ਆਖਿਰ ਹੜਤਾਲ ਹੋ ਗਈ

by Jasmeet Kaur

ਨਿੱਤ ਦੀ ਵਧਦੀ ਮਹਿੰਗਾਈ ਨੇ ਕਾਮਿਆਂ ਦਾ ਲੱਕ ਤੋੜ ਦਿੱਤਾ। ਦੋ ਵੇਲੇ ਦੀ ਰੋਟੀ ਵੀ . ਕਈ ਵਾਰੀ ਨਾ ਜੁੜਦੀ। ਪਾਣੀ ਗਲ ਤਕ ਆ ਗਿਆ ਪਰ ਉਨਾਂ ਦੀ ਸੁਣਵਾਈ ਕੋਈ ਨਾ ਹੋਈ।ਇਸ ਵਾਰੀ ਯੂਨੀਅਨ ਨੇ ਤਕੜੇ ਹੋ ਕੇ ਇਸ ਮਸਲੇ ਨੂੰ ਹੱਥ ਪਾਇਆ ਤੇ ਕਈ ਵਾਰੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਪਰ ਪ੍ਰਬੰਧਕਾਂ ਵੱਲੋਂ ਫੋਕੀ ਹਮਦਰਦੀ ਤੋਂ ਬਿਨਾਂ ਕੁਝ ਨਾ ਮਿਲਿਆ ਤੇ ਆਖਿਰ ਹੜਤਾਲ ਹੋ ਗਈ।
ਇਹ ਹੜਤਾਲ ਪਹਿਲੀ ਹੜਤਾਲ ਨਾਲੋਂ ਵੱਖਰੀ ਸੀ। ਪਿਛਲੇ ਦੋ ਵਾਰੀ ਇਕ ਰਾਜਨੀਤਿਕ ਪਾਰਟੀ ਦੇ ਝੰਡੇ ਥੱਲੇ ਹੜਤਾਲ ਫੇਲ੍ਹ ਹੋ ਚੁੱਕੀ ਸੀ ਕਿਉਂਕਿ ਦੋਵੇਂ ਵਾਰੀ ਰਾਜਨੀਤਿਕ ਪਾਰਟੀ ਯੂਨੀਅਨ ਦੇ ਲੀਡਰਾਂ ਨੇ ਪ੍ਰਬੰਧਕਾਂ ਨਾਲ ਕੁਝ ਅਜਿਹੇ ਫੈਸਲੇ ਕੀਤੇ ਸਨ ਜਿਨ੍ਹਾਂ ਨਾਲ ਕਾਮਿਆਂ ਨੂੰ ਲਾਭ ਦੀ ਥਾਂ ਹਾਨੀ ਹੋਈ ਸੀ। ਪਿਛਲੀ ਹੜਤਾਲ ਨਾਲ ਭਾਵੇਂ ਬੋਨਸ ਸੌ ਰੁਪਏ ਮਜਦੂਰ ਵਧ ਗਿਆ ਸੀ ਪਰ ਇਸਦੇ ਨਾਲ ਇਕ ਹੋਰ ਸ਼ਰਤ ਲੱਗ ਗਈ ਸੀ ਕਿ ਪ੍ਰਬੰਧਕ ਕਿਸੇ ਵੀ ਕਾਮੇ ਨੂੰ ਪੰਦਰਾਂ ਦਿਨਾਂ ਦਾ ਨੋਟਿਸ ਜਾ ਤੀਹ ਦਿਨਾਂ ਦੀ ਤਨਖਾਹ ਦੇ ਕੇ । ਕੱਢ ਸਕਦੇ ਹਨ। ਇਸ ਸ਼ਰਤ ਅਧੀਨ ਉਹ ਕਿਸੇ ਵੀ ਅਜਿਹੇ ਕਾਮੇ ਨੂੰ ਨੌਕਰੀ ਤੋਂ ਹਟਾ ਸਕਦੇ ਹਨ ਜਿਸਦਾ ਕੰਮ ਪ੍ਰਬੰਧਕਾਂ ਨੂੰ ਤਸੱਲੀਬਖਸ਼ ਨਾ ਲੱਗੇ। ਰਾਜਨੀਤਿਕ ਪਾਰਟੀ ਦੀ ਮਜ਼ਦੂਰ ਯੂਨੀਅਨ ਦੇ ਇਸ ਫੈਸਲੇ ਨਾਲ ਕਈ ਕਾਮੇ ਕੰਮੋਂ ਹਟਾਏ ਗਏ ਜਿਸ ਨਾਲ ਮਜ਼ਦੂਰਾਂ `ਚ ਚਿੰਤਾ ਦੀ ਲਹਿਰ ਦੌੜ ਗਈ। |
ਜਬਰੀ ਨੌਕਰੀ ਤੋਂ ਹਟਾਏ ਜਾਣ ਤੋਂ ਰੋਕਣ ਲਈ ਇਸ ਵਾਰੀ ਕਾਮਿਆਂ ਨੇ ਆਪਣੀ ਅੱਡਰੀ ਯੂਨੀਅਨ ਬਣਾ ਲਈ, ਜਿਸਦਾ ਸਿਹਰਾ ਹਰੀਪਾਲ ਦੇ ਸਿਰ ਹੈ ਤੇ ਉਸ ਦੀ ਪ੍ਰਧਾਨਗੀ ਹੇਠ ਇਹ ਹੜਤਾਲ ਹੋਈ ਹੈ। ਪੂਰਾ ਮਹੀਨਾ ਲੰਘ ਗਿਆ ਹੈ ਕਿ ਪ੍ਰਬੰਧਕ ਅੜੇ ਹੋਏ ਹਨ। ਪਹਿਲੀ ਰਾਜਨੀਤਕ ਪਾਰਟੀ ਦੀ ਮਜ਼ਦੂਰ ਯੂਨੀਅਨ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ ਕਿ ਹੜਤਾਲ ਨੂੰ ਆਪਣੇ ਹੱਥ ਵਿਚ ਲੈਣ ਦੀ ਤੇ ਕਈ ਹੱਥ ਕੰਡੇ ਵਰਤੇ ਹਨ ਮਜਦੂਰ ’ਚ ਫੁੱਟ ਪਾਉਣ ਦੇ ਪਰ ਕਾਮੇ ਕਿਸੇ ਦੇ ਹੱਥ ਦੀ ਕਠਪੁਤਲੀ ਨਹੀਂ ਬਣੇ ਤੇ ਹਰੀਪਾਲ ਦੀ ਅਗਵਾਈ ਵਿਚ ਜਿੱਤ ਯਕੀਨੀ ਜਾਪਦੀ ਹੈ।
ਦੁਪਹਿਰੇ ਮਿੱਲ ਦਾ ਮੈਨੇਜਰ ਆਉਂਦਾ ਹੈ। ਉਹ ਸਿੱਧਾ ਕਿਸੇ ਵੱਡੇ ਅਫਸਰ ਨੂੰ ਮਿਲਕੇ ਆ ਰਿਹਾ ਹੁੰਦਾ ਹੈ ਤਾਂ ਜੋ ਮਿੱਲ ’ਚ ਭੜਕਾਊ ਹਾਲਤ ਕਾਬੂ ਵਿਚ ਰੱਖੇ ਜਾ ਸਕਣ। ਮੈਨੇਜਰ ਨੂੰ ਦੇਖਦਿਆਂ ਹੀ ਚੌਗਿਰਦਾ ਨਾਹਰਿਆਂ ਨਾਲ ਗੂੰਜ ਉਠਦਾ ਹੈ
ਤਨਖਾਹ ਵਧਾਓ, ਬੋਨਸ ਵਧਾਓ:
ਮਜ਼ਦੂਰ ਦੇਸ਼ ਦੀ ਜਾਨ ਹੁੰਦੇ ਹਨ।
ਰੋਟੀ ਲਈ ਘੋਲ, ਹੱਕੀ ਹੈ।
ਮਜ਼ਦੂਰ ਏਕਤਾ, ਜ਼ਿੰਦਾਬਾਦ। ਹਰੀਪਾਲ, ਜ਼ਿੰਦਾਬਾਦ।
ਹਰੀਪਾਲ ਦਾ ਚਿਹਰਾ ਪੂਰੇ ਜੋਸ਼ ’ਚ ਹੈ ਤੇ ਉਸਨੂੰ ਜਿੱਤ ਦਾ ਪੂਰਾ ਵਿਸ਼ਵਾਸ਼। ਕਾਮੇ ਦਰਵਾਜੇ ਚ ਖੜਕੇ ਰਸਤਾ ਬੰਦ ਕਰ ਦਿੰਦੇ ਹਨ ਤੇ ਕਾਰ ਦਾ ਘੇਰਾਓ ਕਰ ਲੈਂਦੇ ਹਨ। ਪੁਲੀਸ ਘੇਰਾਓ ਤੋੜ ਕੇ ਮੈਨੇਜਰ ਦੀ ਕਾਰ ਅੰਦਰ ਲੰਘਾ ਦਿੰਦੀ ਹੈ ਤੇ ਲਾਠੀ ਚਾਰਜ਼ ਸ਼ੁਰੂ ਹੋ ਜਾਂਦਾ ਹੈ। ਅੰਦਰੋਂ ਗੋਲੀ ਚੱਲਦੀ ਹੈ, ਪੁਲੀਸ ਹਵਾਈ ਫਾਇਰ ਕਰਦੀ ਹੈ। ਭਗਦੜ ਮਚ ਜਾਂਦੀ ਹੈ। ਬਹੁਤੇ ਜ਼ਖ਼ਮੀ ਹੁੰਦੇ ਹਨ, ਕਈ ਮਰਦੇ ਹਨ। ਮਰਨ ਵਾਲਿਆਂ ‘ਚ ਹਰੀਪਾਲ ਵੀ ਹੈ।
ਉਸੇ ਦਿਨ ਦੀ ਰਾਤ ਨੂੰ ਮਿੱਲ ਦਾ ਮੈਨੇਜਰਉਸੇ ਵੱਡੇ ਪੁਲੀਸ ਅਫਸਰ ਨਾਲ ਵਿਸਕੀ ਪੀ ਰਿਹਾ ਹੁੰਦਾ ਹੈ।
‘‘ਠੀਕ ਹੋ ਗਿਆ ਨਾ ਸਭ ਕੁਝ? ਨਾ ਰਹੂ ਬਾਂਸ ਤੇ ਨਾ ਬਜੂ ਬੰਸਰੀ।’’
“ਹਾਂ ਹਾਂ ਬਿਲਕੁਲ। ਮੈਨੇਜਰ ਮੁਸਕਾਉਂਦਾ ਹੈ।
ਅਗਲੇ ਦਿਨ ਅਖਬਾਰ ਵਿਚ ਖਬਰ ਛਪਦੀ ਹੈ
ਭੜਕੇ ਹੜਤਾਲੀ ਕਾਮਿਆਂ ਨੇ ਮਿੱਲ ਨੂੰ ਅੱਗ ਲਾਉਣੀ ਚਾਹੀ, ਇਸ ਤੇ ਪੁਲੀਸ ਨੂੰ ਲਾਠੀ ਚਾਰਜ ਤੇ ਗੋਲੀ ਚਲਾਉਣੀ ਪਈ। ਇਕ ਕਾਮਾ ਮਾਰਿਆ ਗਿਆ ਤੇ ਕਈ ਜ਼ਖ਼ਮੀ ਹੋਏ। ਜ਼ਖਮੀਆਂ ਵਿਚ ਕਈ ਪੁਲਸੀਏ ਵੀ ਸਨ।

ਸੁਰਿੰਦਰ ਕੈਲੇ

You may also like