Bhangra Boliyan

ਅੱਧੀ ਰਾਤੋਂ ਆਉਣਾ ਮੁੰਡਿਆ
ਨਾਲ ਲਿਆਉਣਾ ਟੋਲੀ
ਮੈਂ ਨਾ ਕਿਸੇ ਦੇ ਭਾਂਡੇ ਮਾਂਜਦੀ
ਮੈਂ ਨਾ ਕਿਸੇ ਦੀ ਗੋਲੀ
ਤਾਹੀਂ ਸਿਰ ਚੜ੍ਹ ਗਿਆ
ਜੇ ਮੈਂ ਨਾ ਬਰਾਬਰ ਬੋਲੀ
ਜਾਂ
ਕਰ ਦੂੰ ਗਜ ਵਰਗੀ
ਜੇ ਤੂੰ ਬਰਾਬਰ ਬੋਲੀ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਂ।
ਜੇ ਮੁੰਡਿਆ ਤੈਂ ਮੇਲੇ ਜਾਣੈ,
ਸਹੁਰਿਆਂ ਵਿੱਚ ਦੀ ਜਾਈਂ।
ਪਰਿਆ ਵਿੱਚ ਤੈਨੂੰ ਸਹੁਰਾ ਮਿਲੂਗਾ,
ਪੈਰਾਂ ਨੂੰ ਹੱਥ ਲਾਈਂ।
ਮੁੰਡਿਆਂ ਵਿੱਚ ਤੇਰਾ ਸਾਲਾ ਹੋਊ,
ਸੱਜਾ ਹੱਥ ਮਿਲਾਈਂ।
ਸਾਲੂ ਵਾਲੀ ਨੂੰ ……….,
ਘੁੱਟ ਕਾਲਜੇ ਲਾਈਂ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਹਾਉਣ।
ਦੋਨਾਂ ਡੰਗਾਂ ਤੋਂ ਜੋ ਔਖੇ,
ਰਾਜ-ਪੂਤ ਕਹਾਉਣ।
ਰਹਿੰਦੇ ਪੂਜਦੇ ਮੜ੍ਹੀ ਪੁਰਖਿਆਂ ਦੀ,
ਖਾਨਦਾਨੀ ਸਿਰਫ ਕਹਾਉਣ।
ਸੱਚ ਜਾਣਦੇ ਨਾ……….,
ਸਮੇਂ ਸਦਾ ਭਾਉਣ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈ।
ਭਾਈਆਂ ਨਾਲੋਂ ਭਾਈ ਪਾੜਤੇ,
ਐਸੀ ਸੁਰੰਗ ਚਲਾਈ।
ਪਤਾ ਨਹੀਂ ਸ਼ੁਰਕਣੀ ਆਈ ਕਿਧਰੋਂ,
ਪਰ ਵਿੱਚ ਅਸਮਾਨ ਫਟਾਈ।
ਕੈਦੋਂ ਲੰਗਿਆਂ ਦੀ………
ਹੁੰਦੀ ਦੇਖ ਰਸਾਈ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੱਖ।
ਮੋਮਨ ਰਾਹੇ ਤੁਰਦੇ ਨੇ,
ਕਾਫਰ ਤੁਰਦੇ ਵੱਖ।
ਖੋਜੀ ਨਿੱਤ ਨਵਾਂ ਖੋਜਦੇ,
ਰੂੜੀ-ਵਾਦੀ ਆਖਣ ਝੱਖ ।
ਵਿਰਲਿਆਂ ਵਿਰਲਿਆਂ ਦਾ..
ਜੀਵਨ ਹੁੰਦੈ ਵੱਖ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸਾਈ।
ਜੱਗ ਬੀਤੀ ਨਿੱਤ ਸੁਣਦੇ ਹਾਂ,
ਜਾਂਦੀ ਆਪਣੀ ਨਹੀਂ ਸੁਣਾਈ।
ਰਾਹ ਤੁਰਦੇ ਸੱਚੇ ਮਾਰਗ ਦੇ,
ਹਰ ਵਾਰ ਮੁਸੀਬਤ ਆਈ।
ਲਾਇਆ ਹੈ ਮੱਥਾ ਹੀ………,
ਪਿੱਠ ਤਾਂ ਨਹੀਂ ਦਿਖਾਈ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਟਾਰੀਏ।
ਸੱਚ ਦੇ ਸਫਰ ਤੇ ਸਦਾ ਤੁਰੀਏ,
ਜ਼ਿੰਦਗੀ ਦੇਸ਼ ਤੇ ਕੌਮ ਤੋਂ ਵਾਰੀਏ।
ਸੰਜਮ ਰੱਖੀਏ ਖਾਣ, ਪੀਣ ਤੇ ਬੋਲਣੇ ਦਾ,
ਸਦਾ ਜਿੱਤੀਏ, ਕਦੇ ਵੀ ਨਾ ਹਾਰੀਏ।
ਡੁੱਬੀਏ ਨਾ ਸੱਤ ਸਮੁੰਦਰੀਂ………,
ਡੁੱਬਦੇ ਸਦਾ ਹੀ ਤਾਰੀਏ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘੇਰੇ।
ਗੱਡੀ ਆਈ ਮਿੱਤਰਾਂ ਦੀ,
ਆ ਕੇ ਰੁਕ ਗੀ ਦੁਆਰੇ ਤੇਰੇ।
ਸਾਧੂ ਦੁਆਰ ਖੜ੍ਹੇ।
ਉੱਚੇ ਮਹਿਲ ਚੁਬਾਰੇ ਤੇਰੇ।
ਰਾਜ ਕਰੇਂਦੀ ਦੇ……..,
ਕੀ ਸੱਪ ਲੜ ਗਿਆ ਤੇਰੇ ? ?

ਵਿਹੜਾ ਵਿਹੜਾ ਵਿਹੜਾ
ਪੂਣੀਆਂ ਮੈਂ ਦੋ ਕੱਤੀਆਂ
ਟੁੱਟ ਪੈਣੇ ਦਾ ਬਾਰ੍ਹਵਾਂ ਗੇੜਾ
ਦੇਹਲੀ ਵਿੱਚ ਕੱਤਾਂ ਚਰਖਾ
ਘਰ ਦਾ ਮਹਿਕ ਗਿਆ ਵਿਹੜਾ
ਲੰਘਦੀ ਏ ਨੱਕ ਵੱਟ ਕੇ
ਤੈਨੂੰ ਮਾਣ ਨੀ ਚੰਦਰੀਏ ਕਿਹੜਾ
ਲੱਕ ਦੀ ਪਤਲੋ ਨੂੰ
ਨਾਗਾਂ ਪਾ ਲਿਆ ਘੇਰਾ।

ਆਰੀ-ਆਰੀ-ਆਰੀ
ਸਿਖਰ ਚੁਬਾਰੇ ਤੇ, ਦਾਤਣ ਕਰੇ ਕਵਾਰੀ
ਲੱਕੀ ਕੁੜੀ ਤੂਤ ਦੀ ਛਟੀ
ਲੱਕ ਪਤਲਾ ਪੱਟਾਂ ਦੀ ਭਾਰੀ
ਨੰਦ ਲਾਲ ਪਲਟਣੀਏਂ
ਅੱਖ ਛੱਬੀਆਂ ਕੋਹਾਂ ਤੋਂ ਮਾਰੀ
ਗੋਲੀ ਦੇ ਨਿਸ਼ਾਨਚੀ ਨੇ
ਘੁੱਗੀ ਫੁੱਡ ਲਈ ਚੁਬਾਰੇ ਵਾਲੀ
ਅੱਖ ਨਾਲ ਅੱਖ ਲੜਗੀ
ਪੱਕੀ ਲੱਗ ਗੀ ਦੋਹਾਂ ਦੀ ਯਾਰੀ
ਲੱਗੀਆਂ ਦਾ ਚਾਅ ਨਾ ਲੱਥਾ
ਛੁੱਟੀ ਮੁੱਕਗੀ ਮਿੱਤਰ ਦੀ ਸਾਰੀ
ਭੁੱਲ ਕੇ ਨਾ ਲਾਇਓ
ਫੌਜੀ ਮੁੰਡੇ ਨਾਲ ਯਾਰੀ।