695
ਜੈਤਸਰੀ ਮਹਲਾ ੪ ਘਰੁ ੧ ਚਉਪਦੇ
ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥
(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।