ਨਵਾਬੀ

by Jasmeet Kaur

18 ਵੀਂ ਸਦੀ ਦੇ ਪਿਛਲੇ ਅੱਧ ਵਿੱਚ ਲਾਹੌਰ ਦਰਬਾਰ ਵਲੋਂ ਦਿੱਲੀ ਦਰਬਾਰ ਦੀ ਸਲਾਹ ਨਾਲ ਸਿੱਖਾਂ ਨਾਲ ਸੁਲਾਹ ਦੀ ਗੱਲ ਤੋਰੀ ਗਈ।ਲਾਹੌਰ ਦਰਬਾਰ ਦੇ ਅਧਿਕਾਰੀ ਭਾਈ ਸੁਬੇਗ ਸਿੰਘ ਰਾਹੀਂ ਦਲ ਖਾਲਸਾ ਨਾਲ ਗੱਲ ਕੀਤੀ ਗਈ।ਨਵਾਬੀ ਦਾ ਪਹਿਨਾਵਾ ਤੇ ਕਲਗੀ ਨਾਲ ਖਿੱਲਤ ਲੈ ਕੇ ਲਾਹੌਰ ਦਰਬਾਰ ਦੇ ਅਧਿਕਾਰੀ ਜੰਗਲਾਂ ‘ਚ ਦਲ ਖਾਲਸਾ ਨੂੰ ਮਿਲੇ ਪਰ ਸਿੰਘਾਂ ਨੇ ਕੋਈ ਹੁੰਗਾਰਾ ਨਾ ਭਰਿਆ ਤੇ ਨਵਾਬੀ ਪੰਜ ਦਿਨ ਸਿੰਘਾਂ ਦੇ ਜੋੜਾ ਘਰ ਵਿੱਚ ਰੁਲਦੀ ਰਹੀ। ਅਖੀਰ ਭਾਈ ਸੁਬੇਗ ਸਿੰਘ ਦੇ ਲੰਮੇ ਯਤਨਾਂ, ਵਿਚਾਰ ਵਟਾਂਦਰੇ ਅਤੇ ਹਾਲਾਤਾਂ ਨੂੰ ਮੁੱਖ ਰੱਖ ਨਵਾਬੀ ਪ੍ਰਵਾਨ ਕੀਤੀ ਗਈ। ਪਰ ਹੁਣ ਨਵਾਬ ਕੌਣ ਬਣੇ, ਵੱਡਾ ਸਵਾਲ ਸੀ ਤੇ ਕੋਈ ਵੀ ਤਿਆਰ ਨਾ ਹੋਇਆ।ਅਖੀਰ ਫੈਸਲਾ ਗੁਰੂ ਤੇ ਛੱਡਿਆ ਗਿਆ ਤੇ ਹੁਕਮ ਹੋਇਆ-

ਟਹਲ ਮਹਲ ਤਾ ਕਉ ਮਿਲੈ
ਜਾ ਸਾਧ ਸੰਗਤਿ ਤਉ ਬਸੈ
ਜਉ ਆਪਨ ਹੋਇ ਦਇਆਲ।।
255, ਗੁਰੂ ਅਰਜਨ ਸਾਹਿਬ ਜੀ, ਰਾਗ ਗਉੜੀ

ਭਾਈ ਦਰਬਾਰ ਸਿੰਘ, ਗਰਜਾ ਸਿੰਘ, ਭੋਮਾ ਸਿੰਘ, ਜੱਸਾ ਸਿੰਘ ਤੇ ਹੋਰ ਸਿੰਘਾਂ ਨੇ ਸਲਾਹ ਕਰਕੇ ਸੰਗਤ ਵਿੱਚ ਪੱਖੇ ਦੀ ਸੇਵਾ ਕਰਦੇ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਗਈ।ਕਪੂਰ ਸਿੰਘ ਨੇ ਨਵਾਬੀ ਇਸ ਸ਼ਰਤ ਤੇ ਲਈ ਕਿ ਉਸ ਤੋਂ ਪੱਖੇ ਅਤੇ ਘੋੜਿਆਂ ਦੀ ਲਿੱਦ ਚੱਕਣ ਦੀ ਸੇਵਾ ਵੀ ਨਾਲ ਹੀ ਰਹਿਣ ਦਿੱਤੀ ਜਾਵੇਗੀ।
ਦਲ ਖਾਲਸਾ ਨੇ ਬੇਨਤੀ ਪ੍ਰਵਾਨ ਕੀਤੀ ਤੇ ਕਪੂਰ ਸਿੰਘ, ਨਵਾਬ ਕਪੂਰ ਸਿੰਘ ਬਣਕੇ ਸੰਗਤ ਦੀ ਸੇਵਾ ਵਿੱਚ ਜੁਟਿਆ ਰਿਹਾ ਤੇ ਦਲ ਖਾਲਸਾ ਨੇ ਨਵਾਬੀ ਵੇਲੇ ਸਿੱਖੀ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਆਰੰਭ ਦਿੱਤਾ।
ਸਿੱਖਾਂ ਕੋਲ ਅਜਿਹੇ ਲੀਡਰ ਵੀ ਹੋਏ ਨੇ, ਅਜੋਕੇ ਹਾਲਾਤਾਂ ਵਿੱਚ ਅਜਿਹਾ ਤਸੱਵਰ ਕਰਨਾ ਅਚੰਭਾ ਜਿਹਾ ਲਗਦਾ…
ਪਰ ਇਿਤਹਾਸ ਕਹਿੰਦੇ ਆਪਣੇ ਆਪ ਨੂੰ ਦੁਹਰਾਉਂਦੈ ਜ਼ਰੂਰ ਐ…
ਗੁਰੂ ਭਲੀ ਕਰੇ…

ਸ਼ਿਵਜੀਤ ਸਿੰਘ

You may also like