Bhangra Boliyan

ਆਰੇ! ਆਰੇ! ਆਰੇ!
ਸ਼ੁਕੀਨੀ ਪਿੱਟੀਏ ਨੀ,
ਸੁਣ ਲੈ ਇਸ਼ਕ ਦੇ ਕਾਰੇ।
ਏਸ ਇਸ਼ਕ ਨੇ ਸਿਖਰ ਦੁਪਹਿਰੇ,
ਕਈ ਲੁੱਟੇ ਕਈ ਮਾਰੇ।
ਪਹਿਲਾਂ ਏਸ ਨੇ ਦਿੱਲੀ ਲੁੱਟੀ,
ਫਿਰ ਗਿਆ ਤਖ਼ਤ ਹਜ਼ਾਰੇ।
ਸੋਹਣੀ ਸੂਰਤ ਤੇ…..
ਸ਼ਰਤਾਂ ਲਾਉਣ ਕੁਆਰੇ।

ਮਣਕੇ! ਮਣਕੇ! ਮਣਕੇ!
ਘੁੰਡ ਵਿੱਚ ਮੁੱਖ ਦਿਸਦਾ,
ਜਿਉਂ ਚੰਨ ਅੰਬਰਾਂ ਵਿਚ ਚਮਕੇ।
ਹਵਾ ਵਿੱਚ ਮਹਿਕ ਘੁਲਦੀ,
ਜਦੋਂ ਤੁਰਦੀ ਏਂ ਹਿੱਕ ਤਣ ਕੇ।
ਅੱਖੀਆਂ ‘ਚੋਂ ਨੀਂਦ ਉੱਡ ਗਈ,
ਜਦੋਂ ਗਲੀਆਂ ਚ ਝਾਂਜਰ ਛਣਕੇ।
ਤੈਨੂੰ ਲੈ ਕੇ ਨੀ,
ਉੱਡ ਜਾਂ ਕਬੂਤਰ ਬਣ ਕੇ।

ਬਾਰਾਂ ਸਾਲ ਦੀ ਹੋ ਗਈ ਕੁੜੀਏ
ਸਾਲ ਤੇਰ੍ਹਵਾਂ ਚੜ੍ਹਿਆ ।
ਹੁੰਮ ਹੁੰਮਾ ਕੇ ਚੜ੍ਹੀ ਜਵਾਨੀ
ਨਾਗ ਬਰਮ ਦਾ ਲੜਿਆ
ਤੇਰੀ ਯਾਰੀ ਦਾ
ਤਾਪ ਰਕਾਨੇ ਚੜ੍ਹਿਆ।

ਆਰਾ! ਆਰਾ! ਆਰਾ !
ਛੈਲ ਦਾ ਗੁਲਾਬੀ ਘੱਗਰਾ,
ਵਿਚ ਸੱਪ ਦੇ ਬਚੇ ਦਾ ਨਾਲਾ।
ਦਿਸਦਾ ਘੁੰਡ ਵਿਚ ਦੀ,
ਗੋਰੀ ਗੱਲ੍ਹ ਤੇ ਟਿਮਕਣਾ ਕਾਲਾ।
ਕੁੜੀ ਕੱਚ ਦੇ ਗਲਾਸ ਵਰਗੀ,
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ।
ਪੁੱਤ ਸਰਦਾਰਾਂ ਦਾ,
ਤੇਰੇ ਨਾਉਂ ਦੀ ਫੇਰਦਾ ਮਾਲਾ।

ਧਾਈਆਂ! ਧਾਈਆਂ! ਧਾਈਆਂ!
ਕੇਹਾ ਵੇਲਾ ਆਇਆ ਮਿੱਤਰੋ,
ਪੜ੍ਹ ਲਿਖ ਮੁਕਲਾਵੇ ਆਈਆਂ।
ਮੁਖੜੇ ਤੋਂ ਘੁੰਡ ਚੁੱਕ ਕੇ,
ਲਾਹ ਚੁੰਨੀਆਂ ਗਲਾਂ ਵਿਚ ਪਾਈਆਂ।
ਫੈਸ਼ਨਾਂ ਨੇ ਅੱਤ ਚੁੱਕ ਲਈ,
ਮੈਥੋਂ ਖਰੀਆਂ ਜਾਣ ਸੁਣਾਈਆਂ।
ਲੰਬੜਾਂ ਦੀ ਬੰਤੋ ਨੇ,
ਪੈਰੀਂ ਝਾਂਜਰਾਂ ਪਾਈਆਂ।

ਰਾਈ! ਰਾਈ! ਰਾਈ!
ਅੱਖੀਆਂ ‘ਚ ਨੀਂਦ ਨਾ ਪਵੇ,
ਐਵੇਂ ਕੁੜੀ ਨਾਲ ਅੱਖ ਲੜਾਈ।
ਕਲੀਆਂ ‘ਚੋਂ ਫੁੱਲ ਚੁਣਿਆ,
ਨਹੀਂ ਭੁੱਲ ਕੇ ਤੇਰੇ ਨਾਲ ਲਾਈ।
ਨਿੱਠ ਕੇ ਨਾ ਬੈਠ ਕੁੜੀਏ,
ਮੰਜੀ ਵਾਣ ਦੀ ਛੜੇ ਨੇ ਡਾਹੀ।
ਆਪੇ ਕੱਢ ਕੁੜੀਏ,
ਆਪਣੀ ਨਰਮ ਕਲਾਈ।

ਕਾਲੀ ਚੁੰਨੀ ਲੈਨੀ ਏਂ ਕੁੜੀਏ
ਡਰ ਕੇ ਰਹੀਏ ਜਹਾਨੋਂ
ਚੰਗੇ ਬੰਦਿਆਂ ਨੂੰ ਲੱਗਣ ਤੂਹਮਤਾਂ
ਗੋਲੇ ਡਿੱਗਣ ‘ਸਮਾਨੋਂ
ਪਿਆਰੀ ਤੂੰ ਲੱਗਦੀ
ਕੇਰਾਂ ਬੋਲ ਜ਼ਬਾਨੋਂ।

ਥਰੀਆਂ! ਥਰੀਆਂ! ਥਰੀਆਂ!
ਯਾਰੀ ਵਿਚ ਭੰਗ ਪੈ ਗਈ,
ਗੱਲਾਂ ਕਰ ਲੈ ਮਜਾਜਣੇ ਖਰੀਆਂ।
ਹੁਸਨ ਦਾ ਮਾਣ ਨਾ ਕਰੀਂ,
ਲੱਖਾਂ ਤੇਰੇ ਜਿਹੀਆਂ ਨੇ ਪਰੀਆਂ।
ਤੇਰੇ ਪਿੱਛੇ ਲੱਗ ਸੋਹਣੀਏਂ,
ਅਸੀਂ ਜੱਗ ਤੋਂ ਲਾਹਣਤਾਂ ਜਰੀਆਂ।
ਜੇ ਹੱਸਦੀ ਨੇ ਫੁੱਲ ਮੰਗਿਆ,
ਅਸੀਂ ਦਿਲ ਦੀਆਂ ਸੱਧਰਾਂ ਧਰੀਆਂ।
ਵੇਲਾਂ ਧਰਮ ਦੀਆਂ
ਵਿਚ ਦਰਗਾਹ ਦੇ ਹਰੀਆਂ।

ਆਰੀ! ਆਰੀ! ਆਰੀ!
ਫੈਸ਼ਨ ਨਾ ਕਰ ਨੀ,
ਤੇਰੀ ਹਾਲੇ ਉਮਰ ਕੁਆਰੀ।
ਸਾਊ ਜਹ੍ਹੇ ਬਾਬਲੇ ਦੀ,
ਨਹੀਂ ਪੱਟੀ ਜਾਊ ਸਰਦਾਰੀ।
ਵਸਦਾ ਘਰ ਪੱਟ ਦੂ,
ਤੇਰੀ ਇਹ ਕਜਲੇ ਦੀ ਧਾਰੀ।
ਕੁੜਤੀ ਦਾ ਰੰਗ ਵੇਖ ਕੇ,
ਪੁੱਛਦੇ ਫਿਰਨ ਲਲਾਰੀ।
ਤੂੰ ਪੱਟੀ ਲੱਡੂਆਂ ਨੇ
ਤੇਰੀ ਤੋਰ ਪੱਟਿਆ ਪਟਵਾਰੀ।

ਆਰੀ! ਆਰੀ! ਆਰੀ!
ਲੱਡੂਆਂ ਨੇ ਤੂੰ ਪੱਟ ਤੀ,
ਤੇਰੀ ਤੋਰ ਪੱਟਿਆ ਪਟਵਾਰੀ।
ਬਾਣੀਆ ਸ਼ੁਦਾਈ ਹੋ ਗਿਆ,
ਹੱਟ ਹੁਸਨ ਤੇ ਲੁਟਾ ’ਤੀ ਸਾਰੀ।
ਧੋਖਾ ਖਾ ਲਏਂਗੀ,
ਤੇਰੀ ਅੱਲ੍ਹੜੇ ਉਮਰ ਕੁਆਰੀ।
ਭੌਰ ਤੈਨੂੰ ਪੱਟ ਦੂ ਨੀ,
ਕਿਤੇ ਲੰਬੀ ਮਾਰ ਜੂ ਉਡਾਰੀ।
ਭੁੱਲ ਕੇ ਨਾ ਲਾਈਂ ਵੈਰਨੇ,
ਤੈਥੋਂ ਨਿਭਣੀ ਨੀਂ ਯਾਰੀ।

ਕਾਕੇ! ਕਾਕੇ! ਕਾਕੇ!
ਜਾਨੀ ਚੜ੍ਹ ਗਏ ਵਾਹਣਾ ਉੱਤੇ,
ਚੜ੍ਹ ਗਏ ਹੁੰਮ ਹੁੰਮਾ ਕੇ।
ਜੰਨ ਉਤਾਰਾ ਦੇਖਣ ਆਈਆਂ,
ਕੁੜੀਆਂ ਹੁੰਮ ਹੁੰਮਾ ਕੇ।
ਲਾੜਾ ਫੁੱਲ ਵਰਗਾ..
ਦੇਖ ਲੈ ਪਟੋਲਿਆ ਆ ਕੇ।

ਬਾਰਾਂ ਬਰਸ ਦੀ ਹੋ ਗਈ ਰਕਾਨੇ
ਬਰਸ ਤੇਰਵਾਂ ਚੜ੍ਹਿਆ
ਹੁੰਮ ਹੁੰਮਾ ਕੇ ਚੜ੍ਹੀ ਜਵਾਨੀ
ਨਾਗ ਇਸ਼ਕ ਦਾ ਲੜਿਆ
ਬਾਪ ਤੇਰੇ ਨੇ ਅੱਖ ਪਛਾਣੀ
ਜਾਂ ਪੰਡਤਾਂ ਦੇ ਖੜ੍ਹਿਆ
ਉੱਠੋ ਪੰਡਤੋਂ ਖੋਲ੍ਹੇ ਪੱਤਰੀ
ਲਾਗ ਦੇਊਂ ਜੋ ਸਰਿਆ
ਮਿੱਤਰਾਂ ਨੂੰ ਫਿਕਰ ਪਿਆ
ਵਿਆਹ ਸੋਹਣੀ ਦਾ ਧਰਿਆ |