ਮਲਕਾ ਜਾਂਦੀ ਨੇ ਰਾਜ ਕਰ ਲਿਆ,
ਪਹਿਨੇ ਪੱਟ ਮਰੀਨਾਂ।
ਲੋਹੇ ਦੇ ਝੋਟੇ ਤੇਲ ਮੂਤਦੇ,
ਜੋੜੇ ਸਿਊਣ ਮਸ਼ੀਨਾਂ।
ਤੂੜੀ ਖਾਂਦੇ ਬੈਲ ਹਾਰ ਗਏ,
ਗੱਭਰੂ ਗਿੱਝ ਗਏ ਫੀਮਾਂ।
ਲਹਿੰਗਾ ਹਰ ਕੁਰ ਦਾ,
ਲਿਆ ਵੇ ਯਾਰ ਸ਼ੌਕੀਨਾ।
Punjabi Boliyan
ਤੇਰੀ ਮਾਂ
ਤੇਰੀ ਮਾਂ ਬੜੀ ਕੁਪੱਤੀ,
ਮੈਨੂੰ ਪਾਉਣ ਨਾ ਦੇਵੇ ਜੁੱਤੀ,
ਵੇ ਮੈਂ ਜੁੱਤੀ ਪਾਉਣੀ ਐ,
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ…
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ…
ਨਾਹ ਧੋ ਕੇ ਮੁੰਡਾ ਖੁੰਢਾਂ ਉੱਤੇ ਬਹਿੰਦਾ
ਅੱਡੀਆਂ ਦੀ ਮੈਲ ਨਾ
ਲਾਹੁੰਦਾ ਨੀ
ਮੁੰਡਾ ਰੰਨਾਂ ਪਸੰਦ ਨਾ ਲਿਆਉਂਦਾ ਸੀ।
ਕਾਲਿਆ ਹਰਨਾ ਬਾਗੀ ਚਰਨਾਂ,
ਤੇਰਿਆਂ ਸਿੰਗਾਂ ਤੇ ਕੀ ਕੁਝ ਲਿਖਿਆ।
ਤਿੱਤਰ ਤੇ ਮੁਰਗਾਈਆਂ,
ਅੱਗੇ ਤਾਂ ਟੱਪਦਾ ਨੌਂ ਨੌਂ ਕੋਠੇ,
ਹੁਣ ਨਾ ਟੱਪਦੀਆਂ ਖਾਈਆਂ।
ਖਾਈ ਟੱਪਦੇ ਦੇ ਲੱਗਿਆ ਕੰਡਾ,
ਦਿੰਦਾ ਏ ਰਾਮ ਦੁਹਾਈਆਂ।
ਮਾਸ ਮਾਸ ਤੇਰਾ ਕੁੱਤਿਆਂ ਖਾਧਾ,
ਹੱਡੀਆਂ ਰੇਤ ਰਲਾਈਆਂ।
ਚੁਗ ਚੁਗ ਹੱਡੀਆਂ ਪਿੰਜਰ ਬਣਾਏ,
ਸਈਆਂ ਵੇਖਣ ਆਈਆਂ।
ਇਹਨਾਂ ਸਈਆਂ ਦੇ ਚੱਕਮੇਂ ਲਹਿੰਗੇ,
ਪਿੱਪਲੀ ਪੀਘਾਂ ਪਾਈਆਂ।
ਹਾਲੇ ਕਿਆਂ ਦਾ ਠਾਣਾ ਆਇਆ,
ਉਹਨੇ ਆਣ ਲੁਹਾਈਆਂ।
ਬਿਸ਼ਨੋ ਦੇ ਚਰਖੇ ਤੇ,
ਗਿਣ ਗਿਣ ਮੇਖਾਂ ਲਾਈਆਂ।
ਬਾਰੀ ਬਰਸੀ
ਬਾਰੀ ਬਰਸੀ ਖੱਟਣ ਗਿਆ ਸੀ,
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਛੋਲੇ…
ਨੀ ਮੈਂ ਸੱਸ ਕੁੱਟਣੀ,
ਕੁੱਟਣੀ ਸੰਦੂਕਾਂ ਓਹਲੇ…
ਨੀ ਮੈਂ ਸੱਸ ਕੁੱਟਣੀ,
ਕੁੱਟਣੀ ਸੰਦੂਕਾਂ ਓਹਲੇ
ਪੇਟੀ ਹੋਵੇ ਲੱਕੜ ਦੀ
ਅਲਮਾਰੀ ਹੋਵੇ ਜੀਨ ਦੀ
ਮੁੰਡਾ ਹੋਵੇ ਪੜ੍ਹਿਆ
ਸਾਨੂੰ ਲੋੜ ਨਾ ਜ਼ਮੀਨ ਦੀ।
ਮੈਸ੍ਹ ਤਾਂ ਤੇਰੀ ਸੰਗਲ ਤੁੜਾ ਗੀ,
ਕੱਟਾ ਤੁੜਾ ਗਿਆ ਕੀਲਾ।
ਦਾੜ੍ਹੀ ਨਾਲੋਂ ਮੁੱਛਾਂ ਵਧੀਆਂ,
ਜਿਉਂ ਛੱਪੜੀ ਵਿੱਚ ਤੀਲਾ।
ਪੇਕਿਆਂ ਨੂੰ ਜਾਵੇਂਗੀ,
ਕਰ ਮਿੱਤਰਾਂ ਦਾ ਹੀਲਾ।
ਗਿੱਧਾ ਗਿੱਧਾ
ਗਿੱਧਾ ਗਿੱਧਾ ਕਰੇ ਮੇਲਣੇ,
ਗਿੱਧਾ ਗਿੱਧਾ ਕਰੇ ਮੇਲਣੇ,
ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ,
ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀਂ ਆ ਗਏ,
ਕੀ ਬੁੱਢਾ ਕੀ ਠੇਰਾ…
ਮੇਲਣੇ ਨੱਚ ਲੈ ਨੀ,
ਦੇ ਲੈ ਸ਼ੌਕ ਦਾ ਗੇੜਾ…
ਹੋਰਾਂ ਦੇ ਮਾਹੀ ਲੰਮੇ ਸੁਣੀਂਦੇ
ਮੇਰਾ ਮਾਹੀਆ ਮੇਚ ਦਾ ਨੀ
ਜੀ. ਟੀ. ਰੋਡ ਤੇ
ਪਕੌੜੇ ਵੇਚਦਾ ਨੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਚੱਠੇ।
ਚੱਠੇ ਦੇ ਵਿਚ ਨੌਂ ਦਰਵਾਜ਼ੇ,
ਨੌ ਦਰਵਾਜ਼ੇ ਕੱਠੇ।
ਇਕ ਦਰਵਾਜ਼ੇ ਚੰਦੋ ਬਾਹਮਣੀ,
ਲੱਪ ਲੱਪ ਸੁਰਮਾ ਰੱਖੇ।
ਗੱਭਰੂਆਂ ਨੂੰ ਭੱਜ ਗਲ ਲਾਉਂਦੀ,
ਬੁੜ੍ਹਿਆਂ ਨੂੰ ਦਿੰਦੀ ਧੱਕੇ।
ਇਕ ਬੁੜ੍ਹੇ ਦੇ ਉੱਠੀ ਕਚੀਚੀ,
ਖੜ੍ਹਾ ਢਾਬ ਤੇ ਨੱਚੇ।
ਏਸ ਢਾਬ ਦਾ ਗਾਰਾ ਕੱਢਾ ਦਿਓ,
ਬਲਦ ਜੜਾ ਕੇ ਚੱਪੇ।
ਜੁਆਨੀ ਕੋਈ ਦਿਨ ਦੀ,
ਫੇਰ ਮਿਲਣਗੇ ਧੱਕੇ।
ਜਾਂ
ਝੂਠ ਨਾ ਬੋਲੀਂ ਨੀਂ,
ਸੂਰਜ ਲੱਗਦਾ ਮੱਥੇ।
ਆ ਮਾਮੀ
ਆ ਮਾਮੀ ਤੂੰ ਨੱਚ ਮਾਮੀ
ਤੂੰ ਦੇਦੇ ਸ਼ੋਂਕ ਦਾ ਗੇੜਾ
ਆ ਮਾਮੀ ਤੂੰ ਨੱਚ ਮਾਮੀ
ਤੂੰ ਦੇਦੇ ਸ਼ੋਂਕ ਦਾ ਗੇੜਾ
ਜੇ ਤੂੰ ਬਾਲੀ ਨਖਰੋ
ਨੀ ਤੂੰ ਨੱਚ ਨੱਚ ਪੱਟ ਦੇ ਵੇਹੜਾ
ਜੇ ਤੂੰ ਬਾਲੀ ਨਖਰੋ
ਨੀ ਤੂੰ ਨੱਚ ਨੱਚ ਪੱਟ ਦੇ ਵੇਹੜਾ
ਆ ਦਿਓਰਾ ਆਪਾਂ ਚੱਲੀਏ ਖੇਤ ਨੂੰ
ਉਥੇ ਕਰਾਂਗੇ ਹੋਲਾਂ
ਖੇਸ ਵਿਛਾ ਲੀਂ ਵੇ
ਲਾਹ ਲੀਂ ਮਨ ਦੀਆਂ ਭੋਲਾਂ।