ਜੋਕ

by Jasmeet Kaur

ਉਹ ਇਕ ਸਰਕਾਰੀ ਦਫਤਰ ਵਿਚ ਕਲਰਕ ਲੱਗਾ ਹੋਇਆ ਸੀ। ਉਹ ਬੜੇ ਹੀ ਠਾਠਬਾਠ ਨਾਲ ਦਫਤਰ ਵਿਚ ਰਹਿੰਦਾ ਸੀ। ਕਿਸੇ ਵੀ ਅਫਸਰ ਦੀ ਜੁਰਤ ਨਹੀਂ ਸੀ ਕਿ ਉਸ ਅੱਗੇ ਅੱਖ ਪੁੱਟ ਜਾਏ। ਉਹ ਦੱਬ ਕੇ ਰਿਸ਼ਵਤ ਲੈਂਦਾ ਸੀ।
ਕੁਝ ਹੀ ਦਿਨ ਹੋਏ ਸਨ ਕਿ ਉਹਨਾਂ ਦੇ ਦਫਤਰ ਵਿਚ ਇਕ ਨਵਾਂ ਅਫਸਰ ਆਇਆ ਸੀ। ਉਹ ਸੁਭਾ ਦਾ ਕੁਝ ਸਖਤ, ਇਮਾਨਦਾਰ ਤੇ ਮਿਹਨਤੀ ਆਦਮੀ ਸੀ। ਅਫਸਰ ਨੇ ਮੰਤਰੀਆਂ ਦੇ ਦਿੱਤੇ ਭਾਸ਼ਨਾਂ ਮੁਤਾਬਕ ਭ੍ਰਿਸ਼ਟਾਚਾਰ ਖਤਮ ਕਰਨ ਦਾ ਮਨ ਬਣਾ ਲਿਆ ਸੀ।
ਲੋਕਾਂ ਦੀ ਸ਼ਿਕਾਇਤ ਤੇ ਅਫਸਰ ਨੇ ਕਲਰਕ ਦੀ ਸੀਟ ਬਦਲ ਦਿੱਤੀ ਤਾਂ ਜੋ ਉਹ ਲੋਕਾਂ ਕੋਲੋਂ ਰਿਸ਼ਵਤ ਨਾ ਲੈ ਸਕੇ।
ਕਲਰਕ ਨੂੰ ਅਫਸਰ ਦੀ ਇਹ ਗੱਲ ਬਿਲਕੁਲ ਹੀ ਚੰਗੀ ਨਾ ਲੱਗੀ। ਉਹ ਕੁਝ ਸਰਦੇ -ਪੁੱਜਦੇ ਬੰਦੇ ਲੈ ਕੇ ਮਹਿਕਮੇ ਦੇ ਸਬੰਧਤ ਮੰਤਰੀ ਕੋਲ ਚਲਾ ਗਿਆ। ਉਹਨਾਂ ਨੇ ਮੰਤਰੀ ਨੂੰ ਅਫਸਰ ਸਬੰਧੀ ਸਾਰੀ ਗੱਲਬਾਤ ਦੱਸੀ। ਮੰਤਰੀ ਨੇ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਤਾਂ ਇਕ ਸੱਜਣ ਨੇ ਕਿਹਾ- ਮੰਤਰੀ ਜੀ, ਕੀ ਹੋਇਆ ਜੇ ਕਲਰਕ ਨੇ ਕੁਝ ਰਿਸ਼ਵਤ ਲੈ ਲਈ, ਆਖਰਕਾਰ ਉਸ ਨੇ ਵੀ ਤਾਂ ਚੋਣ ਵੇਲੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਤੁਹਾਡੀ ਪਾਰਟੀ ਨੂੰ ਕਾਮਯਾਬ ਬਣਾਇਆ ਸੀ।
ਮੰਤਰੀ ਨੇ ਆਪਣੇ ਪ੍ਰਾਈਵੇਟ ਸਕੱਤਰ ਤੋਂ ਕਲਰਕ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸੰਤੁਸ਼ਟ ਹੋ ਗਿਆ।
ਮੰਤਰੀ ਨੇ ਇਕ ਹਫਤੇ ਦੇ ਅੰਦਰ ਅੰਦਰ ਇਮਾਨਦਾਰ ਅਫਸਰ ਨੂੰ ਪੱਛੜੇ ਇਲਾਕੇ ਵਿਚ ਤਬਦੀਲ ਕਰ ਦਿੱਤਾ ਤੇ ਕਲਰਕ ਨੂੰ ਮੁੜ ਪਹਿਲਾਂ ਵਾਲੀ ਸੀਟ ਦੇ ਦਿੱਤੀ ਗਈ।

ਸੁਰਜੀਤ ਸੂਦ

You may also like