ਨਮੀ ਬਹੂ ਮੁਕਲਾਵੇ ਆਈ।
ਸੱਸ ਧਰਤੀ ਪੈਰ ਨਾ ਲਾਵੇ
ਲੈ ਨੀ ਨੂੰਹੇਂ ਰੋਟੀ ਖਾ ਲੈ
ਨੂੰਹ ਸੰਗਦੀ ਨਾ ਖਾਵੇ
ਪਿਛਲੇ ਯਾਰ ਦਾ ਕਰਦੀ ਹੇਰਵਾ
ਕੀਹਨੂੰ ਆਖ ਸੁਣਾਵੇ ।
ਰੋਂਦੀ ਭਾਬੋ ਦੇ
ਨਣਦ ਬੁਰਕੀਆਂ ਪਾਵੇ।
Funny Punjabi Boliyan
ਸੱਸ ਮੇਰੀ ਨੇ ਪਾਏ ਕਾਂਟੇ
ਮੈਨੂੰ ਕਹਿੰਦੀ ਪਾ ਕੁੜੇ
ਮਾਹੀ ਮੇਰਾ ਘੁੱਦੂ ਜਿਹਾ
ਮੈਨੂੰ ਕੀਹਦਾ ਚਾਅ ਕੁੜੇ।
ਆਰੇ! ਆਰੇ! ਆਰੇ!
ਸੱਸ ਮੇਰੀ ਬੜੀ ਔਤਰੀ,
ਨੀ ਉਹ ਧੁਖਦੀ ਤੇ ਫੂਕਾਂ ਮਾਰੇ।
ਮਾਹੀ ਕੋਲ ਲਾਵੇ ਲੂਤੀਆਂ,
ਚੜ ਕੇ ਨਿੱਤ ਚੁਬਾਰੇ।
ਕਹਿੰਦੀ ਇਹ ਨਾ ਘੁੰਡ ਕੱਢਦੀ,
ਇਹਨੂੰ ਗੱਭਰੂ ਕਰਨ ਇਸ਼ਾਰੇ।
ਸਸੇ ਸੰਭਲ ਜਾ ਨੀ,
ਦਿਨੇ ਦਿਖਾ ਦੂ ਤਾਰੇ।
ਬਾਰੀਂ ਬਰਸੀਂ ਖੱਟਣ ਗਿਆ ਸੀ।
ਖੱਟ ਕੇ ਲਿਆਂਦੀ ਚਾਂਦੀ
ਬਾਪੂ ਮੇਰਾ ਵਿਆਹ ਕਰਦੇ
ਮੇਰੀ ਉਮਰ ਬੀਤਦੀ ਜਾਂਦੀ।
ਬਾਰੀਂ ਬਰਸੀਂ ਖੱਟਣ ਗਿਆ ਸੀ
ਉਸ ਨੇ ਖੱਟ ਕੇ ਲਿਆਂਦੀ ਤਰ ਵੇ
ਤੂੰ ਮਿੰਨਾ ਸੁਣੀਦਾ
ਮੈਂ ਇੱਲਤਾਂ ਦੀ ਜੜ ਵੇ।
ਧਾਈਆਂ! ਧਾਈਆਂ! ਧਾਈਆਂ!
ਨਣਦ ਵਛੇਰੀ ਨੇ,
ਮੇਰੇ ਮਾਹੀ ਨੂੰ ਲੂਤੀਆਂ ਲਾਈਆਂ।
ਚੁਪੇੜਾਂ ਮਾਰ ਗਿਆ,
ਮੇਰੇ ਮੂੰਹ ਤੇ ਪੈ ਗਈਆਂ ਛਾਈਆਂ।
ਸੱਸ ਮੇਰੀ ਗੁੱਤ ਪੱਟ ਗਈ,
ਸਾਰੇ ਪਿੰਡ ਨੇ ਲਾਹਨਤਾਂ ਪਾਈਆਂ।
ਚੋਵਾਂ ਨਾ, ਮੈਂ ਦੁੱਧ ਰਿੜਕਾਂ,
ਭਾਵੇਂ ਕਿੱਲਿਉਂ ਖੋਲ੍ਹ ਦਏ ਗਾਈਆਂ।
ਮਹੀਨਾ ਹੋ ਗਿਆ ਵੇ,
ਜੋੜ ਮੰਜੀਆਂ ਨਾ ਡਾਹੀਆਂ।
ਪਹਿਲੀ ਵਾਰ ਮੈਂ ਆਈ ਮੁਕਲਾਵੇ
ਪਾ ਕੇ ਗੁਲਾਬੀ ਬਾਣਾ
ਮੇਰਾ ਮਾਲਕ ਕਾਲਾ ਕਲੀਟਾ
ਅੱਖੋਂ ਹੈਗਾ ਕਾਣਾ
ਖੋਟੇ ਮੇਰੇ ਕਰਮ ਹੋ ਗਏ
ਵੇਖੋ ਰੱਬ ਦਾ ਭਾਣਾ
ਏਥੇ ਨਹੀਂ ਰਹਿਣਾ
ਮੈਂ ਪੇਕੇ ਤੁਰ ਜਾਣਾ।
ਖੂਹ ਤੇ ਬੈਠੀ ਦਾਤਣ ਕਰਦੀ
ਚਿੱਟਿਆਂ ਦੰਦਾਂ ਦੀ ਮਾਰੀ
ਬਾਹਰੋਂ ਆਇਆ ਮੱਚਿਆ ਮਚਾਇਆ
ਚੁੱਕ ਕੇ ਮਹਿਲ ਨਾਲ ਮਾਰੀ
ਕਰ ਲੈ ਦਿਲ ਲੱਗੀਆਂ
ਤੂੰ ਜਿੱਤਿਆ ਮੈਂ ਹਾਰੀ।
ਕੁੜੀਓ ਨੀ ਮੇਰਾ ਪ੍ਰਾਹੁਣਾ ਵੇਖ ਲਓ
ਸਾਰੇ ਪਿੰਡ ਤੋਂ ਸਾਊ
ਨਾ ਕਿਸੇ ਨੂੰ ਮੱਥਾ ਟੇਕਦਾ
ਨਾ ਇਹ ਸਿਰ ਪਲਸਾਊ
ਅਰਬੀ! ਅਰਬੀ ਅਰਬੀ
ਚੂਹੇ ਦਾ ਵਿਆਹ ਧਰਿਆ,
ਉਥੋਂ ਜੰਝ ਬਿੱਲਿਆਂ ਦੀ ਚੜਦੀ।
ਘੋਗੜ ਰੁੱਸ ਚੱਲਿਆ,
ਇੱਲ੍ਹ ਰੋਟੀ ਨੀ ਕਰਦੀ।
ਏਸ ਪਟੋਲੇ ਨੂੰ,
ਝਾਕ ਬਿਗਾਨੇ ਘਰ ਦੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਚਾਵਾ।
ਚਾਵੇ ਦਾ ਇਕ ਅਮਲੀ ਸੁਣੀਂਦਾ,
ਛਕੇ ਫੀਮ ਦਾ ਮਾਵਾ।
ਛੋਗੇ ਉਹਨੂੰ ਜਿਹੜੀ ਵਿਆਹੀ,
ਉਹਨੂੰ ਉਮਰਾਂ ਦਾ ਪਛਤਾਵਾ।
ਮਰ ਜੇ ਅਮਲੀ ਜੇ
ਰੱਬ ਦਾ ਸ਼ੁਕਰ ਮਨਾਵਾਂ।
ਸੱਸੇ ਸੱਸੇ ਸੱਸੇ ਨੀ ਤੂੰ ਕਰਦੀ ਐ ਅੜੀਆਂ,
ਉਤੋਂ ਕਰੇ ਮਣੇਆਦੀ ਨੂੰਹਾ ਤੇਰੇ ਨਾਲ ਲੜੀਆਂ,
ਕਰਦੀ ਸੀ ਤੂੰ ਅੜੀਆਂ
ਸੱਸੇ ਚੰਦਰੀਏ ਤਾਹੀ ਤਾਹੀ ਗੁਤੋ ਫੜ ਫੜ ਲੜੀਆਂ
ਸੱਸੇ ਚੰਦਰੀਏ ਤਾਹੀ ਤਾਹੀ ਗੁਤੋ ਫੜ ਫੜ ਲੜੀਆਂ…..