Bhangra Boliyan

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਘਾਰਵੇ।
ਮੁੰਡਿਆਂ ਦੇ ਵਿੱਚ ਵਿੱਚ ਦੀ,
ਵਾਂਗ ਸੱਪਣੀ ਮੇਹਲਦੀ ਜਾਵੇ।
ਕੰਨਾਂ ਵਿੱਚ ਦੋ ਵਾਲੀਆਂ,
ਇੱਕ ਨੱਕ ਵਿੱਚ ਲੌਂਗ ਸਜਾਵੇ।
ਹੌਲੀ-ਹੌਲੀ ਨੱਚ ਪਤਲੋ,
ਲੱਕ ਨਾ ਜਰਬ ਖਾ ਜਾਵੇ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਆਲਾ।
ਗਾਜਰ ਵਰਗੀ ਦੇਖ ਕੁੜੀ ਦੇ,
ਗੱਲ੍ਹ ਤੇ ਟਿਮਕਣਾ ਕਾਲਾ।
ਗੋਰਾ ਪਤਲਾ ਲੱਕ ਕੁੜੀ ਦਾ,
ਕੱਜਲਾ ਗੂਹੜਾ ਕਾਲਾ।
ਵਿਆਹ ਕੇ ਲੈ ਜੁਗਾ……….,
ਵੱਡਿਆਂ ਨਸੀਬਾਂ ਵਾਲਾ।

ਸਾਡੀ ਗਲੀ ਇੱਕ ਛੜਾ ਸੁਣੀਂਦਾ
ਨਾ ਉਹਦਾ ਜਗਤਾਰੀ
ਇੱਕ ਦਿਨ ਮੈਥੋਂ ਦਾਲ ਲੈ ਗਿਆ
ਕਹਿੰਦਾ ਬੜੀ ਕਰਾਰੀ
ਚੰਦਰੇ ਨੇ ਹੋਰ ਮੰਗ ਲਈ
ਮੈਂ ਵੀ ਕੜਛੀ ਬੁੱਲ੍ਹਾਂ ਤੇ ਮਾਰੀ
ਜਾਂ
ਭੁੱਲ ਕੇ ਨਾ ਲਾਇਓ ਕੁੜੀਓ
ਕਦੇ ਨਾਲ ਨੀ ਛੜੇ ਦੇ ਯਾਰੀ ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਘੋਲੇ।
ਭਰਮਣ ਮਾਂ ਪੁੱਛਦੀ,
ਕੋਈ ਤਾਂ ਚੁਬਾਰੇ ਵਿੱਚ ਬੋਲੇ।
ਇੱਕ ਤਾਂ ਮੈਂ ਬੋਲਾਂ,
ਇੱਕ ਲੱਠ ਚਰਖੇ ਦੀ ਬੋਲੇ।
ਤੈਨੂੰ ਭਰਮ ਪਿਆ……….,
ਜੋ ਬੋਲੇ ਸੋ ਬੋਲੇ।

ਛੜਾ ਛੜੇ ਨੂੰ ਦਵੇ ਦੁਲਾਸਾ
ਮੌਜ ਭਰਾਵੋ ਰਹਿੰਦੀ
ਦੋ ਡੱਕਿਆਂ ਨਾਲ ਅੱਗ ਮੱਚ ਪੈਂਦੀ
ਆਪੇ ਗੁੱਲੀ ਲਹਿੰਦੀ
ਛੜਿਆਂ ਦੀ ਉੱਖਲੀ ਤੇ
ਛਹਿ ਕੇ ਮੋਰਨੀ ਬਹਿੰਦੀ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਢੋਲੇ।
ਇੱਕ ਤੈਨੂੰ ਗੱਲ ਦੱਸਣੀ,
ਦੱਸਣੀ ਜਗਤ ਤੋਂ ਓਹਲੇ।
ਦਿਲ ਦਾ ਭੇਤੀ ਓਹ,
ਜੋ ਭੇਤ ਨਾ ਕਿਸੇ ਕੋਲ ਖੋਹਲੇ।.
ਕੂੰਜ ਕੁਆਰੀ ਦਾ ………,
ਨਰਮ ਕਾਲਜਾ ਡੋਲੇ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸੁਹਾਣੇ।
ਕੁੰਭੜੇ ਦੇ ਵਿੱਚ ਕੁੰਭ ਬੜਾ ਸੀ,
ਸੁੰਦਰ ਫੁੱਲ ਸੁਹਾਣੇ।
ਹਰ ਸੁੰਦਰਤਾ, ਹਰ ਕੋਈ ਵੇਖੇ,
ਕੀ ਰਾਜੇ, ਕੀ ਰਾਣੇ।
ਸੋਹਣੀ ਅੱਲ੍ਹੜ ਨੂੰ ……….,
ਰੱਬ ਦੇ ਬਰਾਬਰ ਜਾਣੇ।

ਤੀਆਂ ਦੇ ਦਿਨ ਥੋੜ੍ਹੇ ਰਹਿਗੇ
ਚੰਦ ਕੁਰ ਝੂਟਣ ਜਾਵੇ
ਵਿੱਚ ਕੁੜੀਆਂ ਦੇ ਤੁਰੇ ਮੜਕ ਨਾਲ
ਝਾਂਜਰ ਨੂੰ ਛਣਕਾਵੇ
ਕੁੜਤੀ ਉਹ ਪਹਿਨੇ
ਜਿਹੜੀ ਸੌ ਦੀ ਸਵਾ ਗਜ਼ ਆਵੇ
ਉਤਲਾ ਨਾ ਦੇਖਿਆ
ਮੈਥੋਂ ਝੂਠ ਛੱਡਿਆ ਨਾ ਜਾਵੇ
ਮਿੰਨੇ-ਮਿੰਨੇ ਦਾਗ ਮੂੰਹ ਤੇ
ਰੰਗ ਰੂਪ ਝੱਲਿਆ ਨਾ ਜਾਵੇ
ਚੰਦ ਕੁਰ ਨਾ ਬਚਦੀ
ਵੈਦ ਖੜ੍ਹਾ ਹੋ ਜਾਵੇ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮਾਨ।
ਸੋਚ ਜਿਨ੍ਹਾਂ ਦੀ ਹੋਵੇ ਹਾਂ-ਪੱਖੀ,
ਹਾਰ ਹੁੰਦੀ ਨਾ ਕਦੇ ਪਰਵਾਨ |
ਆਪਣੀ ਤਲੀ ਤੇ ਆਪਣਾ ਸੀਸ ਧਰਨਾ,
ਹੈ ਜੱਗ ਤੋਂ ਵੱਖਰੀ ਸ਼ਾਨ।
ਭੱਜਦੇ ਝੂਠ ਫਰੇਬ ਆਪੇ……..,
ਭੱਜਦੇ ਮਾਣ ਅਭਿਮਾਨ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਵੇ।
ਸਹੁਰੀਂ ਤੁਰ ਜਾਂਦੀ,
ਸੱਲ੍ਹ ਮਿੱਤਰਾਂ ਦਾ ਖਾਵੇ।
ਦਰਦੀ ਯਾਰ ਬਿਨਾਂ,
ਰੋਂਦੀ ਕੌਣ ਵਰਾਵੇ।
ਪਿੰਡ ਦੀ ਨਖਰੋ ਨੂੰ……..,
ਬੰਤਾ ਬੋਕ ਵਿਰਾਵੇ |

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਵਾਂ।
ਮਿੱਤਰਾਂ ਦੇਹ ਮੁੰਦਰੀ, .
ਤੈਨੂੰ ਆਪਣਾ ਰੁਮਾਲ ਫੜਾਵਾਂ।
ਤੇਰੀ ਸੱਜਰੀ ਪੈੜ ਦਾ ਰੇਤਾ,
ਚੱਕ ਚੱਕ ਹਿੱਕ ਨੂੰ ਲਾਵਾਂ।
ਮੱਚਦੇ ਮੱਚ ਲੈਣ ਦੇ……..,
ਦਿਲ ਤੇ ਲਿਖ ਲਿਆ ਨਾਵਾਂ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਆਂ।
ਵਗਦੇ ਰਾਹ ਤੇ,
ਜੱਟ ਨੇ ਬੈਠਕਾਂ ਪਾਈਆਂ।
ਸੋਹਣੀ ਦੇ ਭਾਈਆਂ ਨੇ,
ਰਫਲਾਂ ਲਸੰਸ ਕਰਾਈਆਂ।
ਡਾਂਗਾਂ ਖੜਕਦੀਆਂ..
ਸੱਥ ਵਿੱਚ ਹੋਣ ਲੜਾਈਆਂ।