Bhangra Boliyan

ਐਵੇਂ ਸੈਨਿਕ ਬਣ ਨੀ ਜਾਂਦਾ,
ਜਾਨ ਤਲ੍ਹੀ ਤੇ ਧਰਦਾ।
ਜੀਮਲ ਪਰਬਤ ਸਾਰੇ ਗਾਹ ਗਾਹ,
ਦੁੱਖ-ਦੁਰੇਡੇ ਜਰਦਾ।
ਬਰਫ-ਬਾਰੀ ਚੱਤੇ ਪਹਿਰ,
ਡਿਉਟੀ ਪੂਰੀ ਕਰਦਾ।
ਸੈਨਿਕ ਮਰ ਜਾਂਦੈ..
ਫਰਜ਼ ਪੂਰੇ ਪਰ ਕਰਦਾ।

ਇੱਕ ਵਾਰੀ ਜੋ ਬਣ ਜੇ ਸੈਨਿਕ,
ਸੈਨਿਕ ਉਮਰ-ਸਾਰੀ।
ਯੋਗ ਯੋਗਤਾ ਦੋਨੋ ਰੱਖਦੈ,
ਸਾਂਭ ਸੰਭਾਲ ਤਿਆਰੀ।
ਭੀੜ ਪਈ ਤਾਂ ਲਭਦੇ ਸੈਨਿਕ,
ਕੀ ਨਰ, ਕੀ ਨਾਰੀ।
ਸੈਨਿਕ ਸੇਵਕ ਨੇ…
ਉਮਰ ਸਾਰੀ ਦੀ ਸਾਰੀ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ , ਸੁਰੈਣ।
ਮਾਂ ਦੀ ਮਮਤਾ, ਸਭ ਜੱਗ ਜਾਣੇ,
ਨਹੀਂ ਮਮਤਾ, ਤਾਂ ਡੈਣ।
ਵਰਤਦਿਆਂ ਦੇ ਰਿਸ਼ਤੇ ਨਾਤੇ,
ਕੀ ਭਾਈ, ਕੀ ਭੈਣ ?
ਪੈਸਾ ਪਿਓ ਹੈ ਸਭ ਦਾ..
ਨਾ ਭਾਈ, ਨਾ ਭੈਣ॥

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਸੰਘੋਲ।
ਸਾਹਨੇ ਕੋਲੋ, ਸਾਹਨੀ ਸੁਣੀਂਦਾ,
ਜਰਗ ਦੇ ਕੋਲੇ ਹੋਲ।
ਪਿੰਡ ਪਿੰਡ ਯੋਧੇ ਤੇ ਬਲਕਾਰੀ,
ਨਾ ਫੋਲਣੇ ਢੋਲ।
ਚਮਦਿਆਂ ਦੀ ਪਰ ਹੁੰਦੀ ਚਰਚਾ,
ਨਾਲੇ ਵੱਜਦੇ ਢੋਲ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਬੋਝਲਾ।
ਮੀਆਂ ਦਾ ਹੈ, ਮਲੇਰ ਕੋਟਲਾ,
ਸਿੰਘਾ ਦਾ ਬੁੱਝਲਾ ਕੋਟਲਾ।
ਸਬਰ ਸਦਾ ਰੱਖੇ ਪੋਟਲੀ,
ਭੁੱਖੜ ਰੱਖਦੇ ਪੋਟਲਾ।
ਖਾਂਦੇ ਪੰਗਤ ਦਾ…….,
ਕੀ ਹੋਟਲਾ ਕੀ ਮੋਟਲਾ ?

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਛੰਨਾ।
ਗਲ੍ਹ ਵਿੱਚ, ਹਾਰ ਹਮੇਲਾਂ ਸੋਹਣ,
ਮੋਢੇ ਸੋਹਣ ਗੰਨਾਂ।
ਨ੍ਹੇਰੀ ਆਉਂਦੀ, ਬਾਂਸ ਝੁਕੇਂਦੇ,
ਪਿੱਪਲ-ਬੋਹੜ ਭੰਨਾਂ।
ਭਗਤੀ ਜੱਗ ਕਰਦਾ…..,
ਰੱਬ ਪਾ ਗਿਆ ਧੰਨਾਂ।

ਸੋਟੀ-ਸੋਟੀ-ਸੋਟੀ
ਉਥੇ ਆ ਜੀਂ ਨੀ,
ਮੈਂ ਆਊਂਗਾ ਸਾਹਿਬ ਦੀ ਕੋਠੀ
ਅੱਗੇ ਨਾਲੋਂ ਕੱਦ ਕਰਗੀ।
ਤੇਰੀ ਬਾਂਹ ਪਿੰਜਣੀ ਤੋਂ ਮੋਟੀ
ਰੱਖਦੀ ਲਾਰਿਆਂ ਤੇ
ਬਹੁਤ ਦਿਲਾਂ ਦੀ ਖੋਟੀ ।

ਢੇਰੇ-ਢੇਰੇ-ਢੇਰੇ
ਉਥੇ ਆ ਜੀਂ ਨੀ
ਮੈਂ ਹੋਊਂਗਾ ਸਾਧ ਦੇ ਡੇਰੇ
ਫੂਕ ਮਾਰ ਕੇ ਦੀਵਾ ਬੁਝਾ ਤਾ
ਗਏ ਨਾ ਤਖਤੇ ਭੇੜੇ
ਨਿਕਲ ਫਰੰਟ ਗਈ
ਆਈ ਨਾ ਹੱਥਾਂ ਵਿੱਚ ਮੇਰੇ।

ਧਾਈਆਂ-ਧਾਈਆਂ-ਧਾਈਆਂ
ਮਾਪੇ ਕੰਜਰਾਂ ਨੇ
ਧੀਆਂ ਪੜ੍ਹਨ ਸਕੂਲੇ ਲਾਈਆਂ
ਐਤਵਾਰ ਹੋਈਆਂ ਛੁੱਟੀਆਂ
ਲੀੜੇ ਧੋਣ ਨਹਿਰ ਤੇ ਆਈਆਂ
ਨਹਿਰ ਵਾਲੇ ਬਾਬੂ ਨੇ
ਫੇਰ ਸੀਟੀ ਮਾਰ ਬੁਲਾਈਆਂ
ਬਾਂਹ ਛੱਡ ਕੇ ਬਾਬੂ
ਨਾ ਮੰਗੀਆਂ ਨਾ ਵਿਆਹੀਆਂ
ਜਾਂ
ਕੁੜਤੀ ਤੇ ਮੋਰਨੀਆਂ
ਛੜੇ ਪੱਟਣ ਨੂੰ ਪਾਈਆਂ।

ਬਾਪ ਤਾਂ ਮੇਰਾ ਦੰਮਾਂ ਦਾ ਲੋਭੀ
ਦੰਮ ਕਰਾ ਲਏ ਢੇਰੀ
ਘਰ ਨਾ ਦੇਖਿਆ ਦਰ ਨਾ ਦੇਖਿਆ
ਉਮਰ ਨਾ ਦੇਖੀ ਮੇਰੀ
ਕੰਠਾ ਮਿੱਤਰਾਂ ਦਾ
ਹੋ ਗਿਆ ਕੱਲਰ ਵਿੱਚ ਢੇਰੀ।

ਆਲਾ! ਆਲਾ! ਆਲਾ!
ਤੇਰੇ ਨਾ ਪਸੰਦ ਕੁੜੀਏ,
ਮੁੰਡਾ ਪੰਦਰਾਂ ਮੁਰੱਬਿਆਂ ਵਾਲਾ।
ਪਿੰਡ ਦਾ ਘੜੱਗ ਚੌਧਰੀ,
ਕੀ ਹੋ ਗਿਆ ਰਤਾ ਜੇ ਕਾਲਾ।
ਸੁੱਕ ਕੇ ਤਵੀਤ ਹੋ ਗਿਆ,
ਤੇਰੇ ਰੂਪ ਦੀ ਫੇਰਦਾ ਮਾਲਾ।
ਟੱਪ ਜਾ ਮੋਰਨੀਏਂ,
ਛਾਲ ਮਾਰ ਕੇ ਖਾਲਾ।

ਰੜਕੇ, ਰੜਕੇ, ਰੜਕੇ।
ਮੰਡੀ ਜਗਰਾਵਾਂ ਦੀ,
ਜਾਂਦੇ ਜੱਟ ਤੇ ਬਾਣੀਆਂ ਲੜ ਪੇ।
ਬਾਣੀਏ ਨੇ ਹੇਠਾਂ ਸੁੱਟਿਆ,
ਜੱਟ ਦੋਹਾਂ ਗੋੜਿਆਂ ਤੋਂ ਫੜ ਕੇ।
ਢਾਣੀ ਮਿੱਤਰਾਂ ਦੀ,
ਆਊਗੀ ਗੰਡਾਸੇ ਫੜ ਕੇ ।