ਕਰੋਨਾ

by Lakhwinder Singh

ਅੱਧੀ ਰਾਤੀ ਨਿਕਲੇ ਸਾਂ ਚੋਰੀ ਲੁਧਿਆਣਿਓ,
ਥੱਕਿਓ ਨਾ ਤੁਰੀ ਚੱਲੋ ਨਿੱਕਿਓ ਨਿਆਣਿਓ,
ਸਾਡੇ ਘਰ ਜੰਮੇ ਥੋਡਾ ਐਨਾ ਹੀ ਕਸੂਰ ਏ,
ਹਾਲੇ ਖੰਨੇ ਪਹੁੰਚੇ ਆਂ ਬਿਹਾਰ ਬੜੀ ਦੂਰ ਏ…..!!

ਰੋ-ਰੋ ਕੇ ਥੱਕ ਚੱਲੇ ਕਾਕੇ ਨੂੰ ਕੀ ਦੱਸੀਏ,
ਉਹਦੇ ਵਾਂਗ ਅੱਗ ਸਾਡੇ ਢਿੱਡਾਂ ‘ਚ ਵੀ ਮੱਚੀ ਏ,
ਵੱਡੀ ਕੁੜੀ ਨਿੱਕੀਆਂ ਨੂੰ ਚੋਰੀ-ਚੋਰੀ ਆਖਦੀ ਏ,
ਰਾਹ ‘ਚ ਕੁੱਝ ਮੰਗਿਓ ਨਾ ਪਾਪਾ ਮਜਬੂਰ ਏ…..!!!

ਤੰਗ ਜੁੱਤੀ ਪੈਰਾਂ ਦੀਆਂ ਅੱਡੀਆਂ ਨੂੰ ਲੱਗਦੀ,
ਮਈ ਏ ਮਹੀਨਾ ਉਤੋ ਲੋਅ ਪਈ ਵਗਦੀ,
ਢਾਕਾਂ ਤੇ ਜੁਆਕ,ਪੰਡਾਂ ਸਿਰਾਂ ਉਤੇ ਭਾਰੀਆਂ,
ਸੜਕਾਂ ਦੀ ਲੁੱਕ ਜਿਵੇਂ ਤਪਿਆ ਤੰਦੂਰ ਏ…..!!

ਬੈਠ ਕੇ ਜਹਾਜਾਂ ‘ਚ ਕਰੋਨਾ ਦੇਸ਼ ਵੜਿਆ,
ਹਰਜਾਨਾ ਰੱਜਿਆਂ ਦਾ ਭੁੱਖਿਆਂ ਨੇ ਭਰਿਆ,
ਮਹਿਲਾਂ ਦੀਆਂ ਕੀਤੀਆਂ ਨੂੰ ਢਾਰਿਆਂ ਨੇ ਭੋਗਿਆ,
ਮੁੱਢ ਤੋਂ ਹੀ ਚੱਲਦਾ ਇਹ ਆਇਆ ਦਸਤੂਰ ਏ…..!

ਹਰਵਿੰਦਰ ਤਤਲਾ

You may also like