ਤਕੱਲਫ

by Sandeep Kaur

ਕਾਰ ਇੱਕ ਸ਼ਾਨਦਾਰ ਹੋਟਲ ਅੱਗੇ ਜਾ ਰੁਕੀ ਸੀ।
ਮਹਾਂਨਗਰ ਵਰਗੇ ਸ਼ਹਿਰ ਵਿੱਚ ਆਪਣੇ ਮਾਮੇ ਦੇ ਮੁੰਡੇ ਦੀ ਸ਼ਾਦੀ ਦੇ ਮੌਕੇ ਮੈਂ ਤੇ ਮੇਰੀ ਪਤਨੀਦੋ ਨਿੱਕੇ ਨਿੱਕੇ ਬੱਚਿਆਂ ਸਮੇਤ ਪਹੁੰਚੇ ਹੋਏ ਸਾਂ।
ਮਾਮਾ ਜੀ ਦੇ ਦੋ ਜਵਾਈ ਸਨ। ਛੋਟਾ ਮੀਸਣਾ ਸੀ, ਪਰ ਵੱਡਾ ਚੰਗਾ ਸੀ। ਕੰਮ-ਕਾਰ ਦੋਹਾਂ ਦੇ ਵਧੀਆ ਸਨ।
ਅਸੀਂ ਆਪਣੀਆਂ ਅਜੀਬੋ-ਗਰੀਬ ਜਿਹੀਆਂ ਗੱਲਾਂ ਕਰਦੇ ਤਾਂ ਉਹ ਸਾਰੇ ਬਿਲਕੁਲ ਹੀ ਨਾ ਹੱਸਦੇ, ਸਗੋਂ ਗੰਭੀਰ ਹੋ ਕੇ ਸਾਡੇ ਮੂੰਹਾਂ ਵੱਲ ਦੇਖਣ ਲੱਗਦੇ।
ਮਾਮੇ ਦੇ ਵੱਡੇ ਜਵਾਈ ਨਾਲ ਹੀ ਘੁੰਮਦੇ-ਫਿਰਦੇ ਕਾਫੀ ਕੁਵੇਲੇ ਜਿਹੇ ਇਸ ਆਲੀਸ਼ਾਨ ਹੋਟਲ ਵਿੱਚ ਜਾ ਪਹੁੰਚੇ ਸਾਂ। ਖਾਂਦੇ-ਪੀਂਦੇ ਲੋਕਾਂ ਦੀ ਖੂਬਸੂਰਤ ਭੀੜ ਸੀ। ਖਾਣੇ ਤੋਂ ਪਹਿਲਾਂ ਠੰਡੇ ਮੰਗਵਾ ਲਏ ਗਏ ਸਨ। ਖਾਣਾ ਬੇਸ਼ੱਕ “ਬੇਸੁਆਦਾ’ ਜਿਹਾ ਸੀ, ਪਰ ਪਰੋਸਿਆ ਸਲੀਕੇ ਨਾਲ ਗਿਆ ਸੀ। ਫਿਰ, ਇਸ ਦੇ ਖਾਣ ਦਾ ਢੰਗ ਵੀ ਨਵੀਨ ਕਿਸਮ ਦਾ ਸੀ, ਜਿਸ ਤੋਂ ਘੱਟੋ ਘੱਟ ਮੈਂ ਅਤੇ ਮੇਰੇ ਬਾਲ ਬੱਚੇ ਅਣਜਾਣ ਸਨ।
ਬੈਰੇ ਨੂੰ ਮੇਜ਼ ਵੱਲ ਆਉਂਦਾ ਦੇਖ ਕੇ ਮੈਂ ਜ਼ਰਾ ਕਾਹਲੀ ਨਾਲ ਕਹਿ ਦਿੱਤਾ ਸੀ, ਪੈਸੇ ਮੈਂ ਦਿਆਂਗਾ।”
ਪਰ ਮੈਂ ਦੇਖਿਆ ਸੀ, ਮਾਮੇ ਦੇ ਜਵਾਈ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਸੀ। ਮੈਂ ਕੁਝ ਝੇਪ ਜਿਹਾ ਗਿਆ ਸੀ, ਜਿਵੇਂ ਕਿਸੇ ਨੇ ਮੇਰੀ ਹੱਤਕ ਕਰ ਦਿੱਤੀ ਹੋਵੇ।
ਬਿੱਲ ਇੱਕ ਪਲੇਟ ਵਿੱਚ ਰੱਖਿਆ ਹੋਇਆ ਸੀ, ਜਿਹੜੀ ਕਿ ਬੈਰੇ ਨੇ ਮੇਜ਼ ਤੇ ਰੱਖ ਦਿੱਤਾ ਸੀ। ਮੈਂ ਟੇਢੀ ਨਜ਼ਰ ਮਾਰ ਕੇ ਦੇਖ ਲਿਆ ਸੀ। ਬਿੱਲ ਮੇਰੀ ਮਹੀਨੇ ਦੀ ਤਨਖਾਹ ਦੇ ਲਗਭਗ ਤੀਜੇ ਹਿੱਸੇ ਦੇ ਬਰਾਬਰ ਸੀ ਜਿਹੜਾ ਕਿ ਬਹੁਤ ਹੀ ਆਰਾਮ ਨਾਲ ਮਾਮੇ ਦੇ ਜਵਾਈ ਨੇ ਭਰ ਦਿੱਤਾ ਸੀ। ਉਸ ਨੇ ਬੈਰੇ ਨੂੰ “ਟਿੱਪ’ ਵੀ ਦਿੱਤੀ ਸੀ।
ਉਸ ਦਿਨ ਤੋਂ ਬਾਅਦ ਉਸ ਮੇਜ਼ਬਾਨ ਨਾਲ ਅਸੀਂ ਹੋਰ ਵੀ ਇੱਧਰ ਉਧਰ ਦੀ ਬਥੇਰੀ ਸੈਰ ਕੀਤੀ। ਹੋਟਲਾਂ ਵਿੱਚ ਵੀ ਜਾਂਦੇ ਰਹੇ ਅਤੇ ਸਿਨੇਮਾ ਘਰਾਂ ਵਿੱਚ ਵੀ। ਪਰ ਪਹਿਲੇ ਦਿਨ ਦੀ ‘ਪੈਸੇ ਮੈਂ ਦਿਆਂਗਾ’ ਵਾਲੀ ਅਸਲੀਅਤ ਨੂੰ ਮੈਂ ਦੁਬਾਰਾ ਤੁਕੱਲਫ ਵਜੋਂ ਵੀ ਨਾ ਦੁਹਰਾਇਆ।

ਹੜ੍ਹ/ਨੀਲਮ ਸੰਜੀਵ
‘ਮਾਂ ਉਹ ਪਿੰਡ ਦੀਆਂ ਕੁੜੀਆਂ, ਜਨਾਨੀਆਂ ਸਭ ਕਿੱਥੇ ਜਾ ਰਹੀਆਂ ਨੇ? ਤੇ ਉਨ੍ਹਾਂ ਨੇ ਚੁੱਕਿਆ ਕੀ ਆ?’
ਦੀਪੀ ਮਾਂ ਤੋਂ ਪੁੱਛ ਰਹੀ ਸੀ।
“ਧੀਏ ਉਹ ਗੁੱਡੀ ਫੂਕਣ ਚੱਲੀਆਂ।”
“ਕਿਉਂ, ਇਹਦੇ ਨਾਲ ਕੀ ਹੋਊ?”
‘ਕਹਿੰਦੇ ਨੇ ਅਜਿਹਾ ਕਰਨ ਤੇ ਮੀਂਹ ਪੈਂਦਾ ਆ।”
‘ਪਰ ਮਾਂ, ਇਹ ਤਾਂ ਨਕਲੀ ਗੁੱਡੀ ਆ।”
‘ਹਾਂ ਪੁੱਤਰ ਹੈ ਤਾਂ ਨਕਲੀ।
‘ਮਾਂ ਜੇ ਗੁੱਡੀ ਫੂਕਣ ਨਾਲ ਸਚਮੁਚ ਮੀਂਹ ਪੈਂਦਾ ਹੋਵੇ ਤਾਂ ਜਿਸ ਹਿਸਾਬ ਨਾਲ ਇੱਥੇ ਰੋਜ਼ ਜਿਉਂਦੀਆਂ ਜਾਗਦੀਆਂ ਹੱਸਦੀਆਂ ਤੇ ਖੇਡਦੀਆਂ ਗੁੱਡੀਆਂ ਫੂਕੀਆਂ ਜਾਂਦੀਆਂ ਨੇ ਉਸ ਹਿਸਾਬ ਨਲ ਮੀਂਹ ਤਾਂ ਕੀ ਇੱਥੇ ਹੜ੍ਹ ਆ ਜਾਣਾ ਸੀ।

ਬਿਕਰਮਜੀਤ ਨੂਰ

You may also like