੇ ਉਸਦੀ ਉਮਰ ਸਿਰਫ 20 ਸਾਲ ਦੀ ਸੀ। ਉਸਨੇ ਲੋਕਾਂ ਦੇ ਘਰ ਵਿੱਚ ਕੱਪੜੇ ਧੋਣ ਅਤੇ ਭਾਂਡੇ ਮਾਂਜਣ ਦਾ ਕੰਮ ਸ਼ੁਰੂ ਕਰ ਦਿੱਤਾ।

ਸੀ. ਜੇ. ਬਾਕਰ ਦੀ ਜਿੰਦਗੀ ਨੇ ਇਕ ਅਜਿਹਾ ਮੋੜ ਕੱਟਿਆ , ਜਿਸਨੇ ਉਸਨੂੰ ਨਾ ਸਿਰਫ ਦੁਨੀਆ ਵਿਚ ਪ੍ਰਸਿੱਧ ਵਿਅਕਤੀਆਂ ਦੀ ਸੂਚੀ ਵਿਚ ਖੜਾ ਕਰ ਦਿੱਤਾ ਬਲਕਿ ਉਸਦਾ ਨਾਮ ਅਮੀਰ ਔਰਤਾਂ ਵਿਚ ਲਿਆ ਜਾਣ ਲੱਗਾ । ਇਹ ਘਟਨਾ ਉਦੋਂ ਵਾਪਰੀ ਜਦੋਂ ਉਸਦੀ ਉਮਰ 35 ਵਰ੍ਹਿਆ ਦੀ ਸੀ। ਉਸਨੂੰ ਕੱਪੜੇ ਧੋਂਦੇ ਹੋਏ ਇਕ ਅਜਿਹਾ ਸ਼ੈਂਪੂ ਬਣਾਉਣ ਦਾ ਖਿਆਲ ਆਇਆ ਜੋ ਔਰਤਾਂ ਦੇ ਵਾਲ ਵਧਾਉਣ ਅਤੇ ਸੁੰਦਰ ਬਣਾਉਣ ਦਾ ਕੰਮ ਕਰੇ। ਅਜਿਹਾ ਉਸਨੇ ਸਾਬਣ ਅਤੇ ਆਇੰਟਮੈਂਟ ਮਿਲਾ ਕੇ ਤਿਆਰ ਕੀਤਾ। ਇਸ ਫਾਰਮੂਲੇ ਨੂੰ ਉਸਨੇ ‘ ਬਾਕਰ ਫਾਰਮੂਲੇ ‘ ਦਾ ਨਾਮ ਦਿੱਤਾ । ਵੱਲ ਵਧਾਉਣ ਅਤੇ ਸੁੰਦਰ ਬਣਾਉਣ ਦੀ ਇਸ ਤਕਨੀਕ ਵਿਚ ਇਕ ਸ਼ੈਂਪੂ , ਪੋਮੇਡ ਅਤੇ ਗਰਮ ਲੋਹੇ ਦੀਆਂ ਕੰਘੀਆਂ ਦਾ ਪ੍ਰਯੋਗ ਸ਼ਾਮਿਲ ਸੀ। ਇਹ ਇਕ ਅਜਿਹੀ ਤਕਨੀਕ ਦੀ ਜਿਸ ਨਾਲ ਅਫਰੀਕਨ ਔਰਤਾਂ ਦੇ ਵਾਲ ਚਮਕੀਲੇ ਅਤੇ ਨਰਮ ਹੋ ਜਾਂਦੇ ਸਨ।

ਸੀ. ਜੇ. ਬਾਕਰ ਕੋਲ ਅਨੇਕ ਚੁਣੌਤੀਆਂ ਸਨ। ਹੁਣ ਉਹ ਆਪਣੀ ਉਤਪਾਤ ਨੂੰ ਵੇਚਣ ਲਈ ਘਰ ਘਰ ਜਾਣ ਲੱਗੀ। ਅਨਪੜ੍ਹ ਹੋਣ ਦੇ ਬਾਵਜੂਦ ਉਸਨੂੰ ਸਮਝ ਸੀ ਕਿ ਮਨੁੱਖੀ ਜੀਵਨ ਵਿੱਚ ਸਫ਼ਲਤਾ ਦਾ ਭੇਦ ਹਰ ਤਰ੍ਹਾ ਦੀਆ ਚੁਣੌਤੀਆਂ ਦੇ ਮੁਕਾਬਲੇ ਲਈ ਹਮੇਸ਼ਾ ਤਿਆਰ ਰਹਿਣਾ ਹੈ ਅਤੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਪੱਕੇ ਇਰਾਦੇ ਨਾਲ ਮੇਹਨਤ ਕਰਦੇ ਰਹਿਣਾ ਹੈ। ਉਸਨੂੰ ਇਹ ਵੀ ਪਤਾ ਸੀ ਕਿ ਸਫਲਤਾ ਅਤੇ ਅਰਾਮ ਕਦੇ ਇਕੱਠੇ ਨਹੀਂ ਸੌਂਦੇ । ਸੋ ਉਹ ਤਨ ਅਤੇ ਮਨ ਨਾਲ ਜੁਟੀ ਰਹੀ। ਆਖਿਰ ਉਸਦੀ ਮੇਹਨਤ ਪੱਲੇ ਪੈਣ ਲੱਗੀ। ਜਦੋਂ ਉਸਨੂੰ ਸਫਲਤਾ ਮਿਲਣ ਲੱਗੀ ਤਾਂ ਉਹਨੇ ਨਾ ਸਿਰਫ ਮੈਡਮ ਸੀ. ਜੇ. ਬਾਕਰ ਲੈਬੋਰੇਟਰੀਜ਼ ਦੀ ਸਥਾਪਨਾ ਕੀਤੀ, ਸਗੋਂ ਆਪਣੇ ਏਜੰਟਾਂ ਅਤੇ ਹੋਰ ਲੋਕਾਂ ਲਈ ਸਿਖਲਾਈ ਪ੍ਰੋਗਰਾਮ ਵੀ ਸ਼ੁਰੂ ਕਰ ਦਿਤੇ। ਸੀ. ਜੇ. ਬਾਕਰ ਦੀ ਕਥਾ ਅਸਲ ਵਿਚ ਉਸ ਸਫਲਤਾ ਦੀ ਕਹਾਣੀ ਹੈ, ਜਿਸਨੇ ਨਾ ਕੇਵਲ ਇਕ ਗਰੀਬ ਔਰਤ ਦੀ ਕਿਸਮਤ ਨੂੰ ਬਦਲਿਆ , ਬਲਕਿ ਲੱਖਾਂ ਔਰਤਾਂ ਦੀ ਸ਼ਕਲ ਨੂੰ ਸੁੰਦਰਤਾ ਬਖਸ਼ਣ ਦਾ ਕਾਰਜ ਵੀ ਕੀਤਾ। ਇਸ ਸਫ਼ਲਤਾ ਦੇ ਪਿੱਛੇ ਇਕ ਨਵੇਂ ਵਿਚਾਰ ਦੇ ਜਨਮ ਅਤੇ ਉਸ ਵਿਚਾਰ ਨੂੰ ਹਕੀਕਤ ਵਿਚ ਬਦਲਣ ਦਾ ਜਜ਼ਬਾ ਹੀ ਸੀ।

ਪੁਸਤਕ : ਜਿੱਤ ਦਾ ਮੰਤਰ
ਲੇਖਕ : ਡਾ. ਹਰਜਿੰਦਰ ਵਾਲੀਆ

 

You may also like