ਕੇਲਾ-ਕੇਲਾ-ਕੇਲਾ
ਤਿੰਨ ਭਾਈ ਕੰਮ ਕਰਦੇ
ਚੌਥਾ ਬੋਲੀਆਂ ਪਾਉਣ ਤੇ ਵਿਹਲਾ
ਬੋਲੀ ਉਹਦੀ ਐਂ ਚੱਲਦੀ
ਜਿਵੇਂ ਚੱਲਦਾ ਸੜਕ ਤੇ ਠੇਲ੍ਹਾ
ਆਵਦੇ ਕੰਤ ਬਿਨਾਂ
ਕੌਣ ਦਿਖਾਵੇ ਮੇਲਾ !
Giddha Boliyan
ਆਰੀ! ਆਰੀ! ਆਰੀ!
ਮੁੰਡਾ ਮੇਰਾ ਰੋਵੇ ਅੰਬ ਨੂੰ,
ਤੂੰ ਕਾਹਦਾ ਪਟਵਾਰੀ।
ਲੱਡੂਆਂ ਨੂੰ ਚਿੱਤ ਕਰਦਾ,
ਤੇਰੀ ਕੀ ਮੁੰਡਿਆ ਸਰਦਾਰੀ।
ਜੇਠ ਦੇਖੇ ਘੂਰ ਘੂਰ ਕੇ,
ਮੇਰੇ ਸਿਰ ਤੇ ਸੂਹੀ ਫੁਲਕਾਰੀ।
ਅੱਖ ਵਿਚ ਘਿਓ ਪੈ ਗਿਆ,
ਟੁੱਟ ਜਾਣੇ ਨੇ ਜਲੇਬੀ ਮਾਰੀ।
ਪੱਤਣਾਂ ਤੇ ਰੋਣ ਖੜ੍ਹੀਆਂ,
ਕੱਚੀ ਟੁੱਟ ਗੀ ਜਿੰਨ੍ਹਾਂ ਦੀ ਯਾਰੀ।
ਚੀਚੀ ਵਾਲਾ ਛੱਲਾ
ਸਾਡੀ ਛਾਪ ਨਿਸ਼ਾਨੀ
ਸੋਹਣੀਆਂ ਰੰਨਾਂ ਦੀ
ਭੈੜਿਆ ਬੋਲਗੀ ਨਿਲਾਮੀ।
ਝਾਵਾਂ! ਝਾਵਾਂ! ਝਾਵਾਂ!
ਗੱਡੀ ਵਿਚ ਚੜ੍ਹਦੇ ਨੂੰ,
ਹੱਥੀ ਕੱਢਿਆ ਰੁਮਾਲ ਫੜਾਵਾਂ।
ਦੁਨੀਆਂ ਖੂਹ ’ਚ ਪਵੇ,
ਤੇਰਾ ਦਿਲ ਤੇ ਉਕਰਿਆ ਨਾਵਾਂ।
ਜਿਥੋਂ ਜਿਥੋਂ ਤੂੰ ਲੰਘਦੀ,
ਉਥੇ ਮਹਿਕ ਗਈਆਂ ਨੇ ਰਾਹਵਾਂ।
ਧੂੜ ਤੇਰੇ ਚਰਨਾਂ ਦੀ,
ਚੱਕ ਚੱਕ ਹਿੱਕ ਨੂੰ ਲਾਵਾਂ।
ਸੱਦ ਪਟਵਾਰੀ ਨੂੰ ,
ਜਿੰਦੜੀ ਤੇਰੇ ਨਾਉਂ ਕਰ ਜਾਵਾਂ।
ਅੱਕ ਦੀ ਨਾ ਕਰਦਾ
ਢੱਕ ਦੀ ਨਾ ਕਰਦਾ
ਦਾਤਣ ਕਰਦਾ ਕਰੀਰ ਦੀ ਨੀ
ਇਹਨੂੰ ਚੜ੍ਹੀ ਐ ਜਵਾਨੀ ਹੀਰ ਦੀ ਨੀ।
ਤੋਰਾ! ਤੋਰਾ! ਤੋਰਾ!
ਕੰਤ ਮੇਰਾ ਹੈ ਬਹੁਤ ਨਿਆਣਾ,
ਨਹੀਂ ਟਾਹਲੀ ਦਾ ਪੋਰਾ।
ਖਿੱਦੋ ਖੂੰਡੀ ਰਹੇ ਖੇਡਦਾ,
ਕਰੇ ਨਾ ਘਰਾਂ ਦਾ ਫੇਰਾ।
ਕਣਕ ਤਾਂ ਸਾਡੀ ਖਾ ਲੀ ਡਬਰਿਆਂ,
ਸਰ੍ਹੋਂ ਨੂੰ ਖਾ ਗਿਆ ਢੋਰਾ।
ਕੰਤ ਨਿਆਣੇ ਦਾ,
ਲੱਗ ਗਿਆ ਹੱਡਾਂ ਨੂੰ ਝੋਰਾ।
ਵਿਹੜਾ! ਵਿਹੜਾ! ਵਿਹੜਾ!
ਪੂਣੀਆਂ ਮੈਂ ਦੋ ਕੱਤੀਆਂ,
ਟੁੱਟ ਪੈਣੇ ਦਾ ਬਾਰ੍ਹਵਾਂ ਗੇੜਾ।
ਦੇਹਲੀ ਵਿਚ ਕੱਤਾਂ ਚਰਖਾ,
ਘਰ ਦਾ ਮਹਿਕ ਗਿਆ ਵਿਹੜਾ।
ਲੰਘਦੀ ਐਂ ਨੱਕ ਵੱਟ ਕੇ,
ਤੈਨੂੰ ਮਾਣ ਨੀ ਚੰਦਰੀਏ ਕਿਹੜਾ।
ਲੱਕ ਦੀ ਪਤਲੋ ਨੂੰ,
ਨਾਗ ਪਾ ਲਿਆ ਘੇਰਾ।
ਢੇਰਾ-ਢੇਰਾ-ਢੇਰਾ
ਪੱਟਿਆ ਤੂੰ ਮੋਟੀ ਅੱਖ ਨੇ
ਗੋਰਾ ਰੰਗ ਸੀ ਗੱਭਰੂਆ ਤੇਰਾ
ਕਿਹੜੀ ਗੱਲੋਂ ਮੁੱਖ ਮੋੜ ਗਿਆ
ਕੀ ਲੈ ਕੇ ਮੁੱਕਰਗੀ ਤੇਰਾ
ਜਿਗਰਾ ਰੱਖ ਮਿੱਤਰਾ
ਆਉਂਦਾ ਪਿਆਰ ਬਥੇਰਾ।
ਲੰਮੀ ਹੋਵਾਂ ਤਾਂ
ਬੋਲੀ ਪਾਵਾਂ ਲਲਕਾਰ ਕੇ
ਮਧਰੀ ਜੀ ਰਹਿਗੀ
ਬੋਲੀ ਪੈਂਦੀ ਨਾ ਸਮਾਰ ਕੇ ।
ਆਲ੍ਹੇ! ਆਲ੍ਹੇ! ਆਲ੍ਹੇ !
ਗਿੱਧੇ ਦੀ ਧਮਾਲ ਬਣਕੇ,
ਲੱਗੇ ਸਭ ਦੇ ਬਰੂਹੀਂ ਤਾਲ੍ਹੇ।
ਝਾਂਜਰ ਪਤਲੋ ਦੀ,
ਛੜੇ ਬਿੜਕਾਂ ਲੈਣ ਦੁਆਲੇ।
ਚੰਗੇ ਚੰਗੇ ਬਚਨ ਕਰੋ,
ਵੀਰ ਸੁਣਦੇ ਤਵੀਤਾਂ ਵਾਲੇ।
ਰਾਇਆ! ਰਾਇਆ! ਰਾਇਆ!
ਕਾਲਾ ਵੱਛਾ ਗੋਰੀ ਗਾਂ ਦਾ,
ਸੀਗ੍ਹਾ ਬਹੁਤ ਤਰਿਹਾਇਆ।
ਪਹਿਲੀ ਢਾਬ ਤੇ ਪਾਣੀ ਗੰਧਲਿਆ,
ਦੂਜੀ ਢਾਬ ਤੇ ਲਾਇਆ।
ਪੀਂਦੇ-ਪੀਂਦੇ ਨੂੰ ਰਾਤ ਗੁਜ਼ਰ ਗਈ,
ਸਲੰਗਾਂ ਨਾਲ ਹਟਾਇਆ।
ਵੱਡੇ ਭਾਈ ਦੀ ਸਲੰਗ ਟੁੱਟ ਗਈ,
ਨੌ ਸੌ ਕੋਕ ਜੜ੍ਹਾਇਆ।
ਨੌ ਸੌ ਕੋਕ ਨੇ ਪਾਈ ਪੂਰੀ,
ਲਾਖਾ ਸ਼ੇਰ ਜੜਾਇਆ।
ਲਾਖੇ ਸ਼ੇਰ ਨੇ ਮਾਰੀ ਧੁਰਲੀ,
ਨਾਭਾ ਸ਼ਹਿਰ ਵਖਾਇਆ।
ਨਾਭੇ ਸ਼ਹਿਰ ਦੀਆਂ ਕੁੜੀਆਂ ਆਖਣ,
ਧੰਨ ਗਊ ਦਾ ਜਾਇਆ।
ਨੀ ਸੁਰਮਾ ਪੰਜ ਰੱਤੀਆਂ,
ਕਿਹੜੇ ਸ਼ੌਕ ਨੂੰ ਪਾਇਆ।
ਅੱਧੀ ਰਾਤੋਂ ਉੱਠਿਆ ਵਰੋਲਾ
ਘਰ ਤੇਰੇ ਨੂੰ ਆਇਆ ।
ਮੱਚਦੇ ਦੀਵੇ ਗੁੱਲ ਹੋ ਜਾਂਦੇ
ਹੱਥ ਡੌਲੇ ਨੂੰ ਪਾਇਆ
ਸੁੱਤੀਏ ਜਾਗ ਪਈ
ਜਾਨ ਹੀਲ ਕੇ ਆਇਆ।