• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Saadat Hasan Manto

ਸਆਦਤ ਹਸਨ ਮੰਟੋ (੧੧ ਮਈ ੧੯੧੨–੧੮ ਜਨਵਰੀ ੧੯੫੫) ਦਾ ਜਨਮ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ ਨੇੜੇ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ।ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ ।੧੯੩੧ ਵਿੱਚ ਉਨ੍ਹਾਂ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। ਉਹ ਉੱਘੇ ਉਰਦੂ ਕਹਾਣੀਕਾਰ ਸਨ। ਉਨ੍ਹਾਂ ਦੀਆਂ ਸ਼ਾਹਕਾਰ ਕਹਾਣੀਆਂ ਹਨ; ਟੋਭਾ ਟੇਕ ਸਿੰਘ, ਬੂ, ਠੰਡਾ ਗੋਸ਼ਤ, ਖੋਲ੍ਹ ਦੋ । ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇੱਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ਸੰਗ੍ਰਹਿ ਛਪੇ ਹਨ। ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਦੀ ਮੰਟੋ ਦੇ ਮਨ ਤੇ ਗਹਿਰੀ ਛਾਪ ਸੀ। ਇਸ ਨੂੰ ਲੈ ਕੇ ਹੀ ਮੰਟੋ ਨੇ ਆਪਣੀ ਪਹਿਲੀ ਕਹਾਣੀ ‘ਤਮਾਸ਼ਾ’ ਲਿਖੀ ਸੀ । ਉਨ੍ਹਾਂ ਦੀਆਂ ਰਚਨਾਵਾਂ ਹਨ: ਆਤਿਸ਼ਪਾਰੇ, ਮੰਟੋ ਕੇ ਅਫ਼ਸਾਨੇ, ਧੂੰਆਂ, ਅਫ਼ਸਾਨੇ ਔਰ ਡਰਾਮੇ, ਲਜ਼ਤ-ਏ-ਸੰਗ, ਸਿਆਹ ਹਾਸ਼ੀਏ, ਬਾਦਸ਼ਾਹਤ ਕਾ ਖਾਤਮਾ, ਖਾਲੀ ਬੋਤਲੇਂ, ਲਾਊਡ ਸਪੀਕਰ (ਸਕੈਚ), ਗੰਜੇ ਫ਼ਰਿਸ਼ਤੇ (ਸਕੈਚ), ਮੰਟੋ ਕੇ ਮਜ਼ਾਮੀਨ, ਨਿਮਰੂਦ ਕੀ ਖ਼ੁਦਾਈ, ਠੰਡਾ ਗੋਸ਼ਤ, ਯਾਜਿਦ, ਪਰਦੇ ਕੇ ਪੀਛੇ, ਸੜਕ ਕੇ ਕਿਨਾਰੇ, ਬਗੈਰ ਉਨਵਾਨ ਕੇ, ਬਗੈਰ ਇਜਾਜ਼ਤ, ਬੁਰਕੇ, ਫੂੰਦੇ, ਸਰਕੰਡੋਂ ਕੇ ਪੀਛੇ, ਸ਼ੈਤਾਨ, ਸ਼ਿਕਾਰੀ ਔਰਤੇਂ, ਰੱਤੀ,ਮਾਸ਼ਾ,ਤੋਲਾ, ਕਾਲੀ ਸ਼ਲਵਾਰ, ਮੰਟੋ ਕੀ ਬੇਹਤਰੀਨ ਕਹਾਣੀਆਂ ।

ਮੈਂ ਕਹਾਣੀਕਾਰ ਨਹੀਂ, ਜੇਬਕਤਰਾ ਹਾਂ !

by Sandeep Kaur April 5, 2020

ਮੇਰੀ ਜ਼ਿੰਦਗੀ ਵਿਚ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਹਨ-ਪਹਿਲੀ ਮੇਰੇ ਜਨਮ ਦੀ, ਦੂਜੀ ਮੇਰੀ ਸ਼ਾਦੀ ਦੀ ਅਤੇ ਤੀਜੀ ਮੇਰੇ ਕਹਾਣੀਕਾਰ ਬਣ ਜਾਣ ਦੀ। ਲੇਖਕ ਵਜੋਂ ਰਾਜਨੀਤੀ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਹੈ। ਲੀਡਰਾਂ ਅਤੇ ਦਵਾਈਆਂ ਵੇਚਣ ਵਾਲਿਆਂ ਨੂੰ ਮੈਂ ਇਕ ਹੀ ਨਜ਼ਰ ਨਾਲ ਦੇਖਦਾ ਹਾਂ। ਲੀਡਰੀ ਅਤੇ ਦਵਾਈਆਂ ਵੇਚਣਾ ਦੋਵੇਂ ਧੰਦੇ ਹਨ। ਰਾਜਨੀਤੀ ਵਿਚ ਮੈਨੂੰ ਓਨੀ ਹੀ ਦਿਲਚਸਪੀ ਹੈ, ਜਿੰਨੀ ਗਾਂਧੀ ਜੀ ਨੂੰ ਸਿਨਮੇ ਨਾਲ ਸੀ। ਗਾਂਧੀ ਜੀ ਸਿਨਮਾ ਨਹੀਂ ਸਨ ਦੇਖਦੇ ਅਤੇ ਮੈਂ ਅਖਬਾਰ ਨਹੀਂ ਪੜ੍ਹਦਾ। ਦਰਅਸਲ ਅਸੀਂ ਦੋਵੇਂ ਗਲਤੀ ਕਰਦੇ ਹਾਂ। ਗਾਂਧੀ ਜੀ ਨੂੰ ਫਿਲਮਾਂ ਜਰੂਰ ਦੇਖਣੀਆਂ ਚਾਹੀਦੀਆਂ ਸਨ ਅਤੇ ਮੈਨੂੰ ਅਖਬਾਰ ਜਰੂਰ ਪੜ੍ਹਨੇ ਚਾਹੀਦੇ ਹਨ।
ਮੈਨੂੰ ਪੁੱਛਿਆ ਜਾਂਦਾ ਹੈ ਕਿ ਮੈਂ ਕਹਾਣੀ ਕਿਵੇਂ ਲਿਖਦਾ ਹਾਂ। ਇਸ ਦੇ ਜਵਾਬ ਵਿਚ ਮੈਂ ਕਹਾਂਗਾ ਕਿ ਆਪਣੇ ਕਮਰੇ ਵਿਚ ਸੋਫੇ ‘ਤੇ ਬੈਠ ਜਾਂਦਾ ਹਾਂ, ਕਾਗਜ਼-ਕਲਮ ਲੈਂਦਾ ਹਾਂ ਅਤੇ ‘ਬਿਸਮਿੱਲਾ’ ਕਹਿ ਕੇ ਕਹਾਣੀ ਸ਼ੁਰੂ ਕਰ ਦਿੰਦਾ ਹਾਂ। ਮੇਰੀਆਂ ਤਿੰਨੇ ਧੀਆਂ ਰੌਲਾ ਪਾ ਰਹੀਆਂ ਹੁੰਦੀਆਂ ਹਨ। ਮੈਂ ਉਨ੍ਹਾਂ ਨਾਲ ਗੱਲਾਂ ਵੀ ਕਰਦਾ ਹਾਂ। ਉਨ੍ਹਾਂ ਦੇ ਲੜਾਈ-ਝਗੜੇ ਦਾ ਫੈਸਲਾ ਵੀ ਕਰਦਾ ਹਾਂ। ਕੋਈ ਮਿਲਣ ਵਾਲਾ ਆ ਜਾਵੇ ਤਾਂ ਉਸ ਦੀ ਖਾਤਿਰਦਾਰੀ ਵੀ ਕਰਦਾ ਹਾਂ, ਪਰ ਕਹਾਣੀ ਵੀ ਲਿਖਦਾ ਰਹਿੰਦਾ ਹਾਂ। ਸੱਚ ਪੁੱਛੋ ਤਾਂ ਮੈਂ ਉਵੇਂ ਹੀ ਕਹਾਣੀ ਲਿਖਦਾ ਹਾਂ ਜਿਵੇਂ ਖਾਣਾ ਖਾਂਦਾ ਹਾਂ, ਨਹਾਉਂਦਾ ਹਾਂ, ਸਿਗਰਟ ਪੀਂਦਾ ਹਾਂ ਅਤੇ ਝੱਖ ਮਾਰਦਾ ਹਾਂ। ਜੇ ਇਹ ਪੁੱਛਿਆ ਜਾਵੇ ਕਿ ਮੈਂ ਕਹਾਣੀ ਕਿਉਂ ਲਿਖਦਾ ਹਾਂ, ਤਾਂ ਕਹਾਂਗਾ ਕਿ ਸ਼ਰਾਬ ਪੀਣ ਵਾਂਗ ਹੀ ਕਹਾਣੀ ਲਿਖਣ ਦੀ ਵੀ ਆਦਤ ਪੈ ਗਈ ਹੈ।
ਮੈਂ ਕਹਾਣੀ ਨਾ ਲਿਖਾਂ ਤਾਂ ਮੈਨੂੰ ਏਦਾਂ ਮਹਿਸੂਸ ਹੁੰਦਾ ਹੈ ਕਿ ਮੈਂ ਕੱਪੜੇ ਨਹੀਂ ਪਹਿਨੇ ਜਾਂ ਗੁਸਲਖਾਨੇ ਨਹੀਂ ਗਿਆ ਜਾਂ ਸ਼ਰਾਬ ਨਹੀਂ ਪੀਤੀ। ਦਰਅਸਲ ਮੈਂ ਕਹਾਣੀ ਨਹੀਂ ਲਿਖਦਾ ਬਲਕਿ ਕਹਾਣੀ ਮੈਨੂੰ ਲਿਖਦੀ ਹੈ। ਮੈਂ ਬਹੁਤ ਘੱਟ ਪੜ੍ਹਿਆ-ਲਿਖਿਆ ਆਦਮੀ ਹਾਂ। ਉਂਜ ਤਾਂ ਮੈਂ ਦੋ ਦਰਜਨ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਉਤੇ ਆਏ ਦਿਨ ਮੁਕਦਮੇ ਚੱਲਦੇ ਰਹਿੰਦੇ ਹਨ।
ਜਦੋਂ ਕਲਮ ਮੇਰੇ ਹੱਥ ਵਿਚ ਨਾ ਹੋਵੇ, ਤਾਂ ਮੈਂ ਸਿਰਫ ਸਆਦਤ ਹਸਨ ਹੁੰਦਾ ਹਾਂ। ਕਹਾਣੀ ਮੇਰੇ ਦਿਮਾਗ ਵਿਚ ਨਹੀਂ, ਮੇਰੀ ਜੇਬ ਵਿਚ ਹੁੰਦੀ ਹੈ, ਜਿਸ ਦੀ ਮੈਨੂੰ ਕੋਈ ਖਬਰ ਨਹੀਂ ਹੁੰਦੀ। ਮੈਂ ਆਪਣੇ ਦਿਮਾਗ ‘ਤੇ ਜ਼ੋਰ ਦਿੰਦਾ ਹਾਂ ਕਿ ਕੋਈ ਕਹਾਣੀ ਨਿਕਲ ਆਵੇ। ਕਹਾਣੀ ਲਿਖਣ ਦੀ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਕਹਾਣੀ ਦਿਮਾਗ ਤੋਂ ਬਾਹਰ ਨਹੀਂ ਨਿਕਲਦੀ। ਆਖਰ ਥੱਕ-ਹਾਰ ਕੇ ਬਾਂਝ ਔਰਤ ਦੀ ਤਰ੍ਹਾਂ ਲੇਟ ਜਾਂਦਾ ਹਾਂ। ਅਣਲਿਖੀ ਕਹਾਣੀ ਦੀ ਕੀਮਤ ਪਹਿਲਾਂ ਹੀ ਵਸੂਲ ਚੁਕਾਂ ਹਾਂ, ਇਸ ਕਰਕੇ ਝੁੰਜਲਾਹਟ ਜਿਹੀ ਹੁੰਦੀ ਹੈ।
ਪਾਸਾ ਬਦਲਦਾ ਹਾਂ। ਉਠ ਕੇ ਆਪਣੀਆਂ ਚਿੜੀਆਂ ਨੂੰ ਦਾਣੇ ਪਾਉਂਦਾ ਹਾਂ। ਬੱਚੀਆਂ ਨੂੰ ਝੂਲੇ ਵਿਚ ਝੂਟੇ ਦਿੰਦਾ ਹਾਂ। ਘਰ ਦਾ ਕੂੜਾ-ਕਰਕਟ ਸਾਫ ਕਰਦਾ ਹਾਂ। ਘਰ ਵਿਚ ਇੱਧਰ-ਉਧਰ ਖਿਲਰੀਆਂ ਪਈਆਂ ਛੋਟੀਆਂ ਛੋਟੀਆਂ ਜੁੱਤੀਆਂ ਚੁੱਕ ਕੇ ਇਕ ਜਗ੍ਹਾ ਰਖਦਾ ਹਾਂ। ਪਰ! ਕੰਮਬਖਤ ਕਹਾਣੀ ਜੋ ਮੇਰੀ ਜੇਬ ਵਿਚ ਪਈ ਹੁੰਦੀ ਹੈ, ਮੇਰੇ ਦਿਮਾਗ ਵਿਚ ਨਹੀਂ ਆਉਂਦੀ। ਮੈਂ ਖਿਝਦਾ ਰਹਿੰਦਾ ਹਾਂ। ਜਦੋਂ ਬਹੁਤ ਹੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਗੁਸਲਖਾਨੇ ਵਿਚ ਚਲਾ ਜਾਂਦਾ ਹਾਂ, ਪਰ ਉਥੋਂ ਵੀ ਕੁਝ ਨਹੀਂ ਮਿਲਦਾ। ਸੁਣਿਆ ਹੈ, ਹਰ ਵੱਡਾ ਆਦਮੀ ਗੁਸਲਖਾਨੇ ਵਿਚ ਹੀ ਸੋਚਦਾ ਹੈ।
ਮੈਨੂੰ ਆਪਣੇ ਤਜਰਬੇ ਤੋਂ ਪਤਾ ਲੱਗਿਆ ਕਿ ਮੈਂ ਵੱਡਾ ਆਦਮੀ ਨਹੀਂ ਹਾਂ, ਪਰ ਹੈਰਾਨੀ ਹੈ ਕਿ ਫੇਰ ਵੀ ਮੈਂ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਬਹੁਤ ਵੱਡਾ ਕਹਾਣੀਕਾਰ ਹਾਂ। ਇਸ ਸਬੰਧੀ ਮੈਂ ਇਹ ਹੀ ਕਹਿ ਸਕਦਾ ਹਾਂ ਕਿ ਜਾਂ ਤਾਂ ਮੇਰੇ ਆਲੋਚਕਾਂ ਨੂੰ ਖੁਸ਼ਫਹਿਮੀ ਹੈ ਜਾਂ ਫੇਰ ਮੈਂ ਉਨ੍ਹਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਿਹਾ ਹਾਂ। ਅਜਿਹੇ ਮੌਕਿਆਂ ‘ਤੇ ਜਦੋਂ ਕਹਾਣੀ ਨਹੀਂ ਲਿਖੀ ਜਾਂਦੀ ਤਾਂ ਹੁੰਦਾ ਇਹ ਹੈ ਕਿ ਮੇਰੀ ਬੀਵੀ ਮੈਨੂੰ ਕਹਿੰਦੀ ਹੈ, ‘ਤੁਸੀਂ ਸੋਚੋ ਨਾ, ਕਲਮ ਫੜੋ ਅਤੇ ਲਿਖਣਾ ਸ਼ੁਰੂ ਕਰ ਦੇਵੋ।’ ਮੈਂ ਉਸ ਦੇ ਕਹਿਣ ‘ਤੇ ਲਿਖਣਾ ਸ਼ੁਰੂ ਕਰ ਦਿੰਦਾ ਹਾਂ। ਉਸ ਸਮੇਂ ਦਿਮਾਗ ਬਿਲਕੁੱਲ ਖਾਲੀ ਹੁੰਦਾ ਹੈ ਅਤੇ ਜੇਬ੍ਹ ਭਰੀ ਹੋਈ ਹੁੰਦੀ ਹੈ। ਉਦੋਂ ਆਪ ਹੀ ਕੋਈ ਕਹਾਣੀ ਉੱਛਲ ਕੇ ਬਾਹਰ ਆ ਜਾਂਦੀ ਹੈ। ਉਸ ਨੁਕਤੇ ਤੋਂ ਮੈਂ ਆਪਣੇ ਆਪ ਨੂੰ ਕਹਾਣੀਕਾਰ ਨਹੀਂ, ਬਲਕਿ ਜੇਬਕਤਰਾ ਸਮਝਦਾ ਹਾਂ ਜੋ ਆਪਣੀ ਜੇਬ ਖੁਦ ਕੱਟਦਾ ਹੈ ਅਤੇ ਲੋਕਾਂ ਦੇ ਹਵਾਲੇ ਕਰ ਦਿੰਦਾ ਹੈ।
ਮੈਂ ਰੇਡੀਉ ਵਾਸਤੇ ਜਿਹੜੇ ਨਾਟਕ ਲਿਖੇ, ਉਹ ਰੋਟੀ ਦੇ ਉਸ ਮਸਲੇ ਦੀ ਪੈਦਾਵਾਰ ਹਨ ਜੋ ਹਰ ਲੇਖਕ ਦੇ ਸਾਹਮਣੇ ਉਸ ਵੇਲੇ ਤੱਕ ਰਹਿੰਦਾ ਹੈ, ਜਦੋਂ ਤੱਕ ਉਹ ਪੂਰੀ ਤਰ੍ਹਾਂ ਮਾਨਸਿਕ ਪੱਖੋਂ ਅਪਾਹਜ ਨਾ ਹੋ ਜਾਵੇ। ਮੈਂ ਭੁੱਖਾ ਸੀ, ਇਸ ਕਰਕੇ ਮੈਂ ਇਹ ਨਾਟਕ ਲਿਖੇ, ਦਾਦ ਇਸ ਗੱਲ ਦੀ ਚਾਹੁੰਦਾ ਹਾਂ ਕਿ ਮੇਰੇ ਦਿਮਾਗ ਨੇ ਮੇਰੇ ਢਿੱਡ ਵਿਚ ਵੜ ਕੇ ਅਜਿਹੇ ਹਾਸ-ਨਾਟਕ ਲਿਖੇ ਹਨ ਜੋ ਦੂਜਿਆਂ ਨੂੰ ਹਸਾਉਂਦੇ ਹਨ ਪਰ ਮੇਰੇ ਬੁੱਲ੍ਹਾਂ ‘ਤੇ ਹਲਕੀ ਜਿਹੀ ਮੁਸਕਰਾਹਟ ਵੀ ਪੈਦਾ ਨਹੀਂ ਕਰ ਸਕੇ। ਰੋਟੀ ਅਤੇ ਕਲਾ ਦਾ ਰਿਸ਼ਤਾ ਕੁਝ ਅਜੀਬ ਜਿਹਾ ਲਗਦਾ ਹੈ, ਪਰ ਕੀ ਕੀਤਾ ਜਾਵੇ! ਖੁਦਾਬੰਦਤਾਲਾ ਨੂੰ ਇਹ ਹੀ ਮਨਜ਼ੂਰ ਹੈ। ਇਹ ਗਲਤ ਹੈ ਕਿ ਖੁਦਾ ਆਪਣੇ ਆਪ ਨੂੰ ਹਰ ਚੀਜ਼ ਤੋਂ ਨਿਰਲੇਪ ਰੱਖਦਾ ਹੈ ਅਤੇ ਉਸ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ। ਦਰਅਸਲ ਉਸ ਨੂੰ ਭਗਤ ਚਾਹੀਦੇ ਹਨ ਅਤੇ ਭਗਤ ਬੜੀ ਨਰਮ ਤੇ ਨਾਜ਼ੁਕ ਰੋਟੀ ਹਨ, ਜਾਂ ਇਉਂ ਕਹੋ ਕਿ ਚੋਪੜੀ ਹੋਈ ਰੋਟੀ ਹਨ ਜਿਸ ਨਾਲ ਭਗਵਾਨ ਆਪਣਾ ਪੇਟ ਭਰਦਾ ਹੈ।
ਸਆਦਤ ਹਸਨ ਮੰਟੋ ਕਿਉਂਕਿ ਭਗਵਾਨ ਜਿੱਡਾ ਕਹਾਣੀਕਾਰ ਤੇ ਕਵੀ ਨਹੀਂ ਹੈ। ਉਸ ਨੂੰ ਰੋਟੀ ਦੀ ਖਾਤਿਰ ਲਿਖਣਾ ਪੈਂਦਾ ਹੈ। ਮੈਂ ਜਾਣਦਾ ਹਾਂ ਕਿ ਮੇਰੀ ਸ਼ਖਸੀਅਤ ਬਹੁਤ ਵੱਡੀ ਹੈ ਅਤੇ ਉਰਦੂ ਸਾਹਿਤ ਵਿਚ ਮੇਰਾ ਬਹੁਤ ਵੱਡਾ ਨਾਮ ਹੈ। ਜੇਕਰ ਇਹ ਖੁਸ਼ਫਹਿਮੀ ਨਾ ਹੋਵੇ ਤਾਂ ਜ਼ਿੰਦਗੀ ਹੋਰ ਵੀ ਮੁਸ਼ਕਿਲ ਬਣ ਜਾਵੇ। ਪਰ ਮੇਰੇ ਵਾਸਤੇ ਇਹ ਇਕ ਕੌੜੀ ਸੱਚਾਈ ਹੈ ਕਿ ਆਪਣੇ ਦੇਸ਼ ਵਿਚ, ਜਿਸ ਨੂੰ ਪਾਕਿਸਤਾਨ ਕਹਿੰਦੇ ਹਨ, ਮੈਂ ਆਪਣਾ ਸਹੀ ਮੁਕਾਮ ਢੂੰਡ ਨਹੀਂ ਸਕਿਆ। ਇਹ ਹੀ ਕਾਰਨ ਹੈ ਕਿ ਮੇਰੀ ਰੂਹ ਬੇਚੈਨ ਰਹਿੰਦੀ ਹੈ। ਮੈਂ ਕਦੇ ਪਾਗਲਖਾਨੇ ਅਤੇ ਕਦੇ ਹਸਪਤਾਲ ਵਿਚ ਰਹਿੰਦਾ ਹਾਂ।
ਮੈਨੂੰ ਪੁੱਛਿਆ ਜਾਂਦਾ ਹੈ ਕਿ ਮੈਂ ਸ਼ਰਾਬ ਤੋਂ ਖਹਿੜਾ ਛੁਡਾ ਕਿਉਂ ਨਹੀਂ ਲੈਂਦਾ। ਮੈਂ ਆਪਣੀ ਜ਼ਿੰਦਗੀ ਦਾ ਤਿੰਨ-ਚੌਥਾਈ ਹਿੱਸਾ ਤੰਗਦਸਤੀਆਂ ਦੀ ਭੇਟ ਚੜ੍ਹਾ ਚੁਕਾ ਹਾਂ। ਹੁਣ ਤਾਂ ਇਹ ਹਾਲਾਤ ਹੈ ਕਿ ਤੰਗਦਸਤੀਆਂ/ਪਰਹੇਜ਼ ਸ਼ਬਦ ਹੀ ਮੇਰੇ ਲਈ ਡਿਕਸ਼ਨਰੀ ਵਿਚੋਂ ਗਾਇਬ ਹੋ ਗਿਆ ਹੈ। ਮੈਂ ਸਮਝਦਾ ਹਾਂ ਕਿ ਜ਼ਿੰਦਗੀ ਅਗਰ ਤੰਗੀਆਂ ਨਾਲ ਗੁਜ਼ਾਰੀ ਜਾਵੇ ਤਾਂ ਇਕ ਕੈਦ ਹੈ ਅਤੇ ਜੇ ਉਹ ਮਜਬੂਰੀ ਭਰੀਆਂ ਤੰਗੀਆਂ ਵਿਚ ਲੰਘਾਈ ਜਾਵੇ, ਤਾਂ ਵੀ ਕੈਦ ਹੈ। ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਇਸ ਜ਼ੁਰਾਬ ਦੇ ਧਾਗੇ ਦਾ ਇਕ ਸਿਰਾ ਫੜ ਕੇ ਉਧੇੜਦੇ ਜਾਣਾ ਹੈ ਅਤੇ ਬਸ!

(ਅਨੁਵਾਦ: ਕੇਹਰ ਸ਼ਰੀਫ)

ਮਿਲਾਵਟ

by Sandeep Kaur April 5, 2020

ਅੰਮ੍ਰਿਤਸਰ ਵਿੱਚ ਅਲੀ ਮੁਹੰਮਦ ਦੀ ਮੁਨਿਆਰੀ ਦੀ ਦੁਕਾਨ ਸੀ। ਬੇਸ਼ਕ ਛੋਟੀ ਸੀ, ਪਰ ਉਸ ਵਿੱਚ ਹਰ ਪ੍ਰਕਾਰ ਦਾ ਸੌਦਾ ਸੀ। ਉਸ ਨੇ ਉਸ ਨੂੰ ਇਸ ਤਰੀਕੇ ਨਾਲ ਰਖਿਆ ਹੋਇਆ ਸੀ ਕਿ ਉਹ ਉਪਰ ਤੀਕਰ ਭਰੀ ਹੋਈ ਮਹਿਸੂਸ ਨਹੀਂ ਸੀ ਹੁੰਦੀ।
ਅੰਮ੍ਰਿਤਸਰ ਵਿੱਚ ਦੂਸਰੇ ਦੁਕਾਨਦਾਰ ਬਲੈਕ ਕਰਦੇ ਸਨ। ਪਰੰਤੂ ਅਲੀ ਮੁਹੰਮਦ ਠੀਕ ਭਾਅ ਨਾਲ ਸੌਦਾ ਵੇਚਿਆ ਕਰਦਾ ਸੀ। ਇਹੋ ਕਾਰਨ ਸੀ ਕਿ ਲੋਕ ਦੂਰ ਦੂਰ ਤੋਂ ਉਸ ਕੋਲ ਆਇਆ ਕਰਦੇ ਸਨ। ਅਤੇ ਆਪਣੀ ਲੋੜ ਅਨੁਸਾਰ ਚੀਜ਼ਾਂ ਖਰੀਦਿਆ ਕਰਦੇ ਸਨ।
ਉਹ ਧਾਰਮਕ ਰੁਚੀਆਂ ਦਾ ਬੰਦਾ ਸੀ। ਅਧਿੱਕ ਮੁਨਾਫ਼ਾ ਲੈਣਾ ਉਸ ਲਈ ਪਾਪ ਸੀ। ਇਕੱਲੀ ਜਾਨ ਸੀ, ਉਸ ਲਈ ਉਚਿਤ ਲਾਭ ਹੀ ਕਾਫ਼ੀ ਸੀ। ਉਹ ਸਾਰਾ ਦਿਨ ਦੁਕਾਨ ਉਪਰ ਬੈਠਾ ਰਹਿੰਦਾ। ਗਾਹਕਾਂ ਦੀ ਭੀੜ ਲੱਗੀ ਰਹਿੰਦੀ। ਉਸ ਨੂੰ ਕਦੇ ਕਦੇ ਦੁੱਖ ਵੀ ਹੁੰਦਾ ਜਦ ਉਹ ਕਿਸੇ ਗਾਹਕ ਨੂੰ ਸਨਲਾਈਟ ਦੀ ਇੱਕ ਟਿੱਕੀ ਨਾ ਦੇ ਸਕਦਾ ਜਾਂ ਕੈਲੀਫੋਰਨੀਯਨ ਤੇਲ ਦੀ ਬੋਤਲ, ਕਿਉਂਕਿ ਇਹ ਵਸਤੂਆਂ ਉਸ ਨੂੰ ਘਟ ਗਿਣਤੀ ਵਿੱਚ ਮਿਲਦੀਆਂ ਸਨ।
ਬਲੈਕ ਨਾ ਕਰਦਾ ਹੋਇਆ ਵੀ ਉਹ ਪ੍ਰਸੰਨ ਸੀ। ਉਸ ਨੇ ਦੋ ਹਜ਼ਾਰ ਰੁਪਏ ਬਚਾ ਕੇ ਰੱਖੇ ਹੋਏ ਸਨ। ਜਵਾਨ ਸੀ ਇੱਕ ਦਿਨ ਦੁਕਾਨ ਉੱਪਰ ਬੈਠੇ ਬੈਠੇ ਉਸ ਨੇ ਸੋਚਿਆ ਕਿ ਹੁਣ ਸ਼ਾਦੀ ਕਰ ਲੈਣੀ ਚਾਹੀਦੀ ਹੈ-ਬੁਰੇ ਬੁਰੇ ਖਿਆਲ ਦਿਮਾਗ਼ ਵਿੱਚ ਆਉਂਦੇ ਸਨ। ਸ਼ਾਦੀ ਕਰ ਲਵਾਂ ਤਾਂ ਜ਼ਿੰਦਗੀ ਵਿੱਚ ਸਵਾਦ ਆ ਜਾਵੇਗਾ। ਬਾਲ-ਬੱਚੇ ਹੋਣਗੇ ਤਾਂ ਉਨ੍ਹਾਂ ਦੇ ਪਾਲਣ-ਪੋਸਣ ਲਈ ਮੈਂ ਹੋਰ ਜ਼ਿਆਦਾ ਕਮਾਉਣ ਦੀ ਕੋਸ਼ਿਸ਼ ਕਰਾਂਗਾ। ਉਸ ਦੇ ਮਾਂ-ਬਾਪ ਨੂੰ ਗੁਜ਼ਰਿਆਂ ਬਹੁਤ ਸਮਾਂ ਲੰਘ ਚੁੱਕਿਆ ਸੀ। ਉਸ ਦਾ ਭਾਈ ਭੈਣ ਕੋਈ ਨਹੀਂ ਸੀ। ਉਹ ਬਿਲਕੁਲ ਇਕੱਲਾ ਸੀ। ਸ਼ੁਰੂ ਸ਼ੁਰੂ ਵਿੱਚ ਜਦੋਂ ਕਿ ਉਹ ਦਸ ਸਾਲ ਦਾ ਸੀ, ਉਸਨੇ ਅਖ਼ਬਾਰ ਵੇਚਣੇ ਸ਼ੁਰੂ ਕਰ ਦਿੱਤੇ। ਉਸ ਤੋਂ ਪਿਛੋਂ ਖੋਮਚਾ ਲਾਇਆ, ਕੁਲਫੀਆਂ ਵੇਚੀਆਂ। ਜਦ ਉਸ ਦੇ ਕੋਲ ਇੱਕ ਹਜ਼ਾਰ ਰੁਪਿਆ ਹੋ ਗਿਆ ਤਾਂ ਉਸ ਨੇ ਇਕ ਛੋਟੀ ਜਿਹੀ ਦੁਕਾਨ ਕਿਰਾਏ ਉੱਪਰ ਲੈ ਲਈ ਅਤੇ ਮਨਿਆਰੀ ਦਾ ਸਾਮਾਨ ਖਰੀਦ ਕੇ ਬੈਠ ਗਿਆ।
ਆਦਮੀ ਈਮਾਨਦਾਰ ਸੀ। ਉਸ ਦੀ ਦੁਕਾਨ ਥੋੜੇ ਹੀ ਸਮੇਂ ਵਿੱਚ ਚਲ ਪਈ। ਜਿਥੋਂ ਤੀਕਰ ਆਮਦਨੀ ਦਾ ਸੰਬੰਧ ਸੀ ਉਹ ਉਸ ਤੋਂ ਬੇਫ਼ਿਕਰ ਸੀ। ਪਰੰਤੂ ਉਹ ਚਾਹੁੰਦਾ ਸੀ ਕਿ ਉਹ ਆਪਣਾ ਘਰ-ਘਾਟ ਬਣਾਵੇ। ਉਸ ਦੀ ਵਹੁਟੀ ਹੋਵੇ, ਬੱਚੇ ਹੋਣ ਅਤੇ ਉਨ੍ਹਾਂ ਲਈ ਵਧ ਤੋਂ ਵਧ ਕਮਾਉਣ ਦੀ ਕੋਸ਼ਿਸ਼ ਕਰੇ। ਇਸੇ ਲਈ ਉਸ ਦੀ ਜ਼ਿੰਦਗੀ ਮਕਾਨਕੀ ਜਿਹਾ ਰੂਪ ਧਾਰਨ ਕਰ ਗਈ ਸੀ। ਸਵੇਰੇ ਉਹ ਦੁਕਾਨ ਖੋਲ੍ਹਦਾ, ਗਾਹਕ ਆਉਂਦੇ, ਉਨ੍ਹਾਂ ਨੂੰ ਸੌਦਾ ਦਿੰਦਾ, ਸ਼ਾਮ ਨੂੰ ਹੱਟੀ ਵਧਾਉਂਦਾ ਅਤੇ ਇੱਕ ਛੋਟੀ ਜਿਹੀ ਕੋਠੜੀ ਵਿੱਚ ਜੋ ਉਸ ਨੇ ਸ਼ਰੀਫਪੁਰੇ ਵਿੱਚ ਲਈ ਹੋਈ ਸੀ, ਸੌਂ ਜਾਂਦਾ। ਗੰਜੇ ਦਾ ਢਾਬਾ ਸੀ। ਉਸ ਵਿੱਚ ਉਹ ਰੋਟੀ ਖਾਇਆ ਕਰਦਾ ਸੀ, ਉਹ ਵੀ ਸਿਰਫ਼ ਇਕੋ ਵਾਰੀ। ਸਵੇਰੇ ਹਾਜ਼ਰੀ ਉਹ ਜੈਮਲ ਸਿੰਘ ਦੇ ਕਟੜੇ ਵਿੱਚ ਸ਼ਾਝੇ ਹਲਵਾਈ ਦੀ ਦੁਕਾਨ ਉਪਰ ਕਰਦਾ। ਫਿਰ ਉਹ ਹੱਟੀ ਖੋਲ੍ਹਦਾ ਅਤੇ ਤਰਕਾਲਾਂ ਤੀਕਰ ਉਹ ਆਪਣੀ ਗੱਦੀ ਉੱਪਰ ਬੈਠਾ ਰਹਿੰਦਾ। ਉਸ ਵਿੱਚ ਵਿਆਹ ਦੀ ਇੱਛਾ ਅੰਗੜਾਈਆਂ ਲੈ ਰਹੀ ਸੀ, ਪਰੰਤੂ ਸਵਾਲ ਇਹ ਸੀ ਕਿ ਇਸ ਮਾਮਲੇ ਵਿੱਚ ਉਸ ਦੀ ਸਹਾਇਤਾ ਕੌਣ ਕਰੇ। ਅੰਮ੍ਰਿਤਸਰ ਵਿੱਚ ਉਸ ਦਾ ਯਾਰ-ਮਿੱਤਰ ਵੀ ਨਹੀਂ ਸੀ, ਜੋ ਉਸ ਲਈ ਯਤਨ ਕਰਦਾ।
ਉਹ ਬਹੁਤ ਪਰੇਸ਼ਾਨ ਸੀ। ਸ਼ਰੀਫਪੁਰੇ ਦੀ ਕੋਠੜੀ ਵਿੱਚ ਰਾਤ ਨੂੰ ਸੌਣ ਵੇਲੇ ਉਹ ਕਿੰਨੀ ਵਾਰ ਰੋਇਆ ਕਿ ਉਸ ਦੇ ਮਾਂ-ਪਿਉ ਇੰਨੀ ਛੇਤੀ ਮਰ ਗਏ। ਉਨ੍ਹਾਂ ਨੂੰ ਹੋਰ ਕੁਝ ਨਹੀਂ ਤਾਂ ਇਸ ਕੰਮ ਲਈ ਜ਼ਰੂਰ ਜਿਊਂਦਾ ਰਹਿਣਾ ਚਾਹੀਦਾ ਸੀ ਕਿ ਉਹ ਉਸ ਦੇ ਵਿਆਹ ਦਾ ਇੰਤਜ਼ਾਮ ਕਰ ਜਾਂਦੇ।
ਉਸ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਉਹ ਵਿਆਹ ਕਿਵੇਂ ਕਰਾਵੇ। ਉਹ ਬਹੁਤ ਦੇਰ ਤੀਕਰ ਸੋਚਦਾ ਰਿਹਾ। ਉਸ ਹੱਟੀ ਵਿਚੋਂ ਉਸ ਦੇ ਕੋਲ ਤਿੰਨ ਹਜ਼ਾਰ ਰੁਪਏ ਜਮ੍ਹਾਂ ਹੋ ਗਏ ਸੀ। ਉਸ ਨੇ ਇਕ ਛੋਟੇ ਜਿਹੇ ਘਰ ਨੂੰ ਜੋ ਅੱਛਾ ਖਾਸਾ ਸੀ ਕਿਰਾਏ ਉਪਰ ਲੈ ਲਿਆ, ਪਰੰਤੂ ਰਹਿੰਦਾ ਉਹ ਸ਼ਰੀਫ਼ਪੁਰੇ ਵਿੱਚ ਹੀ ਸੀ।
ਇਕ ਦਿਨ ਉਸ ਨੇ ਇਕ ਅਖ਼ਬਾਰ ਵਿੱਚ ਇੱਕ ਇਸ਼ਤਿਹਾਰ ਵੇਖਿਆ ਜਿਸ ਵਿੱਚ ਇਹ ਲਿਖਿਆ ਹੋਇਆ ਸੀ ਕਿ ਵਿਆਹ ਕਰਵਾਉਣ ਦੇ ਚਾਹਵਾਨ ਸਾਡੇ ਨਾਲ ਗੱਲਬਾਤ ਕਰਨ। ਬੀ. ਏ. ਪਾਸ, ਲੇਡੀ ਡਾਕਟਰ, ਹਰ ਕਿਸਮ ਦੇ ਰਿਸ਼ਤੇ ਸੰਭਵ ਹਨ, ਚਿੱਠੀ-ਪੱਤਰ ਕਰੋ ਜਾਂ ਆਪ ਆ ਕੇ ਮਿਲੋ।
ਐਤਵਾਰ ਨੂੰ ਉਹ ਦੁਕਾਨ ਨਹੀਂ ਖੋਲ੍ਹਦਾ ਸੀ। ਉਸ ਦਿਨ ਉਹ ਉਸ ਸਿਰਨਾਮੇ ਉਪਰ ਗਿਆ ਅਤੇ ਉਸ ਦੀ ਮੁਲਾਕਾਤ ਇੱਕ ਦਾੜੀ ਵਾਲੇ ਬਜ਼ੁਰਗ ਨਾਲ ਹੋਈ। ਅਲੀ ਮੁਹੰਮਦ ਨੇ ਆਪਣੀ ਗੱਲ ਕਹੀ। ਦਾੜ੍ਹੀ ਵਾਲੇ ਬਜ਼ੁਰਗ ਨੇ ਮੇਜ਼ ਦੀ ਦਰਾਜ ਖੋਲ੍ਹ ਕੇ ਬੀਹ ਜਾਂ ਪੱਚੀ ਤਸਵੀਰਾਂ ਕੱਢੀਆਂ ਅਤੇ ਉਸ ਨੂੰ ਇੱਕ ਇੱਕ ਕਰ ਕੇ ਵਿਖਾਈ ਕਿ ਉਹ ਉਨ੍ਹਾਂ ਵਿਚੋਂ ਕੋਈ ਪਸੰਦ ਕਰ ਲਵੇ। ਇਕ ਮੁਟਿਆਰ ਦੀ ਤਸਵੀਰ ਅਲੀ ਮੁਹੰਮਦ ਨੂੰ ਪਸੰਦ ਆ ਗਈ। ਛੋਟੀ ਉਮਰ ਦੀ ਹੋਰ ਸੁਹਣੀ ਸੀ। ਉਸ ਨੇ ਵਿਆਹ ਕਰਵਾਉਣ ਵਾਲੇ ਏਜੰਟ ਨੂੰ ਆਖਿਆ: ”ਜਨਾਬ! ਇਹ ਕੁੜੀ ਮੈਨੂੰ ਬਹੁਤ ਪਸੰਦ ਹੈ।”
ਏਜੰਟ ਮੁਸਕਰਾਇਆ,”ਤੂੰ ਇੱਕ ਹੀਰਾ ਚੁਣ ਲਿਆ ਹੈ।” ਅਲੀ ਮੁਹੰਮਦ ਨੂੰ ਇਸ ਤਰ੍ਹਾਂ ਲਗਿਆ ਕਿ ਉਹ ਲੜਕੀ ਉਸ ਦੀ ਬਗਲ ਵਿੱਚ ਹੈ। ਉਸ ਨੇ ਗਿੜਗਿੜਾਨਾ ਸ਼ੁਰੂ ਕਰ ਦਿੱਤਾ,”ਬਸ ਜਨਾਬ। ਹੁਣ ਤੁਸੀਂਂ ਗੱਲਬਾਤ ਪੱਕੀ ਕਰ ਲਓ।” ਏਜੰਟ ਸੰਜੀਦਾ ਹੋ ਗਿਆ,”ਦੇਖੋ ਬੇਟਾ। ਇਹ ਕੁੜੀ ਜੋ ਤੂੰ ਚੁਣੀ ਹੈ, ਸੁੰਦਰ ਹੋਣ ਤੋਂ ਸਿਵਾਇ ਇਕ ਬਹੁਤ ਵਡੇ ਖਾਨਦਾਨ ਨਾਲ ਸੰਬੰਧ ਰੱਖਦੀ ਹੈ, ਪਰੰਤੂ ਮੈਂ ਤੇਰੇ ਕੋਲੋਂ ਜ਼ਿਆਦਾ ਫ਼ੀਸ ਨਹੀਂ ਲਵਾਂਗਾ।”
”ਆਪ ਦੀ ਮਿਹਰਬਾਨੀ। ਮੈਂ ਮੁਹਤਾਜ ਮੁੰਡਾ ਹਾਂ। ਜੋ ਤੁਸੀਂ ਮੇਰਾ ਇਹ ਕੰਮ ਕਰ ਦਿਓ ਤਾਂ ਆਪ ਨੂੰ ਸਾਰੀ ਉਮਰ ਆਪਣਾ ਬਾਪ ਸਮਝਾਂਗਾ।”
ਏਜੰਟ ਦੇ ਮੁੱਛਾਂ ਭਰੇ ਬੁੱਲ੍ਹਾਂ ਉੱਪਰ ਫੇਰ ਮੁਸਕਰਾਹਟ ਆ ਗਈ।,”ਜਿਉਂਦੇ ਰਹੋ, ਮੈਂ ਤੇਰੇ ਕੋਲੋਂ ਸਿਰਫ਼ ਤਿੰਨ ਸੌ ਰੁਪਏ ਫ਼ੀਸ ਦੇ ਲਵਾਂਗਾ।”
ਅਲੀ ਮੁਹੰਮਦ ਨੇ ਬੜੇ ਸ਼ਰਧਾ ਪੂਰਵਕ ਢੰਗ ਨਾਲ ਕਿਹਾ ;’ਜਨਾਬ ਦਾ ਬਹੁਤ ਬਹੁਤ ਸ਼ੁਕਰੀਆ,ਮੈਨੂੰ ਮਨਜ਼ੂਰ ਹੈ।”
ਇਹ ਕਹਿ ਕੇ ਉਸ ਨੇ ਜੇਬ ‘ਚੋਂ ਤਿੰਨ ਨੋਟ ਸੌ ਸੌ ਰੁਪਏ ਦੇ ਕੱਢੇ ਅਤੇ ਉਸ ਬੁੱਢੇ ਮਨੁੱਖ ਨੂੰ ਦੇ ਦਿੱਤੇ।
ਮਿਤੀ ਵੀ ਨੀਯਤ ਕੀਤੀ ਗਈ, ਨਿਕਾਹ ਹੋਇਆ, ਵਿਦਾ ਵੀ ਹੋ ਗਈ। ਅਲੀ ਮੁਹੰਮਦ ਨੇ ਜੋ ਛੋਟਾ ਜਿਹਾ ਮਕਾਨ ਕਿਰਾਏ ਉੱਪਰ ਲੈ ਲਿਆ, ਹੁਣ ਸਜਿਆ ਹੋਇਆ ਸੀ।ਉਹ ਬੜੇ ਚਾਅ ਨਾਲ ਉਸ ਵਿੱਚ ਆਪਣੀ ਨਵ-ਵਿਆਹੀ ਵਹੁਟੀ ਲੈ ਕੇ ਆਇਆ।
ਪਹਿਲੀ ਰਾਤ ਦਾ ਹਾਲ ਪਤਾ ਨਹੀਂ ਕਿ ਉਸ ਦਾ ਦਿਲ ਕਿਸ ਪ੍ਰਕਾਰ ਦਾ ਸੀ, ਪਰੰਤੂ ਜਦੋਂ ਉਸ ਨੇ ਨਵ-ਵਿਆਹੀ ਵਹੁਟੀ ਦਾ ਘੁੰਡ ਆਪਣੇ ਕੰਬਦੇ ਹੋਏ ਹੱਥਾਂ ਨਾਲ ਉਠਾਇਆ ਤਾਂ ਉਸ ਨੂੰ ਚੱਕਰ ਜਿਹਾ ਆ ਗਿਆ।
ਬਹੁਤ ਹੀ ਭੱਦੀ ਜਿਹੀ ਇਸਤਰੀ ਸੀ। ਇਹ ਗੱਲ ਪ੍ਰਤੱਖ ਹੈ ਕਿ ਉਸ ਬਿਰਧ ਆਦਮੀ ਨੇ ਉਸ ਦੇ ਨਾਲ ਧੋਖਾ ਕੀਤਾ ਸੀ। ਅਲੀ ਮੁਹੰਮਦ ਲੜਖੜਾਉਂਦਾ ਕਮਰੇ ਚੋਂ ਬਾਹਰ ਨਿਕਲ ਗਿਆ ਅਤੇ ਸ਼ਰੀਫਪੁਰੇ ਜਾ ਕੇ ਆਪਣੀ ਕੋਠੜੀ ਵਿੱਚ ਦੇਰ ਤੀਕਰ ਸੋਚਦਾ ਰਿਹਾ। ਜਾ ਕੇਆਪਣੀ ਕੋਠੜੀ ਵਿੱਚ ਦੇਰ ਤੀਕਰ ਸੋਚਦਾ ਰਿਹਾ। ਇਹ ਹੋਇਆ ਕੀ ਹੈ, ਉਸ ਦੀ ਸਮਝ ਵਿੱਚ ਕੁਝ ਵੀ ਨਾ ਆਇਆ।
ਉਸ ਨੇ ਆਪਣੀ ਦੁਕਾਨ ਖੋਲ੍ਹੀ,ਦੋ ਹਜ਼ਾਰ ਰੁਪਏ ਉਹ ਉਸੇ ਰਾਤ ਨੂੰ ਆਪਣੀ ਵਹੁਟੀ ਦਾ ਮੁੱਲ ਦੇ ਚੁੱਕਿਆ ਸੀ ਅਤੇ ਤਿੰਨ ਸੌ ਰੁਪਏ ਉਸ ਬੁੱਢੇ ਏਜੰਟ ਨੂੰ ਜਾ ਚੁੱਕੇ ਸਨ। ਹੁਣ ਉਸ ਦੇ ਕੋਲ ਕੇਵਲ ਸੱਤ ਸੌ ਰੁਪਏ ਸਨ। ਉਹ ਇਤਨਾ ਦੁਖੀ ਹੋ ਗਿਆ ਸੀ ਕਿ ਉਸ ਨੇ ਸੋਚਿਆ ਕਿ ਉਹ ਸ਼ਹਿਰ ਹੀ ਛੱਡ ਦੇਵੇ। ਉਹ ਸਾਰੀ ਰਾਤ ਜਾਗਦਾ ਰਿਹਾ ਅਤੇ ਸੋਚਦਾ ਰਿਹਾ। ਇਹ ਹੋਇਆ ਕੀ ਹੈ? ਉਸ ਦੀ ਸਮਝ ਵਿੱਚ ਕੁਝ ਵੀ ਨਾ ਆਇਆ। ਅਖ਼ੀਰ ਨੂੰ ਉਸ ਨੇ ਫੈਸਲਾ ਕਰ ਹੀ ਲਿਆ।
ਸਵੇਰੇ ਦਸ ਬਜੇ ਉਸ ਨੇ ਆਪਣੀ ਦੁਕਾਨ ਇੱਕ ਆਦਮੀ ਨੂੰ ਪੰਜ ਹਜ਼ਾਰ ਰੁਪਏ ਵਿੱਚ ਅਰਥਾਤ ਐਵੇਂ ਦੋ ਭਾਅ ਵਿੱਚ ਵੇਚ ਦਿੱਤੀ ਅਤੇ ਟਿਕਟ ਲੈ ਕੇ ਲਾਹੌਰ ਚਲਿਆ ਗਿਆ। ਲਾਹੌਰ ਜਾਂਦੇ ਹੋਏ ਗਲੀ ਵਿੱਚ ਕਿਸੇ ਜੇਬ ਕਤਰੇ ਨੇ ਬੜੀ ਸਫ਼ਾਈ ਨਾਲ ਉਸ ਦੇ ਸਾਰੇ ਰੁਪਏ ਕੱਢ ਲਏ। ਉਹ ਬਹੁਤ ਪਰੇਸ਼ਾਨ ਹੋਇਆ, ਪਰੰਤੂ ਉਸ ਨੇ ਸੋਚਿਆ ਸ਼ਾਇਦ ਖ਼ੁਦਾ ਨੂੰ ਇਹੋ ਮਨਜ਼ੂਰ ਸੀ।
ਲਾਹੌਰ ਪਹੁੰਚਿਆ ਤਾਂ ਉਸ ਦੀ ਦੂਸਰੀ ਜੇਬ ਵਿੱਚ ਜੇ ਕਤਰੀ ਨਹੀਂ ਗਈ ਸੀ। ਸਿਰਫ਼ ਦਸ ਰੁਪਏ ਗਿਆਰਾਂ ਆਨੇ ਸੀ। ਇਸ ਨਾਲ ਉਸ ਨੇ ਕੁਝ ਦਿਨ ਗੁਜ਼ਾਰਾ ਕੀਤਾ ਪਰੰਤੂ ਪਿਛੋਂ ਭੁੱਖਿਆਂ ਮਰਨ ਤੀਕਰ ਦੀ ਨੌਬਤ ਆ ਗਈ।
ਇਸ ਵਿਚਕਾਰ ਉਸ ਨੇ ਕਿਤੇ ਨਾ ਕਿਤੇ ਨੌਕਰੀ ਕਰ ਲੈਣ ਦੀ ਕੋਸ਼ਿਸ਼ ਕੀਤੀ, ਪਰੰਤੂ ਅਸਫ਼ਲ ਰਿਹਾ। ਉਹ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਆਤਮ-ਹੱਤਿਆ ਦਾ ਇਰਾਦਾ ਧਾਰ ਲਿਆ, ਪਰੰਤੂ ਉਸ ਵਿੱਚ ਇਤਨੀ ਹਿੰਮਤ ਨਹੀਂ ਸੀ। ਫਿਰ ਵੀ ਉਹ ਇੱਕ ਰਾਤ ਨੂੰ ਰੇਲ ਦੀ ਪਟੜੀ ਉਪਰ ਲੇਟ ਗਿਆ। ਗੱਡੀ ਆ ਰਹੀ ਸੀ। ਪਰੰਤੂ ਕਾਂਟਾ ਬਦਲਿਆ ਅਤੇ ਉਹ ਦੂਸਰੀ ਲਾਈਨ ਉੱਪਰ ਚਲੀ ਗਈ। ਕਿਉਂਕਿ ਉਸ ਨੇ ਉਧਰ ਹੀ ਜਾਣਾ ਸੀ।
ਉਸ ਨੇ ਸੋਚਿਆ ਕਿ ਮੌਤ ਵੀ ਧੋਖਾ ਦੇ ਜਾਂਦੀ ਹੈ। ਇਸ ਲਈ ਉਸ ਨੇ ਆਤਮ-ਹੱਤਿਆ ਦਾ ਵਿਚਾਰ ਛੱਡ ਦਿੱਤਾ ਤੇ ਹਲਦੀ ਅਤੇ ਮਿਰਚਾਂ ਪੀਸਨੇ ਵਾਲੀ ਇੱਕ ਚੱਕੀ ਉੱਪਰ ਬੀਹ ਰੁਪਏ ਮਹੀਨੇ ਉੱਪਰ ਨੌਕਰੀ ਕਰ ਲਈ।
ਉਥੇ ਉਸ ਨੂੰ ਪਹਿਲੇ ਹੀ ਦਿਨ ਮਹਿਸੂਸ ਹੋ ਗਿਆ ਕਿ ਦੁਨੀਆਂ ਧੋਖਾ ਹੀ ਧੋਖਾ ਹੈ। ਹਲਦੀ ਵਿੱਚ ਪੀਲੀ ਮਿੱਟੀ ਦੀ ਮਿਲਾਵਟ ਕੀਤੀ ਜਾਂਦੀ ਸੀ ਅਤੇ ਮਿਰਚਾਂ ਵਿੱਚ ਲਾਲ ਇੱਟਾਂ ਦੀ। ਦੋ ਸਾਲ ਤੀਕਰ ਉਸ ਚੱਕੀ ਉਪਰ ਕੰਮ ਕਰਦਾ ਰਿਹਾ। ਉਸ ਦਾ ਮਾਲਕ ਘੱਟ ਤੋਂ ਘੱਟ ਸੱਤ ਸੌ ਰੁਪਿਆ ਕਮਾਉਂਦਾ ਸੀ। ਉਸ ਦੇ ਦਰਮਿਆਨ ਅਲੀ ਮੁਹੰਮਦ ਨੇ ਪੰਜ ਸੌ ਰੁਪਏ ਕਮਾ ਕੇ ਰੱਖ ਲਏ। ਇੱਕ ਦਿਨ ਉਸ ਨੇ ਸੋਚਿਆ ਕਿ ਜਦ ਸਾਰੀ ਦੁਨੀਆਂ ਵਿੱਚ ਧੋਖਾ ਹੀ ਧੋਖਾ ਹੈ ਤਾਂ ਉਹ ਵੀ ਕਿਉਂ ਨਾ ਧੋਖਾ ਦੇ।
ਇਸ ਲਈ ਉਸ ਨੇ ਇੱਕ ਅਲੱਗ ਚੱਕੀ ਖੜੀ ਕਰ ਦਿੱਤੀ ਅਤੇ ਉਸ ਨੇ ਹਲਦੀ ਅਤੇ ਮਿਰਚਾਂ ਵਿੱਚ ਮਿਲਾਵਟ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਦੀ ਆਮਦਨੀ ਕਾਫ਼ੀ ਚੰਗੀ ਸੀ। ਉਸ ਨੂੰ ਸ਼ਾਦੀ ਦਾ ਕਈ ਬਾਰ ਖ਼ਿਆਲ ਆਇਆ ਪਰੰਤੂ ਜਦੋਂ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਪਹਿਲੀ ਰਾਤ ਦਾ ਨਕਸ਼ਾ ਆਇਆ ਤਾਂ ਉਹ ਕੰਬ ਜਿਹਾ ਗਿਆ।
ਅਲੀ ਮੁਹੰਮਦ ਖ਼ੁਸ਼ ਸੀ। ਉਸ ਨੇ ਧੋਖਾ-ਧੜੀ ਪੂਰੀ ਤਰ੍ਹਾਂ ਸਿੱਖ ਲਈ ਸੀ। ਉਸ ਨੂੰ ਹੁਣ ਇਸ ਦੇ ਸਾਰੇ ਗੁਰ ਮਾਲੂਮ ਹੋ ਗਏ ਸੀ। ਇੱਕ ਮਣ ਲਾਲ ਮਿਰਚ ਵਿੱਚ ਕਿੰਨੀਆਂ ਇੱਟਾਂ ਪੀਸਣੀਆਂ ਚਾਹੀਦੀਆਂ ਹਨ, ਹਲਦੀ ਵਿੱਚ ਕਿੰਨੀ ਪੀਲੀ ਮਿੱਟੀ ਪਾਉਣੀ ਚਾਹੀਦੀ ਹੈ ਅਤੇ ਫਿਰ ਤੋਲ ਦਾ ਹਿਸਾਬ, ਇਹ ਉਸ ਨੂੰ ਹੁਣ ਚੰਗੀ ਤਰ੍ਹਾਂ ਪਤਾ ਸੀ।
ਪਰੰਤੂ ਇਕ ਦਿਨ ਉਸ ਦੀ ਢੱਕੀ ਉਪਰ ਛਾਪਾ ਪਿਆ। ਹਲਦੀ ਅਤੇ ਮਿਰਚਾਂ ਦੇ ਨਮੂਨੇ ਬੋਤਲਾਂ ਵਿੱਚ ਪਾ ਕੇ ਮੂੰਹ ਬੰਦ ਕੀਤੇ ਗਏ ਅਤੇ ਜਦੋਂ ਕੈਮੀਕਲ ਐਗਜ਼ਾਮਿਨਰ ਦੀ ਰਿਪੋਰਟ ਆਈ ਕਿ ਉਸ ਵਿੱਚ ਮਿਲਾਵਟ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਸ ਦਾ ਲਾਹੌਰ ਵਿੱਚ ਕੌਣ ਸੀ ਜੋ ਉਸ ਦੀ ਜ਼ਮਾਨਤ ਦਿੰਦਾ। ਕਈ ਦਿਨ ਹਵਾਲਾਤ ਵਿੱਚ ਬੰਦ ਰਿਹਾ। ਆਖ਼ਰ ਮੁਕੱਦਮਾ ਅਦਾਲਤ ਵਿੱਚ ਪੇਸ਼ ਹੋਇਆ ਅਤੇ ਉਸ ਨੂੰ ਤਿੰਨ ਸੌ ਰੁਪਏ ਜੁਰਮਾਨਾ ਅਤੇ ਇਕ ਮਹੀਨੇ ਦੀ ਸਖ਼ਤ ਸਜ਼ਾ ਹੋਈ। ਜੁਰਮਾਨਾ ਉਸ ਨੇ ਅਦਾ ਕਰ ਦਿੱਤਾ, ਪਰੰਤੂ ਇੱਕ ਮਹੀਨੇ ਦੀ ਕਰੜੀ ਸਜ਼ਾ ਉਸ ਨੂੰ ਭੁਗਤਣੀ ਹੀ ਪਈ। ਇਹ ਇੱਕ ਮਹੀਨਾ ਉਸ ਦੀ ਜ਼ਿੰਦਗੀ ਵਿੱਚ ਕਾਫ਼ੀ ਕਰੜਾ ਅਤੇ ਕਠਨ ਸੀ। ਇਸ ਦਰਮਿਆਨ ਅਕਸਰ ਉਹ ਸੋਚਿਆ ਕਰਦਾ ਸੀ ਕਿ ਉਸ ਨੇ ਬੇਈਮਾਨੀ ਕਿਉਂ ਕੀਤੀ ਜਦੋਂ ਉਸ ਨੇ ਆਪਣੀ ਜ਼ਿੰਦਗੀ ਦਾ ਇਹ ਅਸੂਲ ਬਣਾਇਆ ਸੀ ਕਿ ਉਹ ਕਦੇ ਵੀ ਧੋਖਾ-ਧੜੀ ਨਹੀਂ ਕਰੇਗਾ।
ਫਿਰ ਉਹ ਸੋਚਦਾ ਕਿ ਉਸ ਨੂੰ ਆਪਣੀ ਜ਼ਿੰਦਗੀ ਖ਼ਤਮ ਕਰ ਲੈਣੀ ਚਾਹੀਦੀ ਹੈ। ਇਸ ਲਈ ਕਿ ਉਹ ਇਧਰ ਦਾ ਰਿਹਾ ਨਾ ਉਧਰ ਦਾ ਕਿਉਂਕਿ ਉਸ ਦਾ ਚਰਿੱਤਰ ਠੀਕ ਨਹੀਂ। ਚੰਗਾ ਇਹੀ ਹੈ ਕਿ ਉਹ ਮਰ ਜਾਏ ਤਾਂ ਕਿ ਫਿਰ ਉਹ ਕੋਈ ਬੁਰਿਆਈ ਨਾ ਕਰ ਸਕੇ।
ਜਦੋਂ ਉਹ ਜੇਲ੍ਹ ਤੋਂ ਬਾਹਰ ਨਿਕਲਿਆ ਤਾਂ ਉਹ ਮਜ਼ਬੂਤ ਇਰਾਦਾ ਕਰ ਚੁੱਕਿਆ ਸੀ ਕਿ ਉਹ ਆਤਮ-ਹੱਤਿਆ ਕਰੇਗਾ ਤਾਂ ਕਿ ਸਾਰਾ ਝੰਜਟ ਹੀ ਖ਼ਤਮ ਹੋਵੇ। ਇਸ ਲਈ ਉਸ ਨੇ ਸੱਤ ਦਿਨ ਮਜ਼ਦੂਰੀ ਕੀਤੀ ਅਤੇ ਦੋ, ਤਿੰਨ ਰੁਪਏ ਆਪਣਾ ਪੇਟ ਕੱਟ ਕੱਟ ਕੇ ਜਮ੍ਹਾਂ ਕੀਤੇ। ਇਸ ਤੋਂ ਪਿਛੋਂ ਉਸ ਨੇ ਸੋਚਿਆ, ਕਿਸ ਪ੍ਰਕਾਰ ਦਾ ਜ਼ਹਿਰ ਕਾਰਆਮਦ ਹੋ ਸਕਦਾ ਹੈ। ਉਸ ਨੇ ਕੇਵਲ ਇਕੋ ਜ਼ਹਿਰ ਦਾ ਨਾਮ ਸੁਣਿਆ ਸੀ ਜੋ ਬੜਾ ਖ਼ਤਰਨਾਕ ਹੁੰਦਾ ਹੈ ਅਤੇ ਉਹ ਕੀ ਸੰਖੀਆ। ਪਰੰਤੂ ਉਹ ਸੰਖੀਆਂ ਕਿਥੋਂ ਮਿਲਦਾ?
ਉਸ ਨੇ ਬਹੁਤ ਕੋਸ਼ਿਸ਼ ਕੀਤੀ, ਆਖ਼ਰ ਉਸ ਨੂੰ ਇੱਕ ਦੁਕਾਨ ਤੋਂ ਸੰਖੀਆਂ ਮਿਲ ਗਿਆ। ਉਸ ਨੇ ਸ਼ਾਮ ਦੀ ਨਮਾਜ਼ ਪੜ੍ਹੀ ਅਤੇ ਪ੍ਰਮਾਤਮਾ ਤੋਂ ਆਪਣੇ ਗੁਨਾਹਾਂ ਦੀ ਖਿਮਾ ਮੰਗੀ ਕਿ ਉਹ ਹਲਦੀ ਅਤੇ ਮਿਰਚਾਂ ਵਿੱਚ ਮਿਲਾਵਟ ਕਰਦਾ ਰਿਹਾ। ਫਿਰ ਰਾਤ ਨੂੰ ਉਸ ਨੇ ਸੰਖੀਆ ਖਾਇਆ ਅਤੇ ਫੁਟ-ਪਾਥ ਉਪਰ ਸੌਂ ਗਿਆ।
ਉਸ ਨੇ ਸੁਣਿਆ ਸੀ ਕਿ ਸੰਖੀਆ ਖਾਣ ਵਾਲੇ ਦੇ ਮੂੰਹ ਤੋਂ ਝੱਗ ਨਿਕਲਦੀ ਹੈ, ਸਰੀਰ ਆਕੜ ਜਾਂਦਾ ਹੈ ਅਤੇ ਬੜੀ ਹੀ ਤਕਲੀਫ਼ ਹੁੰਦੀ ਹੈ। ਪਰੰਤੂ ਉਸ ਨੂੰ ਕੁਝ ਵੀ ਨਾ ਹੋਇਆ। ਸਾਰੀ ਰਾਤ ਉਹ ਆਪਣੀ ਮੌਤ ਦਾ ਇੰਤਜ਼ਾਰ ਕਰਦਾ ਰਿਹਾ ਪਰੰਤੂ ਉਹ ਨਾ ਆਈ।
ਸਵੇਰੇ ਉਠ ਕੇ ਉਹ ਉਸੇ ਦੁਕਾਨਦਾਰ ਦੇ ਕੋਲ ਗਿਆ ਜਿਸ ਤੋਂ ਉਸ ਨੇ ਸੰਖੀਆ ਖਰੀਦਿਆ ਸੀ ਅਤੇ ਉਸ ਤੋਂ ਪੁੱਛਿਆ-”ਭਾਈ ਸਾਹਿਬ। ਇਹ ਤੂੰ ਮੈਨੂੰ ਕੈਸਾ ਸੰਖੀਆ ਦਿੱਤਾ ਕਿ ਮੈਂ ਹੁਣ ਤੀਕਰ ਨਹੀਂ ਮਰਿਆ?”
ਦੁਕਾਨਦਾਰ ਨੇ ਆਹ ਭਰ ਕੇ ਬੜੇ ਦੁੱਖ ਭਰੇ ਲਹਿਜੇ ਵਿੱਚ ਕਿਹਾ,’ਕੀ ਕਹਾਂ ਮੇਰੇ ਭਾਈ,ਅੱਜ ਕਲ੍ਹ ਹਰ ਚੀਜ਼ ਨਕਲੀ ਹੁੰਦੀ ਹੈ-ਹਾਂ ਉਸ ਵਿੱਚ ਮਿਲਾਵਟ ਹੁੰਦੀ ਹੈ।’

ਸਆਦਤ ਹਸਨ ਮੰਟੋ
(ਅਨੁਵਾਦ: ਪ੍ਰੋ. ਗੁਰਮੇਲ ਸਿੰਘ)

ਟੀਟਵਾਲ ਦਾ ਕੁੱਤਾ

by Sandeep Kaur April 3, 2020

ਕਈ ਦਿਨਾਂ ਤੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਪਣੇ-ਆਪਣੇ ਮੋਰਚਿਆਂ ਵਿਚ ਡਟੀਆਂ ਹੋਈਆਂ ਸਨ। ਦਿਨ ਵਿਚ ਓਧਰੋਂ ਅਤੇ ਇਧਰੋਂ ਦਸ ਬਾਰਾਂ ਫ਼ਾਇਰ ਹੋ ਜਾਂਦੇ ਸਨ ਜਿਨ੍ਹਾਂ ਨਾਲ ਕੋਈ ਮਨੁੱਖੀ ਚੀਕ ਬੁਲੰਦ ਨਹੀਂ ਸੀ ਹੁੰਦੀ। ਮੌਸਮ ਬੜਾ ਸੁਹਾਵਣਾ ਸੀ। ਪੰਛੀ ਚਹਿਕ ਰਹੇ ਸਨ। ਫੁੱਲ ਉਸੇ ਤਰ੍ਹਾਂ ਖਿੜ ਰਹੇ ਸਨ।
ਸਤੰਬਰ ਦਾ ਅੰਤ ਅਕਤੂਬਰ ਦੇ ਅਰੰਭ ਨਾਲ ਬੜੇ ਗੁਲਾਬੀ ਅੰਦਾਜ਼ ‘ਚ ਗਲੇ ਮਿਲ ਰਿਹਾ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸਰਦੀ ਅਤੇ ਗਰਮੀ ਦੇ ਮੌਸਮ ਵਿਚ ਸੁਲਾਹ ਸਫਾਈ ਹੋ ਰਹੀ ਹੈ।
ਪਹਾੜੀ ਮੋਰਚਿਆਂ ‘ਚ ਦੋਹਾਂ ਪਾਸਿਆਂ ਦੇ ਸਿਪਾਹੀ ਕਈ ਦਿਨਾਂ ਤੋਂ ਬੜੀ ਕੋਫ਼ਤ ਮਹਿਸੂਸ ਕਰ ਰਹੇ ਸਨ ਕਿ ਕੋਈ ਨਿਰਣਾਇਕ ਗੱਲ ਹੋਂਦ ਵਿਚ ਕਿਉਂ ਨਹੀਂ ਆਉਂਦੀ?
ਸਿਪਾਹੀ ਪੱਥਰੀਲੀ ਜ਼ਮੀਨ ਉਤੇ ਪੁੱਠੇ ਸਿੱਧੇ ਲੇਟੇ ਰਹਿੰਦੇ ਸਨ ਅਤੇ ਜਦੋਂ ਹੁਕਮ ਮਿਲਦਾ ਸੀ ਇਕ ਦੋ ਫ਼ਾਇਰ ਕਰ ਦਿੰਦੇ ਸਨ। ਗੋਲੀਆਂ ਪੂਰੀ ਰਫ਼ਤਾਰ ਨਾਲ ਆਉਂਦੀਆਂ ਸਨ ਅਤੇ ਪੱਥਰਾਂ ਦੀ ਢਾਲ ਨਾਲ ਟਕਰਾਉਂਦੀਆਂ ਸਨ। ਦੋਵੇਂ ਪਹਾੜੀਆਂ, ਜਿਨ੍ਹਾਂ ਉਤੇ ਮੋਰਚੇ ਸਨ ਇਕੋ ਜਿੰਨੀਆਂ ਉਚੀਆਂ ਸਨ। ਵਿਚਕਾਰ ਇਕ ਹਰੀ ਭਰੀ ਘਾਟੀ ਸੀ ਜਿਸ ਦੀ ਛਾਤੀ ਉਤੇ ਇਕ ਨਾਲਾ ਮੋਟੇ ਸੱਪ ਵਾਗ ਟੁਰਦਾ ਸੀ।
ਹਵਾਈ ਜਹਾਜਾਂ ਦਾ ਕੋਈ ਖ਼ਤਰਾ ਨਹੀਂ ਸੀ। ਤੋਪਾਂ ਦੋਹਾਂ ਕੋਲ ਨਹੀਂ ਸਨ। ਇਸ ਲਈ ਦੁਵੱਲੀ ਨਿਡਰਤਾ ਨਾਲ ਅੱਗ ਬਾਲੀ ਜਾਂਦੀ ਸੀ। ਰਾਤ ਨੂੰ ਬਿਲਕੁਲ ਚੁੱਪ-ਚਾਂ ਹੁੰਦੀ ਸੀ, ਇਸ ਲਈ ਦੋਹਾਂ ਮੋਰਚਿਆਂ ਦੇ ਸਿਪਾਹੀਆਂ ਨੂੰ ਇਕ ਦੂਜੇ ਦੀ ਗੱਲ ‘ਤੇ ਹੱਸਣ ਦੀ ਆਵਾਜ਼ ਵੀ ਸੁਣ ਪੈਂਦੀ ਸੀ। ਕਦੀ ਕੋਈ ਸਿਪਾਹੀ ਰਓਂ ਵਿਚ ਆ ਕੇ ਗਾਉਣ ਲੱਗਦਾ ਸੀ ਤਾਂ ਉਸਦੀ ਆਵਾਜ਼ ਰਾਤ ਦੀ ਖ਼ਾਮੋਸ਼ੀ ਨੂੰ ਜਗਾ ਦਿੰਦੀ ਸੀ।
ਚਾਹ ਦਾ ਦੌਰ ਖ਼ਤਮ ਹੋ ਚੁੱਕਾ ਸੀ। ਪੱਥਰ ਦੇ ਚੁੱਲ੍ਹੇ ਵਿਚ ਕੋਲੇ ਬੁਝ ਚੁੱਕੇ ਸਨ। ਸਭ ਕੰਬਲ ਤਾਣ ਕੇ ਸੌਂ ਰਹੇ ਸਨ ਪਰ ਕੁੱਝ ਇਸ ਤਰ੍ਹਾਂ ਕਿ ਮਾੜੇ ਜਿਹੇ ਇਸ਼ਾਰੇ ਨਾਲ ਉਠ ਕੇ ਲੜਨ ਮਰਨ ਲਈ ਤਿਆਰ ਹੋ ਸਕਦੇ ਸਨ। ਜਮਾਂਦਾਰ ਹਰਨਾਮ ਸਿੰਘ ਆਪ ਪਹਿਰੇ ‘ਤੇ ਸੀ। ਉਸ ਦੀ ਘੜੀ ਵਿਚ ਦੋ ਵੱਜੇ ਤਾਂ ਉਹਨੇ ਗੰਡਾ ਸਿੰਘ ਨੂੰ ਜਗਾਇਆ ਤੇ ਪਹਿਰੇ ‘ਤੇ ਲਾ ਦਿੱਤਾ। ਉਹਦਾ ਜੀਅ ਚਾਹੁੰਦਾ ਸੀ ਕਿ ਸੌ ਜਾਏ ਪਰ ਜਦੋਂ ਲੇਟਿਆ ਤਾਂ ਅੱਖਾਂ ਚੋਂ ਨੀਂਦਰ ਇੰਨੀ ਦੂਰ ਸੀ ਜਿੰਨੇ ਅਸਮਾਨ ਦੇ ਤਾਰੇ। ਜਮਾਂਦਾਰ ਸਿੱਧਾ ਲੇਟਿਆ ਤਾਰਿਆਂ ਵੱਲ ਵੇਖਦਾ ਰਿਹਾ… ਅਤੇ ਗੌਣ ਲੱਗਾ….
ਜੁੱਤੀ ਲੈਣੀ ਆ ਸਿਤਾਰਿਆਂ ਵਾਲੀ
ਸਿਤਾਰਿਆਂ ਵਾਲੀ ਵੇ
ਹਰਨਾਮ ਸਿੰਘ ਹੋ ਯਾਰਾ,
ਭਾਵੇਂ ਤੇਰੀ ਮਹਿੰ ਵਿਕ ਜਾਏ।
ਅਤੇ ਹਰਨਾਮ ਸਿੰਘ ਨੂੰ ਅਸਮਾਨ ਵਿਚ ਹਰ ਪਾਸੇ ਸਿਤਾਰਿਆਂ ਵਾਲੀਆਂ ਜੁੱਤੀਆਂ ਨਜ਼ਰ ਆਈਆਂ।
ਜੁੱਤੀ ਲੈ ਦਿਉਂ ਸਿਤਾਰਿਆਂ ਵਾਲੀ
ਨੀ ਹਰਨਾਮ ਕੁਰੇ, ਹੋ ਨਾਰੇ,
ਭਾਵੇਂ ਮੇਰੀ ਮਹਿੰ ਵਿਕ ਜਾਏ।
ਇਹ ਗਾ ਕੇ ਉਹ ਹੱਸਿਆ। ਫਿਰ ਇਹ ਸੋਚ ਕੇ ਕਿ ਨੀਂਦਰ ਨਹੀਂ ਆਉਣੀ ਉਹਨੇ ਉਠ ਕੇ ਸਾਰਿਆਂ ਨੂੰ ਜਗਾ ਦਿੱਤਾ। ਨਾਰ ਦੇ ਜ਼ਿਕਰ ਨੇ ਉਹਦੇ ਦਿਮਾਗ ਵਿਚ ਹਲਚਲ ਮਚਾ ਦਿੱਤੀ ਸੀ। ਉਹ ਚਾਹੁੰਦਾ ਸੀ ਕਿ ਊਟ ਪਆਂਗ ਗੱਲਾਂ ਹੋਣ ਜਿਨ੍ਹਾਂ ਨਾਲ ਇਸ ਬੋਲੀ ਦੀ ਹਰਨਾਮ ਕੌਰੀ ਸਥਿਤੀ ਪੈਦਾ ਹੋ ਜਾਵੇ। ਖ਼ੈਰ ਗੱਲਾਂ ਸ਼ੁਰੂ ਹੋਈਆਂ ਪਰ ਬੇਸਵਾਦੀਆਂ। ਬੰਤਾ ਸਿੰਘ, ਜੋ ਇਨ੍ਹਾਂ ਚੋਂ ਸਭ ਤੋਂ ਘੱਟ ਉਮਰ ਦਾ ਸੀ ਅਤੇ ਉਸਦੀ ਆਵਾਜ਼ ਬੜੀ ਸੁਰੀਲੀ ਸੀ, ਇਕ ਪਾਸੇ ਹਟ ਕੇ ਬਹਿ ਗਿਆ। ਬਾਕੀ ਜਣੇ ਗੱਲਾਂ ਕਰਦੇ ਰਹੇ। ਕੁੱਝ ਚਿਰ ਪਿਛੋਂ ਬੰਤਾ ਸਿੰਘ ਨੇ ਇਕਦਮ ਪੁਰਸੋਜ਼ ਆਵਾਜ਼ ‘ਚ ਹੀਰ ਗਾਉਣੀ ਸ਼ੁਰੂ ਕਰ ਦਿੱਤੀ…
ਹੀਰ ਆਖਿਆ ਜੋਗੀਆ ਝੂਠ ਬੋਲੇਂ….
ਬੰਤਾ ਸਿੰਘ ਨੇ ਜਿਸ ਤਰ੍ਹਾਂ ਇਕਦਮ ਗੌਣਾ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਇਕ ਦਮ ਚੁੱਪ ਹੋ ਗਿਆ। ਜਮਾਂਦਾਰ ਹਰਨਾਮ ਸਿੰਘ ਨੇ ਕਿਸੇ ਅਣਦਿਸਦੀ ਸ਼ੈਅ ਨੂੰ ਮੋਟੀ ਸਾਰੀ ਗਾਲ੍ਹ ਕੱਢੀ ਤੇ ਲੇਟ ਗਿਆ। ਅਚਾਨਕ ਰਾਤ ਦੇ ਅਖੀਰਲੇ ਪਹਿਰ ਦੇ ਇਸ ਉਦਾਸ ਵਾਤਾਵਰਣ ਵਿਚ ਕੁੱਤੇ ਦੇ ਭੌਂਕਣ ਦੀ ਆਵਾਜ਼ ਗੂੰਜੀ। ਸਭ ਚੌਕੰਨੇ ਹੋ ਗਏ। ਆਵਾਜ਼ ਨੇੜਿਓਂ ਆਈ ਸੀ। ਹਰਨਾਮ ਸਿੰਘ ਨੇ ਬਹਿ ਕੇ ਆਖਿਆ, ”ਇਹ ਕਿਥੋਂ ਆ ਗਿਆ ਭੌਂਕੂ?”
ਕੁੱਤਾ ਫਿਰ ਭੌਂਕਿਆ। ਹੁਣ ਉਸ ਦੀ ਆਵਾਜ਼ ਹੋਰ ਵੀ ਨੇੜਿਓਂ ਆਈ ਸੀ। ਕੁੱਝ ਪਲਾਂ ਪਿਛੋਂ ਝਾੜੀਆਂ ‘ਚ ਖੜਕਾ ਹੋਇਆ। ਬੰਤਾ ਸਿੰਘ ਉਠਿਆ ਅਤੇ ਝਾੜੀਆਂ ਵੱਲ ਵਧਿਆ। ਜਦੋਂ ਮੁੜ ਕੇ ਆਇਆ ਤਾਂ ਉਹਦੇ ਨਾਲ ਇਕ ਅਵਾਰਾ ਜਿਹਾ ਕੁੱਤਾ ਸੀ ਜਿਸਦੀ ਪੂਛ ਹਿੱਲ ਰਹੀ ਸੀ। ਉਹ ਮੁਸਕਰਾਇਆ, ”ਜਮਾਂਦਾਰ ਸਾਹਿਬ! ਮੈਂ ‘ਹੂ ਕਮਜ਼ ਇਧਰ’ ਬੋਲਿਆ ਤਾਂ ਕਹਿਣ ਲੱਗਾ, ਮੈਂ ਹਾਂ ਚਪੜਝੁਣਝੁਣ।”
ਸਾਰੇ ਹੱਸਣ ਲੱਗੇ। ਜਮਾਂਦਾਰ ਹਰਨਾਮ ਸਿੰਘ ਨੇ ਕੁੱਤੇ ਨੂੰ ਪੁਚਕਾਰਿਆ ”ਇਧਰ ਆ ਓਏ ਚਪੜਝੁਣਝੁਣ।”
ਕੁੱਤਾ ਪੂਛ ਹਿਲਾਂਦਾ ਹੋਇਆ ਹਰਨਾਮ ਸਿੰਘ ਦੇ ਕੋਲ ਆ ਗਿਆ ਅਤੇ ਇਹ ਸਮਝ ਕੇ ਕਿ ਸ਼ਾਇਦ ਕੋਈ ਖਾਣ ਵਾਲੀ ਸ਼ੈਅ ਸੁੱਟੀ ਹੈ, ਜ਼ਮੀਨ ਦੇ ਪੱਥਰ ਸੁੰਘਣ ਲੱਗਾ। ਜਮਾਂਦਾਰ ਹਰਨਾਮ ਸਿੰਘ ਨੇ ਥੈਲਾ ਖੋਲ੍ਹ ਕੇ ਇਕ ਬਿਸਕੁਟ ਕੱਢਿਆ ਅਤੇ ਕੁੱਤੇ ਵੱਲ ਸੁੱਟਿਆ। ਕੁੱਤੇ ਨੇ ਉਹਨੂੰ ਸੁੰਘ ਕੇ ਮੂੰਹ ਖੋਲ੍ਹਿਆ ਪਰ ਹਰਨਾਮ ਸਿੰਘ ਨੇ ਛੇਤੀ ਨਾਲ ਉਹਨੂੰ ਚੁੱਕ ਲਿਆ ”ਠਹਿਰ, ਕਿਧਰੇ ਪਾਕਿਸਤਾਨੀ ਤਾਂ ਨਹੀਂ!”
ਸਭ ਜਣੇ ਹੱਸ ਪਏ। ਸਰਦਾਰ ਬੰਤਾ ਸਿੰਘ ਨੇ ਅੱਗੇ ਹੋ ਕੇ ਕੁੱਤੇ ਦੀ ਪਿੱਠ ਉਤੇ ਹੱਥ ਫੇਰਿਆ ਅਤੇ ਜਮਾਂਦਾਰ ਹਰਨਾਮ ਸਿੰਘ ਨੂੰ ਕਿਹਾ, ”ਨਹੀਂ ਜਮਾਂਦਾਰ, ਚਪੜਝੁਣਝੁਣ ਹਿੰਦੋਸਤਾਨੀ ਹੈ।”
ਜਮਾਂਦਾਰ ਹਰਨਾਮ ਸਿੰਘ ਨੇ ਹੱਸ ਕੇ ਕੁੱਤੇ ਨੂੰ ਸੰਬੋਧਨ ਕਰ ਕੇ ਕਿਹਾ, ”ਨਿਸ਼ਾਨੀ ਦਿਖਾ ਓਏ?” ਕੁੱਤਾ ਪੂਛਲ ਹਿਲਾਉਣ ਲੱਗਾ।
ਹਰਨਾਮ ਸਿੰਘ ਜ਼ਰਾ ਖੁੱਲ੍ਹ ਕੇ ਹੱਸਿਆ। ”ਇਹ ਕੋਈ ਨਿਸ਼ਾਨੀ ਨਹੀਂ, ਪੂਛਲ ਤਾਂ ਸਾਰੇ ਕੁੱਤੇ ਹਿਲਾਉਂਦੇ ਨੇ।”
ਬੰਤਾ ਸਿੰਘ ਨੇ ਕੁੱਤੇ ਦੀ ਕੰਬਦੀ ਹੋਈ ਪੂਛਲ ਫੜ ਲਈ। ”ਸ਼ਰਨਾਰਥੀ ਹੈ ਵਿਚਾਰਾ!”
ਜਮਾਂਦਾਰ ਹਰਨਾਮ ਸਿੰਘ ਨੇ ਬਿਸਕੁਟ ਸੁੱਟਿਆ ਜੋ ਕੁੱਤੇ ਨੇ ਝੱਟ ਬੋਚ ਲਿਆ। ਇਕ ਜੁਆਨ ਨੇ ਆਪਣੇ ਬੂਟ ਦੀ ਅੱਡੀ ਨਾਲ ਜ਼ਮੀਨ ਖੁਰਚਦਿਆਂ ਕਿਹਾ, ”ਹੁਣ ਕੁੱਤਿਆਂ ਨੂੰ ਵੀ ਜਾਂ ਹਿੰਦੋਸਤਾਨੀ ਹੋਣਾ ਪਵੇਗਾ ਜਾਂ ਪਾਕਿਸਤਾਨੀ!”
ਜਮਾਂਦਾਰ ਨੇ ਥੈਲੇ ‘ਚੋਂ ਇਕ ਹੋਰ ਬਿਸਕੁਟ ਕੱਢ ਕੇ ਸੁੱਟਿਆ, ”ਪਾਕਿਸਤਾਨੀਆਂ ਵਾਂਗ ਕੁੱਤੇ ਵੀ ਗੋਲੀ ਨਾਲ ਉਡਾ ਦਿੱਤੇ ਜਾਣਗੇ।”
ਇਕ ਨੇ ਜ਼ੋਰ ਨਾਲ ਨਾਅਰਾ ਮਾਰਿਆ, ”ਹਿੰਦੋਸਤਾਨ ਜ਼ਿੰਦਾਬਾਦ।”
ਕੁੱਤਾ ਜੋ ਬਿਸਕੁਟ ਚੁੱਕਣ ਲਈ ਅੱਗੇ ਵਧਿਆ ਸੀ ਡਰ ਕੇ ਪਿੱਛੇ ਹਟ ਗਿਆ। ਉਹਦੀ ਪੂਛਲ ਲੱਤਾਂ ਵਿਚ ਵੜ ਗਈ। ਹਰਨਾਮ ਸਿੰਘ ਹੱਸਿਆ, ”ਆਪਣੇ ਨਾਅਰਿਆਂ ਤੋਂ ਕਿਓਂ ਡਰਦਾ ਹੈਂ ਚਪੜਝੁਣਝੁਣ… ਖਾ…. ਲੈ ਇਕ ਹੋਰ ਲੈ।’ ਉਹਨੇ ਇਕ ਬਿਸਕੁਟ ਉਹਨੂੰ ਹੋਰ ਦਿੱਤਾ।
ਗੱਲਾਂ-ਗੱਲਾਂ ਵਿਚ ਸਵੇਰ ਹੋ ਗਈ। ਵੇਖਦਿਆਂ-ਵੇਖਦਿਆਂ ਸੂਰਜ ਦੀਆਂ ਕਿਰਨਾਂ ਉਸ ਪਹਾੜੀ ਇਲਾਕੇ ਵਿਚ ਫੈਲ ਗਈਆਂ ਜਿਸ ਦਾ ਨਾਂ ਟੀਟਵਾਲ ਸੀ।
ਇਸ ਇਲਾਕੇ ਵਿਚ ਕਾਫੀ ਚਿਰ ਤੋਂ ਲੜਾਈ ਹੋ ਰਹੀ ਸੀ। ਇਕ-ਇਕ ਪਹਾੜੀ ਲਈ ਦਰਜਨਾਂ ਜਵਾਨਾਂ ਦੀਆਂ ਜਾਨਾਂ ਜਾਂਦੀਆਂ ਸਨ ਪਰ ਫਿਰ ਵੀ ਕਬਜ਼ਾ ਬੇਯਕੀਨੀ ਹੁੰਦਾ ਸੀ। ਅੱਜ ਇਹ ਪਹਾੜੀ ਉਨ੍ਹਾਂ ਕੋਲ ਹੈ ਕੱਲ੍ਹ ਦੁਸ਼ਮਣ ਕੋਲ, ਪਰਸੋਂ ਫਿਰ ਉਨ੍ਹਾਂ ਦੇ ਕਬਜ਼ੇ ਵਿਚ। ਇਸ ਤੋਂ ਦੂਜੇ ਦਿਨ ਉਹ ਫਿਰ ਦੂਜਿਆਂ ਕੋਲ ਚਲੀ ਜਾਂਦੀ ਸੀ।
ਹਰਨਾਮ ਸਿੰਘ ਨੇ ਦੂਰਬੀਨ ਲਾ ਕੇ ਆਲੇ-ਦੁਆਲੇ ਦਾ ਜਾਇਜ਼ਾ ਲਿਆ। ਸਾਮ੍ਹਣੇ ਪਹਾੜੀ ‘ਚੋਂ ਧੂੰਆਂ ਨਿਕਲ ਰਿਹਾ ਸੀ। ਇਸ ਦਾ ਮਤਲਬ ਸੀ ਚਾਹ ਆਦਿ ਤਿਆਰ ਹੋ ਰਹੀ ਸੀ। ਇੱਧਰ ਵੀ ਨਾਸ਼ਤੇ ਦੀ ਫ਼ਿਕਰ ਹੋ ਰਹੀ ਸੀ। ਅੱਗ ਬਾਲੀ ਜਾ ਰਹੀ ਸੀ। ਉਧਰ ਵਾਲਿਆਂ ਨੂੰ ਵੀ ਇਧਰ ਦਾ ਧੂੰਆਂ ਦਿਸਦਾ ਹੋਵੇਗਾ।
ਨਾਸ਼ਤੇ ਵੇਲੇ ਸਾਰਿਆਂ ਜੁਆਨਾਂ ਦੇ ਥੋੜ੍ਹਾ-ਥੋੜ੍ਹਾ ਕੁੱਤੇ ਨੂੰ ਦਿੱਤਾ, ਜੋ ਉਹਨੈ ਢਿੱਡ ਭਰ ਕੇ ਖਾਧਾ। ਸਾਰੇ ਉਸ ਵਿਚ ਦਿਲਚਸਪੀ ਲੈ ਰਹੇ ਸਨ। ਹਰ ਕੋਈ ਉਹਨੂੰ ‘ਚਪੜਝੁਣਝੁਣ’ ਦੇ ਨਾਂਅ ਨਾਲ ਬੁਲਾਉਂਦਾ ਅਤੇ ਪਿਆਰ ਕਰਦਾ।
ਸ਼ਾਮ ਵੇਲੇ ਦੂਜੇ ਪਾਸੇ ਪਾਕਿਸਤਾਨੀ ਮੋਰਚੇ ਵਿਚ ਸੂਬੇਦਾਰ ਹਿੰਮਤ ਖਾਂ ਆਪਣੀਆਂ ਵੱਡੀਆਂ-ਵੱਡੀਆਂ ਮੁੱਛਾਂ ਨੂੰ ਜਿਨ੍ਹਾਂ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਸਨ, ਮਰੋੜੇ ਦੇ ਕੇ ਟੀਟਵਾਲ ਦੇ ਨਕਸ਼ੇ ਦੀ ਬੜੇ ਧਿਆਨ ਨਾਲ ਸਟੱਡੀ ਕਰ ਰਿਹਾ ਸੀ। ਉਸ ਦੇ ਕੋਲ ਵਾਇਰਲੈਸ ਓਪਰੇਟਰ ਬੈਠਾ ਸੀ, ਉਹ ਸੂਬੇਦਾਰ ਲਈ ਪਲਟੂਨ ਕਮਾਂਡਰ ਤੋਂ ਹਦਾਇਤ ਪ੍ਰਾਪਤ ਕਰ ਰਿਹਾ ਸੀ। ਕੁਝ ਦੂਰ ਇਕ ਪੱਥਰ ਨਾਲ ਢੋਹ ਲਾਈ ਆਪਣੀ ਬੰਦੂਕ ਫੜੀ ਬਸ਼ੀਰ ਹੌਲੀ ਹੌਲੀ ਗਾ ਰਿਹਾ ਸੀ :
ਚੰਨ ਕਿੱਥੇ ਗਵਾਈ ਆਈ ਰਾਤ ਵੇ
ਚੰਨ ਕਿੱਥੇ….
ਬਸ਼ੀਰੇ ਨੇ ਮਸਤੀ ‘ਚ ਆ ਕੇ ਆਵਾਜ਼ ਜ਼ਰਾ ਉਚੀ ਕੀਤੀ ਤਾਂ ਸੂਬੇਦਾਰ ਹਿੰਮਤ ਖਾਂ ਕੜਕ ਕੇ ਬੋਲਿਆ… ”ਓਏ ਕਿਥੇ ਰਿਹਾ ਏਂ ਸਾਰੀ ਰਾਤ?”
ਬਸ਼ੀਰ ਨੇ ਸੁਆਲੀਆ ਨਜ਼ਰਾਂ ਨਾਲ ਹਿੰਮਤ ਖਾਂ ਨੂੰ ਵੇਖਣਾ ਸ਼ੁਰੂ ਕੀਤਾ ਜੋ ਬਸ਼ੀਰ ਦੀ ਬਜਾਏ ਕਿਸੇ ਹੋਰ ਨੂੰ ਸੰਬੋਧਨ ਕਰ ਰਿਹਾ ਸੀ। ”ਦੱਸ ਓਏ!” ਬਸ਼ੀਰ ਨੇ ਵੇਖਿਆ ਕੁੱਝ ਦੂਰ ਆਵਾਰਾ ਕੁੱਤਾ ਬੈਠਾ ਸੀ ਜੋ ਕੁੱਝ ਦਿਨ ਹੋਏ ਉਨ੍ਹਾਂ ਦੇ ਮੋਰਚੇ ‘ਚ ਬਿਨਾਂ ਬੁਲਾਏ ਪਰਾਹੁਣੇ ਵਾਂਗ ਆਇਆ ਸੀ ਅਤੇ ਉਥੇ ਹੀ ਟਿਕ ਗਿਆ ਸੀ। ਬਸ਼ੀਰ ਹੱਸਿਆ ਅਤੇ ਕੁੱਤੇ ਨੂੰ ਮੁਖਾਤਬ ਹੋ ਕੇ ਬੋਲਿਆ ”ਚੰਨ ਕਿੱਥੇ ਗਵਾਈ ਆਈ ਰਾਤ ਵੇ..”
ਕੁੱਤੇ ਨੇ ਜ਼ੋਰ ਨਾਲ ਪੂਛ ਹਿਲਾਈ।
ਸੂਬੇਦਾਰ ਹਿੰਮਤ ਖਾਂ ਨੇ ਇਕ ਰੋੜਾ ਚੁੱਕ ਕੇ ਕੁੱਤੇ ਵੱਲ ਸੁੱਟਿਆ, ”ਸਾਲੇ ਨੂੰ ਪੂਛਲ ਹਿਲਾਉਣ ਤੋਂ ਸਿਵਾ ਹੋਰ ਕੁੱਝ ਨਹੀਂ ਆਉਂਦਾ।”
ਬਸ਼ੀਰ ਨੇ ਇਕਦਮ ਕੁੱਤੇ ਵੱਲ ਧਿਆਨ ਨਾਲ ਵੇਖਿਆ, ”ਇਸ ਦੀ ਧੌਣ ਵਿਚ ਕੀ ਹੈ?” ਇਹ ਕਹਿ ਕੇ ਉਹ ਉਠਿਆ ਪਰ ਉਸਤੋਂ ਪਹਿਲਾਂ ਹੀ ਇਕ ਹੋਰ ਜੁਆਨ ਨੇ ਕੁੱਤੇ ਨੂੰ ਫੜ ਕੇ ਉਸ ਦੀ ਗਰਦਨ ਨਾਲ ਬੱਧੀ ਹੋਈ ਰੱਸੀ ਲਾਹੀ। ਉਸ ਵਿਚ ਗੱਤੇ ਦਾ ਇਕ ਟੁਕੜਾ ਪਰੋਇਆ ਹੋਇਆ ਸੀ। ਸੂਬੇਦਾਰ ਨੇ ਇਹ ਟੁਕੜਾ ਲਿਆ ਅਤੇ ਆਪਣੇ ਜੁਆਨਾਂ ਨੂੰ ਪੁੱਛਿਆ, ”ਲੰਡੇ ਹਨ-ਤੁਹਾਡੇ ‘ਚੋਂ ਕੋਈ ਜਾਣਦਾ ਹੈ ਪੜ੍ਹਨਾ?”
ਬਸ਼ੀਰ ਨੇ ਅੱਗੇ ਹੋ ਕੇ ਗੱਤੇ ਦਾ ਟੁਕੜਾ ਲਿਆ, ”ਹਾਂ ਕੁੱਝ ਕੁੱਝ ਪੜ੍ਹ ਲੈਂਦਾ ਹਾਂ।” ਅਤੇ ਉਹਨੇ ਬੜੀ ਮੁਸ਼ਕਲ ਨਾਲ ਅੱਖਰ ਜੋੜ ਜੋੜ ਕੇ ਇਹ ਪੜ੍ਹਿਆ, ”ਚਪ.. ਚਪੜ… ਝਣ… ਝਣ… ਚਪੜ… ਝੁਣਝਣ.. ਇਹ ਕੀ ਹੋਇਆ?”
ਸੂਬੇਦਾਰ ਹਿੰਮਤ ਖਾਂ ਨੇ ਆਪਣੀਆਂ ਇਤਿਹਾਸਕ ਮੁੱਛਾਂ ਨੂੰ ਜ਼ਬਰਦਸਤ ਮਰੋੜਾ ਦਿੱਤਾ, ”ਕੋਡ ਵਰਡ ਹੋਣਾ ਏ ਕੋਈ।” ਫਿਰ ਉਹਨੇ ਬਸ਼ੀਰ ਤੋਂ ਪੁੱਛਿਆ, ”ਕੁੱਝ ਹੋਰ ਲਿਖਿਆ ਏ ਬਸ਼ੀਰੇ?” ਬਸ਼ੀਰ ਨੇ ਜੋ ਅੱਖਰ ਪਛਾਨਣ ਵਿਚ ਰੁੱਝਿਆ ਸੀ, ਜਵਾਬ ਦਿੱਤਾ, ”ਜੀ ਹਾਂ.. ਇਹ.. ਹਿੰਦ … ਹਿੰਦ…ਹਿੰਦੋਸਤਾਨੀ… ਇਹ ਹਿੰਦੋਸਤਾਨੀ ਕੁੱਤਾ ਹੈ।”
ਸੂਬੇਦਾਰ ਹਿੰਮਤ ਖਾਂ ਨੇ ਸੋਚਣਾ ਸ਼ੁਰੂ ਕੀਤਾ, ”ਮਤਲਬ ਕੀ ਹੋਇਆ ਇਸਦਾ? ਕੀ ਪੜ੍ਹਿਆ ਤੂੰ ਚਪੜ??”
ਬਸ਼ੀਰ ਨੇ ਕਿਹਾ, ”ਚਪੜ ਝੁਣਝੁਣ!”
ਇਕ ਜੁਆਨ ਨੇ ਬੜੀ ਬੁੱਧੀਮੱਤਾ ਦੇ ਅੰਦਾਜ਼ ‘ਚ ਕਿਹਾ, ‘ਜੋ ਵੀ ਗੱਲ ਹੈ ਇਸੇ ਵਿਚ ਹੈ।’
ਸੂਬੇਦਾਰ ਨੂੰ ਇਹ ਗੱਲ ਠੀਕ ਜਾਪੀ, ”ਹਾਂ ਕੁੱਝ ਅਜਿਹਾ ਹੀ ਜਾਪਦਾ ਏ।” ਬਸ਼ੀਰ ਨੇ ਗੱਤੇ ਉਤੇ ਲਿਖੇ ਪੂਰੇ ਵਾਕ ਨੂੰ ਪੜ੍ਹਿਆ, ”ਚਪੜ ਝੁਣ-ਝੁਣ ਇਹ ਹਿੰਦੋਸਤਾਨੀ ਕੁੱਤਾ ਹੈ।’
ਸੂਬੇਦਾਰ ਹਿੰਮਤ ਖਾਂ ਨੇ ਵਾਇਰਲੈਂਸ ਸੈਟ ਲਿਆ ਅਤੇ ਕੰਨਾਂ ‘ਤੇ ਹੈਡ ਫੋਨ ਰੱਖ ਕੇ ਪਲਟੂਨ ਦੇ ਕਮਾਂਡਰ ਨਾਲ ਆਪ ਇਸ ਕੁੱਤੇ ਦੇ ਬਾਰੇ ਗੱਲ ਕੀਤੀ। ਉਹ ਕਿਵੇਂ ਆਇਆ ਸੀ, ਕਿਸ ਤਰ੍ਹਾਂ ਉਨ੍ਹਾਂ ਕੋਲ ਕਈ ਦਿਨ ਰਿਹਾ। ਫਿਰ ਅਚਾਨਕ ਗ਼ਾਇਬ ਹੋ ਗਿਆ ਅਤੇ ਸਾਰੀ ਰਾਤ ਗ਼ਾਇਬ ਰਿਹਾ। ਹੁਣ ਆਇਆ ਹੈ ਤਾਂ ਉਸ ਦੇ ਗਲ ਵਿਚ ਰੱਸੀ ਨਜ਼ਰ ਆਈ ਜਿਸ ਵਿਚ ਗੱਤੇ ਦਾ ਇਕ ਟੁਕੜਾ ਸੀ। ਉਸ ਉਤੇ ਜੋ ਵਾਕ ਲਿਖਿਆ ਹੋਇਆ ਸੀ ਉਹ ਉਸਨੇ ਤਿੰਨ ਚਾਰ ਵਾਰੀ ਦੋਹਰਾ ਕੇ ਪਲਟਨ ਕਮਾਂਡਰ ਨੂੰ ਸੁਣਾਇਆ ਪਰ ਕੋਈ ਨਤੀਜਾ ਨਾ ਨਿਕਲਿਆ।
ਬਸ਼ੀਰ ਕੁੱਤੇ ਕੋਲ ਬਹਿ ਕੇ ਉਹਨੂੰ ਕਦੀ ਪੁਚਕਾਰ ਕੇ, ਕਦੀ ਡਰਾ ਕੇ ਪੁੱਛਦਾ ਰਿਹਾ ਕਿ ਉਹ ਰਾਤੀਂ ਕਿੱਥੇ ਗ਼ਾਹਿਬ ਹੋ ਗਿਆ ਸੀ। ਪਰ ਕੋਈ ਮੁਨਾਸਬ ਜਵਾਬ ਨਾ ਮਿਲਿਆ। ਉਹ ਜੋ ਵੀ ਪ੍ਰਸ਼ਨ ਕਰਦਾ ਉਸਦੇ ਉਤਰ ਵਿਚ ਕੁੱਤਾ ਆਪਣੀ ਪੂਛਲ ਹਿਲਾ ਦਿੰਦਾ। ਅਖੀਰ ਗੁੱਸੇ ਨਾਲ ਬਸ਼ੀਰ ਨੇ ਕੁੱਤੇ ਨੂੰ ਹਲੂਣਾ ਦਿੱਤਾ। ਕੁੱਤਾ ਚੰਊ ਚੰਊ ਕਰਨ ਲੱਗਾ।
ਵਾਇਰਲੈਸ ਤੋਂ ਫ਼ਾਰਗ ਹੋ ਕੇ ਸੂਬੇਦਾਰ ਹਿੰਮਤ ਖਾਂ ਨੇ ਕੁੱਝ ਚਿਰ ਨਕਸ਼ੇ ਦੀ ਸਟੱਡੀ ਕੀਤੀ ਫਿਰ ਉਠਿਆ ਅਤੇ ਸਿਗਰਟ ਦੀ ਡੱਬੀ ਦਾ ਢੱਕਣ ਖੋਲ੍ਹ ਕੇ ਬਸ਼ੀਰ ਨੂੰ ਦਿੱਤਾ ”ਬਸ਼ੀਰ ਲਿਖ ਇਸ ਉਤੇ ਗੁਰਮੁਖੀ ਵਿਚ… ਕੀੜਿਆਂ ਮਕੌੜਿਆਂ ਵਿਚ…”
ਬਸ਼ੀਰ ਨੇ ਸਿਗਰਟ ਦੀ ਡੱਬੀ ਦਾ ਗੱਤਾ ਲਿਆ ਅਤੇ ਪੁੱਛਿਆ, ”ਕੀ ਲਿਖਾਂ ਸੂਬੇਦਾਰ ਸਾਹਿਬ?” ਸੂਬੇਦਾਰ ਨੇ ਮੁੱਛਾਂ ਨੂੰ ਮਰੋੜੇ ਦੇ ਕੇ ਸੋਚਣਾ ਸ਼ੁਰੂ ਕੀਤਾ, ”ਲਿਖ ਦੇ… ਬਸ ਲਿਖ ਦੇ!” ਇਹ ਕਹਿ ਕੇ ਉਹਨੇ ਜੇਬ ‘ਚੋਂ ਪੈਨਸਿਲ ਕੱਢ ਕੇ ਬਸ਼ੀਰ ਨੂੰ ਦਿੱਤੀ, ”ਕੀ ਲਿਖਣਾ ਚਾਹੀਦਾ ਏ?”
ਬਸ਼ੀਰ ਪੈਨਸ਼ਨ ਦੇ ਮੂੰਹ ਨੂੰ ਬੁੱਲ੍ਹ ਲਾ ਕੇ ਸੋਚਣ ਲੱਗਾ। ਫਿਰ ਇਕਦਮ ਬੋਲਿਆ ”ਸਪੜ ਸੁਣ ਸੁਣ”… ” ਠੀਕ ਹੈ-ਚਪੜ ਝੁਣ ਝੁਣ ਦਾ ਜਵਾਬ ਸਪੜ ਸੁਣ ਸੁਣ ਹੀ ਹੋ ਸਕਦਾ ਹੈ… ਕੀ ਯਾਦ ਰੱਖਣਗੇ ਆਪਣੀ ਮਾਂ ਦੇ ਸਿਖੜੇ।”
ਬਸ਼ੀਰ ਨੇ ਪੈਨਸਿਲ ਸਿਗਰਟ ਦੀ ਡੱਬੇ ‘ਤੇ ਰੱਖੀ-”ਸਪੜ ਸੁਣ ਸੁਣ?”
”ਹਾਂ ਹਾਂ ਲਿਖ-ਸਪ-ਸੱਪੜ-ਸੁਣ ਸੁਣ” ਇਹ ਕਹਿ ਕੇ ਸੂਬੇਦਾਰ ਨੇ ਜ਼ੋਰ ਦਾ ਠਹਾਕਾ ਮਾਰਿਆ -”ਅਤੇ ਅੱਗੇ ਲਿਖ… ਇਹ ਪਾਕਿਸਤਾਨੀ ਕੁੱਤਾ ਹੈ।”
ਸੂਬੇਦਾਰ ਨੇ ਗੱਤਾ ਬਸ਼ੀਰ ਕੋਲੋਂ ਲਿਆ, ਪੈਨਸਿਲ ਨਾਲ ਉਸ ਵਿਚ ਮੋਰੀ ਕੀਤੀ ਅਤੇ ਰੱਸੀ ਵਿਚ ਪਰੋ ਕੇ ਕੁੱਤੇ ਵੱਲ ਵਧਿਆ- ”ਲੈ ਜਾ, ਇਹ ਆਪਣੀ ਔਲਾਦ ਦੇ ਕੋਲ।”
ਇਹ ਸੁਣ ਕੇ ਸਾਰੇ ਜਵਾਨ ਹੱਸ ਪਏ। ਸੂਬੇਦਾਰ ਨੇ ਕੁੱਤੇ ਦੀ ਗਰਦਨ ਵਿਚ ਰੱਸੀ ਬੰਨ੍ਹ ਦਿੱਤੀ। ਇਸ ਤੋਂ ਮਗਰੋਂ ਸੂਬੇਦਾਰ ਨੇ ਉਹਨੂੰ ਕੁੱਝ ਖਾਣ ਲਈ ਦਿੱਤਾ ਅਤੇ ਫਿਰ ਉਪਦੇਸ਼ਕ ਨੇ ਅੰਦਾਜ਼ ਵਿਚ ਕਿਹਾ, ”ਵੇਖ ਦੋਸਤ ਗੱਦਾਰੀ ਨਾ ਕਰੀਂ… ਯਾਦ ਰੱਖੀਂ… ਗੱਦਾਰੀ ਦੀ ਸਜ਼ਾ ਮੌਤ ਹੁੰਦੀ ਹੈ।”
ਕੁੱਤਾ ਪੂਛਲ ਹਿਲਾਂਦਾ ਰਿਹਾ। ਜਦੋਂ ਉਹ ਚੰਗੀ ਤਰ੍ਹਾਂ ਖਾ ਚੁੱਕਿਆ ਤਾਂ ਸੂਬੇਦਾਰ ਹਿੰਮਤ ਖਾਂ ਨੇ ਰੱਸੀ ਤੋਂ ਫੜ ਕੇ ਉਸਦਾ ਮੂੰਹ ਪਹਾੜੀ ਦੀ ਇਕੋ ਇਕ ਡੰਡੀ ਵੱਲ ਫੇਰਿਆ ਅਤੇ ਕਿਹਾ,
”ਜਾ, ਸਾਡਾ ਖ਼ਤ ਦੁਸ਼ਮਨਾਂ ਤੱਕ ਪਹੁੰਚਾ ਦੇ-ਪਰ ਵੇਖ ਵਾਪਸ ਆ ਜਾਈਂ-ਇਹ ਤੇਰੇ ਅਫ਼ਸਰ ਦਾ ਹੁਕਮ ਏ, ਸਮਝਿਆ?”
ਕੁੱਤੇ ਨੇ ਆਪਣੀ ਪੂਛਲ ਹਿਲਾਈ ਅਤੇ ਹੌਲੀ-ਹੌਲੀ ਡੰਡੀ ‘ਤੇ ਤੁਰ ਪਿਆ ਜੋ ਵਲ ਖਾਂਦੀ ਪਹਾੜੀ ਦੇ ਨਾਲ-ਨਾਲ ਘਾਟੀ ਵੱਲ ਜਾਂਦੀ ਸੀ। ਸੂਬੇਦਾਰ ਹਿੰਮਤ ਖ਼ਾਂ ਨੇ ਆਪਣੀ ਬੰਦੂਕ ਚੁੱਕੀ ਅਤੇ ਹਵਾ ਵਿਚ ਇਕ ਫਾਇਰ ਕੀਤਾ।
ਫ਼ਾਇਰ ਦੀ ਆਵਾਜ਼ ਅਤੇ ਉਸ ਦੀ ਗੂੰਜ ਦੂਜੇ ਪਾਸੇ ਭਾਰਤੀਆਂ ਦੇ ਮੋਰਚੇ ‘ਚ ਸੁਣੀ ਗਈ। ਇਸ ਦਾ ਮਤਲਬ ਉਨ੍ਹਾਂ ਦੀ ਸਮਝ ‘ਚ ਨਾ ਆਇਆ। ਜਮਾਂਦਾਰ ਹਰਨਾਮ ਸਿੰਘ ਪਤਾ ਨਹੀਂ ਕਿਸ ਗੱਲੋਂ ਚਿੜਚਿੜਾ ਹੋਇਆ ਬੈਠਾ ਸੀ। ਇਹ ਆਵਾਜ਼ ਸੁਣ ਕੇ ਹੋਰ ਵੀ ਚਿੜਚਿੜਾ ਹੋ ਗਿਆ। ਉਹਨੇ ਫਾਇਰ ਦਾ ਹੁਕਮ ਦੇ ਦਿੱਤਾ। ਅੱਧੇ ਘੰਟੇ ਤੱਕ ਦੋਹਾਂ ਮੋਰਚਿਆਂ ‘ਚੋਂ ਗੋਲੀਆਂ ਚਲਦੀਆਂ ਰਹੀਆਂ। ਜਦੋਂ ਇਸ ਸ਼ੁਗਲ ਤੋਂ ਉਕਤਾ ਗਿਆ ਤਾਂ ਜਮਾਂਦਾਰ ਹਰਨਾਮ ਸਿੰਘ ਨੇ ਫ਼ਾਇਰ ਬੰਦ ਕਰਾ ਦਿੱਤਾ। ਅਤੇ ਦਾੜ੍ਹੀ ‘ਚ ਕੰਘਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾਲੀ ਵਿਚ ਸਾਰੇ ਵਾਲ ਬੜੇ ਸਲੀਕੇ ਨਾਲ ਜਮਾਏ ਅਤੇ ਬੰਤਾ ਸਿੰਘ ਤੋਂ ਪੁੱਛਿਆ, ”ਓਏ ਬੰਤਾ ਸਿੰਹਾਂ! ਚਪੜ ਝੁਣ ਝੁਣ ਕਿੱਥੇ ਗਿਆ,”
ਬੰਤਾ ਸਿੰਘ ਨੇ ਕਿਹਾ, ”ਕੁੱਤੇ ਨੂੰ ਘਿਓ ਹਜ਼ਮ ਨਹੀਂ ਹੋਇਆ।”
ਬੰਤਾ ਸਿੰਘ ਇਸ ਮੁਹਾਵਰੇ ਦਾ ਅਰਥ ਨਾ ਸਮਝਿਆ, ”ਅਸੀਂ ਤੇ ਉਹਨੂੰ ਘਿਓ ਦੀ ਕੋਈ ਚੀਜ਼ ਨਹੀਂ ਖੁਆਈ ਸੀ।”
ਇਹ ਸੁਣ ਕੇ ਜਮਾਂਦਾਰ ਹਰਨਾਮ ਸਿੰਘ ਜ਼ੋਰ ਨਾਲ ਹੱਸਿਆ, ”ਓਏ ਅਨਪੜ੍ਹਾ! ਤੇਰੇ ਨਾਲ ਗੱਲ ਕਰਨਾ ਪਚਾਨਵੇਂ ਦਾ ਘਾਟਾ ਏ!”
ਇੰਨੇ ਵਿਚ ਉਹ ਸਿਪਾਹੀ, ਜੋ ਪਹਿਰੇ ‘ਤੇ ਖਲੋਤਾ ਸੀ ਅਤੇ ਦੂਰਬੀਨ ਲਾ ਕੇ ਇੱਧਰ ਓਧਰ ਵੇਖ ਰਿਹਾ ਸੀ। ਇਕਦਮ ਬੋਲਿਆ, ”ਓਹ-ਓਹ ਆ ਰਿਹਾ ਹੈ!”
ਜਮਾਂਦਾਰ ਹਰਨਾਮ ਸਿੰਘ ਨੇ ਪੁੱਛਿਆ, ”ਕੌਣ?”
ਪਹਿਰੇ ਦੇ ਸਿਪਾਹੀ ਨੇ ਕਿਹਾ, ”ਕੀ ਨਾ ਸੀ ਉਹਦਾ? … ਚਪੜ ਝੁਣ ਝੁਣ।”
”ਚਪੜ ਝੁਣ ਝੁਣ?” ਇਹ ਕਹਿ ਕੇ ਹਰਨਾਮ ਸਿੰਘ ਉਠਿਆ, ”ਕੀ ਕਰ ਰਿਹਾ ਏ?”
ਪਹਿਰੇ ਦੇ ਸਿਪਾਹੀ ਨੇ ਕਿਹਾ, ”ਆ ਰਿਹਾ ਏ।”
ਜਮਾਂਦਾਰ ਹਰਨਾਮ ਸਿੰਘ ਨੇ ਉਹਦੇ ਹੱਥੋਂ ਦੂਰਬੀਨ ਲੈ ਲਈ ਅਤੇ ਵੇਖਣਾ ਸ਼ੁਰੂ ਕੀਤਾ। ਇੱਧਰ ਹੀ ਆ ਰਿਹਾ ਏ-ਰੱਸੀ ਬੱਧੀ ਹੋਈ ਏ ਗਲ ਵਿਚ… ਪਰ… ਇਹ ਤਾਂ ਉਧਰੋਂ ਆ ਰਿਹਾ ਹੈ ਦੁਸ਼ਮਣ ਦੇ ਮੋਰਚੇ ਤੋਂ।” ਇਹ ਕਹਿ ਕੇ ਉਹਨੇ ਕੁੱਤੇ ਦੀ ਮਾਂ ਨੂੰ ਬਹੁਤ ਵੱਡੀ ਗਾਲ੍ਹ ਕੱਢੀ। ਉਹਨੇ ਬੰਦੂਕ ਚੁੱਕੀ ਅਤੇ ਨਿਸ਼ਾਨਾ ਬੰਨ੍ਹ ਕੇ ਫਾਇਰ ਕੀਤਾ। ਨਿਸ਼ਾਨਾ ਉਕ ਗਿਆ। ਗੋਲੀ ਕੁੱਤੇ ਦੇ ਕੁੱਝ ਵਿੱਥ ‘ਤੇ ਇਕ ਪੱਥਰ ‘ਤੇ ਲੱਗੀ। ਕੁੱਤਾ ਸਹਿਮ ਕੇ ਰੁਕ ਗਿਆ।
ਦੂਜੇ ਮੋਰਚੇ ‘ਚੋਂ ਸੂਬੇਦਾਰ ਹਿੰਮਤ ਖਾਂ ਨੇ ਦੂਰਬੀਨ ਲਾ ਕੇ ਵੇਖਿਆ ਕਿ ਕੁੱਤਾ ਪਗਡੰਡੀ ‘ਤੇ ਖਲੋਤਾ ਹੈ। ਇਕ ਹੋਰ ਫ਼ਾਇਰ ਹੋਇਆ ਤਾਂ ਉਹ ਦੁੰਮ ਦਬਾ ਕੇ ਉਲਟੇ ਪਾਸੇ ਵੱਲ ਭੱਜਿਆ। ਸੂਬੇਦਾਰ ਹਿੰਮਤ ਖ਼ਾਂ ਦੇ ਮੋਰਚੇ ਵੱਲ। ਉਹਨੇ ਉਚੀ ਸਾਰੀ ਕਿਹਾ, ”ਬਹਾਦਰ ਡਰਿਆ ਨਹੀਂ ਕਰਦੇ.. ਚਲ ਵਾਪਸ” ਅਤੇ ਉਹਨੇ ਡਰਾਉਣ ਲਈ ਇਕ ਫ਼ਾਇਰ ਕੀਤਾ । ਕੁੱਤਾ ਰੁਕ ਗਿਆ। ਉਧਰੋਂ ਜਮਾਂਦਾਰ ਹਰਨਾਮ ਸਿੰਘ ਨੇ ਬੰਦੂਕ ਚਲਾਈ। ਗੋਲੀ ਕੁੱਤੇ ਦੇ ਕੰਨ ਕੋਲੋਂ ਲੰਘ ਗਈ। ਉਹਨੇ ਟੱਪ ਕੇ ਜ਼ੋਰ ਨਾਲ ਦੋਵੇਂ ਕੰਨ ਛਿਣਕੇ। ਉਧਰੋਂ ਸੂਬੇਦਾਰ ਹਿੰਮਤ ਖਾਂ ਨੇ ਦੂਜਾ ਫ਼ਾਇਰ ਕੀਤਾ ਜੋ ਉਹਦੇ ਅਗਲੇ ਪੰਜਿਆਂ ਦੇ ਕੋਲ ਪੱਥਰਾਂ ਵਿਚ ਲੱਗਾ । ਬੁਖਲਾ ਕੇ ਉਹ ਕਦੀ ਇੱਧਰ ਭੱਜਿਆ ਕਦੀ ਓਧਰ। ਉਸ ਦੀ ਇਸ ਬੁਖਲਾਹਟ ‘ਚੋਂ ਹਿੰਮਤ ਖਾਂ ਅਤੇ ਹਰਨਾਮ ਸਿੰਘ ਦੋਵੇਂ ਬੜੇ ਖੁਸ਼ ਹੋਏ ਅਤੇ ਉੱਚੀ ਉੱਚੀ ਹਸਦੇ ਰਹੇ। ਕੁੱਤੇ ਨੇ ਜਮਾਦਾਰ ਹਰਨਾਮ ਸਿੰਘ ਦੇ ਮੋਰਚੇ ਵੱਲ ਭੱਜਣਾ ਸ਼ੁਰੂ ਕੀਤਾ। ਉਹ ਨੇ ਇਹ ਵੇਖ ਕੇ ਬੜੇ ਤਾਅ ‘ਚ ਆ ਕੇ ਇਕ ਮੋਟੀ ਸਾਰੀ ਗਾਲ੍ਹ ਕੱਢੀ ਅਤੇ ਨਿਸ਼ਾਨਾ ਬੰਨ੍ਹ ਕੇ ਫਾਇਰ ਕੀਤਾ। ਗੋਲੀ ਕੁੱਤੇ ਦੀ ਲੱਤ ਵਿਚ ਵੱਜੀ। ਚੀਕ ਮਾਰ ਕੇ ਉਹਨੇ ਆਪਣਾ ਰੁਖ ਬਦਲਿਆ । ਲੰਗਾਂਦਾ ਲੰਗਾਂਦਾ ਉਹ ਸੂਬੇਦਾਰ ਹਿੰਮਤ ਖਾਂ ਦੇ ਮੋਰਚੇ ਵੱਲ ਭੱਜਣ ਲੱਗਾ ਤਾਂ ਉਧਰੋਂ ਵੀ ਫਾਇਰ ਹੋਇਆ, ਪਰ ਉਹ ਡਰਾਉਣ ਲਈ ਕੀਤਾ ਗਿਆ ਸੀ । ਹਿੰਮਤ ਖਾਂ ਫ਼ਾਇਰ ਕਰ ਕੇ ਉਚੀ ਸਾਰੀ ਬੋਲਿਆ,”ਬਹਾਦਰ ਪਰਵਾਹ ਨਹੀਂ ਕਰਦੇ ਜ਼ਖਮਾਂ ਦੀ… ਖੇਡ ਜਾ ਆਪਣੀ ਜਾਨ ‘ਤੇ ਜਾਹ.. ਜਾ”
ਕੁੱਤਾ ਫਾਇਰ ਤੋਂ ਘਬਰਾ ਕੇ ਮੁੜਿਆ। ਇਕ ਲੱਤ ਉਹਦੀ ਉਕਾ ਹੀ ਬੇਕਾਰ ਹੋ ਗਈ ਸੀ। ਤਿੰਨ ਲੱਤਾਂ ਦੀ ਮਦਦ ਨਾਲ ਉਹਨੇ ਆਪਣੇ ਆਪ ਨੂੰ ਕੁੱਝ ਕਦਮ ਦੂਜੇ ਪਾਸੇ ਵੱਲ ਘਸੀਟਿਆ ਕਿ ਜਮਾਂਦਾਰ ਹਰਨਾਮ ਸਿੰਘ ਨੇ ਨਿਸ਼ਾਨਾ ਬੰਨ੍ਹ ਕੇ ਗੋਲੀ ਚਲਾਈ ਜਿਸ ਨਾਲ ਉਹ ਉਥੇ ਹੀ ਢੇਰੀ ਹੋ ਗਿਆ।
ਸੂਬੇਦਾਰ ਹਿੰਮਤ ਖਾਂ ਨੇ ਦੁੱਖ ਨਾਲ ਕਿਹਾ, ”ਚ,ਚ.. ਸ਼ਹੀਦ ਹੋ ਗਿਆ ਵਿਚਾਰਾ।”
ਜਮਾਂਦਾਰ ਹਰਨਾਮ ਸਿੰਘ ਨੇ ਬੰਦੂਕ ਦੀ ਗਰਮ ਗਰਮ ਨਾਲੀ ਆਪਣੇ ਹੱਥ ‘ਚ ਲਈ ਅਤੇ ਕਿਹਾ, ”ਉਹੀ ਮੌਤ ਮੋਇਆ ਜੋ ਕੁੱਤੇ ਦੀ ਹੁੰਦੀ ਹੈ।”

ਸਆਦਤ ਹਸਨ ਮੰਟੋ

 

ਤਰੱਕੀਪਸੰਦ

by Sandeep Kaur April 1, 2020

ਜੋਗਿੰਦਰ ਸਿੰਘ ਦੀਆਂ ਕਹਾਣੀਆਂ ਜਦੋਂ ਲੋਕਪ੍ਰਿਅ ਹੋਣ ਲੱਗੀਆਂ ਤਾਂ ਉਹਦੇ ਮਨ ਵਿਚ ਇਹ ਇੱਛਾ ਪੈਦਾ ਹੋਈ ਕਿ ਉਹ ਉਘੇ ਸਾਹਿਤਕਾਰਾਂ ਅਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾਏ ਅਤੇ ਉਨ੍ਹਾਂ ਦੀ ਦਾਅਵਤ ਕਰੇ। ਉਹਦਾ ਖਿਆਲ ਸੀ ਕਿ ਉਹਦੀ ਸ਼ੁਹਰਤ ਤੇ ਲੋਕਪ੍ਰਿਅਤਾ ਹੋਰ ਵੀ ਵਧੇਰੇ ਹੋ ਜਾਵੇਗੀ। ਜੋਗਿੰਦਰ ਸਿੰਘ ਨੂੰ ਆਪਣੀ ਰਚਨਾ ਬਾਰੇ ਬੜੀ ਖੁਸ਼ਫਹਿਮੀ ਸੀ। ਮਸ਼ਹੂਰ ਸਾਹਿਤਕਾਰਾਂ ਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾ ਕੇ ਅਤੇ ਉਨ੍ਹਾਂ ਦੀ ਆਉਭਗਤ ਕਰਕੇ ਜਦੋਂ ਉਹ ਆਪਣੀ ਪਤਨੀ ਅੰਮ੍ਰਿਤ ਕੌਰ ਕੋਲ ਬਹਿੰਦਾ ਤਾਂ ਕੁਝ ਚਿਰ ਲਈ ਬਿਲਕੁਲ ਹੀ ਭੁੱਲ ਜਾਂਦਾ ਕਿ ਉਹਦਾ ਕੰਮ ਡਾਕਖਾਨੇ ਵਿਚ ਚਿੱਠੀਆਂ ਦੀ ਦੇਖਭਾਲ ਕਰਨਾ ਹੈ। ਆਪਣੀ ਤਿੰਨ ਗਜ਼ ਦੀ ਪਟਿਆਲਾ ਫੈਸ਼ਨ ਦੀ ਰੰਗੀ ਹੋਈ ਪਗੜੀ ਲਾਹ ਕੇ ਜਦੋਂ ਉਹ ਇਕ ਪਾਸੇ ਧਰ ਦਿੰਦਾ ਤਾਂ ਉਹਨੂੰ ਮਹਿਸੂਸ ਹੁੰਦਾ ਕਿ ਉਹਦੇ ਲੰਮੇ-ਲੰਮੇ ਕਾਲੇ ਕੇਸਾਂ ਹੇਠ ਜਿਹੜਾ ਛੋਟਾ ਜਿਹਾ ਸਿਰ ਛੁਪਿਆ ਹੋਇਆ ਹੈ ਉਹਦੇ ਵਿਚ ਅੱਗੇ-ਵਧੂ ਸਾਹਿਤ ਕੁੱਟ ਕੁੱਟ ਕੇ ਭਰਿਆ ਪਿਆ ਹੈ। ਇਸ ਅਹਿਸਾਸ ਨਾਲ ਉਹਦੇ ਦਿਲ ਤੇ ਦਿਮਾਗ ਵਿਚ ਹਉਂ ਦੀ ਇਕ ਅਜੀਬ ਜਿਹੇ ਮਹੱਤਵ ਵਾਲੀ ਭਾਵਨਾ ਪੈਦਾ ਹੋ ਜਾਂਦੀ ਤੇ ਉਹ ਇਹ ਸਮਝਦਾ ਕਿ ਦੁਨੀਆਂ ਵਿਚ ਜਿੰਨੇ ਕਹਾਣੀਕਾਰ ਤੇ ਨਾਵਲਕਾਰ ਹਨ, ਸਾਰੇ ਦੇ ਸਾਰੇ ਉਹਦੇ ਨਾਲ ਬੜੇ ਹੀ ਮਿੱਠੇ ਜਿਹੇ ਰਿਸ਼ਤੇ ਵਿਚ ਬੱਧੇ ਹੋਏ ਹਨ। ਅੰਮ੍ਰਿਤ ਕੌਰ ਦੀ ਸਮਝ ਵਿਚ ਇਹ ਗੱਲ ਨਹੀਂ ਸੀ ਆਉਂਦੀ ਕਿ ਉਹਦਾ ਪਤੀ ਲੋਕਾਂ ਨੂੰ ਸੱਦਾ ਭੇਜਣ ਵੇਲੇ ਹਰ ਵਾਰ ਇਹ ਕਿਉਂ ਆਖਦਾ ਹੈ:
‘ਅੰਮ੍ਰਿਤ, ਇਹ ਜਿਹੜੇ ਅੱਜ ਚਾਹ ‘ਤੇ ਆ ਰਹੇ ਨੇ, ਹਿੰਦੁਸਤਾਨ ਦੇ ਵੱਡੇ ਸ਼ਾਇਰ ਹਨ… ਸਮਝ ਗਈ, ਨਾ? ਵੇਖੀਂ, ਇਨ੍ਹਾਂ ਦੀ ਆਉਭਗਤ ਤੇ ਖਾਤਰਦਾਰੀ ਵਿਚ ਕੋਈ ਕਸਰ ਨਾ ਰਹਿ ਜਾਵੇ।’
ਆਉਣ ਵਾਲਾ ਕਦੇ ਹਿੰਦੁਸਤਾਨ ਦਾ ਵੱਡਾ ਸ਼ਾਇਰ ਹੁੰਦਾ ਜਾਂ ਬੜਾ ਵੱਡਾ ਕਹਾਣੀਕਾਰ। ਇਸ ਤੋਂ ਘੱਟ ਦਰਜੇ ਵਾਲੇ ਆਦਮੀ ਨੂੰ ਤਾਂ ਉਹ ਕਦੇ ਬੁਲਾਉਂਦਾ ਹੀ ਨਹੀਂ ਸੀ-ਦਾਅਵਤ ਵੇਲੇ ਉਚੀਆਂ ਉਚੀਆਂ ਸੁਰਾਂ ਵਿਚ ਗੱਲਾਂ ਹੁੰਦੀਆਂ, ਜਿਹਦਾ ਮਤਲਬ ਉਹ ਅੱਜ ਤੱਕ ਨਹੀਂ ਸਮਝ ਸਕੀ ਸੀ। ਗੱਲਾਂਬਾਤਾਂ ਦੇ ਦੌਰਾਨ ‘ਤਰੱਕੀਪਸੰਦ’ ਦਾ ਜ਼ਿਕਰ ਆਮ ਤੌਰ ‘ਤੇ ਹੁੰਦਾ ਸੀ। ਇਸ ‘ਤਰੱਕੀਪਸੰਦੀ’ ਦਾ ਮਤਲਬ ਅੰਮ੍ਰਿਤ ਕੌਰ ਨੂੰ ਮਲੂਮ ਨਹੀਂ ਸੀ। ਇਕ ਵਾਰ ਜੋਗਿੰਦਰ ਸਿੰਘ ਇਕ ਬੜੇ ਵੱਡੇ ਕਹਾਣੀਕਾਰ ਨੂੰ ਚਾਹ ਪਿਲਾ ਕੇ ਵਿਹਲਾ ਹੋ ਅੰਦਰ ਰਸੋਈ ਵਿਚ ਆ ਕੇ ਬੈਠਾ ਤਾਂ ਅੰਮ੍ਰਿਤ ਨੇ ਪੁੱਛਿਆ, “ਇਹ ਮੋਈ ‘ਤਰੱਕੀਪਸੰਦੀ’ ਕੀ ਏ?”
ਜੋਗਿੰਦਰ ਸਿੰਘ ਨੇ ਪਗੜੀ ਸਣੇ ਆਪਣੇ ਸਿਰ ਨੂੰ ਸਹਿਜੇ ਜਿਹੇ ਹਿਲਾਇਆ ਤੇ ਕਿਹਾ, “ਤਰੱਕੀਪਸੰਦੀ? ਇਹਦਾ ਮਤਲਬ ਤੂੰ ਤੁਰੰਤ ਹੀ ਨਹੀਂ ਸਮਝ ਸਕਣ ਲੱਗੀ। ‘ਤਰੱਕੀਪਸੰਦ’ ਉਹਨੂੰ ਆਖਦੇ ਹਨ ਜੋ ਤਰੱਕੀ ਨੂੰ ਪਸੰਦ ਕਰੇ। ਇਹ ਸ਼ਬਦ ਫਾਰਸੀ ਦਾ ਹੈ ਤੇ ਅੰਗ੍ਰੇਜ਼ੀ ਵਿਚ ‘ਤਰੱਕੀਪਸੰਦ’ ਨੂੰ ‘ਪ੍ਰੋਗ੍ਰੈਸਿਵ’ ਕਹਿੰਦੇ ਹਨ। ਉਹ ਕਹਾਣੀਕਾਰ ਜੋ ਕਹਾਣੀਆਂ ਵਿਚ ਤਰੱਕੀ ਚਾਹੁੰਦੇ ਹਨ, ਉਨ੍ਹਾਂ ਨੂੰ ਤਰੱਕੀਪਸੰਦ ਜਾਂ ਅਗੇਵਧੂ ਕਹਾਣੀਕਾਰ ਸੱਦੇਂਦੇ ਹਨ। ਇਸ ਵੇਲੇ ਹਿੰਦੋਸਤਾਨ ਵਿਚ ਸਿਰਫ ਤਿੰਨ-ਚਾਰ ਤਰੱਕੀਪਸੰਦ ਕਹਾਣੀਕਾਰ ਹਨ ਜਿਨ੍ਹਾਂ ਵਿਚ ਮੇਰਾ ਨਾਂ ਵੀ ਸ਼ਾਮਿਲ ਹੈ।”
ਜੋਗਿੰਦਰ ਸਿੰਘ ਦੀ ਆਦਤ ਸੀ ਕਿ ਉਹ ਅੰਗ੍ਰੇਜ਼ੀ ਸ਼ਬਦਾਂਨਾਲ ਆਪਣੇ ਵਿਚਾਰ ਪ੍ਰਗਟ ਕੀਤਾ ਕਰਦਾ ਸੀ। ਉਹਦੀ ਇਹੀ ਆਦਤ ਹੁਣ ਪੱਕ ਕੇ ਉਹਦਾ ਸੁਭਾਅ ਬਣ ਗਈ ਸੀ। ਇਸ ਲਈ ਉਹ ਬਿਨਾਂ ਝਕੇ ਇਕ ਅਜਿਹੀ ਅੰਗਰੇਜ਼ੀ ਭਾਸ਼ਾ ਵਿਚ ਸੋਚਦਾ ਸੀ ਜਿਹੜੀ ਕੁਝ ਉਘੇ ਅੰਗ੍ਰੇਜ਼ੀ ਨਾਵਲਕਾਰਾਂ ਦੇ ਚੰਗੇ ਚੰਗੇ ਚੁਸਤ ਫਿਕਰਿਆਂ ‘ਤੇ ਆਧਾਰਤ ਸੀ। ਆਮ ਗੱਲਬਾਤ ਵਿਚ ਉਹ 50% ਅੰਗ੍ਰੇਜ਼ੀ ਸ਼ਬਦਾਂ ਅਤੇ ਅੰਗ੍ਰੇਜ਼ੀ ਕਿਤਾਬਾਂ ‘ਚੋਂ ਚੁਣੇ ਵਾਕਾਂ ਦੀ ਵਰਤੋਂ ਕਰਦਾ ਸੀ। ‘ਅਫਲਾਤੂਨ’ ਨੂੰ ਉਹ ਸਦਾ ‘ਪਲੇਟੋ’ ਕਹਿੰਦਾ ਸੀ। ਇਵੇਂ ਹੀ ‘ਅਰਸਤੂ’ ਨੂੰ ‘ਅਰਾਸਟੋਟਿਲ’। ਡਾ. ਸਿਗਮੰਡ ਫਰਾਇਡ, ਸ਼ੋਪੇਨਹਾਵਰ ਤੇ ਨੀਤਸ਼ੇ ਦੀ ਚਰਚਾ ਉਹ ਆਪਣੀ ਹਰ ਮਹੱਤਵਪੂਰਨ ਗੱਲਬਾਤ ਵਿਚ ਕੀਤਾ ਕਰਦਾ ਸੀ ਅਤੇ ਪਤਨੀ ਨਾਲ ਗੱਲ ਕਰਨ ਵੇਲੇ ਉਹ ਇਸ ਗੱਲ ਦਾ ਖਾਸ ਧਿਆਨ ਰੱਖਦਾ ਸੀ ਕਿ ਗੱਲਬਾਤ ਵਿਚ ਅੰਗ੍ਰੇਜ਼ੀ ਸ਼ਬਦ ਅਤੇ ਇਹ ਫਲਾਸਫੀ ਦਾਖਲ ਨਾ ਹੋਣ। ਜੋਗਿੰਦਰ ਸਿੰਘ ਤੋਂ ਜਦੋਂ ਉਹਦੀ ਪਤਨੀ ਨੇ ਤਰੱਕੀਪਸੰਦੀ ਦਾ ਮਤਲਬ ਸਮਝਿਆ ਤਾਂ ਉਹਨੂੰ ਬੜੀ ਨਿਰਾਸ਼ਾ ਹੋਈ ਕਿਉਂਕਿ ਉਹਦਾ ਖ਼ਿਆਲ ਸੀ ਕਿ ਤਰੱਕੀਪਸੰਦੀ ਕੋਈ ਬੜੀ ਵੱਡੀ ਚੀਜ਼ ਹੋਵੇਗੀ ਜਿਸ ਬਾਰੇ ਵੱਡੇ-ਵੱਡੇ ਸ਼ਾਇਰ ਤੇ ਕਹਾਣੀਕਾਰ ਉਹਦੇ ਪਤੀ ਨਾਲ ਮਿਲ ਕੇ ਬਹਿਸ ਕਰਦੇ ਰਹਿੰਦੇ ਹਨ ਪਰ ਜਦੋਂ ਉਹਨੇ ਇਹ ਸੋਚਿਆ ਕਿ ਹਿੰਦੋਸਤਾਨ ਵਿਚ ਸਿਰਫ ਤਿੰਨ-ਚਾਰ ਤਰੱਕੀਪਸੰਦ ਕਹਾਣੀਕਾਰ ਹੀ ਹਨ ਤਾਂ ਉਹਦੀਆਂ ਅੱਖਾਂ ਵਿਚ ਚਮਕ ਪੈਦਾ ਹੋ ਗਈ।
ਇਹ ਚਮਕ ਵੇਖ ਕੇ ਜੋਗਿੰਦਰ ਸਿੰਘ ਦੇ ਮੁੱਛਾਂ-ਭਰੇ ਬੁਲ੍ਹ, ਇਕ ਦੱਬੀ-ਦੱਬੀ ਜਿਹੀ ਮੁਸਕਰਾਹਟ ਵਿਚ, ਕੰਬੇ, “ਅੰਮ੍ਰਿਤ, ਤੈਨੂੰ ਇਹ ਸੁਣ ਕੇ ਖੁਸ਼ੀ ਹੋਵੇਗੀ ਕਿ ਹਿੰਦੋਸਤਾਨ ਦਾ ਇਕ ਬਹੁਤ ਵੱਡਾ ਆਦਮੀ ਮੈਨੂੰ ਮਿਲਣ ਦਾ ਚਾਹਵਾਨ ਹੈ। ਉਹਨੇ ਮੇਰੀਆਂ ਕਹਾਣੀਆਂ ਪੜ੍ਹੀਆਂ ਹਨ ਤੇ ਬਹੁਤ ਪਸੰਦ ਕੀਤੀਆਂ ਹਨ।”
ਅੰਮ੍ਰਿਤ ਕੌਰ ਨੇ ਪੁੱਛਿਆ, “ਇਹ ਵੱਡਾ ਆਦਮੀ ਕੋਈ ਅਸਲੋਂ ਹੀ ਵੱਡਾ ਆਦਮੀ ਹੈ ਜਾਂ ਤੁਹਾਡੇ ਵਾਂਗ ਸਿਰਫ ਕਹਾਣੀਆਂ ਲਿਖਣ ਵਾਲਾ ਹੈ?”
ਜੋਗਿੰਦਰ ਸਿੰਘ ਨੇ ਜੇਬ ਵਿਚੋਂ ਇਕ ਲਿਫਾਫਾ ਕਢਿਆ ਅਤੇ ਦੂਜੇ ਪੁਠੇ ਹੱਥ ਨਾਲ ਥਪਥਪਾਂਦਿਆਂ ਆਖਿਆ, “ਕਹਾਣੀਕਾਰ ਤਾਂ ਹੈ ਹੀ ਪਰ ਉਹਦੀ ਸਭ ਤੋਂ ਵੱਡੀ ਖੂਬੀ ਜੋ ਉਹਦੀ ਅਮਿੱਟ ਪ੍ਰਸਿੱਧੀ ਦੇ ਪਿੱਛੇ ਮੌਜੂਦ ਹੈ, ਕੁਝ ਹੋਰ ਈ ਏ।”
“ਕਿਹੜੀ ਖੂਬੀ ਏ?”
“ਉਹ ਇਕ ਅਵਾਰਾਗਰਦ ਹੈ।”
“ਅਵਾਰਾਗਰਦ?”
“ਹਾਂ, ਉਹ ਇਕ ਅਵਾਰਾਗਰਦ ਹੈ ਜੀਹਨੇ ਅਵਾਰਾਗਰਦੀ ਨੂੰ ਆਪਣੇ ਜੀਵਨ ਦਾ ਮਨੋਰਥ ਬਣਾ ਲਿਆ ਹੈ। ਉਹ ਸਦਾ ਘੁੰਮਦਾ ਰਹਿੰਦਾ ਹੈ, ਕਦੇ ਕਸ਼ਮੀਰ ਦੀਆਂ ਠੰਡੀਆਂ ਘਾਟੀਆਂ ਵਿਚ ਹੁੰਦਾ ਹੈ ਤੇ ਕਦੇ ਮੁਲਤਾਨ ਦੇ ਤਪਦੇ ਮੈਦਾਨਾਂ ਵਿਚ, ਕਦੇ ਲੰਕਾ ਵਿਚ ਤੇ ਕਦੇ ਤਿੱਬਤ ਵਿਚ।”
ਅੰਮ੍ਰਿਤ ਕੌਰ ਦੀ ਦਿਲਚਸਪੀ ਵਧ ਗਈ, “ਪਰ ਉਹ ਕਰਦਾ ਕੀ ਏ?”
“ਉਹ ਗੀਤ ਇਕੱਠੇ ਕਰਦਾ ਏ, ਹਿੰਦੋਸਤਾਨ ਦੇ ਹਰ ਸੂਬੇ ਦੇ ਗੀਤ-ਪੰਜਾਬੀ, ਗੁਜਰਾਤੀ, ਮਰਾਠੀ, ਪਿਸ਼ੌਰੀ, ਕਸ਼ਮੀਰੀ, ਮਾਰਵਾੜੀ, ਹਿੰਦੋਸਤਾਨ ਵਿਚ ਜਿੰਨੀਆਂ ਵੀ ਬੋਲੀਆਂ ਬੋਲੀਆਂ ਜਾਂਦੀਆਂ ਹਨ, ਉਨ੍ਹਾਂ ਦੇ ਜਿੰਨੇ ਵੀ ਗੀਤ ਉਹਨੂੰ ਮਿਲਦੇ ਹਨ, ਉਹ ਇਕੱਠੇ ਕਰ ਲੈਂਦਾ ਹੈ।”
“ਏਨੇ ਗੀਤ ਇਕੱਠੇ ਕਰਕੇ ਉਹ ਕੀ ਕਰੇਗਾ?”
“ਕਿਤਾਬਾਂ ਛਾਪਦਾ ਹੈ, ਲੇਖ ਲਿਖਦਾ ਹੈ ਤਾਂ ਜੁ ਦੂਜੇ ਵੀ ਇਹ ਗੀਤ ਪੜ੍ਹ ਸਕਣ। ਕਈ ਅੰਗ੍ਰੇਜ਼ੀ ਰਸਾਲਿਆਂ ਵਿਚ ਉਹਦੇ ਲੇਖ ਛਪ ਚੁੱਕੇ ਹਨ। ਗੀਤ ਇਕੱਠੇ ਕਰਨਾ ਤੇ ਸਲੀਕੇ ਨਾਲ ਉਨ੍ਹਾਂ ਨੂੰ ਪੇਸ਼ ਕਰਨਾ ਕੋਈ ਮਾਮੂਲੀ ਕੰਮ ਨਹੀਂ। ਉਹ ਬਹੁਤ ਵੱਡਾ ਆਦਮੀ ਹੈ, ਸਮਝੀ, ਬਹੁਤ ਵੱਡਾ ਆਦਮੀ! ਤੇ ਵੇਖ, ਉਹਨੇ ਮੈਨੂੰ, ਕਿਹੋ ਜਿਹਾ ਖਤ ਲਿਖਿਐ।”
ਇਹ ਕਹਿ ਕੇ, ਜੋਗਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਉਹ ਪੱਤਰ ਪੜ੍ਹ ਕੇ ਸੁਣਾਇਆ ਜਿਹੜਾ ਹਰੇਂਦਰ ਨਾਥ ਤ੍ਰਿਪਾਠੀ ਨੇ ਆਪਣੇ ਪਿੰਡੋਂ ਉਹਨੂੰ ਭੇਜਿਆ ਸੀ। ਉਸ ਪੱਤਰ ਵਿਚ ਹਰੇਂਦਰ ਨਾਥ ਤ੍ਰਿਪਾਠੀ ਨੇ ਬੜੀ ਮਿੱਠੀ ਬੋਲੀ ਵਿਚ ਜੋਗਿੰਦਰ ਸਿੰਘ ਦੀਆਂ ਕਹਾਣੀਆਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਸੀ ਕਿ ਤੁਸੀਂ ਹਿੰਦੋਸਤਾਨ ਦੇ ਤਰੱਕੀਪਸੰਦ ਕਹਾਣੀਕਾਰ ਹੋ।
ਇਹ ਵਾਕ ਜੋਗਿੰਦਰ ਸਿੰਘ ਨੇ ਪੜ੍ਹ ਕੇ ਕਿਹਾ, “ਲੈ ਵੇਖ, ਤ੍ਰਿਪਾਠੀ ਸਾਹਿਬ ਵੀ ਲਿਖਦੇ ਨੇ ਕਿ ਮੈਂ ਤਰੱਕੀਪਸੰਦ ਹਾਂ।”
ਜੋਗਿੰਦਰ ਸਿੰਘ ਨੇ ਪੂਰਾ ਪੱਤਰ ਪੜ੍ਹਨ ਪਿਛੋਂ ਇਕ ਦੋ ਛਿਣ ਆਪਣੀ ਪਤਨੀ ਵਲ ਤੱਕਿਆ ਤੇ ਉਹਦਾ ਅਸਰ ਜਾਣਨ ਲਈ ਕਿਹਾ, “ਕਿਉਂ?”
ਅੰਮ੍ਰਿਤ ਕੌਰ ਪਤੀ ਦੀ ਤਿੱਖੀ ਨਜ਼ਰ ਕਾਰਨ ਕੁਝ ਝੇਂਪ ਜਿਹੀ ਗਈ ਤੇ ਮੁਸਕਰਾ ਕੇ ਕਹਿਣ ਲੱਗੀ, “ਮੈਂ ਕੀ ਜਾਣਾਂ! ਵੱਡੇ ਆਦਮੀਆਂ ਦੀਆਂ ਗੱਲਾਂ ਵੱਡੇ ਆਦਮੀ ਹੀ ਸਮਝ ਸਕਦੇ ਨੇ।”
ਜੋਗਿੰਦਰ ਸਿੰਘ ਨੇ ਆਪਣੀ ਪਤਨੀ ਦੀ ਏਸ ਅਦਾ ‘ਤੇ ਗਹੁ ਨਹੀਂ ਕੀਤਾ। ਉਹ ਅਸਲ ਵਿਚ ਹਰੇਂਦਰ ਨਾਥ ਤ੍ਰਿਪਾਠੀ ਨੂੰ ਆਪਣੇ ਘਰ ਬੁਲਾਉਣ ਤੇ ਉਹਨੂੰ ਕੁਝ ਦਿਨ ਠਹਿਰਾਉਣ ਬਾਰੇ ਸੋਚ ਰਿਹਾ ਸੀ, “ਅੰਮ੍ਰਿਤ ਮੈਂ ਕਹਿੰਦਾ ਹਾਂ, ਤ੍ਰਿਪਾਠੀ ਸਾਹਿਬ ਨੂੰ ਦਾਅਵਤ ਦੇ ਹੀ ਦਿੱਤੀ ਜਾਵੇ। ਕੀ ਖਿਆਲ ਹੈ ਤੇਰਾ… ਪਰ ਮੈਂ ਸੋਚਦਾ ਇਹ ਹਾਂ ਕਿ ਕੀ ਜਾਣਾਂ, ਉਹ ਕਿਤੇ ਇਨਕਾਰ ਹੀ ਨਾ ਕਰ ਦਏ। ਬਹੁਤ ਵੱਡਾ ਆਦਮੀ ਹੈ। ਹੋ ਸਕਦੈ ਉਹ ਸਾਡੀ ਏਸ ਦਾਅਵਤ ਨੂੰ ਖੁਸ਼ਾਮਦ ਸਮਝੇ।”
ਅਜਿਹੇ ਮੌਕਿਆਂ ‘ਤੇ ਉਹ ਪਤਨੀ ਨੂੰ ਆਪਣੇ ਨਾਲ ਸ਼ਾਮਿਲ ਕਰ ਲਿਆ ਕਰਦਾ ਸੀ ਤਾਂ ਜੁ ਦਾਅਵਤ ਦਾ ਭਾਰ ਦੋ ਬੰਦਿਆਂ ਵਿਚ ਵੰਡਿਆ ਜਾਵੇ। ਇਸੇ ਲਈ ਜਦੋਂ ਉਹਨੇ ‘ਸਾਡੀ’ ਆਖਿਆ ਤਾਂ ਅੰਮ੍ਰਿਤ ਕੌਰ ਨੇ, ਜਿਹੜੀ ਆਪਣੇ ਪਤੀ ਵਾਂਗ ਬਹੁਤ ਭੋਲੀ ਸੀ, ਹਰੇਂਦਰ ਨਾਥ ਤ੍ਰਿਪਾਠੀ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਭਾਵੇਂ ਉਹਦਾ ਨਾਂ ਹੀ ਉਹਦੇ ਲਈ ਸਮਝੋਂ ਬਾਹਰ ਸੀ ਅਤੇ ਇਹ ਗੱਲ ਵੀ ਉਹਦੀ ਸਮਝ ਤੋਂ ਬਾਹਰ ਸੀ ਕਿ ਇਕ ਅਵਾਰਾਗਰਦ, ਗੀਤ ਇਕੱਠੇ ਕਰ ਕੇ, ਕਿਵੇਂ ਬਹੁਤ ਵੱਡਾ ਆਦਮੀ ਬਣ ਸਕਦਾ ਹੈ। ਜਦੋਂ ਉਹਨੂੰ ਇਹ ਦੱਸਿਆ ਗਿਆ ਸੀ ਕਿ ਤ੍ਰਿਪਾਠੀ ਗੀਤ ਇਕੱਠੇ ਕਰਦਾ ਹੈ ਤਾਂ ਉਹਨੂੰ ਆਪਣੇ ਪਤੀ ਦੀ ਇਕ ਗੱਲ ਯਾਦ ਆ ਗਈ ਕਿ ਵਲਾਇਤ ਵਿਚ ਲੋਕ ਤਿਤਲੀਆਂ ਫੜਨ ਦਾ ਕੰਮ ਕਰਦੇ ਹਨ ਤੇ ਇਸ ਤਰ੍ਹਾਂ ਕਾਫੀ ਪੈਸਾ ਕਮਾ ਲੈਂਦੇ ਹਨ। ਇਸੇ ਲਈ ਉਹਦਾ ਇਹ ਖਿਆਲ ਸੀ ਕਿ ਸ਼ਾਇਦ ਤ੍ਰਿਪਾਠੀ ਨੇ ਗੀਤ ਇਕੱਠੇ ਕਰਨ ਦਾ ਕੰਮ ਵਲਾਇਤ ਦੇ ਕਿਸੇ ਆਦਮੀ ਤੋਂ ਸਿੱਖਿਆ ਹੋਵੇਗਾ।
ਜੋਗਿੰਦਰ ਸਿੰਘ ਨੇ ਆਪਣਾ ਸ਼ੱਕ ਪ੍ਰਗਟਾਇਆ, “ਹੋ ਸਕਦੈ ਉਹ ਸਾਡੀ ਏਸ ਦਾਅਵਤ ਨੂੰ ਖੁਸ਼ਾਮਦ ਸਮਝ ਲਏ।”
“ਇਹਦੇ ‘ਚ ਖੁਸ਼ਾਮਦ ਦੀ ਕਿਹੜੀ ਗੱਲ ਹੈ? ਹੋਰ ਵੀ ਤਾਂ ਕਈ ਵੱਡੇ ਆਦਮੀ ਸਾਡੇ ਘਰ ਆਉਂਦੇ ਨੇ। ਤੁਸੀਂ ਉਨ੍ਹਾਂ ਨੂੰ ਚਿੱਠੀ ਪਾ ਦਿਓ। ਮੇਰਾ ਖਿਆਲ ਹੈ ਕਿ ਉਹ ਤੁਹਾਡੀ ਦਾਅਵਤ ਜ਼ਰੂਰ ਕਬੂਲ ਕਰ ਲੈਣਗੇ। ਨਾਲੇ ਉਨ੍ਹਾਂ ਨੂੰ ਵੀ ਤਾਂ ਤੁਹਾਨੂੰ ਮਿਲਣ ਦਾ ਬਹੁਤ ਚਾਅ ਹੈ। ਹਾਂ, ਇਹ ਤਾਂ ਦੱਸੋ ਕੀ ਉਨ੍ਹਾਂ ਦੇ ਬਾਲ-ਬੱਚੇ ਹਨ?”
“ਬਾਲ-ਬੱਚੇ!” ਜੋਗਿੰਦਰ ਸਿੰਘ ਉਠਿਆ। ਚਿੱਠੀ ਦਾ ਮਜ਼ਮੂਨ ਅੰਗ੍ਰੇਜ਼ੀ ਭਾਸ਼ਾ ਵਿਚ ਸੋਚਦਿਆਂ ਬੋਲਿਆ, “ਹੋਣਗੇ, ਜ਼ਰੂਰ ਹੋਣਗੇ। ਹਾਂ ਹਨ। ਮੈਂ ਉਨ੍ਹਾਂ ਦੇ ਇਕ ਲੇਖ ਵਿਚ ਪੜ੍ਹਿਆ ਸੀ, ਉਨ੍ਹਾਂ ਦੀ ਪਤਨੀ ਵੀ ਹੈ ਤੇ ਇਕ ਬੱਚੀ ਵੀ।”
ਇਹ ਕਹਿ ਕੇ ਉਹ ਉਠਿਆ, ਚਿੱਠੀ ਦਾ ਮਜ਼ਮੂਨ ਉਹਦੇ ਦਿਮਾਗ ਵਿਚ ਪੂਰਾ ਹੋ ਚੁੱਕਿਆ ਸੀ। ਦੂਜੇ ਕਮਰੇ ਵਿਚ ਜਾ ਕੇ ਉਹਨੇ ਛੋਟੇ ਸਾਈਜ਼ ਦਾ ਉਹ ਪੈਡ ਕਢਿਆ ਜਿਸ ਉਤੇ ਉਹ ਖਾਸ-ਖਾਸ ਆਦਮੀਆਂ ਨੂੰ ਚਿੱਠੀਆਂ ਲਿਖਿਆ ਕਰਦਾ ਸੀ ਅਤੇ ਹਰੇਂਦਰ ਨਾਥ ਤ੍ਰਿਪਾਠੀ ਦੇ ਨਾਂ ਉਰਦੂ ਵਿਚ ਦਾਅਵਤਨਾਮਾ ਲਿਖਿਆ। ਇਹ ਉਸ ਮਜ਼ਮੂਨ ਦਾ ਅਨੁਵਾਦ ਸੀ ਜਿਹੜਾ ਉਹਨੇ ਆਪਣੀ ਪਤਨੀ ਨਾਲ ਗੱਲ ਕਰਨ ਵੇਲੇ ਅੰਗ੍ਰੇਜ਼ੀ ਵਿਚ ਸੋਚਿਆ ਸੀ।
ਤੀਜੇ ਦਿਨ ਹਰੇਂਦਰ ਨਾਥ ਤ੍ਰਿਪਾਠੀ ਦਾ ਉਤਰ ਆ ਗਿਆ। ਜੋਗਿੰਦਰ ਸਿੰਘ ਨੇ ਧੜਕਦੇ ਦਿਲ ਨਾਲ ਲਫਾਫਾ ਖੋਲ੍ਹਿਆ। ਜਦੋਂ ਪੜ੍ਹਿਆ ਕਿ ਉਹਦੀ ਦਾਅਵਤ ਮਨਜ਼ੂਰ ਕਰ ਲਈ ਗਈ ਹੈ, ਉਹਦਾ ਦਿਲ ਹੋਰ ਵੀ ਤੇਜ਼ ਧੜਕਣ ਲੱਗਾ। ਪਤਨੀ ਅੰਮ੍ਰਿਤ ਕੌਰ ਧੁੱਪੇ ਆਪਣੇ ਛੋਟੇ ਬੱਚੇ ਦੇ ਕੇਸਾਂ ਵਿਚ ਦਹੀਂ ਪਾ ਕੇ ਮਲ ਰਹੀ ਸੀ ਕਿ ਉਹ ਲਫ਼ਾਫ਼ਾ ਫੜੀ ਉਹਦੇ ਕੋਲ ਆਇਆ।
“ਉਨ੍ਹਾਂ ਨੇ ਸਾਡੀ ਦਾਅਵਤ ਕਬੂਲ ਕਰ ਲਈ ਹੈ। ਲਿਖਦੇ ਨੇ ਕਿ ਉਹ ਲਾਹੌਰ ਵੈਸੇ ਵੀ ਕਿਸੇ ਜ਼ਰੂਰੀ ਕੰਮ ਆ ਰਹੇ ਸਨ। ਆਪਣੀ ਨਵੀਂ ਕਿਤਾਬ ਛਪਵਾਉਣਾ ਚਾਹੁੰਦੇ ਸਨ। ਤੇ ਹਾਂ, ਉਨ੍ਹਾਂ ਨੇ ਤੈਨੂੰ ਪ੍ਰਣਾਮ ਲਿਖਿਆ ਏ।”
ਅੰਮ੍ਰਿਤ ਕੌਰ ਨੂੰ ਇਸ ਖਿਆਲ ਤੋਂ ਬਹੁਤ ਖੁਸ਼ੀ ਹੋਈ ਕਿ ਏਡੇ ਵੱਡੇ ਆਦਮੀ ਨੇ ਜਿਸ ਦਾ ਕੰਮ ਗੀਤ ਇਕੱਠੇ ਕਰਨਾ ਹੈ, ਉਹਨੂੰ ‘ਪ੍ਰਣਾਮ’ ਭੇਜਿਆ ਹੈ। ਉਹਨੇ ਮਨ ਹੀ ਮਨ ਵਿਚ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਉਹਦਾ ਵਿਆਹ ਅਜਿਹੇ ਆਦਮੀ ਨਾਲ ਹੋਇਆ ਹੈ ਜਿਸ ਨੂੰ ਹਿੰਦੋਸਤਾਨ ਦਾ ਹਰ ਵੱਡਾ ਆਦਮੀ ਜਾਣਦਾ ਹੈ। ਸਿਆਲ ਦੀ ਰੁੱਤ ਸੀ, ਦਸੰਬਰ ਦੇ ਪਹਿਲੇ ਦਿਨ ਸਨ। ਜੋਗਿੰਦਰ ਸਿੰਘ ਸਵੇਰੇ ਸਤ ਵਜੇ ਜਾਗਿਆ ਪਰ ਦੇਰ ਤਕ ਬਿਸਤਰੇ ਵਿਚ ਹੀ ਅੱਖਾਂ ਖੋਹਲੀਂ ਲੰਮਾ ਪਿਆ ਰਿਹਾ- ਉਹਦੀ ਪਤਨੀ ਅੰਮ੍ਰਿਤ ਕੌਰ ਤੇ ਉਹਦਾ ਬੱਚਾ-ਦੋਵੇਂ ਰਜਾਈ ਵਿਚ ਲਿਪਟੇ ਲਾਗਲੇ ਮੰਜੇ ਉਤੇ ਪਏ ਸਨ। ਜੋਗਿੰਦਰ ਸਿੰਘ ਸੋਚਣ ਲੱਗਿਆ, ‘ਤ੍ਰਿਪਾਠੀ ਸਾਹਬ ਨੂੰ ਮਿਲ ਕੇ ਕੇਡੀ ਖੁਸ਼ੀ ਹੋਵੇਗੀ। ਖੁਦ ਤ੍ਰਿਪਾਠੀ ਸਾਹਬ ਵੀ ਉਹਨੂੰ ਮਿਲ ਕੇ ਬਹੁਤ ਪ੍ਰਸੰਨ ਹੋਣਗੇ ਕਿਉਂ ਜੁ ਉਹ ਹਿੰਦੋਸਤਾਨ ਦਾ ਨੌਜਵਾਨ ਕਹਾਣੀਕਾਰ ਅਤੇ ਤਰੱਕੀਪਸੰਦ ਲੇਖਕ ਹੈ, ਤ੍ਰਿਪਾਠੀ ਸਾਹਿਬ ਨਾਲ ਉਹ ਹਰ ਵਿਸ਼ੇ ਉਤੇ ਗੱਲਬਾਤ ਕਰੇਗਾ, ਗੀਤਾਂ ‘ਤੇ, ਪੇਂਡੂ ਬੋਲੀਆਂ ‘ਤੇ, ਕਹਾਣੀਆਂ ‘ਤੇ ਅਤੇ ਤਾਜ਼ਾ ਜੰਗੀ ਹਾਲਾਤ ‘ਤੇ। ਉਹ ਉਨ੍ਹਾਂ ਨੂੰ ਦੱਸੇਗਾ ਕਿ ਇਕ ਕਲਰਕ ਹੁੰਦਿਆਂ ਵੀ ਉਹ ਕਿਵੇਂ ਵਧੀਆ ਕਹਾਣੀਕਾਰ ਬਣ ਸਕਿਆ। ਕੀ ਇਹ ਅਜੀਬ ਗੱਲ ਨਹੀਂ ਕਿ ਡਾਕਖਾਨੇ ਵਿਚ ਚਿੱਠੀਆਂ ਦੀ ਦੇਖਭਾਲ ਕਰਨ ਵਾਲਾ ਬੰਦਾ ਕਲਾਕਾਰ ਹੋਵੇ। ਜੋਗਿੰਦਰ ਸਿੰਘ ਨੂੰ ਇਸ ਗੱਲ ਦਾ ਬੜਾ ਮਾਣ ਸੀ ਕਿ ਡਾਕਖਾਨੇ ਵਿਚ ਮਜ਼ਦੂਰਾਂ ਵਾਂਗ-ਛੇ-ਸਤ ਘੰਟੇ ਕੰਮ ਕਰਨ ਪਿੱਛੋਂ ਵੀ ਉਹ ਏਨਾ ਵਕਤ ਕੱਢ ਲੈਂਦਾ ਹੈ ਕਿ ਇਕ ਮਾਸਕ ਰਸਾਲਾ ਸੰਪਾਦਤ ਕਰਦਾ ਹੈ ਅਤੇ ਦੋ-ਤਿੰਨ ਰਸਾਲਿਆਂ ਲਈ ਹਰ ਹਫਤੇ ਜਿਹੜੇ ਲੰਬੇ ਲੰਬੇ ਪੱਤਰ ਲਿਖੇ ਜਾਂਦੇ ਹਨ, ਉਹ ਵੱਖਰੇ। ਦੇਰ ਤਕ ਬਿਸਤਰੇ ਵਿਚ ਪਿਆ ਉਹ ਹਰੇਂਦਰ ਨਾਥ ਤ੍ਰਿਪਾਠੀ ਨਾਲ ਆਪਣੀ ਪਹਿਲੀ ਮੁਲਾਕਾਤ ਲਈ ਮਨ ਵਿਚ ਤਿਆਰੀਆਂ ਕਰਦਾ ਰਿਹਾ।
ਜੋਗਿੰਦਰ ਸਿੰਘ ਨੇ ਹਰੇਂਦਰ ਨਾਥ ਤ੍ਰਿਪਾਠੀ ਦੀਆਂ ਕਹਾਣੀਆਂ ਤੇ ਲੇਖ ਪੜ੍ਹੇ ਹੋਏ ਸਨ, ਉਹਦੀ ਫੋਟੋ ਵੇਖ ਕੇ ਉਹ ਆਮ ਤੌਰ ‘ਤੇ ਇਹ ਮਹਿਸੂਸ ਕਰਦਾ ਸੀ ਕਿ ਉਹਨੇ ਉਸ ਬੰਦੇ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ। ਪਰ ਹਰੇਂਦਰ ਨਾਥ ਤ੍ਰਿਪਾਠੀ ਦੇ ਮਾਮਲੇ ਵਿਚ ਉਹਨੂੰ ਆਪਣੇ ਉੱਤੇ ਭਰੋਸਾ ਨਹੀਂ ਸੀ। ਉਹ ਆਖਦਾ ਸੀ ਕਿ ਹਰੇਂਦਰ ਨਾਥ ਤ੍ਰਿਪਾਠੀ ਉਹਦੇ ਲਈ ਬਿਲਕੁਲ ਅਜਨਬੀ ਹੈ-ਜੋਗਿੰਦਰ ਸਿੰਘ ਦੇ ਕਹਾਣੀਕਾਰ ਦਿਮਾਗ ਵਿਚ ਕਈ ਵਾਰ ਹਰੇਂਦਰ ਨਾਥ ਤ੍ਰਿਪਾਠੀ ਇਕ ਅਜਿਹੇ ਆਦਮੀ ਦੇ ਰੂਪ ਵਿਚ ਸਾਹਮਣੇ ਆਉਂਦਾ ਜੀਹਨੇ ਕੱਪੜਿਆਂ ਦੀ ਥਾਂ ਆਪਣੇ ਪਿੰਡੇ ਉਤੇ ਕਾਗਜ਼ ਲਪੇਟੇ ਹੋਏ ਹੋਣ, ਤੇ ਜਦੋਂ ਉਹ ਕਾਗਜ਼ਾਂ ਬਾਰੇ ਸੋਚਦਾ ਤਾਂ ਉਹਨੂੰ ਅਨਾਰਕਲੀ ਦੀ ਉਹ ਕੰਧ ਯਾਦ ਆ ਜਾਂਦੀ, ਜਿਸ ਉਤੇ ਸਿਨਮੇ ਦੇ ਇਸ਼ਤਿਹਾਰ ਏਡੀ ਵੱਡੀ ਗਿਣਤੀ ਵਿਚ ਇਕ ਦੂਜੇ ‘ਤੇ ਚਿਪਕੇ ਹੋਏ ਸਨ ਕਿ ਕੰਧ ਉਪਰ ਇਕ ਹੋਰ ਕੰਧ ਬਣ ਗਈ ਸੀ। ਬਿਸਤਰੇ ਵਿਚ ਪਿਆ ਉਹ ਦੇਰ ਤਕ ਸੋਚਦਾ ਰਿਹਾ ਕਿ ਜੇ ਹਰੇਂਦਰ ਨਾਥ ਤ੍ਰਿਪਾਠੀ ਅਜਿਹਾ ਹੀ ਆਦਮੀ ਹੋਇਆ ਤਾਂ ਉਹਨੂੰ ਸਮਝ ਸਕਣਾ ਬੜਾ ਹੀ ਮੁਸ਼ਕਲ ਹੋਵੇਗਾ। ਪਰ ਫੇਰ ਉਹਨੂੰ ਆਪਣੀ ਸਿਆਣਪ ਦਾ ਖਿਆਲ ਆਇਆ, ਤੇ ਉਹਦੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਤੇ ਉਹ ਉਠ ਕੇ ਉਸ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਰੁਝ ਗਿਆ। ਤ੍ਰਿਪਾਠੀ ਨੇ ਲਿਖਿਆ ਸੀ ਕਿ ਉਹ ਆਪੀਂ ਜੋਗਿੰਦਰ ਸਿੰਘ ਦੇ ਘਰ ਪਹੁੰਚ ਜਾਏਗਾ ਕਿਉਂਜੁ ਉਹ ਫੈਸਲਾ ਨਹੀਂ ਕਰ ਸਕਿਆ ਕਿ ਉਹ ਲਾਰੀ ਰਾਹੀਂ ਆਏਗਾ ਜਾਂ ਟਰੇਨ ਰਾਹੀਂ। ਫੇਰ ਵੀ ਇਹ ਗੱਲ ਤਾਂ ਪੱਕੀ ਸੀ ਕਿ ਜੋਗਿੰਦਰ ਸਿੰਘ ਸੋਮਵਾਰ ਨੂੰ, ਡਾਕਖਾਨਿਓ ਛੁੱਟੀ ਲੈ ਕੇ ਸਾਰਾ ਦਿਨ ਆਪਣੇ ਮਹਿਮਾਨ ਨੂੰ ਉਡੀਕੇਗਾ। ਨਹਾ-ਧੋ ਤੇ ਕੱਪੜੇ ਬਦਲ ਕੇ ਜੋਗਿੰਦਰ ਸਿੰਘ ਦੇਰ ਤਕ ਰਸੋਈ ਵਿਚ ਆਪਣੀ ਪਤਨੀ ਕੋਲ ਬੈਠਾ ਰਿਹਾ। ਦੋਹਾਂ ਨੇ ਹੀ ਇਹ ਸੋਚ ਕੇ ਚਾਹ ਦੇਰ ਨਾਲ ਪੀਤੀ ਕਿ ਸ਼ਾਇਦ ਤ੍ਰਿਪਾਠੀ ਆ ਜਾਵੇ। ਪਰ ਜਦੋਂ ਤ੍ਰਿਪਾਠੀ ਦੇਰ ਤਕ ਨਾ ਆਇਆ ਤਾਂ ਉਨ੍ਹਾਂ ਨੇ ਕੇਕ, ਆਦਿ, ਸੰਭਾਲ ਕੇ ਅਲਮਾਰੀ ਵਿਚ ਰਖ ਦਿੱਤੇ ਤੇ ਕਾਲੀ ਚਾਹ ਪੀ ਕੇ ਮਹਿਮਾਨ ਨੂੰ ਉਡੀਕਣ ਲੱਗੇ। ਜਦੋਂ ਜੋਗਿੰਦਰ ਸਿੰਘ ਰਸੋਈ ‘ਚੋਂ ਉਠ ਕੇ ਕਮਰੇ ਵਿਚ ਆਇਆ ਤੇ ਸ਼ੀਸ਼ੇ ਸਾਹਮਣੇ ਖੜੋ ਕੇ ਉਹਨੇ ਦਾੜ੍ਹੀ ਦੇ ਵਾਲਾਂ ਵਿਚ ਲੋਹੇ ਦੇ ਛੋਟੇ ਛੋਟੇ ਕਲਿਪ ਲਾਉਣੇ ਆਰੰਭੇ ਤਾਂ ਜੁ ਵਾਲ ਜੰਮ ਜਾਣ ਤਾਂ ਬੂਹਾ ਖੜਕਿਆ। ਹੁਣ ਖੁਲ੍ਹੀ ਦਾੜ੍ਹੀ ਨਾਲ, ਓਸੇ ਹਾਲ ਵਿਚ ਉਹਨੇ ਡਿਊੜ੍ਹੀ ਦਾ ਦਰਵਾਜ਼ਾ ਖੋਲ੍ਹਿਆ। ਜਿਵੇਂ ਕਿ ਉਹਨੂੰ ਮਲੂਮ ਸੀ, ਸਭ ਤੋਂ ਪਹਿਲਾਂ ਉਹਦੀ ਨਜ਼ਰ ਹਰੇਂਦਰ ਨਾਥ ਤ੍ਰਿਪਾਠੀ ਦੀ ਕਾਲੀ ਸੰਘਣੀ ਦਾੜ੍ਹੀ ‘ਤੇ ਪਈ ਜਿਹੜੀ ਉਹਦੀ ਆਪਣੀ ਦਾੜ੍ਹੀ ਨਾਲੋਂ ਵੀਹ ਗੁਣਾਂ ਵੱਡੀ ਸੀ, ਸਗੋਂ ਇਸ ਤੋਂ ਵੀ ਕੁਝ ਵਧੇਰੇ।
ਤ੍ਰਿਪਾਠੀ ਦੇ ਬੁਲ੍ਹਾਂ ਉਤੇ ਜਿਹੜੇ ਵੱਡੀਆਂ ਵੱਡੀਆਂ ਮੁੱਛਾਂ ਵਿਚ ਲੁਕੇ ਹੋਏ ਸਨ, ਮੁਸਕਰਾਹਟ ਪ੍ਰਗਟ ਹੋਈ। ਉਹਦੀ ਅੱਖ ਜਿਹੜੀ ਰਤਾ ਕੁ ਟੇਢੀ ਸੀ ਥੋੜ੍ਹੀ ਹੋਰ ਟੇਢੀ ਹੋ ਗਈ। ਉਹਨੇ ਆਪਣੀਆਂ ਲੰਮੀਆਂ ਲੰਮੀਆਂ ਲਿਟਾਂ ਨੂੰ ਇਕ ਪਾਸੇ ਕਰ ਕੇ ਆਪਣਾ ਹੱਥ, ਜੋ ਕਿਸੇ ਕਿਸਾਨ ਦਾ ਹੱਥ ਜਾਪਦਾ ਸੀ, ਜੋਗਿੰਦਰ ਸਿੰਘ ਵੱਲ ਵਧਾਇਆ। ਜੋਗਿੰਦਰ ਸਿੰਘ ਨੇ ਤ੍ਰਿਪਾਠੀ ਦੇ ਹੱਥ ਦੀ ਮਜ਼ਬੂਤ ਪਕੜ ਮਹਿਸੂਸ ਕੀਤੀ ਤੇ ਉਹਨੂੰ ਤ੍ਰਿਪਾਠੀ ਦਾ ਚਮੜੇ ਦਾ ਥੈਲਾ ਦਿੱਸਿਆ ਜਿਹੜਾ ਕਿਸੇ ਗਰਭਵਤੀ ਤੀਵੀਂ ਦੇ ਢਿੱਡ ਵਾਂਗ ਫੁੱਲਿਆ ਹੋਇਆ ਸੀ ਤਾਂ ਉਹ ਬੜਾ ਪ੍ਰਭਾਵਿਤ ਹੋਇਆ ਤੇ ਕੇਵਲ ਇਹ ਹੀ ਆਖ ਸਕਿਆ, “ਤ੍ਰਿਪਾਠੀ ਜੀ, ਤੁਹਾਨੂੰ ਮਿਲ ਕੇ ਡਾਢੀ ਪ੍ਰਸੰਨਤਾ ਹੋਈ।” ਤ੍ਰਿਪਾਠੀ ਨੂੰ ਆਇਆਂ ਪੰਦਰਾਂ ਦਿਨ ਹੋ ਗਏ ਸਨ-ਉਹਦੇ ਪਧਾਰਨ ਦੇ ਤੀਜੇ ਹੀ ਦਿਨ ਉਹਦੀ ਪਤਨੀ ਤੇ ਬੱਚੀ ਵੀ ਆ ਗਏ। ਦੋਵੇਂ ਤ੍ਰਿਪਾਠੀ ਦੇ ਨਾਲ ਹੀ ਪਿੰਡੋਂ ਆਏ ਸਨ ਪਰ ਦੋ ਦਿਨ ਲਈ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਕੋਲ ਠਹਿਰ ਗਏ ਸਨ ਪਰ ਤ੍ਰਿਪਾਠੀ ਨੇ ਉਨ੍ਹਾਂ ਦਾ ਉਸ ਰਿਸ਼ਤੇਦਾਰ ਕੋਲ ਬਹੁਤਾ ਚਿਰ ਰੁਕਣਾ ਠੀਕ ਨਹੀਂ ਸੀ ਸਮਝਿਆ, ਇਸ ਲਈ ਉਹਨੇ ਪਤਨੀ ਤੇ ਬੱਚੀ ਨੂੰ ਆਪਣੇ ਹੀ ਕੋਲ ਸੱਦ ਭੇਜਿਆ ਸੀ।
ਤ੍ਰਿਪਾਠੀ ਆਪਣੇ ਨਾਲ ਛੁਟ ਏਸ ਫੁੱਲੇ ਹੋਏ ਥੈਲੇ ਦੇ ਕੁਝ ਵੀ ਨਹੀਂ ਸੀ ਲਿਆਇਆ। ਸਿਆਲ ਦੀ ਰੁੱਤ ਸੀ, ਇਸ ਲਈ ਦੋਵੇਂ ਕਹਾਣੀਕਾਰ ਇਕੋ ਬਿਸਤਰੇ ਵਿਚ ਸੌਂਦੇ। ਤ੍ਰਿਪਾਠੀ ਦੀ ਪਤਨੀ ਆਪਣੇ ਨਾਲ ਕੇਵਲ ਇਕ ਕੰਬਲ ਹੀ ਲਿਆਈ ਸੀ ਜਿਹੜਾ ਮਾਂ ਤੇ ਧੀ ਲਈ ਵੀ ਕਾਫੀ ਨਹੀਂ ਸੀ। ਪਹਿਲੇ ਚਾਰ ਦਿਨ ਬੜੀਆਂ ਦਿਲਚਸਪ ਗੱਲਾਂ ਕਰਦਿਆਂ ਬੀਤ ਗਏ। ਤ੍ਰਿਪਾਠੀ ਤੋਂ ਆਪਣੀ ਕਹਾਣੀਆਂ ਦੀ ਪ੍ਰਸੰਸਾ ਸੁਣ ਕੇ ਜੋਗਿੰਦਰ ਸਿੰਘ ਬੜਾ ਖੁਸ਼ ਹੋਇਆ। ਉਹਨੇ ਆਪਣੀ ਇਕ ਕਹਾਣੀ ਜਿਹੜੀ ਅਜੇ ਛਪੀ ਨਹੀਂ ਸੀ, ਸੁਣਾਈ ਜਿਸ ਦੀ ਤ੍ਰਿਪਾਠੀ ਨੇ ਰੱਜ ਕੇ ਪ੍ਰਸੰਸਾ ਕੀਤੀ। ਦੋ ਅਧੂਰੀਆਂ ਕਹਾਣੀਆਂ ਵੀ ਸੁਣਾਈਆਂ। ਇਨ੍ਹਾਂ ਬਾਰੇ ਵੀ ਤ੍ਰਿਪਾਠੀ ਨੇ ਚੰਗੀ ਰਾਏ ਪ੍ਰਗਟਾਈ। ਤਰੱਕੀਪਸੰਦ ਸਾਹਿਤ ਬਾਰੇ ਚਰਚਾ ਵੀ ਹੁੰਦੀ ਰਹੀ। ਦੂਜੇ ਕਹਾਣੀਕਾਰਾਂ ਦੀ ਕਲਾ ਦੇ ਦੋਸ਼ ਕਢੇ ਗਏ, ਨਵੀਂ ਤੇ ਪੁਰਾਣੀ ਸ਼ਾਇਰੀ ਦਾ ਮੁਕਾਬਲਾ ਕੀਤਾ ਗਿਆ। ਗੱਲ ਕੀ, ਇਹ ਚਾਰ ਦਿਨ ਬੜੇ ਚੰਗੇ ਬੀਤੇ ਅਤੇ ਜੋਗਿੰਦਰ ਸਿੰਘ ਹਰ ਪੱਖੋਂ ਤ੍ਰਿਪਾਠੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਤ੍ਰਿਪਾਠੀ ਦਾ ਬੋਲਣ-ਚਾਲਣ ਦਾ ਢੰਗ, ਜਿਸ ਵਿਚ ਇਕੋ-ਵੇਲੇ ਬਚਪਨਾ ਤੇ ਬਜ਼ੁਰਗੀ ਸ਼ਾਮਿਲ ਸਨ, ਉਸ ਨੂੰ ਬੜਾ ਚੰਗਾ ਲਗਿਆ। ਤ੍ਰਿਪਾਠੀ ਦੀ ਲੰਮੀ ਦਾੜ੍ਹੀ ਉਹਦੇ ਵਿਚਾਰਾਂ ਉਤੇ ਛਾ ਗਈ। ਤ੍ਰਿਪਾਠੀ ਦੀਆਂ ਕਾਲੀਆਂ ਕਾਲੀਆਂ ਲਿਟਾਂ ਜਿਨ੍ਹਾਂ ਵਿਚ ਪੇਂਡੂ ਗੀਤਾਂ ਦੀ ਰਵਾਨੀ ਸੀ, ਹਰ ਵੇਲੇ ਉਹਦੇ ਸਾਹਮਣੇ ਰਹਿਣ ਲੱਗੀਆਂ। ਡਾਕਖਾਨੇ ‘ਚ ਚਿੱਠੀਆਂ ਦੀ ਦੇਖਭਾਲ ਦੌਰਾਨ ਵੀ ਤ੍ਰਿਪਾਠੀ ਦੀਆਂ ਇਹ ਲਿਟਾਂ ਜੋਗਿੰਦਰ ਸਿੰਘ ਨੂੰ ਨਹੀਂ ਸਨ ਭੁੱਲੀਆਂ। ਚਹੁੰਆਂ ਦਿਨਾਂ ਵਿਚ ਤ੍ਰਿਪਾਠੀ ਨੇ ਜੋਗਿੰਦਰ ਸਿੰਘ ਨੂੰ ਮੋਹ ਲਿਆ। ਉਹ ਉਸ ਦਾ ਪ੍ਰਸ਼ੰਸਕ ਹੋ ਗਿਆ। ਉਹਦੀ ਟੇਢੀ ਅੱਖ ਵੀ ਉਹਨੂੰ ਸੋਹਣੀ ਲੱਗਣ ਲਗੀ, ਸਗੋਂ ਉਹਨੇ ਸੋਚਿਆ, “ਜੇ ਉਨ੍ਹਾਂ ਦੀਆਂ ਅੱਖਾਂ ਵਿਚ ਟੇਢਾਪਨ ਨਾ ਹੁੰਦਾ ਤਾਂ ਉਨ੍ਹਾਂ ਦੇ ਚਿਹਰੇ ‘ਤੇ ਇਹ ਬਜ਼ੁਰਗੀ ਕਦੇ ਵੀ ਪ੍ਰਗਟਨਹੀਂ ਸੀ ਹੋਣੀ।”
ਤ੍ਰਿਪਾਠੀ ਦੇ ਵੱਡੇ ਵੱਡੇ ਬੁੱਲ੍ਹ ਜਦੋਂ ਉਹਦੀਆਂ ਸੰਘਣੀਆਂ ਮੁੱਛਾਂ ਦੇ ਪਿੱਛੇ ਹਿਲਦੇ ਤਾਂ ਜੋਗਿੰਦਰ ਸਿੰਘ ਨੂੰ ਮਹਿਸੂਸ ਹੁੰਦਾ ਜਿਵੇਂ ਝਾੜੀਆਂ ਵਿਚ ਪੰਖੇਰੂ ਬੋਲ ਰਹੇ ਹੋਣ। ਤ੍ਰਿਪਾਠੀ ਸਹਿਜੇ ਸਹਿਜੇ ਸੋਚਦਾ ਸੀ। ਬੋਲਦਿਆਂ ਜਦੋਂ ਉਹ ਆਪਣੀ ਦਾੜ੍ਹੀ ਉਤੇ ਹੱਥ ਫੇਰਦਾ ਤਾਂ ਜੋਗਿੰਦਰ ਸਿੰਘ ਦੇ ਦਿਲ ਨੂੰ ਬੜਾ ਸੁਖ ਮਿਲਦਾ-ਉਹ ਸਮਝਦਾ ਕਿ ਉਹਦੇ ਦਿਲ ਉਤੇ ਪਿਆਰ ਨਾਲ ਹੱਥ ਫੇਰਿਆ ਜਾ ਰਿਹਾ ਹੈ। ਚਾਰ ਦਿਨ ਜੋਗਿੰਦਰ ਸਿੰਘ ਅਜਿਹੀ ਹੀ ਫ਼ਿਜ਼ਾ ਵਿਚ ਜੀਵਿਆ-ਏਸ ਫਿਜ਼ਾ ਨੂੰ ਜੇ ਉਹ ਆਪਣੀ ਕਿਸੇ ਕਹਾਣੀ ਵਿਚ ਬਿਆਨ ਕਰਨਾ ਚਾਹੁੰਦਾ ਤਾਂ ਨਹੀਂ ਸੀ ਕਰ ਸਕਦਾ। ਪੰਜਵੇਂ ਦਿਨ ਤ੍ਰਿਪਾਠੀ ਨੇ ਚਾਣਚਕ ਆਪਣਾ ਚਮੜੇ ਦਾ ਥੈਲਾ ਖੋਲ੍ਹਿਆ, ਢੇਰ ਸਾਰੀਆਂ ਕਹਾਣੀਆਂ ਕਢੀਆਂ ਅਤੇ ਜੋਗਿੰਦਰ ਸਿੰਘ ਨੂੰ ਸੁਣਾਉਣੀਆਂ ਅਰੰਭ ਦਿੱਤੀਆਂ। ਤ੍ਰਿਪਾਠੀ ਨਿਰੰਤਰ ਦਸ ਦਿਨ ਆਪਣੀਆਂ ਕਹਾਣੀਆਂ ਸੁਣਾਉਂਦਾ ਰਿਹਾ। ਏਸ ਦੌਰਾਨ ਉਹਨੇ ਜੋਗਿੰਦਰ ਸਿੰਘ ਨੂੰ ਕਈ ਕਿਤਾਬਾਂ ਸੁਣਾ ਦਿੱਤੀਆਂ। ਜੋਗਿੰਦਰ ਸਿੰਘ ਤੰਗ ਪੈ ਗਿਆ। ਉਹ ਕਹਾਣੀਆਂ ਨੂੰ ਨਫਰਤ ਕਰਨ ਲੱਗਿਆ। ਤ੍ਰਿਪਾਠੀ ਦਾ ਚਮੜੇ ਦਾ ਥੈਲਾ ਜਿਸ ਦਾ ਢਿੱਡ ਬਾਣੀਏ ਦੀ ਤੌਂਦ ਵਾਂਗ ਫੁੱਲਿਆ ਹੋਇਆ ਸੀ, ਉਹਦੇ ਲਈ ਇਕ ਸੰਤਾਪ ਬਣ ਗਿਆ। ਰੋਜ਼ ਸ਼ਾਮੀਂ ਡਾਕਖਾਨੇ ਤੋਂ ਮੁੜਦਿਆਂ ਉਹਨੂੰ ਇਹ ਭੈ ਖਾਂਦਾ ਰਹਿੰਦਾ ਕਿ ਘਰ ਕਦਮ ਰਖਦਿਆਂ ਹੀ ਉਹਨੂੰ ਤ੍ਰਿਪਾਠੀ ਦਾ ਸਾਹਮਣਾ ਕਰਨਾ ਪਏਗਾ। ਏਧਰ ਓਧਰ ਦੀਆਂ ਇਕ-ਦੋ ਗੱਲਾਂ ਹੋਣਗੀਆਂ, ਫੇਰ ਉਹੋ ਚਮੜੇ ਦਾ ਥੈਲਾ ਖੁਲ੍ਹੇਗਾ ਤੇ ਉਹਨੂੰ ਇਕ ਜਾਂ ਦੋ ਲੰਮੀਆਂ ਕਹਾਣੀਆਂ ਸੁਣਨੀਆਂ ਪੈਣਗੀਆਂ।
ਜੋਗਿੰਦਰ ਸਿੰਘ ਤਰੱਕੀਪਸੰਦ ਕਹਾਣੀਕਾਰ ਸੀ। ਜੇ ਤਰੱਕੀਪਸੰਦੀ ਉਹਦੇ ਅੰਦਰ ਨਾ ਹੁੰਦੀ ਤਾਂ ਉਹਨੇ ਤ੍ਰਿਪਾਠੀ ਨੂੰ ਸਾਫ ਆਖ ਦੇਣਾ ਸੀ, ‘ਬਸ ਬਸ ਤ੍ਰਿਪਾਠੀ ਸਾਹਿਬ, ਬਸ ਬਸ਼… ਹੁਣ ਮੇਰੇ ਵਿਚ ਤੁਹਾਡੀਆਂ ਕਹਾਣੀਆਂ ਸੁਣਨ ਦੀ ਸ਼ਕਤੀ ਨਹੀਂ ਰਹੀ।” ਪਰ ਉਹ ਸੋਚਦਾ, “ਨਹੀਂ ਨਹੀਂ, ਮੈਂ ਤਰੱਕੀਪਸੰਦ ਹਾਂ, ਮੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਅਸਲ ਵਿਚ ਇਹ ਤਾਂ ਮੇਰੀ ਆਪਣੀ ਕਮਜ਼ੋਰੀ ਹੈ ਕਿ ਉਨ੍ਹਾਂ ਦੀਆਂ ਕਹਾਣੀਆਂ ਹੁਣ ਮੈਨੂੰ ਚੰਗੀਆਂ ਨਹੀਂ ਲਗਦੀਆਂ। ਇਨ੍ਹਾਂ ਵਿਚ ਕੋਈ ਨਾ ਕੋਈ ਖੂਬੀ ਜ਼ਰੂਰ ਹੋਵੇਗੀ। ਇਸ ਲਈ ਕਿ ਉਨ੍ਹਾਂ ਦੀਆਂ ਪਹਿਲੀਆਂ ਕਹਾਣੀਆਂ ਮੈਨੂੰ ਖੂਬੀਆਂ ਨਾਲ ਭਰੀਆਂ ਦਿਸਦੀਆਂ ਸਨ, ਮੈਂ…ਮੈਂ ਹੁਣ ਪਖਪਾਤੀ ਹੋ ਗਿਆ ਹਾਂ।”
ਇਕ ਹਫਤੇ ਤੋਂ ਵਧੇਰੇ ਸਮੇਂ ਤੱਕ ਜੋਗਿੰਦਰ ਸਿੰਘ ਦੇ ਤਰੱਕੀਪਸੰਦ ਦਿਮਾਗ ਵਿਚ ਇਹ ਖਿੱਚੋਤਾਣ ਜਾਰੀ ਰਹੀ-ਉਹ ਸੋਚ ਸੋਚ ਕੇ ਉਸ ਹੱਦ ‘ਤੇ ਪੁਜ ਗਿਆ ਜਿਥੇ ਸੋਚ-ਵਿਚਾਰ ਹੋ ਹੀ ਨਹੀਂ ਸਕਦੀ। ਉਹਦੇ ਮਨ ਵਿਚ ਭਾਂਤ ਭਾਂਤ ਦੇ ਵਿਚਾਰ ਉਪਜਦੇ। ਉਹ ਠੀਕ ਤਰ੍ਹਾਂ ਉਨ੍ਹਾਂ ਦੀ ਪਰਖ ਪੜਤਾਲ ਨਾ ਕਰ ਸਕਦਾ। ਉਹਦੀ ਮਾਨਸਿਕ ਹਫੜਾ-ਦਫੜੀ ਸਹਿਜੇ ਸਹਿਜੇ ਵਧਦੀ ਗਈ ਤੇ ਉਹ ਇੰਜ ਮਹਿਸੂਸ ਕਰਨ ਲੱਗਿਆ ਜਿਵੇਂ ਇਕ ਬਹੁਤ ਵੱਡਾ ਮਕਾਨ ਹੋਵੇ ਜਿਸ ਵਿਚ ਬੇਅੰਤ ਬਾਰੀਆਂ ਹੋਣ, ਉਸ ਮਕਾਨ ਵਿਚ ਉਹ ਇਕੱਲਾ ਹੈ ਅਤੇ ਹਨੇਰੀ ਆ ਗਈ ਹੈ। ਕਦੇ ਇਸ ਬਾਰੀ ਦੇ ਤਖ਼ਤੇ ਵੱਜਦੇ ਹਨ ਕਦੇ ਉਸ ਬਾਰੀ ਦੇ ਤੇ ਉਹਨੂੰ ਸਮਝ ਨਹੀਂ ਆ ਰਹੀ ਕਿ ਉਹ ਏਨੀਆਂ ਬਾਰੀਆਂ ਨੂੰ ਇਕੋ ਵੇਲੇ ਕਿਵੇਂ ਬੰਦ ਕਰੇ। ਹੁਣ ਤ੍ਰਿਪਾਠੀ ਨੂੰ ਆਏ ਨੂੰ ਵੀਹ ਦਿਨ ਹੋ ਗਏ ਸਨ ਤੇ ਜੋਗਿੰਦਰ ਸਿੰਘ ਬੇਚੈਨ ਰਹਿਣ ਲਗਿਆ ਸੀ।
ਤ੍ਰਿਪਾਠੀ ਸ਼ਾਮੀਂ ਉਹਨੂੰ ਨਵੀਂ ਕਹਾਣੀ ਸੁਣਾਉਂਦਾ ਤਾਂ ਉਹਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਬਹੁਤ ਸਾਰੀਆਂ ਮੱਖੀਆਂ ਉਹਦੇ ਕੰਨਾਂ ਕੋਲ ਭਿਣਭਿਣ ਕਰ ਰਹੀਆਂ ਹੋਣ, ਫੇਰ ਉਹ ਕਿਸੇ ਹੋਰ ਹੀ ਸੋਚ ਵਿਚ ਡੁੱਬ ਜਾਂਦਾ। ਇਕ ਦਿਨ ਤ੍ਰਿਪਾਠੀ ਨੇ ਉਹਨੂੰ ਆਪਣੀ ਇਕ ਹੋਰ ਤਾਜ਼ਾ ਕਹਾਣੀ ਸੁਣਾਈ। ਇਸ ਵਿਚ ਕਿਸੇ ਤੀਵੀਂ ਤੇ ਮਰਦ ਦੇ ਜਿਨਸੀ ਸੰਬੰਧਾਂ ਦਾ ਜ਼ਿਕਰ ਸੀ-ਉਹਦੇ ਦਿਲ ਨੂੰ ਧੱਕਾ ਜਿਹਾ ਵਜਿਆ।
ਪੂਰੇ ਇੱਕੀ ਦਿਨ ਮੈਂ ਆਪਣੀ ਪਤਨੀ ਕੋਲ ਸੌਣ ਦੀ ਥਾਂ ਇਕ ਲਮਡਫੇਲ ਨਾਲ ਇਕੋ ਰਜ਼ਾਈ ਵਿਚ ਸੌਦਾ ਰਿਹਾ ਹਾਂ। ਇਸ ਅਹਿਸਾਸ ਨੇ ਜੋਗਿੰਦਰ ਸਿੰਘ ਦੇ ਦਿਲ ਤੇ ਦਿਮਾਗ ਵਿਚ ਇਕ ਛਿਣ ਲਈ ਇਨਕਲਾਬ ਲੈ ਆਂਦਾ। ਇਹ ਕਿਸ ਤਰ੍ਹਾਂ ਦਾ ਬੰਦਾ ਹੈ, ਜੋਕ ਵਾਂਗੂੰ ਚੰਬੜ ਗਿਆ ਹੈ…. ਹਿੱਲਣ ਦਾ ਨਾਂ ਹੀ ਨਹੀਂ ਲੈਂਦਾ… ਤੇ… ਤੇ ਉਹਦੀ ਪਤਨੀ, ਉਹਦੀ ਬੱਚੀ, ਸਾਰਾ ਪਰਿਵਾਰ ਹੀ ਆਣ ਪਧਾਰਿਆ। ਇਹ ਲੋਕ ਤਾਂ ਸੋਚਦੇ ਤਕ ਨਹੀਂ ਕਿ ਮੇਰਾ ਗ਼ਰੀਬ ਦਾ ਕਚੂਮਰ ਨਿਕਲ ਜਾਏਗਾ। ਡਾਕਖਾਨੇ ਦਾ ਮੁਲਾਜ਼ਮ, ਪੰਜਾਹ ਰੁਪਏ ਮਾਸਿਕ ਤਨਖਾਹ, ਅੰਤ ਕਦੋਂ ਤਕ ਇਨ੍ਹਾਂ ਨੂੰ ਖੁਆਂਦਾ ਪਿਆਂਦਾ ਰਹਾਂਗਾ ਅਤੇ ਫੇਰ ਕਹਾਣੀਆਂ ਨੇ ਕਿ ਮੁੱਕਣ ਵਿਚ ਹੀ ਨਹੀਂ ਆਉਂਦੀਆਂ… ਇਨਸਾਨ ਹਾਂ, ਕੋਈ ਲੋਹੇ ਦਾ ਟਰੰਕ ਤਾਂ ਨਹੀਂ ਕਿ ਹਰ ਰੋਜ਼ ਉਹਦੀਆਂ ਕਹਾਣੀਆਂ ਸੁਣਦਾ ਰਹਾਂ ਅਤੇ… ਅਤੇ ਕੇਡਾ ਜ਼ੁਲਮ ਹੈ ਕਿ ਮੈਂ ਪਤਨੀ ਦੇ ਨੇੜੇ ਤਕ ਨਹੀਂ ਜਾ ਸਕਿਆ। ਸਰਦੀਆਂ ਦੀਆਂ ਰਾਤਾਂ ਵਿਅਰਥ ਹੀ ਜਾ ਰਹੀਆਂ ਨੇ। ਇੱਕੀ ਦਿਨਾਂ ਪਿੱਛੋਂ ਉਹ ਤ੍ਰਿਪਾਠੀ ਨੂੰ ਇਕ ਨਵੀਂ ਰੌਸ਼ਨੀ ‘ਚ ਵੇਖਣ ਲੱਗਾ।
ਹੁਣ ਜੋਗਿੰਦਰ ਸਿੰਘ ਨੂੰ ਤ੍ਰਿਪਾਠੀ ਦੀ ਹਰ ਗੱਲ ਦੋਸ਼ਪੂਰਨ ਦਿਸਣ ਲੱਗੀ। ਉਹਦੀ ਟੇਢੀ ਅੱਖ, ਜਿਸ ਵਿਚ ਉਹਨੂੰ ਪਹਿਲਾਂ ਖੂਬਸੂਰਤੀ ਨਜ਼ਰ ਆਉਂਦੀ ਸੀ, ਹੁਣ ਬੱਸ ਇਕ ਟੇਢੀ ਅੱਖ ਹੀ ਸੀ। ਉਹਦੀਆਂ ਕਾਲੀਆਂ ਲਿਟਾਂ ਵੀ ਹੁਣ ਜੋਗਿੰਦਰ ਸਿੰਘ ਨੂੰ ਪਹਿਲਾਂ ਵਾਂਗ ਕੂਲੀਆਂ ਨਹੀਂ ਸਨ ਦਿਸਦੀਆਂ ਤੇ ਉਹਦੀ ਦਾੜ੍ਹੀ ਨੂੰ ਵੇਖ ਕੇ ਸੋਚਦਾ ਸੀ ਕਿ ਏਡੀ ਲੰਬੀ ਦਾੜ੍ਹੀ ਰੱਖਣਾ ਵੱਡੀ ਮੂਰਖਤਾ ਹੈ। ਜਦੋਂ ਤ੍ਰਿਪਾਠੀ ਨੂੰ ਟਿਕਿਆਂ ਪੰਝੀ ਦਿਨ ਹੋ ਗਏ ਤਾਂ ਉਹਦੀ ਮਾਨਸਿਕਤਾ ਵਿਚ ਅਜੀਬ ਜਿਹੀ ਤਬਦੀਲੀ ਆਈ ਜਾਪੀ। ਉਹ ਆਪਣੇ ਆਪ ਨੂੰ ਅਜਨਬੀ ਸਮਝਣ ਲਗਿਆ। ਉਹਨੂੰ ਇਸ ਤਰ੍ਹਾਂ ਅਨੁਭਵ ਹੋਣ ਲਗਿਆ ਕਿ ਉਹ ਕਦੇ ਕਿਸੇ ਜੋਗਿੰਦਰ ਸਿੰਘ ਨੂੰ ਜਾਣਦਾ ਸੀ ਪਰ ਉਹ ਉਹਨੂੰ ਨਹੀਂ ਜਾਣਦਾ, ਆਪਣੀ ਪਤਨੀ ਬਾਰੇ ਉਹ ਸੋਚਦਾ, “ਜਦੋਂ ਤ੍ਰਿਪਾਠੀ ਤੁਰ ਜਾਏਗਾ ਤਾਂ ਸਭ ਠੀਕ ਹੋ ਜਾਏਗਾ। ਮੇਰਾ ਨਵੇਂ ਸਿਰੇ ਤੋਂ ਵਿਆਹ ਹੋਵੇਗਾ। ਮੈਂ ਮੁੜ ਆਪਣੀ ਪਤਨੀ ਕੋਲ ਸੌਂ ਸਕਾਂਗਾ ਅਤੇ…।” ਇਹਦੇ ਅੱਗੋਂ ਜਦ ਉਹ ਸੋਚਦਾ ਤਾਂ ਉਹਦੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ ਤੇ ਸੰਘ ਵਿਚ ਕੋਈ ਕੌੜੀ ਜਿਹੀ ਚੀਜ਼ ਫਸ ਜਾਂਦੀ। ਉਹਦਾ ਚਿਤ ਕਰਦਾ ਕਿ ਭੱਜਿਆ ਭੱਜਿਆ ਅੰਦਰ ਜਾਏ ਤੇ ਅੰਮ੍ਰਿਤ ਕੌਰ ਨੂੰ, ਜਿਹੜੀ ਕਦੇ ਉਹਦੀ ਪਤਨੀ ਹੁੰਦੀ ਸੀ, ਗਲ ਨਾਲ ਲਾ ਲਵੇ ਤੇ ਰੋਣ ਲਗ ਪਏ-ਪਰ ਅਜਿਹਾ ਕਰਨ ਦੀ ਉਸ ਵਿਚ ਹਿੰਮਤ ਨਹੀਂ ਸੀ ਕਿਉਂਜੁ ਉਹ ਤਰੱਕੀਪਸੰਦ ਕਹਾਣੀਕਾਰ ਸੀ। ਕਦੇ ਕਦੇ ਜੋਗਿੰਦਰ ਸਿੰਘ ਦੇ ਦਿਲ ਵਿਚ ਇਹ ਖ਼ਿਆਲ ਦੁੱਧ ਦੇ ਉਛਾਲ ਵਾਂਗ ਉਠਦਾ ਕਿ ‘ਤਰੱਕੀਪਸੰਦ’ ਦੀ ਰਜ਼ਾਈ ਜਿਹੜੀ ਉਹਨੇ ਪਹਿਨੀ ਹੋਈ ਹੈ, ਲਾਹ ਕੇ ਸੁੱਟ ਦੇਵੇ ਅਤੇ ਚੀਕ ਚੀਕ ਕੇ ਆਖੇ, “ਤ੍ਰਿਪਾਠੀ, ਤਰੱਕੀਪਸੰਦੀ ਦੀ ਐਸੀ ਦੀ ਤੈਸੀ… ਤੂੰ ਤੇ ਤੇਰੇ ਇਕੱਠੇ ਕੀਤੇ ਹੋਏ ਗੀਤ ਬਕਵਾਸ ਨੇ, ਮੈਨੂੰ ਮੇਰੀ ਪਤਨੀ ਚਾਹੀਦੀ ਹੈ…ਤੇਰੀਆਂ ਇਛਾਵਾਂ ਤਾਂ ਸਾਰੀਆਂ ਦੀਆਂ ਸਾਰੀਆਂ ਗੀਤਾਂ ਵਿਚ ਜਜ਼ਬ ਹੋ ਚੁਕੀਆਂ ਨੇ। ਮੈਂ ਅਜੇ ਜੁਆਨ ਹਾਂ, ਮੇਰੀ ਹਾਲਤ ‘ਤੇ ਤਰਸ ਖਾ। ਜ਼ਰਾ ਸੋਚ ਤਾਂ ਸਹੀ, ਮੈਂ ਜਿਹੜਾ ਆਪਣੀ ਪਤਨੀ ਤੋਂ ਬਿਨਾਂ ਇਕ ਮਿੰਟ ਵੀ ਨਹੀਂ ਸਾਂ ਸੌ ਸਕਦਾ, ਪੰਝੀ ਦਿਨਾਂ ਤੋਂ ਤੇਰੇ ਨਾਲ ਇਕੋ ਰਜ਼ਾਈ ਵਿਚ ਸੌਂ ਰਿਹਾ ਹਾਂ। ਕੀ ਇਹ ਜ਼ੁਲਮ ਨਹੀਂ?”
ਤ੍ਰਿਪਾਠੀ ਉਹਦੇ ਮਨ ਦੀ ਹਾਲਤ ਤੋਂ ਬੇਖਬਰ ਰੋਜ਼ ਸ਼ਾਮੀਂ ਤਾਜ਼ਾ ਕਹਾਣੀਆਂ ਸੁਣਾਉਂਦਾ ਅਤੇ ਉਹਦੇ ਬਿਸਤਰੇ ਵਿਚ ਸੌਂ ਜਾਂਦਾ। ਇਕ ਮਹੀਨਾ ਬੀਤ ਗਿਆ ਤਾਂ ਜੋਗਿੰਦਰ ਸਿੰਘ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਮੌਕਾ ਪਾ ਕੇ, ਉਹ ਗੁਸਲਖਾਨੇ ਵਿਚ ਆਪਣੀ ਪਤਨੀ ਨੂੰ ਮਿਲਿਆ-ਧੜਕਦੇ ਦਿਲ ਨਾਲ, ਇਸ ਗਲੋਂ ਭੈਭੀਤ ਕਿ ਕਿਤੇ ਤ੍ਰਿਪਾਠੀ ਦੀ ਪਤਨੀ ਨਾ ਆ ਜਾਏ, ਉਹਨੇ ਜਲਦੀ ਨਾਲ ਅੰਮ੍ਰਿਤ ਨੂੰ ਇੰਜ ਚੁੰਮਿਆ ਜਿਵੇਂ ਡਾਕਖਾਨੇ ਦੀਆਂ ਚਿੱਠੀਆਂ ਉਤੇ ਮੋਹਰ ਲਾਈ ਜਾਂਦੀ ਹੈ ਅਤੇ ਆਖਿਆ, ਅੱਜ ਰਾਤੀਂ ਜਾਗਦੀ ਰਹੀਂ। ਮੈਂ ਤ੍ਰਿਪਾਠੀ ਨੂੰ ਇਹ ਕਹਿ ਕੇ ਬਾਹਰ ਚਲਿਆ ਜਾਵਾਂਗਾ ਕਿ ਰਾਤ ਦੋ ਢਾਈ ਵਜੇ ਪਰਤਾਂਗਾ। ਪਰ ਮੈਂ ਛੇਤੀ ਆ ਜਾਵਾਂਗਾ, ਬਾਰਾਂ ਵਜੇ… ਪੂਰੇ ਬਾਰਾਂ ਵਜੇ। ਮੈਂ ਮਲਕੜੇ ਜਿਹੇ ਬੂਹਾ ਖੜਕਾਵਾਂਗਾ। ਤੂੰ ਮਲਕੜੇ ਜਿਹੇ ਖੋਲ੍ਹ ਦੇਵੀਂ ਤੇ ਫੇਰ ਅਸੀਂ… ਡਿਉੜ੍ਹੀ ਬਿਲਕੁਲ ਇਕ ਪਾਸੇ ਕਰਕੇ ਹੈ। ਪਰ ਊਂ ਸਾਵਧਾਨੀ ਵਜੋਂ ਉਹ ਬੂਹਾ ਜਿਹੜਾ ਗੁਸਲਖਾਨੇ ਵੱਲ ਖੁਲ੍ਹਦਾ ਹੈ, ਬੰਦ ਕਰ ਦੇਈਂ।
ਪਤਨੀ ਨੂੰ ਚੰਗੀ ਤਰ੍ਹਾਂ ਸਮਝਾ ਕੇ, ਉਹ ਤ੍ਰਿਪਾਠੀ ਨੂੰ ਮਿਲਿਆ ਤੇ ਉਹਨੂੰ ਦੱਸ ਕੇ ਬਾਹਰ ਚਲਿਆ ਗਿਆ। ਬਾਰਾਂ ਵਜਣ ਵਿਚ ਚਾਰ ਘੰਟੇ ਰਹਿੰਦੇ ਸਨ ਜਿਨ੍ਹਾਂ ਵਿਚੋਂ ਦੋ ਉਹਨੇ ਆਪਣੀ ਸਾਈਕਲ ਉਤੇ ਇਧਰ-ਉਧਰ ਘੁੰਮਣ ਵਿਚ ਬਿਤਾਏ। ਉਹਨੂੰ ਠੰਢ ਦੀ ਤਿਖ ਦਾ ਉਕਾ ਹੀ ਅਹਿਸਾਸ ਨਾ ਹੋਇਆ ਕਿਉਂਜੁ ਪਤਨੀ ਨੂੰ ਮਿਲਣ ਦਾ ਖਿਆਲ ਕਾਫੀ ਗਰਮ ਸੀ। ਦੋ ਘੰਟੇ ਸਾਈਕਲ ਉੱਤੇ ਘੁੰਮਣ ਪਿੱਛੋਂ ਉਹ ਆਪਣੇ ਮਕਾਨ ਦੇ ਲਾਗੇ ਮੈਦਾਨ ਵਿਚ ਬਹਿ ਗਿਆ ਤੇ ਮਹਿਸੂਸ ਕਰਨ ਲੱਗਿਆ ਕਿ ਉਹ ਰੁਮਾਂਚਿਤ ਹੋ ਗਿਆ ਹੈ। ਜਦੋਂ ਉਹਨੂੰ ਠੰਢੀ ਰਾਤ ਦੀ ਧੁੰਦਿਆਲੀ ਚੁਪ ਦਾ ਖਿਆਲ ਆਇਆ ਤਾਂ ਇਹ ਉਹਨੂੰ ਇਕ ਜਾਣੀ-ਪਹਿਚਾਣੀ ਚੀਜ਼ ਦਿਸੀ। ਉਪਰ, ਠਿਠਰੇ ਹੋਏ ਅਸਮਾਨ ਉਤੇ ਤਾਰੇ ਚਮਕ ਰਹੇ ਸਨ ਜਿਵੇਂ ਪਾਣੀ ਦੇ ਮੋਟੇ ਮੋਟੇ ਤੁਪਕੇ ਜੰਮ ਕੇ ਮੋਤੀ ਬਣ ਗਏ ਹੋਣ। ਕਦੇ ਕਦੇ ਰੇਲਵੇ ਇੰਜਣ ਦੀ ਚੀਕ ਚੁੱਪ ਨੂੰ ਤੋੜ ਦਿੰਦੀ ਅਤੇ ਜੋਗਿੰਦਰ ਸਿੰਘ ਦਾ ਕਹਾਣੀਕਾਰ ਦਿਮਾਗ ਸੋਚਦਾ ਕਿ ਇਹ ਚੁੱਪ ਬਰਫ ਦਾ ਵੱਡਾ ਸਾਰਾ ਡਲਾ ਹੈ ਅਤੇ ਸੀਟੀ ਦੀ ਆਵਾਜ਼ ਉਹ ਚੀਕ ਹੈ ਜਿਹੜੀ ਉਹਦੀ ਛਾਤੀ ਵਿਚ ਧਸ ਗਈ ਹੈ। ਕਾਫ਼ੀ ਚਿਰ ਤਕ ਜੋਗਿੰਦਰ ਸਿੰਘ ਇਕ ਨਵੀਂ ਕਿਸਮ ਦੇ ਰੁਮਾਂਸ ਨੂੰ ਆਪਣੇ ਦਿਲ ਤੇ ਦਿਮਾਗ ਵਿਚ ਫੈਲਾਉਂਦਾ ਰਿਹਾ ਅਤੇ ਰਾਤ ਦੀਆਂ ਅੰਧਿਆਰੀਆਂ ਖੂਬਸੂਰਤੀਆਂ ਨੂੰ ਗਿਣਦਾ ਰਿਹਾ। ਉਸ ਨੇ ਚਾਣਚਕ ਚੌਂਕ ਕੇ ਘੜੀ ਦੇਖੀ-ਬਾਰਾਂ ਵੱਜਣ ਵਿਚ ਦੋ ਮਿੰਟ ਰਹਿੰਦੇ ਸਨ। ਉਠਿਆ ਅਤੇ ਘਰ ਪਹੁੰਚ ਕੇ ਦਰਵਾਜ਼ਾ ਮਲਕੜੇ ਜਿਹੇ ਖੜਕਾਇਆ। ਪੰਜ ਸਕਿੰਟ ਬੀਤ ਗਏ, ਦਰਵਾਜ਼ਾ ਨਾ ਖੁਲ੍ਹਿਆ। ਉਹਨੇ ਮੁੜ ਦਸਤਕ ਦਿੱਤੀ। ਦਰਵਾਜ਼ਾ ਖੁਲ੍ਹਿਆ। ਜੋਗਿੰਦਰ ਸਿੰਘ ਨੇ ਹੌਲੀ ਜਿਹੀ ਕਿਹਾ, “ਅੰਮ੍ਰਿਤ…।” ਤੇ ਜਦੋਂ ਨਜ਼ਰਾਂ ਚੁੱਕ ਕੇ ਤੱਕਿਆ ਤਾਂ ਉਥੇ ਅੰਮ੍ਰਿਤ ਕੌਰ ਦੀ ਥਾਂ ਤ੍ਰਿਪਾਠੀ ਖਲੋਤਾ ਸੀ। ਹਨੇਰੇ ਵਿਚ ਜੋਗਿੰਦਰ ਸਿੰਘ ਨੂੰ ਇੰਜ ਲੱਗਿਆ ਜਿਵੇਂ ਤ੍ਰਿਪਾਠੀ ਦੀ ਦਾੜ੍ਹੀ ਏਡੀ ਲੰਮੀ ਹੋ ਗਈ ਸੀ ਕਿ ਜ਼ਮੀਨ ਨੂੰ ਛੂਹ ਰਹੀ ਸੀ। ਉਹਨੂੰ ਤ੍ਰਿਪਾਠੀ ਦੀ ਆਵਾਜ਼ ਸੁਣਾਈ ਦਿੱਤੀ,
“ਆ ਗਿਆ ਏਂ ਜੋਗਿੰਦਰ ਸਿੰਘ… ਇਹ ਵੀ ਚੰਗਾ ਈ ਹੋਇਆ! ਮੈਂ ਹੁਣੇ-ਹੁਣੇ ਇਕ ਕਹਾਣੀ ਮੁਕਾਈ ਹੈ, ਆ ਤੈਨੂੰ ਸੁਣਾਵਾਂ।”

ਸਆਦਤ ਹਸਨ ਮੰਟੋ

1919 ਦੀ ਗੱਲ

by Sandeep Kaur March 31, 2020

ਇਹ ਗੱਲ 1919 ਦੀ ਹੈ ਭਾਈ ਸਾਹਿਬ, ਜਦੋਂ ਰੋਲਟ ਐਕਟ ਖ਼ਿਲਾਫ਼ ਸਾਰੇ ਪੰਜਾਬ ਵਿੱਚ ਐਜੀਟੇਸ਼ਨ ਚੱਲ ਰਹੀ ਸੀ…। ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਹਾਂ…। ਸਰ ਮਾਈਕਲ ਤੇ ਡਿਫੈਂਸ ਆਫ਼ ਇੰਡੀਆ ਰੂਲਜ਼ ਤਹਿਤ ਗਾਂਧੀ ਜੀ ਦੀ ਪੰਜਾਬ ਵਿੱਚ ਆਮਦ ‘ਤੇ ਰੋਕ ਲਾ ਦਿੱਤੀ ਗਈ ਸੀ…। ਉਹ ਆ ਰਹੇ ਸਨ ਕਿ ਪਲਵਲ ਦੇ ਕੋਲ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਗ੍ਰਿਫ਼ਤਾਰ ਕਰਕੇ ਵਾਪਸ ਬੰਬਈ ਭੇਜ ਦਿੱਤਾ ਗਿਆ…। ਜਿੱਥੋਂ ਤਕ ਮੈਨੂੰ ਪਤਾ ਹੈ ਭਾਈ ਸਾਹਿਬ, ਜੇ ਅੰਗਰੇਜ਼ ਇਹ ਗਲਤੀ ਨਾ ਕਰਦੇ ਤਾਂ ਜਲਿ੍ਹਆਂ ਵਾਲੇ ਬਾਗ਼ ਦਾ ਸਾਕਾ ਉਨ੍ਹਾਂ ਦੇ ਰਾਜ ਦੇ ਕਾਲੇ ਇਤਿਹਾਸ ਦੇ ਪੰਨਿਆਂ ਵਿੱਚ ਅਜਿਹੇ ਲਹੂ-ਲੁਹਾਨ ਪੰਨਿਆਂ ਦਾ ਹੋਰ ਵਾਧਾ ਨਾ ਕਰਦਾ…। ਕੀ ਮੁਸਲਮਾਨ, ਕੀ ਹਿੰਦੂ ਤੇ ਕੀ ਸਿੱਖ ਸਾਰਿਆਂ ਦੇ ਮਨਾਂ ਵਿੱਚ ਗਾਂਧੀ ਜੀ ਲਈ ਬੇਹੱਦ ਇੱਜ਼ਤ ਸੀ। ਸਾਰੇ ਉਨ੍ਹਾਂ ਨੂੰ ਮਹਾਤਮਾ ਕਹਿੰਦੇ ਸਨ…। ਜਦੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਲਾਹੌਰ ਪਹੁੰਚੀ ਤਾਂ ਸਾਰਾ ਸ਼ਹਿਰ ਦੇਖਦੇ-ਦੇਖਦੇ ਬੰਦ ਹੋ ਗਿਆ। ਲਾਹੌਰ ਤੋਂ ਖ਼ਬਰ ਅੰਮ੍ਰਿਤਸਰ ਪਹੁੰਚੀ ਤੇ ਉੱਥੇ ਵੀ ਦੇਖਦਿਆਂ-ਦੇਖਦਿਆਂ ਸਾਰੇ ਸ਼ਹਿਰ ਵਿੱਚ ਮੁਕੰਮਲ ਹੜਤਾਲ ਹੋ ਗਈ…। ਕਿਹਾ ਜਾਂਦਾ ਹੈ ਕਿ ਨੌਂ ਅਪਰੈਲ ਦੀ ਸ਼ਾਮ ਨੂੰ ਡਾਕਟਰ ਸੱਤਪਾਲ ਅਤੇ ਡਾਕਟਰ ਕਿਚਲੂ ਦੀ ਜਲਾਵਤਨੀ ਦੇ ਹੁਕਮ ਡਿਪਟੀ ਕਮਿਸ਼ਨਰ ਨੂੰ ਮਿਲ ਗਏ ਸਨ। ਪਰ ਉਹ ਉਨ੍ਹਾਂ ਨੂੰ ਲਾਗੂ ਕਰਨ ਲਈ ਅਜੇ ਤਿਆਰ ਨਹੀਂ ਸੀ…। ਇਸ ਲਈ ਕਿ ਉਹਦੇ ਖ਼ਿਆਲ ਵਿੱਚ ਅੰਮ੍ਰਿਤਸਰ ਵਿੱਚ ਕਿਸੇ ਵੀ ਗੱਲ ਦਾ ਕੋਈ ਖ਼ਤਰਾ ਨਹੀਂ ਸੀ। ਲੋਕ ਬੜੇ ਪੁਰ-ਅਮਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਅਤੇ ਜਲਸੇ-ਜਲੂਸ ਕੱਢ ਰਹੇ ਸਨ। ਕਿਸੇ ਤਰ੍ਹਾਂ ਦੀ ਹਿੰਸਾ ਦਾ ਤਾਂ ਕੋਈ ਸੁਆਲ ਹੀ ਨਹੀਂ ਸੀ ਪੈਦਾ ਹੁੰਦਾ। ਮੈਂ ਆਪਣੀ ਅੱਖੀਂ ਡਿੱਠਾ ਹਾਲ ਦੱਸ ਰਿਹਾ ਹਾਂ…। ਨੌਂ ਤਰੀਕ ਨੂੰ ਰਾਮਨੌਮੀ ਸੀ। ਜਲੂਸ ਨਿਕਲਿਆ ਪਰ ਮਜਾਲ ਹੈ ਜੇ ਕਿਸੇ ਨੇ ਹਾਕਮਾਂ ਦੀ ਮਰਜ਼ੀ ਦੇ ਖ਼ਿਲਾਫ਼ ਇੱਕ ਕਦਮ ਵੀ ਚੁੱਕਿਆ ਹੋਵੇ ਪਰ ਭਾਈ ਸਾਹਿਬ ਇਹ ਸਰ ਮਾਈਕਲ ਵੀ ਬੜੀ ਪੁੱਠੀ ਖੋਪੜੀ ਵਾਲਾ ਆਦਮੀ ਸੀ…। ਉਹਨੇ ਡਿਪਟੀ ਕਮਿਸ਼ਨਰ ਦੀ ਇੱਕ ਨਾ ਸੁਣੀ। ਉਸ ‘ਤੇ ਤਾਂ ਬਸ ਇਹ ਡਰ ਸਵਾਰ ਸੀ ਕਿ ਇਹ ਪੰਜਾਬੀ ਲੀਡਰ ਮਹਾਤਮਾ ਗਾਂਧੀ ਦੇ ਇੱਕ ਇਸ਼ਾਰੇ ‘ਤੇ ਅੰਗਰੇਜ਼ਾਂ ਦਾ ਤਖ਼ਤਾ ਉਲਟਾ ਦੇਣਗੇ ਤੇ ਜਿਹੜੀਆਂ ਹੜਤਾਲਾਂ ਹੋ ਰਹੀਆਂ ਹਨ, ਜਿਹੜੇ ਜਲਸੇ ਜਲੂਸ ਨਿਕਲ ਰਹੇ ਨੇ, ਇਨ੍ਹਾਂ ਦੇ ਪਰਦੇ ਪਿੱਛੇ ਇਹੀ ਸਾਜ਼ਿਸ਼ ਕੰਮ ਕਰ ਰਹੀ ਹੈ। ਡਾਕਟਰ ਕਿਚਲੂ ਅਤੇ ਡਾਕਟਰ ਸੱਤਪਾਲ ਦੀ ਜਲਾਵਤਨੀ ਦੀ ਖ਼ਬਰ ਇਕਦਮ ਸਾਰੇ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ…। ਦਿਲ ਹਰ ਜਣੇ ਦਾ ਕੁਝ ਕਰਨ ਨੂੰ ਕਰਦਾ ਸੀ ਪਰ ਹਰ ਸਮੇਂ ਧੁੜਕੂ ਜਿਹਾ ਵੀ ਲੱਗਿਆ ਰਹਿੰਦਾ ਸੀ ਕਿ ਕੋਈ ਬਹੁਤ ਵੱਡਾ ਹਾਦਸਾ ਵਾਪਰਨ ਵਾਲਾ ਹੈ…, ਪਰ ਭਾਈ ਸਾਹਿਬ ਜੋਸ਼ ਬਹੁਤ ਜ਼ਿਆਦਾ ਸੀ। ਕਾਰੋਬਾਰ ਬੰਦ ਸਨ। ਸ਼ਹਿਰ ਕਬਰਸਤਾਨ ਬਣਿਆ ਹੋਇਆ ਸੀ। ਪਰ ਇਸ ਕਬਰਸਤਾਨ ਦੀ ਖ਼ਾਮੋਸ਼ੀ ਵਿੱਚ ਇੱਕ ਸ਼ੋਰ ਸੀ। ਜਦੋਂ ਡਾਕਟਰ ਕਿਚਲੂ ਅਤੇ ਡਾਕਟਰ ਸੱਤਪਾਲ ਦੀ ਗ੍ਰਿਫ਼ਤਾਰੀ ਦੀ ਖ਼ਬਰ ਫੈਲੀ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਕਿ ਸਾਰੇ ਮਿਲ ਕੇ ਡਿਪਟੀ ਕਮਿਸ਼ਨਰ ਬਹਾਦਰ ਕੋਲ ਜਾਣ ਅਤੇ ਆਪਣੇ ਪਿਆਰੇ ਲੀਡਰਾਂ ਦੀ ਜਲਾਵਤਨੀ ਦੇ ਹੁਕਮ ਰੱਦ ਕਰਾਉਣ ਲਈ ਉਨ੍ਹਾਂ ਨੂੰ ਕਹਿਣ, ਪਰ ਭਾਈ ਸਾਹਿਬ ਇਹ ਜ਼ਮਾਨਾ ਕਹਿਣ-ਸੁਣਨ ਦਾ ਨਹੀਂ ਸੀ…। ਸਰ ਮਾਈਕਲ ਵਰਗਾ ਫਿਰੌਨਾ (ਮਿਸਰ ਦਾ ਇੱਕ ਜ਼ਾਲਮ ਹਾਕਮ -ਅਨੁ.) ਦਾ ਪਿਓ ਸੀ। ਉਹਨੇ ਕਿਸੇ ਦੀ ਗੱਲ ਸੁਣਨੀ ਤਾਂ ਇੱਕ ਪਾਸੇ ਲੋਕਾਂ ਦੇ ਸ਼ਾਂਤਮਈ ਇਕੱਠ ਨੂੰ ਹੀ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ। ਅੰਮ੍ਰਿਤਸਰ, ਉਹ ਅੰਮ੍ਰਿਤਸਰ ਜੋ ਕਦੇ ਆਜ਼ਾਦੀ ਦੀ ਲਹਿਰ ਦਾ ਸਭ ਤੋਂ ਵੱਡਾ ਕੇਂਦਰ ਸੀ, ਜਿਹਦੇ ਸੀਨੇ ‘ਤੇ ਜਲਿ੍ਹਆਂ ਵਾਲੇ ਬਾਗ਼ ਵਰਗਾ ਪਵਿੱਤਰ ਜ਼ਖ਼ਮ ਸੀ, ਅੱਜ ਕਿਹੋ ਜਿਹੀ ਹਾਲਤ ਵਿੱਚ ਹੈ…। ਉਸ ਪਵਿੱਤਰ ਸ਼ਹਿਰ ਵਿੱਚ ਜੋ ਕੁਝ ਅੱਜ ਤੋਂ ਪੰਜ ਵਰ੍ਹੇੇ ਪਹਿਲਾਂ ਵਾਪਰਿਆ, ਉਹਦੇ ਜ਼ਿੰਮੇਵਾਰ ਵੀ ਅੰਗਰੇਜ਼ ਹੀ ਰਹੇ ਹੋਣਗੇ ਭਾਈ ਸਾਹਿਬ ਪਰ ਸੱਚ ਪੁੱਛੋ ਤਾਂ ਉਸ ਲਹੂ ਵਿੱਚ ਜੋ ਉੱਥੇ ਵਗਿਆ, ਉਹਦੇ ਵਿੱਚ ਸਾਡੇ ਆਪਣੇ ਹੱਥ ਵੀ ਰੰਗੇ ਹੋਏ ਨਜ਼ਰ ਆਉਂਦੇ ਨੇ; …ਖ਼ੈਰ… ਡਿਪਟੀ ਕਮਿਸ਼ਨਰ ਸਾਹਿਬ ਦਾ ਬੰਗਲਾ ਸਿਵਲ ਲਾਈਨਜ਼ ਵਿੱਚ ਸੀ ਤੇ ਹਰ ਵੱਡਾ ਅਫ਼ਸਰ ਤੇ ਹਰ ਵੱਡਾ ਟੋਡੀ (ਅੰਗਰੇਜ਼ਾਂ ਦਾ ਭਾਰਤੀ ਪਿੱਠੂ -ਅਨੁ.) ਸ਼ਹਿਰ ਦੇ ਇਸ ਵੱਖਰੇ ਜਿਹੇ ਹਿੱਸੇ ਵਿੱਚ ਰਹਿੰਦੇ ਸਨ…। ਜੇ ਤੁਸੀਂ ਅੰਮ੍ਰਿਤਸਰ ਦੇਖਿਆ ਹੋਵੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਸ਼ਹਿਰ ਅਤੇ ਸਿਵਲ ਲਾਈਨਜ਼ ਨੂੰ ਜੋੜਨ ਵਾਲਾ ਇੱਕ ਪੁਲ ਹੈ, ਜਿਸ ‘ਤੋਂ ਲੰਘ ਕੇ ਠੰਢੀ ਸੜਕ ‘ਤੇ ਪਹੁੰਚੀਦਾ ਹੈ, ਜਿੱਥੇ ਹਾਕਮਾਂ ਨੇ ਆਪਣੇ ਲਈ ਆਰਜ਼ੀ ਸਵਰਗ ਬਣਾਇਆ ਹੋਇਆ ਸੀ। ਹਜੂਮ ਜਦੋਂ ਹਾਲ ਗੇਟ ਦੇ ਕੋਲ ਪਹੁੰਚਿਆ ਤਾਂ ਪਤਾ ਲੱਗਿਆ ਕਿ ਪੁਲ ‘ਤੇ ਗੋਰੇ ਘੋੜ ਸਵਾਰਾਂ ਦਾ ਪਹਿਰਾ ਹੈ…। ਹਜੂਮ ਬਿਲਕੁਲ ਨਾ ਰੁਕਿਆ ਤੇ ਅੱਗੇ ਹੀ ਅੱਗੇ ਵਧਦਾ ਗਿਆ…। ਭਾਈ ਸਾਹਿਬ, ਭਾਈ ਸਾਹਿਬ ਮੈਂ ਇਸ ਹਜੂਮ ਵਿੱਚ ਸ਼ਾਮਲ ਸਾਂ। ਜੋਸ਼ ਏਨਾ ਸੀ ਕਿ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਸਨ ਸਾਰੇ ਹੀ ਨਿਹੱਥੇ। ਕਿਸੇ ਕੋਲ ਇੱਕ ਨਿੱਕੀ ਜਿਹੀ ਸੋਟੀ ਤਕ ਵੀ ਨਹੀਂ ਸੀ। ਅਸਲ ਵਿੱਚ ਹਜੂਮ ਤਾਂ ਸਿਰਫ਼ ਇਸ ਮਕਸਦ ਨਾਲ ਨਿਕਲਿਆ ਸੀ ਕਿ ਸਮੁੱਚੇ ਰੂਪ ਵਿੱਚ ਆਪਣੀ ਆਵਾਜ਼ ਸ਼ਹਿਰ ਦੇ ਹਾਕਮ ਤਕ ਪਹੁੰਚਾਈ ਜਾਵੇ ਅਤੇ ਉਨ੍ਹਾਂ ਨੂੰ ਮੈਮੋਰੰਡਮ ਦਿੱਤਾ ਜਾਵੇ ਕਿ ਡਾਕਟਰ ਕਿਚਲੂ ਅਤੇ ਡਾਕਟਰ ਸੱਤਪਾਲ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਹਜੂਮ ਪੁਲ ਵੱਲ ਅੱਗੇ ਸਰਕਦਾ ਗਿਆ ਤੇ ਜਦੋਂ ਪੁਲ ਦੇ ਬਿਲਕੁਲ ਨੇੜੇ ਪਹੁੰਚਿਆ ਤਾਂ ਘੋੜ ਸਵਾਰ ਗੋਰਿਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਕਦਮ ਭਗਦੜ ਮੱਚ ਗਈ। ਗੋਰੇ ਗਿਣਤੀ ਵਿੱਚ ਕੁਝ ਕੁ ਹੀ ਸਨ ਤੇ ਹਜੂਮ ਵਿੱਚ ਸੈਂਕੜੇ ਲੋਕ ਸ਼ਾਮਲ ਸਨ। ਪਰ ਭਾਈ ਸਾਹਿਬ ਗੋਲੀ ਦੀ ਬੜੀ ਦਹਿਸ਼ਤ ਹੁੰਦੀ ਹੈ। ਅਜਿਹੀ ਹਫੜਾ-ਦਫੜੀ ਮਚੀ ਕਿ ਅੱਲ੍ਹਾ ਹੀ ਜਾਣਦਾ ਹੈ। ਕੁਝ ਲੋਕ ਗੋਲੀਆਂ ਨਾਲ ਅਤੇ ਕੁਝ ਭਗਦੜ ਵਿੱਚ ਜ਼ਖ਼ਮੀ ਹੋ ਗਏ। ਖੱਬੇ ਪਾਸੇ ਵੱਲ ਇੱਕ ਗੰਦਾ ਨਾਲਾ ਸੀ; ਇੱਕ ਧੱਕਾ ਵੱਜਿਆ ਤਾਂ ਮੈਂ ਸਿੱਧਾ ਨਾਲੇ ਵਿੱਚ ਜਾ ਡਿੱਗਿਆ। ਗੋਲੀਆਂ ਚਲਣੀਆਂ ਬੰਦ ਹੋ ਗਈਆਂ ਤਾਂ ਮੈਂ ਉੱਠ ਕੇ ਦੇਖਿਆ ਹਜੂਮ ਤਿੱਤਰ-ਬਿੱਤਰ ਹੋ ਚੁੱਕਾ ਸੀ। ਜਿਹੜੇ ਲੋਕ ਜ਼ਖ਼ਮੀ ਹੋ ਗਏ ਸਨ, ਉਹ ਸੜਕ ‘ਤੇ ਪਏ ਸਨ ਤੇ ਪੁਲ ‘ਤੇ ਗੋਰੇ ਘੋੜ ਸਵਾਰ ਹੱਸ ਰਹੇ ਸਨ। ਭਾਈ ਸਾਹਿਬ ਮੈਨੂੰ ਬਿਲਕੁਲ ਯਾਦ ਨਹੀਂ ਕਿ ਉਸ ਸਮੇਂ ਮੇਰੀ ਦਿਮਾਗ਼ੀ ਹਾਲਤ ਕਿਹੋ ਜਿਹੀ ਸੀ। ਮੇਰਾ ਖਿਆਲ ਹੈ ਕਿ ਮੇਰੇ ਹੋਸ਼ੋ-ਹਵਾਸ ਪੂਰੀ ਤਰ੍ਹਾਂ ਸਹੀ ਸਲਾਮਤ ਨਹੀਂ ਸਨ। ਨਾਲੇ ਵਿੱਚ ਡਿੱਗਦੇ ਸਮੇਂ ਤਾਂ ਮੈਂ ਬਿਲਕੁਲ ਹੀ ਹੋਸ਼ ‘ਚ ਨਹੀਂ ਸੀ। ਪਰ ਜਦੋਂ ਮੈਂ ਨਾਲੇ ਵਿੱਚੋਂ ਬਾਹਰ ਨਿਕਲਿਆ ਤਾਂ ਜਿਹੜਾ ਹਾਦਸਾ ਵਾਪਰ ਚੁੱਕਿਆ ਸੀ, ਉਹਦੇ ਧੁੰਦਲੇ ਜਿਹੇ ਨੈਣ-ਨਕਸ਼ ਹੌਲੀ-ਹੌਲੀ ਮੇਰੇ ਦਿਮਾਗ਼ ਵਿੱਚ ਉੱਭਰਨੇ ਸ਼ੁਰੂ ਹੋ ਗਏ। ਦੂਰੋਂ ਰੌਲੇ-ਰੱਪੇ ਦੀ ਆਵਾਜ਼ ਆ ਰਹੀ ਸੀ ਜਿਵੇਂ ਬਹੁਤ ਸਾਰੇ ਲੋਕ ਗੁੱਸੇ ਵਿੱਚ ਚੀਕ ਰਹੇ ਹੋਣ। ਅੱਗ ਉਗਲ ਰਹੇ ਹੋਣ। ਮੈਂ ਗੰਦਾ ਨਾਲਾ ਪਾਰ ਕਰਕੇ ਜਾਹਰਾ ਪੀਰ ਦੇ ਤਕੀਏ ਕੋਲੋਂ ਹੁੰਦਾ ਹੋਇਆ ਹਾਲ ਗੇਟ ਦੇ ਕੋਲ ਪਹੁੰਚਿਆ ਤਾਂ ਮੈਂ ਦੇਖਿਆ ਕਿ ਤੀਹ-ਚਾਲੀ ਨੌਜਵਾਨ ਜੋਸ਼ ਵਿੱਚ ਹੱਥਾਂ ਵਿੱਚ ਇੱਟਾਂ-ਰੋੜੇ ਫੜੀ ਹਾਲ ਗੇਟ ਦੇ ਘੜਿਆਲ ਵੱਲ ਮਾਰ ਰਹੇ ਸਨ। ਘੜਿਆਲ ਦਾ ਸ਼ੀਸ਼ਾ ਟੁੱਟ ਕੇ ਸੜਕ ‘ਤੇ ਖਿੱਲਰ ਗਿਆ ਤਾਂ ਇੱਕ ਨੌਜਵਾਨ ਨੇ ਬਾਕੀਆਂ ਨੂੰ ਕਿਹਾ, ”ਚਲੋ ਮਲਕਾ ਦਾ ਬੁੱਤ ਤੋੜੀਏ।” ਦੂਜੇ ਨੇ ਕਿਹਾ, ”ਨਹੀਂ, ਆਓ ਕੋਤਵਾਲੀ ਨੂੰ ਅੱਗ ਲਾਈਏ।” ਤੀਜੇ ਨੇ ਕਿਹਾ, ”ਚਲੋ ਸਾਰੇ ਬੈਂਕਾਂ ਨੂੰ ਵੀ…।” ਚੌਥੇ ਨੇ ਉਨ੍ਹਾਂ ਸਾਰਿਆਂ ਨੂੰ ਰੋਕਿਆ, ”ਠਹਿਰੋ… ਇਸ ਨਾਲ ਕੀ ਫਾਇਦਾ ਹੋਵੇਗਾ… ਚਲੋ ਪੁਲੀ ‘ਤੇ ਚੱਲ ਕੇ ਗੋਰਿਆਂ ਨੂੰ ਮਾਰੀਏ…।” ਚੌਥੇ ਨੌਜਵਾਨ ਨੂੰ ਮੈਂ ਪਛਾਣ ਲਿਆ। ਉਹ ਥੈਲਾ ਕੰਜਰ ਸੀ, ਉਹਦਾ ਨਾਂ ਮੁਹੰਮਦ ਤੁਫ਼ੈਲ ਸੀ, ਪਰ ਉਹ ਥੈਲੇ ਕੰਜਰ ਦੇ ਨਾਂ ਨਾਲ ਮਸ਼ਹੂਰ ਸੀ। ਇਸ ਲਈ ਕਿ ਉਹ ਤਵਾਇਫ਼ (ਵੇਸਵਾ) ਦੇ ਪੇਟੋਂ ਸੀ…। ਉਹ ਬੜਾ ਅਵਾਰਾਗਰਦ ਸੀ। ਛੋਟੀ ਉਮਰ ਵਿੱਚ ਹੀ ਉਹਨੂੰ ਜੂਏ ਅਤੇ ਸ਼ਰਾਬ ਦੀ ਲਤ ਲੱਗ ਗਈ ਸੀ। ਉਹਦੀਆਂ ਦੋ ਭੈਣਾਂ ਸਨ ਸ਼ਮਸ਼ਾਦ ਅਤੇ ਅਲਮਾਸ। …ਆਪਣੇ ਜ਼ਮਾਨੇ ਦੀਆਂ ਬੜੀਆਂ ਹੁਸੀਨ ਤਵਾਇਫ਼ਾਂ ਸਨ। ਸ਼ਮਸ਼ਾਦ ਦਾ ਗਲਾ ਬਹੁਤ ਵਧੀਆ ਸੀ। ਉਸ ਦਾ ਮੁਜਰਾ ਸੁਣਨ ਲਈ ਵੱਡੇ-ਵੱਡੇ ਅਮੀਰਜ਼ਾਦੇ ਬੜੀ-ਬੜੀ ਦੂਰੋਂ ਆਉਂਦੇ ਸਨ। ਦੋਵੇਂ ਭੈਣਾਂ ਆਪਣੇ ਭਰਾ ਦੀਆਂ ਕਰਤੂਤਾਂ ਤੋਂ ਦੁਖੀ ਸਨ। ਸ਼ਹਿਰ ਵਿੱਚ ਮਸ਼ਹੂਰ ਸੀ ਕਿ ਦੋਵਾਂ ਨੇ ਇੱਕ ਤਰ੍ਹਾਂ ਨਾਲ ਆਪਣੇ ਭਰਾ ਨਾਲੋਂ ਨਾਤਾ ਤੋੜਿਆ ਹੋਇਆ ਸੀ। ਫਿਰ ਵੀ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਿਸੇ ਨਾ ਕਿਸੇ ਹੀਲੇ-ਵਸੀਲੇ ਆਪਣੀਆਂ ਭੈਣਾਂ ਕੋਲੋਂ ਕੁਝ ਨਾ ਕੁਝ ਵਸੂਲੀ ਕਰ ਹੀ ਲੈਂਦਾ ਸੀ। ਵਿਅੰਗ ਅਤੇ ਲਤੀਫ਼ੇਬਾਜੀ ਉਹਦੇ ਸੁਭਾਅ ਵਿੱਚ ਕੁੁੱਟ-ਕੁੱਟ ਕੇ ਭਰੀ ਹੋਈ ਸੀ। ਮਿਰਾਸੀਆਂ ਅਤੇ ਭੰਡਾਂ ਦੀ ਲਿਫ਼ਾਫ਼ੇਬਾਜ਼ੀ ਤੋਂ ਉਹ ਦਸ ਕਦਮ ਪਰ੍ਹੇ ਹੀ ਰਹਿੰਦਾ ਸੀ। ਲੰਬਾ ਕੱਦ, ਸੁਡੌਲ ਹੱਥ-ਪੈਰ, ਮਜ਼ਬੂਤ ਕਸਰਤੀ ਪਿੰਡਾ, ਸੋਹਣੇ ਨੈਣ-ਨਕਸ਼ ਉਹਦਾ ਖਾਸਾ ਸਨ। ਜੋਸ਼ ਵਿੱਚ ਆਏ ਮੁੰਡਿਆਂ ਨੇ ਉਹਦੀ ਗੱਲ ਨਾ ਸੁਣੀ ਤੇ ਮਲਕਾ ਦੇ ਬੁੱਤ ਵੱਲ ਜਾਣ ਲੱਗੇ। ਉਹਨੇ ਫਿਰ ਉਨ੍ਹਾਂ ਨੂੰ ਕਿਹਾ, ”ਮੇਰੀ ਗੱਲ ਸੁਣੋ, ਨਾ ਗਵਾਓ ਆਪਣਾ ਜੋਸ਼… ਏਧਰ ਆਓ ਮੇਰੇ ਨਾਲ… ਚਲੋ ਉਨ੍ਹਾਂ ਗੋਰਿਆਂ ਨੂੰ ਮਾਰੀਏ ਜਿਨ੍ਹਾਂ ਨੇ ਸਾਡੇ ਬੇਕਸੂਰ, ਨਿਹੱਥੇ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ ਤੇ ਕਈਆਂ ਦੀ ਜਾਨ ਲੈ ਲਈ ਹੈ। ਖ਼ੁਦਾ ਦੀ ਕਸਮ, ਅਸੀਂ ਸਾਰੇ ਰਲ ਕੇ ਉਨ੍ਹਾਂ ਦੀਆਂ ਧੌਣਾਂ ਮਰੋੜ ਸਕਦੇ ਹਾਂ… ਚਲੋ….!” ਕੁਝ ਮੁੰਡੇ ਮਲਕਾ ਦੇ ਬੁੱਤ ਵੱਲ ਜਾ ਚੁੱਕੇ ਸਨ, ਜਿਹੜੇ ਰਹਿ ਗਏ ਸਨ, ਥੈਲੇ ਦੀ ਗੱਲ ਸੁਣ ਕੇ ਰੁਕ ਗਏ। ਥੈਲਾ ਜਦੋਂ ਪੁਲ ਵੱਲ ਵਧਿਆ ਤਾਂ ਉਹ ਵੀ ਉਹਦੇ ਪਿੱਛੇ-ਪਿੱਛੇ ਚੱਲਣ ਲੱਗੇ। ਮੈਂ ਸੋਚਿਆ ਕਿ ਮਾਵਾਂ ਦੇ ਇਹ ਲਾਲ ਬੇਕਾਰ ਹੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਮੈਂ ਫੁਹਾਰੇ ਦੇ ਕੋਲ ਦੁਬਕਿਆ ਖੜਾ ਸਾਂ। ਮੈਂ ਉੱਥੋਂ ਹੀ ਥੈਲੇ ਨੂੰ ਆਵਾਜ਼ ਦਿੱਤੀ ਅਤੇ ਕਿਹਾ, ”ਨਾ ਜਾਓ ਯਾਰੋ… ਕਿਉਂ ਆਪਣੀ ਜਾਨ ਦੇ ਪਿੱਛੇ ਪਏ ਓ…?” ਥੈਲੇ ਨੇ ਮੇਰੀ ਗੱਲ ਸੁਣ ਕੇ ਇੱਕ ਅਜੀਬ ਜਿਹਾ ਠਹਾਕਾ ਮਾਰਿਆ। ਥੈਲਾ ਸਿਰਫ਼ ਇਹ ਦੱਸਣਾ ਚਾਹੁੰਦਾ ਸੀ ਕਿ ਉਹ ਗੋਲੀਆਂ ਤੋਂ ਨਹੀਂ ਡਰਦਾ। ਫਿਰ ਉਹ ਆਪਣੇ ਪਿੱਛੇ ਆ ਰਹੇ ਮੁੰਡਿਆਂ ਨੂੰ ਕਹਿਣ ਲੱਗਾ, ”ਜੇ ਤੁਸੀਂ ਡਰਦੇ ਹੋ ਤਾਂ ਵਾਪਸ ਚਲੇ ਜਾਓ।” ਅਜਿਹੇ ਮੌਕਿਆਂ ‘ਤੇ ਵਧੇ ਹੋਏ ਕਦਮ ਕਦੇ ਵੀ ਪਿੱਛੇ ਨਹੀਂ ਹਟਦੇ ਤੇ ਉਹ ਵੀ ਉਸ ਸਮੇਂ ਜਦੋਂ ਇੱਕ ਜੋਸ਼ੀਲਾ ਨੌਜਵਾਨ ਜਾਨ ਤਲੀ ‘ਤੇ ਰੱਖ ਕੇ ਅੱਗੇ ਵਧ ਰਿਹਾ ਹੋਵੇ। ਥੈਲਾ ਤੇਜ਼ ਕਦਮਾਂ ਨਾਲ ਅੱਗੇ ਵਧਣ ਲੱਗਾ। ਉਸ ਦੇ ਮਗਰ-ਮਗਰ ਨੌਜਵਾਨ ਵੀ ਤੇਜ਼ ਕਦਮਾਂ ਨਾਲ ਚੱਲਣ ਲੱਗੇ। ਹਾਲ ਗੇਟ ਤੋਂ ਪੁਲ ਦਾ ਫਾਸਲਾ ਹੈ ਹੀ ਕਿੰਨਾ ਕੁ… ਹੋਵੇਗਾ ਸੱਠ, ਸੱਤਰ ਗਜ਼ ਦੇ ਲਗਪਗ…। ਥੈਲਾ ਸਭ ਤੋਂ ਅੱਗੇ ਸੀ…। ਜਿੱਥੋਂ ਪੁਲ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲਾ ਜੰਗਲਾ ਸ਼ੁਰੂ ਹੁੰਦਾ ਹੈ, ਉੱਥੋਂ ਕੋਈ ਪੰਦਰਾਂ-ਵੀਹ ਕਦਮਾਂ ਦੇ ਫਾਸਲੇ ‘ਤੇ ਦੋ ਘੋੜ ਸਵਾਰ ਗੋਰੇ ਖੜ੍ਹੇ ਸਨ। ਇਕਦਮ ਥੈਲੇ ਨੇ ਨਾਅਰਾ ਮਾਰਿਆ। ਜਦੋਂ ਉਹ ਜੰਗਲੇ ਦੇ ਸਿਰੇ ਕੋਲ ਪਹੁੰਚਿਆ ਤਾਂ ਉਧਰੋਂ ਫਾਇਰ ਹੋਇਆ। ਮੇਰੀਆਂ ਅੱਖਾਂ ਆਪਣੇ ਆਪ ਮਿਚ ਗਈਆਂ। ਪਤਾ ਨਹੀਂ ਮੈਨੂੰ ਇੰਜ ਲੱਗਾ ਜਿਵੇਂ ਉਹ ਡਿੱਗ ਪਿਆ ਏ। ਇਸ ਅਹਿਸਾਸ ਦੇ ਨਾਲ ਹੀ ਮੈਂ ਬੜੀ ਮੁਸ਼ਕਲ ਨਾਲ ਆਪਣੀਆਂ ਅੱਖਾਂ ਖੋਲ੍ਹੀਆਂ। ਮੈਂ ਦੇਖਿਆ ਕਿ ਉਹ ਪਿੱਛੇ ਵੱਲ ਦੇਖਦਾ ਹੋਇਆ ਅੱਗੇ ਵਧ ਰਿਹਾ ਸੀ। ਫਾਇਰ ਹੁੰਦਿਆਂ ਹੀ ਬਾਕੀ ਨੌਜਵਾਨ ਭੱਜ ਉੱਠੇ ਤੇ ਉਹ ਚੀਕ ਰਿਹਾ ਸੀ, ”ਦੌੜੋ ਨਾ… ਏਧਰ ਵੱਲ ਭੱਜੋ।” ਉਹਦਾ ਮੂੰਹ ਮੇਰੇ ਵੱਲ ਸੀ ਕਿ ਇੱਕ ਹੋਰ ਫਾਇਰ ਹੋਇਆ। ਉਹਨੇ ਆਪਣੀ ਪਿੱਠ ‘ਤੇ ਹੱਥ ਫੇਰਿਆ ਤੇ ਪਿੱਛੇ ਮੁੜ ਕੇ ਗੋਰਿਆਂ ਵੱਲ ਵੇਖਿਆ। ਹੁਣ ਉਹਦੀ ਪਿੱਠ ਮੇਰੇ ਵੱਲ ਸੀ। ਮੈਂ ਦੇਖਿਆ ਕਿ ਉਹਦੀ ਸਫ਼ੈਦ ਬੋਸਕੀ ਦੀ ਕਮੀਜ਼ ‘ਤੇ ਲਾਲ-ਲਾਲ ਧੱਬੇ ਪੈ ਗਏ ਨੇ… ਉਹ ਜ਼ਖ਼ਮੀ ਸ਼ੇਰ ਵਾਂਗ ਤੇਜ਼ੀ ਨਾਲ ਅੱਗੇ ਵਧਿਆ ਤੇ ਪਹਿਲੇ ਘੋੜ ਸਵਾਰ ਗੋਰੇ ‘ਤੇ ਝਪਟਿਆ। ਏਨੇ ਵਿੱਚ ਇੱਕ ਹੋਰ ਫਾਇਰ ਹੋਇਆ। ਫਿਰ ਅੱਖ ਦੇ ਫੋਰ ਵਿੱਚ ਪਤਾ ਨਹੀਂ ਕੀ ਹੋਇਆ ਕਿ ਘੋੜੇ ਦੀ ਪਿੱਠ ਖਾਲੀ ਸੀ। ਇੱਕ ਗੋਰਾ ਜ਼ਮੀਨ ‘ਤੇ ਪਿਆ ਸੀ ਤੇ ਥੈਲਾ ਉਹਦੀ ਛਾਤੀ ‘ਤੇ ਚੜ੍ਹਿਆ ਬੈਠਾ ਸੀ। ਦੂਜਾ ਘੋੜ ਸਵਾਰ ਗੋਰਾ ਜੋ ਨੇੜੇ ਹੀ ਖੜ੍ਹਾ ਸੀ ਜ਼ਖ਼ਮੀ ਥੈਲੇ ਦੀ ਫੁਰਤੀ ਅਤੇ ਝਪਟ ਦੇਖ ਕੇ ਬੁਖਲਾ ਗਿਆ। ਉਹਨੇ ਆਪਣੇ ਬਿਦਕਦੇ ਹੋਏ ਘੋੜੇ ਨੂੰ ਰੋਕਿਆ ਤੇ ਫਿਰ ਧੜਾ-ਧੜ ਫਾਇਰ ਕਰਨ ਲੱਗਾ। ਇਹਦੇ ਬਾਅਦ ਕੀ ਹੋਇਆ ਮੈਨੂੰ ਨਹੀਂ ਪਤਾ। ਮੈਂ ਉਸੇ ਫੁਹਾਰੇ ਕੋਲ ਬੇਹੋਸ਼ ਹੋ ਕੇ ਡਿੱਗ ਪਿਆ। ਭਾਈ ਸਾਹਿਬ, ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਦੇਖਿਆ ਕਿ ਮੈਂ ਆਪਣੇ ਘਰ ਵਿੱਚ ਹਾਂ। ਕੁਝ ਜਾਣ-ਪਛਾਣ ਵਾਲੇ ਮੈਨੂੰ ਫੁਹਾਰੇ ਕੋਲੋਂ ਚੁੱਕ ਕੇ ਲਿਆਏ ਸਨ। ਉਨ੍ਹਾਂ ਦੀ ਜ਼ਬਾਨੀ ਮੈਨੂੰ ਪਤਾ ਲੱਗਿਆ ਕਿ ਪੁਲ ‘ਤੇ ਗੋਲੀ ਚੱਲਣ ਦੀ ਖ਼ਬਰ ਸੁਣ ਕੇ ਸਾਰੇ ਸ਼ਹਿਰ ਵਿੱਚ ਬਿਖਰਿਆ ਹਜੂਮ ਭੜਕ ਪਿਆ ਤੇ ਭੜਕਾਹਟ ਦਾ ਨਤੀਜਾ ਇਹ ਨਿਕਲਿਆ ਕਿ ਟਾਊਨ ਹਾਲ ਅਤੇ ਤਿੰਨਾਂ ਬੈਂਕਾਂ ਨੂੰ ਅੱਗ ਲਗਾ ਦਿੱਤੀ ਗਈ। ਪੰਜ-ਛੇ ਗੋਰਿਆਂ ਨੂੰ ਮਾਰ ਮੁਕਾਇਆ, ਬੜੀ ਲੁੱਟ ਮਚੀ… ਅੰਗਰੇਜ਼ ਅਫ਼ਸਰਾਂ ਨੂੰ ਏਨੀ ਲੁੱਟ-ਖਸੁੱਟ ਦਾ ਅੰਦਾਜ਼ਾ ਨਹੀਂ ਸੀ। ਜਿਹੜੇ ਪੰਜ-ਛੇ ਗੋਰੇ ਉਨ੍ਹਾਂ ਨੇ ਮਾਰ ਮੁਕਾਏ ਸਨ, ਏਸੇ ਦਾ ਬਦਲਾ ਲੈਣ ਲਈ ਜਲਿ੍ਹਆਂ ਵਾਲੇ ਬਾਗ਼ ਦਾ ਖ਼ੂਨੀ ਸਾਕਾ ਵਾਪਰਿਆ। ਡਿਪਟੀ ਕਮਿਸ਼ਨਰ ਬਹਾਦਰ ਨੇ ਸ਼ਹਿਰ ਦੀ ਵਾਗਡੋਰ ਜਨਰਲ ਡਾਇਰ ਦੇ ਸਪੁਰਦ ਕਰ ਦਿੱਤੀ। ਜਨਰਲ ਨੇ 12 ਅਪਰੈਲ ਨੂੰ ਫ਼ੌਜੀਆਂ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਫ਼ੌਜੀ ਮਾਰਚ ਕੀਤਾ ਅਤੇ ਦਰਜਨਾਂ ਬੇਗੁਨਾਹ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। 13 ਅਪਰੈਲ ਨੂੰ ਵਿਸਾਖੀ ਵਾਲੇ ਦਿਨ ਜਲਿ੍ਹਆਂ ਵਾਲੇ ਬਾਗ਼ ਵਿੱਚ ਜਲਸਾ ਹੋਇਆ। ਲਗਪਗ ਪੰਝੀ ਹਜ਼ਾਰ ਲੋਕਾਂ ਦਾ ਇਕੱਠ ਸੀ। ਜਨਰਲ ਡਾਇਰ ਸ਼ਸ਼ਤਰਧਾਰੀ ਗੋਰਖਿਆਂ ਅਤੇ ਸਿੱਖ ਫ਼ੌਜੀਆਂ ਦੇ ਦਸਤਿਆਂ ਨਾਲ ਉੱਥੇ ਪਹੁੰਚਿਆ ਤੇ ਫਿਰ ਨਿਹੱਥੇ ਲੋਕਾਂ ‘ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਉਸ ਖ਼ੂਨੀ ਸਾਕੇ ਤੋਂ ਤੁਰੰਤ ਬਾਅਦ ਤਾਂ ਕਿਸੇ ਨੂੰ ਵੀ ਹੋਏ ਜਾਨੀ ਨੁਕਸਾਨ ਦਾ ਠੀਕ-ਠੀਕ ਅੰਦਾਜ਼ਾ ਨਹੀਂ ਸੀ ਪਰ ਬਾਅਦ ਵਿੱਚ ਜਦੋਂ ਪੜਤਾਲ ਹੋਈ ਤਾਂ ਪਤਾ ਲੱਗਾ ਕਿ ਇੱਕ ਹਜ਼ਾਰ ਤੋਂ ਵਧੇਰੇ ਲੋਕ ਸ਼ਹੀਦ ਹੋ ਗਏ ਤੇ ਤਿੰਨ ਹਜ਼ਾਰ ਦੇ ਲਗਪਗ ਜ਼ਖ਼ਮੀ ਹੋਏ। ਪਰ ਮੈਂ ਤਾਂ ਥੈਲੇ ਕੰਜਰ ਦੀ ਗੱਲ ਕਰ ਰਿਹਾ ਸਾਂ। ਭਾਈ ਸਾਹਿਬ ਅੱਖੀਂ ਡਿੱਠਾ ਤੁਹਾਨੂੰ ਦੱਸ ਚੁੱਕਾ ਹਾਂ। ਬੇ-ਐਬ ਹੈ ਖ਼ੁਦਾ ਦੀ ਜਾਤ; ਥੈਲੇ ਮਰਹੂਮ ਵਿੱਚ ਚਾਰੇ ਐਬ ਸ਼ਰਈ ਸਨ। ਉਹ ਇੱਕ ਪੇਸ਼ੇਵਰ ਤਵਾਇਫ ਦੀ ਕੁੱਖੋਂ ਸੀ ਪਰ ਸੀ ਉਹ ਬੜਾ ਜਿਗਰੇ ਵਾਲਾ। ਮੈਂ ਹੁਣ ਇਹ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਸ ਮਲੀਨ ਘੋੜ ਸਵਾਰ ਗੋਰੇ ਦੀ ਪਹਿਲੀ ਗੋਲੀ ਵੀ ਥੈਲੇ ਨੂੰ ਹੀ ਲੱਗੀ ਸੀ। ਜੋਸ਼ ਦੀ ਹਾਲਤ ਵਿੱਚ ਉਹ ਮਹਿਸੂਸ ਤਕ ਨਾ ਕਰ ਸਕਿਆ ਕਿ ਉਹਦੀ ਛਾਤੀ ਵਿੱਚ ਗਰਮ-ਗਰਮ ਬਰੂਦ ਲਹਿ ਚੁੱਕਾ ਹੈ। ਉਹ ਤਾਂ ਪਹਿਲੇ ਫਾਇਰ ਦੀ ਆਵਾਜ਼ ਸੁਣਦਿਆਂ ਹੀ ਧੌਣ ਘੁਮਾ ਕੇ ਭੱਜਦੇ ਹੋਏ ਨੌਜਵਾਨਾਂ ਨੂੰ ਆਵਾਜ਼ਾਂ ਮਾਰ ਰਿਹਾ ਸੀ। ਦੂਜੀ ਗੋਲੀ ਉਹਦੀ ਪਿੱਠ ਵਿੱਚ ਲੱਗੀ ਸੀ ਅਤੇ ਤੀਜੀ ਛਾਤੀ ਵਿਚ। ਮੈਂ ਦੇਖ ਤਾਂ ਨਹੀਂ ਸਕਿਆ ਪਰ ਸੁਣਿਆ ਹੈ ਕਿ ਜਦੋਂ ਉਹਦਾ ਮੁਰਦਾ ਜਿਸਮ ਗੋਰੇ ਦੇ ਜਿਸਮ ਤੋਂ ਵੱਖ ਕੀਤਾ ਗਿਆ ਸੀ ਤਾਂ ਉਹਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਗੋਰੇ ਦੀ ਗਰਦਨ ਵਿੱਚ ਇੰਜ ਖੁੱਭੀਆਂ ਹੋਈਆਂ ਸਨ ਕਿ ਬੜੀ ਮੁਸ਼ਕਲ ਨਾਲ ਹੀ ਉਨ੍ਹਾਂ ਨੂੰ ਵੱਖ ਕੀਤਾ ਜਾ ਸਕਿਆ। ਗੋਰਾ ਜਹੰਨਮ ਵਿੱਚ ਪਹੁੰਚ ਚੁੱਕਾ ਸੀ। ਦੂਜੇ ਦਿਨ ਜਦੋਂ ਥੈਲੇ ਦੀ ਲਾਸ਼ ਦਫਨਾਉਣ ਲਈ ਉਹਦੇ ਘਰ ਵਾਲਿਆਂ ਦੇ ਸਪੁਰਦ ਕੀਤੀ ਗਈ ਤਾਂ ਲਾਸ਼ ਗੋਲੀਆਂ ਨਾਲ ਵਿੰਨ੍ਹੀ ਪਈ ਸੀ। ਮੇਰਾ ਖ਼ਿਆਲ ਹੈ ਕਿ ਜਦੋਂ ਦੂਜੇ ਘੋੜ ਸਵਾਰ ਗੋਰੇ ਨੇ ਥੈਲੇ ‘ਤੇ ਆਪਣਾ ਪੂਰਾ ਪਿਸਤੌਲ ਖਾਲੀ ਕੀਤਾ ਤਾਂ ਉਸ ਤੋਂ ਪਹਿਲਾਂ ਹੀ ਥੈਲੇ ਦੀ ਰੂਹ ਦਾ ਭੌਰ ਇਸ ਫਾਨੀ ਪਿੰਜਰੇ ਵਿੱਚੋਂ ਪਰਵਾਜ਼ ਭਰ ਚੁੱਕਾ ਸੀ। ਉਸ ਸ਼ੈਤਾਨ ਦੇ ਬੱਚੇ ਨੇ ਸਿਰਫ਼ ਥੈਲੇ ਦੇ ਮੁਰਦਾ ਜਿਸਮ ‘ਤੇ ਹੀ ਚਾਂਦਮਾਰੀ ਕੀਤੀ ਸੀ। ਜਦੋਂ ਉਹਦੀ ਲਾਸ਼ ਮੁਹੱਲੇ ਵਿੱਚ ਲਿਆਂਦੀ ਗਈ ਤਾਂ ਚਾਰੇ ਪਾਸੇ ਕੋਹਰਾਮ ਮਚ ਗਿਆ। ਆਪਣੀ ਬਰਾਦਰੀ ਵਿੱਚ ਉਹ ਏਨਾ ਮਕਬੂਲ ਨਹੀਂ ਸੀ ਪਰ ਉਹਦੀ ਕੀਮਾ-ਕੀਮਾ ਹੋਈ ਲਾਸ਼ ਦੇਖ ਕੇ ਸਾਰੇ ਧਾਹਾਂ ਮਾਰ-ਮਾਰ ਕੇ ਰੋਣ ਲੱਗੇ। ਉਹਦੀਆਂ ਭੈਣਾਂ ਸ਼ਮਸ਼ਾਦ ਤੇ ਅਲਮਾਸ ਬੇਹੋਸ਼ ਹੋ ਗਈਆਂ। ਜਦੋਂ ਥੈਲੇ ਦਾ ਜਨਾਜ਼ਾ ਨਿਕਲਿਆ ਤਾਂ ਦੋਵਾਂ ਭੈਣਾਂ ਨੇ ਅਜਿਹੇ ਵੈਣ ਪਾਏ ਕਿ ਸੁਣਨ ਵਾਲੇ ਲਹੂ ਦੇ ਅੱਥਰੂ ਰੋਣ ਲੱਗੇ। ਭਾਈ ਸਾਹਿਬ ! ਮੈਂ ਕਿਤੇ ਪੜ੍ਹਿਆ ਸੀ ਕਿ ਫਰਾਂਸ ਦੇ ਇਨਕਲਾਬ ਵਿੱਚ ਪਹਿਲੀ ਗੋਲੀ ਉੱਥੋਂ ਦੀ ਇੱਕ ਆਮ ਵੇਸਵਾ ਨੂੰ ਲੱਗੀ ਸੀ। ਮਰਹੂਮ ਥੈਲਾ ਯਾਨੀ ਮੁਹੰਮਦ ਤੁਫ਼ੈਲ ਇੱਕ ਤਵਾਇਫ਼ ਦਾ ਮੁੰਡਾ ਸੀ। ਇਨਕਲਾਬ ਦੀ ਉਸ ਜੱਦੋ-ਜਹਿਦ ਵਿੱਚ ਪਹਿਲੀ ਗੋਲੀ, ਜੋ ਥੈਲੇ ਨੂੰ ਲੱਗੀ ਉਹ ਗੋਲੀ ਦਸਵੀਂ ਸੀ ਜਾਂ ਪੰਜਾਹਵੀਂ ਇਹਦੇ ਬਾਰੇ ਕਿਸੇ ਨੇ ਖੋਜ-ਬੀਨ ਨਹੀਂ ਕੀਤੀ। ਸ਼ਾਇਦ ਇਸ ਲਈ ਕਿ ਸਮਾਜ ਵਿੱਚ ਉਹਦੇ ਵਰਗੇ ਗ਼ਰੀਬ ਦਾ ਕੋਈ ਰੁਤਬਾ ਨਹੀਂ ਸੀ। ਮੈਂ ਸੋਚ ਰਿਹਾਂ ਕਿ ਪੰਜਾਬ ਦੇ ਉਸ ਖ਼ੂਨੀ ਇਸ਼ਨਾਨ ਵਿੱਚ ਨਹਾਉਣ ਵਾਲਿਆਂ ਦੀ ਸੂਚੀ ਵਿੱਚ ਥੈਲੇ ਕੰਜਰ ਦਾ ਨਾਮੋ-ਨਿਸ਼ਾਨ ਤਕ ਨਹੀਂ ਹੋਵੇਗਾ ਤੇ ਇਹ ਵੀ ਕੋਈ ਨਹੀਂ ਜਾਣਦਾ ਕਿ ਅਜਿਹੀ ਕੋਈ ਸੂਚੀ ਕਦੇ ਬਣਾਈ ਵੀ ਗਈ ਸੀ। ਬੜੇ ਸੰਕਟਮਈ ਦਿਨ ਸਨ। ਫ਼ੌਜੀ ਹਕੂਮਤ ਦਾ ਦੌਰ-ਦੌਰਾ ਸੀ। ਉਹ ਜਿੰਨ ਜਿਸ ਨੂੰ ਮਾਰਸ਼ਲ ਲਾਅ ਕਹਿੰਦੇ ਨੇ, ਸ਼ਹਿਰ ਦੀ ਹਰ ਗਲੀ, ਹਰ ਕੂਚੇ ਵਿੱਚ ਆਦਮ-ਬੋ, ਆਦਮ-ਬੋ ਕਰਦਾ ਫਿਰਦਾ ਸੀ। ਹਫੜਾ-ਦਫੜੀ ਵਿੱਚ ਹੀ ਥੈਲੇ ਗ਼ਰੀਬ ਨੂੰ ਜਿਵੇਂ ਕਿਵੇਂ ਜਲਦੀ-ਜਲਦੀ ਦਫ਼ਨਾ ਦਿੱਤਾ ਗਿਆ ਜਿਵੇਂ ਉਹਦੀ ਮੌਤ ਉਹਦੇ ਸੋਗੀ ਪਿਆਰਿਆਂ ਲਈ ਇੱਕ ਸੰਗੀਨ ਜੁਰਮ ਹੋਵੇ ਤੇ ਉਹ ਇਹਦੇ ਸਾਰੇ ਨਿਸ਼ਾਨ ਜਿਵੇਂ ਮਿਟਾ ਦੇਣਾ ਚਾਹੁੰਦੇ ਹੋਣ। ਬਸ ਭਾਈ ਸਾਹਿਬ, ਥੈਲਾ ਮਰ ਗਿਆ। ਥੈਲਾ ਦਫ਼ਨਾ ਦਿੱਤਾ ਗਿਆ ਤੇ… ਤੇ…।
ਮੇਰਾ ਹਮਸਫ਼ਰ ਪਹਿਲੀ ਵਾਰ ਕੁਝ ਹੋਰ ਕਹਿੰਦੇ-ਕਹਿੰਦੇ ਰੁਕ ਗਿਆ ਤੇ ਫਿਰ ਚੁੱਪ ਹੋ ਗਿਆ।
ਟਰੇਨ ਦਨਦਨਾਉਂਦੀ ਹੋਈ ਭੱਜੀ ਜਾ ਰਹੀ ਸੀ। ਮੈਨੂੰ ਕੁਝ ਅਜਿਹਾ ਲੱਗਿਆ ਕਿ ਜਿਵੇਂ ਪਟੜੀਆਂ ਦੀ ਖੜ-ਖੜ ਕਹਿ ਰਹੀ ਹੋਵੇ, ”ਥੈਲਾ ਮਰ ਗਿਆ, ਥੈਲਾ ਦਫ਼ਨਾ ਦਿੱਤਾ ਗਿਆ… ਥੈਲਾ ਮਰ ਗਿਆ… ਥੈਲਾ ਦਫ਼ਨਾ ਦਿੱਤਾ ਗਿਆ…, ਜਿਵੇਂ ਉਹਦੇ ਇਸ ਮਰਨ ਅਤੇ ਦਫ਼ਨਾਉਣ ਵਿਚਕਾਰ ਕੋਈ ਫ਼ਾਸਲਾ ਨਾ ਹੋਵੇ, ਜਿਵੇਂ ਓਧਰ ਉਹ ਮਰਿਆ, ਏਧਰ ਦਫ਼ਨਾ ਦਿੱਤਾ ਗਿਆ। ਪਟੜੀਆਂ ਦੀ ਖੜ-ਖੜ ਦੇ ਨਾਲ ਹੀ ਉਨ੍ਹਾਂ ਦੇ ਬੋਲ ਮੈਨੂੰ ਇੰਜ ਜਜ਼ਬਾਤਾਂ ਭਰੇ ਲੱਗੇ ਕਿ ਮੈਨੂੰ ਆਪਣੇ ਦਿਮਾਗ਼ ਵਿੱਚੋਂ ਪਟੜੀਆਂ ਅਤੇ ਬੋਲਾਂ ਦੋਵਾਂ ਨੂੰ ਵੱਖ-ਵੱਖ ਕਰਨਾ ਪਿਆ।
ਮੈਂ ਆਪਣੇ ਹਮਸਫ਼ਰ ਨੂੰ ਕਿਹਾ, ”ਤੁਸੀਂ ਤਾਂ ਕੁਝ ਹੋਰ ਕਹਿਣ ਵਾਲੇ ਸਓ।”
ਉਹਨੇ ਅਚਾਨਕ ਮੇਰੇ ਵੱਲ ਵੇਖਿਆ, ”ਜੀ ਹਾਂ… ਇਸ ਦਾਸਤਾਨ ਦਾ ਇੱਕ ਦਰਦਨਾਕ ਹਿੱਸਾ ਅਜੇ ਬਾਕੀ ਹੈ।”
ਮੈਂ ਪੁੱਛਿਆ,”ਉਹ ਕੀ?”
ਉਹਨੇ ਕਹਿਣਾ ਸ਼ੁਰੂ ਕੀਤਾ, ”ਮੈਂ ਤੁਹਾਡੇ ਕੋਲ ਅਰਜ਼ ਗੁਜ਼ਾਰ ਚੁੱਕਾ ਹਾਂ ਕਿ ਥੈਲੇ ਦੀਆਂ ਦੋ ਭੈਣਾਂ ਸਨ- ਸ਼ਮਸ਼ਾਦ ਤੇ ਅਲਮਾਸ। ਬੜੀਆਂ ਸੋਹਣੀਆਂ ਸੁਨੱਖੀਆਂ…। ਸ਼ਮਸ਼ਾਦ ਲੰਬੀ ਸੀ, ਪਤਲੇ ਨੈਣ-ਨਕਸ਼, ਕਾਲੀਆਂ ਮੋਟੀਆਂ ਅੱਖਾਂ, ਠੁਮਰੀ ਕਮਾਲ ਦੀ ਗਾਉਂਦੀ ਸੀ। ਸਾਰਿਆਂ ਨੂੰ ਪਤੈ ਖਾਨ ਸਾਹਿਬ ਫਤਹਿ ਅਲੀ ਖਾਂ ਕੋਲੋਂ ਸਿੱਖਦੀ ਰਹੀ ਹੈ। ਅਲਮਾਸ ਦੇ ਗਲੇ ਵਿੱਚ ਸੁਰ-ਤਾਲ ਨਹੀਂ ਸੀ ਪਰ ਨਾਜ਼-ਨਖਰੇ ਵਿੱਚ ਕੋਈ ਉਹਦਾ ਸਾਨੀ ਨਹੀਂ ਸੀ। ਮੁਜਰਾ ਕਰਦੀ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਉਹਦਾ ਅੰਗ-ਅੰਗ ਬੋਲ ਰਿਹਾ ਹੋਵੇ। ਉਹਦੇ ਹਰ ਹਾਵ-ਭਾਵ ਵਿੱਚ ਜ਼ਖ਼ਮੀ ਕਰਨ ਦੀ ਅਦਾ ਹੁੰਦੀ ਸੀ। ਉਹਦੀਆਂ ਅੱਖਾਂ ਵਿੱਚ ਜਾਦੂ ਸੀ, ਜੋ ਹਰ ਇੱਕ ਦੇ ਸਿਰ ਚੜ੍ਹ ਕੇ ਬੋਲਦਾ ਸੀ…।”
ਮੇਰੇ ਹਮਸਫ਼ਰ ਨੇ ਥੈਲੇ ਦੀਆਂ ਦੋਵੇਂ ਭੈਣਾਂ ਦੀ ਉਸਤਤ ਕਰਦਿਆਂ ਲੋੜ ਤੋਂ ਜ਼ਿਆਦਾ ਸਮਾਂ ਲਾ ਦਿੱਤਾ ਸੀ ਪਰ ਉਹਨੂੰ ਟੋਕਣਾ ਮੈਨੂੰ ਚੰਗਾ ਨਾ ਲੱਗਿਆ।
ਥੋੜ੍ਹੀ ਦੇਰ ਬਾਅਦ ਉਹ ਖ਼ੁਦ ਹੀ ਉਸ ਲੰਬੇ ਚੌੜੇ ਚੱਕਰ ਵਿੱਚੋਂ ਬਾਹਰ ਨਿਕਲਿਆ ਅਤੇ ਦਾਸਤਾਨ ਦੇ ਦਰਦਨਾਕ ਹਿੱਸੇ ਵੱਲ ਪਰਤ ਆਇਆ। ”ਬਸ ਕਿੱਸਾ ਇਹ ਹੈ ਭਾਈ ਸਾਹਿਬ ਕਿ ਉਨ੍ਹਾਂ ਆਫ਼ਤ ਦੀਆਂ ਪੁੜੀਆਂ ਦੋਵੇਂ ਭੈਣਾਂ ਦੇ ਹੁਸਨ ਦਾ ਜ਼ਿਕਰ ਕਿਸੇ ਖ਼ੁਸ਼ਾਮਦੀ ਟੋਡੀ ਨੇ ਗੋਰੇ ਫ਼ੌਜੀ ਅਫਸਰਾਂ ਅੱਗੇ ਕਰ ਦਿੱਤਾ। ਜਿਹੜੇ ਪੰਜ-ਛੇ ਗੋਰੇ ਮਾਰ ਦਿੱਤੇ ਗਏ ਸਨ, ਉਨ੍ਹਾਂ ਵਿੱਚ ਇੱਕ ਮੇਮ ਵੀ ਸੀ… ਕੀ ਨਾਂ ਸੀ ਉਸ ਚੁੜੇਲ ਦਾ… ਹਾਂ ਮਿਸ ਸ਼ੈਰੋਡ.. ਤੇ ਗੋਰੇ ਫ਼ੌਜੀ ਅਫ਼ਸਰਾਂ ਨੇ ਫ਼ੈਸਲਾ ਕੀਤਾ ਕਿ ਥੈਲੇ ਦੀਆਂ ਦੋਵੇਂ ਭੈਣਾਂ ਨੂੰ ਸੱਦਿਆ ਜਾਵੇ… ਤੇ ਉਨ੍ਹਾਂ ਕੋਲੋਂ ਦਿਲ ਖੋਲ੍ਹ ਕੇ ਬਦਲਾ ਲਿਆ ਜਾਵੇ… ਤੁਸੀਂ ਸਮਝ ਗਏ ਓ ਨਾ ਭਾਈ ਸਾਹਿਬ?”
ਮੈਂ ਕਿਹਾ,” ਜੀ ਹਾਂ।”
ਮੇਰੇ ਹਮਸਫ਼ਰ ਨੇ ਇੱਕ ਹਉਕਾ ਲਿਆ, ”ਮੌਤ ਦੇ ਇਸ ਸੋਗੀ ਮਾਹੌਲ ਸਮੇਂ ਤਵਾਇਫ਼ਾਂ ਵੀ ਮਾਵਾਂ, ਭੈਣਾਂ ਹੁੰਦੀਆਂ ਨੇ। … ਭਾਈ ਸਾਹਿਬ, ਇਹ ਮੁਲਕ ਆਪਣੀ ਮਾਣ-ਮਰਿਆਦਾ ਨੂੰ ਮੇਰਾ ਖ਼ਿਆਲ ਹੈ ਭੁੱਲ ਚੁੱਕਾ ਹੈ…। ਜਦੋਂ ਉਪਰੋਂ ਇਲਾਕੇ ਦੇ ਥਾਣੇਦਾਰ ਨੂੰ ਆਰਡਰ ਮਿਲਿਆ ਤਾਂ ਉਹ ਝੱਟ-ਪੱਟ ਤਿਆਰ ਹੋ ਗਿਆ। ਉਹ ਖ਼ੁਦ ਸ਼ਮਸ਼ਾਦ ਅਤੇ ਅਲਮਾਸ ਦੇ ਘਰ ਗਿਆ ਤੇ ਉਨ੍ਹਾਂ ਨੂੰ ਕਹਿਣ ਲੱਗਾ ਕਿ ਸਾਹਿਬ ਲੋਕਾਂ ਨੇ ਦੋਵਾਂ ਭੈਣਾਂ ਨੂੰ ਬੁਲਾਇਆ ਹੈ। ਉਹ ਤੁਹਾਡਾ ਮੁਜਰਾ ਸੁਣਨਾ ਚਾਹੁੰਦੇ ਨੇ…। ਭਰਾ ਦੀ ਕਬਰ ਦੀ ਮਿੱਟੀ ਵੀ ਅਜੇ ਸਿੱਲ੍ਹੀ ਸੀ। ਅੱਲ੍ਹਾ ਨੂੰ ਪਿਆਰਾ ਹੋਏ ਅਜੇ ਉਹਨੂੰ ਸਿਰਫ਼ ਦੋ ਦਿਨ ਹੀ ਹੋਏ ਸਨ ਕਿ… ਕਿ ਭੈਣਾਂ ਨੂੰ ਹਾਜ਼ਰ ਹੋਣ ਦਾ ਹੁਕਮ ਦੇ ਦਿੱਤਾ ਗਿਆ ਕਿ ਆਓ; ਹਾਕਮਾਂ ਦੇ ਦਰਬਾਰ ਵਿੱਚ ਨੱਚੋ… ਅਨਿਆਂ ਦਾ ਇਸ ਤੋਂ ਜ਼ਿਆਦਾ ਹੋਰ ਅਨਿਆਂਪੂਰਨ ਤਰੀਕਾ ਕੀ ਹੋ ਸਕਦਾ ਹੈ…। ਜ਼ੁਲਮ ਦੀ ਅਜਿਹੀ ਮਿਸਾਲ ਸ਼ਾਇਦ ਹੀ ਕੋਈ ਹੋਰ ਮਿਲ ਸਕੇ…। ਹੁਕਮ ਦੇਣ ਵਾਲਿਆਂ ਨੂੰ ਏਨਾ ਖ਼ਿਆਲ ਵੀ ਨਹੀਂ ਆਇਆ ਕਿ ਤਵਾਇਫ਼ਾਂ ਵਿੱਚ ਵੀ ਅਣਖ ਹੁੰਦੀ ਹੈ… ਹੋ ਸਕਦੀ ਹੈ… ਕਿਉਂ ਨਹੀਂ ਹੋ ਸਕਦੀ…?” ਮੇਰੇ ਹਮਸਫ਼ਰ ਨੇ ਇੱਕ ਵਾਰਗੀ ਆਪਣੇ ਆਪ ਨੂੰ ਸੁਆਲ ਕੀਤਾ ਪਰ ਉਹ ਸੰਬੋਧਤ ਮੈਨੂੰ ਹੀ ਸੀ।
ਮੈਂ ਕਿਹਾ, ”ਹੋ ਸਕਦੀ ਹੈ!”
”ਜੀ ਹਾਂ… ਥੈਲਾ ਉਨ੍ਹਾਂ ਦਾ ਭਰਾ ਸੀ। ਉਹਨੇ ਕਿਸੇ ਜੂਏਖਾਨੇ ਵਿੱਚ ਹੋਈ ਲੜਾਈ-ਭੜਾਈ ਵਿੱਚ ਆਪਣੀ ਜਾਨ ਨਹੀਂ ਗਵਾਈ। ਉਹ ਸ਼ਰਾਬ ਪੀ ਕੇ ਦੰਗਾ-ਫਸਾਦ ਕਰਦਾ ਹੋਇਆ ਨਹੀਂ ਸੀ ਮਰਿਆ… ਉਹਨੇ ਆਪਣੇ ਵਤਨ ਖ਼ਾਤਰ ਬੜੀ ਬਹਾਦਰੀ ਨਾਲ ਸ਼ਹਾਦਤ ਦਾ ਜਾਮ ਪੀਤਾ ਸੀ…। ਉਹ ਇੱਕ ਤਵਾਇਫ ਦੀ ਕੁੱਖੋਂ ਸੀ ਪਰ ਉਹ ਤਵਾਇਫ਼ ਮਾਂ ਵੀ ਤਾਂ ਸੀ…। ਸ਼ਮਸ਼ਾਦ ਅਤੇ ਅਲਮਾਸ ਉਸੇ ਮਾਂ ਦੀਆਂ ਧੀਆਂ ਸਨ…। ਉਹ ਥੈਲੇ ਦੀਆਂ ਭੈਣਾਂ ਪਹਿਲਾਂ ਸਨ, ਤਵਾਇਫ਼ਾਂ ਬਾਅਦ ਵਿੱਚ ਸਨ। ਉਹ ਥੈਲੇ ਦੀ ਲਾਸ਼ ਦੇਖ ਕੇ ਬੇਹੋਸ਼ ਹੋ ਗਈਆਂ ਸਨ ਤੇ ਜਦੋਂ ਥੈਲੇ ਦਾ ਜਨਾਜ਼ਾ ਨਿਕਲਿਆ ਉਨ੍ਹਾਂ ਨੇ ਅਜਿਹੇ ਵੈਣ ਪਾਏ ਸਨ ਕਿ ਸੁਣ ਕੇ ਲੋਕ ਲਹੂ ਦੇ ਅੱਥਰੂ ਰੋਣ ਲੱਗੇ ਸਨ…।”
ਮੈਂ ਪੁੱਛਿਆ, ”ਤਾਂ ਕੀ ਉਹ ਗਈਆਂ?” ਮੇਰਾ ਹਸਮਫ਼ਰ ਥੋੜ੍ਹੀ ਦੇਰ ਚੁੱਪ ਰਿਹਾ ਤੇ ਫਿਰ ਉਦਾਸ ਹੁੰਦਿਆਂ ਕਹਿਣ ਲੱਗਾ, ”ਜੀ ਹਾਂ…, ਜੀ ਹਾਂ, ਉਹ ਗਈਆਂ, ਖ਼ੂਬ ਸਜ-ਧੱਜ ਕੇ…।” ਇਕਦਮ ਮੇਰੇ ਹਮਸਫ਼ਰ ਦੀ ਉਦਾਸੀ ਤਿੱਖੀ ਹੋ ਗਈ। ”ਖੂਬ ਸੋਲਾਂ ਸ਼ਿੰਗਾਰ ਕਰਕੇ ਉਹ ਆਪਣੇ ਬੁਲਾਉਣ ਵਾਲਿਆਂ ਕੋਲ ਗਈਆਂ… ਸੁਣਨ ਵਿੱਚ ਆਇਆ ਕਿ ਖ਼ੂਬ ਮਹਿਫ਼ਲ ਜੰਮੀ…। ਦੋਵੇਂ ਭੈਣਾਂ ਨੇ ਆਪਣੇ ਜੌਹਰ ਦਿਖਾਏ…। ਚਮਕੀਲੇ ਕੱਪੜਿਆਂ ਵਿੱਚ ਉਹ ਕੋਹ ਕਾਫ਼ ਦੀਆਂ ਪਰੀਆਂ ਲੱਗ ਰਹੀਆਂ ਸਨ…। ਸ਼ਰਾਬ ਦੇ ਦੌਰ ਚਲਦੇ ਰਹੇ ਤੇ ਉਹ ਨੱਚਦੀਆਂ, ਗਾਉਂਦੀਆਂ ਰਹੀਆਂ… ਤੇ ਰਾਤ ਦੇ ਦੋ ਵਜੇ ਇੱਕ ਵੱਡੇ ਗੋਰੇ ਅਫ਼ਸਰ ਦੇ ਇਸ਼ਾਰੇ ‘ਤੇ ਮਹਿਫ਼ਲ ਖ਼ਤਮ ਹੋਈ…।” ਮੇਰਾ ਹਮਸਫ਼ਰ ਕੁਝ ਦੇਰ ਚੁੱਪ ਰਿਹਾ। ਫਿਰ ਉਹ ਉੱਠ ਖਲੋਤਾ ਅਤੇ ਝੁਕਦੇ ਹੋਏ ਬਾਰੀ ਵਿੱਚੋਂ ਪਿੱਛੇ ਵੱਲ ਭੱਜਦੇ ਹੋਏ ਦਰੱਖਤਾਂ ਅਤੇ ਖੰਭਿਆਂ ਨੂੰ ਦੇਖਣ ਲੱਗਿਆ।
ਟਰੇਨ ਦੇ ਪਹੀਆਂ ਅਤੇ ਪਟੜੀਆਂ ਦੇ ਲੋਹੇ ਦੇ ਗਾਡਰਾਂ ਦੀ ਗੜਗੜਾਹਟ ਦੀ ਤਾਲ ‘ਤੇ ਆਖ਼ਰੀ ਦੋ ਲਫ਼ਜ਼ ਨੱਚ ਰਹੇ ਸਨ, ”ਖ਼ਤਮ ਹੋਈ… ਖ਼ਤਮ ਹੋਈ…।”
ਮੈਂ ਆਪਣੇ ਦਿਮਾਗ਼ ਵਿੱਚ ਉਹਦੇ ਆਖ਼ਰੀ ਦੋ ਲਫ਼ਜ਼ ਗਾਡਰਾਂ ਦੀ ਗੜਗੜਾਹਟ ਨਾਲੋਂ ਤੋੜ ਕੇ ਵੱਖ ਕਰਦੇ ਹੋਏ ਪੁੱਛਿਆ, ”ਫਿਰ ਕੀ ਹੋਇਆ?”
ਪਿੱਛੇ ਵੱਲ ਭੱਜਦੇ ਹੋਏ ਦਰੱਖਤਾਂ ਅਤੇ ਖੰਭਿਆਂ ਤੋਂ ਆਪਣੀਆਂ ਨਜ਼ਰਾਂ ਹਟਾ ਕੇ ਉਹਨੇ ਬੜੇ ਸਖ਼ਤ ਲਹਿਜੇ ਵਿੱਚ ਕਿਹਾ, ”ਫਿਰ ਉਨ੍ਹਾਂ ਨੇ ਆਪਣੀਆਂ ਚਮਕੀਲੀਆਂ ਪੁਸ਼ਾਕਾਂ ਪਾੜ ਸੁੱਟੀਆਂ ਅਤੇ ਅਲਫ਼ ਨੰਗੀਆਂ ਹੋ ਕੇ ਉਨ੍ਹਾਂ ਨੂੰ ਕਹਿਣ ਲੱਗੀਆਂ, ”ਐਹ ਲਓ ਸਾਨੂੰ ਦੇਖ ਲਓ… ਅਸੀਂ ਥੈਲੇ ਦੀਆਂ ਭੈਣਾਂ ਹਾਂ… ਉਸ ਸ਼ਹੀਦ ਦੀਆਂ ਭੈਣਾਂ ਜਿਸ ਦੇ ਖ਼ੂਬਸੂਰਤ ਜਿਸਮ ਨੂੰ ਤੁਸਾਂ ਸਿਰਫ਼ ਇਸ ਲਈ ਆਪਣੀਆਂ ਗੋਲੀਆਂ ਨਾਲ ਛਲਨੀ-ਛਲਨੀ ਕਰ ਦਿੱਤਾ ਕਿਉਂਕਿ ਉਸ ਜਿਸਮ ਵਿੱਚ ਆਪਣੇ ਵਤਨ ਨਾਲ ਮੁਹੱਬਤ ਕਰਨ ਵਾਲੀ ਰੂਹ ਵਸੀ ਹੋਈ ਸੀ… ਅਸੀਂ ਉਸੇ ਥੈਲੇ ਦੀਆਂ ਸੋਹਣੀਆਂ-ਸੁਨੱਖੀਆਂ ਭੈਣਾਂ ਹਾਂ…। ਆਓ ਅਤੇ ਆਪਣੀ ਹਵਸ ਨਾਲ ਸਾਡਾ ਖੁਸ਼ਬੂਆਂ ਵਿੱਚ ਭਿੱਜਿਆ ਜਿਸਮ ਦਾਗ਼ੀ ਕਰ ਦਿਓ…, ਪਰ ਅਜਿਹਾ ਕਰਨ ਤੋਂ ਪਹਿਲਾਂ ਸਾਨੂੰ ਸਿਰਫ਼ ਇੱਕ ਵਾਰ ਆਪਣੇ ਮੂੰਹਾਂ ‘ਤੇ ਥੁੱਕ ਲੈਣ ਦਿਓ।” ਇਹ ਕਹਿ ਕੇ ਮੇਰਾ ਹਮਸਫ਼ਰ ਚੁੱਪ ਹੋ ਗਿਆ। ਕੁਝ ਇਸ ਤਰ੍ਹਾਂ ਕਿ ਅੱਗੋਂ ਕੁਝ ਵੀ ਨਹੀਂ ਬੋਲੇਗਾ।
ਮੈਂ ਤੁਰੰਤ ਪੁੱਛਿਆ, ”ਫਿਰ ਕੀ ਹੋਇਆ?”
ਉਸ ਦੀਆਂ ਅੱਖਾਂ ਵਿੱਚ ਅੱਥਰੂ ਤਰਨ ਲੱਗੇ, ”ਉਨ੍ਹਾਂ ਨੂੰ… ਉਨ੍ਹਾਂ ਨੂੰ ਗੋਲੀ ਨਾਲ ਉਡਾ ਦਿੱਤਾ ਗਿਆ…।” ਮੈਂ ਕੁਝ ਨਹੀਂ ਕਿਹਾ।
ਟਰੇਨ ਸਟੇਸ਼ਨ ‘ਤੇ ਪਹੁੰਚ ਚੁੱਕੀ ਸੀ। ਜਦੋਂ ਟਰੇਨ ਰੁਕ ਗਈ ਤਾਂ ਉਹਨੇ ਇੱਕ ਕੁਲੀ ਨੂੰ ਬੁਲਾ ਕੇ ਆਪਣਾ ਸਾਮਾਨ ਚੁਕਵਾਇਆ। ਜਦੋਂ ਉਹ ਜਾਣ ਲੱਗਾ ਤਾਂ ਮੈਂ ਉਸ ਨੂੰ ਕਿਹਾ, ”ਤੁਸਾਂ ਜੋ ਦਾਸਤਾਨ ਸੁਣਾਈ ਹੈ, ਉਹਦਾ ਅੰਤ ਮੈਨੂੰ ਤੁਹਾਡੇ ਵੱਲੋਂ ਘੜਿਆ ਜਾਪਦਾ ਹੈ।”
ਉਹਨੇ ਹੈਰਾਨ ਹੁੰਦਿਆਂ ਮੇਰੇ ਵੱਲ ਵੇਖਿਆ, ”ਤੁਹਾਨੂੰ ਇਹਦਾ ਪਤਾ ਕਿਵੇਂ ਲੱਗਾ?”
ਮੈਂ ਕਿਹਾ, ”ਤੁਹਾਡੇ ਲਹਿਜ਼ੇ ਦੀ ਮਜ਼ਬੂਤੀ ਵਿੱਚ ਬਿਆਨ ਨਾ ਕਰਨ ਵਾਲੀ ਪੀੜ ਝਲਕ ਰਹੀ ਸੀ…।”
ਮੇਰੇ ਹਮਸਫ਼ਰ ਨੇ ਆਪਣੇ ਸੁੱਕ ਚੁੱਕੇ ਗਲੇ ਵਿੱਚੋਂ ਥੁੱਕ ਨਿਗਲਦੇ ਹੋਏ ਕਿਹਾ, ”ਜੀ ਹਾਂ… ਉਨ੍ਹਾਂ… ਉਹ ਗਾਲ੍ਹ ਕੱਢਦੇ-ਕੱਢਦੇ ਰੁਕ ਗਿਆ। ਉਨ੍ਹਾਂ ਨੇ ਆਪਣੇ ਸ਼ਹੀਦ ਭਰਾ ਦੀ ਇੱਜ਼ਤ ਨੂੰ ਵੱਟਾ ਲਾ ਦਿੱਤਾ ਸੀ।” ਇਹ ਕਹਿ ਕੇ ਉਹ ਕਾਹਲੀ ਨਾਲ ਪਲੇਟਫਾਰਮ ‘ਤੇ ਉੱਤਰ ਗਿਆ।

ਸਆਦਤ ਹਸਨ ਮੰਟੋ

(ਅਨੁਵਾਦ: ਪਰਮਜੀਤ ਢੀਂਗਰਾ)

ਮਜ਼ੂਰੀ

by Sandeep Kaur March 29, 2020

ਲੁੱਟ-ਖਸੁੱਟ ਦਾ ਬਾਜ਼ਾਰ ਗਰਮ ਸੀ। ਉਸ ਗਰਮੀ ਵਿੱਚ ਵਾਧਾ ਹੋ ਗਿਆ, ਜਦੋਂ ਚਾਰੇ ਪਾਸੇ ਅੱਗ ਭੜਕਣ ਲੱਗੀ। ਇੱਕ ਆਦਮੀ ਹਾਰਮੋਨੀਅਮ ਦੀ ਪੇਟੀ ਚੁੱਕੀ ਖ਼ੁਸ਼ੀ-ਖ਼ੁਸ਼ੀ ਗਾਉਂਦਾ ਜਾ ਰਿਹਾ ਸੀ:
ਜਬ ਤੁਮ ਹੀ ਗਏ ਪਰਦੇਸ, ਲਗਾ ਕੇ ਠੇਸ, ਓ ਪ੍ਰੀਤਮ ਪਿਆਰਾ ਦੁਨੀਆਂ ਮੇਂ ਕੌਨ ਹਮਾਰਾ…”
ਇੱਕ ਛੋਟੀ ਉਮਰ ਦਾ ਮੁੰਡਾ ਝੋਲੀ ‘ਚ ਪਾਪੜਾਂ ਦਾ ਅੰਬਾਰ ਪਾਈ ਭੱਜਿਆ ਜਾ ਰਿਹਾ ਸੀ। ਠੁੱਡਾ ਵੱਜਿਆ ਤਾਂ ਪਾਪੜਾਂ ਦੀ ਇੱਕ ਗੱਡੀ ਉਹਦੀ ਝੋਲੀ ‘ਚੋਂ ਡਿੱਗ ਪਈ। ਮੁੰਡਾ ਉਹਨੂੰ ਚੁੱਕਣ ਲਈ ਝੁਕਿਆ ਤਾਂ ਇੱਕ ਆਦਮੀ, ਜਿਸ ਨੇ ਸਿਰ ‘ਤੇ ਸਲਾਈ ਦੀ ਮਸ਼ੀਨ ਚੁੱਕੀ ਹੋਈ ਸੀ, ਨੇ ਕਿਹਾ, ”ਰਹਿਣ ਦੇ ਬੇਟਾ, ਰਹਿਣ ਦੇ, ਆਪਣੇ ਆਪ ਠੀਕ ਹੋ ਜਾਵੇਗੀ।”
ਬਾਜ਼ਾਰ ਵਿੱਚ ਧੱਬ ਨਾਲ ਭਰੀ ਹੋਈ ਇੱਕ ਬੋਰੀ ਡਿੱਗੀ। ਇੱਕ ਬੰਦੇ ਨੇ ਕਾਹਲੀ ਨਾਲ ਵਧ ਕੇ ਆਪਣੇ ਛੁਰੇ ਨਾਲ ਉਹਦਾ ਢਿੱਡ ਫਾੜ ਦਿੱਤਾ। ਆਂਦਰਾਂ ਦੀ ਥਾਂ ਚੀਨੀ, ਚਿੱਟੇ ਦਾਣਿਆਂ ਵਰਗੀ ਚੀਨੀ ਉਬਲ ਕੇ ਬਾਹਰ ਨਿਕਲ ਆਈ। ਲੋਕ ਇਕੱਠੇ ਹੋ ਗਏ ਤੇ ਆਪਣੀਆਂ ਝੋਲੀਆਂ ਭਰਨ ਲੱਗੇ। ਇੱਕ ਆਦਮੀ ਕੁਰਤੇ ਤੋਂ ਬਿਨਾਂ ਸੀ। ਉਹਨੇ ਕਾਹਲੀ ਨਾਲ ਆਪਣਾ ਚਾਦਰਾ ਖੋਲਿ੍ਹਆ ਤੇ ਮੁੱਠੀਆਂ-ਮੁੱਠੀਆਂ ਭਰ-ਭਰ ਕੇ ਉਸ ਵਿੱਚ ਪਾਣ ਲੱਗਿਆ।
”ਹਟ ਜਾਓ… ਹਟ ਜਾਓ…” ਇੱਕ ਤਾਂਗਾ ਅਲਮਾਰੀਆਂ ਨਾਲ ਲੱਦਿਆ ਹੋਇਆ ਲੰਘ ਗਿਆ। ਉੱਚੇ ਮਕਾਨ ਦੀ ਬਾਰੀ ਵਿੱਚੋਂ ਮਲਮਲ ਦਾ ਥਾਣ ਫੜਫੜਾਉਂਦਾ ਹੋਇਆ ਬਾਹਰ ਨਿਕਲਿਆ। ਅੱਗ ਦੇ ਸ਼ੋਅਲੇ ਦੀ ਜੀਭ ਨੇ ਹੌਲੇ ਨਾਲ ਉਹਨੂੰ ਚੱਟਿਆ। ਸੜਕ ਤਕ ਪਹੁੰਚਿਆ ਤੇ ਸੁਆਹ ਦਾ ਢੇਰ ਸੀ।
ਮੋਂ…ਮੋਂ…ਮੋਂ…ਮੋਟਰ ਦੇ ਹਾਰਨ ਦੀਆਂ ਆਵਾਜ਼ਾਂ ਨਾਲ ਦੋ ਔਰਤਾਂ ਦੀਆਂ ਚੀਕਾਂ ਵੀ ਸਨ। ਲੋਹੇ ਦਾ ਇੱਕ ਸੇਫ ਦਸ ਪੰਦਰਾਂ ਆਦਮੀਆਂ ਨੇ ਖਿੱਚ ਕੇ ਬਾਹਰ ਕੱਢਿਆ ਤੇ ਡਾਂਗਾਂ ਦੀ ਮਦਦ ਨਾਲ ਉਹਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ।
”ਕਾਊ ਐਂਡ ਗੇਟ” ਦੁੱਧ ਦੀਆਂ ਕਈ ਟੀਨ ਦੋਵਾਂ ਹੱਥਾਂ ‘ਤੇ ਚੁੱਕੀ ਆਪਣੀ ਠੋਡੀ ਨਾਲ ਉਹਨੂੰ ਸਹਾਰਾ ਦਿੱਤੇ, ਇੱਕ ਆਦਮੀ ਦੁਕਾਨ ‘ਚੋਂ ਬਾਹਰ ਨਿਕਲਿਆ ਤੇ ਹੌਲੀ-ਹੌਲੀ ਬਾਜ਼ਾਰ ਵਿੱਚ ਚੱਲਣ ਲੱਗਿਆ।
ਉੱਚੀ ਆਵਾਜ਼ ਆਈ, ”ਆਓ, ਆਓ ਲੇਮੋਨੇਡ ਦੀਆਂ ਬੋਤਲਾਂ ਪੀਓ। ਗਰਮੀ ਦਾ ਮੌਸਮ ਏ।” ਗਲੇ ਵਿੱਚ ਮੋਟਰ ਦਾ ਟਾਇਰ ਪਾਈ ਆਦਮੀ ਨੇ ਦੋ ਬੋਤਲਾਂ ਲਈਆਂ ਤੇ ਧੰਨਵਾਦ ਕੀਤੇ ਬਿਨਾਂ ਚਲਾ ਗਿਆ।
ਇੱਕ ਆਵਾਜ਼ ਆਈ, ”ਕੋਈ ਅੱਗ ਬੁਝਾਉਣ ਵਾਲਿਆਂ ਨੂੰ ਖ਼ਬਰ ਦੇ ਦਿਓ। ਸਾਰਾ ਮਾਲ ਸੜ ਜਾਵੇਗਾ।” ਕਿਸੇ ਨੇ ਉਸ ਸਲਾਹ ਵੱਲ ਧਿਆਨ ਨਹੀਂ ਦਿੱਤਾ। ਲੁੱਟ-ਖਸੁੱਟ ਦਾ ਬਾਜ਼ਾਰ ਉਸੇ ਤਰ੍ਹਾਂ ਗਰਮ ਰਿਹਾ ਤੇ ਉਸ ‘ਤੇ ਉਸ ਗਰਮੀ ਵਿੱਚ ਚਾਰੇ ਪਾਸੇ ਭੜਕਣ ਵਾਲੀ ਅੱਗ ਬਾਦਸਤੂਰ ਵਾਧਾ ਕਰਦੀ ਰਹੀ। ਬਹੁਤ ਦੇਰ ਮਗਰੋਂ ਤੜ-ਤੜ ਦੀ ਆਵਾਜ਼ ਆਈ। ਗੋਲੀਆਂ ਚੱਲਣ ਲੱਗੀਆਂ। ਪੁਲੀਸ ਨੂੰ ਬਾਜ਼ਾਰ ਖਾਲੀ ਨਜ਼ਰ ਆਇਆ ਪਰ ਦੂਰ ਧੂੰਏਂ ਵਿੱਚ ਮੋੜ ਕੋਲ ਇੱਕ ਆਦਮੀ ਦਾ ਪਰਛਾਵਾਂ ਵਿਖਾਈ ਦਿੱਤਾ। ਪੁਲੀਸ ਦੇ ਸਿਪਾਹੀ ਸੀਟੀਆਂ ਵਜਾਉਂਦੇ ਉਸ ਵੱਲ ਲਪਕੇ। ਪਰਛਾਵਾਂ ਤੇਜ਼ੀ ਨਾਲ ਧੂੰਏਂ ਦੇ ਅੰਦਰ ਵੜ ਗਿਆ ਤਾਂ ਸਿਪਾਹੀ ਵੀ ਉਹਦੇ ਪਿੱਛੇ ਗਏ। ਧੂੰਏਂ ਦਾ ਇਲਾਕਾ ਖ਼ਤਮ ਹੋਇਆ ਤਾਂ ਸਿਪਾਹੀਆਂ ਨੇ ਤੱਕਿਆ ਕਿ ਇੱਕ ਕਸ਼ਮੀਰੀ ਮਜ਼ਦੂਰ ਪਿੱਠ ‘ਤੇ ਭਾਰੀ ਬੋਰੀ ਚੁੱਕੀ ਤੁਰਿਆ ਜਾ ਰਿਹਾ ਹੈ।
ਸੀਟੀਆਂ ਦੇ ਗਲੇ ਸੁੱਕ ਗਏ ਪਰ ਉਹ ਕਸ਼ਮੀਰੀ ਨਾ ਰੁਕਿਆ। ਉਹਦੀ ਪਿੱਠ ‘ਤੇ ਵਜ਼ਨ ਸੀ। ਮਾਮੂਲੀ ਵਜ਼ਨ ਨਹੀਂ, ਇੱਕ ਭਰੀ ਹੋਈ ਬੋਰੀ ਸੀ, ਪਰ ਉਹ ਇੰਜ ਦੌੜ ਰਿਹਾ ਸੀ, ਜਿਵੇਂ ਪਿੱਠ ‘ਤੇ ਕੋਈ ਵਜ਼ਨ ਹੈ ਹੀ ਨਹੀਂ।
ਸਿਪਾਹੀ ਹਫਣ ਲੱਗੇ। ਇੱਕ ਨੇ ਤੰਗ ਆ ਕੇ ਪਿਸਤੌਲ ਕੱਢਿਆ ਤੇ ਚਲਾ ਦਿੱਤਾ। ਗੋਲੀ ਕਸ਼ਮੀਰੀ ਮਜ਼ਦੂਰ ਦੀ ਪਿੰਡਲੀ ਵਿੱਚ ਲੱਗੀ। ਬੋਰੀ ਉਹਦੀ ਪਿੱਠ ਤੋਂ ਡਿੱਗ ਪਈ। ਘਬਰਾ ਕੇ ਉਹਨੇ ਆਪਣੇ ਪਿੱਛੇ ਹੌਲੀ-ਹੌਲੀ ਭੱਜਦੇ ਸਿਪਾਹੀਆਂ ਨੂੰ ਵੇਖਿਆ। ਪਿੰਡਲੀ ‘ਚੋਂ ਵਗਦੇ ਲਹੂ ਵੱਲ ਧਿਆਨ ਦਿੱਤਾ ਪਰ ਇੱਕੋ ਹੀ ਝਟਕੇ ਨਾਲ ਬੋਰੀ ਚੁੱਕੀ ਤੇ ਪਿੱਠ ‘ਤੇ ਰੱਖ ਕੇ ਫਿਰ ਭੱਜਣ ਲੱਗਿਆ। ਸਿਪਾਹੀਆਂ ਨੇ ਸੋਚਿਆ ਕਿ ਜਾਣ ਦਿਓ, ਜਹਨੁੰਮ ਵਿੱਚ ਜਾਵੇ, ਪਰ ਫਿਰ ਉਨ੍ਹਾਂ ਉਹਨੂੰ ਫੜ ਲਿਆ।
ਰਾਹ ਵਿੱਚ ਕਸ਼ਮੀਰੀ ਮਜ਼ਦੂਰ ਨੇ ਕਈ ਵਾਰ ਕਿਹਾ, ”ਹਜਰਤ! ਤੁਸੀਂ ਮੈਨੂੰ ਕਿਉਂ ਫੜਤੀ ਏ। ਮੈਂ ਤਾਂ ਗ਼ਰੀਬ ਆਦਮੀ ਹੋਤਾ। ਚਾਵਲ ਦੀ ਇੱਕ ਬੋਰੀ ਲੈਤੀ। ਘਰ ਵਿੱਚ ਖਾਤੀ। ਤੁਸੀਂ ਨਾਹਕ ਮੈਨੂੰ ਗੋਲੀ ਮਾਰਤੀ।” ਪਰ ਉਹਦੀ ਨਾ ਸੁਣੀ ਗਈ।
ਥਾਣੇ ਵਿੱਚ ਕਸ਼ਮੀਰੀ ਮਜ਼ਦੂਰ ਨੇ ਆਪਣੀ ਸਫ਼ਾਈ ਵਿੱਚ ਬਹੁਤ ਕਿਹਾ, ”ਹਜਰਤ, ਦੂਜੇ ਲੋਕ ਬੜਾ ਬੜਾ ਮਾਲ ਉਠਾਤੀ। ਮੈਂ ਤਾਂ ਫਕਤ ਇੱਕ ਚਾਵਲ ਦੀ ਬੋਰੀ ਲੈਤੀ। ਹਜਰਤ ਮੈਂ ਬਹੁਤ ਗ਼ਰੀਬ ਹੋਤੀ। ਹਰ ਰੋਜ਼ ਭਾਤ ਖਾਤੀ।”
ਜਦੋਂ ਉਹ ਥੱਕ-ਹਾਰ ਗਿਆ, ਤਾਂ ਉਹਨੇ ਆਪਣੀ ਮੈਲੀ ਟੋਪੀ ਨਾਲ ਪਸੀਨਾ ਪੂੰਝਿਆ ਤੇ ਚਾਵਲ ਦੀ ਬੋਰੀ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਵੇਖ ਕੇ ਥਾਣੇਦਾਰ ਅੱਗੇ ਹੱਥ ਫੈਲਾ ਕੇ ਕਿਹਾ, ”ਚੰਗਾ ਹਜਰਤ, ਤੂ ਬੋਰੀ ਆਪਣੇ ਕੋਲ ਰੱਖ। ਮੈਂ ਆਪਣੀ ਮਜ਼ੂਰੀ ਮਾਂਗਤੀ- ਚਾਰ ਆਨੇ।”

ਸਆਦਤ ਹਸਨ ਮੰਟੋ
(ਅਨੁਵਾਦ: ਸੁਰਜੀਤ)

ਮੰਮੀ

by Sandeep Kaur March 27, 2020

ਉਸਦਾ ਨਾਂ ਮਿਸੇਜ਼ ਸਟੈਲਾ ਸੀ, ਪਰ ਸਾਰੇ ਉਸਨੂੰ ਮੰਮੀ ਕਹਿੰਦੇ ਸਨ। ਦਰਮਿਆਨੇ ਕੱਦ ਤੇ ਪੱਕੀ ਉਮਰ ਦੀ ਔਰਤ ਸੀ ਉਹ। ਉਸਦਾ ਪਤੀ ਜੈਕਸਨ ਪਹਿਲੇ ਮਹਾ-ਯੁੱਧ ਵਿਚ ਮਾਰਿਆ ਗਿਆ ਸੀ। ਜਿਸਦੀ ਪੈਨਸ਼ਨ ਸਟੈਲਾ ਨੂੰ ਲਗਭਗ ਦਸ ਸਾਲ ਤੋਂ ਮਿਲ ਰਹੀ ਸੀ।
ਉਹ ਪੂਨੇ ਵਿਚ ਕਿੰਜ ਆਈ, ਕਦੋਂ ਦੀ ਉੱਥੇ ਹੈ, ਇਸ ਬਾਰੇ ਮੈਨੂੰ ਕੁਝ ਵੀ ਨਹੀਂ ਸੀ ਪਤਾ। ਅਸਲ ਵਿਚ ਮੈਂ ਇਸ ਬਾਰੇ ਜਾਣਨ ਦੀ ਕਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ। ਉਹ ਏਨੀ ਦਿਲਚਸਪ ਜ਼ਨਾਨੀ ਸੀ ਕਿ ਉਸਨੂੰ ਮਿਲ ਕੇ ਸਿਵਾਏ ਉਸਦੇ ਵਿਅੱਕਤੀਤਵ ਦੇ ਹੋਰ ਕਿਸੇ ਸ਼ੈ ਵਿਚ ਦਿਲਚਸਪੀ ਵੀ ਨਹੀਂ ਸੀ ਰਹਿੰਦੀ। ਉਸਦੇ ਸਬੰਧ ਕਿਸ ਨਾਲ ਨੇ, ਕਿਸ ਨਾਲ ਨਹੀਂ—ਇਹ ਜਾਣਨ ਦੀ ਲੋੜ ਹੀ ਮਹਿਸੂਸ ਨਹੀਂ ਸੀ ਹੁੰਦੀ, ਕਿਉਂਕਿ ਉਹ ਪੂਨੇ ਦੇ ਕਣ-ਕਣ ਨੂੰ ਜਾਣਦੀ ਸੀ। ਹੋ ਸਕਦਾ ਹੈ ਕਿ ਇਹ ਇਕ ਹੱਦ ਤੱਕ ਕਿਸੇ ਲਈ ਹੈਰਾਨ ਕਰ ਦੇਣ ਵਾਲੀ ਗੱਲ ਹੋਵੇ, ਪਰ ਮੇਰੇ ਲਈ ਪੂਨਾ ਉਹੀ ਪੂਨਾ ਸੀ। ਉਸਦੇ ਉਹ ਕਣ—ਉਹੀ ਸਾਰੇ ਕਣ ਨੇ, ਜਿਹਨਾਂ ਨਾਲ ਮੇਰੀਆਂ ਕੁਝ ਯਾਦਾਂ ਜੁੜੀਆਂ ਹੋਈਆਂ ਨੇ ਤੇ ਮੰਮੀ ਦਾ ਵਚਿੱਤਰ ਵਿਅੱਕਤੀਤਵ ਉਹਨਾਂ ਸਾਰਿਆਂ ਵਿਚ ਬਿਰਾਜਮਾਨ ਹੈ।
ਉਸ ਨਾਲ ਮੇਰੀ ਪਹਿਲੀ ਮੁਲਾਕਾਤ ਪੂਨੇ ਵਿਚ ਹੀ ਹੋਈ ਸੀ…ਮੈਂ ਬੜਾ ਹੀ ਸੁਸਤ ਕਿਸਮ ਦਾ ਆਦਮੀ ਹਾਂ। ਉਂਜ ਘੁੰਮਣ-ਫਿਰਨ ਦੀਆਂ ਵੱਡੀਆਂ-ਵੱਡੀਆਂ ਉਮੰਗਾਂ ਨੇ ਮੇਰੇ ਦਿਲ ਵਿਚ, ਤੇ ਜੇ ਤੁਸੀਂ ਮੇਰੇ ਬਾਰੇ ਗੱਲਾਂ ਸੁਣੋ ਤਾਂ ਤੁਹਾਨੂੰ ਇੰਜ ਲੱਗੇਗਾ ਕਿ ਮੈਂ ਕੰਚਨਜੰਗਾ ਜਾਂ ਹਿਮਾਲਿਆ ਦੀ ਇਸੇ ਵਰਗੀ ਕਿਸੇ ਹੋਰ ਚੋਟੀ ਨੂੰ ਫਤਿਹ ਕਰਨ ਲਈ ਤੁਰ ਜਾਣ ਵਾਲਾ ਹਾਂ। ਇੰਜ ਹੋ ਸਕਦਾ ਹੈ, ਪਰ ਇਸ ਨਾਲੋਂ ਵੀ ਵਧ ਸੰਭਾਵਨਾ ਇਸ ਗੱਲ ਦੀ ਹੈ ਕਿ ਉਹ ਚੋਟੀ ਫਤਿਹ ਕਰਕੇ ਮੈਂ ਉੱਥੋਂ ਦਾ ਹੋ ਕੇ ਹੀ ਰਹਿ ਜਾਵਾਂ।
ਰੱਬ ਜਾਣੇ ਕਿੰਨੇ ਵਰ੍ਹਿਆਂ ਦਾ ਬੰਬਈ ਵਿਚ ਸਾਂ। ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਪੂਨੇ ਗਿਆ ਤਾਂ ਪਤਨੀ ਮੇਰੇ ਨਾਲ ਸੀ। ਮੁੰਡਾ ਹੋ ਕੇ ਗੁਜਰੇ ਨੂੰ ਲਗਭਗ ਚਾਰ ਸਾਲ ਹੋ ਚੁੱਕੇ ਸਨ। ਇਸ ਦੌਰਾਨ ਮੈਂ…ਠਹਿਰਨਾ, ਮੈਂ ਹਿਸਾਬ ਲਾ ਲਵਾਂ…ਤੁਸੀਂ ਇਹ ਸਮਝ ਲਓ ਕਿ ਅੱਠ ਸਾਲਾਂ ਤੋਂ ਬੰਬਈ ਵਿਚ ਸਾਂ, ਪਰ ਹਾਲੇ ਤੀਕ ਮੈਨੂੰ ਉੱਥੋਂ ਦਾ ਵਿਕਟੋਰੀਆ ਗਾਰਡਨ ਤੇ ਮਿਊਜ਼ਿਅਮ ਦੇਖਣ ਦੀ ਵਿਹਲ ਨਹੀਂ ਸੀ ਮਿਲੀ। ਇਹ ਤਾਂ ਸਿਰਫ ਸਬੱਬ ਦੀ ਗੱਲ ਸੀ ਕਿ ਮੈਂ ਯਕਦਮ ਪੂਨੇ ਜਾਣ ਲਈ ਤਿਆਰ ਹੋ ਗਿਆ—ਜਿਸ ਫ਼ਿਲਮ ਕੰਪਨੀ ਵਿਚ ਨੌਕਰ ਸਾਂ, ਉਸਦੇ ਮਾਲਕ ਨਾਲ ਇਕ ਨਿੱਕੀ-ਜਿਹੀ ਗੱਲ ਉੱਤੇ ਤਕਰਾਰ ਹੋ ਗਿਆ ਤਾਂ ਮੈਂ ਸੋਚਿਆ ਕਿ ਏਸ ਕੁਸੈਲ ਨੂੰ ਦੂਰ ਕਰਨ ਲਈ ਪੂਨੇ ਹੋ ਆਵਾਂ। ਉਹ ਵੀ ਇਸ ਲਈ ਕਿ ਉਹ ਨੇੜੇ ਸੀ ਤੇ ਮੇਰੇ ਕੁਝ ਦੋਸਤ ਉੱਥੇ ਰਹਿੰਦੇ ਸਨ।
ਮੈਂ ਪ੍ਰਭਾਤ ਨਗਰ ਜਾਣਾ ਸੀ, ਜਿੱਥੇ ਮੇਰਾ ਫ਼ਿਲਮਾਂ ਦਾ ਇਕ ਪੁਰਾਣਾ ਸਾਥੀ ਰਹਿੰਦਾ ਸੀ। ਸਟੇਸ਼ਨ ‘ਚੋਂ ਬਾਹਰ ਨਿਕਲ ਕੇ ਪਤਾ ਲੱਗਿਆ ਕਿ ਉਹ ਜਗ੍ਹਾ ਕਾਫੀ ਦੂਰ ਹੈ, ਪਰ ਤਦ ਤੀਕ ਅਸੀਂ ਤਾਂਗਾ ਕਰ ਚੁੱਕੇ ਸਾਂ।
ਸੁਸਤ ਰਿਫ਼ਤਾਰ ਨਾਲ ਚੱਲਣ ਵਾਲੀਆਂ ਚੀਜ਼ਾਂ ਤੋਂ ਮੇਰੀ ਤਬੀਅਤ ਬੜੀ ਖਿਝ ਜਾਂਦੀ ਹੈ…ਤੇ ਮੈਂ ਆਪਣੇ ਦਿਲ ਦੀ ਖਿਝ ਮਿਟਾਉਣ ਖਾਤਰ ਇੱਥੇ ਆਇਆ ਸਾਂ, ਇਸ ਲਈ ਮੈਨੂੰ ਪ੍ਰਭਾਤ ਨਗਰ ਪਹੁੰਚਣ ਦੀ ਬੜੀ ਜਲਦੀ ਸੀ। ਤਾਂਗਾ ਬੜਾ ਹੀ ਘਟੀਆ ਕਿਸਮ ਦਾ ਸੀ, ਅਲੀਗੜ੍ਹ ਦੇ ਯੱਕਿਆਂ ਨਾਲੋਂ ਵੀ ਗਿਆ-ਬੀਤਿਆ, ਜਿਹਨਾਂ ਵਿਚੋਂ ਹਰ ਪਲ ਡਿੱਗਣ ਦਾ ਖਤਰਾ ਰਹਿੰਦਾ ਸੀ। ਘੋੜਾ ਅੱਗੇ ਵੱਲ ਘਿਸਟਦਾ ਰਹਿੰਦਾ ਹੈ ਤੇ ਸਵਾਰੀ ਪਿੱਛੇ ਵੱਲ ਰਿਸਕਦੀ ਰਹਿੰਦੀ ਹੈ। ਇਕ ਦੋ ਧੂੜ ਭਰੇ ਬਾਜ਼ਾਰਾਂ ਤੇ ਸੜਕਾਂ ਨੂੰ ਪਾਰ ਕਰਦੇ-ਕਰਦੇ ਮੇਰੀ ਤਬੀਅਤ ਬੇਹੱਦ ਖਰਾਬ ਹੋ ਗਈ। ਮੈਂ ਆਪਣੀ ਪਤਨੀ ਨਾਲ ਸਲਾਹ ਕੀਤੀ ਤੇ ਪੁੱਛਿਆ ਕਿ ਅਜਿਹੀ ਹਾਲਤ ਵਿਚ ਕੀ ਕਰਨਾ ਚਾਹੀਦਾ ਹੈ। ਉਸਨੇ ਕਿਹਾ ਕਿ ‘ਧੁੱਪ ਤੇਜ਼ ਹੈ। ਮੈਂ ਜਿਹੜੇ ਹੋਰ ਤਾਂਗੇ ਦੇਖੇ ਨੇ ਉਹ ਵੀ ਇਸੇ ਕਿਸਮ ਦੇ ਨੇ। ਜੇ ਇਸ ਨੂੰ ਛੱਡ ਦਿੱਤਾ ਤਾਂ ਪੈਦਲ ਤੁਰਨਾ ਪਏਗਾ, ਜਿਹੜਾ ਪਰਤੱਖ ਹੈ ਸੀ ਕਿ ਇਸ ਸਵਾਰੀ ਨਾਲੋਂ ਵਧੇਰੇ ਤਕਲੀਫ ਦੇਅ ਸਿੱਧ ਹੋਏਗਾ।’ ਗੱਲ ਠੀਕ ਸੀ। ਧੁੱਪ ਸੱਚਮੁੱਚ ਬੜੀ ਤੇਜ਼ ਸੀ।
ਘੋੜਾ ਇਕ ਫਰਲਾਂਗ ਅੱਗੇ ਵਧਿਆ ਹੋਏਗਾ ਕਿ ਨੇੜਿਓਂ ਉਸ ਵਰਗਾ ਹੀ ਇਕ ਵਾਹਿਯਾਤ ਕਿਸਮ ਦਾ ਟਾਂਗਾ ਲੰਘਿਆ। ਮੈਂ ਸਰਸਰੀ ਤੌਰ ‘ਤੇ ਉਧਰ ਦੇਖਿਆ। ਉਦੋਂ ਹੀ ਯਕਦਮ ਕੋਈ ਚੀਕਿਆ, “ਓਇ, ਮੰਟੋ ਦੇ ਘੋੜੇ!”
ਮੈਂ ਹੈਰਾਨੀ ਨਾਲ ਤ੍ਰਬਕਿਆ। ਚੱਡਾ ਸੀ, ਇਕ ਘਿਸੀ ਹੋਈ ਮੇਮ ਨਾਲ। ਦੋਵੇਂ ਨਾਲੋ-ਨਾਲ ਜੁੜੇ ਬੈਠੇ ਸਨ। ਮੇਰੀ ਪਹਿਲੀ ਪ੍ਰਤੀਕ੍ਰਿਆ ਬੜੀ ਦੁਖਦਾਈ ਸੀ ਕਿ ਚੱਡੇ ਦਾ ਸੁੰਦਰਤਾ ਪ੍ਰਤੀ ਪ੍ਰੇਮ ਕਿੱਥੇ ਗਿਆ, ਜਿਹੜਾ ਇਸ ਲਾਲ-ਲਗਾਮੀਂ (ਬੁੱਢੀ ਘੋੜੀ ਲਾਲ ਲਗਾਮ) ਨਾਲ ਢੁੱਕ ਕੇ ਬੈਠਾ ਹੋਇਆ ਹੈ। ਉਮਰ ਦਾ ਠੀਕ ਅੰਦਾਜ਼ਾ ਤਾਂ ਮੈਂ ਉਸ ਵੇਲੇ ਨਹੀਂ ਸਾਂ ਲਾ ਸਕਿਆ, ਪਰ ਔਰਤ ਦੀਆਂ ਝੁਰੜੀਆਂ, ਪਾਊਡਰ ਤੇ ਰੂਜ਼ ਦੀਆਂ ਪਰਤਾਂ ਹੇਠੋਂ ਵੀ ਸਾਫ ਦਿਖਾਈ ਦਿੰਦੀਆਂ ਸਨ। ਏਨਾ ਗੂੜ੍ਹਾ ਮੇਕਅੱਪ ਸੀ ਕਿ ਦੇਖਣ ਨਾਲ ਅੱਖਾਂ ਨੂੰ ਤਕਲੀਫ ਹੁੰਦੀ ਸੀ।
ਮੈਂ ਚੱਡੇ ਨੂੰ ਕਾਫੀ ਅਰਸੇ ਪਿੱਛੋਂ ਦੇਖਿਆ ਸੀ। ਉਹ ਮੇਰੇ ਨਾਲ ਕਾਫੀ ਖੁੱਲਿਆ ਹੋਇਆ ਸੀ। ‘ਓਇ, ਮੰਟੋ ਦੇ ਘੋੜੇ’ ਦੇ ਜਵਾਬ ਵਿਚ ਮੈਂ ਵੀ ਕੁਝ ਇਸੇ ਕਿਸਮ ਦਾ ਨਾਅਰਾ ਲਾਇਆ ਹੁੰਦਾ, ਪਰ ਉਸ ਔਰਤ ਨੂੰ ਦੇਖ ਕੇ ਮੇਰੀ ਸਾਰੀ ਖੁੱਲ੍ਹ-ਦਿਲੀ ਝਿਰਖੀ-ਝਰੀਟੀ ਗਈ।
ਮੈਂ ਆਪਣਾ ਤਾਂਗਾ ਰੁਕਵਾ ਲਿਆ। ਚੱਡੇ ਨੇ ਵੀ ਆਪਣੇ ਕੋਚਵਾਨ ਨੂੰ ਰੁਕਣ ਲਈ ਕਿਹਾ। ਫੇਰ ਉਸਨੇ ਉਸ ਔਰਤ ਨੂੰ ਅੰਗਰੇਜ਼ੀ ਵਿਚ ਕਿਹਾ, “ਮੰਮੀ, ਜਸਟ ਏ ਮਿੰਟ।”
ਤਾਂਗੇ ਵਿਚੋਂ ਛਾਲ ਮਾਰ ਕੇ ਉਹ ਮੇਰੇ ਵੱਲ ਆਪਣਾ ਹੱਥ ਲਹਿਰਾਉਂਦਾ ਹੋਇਆ ਬੋਲਿਆ, “ਤੂੰ…ਏਥੇ ਕਿਵੇਂ ਬਈ?” ਫੇਰ ਆਪਣਾ ਵਧਿਆ ਹੋਇਆ ਹੱਥ ਮੇਰੀ ਖੁੱਲ੍ਹ-ਦਿਲੀ-ਪਤਨੀ ਨਾਲ ਮਿਲਾਉਂਦਿਆਂ ਹੋਇਆਂ ਕਿਹਾ, “ਭਾਬੀ ਜਾਨ, ਤੁਸੀਂ ਤੇ ਕਮਾਲ ਈ ਕਰ ਦਿੱਤੈ! ਇਸ ਗੁਲਮੁਹੰਮਦ ਨੂੰ ਆਖ਼ਰ ਖਿੱਚ ਕੇ ਲੈ ਹੀ ਆਏ ਇੱਥੇ!”
ਮੈਂ ਉਸਨੂੰ ਪੁੱਛਿਆ, “ਤੂੰ ਜਾ ਕਿੱਥੇ ਰਿਹੈਂ?”
ਚੱਡੇ ਨੇ ਉੱਚੀ ਆਵਾਜ਼ ਵਿਚ ਕਿਹਾ, “ਇਕ ਕੰਮ ਜਾ ਰਿਹਾਂ—ਤੁਸੀਂ ਇੰਜ ਕਰੋ, ਸਿੱਧੇ…” ਉਹ ਇਕੋਦਮ ਪਲਟ ਕੇ ਸਾਡੇ ਤਾਂਗੇ ਵਾਲੇ ਨੂੰ ਕਹਿਣ ਲੱਗਾ, “ਦੇਖ, ਸਾਹਬ ਨੂੰ ਸਾਡੇ ਘਰ ਲੈ ਜਾਅ—ਕਿਰਾਇਆ-ਕਰੂਆ ਨਹੀਂ ਲੈਣਾ ਇਹਨਾਂ ਤੋਂ।” ਓਧਰੋਂ ਤੁਰੰਤ ਨਿੱਬੜ ਕੇ ਉਸਨੇ ਨਿਸ਼ਚਿੰਤ ਜਿਹਾ ਹੋ ਕੇ ਮੈਨੂੰ ਕਿਹਾ, “ਤੂੰ ਜਾਹ, ਨੌਕਰ ਹੋਏਗਾ ਉੱਥੇ, ਬਾਕੀ ਤੂੰ ਦੇਖ ਲਵੀਂ।”
ਤੇ ਉਹ ਭੁੜਕ ਕੇ ਆਪਣੇ ਤਾਂਗੇ ਵਿਚ ਉਸ ਬੁੱਢੀ ਮੇਮ ਕੋਲ ਜਾ ਬੈਠਾ, ਜਿਸਨੂੰ ਉਸਨੇ ਮੰਮੀ ਕਿਹਾ ਸੀ। ਇਸ ਨਾਲ ਮੇਰੇ ਮਨ ਨੂੰ ਇਕ ਤਸੱਲੀ ਜਿਹੀ ਹੋਈ ਜਾਂ ਇੰਜ ਕਹਿ ਲਓ ਕਿ ਜਿਹੜਾ ਬੋਝ ਉਹਨਾਂ ਦੋਵਾਂ ਨੂੰ ਇਕੱਠਿਆਂ ਦੇਖ ਕੇ ਮੇਰੇ ਦਿਲ ਨੇ ਮੰਨ ਲਿਆ ਸੀ, ਕਾਫੀ ਹੱਦ ਤਕ ਲੱਥ ਗਿਆ ਸੀ।
ਉਸਦਾ ਤਾਂਗਾ ਤੁਰ ਪਿਆ। ਮੈਂ ਆਪਣੇ ਤਾਂਗੇ ਵਾਲੇ ਨੂੰ ਕੁਝ ਨਹੀਂ ਕਿਹਾ। ਤਿੰਨ ਚਾਰ ਫਰਲਾਂਗ ਜਾਣ ਪਿੱਛੋਂ ਉਹ ਇਕ ਡਾਕ-ਬੰਗਲੇ ਵਰਗੀ ਇਮਾਰਤ ਅੱਗੇ ਰੁਕਿਆ ਤੇ ਹੇਠਾਂ ਉਤਰ ਕੇ ਬੋਲਿਆ, “ਚੱਲੋ ਸਾਹਬ…”
ਮੈਂ ਪੁੱਛਿਆ, “ਕਿੱਥੇ?”
ਉਸਨੇ ਉਤਰ ਦਿੱਤਾ, “ਚੱਡਾ ਸਾਹਬ ਦਾ ਮਕਾਨ ਇਹੀ ਏ।”
“ਓ-ਅ!” ਮੈਂ ਸਵਾਲੀਆ ਨਿਗਾਹਾਂ ਨਾਲ ਆਪਣੀ ਪਤਨੀ ਵੱਲ ਤੱਕਿਆ। ਉਸਦੀ ਤਿਊੜੀ ਨੇ ਉਤਰ ਦਿੱਤਾ ਕਿ ਉਹ ਚੱਡੇ ਦੇ ਮਕਾਨ ਵਿਚ ਰਹਿਣ ਦੇ ਹੱਕ ਵਿਚ ਨਹੀਂ। ਸੱਚ ਪੁੱਛੋ ਤਾਂ ਉਹ ਪੂਨੇ ਆਉਣ ਦੇ ਹੱਕ ਵਿਚ ਵੀ ਨਹੀਂ ਸੀ। ਉਸਨੂੰ ਯਕੀਨ ਸੀ, ਮੈਨੂੰ ਉੱਥੇ ਪੀਣ-ਪਿਆਉਣ ਵਾਲੇ ਦੋਸਤ ਮਿਲ ਜਾਣਗੇ। ਮਨ ਦਾ ਸੰਤਾਪ ਦੂਰ ਕਰਨ ਦਾ ਬਹਾਨਾ ਤਾਂ ਪਹਿਲਾਂ ਹੈ ਹੀ—ਇਸ ਲਈ ਦਿਨ ਰਾਤ ਉੱਡੇਗੀ। ਮੈਂ ਤਾਂਗੇ ਵਿਚੋਂ ਉਤਰ ਗਿਆ। ਛੋਟਾ ਜਿਹਾ ਅਟੈਚੀ ਕੇਸ ਸੀ, ਉਹ ਮੈਂ ਚੁੱਕ ਲਿਆ ਤੇ ਆਪਣੀ ਪਤਨੀ ਨੂੰ ਕਿਹਾ, “ਚੱਲ ਉਤਰ!”
ਉਹ ਸ਼ਾਇਦ ਮੇਰੇ ਤੇਵਰ ਤਾੜ ਗਈ ਸੀ ਕਿ ਹਰ ਹਾਲਤ ਵਿਚ ਉਸਨੂੰ ਮੇਰਾ ਫ਼ੈਸਲਾ ਮੰਨਣਾ ਪਏਗਾ, ਇਸ ਲਈ ਉਸਨੇ ਕੋਈ ਹੀਲ-ਹੁੱਜਤ ਨਹੀਂ ਸੀ ਕੀਤੀ ਤੇ ਚੁੱਪਚਾਪ ਮੇਰੇ ਨਾਲ ਤੁਰ ਪਈ ਸੀ।
ਬੜਾ ਸਾਧਾਰਣ ਕਿਸਮ ਦਾ ਮਕਾਨ ਸੀ। ਇੰਜ ਲੱਗਦਾ ਸੀ ਜਿਵੇਂ ਮਿਲਟਰੀ ਵਾਲਿਆਂ ਨੇ ਟੈਂਪਰੇਰੀ ਤੌਰ ‘ਤੇ ਇਹ ਛੋਟਾ ਜਿਹਾ ਬੰਗਾਲ ਬਣਾਇਆ ਸੀ ਤੇ ਕੁਝ ਚਿਰ ਇਸਤੇਮਾਲ ਕਰਨ ਪਿੱਛੋਂ ਛੱਡ ਕੇ ਚਲੇ ਗਏ ਸਨ। ਗਾਰੇ-ਚੂਨੇ ਦਾ ਕੰਮ ਬੜਾ ਕੱਚਾ ਸੀ। ਜਗ੍ਹਾ-ਜਗ੍ਹਾ ਤੋਂ ਪਲਸਤਰ ਉੱਖੜਿਆ ਹੋਇਆ ਸੀ ਤੇ ਘਰ ਦੇ ਅੰਦਰਲਾ ਹਿੱਸਾ ਵੀ ਓਹੋ-ਜਿਹਾ ਹੀ ਸੀ ਜਿਹੋ-ਜਿਹਾ ਕਿਸੇ ਕੁਆਰੇ ਆਦਮੀ ਦੇ ਘਰ ਦਾ ਹੋ ਸਕਦਾ ਹੈ, ਜਿਹੜਾ ਫ਼ਿਲਮਾਂ ਦਾ ਹੀਰੋ ਹੋਏ ਤੇ ਕਿਸੇ ਅਜਿਹੀ ਕੰਪਨੀ ਵਿਚ ਨੌਕਰ ਹੋਏ, ਜਿੱਥੇ ਮਹੀਨੇ ਦੀ ਤਨਖ਼ਾਹ ਹਰ ਤੀਸਰੇ ਮਹੀਨੇ ਮਿਲਦੀ ਹੋਏ ਤੇ ਉਹ ਵੀ ਕਿਸ਼ਤਾਂ ਵਿਚ।
ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਉਹ ਜ਼ਨਾਨੀ ਜਿਹੜੀ ਘਰਵਾਲੀ ਹੋਏ ਅਜਿਹੇ ਗੰਦੇ ਵਾਤਾਵਰਣ ਵਿਚ ਲਾਜ਼ਮੀਂ ਘੁਟਨ ਤੇ ਪ੍ਰੇਸ਼ਾਨੀ ਮਹਿਸੂਸ ਕਰੇਗੀ। ਪਰ ਮੈਂ ਸੋਚਿਆ ਸੀ ਕਿ ਚੱਡਾ ਆ ਜਾਏ ਤਾਂ ਉਸਦੇ ਨਾਲ ਹੀ ਪ੍ਰਭਾਤ ਨਗਰ ਚੱਲਾਂਗੇ। ਉੱਥੇ ਜਿਹੜਾ ਮੇਰਾ ਫ਼ਿਲਮਾਂ ਦਾ ਪੁਰਾਣਾ ਸਾਥੀ ਰਹਿੰਦਾ ਸੀ, ਉਸਦੀ ਪਤਨੀ ਤੇ ਬਾਲ-ਬੱਚੇ ਵੀ ਸਨ। ਉਸ ਵਾਤਾਵਾਰਣ ਵਿਚ ਮੇਰੀ ਪਤਨੀ ਜਿਵੇਂ-ਤਿਵੇਂ ਕਰਕੇ ਦੋ-ਤਿੰਨ ਦਿਨ ਕੱਟ ਸਕਦੀ ਸੀ।
ਨੌਕਰ ਵੀ ਅਜੀਬ ਬੇਫਿਕਰਾ ਆਦਮੀ ਸੀ। ਜਦੋਂ ਅਸੀਂ ਉਸ ਘਰ ਵਿਚ ਪਹੁੰਚੇ ਤਾਂ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸਨ ਤੇ ਉਹ ਮੌਜ਼ੂਦ ਨਹੀਂ ਸੀ। ਜਦੋਂ ਉਹ ਆਇਆ ਤਾਂ ਉਸਨੇ ਸਾਡੀ ਹੋਂਦ ਵੱਲ ਕੋਈ ਧਿਆਨ ਹੀ ਨਾ ਦਿੱਤਾ, ਜਿਵੇਂ ਅਸੀਂ ਵਰ੍ਹਿਆਂ ਤੋਂ ਉੱਥੇ ਹੀ ਰਹਿੰਦੇ ਹੋਈਏ ਤੇ ਇਸੇ ਤਰ੍ਹਾਂ ਬੈਠੇ ਰਹਿਣ ਦੇ ਆਦੀ ਹੋਈਏ।
ਜਦੋਂ ਉਹ ਕਮਰੇ ਵਿਚ ਆਇਆ ਤੇ ਸਾਨੂੰ ਦੇਖੇ ਬਿਨਾਂ ਕੋਲੋਂ ਦੀ ਲੰਘ ਗਿਆ ਤਾਂ ਮੈਂ ਸੋਚਿਆ ਕਿ ਕੋਈ ਮਾਮੂਲੀ ਐਕਟਰ ਹੈ, ਜਿਹੜਾ ਚੱਡੇ ਨਾਲ ਰਹਿੰਦਾ ਹੈ…ਪਰ ਜਦੋਂ ਮੈਂ ਉਸ ਤੋਂ ਨੌਕਰ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਇਹੀ ਜਨਾਬ, ਚੱਡਾ ਸਾਹਬ ਦੇ ਚਹੇਤੇ ਨੌਕਰ ਨੇ।
ਮੈਨੂੰ ਤੇ ਮੇਰੀ ਪਤਨੀ ਦੋਵਾਂ ਨੂੰ ਹੀ ਪਿਆਸ ਲੱਗੀ ਹੋਈ ਸੀ। ਉਸਨੂੰ ਪਾਣੀ ਲਿਆਉਣ ਲਈ ਕਿਹਾ ਤਾਂ ਉਹ ਗ਼ਲਾਸ ਲੱਭਣ ਲੱਗ ਪਿਆ। ਬੜੀ ਦੇਰ ਬਾਅਦ ਉਸਨੇ ਇਕ ਟੁੱਟਿਆ ਹੋਇਆ ਜੱਗ ਅਲਮਾਰੀ ਹੇਠੋਂ ਕੱਢਿਆ ਤੇ ਬੜਬੜਾਇਆ, “ਰਾਤੀਂ ਇਕ ਦਰਜਨ ਗ਼ਿਲਾਸ ਸਾਹਬ ਨੇ ਮੰਗਵਾਏ ਸੀ, ਪਤਾ ਨਹੀਂ ਕਿੱਧਰ ਗਏ…”
ਮੈਂ ਉਸਦੇ ਹੱਥ ਵਿਚ ਫੜੇ ਜੱਗ ਵੱਲ ਇਸ਼ਾਰਾ ਕੀਤਾ, “ਕੀ ਤੁਸੀਂ ਇਸ ਵਿਚ ਤੇਲ ਲੈਣ ਜਾਓਗੇ?”
‘ਤੇਲ ਲੈਣ ਜਾਣਾ’ ਬੰਬਈ ਦਾ ਇਕ ਖਾਸ ਮੁਹਾਵਰਾ ਹੈ। ਮੇਰੀ ਪਤਨੀ ਇਸ ਦਾ ਮਤਲਬ ਨਹੀਂ ਸਮਝਦੀ, ਪਰ ਹੱਸ ਪਈ। ਨੌਕਰ ਬੌਂਦਲ ਗਿਆ, “ਨ-ਨਹੀਂ ਸਾਹਬ…ਮੈਂ ਤਾਂ…ਲੱਭ ਰਿਹਾਂ ਬਈ ਗ਼ਿਲਾਸ ਕਿੱਥੇ ਨੇ!”
ਮੇਰੀ ਪਤਨੀ ਨੇ ਉਸਨੂੰ ਪਾਣੀ ਲਿਆਉਣ ਤੋਂ ਮਨ੍ਹਾਂ ਕਰ ਦਿੱਤਾ। ਉਸਨੇ ਉਹ ਟੁੱਟਿਆ ਹੋਇਆ ਜੱਗ ਮੁੜ ਅਲਮਾਰੀ ਹੇਠ ਇੰਜ ਰੱਖ ਦਿੱਤਾ ਜਿਵੇਂ ਉਹੀ ਉਸਦੀ ਪੱਕੀ ਥਾਂ ਹੋਵੇ…ਜੇ ਉਸਨੂੰ ਕਿਤੇ ਹੋਰ ਰੱਖ ਦਿੱਤਾ ਗਿਆ ਤਾਂ ਸਾਰੀ ਸੈਟਿੰਗ ਖ਼ਰਾਬ ਹੋ ਜਾਏਗੀ। ਇਸ ਪਿੱਛੋਂ ਉਹ ਕਮਰੇ ਵਿਚੋਂ ਇੰਜ ਬਾਹਰ ਨੱਸਿਆ ਜਿਵੇਂ ਉਸਨੂੰ ਪਤਾ ਹੋਏ ਕਿ ਸਾਡੇ ਮੂੰਹ ਵਿਚ ਕਿੰਨੇ ਦੰਦ ਨੇ।
ਮੈਂ ਪਲੰਘ ਉੱਤੇ ਬੈਠ ਗਿਆ ਸਾਂ, ਜਿਹੜਾ ਸ਼ਾਇਦ ਚੱਡੇ ਦਾ ਸੀ। ਇਸ ਤੋਂ ਕੁਝ ਦੂਰੀ ਉੱਤੇ ਦੋ ਆਰਾਮ ਕੁਰਸੀਆਂ ਪਈਆਂ ਸਨ, ਉਹਨਾਂ ਵਿਚੋਂ ਇਕ ਉੱਤੇ ਬੈਠੀ ਮੇਰੀ ਪਤਨੀ ਪਾਸੇ ਪਰਤ ਰਹੀ ਸੀ। ਕਾਫੀ ਦੇਰ ਤਕ ਅਸੀਂ ਦੋਵੇਂ ਚੁੱਪ ਬੈਠੇ ਰਹੇ; ਏਨੇ ਵਿਚ ਚੱਡਾ ਆ ਗਿਆ। ਉਹ ਇਕੱਲਾ ਸੀ। ਉਸਨੂੰ ਇਸ ਗੱਲ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਅਸੀਂ ਉਸਦੇ ਮਹਿਮਾਨ ਹਾਂ ਤੇ ਇਸ ਲਿਹਾਜ਼ ਨਾਲ ਉਸਨੂੰ ਸਾਡੀ ਖਾਤਰਦਾਰੀ ਕਰਨੀ ਚਾਹੀਦੀ ਹੈ। ਕਮਰੇ ਅੰਦਰ ਵੜਦਿਆਂ ਹੀ ਉਸਨੇ ਮੈਨੂੰ ਕਿਹਾ, “ਵੇਟ ਇਜ਼ ਵੇਟ। ਤਾਂ ਤੂੰ ਆ ਗਿਐਂ ਓਲਡ ਬੁਆਏ! ਚੱਲ ਜ਼ਰਾ ਸਟੂਡੀਓ ਤਕ ਹੋ ਆਈਏ। ਤੂੰ ਨਾਲ ਹੋਏਂਗਾ ਤਾਂ ਐਡਵਾਂਸ ਮਿਲਣ ਵਿਚ ਆਸਾਨੀ ਹੋ ਜਾਏਗੀ…ਅੱਜ ਸ਼ਾਮੀਂ…” ਮੇਰੀ ਪਤਨੀ ਉੱਤੇ ਨਜ਼ਰ ਪਈ ਤਾਂ ਉਹ ਰੁਕ ਗਿਆ ਤੇ ਖਿੜ-ਖਿੜ ਕਰਕੇ ਹੱਸਣ ਲੱਗਾ, “ਭਾਬੀ ਜਾਨ, ਕਿਤੇ ਤੁਸੀਂ ਇਸਨੂੰ ਮੌਲਵੀ ਤਾਂ ਨਹੀਂ ਬਣਾ ਦਿੱਤਾ ਨਾ?” ਫੇਰ ਹੋਰ ਜ਼ੋਰ ਨਾਲ ਹੱਸਿਆ, “ਤੇਰੇ ਮੌਲਵੀ ਦੀ ਐਸੀ ਦੀ ਤੈਸੀ! ਉੱਠ ਮੰਟੋ, ਭਾਬੀ ਜਾਨ ਇੱਥੇ ਬੈਠਦੇ ਨੇ, ਆਪਾਂ ਹੁਣੇ ਆਏ।”
ਮੇਰੀ ਪਤਨੀ ਬਲ ਕੇ ਕੋਇਲਾ ਹੋਈ ਹੋਈ ਸੀ, ਹੁਣ ਬੁਝ ਕੇ ਰਾਖ ਹੋ ਗਈ ਹੋਏਗੀ। ਮੈਂ ਉੱਠਿਆ ਤੇ ਚੱਡੇ ਨਾਲ ਹੋ ਲਿਆ। ਮੈਨੂੰ ਪਤਾ ਸੀ ਕਿ ਕੁਝ ਚਿਰ ਗੁੱਸੇ ਰਹੇਗੀ ਫੇਰ ਉਹ ਸੌਂ ਜਾਏਗੀ। ਸੋ ਇੰਜ ਹੀ ਹੋਇਆ। ਸਟੂਡੀਓ ਨੇੜੇ ਹੀ ਸੀ। ਹਫ਼ੜਾ-ਦਫ਼ੜੀ ਵਿਚ ਮਹਿਤਾ ਜੀ ਦੇ ਸਿਰ ‘ਤੇ ਸਵਾਰ ਹੋ ਕੇ ਚੱਢੇ ਨੇ ਦੋ ਸੌ ਰੁਪਏ ਵਸੂਲ ਲਏ ਤੇ ਪੌਣੇ ਦੋ ਘੰਟੇ ਬਾਅਦ ਜਦੋਂ ਅਸੀਂ ਵਾਪਸ ਆਏ ਤਾਂ ਦੇਖਿਆ ਕਿ ਉਹ ਬੜੇ ਆਰਾਮ ਨਾਲ, ਆਰਾਮ ਕੁਰਸੀ ਉੱਤੇ ਸੁੱਤੀ ਹੋਈ ਸੀ। ਅਸੀਂ ਉਸਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ ਸਮਝਿਆ ਤੇ ਦੂਜੇ ਕਮਰੇ ਵਿਚ ਚਲੇ ਗਏ, ਜਿਹੜਾ ਕਿਸੇ ਕਬਾੜਖਾਨੇ ਨਾਲ ਰਲਦਾ-ਮਿਲਦਾ ਸੀ। ਇਸ ਵਿਚ ਜਿਹੜੀਆਂ ਵੀ ਚੀਜ਼ਾਂ ਸਨ, ਅਜੀਬ ਢੰਗ ਨਾਲ ਟੁੱਟੀਆਂ-ਭੱਜੀਆਂ ਹੋਈਆਂ ਸਨ ਤੇ ਸਾਰੀਆਂ ਰਲ ਕੇ ਇਕ ਪੂਰਨਤਾ ਦਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ।
ਹਰ ਚੀਜ਼ ਉੱਤੇ ਧੂੜ ਦੀ ਪਰਤ ਜੰਮੀ ਹੋਈ ਸੀ ਤੇ ਉਸ ਜੰਮੀ ਹੋਈ ਧੂੜ ਵਿਚ ਵੀ ਇਕ ਤਰ੍ਹਾਂ ਦੀ ਅਪਣੱਤ ਸੀ, ਜਿਵੇਂ ਉਸਦੀ ਮੌਜ਼ੂਦਗੀ ਉਸ ਕਮਰੇ ਵਿਚ ਜ਼ਰੂਰੀ ਹੋਏ। ਚੱਡੇ ਨੇ ਤੁਰੰਤ ਆਪਣੇ ਨੌਕਰ ਨੂੰ ਲੱਭ ਲਿਆ ਤੇ ਉਸਨੂੰ ਸੌ ਰੁਪਏ ਦਾ ਨੋਟ ਦੇ ਕੇ ਕਿਹਾ, “ਚੀਨ ਦੇ ਸ਼ਹਿਜ਼ਾਦੇ! ਦੋ ਬੋਤਲਾਂ ਥਰਡ ਕਲਾਸ ਰੰਮ ਦੀਆਂ ਫੜ ਲਿਆ…ਮੇਰਾ ਮਤਲਬ ਏ, ‘ਥਰੀ ਐਕਸ ਰੰਮ’ ਦੀਆਂ ਤੇ ਅੱਧੀ ਦਰਜਨ ਗ਼ਿਲਾਸ।”
ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਉਸਦਾ ਨੌਕਰ ਸਿਰਫ ਚੀਨ ਦਾ ਹੀ ਨਹੀਂ, ਦੁਨੀਆਂ ਦੇ ਹਰ ਵੱਡੇ ਦੇਸ਼ ਦਾ ਸ਼ਹਿਜ਼ਾਦਾ ਸੀ। ਚੱਡੇ ਦੀ ਜ਼ਬਾਨ ‘ਤੇ ਜਿਸ ਦੇਸ਼ ਦਾ ਨਾਂਅ ਆ ਜਾਂਦਾ, ਉਹ ਉਸੇ ਦਾ ਸ਼ਹਿਜ਼ਾਦਾ ਬਣ ਜਾਂਦਾ ਸੀ। ਉਸ ਸਮੇਂ ਦਾ ਚੀਨ ਦਾ ਸ਼ਹਿਜ਼ਾਦਾ ਸੌ ਦੇ ਨੋਟ ਨੂੰ ਉਂਗਲਾਂ ਵਿਚ ਖੜਖੜਾਉਂਦਾ ਹੋਇਆ ਚਲਾ ਗਿਆ।
ਚੱਡੇ ਨੇ ਟੁੱਟੇ ਹੋਏ ਸਪਰਿੰਗਾਂ ਵਾਲੇ ਪਲੰਘ ਉੱਤੇ ਬੈਠ ਕੇ ਆਪਣੇ ਬੁੱਲ੍ਹ ਥਰੀ ਐਕਸ ਰੰਮ ਦੇ ਸਵਾਗਤ ਵਿਚ ਚਟਖਾਰਦਿਆਂ ਕਿਹਾ, “ਵੇਟ ਇੰਜ ਵੇਟ—ਆਫਟਰ ਆਲ, ਤੂੰ ਇੱਥੇ ਆ ਹੀ ਗਿਆ।” ਫੇਰ ਇਕਦਮ ਚਿੰਤਤ ਹੋ ਕੇ ਬੋਲਿਆ, “ਯਾਰ ਭਾਬੀ ਦਾ ਕੀ ਬਣੇਗਾ? ਇਹ ਤਾਂ ਘਬਰਾਅ ਜਾਏਗੀ!”
ਚੱਡਾ ਅਜੇ ਕੁਆਰਾ ਸੀ, ਪਰ ਉਸਨੂੰ ਦੂਜਿਆਂ ਦੀਆਂ ਪਤਨੀਆਂ ਦਾ ਬੜਾ ਖ਼ਿਆਲ ਰਹਿੰਦਾ ਸੀ। ਉਹ ਓਹਨਾਂ ਦਾ ਏਨਾਂ ਸਨਮਾਣ ਕਰਦਾ ਸੀ, ਜਿਵੇਂ ਸਾਰੀ ਉਮਰ ਕੁਆਰਾ ਰਹਿਣਾ ਚਾਹੁੰਦਾ ਹੋਵੇ। ਉਹ ਕਹਿੰਦਾ ਹੁੰਦਾ ਸੀ, ‘ਇਹ ਹੀਣ ਭਾਵਨਾਂ ਹੈ, ਜਿਸ ਨੇ ਮੈਨੂੰ ਹੁਣ ਤਕ ਇਸ ਨੇਅਮਤ ਤੋਂ ਸੱਖਣਾ ਰੱਖਿਆ ਹੋਇਆ ਹੈ। ਜਦੋਂ ਸ਼ਾਦੀ ਦਾ ਸਵਾਲ ਆਉਂਦਾ ਏ ਤਾਂ ਫੌਰਨ ਤਿਆਰ ਹੋ ਜਾਂਦਾ ਹਾਂ, ਪਰ ਬਾਅਦ ਵਿਚ ਇਹ ਸੋਚ ਕੇ ਕਿ ਮੈਂ ਪਤਨੀ ਰੱਖਣ ਦੇ ਕਾਬਿਲ ਨਹੀਂ ਹਾਂ ਤਾਂ ਸਾਰੀ ਤਿਆਰੀ ਕੋਲਡ ਸਟੋਰ ਵਿਚ ਸੁੱਟ ਦੇਂਦਾ ਹਾਂ।’
ਰੰਮ ਬੜੀ ਜਲਦੀ ਆ ਗਈ, ਗ਼ਲਾਸ ਵੀ। ਚੱਡੇ ਨੇ ਛੇ ਮੰਗਵਾਏ ਸਨ ਤੇ ਚੀਨ ਦਾ ਸ਼ਹਿਜ਼ਾਦਾ ਤਿੰਨ ਲਿਆਇਆ ਸੀ, ਬਾਕੀ ਦੇ ਤਿੰਨ ਰਸਤੇ ਵਿਚ ਟੁੱਟ ਗਏ ਸਨ। ਚੱਡੇ ਨੇ ਉਹਨਾਂ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਭਗਵਾਨ ਨੂੰ ਧੰਨਵਾਦ ਦਿੱਤਾ ਕਿ ਬੋਤਲਾਂ ਸਲਾਮਤ ਰਹਿ ਗਈਆਂ ਸਨ। ਇਕ ਬੋਤਲ ਕਾਹਲ ਨਾਲ ਖੋਹਲ ਕੇ ਉਸਨੇ ਕੋਰੇ ਗ਼ਲਾਸਾਂ ਵਿਚ ਰੰਮ ਪਾਈ ਤੇ ਕਿਹਾ, “ਤੇਰੇ ਪੂਨੇ ਆਉਣ ਦੀ ਖੁਸ਼ੀ ਵਿਚ।”
ਅਸਾਂ ਦੋਵਾਂ ਨੇ ਲੰਮੇਂ-ਲੰਮੇਂ ਘੁੱਟ ਭਰੇ ‘ਤੇ ਗ਼ਲਾਸ ਖ਼ਾਲੀ ਕਰ ਦਿੱਤੇ।
ਦੂਜਾ ਦੌਰ ਸ਼ੁਰੂ ਕਰਕੇ ਚੱਡਾ ਉੱਠਿਆ ਤੇ ਕਮਰੇ ਵਿਚ ਦੇਖ ਆਇਆ ਕਿ ਮੇਰੀ ਪਤਨੀ ਅਜੇ ਤਕ ਸੁੱਤੀ ਹੋਈ ਹੈ। ਉਸਨੂੰ ਬੜਾ ਤਰਸ ਆਇਆ। ਕਹਿਣ ਲੱਗਾ, “ਮੈਂ ਬੜਾ ਰੌਲਾ ਪਾਂਨਾਂ ਯਾਰ, ਉਸਦੀ ਨੀਂਦ ਟੁੱਟ ਜਾਏਗੀ—ਫੇਰ ਇੰਜ ਕਰਾਂਗੇ…ਠਹਿਰ…ਪਹਿਲਾਂ ਮੈਂ ਚਾਹ ਮੰਗਵਾ ਲਵਾਂ।”
ਇਹ ਕਹਿ ਕੇ ਉਸਨੇ ਰੰਮ ਦਾ ਇਕ ਛੋਟਾ ਜਿਹਾ ਘੁੱਟ ਭਰਿਆ ਤੇ ਨੌਕਰ ਨੂੰ ਆਵਾਜ਼ ਮਾਰੀ, “ਓਇ…ਜਮੀਕਾ ਦੇ ਸ਼ਹਿਜ਼ਾਦੇ!”
ਜਮੀਕਾ ਦਾ ਸ਼ਹਿਜ਼ਾਦਾ ਤੁਰੰਤ ਆ ਬਹੁੜਿਆ। ਚੱਡੇ ਨੇ ਉਸਨੂੰ ਕਿਹਾ, “ਜਾਹ, ਮੰਮੀ ਨੂੰ ਕਹਿ, ਇਕਦਮ ਫਸਟ ਕਲਾਸ ਚਾਹ ਤਿਆਰ ਕਰਕੇ ਭੇਜ ਦਏ।”
ਨੌਕਰ ਚਲਾ ਗਿਆ। ਚੱਡੇ ਨੇ ਆਪਣਾ ਗ਼ਲਾਸ ਖ਼ਾਲੀ ਕੀਤਾ ਤੇ ਇਕ ਸਾਊਆਂ ਵਾਲਾ ਪੈਗ ਪਾ ਕੇ ਬੋਲਿਆ, “ਮੈਂ ਵੀਰੇ, ਜ਼ਿਆਦਾ ਨਹੀਂ ਪੀਆਂਗਾ। ਪਹਿਲੇ ਚਾਰ ਪੈਗ ਮੈਨੂੰ ਬੜਾ ਜਜ਼ਬਾਤੀ ਬਣਾ ਦੇਂਦੇ ਨੇ। ਮੈਂ ਭਾਬੀ ਨੂੰ ਛੱਡਣ ਤੇਰੇ ਨਾਲ ਪ੍ਰਭਾਤਨਗਰ ਵੀ ਤਾਂ ਜਾਣਾ ਏਂ।”
ਅੱਧੇ ਘੰਟੇ ਬਾਅਦ ਚਾਹ ਆ ਗਈ। ਬੜੇ ਸਾਫ-ਸੁਥਰੇ ਭਾਂਡੇ ਸਨ ਤੇ ਬੜੇ ਹੀ ਸੁਚੱਜੇ ਢੰਗ ਨਾਲ ਟਰੇ ਵਿਚ ਰੱਖੇ ਹੋਏ ਸਨ। ਚੱਡੇ ਨੇ ਟੀਕੋਜੀ ਚੁੱਕ ਕੇ ਚਾਹ ਦੀ ਖ਼ੁਸ਼ਬੂ ਸੁੰਘੀ ਤੇ ਖ਼ੁਸ਼ੀ ਪ੍ਰਗਟ ਕਰਦਾ ਹੋਇਆ ਬੋਲਿਆ, “ਮੰਮੀ ਇਜ਼ ਏ ਜਿਊਲ…” ਫੇਰ ਉਸਨੇ ਇਥੋਪੀਆ ਦੇ ਸ਼ਹਿਜ਼ਾਦੇ ਉੱਤੇ ਵਰ੍ਹਣਾ ਸ਼ੁਰੂ ਕਰ ਦਿੱਤਾ। ਉਸਨੇ ਏਨਾ ਰੌਲਾ ਪਾਇਆ ਕਿ ਮੇਰੇ ਕੰਨ ਸਾਂ-ਸਾਂ ਕਰਨ ਲੱਗ ਪਏ। ਉਸ ਪਿੱਛੋਂ ਉਸਨੇ ਟਰੇ ਚੁੱਕੀ ਤੇ ਕਿਹਾ, “ਆ…!”
ਮੇਰੀ ਪਤਨੀ ਜਾਗ ਪਈ ਸੀ। ਚੱਡੇ ਨੇ ਟਰੇ ਬੜੀ ਸਾਵਧਾਨੀ ਨਾਲ ਟੁੱਟੀ ਹੋਈ ਤਿਪਾਈ ਉੱਤੇ ਰੱਖ ਦਿੱਤੀ ਤੇ ਬੜੇ ਅਦਬ ਨਾਲ ਕਿਹਾ, “ਹਾਜ਼ਿਰ ਹੈ, ਬੇਗ਼ਮ ਸਾਹਿਬਾ…” ਮੇਰੀ ਪਤਨੀ ਨੂੰ ਇਹ ਮਜ਼ਾਕ ਪਸੰਦ ਨਹੀਂ ਸੀ ਆਇਆ, ਪਰ ਚਾਹ ਦਾ ਸਾਮਾਨ ਕਿਉਂਕਿ ਸਾਫ-ਸੁਥਰਾ ਸੀ, ਇਸ ਲਈ ਉਸਨੇ ਨਾਂਹ ਨਹੀਂ ਕੀਤੀ ਤੇ ਦੋ ਪਿਆਲੀਆਂ ਪੀ ਲਈਆਂ। ਇਸ ਨਾਲ ਉਸਨੂੰ ਕੁਝ ਤਾਜ਼ਗੀ ਮਿਲੀ। ਇਸ ਪਿੱਛੋਂ ਸਾਡੇ ਦੋਵਾਂ ਵੱਲ ਭੌਂ ਕੇ ਬੜੀ ਰਹੱਸਮਈ ਆਵਾਜ਼ ਵਿਚ ਕਿਹਾ, “ਤੁਸੀਂ ਆਪਣੀ ਚਾਹ ਤਾਂ ਪਹਿਲਾਂ ਹੀ ਪੀਤੀ ਬੈਠੇ ਓ!”
ਮੈਂ ਕੋਈ ਜਵਾਬ ਨਾ ਦਿੱਤਾ ਪਰ ਚੱਡੇ ਨੇ ਝੁਕ ਕੇ ਬੜੀ ਈਮਾਨਦਾਰੀ ਦਿਖਾਂਦਿਆਂ ਹੋਇਆਂ ਕਿਹਾ, “ਜੀ ਹਾਂ, ਇਹ ਗ਼ਲਤੀ ਅਸੀਂ ਕਰੀ ਬੈਠੇ ਆਂ…ਪਰ ਸਾਨੂੰ ਵਿਸ਼ਵਾਸ ਸੀ ਕਿ ਤੁਸੀਂ ਜ਼ਰੂਰ ਮੁਆਫ਼ ਕਰ ਦਿਓਗੇ।”
ਮੇਰੀ ਪਤਨੀ ਮੁਸਕਰਾਈ ਤਾਂ ਉਹ ਖਿੜ-ਖਿੜ ਕਰਕੇ ਹੱਸਦਾ ਬੋਲਿਆ, “ਅਸੀਂ ਦੋਵੇਂ ਬੜੀ ਉੱਚੀ ਨਸਲ ਦੇ ਸੂਰ ਆਂ, ਜਿਹਨਾਂ ਲਈ ਹਰ ਹਰਾਮ ਚੀਜ਼, ਹਲਾਲ ਏ। ਚੱਲੋ, ਹੁਣ ਤੁਹਾਨੂੰ ਮਸਜਿਦ ਤੀਕ ਛੱਡ ਆਈਏ।”
ਮੇਰੀ ਪਤਨੀ ਨੂੰ ਫੇਰ ਚੱਡੇ ਦਾ ਇਹ ਮਜ਼ਾਕ ਪਸੰਦ ਨਹੀਂ ਸੀ ਆਇਆ। ਅਸਲ ਵਿਚ ਉਸਨੂੰ ਚੱਡੇ ਨਾਲ ਨਫ਼ਰਤ ਸੀ ਜਾਂ ਇੰਜ ਕਹੀਏ ਉਸਨੂੰ ਮੇਰੇ ਹਰੇਕ ਦੋਸਤ ਨਾਲ ਨਫ਼ਰਤ ਸੀ, ਤੇ ਚੱਡਾ ਉਸਨੂੰ ਸਭ ਤੋਂ ਵੱਧ ਰੜਕਦਾ ਸੀ, ਕਿਉਂਕਿ ਕਦੀ ਕਦੀ ਉਹ ਸਭਿਅਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਸੀ। ਪਰ ਚੱਡੇ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਸੀ। ਮੇਰਾ ਖ਼ਿਆਲ ਹੈ ਕਿ ਉਸਨੇ ਕਦੀ ਇਸ ਬਾਰੇ ਸੋਚਿਆ ਹੀ ਨਹੀਂ ਸੀ। ਉਹ ਅਜਿਹੀਆਂ ਬੇਕਾਰ ਗੱਲਾਂ ‘ਤੇ ਦਿਮਾਗ਼ ਖਰਚ ਕਰਨ ਨੂੰ ਇਕ ਅਜਿਹੀ ‘ਇਨ ਡੋਰ ਗੇਮ’ ਸਮਝਦਾ ਸੀ, ਜਿਹੜੀ ਲੁੱਡੋ ਨਾਲੋਂ ਵੀ ਵੱਧ ਅਰਥਹੀਣ ਹੁੰਦੀ ਹੈ। ਉਸਨੇ ਮੇਰੀ ਪਤਨੀ ਦੇ ਵਿਗੜੇ ਤੇਵਰਾਂ ਨੂੰ ਬੜੀਆਂ ਖੁਸ਼-ਖੁਸ਼ ਨਜ਼ਰਾਂ ਨਾਲ ਦੇਖਿਆ ਤੇ ਨੌਕਰ ਨੂੰ ਆਵਾਜ਼ ਮਾਰੀ, “ਓਇ ਓ, ਕਬਾਬਿਸਤਾਨ ਦੇ ਸ਼ਹਿਜ਼ਾਦੇ! ਇਕ ਅੱਧਾ ਟਾਂਗਾ ਫੜ੍ਹ ਲਿਆ—ਰੋਲਸ ਰਾਏਸ ਵਰਗਾ।”
ਕਬਾਬਿਸਤਾਨ ਦਾ ਸ਼ਹਿਜ਼ਾਦਾ ਚਲਾ ਗਿਆ ਤੇ ਨਾਲ ਹੀ ਚੱਡਾ ਵੀ। ਉਹ ਸ਼ਾਇਦ ਦੂਜੇ ਕਮਰੇ ਵਿਚ ਗਿਆ ਸੀ। ਇਕਾਂਤ ਮਿਲਿਆ ਤਾਂ ਮੈਂ ਆਪਣੀ ਪਤਨੀ ਨੂੰ ਸਮਝਾਇਆ ਕਿ ਕਬਾਬ ਹੋਣ (ਖਿਝਣ-ਕਰਿਝਣ) ਦੀ ਕੋਈ ਲੋੜ ਨਹੀਂ। ਆਦਮੀ ਦੀ ਜ਼ਿੰਦਗੀ ਵਿਚ ਕਦੀ ਕਦੀ ਅਜਿਹੇ ਪਲ ਵੀ ਆ ਹੀ ਜਾਂਦੇ ਨੇ, ਜਿਹੜੇ ਚਿੱਤ-ਚੇਤੇ ਵੀ ਨਹੀਂ ਹੁੰਦੇ। ਉਹਨਾਂ ਨੂੰ ਬਿਤਾਉਣ ਦਾ ਸਭ ਤੋਂ ਚੰਗਾ ਢੰਗ ਇਹੀ ਹੈ ਕਿ ਉਹਨਾਂ ਨੂੰ ਬੀਤ ਜਾਣ ਦਿੱਤਾ ਜਾਏ। ਪਰ ਸੁਭਾਅ ਅਨੁਸਾਰ ਉਸਨੇ ਮੇਰੀ ਇਸ ਸਿੱਖਿਆ ਵੱਲ ਕੋਈ ਧਿਆਨ ਨਾ ਦਿੱਤਾ ਤੇ ਬੁੜ-ਬੁੜ ਕਰਦੀ ਰਹੀ। ਏਨੇ ਵਿਚ ਕਬਾਬਿਸਤਾਨ ਦਾ ਸ਼ਹਿਜ਼ਾਦਾ ਰੋਲਸ ਰਾਏਸ ਕਿਸਮ ਦਾ ਤਾਂਗਾ ਲੈ ਕੇ ਆ ਗਿਆ ਤੇ ਅਸੀਂ ਪ੍ਰਭਾਤ ਨਗਰ ਵੱਲ ਤੁਰ ਪਏ।
ਬੜਾ ਹੀ ਚੰਗਾ ਹੋਇਆ ਮੇਰਾ ਫ਼ਿਲਮਾਂ ਦਾ ਪੁਰਾਣਾ ਸਾਥੀ ਘਰੇ ਹੈ ਨਹੀਂ ਸੀ, ਉਸਦੀ ਪਤਨੀ ਸੀ। ਚੱਡੇ ਨੇ ਮੇਰੀ ਪਤਨੀ ਨੂੰ ਉਸਦੇ ਹਵਾਲੇ ਕਰਦਿਆਂ ਕਿਹਾ, “ਖਰਬੂਜਾ, ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਏ…ਪਤਨੀ, ਪਤਨੀ ਨੂੰ ਦੇਖ ਕੇ ਰੰਗ ਫੜਦੀ ਏ, ਇਹ ਹੁਣੇ ਆ ਕੇ ਦੇਖਦੇ ਹਾਂ ਬਈ ਕੀ ਬਣਦਾ ਏ।” ਫੇਰ ਉਹ ਮੇਰੇ ਵੱਲ ਭੌਂ ਕੇ ਬੋਲਿਆ, “ਚੱਲ ਮੰਟੋ, ਸਟੂਡੀਓ ਵਿਚ ਚੱਲ ਕੇ ਤੇਰੇ ਦੋਸਤ ਨੂੰ ਫੜਦੇ ਆਂ।”
ਚੱਡਾ ਕੁਝ ਅਜਿਹੀ ਹਫੜਾ-ਦਫੜੀ ਮਚਾਅ ਦਿੰਦਾ ਸੀ ਕਿ ਦੂਜੇ ਨੂੰ ਸੋਚਣ-ਸਮਝਣ ਦਾ ਬੜਾ ਘੱਟ ਮੌਕਾ ਮਿਲਦਾ ਸੀ। ਉਸਨੇ ਮੇਰੀ ਬਾਂਹ ਫੜ੍ਹੀ ਤੇ ਬਾਹਰ ਲੈ ਗਿਆ ਤੇ ਮੇਰੀ ਪਤਨੀ ਦੇਖਦੀ ਹੀ ਰਹਿ ਗਈ। ਤਾਂਗੇ ਵਿਚ ਸਵਾਰ ਹੋ ਕੇ ਜਦੋਂ ਚੱਡੇ ਨੇ ਕੁਝ ਸੋਚਦਿਆਂ ਹੋਇਆਂ ਕਿਹਾ, “ਇਹ ਤਾਂ ਨਿਬੜਿਆ, ਹੁਣ ਕੀ ਪ੍ਰੋਗਰਾਮ ਏਂ?” ਫੇਰ ਖਿੜ-ਖਿੜ ਕਰਕੇ ਹੱਸਿਆ, “ਮੰਮੀ…ਗ੍ਰੇਟ ਮੰਮੀ!”
ਮੈਂ ਉਸ ਤੋਂ ਪੁੱਛਣ ਹੀ ਵਾਲਾ ਸਾਂ ਕਿ ਇਹ ਮੰਮੀ ਕਿਸ ਚਿੜੀਮਾਰ ਦੀ ਔਲਾਦ ਹੈ ਕਿ ਚੱਡੇ ਨੇ ਗੱਲਾਂ ਦਾ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਤੇ ਮੇਰਾ ਪ੍ਰਸ਼ਨ ਬੇਮੌਤ ਮਰ ਗਿਆ।
ਤਾਂਗਾ ਵਾਪਸ ਉਸ ਡਾਕ-ਬੰਗਲੇ ਵਰਗੀ ਕੋਠੀ ਸਾਹਮਣੇ ਆ ਪਹੁੰਚਿਆ, ਜਿਸਦਾ ਨਾਂਅ ਸਈਦਾ ਕਾਟੇਜ ਸੀ, ਪਰ ਚੱਡਾ ਉਸਨੂੰ ‘ਰੰਜੀਦਾ ਕਾਟੇਜ’ ਕਹਿੰਦਾ ਹੁੰਦਾ ਸੀ, ‘ਕਿਉਂਕਿ ਉਸ ਵਿਚ ਰਹਿਣ ਵਾਲੇ ਸਾਰੇ ਹੀ ਰੰਜੀਦਾ (ਦੁੱਖੀ) ਰਹਿੰਦੇ ਨੇ।’ ਹਾਲਾਂਕਿ ਇਹ ਗ਼ਲਤ ਸੀ, ਜਿਵੇਂ ਕਿ ਮੈਨੂੰ ਬਾਅਦ ਵਿਚ ਪਤਾ ਲੱਗਿਆ।
ਉਸ ਕਾਟੇਜ ਵਿਚ ਕਈ ਆਦਮੀ ਰਹਿੰਦੇ ਸਨ, ਹਾਲਾਂਕਿ ਪਹਿਲੀ ਨਜ਼ਰ ਨਾਲ ਦੇਖਣ ਨਾਲ ਇਹ ਜਗ੍ਹਾ ਬਿਲਕੁਲ ਗੈਰ-ਆਬਾਦ ਜਾਪਦੀ ਸੀ। ਸਾਰੇ ਹੀ ਉਸੇ ਫ਼ਿਲਮ ਕੰਪਨੀ ਦੇ ਨੌਕਰ ਸਨ, ਜਿਹੜੀ ਮਹੀਨੇ ਦੀ ਤਨਖ਼ਾਹ ਹਰ ਤਿੰਨ ਮਹੀਨਿਆਂ ਬਾਅਦ ਦਿੰਦੀ ਸੀ ਤੇ ਉਹ ਵੀ ਕਈ ਕਿਸ਼ਤਾਂ ਵਿਚ। ਇਕ ਇਕ ਕਰਕੇ ਜਦੋਂ ਉੱਥੇ ਦੇ ਵਾਸੀਆਂ ਨਾਲ ਮੇਰੀ ਜਾਣ-ਪਛਾਣ ਹੋਈ, ਤਾਂ ਪਤਾ ਲੱਗਾ ਕਿ ਸਾਰੇ ਹੀ ਅਸਿਸਟੈਂਟ ਡਾਇਰੈਕਟਰ ਸਨ, ਕੋਈ ਚੀਫ਼ ਅਸਿਸਟੈਂਟ ਡਾਇਰੈਕਟਰ ਸੀ ਕੋਈ ਉਸਦਾ ਸਹਾਇਕ ਤੇ ਕੋਈ ਉਸਦਾ ਸਹਾਇਕ। ਹਰ ਦੂਸਰਾ ਕਿਸੇ ਪਹਿਲੇ ਦਾ ਸਹਾਇਕ ਸੀ ਤੇ ਆਪਣੀ ਨਿੱਜੀ ਫ਼ਿਲਮ ਕੰਪਨੀ ਬਣਾਉਣ ਲਈ ਪੈਸੇ ਜੋੜ ਰਿਹਾ ਸੀ। ਆਪਣੇ ਪਹਿਰਾਵੇ, ਹਾਵ-ਭਾਵ ਤੇ ਚਾਲ-ਢਾਲ ਤੋਂ ਹਰੇਕ ਹੀ ਕੋਈ ਹੀਰੋ ਲੱਗਦਾ ਸੀ। ਕੰਟਰੋਲ ਦਾ ਜ਼ਮਾਨਾ ਸੀ, ਪਰ ਕਿਸੇ ਕੋਲ ਕੋਈ ਰਾਸ਼ਨ ਕਾਰਡ ਨਹੀਂ ਸੀ। ਉਹ ਚੀਜ਼ਾਂ ਵੀ ਜਿਹੜੀਆਂ ਥੋੜ੍ਹੀ ਜਿਹੀ ਤਕਲੀਫ਼ ਪਿੱਛੋਂ ਆਸਾਨੀ ਨਾਲ ਘੱਟ ਕੀਮਤ ‘ਤੇ ਮਿਲ ਸਕਦੀਆਂ ਸਨ, ਇਹ ਲੋਕ ਬਲੈਕ ਮਾਰਕੀਟ ਵਿਚੋਂ ਖਰੀਦਦੇ ਸਨ। ਪਿਕਚਰ ਜ਼ਰੂਰ ਦੇਖਦੇ ਸਨ, ਰੇਸ ਦਾ ਦਿਨ ਹੁੰਦਾ ਤਾਂ ਰੇਸ ਖੇਡਦੇ ਸਨ, ਨਹੀਂ ਤਾਂ ਸੱਟਾ…ਜਿੱਤਦੇ ਕਦੀ-ਕਦਾਰ ਹੀ ਸਨ, ਪਰ ਹਾਰਦੇ ਰੋਜ਼ ਹੀ ਸਨ।
ਸਈਦਾ ਕਾਟੇਜ ਦੀ ਆਬਾਦੀ ਬੜੀ ਸੰਘਣੀ ਸੀ। ਕਿਉਂਕਿ ਜਗ੍ਹਾ ਘੱਟ ਸੀ, ਇਸ ਲਈ ਮੋਟਰ ਗੈਰੇਜ ਤੋਂ ਵੀ ਰਿਹਾਇਸ਼ ਦਾ ਕੰਮ ਲਿਆ ਜਾ ਰਿਹਾ ਸੀ। ਉਸ ਵਿਚ ਇਕ ਪਰਿਵਾਰ ਰਹਿੰਦਾ ਸੀ। ਸ਼ੀਰੀਂ ਨਾਂਅ ਦੀ ਇਕ ਜ਼ਨਾਨੀ ਸੀ, ਜਿਸ ਦਾ ਪਤੀ ਸ਼ਾਇਦ ਇਕਰੂਪਤਾ ਤੋੜਨ ਲਈ ਅਸਿਸਟੈਂਟ ਡਾਇਰੈਕਟਰ ਨਹੀਂ ਸੀ। ਉਹ ਉਸੇ ਫ਼ਿਲਮ ਕੰਪਨੀ ਦਾ ਨੌਕਰ ਸੀ, ਪਰ ਮੋਟਰ ਡਰਾਈਵਰ ਸੀ। ਪਤਾ ਨਹੀਂ ਉਹ ਕਦੋਂ ਆਉਂਦਾ ਸੀ ਤੇ ਕਦੋਂ ਚਲਾ ਜਾਂਦਾ ਸੀ, ਕਿਉਂਕਿ ਮੈਂ ਉਸ ਸ਼ਰੀਫ ਆਦਮੀ ਨੂੰ ਕਦੀ ਉੱਥੇ ਨਹੀਂ ਸੀ ਦੇਖਿਆ। ਸ਼ੀਰੀਂ ਦਾ ਇਕ ਛੋਟਾ ਜਿਹਾ ਮੁੰਡਾ ਸੀ, ਜਿਸਨੂੰ ਸਈਦਾ ਕਾਟੇਜ ਦੇ ਸਾਰੇ ਵਾਸੀ ਵਿਹਲੇ ਸਮੇਂ ਵਿਚ ਪਿਆਰ ਕਰਦੇ ਸਨ। ਸ਼ੀਰੀਂ, ਜਿਹੜੀ ਕਾਫੀ ਸੁੰਦਰ ਸੀ, ਆਪਣਾ ਵਧੇਰੇ ਸਮਾਂ ਗੈਰੇਜ ਵਿਚ ਹੀ ਬਿਤਾਉਂਦੀ ਸੀ।
ਕਾਟੇਜ ਦਾ ਸਭ ਨਾਲੋਂ ਵਧੀਆ ਹਿੱਸਾ ਚੱਡੇ ਤੇ ਉਸਦੇ ਦੋ ਸਾਥੀਆਂ ਕੋਲ ਸੀ। ਉਹ ਦੋਵੇਂ ਵੀ ਐਕਟਰ ਸਨ, ਪਰ ਹੀਰੋ ਨਹੀਂ ਸਨ। ਇਕ ਸਈਦ ਸੀ, ਜਿਸਦਾ ਫ਼ਿਲਮੀ ਨਾਂ ਰਣਜੀਤ ਕੁਮਾਰ ਸੀ। ਚੱਡਾ ਕਹਿੰਦਾ ਸੀ ਕਿ ਸਈਦਾ ਕਾਟੇਜ ਉਸੇ ਗਧੇ ਦੇ ਨਾਂਅ ਨਾਲ ਪ੍ਰਸਿੱਧ ਹੈ, ਨਹੀਂ ਤਾਂ ਇਸਦਾ ਨਾਂਅ ‘ਰੰਜੀਦਾ ਕਾਟੇਜ’ ਹੋਣਾ ਸੀ। ਉਹ ਬੜਾ ਸੁੰਦਰ ਤੇ ਘੱਟ ਬੋਲਣ ਵਾਲਾ ਆਦਮੀ ਸੀ। ਚੱਡਾ ਕਦੀ ਕਦੀ ਉਸਨੂੰ ਕੱਛੂ ਵੀ ਕਹਿੰਦਾ ਸੀ, ਕਿਉਂਕਿ ਉਹ ਹਰ ਕੰਮ ਬੜੀ ਧੀਮੀ ਰਫ਼ਤਾਰ ਨਾਲ ਕਰਦਾ ਸੀ।
ਦੂਜੇ ਐਕਟਰ ਦਾ ਨਾਂਅ ਪਤਾ ਨਹੀਂ ਕੀ ਸੀ, ਪਰ ਸਾਰੇ ਉਸਨੂੰ ਗ਼ਰੀਬ ਨਵਾਜ਼ ਕਹਿੰਦੇ ਸਨ। ਉਹ ਹੈਦਰਾਬਾਦ ਦੇ ਇਕ ਸਰਦੇ-ਵਰਦੇ ਘਰਾਣੇ ਨਾਲ ਸੰਬੰਧ ਰੱਖਦਾ ਸੀ ਤੇ ਐਕਟਿੰਗ ਦੇ ਸ਼ੌਕ ਸਦਕਾ ਇੱਥੇ ਆ ਗਿਆ ਸੀ। ਤਨਖ਼ਾਹ ਢਾਈ ਸੌ ਰੁਪਏ ਮਹੀਨਾ ਵੱਝੀ ਸੀ, ਪਰ ਉਸਨੂੰ ਨੌਕਰੀ ਕਰਦਿਆਂ ਇਕ ਸਾਲ ਹੋ ਗਿਆ ਸੀ ਤੇ ਇਸ ਦੌਰਾਨ ਉਸਨੇ ਸਿਰਫ ਇਕ ਵਾਰੀ ਢਾਈ ਸੌ ਰੁਪਏ ਐਡਵਾਂਸ ਦੇ ਰੂਪ ਵਿਚ ਲਏ ਸਨ…ਉਹ ਵੀ ਚੱਡੇ ਦੀ ਖਾਤਰ, ਜਿਸਨੇ ਇਕ ਖ਼ੂੰਖ਼ਾਰ ਪਠਾਨ ਦੇ ਪੈਸੇ ਦੇਣੇ ਸਨ। ਊਟ-ਪਟਾਂਗ ਕਿਸਮ ਦੀ ਭਾਸ਼ਾ ਵਿਚ ਫ਼ਿਲਮੀ ਕਹਾਣੀਆਂ ਲਿਖਣਾ ਉਸਦਾ ਸ਼ੁਗਲ ਸੀ ਤੇ ਕਦੀ ਕਦੀ ਉਹ ਸ਼ਾਇਰੀ ਵੀ ਕਰ ਲੈਂਦਾ ਸੀ। ਕਾਟੇਜ਼ ਦਾ ਹਰ ਆਦਮੀ ਉਸਦਾ ਕਰਜਾਈ ਸੀ।
ਸ਼ਕੀਲ ਤੇ ਅਕੀਲ ਦੋ ਭਰਾ ਸਨ। ਦੋਵੇਂ ਕਿਸੇ ਅਸਿਸਟੈਂਟ ਡਾਇਰੈਕਟਰ ਦੇ ਅਸਿਸਸਟੈਂਟ ਸਨ ਤੇ ਸਾਰਿਆਂ ਵਾਂਗ ਆਪਣੀ ਫ਼ਿਲਮ ਕੰਪਨੀ ਬਣਾਉਣ ਲਈ ਪੈਸੇ ਇਕੱਠੇ ਕਰਨ ਦੇ ਚੱਕਰ ਵਿਚ ਸਨ।
ਤਿੰਨੇ ਵੱਡੇ—ਯਾਨੀ ਚੱਡਾ, ਸਈਦ ਤੇ ਗਰੀਬ ਨਵਾਜ਼ ਸ਼ੀਂਰੀ ਦਾ ਬੜਾ ਖ਼ਿਆਲ ਰੱਖਦੇ ਸਨ। ਕਦੀ ਉਸਨੂੰ ਬਾਜ਼ਾਰੋਂ ਸੌਦਾ-ਪੱਤਾ ਲਿਆ ਦਿੰਦੇ, ਕਦੀ ਲਾਂਡਰੀ ਵਿਚ ਉਸਦੇ ਕੱਪੜੇ ਧੋਣੇ ਦੇ ਆਉਂਦੇ ਤੇ ਕਦੀ ਉਸਦੇ ਰੋਂਦੇ ਹੋਏ ਬੱਚੇ ਨੂੰ ਖਿਡਾਉਣ-ਵਰਾਉਣ ਜਾ ਬਹਿੰਦੇ। ਉਹਨਾਂ ਵਿਚੋਂ ‘ਰੰਜੀਦਾ’ ਕੋਈ ਵੀ ਨਹੀਂ ਸੀ ਲੱਗਿਆ, ਸਾਰੇ ਹੀ ਪ੍ਰਸੰਨ ਚਿੱਤ ਸਨ। ਆਪਣੀਆਂ ਔਖੀਆਂ ਪ੍ਰਸਥਿਤੀਆਂ ਦੀ ਚਰਚਾ ਵੀ ਕਰਦੇ ਸਨ ਤਾਂ ਬੜੇ ਉਤਸਾਹ ਨਾਲ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਬੜੀ ਦਿਲਚਸਪ ਸੀ।
ਅਸੀਂ ਕਾਟੇਜ਼ ਦੇ ਗੇਟ ਅੰਦਰ ਵੜ ਰਹੇ ਸਾਂ ਤੇ ਗਰੀਬ ਨਵਾਜ਼ ਬਾਹਰ ਆ ਰਿਹਾ ਸੀ। ਚੱਡੇ ਨੇ ਉਸ ਵੱਲ ਗਹੁ ਨਾਲ ਦੇਖਿਆ ਤੇ ਆਪਣੀ ਜੇਬ ਵਿਚ ਹੱਥ ਪਾ ਕੇ ਨੋਟ ਕੱਢੇ। ਬਿਨਾਂ ਗਿਣੇ ਉਸਨੇ ਉਹ ਗਰੀਬ ਨਵਾਜ਼ ਨੂੰ ਫੜਾਂਦਿਆਂ ਹੋਇਆਂ ਕਿਹਾ, “ਚਾਰ ਬੋਤਲਾਂ ਸਕਾਚ ਦੀਆਂ ਚਾਹੀਦੀਆਂ ਨੇ। ਘੱਟ ਹੋਣ ਤਾਂ ਆਪਣੇ ਕੋਲੋਂ ਪਾ ਲਵੀਂ, ਵੱਧਣ ਤਾਂ ਮੈਨੂੰ ਵਾਪਸ ਕਰ ਦਵੀਂ।”
ਗਰੀਬ ਨਵਾਜ਼ ਦੇ ਹੈਦਰਾਬਾਦੀ ਬੁੱਲ੍ਹਾਂ ਉੱਤੇ ਗੂੜ੍ਹੀ, ਕਣਕ-ਵੰਨੀ ਮੁਸਕਾਨ ਆ ਗਈ। ਚੱਡਾ ਖਿੜ-ਖਿੜ ਕਰਕੇ ਹੱਸਿਆ ਤੇ ਮੇਰੇ ਵੱਲ ਦੇਖ ਕੇ ਉਸਨੇ ਗਰੀਬ ਨਵਾਜ਼ ਨੂੰ ਕਿਹਾ, “ਇਹ ਮਿਸਟਰ ਮੰਟੋ ਨੇ…ਪਰ ਇਹਨਾਂ ਨਾਲ ਭਰਪੂਰ ਮੁਲਾਕਾਤ ਦਾ ਸਮਾਂ ਇਸ ਸਮੇਂ ਨਹੀਂ ਦਿੱਤਾ ਜਾ ਸਕਦਾ। ਇਹਨਾਂ ਰੰਮ ਪੀਤੀ ਹੋਈ ਏ। ਸ਼ਾਮੀਂ ਸਕਾਚ ਆ ਜਾਏ ਤਾਂ…ਤੋ ਤੁਸੀਂ ਹੁਣ ਜਾ ਸਕਦੇ ਓ।”
ਗਰੀਬ ਨਵਾਜ਼ ਚਲਾ ਗਿਆ। ਅਸੀਂ ਅੰਦਰ ਚਲੇ ਗਏ। ਚੱਡੇ ਨੇ ਇਕ ਭਰਪੂਰ ਅੰਗੜਾਈ ਲਈ ਤੇ ਰੰਮ ਦੀ ਬੋਤਲ ਚੁੱਕ ਲਈ, ਜਿਹੜੀ ਅੱਧੀ ਤੋਂ ਵੱਧ ਖ਼ਾਲੀ ਸੀ। ਉਸਨੇ ਰੌਸ਼ਨੀ ਵਿਚ ਕਰਕੇ ਉਸਦੀ ਮਾਤਰਾ ਦਾ ਸਰਸਰੀ ਨਜ਼ਰੇ ਅੰਦਾਜ਼ਾ ਲਾਇਆ ਤੇ ਨੌਕਰ ਨੂੰ ਆਵਾਜ਼ ਮਾਰੀ,
“ਕਜਾਕਿਸਤਾਨ ਦੇ ਸ਼ਹਿਜ਼ਾਦੇ!” ਜਦੋਂ ਉਹ ਨਾ ਆਇਆ ਤਾਂ ਉਸਨੇ ਆਪਣੇ ਗ਼ਲਾਸ ਵਿਚ ਵੱਡਾ ਸਾਰਾ ਪੈਗ ਪਾਂਦਿਆਂ ਕਿਹਾ, “ਵਹਵਾ ਪੀ ਗਿਆ ਏ ਕੰਮਬਖ਼ਤ!”
ਗ਼ਲਾਸ ਖ਼ਤਮ ਕਰਦਿਆਂ ਹੋਇਆਂ ਉਹ ਕੁਝ ਫਿਕਰਮੰਦ ਜਿਹਾ ਹੋ ਗਿਆ, “ਯਾਰ, ਭਾਬੀ ਨੂੰ ਤੂੰ ਖ਼ਾਹਮ-ਖ਼ਾਹ ਇੱਥੇ ਲੈ ਆਇਐਂ। ਸੌਂਹ ਖ਼ੁਦਾ ਦੀ ਮੈਨੂੰ ਆਪਣੀ ਛਾਤੀ ਤੇ ਬੋਝ ਮਹਿਸੂਸ ਹੋ ਰਿਹੈ।” ਫੇਰ ਆਪੇ ਹੀ ਉਸਨੇ ਆਪਣੇ ਆਪ ਨੂੰ ਹੌਸਲਾ ਜਿਹਾ ਦਿੱਤਾ, “ਪਰ ਮੇਰਾ ਖ਼ਿਆਲ ਏ ਕਿ ਉਹ ਬੋਰ ਨਹੀਂ ਹੋਏਗੀ ਉੱਥੇ।”
ਮੈਂ ਕਿਹਾ, “ਹਾਂ, ਉੱਥੇ ਰਹਿ ਕੇ ਉਹ ਮੈਨੂੰ ਕਤਲ ਕਰਨ ਦਾ ਇਰਾਦਾ ਜਲਦੀ ਨਹੀਂ ਕਰ ਸਕਦੀ।” ਇਹ ਕਹਿ ਕੇ ਮੈਂ ਆਪਣੇ ਗ਼ਲਾਸ ਵਿਚ ਰੰਮ ਪਾਈ, ਜਿਸਦਾ ਸਵਾਦ ਬੁਸੇ ਹੋਏ ਗੁੜ ਵਰਗਾ ਸੀ।
ਜਿਸ ਕਬਾੜਖਾਨੇ ਵਿਚ ਅਸੀਂ ਬੈਠੇ ਸਾਂ, ਉਸ ਵਿਚ ਸਰੀਆਂ ਵਾਲੀਆਂ ਦੋ ਤਾਕੀਆਂ ਵੀ ਸਨ ਜਿਹਨਾਂ ਵਿਚੋਂ ਕਾਟੇਜ ਦਾ ਬਾਹਰਲਾ ਖ਼ਾਲੀ ਹਿੱਸਾ ਨਜ਼ਰ ਆਉਂਦਾ ਸੀ। ਇਧਰੋਂ ਕਿਸੇ ਨੇ ਚੱਡੇ ਦਾ ਨਾਂਅ ਲੈ ਕੇ ਜ਼ੋਰ ਨਾਲ ਆਵਾਜ਼ ਮਾਰੀ। ਮੈਂ ਤ੍ਰਬਕ ਗਿਆ ਤੇ ਦੇਖਿਆ ਮਿਊਜ਼ਿਕ ਡਾਇਰੈਕਟਰ ਵਣਕਤਰੇ ਹੈ। ਕੁਝ ਸਮਝ ਵਿਚ ਨਹੀਂ ਸੀ ਆਇਆ ਕਿ ਉਹ ਕਿਸ ਨਸਲ ਦਾ ਹੈ—ਮੰਗੋਲ ਹੈ, ਹਬਸ਼ੀ ਹੈ, ਆਰੀਆ ਹੈ ਜਾਂ ਕੀ ਬਲਾਅ ਹੈ! ਕਦੀ-ਕਦੀ ਉਸਨੂੰ ਕਿਸੇ ਇਕ ਕੋਨ ਤੋਂ ਦੇਖਦਾ ਹੋਇਆ ਆਦਮੀ ਕਿਸੇ ਸਿੱਟੇ ‘ਤੇ ਪਹੁੰਚਣ ਵਾਲਾ ਹੁੰਦਾ ਕਿ ਬਦਲੇ ਹੋਏ ਕੋਨ ਤੋਂ ਉਹ ਕੁਝ ਹੋਰ ਹੀ ਨਜ਼ਰ ਆਉਣ ਲੱਗ ਪੈਂਦਾ ਤੇ ਆਦਮੀ ਨੂੰ ਨਵੇਂ ਸਿਰੇ ਤੋਂ ਵਿਚਾਰ ਕਰਨੀ ਪੈ ਜਾਂਦੀ। ਵੈਸੇ ਉਹ ਮਰਾਠਾ ਸੀ, ਪਰ ਸ਼ਿਵਾ ਜੀ ਦੀ ਤਿੱਖੀ ਨੱਕ ਦੀ ਬਜਾਏ ਉਸਦੇ ਚਿਹਰੇ ਉੱਤੇ ਬੜੀ ਹੈਰਾਨ ਕਰ ਦੇਣ ਵਾਲੀ ਮੁੜੀ-ਤੁੜੀ, ਚਪਟੀ ਜਿਹੀ ਨੱਕ ਸੀ, ਜਿਹੜੀ ਉਸਦੇ ਵਿਚਾਰ ਅਨੁਸਾਰ ਉਹਨਾਂ ਸੁਰਾਂ ਲਈ ਬੜੀ ਜ਼ਰੂਰੀ ਸੀ, ਜਿਹਨਾਂ ਦਾ ਸਿੱਧਾ ਸੰਬੰਧ ਨੱਕ ਨਾਲ ਹੁੰਦਾ ਹੈ। ਉਸਨੇ ਮੈਨੂੰ ਦੇਖਿਆ ਤਾਂ ਕੂਕਿਆ, “ਮੰਟੋ—ਮੰਟੋ ਸੇਠ!”
ਚੱਡੇ ਨੇ ਉਸ ਨਾਲੋਂ ਉੱਚੀ ਆਵਾਜ਼ ਵਿਚ ਕਿਹਾ, “ਸੇਠ ਦੀ ਐਸੀ ਦੀ ਤੈਸੀ—ਚੱਲ, ਅੰਦਰ ਆ!”
ਉਹ ਝੱਟ ਅੰਦਰ ਆ ਗਿਆ। ਉਸਨੇ ਹੱਸਦਿਆਂ ਹੋਇਆਂ ਆਪਣੀ ਜੇਬ ਵਿਚੋਂ ਰੰਮ ਦੀ ਇਕ ਬੋਤਲ ਕੱਢੀ ਤੇ ਤਿਪਾਈ ਉੱਤੇ ਰੱਖ ਦਿੱਤੀ, “ਮੈਂ ਸਾਲਾ ਉਧਰ ਮੰਮੀ ਕੋਲ ਗਿਆ। ਉਹ ਬੋਲੀ, ‘ਤੁਹਾਡਾ ਫਰੈਂਡ ਆਇਆ ਹੋਇਐ।’ ਮੈਂ ਬੋਲਾ, ‘ਸਾਲਾ ਇਹ ਫਰੈਂਡ ਕਿਹੜਾ ਆ ਗਿਆ…ਸਾਲਾ ਪਤਾ ਈ ਨਈਂ ਸੀ, ਸਾਲਾ ਮੰਟੋ ਐ!”
ਚੱਡੇ ਨੇ ਵਣਕਤਰੇ ਦੇ ਕੱਦੂ ਵਰਗੇ ਸਿਰ ਉੱਤੇ ਇਕ ਥੱਫਾ ਜੜ ਦਿੱਤਾ, “ਚੁੱਪ ਵੀ ਕਰ ਸਾਲੇ ਦਿਆ ਸਾਲਿਆ…ਤੂੰ ਰੰਮ ਲੈ ਆਇਐਂ…ਬਸ ਠੀਕ ਏ!” ਵਣਕਤਰੇ ਨੇ ਆਪਣਾ ਸਿਰ ਪਲੋਸਿਆ ਤੇ ਮੇਰਾ ਖ਼ਾਲੀ ਗ਼ਲਾਸ ਚੁੱਕ ਕੇ ਆਪਣੇ ਲਈ ਪੈਗ ਬਣਾਇਆ—”ਮੰਟੋ, ਇਹ ਸਾਲਾ ਅੱਜ ਮਿਲਦਾ ਹੀ ਕਹਿਣ ਲੱਗਾ, ‘ਅੱਜ ਪੀਣ ਨੂੰ ਜੀਅ ਕਰਦੈ’…ਮੈਂ ਯਕਦਮ ਖਾਲੀ-ਖੀਸੇ…ਸੋਚਿਆ, ਕੀ ਕਰਾਂ…”
ਚੱਡੇ ਨੇ ਇਕ ਹੋਰ ਥੱਫਾ ਉਸਦੇ ਸਿਰ ਉੱਤੇ ਮਾਰਿਆ, “ਚੁੱਪ ਕਰਕੇ ਬੈਠ, ਜਿਵੇਂ ਤੂੰ ਸੱਚਮੁੱਚ ਹੀ ਕੁਝ ਸੋਚ ਲਿਆ ਹੋਏਗਾ।”
“ਸੋਚਿਆ ਨਾ ਹੁੰਦਾ ਤਾਂ ਇਹ ਸਾਲੀ ਐਡੀ ਵੱਡੀ ਬੋਤਲ ਕਿੱਥੋ ਆਉਂਦੀ—ਤੇਰਾ ਪਿਤਾਜੀ ਦੇ ਗਿਆ ਕੋਈ?” ਵਣਕਤਰੇ ਨੇ ਇਕੋ ਘੁੱਟ ਵਿਚ ਗ਼ਲਾਸ ਖ਼ਾਲੀ ਕਰ ਦਿੱਤਾ। ਚੱਡੇ ਨੇ ਉਸਦੀ ਗੱਲ ਸੁਣੀ-ਅਣਸੁਣੀ ਕਰ ਦਿੱਤੀ ਤੇ ਉਸਨੂੰ ਪੁੱਛਿਆ, “ਤੂੰ ਇਹ ਤਾਂ ਦੱਸ ਬਈ ਮੰਮੀ ਕੀ ਕਹਿ ਰਹੀ ਸੀ?—ਦੱਸਿਐ, ਕੁਝ ਕਿ ਮੋਜ਼ੇਲ ਕਦ ਆਵੇਗੀ?…ਤੇ ਹਾਂ…ਉਹ ਪਲੇਟੀਨਮ ਬਲੌਂਡ!” ਵਣਕਤਰੇ ਨੇ ਜਵਾਬ ਵਿਚ ਕੁਝ ਕਹਿਣਾ ਚਾਹਿਆ, ਪਰ ਚੱਡੇ ਨੇ ਮੇਰੀ ਬਾਂਹ ਫੜ੍ਹ ਕੇ ਕਹਿਣਾ ਸ਼ੁਰੂ ਕਰ ਦਿੱਤਾ, “ਮੰਟੋ ਸੌਂਹ ਖ਼ੁਦਾ ਦੀ, ਕਿਆ ਚੀਜ਼ ਏ! ਸੁਣਦੇ ਹੁੰਦੇ ਸਾਂ ਕਿ ਇਕ ਚੀਜ਼ ਪਲਾਟੀਨਮ ਬਲੌਂਡ ਵੀ ਹੁੰਦੀ ਏ, ਪਰ ਦੇਖਣ ਦਾ ਮੌਕਾ ਕੱਲ੍ਹ ਮਿਲਿਆ—ਵਾਲ ਨੇ, ਜਿਵੇਂ ਚਾਂਦੀ ਦੇ ਬਰੀਕ-ਬਰੀਕ ਤਾਰ…ਗ੍ਰੇਟ…ਸੌਂਹ ਖ਼ੁਦਾ ਦੀ ਮੰਟੋ, ਅਤਿ ਗ੍ਰੇਟ…ਮੰਮੀ ਜ਼ਿੰਦਾਬਾਦ!” ਫੇਰ ਉਸਨੇ ਗੁਸੈਲੀਆਂ ਨਜ਼ਰਾਂ ਨਾਲ ਵਣਕਤਰੇ ਵੱਲ ਦੇਖਿਆ ਤੇ ਕੜਕ ਕੇ ਕਿਹਾ, “ਓਇ ਕੰਨਕੁਤਰੇ ਦੇ ਬੱਚੇ—ਨਾਅਰਾ ਕਿਉਂ ਨਹੀਂਓਂ ਲਗਾਂਦਾ ਪਿਆ—ਮੰਮੀ ਜ਼ਿੰਦਾਬਾਦ!”
ਚੱਡੇ ਤੇ ਵਣਕਤਰੇ ਦੋਵਾਂ ਨੇ ਰਲ ਕੇ ‘ਮੰਮੀ ਜ਼ਿੰਦਾਬਾਦ!’ ਦੇ ਕਈ ਨਾਅਰੇ ਲਾਏ। ਇਸ ਪਿੱਛੋਂ ਵਣਕਤਰੇ ਨੇ ਫੇਰ ਚੱਡੇ ਦੇ ਸਵਾਲ ਦਾ ਜਵਾਬ ਦੇਣਾ ਚਾਹਿਆ, ਪਰ ਉਸਨੇ ਚੁੱਪ ਕਰਵਾ ਦਿੱਤਾ, “ਛੱਡ ਯਾਰ…ਮੈਂ ਜਜ਼ਬਾਤੀ ਹੋ ਗਿਆ ਆਂ—ਇਸ ਵੇਲੇ ਇਹ ਸੋਚ ਰਿਹਾਂ ਬਈ ਆਮ ਕਰਕੇ ਮਾਸ਼ੂਕਾਵਾਂ ਦੇ ਵਾਲ ਕਾਲੇ ਹੁੰਦੇ ਨੇ, ਜਿਹਨਾਂ ਨੂੰ ਕਾਲੀਆਂ ਘਟਾਵਾਂ ਕਿਹਾ ਜਾਂਦਾ ਏ…ਪਰ ਇਹ ਤਾਂ ਕੁਝ ਹੋਰ ਹੀ ਮਾਮਲਾ ਹੋ ਗਿਆ।” ਫੇਰ ਉਹ ਮੇਰੇ ਵੱਲ ਭੌਂ ਕੇ ਕਹਿਣ ਲੱਗਾ, “ਮੰਟੋ—ਬੜੀ ਗੜਬੜ ਹੋ ਗਈ ਏ, ਉਸਦੇ ਵਾਲ ਚਾਂਦੀ ਦੀਆਂ ਤਾਰਾਂ ਵਰਗੇ ਨੇ—ਚਾਂਦੀ-ਰੰਗੇ ਵੀ ਨਹੀਂ ਕਹੇ ਜਾ ਸਕਦੇ—ਪਤਾ ਨਹੀਂ, ਪਲੇਟੀਨਮ ਦਾ ਰੰਗ ਕੈਸਾ ਹੁੰਦੈ, ਕਿਉਂਕਿ ਮੈਂ ਅਜੇ ਤੀਕ ਇਹ ਧਾਤ ਦੇਖੀ ਨਹੀਂ…ਕੁਝ ਅਜੀਬ ਜਿਹਾ ਹੀ ਰੰਗ ਏ—ਫੌਲਾਦ ਤੇ ਚਾਂਦੀ ਦੋਵਾਂ ਨੂੰ ਮਿਲਾ ਦਿੱਤਾ ਜਾਏ…”
ਵਣਕਤਰੇ ਨੇ ਦੂਜਾ ਪੈਗ ਖ਼ਤਮ ਕਰਦਿਆਂ ਹੋਇਆਂ ਕਿਹਾ, “ਤੇ ਉਸ ਵਿਚ ਥੋੜ੍ਹੀ ਜਿਹੀ ਥ੍ਰੀ ਐਕਸ ਰੰਮ ਵੀ ਮਿਕਸ ਕਰ ਦਿੱਤੀ ਜਾਏ।”
ਚੱਡੇ ਨੇ ਹਿਰਖ ਕੇ ਉਸਨੂੰ ਇਕ ਮੋਟੀ ਸਾਰੀ ਗਾਲ੍ਹ ਕੱਢੀ। “…ਬਕਵਾਸ ਨਾ ਕਰ!” ਫੇਰ ਉਸਨੇ ਬੜੀਆਂ ਉਦਾਸੀਆਂ ਹੋਈਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ, “ਯਾਰ…ਮੈਂ ਸੱਚਮੁੱਚ ਜਜ਼ਬਾਤੀ ਹੋ ਗਿਆਂ…ਹਾਂ…ਉਹ ਰੰਗ…ਸੌਂਹ ਖ਼ੁਦਾ ਦੀ, ਲਾਜਵਾਬ ਰੰਗ ਏ…ਉਹ ਤੂੰ ਦੇਖਿਐ…ਉਹ ਜਿਹੜਾ ਮੱਛੀ ਦੇ ਢਿੱਡ ‘ਤੇ ਹੁੰਦੈ…ਨਹੀਂ-ਨਹੀਂ, ਸਾਰੇ ਪਿੰਡੇ ‘ਤੇ ਨਹੀਂ ਹੁੰਦਾ…ਪੋਮਫ੍ਰੇਟ ਮੱਛੀ…ਉਸਦੇ ਉਹ ਕੀ ਹੁੰਦੇ ਨੇ?…ਨਹੀਂ, ਸੱਪਾਂ ਦੇ ਨਹੀਂ…ਉਹ ਛੋਟੇ-ਛੋਟੇ ਖਪਰੇ…ਹਾਂ, ਖਪਰੇ…ਬਸ, ਉਸਦਾ ਰੰਗ…ਖਪਰੇ..ਇਹ ਸ਼ਬਦ ਮੈਨੂੰ ਇਸ ਹਿੰਦੁਸਤੋੜੇ ਨੇ ਦੱਸਿਆ ਸੀ…ਏਡੀ ਸੁੰਦਰ ਚੀਜ਼ ਤੇ ਏਡਾ ਕੋਝਾ ਨਾਂਅ…ਪੰਜਾਬੀ ਵਿਚ ਆਪਾਂ ਲੋਕ ਇਹਨਾਂ ਨੂੰ ਚਾਣੇ ਕਹਿੰਦੇ ਆਂ। ਇਸ ਸ਼ਬਦ ਵਿਚ ਇਕ ਚਿਣਤੀ ਏ…ਉਹੀ, ਬਿਲਕੁਲ ਉਹੀ, ਜਿਹੜੀ ਉਸਦੇ ਵਾਲਾਂ ਦੀ ਏ। ਨਿੱਕੀਆਂ ਨਿੱਕੀਆਂ ਲਿਟਾਂ ਉਹਨਾਂ ਸਪੋਲੀਆਂ ਵਰਗੀਆਂ ਲੱਗਦੀਆਂ ਨੇ, ਜਿਹੜੇ ਵਲ-ਵਲੇਵੇਂ ਖਾ ਰਹੇ ਹੁੰਦੇ ਨੇ…।” ਉਹ ਅਚਾਨਕ ਉੱਠਿਆ। “ਸਪੋਲੀਆਂ ਦੀ ਐਸੀ ਦੀ ਤੈਸੀ! ਮੈਂ ਜਜ਼ਬਾਤੀ ਹੋ ਗਿਆਂ…।”
ਵਣਕਤਰੇ ਨੇ ਬੜੇ ਭੋਲੇਪਨ ਨਾਲ ਪੁੱਛਿਆ, “ਉਹ ਕੀ ਹੁੰਦੈ…?”
“ਸੈਂਟੀਮੈਂਟਲ,” ਚੱਡੇ ਨੇ ਜਵਾਬ ਦਿੱਤਾ, “ਪਰ ਤੂੰ ਕੀ ਸਮਝੇਂਗਾ ਬਾਲਾਜੀ ਬਾਜੀਰਾਵ ਤੇ ਨਾਨਾ ਫਰਨਵੀਸ ਦੀਏ ਔਲਾਦੇ…!”
ਵਣਕਤਰੇ ਨੇ ਆਪਣੇ ਲਈ ਇਕ ਹੋਰ ਪੈਗ ਬਣਾਇਆ ਤੇ ਮੇਰੇ ਵੱਲ ਭੌਂ ਕੇ ਕਹਿਣ ਲੱਗਾ, “ਇਹ ਸਾਲਾ ਚੱਡਾ ਸਮਝਦਾ ਏ ਕਿ ਮੈਂ ਇੰਗਲਿਸ਼ ਨਹੀਂ ਸਮਝਦਾ। ਮੈਟ੍ਰੀਕੁਲੇਟ ਹਾਂ…ਸਾਲਾ ਮੇਰਾ ਪਿਤਾਜੀ ਮੈਨੂੰ ਬੜਾ ਪਿਆਰ ਕਰਦਾ ਸੀ…ਉਸਨੇ…।”
ਚੱਡੇ ਨੇ ਚਿੜ ਕੇ ਕਿਹਾ, “ਉਸਨੇ ਤੈਨੂੰ ਤਾਨਸੈਨ ਬਣਾ ਦਿੱਤਾ…ਤੇ ਤੇਰੀ ਨੱਕ ਮਰੋੜ ਦਿੱਤੀ, ਤਾਂ ਕਿ ਨੁਕਰੇ ਸੁਰ ਆਸਾਨੀ ਨਾਲ ਤੇਰੀ ਨੱਕ ਵਿਚੋਂ ਨਿਕਲ ਸਕਣ। ਬਚਪਨ ਵਿਚ ਹੀ ਉਸਨੇ ਤੈਨੂੰ ਧੁਰਪਦ ਗਾਉਣਾ ਸਿਖਾਅ ਦਿੱਤਾ ਸੀ, ਤੇ ਦੁੱਧ ਪੀਣ ਲਈ ਤੂੰ ਮੀਆਂ ਦੀ ਟੋੜੀ ਵਿਚ ਰੋਂਦਾ ਹੁੰਦਾ ਸੈਂ ਤੇ ਪਿਸ਼ਾਬ ਕਰਨ ਵੇਲੇ ਅੜਾਨਾ ਰਾਗ ਵਿਚ…ਤੇ ਤੂੰ ਪਹਿਲੀ ਗੱਲ ਪਟਦੀਪ ਵਿਚ ਕੀਤੀ ਸੀ…ਤੇ ਤੇਰਾ ਪਿਤਾਜੀ… ਜਗਤ-ਉਸਤਾਦ ਸੀ, ਬੈਜੂ ਬਾਵਰੇ ਦੇ ਵੀ ਕੰਨ ਕੁਤਰਦਾ ਸੀ…ਤੇ ਤੂੰ ਅੱਜ ਕੱਲ੍ਹ ਉਸਦੇ ਕੰਨ ਕੁਤਰਦਾ ਏਂ, ਇਸ ਲਈ ਤੇਰਾ ਨਾਂਅ ਕੰਨਕੁਤਰੇ ਹੈ।” ਏਨਾ ਕਹਿ ਕੇ ਉਹ ਮੇਰੇ ਵੱਲ ਮੁੜਿਆ, “ਮੰਟੋ, ਇਹ ਸਾਲਾ ਜਦੋਂ ਵੀ ਪੀਂਦਾ ਏ, ਆਪਣੇ ਪਿਓ ਦੀ ਤਾਰੀਫ਼ ਸ਼ੁਰੂ ਕਰ ਦੇਂਦਾ ਏ। ਉਹ ਇਸਨੂੰ ਪਿਆਰ ਕਰਦਾ ਸੀ ਤਾਂ ਮੇਰੇ ‘ਤੇ ਕੀ ਅਹਿਸਾਨ ਕਰਦਾ ਸੀ ? ਉਸਨੇ ਇਸਨੂੰ ਮੈਟ੍ਰੀਕੁਲੇਟ ਬਣਾ ਦਿੱਤਾ ਤਾਂ ਇਸਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਆਪਣੀ ਬੀ.ਏ. ਦੀ ਡਿਗਰੀ ਪਾੜ ਕੇ ਸੁੱਟ ਦਿਆਂ।”
ਵਣਕਤਰੇ ਨੇ ਇਸ ਬੌਛਾਰ ਉੱਤੇ ਇਤਰਾਜ਼ ਕਰਨਾ ਚਾਹਿਆ, ਪਰ ਚੱਡੇ ਨੇ ਉਸਨੂੰ ਉੱਥੇ ਹੀ ਰੋਕ ਦਿੱਤਾ, “ਚੁੱਪ ਰਹਿ…ਮੈਂ ਕਹਿ ਚੁੱਕਿਆਂ ਕਿ ਮੈਂ ਸੈਂਟੀਮੈਂਟਲ ਹੋ ਗਿਆਂ…ਹਾਂ, ਉਹ ਰੰਗ…ਪੋਮਫ੍ਰੇਟ ਮੱਛੀ ਦੇ…ਨਹੀਂ-ਨਹੀਂ—ਸੱਪ ਦੇ ਨੰਨ੍ਹੇ-ਨੰਨ੍ਹੇ ਛਿੰਬ੍ਹ…ਬਸ, ਅਜਿਹਾ ਹੀ ਰੰਗ…ਮੰਮੀ ਨੇ ਰੱਬ ਜਾਣੇ ਆਪਣੀ ਬੀਨ ਉੱਤੇ ਕਿਹੜਾ ਰਾਗ ਵਜਾਅ ਕੇ ਉਸ ਨਾਗਨ ਨੂੰ ਬਾਹਰ ਕੱਢਿਆ ਏ!”
ਵਣਕਤਰੇ ਸੋਚਣ ਲੱਗਾ। ਫੇਰ ਬੋਲਿਆ, “ਪੇਟੀ ਮੰਗਾਓ, ਮੈਂ ਵਜਾਅ ਕੇ ਦਸਦਾਂ।”
ਚੱਡਾ ਠਹਾਕਾ ਮਾਰ ਕੇ ਹੱਸਿਆ, “ਚੁੱਪ ਬੈਠ ਓ ਮੈਟ੍ਰੀਕੁਲੇਟ ਦੇ ਚਾਕਲੇਟ…!” ਉਸਨੇ ਰੰਮ ਦੀ ਬੋਤਲ ਵਿਚ ਬਚੀ ਹੋਈ ਸ਼ਰਾਬ ਨੂੰ ਆਪਣੇ ਗ਼ਲਾਸ ਵਿਚ ਪਾਇਆ ਤੇ ਮੈਨੂੰ ਕਿਹਾ, “ਮੰਟੋ, ਜੇ ਉਹ ਪਲੇਟੀਨਮ ਬਲੌਂਡ ਨਾ ਫਸੀ ਤਾਂ ਚੱਡਾ ਹਿਮਾਲਿਆ ਪਹਾੜ ਦੀ ਕਿਸੇ ਚੋਟੀ ਉੱਤੇ ਧੂੰਨੀ ਰਮਾ ਕੇ ਬੈਠ ਜਾਏਗਾ…।” ਤੇ ਉਸਨੇ ਗ਼ਲਾਸ ਖ਼ਾਲੀ ਕਰ ਦਿੱਤਾ।
ਵਣਕਤਰੇ ਨੇ ਆਪਣੀ ਲਿਆਂਦੀ ਹੋਈ ਬੋਤਲ ਖੋਲ੍ਹਣੀ ਸ਼ੁਰੂ ਕੀਤੀ। “ਮੰਟੋ ਮੁਲਗੀ (ਕੁੜੀ) ਏਕਦਮ ਚਾਂਗਲੀ (ਸੋਹਣੀ) ਹੈ।”
ਮੈਂ ਕਿਹਾ, “ਦੇਖ ਲਵਾਂਗੇ।”
“ਅੱਜ ਹੀ…ਅੱਜ ਰਾਤੀਂ ਮੈਂ ਇਕ ਪਾਰਟੀ ਦੇ ਰਿਹਾਂ। ਇਹ ਬੜਾ ਹੀ ਚੰਗਾ ਹੋਇਆ ਕਿ ਤੂੰ ਆ ਗਿਐਂ ਤੇ ਸ਼੍ਰੀ-ਸ਼੍ਰੀ ਇਕ ਸੌ ਅੱਠ ਮਹਿਤਾ ਜੀ ਨੇ ਤੇਰੇ ਕਰਕੇ ਐਡਵਾਂਸ ਵੀ ਦੇ ਦਿੱਤੈ, ਨਹੀਂ ਤਾਂ ਬੜੀ ਮੁਸ਼ਕਿਲ ਹੋ ਜਾਣੀ ਸੀ…ਅੱਜ ਰਾਤ…” ਚੱਡੇ ਨੇ ਬੜੀਆਂ ਬੇਸੁਰੀਆਂ ਸੁਰਾਂ ਵਿਚ ਗਾਉਣਾ ਸ਼ੁਰੂ ਕਰ ਦਿੱਤਾ, “ਅੱਜ ਦੀ ਰਾਤ ਸਾਜੇ ਦਰਦ ਨਾ ਛੇੜ…ਓਇ!”
ਵਿਚਾਰਾ ਵਣਕਤਰੇ ਉਸਦੀ ਇਸ ਵਧੀਕੀ ਬਾਰੇ ਕੁਝ ਕਹਿਣ ਹੀ ਲੱਗਾ ਸੀ ਕਿ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਆ ਗਏ। ਦੋਵਾਂ ਕੋਲ ਸਕਾਚ ਦੀਆਂ ਦੋ ਦੋ ਬੋਤਲਾਂ ਸਨ। ਉਹ ਉਹਨਾਂ ਮੇਜ਼ ਉੱਤੇ ਰੱਖ ਦਿੱਤੀਆਂ।
ਰਣਜੀਤ ਕੁਮਾਰ ਨਾਲ ਮੇਰੇ ਚੰਗੇ ਸਬੰਧ ਸਨ; ਪਰ ਅਸੀਂ ਬਹੁਤੇ ਖੁੱਲ੍ਹੇ ਨਹੀਂ ਸਾਂ, ਇਸ ਲਈ ਦੋਵਾਂ ਨੇ ਥੋੜ੍ਹੀ ਜਿਹੀ, ‘ਤੁਸੀਂ ਕਦੋਂ ਆਏ?’, ‘ਅੱਜ ਹੀ ਆਇਆਂ।’ ਵਰਗੀਆਂ ਰਸਮੀਂ ਗੱਲਾਂ ਕੀਤੀਆਂ ਤੇ ਗ਼ਲਾਸ ਟਕਰਾਅ ਕੇ ਪੀਣ ਲੱਗ ਪਏ।
ਚੱਡਾ ਸੱਚਮੁੱਚ ਬੜਾ ਜਜ਼ਬਾਤੀ ਹੋ ਗਿਆ ਸੀ। ਹਰ ਗੱਲ ਵਿਚ ਉਸ ਪਲੈਟੀਨਮ ਬਲੌਂਡ ਦਾ ਜ਼ਿਕਰ ਲੈ ਆਉਂਦਾ। ਰਣਜੀਤ ਕੁਮਾਰ ਦੂਜੀ ਬੋਤਲ ਦਾ ਚੌਥਾ ਹਿੱਸਾ ਚੜ੍ਹਾ ਗਿਆ ਸੀ। ਗਰੀਬ ਨਿਵਾਜ਼ ਨੇ ਸਕਾਚ ਦੇ ਤਿੰਨ ਪੈਗ ਪੀਤੇ ਸਨ। ਨਸ਼ੇ ਦੇ ਮਾਮਲੇ ਵਿਚ ਓਹਨਾਂ ਸਭਨਾਂ ਦੀ ਹਾਲਤ ਇਕੋ ਜਿਹੀ ਸੀ। ਮੈਂ ਕਿਉਂਕਿ ਜ਼ਿਆਦਾ ਪੀਣ ਦਾ ਆਦੀ ਸਾਂ, ਇਸ ਲਈ ਮੈਂ ਜਿਉਂ ਦਾ ਤਿਉਂ ਬੈਠਾ ਸਾਂ। ਉਹਨਾਂ ਦੀ ਗੱਲਬਾਤ ਤੋਂ ਮੈਂ ਅੰਦਾਜ਼ਾ ਲਾਇਆ ਕਿ ਉਹ ਚਾਰੇ ਉਸ ਨਵੀਂ ਕੁੜੀ ਉੱਤੇ ਬੁਰੀ ਤਰ੍ਹਾਂ ਮਰ ਮਿਟੇ ਸਨ, ਜਿਹੜੀ ਮੰਮੀ ਨੇ ਪਤਾ ਨਹੀਂ ਕਿੱਧਰੋਂ ਪੈਦਾ ਕੀਤੀ ਸੀ। ਇਸ ਅਮੁੱਲ ਮੋਤੀ ਦਾ ਨਾਂ ਫਿਲਿਸ ਸੀ। ਪੂਨੇ ਵਿਚ ਕੋਈ ਹੇਅਰ ਡਰੈਸਿੰਗ ਸੈਲੂਨ ਸੀ, ਜਿੱਥੇ ਉਹ ਨੌਕਰੀ ਕਰਦੀ ਸੀ। ਉਸਦੇ ਨਾਲ ਆਮ ਕਰਕੇ ਇਕ ਖੁਸਰਿਆਂ ਵਰਗਾ ਮੁੰਡਾ ਹੁੰਦਾ ਸੀ। ਕੁੜੀ ਦੀ ਉਮਰ ਚੌਦਾਂ ਪੰਦਰਾਂ ਸਾਲ ਦੇ ਨੇੜੇ-ਤੇੜੇ ਸੀ। ਗਰੀਬ ਨਿਵਾਜ਼ ਤਾਂ ਇੱਥੋਂ ਤਕ ਉਸ ਉੱਤੇ ਰੀਝਿਆ ਹੋਇਆ ਸੀ ਕਿ ਉਹ ਹੈਦਰਾਬਾਦ ਵਿਚ ਆਪਣੇ ਹਿੱਸੇ ਦੀ ਜਾਇਦਾਦ ਵੇਚ ਕੇ ਵੀ ਉਸਦੇ ਦਾਅ ‘ਤੇ ਲਾਉਣ ਲਈ ਤਿਆਰ ਸੀ। ਚੱਡੇ ਕੋਲ ਇਕੋਇਕ ਕੰਮ ਦਾ ਪੱਤਾ ਸੀ, ਆਪਣੇ ਰੂਪ ਦਾ। ਵਣਕਤਰੇ ਦਾ ਖ਼ਿਆਲ ਸੀ ਕਿ ਉਸਦੀ ਪੇਟੀ ਸੁਣ ਕੇ ਉਹ ਪਰੀ ਜ਼ਰੂਰ ਸ਼ੀਸ਼ੇ ਵਿਚ ਉਤਰ ਆਵੇਗੀ, ਤੇ ਰਣਜੀਤ ਕੁਮਾਰ ਦਾ ਵਿਸ਼ਵਾਸ ਜ਼ੋਰ ਜਬਰਦਸਤੀ ਵਿਚ ਸੀ…ਪਰ ਅੰਤ ਵਿਚ ਸਾਰੇ ਇਹੋ ਸੋਚਦੇ ਸਨ ਕਿ ਦੇਖੋ, ਮੰਮੀ ਕਿਸ ਉੱਤੇ ਕਿਰਪਾਲੂ ਹੁੰਦੀ ਹੈ। ਇਸ ਤੋਂ ਪਤਾ ਲੱਗਦਾ ਸੀ ਕਿ ਉਸ ਪਲੇਟੀਨਮ ਬਲੌਂਡ ਫਿਲਿਸ ਨੂੰ ਉਹ ਜ਼ਨਾਨੀ, ਜਿਸ ਨੂੰ ਮੈਂ ਚੱਡੇ ਨਾਲ ਤਾਂਗੇ ਵਿਚ ਦੇਖਿਆ ਸੀ, ਕਿਸੇ ਦੇ ਵੀ ਹਵਾਲੇ ਕਰ ਸਕਦੀ ਸੀ।
ਫਿਲਿਸ ਦੀਆਂ ਗੱਲਾਂ ਕਰਦਿਆਂ, ਚੱਡੇ ਨੇ, ਅਚਾਨਕ ਆਪਣੀ ਘੜੀ ਦੇਖੀ ਤੇ ਮੈਨੂੰ ਕਿਹਾ, “ਜਹਨੁੱਮ ‘ਚ ਜਾਏ ਇਹ ਛੋਹਰੀ—ਚੱਲ ਯਾਰ…ਭਾਬੀ ਉੱਥੇ ਕੋਇਲੇ ਹੋ ਰਹੀ ਹੋਵੇਗੀ—ਪਰ ਮੁਸੀਬਤ ਇਹ ਹੈ ਕਿ ਮੈਂ ਉੱਥੇ ਵੀ ਕਿਤੇ ਸੈਂਟੀਮੈਂਟਲ ਨਾ ਹੋ ਜਾਵਾਂ…ਖ਼ੈਰ, ਤੂੰ ਮੈਨੂੰ ਸੰਭਾਲ ਲਵੀਂ।” ਆਪਣੇ ਗ਼ਲਾਸ ਦੀਆਂ ਕੁਝ ਬੂੰਦਾਂ ਆਪਣੇ ਮੂੰਹ ਵਿਚ ਉਲੱਦ ਕੇ ਉਸਨੇ ਨੌਕਰ ਨੂੰ ਆਵਾਜ਼ ਮਾਰੀ, “ਮੰਮੀਆਂ ਦੇ ਮੁਲਕ, ਮਿਸਰ ਦੇ ਸ਼ਹਿਜ਼ਾਦੇ…”
ਮੰਮੀਆਂ ਦੇ ਮੁਲਕ, ਮਿਸਰ ਦਾ ਸ਼ਹਿਜਾਦਾ ਇੰਜ ਅੱਖਾਂ ਮਲਦਾ ਹੋਇਆ ਉੱਥੇ ਆਇਆ, ਜਿਵੇਂ ਉਸਨੂੰ ਸਦੀਆਂ ਪਿੱਛੋਂ ਖੋਦ ਕੇ ਬਾਹਰ ਕੱਢਿਆ ਗਿਆ ਹੋਵੇ। ਚੱਡੇ ਨੇ ਉਸਦੇ ਮੂੰਹ ਉੱਤੇ ਰੰਮ ਦੇ ਛਿੱਟੇ ਮਾਰੇ ਤੇ ਕਿਹਾ, “ਦੋ ਵਧੀਆ ਤਾਂਗੇ ਲੈ ਆ…ਜਿਹੜੇ ਮਿਸਰ ਦੇ ਰਥ ਲੱਗਦੇ ਹੋਣ।” ਤਾਂਗੇ ਆ ਗਏ। ਅਸੀਂ ਸਾਰੇ ਉਹਨਾਂ ਉੱਤੇ ਚੜ੍ਹ ਕੇ ਪ੍ਰਭਾਤਨਗਰ ਵੱਲ ਤੁਰ ਪਏ। ਮੇਰਾ ਪੁਰਾਣਾ ਫ਼ਿਲਮਾਂ ਦਾ ਸਾਥੀ ਹਰੀਸ਼ ਘਰੇ ਹੀ ਸੀ। ਏਨੀ ਦੂਰ ਸਥਿੱਤ ਸਥਾਨ ਉੱਤੇ ਰਹਿਣ ਦੇ ਬਾਵਜ਼ੂਦ ਉਸਨੇ ਮੇਰੀ ਪਤਨੀ ਦੀ ਖਾਤਰਦਾਰੀ ਵਿਚ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ। ਚੱਡੇ ਨੇ ਅੱਖ ਦੇ ਇਸ਼ਾਰੇ ਨਾਲ ਉਸਨੂੰ ਸਾਰਾ ਮਾਮਲਾ ਸਮਝਾ ਦਿੱਤਾ ਸੀ, ਸੋ ਉਹ ਬੜਾ ਲਾਭਕਾਰੀ ਸਾਬਤ ਹੋਇਆ। ਮੇਰੀ ਪਤਨੀ ਨੇ ਆਪਣਾ ਕੋਪ ਜ਼ਾਹਰ ਨਹੀਂ ਕੀਤਾ। ਉਸਦਾ ਸਮਾਂ ਉੱਥੇ ਕੁਝ ਚੰਗਾ ਹੀ ਬੀਤਿਆ ਜਾਪਦਾ ਸੀ। ਹਰੀਸ਼ ਨੇ ਜਿਹੜਾ ਔਰਤਾਂ ਦੇ ਸੁਭਾਅ ਦਾ ਚੰਗਾ ਜਾਣਕਾਰ ਸੀ, ਬੜੀਆਂ ਮਜ਼ੇਦਾਰ ਗੱਲਾਂ ਕੀਤੀਆਂ ਤੇ ਅੰਤ ਵਿਚ ਮੇਰੀ ਪਤਨੀ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਸ਼ੂਟਿੰਗ ਦੇਖਣ ਚੱਲੇ, ਜਿਹੜੀ ਉਸ ਦਿਨ ਹੋਣੀ ਸੀ। ਮੇਰੀ ਪਤਨੀ ਨੇ ਪੁੱਛਿਆ, “ਕੋਈ ਗਾਣਾ ਫ਼ਿਲਮਾ ਰਹੇ ਹੋ ਤੁਸੀਂ?”
ਹਰੀਸ਼ ਨੇ ਉਤਰ ਦਿੱਤਾ, “ਜੀ ਨਹੀਂ—ਉਹ ਕੱਲ੍ਹ ਦਾ ਪ੍ਰੋਗਰਾਮ ਏਂ—ਮੇਰਾ ਖ਼ਿਆਲ ਏ ਤੁਸੀਂ ਕੱਲ੍ਹ ਹੀ ਚੱਲਿਓ।”
ਹਰੀਸ਼ ਦੀ ਪਤਨੀ ਸ਼ੂਟਿੰਗ ਦੇਖ-ਦੇਖ ਕੇ ਤੇ ਦਿਖਾਅ-ਦਿਖਾਅ ਕੇ ਤੰਗ ਆਈ ਹੋਈ ਜਾਪਦੀ ਸੀ। ਉਸਨੇ ਝੱਟ ਮੇਰੀ ਪਤਨੀ ਨੂੰ ਕਿਹਾ, “ਹਾਂ, ਕੱਲ੍ਹ ਠੀਕ ਰਹੇਗਾ।” ਫੇਰ ਸਾਰਿਆਂ ਵੱਲ ਦੇਖ ਕੇ ਬੋਲੀ, “ਅੱਜ ਇਹਨਾਂ ਨੂੰ ਸਫ਼ਰ ਦੀ ਥਕਾਣ ਵੀ ਹੈ।”
ਅਸਾਂ ਸਾਰਿਆਂ ਨੇ ਸੁਖ ਦਾ ਸਾਹ ਲਿਆ। ਹਰੀਸ਼ ਨੇ ਫੇਰ ਕੁਝ ਚਿਰ ਹੋਰ ਮਜ਼ੇਦਾਰ ਗੱਲਾਂ ਕੀਤੀਆਂ, ਅਖੀਰ ਵਿਚ ਮੈਨੂੰ ਕਿਹਾ, “ਚੱਲ ਯਾਰ, ਤੂੰ ਚੱਲ ਮੇਰੇ ਨਾਲ,” ਫੇਰ ਮੇਰੇ ਤਿੰਨਾਂ ਸਾਥੀਆਂ ਵੱਲ ਦੇਖਿਆ, “ਇਹਨਾਂ ਨੂੰ ਛੱਡੋ…ਸੇਠ ਸਾਹਬ ਤੁਹਾਡੀ ਕਹਾਣੀ ਸੁਣਨਾ ਚਾਹੁੰਦੇ ਨੇ।”
ਮੈਂ ਪਤਨੀ ਵੱਲ ਦੇਖਿਆ ਤੇ ਹਰੀਸ਼ ਨੂੰ ਕਿਹਾ, “ਇਹਨਾਂ ਤੋਂ ਇਜਾਜ਼ਤ ਲੈ ਲੈ ਬਈ।”
ਮੇਰੀ ਭੋਲੀ-ਭਾਲੀ ਪਤਨੀ ਜਾਲ ਵਿਚ ਫਸ ਚੁੱਕੀ ਸੀ। ਉਸਨੇ ਹਰੀਸ਼ ਨੂੰ ਕਿਹਾ, “ਮੈਂ ਬੰਬਈ ਤੋਂ ਤੁਰਨ ਲੱਗਿਆਂ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਆਪਣਾ ਡਾਕੂਮੈਂਟ ਵਾਲਾ ਬਕਸ ਨਾਲ ਲੈ ਚੱਲੀਏ, ਪਰ ਇਹਨਾਂ ਨੇ ਕਿਹਾ, ਕੋਈ ਲੋੜ ਨਹੀਂ। ਹੁਣ ਇਹ ਕਹਾਣੀ ਕੀ ਸੁਣਾਉਣਗੇ?”
ਹਰੀਸ਼ ਨੇ ਕਿਹਾ, “ਜ਼ਬਾਨੀ ਸੁਣਾ ਦਏਗਾ।” ਫੇਰ ਉਸਨੇ ਮੇਰੇ ਵੱਲ ਇੰਜ ਦੇਖਿਆ, ਜਿਵੇਂ ਕਹਿ ਰਿਹਾ ਹੋਵੇ ਕਿ ਜਲਦੀ ਹਾਂ ਕਹਿ ਬਈ।
ਮੈਂ ਹੌਲੀ ਜਿਹੇ ਕਿਹਾ, “ਹਾਂ, ਇੰਜ ਹੋ ਸਕਦਾ ਏ।”
ਚੱਡੇ ਨੇ ਉਸ ਡਰਾਮੇਂ ਨੂੰ ਅੰਤਿਮ ਟੱਚ ਦਿੱਤਾ, “ਤਾਂ ਭਰਾ ਅਸੀਂ ਚੱਲਦੇ ਆਂ।” ਤੇ ਉਹ ਤਿੰਨੇ ਸਲਾਮ-ਨਮਸਤੇ ਕਰਕੇ ਚਲੇ ਗਏ। ਥੋੜ੍ਹੇ ਚਿਰ ਪਿੱਛੋਂ ਮੈਂ ਤੇ ਹਰੀਸ਼ ਨਿਕਲੇ। ਪ੍ਰਭਾਤਨਗਰ ਦੇ ਬਾਹਰ ਤਾਂਗੇ ਖੜ੍ਹੇ ਸਨ। ਚੱਡੇ ਨੇ ਸਾਨੂੰ ਦੇਖਿਆ ਤੇ ਜ਼ੋਰਦਾਰ ਨਾਅਰਾ ਲਾਇਆ, “ਰਾਜਾ ਹਰੀਸ਼ ਚੰਦਰ ਦੀ, ਜੈ!”
— — —
ਸ਼ਾਮੀਂ ਸਾਡੀ ਮਹਿਫ਼ਿਲ ਜੰਮੀ, ਮੰਮੀ ਦੇ ਘਰ।
ਇਹ ਵੀ ਇਕ ਕਾਟੇਜ ਸੀ—ਸ਼ਕਲ ਸੂਰਤ ਤੇ ਬਨਾਵਟ ਵਿਚ ਸਈਦਾ ਕਾਟੇਜ ਵਰਗਾ ਹੀ—ਪਰ ਬੜਾ ਸਾਫ-ਸੂਥਰਾ, ਜਿਸ ਵਿਚ ਮੰਮੀ ਦੇ ਸਲੀਕੇ ਦਾ ਪਤਾ ਲੱਗਦਾ ਸੀ। ਫਰਨੀਚਰ ਆਮ ਵਰਗਾ ਹੀ ਸੀ, ਪਰ ਜਿਹੜੀਆਂ ਚੀਜਾਂ ਇੱਥੇ ਸਨ, ਸਜੀਆਂ ਹੋਈਆਂ ਸਨ। ਮੈਂ ਸੋਚਿਆ ਸੀ ਮੰਮੀ ਦਾ ਘਰ ਕੋਈ ਰੰਡੀਖਾਨਾ ਹੋਏਗਾ, ਪਰ ਉਸ ਘਰ ਦੀ ਕਿਸੇ ਚੀਜ ਤੋਂ ਵੀ ਨਜ਼ਰਾਂ ਨੂੰ ਅਜਿਹੀ ਸ਼ੰਕਾ ਨਹੀਂ ਸੀ ਹੁੰਦੀ। ਉਹ ਓਨਾਂ ਹੀ ਸ਼ਰੀਫ਼ਾਨਾ ਸੀ ਜਿੰਨਾਂ ਇਕ ਮੱਧ ਵਰਗੀ ਈਸਾਈ ਦਾ ਘਰ ਹੁੰਦਾ ਹੈ। ਪਰ ਮੰਮੀ ਦੀ ਉਮਰ ਦੇ ਮੁਕਾਬਲੇ ਉਹ ਕੁਝ ਵਧੇਰੇ ਹੀ ਜਵਾਨ ਦਿਖਾਈ ਦਿੱਤਾ ਸੀ। ਉਸ ਉੱਤੇ ਉਹ ਮੇਕਅੱਪ ਨਹੀਂ ਸੀ, ਜਿਹੜਾ ਮੈਂ ਮੰਮੀ ਦੇ ਝੁਰੜੀਆਂ ਵਾਲੇ ਚਿਹਰੇ ਉੱਤੇ ਦੇਖਿਆ ਸੀ। ਜਦੋਂ ਮੰਮੀ ਡਰਾਇੰਗ-ਰੂਮ ਵਿਚ ਆਈ ਤਾਂ ਮੈਂ ਸੋਚਿਆ ਕਿ ਆਲੇ ਦੁਆਲੇ ਦੀਆਂ ਜਿੰਨੀਆਂ ਚੀਜਾਂ ਨੇ, ਉਹ ਅੱਜ ਦੀਆਂ ਨਹੀਂ ਕਈ ਵਰ੍ਹੇ ਪੁਰਾਣੀਆਂ ਨੇ, ਸਿਰਫ ਮੰਮੀ ਅੱਗੇ ਨਿਕਲ ਕੇ ਬੁੱਢੀ ਹੋ ਗਈ ਹੈ ਤੇ ਉਹ ਜਿਵੇਂ ਦੀਆਂ ਤਿਵੇਂ ਹੀ ਪਈਆਂ ਨੇ। ਉਹਨਾਂ ਦੀ ਜੋ ਉਮਰ ਸੀ, ਉਹ ਉੱਥੇ ਹੀ ਅਟਕੀ ਰਹੀ…ਪਰ ਜਦੋਂ ਮੈਂ ਉਸਦੇ ਗੂੜ੍ਹੇ ਭੜਕੀਲੇ ਮੇਕਅੱਪ ਵੱਲ ਦੇਖਿਆ ਤਾਂ ਮੇਰੇ ਦਿਲ ਵਿਚ ਪਤਾ ਨਹੀਂ ਕਿਉਂ, ਇਹ ਇੱਛਾ ਪੈਦਾ ਹੋਈ ਕਿ ਉਹ ਵੀ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਵਾਂਗ ਜਵਾਨ ਬਣ ਜਾਏ।
ਚੱਡੇ ਨੇ ਉਸ ਨਾਲ ਮੇਰੀ ਜਾਣ-ਪਛਾਣ ਕਰਵਾਈ, ਜਿਹੜੀ ਬੜੀ ਸੰਖੇਪ ਸੀ ਤੇ ਫੇਰ ਸੰਖੇਪ ਵਿਚ ਹੀ ਉਸਨੇ ਮੈਨੂੰ ਮੰਮੀ ਬਾਰੇ ਇਹ ਦੱਸਿਆ, “ਇਹ ਮੰਮੀ ਏਂ…ਦੀ ਗਰੇਟ ਮੰਮੀ…।”
ਮੰਮੀ ਆਪਣੀ ਪ੍ਰਸ਼ੰਸਾ ਸੁਣ ਕੇ ਮੁਸਕਰਾ ਪਈ ਤੇ ਮੇਰੇ ਵੱਲ ਦੇਖ ਕੇ ਉਸਨੇ ਚੱਡੇ ਨੂੰ ਅੰਗਰੇਜ਼ੀ ਵਿਚ ਕਿਹਾ, “ਤੂੰ ਜਿਹੜੀ ਚਾਹ ਮੰਗਵਾਈ ਸੀ, ਉਹ ਬੜੀ ਕਾਹਲੀ ਵਿਚ ਬਣੀ ਸੀ, ਉਹ ਸ਼ਾਇਦ ਇਹਨਾਂ ਨੂੰ ਪਸੰਦ ਨਾ ਆਈ ਹੋਵੇ।” ਫੇਰ ਉਸਨੇ ਮੇਰੇ ਵੱਲ ਭੌਂ ਕੇ ਕਿਹਾ, “ਮਿਸਟਰ ਮੰਟੋ, ਮੈਂ ਬੜੀ ਸ਼ਰਮਿੰਦਾ ਆਂ। ਅਸਲ ਵਿਚ ਸਾਰਾ ਕਸੂਰ ਤੁਹਾਡੇ ਦੋਸਤ ਚੱਡੇ ਦਾ ਏ, ਜਿਹੜਾ ਮੇਰਾ ਬੜਾ ਹੀ ਵਿਗੜਿਆ ਹੋਇਆ ਬੱਚਾ ਏ।”
ਮੈਂ ਯੋਗ ਸ਼ਬਦਾਂ ਵਿਚ ਚਾਹ ਦੀ ਪ੍ਰਸ਼ੰਸਾ ਕੀਤੀ ਤੇ ਉਸਨੂੰ ਧੰਨਵਾਦ ਦਿੱਤਾ। ਮੰਮੀ ਨੇ ਮੈਨੂੰ ਵਾਧੂ ਦੀ ਤਾਰੀਫ ਨਾ ਕਰਨ ਲਈ ਕਿਹਾ ਤੇ ਫੇਰ ਚੱਡੇ ਨੂੰ ਕਿਹਾ, “ਰਾਤ ਦਾ ਖਾਣਾ ਤਿਆਰ ਏ…ਇਹ ਮੈਂ ਇਸ ਲਈ ਕੀਤਾ ਕਿ ਤੂੰ ਐਨ ਮੌਕੇ ‘ਤੇ ਮੇਰੇ ਸਿਰ ‘ਤੇ ਸਵਾਰ ਹੋ ਜਾਏਂਗਾ…।”
ਚੱਡੇ ਨੇ ਮੰਮੀ ਨੂੰ ਗਲ਼ੇ ਲਾ ਲਿਆ, “ਯੂ ਆਰ ਏ ਜਿਊਲ ਮੰਮੀ! ਇਹ ਖਾਣਾ ਹੁਣ ਅਸੀਂ ਖਾਵਾਂਗੇ।”
ਮੰਮੀ ਨੇ ਤ੍ਰਬਕ ਕੇ ਕਿਹਾ, “ਕੀ?…ਨਹੀਂ, ਬਿਲਕੁਲ ਨਹੀਂ।” ਚੱਡੇ ਨੇ ਉਸਨੂੰ ਦੱਸਿਆ, “ਮਿਸੇਜ ਮੰਟੋ ਨੂੰ ਅਸੀਂ ਪ੍ਰਭਾਤ ਨਗਰ ਛੱਡ ਆਏ ਆਂ।”
ਮੰਮੀ ਕੂਕੀ, “ਖ਼ੁਦਾ ਤੈਨੂੰ ਗਰਕ ਕਰੇ ਇਹ ਤੁਸੀਂ ਕੀ ਕੀਤਾ—ਇਹ ਤੂੰ ਕੀ ਕੀਤਾ!” ਚੱਡਾ ਖਿੜਖਿੜ ਕਰਕੇ ਹੱਸਿਆ, “ਅੱਜ ਪਾਰਟੀ ਜੋ ਹੋਣੀ ਸੀ।”
“ਉਹ ਤਾਂ ਮੈਂ ਮਿਸਟਰ ਮੰਟੋ ਨੂੰ ਦੇਖਦਿਆਂ ਹੀ ਆਪਣੇ ਵੱਲੋਂ ਕੈਂਸਲ ਕਰ ਦਿੱਤੀ ਸੀ।” ਮੰਮੀ ਨੇ ਆਪਣੀ ਸਿਗਰੇਟ ਸੁਲਗਾਈ।
ਚੱਡੇ ਦਾ ਦਿਲ ਬੈਠ ਗਿਆ। “ਖ਼ੁਦਾ ਹੁਣ ਤੈਨੂੰ ਗਰਕ ਕਰੇ…ਤੇ ਇਹ ਸਾਰਾ ਪਲਾਨ ਤਾਂ ਅਸੀਂ ਇਸੇ ਪਾਰਟੀ ਲਈ ਬਣਾਇਆ ਸੀ।” ਉਹ ਕੁਰਸੀ ਉੱਤੇ ਨਿਰਾਸ਼ ਜਿਹਾ ਹੋ ਕੇ ਬੈਠ ਗਿਆ ਤੇ ਕਮਰੇ ਦੇ ਕਣ-ਕਣ ਨੂੰ ਸੰਬੋਧਤ ਕਰਕੇ ਕਹਿਣ ਲੱਗਾ, “ਲੈ, ਸਾਰੇ ਸੁਪਨੇ ਮਲੀਆਮੇਟ ਹੋ ਗਏ ਨੇ…ਪਲੇਟੀਨਮ ਬਲੌਂਡ…ਮੂਧੇ ਸੱਪ ਦੇ ਨਿੱਕੇ-ਨਿੱਕੇ ਛਿੰਭਾਂ ਤੇ ਚਾਣਿਆਂ ਰੰਗੇ ਵਾਲਾਂ ਵਾਲੀਏ ਕੁੜੀਏ…।” ਯਕਦਮ ਉੱਠ ਕੇ ਉਸਨੇ ਮੰਮੀ ਨੂੰ ਬਾਹਾਂ ਤੋਂ ਫੜ੍ਹ ਲਿਆ, “ਕੈਂਸਲ ਕਰ ਦਿੱਤੀ—ਆਪਣੇ ਵੱਲੋਂ ਕੈਂਸਲ ਕੀਤੀ ਸੀ ਨਾ…ਲਓ, ਮੈਂ ਉਸ ਉੱਤੇ ਸਹੀ ਦਾ ਨਿਸ਼ਾਨ ਲਾ ਦੇਂਦਾ ਆਂ।” ਤੇ ਉਸਨੇ ਮੰਮੀ ਦੇ ਦਿਲ ਵਾਲੀ ਥਾਂ ਬੜੀ ਵੱਡੀ ਸਹੀ ਮਾਰੀ ਤੇ ਉੱਚੀ ਆਵਾਜ਼ ਵਿਚ ਕੂਕਿਆ, “ਹੁਰ-ਰੇ!”
ਮੰਮੀ ਸਬੰਧਤ ਲੋਕਾਂ ਨੂੰ ਸੁਨੇਹੇ ਭੇਜ ਚੁੱਕੀ ਸੀ ਕਿ ਪਾਰਟੀ ਕੈਂਸਲ ਹੋ ਚੁੱਕੀ ਹੈ। ਪਰ ਮੈਂ ਮਹਿਸੂਸ ਕੀਤਾ ਕਿ ਉਹ ਚੱਡੇ ਦਾ ਦਿਲ ਨਹੀਂ ਸੀ ਤੋੜਨਾ ਚਾਹੁੰਦੀ। ਇਸ ਲਈ ਉਸਨੇ ਬੜੇ ਲਾਡ ਨਾਲ ਉਸ ਦੀਆਂ ਗੱਲ੍ਹਾਂ ਥਾਪੜਦਿਆਂ ਹੋਇਆਂ ਕਿਹਾ, “ਤੂੰ ਫਿਕਰ ਨਾ ਕਰ ਮੈਂ ਹੁਣੇ ਇੰਤਜ਼ਾਮ ਕਰਦੀ ਆਂ।”
ਉਹ ਇੰਤਜ਼ਾਮ ਕਰਨ ਬਾਹਰ ਚਲੀ ਗਈ। ਚੱਡੇ ਨੇ ਖੁਸ਼ੀ ਦਾ ਇਕ ਹੋਰ ਨਾਅਰਾ ਲਾਇਆ ਤੇ ਵਣਕਤਰੇ ਨੂੰ ਕਿਹਾ, “ਜਨਰਲ ਵਣਕਤਰੇ—ਜਾਓ, ਹੈਡਕਵਾਰਟਰ ਤੋਂ ਸਾਰੀਆਂ ਤੋਪਾਂ ਲੈ ਆਓ।”
ਵਣਕਤਰੇ ਨੇ ਸੈਲਸੂਟ ਕੀਤਾ ਤੇ ਆਗਿਆ ਦਾ ਪਾਲਨ ਕਰਨ ਲਈ ਚਲਾ ਗਿਆ। ਸਈਦਾ ਕਾਟੇਜ ਬਿਲਕੁਲ ਨੇੜੇ ਹੀ ਸੀ। ਦਸ ਮਿੰਟ ਦੇ ਅੰਦਰ-ਅੰਦਰ ਉਹ ਬੋਤਲਾਂ ਲੈ ਕੇ ਵਾਪਸ ਆ ਗਿਆ। ਉਸਦੇ ਨਾਲ ਚੱਡੇ ਦਾ ਨੌਕਰ ਵੀ ਸੀ। ਚੱਡੇ ਨੇ ਉਸਨੂੰ ਦੇਖਿਆ ਤਾਂ ਉਸਦਾ ਸਵਾਗਤ ਕੀਤਾ, “ਆਓ, ਆਓ—ਮੇਰੇ ਕੋਹਕਾਫ ਦੇ ਸ਼ਹਿਜ਼ਾਦੇ…ਉਹ…ਉਹ ਸੱਪ ਦੇ ਛਿੰਬਾਂ ਤੇ ਚਾਣਿਆਂ ਦੀ ਰੰਗਤ ਵਾਲੇ ਵਾਲਾਂ ਵਾਲੀ ਕੁੜੀ ਆ ਰਹੀ ਹੈ…ਤੂੰ ਵੀ ਕਿਸਮਤ ਆਜ਼ਮਾਈ ਕਰ ਲਵੀਂ।”
ਰਣਜੀਤ ਕੁਮਾਰ ਤੇ ਗਰੀਬ ਨਿਵਾਜ਼ ਨੂੰ ਚੱਡੇ ਦਾ ਇੰਜ ਖੁੱਲ੍ਹਾ ਸੱਦਾ ਦੇਣਾ ਚੰਗਾ ਨਹੀਂ ਸੀ ਲੱਗਿਆ। ਦੋਵਾਂ ਨੇ ਮੈਨੂੰ ਕਿਹਾ ਕਿ ਇਹ ਚੱਡੇ ਨੇ ਬੜੀ ਘਟੀਆ ਗੱਲ ਕੀਤੀ ਹੈ। ਇਹ ਘਟੀਆ ਗੱਲ ਉਹਨਾਂ ਨੂੰ ਚੁਭ ਗਈ ਜਾਪਦੀ ਸੀ। ਚੱਡਾ ਆਦਤ ਅਨੁਸਾਰ ਆਪਣੇ ਘੋੜੇ ਦੌੜਾਉਂਦਾ ਰਿਹਾ ਤੇ ਉਹ ਚੁੱਪਚਾਪ ਇਕ ਨੁੱਕਰੇ ਬੈਠੇ, ਰੰਮ ਪੀਂਦੇ ਤੇ ਇਕ ਦੂਜੇ ਨਾਲ ਆਪਣਾ ਸੁਖ-ਦੁਖ ਸਾਂਝਾ ਕਰਦੇ ਰਹੇ।
ਮੈਂ ਮੰਮੀ ਬਾਰੇ ਸੋਚ ਰਿਹਾ ਸਾਂ। ਡਰਾਇੰਗ-ਰੂਮ ਵਿਚ ਗਰੀਬ ਨਿਵਾਜ਼, ਰਣਜੀਤ ਕੁਮਾਰ ਤੇ ਚੱਡਾ ਬੈਠੇ ਸਨ। ਇੰਜ ਲੱਗਦਾ ਸੀ ਕਿ ਛੋਟੇ-ਛੋਟੇ ਬੱਚੇ ਬੈਠੇ ਨੇ ਤੇ ਇਹਨਾਂ ਦੀ ਮਾਂ ਬਾਹਰ ਖਿਡੌਣੇ ਲੈਣ ਗਈ ਹੈ ਤੇ ਇਹ ਸਾਰੇ ਉਸ ਦੀ ਉਡੀਕ ਕਰ ਰਹੇ ਨੇ। ਚੱਡਾ ਸੰਤੁਸ਼ਟ ਹੈ ਕਿ ਸਭ ਤੋਂ ਵਧੀਆ ਖਿਡੌਣਾ ਉਸਨੂੰ ਮਿਲੇਗਾ, ਇਸ ਲਈ ਕਿ ਉਹ ਆਪਣੀ ਮਾਂ ਦਾ ਚਹੇਤਾ ਹੈ। ਬਾਕੀ ਦੋਵਾਂ ਦਾ ਦੁੱਖ ਕਿਉਂਕਿ ਇਕੋ ਜਿਹਾ ਸੀ, ਇਸ ਲਈ ਉਹ ਇਕ ਦੂਜੇ ਦੇ ਹਿਤੈਸ਼ੀ ਬਣ ਗਏ ਸਨ। ਸ਼ਰਾਬ ਇਸ ਵਾਤਾਵਰਣ ਵਿਚ ਦੁੱਧ ਜਾਪਦੀ ਸੀ। ਉਹ ਪਲੈਟੀਨਮ ਬਲੌਂਡ…ਉਸਦੀ ਕਲਪਣਾ ਦਿਮਾਗ਼ ਵਿਚ ਇਕ ਛੋਟੀ ਜਿਹੀ ਗੁੱਡੀਆ ਵਾਂਗ ਆਉਂਦੀ ਸੀ…ਹਰ ਵਾਤਾਵਰਣ ਦਾ ਆਪਣਾ ਇਕ ਵਿਸ਼ੇਸ਼ ਸੰਗੀਤ ਹੁੰਦਾ ਹੈ। ਉਸ ਸਮੇਂ ਜਿਹੜਾ ਸੰਗੀਤ ਮੇਰੇ ਦਿਲ ਤੇ ਕੰਨਾਂ ਤਕ ਪਹੁੰਚ ਰਿਹਾ ਸੀ, ਉਸ ਵਿਚ ਕੋਈ ਸੁਰ ਉਤੇਜਕ ਨਹੀਂ ਸੀ। ਹਰ ਚੀਜ ਮਾਂ ਤੇ ਉਸਦੇ ਬੱਚਿਆਂ ਦੇ ਆਪਸੀ ਸੰਬੰਧਾਂ ਵਾਂਗ ਸਪਸ਼ਟ ਸੀ।

ਮੈਂ ਜਦੋਂ ਉਸਨੂੰ ਤਾਂਗੇ ਵਿਚ ਚੱਡੇ ਨਾਲ ਦੇਖਿਆ ਸੀ, ਉਦੋਂ ਮੈਨੂੰ ਧੱਕਾ ਜਿਹਾ ਲੱਗਾ ਸੀ। ਮੈਨੂੰ ਅਫ਼ਸੋਸ ਹੋਇਆ ਕਿ ਮੇਰੇ ਦਿਲ ਵਿਚ ਉਹਨਾਂ ਦੋਵਾਂ ਦੇ ਸੰਬੰਧ ਬਾਰੇ ਬੁਰੇ ਵਿਚਾਰ ਪੈਦਾ ਹੋਏ; ਪਰ ਇਹ ਚੀਜ ਮੈਨੂੰ ਵਾਰ ਵਾਰ ਸਤਾਅ ਰਹੀ ਸੀ ਕਿ ਉਹ ਏਨਾ ਗੂੜ੍ਹਾ ਮੇਕਅੱਪ ਕਿਉਂ ਕਰਦੀ ਹੈ, ਜਿਹੜਾ ਉਸਦੀਆਂ ਝੁਰੜੀਆਂ ਦੀ ਬੇਅਦਬੀ ਹੈ। ਉਸ ਮਮਤਾ ਦਾ ਅਪਮਾਨ ਹੈ, ਜਿਹੜੀ ਉਸਦੇ ਦਿਲ ਵਿਚ ਚੱਡੇ, ਗਰੀਬ ਨਿਵਾਜ਼ ਤੇ ਵਣਕਤਰੇ ਲਈ ਮੌਜ਼ੂਦ ਹੈ…ਤੇ ਰੱਬ ਜਾਣੇ ਹੋਰ ਕਿਸ ਕਿਸ ਲਈ…
ਗੱਲਾਂ ਗੱਲਾਂ ਵਿਚ ਮੈਂ ਚੱਡੇ ਤੋਂ ਪੁੱਛਿਆ, “ਯਾਰ, ਇਹ ਤਾਂ ਦੱਸ ਕਿ ਤੇਰੀ ਮੰਮੀ ਏਨਾ ਭੜਕੀਲਾ ਮੇਕਅੱਪ ਕਿਉਂ ਕਰਦੀ ਏ?”
“‘ਇਸ ਲਈ ਕਿ ਦੁਨੀਆਂ ਹਰੇਕ ਭੜਕੀਲੀ ਚੀਜ਼ ਨੂੰ ਪਸੰਦ ਕਰਦੀ ਏ—ਤੇਰੇ ਤੇ ਮੇਰੇ ਵਰਗੇ ਉੱਲੂ ਇਸ ਦੁਨੀਆਂ ਵਿਚ ਬੜੇ ਘੱਟ ਨੇ, ਜਿਹੜੇ ਮੱਧਮ ਸੁਰਾਂ ਤੇ ਫਿੱਕੇ ਰੰਗ ਨੂੰ ਪਸੰਦ ਕਰਦੇ ਨੇ। ਜਿਹੜੇ ਜਵਾਨੀ ਨੂੰ ਬਚਪਨ ਦੇ ਰੂਪ ਵਿਚ ਨਹੀਂ ਦੇਖਣਾ ਚਾਹੁੰਦੇ ਤੇ…ਤੇ ਜਿਹੜੇ ਬੁਢੇਪੇ ਵਿਚ ਜਵਾਨੀ ਦੀ ਟਿੱਪ-ਟਾਪ ਨੂੰ ਪਸੰਦ ਨਹੀਂ ਕਰਦੇ। ਅਸੀਂ ਜਿਹੜੇ ਖ਼ੁਦ ਨੂੰ ਕਲਾਕਾਰ ਕਹਿੰਦੇ ਹਾਂ, ਉੱਲੂ ਦੇ ਪੱਠੇ ਆਂ…ਮੈਂ ਤੈਨੂੰ ਇਕ ਦਿਲਚਸਪ ਘਟਨਾ ਸੁਣਾਉਦਾ ਆਂ…ਵਿਸਾਖੀ ਦਾ ਮੇਲਾ ਸੀ…ਤੁਹਾਡੇ ਅੰਮ੍ਰਿਤਸਰ ਵਿਚ…ਰਾਮ ਬਾਗ ਦੇ ਉਸ ਬਾਜ਼ਾਰ ਵਿਚੋਂ, ਜਿੱਥੇ ਟਕੈਈਆਂ (ਵੇਸ਼ਵਾਵਾਂ) ਰਹਿੰਦੀਆਂ ਨੇ, ਕੁਝ ਜੱਟ ਲੰਘ ਰਹੇ ਸਨ…ਇਕ ਤੰਦਰੁਸਤ ਜਵਾਨ, ਖਾਲਸ ਦੁੱਧ ਤੇ ਮੱਖਣ ਉੱਤੇ ਪਲੇ ਹੋਏ ਜਵਾਨ ਨੇ, ਜਿਸਦੀ ਨਵੀਂ ਜੁੱਤੀ ਉਸਦੀ ਡਾਂਗ ਉੱਤੇ ਬਾਜ਼ੀਗਰੀ ਕਰ ਰਹੀ ਸੀ, ਉਪਰ ਇਕ ਕੋਠੇ ਵੱਲ ਦੇਖਿਆ, ਇਕ ਟਕੈਈ ਦੀਆਂ ਤੇਲ ਨਾਲ ਤਰ ਜੁਲਫ਼ਾਂ ਉਸਦੇ ਮੱਥੇ ਉੱਤੇ ਬੜੇ ਬਦਸੂਰਤ ਢੰਗ ਨਾਲ ਜੰਮੀਆਂ ਹੋਈਆਂ ਸਨ। ਉਸਨੇ ਆਪਣੇ ਸਾਥੀ ਦੀ ਵੱਖੀ ਵਿਚ ਹੁੱਜਾ ਜਿਹਾ ਮਾਰ ਕੇ ਕਿਹਾ, ‘ਓਇ ਲਹਿਣਾ ਸਿਆਂ…ਵੇਖ, ਔਹ ਉਪਰ ਵੇਖ, ਅਸੀਂ ਤੇ ਪਿੰਡ ਵਿਚ ਮੱਝਾਂ ਈ…'” ਅੰਤਮ ਸ਼ਬਦ ਪਤਾ ਨਹੀਂ ਚੱਡੇ ਨੇ ਕਿਉਂ ਗੋਲ ਕਰ ਦਿੱਤੇ ਸਨ। ਹਾਲਾਂਕਿ ਉਹ ਕਿਸੇ ਕਿਸਮ ਦੀ ਫਾਰਮੈਲਟੀ ਵਰਤਨ ਵਾਲਾ ਬੰਦਾ ਨਹੀਂ ਸੀ। ਫੇਰ ਉਹ ਖਿੜਖਿੜ ਕਰਕੇ ਹੱਸਣ ਲੱਗਾ ਤੇ ਮੇਰੇ ਗ਼ਲਾਸ ਵਿਚ ਰੰਮ ਪਾ ਕੇ ਬੋਲਿਆ, “ਉਸ ਜੱਟ ਲਈ ਉਹ ਚੁੜੈਲ ਹੀ ਉਦੋਂ ਕੋਹਕਾਫ ਦੀ ਪਰੀ ਸੀ ਤੇ ਨਰੋਈਆਂ ਮੁਇਆਰਾਂ ਬੇਡੌਲ ਮੱਝਾਂ…ਅਸੀਂ ਸਾਰੇ ਝੱਬੂ ਹਾਂ…ਵਿਚਾਲੜੇ ਦਰਜ਼ੇ ਦੇ…ਇਸੇ ਲਈ ਕਿ ਇਸ ਦੁਨੀਆਂ ਵਿਚ ਕੋਈ ਚੀਜ ਅੱਵਲ ਦਰਜੇ ਦੀ ਨਹੀਂ…ਤੀਜੇ ਦਰਜੇ ਦੀ ਏ ਜਾਂ ਵਿਚਾਲੜੇ ਦਰਜੇ ਦੀ…ਪਰ…ਪਰ ਫਿਲਿਸ ਖਾਸਮ-ਖਾਸ ਦਰਜੇ ਦੀ ਚੀਜ ਹੈ…ਉਹ ਸੱਪ ਦੇ ਛਿੰਬ…।”
ਵਣਕਤਰੇ ਨੇ ਆਪਣਾ ਗ਼ਲਾਸ ਚੁੱਕ ਕੇ ਚੱਡੇ ਦੇ ਸਿਰ ਉੱਤੇ ਉਲਟ ਦਿੱਤਾ। “ਛਿੰਬ…ਚਾਣੇ…ਤੇਰਾ ਦਿਮਾਗ਼ ਖ਼ਰਾਬ ਹੋ ਗਿਐ।”
ਚੱਡੇ ਨੇ ਮੱਥੇ ਤੋਂ ਚੋ ਰਹੀ ਰੰਮ ਦੀਆਂ ਬੁੰਦਾਂ ਨੂੰ ਚੱਟਣਾ ਸ਼ੁਰੂ ਕਰ ਦਿੱਤਾ ਤੇ ਵਣਕਤਰੇ ਨੂੰ ਕਿਹਾ, “ਲੈ, ਹੁਣ ਸੁਣਾਅ…ਤੇਰਾ ਪਿਓ ਸਾਲਾ ਤੈਨੂੰ ਕਿੰਨੀ ਮੁਹੱਬਤ ਕਰਦਾ ਸੀ…ਮੇਰਾ ਦਿਮਾਗ਼ ਹੁਣ ਕਾਫੀ ਠੰਡਾ ਹੋ ਗਿਆ ਏ।”
ਵਣਕਤਰੇ ਬੜਾ ਗੰਭੀਰ ਹੋ ਕੇ ਮੈਨੂੰ ਕਹਿਣ ਲੱਗਾ, “ਬਾਈ ਗਾਡ, ਉਹ ਮੈਨੂੰ ਬੜੀ ਮੁਹੱਬਤ ਕਰਦਾ ਸੀ…ਮੈਂ ਫਿਫਟੀਨ ਈਅਰ ਦਾ ਸੀ ਕਿ ਉਸਨੇ ਮੇਰੀ ਸ਼ਾਦੀ ਕਰ ਦਿੱਤੀ।”
ਚੱਡਾ ਉੱਚੀ ਸਾਰੀ ਹੱਸਿਆ, “ਕਾਰਟੂਨ ਬਣਾ ਦਿੱਤਾ ਏ ਉਸ ਸਾਲੇ ਨੇ ਤੈਨੂੰ…ਭਗਵਾਨ ਉਸਨੂੰ ਸਵਰਗ ਵਿਚ ਵੀ ਕੇਸਰੀਅਲ ਦੀ ਪੇਟੀ ਦਏ ਕਿ ਉਹ ਉੱਥੇ ਵੀ ਉਸਨੂੰ ਵਜਾ-ਵਜਾ ਕੇ ਤੇਰੀ ਲਈ ਕੋਈ ਖ਼ੂਬਸੂਰਤ ਹੂਰ ਲੱਭਦਾ ਫਿਰੇ…ਤੇ ਤੇਰੀ ਖ਼ੂਸੂਰਤ ਪਤਨੀ ਦੀ ਐਸੀ ਦੀ ਤੈਸੀ…ਇਸ ਵੇਲੇ ਫਿਲਿਸ ਦੀ ਗੱਲ ਕਰ…ਉਸ ਨਾਲੋਂ ਵੱਧ ਕੋਈ ਹੋਰ ਖ਼ੂਬਸੂਰਤ ਨਹੀਂ ਹੋ ਸਕਦੀ।” ਚੱਡੇ ਨੇ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਵੱਲ ਦੇਖਿਆ, ਜਿਹੜੇ ਇਕ ਨੁੱਕਰ ਵਿਚ ਬੈਠੇ ਫਿਲਿਸ ਦੀ ਸੁੰਦਰਤਾ ਬਾਰੇ ਆਪਣੀ ਰਾਏ ਇਕ ਦੂਜੇ ਨਾਲ ਸਾਂਝੀ ਕਰਨ ਵਾਲੇ ਸਨ। “ਗਨ ਪਾਊਡਰ ਪਲਾਂਟ ਦੇ ਬਾਣੀਓਂ…ਸੁਣ ਲਓ, ਤੁਹਾਡੀ ਕੋਈ ਸਾਜਿਸ਼ ਕਾਮਯਾਬ ਨਹੀਂ ਹੋ ਸਕਦੀ—ਮੈਦਾਨ ਚੱਡੇ ਦੇ ਹੱਥ ਰਹੇਗਾ…ਕਿਉਂ ਵੇਲਜ਼ ਦੇ ਸ਼ਹਿਜ਼ਾਦੇ?”
ਵੇਲਜ਼ ਦਾ ਸ਼ਹਿਜ਼ਾਦਾ ਰੰਮ ਦੀ ਖਾਲੀ ਹੋ ਰਹੀ ਬੋਤਲ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਚੱਡੇ ਨੇ ਠਹਾਕਾ ਲਾਇਆ ਤੇ ਉਸਨੂੰ ਅੱਧਾ ਗ਼ਲਾਸ ਭਰ ਕੇ ਦੇ ਦਿੱਤਾ। ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਇਕ ਦੂਜੇ ਨਾਲ ਫਿਲਿਸ ਬਾਰੇ ਘੁਲ ਮਿਲ ਕੇ ਗੱਲਾਂ ਤਾਂ ਕਰ ਰਹੇ ਸਨ, ਪਰ ਆਪਣੇ ਦਿਮਾਗ਼ ਵਿਚ ਉਸਨੂੰ ਪ੍ਰਾਪਤ ਕਰਨ ਦੇ ਵੱਖੋ-ਵੱਖ ਪ੍ਰੋਗਰਾਮ ਬਣਾ ਰਹੇ ਸਨ—ਇਹ ਉਹਨਾਂ ਦੀ ਗੱਲਬਾਤ ਦੇ ਢੰਗ ਤੋਂ ਸਾਫ ਨਜ਼ਰ ਆ ਰਿਹਾ ਸੀ।
ਡਰਾਇੰਗ ਰੂਮ ਵਿਚ ਹੁਣ ਬਿਜਲੀ ਦੇ ਬਲਬ ਜਗਾ ਦਿੱਤੇ ਗਏ ਸਨ, ਕਿਉਂਕਿ ਸ਼ਾਮ ਗੂੜ੍ਹੀ ਹੁੰਦੀ ਜਾ ਰਹੀ ਸੀ। ਚੱਡਾ ਮੈਨੂੰ ਬੰਬਈ ਦੀ ਫ਼ਿਲਮ ਇੰਡਸਟਰੀ ਦੇ ਤਾਜ਼ੇ ਸਮਾਚਾਰ ਸੁਣਾ ਰਿਹਾ ਸੀ ਕਿ ਬਾਹਰ ਵਰਾਂਡੇ ਵਿਚ ਮੰਮੀ ਦੀ ਤੇਜ਼ ਆਵਾਜ਼ ਸੁਣਾਈ ਦਿੱਤੀ। ਚੱਡੇ ਨੇ ਨਾਅਰਾ ਲਾਇਆ ਤੇ ਬਾਹਰ ਚਲਾ ਗਿਆ। ਗਰੀਬ ਨਿਵਾਜ਼ ਨੇ ਰਣਜੀਤ ਕੁਮਾਰ ਵੱਲ ਭੇਤ-ਭਰੀਆਂ ਨਜ਼ਰਾਂ ਨਾਲ ਦੇਖਿਆ। ਫੇਰ ਦੋਵੇਂ ਦਰਵਾਜ਼ੇ ਵੱਲ ਦੇਖਣ ਲੱਗੇ।
ਮੰਮੀ ਖਿੜੀ-ਪੁੜੀ ਅੰਦਰ ਆਈ। ਉਸ ਦੇ ਨਾਲ ਚਾਰ ਪੰਜ ਐਂਗਲੋ ਇੰਡੀਅਨ ਕੁੜੀਆਂ ਸਨ। ਵਚਿੱਤਰ ਜਿਹੇ ਨੈਣ-ਨਕਸ਼ਾਂ ਤੇ ਕੱਦ-ਕਾਠੀ ਵਾਲੀਆਂ। ਪੋਲੀ, ਡੋਲੀ, ਐਲੀਮਾ ਤੇ ਥੈਲੀਮਾ…ਤੇ ਉਹ ਖੁਸਰੇ ਵਰਗਾ ਮੂੰਡਾ…ਉਸਨੂੰ ਚੱਡਾ ਸਿਸੀ ਕਹਿ ਕੇ ਬੁਲਾਉਂਦਾ ਸੀ। ਫਿਲਿਸ ਸਭ ਤੋਂ ਪਿੱਛੋਂ ਆਈ ਤੇ ਉਹ ਵੀ ਚੱਡੇ ਦੇ ਨਾਲ। ਉਸਦੀ ਇਕ ਬਾਂਹ ਪਲੇਟੀਨਮ-ਬਲੌਂਡ ਦੇ ਪਤਲੇ ਲੱਕ ਪਿੱਛੇ ਸੀ। ਮੈਂ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਦੀ ਪ੍ਰਤੀਕ੍ਰਿਆ ਨੋਟ ਕੀਤੀ। ਉਹਨਾਂ ਨੂੰ ਚੱਡੇ ਦੀ ਇਹ ਬਨਾਉਟੀ ਜੈਤੂਆਂ ਵਾਲੀ ਹਰਕਤ ਪਸੰਦ ਨਹੀਂ ਸੀ ਆਈ।
ਕੁੜੀਆਂ ਦੇ ਅੰਦਰ ਆਉਂਦਿਆਂ ਹੀ ਰੌਲਾ-ਰੱਪਾ ਤੇਜ਼ ਹੋ ਗਿਆ। ਯਕਦਮ ਏਨੀ ਅੰਗਰੇਜ਼ੀ ਵਰ੍ਹੀ ਕਿ ਵਣਕਤਰੇ ਮੈਟਰੀਕੂਲੇਸ਼ਨ, ਇਮਤਿਹਾਨ ਵਿਚ ਕਈ ਵਾਰੀ ਫੇਲ੍ਹ ਹੋਇਆ। ਪਰ ਉਸਨੇ ਕੋਈ ਪ੍ਰਵਾਹ ਨਹੀਂ ਕੀਤੀ ਤੇ ਲਗਾਤਾਰ ਬੋਲਦਾ ਰਿਹਾ। ਜਦੋਂ ਕਿਸੇ ਨੇ ਉਸਦਾ ਨੋਟਸ ਨਾ ਲਿਆ ਤਾਂ ਉਹ ਐਲੀਮਾ ਦੀ ਵੱਡੀ ਭੈਣ ਥੈਲੀਮਾ ਨਾਲ ਇਕ ਸੋਫੇ ਉੱਤੇ ਇਕ ਪਾਸੇ ਹੋ ਕੇ ਬੈਠ ਗਿਆ ਤੇ ਪੁੱਛਣ ਲੱਗਾ ਕਿ ਉਸਨੇ ਹਿੰਦੁਸਤਾਨੀ ਡਾਂਸ ਦੇ ਹੋਰ ਕਿੰਨੇ ਤੋੜ ਸਿੱਖ ਲਏ ਨੇ—ਉਹ ‘ਧਾ-ਨੀ-ਤਾ-ਕਤ-ਤਾ-ਥਈ-ਥਈ’ ਦੀ ‘ਵਨ-ਟੂ-ਥਰੀ’ ਬਣਾ-ਬਣਾ ਕੇ ਉਸਨੂੰ ਤੋੜੇ ਦਸਦਾ ਰਿਹਾ, ਉਧਰ ਚੱਡਾ ਬਾਕੀ ਕੁੜੀਆਂ ਦੇ ਝੁਰਮੁਟ ਨੂੰ ਅੰਗਰੇਜ਼ੀ ਵਿਚ ਨਵੇਂ-ਨਵੇਂ ਚੁਟਕਲੇ ਸੁਣਾ ਰਿਹਾ ਸੀ, ਜਿਹੜੇ ਉਹਨੂੰ ਹਜ਼ਾਰਾਂ ਦੀ ਸੰਖਿਆ ਵਿਚ ਜ਼ਬਾਨੀ ਯਾਦ ਸਨ। ਮੰਮੀ ਸੋਢੇ ਦੀਆਂ ਬੋਤਲਾਂ ਤੇ ਖਾਣ-ਪੀਣ ਦਾ ਸਾਮਾਨ ਮੰਗਵਾ ਰਹੀ ਸੀ। ਰਣਜੀਤ ਕੁਮਾਰ ਸਿਗਰੇਟ ਦੇ ਕਸ਼ ਲਾਉਂਦਾ ਇਕ ਟੱਕ ਫਿਲਿਸ ਵੱਲ ਦੇਖ ਰਿਹਾ ਸੀ, ਤੇ ਗਰੀਬ ਨਿਵਾਜ਼ ਮੰਮੀ ਨੂੰ ਵਾਰੀ ਵਾਰੀ ਕਹਿ ਰਿਹਾ ਸੀ ਕਿ ਰੁਪਏ ਘੱਟ ਹੋਣ ਤਾਂ ਉਹ ਉਸ ਤੋਂ ਲੈ ਲਏ।
ਸਕਾਚ ਖੁੱਲ੍ਹੀ ਤੇ ਪਹਿਲਾ ਦੌਰ ਸ਼ੁਰੂ ਹੋਇਆ। ਫਿਲਿਸ ਨੂੰ ਜਦੋਂ ਸਾਥ ਦੇਣ ਲਈ ਕਿਹਾ ਗਿਆ ਤਾਂ ਉਸਨੇ ਆਪਣੇ ਪਲੇਟੀਨਮੀ-ਵਾਲਾਂ ਨੂੰ ਇਕ ਹਲਕਾ ਜਿਹਾ ਝਟਕਾ ਦੇ ਕੇ ਨਾਂਹ ਕਰ ਦਿੱਤੀ ਕਿ ਉਹ ਵਿਸਕੀ ਨਹੀਂ ਪੀਂਦੀ।
ਸਾਰਿਆਂ ਨੇ ਮਿੰਨਤ ਖ਼ੁਸ਼ਾਮਦ ਕੀਤੀ ਪਰ ਉਹ ਨਹੀਂ ਮੰਨੀ। ਚੱਡੇ ਨੇ ਇਸ ਉੱਤੇ ਦੁਖ ਪ੍ਰਗਟ ਕੀਤਾ ਤਾਂ ਮੰਮੀ ਨੇ ਇਕ ਨਿੱਕਾ ਜਿਹਾ ਪੈਗ ਤਿਆਰ ਕਰਕੇ ਫਿਲਿਸ ਦੇ ਬੁੱਲ੍ਹਾਂ ਨਾਲ ਲਾਂਦਿਆਂ ਬੜੇ ਦੁਲਾਰ ਨਾਲ ਕਿਹਾ, “ਬਹਾਦਰ ਕੁੜੀ ਬਣ, ਤੇ ਪੀ ਜਾ।”
ਫਿਲਿਸ ਨਾਂਹ ਨਹੀਂ ਕਰ ਸਕੀ। ਚੱਡਾ ਖੁਸ਼ ਹੋ ਗਿਆ ਤੇ ਉਸਨੇ ਏਸੇ ਖੁਸ਼ੀ ਵਿਚ ਵੀਹ ਪੱਚੀ ਹੋਰ ਨੰਗੇ ਚੁਟਕਲੇ ਸੁਣਾ ਦਿੱਤੇ। ਸਾਰੇ ਮਜ਼ੇ ਲੈਂਦੇ ਰਹੇ। ਮੈਂ ਸੋਚਿਆ, ਆਦਮੀ ਨੇ ਨੰਗੇਜ਼ ਤੋਂ ਤੰਗ ਆ ਕੇ ਕੱਪੜੇ ਪਾਉਣੇ ਸ਼ੁਰੂ ਕੀਤੇ ਹੋਣਗੇ। ਇਹੀ ਕਾਰਣ ਹੈ ਕਿ ਹੁਣ ਉਹ ਕੱਪੜਿਆਂ ਤੋਂ ਅੱਕ ਕੇ ਕਦੀ ਕਦੀ ਨੰਗੇਜ਼ ਵੱਲ ਦੌੜਨ ਲੱਗਦਾ ਹੈ। ਸਭਿਅਤਾ ਦਾ ਵਿਪਰੀਤ, ਅਸਭਿਅਤਾ ਜੋ ਹੁੰਦਾ ਹੈ। ਇਸ ਪ੍ਰਵਾਸ ਦਾ ਇਕ ਦਿਲਚਸਪ ਪੱਖ ਇਹ ਵੀ ਹੈ ਕਿ ਆਦਮੀ ਨੂੰ ਇੰਜ ਕਰਨ ਨਾਲ ਨਿਰੰਤਰ ਜੀਵਨ ਦੀ ਇਕ-ਰਸਤਾ ਦੇ ਕਸ਼ਟ ਤੋਂ ਕੁਝ ਪਲਾਂ ਲਈ ਮੁਕਤੀ ਮਿਲ ਜਾਂਦੀ ਹੈ…।
ਮੈਂ ਮੰਮੀ ਵੱਲ ਦੇਖਿਆ, ਜਿਹੜੀ ਉਹਨਾਂ ਜਵਾਨ ਕੁੜੀਆਂ ਵਿਚ ਘੁਲੀ ਮਿਲੀ ਬੈਠੀ ਚੱਡੇ ਦੇ ਨੰਗ-ਧੜੰਗੇ ਚੁਟਕਲੇ ਸੁਣ-ਸੁਣ ਹੱਸ ਰਹੀ ਸੀ ਤੇ ਠਹਾਕੇ ਲਾ ਰਹੀ ਸੀ। ਉਸਦੇ ਚਿਹਰੇ ਉੱਤੇ ਉਹੀ ਕੁਢੱਬਾ ਮੇਕਅੱਪ ਸੀ। ਉਸਦੇ ਹੇਠ ਉਸਦੀਆਂ ਝੁਰੜੀਆਂ ਸਾਫ ਨਜ਼ਰ ਆ ਰਹੀਆਂ ਸਨ। ਉਹ ਵੀ ਖਿੜੀ ਬੈਠੀ ਸੀ…ਮੈਂ ਸੋਚਿਆ, ਅਖ਼ੀਰ ਲੋਕ ਕਿਉਂ ਪ੍ਰਵਾਸ ਨੂੰ ਬੁਰਾ ਸਮਝਦੇ ਨੇ…ਉਹ ਪ੍ਰਵਾਸ, ਜਿਹੜਾ ਮੇਰੀਆਂ ਅੱਖਾਂ ਸਾਹਮਣੇ ਸੀ। ਉਸਦਾ ਵਿਰਾਟ ਰੂਪ ਭਾਵੇਂ ਸੁੰਦਰ ਨਹੀਂ ਸੀ ਪਰ ਸੂਖਮ ਬੜਾ ਸੁੰਦਰ ਸੀ…ਉਸ ਉੱਤੇ ਕੋਈ ਮੇਕਅੱਪ ਨਹੀਂ ਸੀ। ਕੋਈ ਲਿੱਪਾ-ਪੋਚੀ ਨਹੀਂ ਸੀ, ਕੋਈ ਵਟਨਾ-ਗਾਚੀ ਨਹੀਂ ਸੀ ਮਲੀ ਹੋਈ।—ਪੋਲੀ ਸੀ, ਉਹ ਇਕ ਕੋਨੇ ਵਿਚ ਖੜ੍ਹੀ ਰਣਜੀਤ ਕੁਮਾਰ ਨਾਲ ਆਪਣੀ ਨਵੀਂ ਫਰਾਕ ਬਾਰੇ ਕੋਈ ਗੱਲ ਕਰ ਰਹੀ ਸੀ ਤੇ ਉਸਨੂੰ ਦੱਸ ਰਹੀ ਸੀ ਕਿ ਸਿਰਫ ਆਪਣੀ ਹੁਸ਼ਿਆਰੀ ਨਾਲ ਬੜੀ ਘੱਟ ਲਾਗਤ ‘ਚ ਉਸਨੇ ਇਕ ਵਧੀਆ ਚੀਜ ਤਿਆਰ ਲਈ ਹੈ। ਦੋ ਟੋਟੇ ਸਨ, ਜਿਹੜੇ ਬਿਲਕੁਲ ਬੇਕਾਰ ਜਾਪਦੇ ਸਨ, ਪਰ ਹੁਣ ਉਹ ਇਕ ਸੁੰਦਰ ਪੋਸ਼ਾਕ ਵਿਚ ਬਦਲ ਗਏ ਸਨ। ਤੇ ਰਣਜੀਤ ਕੁਮਾਰ ਬੜੀ ਗੰਭੀਰਤਾ ਨਾਲ ਉਸਨੂੰ ਦੋ ਨਵੇਂ ਡਰੈੱਸ ਬਣਵਾ ਦੇਣ ਦਾ ਵਾਅਦਾ ਕਰ ਰਿਹਾ ਸੀ, ਹਾਲਾਂਕਿ ਉਸਨੂੰ ਫ਼ਿਲਮ ਕੰਪਨੀ ਤੋਂ ਏਨੇ ਰੁਪਏ ਇਕੱਠੇ ਮਿਲਣ ਦੀ ਕੋਈ ਆਸ ਨਹੀਂ ਸੀ।—ਡੋਲੀ ਸੀ, ਉਹ ਗਰੀਬ ਨਿਵਾਜ਼ ਤੋਂ ਕੁਝ ਕਰਜਾ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸਨੂੰ ਵਿਸ਼ਵਾਸ ਦਿਵਾਅ ਰਹੀ ਸੀ ਕਿ ਦਫ਼ਤਰ ਵਿਚੋਂ ਤਨਖ਼ਾਹ ਮਿਲਦਿਆਂ ਹੀ ਉਹ ਇਹ ਕਰਜ਼ਾ ਜ਼ਰੂਰ ਲਾਹ ਦਏਗੀ। ਗਰੀਬ ਨਿਵਾਜ਼ ਨੂੰ ਪਤਾ ਸੀ ਕਿ ਉਹ ਇਹ ਰੁਪਏ ਵਾਅਦੇ ਮੁਤਾਬਿਕ ਕਦੀ ਵਾਪਸ ਨਹੀਂ ਕਰੇਗੀ, ਪਰ ਉਹ ਉਸਦੇ ਵਾਅਦੇ ਉੱਤੇ ਵਿਸ਼ਵਾਸ ਕਰ ਰਿਹਾ ਸੀ। ਥੈਲੀਮਾ ਵਣਕਤਰੇ ਤੋਂ ਤਾਂਡਵ ਨਾਚ ਦੇ ਬੜੇ ਔਖੇ ਤੋੜੇ ਸਿਖਣ ਦੀ ਕੋਸ਼ਿਸ਼ ਕਰ ਰਹੀ ਸੀ। ਵਣਕਤਰੇ ਨੂੰ ਪਤਾ ਸੀ ਕਿ ਸਾਰੀ ਉਮਰ ਉਸਦੇ ਪੈਰ ਕਦੀ ਉਸਦੇ ਭਾਵ ਨਹੀਂ ਦਰਸਾਅ ਸਕਣਗੇ, ਪਰ ਉਹ ਉਸਨੂੰ ਸਿਖਾ ਰਿਹਾ ਸੀ। ਥੈਲੀਮਾ ਵੀ ਪੱਕੀ ਤਰ੍ਹਾਂ ਜਾਣਦੀ ਸੀ ਕਿ ਉਹ ਐਵੇਂ ਹੀ ਆਪਣਾ ਤੇ ਵਣਕਤਰੇ ਦਾ ਸਮਾਂ ਬਰਬਾਦ ਕਰ ਰਹੀ ਹੈ, ਪਰ ਉਹ ਬੜੀ ਲਗਣ ਤੇ ਤਤਪਰਤਾ ਨਾਲ ਪਾਠ ਯਾਦ ਕਰ ਰਹੀ ਸੀ। ਐਲੀਮਾ ਤੇ ਕਿਟੀ ਦੋਵੇਂ ਪੀ ਰਹੀਆਂ ਸਨ ਤੇ ਆਪਸ ਵਿਚ ਕਿਸੇ ਅਜਿਹੇ ਆਦਮੀ ਬਾਰੇ ਗੱਲਬਾਤ ਕਰ ਰਹੀਆਂ ਸਨ, ਜਿਸਨੇ ਪਿੱਛਲੀ ਰੇਸ ਵਿਚ ਰੱਬ ਜਾਣੇ ਕਦੋਂ ਦਾ ਬਦਲਾ ਲੈਣ ਲਈ ਟਿੱਪ ਦਿੱਤੀ ਸੀ। ਤੇ ਚੱਡਾ ਫਿਲਿਸ ਦੇ ਚਾਣੇ ਰੰਗੇ ਵਾਲਾਂ ਨੂੰ ਪਿਘਲੇ ਹੋਏ ਸੋਨੇ ਦੇ ਰੰਗ ਦੀ ਸ਼ਰਾਬ ਵਿਚ ਘੋਲ ਕੇ ਪੀ ਰਿਹਾ ਸੀ। ਫਿਲਿਸ ਦਾ ਖੁਸਰਿਆਂ ਵਰਗਾ ਦੋਸਤ ਵਾਰੀ ਵਾਰੀ ਜੇਬ ਵਿਚੋਂ ਕੰਘੀ ਕੱਢਦਾ ਤੇ ਆਪਣੇ ਵਾਲ ਵਾਹੁਣ ਲੱਗ ਪੈਂਦਾ। ਮੰਮੀ ਕਦੀ ਇਸ ਨਾਲ ਗੱਲ ਕਰਦੀ, ਕਦੀ ਉਸ ਨਾਲ; ਕਦੀ ਸੋਢਾ ਖੁਲਵਾਉਂਦੀ, ਕਦੀ ਟੁੱਟੇ ਹੋਏ ਗ਼ਲਾਸ ਦੇ ਟੁਕੜੇ ਚੁਕਵਾਉਂਦੀ…ਉਸਦੀ ਨਜ਼ਰ ਸਾਰਿਆਂ ‘ਤੇ ਸੀ, ਉਸ ਬਿੱਲੀ ਵਾਂਗ, ਜਿਹੜੀ ਦੇਖਣ ਨੂੰ ਤਾਂ ਆਪਣੀਆਂ ਅੱਖਾਂ ਬੰਦ ਕਰੀ ਪਈ ਉਂਘ ਰਹੀ ਹੁੰਦੀ ਹੈ, ਪਰ ਉਸਨੂੰ ਪਤਾ ਹੁੰਦਾ ਹੈ ਕਿ ਉਸਦੇ ਪੰਜੇ ਬੱਚੇ ਕਿੱਥੇ ਕਿੱਥੇ ਨੇ ਤੇ ਕੀ-ਕੀ ਸ਼ਰਾਰਤਾਂ ਕਰ ਰਹੇ ਨੇ।
ਇਸ ਦਿਲਚਸਪ ਚਿੱਤਰ ਵਿਚ ਕਿਹੜਾ ਰੰਗ, ਕਿਹੜੀ ਲਕੀਰ ਗ਼ਲਤ ਸੀ?…ਮੰਮੀ ਦਾ ਉਹ ਭੜਕੀਲਾ ਤੇ ਗੂੜ੍ਹਾ ਮੇਕਅੱਪ ਵੀ ਇੰਜ ਜਾਪਦਾ ਸੀ ਕਿ ਉਸ ਚਿੱਤਰ ਦਾ ਇਕ ਜ਼ਰੂਰੀ ਅੰਗ ਹੈ।
ਗ਼ਲਿਬ ਕਹਿੰਦਾ ਹੈ :-
‘ਕੈਦੇ-ਹਯਾਤ-ਓ-ਬੰਦੇ ਗ਼ਮ੧, ਅਸਲ ਮੇਂ ਦੋਨੋਂ ਏਕ ਹੈਂ।
ਮੌਤ ਸੇ ਪਹਿਲੇ ਆਦਮੀ ਗ਼ਮ ਸੇ ਨਿਜਾਤ੨ ਪਾਏ ਕਿਉਂ ?’
(੧.ਜੀਵਨ ਰੂਪੀ ਕੈਦ ਤੇ ਗ਼ਮ ਦੀ ਪਕੜ; ੨.ਮੁਕਤੀ-ਅਨੁ.)
ਕੈਦੇ-ਹਯਾਤ ਤੇ ਬੰਦੇ-ਗ਼ਮ ਜੇ ਸੱਚਮੁੱਚ ਹੀ ਹੈ ਤਾਂ ਇਹ ਕਿਉਂ ਜ਼ਰੂਰੀ ਹੈ ਕਿ ਆਦਮੀ ਮੌਤ ਤੋਂ ਪਹਿਲਾਂ ਨਿਜਾਤ (ਮੁਕਤੀ) ਪ੍ਰਾਪਤ ਕਰਨ ਦੀ ਕੋਸ਼ਿਸ਼ ਹੀ ਨਾ ਕਰੇ? ਇਸ ਤੋਂ ਮੁਕਤੀ ਲਈ ਕੌਣ ਯਮਰਾਜ ਦਾ ਇੰਤਜ਼ਾਰ ਕਰੇ…ਕਿਉਂ ਆਦਮੀ ਕੁਝ ਪਲਾਂ ਲਈ ਮਨ ਦੀ ਮੌਜ਼ ਦੀ ਖੇਡ ਵਿਚ ਹਿੱਸਾ ਨਾ ਲਵੇ!…
ਮੰਮੀ ਹਰੇਕ ਦੀ ਪ੍ਰਸ਼ੰਸਾ ਕਰ ਰਹੀ ਸੀ। ਉਸਦੇ ਸੀਨੇ ਵਿਚ ਅਜਿਹਾ ਦਿਲ ਸੀ, ਜਿਸ ਵਿਚ ਉਹਨਾਂ ਸਾਰਿਆਂ ਲਈ ਮਮਤਾ ਸੀ। ਮੈਂ ਸੋਚਿਆ ਕਿ ਸ਼ਾਇਦ ਇਸ ਲਈ ਉਸਨੇ ਆਪਣੇ ਚਿਹਰੇ ਉੱਤੇ ਰੰਗ ਮਲ ਲਿਆ ਹੈ ਕਿ ਲੋਕਾਂ ਨੂੰ ਉਸਦੀ ਸੱਚਾਈ ਦਾ ਪਤਾ ਨਾ ਲੱਗੇ…ਉਸ ਵਿਚ ਸ਼ਾਇਦ ਏਨੀ ਸਰੀਰਕ ਸ਼ਕਤੀ ਨਹੀਂ ਸੀ ਕਿ ਉਹ ਹਰ ਕਿਸੇ ਦੀ ਮਾਂ ਬਣ ਸਕਦੀ ਤੇ ਇਸੇ ਲਈ ਉਸਨੇ ਆਪਣੀ ਮਮਤਾ ਤੇ ਸਨੇਹ ਦੀ ਖਾਤਰ ਕੁਝ ਵਿਅੱਕਤੀ ਚੁਣ ਲਏ ਸਨ ਤੇ ਬਾਕੀ ਸਾਰੀ ਦੁਨੀਆਂ ਨੂੰ ਛੱਡ ਦਿੱਤਾ ਸੀ।
ਮੰਮੀ ਨੂੰ ਪਤਾ ਸੀ ਕਿ ਚੱਡਾ ਇਕ ਤਗੜਾ ਪੈਗ ਫਿਲਿਸ ਨੂੰ ਪਿਆ ਚੁੱਕਿਆ ਹੈ। ਚੋਰੀ ਛਿੱਪੇ ਨਹੀਂ ਸਾਰਿਆਂ ਦੇ ਸਾਹਮਣੇ; ਪਰ ਮੰਮੀ ਤਾਂ ਉਦੋਂ ਰਸੋਈ ਵਿਚ ਪਟੇਟੋ ਚਿਪਸ ਤਲ ਰਹੀ ਸੀ…ਹੁਣ ਫਿਲਿਸ ਨਸ਼ੇ ਵਿਚ ਸੀ, ਤੇ ਜਿਸ ਤਰ੍ਹਾਂ ਉਸਦੇ ਪਾਲਿਸ਼ ਕੀਤੇ ਹੋਏ ਫੌਲਾਦ ਰੰਗੇ ਵਾਲ ਹੌਲੀ ਹੌਲੀ ਲਹਿਰਾ ਰਹੇ ਸਨ, ਉਸੇ ਤਰ੍ਹਾਂ ਉਹ ਆਪ ਵੀ ਲਹਿਰਾ ਰਹੀ ਸੀ।
ਰਾਤ ਦੇ ਬਾਰਾਂ ਵੱਜ ਚੁੱਕੇ ਸਨ। ਵਣਕਤਰੇ ਥੈਲੀਮਾ ਨੂੰ ਤੋੜੇ ਸਿਖਾ-ਸਿਖਾ ਕੇ ਥੱਕ ਜਾਣ ਪਿੱਛੋਂ ਹੁਣ ਦਸ ਰਿਹਾ ਸੀ ਕਿ ਉਸਦਾ ਪਿਓ ਸਾਲਾ ਉਸ ਨਾਲ ਬੜਾ ਪਿਆਰ ਕਰਦਾ ਸੀ। ਬਚਪਨ ਵਿਚ ਹੀ ਉਸਨੇ ਉਸਦਾ ਵਿਆਹ ਕਰ ਦਿੱਤਾ ਸੀ। ਉਸਦੀ ਵਾਈਫ਼ ਬੜੀ ਬਿਊਟੀ-ਫੁੱਲ ਹੈ…ਤੇ ਗਰੀਬ ਨਿਵਾਜ਼ ਡੋਲੀ ਨੂੰ ਕਰਜ਼ਾ ਦੇ ਕੇ ਭੁੱਲ ਵੀ ਚੁੱਕਿਆ ਸੀ। ਰਣਜੀਤ ਕੁਮਾਰ ਪੋਲੀ ਨੂੰ ਆਪਣੇ ਨਾਲ ਕਿੱਧਰੇ ਬਾਹਰ ਲੈ ਗਿਆ ਸੀ। ਐਲੀਮਾ ਤੇ ਕਿਟੀ ਦੋਵੇਂ ਦੁਨੀਆਂ ਭਰ ਦੀਆਂ ਗੱਲ ਕਰਕੇ ਥੱਕ ਚੁੱਕੀਆਂ ਸਨ ਤੇ ਆਰਾਮ ਕਰਨਾ ਚਾਹੁੰਦੀਆਂ ਸਨ—ਤਿਪਾਈ ਦੇ ਇਰਦ-ਗਿਰਦ ਫਿਲਿਸ, ਉਸਦਾ ਖੁਸਰੇ ਮੂੰਹਾਂ ਸਾਥੀ ਦੋਸਤ ਤੇ ਮੰਮੀ ਬੈਠੇ ਸਨ। ਚੱਡਾ ਹੁਣ ਜਜ਼ਬਾਤੀ ਨਹੀਂ ਸੀ। ਫਿਲਿਸ ਉਸਦੇ ਨਾਲ ਢੁੱਕ ਕੇ ਬੈਠੀ ਹੋਈ ਸੀ, ਜਿਸਨੇ ਪਹਿਲੀ ਵੇਰ ਸ਼ਰਾਬ ਦਾ ਸਵਾਦ ਚੱਖਿਆ ਸੀ—ਉਸਨੂੰ ਪ੍ਰਾਪਤ ਕਰਨ ਦਾ ਸੰਕਲਪ ਉਸਦੀਆਂ ਅੱਖਾਂ ਵਿਚ ਸਾਕਾਰ ਸੀ। ਮੰਮੀ ਇਸ ਗੱਲ ਤੋਂ ਅਣਜਾਣ ਨਹੀਂ ਸੀ।
ਥੋੜ੍ਹੀ ਦੇਰ ਬਾਅਦ ਫਿਲਿਸ ਦਾ ਖੂਸਰੇ ਮੂੰਹਾਂ ਦੋਸਤ ਉਠ ਕੇ ਸੋਫੇ ਉੱਤੇ ਜਾ ਲੇਟਿਆ ਤੇ ਆਪਣੇ ਵਾਲਾਂ ਵਿਚ ਕੰਘੀ ਕਰਦਾ ਕਰਦਾ ਸੌਂ ਗਿਆ। ਗਰੀਬ ਨਿਵਾਜ਼ ਤੇ ਡੋਲੀ ਉਠ ਕੇ ਕਿੱਧਰੇ ਚੱਲੇ ਗਏ। ਏਲੀਮਾ ਤੇ ਕਿਟੀ ਨੇ ਵਿਦਾ ਲਈ ਤੇ ਚਲੀਆਂ ਗਈਆਂ…ਵਣਕਤਰੇ ਨੇ ਆਖ਼ਰੀ ਵਾਰੀ ਆਪਣੀ ਪਤਨੀ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਕੀਤੀ ਤੇ ਫਿਲਿਸ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਿਆ, ਫੇਰ ਥੈਲੀਮਾ ਵੱਲ ਜਿਹੜੀ ਉਸਦੇ ਕੋਲ ਬੈਠੀ ਸੀ, ਤੇ ਫੇਰ ਉਹ ਉਸਦੀ ਬਾਂਹ ਫੜ੍ਹ ਕੇ ਉਸਨੂੰ ਚੰਦ ਦਿਖਾਉਣ ਲਈ ਬਾਹਰ ਖੁੱਲ੍ਹੇ ਮੈਦਾਨ ਵਿਚ ਲੈ ਗਿਆ।
ਅਚਾਣਕ ਪਤਾ ਨਹੀਂ ਕੀ ਹੋਇਆ ਕਿ ਚੱਡੇ ਤੇ ਮੰਮੀ ਵਿਚਕਾਰ ਗਰਮਾ-ਗਰਮ ਬਹਿਸ਼ ਸ਼ੁਰੂ ਹੋ ਗਈ। ਚੱਡੇ ਦੀ ਆਵਾਜ਼ ਲੜਖੜਾ ਰਹੀ ਸੀ। ਉਹ ਇਕ ਨਾਲਾਇਕ ਪੁੱਤਰ ਵਾਂਗ ਮੰਮੀ ਨੂੰ ਅਵਾ-ਤਵਾ ਬੋਲਣ ਲੱਗਾ। ਫਿਲਿਸ ਨੇ ਕਿਸੇ ਹੱਦ ਤਕ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਚੱਡਾ ਹਵਾ ਦੇ ਘੋੜੇ ‘ਤੇ ਸਵਾਰ ਸੀ। ਉਹ ਫਿਲਿਸ ਨੂੰ ਆਪਣੇ ਨਾਲ ਸਈਦਾ ਕਾਟੇਜ ਲੈ ਜਾਣਾ ਚਾਹੁੰਦਾ ਸੀ ਤੇ ਮੰਮੀ ਇਸ ਦੇ ਵਿਰੁੱਧ ਸੀ। ਉਹ ਉਸਨੂੰ ਬੜੀ ਦੇਰ ਤਕ ਸਮਝਾਉਂਦੀ ਰਹੀ ਕਿ ਉਹ ਇਸ ਇਰਾਦੇ ਤੋਂ ਬਾਅਜ਼ ਆਵੇ, ਪਰ ਉਹ ਸੀ ਕਿ ਮੰਨਦਾ ਹੀ ਨਹੀਂ ਸੀ ਪਿਆ ਤੇ ਵਾਰੀ-ਵਾਰੀ ਮੰਮੀ ਨੂੰ ਕਹਿ ਰਿਹਾ ਸੀ, ‘ਤੂੰ ਪਾਗਲ ਹੋ ਗਈ ਏਂ…ਬੁੱਢੀਏ ਦਲਾਲਨੇ…ਫਿਲਿਸ ਮੇਰੀ ਹੈ…ਪੁੱਛ ਲੈ ਇਸ ਨੂੰ।’
ਮੰਮੀ ਨੇ ਬੜੀ ਦੇਰ ਤਕ ਉਸਦੀਆਂ ਗਾਲ੍ਹਾਂ ਸੁਣੀਆਂ, ਅੰਤ ਵਿਚ ਬੜੇ ਸਮਝਾਉਣ ਵਾਲੇ ਢੰਗ ਨਾਲ ਕਿਹਾ, “ਚੱਡੇ, ਮਾਈ ਸਨ…ਤੂੰ ਕਿਉਂ ਨਹੀਂ ਸਮਝਦਾ…ਸ਼ੀ ਇਜ ਯੰਗ…ਸ਼ੀ ਇਜ ਵੈਰੀ ਯੰਗ…।”
ਉਸਦੀ ਆਵਾਜ਼ ਕੰਬ ਰਹੀ ਸੀ, ਉਸ ਵਿਚ ਇਕ ਤਰਲਾ ਸੀ, ਇਕ ਤਾੜਨਾ ਸੀ, ਇਕ ਬੜੀ ਭਿਆਨਕ ਤਸਵੀਰ ਸੀ, ਪਰ ਚੱਡਾ ਉੱਕਾ ਨਹੀਂ ਸਮਝਿਆ। ਉਦੋਂ ਉਸਦੇ ਸਾਹਵੇਂ ਸਿਰਫ ਫਿਲਿਸ ਤੇ ਉਸਦੀ ਪ੍ਰਾਪਤੀ ਸੀ। ਮੈਂ ਫਿਲਿਸ ਵੱਲ ਦੇਖਿਆ ਤੇ ਪਹਿਲੀ ਵਾਰੀ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਉਹ ਸੱਚਮੁੱਚ ਬੜੀ ਛੋਟੀ ਉਮਰ ਦੀ ਸੀ, ਮੁਸ਼ਕਿਲ ਨਾਲ ਪੰਦਰਾਂ ਸਾਲ ਦੀ…ਉਸਦਾ ਗੋਰਾ ਚਿਹਰਾ, ਚਾਂਦੀ ਰੰਗੇ ਬੱਦਲਾਂ ਵਿਚ ਘਿਰਿਆ, ਬਰਸਾਤ ਦੀ ਪਹਿਲੀ ਬੂੰਦ ਵਾਂਗ ਲਰਜ਼ ਰਿਹਾ ਸੀ।
ਚੱਡੇ ਨੇ ਉਸਨੂੰ ਬਾਹੋਂ ਫੜ੍ਹ ਕੇ ਆਪਣੇ ਵੱਲ ਖਿੱਚਿਆ ਤੇ ਫ਼ਿਲਮਾਂ ਦੇ ਹੀਰੋ ਵਾਂਗ ਆਪਣੀ ਛਾਤੀ ਨਾਲ ਲਾ ਕੇ ਘੁੱਟ ਲਿਆ। ਮੰਮੀ ਯਕਦਮ ਲਾਲ-ਪੀਲੀ ਹੋ ਕੇ ਕੂਕੀ, “ਚੱਡੇ…ਛੱਡ ਦੇ…ਫਾਰ ਗੋਡ ਸੇਕ…ਛੱਡ ਦੇ ਇਸਨੂੰ!”
ਜਦੋਂ ਚੱਡੇ ਨੇ ਆਪਣੀ ਚੌੜੀ ਛਾਤੀ ਨਾਲੋਂ ਫਿਲਿਸ ਨੂੰ ਵੱਖ ਨਾ ਕੀਤਾ ਤਾਂ ਮੰਮੀ ਨੇ ਉਸਦੇ ਮੂੰਹ ਉੱਤੇ ਇਕ ਜ਼ੋਰਦਾਰ ਚਪੇੜ ਕੱਢ ਮਾਰੀ ਤੇ ਕੂਕੀ, “ਗੇਟ ਆਊਟ…ਗੇਟ ਆਊਟ…”
ਚੱਡਾ ਭੰਵਤਰ ਗਿਆ। ਫਿਲਿਸ ਨੂੰ ਆਪਣੇ ਨਾਲੋਂ ਵੱਖ ਕਰਕੇ ਇਕ ਧੱਕਾ ਮਾਰਿਆ ਤੇ ਮੰਮੀ ਵੱਲ ਅੱਗ ਵਰ੍ਹਾਂਦੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਬਾਹਰ ਨਿਕਲ ਗਿਆ। ਮੈਂ ਵੀ ਉਠ ਕੇ ਵਿਦਾਅ ਲਈ ਤੇ ਚੱਡੇ ਦੇ ਪਿੱਛੇ ਪਿੱਛੇ ਤੁਰ ਪਿਆ।
ਸਈਦਾ ਕਾਟੇਜ ਪਹੁੰਚ ਕੇ ਮੈਂ ਦੇਖਿਆ ਉਹ ਪੈਂਟ, ਕਮੀਜ਼ ਤੇ ਬੂਟਾਂ ਸਮੇਤ, ਪਲੰਘ ਉੱਤੇ, ਮੂਧੜੇ- ਮੁੰਹ ਪਿਆ ਸੀ। ਮੈਂ ਉਸ ਨਾਲ ਕੋਈ ਗੱਲ ਨਾ ਕੀਤੀ ਤੇ ਦੂਜੇ ਕਮਰੇ ਵਿਚ ਵੱਡੀ ਮੇਜ਼ ਉੱਤੇ ਸੌਂ ਗਿਆ।
ਸਵੇਰੇ ਦੇਰ ਨਾਲ ਉਠਿਆ। ਦਸ ਵੱਜੇ ਹੋਏ ਸਨ। ਚੱਡਾ ਸਵੇਰੇ ਸਵੇਰੇ ਹੀ ਉਠ ਕੇ ਬਾਹਰ ਚਲਾ ਗਿਆ ਸੀ। ਕਿੱਥੇ, ਇਹ ਕਿਸੇ ਨੂੰ ਨਹੀਂ ਸੀ ਪਤਾ। ਪਰ ਜਦੋਂ ਮੈਂ ਗੁਸਲਖ਼ਾਨੇ ਵਿਚੋਂ ਬਾਹਰ ਨਿਕਲ ਰਿਹਾ ਸਾਂ ਤਾਂ ਮੈਨੂੰ ਉਸਦੀ ਆਵਾਜ਼ ਸੁਣਾਈ ਦਿੱਤੀ, ਜਿਹੜੀ ਗੈਰਾਜ ਦੇ ਬਾਹਰੋਂ ਆ ਰਹੀ ਸੀ। ਉਹ ਕਿਸੇ ਨੂੰ ਕਹਿ ਰਿਹਾ ਸੀ, “ਉਹ ਲਾਜਵਾਬ ਔਰਤ ਏ। ਖ਼ੁਦਾ ਦੀ ਸੌਂਹ, ਬੜੀ ਲਾਜਵਾਬ ਔਰਤ ਏ—ਦੁਆ ਕਰ ਕਿ ਉਸਦੀ ਉਮਰ ਨੂੰ ਪਹੁੰਚ ਕੇ ਤੂੰ ਵੀ ਉਸ ਵਰਗੀ ਗਰੇਟ ਬਣ ਜਾਵੇਂ।”
ਉਸਦੀ ਆਵਾਜ਼ ਵਿਚ ਇਕ ਵਚਿੱਤਰ ਕੁਸੈਲ ਘੁਲੀ ਹੋਈ ਸੀ। ਪਤਾ ਨਹੀਂ ਉਸਦਾ ਨਿਸ਼ਾਨਾ ਉਸ ਦੇ ਆਪਣੇ ਵੱਲ ਸੀ ਜਾਂ ਉਸ ਵਿਅੱਕਤੀ ਵੱਲ, ਜਿਸ ਨੂੰ ਉਹ ਕਹਿ ਰਿਹਾ ਸੀ। ਮੈਂ ਬਹੁਤੀ ਦੇਰ ਉੱਥੇ ਰੁਕਿਆ ਰਹਿਣਾ ਠੀਕ ਨਹੀਂ ਸਮਝਿਆ ਤੇ ਅੰਦਰ ਚਲਾ ਗਿਆ। ਅੱਧਾ ਘੰਟਾ ਮੈਂ ਉਸਦੀ ਉਡੀਕ ਕੀਤੀ। ਜਦੋਂ ਉਹ ਨਾ ਆਇਆ ਤਾਂ ਮੈਂ ਪ੍ਰਭਾਤ ਨਗਰ ਵੱਲ ਤੁਰ ਗਿਆ।
ਮੇਰੀ ਪਤਨੀ ਦਾ ਮੂਡ ਠੀਕ ਸੀ—ਹਰੀਸ਼ ਘਰੇ ਨਹੀਂ ਸੀ। ਹਰੀਸ਼ ਦੀ ਪਤਨੀ ਨੇ ਉਸ ਬਾਰੇ ਪੁੱਛਿਆ ਤਾਂ ਮੈਂ ਕਹਿ ਦਿੱਤਾ ਕਿ ਉਹ ਅਜੇ ਸਟੂਡੀਓ ਵਿਚ ਸੁੱਤਾ ਪਿਆ ਹੈ।
ਪੂਨੇ ਵਿਚ ਖਾਸਾ ਮੌਜ਼ ਮੇਲਾ ਹੋ ਗਿਆ ਸੀ, ਇਸ ਲਈ ਮੈਂ ਹਰੀਸ਼ ਦੀ ਪਤਨੀ ਤੋਂ ਜਾਣ ਦੀ ਆਗਿਆ ਮੰਗੀ। ਸਭਿਅਤਾ ਦੇ ਨਾਤੇ ਉਸਨੇ ਸਾਨੂੰ ਰੁਕਣ ਲਈ ਕਿਹਾ, ਪਰ ਮੈਂ ਸਈਦਾ ਕਾਟੇਜ ਵਿਚ ਹੀ ਫ਼ੈਸਲਾ ਕਰ ਲਿਆ ਸੀ ਕਿ ਰਾਤ ਵਾਲੀ ਘਟਨਾ ਮੇਰੀ ਮਾਨਸਿਕ ਜੁਗਾਲੀ ਲਈ ਵਾਧੂ ਹੈ।
ਅਸੀਂ ਤੁਰ ਪਏ। ਰਸਤੇ ਵਿਚ ਮੰਮੀ ਦੀਆਂ ਗੱਲਾਂ ਹੋਈਆਂ। ਜੋ ਕੁਝ ਵਾਪਰਿਆ ਸੀ, ਮੈਂ ਪਤਨੀ ਨੂੰ ਸਭ ਕੁਝ ਦਸ ਦਿੱਤਾ। ਉਸਦਾ ਕਹਿਣਾ ਸੀ ਕਿ ਫਿਲਿਸ ਉਸਦੀ ਕੋਈ ਰਿਸ਼ਤੇਦਾਰ ਹੋਏਗੀ ਜਾਂ ਉਹ ਉਸਨੂੰ ਕਿਸੇ ਚੰਗੀ ਅਸਾਮੀ ਨੂੰ ਪੇਸ਼ ਕਰਨਾ ਚਹੁੰਦੀ ਹੋਏਗੀ, ਤਦੇ ਉਸਨੇ ਚੱਡੇ ਨਾਲ ਲੜਾਈ ਕੀਤੀ…ਮੈਂ ਚੁੱਪ ਰਿਹਾ। ਨਾ ਹਮੀਂ ਭਰੀ, ਨਾ ਵਿਰੋਧ ਕੀਤਾ।
— — —
ਕਈ ਦਿਨ ਬੀਤ ਜਾਣ ਪਿੱਛੋਂ ਚੱਡੇ ਦਾ ਖ਼ਤ ਆਇਆ, ਜਿਸ ਵਿਚ ਉਸ ਰਾਤ ਵਾਲੀ ਘਟਨਾ ਦਾ ਸਰਸਰੀ ਜਿਹਾ ਜ਼ਿਕਰ ਸੀ ਤੇ ਉਸਨੇ ਆਪਣੇ ਬਾਰੇ ਵਿਚ ਇਹ ਕਿਹਾ ਸੀ, ‘ਮੈਂ ਉਸ ਰਾਤ ਜਾਨਵਰ ਬਣ ਗਿਆ ਸਾਂ ਲਾਹਨਤ ਹੈ ਮੇਰੇ ‘ਤੇ।’
ਤਿੰਨ ਮਹੀਨੇ ਬਾਅਦ ਮੈਨੂੰ ਇਕ ਜ਼ਰੂਰੀ ਕੰਮ ਲਈ ਫੇਰ ਪੂਨੇ ਜਾਣਾ ਪਿਆ। ਸਿੱਧਾ ਸਈਦਾ ਕਾਟੇਜ ਪਹੁੰਚਿਆ। ਚੱਡਾ ਉੱਥੇ ਨਹੀਂ ਸੀ। ਗਰੀਬ ਨਿਵਾਜ਼ ਨਾਲ ਉਸ ਸਮੇਂ ਮੁਲਾਕਾਤ ਹੋਈ ਜਦੋਂ ਉਹ ਗੈਰੇਜ ਵਿਚੋਂ ਨਿਕਲ ਕੇ ਸ਼ੀਰੀਂ ਦੇ ਨਿੱਕੇ ਬੱਚੇ ਨੂੰ ਪਿਆਰ ਕਰ ਰਿਹਾ ਸੀ। ਉਹ ਉੱਡ ਕੇ ਮਿਲਿਆ। ਥੋੜ੍ਹੀ ਦੇਰ ਬਾਅਦ ਰਣਜੀਤ ਕੁਮਾਰ ਆ ਗਿਆ, ਕੱਛੂ ਦੀ ਤੋਰ ਤੁਰਦਾ ਹੋਇਆ, ਤੇ ਚੁੱਪਚਾਪ ਬੈਠ ਗਿਆ। ਮੈਂ ਜਦ ਉਸਨੂੰ ਕੁਝ ਪੁੱਛਦਾ ਸਾਂ ਤਾਂ ਉਹ ਬੜਾ ਸੰਖੇਪ ਜਿਹਾ ਉਤਰ ਦੇ ਦਿੰਦਾ ਸੀ। ਉਸ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਕਿ ਚੱਡਾ ਉਸ ਰਾਤ ਤੋਂ ਪਿੱਛੋਂ ਮੰਮੀ ਵੱਲ ਨਹੀਂ ਗਿਆ ਤੇ ਨਾ ਹੀ ਉਹ ਇੱਥੇ ਆਈ ਹੈ। ਫਿਲਿਸ ਨੂੰ ਉਸਨੇ ਦੂਜੇ ਦਿਨ ਹੀ ਉਸਦੇ ਮਾਂ-ਪਿਓ ਕੋਲ ਭੇਜ ਦਿੱਤਾ ਸੀ। ਉਹ ਉਸ ਖੁਸਰੇ ਵਰਗੇ ਮੁੰਡੇ ਨਾਲ ਘਰੋਂ ਭੱਜ ਕੇ ਆਈ ਸੀ।…ਰਣਜੀਤ ਕੁਮਾਰ ਨੂੰ ਵਿਸ਼ਵਾਸ ਸੀ ਕਿ ਜੇ ਉਹ ਕੁਝ ਦਿਨ ਹੋਰ ਪੂਨੇ ਵਿਚ ਰਹਿੰਦੀ ਤਾਂ ਉਹ ਜ਼ਰੂਰ ਉਸਨੂੰ ਲੈ ਉੱਡਦਾ। ਗਰੀਬ ਨਿਵਾਜ਼ ਨੇ ਅਜਿਹਾ ਕੋਈ ਦਾਅਵਾ ਨਹੀਂ ਸੀ ਕੀਤਾ…ਪਰ ਏਨਾ ਅਫ਼ਸੋਸ ਜ਼ਰੂਰ ਸੀ ਕਿ ਉਹ ਚਲੀ ਗਈ ਸੀ।
ਚੱਡੇ ਬਾਰੇ ਇਹ ਪਤਾ ਲੱਗਿਆ ਕਿ ਦੋ ਤਿੰਨ ਦਿਨਾਂ ਦੀ ਉਸਦੀ ਤਬੀਅਤ ਠੀਕ ਨਹੀਂ ਹੈ, ਪਰ ਉਹ ਕਿਸੇ ਡਾਕਟਰ ਤੋਂ ਰਾਏ ਨਹੀਂ ਲੈਂਦਾ—-ਸਾਰਾ ਦਿਨ ਇਧਰ ਉਧਰ ਭੌਂਦਾ ਰਹਿੰਦਾ ਹੈ। ਗਰੀਬ ਨਿਵਾਜ਼ ਨੇ ਜਦੋਂ ਮੈਨੂੰ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ ਤਾਂ ਰਣਜੀਤ ਕੁਮਾਰ ਉਠ ਕੇ ਚਲਾ ਗਿਆ। ਮੈਂ ਸਰੀਆਂ ਵਾਲੇ ਜੰਗਲੇ ਰਾਹੀਂ ਦੇਖਿਆ, ਉਹ ਗੈਰੇਜ ਵੱਲ ਗਿਆ ਸੀ।
ਮੈਂ ਗਰੀਬ ਨਿਵਾਜ਼ ਤੋਂ ਗੈਰੇਜ ਵਾਲੀ ਸ਼ੀਰੀਂ ਬਾਰੇ ਕੁਝ ਪੁੱਛਣ ਲਈ ਸੋਚ ਹੀ ਰਿਹਾ ਸਾਂ ਕਿ ਵਣਕਤਰੇ ਬੜਾ ਘਬਰਾਇਆ ਹੋਇਆ ਕਮਰੇ ਵਿਚ ਆ ਵੜਿਆ। ਉਸ ਤੋਂ ਪਤਾ ਲੱਗਾ ਕਿ ਚੱਡੇ ਨੂੰ ਤੇਜ਼ ਬੁਖ਼ਾਰ ਚੜ੍ਹਿਆ ਹੋਇਆ ਸੀ। ਉਹ ਉਸਨੂੰ ਤਾਂਗੇ ਵਿਚ ਲੱਦ ਕੇ ਇੱਥੇ ਲਿਆਇਆ ਹੈ ਕਿਉਂਕਿ ਉਹ ਰਸਤੇ ਵਿਚ ਬੇਹੋਸ਼ ਹੋ ਗਿਆ ਸੀ…ਮੈਂ ਤੇ ਗਰੀਬ ਨਿਵਾਜ਼ ਬਾਹਰ ਵੱਲ ਦੌੜੇ। ਤਾਂਗੇ ਵਾਲਾ ਬੇਹੋਸ਼ ਚੱਡੇ ਨੂੰ ਸੰਭਾਲੀ ਬੈਠਾ ਸੀ। ਅਸਾਂ ਸਾਰਿਆਂ ਨੇ ਉਸਨੂੰ ਚੁੱਕਿਆ ਤੇ ਕਮਰੇ ਵਿਚ ਲਿਆ ਕੇ ਬਿਸਤਰੇ ਉੱਤੇ ਲਿਟਾਅ ਦਿੱਤਾ। ਮੈਂ ਉਸਦੇ ਮੱਥੇ ਉੱਤੇ ਹੱਥ ਰੱਖ ਕੇ ਦੇਖਿਆ, ਸੱਚਮੁੱਚ ਬੜਾ ਤੇਜ਼ ਬੁਖ਼ਾਰ ਸੀ। ਇਕ ਸੌ ਛੇ ਡਿਗਰੀ ਤੋਂ ਘੱਟ ਨਹੀਂ ਹੋਣਾ।
ਮੈਂ ਗਰੀਬ ਨਿਵਾਜ਼ ਨੂੰ ਕਿਹਾ, “ਫੌਰਨ ਡਾਕਟਰ ਨੂੰ ਬੁਲਾਉਣਾ ਚਾਹੀਦਾ ਏ।” ਉਸਨੇ ਵਣਕਤਰੇ ਨਾਲ ਸਲਾਹ ਕੀਤੀ ਤੇ ‘ਹੁਣੇ ਆਇਆ’ ਕਹਿ ਕੇ ਬਾਹਰ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਉਸ ਨਾਲ ਮੰਮੀ ਵੀ ਸੀ। ਉਹ ਹਫੀ ਹੋਈ ਸੀ। ਅੰਦਰ ਆਉਂਦਿਆਂ ਹੀ ਉਸਨੇ ਚੱਡੇ ਵੱਲ ਦੇਖਿਆ ਤੇ ਲਗਭਗ ਕੂਕ ਕੇ ਪੁੱਛਿਆ, “ਕੀ ਹੋਇਆ ਏ, ਮੇਰੇ ਬੱਚੇ ਨੂੰ?”
ਵਣਕਤਰੇ ਨੇ ਜਦੋਂ ਉਸਨੂੰ ਦੱਸਿਆ ਕਿ ਚੱਡਾ ਕਈ ਦਿਨਾਂ ਦਾ ਬਿਮਾਰ ਸੀ ਤਾਂ ਮੰਮੀ ਨੇ ਬੜੇ ਦੁੱਖ ਤੇ ਗੁੱਸੇ ਨਾਲ ਕਿਹਾ, “ਤੁਸੀਂ ਕੈਸੇ ਲੋਗ ਓ—ਮੈਨੂੰ ਖ਼ਬਰ ਕਿਉਂ ਨਹੀਂ ਕੀਤੀ?” ਫੇਰ ਉਸਨੇ ਗਰੀਬ ਨਿਵਾਜ਼, ਮੈਨੂੰ ਤੇ ਵਣਕਤਰੇ ਨੂੰ ਕਈ ਹਦਾਇਤਾਂ ਦਿੱਤੀਆਂ…ਇਕ ਨੂੰ ਚੱਡੇ ਦੇ ਪੈਰਾਂ ਦੀਆਂ ਤਲੀਆਂ ਝੱਸਣ ਦੀ, ਦੂਜੇ ਨੂੰ ਬਰਫ਼ ਲਿਆਉਣ ਦੀ ਤੇ ਤੀਜੇ ਨੂੰ ਪੱਖਾ ਝੱਲਣ ਦੀ। ਚੱਡੇ ਦੀ ਹਾਲਤ ਵੇਖ ਕੇ ਉਸਦੀ ਆਪਣੀ ਹਾਲਤ ਵੀ ਵਿਗੜ ਗਈ ਸੀ, ਪਰ ਉਸਨੇ ਹੌਸਲੇ ਤੋਂ ਕੰਮ ਲਿਆ ਤੇ ਡਾਕਟਰ ਨੂੰ ਬੁਲਾਉਣ ਚਲੀ ਗਈ।
ਪਤਾ ਨਹੀਂ ਰਣਜੀਤ ਕੁਮਾਰ ਨੂੰ ਗੈਰੇਜ ਵਿਚ ਕਿੰਜ ਪਤਾ ਲੱਗਿਆ। ਉਹ ਮੰਮੀ ਦੇ ਜਾਣ ਦੇ ਤੁਰੰਤ ਬਾਅਦ ਘਬਰਾਇਆ ਹੋਇਆ ਅੰਦਰ ਆਇਆ। ਉਸਦੇ ਪੁੱਛਣ ‘ਤੇ ਵਣਕਤਰੇ ਨੇ ਉਸਦੇ ਬੇਹੋਸ਼ ਹੋਣ ਦੀ ਘਟਨਾ ਦਾ ਵਰਨਣ ਕਰ ਦਿੱਤਾ ਤੇ ਇਹ ਵੀ ਦੱਸਿਆ ਕਿ ਮੰਮੀ ਡਾਕਟਰ ਕੋਲ ਗਈ ਹੈ। ਇਹ ਸੁਣ ਕੇ ਰਣਜੀਤ ਕੁਮਾਰ ਦੀ ਬੇਚੈਨੀ ਕਿਸੇ ਹੱਦ ਤਕ ਦੂਰ ਹੋ ਗਈ।
ਮੈਂ ਦੇਖਿਆ ਕਿ ਉਹ ਤਿੰਨੇ ਬੜੇ ਸੰਤੁਸ਼ਟ ਸਨ, ਜਿਵੇਂ ਚੱਡੇ ਦੀ ਸਿਹਤ ਦੀ ਸਾਰੀ ਜ਼ਿੰਮੇਵਾਰੀ ਮੰਮੀ ਨੇ ਆਪਣੇ ਸਿਰ ਲੈ ਲਈ ਹੋਵੇ।
ਉਸਦੀ ਹਦਾਇਤ ਅਨੁਸਾਰ ਚੱਡੇ ਦੀਆਂ ਤਲੀਆਂ ਮਲੀਆਂ ਜਾ ਰਹੀਆਂ ਸਨ, ਮੱਥੇ ਉੱਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾ ਰਹੀਆਂ ਸਨ। ਮੰਮੀ ਜਦੋਂ ਡਾਕਟਰ ਨੂੰ ਨਾਲ ਲੈ ਕੇ ਆਈ, ਉਹ, ਕੁਝ ਕੁਝ ਹੋਸ਼ ਵਿਚ ਆ ਚੁੱਕਿਆ ਸੀ। ਡਾਕਟਰ ਨੇ ਮੁਆਨੇ ਵਿਚ ਕਾਫੀ ਦੇਰ ਲਾ ਦਿੱਤੀ। ਉਸਦੇ ਚਿਹਰੇ ਤੋਂ ਇੰਜ ਜਾਪਦਾ ਸੀ ਜਿਵੇਂ ਚੱਡੇ ਦੀ ਜ਼ਿੰਦਗੀ ਖ਼ਤਰੇ ਵਿਚ ਹੈ।
ਮੁਆਇਨਾਂ ਕਰਨ ਪਿੱਛੋਂ ਡਾਕਟਰ ਨੇ ਮੰਮੀ ਨੂੰ ਇਸ਼ਾਰਾ ਕੀਤਾ ਤੇ ਉਹ ਦੋਵੇਂ ਕਮਰੇ ‘ਚੋਂ ਬਾਹਰ ਚਲੇ ਗਏ। ਮੈਂ ਸਲਾਖਾਂ ਰਾਹੀਂ ਦੇਖਿਆ ਕਿ ਗੈਰੇਜ ਦੇ ਟਾਟ ਦਾ ਪਰਦਾ ਹਿੱਲ ਰਿਹਾ ਸੀ।
ਥੋੜ੍ਹੀ ਦੇਰ ਬਾਅਦ ਮੰਮੀ ਆਈ। ਗਰੀਬ ਨਿਵਾਜ਼, ਵਣਕਤਰੇ ਤੇ ਰਣਜੀਤ ਕੁਮਾਰ ਨੂੰ ਵਾਰੀ ਵਾਰੀ ਨਾਲ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ। ਚੱਡਾ ਹੁਣ ਅੱਖਾਂ ਖੋਲ੍ਹ ਕੇ ਸੁਣ ਰਿਹਾ ਸੀ। ਮੰਮੀ ਨੂੰ ਉਸ ਨੇ ਹੈਰਾਨੀ ਨਾਲ ਨਹੀਂ ਦੇਖਿਆ ਸੀ, ਪਰ ਇਕ ਉਲਝਣ ਜਿਹੀ ਜ਼ਰੂਰ ਮਹਿਸੂਸ ਕਰ ਰਿਹਾ ਸੀ। ਕੁਝ ਛਿਣ ਬਾਅਦ ਜਦੋਂ ਉਹ ਸਮਝ ਗਿਆ ਕਿ ਮੰਮੀ ਕਿਉਂ ਤੇ ਕਿੰਜ ਆਈ ਹੈ, ਤਾਂ ਉਸਨੇ ਮੰਮੀ ਦਾ ਹੱਥ ਆਪਣੇ ਹੱਥ ਵਿਚ ਲੈਂਦਿਆਂ ਜ਼ਰਾ ਦਬਾਅ ਕੇ ਕਿਹਾ, “ਮੰਮੀ, ਯੂ ਆਰ ਗਰੇਟ!”
ਮੰਮੀ ਉਸ ਕੋਲ ਪਲੰਘ ਉੱਤੇ ਬੈਠ ਗਈ। ਉਹ ਮਮਤਾ ਦੀ ਸਾਕਾਰ ਮੂਰਤ ਲੱਗ ਰਹੀ ਸੀ। ਉਸਨੇ ਚੱਡੇ ਦੇ ਭਖਦੇ ਹੋਏ ਮੱਥੇ ਉੱਤੇ ਹੱਥ ਫੇਰ ਕੇ ਮੁਸਕਰਾਂਦਿਆਂ ਹੋਇਆਂ ਸਿਰਫ ਏਨਾ ਕਿਹਾ, “ਮੇਰੇ ਬੱਚੇ…ਮੇਰੇ ਗਰੀਬ ਬੇਟੇ!”
ਚੱਡੇ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਪਰ ਤੁਰੰਤ ਹੀ ਉਸਨੇ ਉਹਨਾਂ ਨੂੰ ਪੀ ਜਾਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, “ਨਹੀਂ, ਤੇਰਾ ਬੇਟਾ ਅੱਵਲ ਦਰਜ਼ੇ ਦਾ ਸਕਾਉਂਡਰਲ ਏ…ਜਾਹ ਆਪਣੇ ਸਵਰਗਵਾਸੀ ਪਤੀ ਦਾ ਪਿਸਤੌਲ ਚੁੱਕ ਲਿਆ ਤੇ ਇਸਦੀ ਛਾਤੀ ‘ਚੋਂ ਕੱਢ ਦੇ।”
ਮੰਮੀ ਨੇ ਚੱਡੇ ਦੀ ਗੱਲ੍ਹ ਉੱਤੇ ਪੋਲੀ ਜਿਹੀ ਚਪੇੜ ਮਾਰੀ, “ਵਾਧੂ ਦੀਆਂ ਗੱਲਾਂ ਨਾ ਕਰ।” ਫੇਰ ਉਹ ਕਿਸੇ ਚੁਸਤ ਤੇ ਸਮਝਦਾਰ ਨਰਸ ਵਾਂਗ ਉਠੀ ਤੇ ਸਾਡੇ ਸਾਰਿਆਂ ਵੱਲ ਭੌਂ ਕੇ ਬੋਲੀ,
“ਮੁੰਡਿਓ, ਚੱਡਾ ਬਿਮਾਰ ਹੈ ਤੇ ਮੈਂ ਇਸਨੂੰ ਹਸਪਤਾਲ ਲੈ ਜਾਣਾ ਏਂ—ਸਮਝੇ?”
ਸਾਰੇ ਸਮਝ ਗਏ। ਗਰੀਬ ਨਿਵਾਜ਼ ਨੇ ਤੁਰੰਤ ਟੈਕਸੀ ਦਾ ਬੰਦੋਬਸਤ ਕਰ ਦਿੱਤਾ। ਚੱਡੇ ਨੂੰ ਚੁੱਕ ਕੇ ਉਸ ਵਿਚ ਪਾਇਆ ਗਿਆ। ਉਹ ਬੜਾ ਕਹਿੰਦਾ ਰਿਹਾ ਕਿ ਅਜਿਹੀ ਕੀ ਆਫ਼ਤ ਆਈ ਹੈ ਕਿ ਮੈਨੂੰ ਹਸਪਤਾਲ ਦੇ ਹਵਾਲੇ ਕੀਤਾ ਜਾ ਰਿਹਾ ਹੈ, ਪਰ ਮੰਮੀ ਕਹਿੰਦੀ ਰਹੀ ਕਿ ਗੱਲ ਕੁਝ ਵੀ ਨਹੀਂ, ਹਸਪਤਾਲ ਵਿਚ ਜ਼ਰਾ ਆਰਾਮ ਰਹਿੰਦਾ ਹੈ। ਚੱਡਾ ਬੜਾ ਜ਼ਿੱਦੀ ਸੀ, ਪਰ ਇਸ ਸਮੇਂ ਉਹ ਮੰਮੀ ਦੀ ਕਿਸੇ ਗੱਲ ਤੋਂ ਇਨਕਾਰ ਨਹੀਂ ਸੀ ਕਰ ਸਕਿਆ।
ਚੱਡੇ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਮੰਮੀ ਨੇ ਮੈਨੂੰ ਇਕਾਂਤ ਵਿਚ ਲਿਜਾਅ ਕੇ ਦੱਸਿਆ ਕਿ ਬੀਮਾਰੀ ਬੜੀ ਖ਼ਤਰਨਾਕ ਹੈ—ਯਾਨੀ ਪਲੇਗ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਖ਼ੁਦ ਮੰਮੀ ਵੀ ਬੜੀ ਪ੍ਰੇਸ਼ਾਨ ਸੀ, ਪਰ ਉਸਨੂੰ ਉਮੀਦ ਸੀ ਕਿ ਇਹ ਬਲਾਅ ਟਲ ਜਾਏਗੀ ਤੇ ਚੱਡਾ ਬੜੀ ਛੇਤੀ ਠੀਕ ਹੋ ਜਾਏਗਾ।
ਇਲਾਜ਼ ਹੁੰਦਾ ਰਿਹਾ। ਪ੍ਰਾਈਵੇਟ ਹਸਪਤਾਲ ਸੀ। ਡਾਕਟਰਾਂ ਨੇ ਚੱਡੇ ਦਾ ਇਲਾਜ਼ ਬੜੇ ਧਿਆਨ ਨਾਲ ਕੀਤਾ, ਪਰ ਕਈ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ—ਉਸਦਾ ਪਿੰਡਾ ਥਾਂ-ਥਾਂ ਤੋਂ ਪਾਟਨ ਲੱਗ ਪਿਆ ਤੇ ਬੁਖਾਰ ਵਧਦਾ ਗਿਆ। ਅੰਤ ਵਿਚ ਡਾਕਟਰਾਂ ਨੇ ਇਹ ਰਾਏ ਦਿੱਤੀ ਕਿ ਉਸਨੂੰ ਬੰਬਈ ਲੈ ਜਾਇਆ ਜਾਏ, ਪਰ ਮੰਮੀ ਨਹੀਂ ਮੰਨੀ। ਉਸਨੇ ਚੱਡੇ ਨੂੰ ਉਸੇ ਹਾਲਤ ਵਿਚ ਚੁੱਕਿਆ ਤੇ ਆਪਣੇ ਘਰ ਲੈ ਗਈ।
ਮੈਂ ਬਹੁਤੇ ਦਿਨ ਪੂਨੇ ਵਿਚ ਨਹੀਂ ਰਹਿ ਸਕਦਾ ਸਾਂ। ਵਾਪਸ ਬੰਬਈ ਆਇਆ ਤੇ ਟੈਲੀਫ਼ੋਨ ਦੇ ਜ਼ਰੀਏ ਕਈ ਵਾਰੀ ਉਸਦਾ ਹਾਲਚਾਲ ਪਤਾ ਕੀਤਾ। ਮੇਰਾ ਸ਼ੱਕ ਸੀ ਕਿ ਉਸ ਹੁਣ ਜਿਉਂਦੇ ਨਹੀਂ ਰਹਿਣਾ, ਪਰ ਮੈਨੂੰ ਪਤਾ ਲੱਗਿਆ ਕਿ ਹੌਲੀ ਹੌਲੀ ਉਸਦੀ ਹਾਲਤ ਸੰਭਲ ਰਹੀ ਹੈ। ਇਕ ਮੁਕੱਦਮੇ ਦੇ ਸਬੰਧ ਵਿਚ ਮੈਨੂੰ ਲਾਹੌਰ ਜਾਣਾ ਪਿਆ। ਉੱਥੋਂ ਪੰਦਰਾਂ ਦਿਨ ਬਾਅਦ ਵਾਪਸ ਪਰਤਿਆ ਤਾਂ ਮੇਰੀ ਪਤਨੀ ਨੇ ਚੱਡੇ ਦਾ ਇਕ ਖ਼ਤ ਦਿੱਤਾ, ਜਿਸ ਵਿਚ ਸਿਰਫ ਇਹ ਲਿਖਿਆ ਸੀ—”ਮਹਾਮਾਇਆ ਮੰਮੀ ਨੇ ਆਪਣੇ ਕਪੂਤ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਲਿਆਂਦਾ ਹੈ।”
ਉਹਨਾਂ ਥੋੜ੍ਹੇ ਜਿਹੇ ਸ਼ਬਦਾਂ ਵਿਚ ਬੜਾ ਕੁਝ ਸੀ…ਭਾਵਨਾਵਾਂ ਦਾ ਇਕ ਪੂਰਾ ਸਮੁੰਦਰ। ਮੈਂ ਆਪਣੀ ਪਤਨੀ ਨਾਲ ਇਸ ਦਾ ਜ਼ਿਕਰ ਬੜੀ ਭਾਵੁਕਤਾ ਨਾਲ ਕੀਤਾ ਤਾਂ ਉਸਨੇ ਪ੍ਰਭਾਵਿਤ ਹੋ ਕੇ ਸਿਰਫ ਏਨਾ ਕਿਹਾ, “ਅਜਿਹੀਆਂ ਔਰਤਾਂ ਅਕਸਰ, ਸੇਵਾ ਭਾਵ ਵਾਲੀਆਂ ਹੁੰਦੀਆਂ ਨੇ।”
ਮੈਂ ਚੱਡੇ ਨੂੰ ਦੋ ਤਿੰਨ ਖ਼ਤ ਲਿਖੇ, ਜਿਹਨਾਂ ਦਾ ਜਵਾਬ ਨਹੀਂ ਆਇਆ। ਪਿੱਛੋਂ ਪਤਾ ਲੱਗਿਆ ਕਿ ਮੰਮੀ ਨੇ ਉਸਨੂੰ ਜਲਵਾਯੂ ਬਦਲਣ ਲਈ ਆਪਣੀ ਇਕ ਸਹੇਲੀ ਕੋਲ ਸੋਨਾਵਾਲ ਭੇਜ ਦਿੱਤਾ ਸੀ। ਚੱਡਾ ਬੜੀ ਮੁਸ਼ਕਿਲ ਨਾਲ ਉੱਥੇ ਇਕ ਹਫ਼ਤਾ ਰਿਹਾ ਤੇ ਉਕਤਾਅ ਕੇ ਵਾਪਸ ਆ ਗਿਆ। ਜਿਸ ਦਿਨ ਉਹ ਪੂਨੇ ਪਹੁੰਚਿਆ, ਸਬੱਬ ਨਾਲ ਮੈਂ ਉੱਥੇ ਹੀ ਸਾਂ। ਪਲੇਗ ਦੇ ਜਬਰਦਸਤ ਹਮਲੇ ਕਾਰਨ ਉਹ ਬੜਾ ਕਮਜ਼ੋਰ ਹੋ ਗਿਆ ਸੀ, ਪਰ ਉਸਦਾ ਹੁਲੜ੍ਹ ਮਚਾਉਣ ਵਾਲਾ ਸੁਭਾਅ ਅੱਜ ਵੀ ਤਿਵੇਂ ਦਾ ਤਿਵੇਂ ਹੀ ਸੀ। ਆਪਣੀ ਬੀਮਾਰੀ ਦਾ ਜ਼ਿਕਰ ਉਸਨੇ ਇੰਜ ਕੀਤਾ, ਜਿਵੇਂ ਆਦਮੀ ਸਾਈਕਲ ਦੀ ਮਾਮੂਲੀ ਜਿਹੀ ਫੇਟ ਦਾ ਕਿੱਸਾ ਸੁਨਾਉਂਦਾ ਹੈ। ਹੁਣ ਜਦੋਂ ਕਿ ਉਹ ਬਚ ਗਿਆ ਸੀ, ਆਪਣੀ ਖ਼ਤਰਨਾਕ ਬੀਮਾਰੀ ਬਾਰੇ ਗੱਲ ਕਰਨਾ ਫਜ਼ੂਲ ਸਮਝਦਾ ਸੀ।
ਸਈਦਾ ਕਾਟੇਜ ਵਿਚ ਚੱਡੇ ਦੀ ਗੈਰਹਾਜ਼ਰੀ ਵਿਚ ਨਿੱਕੇ-ਨਿੱਕੇ ਕਈ ਪਰੀਵਰਤਨ ਹੋਏ ਸਨ। ਅਕੀਲ ਤੇ ਸ਼ਕੀ ਕਿਤੇ ਹੋਰ ਚਲੇ ਗਏ ਸਨ ਕਿਉਂਕਿ ਉਹਨਾਂ ਆਪਣੀ ਨਵੀਂ ਫ਼ਿਲਮ ਕੰਪਨੀ ਖੋਲ੍ਹਣੀ ਸੀ, ਜਿਸ ਲਈ ਉਹਨਾਂ ਨੂੰ ਸਈਦਾ ਕਾਟੇਜ ਦਾ ਮਾਹੌਲ ਠੀਕ ਨਹੀਂ ਸੀ ਲੱਗਿਆ।
ਉਹਨਾਂ ਦੀ ਜਗ੍ਹਾ ਇਕ ਬੰਗਾਲੀ ਮਿਊਜ਼ਿਕ ਡਾਇਰੈਕਟਰ ਆ ਗਿਆ ਸੀ। ਉਸਦਾ ਨਾਂਅ ਸੈਨ ਸੀ। ਉਸ ਨਾਲ ਲਾਹੌਰ ਤੋਂ ਭੱਜਿਆ ਹੋਇਆ ਇਕ ਮੁੰਡਾ ਰਾਮਸਿੰਘ ਰਹਿੰਦਾ ਸੀ। ਸਈਦਾ ਕਾਟੇਜ ਵਿਚ ਰਹਿਣ ਵਾਲੇ ਸਾਰੇ ਲੋਕ ਹੀ ਉਸ ਤੋਂ ਆਪਣੇ ਕੰਮ ਕਰਵਾ ਲੈਂਦੇ ਸਨ। ਸੁਭਾਅ ਦਾ ਬੜਾ ਨਰਮ ਤੇ ਸਾਰਿਆਂ ਦਾ ਸੇਵਾਦਾਰ ਸੀ। ਚੱਡੇ ਕੋਲ ਉਹ ਉਦੋਂ ਆਇਆ ਸੀ ਜਦੋਂ ਉਹ ਮੰਮੀ ਦੇ ਕਹਿਣ ‘ਤੇ ਸੋਨਾਵਾਲਾ ਜਾ ਰਿਹਾ ਸੀ। ਉਸਨੇ ਗਰੀਬ ਨਿਵਾਜ਼ ਤੇ ਰਣਜੀਤ ਨੂੰ ਕਹਿ ਦਿੱਤਾ ਸੀ ਕਿ ਉਸਨੂੰ ਸਈਦਾ ਕਾਟੇਜ ਵਿਚ ਰੱਖ ਲਿਆ ਜਾਵੇ। ਸੇਨ ਦੇ ਕਮਰੇ ਵਿਚ ਕਿਉਂਕਿ ਜਗ੍ਹਾ ਖਾਲੀ ਸੀ, ਇਸ ਲਈ ਉਸਨੇ ਉੱਥੇ ਹੀ ਆਪਣਾ ਡੇਰਾ ਲਾ ਲਿਆ ਸੀ।
ਰਣਜੀਤ ਕੁਮਾਰ ਨੂੰ ਕੰਪਨੀ ਦੀ ਨਵੀਂ ਫ਼ਿਲਮ ਲਈ ਹੀਰੋ ਵਜੋਂ ਚੁਣ ਲਿਆ ਗਿਆ ਸੀ ਤੇ ਉਸ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇ ਫ਼ਿਲਮ ਸਫਲ ਹੋਈ ਤਾਂ ਉਸਨੂੰ ਦੂਜੀ ਫ਼ਿਲਮ ਡਾਇਰੈਕਟ ਕਰਨ ਦਾ ਮੌਕਾ ਦਿੱਤਾ ਜਾਏਗਾ। ਚੱਡਾ ਆਪਣੀ ਦੋ ਸਾਲਾਂ ਦੀ ਪੈਂਡਿੰਗ ਤਨਖ਼ਾਹ ਵਿਚੋਂ ਡੇਢ ਹਜ਼ਾਰ ਰੁਪਏ ਯਕ-ਮੁਸ਼ਤ ਪ੍ਰਾਪਤ ਕਰਨ ਵਿਚ ਸਫਲ ਹੋ ਗਿਆ ਸੀ, ਇਸ ਲਈ ਉਸਨੇ ਰਣਜੀਤ ਕੁਮਾਰ ਨੂੰ ਕਿਹਾ ਸੀ, “ਮੇਰੀ ਜਾਨ, ਜੇ ਕੁਝ ਵਸੂਲ ਕਰਨਾ ਚਾਹੁੰਦੇ ਹੋ ਤਾਂ ਮੇਰੇ ਵਾਂਗ ‘ਪਲੇਗ-ਰੋਗੀ’ ਹੋ ਜਾਓ…ਹੀਰੋ ਤੇ ਡਾਇਰੈਕਟਰ ਬਣਨ ਨਾਲੋਂ, ਇਹ ਵਧੇਰੇ ਚੰਗਾ ਏ।”
ਗਰੀਬ ਨਿਵਾਜ਼ ਕੁਝ ਦਿਨ ਪਹਿਲਾਂ ਹੀ ਹੈਦਰਾਬਾਦ ਹੋ ਕੇ ਆਇਆ ਸੀ, ਇਸ ਲਈ ਸਈਦਾ ਕਾਟੇਜ ਖੁਸ਼ਹਾਲ ਨਜ਼ਰ ਆ ਰਿਹਾ ਸੀ। ਮੈਂ ਦੇਖਿਆ, ਗੈਰੇਜ ਦੇ ਬਾਹਰ ਲਾਂਅ ਉੱਤੇ ਅਜਿਹੀਆਂ ਕਮੀਜ਼ਾਂ ਤੇ ਸਲਵਾਰਾਂ ਲਟਕ ਰਹੀਆਂ ਸਨ, ਜਿਹਨਾਂ ਦਾ ਕੱਪੜਾ ਚੰਗਾ ਤੇ ਕੀਮਤੀ ਸੀ। ਸ਼ੀਰੀਂ ਦੇ ਬੱਚੇ ਕੋਲ ਨਵੇਂ ਖਿਡੌਣੇ ਸਨ।
ਮੈਨੂੰ ਪੂਨੇ ਵਿਚ ਪੰਦਰਾਂ ਦਿਨ ਰਹਿਣਾ ਪਿਆ। ਮੇਰਾ ਪੁਰਾਣਾ ਫ਼ਿਲਮਾਂ ਦਾ ਸਾਥੀ ਹੁਣ ਨਵੀਂ ਫ਼ਿਲਮ ਦੀ ਹੀਰੋਇਨ ਨੂੰ ਪਿਆਰ ਦੀ ਫਾਹੀ ਵਿਚ ਫਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਡਰਦਾ ਸੀ, ਕਿਉਂਕਿ ਇਹ ਹੀਰੋਇਨ ਪੰਜਾਬਣ ਸੀ ਤੇ ਉਸਦਾ ਪਤੀ ਵੱਡੀਆਂ-ਵੱਡੀਆਂ ਮੁੱਛਾਂ ਵਾਲਾ ਹੱਟਾ-ਕੱਟਾ ਮੁਸ਼ਟੰਡਾ। ਚੱਡੇ ਨੇ ਸਲਾਹ ਦਿੱਤੀ ਸੀ, “ਕੋਈ ਪ੍ਰਵਾਹ ਨਾ ਕਰੀਂ, ਉਸ ਸਾਲੇ ਦੀ…ਜਿਸ ਪੰਜਾਬੀ ਐਕਟ੍ਰੇਸ ਦਾ ਪਤੀ ਵੱਡੀਆਂ ਮੁੱਛਾਂ ਵਾਲਾ ਪਹਿਲਵਾਨ ਹੋਵੇ, ਉਹ ਇਸ਼ਕ ਦੇ ਮੈਦਾਨ ਵਿਚ ਜ਼ਰੂਰ ਚਾਰੋ ਖਾਨੇ ਚਿੱਤ ਡਿੱਗਿਆ ਹੁੰਦੈ। ਬਸ ਏਨਾ ਕਰ ਕਿ ਸੌ ਰੁਪਏ ਫੀ ਗਾਲ੍ਹ ਦੇ ਹਿਸਾਬ ਨਾਲ ਮੈਥੋਂ ਦਸ-ਵੀਹ ਹੈਵੀ-ਵੇਟ ਗਾਲ੍ਹਾਂ ਸਿਖ ਲੈ। ਉਹ ਤੇਰੇ ਔਖੇ ਵੇਲੇ ਬੜਾ ਕੰਮ ਆਇਆ ਕਰਨਗੀਆਂ।”
ਹਰੀਸ਼ ਇਕ ਬੋਤਲ ਫੀ ਗਾਲ੍ਹ ਦੇ ਹਿਸਾਬ ਨਾਲ ਛੇ ਗਾਲ੍ਹਾਂ ਠੇਠ ਪੰਜਾਬੀ ਲਹਿਜ਼ੇ ਵਿਚ ਯਾਦ ਕਰ ਚੁੱਕਿਆ ਸੀ, ਪਰ ਅਜੇ ਤਕ ਉਸਨੂੰ ਆਪਣੇ ਇਸ਼ਕ ਦੇ ਰਸਤੇ ਵਿਚ ਕੋਈ ਅਜਿਹੀ ਔਕੜ ਨਹੀਂ ਸੀ ਆਈ ਕਿ ਉਹ ਉਹਨਾਂ ਦਾ ਪ੍ਰਭਾਵ ਵੇਖ ਸਕੇ।
ਮੰਮੀ ਦੇ ਘਰ ਪਹਿਲਾਂ ਵਾਂਗ ਹੀ ਮਹਿਫ਼ਿਲਾਂ ਸਜਦੀਆਂ ਸਨ। ਪੋਲੀ, ਡੋਲੀ, ਕਿੱਟੀ, ਐਲਿਮਾ, ਥੈਲਿਮਾ ਆਦਿ ਸਾਰੀਆਂ ਆਉਂਦੀਆਂ ਸਨ। ਵਣਕਤਰੇ ਪਹਿਲਾਂ ਵਾਂਗ ਹੀ ਥੈਲਿਮਾ ਨੂੰ ਕਥਾਕਲੀ ਤੇ ਤਾਂਡਵ ਨਾਚ ਦੀ ‘ਤਾ-ਥਈ’, ਤੇ ‘ਧਾ- ਨੀ-ਨਾ-ਕਤ’ ਦਾ ‘ਵਨ-ਟੂ-ਥਰੀ’ ਬਣਾ-ਬਣਾ ਕੇ ਦਸਦਾ ਸੀ, ਤੇ ਉਹ ਉਸਨੂੰ ਸਿੱਖਣ ਦੀ ਪੂਰੀ ਕੋਸ਼ਿਸ਼ ਕਰਦੀ ਸੀ। ਗਰੀਬ ਨਿਵਾਜ਼ ਉਸੇ ਤਰ੍ਹਾਂ ਕਰਜੇ ਦੇ ਰਿਹਾ ਸੀ, ਤੇ ਰਣਜੀਤ ਕੁਮਾਰ ਜਿਸ ਨੂੰ ਹੁਣ ਕੰਪਨੀ ਵਿਚ ਨਵੀਂ ਫ਼ਿਲਮ ਦੇ ਹੀਰੋ ਦਾ ਚਾਂਸ ਮਿਲ ਰਿਹਾ ਸੀ, ਉਹਨਾਂ ਵਿਚੋਂ ਕਿਸੇ ਵੀ ਇਕ ਨੂੰ ਬਾਹਰ ਖੁੱਲ੍ਹੀ ਹਵਾ ਵਿਚ ਲੈ ਜਾਂਦਾ ਸੀ—ਚੱਡੇ ਦੇ ਨੰਗੇ ਚਿੱਟੇ ਮਜ਼ਾਕ ਸੁਣ-ਸੁਣ ਕੇ ਉਸੇ ਤਰ੍ਹਾਂ ਠਹਾਕੇ ਗੂੰਜਦੇ ਸਨ—ਇਕ ਸਿਰਫ ਉਹ ਨਹੀਂ ਸੀ ਹੁੰਦੀ…ਉਹ, ਜਿਸਦੇ ਵਾਲਾਂ ਦੇ ਰੰਗ ਦੀ ਸਹੀ ਉਪਮਾ ਲੱਭਣ ਲਈ ਚੱਡੇ ਨੇ ਕਾਫੀ ਸਮਾਂ ਲਾਇਆ ਸੀ। ਤੇ ਇਹਨਾਂ ਮਹਿਫਿਲਾਂ ਵਿਚ ਹੁਣ ਚੱਡੇ ਦੀਆਂ ਨਜ਼ਰਾਂ ਉਸਨੂੰ ਲੱਭਦੀਆਂ ਵੀ ਨਹੀਂ ਸਨ। ਪਰ ਫੇਰ ਵੀ ਜਦੋਂ ਕਦੀ ਚੱਡੇ ਦੀਆਂ ਨਜ਼ਰਾਂ ਮੰਮੀ ਦੀਆਂ ਨਜ਼ਰਾਂ ਨਾਲ ਟਕਰਾਅ ਕੇ ਝੁਕ ਜਾਂਦੀਆਂ ਤਾਂ ਮੈਂ ਮਹਿਸੂਸ ਕਰਦਾ ਕਿ ਉਸਨੂੰ ਆਪਣੀ ਉਸ ਰਾਤ ਦੀ ਦੀਵਾਨਗੀ ਦਾ ਅਫ਼ਸੋਸ ਹੈ। ਅਜਿਹਾ ਅਫ਼ਸੋਸ, ਜਿਸਨੂੰ ਯਾਦ ਕਰਕੇ ਉਸਨੂੰ ਤਕਲੀਫ ਹੁੰਦੀ ਹੈ। ਫੇਰ ਵੀ ਚੌਥੇ ਪੈਗ ਪਿੱਛੋਂ ਕਦੇ-ਕਦਾਰ ਇਕ-ਅੱਧਾ ਅਜਿਹਾ ਵਾਕ ਉਸਦੇ ਮੂੰਹੋਂ ਨਿਕਲ ਹੀ ਜਾਂਦਾ ਸੀ, “ਓਇ ਚੱਡਿਆ, ਯੂ ਆਰ ਏ ਡੇਮ ਬਰੂਟ!”
ਇਹ ਸੁਣ ਕੇ ਮੰਮੀ ਬੁੱਲ੍ਹਾਂ ਵਿਚ ਮੁਸਕਰਾ ਪੈਂਦੀ, ਜਿਵੇਂ ਉਹ ਉਸ ਮੁਸਕਰਾਹਟ ਦੀ ਮਿਠਾਸ ਵਿਚ ਲਪੇਟ ਕੇ ਕਹਿ ਰਹੀ ਹੋਵੇ—’ਡਾਂਟ ਟਾਕ ਰਾਟ!”
ਵਣਕਤਰੇ ਨਾਲ ਪਹਿਲਾਂ ਵਾਂਗ ਹੀ ਉਸਦੀ ਚਖ਼ਚਖ਼ ਚਲਦੀ ਸੀ। ਨਸ਼ੇ ਵਿਚ ਆ ਕੇ ਜਦੋਂ ਵੀ ਉਹ ਆਪਣੇ ਪਿਓ ਦੀ ਪ੍ਰਸ਼ੰਸਾ ਵਿਚ ਜਾਂ ਆਪਣੀ ਪਤਨੀ ਦੀ ਸੁੰਦਰਤਾ ਦੇ ਸੰਬੰਧ ਵਿਚ ਕੁਝ ਕਹਿਣ ਲੱਗਦਾ, ਉਹ ਉਸਦੀ ਗੱਲ ਵੱਡੇ ਗੰਡਾਸੇ ਨਾਲ ਟੁੱਕ ਦੇਂਦਾ। ਉਹ ਵਿਚਾਰਾ ਚੁੱਪ ਹੋ ਜਾਂਦਾ ਤੇ ਆਪਣਾ ਮੈਟ੍ਰੀਕੁਲੇਸ਼ਨ ਦਾ ਸਰਇਫਿਕੇਟ ਤੈਹ ਕਰਕੇ ਜੇਬ ਵਿਚ ਪਾ ਲੈਂਦਾ।
ਮੰਮੀ, ਉਹੀ ਮੰਮੀ ਸੀ…ਪੋਲੀ ਦੀ ਮੰਮੀ, ਡੋਲੀ ਦੀ ਮੰਮੀ, ਚੱਡੇ ਦੀ ਮੰਮੀ, ਰਣਜੀਤ ਕੁਮਾਰ ਦੀ ਮੰਮੀ। ਸੋਢੇ ਦੀਆਂ ਬੋਤਲਾਂ, ਖਾਣ-ਪੀਣ ਦੇ ਸਾਮਾਨ ਤੇ ਮਹਿਫਲ ਜਮਾਉਣ ਵਾਲੇ ਦੂਜੇ ਸਾਜ-ਸਾਮਾਨ ਦੇ ਪ੍ਰਬੰਧ ਵਿਚ ਉਹ ਓਵੇਂ ਹੀ ਸਨੇਹ-ਭਿੱਜੀ ਦਿਲਚਸਪੀ ਨਾਲ ਹਿੱਸਾ ਲੈਂਦੀ। ਉਸਦੇ ਚਿਹਰੇ ਦਾ ਮੇਕਅੱਪ ਵੀ ਓਨਾਂ ਹੀ ਵਾਹਿਯਾਤ ਹੁੰਦਾ ਸੀ। ਉਸਦੇ ਕੱਪੜੇ ਉਸੇ ਤਰ੍ਹਾਂ ਭੜਕੀਲੇ ਸਨ। ਲਾਲੀ ਦੀਆਂ ਤੇਹਾਂ ਹੇਠੋਂ ਉਸਦੀਆਂ ਝੁਰੜੀਆਂ ਓਵੇਂ ਹੀ ਝਾਕਦੀਆਂ ਸਨ, ਪਰ ਮੈਨੂੰ ਹੁਣ ਪਵਿੱਤਰ ਦਿਖਾਈ ਦਿੰਦੀਆਂ ਸਨ। ਏਨੀਆਂ ਪਵਿੱਤਰ ਕਿ ਪਲੇਗ ਦੇ ਕਿਟਾਣੂੰ ਉਹਨਾਂ ਤਕ ਨਹੀਂ ਸੀ ਪਹੁੰਚ ਸਕੇ। ਡਰ ਕੇ ਕਿਤੇ ਨੱਸ ਗਏ ਸਨ…ਚੱਡੇ ਦੇ ਸਰੀਰ ਵਿਚੋਂ ਵੀ ਨਿਕਲ ਕੇ ਨੱਸ ਗਏ ਸਨ, ਕਿਉਂਕਿ ਉਹ ਉਹਨਾਂ ਝੁਰੜੀਆਂ ਦੀ ਛਤਰ-ਛਾਇਆ ਹੇਠ ਜੋ ਸੀ—ਉਹ ਪਵਿੱਤਰ ਝੁਰੜੀਆਂ ਜਿਹੜੀਆਂ ਹਰ ਵੇਲੇ ਬੜੇ ਹੀ ਵਾਹਿਯਾਤ ਰੰਗਾਂ ਨਾਲ ਲਿੱਪੀਆਂ ਹੁੰਦੀਆਂ ਸਨ।
ਵਣਕਤਰੇ ਦੀ ਖੂਬਸੂਰਤ ਪਤਨੀ ਦਾ ਜਦੋਂ ਗਰਭਪਾਤ ਹੋਇਆ ਸੀ ਤਾਂ ਮੰਮੀ ਦੀ ਝਟਫਟ ਸਹਾਇਤਾ ਨੇ ਉਸਦੀ ਜਾਨ ਬਚਾਈ ਸੀ। ਥੈਲਿਮਾ ਜਦੋਂ ਹਿੰਦੁਸਤਾਨੀ ਨਾਚ ਸਿੱਖਣ ਦੇ ਸ਼ੌਕ ਵਿਚ ਇਕ ਮਾਰਵਾੜੀ ਕਥਕ ਦੇ ਹੱਥੇ ਚੜ੍ਹ ਗਈ, ਤੇ ਉਸ ਸੌਦੇ ਵਿਚ ਜਦੋਂ ਇਕ ਦਿਨ ਉਸਨੂੰ ਪਤਾ ਲੱਗਿਆ ਕਿ ਉਸਨੇ ਇਕ ਖ਼ਤਰਨਾਕ ਰੋਗ ਖਰੀਦ ਲਿਆ ਹੈ ਤਾਂ ਮੰਮੀ ਨੇ ਉਸਨੂੰ ਬੜਾ ਝਿੜਕਿਆ ਸੀ ਤੇ ਉਸ ਨਾਲ ਕੋਈ ਸੰਬੰਧ ਨਾ ਰੱਖਣ ਦੀ ਪੱਕੀ ਠਾਣ ਲਈ ਸੀ, ਪਰ ਫੇਰ ਉਸ ਦੀਆਂ ਅੱਖਾਂ ਵਿਚ ਅੱਥਰੂ ਦੇਖ ਕੇ ਉਸਦਾ ਦਿਲ ਪਸੀਜ ਗਿਆ ਸੀ। ਉਸਨੇ ਉਸੇ ਦਿਨ ਸ਼ਾਮ ਨੂੰ ਆਪਣੇ ਪੁੱਤਰਾਂ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਥੈਲਿਮਾ ਦਾ ਇਲਾਜ਼ ਕਰਵਾਉਣ। ਕਿੱਟੀ ਨੂੰ ਇਕ ਪਜ਼ਲ (ਬੁਝਾਰਤ) ਹੱਲ ਕਰਨ ਬਦਲੇ ਪੰਜ ਸੌ ਰੁਪਏ ਦਾ ਇਨਾਮ ਮਿਲਿਆ ਸੀ ਤੇ ਮੰਮੀ ਨੇ ਉਸਨੂੰ ਮਜ਼ਬੂਰ ਕੀਤਾ ਸੀ ਕਿ ਘੱਟੋਘੱਟ ਅੱਧੇ ਰੁਪਏ ਗਰੀਬ ਨਿਵਾਜ਼ ਨੂੰ ਦੇ ਦੇਵੇ, ਕਿਉਂਕਿ ਉਦੋਂ ਗਰੀਬ ਦਾ ਹੱਥ ਤੰਗ ਸੀ। ਉਸਨੇ ਕਿੱਟੀ ਨੂੰ ਕਿਹਾ ਸੀ, “ਤੂੰ ਇਸ ਮੌਕੇ ਉਸਨੂੰ ਦੇ ਦੇ—ਬਾਅਦ ਵਿਚ ਲੈਂਦੀ ਰਹੀਂ।” ਤੇ ਉਸਨੇ ਮੇਰੀ ਪੰਦਰਾਂ ਦਿਨ ਦੀ ਠਾਹਰ ਦੌਰਾਨ ਕਈ ਵਾਰੀ ਮੇਰੀ ਮਿਸੇਜ ਬਾਰੇ ਪੁੱਛਿਆ ਸੀ ਤੇ ਦੁੱਖ ਪ੍ਰਗਟ ਕੀਤਾ ਸੀ ਕਿ ਪਹਿਲੇ ਬੱਚੇ ਦੀ ਮੌਤ ਨੂੰ ਏਨੇ ਸਾਲ ਹੋ ਗਏ ਨੇ, ਦੂਜਾ ਬੱਚਾ ਕਿਉਂ ਨਹੀਂ ਹੋਇਆ। ਰਣਜੀਤ ਕੁਮਾਰ ਨਾਲ ਉਹ ਬਹੁਤੀ ਖੁੱਲ੍ਹ ਕੇ ਗੱਲਬਾਤ ਨਹੀਂ ਸੀ ਕਰਦੀ। ਇੰਜ ਜਾਪਦਾ ਸੀ ਜਿਵੇਂ ਉਸਦੀ ਦਿਖਾਵੇ ਵਾਲੀ ਆਦਤ ਉਸਨੂੰ ਚੰਗੀ ਨਹੀਂ ਸੀ ਲੱਗਦੀ। ਮੇਰੇ ਸਾਹਮਣੇ ਵੀ ਇਕ ਦੋ ਵਾਰੀ ਇਸ ਦੀ ਚਰਚਾ ਕਰ ਚੁੱਕੀ ਸੀ। ਮਿਊਜ਼ਿਕ ਡਾਇਰੈਕਟਰ ਸੈਨ ਨੂੰ ਉਹ ਨਫ਼ਰਤ ਕਰਦੀ ਸੀ। ਚੱਡਾ ਉਸਨੂੰ ਆਪਣੇ ਨਾਲ ਲੈ ਆਉਂਦਾ ਸੀ ਤਾਂ ਉਹ ਉਸਨੂੰ ਕਹਿੰਦੀ ਸੀ, “ਅਜਿਹੇ ਜ਼ਲੀਲ ਆਦਮੀ ਨੂੰ ਇੱਥੇ ਨਾ ਲਿਆਇਆ ਕਰੋ।” ਚੱਡਾ ਉਸਨੂੰ ਕਾਰਣ ਪੁੱਛਦਾ ਤਾਂ ਉਹ ਬੜੀ ਗੰਭੀਰਤਾ ਨਾਲ ਉਤਰ ਦੇਂਦੀ, “ਮੈਨੂੰ ਇਹ ਆਦਮੀ ਓਪਰਾ-ਓਪਰਾ ਜਿਹਾ ਲੱਗਦਾ ਹੈ, ਬਸ—ਜਚਦਾ ਨਹੀਂ ਮੇਰੇ ਦਿਲ ਨੂੰ।” ਇਹ ਸੁਣ ਕੇ ਚੱਡਾ ਹੱਸ ਪੈਂਦਾ ਸੀ।
ਮੰਮੀ ਦੀਆਂ ਮਹਿਫ਼ਿਲਾਂ ਵਿਚੋਂ ਪਿਆਰ ਭਰਿਆ ਨਿੱਘ ਲੈ ਕੇ ਮੈਂ ਵਾਪਸ ਬੰਬਈ ਚਲਾ ਗਿਆ। ਇਹਨਾਂ ਮਹਿਫ਼ਿਲਾਂ ਵਿਚ ਸ਼ਰਾਬ ਦੀ ਮਸਤੀ ਸੀ, ਸੈਕਸ ਸੀ, ਪਰ ਕੋਈ ਓਹਲਾ ਨਹੀਂ ਸੀ। ਹਰ ਚੀਜ਼ ਗਰਭਵਤੀ ਜ਼ਨਾਨੀ ਦੇ ਢਿੱਡ ਵਾਂਗ ਸਪਸ਼ਟ ਸੀ। ਉਸੇ ਤਰ੍ਹਾਂ ਉੱਭਰੀ ਹੋਈ, ਦੇਖਣ ਵਿਚ ਉਸੇ ਵਾਂਗ ਕੁਢੱਬੀ ਤੇ ਚੌਂਧੀ ਲਾ ਦੇਣ ਵਾਲੀ, ਪਰ ਅਸਲ ਵਿਚ ਬੜੀ ਹੀ ਸਭਿਅਕ ਤੇ ਆਪਣੀ ਜਗ੍ਹਾ ਸਥਿਰ।
ਦੂਜੇ ਦਿਨ ਅਖ਼ਬਾਰਾਂ ਵਿਚ ਪੜ੍ਹਿਆ ਕਿ ਸਈਦਾ ਕਾਟੇਜ ਵਿਚ ਮਿਊਜ਼ਿਕ ਡਾਇਰੈਕਟਰ ਸੈਨ ਮਾਰਿਆ ਗਿਆ ਹੈ। ਉਸਦੀ ਹੱਤਿਆ ਕਰਨ ਵਾਲਾ ਕੋਈ ਰਾਮ ਸਿੰਘ ਹੈ, ਜਿਸਦੀ ਉਮਰ ਚੌਦਾਂ ਪੰਦਰਾਂ ਸਾਲ ਦੇ ਲਗਭਗ ਦੱਸੀ ਜਾਂਦੀ ਹੈ। ਮੈਂ ਤੁਰੰਤ ਪੂਨੇ ਫ਼ੋਨ ਕੀਤਾ, ਪਰ ਫ਼ੋਨ ‘ਤੇ ਕੋਈ ਨਾ ਮਿਲ ਸਕਿਆ।
ਇਕ ਹਫ਼ਤੇ ਬਾਅਦ ਚੱਡੇ ਦਾ ਖ਼ਤ ਆਇਆ, ਜਿਸ ਵਿਚ ਉਸ ਹੱਤਿਆ ਕਾਂਢ ਦਾ ਪੂਰਾ ਵੇਰਵਾ ਸੀ। ਰਾਤ ਨੂੰ ਸਾਰੇ ਸੁੱਤੇ ਹੋਏ ਸਨ ਕਿ ਅਚਾਨਕ ਚੱਡੇ ਦੇ ਪਲੰਘ ਉਪਰ ਕੋਈ ਡਿੱਗਿਆ। ਉਹ ਘਬਰਾ ਕੇ ਉਠ ਖੜ੍ਹਾ ਹੋਇਆ। ਬਿਜਲੀ ਜਗਾਈ ਤਾਂ ਦੇਖਿਆ, ਸੈਨ ਹੈ, ਖ਼ੂਨ ਵਿਚ ਲੱਥਪੱਥ। ਚੱਡਾ ਅਜੇ ਪੂਰੀ ਤਰ੍ਹਾਂ ਚਤੰਨ ਵੀ ਨਹੀਂ ਸੀ ਹੋਇਆ ਕਿ ਦਰਵਾਜ਼ੇ ਵਿਚ ਰਾਮਸਿੰਘ ਖੜ੍ਹਾ ਦਿਖਾਈ ਦਿੱਤਾ। ਉਸਦੇ ਹੱਥ ਵਿਚ ਛੁਰੀ ਸੀ। ਤੁਰੰਤ ਹੀ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਵੀ ਆ ਗਏ। ਸਾਰਾ ਸਈਦਾ ਕਾਟੇਜ ਜਾਗ ਪਿਆ। ਰਣਜੀਤ ਕੁਮਾਰ ਤੇ ਗਰੀਬ ਨਿਵਾਜ਼ ਨੇ ਰਾਮਸਿੰਘ ਨੂੰ ਫੜ੍ਹ ਲਿਆ ਤੇ ਉਸਦੇ ਹੱਥੋਂ ਛੁਰੀ ਖੋਹ ਲਈ। ਚੱਡੇ ਨੇ ਸੈਨ ਨੂੰ ਆਪਣੇ ਪਲੰਘ ਉੱਤੇ ਲਿਟਾਅ ਦਿੱਤਾ ਤੇ ਉਸਦੇ ਜ਼ਖ਼ਮ ਬਾਰੇ ਕੁਝ ਪੁੱਛਣਾ ਹੀ ਚਾਹੁੰਦਾ ਸੀ ਕਿ ਉਸਨੇ ਆਖ਼ਰੀ ਹਿਚਕੀ ਲਈ ਤੇ ਠੰਡਾ ਹੋ ਗਿਆ।
ਰਾਮ ਸਿੰਘ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਦੀ ਜਕੜ ਵਿਚ ਸੀ, ਪਰ ਉਹ ਦੋਵੇਂ ਕੰਬ ਰਹੇ ਸਨ। ਸੈਨ ਮਰ ਗਿਆ ਤਾਂ ਰਾਮਸਿੰਘ ਨੇ ਚੱਡੇ ਨੂੰ ਪੁੱਛਿਆ, “ਭਾਪਾਜੀ…ਮਰ ਗਿਆ?”
ਚੱਡੇ ਨੇ ‘ਹਾਂ’ ਵਿਚ ਉਤਰ ਦਿੱਤਾ, ਤਾਂ ਰਾਮ ਸਿੰਘ ਨੇ ਰਣਜੀਤ ਕੁਮਾਰ ਤੇ ਗਰੀਬ ਨਿਵਾਜ਼ ਨੂੰ ਕਿਹਾ, “ਮੈਨੂੰ ਛੱਡ ਦਿਓ, ਮੈਂ ਭੱਜਾਂਗਾ ਨਹੀਂ।”
ਚੱਡੇ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ…ਉਸਨੇ ਤੁਰੰਤ ਨੌਕਰ ਨੂੰ ਭੇਜ ਕੇ ਮੰਮੀ ਨੂੰ ਬੁਲਾਅ ਲਿਆ। ਮੰਮੀ ਆਈ ਤਾਂ ਸਾਰੇ ਨਿਸ਼ਚਿੰਤ ਹੋ ਗਏ ਕਿ ਹੁਣ ਮਾਮਲਾ ਸੁਲਝ ਜਾਏਗਾ। ਉਸਨੇ ਰਾਮਸਿੰਘ ਨੂੰ ਛੁਡਵਾ ਦਿੱਤਾ ਤੇ ਥੋੜ੍ਹੀ ਦੇਰ ਬਾਅਦ ਆਪਣੇ ਨਾਲ ਥਾਨੇ ਲੈ ਗਈ ਤੇ ਉਸਦਾ ਬਿਆਨ ਦਰਜ ਕਰਵਾ ਦਿੱਤਾ। ਇਸ ਪਿੱਛੋਂ ਚੱਡਾ ਤੇ ਉਸਦੇ ਸਾਥੀ ਕਈ ਦਿਨ ਤਕ ਪ੍ਰੇਸ਼ਾਨ ਰਹੇ। ਪੁਲਿਸ ਦੀ ਪੁੱਛਗਿੱਛ, ਬਿਆਨ, ਫੇਰ ਅਦਾਲਤ ਵਿਚ ਮੁਕੱਦਮੇ ਦੀ ਪੈਰਵੀ। ਮੰਮੀ ਇਸ ਦੌਰਾਨ ਖਾਸੀ ਭੱਜ-ਨੱਠ ਕਰਦੀ ਰਹੀ। ਚੱਡੇ ਨੂੰ ਵਿਸ਼ਵਾਸ ਸੀ ਕਿ ਰਾਮਸਿੰਘ ਬਰੀ ਹੋ ਜਾਏਗਾ, ਤੇ ਇਵੇਂ ਹੀ ਹੋਇਆ। ਅਦਾਲਤ ਨੇ ਉਸਨੂੰ ਸਾਫ ਬਰੀ ਕਰ ਦਿੱਤਾ। ਅਦਾਲਤ ਵਿਚ ਉਸਦਾ ਉਹੀ ਬਿਆਨ ਸੀ, ਜਿਹੜਾ ਉਸਨੇ ਥਾਨੇ ਵਿਚ ਦਿੱਤਾ ਸੀ। ਮੰਮੀ ਨੇ ਉਸਨੂੰ ਕਿਹਾ ਸੀ, “ਪੁੱਤਰ, ਘਬਰਾਉਣਾ ਨਹੀਂ, ਜੋ ਕੁਝ ਹੋਇਐ, ਸੱਚ-ਸੱਚ ਦੱਸ ਦੇਅ।” ਤੇ ਉਸਨੇ ਸਾਰੀ ਗੱਲ ਜਿਵੇਂ ਦੀ ਤਿਵੇਂ ਬਿਆਨ ਕਰ ਦਿੱਤੀ ਸੀ ਕਿ ‘ਸੈਨ ਨੇ ਉਸਨੂੰ ਪਲੇਬੈਕ ਸਿੰਗਰ ਬਣਾ ਦੇਣ ਦਾ ਲਾਲਚ ਦਿੱਤਾ ਸੀ। ਖ਼ੁਦ ਉਸਨੂੰ ਵੀ ਸੰਗੀਤ ਨਾਲ ਬੜਾ ਪਿਆਰ ਸੀ ਤੇ ਸੈਨ ਬੜਾ ਚੰਗਾ ਗਵਈਆ ਸੀ। ਉਹ ਇਸ ਚੱਕਰ ਵਿਚ ਆ ਕੇ ਉਸਦੀ ਹੈਵਾਨੀ ਇੱਛਾ ਪੂਰੀ ਕਰਦਾ ਰਿਹਾ, ਪਰ ਉਸਨੂੰ ਇਸ ਨਾਲ ਬੜੀ ਨਫ਼ਰਤ ਸੀ। ਉਸਦਾ ਦਿਲ ਵਾਰੀ-ਵਾਰੀ ਉਸਨੂੰ ਲਾਹਨਤਾਂ ਪਾਉਂਦਾ ਸੀ। ਅੰਤ ਵਿਚ ਉਹ ਏਨਾ ਤੰਗ ਆ ਗਿਆ ਸੀ ਕਿ ਉਸਨੇ ਸੈਨ ਨੂੰ ਕਹਿ ਵੀ ਦਿੱਤਾ ਸੀ ਕਿ ਉਸਨੇ ਫੇਰ ਉਸਨੂੰ ਮਜ਼ਬੂਰ ਕੀਤਾ ਤਾਂ ਉਹ ਉਸਨੂੰ ਜਾਨੋਂ ਮਾਰ ਦਏਗਾ’। ਅਖ਼ੀਰ ਘਟਨਾ ਵਾਲੀ ਰਾਤ ਇੰਜ ਹੀ ਹੋਇਆ।
ਅਦਾਲਤ ਵਿਚ ਉਸਨੇ ਇਹੀ ਬਿਆਨ ਦਿੱਤਾ। ਮੰਮੀ ਵੀ ਉੱਥੇ ਸੀ। ਅੱਖਾਂ ਅੱਖਾਂ ਵਿਚ ਹੀ ਉਹ ਰਾਮਸਿੰਘ ਨੂੰ ਦਲਾਸੇ ਦੇਂਦੀ ਰਹੀ ਕਿ ਘਬਰਾਅ ਨਾ, ਜੋ ਸੱਚ ਹੈ, ਕਹਿ ਦੇ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਤੇਰੇ ਹੱਥਾਂ ਨੇ ਖ਼ੂਨ ਕੀਤਾ ਹੈ, ਪਰ ਇਕ ਮਹਾ ਮਨਹੂਸ ਜੀਵ ਦਾ, ਇਕ ਹੈਵਾਨ ਦਾ, ਇਕ ਅਮਾਨੁਸ਼ ਦਾ।
ਰਾਮਸਿੰਘ ਨੇ ਬੜੀ ਸਾਦਗੀ ਤੇ ਭੋਲੇਪਨ ਨਾਲ ਸਾਰੀ ਘਟਨਾ ਬਿਆਨ ਕਰ ਦਿੱਤੀ…ਮਜਿਸਟ੍ਰੇਟ ਏਨਾ ਪ੍ਰਭਾਵਿਤ ਹੋਇਆ ਕਿ ਉਸਨੇ ਰਾਮਸਿੰਘ ਨੂੰ ਬਰੀ ਕਰ ਦਿੱਤਾ।
ਚੱਡੇ ਨੇ ਕਿਹਾ, “ਇਸ ਝੂਠ ਦੇ ਜ਼ਮਾਨੇ ਵਿਚ ਇਹ ਸੱਚ ਦੀ ਅਨੋਖੀ ਜਿੱਤ ਹੈ, ਤੇ ਇਸਦਾ ਸਿਹਰਾ ਮੇਰੀ ਬੁੱਢੀ ਮੰਮੀ ਦੇ ਸਿਰ ਹੈ।”
ਚੱਡੇ ਨੇ ਮੈਨੂੰ ਉਸ ਪਾਰਟੀ ਵਿਚ ਬੁਲਾਇਆ ਸੀ ਜਿਹੜੀ ਰਾਮਸਿੰਘ ਦੀ ਰਿਹਾਈ ਦੀ ਖ਼ੁਸ਼ੀ ਵਿਚ ਸਈਦਾ ਕਾਟੇਜ ਵਾਲੇ ਕਰ ਰਹੇ ਸਨ; ਪਰ ਮੈਂ ਰੁਝੇਵਿਆਂ ਕਾਰਨ ਉਹ ਵਿਚ ਸ਼ਾਮਲ ਨਹੀਂ ਸੀ ਹੋ ਸਕਿਆ।
ਸ਼ਕੀਲ ਤੇ ਅਕੀਲ ਦੋਵੇਂ ਸਈਦਾ ਕਾਟੇਜ ਵਿਚ ਵਾਪਸ ਆ ਗਏ ਸਨ। ਬਾਹਰਲਾ ਵਾਤਵਰਣ ਵੀ ਉਹਨਾਂ ਨੂੰ ਨਿੱਜੀ ਫ਼ਿਲਮ ਕੰਪਨੀ ਦੀ ਨੀਂਹ ਰੱਖਣ ਲਈ ਰਾਸ ਨਹੀਂ ਸੀ ਆਇਆ।
ਹੁਣ ਉਹ ਫੇਰ ਆਪਣੀ ਪੁਰਾਣੀ ਫ਼ਿਲਮ ਕੰਪਨੀ ਵਿਚ ਕਿਸੇ ਅਸਿਸਟੈਂਟ ਦੇ ਅਸਿਸਟੈਂਟ ਲੱਗੇ ਹੋਏ ਸਨ। ਉਹਨਾਂ ਦੋਵਾਂ ਕੋਲ ਉਸ ਪੂੰਜੀ ਵਿਚੋਂ ਕੁਝ ਸੈਂਕੜੇ ਬਚੇ ਸਨ ਜਿਹੜੀ ਉਹਨਾਂ ਨਿੱਜੀ ਫ਼ਿਲਮ ਕੰਪਨੀ ਦੀ ਨੀਂਹ ਰੱਖਣ ਲਈ ਬਚਾਈ ਹੋਈ ਸੀ। ਚੱਡੇ ਦੀ ਸਲਾਹ ਮੰਨ ਕੇ ਉਹਨਾਂ ਉਹ ਰੁਪਈਆ ਉਸ ਪਾਰਟੀ ਨੂੰ ਸਫਲ ਬਣਾਉਣ ਲਈ ਦੇ ਦਿੱਤਾ। ਚੱਡੇ ਨੇ ਉਹਨਾਂ ਨੂੰ ਕਿਹਾ ਸੀ, “ਹੁਣ ਮੈਂ ਚਾਰ ਪੈਗ ਪੀ ਕੇ ਅਰਦਾਸ ਕਰਾਂਗਾ ਕਿ ਉਹ ਤੁਹਾਡੀ ਨਿੱਜੀ ਫ਼ਿਲਮ ਕੰਪਨੀ ਜਲਦੀ ਬਣਾ ਦਏ।”
ਚੱਡੇ ਦਾ ਕਹਿਣਾ ਸੀ ਕਿ ਇਸ ਪਾਰਟੀ ਵਿਚ ਵਣਕਤਰੇ ਨੇ ਸ਼ਰਾਬ ਪੀ ਕੇ ਆਪਣੀ ਆਦਤ ਦੇ ਉਲਟ ਆਪਣੇ ਪਿਉ ਦੀ ਪ੍ਰਸ਼ੰਸਾ ਨਹੀਂ ਸੀ ਕੀਤੀ ਤੇ ਨਾ ਹੀ ਆਪਣੀ ਸੁੰਦਰ ਪਤਨੀ ਦਾ ਜ਼ਿਕਰ ਹੀ ਕੀਤਾ ਸੀ। ਗਰੀਬ ਨਿਵਾਜ਼ ਨੇ ਕਿੱਟੀ ਨੂੰ ਸਮੇਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੋ ਸੌ ਰੁਪਏ ਉਧਾਰ ਦਿੱਤੇ ਸਨ ਤੇ ਰਣਜੀਤ ਕੁਮਾਰ ਨੇ ਉਸਨੂੰ ਕਿਹਾ ਸੀ, “ਤੂੰ ਇਹਨਾਂ ਵਿਚਾਰੀਆਂ ਕੁੜੀਆਂ ਨੂੰ ਇੰਜ ਅਧੂਰੇ ਸੁਪਨੇ ਨਾ ਵੰਡਿਆ ਕਰ…ਹੋ ਸਕਦਾ ਹੈ ਤੇਰੀ ਨੀਅਤ ਸਾਫ ਹੋਵੇ, ਪਰ ਲੈਣ ਦੇ ਮਾਮਲੇ ਵਿਚ ਇਹਨਾਂ ਦੀ ਨੀਅਤ ਏਨੀ ਸਾਫ ਨਹੀਂ ਹੁੰਦੀ—ਕੁਝ ਨਾ ਕੁਝ ਦੇਈ ਰੱਖਿਆ ਕਰ।”
ਮੰਮੀ ਨੇ ਉਸ ਪਾਰਟੀ ਵਿਚ ਰਾਮਸਿੰਘ ਨੂੰ ਬੜਾ ਪਿਆਰ ਕੀਤਾ ਤੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਉਸਨੂੰ ਘਰ ਵਾਪਸ ਜਾਣ ਲਈ ਕਿਹਾ ਜਾਵੇ। ਤੇ ਅਖ਼ੀਰ ਉਹੀ ਫ਼ੈਸਲਾ ਹੋਇਆ ਤੇ ਦੂਜੇ ਦਿਨ ਗਰੀਬ ਨਿਵਾਜ਼ ਨੇ ਉਸ ਲਈ ਟਿਕਟ ਦਾ ਪ੍ਰਬੰਧ ਕਰ ਦਿੱਤਾ। ਸ਼ੀਰੀਂ ਨੇ ਸਫ਼ਰ ਲਈ ਉਸਨੂੰ ਖਾਣਾ ਬਣਾਅ ਕੇ ਦਿੱਤਾ। ਸਟੇਸ਼ਨ ਤਕ ਸਾਰੇ ਉਸਨੂੰ ਛੱਡਣ ਗਏ। ਗੱਡੀ ਤੁਰੀ ਤਾਂ ਉਹ ਦੇਰ ਤਕ ਹੱਥ ਹਿਲਾਉਂਦੇ ਰਹੇ।
ਇਹ ਛੋਟੀਆਂ ਛੋਟੀਆਂ ਗੱਲ ਮੈਨੂੰ ਪਾਰਟੀ ਤੋਂ ਦਸ ਦਿਨ ਬਾਅਦ ਪਤਾ ਲੱਗੀਆਂ ਸਨ, ਜਦੋਂ ਮੈਨੂੰ ਇਕ ਜ਼ਰੂਰੀ ਕੰਮ ਪੂਨੇ ਜਾਣਾ ਪਿਆ ਸੀ। ਸਈਦਾ ਕਾਟੇਜ ਵਿਚ ਕੋਈ ਤਬਦੀਲੀ ਨਹੀਂ ਸੀ ਹੋਈ। ਇੰਜ ਜਾਪਦਾ ਸੀ, ਉਹ ਇਕ ਅਜਿਹਾ ਪੜਾਅ ਹੈ, ਜਿਸਦਾ ਰੰਗ-ਰੂਪ ਹਜ਼ਾਰਾਂ ਕਾਫਲਿਆਂ ਦੇ ਠਹਿਰਣ ਨਾਲ ਵੀ ਨਹੀਂ ਬਦਲਦਾ। ਉਹ ਜਗ੍ਹਾ ਹੀ ਕੁਝ ਅਜਿਹੀ ਸੀ, ਜਿਹੜੀ ਆਪਣੇ ਖਾਲੀਪਨ ਨੂੰ ਆਪੇ ਭਰ ਲੈਂਦੀ ਸੀ। ਮੈਂ ਜਿਸ ਦਿਨ ਉੱਥੇ ਪਹੁੰਚਿਆ, ਸ਼ੀਰਨੀ ਵੰਡੀ ਜਾ ਰਹੀ ਸੀ। ਸ਼ੀਰੀਂ ਦੇ ਇਕ ਹੋਰ ਮੁੰਡਾ ਹੋਇਆ ਸੀ। ਵਣਕਤਰੇ ਦੇ ਹੱਥ ਵਿਚ ਗਲੇਕਸੋ ਦਾ ਡੱਬਾ ਸੀ। ਉਹਨੀਂ ਦਿਨੀਂ ਉਹ ਬੜੀ ਮੁਸ਼ਕਿਲ ਨਾਲ ਮਿਲਦਾ ਹੁੰਦਾ ਸੀ। ਆਪਣੇ ਬੱਚੇ ਲਈ ਉਸਨੇ ਕਿਧਰੋਂ ਦੋ ਲਿਆਂਦੇ ਸਨ, ਉਹਨਾਂ ਵਿਚੋਂ ਇਕ ਸ਼ੀਰੀਂ ਦੇ ਨਵੇਂ ਜੰਮੇ ਬਾਲ ਲਈ ਲੈ ਆਇਆ ਸੀ। ਚੱਡੇ ਨੇ ਆਖ਼ਰੀ ਦੋ ਲੱਡੂ ਉਸਦੇ ਮੂੰਹ ਵਿਚ ਤੁੰਨ ਦਿੱਤੇ ਤੇ ਕਿਹਾ, “ਤੂੰ ਗਲੇਕਸੋ ਦਾ ਡੱਬਾ ਲੈ ਆਇਆ…ਬੜਾ ਕਮਾਲ ਕੀਤਾ ਏ ਤੂੰ…ਪਰ ਦੇਖੀਂ, ਆਪਣੇ ਸਾਲੇ ਪਿਉ ਦੀ ਤੇ ਆਪਣੀ ਸਾਲੀ ਘਰਵਾਲੀ ਦੀ, ਕੋਈ ਗੱਲ ਨਾ ਕਰੀਂ।”
ਵਣਕਤਰੇ ਨੇ ਬੜੇ ਭੋਲੇਪਨ ਨਾਲ ਕਿਹਾ, “ਸਾਲਿਆ, ਮੈਂ ਕੋਈ ਪੀਤੀ ਹੋਈ ਏ ਹੁਣ?…ਉਹ ਤਾਂ ਦਾਰੂ ਬੋਲ ਰਹੀ ਹੁੰਦੀ ਏ…ਵੈਸੇ ਬਾਈ ਗਾਡ, ਮੇਰੀ ਘਰਵਾਲੀ ਬੜੀ ਹੈਂਡਸਮ ਏਂ…।”
ਚੱਡੇ ਨੇ ਏਨਾ ਜ਼ੋਰਦਾਰ ਠਹਾਕਾ ਲਾਇਆ ਕਿ ਵਣਕਤਰੇ ਨੂੰ ਕੁਝ ਹੋਰ ਕਹਿਣ ਦਾ ਮੌਕਾ ਨਹੀਂ ਮਿਲਿਆ। ਉਸ ਪਿੱਛੋਂ ਚੱਡਾ, ਗਰੀਬ ਨਿਵਾਜ਼ ਤੇ ਰਣਜੀਤ ਸਿੰਘ ਮੇਰੇ ਵੱਲ ਭੌਂ ਗਏ ਤੇ ਉਸ ਕਹਾਣੀ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਜਿਹੜੀ ਮੈਂ ਆਪਣੇ ਪੁਰਾਣੇ ਫ਼ਿਲਮਾਂ ਦੇ ਸਾਥੀ ਦੇ ਰਾਹੀਂ ਉੱਥੋਂ ਦੇ ਇਕ ਪ੍ਰੋਡਿਊਸਰ ਲਈ ਲਿਖ ਰਿਹਾ ਸਾਂ। ਫੇਰ ਕੁਝ ਚਿਰ ਸ਼ੀਰੀਂ ਦੇ ਨਵੇਂ ਜੰਮੇ ਮੁੰਡੇ ਦਾ ਨਾਂਅ ਰੱਖਿਆ ਜਾਂਦਾ ਰਿਹਾ। ਸੈਂਕੜੇ ਨਾਂਅ ਰੱਖੇ ਗਏ, ਪਰ ਚੱਡੇ ਨੂੰ ਕੋਈ ਪਸੰਦ ਨਾ ਆਇਆ। ਅੰਤ ਵਿਚ ਮੈਂ ਕਿਹਾ ਕਿ ਜਨਮ ਸਥਾਨ ਭਾਵ ਕਿ ਸਈਦਾ ਕਾਟੇਜ ਦੇ ਨਾਂਅ ‘ਤੇ ਮੁੰਡੇ ਦਾ ਨਾਂਅ ਮਸਊਦ ਹੋਣਾ ਚਾਹੀਦਾ ਹੈ। ਚੱਡੇ ਨੂੰ ਪਸੰਦ ਨਹੀਂ ਆਇਆ, ਪਰ ਅਸਥਾਈ ਤੌਰ ‘ਤੇ ਉਸਨੇ ਮੰਨ ਲਿਆ।
ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਚੱਡਾ, ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਕੁਝ ਬੁਝੇ ਬੁਝੇ ਜਿਹੇ ਨੇ। ਮੈਂ ਸੋਚਿਆ, ਸ਼ਾਇਦ ਇਸ ਦਾ ਕਾਰਨ ਪਤਝੜ ਦਾ ਮੌਸਮ ਹੋਏ, ਜਦੋਂ ਆਦਮੀ ਬਿਨਾਂ ਕਾਰਨ ਹੀ ਥਕਾਵਟ ਜਿਹੀ ਮਹਿਸੂਸ ਕਰਨ ਲੱਗਦਾ ਹੈ। ਸ਼ੀਰੀਂ ਦਾ ਨਵਾਂ ਬੱਚਾ ਵੀ ਇਸ ਸਿੱਥਲਤਾ ਦਾ ਕਾਰਨ ਹੋ ਸਕਦਾ ਸੀ, ਪਰ ਇਹ ਕੋਈ ਠੋਸ ਕਾਰਨ ਨਹੀਂ ਸੀ ਜਾਪਦਾ। ਸੈਨ ਦੇ ਕਤਲ ਦੀ ਟ੍ਰੈਜਡੀ? ਪਤਾ ਨਹੀਂ ਕੀ ਕਾਰਨ ਸੀ…ਪਰ ਮੈਂ ਪੂਰੀ ਤਰ੍ਹਾਂ ਮਹਿਸੂਸ ਕੀਤਾ ਕਿ ਉਹ ਸਾਰੇ ਉਦਾਸ ਸਨ; ਅੰਦਰੇ-ਅੰਦਰ ਘੁੱਟੇ ਹੋਏ ਸਨ।
ਮੈਂ ਪ੍ਰਭਾਤ ਨਗਰ ਵਿਚ ਆਪਣੇ ਪੁਰਾਣੇ ਫ਼ਿਲਮੀਂ ਦੋਸਤ ਦੇ ਘਰ ਵਿਚ ਕਹਾਣੀ ਲਿਖਦਾ ਰਿਹਾ। ਇਹ ਰੁਝੇਵਾਂ ਪੂਰੇ ਸੱਤ ਦਿਨ ਚੱਲਿਆ। ਮੈਨੂੰ ਵਾਰੀ ਵਾਰੀ ਖ਼ਿਆਲ ਆਉਂਦਾ ਸੀ ਕਿ ਇਸ ਦੌਰਾਨ ਚੱਡੇ ਨੇ ਕੋਈ ਅੜਿਕਾ ਕਿਉਂ ਨਹੀਂ ਲਾਇਆ। ਵਣਕਤਰੇ ਵੀ ਕਿਤੇ ਗ਼ਾਇਬ ਸੀ। ਰਣਜੀਤ ਕੁਮਾਰ ਨਾਲ ਮੇਰਾ ਕੋਈ ਖਾਸ ਸਬੰਧ ਨਹੀਂ ਸੀ, ਜਿਹੜਾ ਉਹ ਮੇਰੇ ਕੋਲ ਏਨੀ ਦੂਰ ਆਉਂਦਾ। ਗਰੀਬ ਨਿਵਾਜ਼ ਬਾਰੇ ਮੈਂ ਸੋਚਿਆ ਸੀ, ਸ਼ਾਇਦ ਹੈਦਰਾਬਾਦ ਚਲਾ ਗਿਆ ਹੋਏਗਾ। ਤੇ ਮੇਰਾ ਪੁਰਾਣਾ ਫ਼ਿਲਮਾਂ ਦਾ ਸਾਥੀ ਆਪਣੀ ਨਵੀਂ ਫ਼ਿਲਮ ਦੀ ਹੀਰੋਇਨ ਨਾਲ, ਉਸਦੇ ਘਰ ਵਿਚ, ਉਸਦੀਆਂ ਵੱਡੀਆਂ ਵੱਡੀਆਂ ਮੁੱਛਾਂ ਵਾਲੇ ਪਤੀ ਦੀ ਮੌਜ਼ੂਦਗੀ ਵਿਚ, ਇਸ਼ਕ ਲੜਾਉਣ ਦਾ ਦ੍ਰਿੜ੍ਹ ਨਿਸ਼ਚਾ ਕਰ ਰਿਹਾ ਸੀ।
ਮੈਂ ਆਪਣੀ ਕਹਾਣੀ ਦੇ ਇਕ ਬੜੇ ਹੀ ਦਿਲਚਸਪ ਹਿੱਸੇ ਦੇ ਸੰਵਾਦਾਂ ਦੀ ਵਿਉਂਤਬੰਦੀ ਕਰ ਰਿਹਾ ਸਾਂ ਕਿ ਚੱਡਾ ਆ ਗਿਆ ਤੇ ਕਮਰੇ ਵਿਚ ਵੜਦਿਆਂ ਹੋਇਆ ਉਸਨੇ ਮੈਨੂੰ ਪੁੱਛਿਆ, “ਇਸ ਬਕਵਾਸ ਦਾ ਤੈਨੂੰ ਕੁਝ ਮਿਲਿਆ ਵੀ ਏ ਕਿ ਨਹੀਂ?”
ਉਸਦਾ ਇਸ਼ਾਰਾ ਮੇਰੀ ਕਹਾਣੀ ਵੱਲ ਸੀ, ਜਿਸਦੇ ਮਿਹਨਤਾਨੇ ਦੀ ਦੂਜੀ ਕਿਸ਼ਤ ਮੈਂ ਦੋ ਦਿਨ ਪਹਿਲਾਂ ਹੀ ਵਸੂਲ ਕੀਤੀ ਸੀ। “ਹਾਂ, ਦੋ ਹਜ਼ਾਰ ਪਰਸੋਂ ਲਏ ਨੇ।”
“ਕਿੱਥੇ ਨੇ?” ਇਹ ਕਹਿੰਦਾ ਹੋਇਆ ਚੱਡਾ ਮੇਰੇ ਕੋਟ ਵੱਲ ਵਧਿਆ।
“ਮੇਰੀ ਜੇਬ ਵਿਚ।”
ਚੱਡੇ ਨੇ ਮੇਰੀ ਜੇਬ ਵਿਚ ਹੱਥ ਪਾਇਆ। ਸੌ ਸੌ ਦੇ ਚਾਰ ਨੋਟ ਕੱਢੇ ਤੇ ਮੈਨੂੰ ਕਿਹਾ, “ਅੱਜ ਸ਼ਾਮੀਂ ਮੰਮੀ ਦੇ ਪਹੁੰਚ ਜਾਵੀਂ…ਇਕ ਪਾਰਟੀ ਏ।”
ਮੈਂ ਉਸ ਪਾਰਟੀ ਬਾਰੇ ਕੁਝ ਪੁੱਛਣ ਹੀ ਲੱਗਾ ਸਾਂ ਕਿ ਉਹ ਚਲਾ ਗਿਆ। ਉਹ ਸਿੱਥਲਤਾ ਤੇ ਉਦਾਸੀ ਜਿਹੜੀ ਮੈਂ ਕੁਝ ਦਿਨ ਪਹਿਲਾਂ ਮਹਿਸੂਸ ਕੀਤੀ ਸੀ, ਤਿਵੇਂ ਦੀ ਤਿਵੇਂ ਸੀ। ਉਹ ਕੁਝ ਬੇਚੈਨ ਵੀ ਸੀ। ਮੈਂ ਉਸਦੇ ਬਾਰੇ ਵਿਚ ਸੋਚਣਾ ਚਾਹਿਆ, ਪਰ ਦਿਮਾਗ਼ ਤਿਆਰ ਨਾ ਹੋਇਆ। ਉਹ ਕਹਾਣੀ ਦੇ ਦਿਲਚਸਪ ਹਿੱਸੇ ਵਿਚ ਪੂਰੀ ਤਰ੍ਹਾਂ ਉਲਝਿਆ ਹੋਇਆ ਸੀ।
ਆਪਣੇ ਪੁਰਾਣੇ ਫ਼ਿਲਮਾਂ ਦੇ ਸਾਥੀ ਦੀ ਪਤਨੀ ਨਾਲ ਆਪਣੀ ਪਤਨੀ ਦੀਆਂ ਗੱਲਾਂ ਕਰਕੇ ਸ਼ਾਮ ਨੂੰ ਸਾਢੇ ਪੰਜ ਦੇ ਲਾਗੇ ਮੈਂ ਉੱਥੋਂ ਤੁਰ ਕੇ ਸੱਤ ਵਜੇ ਸਈਦਾ ਕਾਟੇਜ ਪਹੁੰਚ ਗਿਆ। ਗੈਰੇਜ ਦੇ ਬਾਹਰ ਵਾਲੀ ਲਾਂਅ ਉਪਰ ਗਿੱਲੇ ਪੋਤੜੇ ਲਮਕ ਰਹੇ ਸਨ ਤੇ ਨਲਕੇ ਕੋਲ ਅਕੀਲ ਤੇ ਸ਼ਕੀਲ ਸ਼ੀਰੀਂ ਦੇ ਵੱਡੇ ਮੁੰਡੇ ਨਾਲ ਖੇਡ ਰਹੇ ਸਨ। ਗੈਰੇਜ ਦੇ ਟਾਟ ਦਾ ਪਰਦਾ ਚੁੱਕਿਆ ਹੋਇਆ ਸੀ ਤੇ ਸ਼ੀਰੀਂ ਉਹਨਾਂ ਨਾਲ ਸ਼ਾਇਦ ਮੰਮੀ ਦੀਆਂ ਗੱਲਾਂ ਕਰ ਰਹੀ ਸੀ। ਮੈਨੂੰ ਦੇਖ ਕੇ ਉਹ ਚੁੱਪ ਹੋ ਗਏ। ਮੈਂ ਚੱਡੇ ਬਾਰੇ ਪੁੱਛਿਆ ਤਾਂ ਅਕੀਲ ਨੇ ਕਿਹਾ ਕਿ ਮੰਮੀ ਦੇ ਘਰ ਮਿਲੇਗਾ।
ਮੈਂ ਉੱਥੇ ਪਹੁੰਚਿਆ ਤਾਂ ਦੇਖਿਆ, ਇਕ ਸ਼ੋਰ ਮੱਚਿਆ ਹੋਇਆ ਸੀ—ਸਾਰੇ ਨੱਚ ਰਹੇ ਸਨ। ਗਰੀਬ ਨਿਵਾਜ਼ ਪੋਲੀ ਨਾਲ, ਰਣਜੀਤ ਕੁਮਾਰ ਕਿੱਟੀ ਤੇ ਐਲਿਮਾ ਨਾਲ ਤੇ ਵਣਕਤਰੇ ਥੈਲਿਮਾ ਨਾਲ। ਉਹ ਉਸਨੂੰ ਕਥਾ ਕਲੀ ਦੀ ਮੁਦਰਾ ਦਸ ਰਿਹਾ ਸੀ। ਚੱਡਾ ਮੰਮੀ ਨੂੰ ਗੋਦੀ ਵਿਚ ਚੁੱਕ ਕੇ ਇਧਰ ਉਧਰ ਭੁੜਕ ਰਿਹਾ ਸੀ। ਸਾਰੇ ਨਸ਼ੇ ਵਿਚ ਸਨ। ਇਕ ਤੂਫ਼ਾਨ ਆਇਆ ਹੋਇਆ ਜਾਪਦਾ ਸੀ। ਜਦੋਂ ਅੰਦਰ ਵੜਿਆ ਤਾਂ ਸਭ ਤੋਂ ਪਹਿਲਾਂ ਚੱਡੇ ਨੇ ਨਾਅਰਾ ਲਾਇਆ। ਉਸ ਪਿੱਛੋਂ ਦੇਸੀ ਵਿਦੇਸ਼ੀ ਭਾਸ਼ਾਵਾਂ ਦਾ ਇਕ ਗੋਲਾ ਜਿਹਾ ਫੁੱਟਿਆ, ਜਿਸ ਦੀ ਗੂੰਜ ਦੇਰ ਤਕ ਕੰਨਾਂ ਵਿਚ ਸਰਸਰਾਉਂਦੀ ਰਹੀ। ਮੰਮੀ ਬੜੀ ਉੱਡ ਕੇ ਮਿਲੀ—ਇੰਜ ਕਿ ਸ਼ਿਸ਼ਟਾਚਾਰ ਦੀਆਂ ਸਾਰੀਆਂ ਕੰਧਾਂ ਢਹਿ ਗਈਆਂ। ਮੇਰਾ ਹੱਥ ਆਪਣੇ ਹੱਥ ਵਿਚ ਲੈ ਕੇ ਉਸਨੇ ਕਿਹਾ, “ਕਿਸ ਮੀ ਡੀਅਰ!” ਪਰ ਉਸਨੇ ਖ਼ੁਦ ਹੀ ਮੇਰੀ ਗੱਲ੍ਹ ਚੁੰਮ ਲਈ ਤੇ ਮੈਨੂੰ ਘਸੀਟ ਕੇ ਨੱਚਣ ਵਾਲਿਆਂ ਦੇ ਝੂੰਡ ਵਿਚਕਾਰ ਲੈ ਗਈ। ਚੱਡਾ ਯਕਦਮ ਕੂਕਿਆ, “ਬੰਦ ਕਰੋ ਹੁਣ—ਸ਼ਰਾਬ ਦਾ ਦੌਰ ਚੱਲੇਗਾ!” ਫੇਰ ਉਸਨੇ ਨੌਕਰ ਨੂੰ ਆਵਾਜ਼ ਮਾਰੀ, “ਸਕਾਟਲੈਂਡ ਦੇ ਸ਼ਹਿਜ਼ਾਦੇ! ਵਿਸਕੀ ਦੀ ਨਵੀਂ ਬੋਤਲ ਲਿਆ!”
ਸਕਾਟਲੈਂਡ ਦਾ ਸ਼ਹਿਜ਼ਾਦਾ ਲੈ ਆਇਆ। ਉਹ ਨਸ਼ੇ ਵਿਚ ਟੁੰਨ ਸੀ…ਖੋਹਲਣ ਲੱਗਿਆ ਤਾਂ ਹੱਥੋਂ ਡਿੱਗੀ ਤੇ ਚੂਰ-ਚੂਰ ਹੋ ਗਈ। ਮੰਮੀ ਨੇ ਤਾੜਨਾਂ ਚਾਹਿਆ ਤਾਂ ਚੱਡੇ ਨੇ ਰੋਕ ਦਿੱਤਾ, “ਇਹ ਤਾਂ ਬੋਤਲ ਟੁੱਟੀ ਏ ਮੰਮੀ, ਜਾਣ ਦਿਓ, ਏਥੇ ਦਿਲ ਟੁੱਟੇ ਹੋਏ ਨੇ।”
ਮਹਿਫ਼ਿਲ ਯਕਦਮ ਸੁੰਨੀ ਹੋ ਗਈ, ਪਰ ਤੁਰੰਤ ਹੀ ਚੱਡੇ ਨੇ ਉਦਾਸੀ ਨੂੰ ਆਪਣੇ ਠਹਾਕਿਆਂ ਨਾਲ ਲੀਰੋ-ਲੀਰ ਕਰ ਦਿੱਤਾ। ਨਵੀਂ ਬੋਤਲ ਆਈ। ਹਰ ਗ਼ਲਾਸ ਵਿਚ ਵੱਡਾ-ਤਕੜਾ ਪੈਗ ਪਾਇਆ ਗਿਆ। ਇਸ ਪਿੱਛੋਂ ਚੱਡੇ ਨੇ ਉੱਖੜਿਆ-ਪੁੱਖੜਿਆ ਜਿਹਾ ਭਾਸ਼ਣ ਸ਼ੁਰੂ ਕੀਤਾ, “ਲੇਡੀਜ਼ ਐਂਡ ਜੈਂਟਲ ਮੈਨ…ਤੁਸੀਂ ਸਾਰੇ ਜਹੱਨੁਮ (ਨਰਕ) ਵਿਚ ਜਾਓ…ਮੰਟੋ ਸਾਡੇ ਵਿਚਕਾਰ ਮੌਜ਼ੂਦ ਹੈ, ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਕਹਾਣੀਕਾਰ ਸਮਝਦਾ ਹੈ। ਮਨੁੱਖੀ ਸੁਭਾਅ ਦੀ, ਉਹ ਕੀ ਕਹਿੰਦੇ ਨੇ, ਡੁੰਘਾਈ ਵਿਚ ਉਤਰ ਜਾਂਦਾ ਹੈ…ਪਰ ਮੈਂ ਕਹਿੰਦਾ ਹਾਂ ਕਿ ਬਕਵਾਸ ਹੈ…ਖੂਹ ‘ਚ ਉਤਰਨ ਵਾਲੇ…ਖੂਹ ਦੇ ਡੱਡੂ…” ਉਸਨੇ ਇਧਰ ਉਧਰ ਦੇਖਿਆ, “ਅਫ਼ਸੋਸ ਹੈ ਕਿ ਇੱਥੇ ਕੋਈ ਹਿੰਦੁਸਤੁੜ ਨਹੀਂ, ਇਕ ਹੈਦਰਾਬਾਦੀ ਹੈ, ਜਿਹੜਾ ‘ਕੱਕੇ’ ਨੂੰ ‘ਗੱਗਾ’ ਕਹਿੰਦਾ ਹੈ, ਤੇ ਜਿਸ ਨਾਲ ਦਸ ਵਰ੍ਹੇ ਬਾਅਦ ਮੁਲਾਕਾਤ ਹੋਈ ਤਾਂ ਵੀ ਕਹੇਗਾ ਕਿ ਪਰਸੋਂ ਤੁਹਾਨੂੰ ਮਿਲਿਆ ਸਾਂ—ਲਾਹਨਤ ਹੈ ਉਸਦੇ ਨਿਜ਼ਾਮ ਹੈਦਰਾਬਾਦ ਉੱਤੇ ਜਿਸ ਕੋਲ ਕਈ ਲੱਖਾਂ ਟਨ ਸੋਨਾ ਹੈ, ਕਰੋੜਾਂ ਦੇ ਜਵਾਹਰਾਤ ਨੇ, ਪਰ ਇਕ ਮੰਮੀ ਨਹੀਂ…ਹਾਂ…ਓ ਖੂਹ ‘ਚ ਉਤਰਨ ਵਾਲੇ…ਮੈਂ ਕੀ ਕਿਹਾ ਸੀ ਕਿ ਸਭ ਬਕਵਾਸ ਹੈ? ਪੰਜਾਬ ਵਿਚ ਜਿਹਨਾਂ ਨੂੰ ਟਿੱਬੇ ਕਹਿੰਦੇ ਨੇ…ਉੱਥੇ ਲੇਟੇ ਲਾਉਣ ਵਾਲੇ, ਉਹ ਇਸਦੇ ਮੁਕਾਬਲੇ ਮਨੁੱਖੀ ਸੁਭਾਅ ਨੂੰ ਕਈ ਗੁਣਾ ਵੱਧ ਸਮਝਦੇ ਨੇ। ਇਸ ਲਈ ਮੈਂ ਕਹਿੰਦਾ ਹਾਂ…”
ਸਾਰਿਆਂ ਨੇ ਜ਼ਿੰਦਾਬਾਦ ਦਾ ਨਾਅਰਾ ਲਾਇਆ। ਚੱਡਾ ਕੂਕਿਆ, “ਇਹ ਸਾਜਿਸ਼ ਹੈ…ਇਸ ਮੰਟੋ ਦੀ ਸਾਜਿਸ਼ ਹੈ, ਨਹੀਂ ਤਾਂ ਮੈਂ ਹਰ-ਹਿਟਲਰ ਵਾਂਗ ਮੁਰਦਾਬਾਦ ਦੇ ਨਾਅਰੇ ਦਾ ਇਸ਼ਾਰਾ ਕੀਤਾ ਸੀ…ਤੁਸੀਂ ਸਾਰੇ ਮੁਰਦਾਬਾਦ…ਪਰ ਪਹਿਲਾਂ ਮੈਂ…ਮੈਂ…ਮੈਂ…।” ਉਹ ਜਜ਼ਬਾਤੀ ਹੋ ਗਿਆ। “ਮੈਂ…ਜਿਸ ਨੇ ਉਸ ਰਾਤ…ਸੱਪ ਦੇ ਛਿੰਬਾਂ ਰੰਗੇ ਵਾਲਾਂ ਵਾਲੀ ਇਕ ਕੁੜੀ ਲਈ ਆਪਣੀ ਮਾਂ ਨੂੰ ਨਾਰਾਜ਼ ਕਰ ਦਿੱਤਾ ਸੀ। ਮੈਂ ਖ਼ੁਦ ਨੂੰ, ਪਤਾ ਨਹੀਂ ਕਿੱਥੋਂ ਦਾ ਜੁਆਨ-ਜਹਾਨ ਸਮਝਦਾ ਸਾਂ…ਪਰ ਨਹੀਂ, ਉਸਨੂੰ ਪ੍ਰਾਪਤ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਸੀ। ਮੈਨੂੰ ਆਪਣੀ ਜਵਾਨੀ ਦੀ ਸੌਂਹ, ਇਕੋ ਚੁੰਮੀ ਵਿਚ ਉਸ ਪਲੈਟੀਨਮ ਬਲੌਂਡ ਦੇ ਕੁਆਰੇਪਨ ਦਾ ਸਾਰਾ ਰਸ ਮੈਂ ਆਪਣੇ ਇਹਨਾਂ ਮੋਟੇ-ਮੋਟੇ ਬੁੱਲ੍ਹਾਂ ਨਾਲ ਚੁਸ ਸਕਦਾ ਸਾਂ…ਪਰ ਇਹ ਇਕ ਗ਼ਲਤ ਕੰਮ ਹੁੰਦਾ…ਉਹ ਕੱਚੀ ਉਮਰ ਦੀ ਸੀ। ਏਨੀ ਘੱਟ ਉਮਰ, ਏਨੀਂ ਕਮਜ਼ੋਰ, ਏਨੀ ਕਰੇਕਟਰਲੈਸ…ਏਨੀ…” ਉਸਨੇ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ। “ਦੱਸ ਯਾਰ ਉਸਨੂੰ ਉਰਦੂ, ਫ਼ਾਰਸੀ ਜਾਂ ਅਰਬੀ ਵਿਚ ਕੀ ਆਖਾਂਗੇ…ਕਰੇਕਟਲੈਸ…ਲੇਡੀਜ਼ ਐਂਡ ਜੈਂਟਲ ਮੈਨ…ਉਹ ਏਨੀ ਛੋਟੀ, ਕੱਚੀ ਤੇ ਏਨੀ ਮਾਸੂਮ ਸੀ ਕਿ ਉਸ ਰਾਤ ਪਾਪਾ ਵਿਚ ਸ਼ਾਮਲ ਹੋ ਕੇ ਸਾਰੀ ਉਮਰ ਪਛਤਾਉਂਦੀ ਰਹਿੰਦੀ ਜਾਂ ਉਸਨੂੰ ਬਿਲਕੁਲ ਭੁੱਲ ਜਾਂਦੀ…ਉਹਨਾਂ ਥੋੜ੍ਹੇ ਛਿਣਾ ਦੇ ਆਨੰਦ ਦੀ ਯਾਦ ਦੇ ਸਹਾਰੇ ਜਿਊਣ ਦਾ ਸਲੀਕਾ ਉਸਨੂੰ ਬਿਲਕੁਲ ਨਾ ਆਉਂਦਾ…ਮੈਨੂੰ ਇਸਦਾ ਦੁਖ ਹੁੰਦਾ…ਚੰਗਾ ਹੋਇਆ ਕਿ ਮੰਮੀ ਨੇ ਉਸੇ ਸਮੇਂ ਮੇਰਾ ਹੁੱਕਾ ਪਾਣੀ ਬੰਦ ਕਰ ਦਿੱਤਾ…ਮੈਂ ਹੁਣ ਆਪਣੀ ਬਕਵਾਸ ਬੰਦਾ ਕਰਦਾ ਹਾਂ। ਮੇਰਾ ਅਸਲ ਵਿਚ ਇਕ ਬੜਾ ਲੰਮਾਂ ਚੌੜਾ ਲੈਕਚਰ ਕਰਨ ਦਾ ਇਰਾਦਾ ਸੀ, ਪਰ ਮੈਥੋਂ ਕੁਝ ਬੋਲਿਆ ਨਹੀਂ ਜਾ ਰਿਹਾ…ਮੈਂ ਇਕ ਪੈਗ ਹੋਰ ਪੀਂਦਾ ਹਾਂ।”
ਉਸਨੇ ਇਕ ਪੈਗ ਹੋਰ ਪੀਤਾ। ਲੈਕਚਰ ਦੌਰਾਨ ਸਾਰੇ ਚੁੱਪ ਸਨ। ਉਸ ਪਿੱਛੋਂ ਵੀ ਚੁੱਪ ਰਹੇ। ਮੰਮੀ ਪਤਾ ਨਹੀਂ ਕੀ ਸੋਚ ਰਹੀ ਸੀ। ਪਾਊਡਰ ਤੇ ਲਾਲੀ ਦੀਆਂ ਤੈਹਾਂ ਹੇਠ ਝੁਰੜੀਆਂ ਵੀ ਇੰਜ ਦਿਖਾਈ ਦੇਂਦੀਆਂ ਸਨ ਜਿਵੇਂ ਉਹ ਵੀ ਕਿਸੇ ਡੂੰਘੀ ਚਿੰਤਾ ਵਿਚ ਡੁੱਬੀਆਂ ਹੋਈਆਂ ਨੇ। ਬੋਲਣ ਪਿੱਛੋਂ ਚੱਡਾ ਜਿਵੇਂ ਖਾਲੀ ਜਿਹਾ ਹੋ ਗਿਆ। ਉਹ ਇਧਰੋਂ ਉਧਰ, ਭਟਕ ਰਿਹਾ ਸੀ ਜਿਵੇਂ ਕੋਈ ਗਵਾਚੀ ਹੋਈ ਸ਼ੈ ਲੱਭਣ ਲਈ ਨੁੱਕਰ-ਕੋਨਾ ਦੇਖ ਰਿਹਾ ਹੋਵੇ, ਜਿਹੜੀ ਉਸਦੇ ਦਿਮਾਗ਼ ਵਿਚ ਪੁਰੀ ਤਰ੍ਹਾਂ ਸੁਰੱਖਿਅਤ ਰਹੇ। ਮੈਂ ਉਸਨੂੰ ਇਕ ਵੇਰ ਪੁੱਛਿਆ, “ਕੀ ਗੱਲ ਏ ਚੱਡਾ?”
ਉਸਨੇ ਠਹਾਕਾ ਲਾ ਕੇ ਉਤਰ ਦਿੱਤਾ, “ਕੁਛ ਨਹੀਂ…ਗੱਲ ਇਹ ਹੈ ਕਿ ਅੱਜ ਵਿਸਕੀ ਮੇਰੇ ਦਿਮਾਗ਼ ਦੇ ਚਿੱਤੜਾਂ ਤੇ ਲੱਤ ਨਹੀਂ ਮਾਰ ਰਹੀ।” ਉਸਦਾ ਠਹਾਕਾ ਖੋਖਲਾ ਸੀ।
ਵਣਕਤਰੇ ਨੇ ਥੈਲਿਮਾ ਨੂੰ ਉਠਾ ਕੇ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਇਧਰ ਉਧਰ ਦੀਆਂ ਗੱਲਾਂ ਕਰਨ ਪਿੱਛੋਂ ਆਪਣੇ ਪਿਉ ਦੀ ਪ੍ਰਸ਼ੰਸਾ ਸ਼ੁਰੂ ਕਰ ਦਿੱਤੀ ਕਿ ਉਹ ਬੜਾ ਗੁਣੀ ਆਦਮੀ ਸੀ। ਇਹੋ ਜਿਹਾ ਹਰਮੋਨੀਅਮ ਵਜਾਉਂਦਾ ਸੀ ਕਿ ਲੋਕ ਦੰਗ ਰਹਿ ਜਾਂਦੇ ਸਨ। ਫੇਰ ਉਸਨੇ ਆਪਣੀ ਪਤਨੀ ਦੀ ਸੁੰਦਰਤਾ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਬਚਪਨ ਵਿਚ ਹੀ ਉਸਦੇ ਪਿਉ ਨੇ ਉਸਨੂੰ ਵਿਆਹ ਦਿੱਤਾ ਸੀ। ਬੰਗਾਲੀ ਮਿਊਜ਼ਿਕ ਡਾਇਰੈਕਟਰ ਸੈਨ ਦੀ ਗੱਲ ਤੁਰੀ ਤਾਂ ਉਸਨੇ ਕਿਹਾ, “ਮਿਸਟਰ ਮੰਟੋ, ਇਕਦਮ ਫਰਾਡ ਆਦਮੀ ਸੀ…ਕਹਿੰਦਾ ਸੀ, ਮੈਂ ਖ਼ਾਨ ਸਾਹਿਬ ਅਬਦੁੱਲ ਕਰੀਮ ਦਾ ਚੇਲਾ ਆਂ…ਝੂਠ, ਬਿਲਕੁਲ ਝੂਠ…ਉਹ ਬੰਗਾਲ ਦੇ ਕਿਸੇ ਭੜੂਏ ਦਾ ਚੇਲਾ ਸੀ…।”
ਘੜੀ ਨੇ ਦੋ ਵਜਾਏ। ਚੱਡੇ ਨੇ ਕਿੱਟੀ ਨੂੰ ਧੱਕਾ ਮਾਰ ਕੇ ਇਕ ਪਾਸੇ ਸੁੱਟ ਦਿੱਤਾ ਤੇ ਅੱਗੇ ਵਧ ਕੇ ਵਣਕਤਰੇ ਦੇ ਕੱਦੂ ਵਰਗੇ ਸਿਰ ਉੱਤੇ ਧੱਫਾ ਮਾਰ ਕੇ ਕਿਹਾ, “ਬਕਵਾਸ ਬੰਦ ਓਇ…ਉੱਠ…ਤੇ ਕੁਝ ਗਾ…ਪਰ ਖ਼ਬਰਦਾਰ, ਜੇ ਤੂੰ ਕੋਈ ਪੱਕਾ ਰਾਗ ਗਾਇਆ।”
ਵਣਕਤਰੇ ਨੇ ਤੁਰੰਤ ਗਾਣਾ ਸ਼ੁਰੂ ਕਰ ਦਿੱਤਾ। ਆਵਾਜ਼ ਚੰਗੀ ਨਹੀਂ ਸੀ। ਇਕ ਸੁਰ ਦੀਆਂ ਕਈ ਕਈ ਗਰਾਰੀਆਂ ਉਸਦੇ ਗਲ਼ੇ ਵਿਚੋਂ ਨਿਕਲਦੀਆਂ ਸਨ; ਪਰ ਜੋ ਵੀ ਗਾਉਂਦਾ ਸੀ, ਪੂਰੀ ਲਗਣ ਨਾਲ ਗਾਉਂਦਾ ਸੀ। ਮਾਲਕੋਸ਼ ਵਿਚ ਉਸਨੇ ਦੋ ਤਿੰਨ ਫ਼ਿਲਮੀ ਗੀਤ ਸੁਣਾਏ, ਜਿਹਨਾਂ ਵਾਤਾਵਰਣ ਨੂੰ ਹੋਰ ਵੀ ਉਦਾਸ ਕਰ ਦਿੱਤਾ। ਮੰਮੀ ਤੇ ਚੱਡਾ ਇਕ ਦੂਜੇ ਵਲ ਦੇਖਦੇ ਸਨ ਤੇ ਨਜ਼ਰਾਂ ਕਿਸੇ ਹੋਰ ਪਾਸੇ ਭੁੰਆਂ ਲੈਂਦੇ ਸਨ…ਗਰੀਬ ਨਿਵਾਜ਼ ਏਨਾ ਪ੍ਰਭਾਵਿਤ ਹੋਇਆ ਕਿ ਉਸਦੀਆਂ ਅੱਖਾਂ ਵਿਚ ਅੱਥਰੂ ਆ ਗਏ। ਚੱਡੇ ਨੇ ਜ਼ੋਰ ਦਾ ਠਹਾਕਾ ਲਾਇਆ ਤੇ ਕਿਹਾ, “ਹੈਦਰਾਬਾਦ ਵਾਲਿਆਂ ਦੀਆਂ ਅੱਖਾਂ ਦਾ ਮਸਾਨਾ ਬੜਾ ਕਮਜ਼ੋਰ ਹੁੰਦਾ ਏ—ਮੌਕੇ-ਬੇਮੌਕੇ ਟਪਕਨ ਲੱਗ ਪੈਂਦੈ। ਕਿਉਂ ਭਾਊ…?”
ਗਰੀਬ ਨਿਵਾਜ਼ ਨੇ ਆਪਣੇ ਅੱਥਰੂ ਪੂੰਝੇ ਤੇ ਏਲਿਮਾ ਨਾਲ ਨੱਚਣਾ ਸ਼ੁਰੂ ਕਰ ਦਿੱਤਾ। ਵਣਕਤਰੇ ਨੇ ਗਰਾਮੋਫ਼ੋਨ ਦੇ ਚਕਲੇ ਉੱਤੇ ਰਿਕਾਰਡ ਰੱਖ ਕੇ ਸੂਈ ਲਾ ਦਿੱਤੀ। ਘਿਸੀ ਹੋਈ ਟਿਊਨ ਵੱਜਣ ਲੱਗੀ। ਚੱਡੇ ਨੇ ਮੰਮੀ ਨੂੰ ਫੇਰ ਗੋਦੀ ਵਿਚ ਚੁੱਕ ਲਿਆ ਤੇ ਉੱਛਲ-ਉੱਛਲ ਕੇ ਰੌਲਾ ਪਾਉਣ ਲੱਗ ਪਿਆ। ਉਸਦਾ ਗਲ਼ਾ ਬੈਠ ਗਿਆ ਸੀ, ਉਹਨਾਂ ਮਰਾਸੀਆਂ ਵਾਂਗ, ਜਿਹੜੇ ਸ਼ਾਦੀ ਵਿਆਹ ਦੇ ਮੌਕੇ ‘ਤੇ ਉੱਚੀਆਂ ਸੁਰਾਂ ਵਿਚ ਗਾ-ਗਾ ਕੇ ਆਪਣੀ ਆਵਾਜ਼ ਦਾ ਨਾਸ ਮਾਰ ਲੈਂਦੇ ਨੇ।
ਉਸ ਉੱਛਲ-ਕੁੱਦ ਤੇ ਚੀਕਾ-ਰੌਲੀ ਵਿਚ ਸਵੇਰ ਦੇ ਚਾਰ ਵੱਜ ਗਏ। ਮੰਮੀ ਬਿਲਕੁਲ ਚੁੱਪ ਹੋ ਗਈ। ਫੇਰ ਉਸਨੇ ਚੱਡੇ ਵੱਲ ਮੁੜ ਕੇ ਕਿਹਾ, “ਬਸ, ਹੁਣ ਖਤਮ ਕਰੋ!”
ਚੱਡੇ ਨੇ ਬੋਤਲ ਨੂੰ ਮੂੰਹ ਲਾਇਆ ਤੇ ਉਸਨੂੰ ਖਾਲੀ ਕਰਕੇ ਇਕ ਪਾਸੇ ਸੁੱਟ ਦਿੱਤਾ ਤੇ ਮੈਨੂੰ ਕਿਹਾ, “ਚੱਲ ਮੰਟੋ, ਚੱਲੀਏ।”
ਮੈਂ ਉੱਠ ਕੇ ਮੰਮੀ ਤੋਂ ਇਜਾਜ਼ਤ ਲੈਣੀ ਚਾਹੀ ਕਿ ਚੱਡੇ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ, “ਅੱਜ ਕੋਈ ਵਿਦਾਈ ਨਹੀਂ ਲਏਗਾ।”
ਅਸੀਂ ਦੋਵੇਂ ਬਾਹਰ ਨਿਕਲ ਰਹੇ ਸਾਂ ਕਿ ਵਣਕਤਰੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਚੱਡੇ ਨੂੰ ਕਿਹਾ, “ਠਹਿਰ, ਦੇਖੀਏ ਕੀ ਗੱਲ ਏ।” ਪਰ ਉਹ ਮੈਨੂੰ ਧਰੀਕ ਕੇ ਅੱਗੇ ਲੈ ਗਿਆ। “ਉਸ ਸਾਲੇ ਦੀਆਂ ਅੱਖਾਂ ਦਾ ਮਸਾਨਾ ਵੀ ਕਮਜ਼ੋਰ ਐ।”
ਮੰਮੀ ਦੇ ਘਰ ਤੋਂ ਸਈਦਾ ਕਾਟੇਜ ਬਿਲਕੁਲ ਨੇੜੇ ਹੀ ਸੀ। ਰਸਤੇ ਵਿਚ ਚੱਡੇ ਨੇ ਕੋਈ ਗੱਲ ਨਹੀਂ ਕੀਤੀ। ਸੌਣ ਤੋਂ ਪਹਿਲਾਂ ਮੈਂ ਉਸ ਤੋਂ ਇਸ ਵਚਿੱਤਰ ਪਾਰਟੀ ਬਾਰੇ ਜਾਣਨਾ ਚਾਹਿਆ ਤਾਂ ਉਸ ਨੇ ਕਿਹਾ, “ਮੈਨੂੰ ਨੀਂਦ ਆ ਰਹੀ ਹੈ।” ਤੇ ਉਹ ਬਿਸਤਰੇ ‘ਤੇ ਜਾ ਲੇਟਿਆ।
ਸਵੇਰੇ ਉੱਠ ਕੇ ਮੈਂ ਗੁਸਲਖ਼ਾਨੇ ਵਿਚ ਗਿਆ। ਬਾਹਰ ਨਿਕਲਿਆ ਤਾਂ ਦੇਖਿਆ ਕਿ ਗਰੀਬ ਨਿਵਾਜ਼ ਗੈਰੇਜ ਦੇ ਟਾਟ ਨਾਲ ਲੱਗਿਆ ਖਲੋਤਾ ਹੈ ਤੇ ਰੋ ਰਿਹਾ ਹੈ। ਮੈਨੂੰ ਦੇਖ ਕੇ ਉਹ ਹੰਝੂ ਪੂੰਝਦਾ ਉੱਥੋਂ ਪਰ੍ਹਾਂ ਵਲ ਹਟ ਗਿਆ। ਮੈਂ ਕੋਲ ਜਾ ਕੇ ਉਸਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ, “ਮੰਮੀ ਚਲੀ ਗਈ।”
“ਕਿੱਥੇ?”
“ਪਤਾ ਨਹੀਂ।” ਇਹ ਕਹਿ ਕੇ ਗਰੀਬ ਨਿਵਾਜ਼ ਸੜਕ ਵੱਲ ਤੁਰ ਗਿਆ।
ਚੱਡਾ ਬਿਸਤਰੇ ‘ਤੇ ਲੇਟਿਆ ਹੋਇਆ ਸੀ। ਇੰਜ ਜਾਪਦਾ ਸੀ ਕਿ ਉਹ ਪਲ ਛਿਣ ਲਈ ਵੀ ਨਹੀਂ ਸੀ ਸੁੱਤਾ। ਮੈਂ ਉਸਨੂੰ ਮੰਮੀ ਬਾਰੇ ਪੁੱਛਿਆ ਤਾਂ ਉਸਨੇ ਮੁਸਕਰਾ ਕੇ ਕਿਹਾ, “ਚਲੀ ਗਈ, ਸਵੇਰ ਦੀ ਗੱਡੀ ‘ਤੇ…ਉਸਨੇ ਪੂਨਾ ਛੱਡਣਾ ਸੀ।”
ਮੈਂ ਪੁੱਛਿਆ, “ਪਰ ਕਿਉਂ?”
ਚੱਡੇ ਦੀ ਆਵਾਜ਼ ਵਿਚ ਕੁਸੈਲ ਘੁਲ ਗਈ, “ਹਕੂਮਤ ਨੂੰ ਉਸਦੀ ਅਦਾ ਪਸੰਦ ਨਹੀਂ ਸੀ—ਉਸਦੇ ਰੰਗ ਢੰਗ ਪਸੰਦ ਨਹੀਂ ਸਨ। ਉਸਦੇ ਘਰ ਦੀਆਂ ਮਹਿਫ਼ਿਲਾਂ ਉਹਨਾਂ ਦੀਆਂ ਨਜ਼ਰਾਂ ਵਿਚ ਇਤਰਾਜ਼ ਯੋਗ ਸਨ। ਇਸ ਲਈ ਕਿ ਪੁਲਿਸ ਉਸਦੇ ਸਨੇਹ ਤੇ ਮਮਤਾ ਨੂੰ ਭਰਿਸ਼ਟਾਚਾਰ ਦੇ ਰੂਪ ਵਿਚ ਦੇਖਣਾ ਚਾਹੁੰਦੀ ਸੀ…ਉਹ ਉਸਨੂੰ ਮਾਂ ਕਹਿ ਕੇ ਉਸ ਤੋਂ ਕਿਸੇ ਦੱਲੀ ਦਾ ਕੰਮ ਲੈਣਾ ਚਾਹੁੰਦੇ ਸਨ…ਇਕ ਲੰਮੇ ਸਮੇਂ ਤੋਂ ਉਸਦੇ ਇਕ ਕੇਸ ਦੀ ਛਾਣਬੀਣ ਹੋ ਰਹੀ ਸੀ। ਅਖ਼ੀਰ ਸਰਕਾਰ ਪੁਲਿਸ ਦੀ ਛਾਣਬੀਣ ਨਾਲ ਸਹਿਮਤ ਹੋ ਗਈ ਤੇ ਉਸਨੂੰ ‘ਤੜੀ ਪਾਰ’ ਕਰ ਦਿੱਤਾ। ਇਸ ਸ਼ਹਿਰ ‘ਚੋਂ ਕੱਢ ਦਿੱਤਾ…ਜੇ ਉਹ ਵੇਸ਼ੀਆ ਸੀ, ਜਾਂ ਦੱਲੀ ਸੀ… ਉਸਦੀ ਹੋਂਦ ਸਮਾਜ ਲਈ ਹਾਨੀਕਾਰਕ ਸੀ ਤਾਂ ਉਸਨੂੰ ਖਤਮ ਕਰ ਦੇਣਾ ਚਾਹੀਦਾ ਸੀ…ਪੂਨੇ ਦੀ ਗੰਦਗੀ ਨੂੰ ਇਹ ਕਿਉਂ ਕਿਹਾ ਗਿਆ ਕਿ ਤੂੰ ਇੱਥੋਂ ਚਲੀ ਜਾ ਤੇ ਜਿੱਥੇ ਮਰਜ਼ੀ ਜਾ ਕੇ ਢੇਰ ਹੋ ਜਾ?” ਚੱਡੇ ਨੇ ਬੜੇ ਜ਼ੋਰ ਨਾਲ ਠਹਾਕਾ ਲਾਇਆ ਤੇ ਥੋੜ੍ਹੀ ਦੇਰ ਚੁੱਪ ਰਿਹਾ। ਫੇਰ ਉਸਨੇ ਬੜੀ ਭਾਵੁਕ ਆਵਾਜ਼ ਵਿਚ ਕਿਹਾ, “ਮੈਨੂੰ ਦੁੱਖ ਹੈ ਮੰਟੋ ਕਿ ਉਸ ਗੰਦਗੀ ਦੇ ਨਾਲ ਇਕ ਅਜਿਹੀ ਪਵਿੱਤਰਤਾ ਵੀ ਚਲੀ ਗਈ ਹੈ, ਜਿਸਨੇ ਉਸ ਰਾਤ ਮੇਰੀ ਇਕ ਬੜੀ ਗ਼ਲਤ ਤੇ ਗੰਦੀ ਤਰੰਗ ਨੂੰ ਮੇਰੇ ਦਿਲ ਦਿਮਾਗ਼ ਵਿਚੋਂ ਕੱਢ ਦਿੱਤਾ ਸੀ—ਪਰ ਮੈਨੂੰ ਅਫ਼ਸੋਸ ਨਹੀਂ ਹੋਣਾ ਚਾਹੀਦਾ…ਉਹ ਪੂਨੇ ਵਿਚੋਂ ਚਲੀ ਗਈ…ਮੇਰੇ ਵਰਗੇ ਜਵਾਨਾਂ ਵਿਚ ਅਜਿਹੀਆਂ ਗ਼ਲਤ ਤੇ ਗੰਦੀਆਂ ਤਰੰਗਾਂ ਉੱਥੇ ਵੀ ਪੈਦਾ ਹੁੰਦੀਆਂ ਹੋਣਗੀਆਂ, ਜਿੱਥੇ ਉਹ ਆਪਣਾ ਘਰ ਬਣਾਵੇਗੀ…ਮੈਂ ਆਪਣੀ ਮੰਮੀ ਉਹਨਾਂ ਦੇ ਹਵਾਲੇ ਕਰਦਾ ਹਾਂ…ਜ਼ਿੰਦਾਬਾਦ ਮੰਮੀ…ਜ਼ਿੰਦਾਬਾਦ…ਚੱਲ ਗਰੀਬ ਨਿਵਾਜ਼ ਨੂੰ ਲੱਭੀਏ। ਰੋ ਰੋ ਕੇ ਉਸਨੇ ਆਪਣਾ ਬੁਰਾ ਹਾਲ ਕਰ ਲਿਆ ਹੋਏਗਾ…ਇਹਨਾਂ ਹੈਦਰਾਬਾਦੀਆਂ ਦੀਆਂ ਅੱਖਾਂ ਦਾ ਮਸਾਨਾ ਬੜਾ ਕਮਜ਼ੋਰ ਹੁੰਦੈ, ਮੌਕੇ-ਬੇਮੌਕੇ ਟਪਕਦਾ ਰਹਿੰਦਾ ਏ…”
ਮੈਂ ਦੇਖਿਆ, ਚੱਡੇ ਦੀਆਂ ਅੱਖਾਂ ਵਿਚ ਅੱਥਰੂ ਇਸ ਤਰ੍ਹਾਂ ਤੈਰ ਰਹੇ ਸਨ, ਜਿਵੇਂ ਮੰਮੀ ਦੇ ਦੋਖ਼ੀਆਂ ਦੀਆਂ ਲਾਸ਼ਾਂ ਹੋਣ।
ਸਆਦਤ ਹਸਨ ਮੰਟੋ
(ਅਨੁਵਾਦ : ਮਹਿੰਦਰ ਬੇਦੀ, ਜੈਤੋ)

 

ਸਹਾਏ

by Sandeep Kaur March 25, 2020

‘ਇਹ ਨਾ ਕਹੋ ਕਿ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਨੇ—ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।…ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ ਹੈ, ਪਰ ਉਹ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਇੰਜ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਹੈ, ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਉਪਰ ਇਕ ਹਲਕੀ-ਜਿਹੀ ਖਰੋਂਚ ਵੀ ਨਹੀਂ ਆਈ। ਉਹ ਲੋਕ ਬੇਵਕੂਫ਼ ਨੇ ਜਿਹੜੇ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਏ। ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ…ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ…ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ/ਨਸ਼ਟ ਹੋ ਸਕਦਾ ਏ?”
ਮੁਮਤਾਜ਼ ਉਸ ਦਿਨ ਖਾਸਾ ਭਖਿਆ ਹੋਇਆ ਸੀ। ਅਸੀਂ ਸਿਰਫ ਤਿੰਨ ਸਾਂ, ਜਿਹੜੇ ਉਸ ਨੂੰ ਜਹਾਜ਼ ਚੜ੍ਹਾਉਣ ਆਏ ਸਾਂ। ਉਹ ਅਣਮਿਥੇ ਸਮੇਂ ਲਈ ਸਾਥੋਂ ਵਿੱਛੜ ਕੇ ਪਾਕਿਸਤਾਨ ਜਾ ਰਿਹਾ ਸੀ, ਜਿਸ ਦੇ ਹੋਂਦ ਵਿਚ ਆਉਣ ਬਾਰੇ ਅਸੀਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।
ਅਸੀਂ ਤਿੰਨੇ ਹਿੰਦੂ ਸਾਂ। ਪੱਛਮੀ ਪੰਜਾਬ ਵਿਚ ਸਾਡੇ ਰਿਸ਼ਤੇਦਾਰਾਂ ਦਾ ਬੜਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ। ਜੁਗਲ ਨੂੰ ਲਾਹੌਰ ਤੋਂ ਖ਼ਤ ਆਇਆ ਸੀ ਕਿ ‘ਫਸਾਦਾਂ ਵਿਚ ਉਸ ਦਾ ਚਾਚਾ ਮਾਰਿਆ ਗਿਆ ਹੈ।’ ਉਸ ਨੂੰ ਬੜਾ ਦੁੱਖ ਹੋਇਆ ਸੀ ਤੇ ਇਕ ਦਿਨ ਇਸੇ ਦੁੱਖ ਦੇ ਸਦਮੇਂ ਅਧੀਨ, ਗੱਲਾਂ ਗੱਲਾਂ ਵਿਚ ਹੀ, ਉਸ ਨੇ ਮੁਮਤਾਜ਼ ਨੂੰ ਕਿਹਾ ਸੀ, ”ਮੈਂ ਸੋਚ ਰਿਹਾਂ, ਜੇ ਕਦੀ ਸਾਡੇ ਮੁਹੱਲੇ ਵਿਚ ਫਸਾਦ ਸ਼ੁਰੂ ਹੋ ਪੈਣ ਤਾਂ ਮੈਂ ਕੀ ਕਰਾਂਗਾ?”
ਮੁਮਤਾਜ਼ ਨੇ ਪੁੱਛਿਆ, ”ਕੀ ਕਰੇਂਗਾ…?”
ਜੁਗਲ ਨੇ ਬੜੀ ਸੰਜੀਦਗੀ ਨਾਲ ਉਤਰ ਦਿੱਤਾ, ”ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ!”
ਇਹ ਸੁਣ ਕੇ ਮੁਮਤਾਜ਼ ਬਿਲਕੁਲ ਚੁੱਪ ਹੋ ਗਿਆ ਸੀ ਤੇ ਉਸ ਦੀ ਇਹ ਚੁੱਪੀ ਲਗਭਗ ਅੱਠ ਦਿਨ ਜਾਰੀ ਰਹੀ ਸੀ…ਤੇ ਅਚਾਨਕ ਉਦੋਂ ਟੁੱਟੀ ਸੀ ਜਦੋਂ ਉਸ ਨੇ ਸਾਨੂੰ ਇਹ ਦੱਸਿਆ ਸੀ ਕਿ ‘ਉਹ ਪੌਂਣੇ ਚਾਰ ਵਜੇ ਵਾਲੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ।’
ਸਾਡੇ ਤਿੰਨਾਂ ਵਿਚੋਂ ਕਿਸੇ ਨੇ ਵੀ ਉਸ ਦੇ ਇਸ ਅਚਾਨਕ ਫੈਸਲੇ ਬਾਰੇ ਕੋਈ ਗੱਲ ਨਹੀਂ ਕੀਤੀ। ਜੁਗਲ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੁਮਤਾਜ਼ ਦੇ ਜਾਣ ਦਾ ਮੁੱਖ ਕਾਰਣ ਉਸ ਦਾ ਉਹ ਵਾਕ ਸੀ, ‘ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।’ ਸ਼ਾਇਦ ਉਹ ਹੁਣ ਤਕ ਇਹੀ ਸੋਚ ਰਿਹਾ ਸੀ ਕਿ ਕੀ ਉਹ ਉਤੇਜਤ ਹੋ ਕੇ ਮੁਮਤਾਜ਼ ਨੂੰ ਮਾਰ ਸਕਦਾ ਹੈ ਜਾਂ ਨਹੀਂ?…ਉਸ ਮੁਮਤਾਜ਼ ਨੂੰ, ਜਿਹੜਾ ਉਸ ਦਾ ਜਿਗਰੀ ਯਾਰ ਸੀ। ਇਹੀ ਕਾਰਣ ਹੈ ਕਿ ਉਹ ਸਾਡੇ ਤਿੰਨਾਂ ਵਿਚੋਂ ਸਭ ਤੋਂ ਵੱਧ ਦੁੱਖੀ ਤੇ ਚੁੱਪ-ਚੁੱਪ ਨਜ਼ਰ ਆ ਰਿਹਾ ਸੀ, ਪਰ ਅਜੀਬ ਗੱਲ ਇਹ ਹੋਈ ਸੀ ਕਿ ਰਵਾਨਗੀ ਤੋਂ ਕੁਝ ਘੰਟੇ ਪਹਿਲਾਂ ਮੁਮਤਾਜ਼ ਕੁਝ ਵਧੇਰੇ ਹੀ ਗਾਲੜੀ ਹੋ ਗਿਆ ਸੀ।
ਸਵੇਰੇ ਉੱਠਦਿਆਂ ਹੀ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ ਸੀ। ਸਾਮਾਨ ਵਗ਼ੈਰਾ ਕੁਝ ਇਸ ਤਰ੍ਹਾਂ ਬੰਨ੍ਹਿਆਂ-ਬੰਨ੍ਹਵਾਇਆ ਸੀ ਜਿਵੇਂ ਕਿਤੇ ਸੈਰ-ਸਪਾਟੇ ਲਈ ਜਾ ਰਿਹਾ ਹੋਵੇ। ਆਪ ਹੀ ਗੱਲ ਕਰਦਾ ਸੀ, ਤੇ ਆਪੁ ਹੀ ਹੱਸ ਪੈਂਦਾ ਸੀ…ਜੇ ਕੋਈ ਹੋਰ ਦੇਖਦਾ ਤਾਂ ਸਮਝਦਾ ਕਿ ਉਸ ਬੰਬਈ ਛੱਡਣ ਸਮੇਂ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹੈ, ਪਰ ਅਸੀਂ ਤਿੰਨੇ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਉਹ ਸਿਰਫ ਆਪਣੇ ਜਜ਼ਬਾਤ ਛਿਪਾਉਣ ਖਾਤਰ…ਤੇ ਸਾਨੂੰ ਤੇ ਆਪਣੇ ਆਪ ਨੂੰ ਧੋਖਾ ਦੇਣ ਖਾਤਰ ਹੀ ਇੰਜ ਕਰ ਰਿਹਾ ਹੈ।
ਮੈਂ ਬਹੁਤ ਚਾਹਿਆ ਕਿ ਉਸ ਨਾਲ ਇਸ ਅਚਾਨਕ ਰਵਾਨਗੀ ਦੇ ਸਬੱਬ ਬਾਰੇ ਗੱਲ ਬਾਤ ਕਰਾਂ ਤੇ ਇਸ਼ਾਰੇ ਨਾਲ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ, ਪਰ ਮੁਮਤਾਜ਼ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ।
ਜੁਗਲ ਤਿੰਨ ਚਾਰ ਪੈਗ ਪੀ ਕੇ ਹੋਰ ਵੀ ਚੁੱਪ ਹੋ ਗਿਆ ਤੇ ਦੂਜੇ ਕਮਰੇ ਵਿਚ ਜਾ ਕੇ ਪੈ ਗਿਆ। ਮੈਂ ਤੇ ਬ੍ਰਿਜਮੋਹਨ ਉਸ ਦੇ ਨਾਲ ਰਹੇ। ਉਸ ਨੇ ਕਈ ਜਣਿਆਂ ਦਾ ਭੁਗਤਾਨ ਕਰਨਾ ਸੀ—ਡਾਕਟਰ ਦੀਆਂ ਫੀਸਾਂ ਦੇਣੀਆਂ ਸਨ, ਧੋਬੀ ਤੋਂ ਕੱਪੜੇ ਲੈਣੇ ਸਨ।…ਤੇ ਇਹ ਸਾਰੇ ਕੰਮ ਉਸ ਨੇ ਹੱਸਦਿਆਂ-ਖੇਡਦਿਆਂ ਨਬੇੜੇ ਲਏ, ਪਰ ਜਦੋਂ ਨਾਕੇ ਦੇ ਹੋਟਲ ਦੇ ਨਾਲ ਵਾਲੇ ਤੋਂ ਇਕ ਪਾਨ ਲਿਆ ਤਾਂ ਉਸ ਦੀਆਂ ਅੱਖਾਂ ਸਿੱਜਲ ਹੋ ਗਈਆਂ।
ਬ੍ਰਿਜਮੋਨ ਦੇ ਮੋਢੇ ਉੱਤੇ ਹੱਥ ਰੱਖ ਕੇ, ਉੱਥੋਂ ਤੁਰਨ ਲੱਗਿਆਂ, ਉਸ ਨੇ ਧੀਮੀ ਆਵਾਜ਼ ਵਿਚ ਕਿਹਾ, ”ਯਾਦ ਏ ਬ੍ਰਿਜ ਅਜ ਤੋਂ ਦਸ ਸਾਲ ਪਹਿਲਾਂ ਜਦੋਂ ਆਪਣੀ ਹਾਲਤ ਕਾਫੀ ਪਤਲੀ ਹੁੰਦੀ ਸੀ, ਗੋਬਿੰਦ ਨੇ ਆਪਾਂ ਨੂੰ ਇਕ ਰੁਪਈਆ ਉਧਾਰ ਦਿੱਤਾ ਸੀ।”
ਰਸਤੇ ਵਿਚ ਮੁਮਤਾਜ਼ ਚੁੱਪ ਰਿਹਾ, ਪਰ ਘਰ ਪਹੁੰਚਦਿਆਂ ਹੀ ਉਸ ਨੇ ਗੱਲਾਂ ਦਾ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ—ਅਜਿਹੀਆਂ ਗੱਲਾਂ ਜਿਹਨਾਂ ਦਾ ਨਾ ਕੋਈ ਸਿਰ ਸੀ, ਨਾ ਪੈਰ—ਪਰ ਉਹ ਕੁਝ ਅਜਿਹੀਆਂ ਅਪਣੱਤ ਭਰੀਆਂ ਗੱਲਾਂ ਕਰ ਰਿਹਾ ਸੀ ਕਿ ਮੈਂ ਤੇ ਬ੍ਰਿਜਮੋਹਨ ਬਰਾਬਰ ਉਹਨਾਂ ਵਿਚ ਹਿੱਸਾ ਲੈਂਦੇ ਰਹੇ ਸਾਂ। ਜਦੋਂ ਰਵਾਨਗੀ ਦਾ ਸਮਾਂ ਨੇੜੇ ਆਇਆ ਤਾਂ ਜੁਗਲ ਵੀ ਸਾਡੇ ਵਿਚ ਸ਼ਾਮਲ ਹੋ ਗਿਆ..ਤੇ ਜਦੋਂ ਟੈਕਸੀ ਬੰਦਰਗਾਹ ਵੱਲ ਤੁਰ ਚੱਲੀ ਤਾਂ ਸਾਰੇ ਖਾਮੋਸ਼ ਹੋ ਗਏ।
ਮੁਮਤਾਜ਼ ਦੀਆਂ ਨਜ਼ਰਾਂ ਬੰਬਈ ਦੇ ਵਿਸ਼ਾਲ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ। ਇੱਥੋਂ ਤਕ ਕਿ ਟੈਕਸੀ ਆਪਣੀ ਮੰਜ਼ਿਲ ਉੱਤੇ ਪਹੁੰਚ ਗਈ।
ਉੱਥੇ ਬੜੀ ਭੀੜ ਸੀ। ਹਜ਼ਾਰਾਂ ਰਫ਼ੂਜ਼ੀ ਜਾ ਰਹੇ ਸਨ—ਖੁਸ਼ਹਾਲ ਬੜੇ ਘੱਟ ਤੇ ਬਦਹਾਲ ਬੜੇ ਜ਼ਿਆਦਾ। ਅੰਤਾਂ ਦੀ ਭੀੜ ਸੀ, ਪਰ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਕੱਲਾ ਮੁਮਤਾਜ਼ ਹੀ ਜਾ ਰਿਹਾ ਹੈ। ਸਾਨੂੰ ਛੱਡ ਕੇ ਕਿਸੇ ਅਜਿਹੀ ਥਾਂ ਜਾ ਰਿਹਾ ਹੈ, ਜਿਹੜੀ ਉਸ ਦੀ ਦੇਖੀ-ਭਾਲੀ ਹੋਈ ਨਹੀਂ, ਤੇ ਜਿਹੜੀ ਜਾਣ-ਪਛਾਣ ਹੋ ਜਾਣ ਪਿੱਛੋਂ ਵੀ ਉਸ ਲਈ ਓਪਰੀ ਹੀ ਰਹੇਗੀ…ਪਰ ਇਹ ਮੇਰਾ ਆਪਣਾ ਖ਼ਿਆਲ ਸੀ। ਮੈਂ ਨਹੀਂ ਕਹਿ ਸਕਦਾ ਕਿ ਮੁਮਤਾਜ਼ ਕੀ ਸੋਚ ਰਿਹਾ ਹੈ।
ਜਦੋਂ ਕੈਬਿਨ ਵਿਚ ਸਾਰਾ ਸਾਮਾਨ ਚਲਾ ਗਿਆ ਤਾਂ ਮੁਮਤਾਜ਼ ਸਾਨੂੰ ਅਰਸ਼ੇ (ਡੈਕ) ‘ਤੇ ਲੈ ਗਿਆ। ਉਧਰ ਜਿਧਰ ਆਸਮਾਨ ਤੇ ਸਮੁੰਦਰ ਆਪਸ ਵਿਚ ਮਿਲ ਰਹੇ ਸਨ, ਮੁਮਤਾਜ਼ ਖਾਸੀ ਦੇਰ ਤਕ ਉਧਰ ਦੇਖਦਾ ਰਿਹਾ। ਫੇਰ ਉਸ ਨੇ ਜੁਗਲ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਕਿਹਾ, ”ਇਹ ਸਿਰਫ ਨਜ਼ਰ ਦਾ ਧੋਖਾ ਏ…ਆਸਮਾਨ ਤੇ ਸਮੁੰਦਰ ਦਾ ਆਪਸ ਵਿਚ ਮਿਲਣਾ। ਪਰ ਇਹ ਨਜ਼ਰ ਦਾ ਧੋਖਾ, ਇਹ ਮਿਲਾਪ, ਵੀ ਕਿੰਨਾ ਦਿਲਕਸ਼ ਹੈ।”
ਜੁਗਲ ਚੁੱਪ ਰਿਹਾ। ਸ਼ਾਇਦ ਇਸ ਸਮੇਂ ਵੀ ਉਸ ਦੇ ਦਿਲ ਦਿਮਾਗ਼ ਵਿਚ ਉਸ ਦੀ ਆਖੀ ਹੋਈ ਗੱਲ ਚੁਭ ਰਹੀ ਸੀ। ”ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।”
ਮੁਮਤਾਜ਼ ਨੇ ਜਹਾਜ਼ ਦੇ ਬਾਰ ਵਿਚੋਂ ਬਰਾਂਡੀ ਮੰਗਵਾਈ, ਕਿਉਂਕਿ ਉਹ ਸਵੇਰ ਦਾ ਇਹੀ ਪੀ ਰਿਹਾ ਸੀ। ਅਸੀਂ ਚਾਰੇ ਗ਼ਲਾਸ ਹੱਥਾਂ ਵਿਚ ਫੜ੍ਹੀ ਜੰਗਲੇ ਕੋਲ ਖੜ੍ਹੇ ਸਾਂ। ਰਫ਼ੂਜ਼ੀ ਧੜਾਧੜ ਜਹਾਜ਼ ਵਿਚ ਸਵਾਰ ਹੋ ਰਹੇ ਸਨ ਤੇ ਲਗਭਗ ਸ਼ਾਂਤ ਸਮੁੰਦਰ ਉੱਤੇ ਜਲ-ਪੰਛੀ ਉਡਾਰੀਆਂ ਮਾਰ ਰਹੇ ਸਨ।
ਜੁਗਲ ਨੇ ਅਚਾਨਕ ਇਕੋ ਘੁੱਟ ਵਿਚ ਆਪਣਾ ਗ਼ਲਾਸ ਖਾਲੀ ਕਰ ਦਿੱਤਾ ਤੇ ਬੜੀ ਹੀ ਥਿੜਕਦੀ ਜਿਹੀ ਆਵਾਜ਼ ਵਿਚ ਮੁਮਤਾਜ਼ ਨੂੰ ਕਿਹਾ, ”ਮੈਨੂੰ ਮੁਆਫ਼ ਕਰ ਦੇਈਂ ਮੁਮਤਾਜ਼, ਮੇਰਾ ਖ਼ਿਆਲ ਏ ਮੈਂ ਉਸ ਦਿਨ ਤੈਨੂੰ ਦੁੱਖ ਪਹੁੰਚਾਇਆ ਸੀ।”
ਮੁਮਤਾਜ਼ ਨੇ ਕੁਝ ਚਿਰ ਚੁੱਪ ਰਹਿ ਕੇ ਜੁਗਲ ਨੂੰ ਸਵਾਲ ਕੀਤਾ, ”ਜਦ ਤੂੰ ਕਿਹਾ ਸੀ ‘ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ’…ਕੀ ਵਾਕਈ ਉਦੋਂ ਤੂੰ ਇਹੀ ਸੋਚ ਰਿਹਾ ਸੈਂ…ਦਿਲੋਂ, ਇਮਾਨਦਾਰੀ ਨਾਲ, ਦੱਸੀਂ ਕੀ ਇਸੇ ਨਤੀਜੇ ‘ਤੇ ਪਹੁੰਚਿਆ ਸੈਂ ਤੂੰ?”
ਜੁਗਲ ਨੇ ਹਾਂ ਵਿਚ ਸਿਰ ਹਿਲਾ ਦਿੱਤਾ, ”ਪਰ ਮੈਨੂੰ ਅਫ਼ਸੋਸ ਏ!”
”ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਇਸ ਤੋਂ ਵੀ ਵੱਧ ਅਫ਼ਸੋਸ ਹੋਣਾ ਸੀ,” ਮੁਮਤਾਜ਼ ਨੇ ਕਿਸੇ ਦਾਰਸ਼ਨਿਕ ਵਾਂਗ ਕਿਹਾ, ”ਉਸ ਮਨੋਦਸ਼ਾ ਤੋਂ ਬਾਅਦ ਜਦ ਤੂੰ ਗੌਰ ਕਰਦਾ ਕਿ ਤੂੰ ਮੁਮਤਾਜ਼ ਨੂੰ…ਇਕ ਮੁਸਲਮਾਨ ਨੂੰ ਜਾਂ ਇਕ ਦੋਸਤ ਨੂੰ ਨਹੀਂ, ਬਲਕਿ ਇਕ ਇਨਸਾਨ ਨੂੰ ਮਾਰਿਆ ਏ…ਜੇ ਉਹ ਹਰਾਮਜਾਦਾ ਸੀ ਤਾਂ ਤੂੰ ਉਸ ਦੀ ਹਰਾਮਜਾਦਗੀ ਨੂੰ ਨਹੀਂ, ਬਲਕਿ ਖ਼ੁਦ ਉਸ ਨੂੰ ਮਾਰ ਦਿੱਤਾ ਏ।…ਜੇ ਉਹ ਮੁਸਲਮਾਨ ਸੀ ਤਾਂ ਤੂੰ ਮੁਸਲਮਾਨੀਅਤ ਨੂੰ ਨਹੀਂ, ਉਸ ਦੀ ਹਸਤੀ ਨੂੰ ਖ਼ਤਮ ਕਰ ਦਿੱਤਾ ਏ।…ਜੇ ਉਸ ਦੀ ਲਾਸ਼ ਮੁਸਲਮਾਨਾਂ ਦੇ ਹੱਥ ਲੱਗ ਜਾਂਦੀ ਤਾਂ ਕਬਰਸਤਾਨ ਵਿਚ ਇਕ ਕਬਰ ਦਾ ਵਾਧਾ ਹੋ ਜਾਂਦਾ, ਪਰ ਦੁਨੀਆਂ ਵਿਚੋਂ ਇਕ ਇਨਸਾਨ ਘਟ ਜਾਂਦਾ।”
ਕੁਝ ਚਿਰ ਚੁੱਪ ਰਹਿਣ ਪਿੱਛੋਂ ਤੇ ਕੁਝ ਸੋਚ ਕੇ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ”ਹੋ ਸਕਦਾ ਹੈ, ਮੇਰੇ ਧਰਮ ਵਾਲੇ ਮੈਨੂੰ ਸ਼ਹੀਦ ਕਹਿੰਦੇ, ਪਰ ਖ਼ੁਦਾ ਦੀ ਸੌਂਹ ਜੇ ਸੰਭਵ ਹੁੰਦਾ ਤਾਂ ਮੈਂ ਕਬਰ ਪਾੜ ਕੇ ਚੀਕਣਾ-ਕੂਕਣਾ ਸ਼ੁਰੂ ਕਰ ਦੇਂਦਾ, ‘ਮੈਨੂੰ ਸ਼ਹੀਦ ਦੀ ਇਹ ਪਦਵੀ ਮੰਜ਼ੂਰ ਨਹੀਂ…ਮੈਨੂੰ ਇਹ ਡਿਗਰੀ ਨਹੀਂ ਚਾਹੀਦੀ, ਜਿਸ ਦਾ ਇਮਤਿਹਾਨ ਮੈਂ ਦਿੱਤਾ ਹੀ ਨਹੀਂ’…ਲਾਹੌਰ ਵਿਚ ਤੇਰੇ ਚਾਚੇ ਨੂੰ ਇਕ ਮੁਸਲਮਾਨ ਨੇ ਮਾਰ ਦਿੱਤਾ…ਤੂੰ ਇਹ ਖ਼ਬਰ ਬੰਬਈ ਵਿਚ ਸੁਣੀ ਤੇ ਮੈਨੂੰ ਕਤਲ ਕਰ ਦਿੱਤਾ…ਦੱਸ, ਤੂੰ ਤੇ ਮੈਂ ਕਿਸ ਤਮਗ਼ੇ ਦੇ ਹੱਕਦਾਰ ਹਾਂ?…ਤੇ ਲਾਹੌਰ ਵਿਚ ਤੇਰਾ ਚਾਚਾ ਤੇ ਕਾਤਲ ਕਿਸ ਖਿੱਲਤ ਦੇ ਹੱਕਦਾਰ ਨੇ? ਮਰਨ ਵਾਲੇ ਕੁੱਤੇ ਦੀ ਮੌਤ ਮਰੇ ਤੇ ਮਾਰਨ ਵਾਲਿਆਂ ਨੇ ਬੇਕਾਰ…ਬਿਲਕੁਲ ਬੇਕਾਰ, ਆਪਣੇ ਹੱਥ ਖ਼ੂਨ ਨਾਲ ਰੰਗੇ…”
ਗੱਲਾਂ ਕਰਦਾ ਹੋਇਆ ਮੁਮਤਾਜ਼ ਖਾਸਾ ਭਾਵੁਕ ਹੋ ਗਿਆ ਸੀ ਪਰ ਉਸ ਭਾਵੁਕਤਾ ਵਿਚ ਮੋਹ ਬਰਾਬਰ ਦਾ ਸੀ। ਮੇਰੇ ਦਿਲ ਉੱਤੇ ਖਾਸ ਕਰਕੇ ਉਸ ਦੀ ਉਸ ਗੱਲ ਦਾ ਬੜਾ ਅਸਰ ਹੋਇਆ ਸੀ ਕਿ ‘ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ…ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ…ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ ਹੋ ਸਕਦੈ?’ ”
ਅਖ਼ੀਰ ਮੈਂ ਉਸ ਨੂੰ ਕਿਹਾ ਸੀ, ”ਤੂੰ ਬਿਲਕੁਲ ਠੀਕ ਕਹਿ ਰਿਹਾ ਏਂ!”
ਇਹ ਸੁਣ ਕੇ ਮੁਮਤਾਜ਼ ਨੇ ਆਪਣੇ ਵਿਚਾਰਾਂ ਨੂੰ ਟਟੋਲਿਆ ਤੇ ਕੁਝ ਬੇਚੈਨੀ ਨਾਲ ਕਿਹਾ, ”ਨਹੀਂ, ਬਿਲਕੁਲ ਠੀਕ ਨਹੀਂ…ਮੇਰਾ ਮਤਲਬ ਏ ਕਿ ਜੇ ਇਸ ਸਭ ਕੁਝ ਠੀਕ ਏ ਤਾਂ ਸ਼ਾਇਦ ਜੋ ਕੁਝ ਮੈਂ ਕਹਿਣਾ ਚਾਹੁੰਦਾ ਹਾਂ, ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਮਜ਼ਹਬ ਤੋਂ ਮੇਰੀ ਮੁਰਾਦ ਇਹ ਮਜ਼ਹਬ ਨਹੀਂ, ਇਹ ਧਰਮ ਨਹੀਂ, ਜਿਸ ਵਿਚ ਅਸੀਂ ਲੋਕ ਨੜ੍ਹਿਨਵੇਂ ਪ੍ਰਤੀਸ਼ਤ ਖੁੱਭੇ ਹੋਏ ਹਾਂ…ਮੇਰਾ ਭਾਵ ਉਸ ਖਾਸ ਚੀਜ਼ ਤੋਂ ਹੈ, ਜੋ ਵੱਖਰੀ ਕਿਸਮ ਦੀ ਹੈਸੀਅਤ ਬਖ਼ਸ਼ਦੀ ਹੈ…ਉਹ ਚੀਜ਼ ਜਿਹੜੀ ਇਨਸਾਨ ਨੂੰ ਅਸਲੀ ਇਨਸਾਨ ਸਾਬਤ ਕਰਦੀ ਹੈ…ਪਰ ਉਹ ਸ਼ੈ ਹੈ ਕੀ?…ਅਫਸੋਸ ਹੈ ਕਿ ਮੈਂ ਉਸ ਨੂੰ ਹਥੇਲੀ ਉਪਰ ਰੱਖ ਕੇ ਨਹੀਂ ਵਿਖਾ ਸਕਦਾ।” ਇਹ ਕਹਿੰਦਿਆਂ ਹੋਇਆਂ ਅਚਾਨਕ ਉਸ ਦੀਆਂ ਅੱਖਾਂ ਵਿਚ ਇਕ ਚਮਕ ਜਿਹੀ ਆ ਗਈ ਤੇ ਉਸ ਨੇ ਜਿਵੇਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕੀਤਾ, ”ਪਰ ਉਸ ਵਿਚ ਉਹ ਖਾਸ ਗੱਲ ਸੀ—ਕੱਟੜ ਹਿੰਦੂ ਸੀ…ਪੇਸ਼ਾ ਬੜਾ ਹੀ ਜਲੀਲ, ਪਰ ਇਸ ਦੇ ਬਾਵਜ਼ੂਦ ਉਸ ਦੀ ਰੂਹ ਕਿੰਨੀ ਰੌਸ਼ਨ ਸੀ!”
ਮੈਂ ਪੁੱਛਿਆ, ”ਕਿਸ ਦੀ?”
”ਇਕ ਭੜੂਏ ਦੀ!”
ਅਸੀਂ ਤਿੰਨੇ ਹੈਰਾਨੀ ਨਾਲ ਤ੍ਰਭਕੇ, ਮੁਮਤਾਜ਼ ਦੀ ਆਵਾਜ਼ ਵਿਚ ਕੋਈ ਝਿਜਕ ਨਹੀਂ ਸੀ, ਸੋ ਮੈਂ ਪੁੱਛਿਆ, ”ਭੜੂਏ ਦੀ…?”
ਮੁਮਤਾਜ਼ ਨੇ ਹਾਂ ਵਿਚ ਸਿਰ ਹਿਲਾਇਆ, ”ਮੈਂ ਆਪ ਹੈਰਾਨ ਹਾਂ ਕਿ ਉਹ ਕਿਹੋ-ਜਿਹਾ ਆਦਮੀ ਸੀ ਤੇ ਬਹੁਤੀ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਮ ਭਾਸ਼ਾ ਵਿਚ ਇਕ ਭੜੂਆ ਸੀ…ਔਰਤਾਂ ਦਾ ਦਲਾਲ…ਪਰ ਉਸ ਦੀ ਜਮੀਰ ਬੜੀ ਰੌਸ਼ਨ ਸੀ।”
ਮੁਮਤਾਜ਼ ਕੁਝ ਚਿਰ ਲਈ ਰੁਕਿਆ, ਜਿਵੇਂ ਉਸ ਪੁਰਾਣੀ ਘਟਣਾ ਨੂੰ ਆਪਣੇ ਅੰਦਰੇ-ਅੰਦਰ ਦਹੁਰਾ ਰਿਹਾ ਹੋਵੇ…ਕੁਝ ਪਲ ਬਾਅਦ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ”ਉਸ ਦਾ ਪੂਰਾ ਨਾਂ ਮੈਨੂੰ ਯਾਦ ਨਹੀਂ…ਕੁਝ ‘…ਸਹਾਏ’ ਸੀ। ਬਨਾਰਸ ਦਾ ਰਹਿਣ ਵਾਲਾ ਤੇ ਬੜਾ ਹੀ ਸਫਾਈ-ਪਸੰਦ ਸੀ। ਉਹ ਜਗ੍ਹਾ, ਜਿੱਥੇ ਉਹ ਰਹਿੰਦਾ ਸੀ, ਬੜੀ ਛੋਟੀ ਸੀ, ਪਰ ਉਸ ਨੇ ਬੜੇ ਸੁਚੱਜੇ ਢੰਗ ਨਾਲ ਉਸ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਪਰਦਾ-ਦਾਰੀ ਦਾ ਪੂਰਾ ਪ੍ਰਬੰਧ ਸੀ, ਮੰਜੇ ਤੇ ਪਲੰਘ ਨਹੀਂ ਸਨ…ਚਾਦਰਾਂ ਤੇ ਗਿਲਾਫ਼ ਹਮੇਸ਼ਾ ਚਮਕਦੇ ਰਹਿੰਦੇ। ਇਕ ਨੌਕਰ ਵੀ ਸੀ, ਪਰ ਸਫਾਈ ਉਹ ਖ਼ੁਦ ਆਪਣੇ ਹੱਥੀਂ ਕਰਦਾ ਸੀ। ਸਿਰਫ ਸਫਾਈ ਹੀ ਨਹੀਂ, ਹਰ ਕੰਮ…ਫਾਹਾ-ਵੱਢ ਕਦੀ ਨਹੀਂ ਸੀ ਕਰਦਾ। ਥੋਖਾ ਜਾਂ ਫਰੇਬ ਵੀ ਨਹੀਂ ਸੀ ਕਰਦਾ। ਰਾਤ ਬਹੁਤੀ ਹੋ ਗਈ ਹੁੰਦੀ ਤਾਂ ਆਸ ਪਾਸ ਦੇ ਇਲਾਕੇ ‘ਚੋਂ ਪਾਣੀ ਰਲੀ ਸ਼ਰਾਬ ਮਿਲਦੀ, ਤੇ ਉਹ ਸਾਫ ਕਹਿ ਦਿੰਦਾ ਸੀ ਕਿ ਸਾਹਬ, ਆਪਣੇ ਪੈਸੇ ਬਰਬਾਦ ਨਾ ਕਰੋ…ਜੇ ਕਿਸੇ ਕੁੜੀ ਬਾਰੇ ਉਸ ਨੂੰ ਕੋਈ ਸ਼ੱਕ ਹੁੰਦਾ ਤਾਂ ਉਹ ਉਸ ਨੂੰ ਛਿਪਾਂਦਾ ਨਹੀਂ ਸੀ। ਹੋਰ ਤਾਂ ਹੋਰ…ਉਸ ਨੇ ਮੈਨੂੰ ਇਹ ਵੀ ਦੱਸ ਦਿੱਤਾ ਸੀ ਕਿ ਪਿਛਲੇ ਤੀਹ ਸਾਲਾਂ ਵਿਚ ਉਸ ਨੇ ਵੀਹ ਹਜ਼ਾਰ ਰੁਪਏ ਕਮਾਏ ਨੇ…ਹਰ ਦਸ ਵਿਚੋਂ ਢਾਈ ਕਮੀਸ਼ਨ ਦੇ ਲੈ ਕੇ…ਉਸ ਨੇ ਸਿਰਫ ਦਸ ਹਜ਼ਾਰ ਹੋਰ ਕਮਾਉਣੇ ਸੀ…ਪਤਾ ਨਹੀਂ, ਸਿਰਫ ਦਸ ਹਜ਼ਾਰ ਹੋਰ ਕਿਉਂ?…ਜ਼ਿਆਦਾ ਕਿਉਂ ਨਹੀਂ?…ਉਸ ਨੇ ਮੈਨੂੰ ਕਿਹਾ ਸੀ ਕਿ ਤੀਹ ਹਜ਼ਾਰ ਰੁਪਏ ਪੂਰੇ ਕਰਕੇ ਉਹ ਵਾਪਸ ਬਨਾਰਸ ਚਲਾ ਜਾਏਗਾ ਤੇ ਬਜਾਜੀ ਦੀ ਦੁਕਾਨ ਕਰ ਲਏਗਾ!…ਮੈਂ ਇਹ ਵੀ ਨਹੀਂ ਪੁੱਛਿਆ ਕਿ ਉਹ ਸਿਰਫ ਬਜਾਜੀ ਦੀ ਦੁਕਾਨ ਕਰਨ ਦਾ ਇੱਛੁਕ ਹੀ ਕਿਉਂ ਸੀ…?”
ਮੈਂ ਇੱਥੋਂ ਤਕ ਸੁਣ ਚੁੱਕਿਆ ਤਾਂ ਮੇਰੇ ਮੂੰਹੋਂ ਨਿਕਲਿਆ, ”ਅਜੀਬ ਆਦਮੀ ਸੀ।”
ਮੁਮਤਾਜ਼ ਨੇ ਆਪਣੀ ਗੱਲ ਜਾਰੀ ਰੱਖੀ, ”ਮੇਰਾ ਖ਼ਿਆਲ ਸੀ ਕਿ ਉਹ ਸਿਰ ਤੋਂ ਪੈਰਾਂ ਤੀਕ ਬਨਾਉਟੀ ਹੈ…ਇਕ ਵੱਡਾ ਫਰਾਡ…ਕੌਣ ਯਕੀਨ ਕਰ ਸਕਦਾ ਹੈ ਕਿ ਉਹ ਉਹਨਾਂ ਸਾਰੀਆਂ ਕੁੜੀਆਂ ਨੂੰ, ਜਿਹੜੀਆਂ ਉਸ ਦੇ ਧੰਦੇ ਵਿਚ ਸ਼ਾਮਲ ਨੇ, ਆਪਣੀਆਂ ਧੀਆਂ ਸਮਝਦਾ ਸੀ। ਇਹ ਗੱਲ ਵੀ ਉਸ ਸਮੇਂ ਮੈਨੂੰ ਹਜ਼ਮ ਨਹੀਂ ਸੀ ਆਈ ਕਿ ਉਸ ਨੇ ਹਰੇਕ ਕੁੜੀ ਦੇ ਨਾਂ ਦਾ ਪੋਸਟ ਆਫਿਸ ਵਿਚ ਸੇਵਿੰਗ ਅਕਾਉਂਟ ਖੋਲ੍ਹਿਆ ਹੋਇਆ ਸੀ ਤੇ ਹਰ ਮਹੀਨੇ ਉਹਨਾਂ ਦੇ ਹਿੱਸੇ ਦੀ ਕੁਲ ਆਮਦਨ ਉੱਥੇ ਜਮ੍ਹਾਂ ਕਰਵਾਂਦਾ ਸੀ…ਤੇ ਇਹ ਗੱਲ ਤਾਂ ਬਿਲਕੁਲ ਹੀ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਕਿ ਉਸ ਦਸ ਬਾਰਾਂ ਕੁੜੀਆਂ ਦੇ ਖਾਣ-ਪੀਣ ਦਾ ਖਰਚ ਆਪਣੇ ਪੱਲਿਓਂ ਕਰਦਾ ਏ…ਉਸ ਦੀ ਹਰੇਕ ਗੱਲ ਮੈਨੂੰ ਜ਼ਰੂਰਤ ਤੋਂ ਵੱਧ ਬਨਾਉਟੀ ਲੱਗੀ ਸੀ। ਇਕ ਦਿਨ ਮੈਂ ਉਸ ਦੇ ਠਿਕਾਣੇ ‘ਤੇ ਗਿਆ ਤਾਂ ਉਸ ਨੇ ਮੈਨੂੰ ਕਿਹਾ, ‘ਅਮੀਨਾ ਤੇ ਸਕੀਨਾ ਦੋਵੇਂ ਛੁੱਟੀ ‘ਤੇ ਨੇ…ਮੈਂ ਹਰ ਹਫ਼ਤੇ ਉਹਨਾਂ ਦੋਵਾਂ ਨੂੰ ਛੁੱਟੀ ਦੇ ਦਿੰਦਾ ਹਾਂ, ਤਾਂਕਿ ਬਾਹਰ ਜਾ ਕੇ ਕਿਸੇ ਹੋਟਲ ਵਿਚ ਮਾਸ-ਮੱਛੀ ਵਗ਼ੈਰਾ ਖਾ ਆਉਣ…ਏਥੇ ਤਾਂ ਤੁਸੀਂ ਜਾਣਦੇ ਹੀ ਹੋ, ਸਭ ਵੈਸ਼ਨੂੰ ਨੇ…’ ਮੈਂ ਇਹ ਸੁਣ ਕੇ ਮਨ ਹੀ ਮਨ ਮੁਸਕਰਾਇਆ ਕਿ ਮੈਨੂੰ ਚਾਰ ਰਿਹੈ…! ਇਕ ਦਿਨ ਉਸ ਨੇ ਮੈਨੂੰ ਦੱਸਿਆ ਕਿ ਅਹਿਮਦਾਬਾਦ ਦੀ ਇਕ ਹਿੰਦੂ ਕੁੜੀ ਦੀ ਸ਼ਾਦੀ ਉਸ ਨੇ ਇਕ ਮੁਸਲਮਾਨ ਗਾਹਕ ਨਾ ਕਰਵਾ ਦਿੱਤਾ ਸੀ, ਲਾਹੌਰ ਤੋਂ ਉਸਦਾ ਖ਼ਤ ਆਇਆ ਏ ਕਿ ਦਾਤਾ ਸਾਹਬ ਦੇ ਦਰਬਾਰ ਵਿਚ ਉਸ ਨੇ ਇਕ ਮੰਨਤ ਮੰਨੀ ਸੀ, ਜਿਹੜੀ ਪੂਰੀ ਹੋ ਗਈ ਏ। ਹੁਣ ਉਸ ਨੇ ਸਹਾਏ ਲਈ ਮੰਨਤ ਮੰਗੀ ਹੈ ਕਿ ਜਲਦੀ ਤੋਂ ਜਲਦੀ ਉਸ ਦੇ ਤੀਹ ਹਜ਼ਾਰ ਰੁਪਏ ਪੂਰੇ ਹੋਣ ਤੇ ਉਹ ਬਨਾਰਸ ਜਾ ਕੇ ਬਜਾਜੀ ਦੀ ਦੁਕਾਨ ਖੋਹਲ ਲਏ।’ ਇਹ ਸੁਣ ਕੇ ਮੈਂ ਅੰਦਰੇ-ਅੰਦਰ ਹੱਸਿਆ ਸਾਂ…ਸੋਚਿਆ ਸੀ ਕਿਉਂਕਿ ਮੈਂ ਮੁਸਲਮਾਨ ਹਾਂ, ਇਸ ਲਈ, ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਏ।”
ਮੈਂ ਮੁਮਤਾਜ਼ ਤੋਂ ਪੁੱਛਿਆ, ”ਤਾਂ ਕੀ ਤੇਰਾ ਖ਼ਿਆਲ ਗ਼ਲਤ ਸੀ?”
”ਬਿਲਕੁਲ…ਉਸ ਦੀ ਕੱਥਨੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਸੀ। ਹੋ ਸਕਦਾ ਏ ਉਸ ਦੀ ਨਿੱਜੀ ਜ਼ਿੰਦਗੀ ਵਿਚ ਕਈ ਖ਼ਾਮੀਆਂ ਹੋਣ; ਇਹ ਵੀ ਹੋ ਸਕਦਾ ਹੈ ਕਿ ਉਸ ਤੋਂ ਆਪਣੀ ਜ਼ਿੰਗਦੀ ਵਿਚ ਕਈ ਗ਼ਲਤੀਆਂ ਹੋਈਆਂ ਹੋਣ…ਪਰ ਉਹ ਇਕ ਬੜਾ ਹੀ ਵਧੀਆ ਇਨਸਾਨ ਸੀ!”
ਜੁਗਲ ਨੇ ਸਵਾਲ ਕੀਤਾ, ”ਇਹ ਤੈਨੂੰ ਕਿਸ ਦੱਸਿਆ ਸੀ?”
”ਉਸ ਦੀ ਮੌਤ ਨੇ।” ਇਹ ਕਹਿ ਕੇ ਮੁਮਤਾਜ਼ ਕੁਝ ਚਿਰ ਲਈ ਚੁੱਪ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਉਧਰ ਦੇਖਣਾ ਸ਼ੁਰੂ ਕਰ ਦਿੱਤਾ ਜਿੱਧਰ ਆਸਮਾਨ ਤੇ ਸਮੁੰਦਰ ਇਕ ਧੰਦਲੀ ਜਿਹੀ ਗਲਵੱਕੜੀ ਵਿਚ ਲਿਪਟੇ ਹੋਏ ਸਨ, ”ਫਸਾਦ ਸ਼ੁਰੂ ਹੋ ਚੁੱਕੇ ਸਨ। ਮੈਂ ਸਵੇਰੇ ਭਿੰਡੀ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ…ਕਰਫ਼ਿਊ ਕਾਰਣ ਬਾਜ਼ਾਰ ਵਿਚ ਲੋਕਾਂ ਦੀ ਆਵੀ-ਜਾਈ ਬੜੀ ਘੱਟ ਸੀ। ਟ੍ਰਾਮਾਂ ਵੀ ਨਹੀਂ ਸਨ ਚੱਲ ਰਹੀਆਂ। ਟੈਕਸੀ ਲੱਭਦਾ ਹੋਇਆ ਜਦੋਂ ਮੈਂ ਜੇ.ਜੇ. ਹਸਪਤਾਲ ਕੋਲ ਪਹੁੰਚਿਆ ਤਾਂ ਇਕ ਆਦਮੀ ਨੂੰ ਇਕ ਵੱਡੇ ਸਾਰੇ ਟੋਕਰੇ ਕੋਲ ਗਠੜੀ ਵਾਂਗ ਪਿਆ ਦੇਖਿਆ। ਮੈਂ ਸੋਚਿਆ, ਕੋਈ ਫੁਟਪਾਥੀ ਮਜ਼ਦੂਰ ਸੁੱਤਾ ਹੋਇਆ ਏ, ਪਰ ਜਦੋਂ ਪੱਥਰ ਦੇ ਟੁਕੜਿਆਂ ਉੱਤੇ ਖ਼ੂਨ ਦੇ ਲੋਥੜੇ ਦਿਖਾਈ ਦਿੱਤੇ ਤਾਂ ਮੈਂ ਰੁਕ ਗਿਆ। ਵਾਰਦਾਤ ਕਤਲ ਦੀ ਸੀ। ਮੈਂ ਸੋਚਿਆ, ਮੈਨੂੰ ਖਿਸਕ ਜਾਣਾ ਚਾਹੀਦਾ ਏ।…ਪਰ ਲਾਸ਼ ਵਿਚ ਹਰਕਤ ਪੈਦਾ ਹੋਈ ਤਾਂ ਮੈਂ ਰੁਕ ਗਿਆ। ਆਸੇ-ਪਾਸੇ ਕੋਈ ਨਹੀਂ ਸੀ। ਮੈਂ ਝੁਕ ਕੇ ਦੇਖਿਆ; ਮੈਨੂੰ ਸਹਾਏ ਦਾ ਜਾਣਿਆ-ਪਛਾਣਿਆ ਚਿਹਰਾ ਨਜ਼ਰ ਆਇਆ, ਉਹ ਲਹੂ ਨਾਲ ਲਿਬੜਿਆ ਹੋਇਆ। ਮੈਂ ਉਸ ਦੇ ਕੋਲ ਹੀ ਫੁਟਪਾਥ ਉੱਤੇ ਬੈਠ ਗਿਆ ਤੇ ਦੇਖਿਆ ਕਿ ਉਸ ਦੀ ਸਫ਼ੈਦ ਕਮੀਜ਼, ਜਿਹੜੀ ਹਮੇਸ਼ਾ ਬੇਦਾਗ਼ ਹੁੰਦੀ ਸੀ, ਲਹੂ ਨਾਲ ਤਰ ਹੋਈ ਹੋਈ ਸੀ। ਜ਼ਖ਼ਮ ਸ਼ਾਇਦ ਪਸਲੀਆਂ ਕੋਲ ਸੀ। ਉਹ ਹੌਲੀ-ਹੌਲੀ ਕਰਾਹਾ ਰਿਹਾ ਸੀ। ਮੈਂ ਸਾਵਧਾਨੀ ਨਾਲ ਉਸ ਨੂੰ ਮੋਢੇ ਤੋਂ ਫੜ੍ਹ ਕੇ ਹਲੂਣਿਆਂ, ਜਿਵੇਂ ਕਿਸੇ ਸੁੱਤੇ ਨੂੰ ਜਗਾ ਰਿਹਾ ਹੋਵਾਂ। ਇਕ ਦੋ ਵਾਰੀ ਮੈਂ ਉਸ ਨੂੰ ਉਸ ਦੇ ਅਧੂਰੇ ਨਾਂ ਨਾਲ ਵੀ ਬੁਲਾਇਆ, ਪਰ ਉਸ ਨੇ ਅੱਖਾਂ ਨਹੀਂ ਖੋਲ੍ਹੀਆਂ। ਮੈਂ ਉੱਠ ਦੇ ਜਾਣ ਹੀ ਲੱਗਿਆ ਸਾਂ ਕਿ ਉਸ ਨੇ ਅੱਖਾਂ ਖੋਲ੍ਹੀਆਂ ਤੇ ਦੇਰ ਤੀਕ ਉਹਨਾਂ ਅੱਧ ਖੁੱਲ੍ਹੀਆਂ ਨਾਲ ਇਕ ਟੱਕ ਮੇਰੇ ਵੱਲ ਦੇਖਦਾ ਰਿਹਾ। ਫੇਰ ਉਸ ਦੇ ਸਾਰੇ ਸਰੀਰ ਵਿਚ ਇਕ ਪੀੜ-ਪਰੁੱਚੀ ਕੰਬਣੀ ਛਿੜ ਪਈ ਤੇ ਉਸ ਨੇ ਮੈਨੂੰ ਪਛਾਣਦਿਆਂ ਹੋਇਆਂ ਕਿਹਾ, ‘ਤੁਸੀਂ? ਤੁਸੀਂ?’
”ਮੈਂ ਉਪਰ ਥੱਲੇ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ…ਉਹ ਏਧਰ ਕਿਉਂ ਆਇਆ ਸੀ, ਕਿਸ ਨੇ ਉਸ ਨੂੰ ਜ਼ਖ਼ਮੀ ਕੀਤਾ ਏ ਤੇ ਕਦੋਂ ਦਾ ਫੁਟਪਾਥ ਉੱਤੇ ਪਿਆ ਏ???…ਸਾਹਮਣੇ ਹਸਪਤਾਲ ਏ, ਕੀ ਮੈਂ ਉਹਨਾਂ ਨੂੰ ਖ਼ਬਰ ਕਰ ਦਿਆਂ?
”ਉਸ ਵਿਚ ਬੋਲਣ ਦੀ ਹਿੰਮਤ ਨਹੀਂ ਸੀ। ਜਦੋਂ ਮੈਂ ਸਾਰੇ ਸਵਾਲ ਕਰ ਹਟਿਆ ਤਾਂ ਉਸ ਨੇ ਕਰਾਂਹਦਿਆਂ ਹੋਇਆਂ ਬੜੀ ਮੁਸ਼ਕਿਲ ਨਾਲ ਇਹ ਸ਼ਬਦ ਕਹੇ, ‘ਮੇਰੇ ਦਿਨ ਪੂਰੇ ਹੋ ਗਏ ਸੀ…ਭਗਵਾਨ ਨੂੰ ਇਹੀ ਮੰਜ਼ੂਰ ਸੀ!’
‘ਭਗਵਾਨ ਨੂੰ ਪਤਾ ਨਹੀਂ ਕੀ ਮੰਜ਼ੂਰ ਸੀ, ਪਰ ਮੈਨੂੰ ਇਹ ਮੰਜ਼ੂਰ ਨਹੀਂ ਸੀ ਕਿ ਮੈਂ ਇਕ ਮੁਸਲਮਾਨ ਹੋ ਕੇ, ਮੁਸਲਮਾਨਾਂ ਦੇ ਇਲਾਕੇ ਵਿਚ ਇਕ ਆਦਮੀ ਨੂੰ, ਜਿਸ ਬਾਰੇ ਮੈਂ ਜਾਣਦਾ ਸਾਂ ਕਿ ਉਹ ਹਿੰਦੂ ਹੈ, ਇਸ ਅਹਿਸਾਸ ਨਾਲ ਮਰਦੇ ਦੇਖਾਂ ਕਿ ਉਸ ਨੂੰ ਮਾਰਨ ਵਾਲਾ ਮੁਸਲਮਾਨ ਸੀ…ਤੇ ਆਖ਼ਰੀ ਵਕਤ ਉਸ ਦੀ ਮੌਤ ਦੇ ਸਿਰਹਾਣੇ, ਜਿਹੜਾ ਆਦਮੀ ਖਲੋਤਾ ਸੀ ਉਹ ਵੀ ਇਕ ਮੁਸਲਮਾਨ ਸੀ…। ਮੈਂ ਡਰਪੋਕ ਨਹੀਂ, ਪਰ ਉਦੋਂ ਮੇਰੀ ਹਾਲਤ ਡਰਪੋਕਾਂ ਨਾਲੋਂ ਵੀ ਵੱਧ ਸੀ…ਇਕ ਜੱਫਾ ਇਸ ਡਰ ਨੇ ਮਾਰਿਆ ਹੋਇਆ ਸੀ ਕਿ ਹੋ ਸਕਦਾ ਹੈ ਮੈਨੂੰ ਹੀ ਫੜ੍ਹ ਲਿਆ ਜਾਵੇ…ਜੇ ਫੜਿਆ ਗਿਆ ਤਾਂ ਪੁੱਛਗਿੱਛ ਤੇ ਧੂ-ਘੜੀਸ ਵੀ ਕੀਤੀ ਜਾਏਗੀ। ਜੇ ਮੈਂ ਇਸ ਨੂੰ ਹਸਪਤਾਲ ਲੈ ਗਿਆ ਤਾਂ ਕੀ ਪਤੈ, ਆਪਣਾ ਬਦਲਾ ਲੈਣ ਖਾਤਰ ਮੈਨੂੰ ਹੀ ਫਸਾ ਦਏ…ਸੋਚੇ, ਮਰਨਾ ਤਾਂ ਹੈ ਹੀ ਕਿਉਂ ਨਾ ਇਸ ਨੂੰ ਨਾਲ ਲੈ ਮਰੀਏ। ਇਸ ਕਿਸਮ ਦੀਆਂ ਗੱਲਾਂ ਸੋਚ ਕੇ ਮੈਂ ਤੁਰਨ ਹੀ ਲੱਗਿਆ ਸਾਂ, ਜਾਂ ਇੰਜ ਕਹਿ ਲਓ ਭੱਜਣ ਲੱਗਿਆ ਸਾਂ ਕਿ ਸਹਾਏ ਨੇ ਮੈਨੂੰ ਬੁਲਾਇਆ…ਮੈਂ ਰੁਕ ਗਿਆ…ਨਾ ਰੁਕਣ ਦੇ ਇਰਾਦੇ ਦੇ ਬਾਵਜ਼ੂਦ ਮੇਰੇ ਪੈਰ ਥਾਵੇਂ ਗੱਡੇ ਗਏ ਸਨ…ਮੈਂ ਉਸ ਵੱਲ ਇਸ ਅੰਦਾਜ਼ ਨਾਲ ਦੇਖਿਆ ਜਿਵੇਂ ਕਹਿ ਰਿਹਾ ਹੋਵਾਂ…ਜਲਦੀ ਕਰੋ ਮੀਆਂ, ਮੈਂ ਜਾਣਾ ਏਂ। ਉਸ ਨੇ ਦਰਦ ਦੀ ਤਕਲੀਫ ਨਾਲ ਦੂਹਰੇ ਹੁੰਦਿਆਂ, ਬੜੀ ਮੁਸ਼ਕਿਲ ਨਾਲ, ਆਪਣੀ ਕਮੀਜ਼ ਦੇ ਬਟਨ ਖੋਲ੍ਹੇ ਤੇ ਅੰਦਰ ਹੱਥ ਪਾਇਆ…ਪਰ ਜਦੋਂ ਕੁਝ ਹੋਰ ਕਰਨ ਦੀ ਹਿੰਮਤ ਜਵਾਬ ਦੇ ਗਈ ਤਾਂ ਮੈਨੂੰ ਕਿਹਾ, ‘ਹੇਠਾਂ ਬੰਡੀ ਏ…ਉਸ ਦੀ ਜੇਬ ਵਿਚ ਕੁਝ ਜੇਵਰ ਤੇ ਬਾਰਾਂ ਸੌ ਰੁਪਏ ਨੇ…ਇਹ…ਇਹ…ਸੁਲਤਾਨਾ ਦਾ ਮਾਲ ਏ…ਮੈਂ…ਮੈਂ ਇਕ ਦੋਸਤ ਕੋਲ ਰੱਖਿਆ ਹੋਇਆ ਸੀ…ਅੱਜ ਉਸ…ਉਸ ਨੂੰ ਭੇਜਣਾ ਸੀ…ਕਿਉਂਕਿ…ਕਿਉਂਕਿ ਤੁਸੀਂ ਜਾਣਦੇ ਹੀ ਹੋ, ਖਤਰਾ ਬੜਾ ਵਧ ਗਿਐ …ਉਸ ਨੂੰ ਦੇ ਦੇਣਾ…ਤੇ ਕਹਿਣਾ, ਫੌਰਨ ਚਲੀ ਜਾਏ…ਪਰ…ਖ਼ਿਆਲ ਰੱਖਣਾ ਇਹ ਉਸਦੀ ਇਮਾਨਤ ਹੈ…!’ ”
ਮੁਮਤਾਜ਼ ਚੁੱਪ ਹੋ ਗਿਆ, ਪਰ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਉਸ ਦੀ ਆਵਾਜ਼ ਨਹੀਂ, ਸਹਾਏ ਦੀ ਆਵਾਜ਼ ਹੈ…ਜਿਹੜਾ ਜੇ.ਜੇ. ਹਸਪਤਾਲ ਸਾਹਮਣੇ, ਫੁਟਪਾਥ ਉੱਤੇ ਉਪਜੀ ਸੀ ਤੇ ਹੁਣ ਦੂਰ…ਉਧਰ, ਜਿੱਥੇ ਆਸਮਾਨ ਤੇ ਸਮੁੰਦਰ ਇਕ ਧੁੰਦਲੀ ਜਿਹੀ ਸ਼ਾਮ ਵਿਚ ਗਲ਼ੇ ਮਿਲ ਰਹੇ ਸਨ, ਅਲੋਪ ਹੋ ਰਹੀ ਹੈ !
ਜਹਾਜ਼ ਨੇ ਪਹਿਲੀ ਸੀਟੀ ਮਾਰੀ ਤਾਂ ਮੁਮਤਾਜ਼ ਨੇ ਕਿਹਾ, ”ਮੈਂ ਸੁਲਤਾਨਾ ਨੂੰ ਮਿਲਿਆ…ਉਸ ਨੂੰ ਜੇਵਰ ਤੇ ਰੁਪਏ ਦਿੱਤੇ ਤਾਂ ਉਸ ਦੀਆਂ ਅੱਖਾਂ ਭਿੱਜ ਗਈਆਂ…!”
ਜਦੋਂ ਅਸੀਂ ਮੁਮਤਾਜ਼ ਤੋਂ ਵਿਦਾਅ ਲੈ ਕੇ ਹੇਠਾਂ ਉਤਰੇ ਤਾਂ ਉਹ ਡੈਕ ਦੇ ਜੰਗਲੇ ਨੂੰ ਫੜ੍ਹੀ ਖੜ੍ਹਾ ਸੀ…ਉਸ ਦਾ ਸੱਜਾ ਹੱਥ ਹਿੱਲ ਰਿਹਾ ਸੀ…ਮੈਂ ਜੁਗਲ ਨੂੰ ਕਿਹਾ, ”ਕੀ ਤੈਨੂੰ ਇੰਜ ਮਹਿਸੂਸ ਨਹੀਂ ਹੁੰਦਾ ਕਿ ਮੁਮਤਾਜ਼ ਸਹਾਏ ਦੀ ਰੂਹ ਨੂੰ ਬੁਲਾਅ ਰਿਹਾ ਹੈ…ਆਪਣਾ ਹਮਸਫ਼ਰ ਬਣਾਉਣ ਲਈ ?”
ਜੁਗਲ ਨੇ ਸਿਰਫ ਏਨਾ ਕਿਹਾ, ”ਕਾਸ਼, ਮੈਂ ਸਹਾਏ ਦੀ ਰੂਹ ਹੁੰਦਾ !”

ਸਆਦਤ ਹਸਨ ਮੰਟੋ
(ਅਨੁਵਾਦ: ਮਹਿੰਦਰ ਬੇਦੀ, ਜੈਤੋ)

ਮੋਜ਼ੇਲ

by Sandeep Kaur March 23, 2020

ਚਾਰ ਵਰ੍ਹਿਆਂ ਵਿਚ ਪਹਿਲੀ ਵਾਰ—ਹਾਂ, ਪਹਿਲੀ ਵਾਰ ਤਿਰਲੋਚਨ ਨੇ ਰਾਤ ਨੂੰ ਆਸਮਾਨ ਦੇਖਿਆ ਸੀ ਤੇ ਉਹ ਵੀ ਇਸ ਲਈ ਕਿ ਉਸਦੀ ਤਬੀਅਤ ਬੜੀ ਘਬਰਾ ਰਹੀ ਸੀ ਤੇ ਉਹ ਸਿਰਫ਼ ਕੁਝ ਦੇਰ ਖੁੱਲ੍ਹੀ ਹਵਾ ਵਿਚ ਸੋਚਣ ਲਈ ਅਡਵਾਨੀ ਚੈਂਬਰ ਦੇ ਟੈਰੇਸ ‘ਤੇ ਚਲਾ ਗਿਆ ਸੀ।
ਆਸਮਾਨ ਬਿਲਕੁਲ ਸਾਫ਼ ਸੀ ਤੇ ਵੱਡੇ ਸਾਰੇ ਖਾਕੀ ਤੰਬੂ ਵਾਂਗ ਪੂਰੀ ਬੰਬਈ ਉੱਤੇ ਤਣਿਆਂ ਹੋਇਆ ਸੀ। ਜਿੱਥੋਂ ਤੀਕ ਨਜ਼ਰ ਜਾ ਸਕਦੀ ਸੀ, ਬੱਤੀਆਂ ਹੀ ਬੱਤੀਆਂ ਨਜ਼ਰ ਆਉਂਦੀਆਂ ਸਨ। ਤਿਰਲੋਚਨ ਨੂੰ ਇੰਜ ਮਹਿਸੂਸ ਹੋਇਆ ਸੀ ਕਿ ਆਸਮਾਨ ਦੇ ਬਹੁਤ ਸਾਰੇ ਤਾਰੇ ਝੜ ਕੇ ਬਿਲਡਿੰਗਾਂ ਵਿਚ, ਜਿਹੜੀਆਂ ਰਾਤ ਦੇ ਹਨੇਰੇ ਵਿਚ ਵੱਡੇ-ਵੱਡੇ ਰੁੱਖ ਲੱਗ ਰਹੀਆਂ ਸਨ, ਅਟਕ ਗਏ ਸਨ ਤੇ ਜੁਗਨੂੰਆਂ ਵਾਂਗ ਟਿਮਟਿਮਾ ਰਹੇ ਸਨ।
ਤਿਰਲੋਚਨ ਲਈ ਇਹ ਇਕ ਬਿਲਕੁਲ ਨਵਾਂ ਅਨੁਭਵ ਸੀ ਇਕ ਨਵੀਂ ਸਥਿਤੀ ਸੀ—ਰਾਤ ਨੂੰ ਖੁੱਲ੍ਹੇ ਆਸਮਾਨ ਹੇਠ ਸੌਣਾ। ਉਸਨੇ ਮਹਿਸੂਸ ਕੀਤਾ ਕਿ ਉਹ ਚਾਰ ਵਰ੍ਹੇ ਤੀਕ ਆਪਣੇ ਫਲੈਟ ਵਿਚ ਕੈਦ ਰਿਹਾ ਤੇ ਕੁਦਰਤ ਦੀ ਇਕ ਬੜੀ ਵੱਡੀ ਦਾਤ ਤੋਂ ਵਾਂਝਾ ਵੀ। ਲਗਭਗ ਤਿੰਨ ਵੱਜੇ ਸਨ। ਹਵਾ ਬੜੀ ਹਲਕੀ ਫੁਲਕੀ ਸੀ। ਤਿਰਲੋਚਨ ਪੱਖੇ ਦੀ ਨਕਲੀ ਹਵਾ ਦਾ ਆਦੀ ਸੀ, ਜਿਹੜੀ ਉਸਦੇ ਸਾਰੇ ਸਰੀਰ ਵਿਚ ਭਾਰੀਪਨ ਪੈਦਾ ਕਰ ਦਿੰਦੀ ਸੀ। ਸਵੇਰੇ ਉਠ ਕੇ ਉਹ ਹਮੇਸ਼ਾ ਇੰਜ ਮਹਿਸੂਸ ਕਰਦਾ ਸੀ, ਜਿਵੇਂ ਉਸਨੂੰ ਸਾਰੀ ਰਾਤ ਕੁੱਟਿਆ-ਮਾਰਿਆ ਜਾਂਦਾ ਰਿਹਾ ਹੋਵੇ। ਪਰ ਅੱਜ ਸਵੇਰ ਦੀ ਕੁਦਰਤੀ ਹਵਾ ਵਿਚੋਂ ਤਰੋਤਾਜ਼ਗੀ ਚੂਸ ਕੇ ਉਸਦੇ ਸਰੀਰ ਦਾ ਰੋਮ-ਰੋਮ ਤਰਿਪਤ ਹੋ ਰਿਹਾ ਸੀ। ਜਦੋਂ ਉਹ ਉੱਤੇ ਆਇਆ ਸੀ ਤਾਂ ਉਸਦਾ ਦਿਲ ਬੜਾ ਘਬਰਾ ਰਿਹਾ ਸੀ। ਪਰ ਅੱਧੇ ਘੰਟੇ ਵਿਚ ਹੀ ਜਿਹੜੀ ਬੇਚੈਨੀ ਤੇ ਘਬਰਾਟ ਉਸਨੂੰ ਦੁਖੀ ਕਰ ਰਹੀ ਸੀ, ਕਿਸੇ ਹੱਦ ਤਕ ਦੂਰ ਹੋ ਗਈ ਸੀ। ਹੁਣ ਉਹ ਸਪਸ਼ਟ ਰੂਪ ਵਿਚ ਸੋਚ ਸਕਦਾ ਸੀ।
ਕਿਰਪਾਲ ਕੌਰ ਤੇ ਉਸਦਾ ਪਰਿਵਾਰ ਉਸ ਮੁਹੱਲੇ ਵਿਚ ਸਨ, ਜਿਹੜਾ ਕੱਟੜ ਮੁਸਲਮਾਨਾਂ ਦਾ ਗੜ੍ਹ ਸੀ। ਇੱਥੇ ਕਈ ਘਰਾਂ ਨੂੰ ਅੱਗ ਲਾ ਦਿੱਤੀ ਗਈ ਸੀ। ਤਿਰਲੋਚਨ ਉਹਨਾਂ ਸਾਰਿਆਂ ਨੂੰ ਉੱਥੋਂ ਲੈ ਆਉਂਦਾ, ਪਰ ਮੁਸੀਬਤ ਇਹ ਸੀ ਕਿ ਉੱਥੇ ਕਰਫ਼ਿਊ ਲੱਗ ਗਿਆ ਸੀ ਤੇ ਉਹ ਵੀ ਪਤਾ ਨਹੀਂ ਕਿੰਨੇ ਘੰਟਿਆਂ ਲਈ। ਸ਼ਾਇਦ ਅੜਤਾਲੀ ਘੰਟਿਆਂ ਲਈ। ਸੋ ਤਿਰਲੋਚਨ ਮਜ਼ਬੂਰ ਸੀ। ਆਸੇ-ਪਾਸੇ ਸਾਰੇ ਮੁਸਲਮਾਨ ਸਨ, ਉਹ ਵੀ ਬੜੇ ਕੱਟੜ ਕਿਸਮ ਦੇ ਮੁਸਲਮਾਨ। ਪੰਜਾਬ ਤੋਂ ਧੜਾਧੜ ਖ਼ਬਰਾਂ ਆ ਰਹੀਆਂ ਸਨ ਕਿ ਉੱਥੇ ਸਿੱਖ ਮੁਸਲਮਾਨਾਂ ਉੱਤੇ ਬੜੇ ਜ਼ੁਲਮ ਢਾਅ ਰਹੇ ਨੇ। ਕੋਈ ਵੀ ਹੱਥ—ਮੁਸਲਮਾਨ ਹੱਥ—ਬੜੀ ਆਸਾਨੀ ਨਾਲ ਨਰਮ ਤੇ ਨਾਜ਼ੁਕ ਕਿਰਪਾਲ ਕੌਰ ਦੀ ਬਾਂਹ ਫੜ੍ਹ ਕੇ ਉਸਨੂੰ ਮੌਤ ਦੇ ਮੂੰਹ ਵੱਲ ਲਿਜਾਅ ਸਕਦਾ ਸੀ।
ਕਿਰਪਾਲ ਦੀ ਮਾਂ ਅੰਨ੍ਹੀ ਸੀ ਤੇ ਪਿਓ ਅਪਾਹਜ਼। ਭਰਾ ਸੀ, ਪਰ ਕੁਝ ਸਮੇਂ ਤੋਂ ਉਹ ਦੇਵਲਾਲੀ ਵਿਚ ਸੀ ਤੇ ਉਸਨੇ ਉੱਥੇ ਨਵੇਂ-ਨਵੇਂ ਲਏ ਠੇਕੇ ਦੀ ਦੇਖਭਾਲ ਕਰਨੀ ਸੀ।
ਤਿਰਲੋਚਨ ਨੂੰ ਕਿਰਪਾਲ ਦੇ ਭਰਾ ਨਿਰੰਜਨ ਉੱਤੇ ਬੜਾ ਗੁੱਸਾ ਆਉਂਦਾ ਸੀ। ਉਸਨੇ, ਜਿਹੜਾ ਰੋਜ਼ ਅਖ਼ਬਾਰ ਪੜ੍ਹਦਾ ਸੀ, ਉਸਨੂੰ ਦੰਗਿਆਂ ਦੀ ਤੀਬਰਤਾ ਬਾਰੇ ਇਕ ਹਫ਼ਤਾ ਪਹਿਲਾਂ ਚੇਤਾਵਨੀ ਦੇ ਦਿੱਤੀ ਸੀ ਤੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਸੀ, ‘ਨਿਰੰਜਨ, ਇਹ ਠੇਕੇ-ਵੇਕੇ ਅਜੇ ਰਹਿਣ ਦੇ, ਅਸੀਂ ਇਕ ਬੜੇ ਈ ਨਾਜ਼ੁਕ ਦੌਰ ਵਿਚੋਂ ਲੰਘ ਰਹੇ ਆਂ। ਭਾਵੇਂ ਤੁਹਾਡਾ ਉੱਥੇ ਰਹਿਣਾ ਬੜਾ ਜ਼ਰੂਰੀ ਹੈ, ਪਰ ਉੱਥੇ ਨਾ ਰਹੋ ਤੇ ਮੇਰੇ ਕੋਲ ਆ ਜਾਓ। ਇਸ ਵਿਚ ਸ਼ੱਕ ਨਹੀਂ ਕਿ ਜਗ੍ਹਾ ਘੱਟ ਏ, ਪਰ ਮੁਸੀਬਤ ਦੇ ਦਿਨਾਂ ਵਿਚ ਆਦਮੀ ਜਿਵੇਂ-ਤਿਵੇਂ ਗੁਜ਼ਾਰਾ ਕਰ ਲੈਂਦਾ ਏ।’ ਪਰ ਉਹ ਨਹੀਂ ਸੀ ਮੰਨਿਆਂ। ਉਸਦਾ ਏਡਾ ਵੱਡਾ ਲੈਕਚਰ ਸੁਣ ਕੇ ਸਿਰਫ਼ ਆਪਣੀਆਂ ਸੰਘਣੀਆਂ ਮੁੱਛਾਂ ਵਿਚ ਮੁਸਰਾਇਆ ਸੀ, ‘ਯਾਰ ਤੂੰ ਵਾਧੂ ਦਾ ਫਿਕਰ ਕਰੀ ਜਾਨਾਂ ਏਂ! ਮੈਂ ਇੱਥੇ ਅਜਿਹੇ ਕਈ ਫਸਾਦ ਦੇਖੇ ਨੇ। ਇਹ ਅੰਮ੍ਰਿਤਸਰ ਜਾਂ ਲਾਹੌਰ ਨਹੀਂ, ਬੌਮਬੇ ਐ, ਬੌਮਬੇ! ਤੈਨੂੰ ਇੱਥੇ ਆਇਆਂ ਸਿਰਫ਼ ਚਾਰ ਸਾਲ ਹੋਏ ਨੇ ਤੇ ਮੈਂ ਬਾਰ੍ਹਾਂ ਸਾਲਾਂ ਦਾ ਇੱਥੇ ਈ ਰਹਿ ਰਿਹਾਂ, ਬਾਰ੍ਹਾਂ ਸਾਲਾਂ ਦਾ!’
ਪਤਾ ਨਹੀਂ ਨਿਰੰਜਨ ਬੰਬਈ ਨੂੰ ਕੀ ਸਮਝਦਾ ਸੀ! ਉਸਦਾ ਖ਼ਿਆਲ ਸੀ ਕਿ ਇਹ ਅਜਿਹਾ ਸ਼ਹਿਰ ਹੈ ਜੇ ਦੰਗੇ ਹੋ ਵੀ ਜਾਣ ਤਾਂ ਉਹਨਾਂ ਦਾ ਅਸਰ ਆਪਣੇ-ਆਪ ਖ਼ਤਮ ਹੋ ਜਾਂਦਾ ਏ, ਜਿਵੇਂ ਉਸ ਕੋਲ ਛੂਮੰਤਰ ਹੋਵੇ—ਜਾਂ ਉਹ ਕਹਾਣੀਆਂ ਦਾ ਕੋਈ ਅਜਿਹਾ ਕਿਲਾ ਹੋਵੇ, ਜਿਸ ਉੱਤੇ ਕੋਈ ਸੰਕਟ ਨਹੀਂ ਆ ਸਕਦਾ। ਪਰ ਤਿਰਲੋਚਨ ਨਿੱਤ-ਨਿੱਤ ਦੇ ਮਾਹੌਲ ਵਿਚ ਸਾਫ਼ ਦੇਖ ਰਿਹਾ ਸੀ ਕਿ…ਮੁਹੱਲਾ ਬਿਲਕੁਲ ਸੁਰੱਖਿਅਤ ਨਹੀਂ। ਉਹ ਤਾਂ ਸਵੇਰ ਦੇ ਅਖ਼ਬਾਰ ਵਿਚ ਇਹ ਵੀ ਪੜ੍ਹਨ ਲਈ ਤਿਆਰ ਸੀ ਕਿ ਕਿਰਪਾਲ ਕੌਰ ਤੇ ਉਸਦੇ ਮਾਂ-ਪਿਓ ਕਤਲ ਹੋ ਚੁੱਕੇ ਨੇ।
ਉਸਨੂੰ ਕਿਰਪਾਲ ਕੌਰ ਦੇ ਅਪਾਹਜ ਪਿਓ ਤੇ ਉਸਦੀ ਮਾਂ ਦੀ ਕੋਈ ਪ੍ਰਵਾਹ ਨਹੀਂ ਸੀ। ਉਹ ਮਰ ਜਾਂਦੇ ਤੇ ਕਿਰਪਾਲ ਕੌਰ ਬਚ ਜਾਂਦੀ ਤਾਂ ਤਿਰਲੋਚਨ ਲਈ ਚੰਗਾ ਸੀ। ਉੱਥੇ ਦੇਵਲਾਲੀ ਵਿਚ ਉਸਦਾ ਭਰਾ ਨਿਰੰਜਨ ਵੀ ਮਰ ਜਾਂਦਾ ਤਾਂ ਚੰਗਾ ਸੀ, ਕਿਉਂਕਿ ਇਸ ਤਰ੍ਹਾਂ ਤਿਰਲੋਚਨ ਲਈ ਮੈਦਾਨ ਸਾਫ਼ ਹੋ ਜਾਂਦਾ। ਖਾਸ ਕਰਕੇ ਨਿਰੰਜਨ ਉਸਦੇ ਰਸਤੇ ਦਾ ਰੋੜਾ ਹੀ ਨਹੀਂ, ਬੜਾ ਵੱਡਾ ਪੱਥਰ ਸੀ। ਤੇ ਇਹ ਕਿ ਜਦੋਂ ਕਦੀ ਕਿਰਪਾਲ ਕੌਰ ਬਾਰੇ ਗੱਲਾਂ ਹੁੰਦੀਆਂ ਤਾਂ ਉਹ ਉਸਨੂੰ ਨਿਰੰਜਨ ਸਿੰਘ ਦੀ ਬਜਾਏ ਅਲਖਨਿਰੰਜਨ ਸਿੰਘ ਕਹਿੰਦਾ ਹੁੰਦਾ ਸੀ।
ਸਵੇਰ ਦੀ ਹਵਾ ਹੌਲੀ-ਹੌਲੀ ਵਗ ਰਹੀ ਸੀ ਤੇ ਤਿਰਲੋਚਨ ਦਾ ਪੱਗੜੀ ਰਹਿਤ ਸਿਰ ਬੜੀ ਮੋਹਕ ਠੰਢਕ ਮਹਿਸੂਸ ਕਰ ਰਿਹਾ ਸੀ। ਪਰ ਉਸ ਅੰਦਰ ਅਨੇਕਾਂ ਚਿੰਤਾਵਾਂ ਇਕ ਦੂਜੇ ਨਾਲ ਭਿੜ ਰਹੀਆਂ ਸਨ। ਕਿਰਪਾਲ ਕੌਰ ਨਵੀਂ-ਨਵੀਂ ਉਸਦੀ ਜ਼ਿੰਦਗੀ ਵਿਚ ਆਈ ਸੀ। ਉਂਜ ਤਾਂ ਉਹ ਹੱਟੇ-ਕੱਟੇ ਨਿਰੰਜਨ ਸਿੰਘ ਦੀ ਭੈਣ ਸੀ, ਪਰ ਬੜੀ ਹੀ ਨਰਮ, ਨਾਜ਼ੁਕ ਤੇ ਲਚਕੀਲੀ ਕੁੜੀ ਸੀ। ਉਹ ਪਿੰਡ ਵਿਚ ਪਲੀ ਸੀ। ਉੱਥੋਂ ਦੀਆਂ ਕਈ ਗਰਮੀਆਂ-ਸਰਦੀਆਂ ਦੇਖ ਚੁੱਕੀ ਸੀ, ਫੇਰ ਵੀ ਉਸ ਵਿਚ ਉਹ ਸਖ਼ਤੀ ਤੇ ਮਰਦਾਨਾਪਨ ਨਹੀਂ ਸੀ, ਜਿਹੜਾ ਪਿੰਡ ਦੀਆਂ ਆਮ ਸਿੱਖ ਕੁੜੀਆਂ ਵਿਚ ਹੁੰਦਾ ਹੈ। ਜਿਹਨਾਂ ਨੂੰ ਸਖ਼ਤ ਤੋਂ ਸਖ਼ਤ ਮਿਹਨਤ ਕਰਨੀ ਪੈਂਦੀ ਹੈ।
ਉਸਦੇ ਨੈਣ-ਨਕਸ਼ ਕੱਚੇ-ਕੱਚੇ ਸਨ, ਜਿਵੇਂ ਅਜੇ ਅਧੂਰੇ ਹੋਣ। ਆਮ ਪੇਂਡੂ ਸਿੱਖ ਕੁੜੀਆਂ ਵਾਂਗ ਉਸਦਾ ਰੰਗ ਗੋਰਾ ਸੀ, ਪਰ ਕੋਰੇ ਲੱਠੇ ਵਰਗਾ, ਸਰੀਰ ਕੂਲਾ ਸੀ, ਮਰਸਰਾਈਜ਼ਡ ਕੱਪੜੇ ਵਰਗਾ। ਤੇ ਉਹ ਬੜੀ ਸ਼ਰਮੀਲੀ ਸੀ। ਤਿਰਲੋਚਨ ਉਸਦੇ ਪਿੰਡ ਦਾ ਸੀ, ਪਰ ਉਹ ਬਹੁਤੇ ਦਿਨ ਉੱਥੇ ਨਹੀਂ ਸੀ ਰਿਹਾ। ਪ੍ਰਾਇਮਰੀ ‘ਚੋਂ ਨਿਕਲ ਕੇ ਜਦੋਂ ਉਹ ਸ਼ਹਿਰ ਦੇ ਹਾਈ ਸਕੂਲ ਵਿਚ ਗਿਆ ਸੀ ਤਾਂ ਬੱਸ, ਉੱਥੋਂ ਦਾ ਹੀ ਹੋ ਕੇ ਰਹਿ ਗਿਆ ਸੀ। ਸਕੂਲੋਂ ਛੁੱਟੀ ਮਿਲੀ ਤਾਂ ਕਾਲਜ ਦੀ ਪੜ੍ਹਾਈ ਸ਼ੁਰੂ ਹੋ ਗਈ। ਇਸ ਦੌਰਾਨ ਉਹ ਕਈ ਵਾਰੀ ਕੀ ਅਨੇਕਾਂ ਵਾਰੀ ਆਪਣੇ ਪਿੰਡ ਗਿਆ, ਪਰ ਉਸਨੇ ਕਿਰਪਾਲ ਕੌਰ ਨਾਂ ਦੀ ਕਿਸੇ ਕੁੜੀ ਦਾ ਨਾਂ ਤੀਕ ਨਹੀਂ ਸੁਣਿਆਂ। ਸ਼ਾਇਦ ਇਸ ਲਈ ਕਿ ਹਰ ਵਾਰੀ ਉਹ ਇਸ ਹਫ਼ੜਾ-ਦਫ਼ੜੀ ਵਿਚ ਹੁੰਦਾ ਸੀ ਕਿ ਛੇਤੀ ਤੋਂ ਛੇਤੀ ਸ਼ਹਿਰ ਪਰਤ ਜਾਵੇ।
ਕਾਲਜ ਦਾ ਜ਼ਮਾਨਾ ਬੜਾ ਪਿੱਛੇ ਰਹਿ ਗਿਆ ਸੀ। ਅਡਵਾਨੀ ਚੈਂਬਰ ਦੇ ਟੈਰੇਸ ਤੇ ਕਾਲਜ ਦੀ ਇਮਾਰਤ ਵਿਚ ਸ਼ਾਇਦ ਦਸ ਵਰ੍ਹਿਆਂ ਦਾ ਫ਼ਾਸਲਾ ਸੀ, ਤੇ ਉਹ ਫ਼ਾਸਲਾ ਤਿਰਲੋਚਨ ਦੇ ਜੀਵਨ ਦੀਆਂ ਵਚਿੱਤਰ ਘਟਨਾਵਾਂ ਨਾਲ ਭਰਿਆ ਹੋਇਆ ਸੀ। ਬਰਮਾ, ਸਿੰਘਾਪੁਰ, ਹਾਂਗਕਾਂਗ, ਫੇਰ ਬੰਬਈ, ਜਿੱਥੇ ਉਹ ਚਾਰ ਵਰ੍ਹਿਆਂ ਦਾ ਰਹਿ ਰਿਹਾ ਸੀ। ਇਹਨਾਂ ਚਾਰ ਵਰ੍ਹਿਆਂ ਵਿਚ ਉਸਨੇ ਪਹਿਲੀ ਵਾਰੀ ਰਾਤ ਨੂੰ ਆਸਮਾਨ ਦੀ ਸ਼ਕਲ ਦੇਖੀ ਸੀ, ਜਿਹੜੀ ਬੁਰੀ ਨਹੀਂ ਸੀ—ਖਾਕੀ ਰੰਗ ਦੇ ਤੰਬੂ ਵਿਚ ਹਜ਼ਾਰਾਂ ਦੀਵੇ ਟਿਮਟਿਮਾ ਰਹੇ ਸਨ ਤੇ ਹਵਾ ਠੰਢੀ ਤੇ ਹਲਕੀ-ਫੁਲਕੀ ਸੀ।
ਕਿਰਪਾਲ ਕੌਰ ਬਾਰੇ ਸੋਚਦਾ-ਸੋਚਦਾ ਉਹ ਮੋਜ਼ੇਲ ਬਾਰੇ ਸੋਚਣ ਲੱਗਾ। ਉਸ ਯਹੂਦੀ ਕੁੜੀ ਬਾਰੇ, ਜਿਹੜੀ ਅਡਵਾਨੀ ਚੈਂਬਰਜ਼ ਵਿਚ ਰਹਿੰਦੀ ਸੀ। ਉਸ ਨਾਲ ਤਿਰਲੋਚਨ ਨੂੰ ‘ਗੋਡੇ-ਗੋਡੇ’ ਇਸ਼ਕ ਹੋ ਗਿਆ ਸੀ। ਅਜਿਹਾ ਇਸ਼ਕ ਜਿਹੜਾ ਉਸਨੇ ਆਪਣੀ ਪੰਤਾਲੀ ਵਰ੍ਹਿਆਂ ਦੀ ਜਿੰਦਗੀ ਵਿਚ ਕਦੀ ਨਹੀਂ ਸੀ ਕੀਤਾ।
ਜਿਸ ਦਿਨ ਉਸਨੇ ਅਡਵਾਨੀ ਚੈਂਬਰਜ਼ ਵਿਚ ਆਪਣੇ ਇਕ ਈਸਾਈ ਮਿੱਤਰ ਦੀ ਮਦਦ ਨਾਲ ਦੂਜੇ ਫਲੋਰ ‘ਤੇ ਫਲੈਟ ਲਿਆ, ਉਸਦੇ ਦਿਨ ਉਸਦੀ ਮੁੱਠਭੇੜ ਮੋਜ਼ੇਲ ਨਾਲ ਹੋਈ, ਜਿਹੜੀ ਪਹਿਲੀ ਨਜ਼ਰ ਵਿਚ ਉਸਨੂੰ ਖ਼ੌਫ਼ਨਾਕ ਹੱਦ ਤਕ ਦੀਵਾਨੀ ਲੱਗੀ ਸੀ। ਕੱਟੇ ਹੋਏ ਵਾਲ ਉਸਦੇ ਸਿਰ ਉੱਤੇ ਖਿੱਲਰੇ ਹੋਏ ਸਨ—ਬੜੇ ਹੀ ਖਿੱਲਰੇ ਹੋਏ। ਬੁੱਲ੍ਹਾਂ ‘ਤੇ ਲਿਪਸਟਿਕ ਇੰਜ ਜੰਮੀ ਸੀ, ਜਿਵੇਂ ਗਾੜ੍ਹਾ ਖ਼ੂਨ, ਤੇ ਉਹ ਵੀ ਜਗ੍ਹਾ-ਜਗ੍ਹਾ ਤੋਂ ਤਿੜਕੀ ਹੋਈ। ਉਸਨੇ ਢਿੱਲਾਢਾਲਾ ਸਫੇਦ ਚੋਗਾ ਪਾਇਆ ਹੋਇਆ ਸੀ। ਜਿਸਦੇ ਖੁੱਲ੍ਹੇ ਗਲ਼ੇ ਵਿਚੋਂ ਉਸਦੀਆਂ ਨੀਲੀਆਂ ਪਈਆਂ ਵੱਡੀਆਂ-ਵੱਡੀਆਂ ਛਾਤੀਆਂ ਦਾ ਲਗਭਗ ਚੌਥਾਈ ਹਿੱਸਾ ਨਜ਼ਰ ਆ ਰਿਹਾ ਸੀ। ਬਾਹਾਂ ਜੋ ਕਿ ਨੰਗੀਆਂ ਸਨ, ਉਹਨਾਂ ਉੱਤੇ ਨਿੱਕੇ-ਨਿੱਕੇ ਵਾਲਾਂ ਦੀ ਤੈਹ ਜੰਮੀ ਹੋਈ ਸੀ, ਜਿਵੇਂ ਉਹ ਹੁਣੇ-ਹੁਣੇ ਕਿਸੇ ਸੈਲੂਨ ਵਿਚੋਂ ਵਾਲ ਕਟਵਾ ਕੇ ਆਈ ਹੋਵੇ ਤੇ ਉਹਨਾਂ ਦੇ ਨਿੱਕੇ-ਨਿੱਕੇ ਰੋਏਂ ਉਹਨਾਂ ਉੱਤੇ ਚਿਪਕ ਗਏ ਹੋਣ।
ਬੁੱਲ੍ਹ ਬਹੁਤੇ ਮੋਟੇ ਨਹੀਂ ਸਨ, ਪਰ ਗੂੜ੍ਹੇ ਉਨਾਭੀ ਰੰਗ ਦੀ ਲਿਪਸਟਿਕ ਕੁਛ ਇਸ ਤਰੀਕੇ ਨਾਲ ਲਾਈ ਗਈ ਸੀ ਕਿ ਉਹ ਮੋਟੇ ਤੇ ਝੋਟੇ ਦੇ ਮਾਸ ਦੇ ਟੁਕੜਿਆਂ ਵਰਗੇ ਲੱਗਦੇ ਸਨ।
ਤਿਰਲੋਚਨ ਦਾ ਫਲੈਟ ਬਿਲਕੁਲ ਉਸਦੇ ਫਲੈਟ ਦੇ ਸਾਹਮਣੇ ਸੀ। ਵਿਚਕਾਰ ਇਕ ਤੰਗ ਗਲੀ ਸੀ, ਬੜੀ ਹੀ ਤੰਗ। ਜਦੋਂ ਤਿਰਲੋਚਨ ਆਪਣੇ ਫਲੈਟ ਵਿਚ ਵੜਨ ਲਈ ਅੱਗੇ ਵਧਿਆ ਤਾਂ ਮੇਜ਼ੋਲ ਬਾਹਰ ਨਿਕਲੀ। ਉਹਨੇ ਖੜਾਵਾਂ ਪਾਈਆਂ ਹੋਈਆਂ ਸਨ। ਤਿਰਲੋਚਨ ਉਹਨਾਂ ਦੀ ਆਵਾਜ਼ ਸੁਣ ਕੇ ਰੁਕ ਗਿਆ। ਮੇਜ਼ੋਲ ਨੇ ਆਪਣੇ ਖਿੱਲਰੇ ਹੋਏ ਵਾਲਾਂ ਦੀਆਂ ਚਿਕਾਂ ਵਿਚੋਂ ਆਪਣੀਆਂ ਮੋਟੀਆਂ-ਮੋਟੀਆਂ ਅੱਖਾਂ ਨਾਲ ਤਿਰਲੋਚਨ ਵੱਲ ਦੇਖਿਆ ਤੇ ਹੱਸ ਪਈ—ਤਿਰਲੋਚਨ ਬੌਂਦਲ ਗਿਆ। ਜੇਬ ਵਿਚੋਂ ਚਾਬੀ ਕੱਢ ਕੇ ਉਹ ਕਾਹਲ ਨਾਲ ਦਰਵਾਜ਼ੇ ਵੱਲ ਵਧਿਆ। ਮੋਜ਼ੇਲ ਦੀ ਇਕ ਖੜਾਂ ਸੀਮਿੰਟ ਦੇ ਚੀਕਣੇ ਫਰਸ਼ ਉੱਤੇ ਤਿਲ੍ਹਕੀ ਤੇ ਉਹ ਉਸਦੇ ਉੱਤੇ ਆ ਡਿੱਗੀ।
ਜਦੋਂ ਤਿਲਰੋਚਨ ਸੰਭਲਿਆ ਤਾਂ ਮੋਜ਼ੇਲ ਉਸਦੇ ਉੱਤੇ ਸੀ, ਕੁਛ ਇਸ ਤਰ੍ਹਾਂ ਕਿ ਉਸਦਾ ਲੰਮਾ ਚੋਗਾ ਉੱਤੇ ਚੜ੍ਹ ਗਿਆ ਸੀ ਤੇ ਉਸਦੀਆਂ ਦੋ ਨੰਗੀਆਂ—ਕਾਫੀ ਨਰੋਈਆਂ—ਲੱਤਾਂ ਉਸਦੇ ਇਧਰ-ਉਧਰ ਸਨ ਤੇ…ਜਦੋਂ ਤਿਰਲੋਚਨ ਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੜਬੜਾਹਾਟ ਵਿਚ ਕੁਝ ਹੋਰ—ਸਾਰੀ ਮੋਜ਼ੇਲ ਨਾਲ—ਉਲਝ ਗਿਆ, ਜਿਵੇਂ ਉਹ ਸਾਬਨ ਵਾਂਗ ਉਸਦੇ ਸਾਰੇ ਪਿੰਡੇ ‘ਤੇ ਫਿਰ ਗਈ ਹੋਵੇ।
ਹਫ਼ੇ ਹੋਏ ਤਿਰਲੋਚਨ ਨੇ ਬੜੇ ਸਭਿਅਕ ਸ਼ਬਦਾਂ ਵਿਚ ਉਸ ਤੋਂ ਮੁਆਫ਼ੀ ਮੰਗੀ। ਮੋਜ਼ੇਲ ਨੇ ਆਪਣਾ ਚੋਗਾ ਠੀਕ ਕੀਤਾ ਤੇ ਮੁਸਕਰਾ ਪਈ, “ਅਹਿ ਖੜਾਵਾਂ ਯਕਦਮ ਕੰਡਮ ਚੀਜ਼ ਨੇ।” ਤੇ ਉਹ ਲੱਥੀ ਹੋਈ ਖੜਾਂ ਵਿਚ ਆਪਣਾ ਅੰਗੂਠਾ ਤੇ ਉਸਦੇ ਨਾਲ ਵਾਲੀ ਉਂਗਲ ਫਸਾਉਂਦੀ ਹੋਈ ਕਾਰੀਡੋਰ ‘ਚੋਂ ਬਾਹਰ ਚਲੀ ਗਈ।
ਤਿਰਲੋਚਨ ਦਾ ਖ਼ਿਆਲ ਸੀ ਕਿ ਮੋਜ਼ੇਲ ਨਾਲ ਦੋਸਤੀ ਕਰਨਾ ਸ਼ਾਇਦ ਮੁਸ਼ਕਿਲ ਹੋਵੇ, ਪਰ ਉਹ ਬੜੇ ਹੀ ਥੋੜ੍ਹੇ ਸਮੇਂ ਵਿਚ ਉਸ ਨਾਲ ਘੁਲਮਿਲ ਗਈ। ਹਾਂ, ਇਕ ਗੱਲ ਸੀ ਕਿ ਉਹ ਬੜੀ ਅੱਖੜ ਤੇ ਮੂੰਹਜ਼ੋਰ ਸੀ ਤੇ ਤਿਰਲੋਚਨ ਦੀ ਰਤਾ ਵੀ ਪ੍ਰਵਾਹ ਨਹੀਂ ਸੀ ਕਰਦੀ। ਉਹ ਉਸ ਤੋਂ ਖਾਂਦੀ ਸੀ, ਉਸ ਤੋਂ ਪੀਂਦੀ ਸੀ, ਉਸ ਨਾਲ ਸਿਨੇਮਾ ਦੇਖਣ ਜਾਂਦੀ ਸੀ। ਸਾਰਾ ਸਾਰਾ ਦਿਨ ਉਸ ਨਾਲ ਜੁਹ ‘ਤੇ ਨਹਾਉਂਦੀ ਸੀ, ਪਰ ਜਦੋਂ ਉਹ ਬਾਹਾਂ ਤੇ ਬੁੱਲ੍ਹਾਂ ਨੂੰ ਕੁਛ ਅੱਗੇ ਵਧਾਉਣਾ ਚਾਹੁੰਦਾ ਤਾਂ ਉਹ ਉਸਨੂੰ ਝਿੜਕ ਦਿੰਦੀ। ਕੁਛ ਇਸ ਤਰ੍ਹਾਂ ਘੁਰਕਦੀ ਕਿ ਉਸਦੇ ਸਾਰੇ ਮਨਸੂਬੇ ਦਾੜ੍ਹੀ ਤੇ ਮੁੱਛਾਂ ਵਿਚ ਚੱਕਰ ਕੱਟਦੇ ਰਹਿ ਜਾਂਦੇ।
ਤਿਰਲੋਚਨ ਨੂੰ ਪਹਿਲਾਂ ਕਿਸੇ ਨਾਲ ਪ੍ਰੇਮ ਨਹੀਂ ਸੀ ਹੋਇਆ। ਲਾਹੌਰ ਵਿਚ, ਬਰਮਾ ਵਿਚ, ਸਿੰਘਾਪੁਰ ਵਿਚ ਉਹ ਕੁੜੀਆਂ ਕੁਛ ਸਮੇਂ ਲਈ ਖ਼ਰੀਦ ਲੈਂਦਾ ਹੁੰਦਾ ਸੀ। ਉਸਨੇ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਬੰਬਈ ਪਹੁੰਚਦਿਆਂ ਹੀ ਉਹ ਇਕ ਬੜੀ ਹੀ ਅੱਖੜ ਕਿਸਮ ਦੀ ਯਹੂਦੀ ਕੁੜੀ ਦੇ ਪ੍ਰੇਮ ਵਿਚ ‘ਗੋਡੇ-ਗੋਡੇ’ ਧਸ ਜਾਵੇਗਾ। ਉਹ ਉਸ ਤੋਂ ਕੁਛ ਵਚਿੱਤਰ ਤਰ੍ਹਾਂ ਦੀ ਦੂਰੀ ਰੱਖਦੀ ਸੀ। ਉਸਦੇ ਕਹਿਣ ‘ਤੇ ਤੁਰੰਤ ਸਜ-ਧਜ ਕੇ ਸਿਨੇਮੇ ਜਾਣ ਲਈ ਤਿਆਰ ਹੋ ਜਾਂਦੀ, ਪਰ ਜਦੋਂ ਉਹ ਆਪਣੀ ਸੀਟ ‘ਤੇ ਬੈਠਦੇ ਤਾਂ ਉਹ ਇਧਰ-ਉਧਰ ਨਜ਼ਰਾਂ ਦੌੜਾਉਣੀਆਂ ਸ਼ੁਰੂ ਕਰ ਦਿੰਦੀ। ਜੇ ਕੋਈ ਉਸਦਾ ਜਾਣਕਾਰ ਨਿਕਲ ਆਉਂਦਾ ਤਾਂ ਜ਼ੋਰ ਨਾਲ ਹੱਥ ਹਿਲਾਉਂਦੀ ਤੇ ਤਿਰਲੋਚਨ ਤੋਂ ਪੁੱਛੇ ਬਿਨਾਂ ਉਸਦੇ ਕੋਲ ਜਾ ਬੈਠਦੀ।
ਹੋਟਲ ਵਿਚ ਬੈਠੇ ਨੇ—ਤੇ ਤਿਰਲੋਚਨ ਨੇ ਮੋਜ਼ੇਲ ਲਈ ਵਿਸ਼ੇਸ਼ ਰੂਪ ਵਿਚ ਵੱਧ ਖਾਣੇ ਮੰਗਵਾਏ ਨੇ, ਪਰ ਉਸਨੂੰ ਆਪਣਾ ਕੋਈ ਪੁਰਾਣਾ ਦੋਸਤ ਨਜ਼ਰ ਆ ਗਿਆ ਹੈ ਤੇ ਉਹ ਆਪਣੀ ਹੱਥਲੀ ਬੁਰਕੀ ਛੱਡ ਕੇ ਉਸ ਕੋਲ ਜਾ ਬੈਠੀ ਹੈ ਤੇ ਤਿਰਲੋਚਨ ਦੀ ਹਿੱਕ ‘ਤੇ ਮੂੰਗ ਦਲ ਰਹੀ ਹੁੰਦੀ ਹੈ।
ਤਿਰਲੋਚਨ ਕਦੀ-ਕਦੀ ਖਿਝ ਜਾਂਦਾ ਸੀ, ਕਿਉਂਕਿ ਉਹ ਉਸਨੂੰ ਇਕੱਲਾ ਛੱਡ ਕੇ ਆਪਣੇ ਉਸ ਦੋਸਤ ਜਾਂ ਜਾਣਕਾਰ ਨਾਲ ਚਲੀ ਜਾਂਦੀ ਤੇ ਕਈ-ਕਈ ਦਿਨਾਂ ਤੀਕ ਉਸਨੂੰ ਨਹੀਂ ਸੀ ਮਿਲਦੀ ਹੁੰਦੀ। ਕਦੀ ਸਿਰ ਦਰਦ ਦਾ ਬਹਾਨਾ, ਕਦੀ ਪੇਟ ਦੀ ਖ਼ਰਾਬੀ, ਜਿਸ ਬਾਰੇ ਤਿਰਲੋਚਨ ਨੂੰ ਪਤਾ ਹੁੰਦਾ ਸੀ ਕਿ ਉਹ ਲੋਹੇ ਵਾਂਗ ਕਰੜਾ ਸੀ ਤੇ ਕਦੀ ਖ਼ਰਾਬ ਨਹੀਂ ਸੀ ਹੋ ਸਕਦਾ।
ਜਦੋਂ ਉਸ ਨਾਲ ਮੁਲਾਕਾਤ ਹੁੰਦੀ ਤਾਂ ਉਹ ਉਸਨੂੰ ਕਹਿੰਦੀ—”ਤੂੰ ਸਿੱਖ ਏਂ—ਇਹ ਨਾਜ਼ੁਕ ਗੱਲਾਂ ਤੇਰੀ ਸਮਝ ‘ਚ ਨਹੀਂ ਆ ਸਕਦੀਆਂ।”
ਇਹ ਸੁਣ ਕੇ ਤਿਰਲੋਚਨ ਸੜ-ਭੁੱਜ ਜਾਂਦਾ ਤੇ ਪੁੱਛਦਾ—”ਕਿਹੜੀਆਂ ਨਾਜ਼ੁਕ ਗੱਲਾਂ—ਤੇਰੇ ਪੁਰਾਣੇ ਯਾਰਾਂ ਦੀਆਂ?”
ਮੋਜ਼ੇਲ ਦੋਵੇਂ ਹੱਥ ਆਪਣੇ ਚੌੜੇ-ਚਕਲੇ ਕੁਹਲਿਆਂ ‘ਤੇ ਰੱਖ ਕੇ ਆਪਣੀਆਂ ਨਰੋਈਆਂ ਲੱਤਾਂ ਚੌੜੀਆਂ ਕਰਕੇ ਖਲੋਂ ਜਾਂਦੀ ਤੇ ਕਹਿੰਦੀ—”ਅਹਿ ਤੂੰ ਮੈਨੂੰ ਉਹਨਾਂ ਦੇ ਤਾਹਣੇ ਕੀ ਦੇਂਦਾ ਏਂ! ਹਾਂ, ਉਹ ਮੇਰੇ ਯਾਰ ਐ—ਤੇ ਮੈਨੂੰ ਚੰਗੇ ਲੱਗਦੇ ਐ। ਤੂੰ ਮੱਚਦਾ ਏਂ ਤੇ ਮੱਚਦਾ ਰਹਿ।”
ਤਿਰਲੋਚਨ ਇਕ ਮਾਹਰ ਵਕੀਲ ਵਾਂਗ ਪੁੱਛਦਾ, “ਇਸ ਤਰ੍ਹਾਂ ਤੇਰੀ-ਮੇਰੀ ਕਿੰਜ ਨਿਭੇਗੀ?”
ਮੋਜ਼ੇਲ ਉੱਚੀ-ਉੱਚੀ ਹੱਸਣ ਲੱਗਦੀ, “ਤੂੰ ਸੱਚਮੁੱਚ ਸਿੱਖ ਐਂ! ਈਡੀਅਟ, ਤੈਨੂੰ ਕਿਸੇ ਨੇ ਕਿਹੈ ਬਈ ਮੇਰੇ ਨਾਲ ਨਿਭਾਅ? ਜੇ ਨਿਭਾਉਣ ਦੀ ਗੱਲ ਐ ਤਾਂ ਜਾਹ ਆਪਣੇ ਦੇਸ। ਕਿਸੇ ਸਿੱਖਣੀ ਨਾਲ ਵਿਆਹ ਕਰ ਲੈ। ਮੇਰੇ ਨਾਲ ਤਾਂ ਇਸੇ ਤਰ੍ਹਾਂ ਚੱਲੇਗਾ।”
ਤਿਰਲੋਚਨ ਨਰਮ ਪੈ ਜਾਂਦਾ। ਅਸਲ ਵਿਚ ਮੋਜ਼ੇਲ ਉਸਦੀ ਵੱਡੀ ਕਮਜ਼ੋਰੀ ਬਣ ਗਈ ਸੀ। ਉਹ ਹਰ ਹਾਲ ਵਿਚ ਉਸਦੇ ਸਾਥ ਦਾ ਇਛੁੱਕ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਜ਼ੇਲ ਕਰਕੇ ਅਕਸਰ ਉਸਦੀ ਬੇਇੱਜ਼ਤੀ ਹੁੰਦੀ ਸੀ। ਨੱਥੂ ਖ਼ੈਰੇ ਕਰਿਸ਼ਚੀਅਨ ਛੋਹਰਾਂ ਸਾਹਵੇਂ ਜਿਹਨਾਂ ਦੀ ਕੋਈ ਹੈਸੀਅਤ ਨਹੀਂ ਸੀ, ਉਸਨੂੰ ਸ਼ਰਮਿੰਦਾ ਹੋਣਾ ਪੈਂਦਾ ਸੀ। ਪਰ ਦਿਲ ਹੱਥੋਂ ਮਜ਼ਬੂਰ ਹੋ ਕੇ ਉਸਨੇ ਇਹ ਸਭ ਕੁਛ ਸਹਿਣ ਦਾ ਫ਼ੈਸਲਾ ਕਰ ਲਿਆ ਸੀ।
ਆਮ ਤੌਰ ਤੇ ਨਿਰਾਦਰ ਤੇ ਬੇਇੱਜ਼ਤੀ ਦੀ ਪ੍ਰਤੀਕ੍ਰਿਆ ਬਦਲਾ ਹੁੰਦਾ ਹੈ, ਪਰ ਤਿਰਲੋਚਨ ਦੇ ਮਾਮਲੇ ਵਿਚ ਇੰਜ ਨਹੀਂ ਸੀ। ਉਸਨੇ ਆਪਣੇ ਦਿਲ ਤੇ ਦਿਮਾਗ਼ ਦੀਆਂ ਬਹੁਤ ਸਾਰੀਆਂ ਅੱਖਾਂ ਮੀਚ ਲਈਆਂ ਸਨ ਤੇ ਕੰਨਾਂ ਵਿਚ ਰੂੰ ਪਾ ਲਈ ਸੀ। ਉਸਨੂੰ ਮੋਜ਼ੇਲ ਪਸੰਦ ਸੀ। ਪਸੰਦ ਹੀ ਨਹੀਂ, ਜਿਵੇਂ ਕਿ ਉਹ ਅਕਸਰ ਆਪਣੇ ਦੋਸਤਾਂ ਨੂੰ ਕਹਿੰਦਾ ਹੁੰਦਾ ਸੀ, ਗੋਡੇ ਗੋਡੇ ਉਸਦੇ ਪਿਆਰ ਵਿਚ ਧਸ ਗਿਆ ਸੀ। ਹੁਣ ਇਸ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ ਕਿ ਉਸਦੇ ਸਰੀਰ ਦਾ ਜਿੰਨਾ ਹਿੱਸਾ ਬਾਕੀ ਰਹਿ ਗਿਆ ਸੀ, ਉਹ ਵੀ ਇਸ ਪਿਆਰ ਦੀ ਦਲਦਲ ਵਿਚ ਧਸ ਜਾਵੇ ਤੇ ਕਿੱਸਾ ਖ਼ਤਮ ਹੋਵੇ।
ਦੋ ਵਰ੍ਹਿਆਂ ਤਕ ਉਹ ਇਸੇ ਤਰ੍ਹਾਂ ਬੇਇੱਜ਼ਤੀ ਦਾ ਜੀਵਨ ਬਿਤਾਉਂਦਾ ਰਿਹਾ, ਪਰ ਪੱਕਾ ਰਿਹਾ। ਆਖ਼ਰ ਇਕ ਦਿਨ ਜਦ ਮੋਜ਼ੇਲ ਮੌਜ ਵਿਚ ਸੀ, ਉਸਨੇ ਆਪਣੀਆਂ ਬਾਹਾਂ ਵਿਚ ਸਮੇਟ ਕੇ ਉਸਨੂੰ ਪੁੱਛਿਆ, “ਮੋਜ਼ੇਲ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ…?”
ਮੋਜ਼ੇਲ ਉਸਦੀਆਂ ਬਾਹਾਂ ਵਿਚੋਂ ਨਿਕਲ ਗਈ ਤੇ ਕੁਰਸੀ ਉੱਤੇ ਬੈਠ ਕੇ ਆਪਣੀ ਫ਼ਰਾਕ ਦਾ ਘੇਰਾ ਦੇਖਣ ਲੱਗੀ, ਫੇਰ ਉਸਨੇ ਆਪਣੀਆਂ ਮੋਟੀਆਂ-ਮੋਟੀਆਂ ਯਹੂਦੀ ਅੱਖਾਂ ਉਤਾਂਹ ਚੁੱਕੀਆਂ ਤੇ ਸੰਘਣੀਆਂ ਪਲਕਾਂ ਝਪਾ ਕੇ ਬੋਲੀ—”ਮੈਂ ਸਿੱਖ ਨੂੰ ਪਿਆਰ ਨਹੀਂ ਕਰ ਸਕਦੀ।”
ਤਿਰਲੋਚਨ ਨੇ ਇੰਜ ਮਹਿਸੂਸ ਕੀਤਾ ਜਿਵੇਂ ਉਸਦੀ ਪੱਗ ਹੇਠ ਕਿਸੇ ਨੇ ਮਘਦੇ ਹੋਏ ਅੰਗਿਆਰ ਰੱਖ ਦਿੱਤੇ ਹੋਣ। ਉਸਦੇ ਤਨ-ਮਨ ਨੂੰ ਅੱਗ ਲੱਗ ਗਈ, “ਮੋਜ਼ੇਲ, ਤੂੰ ਹਮੇਸ਼ਾ ਮੇਰਾ ਮਜ਼ਾਕ ਉਡਾਉਂਦੀ ਏਂ—ਇਹ ਮੇਰਾ ਮਜ਼ਾਕ ਨਹੀਂ, ਮੇਰੇ ਪਿਆਰ ਦਾ ਮਜ਼ਾਕ ਏ।”
ਮੋਜ਼ੇਲ ਉੱਠੀ ਤੇ ਉਸਨੇ ਆਪਣੇ ਭੂਰੇ ਕੱਟੇ ਹੋਏ ਵਾਲਾਂ ਨੂੰ ਇਕ ਦਿਲ-ਫਰੇਬ ਝੱਟਕਾ ਦਿੱਤਾ, “ਤੂੰ ਸ਼ੇਵ ਕਰਾ ਲਏਂ ਤੇ ਆਪਣੇ ਸਿਰ ਦੇ ਵਾਲ ਖੁੱਲ੍ਹੇ ਛੱਡ ਦਏਂ ਤਾਂ ਮੈਂ ਸ਼ਰਤ ਆਉਂਦੀ ਆਂ ਕਿ ਕਈ ਕੁੜੀਆਂ ਤੈਨੂੰ ਅੱਖਾਂ ਮਾਰਨਗੀਆਂ—ਤੂੰ ਸੋਹਣਾ ਏਂ।”
ਤਿਰਲੋਚਨ ਦੇ ਕੇਸਾਂ ਵਿਚ ਹੋਰ ਵੀ ਅੰਗਿਆਰ ਭਰ ਗਏ। ਉਸਨੇ ਅੱਗੇ ਵਧ ਕੇ ਜ਼ੋਰ ਨਾਲ ਮੋਜ਼ੇਲ ਨੂੰ ਆਪਣੇ ਵੱਲ ਖਿੱਚ ਲਿਆ ਤੇ ਉਸਦੇ ਉਨਾਭੀ ਬੁੱਲ੍ਹਾਂ ਉੱਤੇ ਆਪਣੇ ਮੁੱਛਾਂ-ਭਰੇ ਬੁੱਲ੍ਹ ਰੱਖ ਦਿੱਤੇ।
ਮੋਜ਼ੇਲ ਨੇ ਯਕਦਮ ‘ਫੂੰ-ਫੂੰ’ ਕੀਤੀ ਤੇ ਉਸ ਤੋਂ ਆਪਣੇ-ਆਪ ਨੂੰ ਛੁਡਾਅ ਲਿਆ। “ਮੈਂ ਸਵੇਰੇ ਈ ਆਪਣੇ ਦੰਦਾਂ ਨੂੰ ਬੁਰਸ਼ ਕਰ ਚੁੱਕੀ ਆਂ—ਤੂੰ ਕਸ਼ਟ ਨਾ ਕਰ।”
ਤਿਰਲੋਚਨ ਕੂਕਿਆ, “ਮੋਜ਼ੇਲ !”
ਮੋਜ਼ੇਲ ਵੈਨਿਟੀ ਬੈਗ ਵਿਚੋਂ ਛੋਟਾ-ਜਿਹਾ ਸ਼ੀਸ਼ਾ ਕੱਢ ਕੇ ਆਪਣੇ ਬੁੱਲ੍ਹ ਦੇਖਣ ਲੱਗੀ, ਜਿਹਨਾਂ ‘ਤੇ ਲੱਗੀ ਗੂੜ੍ਹੀ ਲਿਪਸਟਿਕ ‘ਤੇ ਝਰੀਟਾਂ ਪੈ ਗਈਆਂ ਸਨ। “ਖ਼ੁਦਾ ਦੀ ਸਹੁੰ, ਤੂੰ ਆਪਣੀਆਂ ਮੁੱਛਾਂ ਤੇ ਦਾੜ੍ਹੀ ਦਾ ਸਹੀ ਇਸਤੇਮਾਲ ਨਹੀਂ ਕਰਦਾ। ਇਹਨਾਂ ਦੇ ਵਾਲ ਐਨੇ ਵਧੀਆ ਨੇ ਕਿ ਮੇਰਾ ਨੇਵੀ ਬਲਿਊ ਸਕਰਟ ਚੰਗੀ ਤਰਾਂ ਸਾਫ਼ ਕਰ ਸਕਦੇ ਨੇ—ਬੱਸ ਥੋੜ੍ਹਾ ਕੁ ਪਟਰੌਲ ਲਾਉਣ ਦੀ ਲੋੜ ਪਏਗੀ।”
ਤਿਰਲੋਚਨ ਗੁੱਸੇ ਦੀ ਉਸ ਹੱਦ ਤੀਕ ਪਹੁੰਚ ਚੁੱਕਿਆ ਸੀ, ਜਿੱਥੇ ਉਹ ਬਿਲਕੁਲ ਠੰਢਾ ਹੋ ਗਿਆ ਸੀ। ਉਹ ਆਰਾਮ ਨਾਲ ਸੋਫੇ ‘ਤੇ ਬੈਠ ਗਿਆ। ਮੋਜ਼ੇਲ ਵੀ ਆ ਗਈ ਤੇ ਉਸਨੇ ਤਿਰਲੋਚਨ ਦੀ ਦਾੜ੍ਹੀ ਖੋਲ੍ਹਣੀ ਸ਼ੁਰੂ ਕਰ ਦਿੱਤੀ। ਉਸ ਵਿਚ ਜਿਹੜੀਆਂ ਪਿੰਨਾਂ ਲੱਗੀਆਂ ਸਨ, ਉਸਨੇ ਇਕ-ਇਕ ਕਰਕੇ ਆਪਣੇ ਦੰਦਾਂ ਹੇਠ ਨੱਪ ਲਈਆਂ।
ਤਿਰਲੋਚਨ ਸੋਹਣਾ ਸੀ। ਜਦੋਂ ਉਸਦੇ ਦਾੜ੍ਹੀ ਮੁੱਛਾਂ ਨਹੀਂ ਸੀ ਆਈਆਂ ਉਦੋਂ ਲੋਕ ਉਸਦੇ ਖੁੱਲ੍ਹੇ ਕੇਸਾਂ ਨੂੰ ਦੇਖ ਕੇ ਧੋਖਾ ਖਾ ਜਾਂਦੇ ਸਨ ਕਿ ਉਹ ਕੋਈ ਘੱਟ ਉਮਰ ਦੀ ਸੁੰਦਰ ਕੁੜੀ ਹੈ। ਪਰ ਹੁਣ ਵਾਲਾਂ ਦੇ ਇਸ ਘੇਰੇ ਨੇ ਉਸਦੇ ਨੈਣ-ਨਕਸ਼ ਸਾੜ੍ਹੀ ਵਾਂਗ ਅੰਦਰ ਲੁਕਾਅ ਲਏ ਸਨ ਤੇ ਇਸ ਗੱਲ ਨੂੰ ਉਹ ਖ਼ੁਦ ਵੀ ਜਾਣਦਾ ਸੀ। ਪਰ ਉਹ ਧਾਰਮਕ ਪ੍ਰਵਿਰਤੀ ਵਾਲਾ ਸੁਸ਼ੀਲ ਨੌਜਵਾਨ ਸੀ। ਉਸਦੇ ਦਿਲ ਵਿਚ ਧਰਮ ਦੇ ਪ੍ਰਤੀ ਸਨਮਾਣ ਸੀ। ਉਹ ਨਹੀਂ ਚਾਹੁੰਦਾ ਸੀ ਕਿ ਉਹ ਉਹਨਾਂ ਚੀਜ਼ਾਂ ਨੂੰ ਆਪਣੇ ਵਿਅਕਤੀਤਵ ਨਾਲੋਂ ਵੱਖ ਕਰ ਦਵੇ, ਜਿਹਨਾਂ ਨਾਲ ਉਸਦੇ ਧਰਮ ਦੀ ਪਛਾਣ ਹੁੰਦੀ ਸੀ।
ਜਦੋਂ ਦਾੜ੍ਹੀ ਪੂਰੀ ਖੁੱਲ੍ਹ ਗਈ ਤੇ ਉਸਦੀ ਛਾਤੀ ‘ਤੇ ਲਟਕਣ ਲੱਗੀ ਤਾਂ ਉਸਨੇ ਮੋਜ਼ੇਲ ਨੂੰ ਪੁੱਛਿਆ, “ਅਹਿ ਤੂੰ ਕੀ ਕਰ ਰਹੀ ਏਂ?”
ਦੰਦਾਂ ਹੇਠ ਪਿੰਨਾਂ ਨੱਪੀ ਉਹ ਮੁਸਕਰਾਈ, “ਤੇਰੇ ਵਾਲ ਬੜੇ ਮੁਲਾਇਮ ਨੇ। ਮੇਰਾ ਅੰਦਾਜ਼ਾ ਗ਼ਲਤ ਸੀ ਕਿ ਇਹਨਾਂ ਨਾਲ ਮੇਰਾ ਨੇਵੀ ਬਲਿਊ ਸਕਰਟ ਸਾਫ਼ ਹੋ ਸਕਦੈ। ਤਿਰਲੋਚਨ! ਤੂੰ ਇਹ ਮੈਨੂੰ ਦੇ-ਦੇ, ਮੈਂ ਇਹਨਾਂ ਨੂੰ ਗੁੰਦ ਕੇ ਆਪਣੇ ਸਿਰ ਉੱਤੇ ਫਸਟ ਕਲਾਸ ਆਲ੍ਹਣਾ ਬਣਵਾ ਲਵਾਂਗੀ।”
ਹੁਣ ਤਿਰਲੋਚਨ ਦੀ ਦਾੜ੍ਹੀ ਵਿਚ ਫੇਰ ਅੰਗਿਆਰ ਭਖਣ ਲੱਗੇ। ਉਸਨੇ ਬੜੀ ਗੰਭੀਰ ਆਵਾਜ਼ ਵਿਚ ਮੋਜ਼ੇਲ ਨੂੰ ਕਿਹਾ, “ਮੈਂ ਅੱਜ ਤੀਕ ਕਦੀ ਤੇਰੇ ਧਰਮ ਦਾ ਮਜ਼ਾਕ ਨਹੀਂ ਉਡਾਇਆ—ਤੂੰ ਕਿਓਂ ਉਡਾਉਂਦੀ ਏਂ? ਦੇਖ, ਕਿਸੇ ਦੀ ਧਾਰਮਕ ਭਾਵਨਾ ਨਾਲ ਖੇਡਣਾ ਚੰਗਾ ਨਹੀਂ ਹੁੰਦਾ। ਮੈਂ ਇਹ ਕਦੀ ਬਰਦਾਸ਼ਤ ਨਾ ਕਰਦਾ, ਸਿਰਫ਼ ਇਸ ਲਈ ਕਰ ਰਿਹਾਂ ਕਿ ਮੈਨੂੰ ਤੇਰੇ ਨਾਲ ਅਥਾਹ ਪ੍ਰੇਮ ਏਂ—ਕੀ ਤੈਨੂੰ ਇਸਦਾ ਪਤਾ ਨਹੀਂ?”
ਮੋਜ਼ੇਲ ਨੇ ਤਿਰਲੋਚਨ ਦੀ ਦਾੜ੍ਹੀ ਨਾਲ ਖੇਡਣਾ ਬੰਦ ਕਰ ਦਿੱਤਾ ਤੇ ਬੋਲੀ, “ਮੈਨੂੰ ਪਤਾ ਏ।”
“ਫੇਰ?” ਤਿਰਲੋਚਨ ਨੇ ਆਪਣੀ ਦਾੜ੍ਹੀ ਦੇ ਵਾਲ ਬੜੀ ਸਫ਼ਾਈ ਨਾਲ ਤੈਹ ਕੀਤੇ ਤੇ ਮੋਜ਼ੇਲ ਦੇ ਦੰਦਾਂ ਵਿਚੋਂ ਪਿੰਨਾਂ ਕੱਢ ਲਈਆਂ। “ਤੂੰ ਚੰਗੀ ਤਰ੍ਹਾਂ ਜਾਣਦੀ ਏਂ ਕਿ ਮੇਰਾ ਪ੍ਰੇਮ ਬਕਵਾਸ ਨਹੀਂ—ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਆਂ।”
“ਮੈਨੂੰ ਪਤਾ ਐ।” ਵਾਲਾਂ ਨੂੰ ਇਕ ਹਲਕਾ-ਜਿਹਾ ਝਟਕਾ ਦੇ ਕੇ ਉਹ ਉੱਠੀ ਤੇ ਕੰਧ ‘ਤੇ ਲਟਕੀ ਹੋਈ ਤਸਵੀਰ ਵੱਲ ਦੇਖਣ ਲੱਗੀ। “ਮੈਂ ਵੀ ਲਗਭਗ ਇਹੀ ਫ਼ੈਸਲਾ ਕਰ ਚੁੱਕੀ ਆਂ ਕਿ ਤੇਰੇ ਨਾਲ ਵਿਆਹ ਕਰਾਂਗੀ।”
ਤਿਰਲੋਚਨ ਖਿੜ-ਪੁੜ ਗਿਆ, “ਸੱਚ?”
ਮੋਜ਼ੇਲ ਦੇ ਉਨਾਬੀ ਬੁੱਲ੍ਹ ਬੜੀ ਮੋਟੀ ਮੁਸਕਰਾਹਟ ਨਾਲ ਖੁੱਲ੍ਹੇ ਤੇ ਉਸਦੇ ਸਫ਼ੇਦ ਮਜ਼ਬੂਤ ਦੰਦ ਇਕ ਛਿਣ ਲਈ ਚਮਕੇ, “ਹਾਂ।”
ਤਿਰਲੋਚਨ ਨੇ ਆਪਣੀ ਅੱਧੀ ਲਿਪਟੀ ਦਾੜ੍ਹੀ ਨਾਲ ਹੀ ਉਸਨੂੰ ਆਪਣੀ ਹਿੱਕ ਨਾਲ ਘੁੱਟ ਲਿਆ, “ਤ…ਤਾਂ…ਫੇਰ, ਕਦੋਂ?”
ਮੋਜ਼ੇਲ ਉਸ ਨਾਲੋਂ ਅੱਡ ਹੋਈ—”ਜਦੋਂ ਤੂੰ ਆਪਣੇ ਇਹ ਵਾਲ ਕਟਵਾ ਦਵੇਂਗਾ।”
ਤਿਰਲੋਚਨ ਉਸ ਸਮੇਂ ‘ਜੋ ਹੋਊ, ਦੇਖੀ ਜਾਊ’ ਬਣ ਗਿਆ। ਉਸਨੇ ਕੁਝ ਨਹੀਂ ਸੋਚਿਆ ਤੇ ਕਹਿ ਦਿੱਤਾ, “ਮੈਂ ਕਲ੍ਹ ਈ ਕਟਵਾ ਦਿਆਂਗਾ।”
ਮੋਜ਼ੇਲ ਫਰਸ਼ ਉੱਤੇ ਟੇਪ ਡਾਂਸ ਕਰਨ ਲੱਗੀ। “ਤੂੰ ਬਕਵਾਸ ਕਰ ਰਿਹੈਂ ਤਿਰਲੋਚਨ! ਤੇਰੇ ‘ਚ ਐਨੀ ਹਿੰਮਤ ਨਹੀਂ।”
ਉਸਨੇ ਤਿਰਲੋਚਨ ਦੇ ਦਿਮਾਗ਼ ਵਿਚੋਂ ਧਰਮ ਦੇ ਬਚੇ-ਖੁਚੇ ਖ਼ਿਆਲ ਵੀ ਬਾਹਰ ਕੱਢ ਸੁੱਟੇ।
“ਤੂੰ ਦੇਖ ਲਵੀਂ।”
“ਦੇਖ ਲਵਾਂਗੀ।” ਤੇ ਉਹ ਕਾਹਲ ਨਾਲ ਅੱਗੇ ਵਧੀ। ਤਿਰਲੋਚਨ ਦੀਆਂ ਮੁੱਛਾਂ ਨੂੰ ਚੁੰਮਿਆਂ ਤੇ ‘ਫੂੰ-ਫੂੰ’ ਕਰਦੀ ਬਾਹਰ ਨਿਕਲ ਗਈ।
ਤਿਰਲੋਚਨ ਸਾਰੀ ਰਾਤ ਕਿਹੜੀਆਂ ਸੋਚਾਂ ਵਿਚ ਗੋਤੇ ਲਾਉਂਦਾ ਰਿਹਾ ਤੇ ਉਸਨੇ ਕੀ-ਕੀ ਤਕਲੀਫ਼ ਭੋਗੀ, ਇਸਦੀ ਚਰਚਾ ਵਿਅਰਥ ਹੈ, ਇਸ ਲਈ ਕਿ ਦੂਜੇ ਦਿਨ ਉਸਨੇ ਫੋਰਟ ਵਿਚ ਆਪਣੇ ਕੇਸ ਕਟਵਾ ਦਿੱਤੇ ਤੇ ਦਾੜ੍ਹੀ ਵੀ ਮੁੰਨਵਾ ਦਿੱਤੀ। ਇਸ ਸਭ ਕੁਛ ਹੁੰਦਾ ਰਿਹਾ ਤੇ ਉਹ ਅੱਖਾਂ ਮੀਚੀ ਬੈਠਾ ਰਿਹਾ। ਜਦੋਂ ਸਾਰਾ ਮਾਮਲਾ ਸਾਫ਼ ਹੋ ਗਿਆ, ਉਦੋਂ ਉਸਨੇ ਅੱਖਾਂ ਖੋਲ੍ਹੀਆਂ ਤੇ ਦੇਰ ਤੀਕ ਸ਼ੀਸ਼ੇ ਵਿਚ ਆਪਣੀ ਸ਼ਕਲ ਦੇਖਦਾ ਰਿਹਾ, ਜਿਸ ਉੱਤੇ ਬੰਬਈ ਦੀ ਸੋਹਣੀ ਤੋਂ ਸੋਹਣੀ ਕੁੜੀ ਵੀ ਕੁਛ ਚਿਰ ਲਈ ਧਿਆਨ ਦੇਣ ਲਈ ਮਜਬੂਰ ਹੋ ਜਾਂਦੀ।
ਇਸ ਸਮੇਂ ਵੀ ਤਿਰਲੋਚਨ ਉਹੀ ਇਕ ਵਚਿੱਤਰ ਠੰਢਕ ਮਹਿਸੂਸ ਕਰਨ ਲੱਗਾ, ਜਿਹੜੀ ਸੈਲੂਨ ਦੇ ਬਾਹਰ ਨਿਕਲ ਕੇ ਉਸਨੂੰ ਮਹਿਸੂਸ ਹੋਈ ਸੀ। ਉਸਨੇ ਟੈਰੇਸ ‘ਤੇ ਤੇਜ਼-ਤੇਜ਼ ਤੁਰਨਾ ਸ਼ੁਰੂ ਕਰ ਦਿੱਤਾ, ਜਿੱਥੇ ਟੈਂਕੀਆਂ ਤੇ ਪਾਈਪਾਂ ਦੀ ਭਰਮਾਰ ਸੀ। ਉਹ ਚਾਹੁੰਦਾ ਸੀ ਕਿ ਉਸ ਕਹਾਣੀ ਦਾ ਬਾਕੀ ਦਾ ਹਿੱਸਾ ਉਸਦੇ ਦਿਮਾਗ਼ ਵਿਚ ਨਾ ਆਏ, ਪਰ ਉਹ ਆਏ ਬਿਨਾਂ ਨਾ ਰਿਹਾ।
ਵਾਲ ਕਟਵਾ ਕੇ ਉਹ ਪਹਿਲੇ ਦਿਨ ਘਰੋਂ ਬਾਹਰ ਨਹੀਂ ਸੀ ਨਿਕਲਿਆ। ਉਸਨੇ ਆਪਣੇ ਨੌਕਰ ਦੇ ਹੱਥ ਦੂਜੇ ਦਿਨ ਇਕ ਚਿਟ ਲਿਖ ਕੇ ਮੋਜ਼ੇਲ ਨੂੰ ਭੇਜੀ ਸੀ ਕਿ ਉਸਦੀ ਤਬੀਅਤ ਖ਼ਰਾਬ ਹੈ, ਥੋੜ੍ਹੀ ਦੇਰ ਲਈ ਆ ਜਾਏ। ਮੋਜ਼ੇਲ ਆਈ। ਤਿਰਲੋਚਨ ਨੂੰ ਵਾਲਾਂ ਦੇ ਬਗ਼ੈਰ ਦੇਖ ਕੇ ਉਹ ਛਿਣ ਭਰ ਲਈ ਠਿਠਕੀ, ਫੇਰ, “ਮਾਈ ਡਾਰਲਿੰਗ ਤਿਰਲੋਚਨ!” ਕਹਿ ਕੇ ਉਸ ਨਾਲ ਲਿਪਟ ਗਈ ਤੇ ਉਸਦਾ ਪੂਰਾ ਚਿਹਰਾ ਉਨਾਬੀ ਕਰ ਦਿੱਤਾ। ਉਸਨੇ ਤਿਰਲੋਚਨ ਦੀਆਂ ਸਾਫ਼ ਤੇ ਮੁਲਾਇਮ ਗੱਲ੍ਹਾਂ ਉੱਤੇ ਹੱਥ ਫੇਰਿਆ, ਉਸਦੇ ਛੋਟੇ-ਛੋਟੇ ਅੰਗਰੇਜ਼ੀ ਕਿਸਮ ਦੇ ਕੱਟੇ ਹੋਏ ਵਾਲਾਂ ਵਿਚ ਆਪਣੀਆਂ ਉਂਗਲਾਂ ਨਾਲ ਕੰਘੀ ਕੀਤੀ ਤੇ ਅਰਬੀ ਭਾਸ਼ਾ ਵਿਚ ਨਾਅਰੇ ਲਾਉਂਦੀ ਰਹੀ। ਉਸਨੇ ਐਨਾ ਰੌਲਾ ਪਾਇਆ ਕਿ ਉਸਦੀ ਨੱਕ ਵਿਚੋਂ ਪਾਣੀ ਵਗਣ ਲੱਗ ਪਿਆ। ਮੋਜ਼ੇਲ ਨੇ ਜਦੋਂ ਇਸਨੂੰ ਮਹਿਸੂਸ ਕੀਤਾ ਤਾਂ ਆਪਣੀ ਸਕਰਟ ਦਾ ਘੇਰਾ ਚੁੱਕਿਆ ਤੇ ਉਸਨੂੰ ਪੂੰਝਣਾ ਸ਼ੁਰੂ ਕਰ ਦਿੱਤਾ। ਤਿਰਲੋਚਨ ਸ਼ਰਮਾ ਗਿਆ। ਉਸਨੇ ਜਦੋਂ ਸਕਰਟ ਹੇਠਾਂ ਕੀਤੀ ਤਾਂ ਉਸਨੇ ਡਾਂਟਦਿਆਂ ਹੋਇਆਂ ਕਿਹਾ, “ਹੇਠਾਂ ਕੁਛ ਪਾ ਤਾਂ ਲਿਆ ਕਰ!” ਮੋਜ਼ੇਲ ‘ਤੇ ਇਸਦਾ ਕੋਈ ਅਸਰ ਨਾ ਹੋਇਆ। ਬਾਸੀ ਤੇ ਜਗ੍ਹਾ ਜਗ੍ਹਾ ਤੋਂ ਉੱਖੜੀ ਹੋਈ ਲਿਪਸਟਿਕ ਲੱਗੇ ਬੁੱਲ੍ਹਾਂ ਨਾਲ ਮੁਸਕਰਾ ਕੇ ਸਿਰਫ਼ ਏਨਾ ਹੀ ਕਿਹਾ, “ਮੈਨੂੰ ਬੜੀ ਉਲਝਣ ਹੁੰਦੀ ਏ—ਇੰਜ ਈ ਚਲਦਾ ਏ।”
ਤਿਰਲੋਚਨ ਨੂੰ ਉਹ ਪਹਿਲਾ ਦਿਨ ਯਾਦ ਆ ਗਿਆ, ਜਦੋਂ ਉਹ ਤੇ ਮੋਜ਼ੇਲ ਦੋਵੇਂ ਟਕਰਾ ਗਏ ਸਨ ਤੇ ਆਪਸ ਵਿਚ ਕੁਛ ਅਜ਼ੀਬ ਤਰ੍ਹਾਂ ਗਡਮਡ ਹੋ ਗਏ ਸਨ। ਮੁਸਕਰਾ ਕੇ ਉਸਨੇ ਮੋਜ਼ੇਲ ਨੂੰ ਆਪਣੀ ਹਿੱਕ ਨਾਲ ਲਾ ਲਿਆ। “ਵਿਆਹ ਕਲ੍ਹ ਹੋਏਗਾ?”
“ਜ਼ਰੂਰ।” ਮੋਜ਼ੇਲ ਨੇ ਤਿਰਲੋਚਨ ਦੀ ਮੁਲਾਇਮ ਠੋਡੀ ਉੱਤੇ ਆਪਣੇ ਹੱਥ ਦਾ ਪੁੱਠਾ ਪਾਸਾ ਫੇਰਿਆ।
ਤੈਅ ਇਹ ਹੋਇਆ ਕਿ ਵਿਆਹ ਪੂਨੇ ਵਿਚ ਹੋਏਗਾ। ਕਿਉਂਕਿ ਸਿਵਲ ਮੈਰਿਜ ਸੀ, ਇਸ ਲਈ ਉਹਨਾਂ ਦਸ-ਪੰਦਰਾਂ ਦਿਨ ਦਾ ਨੋਟਿਸ ਦੇਣਾ ਸੀ। ਅਦਾਲਤੀ ਕਾਰਵਾਈ ਸੀ, ਇਸ ਲਈ ਠੀਕ ਸਮਝਿਆ ਕਿ ਪੂਨਾ ਬਿਹਤਰ ਹੈ, ਨੇੜੇ ਹੈ ਤੇ ਤਿਰਲੋਚਨ ਦੇ ਉੱਥੇ ਕਈ ਮਿੱਤਰ ਵੀ ਹੈਨ। ਦੂਜੇ ਦਿਨ ਉਹਨਾਂ ਨੇ ਪ੍ਰੋਗਰਾਮ ਦੇ ਅਨੁਸਾਰ ਪੂਨੇ ਰਵਾਨਾ ਹੋ ਜਾਣਾ ਸੀ। ਮੋਜ਼ੇਲ ਫੋਰਟ ਦੇ ਇਕ ਸਟੋਰ ਵਿਚ ਸੇਲਸ-ਗਰਲ ਸੀ, ਉਸ ਤੋਂ ਕੁਝ ਦੂਰੀ ‘ਤੇ ਟੈਕਸੀ ਸਟੈਂਡ ਸੀ। ਬੱਸ, ਇੱਥੇ ਹੀ ਉਸਨੂੰ ਮੋਜ਼ੇਲ ਨੇ ਉਡੀਕ ਕਰਨ ਲਈ ਕਿਹਾ ਸੀ। ਠੀਕ ਸਮੇਂ ‘ਤੇ ਤਿਰਲੋਚਨ ਉੱਥੇ ਪਹੁੰਚ ਗਿਆ। ਡੇਢ ਘੰਟਾ ਉਡੀਕਦਾ ਰਿਹਾ, ਪਰ ਉਹ ਨਹੀਂ ਆਈ। ਦੂਜੇ ਦਿਨ ਉਸਨੂੰ ਪਤਾ ਲੱਗਿਆ ਕਿ ਉਹ ਆਪਣੇ ਇਕ ਪੁਰਾਣੇ ਮਿੱਤਰ ਨਾਲ, ਜਿਸਨੇ ਨਵੀਂ-ਨਵੀਂ ਮੋਟਰ ਖ਼ਰੀਦੀ ਸੀ, ਦੇਵਲਾਲੀ ਚਲੀ ਗਈ ਸੀ ਤੇ ਅਣਮਿਥੇ ਸਮੇਂ ਲਈ ਉੱਥੇ ਹੀ ਰਹੇਗੀ।
ਤਿਰਲੋਚਨ ਉੱਤੇ ਕੀ ਬੀਤੀ, ਇਹ ਇਕ ਬੜੀ ਲੰਮੀ ਕਹਾਣੀ ਹੈ। ਸਾਰ ਇਸਦਾ ਇਹ ਹੈ ਕਿ ਉਸਨੇ ਜੀਅ ਕਰੜਾ ਕਰ ਲਿਆ ਤੇ ਉਸਨੂੰ ਭੁੱਲ ਗਿਆ। ਏਨੇ ਵਿਚ ਮੁਲਾਕਾਤ ਕਿਰਪਾਲ ਕੌਰ ਨਾਲ ਹੋ ਗਈ ਤੇ ਉਹ ਉਸਨੂੰ ਪ੍ਰੇਮ ਕਰਨ ਲੱਗਾ, ਤੇ ਕੁਝ ਸਮੇਂ ਵਿਚ ਉਸਨੇ ਮਹਿਸੂਸ ਕੀਤਾ ਕਿ ਮੋਜ਼ੇਲ ਬੜੀ ਵਾਹਿਯਾਤ ਕੁੜੀ ਸੀ, ਜਿਸਦੇ ਦਿਲ ਦੀ ਜਗ੍ਹਾ ਪੱਥਰ ਰੱਖਿਆ ਹੋਇਆ ਸੀ, ਜਿਹੜਾ ਚਿੜੇ ਵਾਂਗ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੁੜਕਦਾ ਰਹਿੰਦਾ ਸੀ। ਉਸਨੂੰ ਇਸ ਗੱਲ ਦਾ ਬੜਾ ਸੰਤੋਖ ਹੋਇਆ ਕਿ ਉਸਨੇ ਮੋਜ਼ੇਲ ਨਾਲ ਵਿਆਹ ਕਰਨ ਦੀ ਗ਼ਲਤੀ ਨਹੀਂ ਸੀ ਕੀਤੀ।
ਪਰ ਫੇਰ ਵੀ ਕਦੀ-ਕਦੀ ਮੋਜ਼ੇਲ ਦੀ ਯਾਦ ਉਸਦੇ ਦਿਲ ‘ਤੇ ਚੁੰਢੀ ਜਿਹੀ ਵੱਢਦੀ ਤੇ ਚੁਘੀਆਂ ਭਰਦੀ ਹੋਈ ਗ਼ਾਇਬ ਹੋ ਜਾਂਦੀ—ਉਹ ਬੇਸ਼ਰਮ ਸੀ, ਬਦਲਿਹਾਜ਼ ਸੀ। ਉਸਨੂੰ ਕਿਸੇ ਦੀਆਂ ਭਾਵਨਾਵਾਂ ਦਾ ਖ਼ਿਆਲ ਨਹੀਂ ਸੀ, ਫੇਰ ਵੀ ਉਹ ਤਿਰਲੋਚਨ ਨੂੰ ਪਸੰਦ ਸੀ। ਇਸ ਲਈ ਉਹ ਕਦੀ-ਕਦੀ ਉਸ ਬਾਰੇ ਸੋਚਣ ‘ਤੇ ਮਜਬੂਰ ਹੋ ਜਾਂਦਾ ਸੀ ਕਿ ਉਹ ਦੇਵਲਾਲੀ ਵਿਚ ਏਨੇ ਦਿਨਾਂ ਦੀ ਕੀ ਕਰ ਰਹੀ ਹੈ? ਉਸੇ ਆਦਮੀ ਨਾਲ ਹੈ, ਜਿਸ ਨੇ ਨਵੀਂ ਮੋਟਰ ਖ਼ਰੀਦੀ ਸੀ ਜਾਂ ਉਸਨੂੰ ਛੱਡ ਕੇ ਕਿਸੇ ਦੂਜੇ ਕੋਲ ਚਲੀ ਗਈ ਹੈ? ਉਸਨੂੰ ਇਹ ਸੋਚ ਕੇ ਬੜਾ ਦੁੱਖ ਹੁੰਦਾ ਸੀ ਕਿ ਉਹ ਉਸ ਦੀ ਬਜਾਏ ਕਿਸੇ ਹੋਰ ਕੋਲ ਸੀ, ਭਾਵੇਂ ਉਹ ਮੋਜ਼ੇਲ ਦੇ ਸੁਭਾਅ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ।
ਉਹ ਉਸ ਉੱਤੇ ਸੈਂਕੜੇ ਨਹੀਂ, ਹਜ਼ਾਰਾਂ ਰੁਪਏ ਖਰਚ ਕਰ ਚੁੱਕਿਆ ਸੀ, ਪਰ ਆਪਣੀ ਇੱਛਾ ਨਾਲ, ਵਰਨਾ ਮੋਜ਼ੇਲ ਮਹਿੰਗੀ ਨਹੀਂ ਸੀ। ਉਸਨੂੰ ਬੜੀ ਸਸਤੀ ਕਿਸਮ ਦੀਆਂ ਚੀਜ਼ਾਂ ਪਸੰਦ ਆਉਂਦੀਆਂ ਸਨ। ਇਕ ਵਾਰੀ ਤਿਰਲੋਚਨ ਨੇ ਉਸਨੂੰ ਸੋਨੇ ਦੇ ਟਾਪਸ ਦੇਣ ਦਾ ਇਰਾਦਾ ਕੀਤਾ ਜਿਹੜੇ ਉਸਨੂੰ ਬੜੇ ਪਸੰਦ ਸਨ, ਪਰ ਉਸ ਦੁਕਾਨ ਵਿਚ ਜਾ ਕੇ ਮੋਜ਼ੇਲ ਨਕਲੀ ਭੜਕੀਲੇ ਤੇ ਬੜੇ ਹੀ ਸਸਤੇ ਕਿਸਮ ਦੇ ਗਹਿਣੇ ‘ਤੇ ਮਰ-ਮਿਟੀ ਸੀ ਤੇ ਸੋਨੇ ਦੇ ਟਾਪਸ ਛੱਡ ਕੇ ਤਿਰਲੋਚਨ ਦੀਆਂ ਮਿੰਨਤਾਂ ਕਰਨ ਲੱਗ ਪਈ ਸੀ ਕਿ ਉਹ, ਉਹ ਖ਼ਰੀਦ ਦਵੇ।
ਤਿਰਲੋਚਨ ਹੁਣ ਤੀਕ ਨਹੀਂ ਸੀ ਸਮਝ ਸਕਿਆ ਕਿ ਮੋਜ਼ੇਲ ਕਿਸ ਤਰ੍ਹਾਂ ਦੀ ਕੁੜੀ ਹੈ। ਕਿਸ ਮਿੱਟੀ ਦੀ ਬਣੀ ਹੋਈ ਹੈ। ਉਹ ਘੰਟਿਆਂ ਬੱਧੀ ਉਸ ਨਾਲ ਲੇਟੀ ਰਹਿੰਦੀ ਸੀ, ਉਸਨੂੰ ਚੁੰਮਣ ਦੀ ਇਜਾਜ਼ਤ ਦੇ ਦਿੰਦੀ ਸੀ। ਉਹ ਸਾਰੇ ਦਾ ਸਾਰਾ ਸਾਬਨ ਵਾਂਗ ਉਸਦੇ ਸਰੀਰ ‘ਤੇ ਫਿਰ ਜਾਂਦਾ ਸੀ, ਪਰ ਇਸ ਤੋਂ ਅੱਗੇ ਉਹ ਉਸਨੂੰ ਇਕ ਇੰਚ ਨਹੀਂ ਸੀ ਵਧਣ ਦਿੰਦੀ। ਉਸਨੂੰ ਚਿੜਾਉਣ ਲਈ ਏਨਾ ਕਹਿ ਦਿੰਦੀ, “ਤੂੰ ਸਿੱਖ ਏਂ, ਮੈਨੂੰ ਤੇਰੇ ਨਾਲ ਨਫ਼ਰਤ ਏ।”
ਤਿਰਲੋਚਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੋਜ਼ੇਲ ਨੂੰ ਉਸ ਨਾਲ ਨਫ਼ਰਤ ਨਹੀਂ ਸੀ। ਜੇ ਇੰਜ ਹੁੰਦਾ ਤਾਂ ਉਹ ਉਸਨੂੰ ਕਦੀ ਨਾ ਮਿਲਦੀ। ਸਹਿਣ-ਸ਼ਕਤੀ ਉਸ ਵਿਚ ਜ਼ਰਾ ਵੀ ਨਹੀਂ ਸੀ। ਉਹ ਕਦੀ ਦੋ ਵਰ੍ਹੇ ਉਸ ਨਾਲ ਨਾ ਬਿਤਾਉਂਦੀ। ਦੋ ਟੁੱਕ ਫੈਸਲਾ ਕਰ ਦੇਂਦੀ। ਅੰਡਰ-ਵੀਅਰ ਉਸਨੂੰ ਨਾਪਸੰਦ ਸੀ, ਇਸ ਲਈ ਕਿ ਉਸ ਨਾਲ ਉਸਨੂੰ ਉਲਝਣ ਹੁੰਦੀ ਸੀ। ਤਿਰਲੋਚਨ ਨੇ ਕਈ ਵਾਰੀ ਉਸਨੂੰ ਇਸਦੀ ਲੋੜ ਬਾਰੇ ਦੱਸਿਆ ਸੀ, ਸ਼ਰਮ-ਹਯਾ ਦਾ ਵਾਸਤਾ ਦਿੱਤਾ ਸੀ, ਪਰ ਉਸਨੇ ਇਹ ਸ਼ੈ ਕਦੀ ਨਹੀਂ ਪਾਈ।
ਤਿਰਲੋਚਨ ਜਦੋਂ ਕਦੀ ਉਸ ਨਾਲ ਸ਼ਰਮ-ਹਯਾ ਦੀ ਗੱਲ ਕਰਦਾ ਤਾਂ ਉਹ ਚਿੜ ਜਾਂਦੀ ਸੀ। “ਇਹ ਹਯਾ-ਵਯਾ ਕੀ ਬਕਵਾਸ ਐ?—ਜੇ ਤੈਨੂੰ ਉਸਦਾ ਕੁਛ ਖ਼ਿਆਲ ਏ ਤਾਂ ਅੱਖਾਂ ਬੰਦ ਕਰ ਲਿਆ ਕਰ। ਤੂੰ ਮੈਨੂੰ ਇਸ ਦੱਸ, ਕਿਹੜਾ ਅਜਿਹਾ ਲਿਬਾਸ ਐ, ਜਿਸ ਵਿਚ ਆਦਮੀ ਨੰਗਾ ਨਹੀਂ ਹੋ ਸਕਦਾ—ਜਾਂ ਜਿਸ ਨੂੰ ਤੁਹਾਡੀਆਂ ਨਜ਼ਰਾਂ ਪਾਰ ਨਹੀਂ ਕਰ ਸਕਦੀਆਂ? ਮੇਰੇ ਨਾਲ ਅਜਿਹੀ ਬਕਵਾਸ ਨਾ ਮਾਰਿਆ ਕਰ—ਤੂੰ ਸਿੱਖ ਏਂ—ਮੈਨੂੰ ਪਤਾ ਏ ਕਿ ਪਤਲੂਨ ਹੇਠ ਇਕ ਸਿੱਲੀ-ਜਿਹਾ ਅੰਡਰ-ਵੀਅਰ ਪਾਉਂਦਾ ਏਂ, ਜਿਹੜਾ ਨਿੱਕਰ ਨਾਲ ਮਿਲਦਾ-ਜੁਲਦਾ ਹੁੰਦਾ ਐ। ਇਹ ਵੀ ਤੁਹਾਡੀ ਦਾੜ੍ਹੀ ਤੇ ਸਿਰ ਦੇ ਵਾਲਾਂ ਵਾਂਗ ਤੁਹਾਡੇ ਮਜ਼ਹਬ ਵਿਚ ਸ਼ਾਮਲ ਏ—ਸ਼ਰਮ ਆਉਣੀ ਚਾਹੀਦੀ ਏ ਤੈਨੂੰ, ਐਨੇ ਵੱਡਾ ਹੋ ਗਿਆ ਏਂ ਤੇ ਹੁਣ ਤਕ ਇਹੀ ਸਮਝਦਾ ਏਂ ਕਿ ਤੇਰਾ ਮਜ਼ਹਬ ਅੰਡਰ-ਵੀਅਰ ਵਿਚ ਲੁਕਿਆ ਬੈਠਾ ਆ!”
ਤਿਰਲੋਚਨ ਨੂੰ ਸ਼ੁਰੂ ਵਿਚ ਅਜਿਹੀਆਂ ਗੱਲਾਂ ਸੁਣ ਕੇ ਹਿਰਖ ਆ ਜਾਂਦਾ ਸੀ, ਪਰ ਸੋਚਣ-ਵਿਚਾਰਨ ਪਿੱਛੋਂ ਉਹ ਕਦੀ-ਕਦੀ ਲੁੜਕ ਜਾਂਦਾ ਤੇ ਸੋਚਦਾ ਕਿ ਮੋਜ਼ੇਲ ਦੀਆਂ ਗੱਲਾਂ ਸ਼ਾਇਦ ਗ਼ਲਤ ਨਹੀਂ। ਤੇ ਜਦੋਂ ਉਸਨੇ ਆਪਣੇ ਕੇਸਾਂ ‘ਤੇ ਦਾੜ੍ਹੀ ਦਾ ਸਫ਼ਾਇਆ ਕਰਾ ਦਿੱਤਾ ਤਾਂ ਉਸਨੂੰ ਸੱਚਮੁੱਚ ਇੰਜ ਲੱਗਿਆ ਸੀ ਕਿ ਉਹ ਵਾਧੂ ਹੀ ਏਨੇ ਦਿਨ ਵਾਲਾਂ ਦਾ ਭਾਰ ਚੁੱਕੀ ਫਿਰਦਾ ਰਿਹਾ, ਜਿਸਦਾ ਕੋਈ ਮਤਲਬ ਨਹੀਂ ਸੀ।
ਪਾਣੀ ਵਾਲੀ ਟੈਂਕੀ ਕੋਲ ਪਹੁੰਚ ਕੇ ਤਿਰਲੋਚਨ ਰੁਕ ਗਿਆ। ਮੋਜ਼ੇਲ ਨੂੰ ਇਕ ਮੋਟੀ ਗਾਲ੍ਹ ਕੱਢ ਕੇ ਉਸਨੇ ਉਸ ਬਾਰੇ ਸੋਚਣਾ ਬੰਦ ਕਰ ਦਿੱਤਾ। ਕਿਰਪਾਲ ਕੌਰ ਇਕ ਪਵਿੱਤਰ ਕੁੜੀ ਸੀ, ਜਿਸ ਨਾਲ ਉਸਨੂੰ ਪ੍ਰੇਮ ਹੋ ਗਿਆ ਸੀ, ਤੇ ਜਿਹੜੀ ਖ਼ਤਰੇ ਵਿਚ ਸੀ। ਉਹ ਅਜਿਹੇ ਮੁਹੱਲੇ ਵਿਚ ਸੀ, ਜਿਸ ਵਿਚ ਕੱਟੜ ਕਿਸਮ ਦੇ ਮੁਸਲਮਾਨ ਰਹਿੰਦੇ ਸਨ ਤੇ ਉੱਥੇ ਦੋ-ਚਾਰ ਵਾਰਦਾਤਾਂ ਵੀ ਹੋ ਚੁੱਕੀਆਂ ਸਨ—ਪਰ ਮੁਸੀਬਤ ਇਹ ਸੀ ਕਿ ਉਸ ਮੁਹੱਲੇ ਵਿਚ ਅੜਤਾਲੀ ਘੰਟਿਆਂ ਲਈ ਕਰਫ਼ਿਊ ਲੱਗਾ ਹੋਇਆ ਸੀ। ਪਰ ਕਰਫ਼ਿਊਂ ਦੀ ਕੌਣ ਪ੍ਰਵਾਹ ਕਰਦਾ ਹੈ? ਉਸ ਚਾਲ ਦੇ ਮੁਸਲਮਾਨ ਜੇ ਚਾਹੁੰਦੇ ਤਾਂ ਅੰਦਰੇ-ਅੰਦਰ ਹੀ ਕਿਰਪਾਲ ਕੌਰ ਤੇ ਉਸਦੀ ਮਾਂ ਤੇ ਪਿਓ ਦਾ ਬੜੀ ਆਸਾਨੀ ਨਾਲ ਸਫ਼ਾਇਆ ਕਰ ਸਕਦੇ ਸਨ।
ਤਿਰਲੋਚਨ ਸੋਚਦਾ-ਸੋਚਦਾ ਪਾਣੀ ਦੀ ਮੋਟੀ ਪਾਈਪ ਉੱਤੇ ਬੈਠ ਗਿਆ। ਉਸਦੇ ਸਿਰ ਦੇ ਵਾਲ ਹੁਣ ਕਾਫੀ ਲੰਮੇ ਹੋ ਗਏ ਸਨ। ਉਸਨੂੰ ਵਿਸ਼ਵਾਸ ਸੀ ਕਿ ਉਹ ਇਸ ਵਰ੍ਹੇ ਦੇ ਅੰਦਰ-ਅੰਦਰ ਪੂਰੇ ਕੇਸਾਂ ਵਿਚ ਬਦਲ ਜਾਣਗੇ। ਉਸਦੀ ਦਾੜ੍ਹੀ ਤੇਜ਼ੀ ਨਾਲ ਵਧ ਰਹੀ ਸੀ, ਪਰ ਉਹ ਉਸਨੂੰ ਵਧਾਉਣਾ ਨਹੀਂ ਸੀ ਚਾਹੁੰਦਾ। ਫੋਰਟ ਵਿਚ ਇਕ ਨਾਈ ਸੀ, ਜਿਸ ਤੋਂ ਉਹ ਏਨੀ ਸਫ਼ਾਈ ਨਾਲ ਉਸਨੂੰ ਕਟਵਾਉਂਦਾ ਸੀ ਕਿ ਕੱਟੀ ਹੋਈ ਦਿਖਾਈ ਨਹੀਂ ਸੀ ਦਿੰਦੀ।
ਉਸਨੇ ਆਪਣੇ ਨਰਮ ਤੇ ਮੁਲਾਇਮ ਵਾਲਾਂ ਵਿਚ ਉਂਗਲਾਂ ਫੇਰੀਆਂ ਤੇ ਇਕ ਠੰਢਾ ਸਾਹ ਖਿੱਚਿਆ। ਉੱਠਣ ਦਾ ਇਰਾਦਾ ਕਰ ਹੀ ਰਿਹਾ ਸੀ ਕਿ ਉਸਨੂੰ ਖੜਾਵਾਂ ਦੀ ਕੁਰਖ਼ਤ ਆਵਾਜ਼ ਸੁਣਾਈ ਦਿੱਤੀ। ਉਸਨੇ ਸੋਚਿਆ, ਕੌਣ ਹੋ ਸਕਦਾ ਹੈ? ਬਿਲਡਿੰਗ ਵਿਚ ਕਈ ਯਹੂਦੀ ਔਰਤਾਂ ਸਨ, ਜਿਹੜੀਆਂ ਘਰੇ ਖੜਾਵਾਂ ਪਾਉਂਦੀਆਂ ਸਨ। ਆਵਾਜ਼ ਹੋਰ ਨੇੜੇ ਆਉਂਦੀ ਗਈ। ਯਕਦਮ ਉਸਨੇ ਦੂਜੀ ਟੈਂਕੀ ਕੋਲ ਮੋਜ਼ੇਲ ਨੂੰ ਦੇਖਿਆ, ਉਹ ਯਹੂਦੀਆਂ ਵਾਲਾ ਵਿਸ਼ੇਸ਼ ਢੰਗ ਦਾ ਢਿੱਲਾ-ਢਾਲਾ ਕੁੜਤਾ ਪਾਈ ਬੜੀ ਜ਼ੋਰਦਾਰ ਅੰਗੜਾਈ ਲੈ ਰਹੀ ਸੀ—ਏਨੀ ਜ਼ੋਰਦਾਰ ਕਿ ਤਿਰਲੋਚਨ ਨੂੰ ਮਹਿਸੂਸ ਹੋਇਆ ਕਿ ਉਸਦੇ ਆਸਪਾਸ ਦੀ ਹਵਾ ਤਿੜਕ ਜਾਵੇਗੀ।
ਤਿਰਲੋਚਨ ਪਾਣੀ ਵਾਲੇ ਪਾਈਪ ਤੋਂ ਉੱਠਿਆ। ਉਸਨੇ ਸੋਚਿਆ, ਇਹ ਯਕਦਮ ਕਿੱਥੋਂ ਆ ਟਪਕੀ—ਤੇ ਇਸ ਸਮੇਂ ਟੈਰੇਸ ‘ਤੇ ਕੀ ਕਰਨ ਆਈ ਹੈ? ਮੋਜ਼ੇਲ ਨੇ ਇਕ ਹੋਰ ਅੰਗੜਾਈ ਲਈ—ਹੁਣ ਤਿਰਲੋਚਨ ਦੀਆਂ ਹੱਡੀਆਂ ਚਸਕਣ ਲੱਗੀਆਂ।
ਢਿੱਲੇ-ਢਾਲੇ ਕੁੜਤੇ ‘ਚ ਉਸਦੀਆਂ ਮਜਬੂਤ ਛਾਤੀਆਂ ਛਲਕੀਆਂ—ਤਿਰਲੋਚਨ ਦੀਆਂ ਅੱਖਾਂ ਸਾਹਵੇਂ ਕਈ ਗੋਲ-ਗੋਲ ਤੇ ਚਪਟੇ-ਚਪਟੇ ਨੀਲ ਉਭਰ ਆਏ। ਉਹ ਜ਼ੋਰ ਨਾਲ ਖੰਘਿਆ। ਮੋਜ਼ੇਲ ਨੇ ਪਲਟ ਕੇ ਉਸ ਵੱਲ ਦੇਖਿਆ। ਕੋਈ ਵਿਸ਼ੇਸ਼ ਪ੍ਰਤੀਕ੍ਰਿਆ ਨਹੀਂ ਹੋਈ। ਉਹ ਖੜਾਵਾਂ ਘਸੀਟਦੀ ਹੋਈ ਉਸਦੇ ਕੋਲ ਆਈ ਤੇ ਉਸਦੀ ਨੰਨ੍ਹੀ-ਮੁੰਨੀ ਦਾੜ੍ਹੀ ਦੇਖਣ ਲੱਗੀ। “ਤੂੰ ਫੇਰ ਸਿੱਖ ਬਣ ਗਿਆ ਏਂ, ਤਿਰਲੋਚਨ?”
ਦਾੜ੍ਹੀ ਦੇ ਵਾਲ ਤਿਰਲੋਚਨ ਨੂੰ ਚੁਭਣ ਲੱਗੇ।
ਮੋਜ਼ੇਲ ਨੇ ਅੱਗੇ ਵਧ ਕੇ ਉਸਦੀ ਠੋਡੀ ਨਾਲ ਆਪਣੇ ਹੱਥ ਦਾ ਪੁੱਠਾ ਪਾਸਾ ਰਗੜਿਆ ਤੇ ਮੁਸਕਰਾ ਕੇ ਕਿਹਾ, “ਹੁਣ ਇਹ ਬੁਰਸ਼ ਇਸ ਯੋਗ ਐ ਕਿ ਮੇਰੀ ਨੇਵੀ ਬਲਿਊ ਸਕਰਟ ਸਾਫ਼ ਕਰ ਸਕੇ। ਪਰ ਉਹ ਤਾਂ ਉੱਥੇ ਈ ਦੇਵਲਾਲੀ ਵਿਚ ਰਹਿ ਗਈ ਏ।”
ਤਿਰਲੋਚਨ ਚੁੱਪ ਰਿਹਾ।
ਮੋਜ਼ੇਲ ਨੇ ਉਸਦੀ ਬਾਂਹ ‘ਤੇ ਚੂੰਢੀ ਵੱਢੀ। “ਬੋਲਦੇ ਕਿਓਂ ਨਹੀਂ ਸਰਦਾਰ ਸਾਹਬ?”
ਤਿਰਲੋਚਨ ਆਪਣੀ ਪੁਰਾਣੀ ਮੁਰਖਤਾ ਨੂੰ ਦੁਹਰਾਉਣਾ ਨਹੀਂ ਸੀ ਚਾਹੁੰਦਾ, ਫੇਰ ਵੀ ਉਸਨੇ ਸਵੇਰ ਦੇ ਧੁੰਦਲੇ ਹਨੇਰੇ ਵਿਚ ਦੇਖਿਆ ਕਿ ਮੋਜ਼ੇਲ ਵਿਚ ਕੋਈ ਖਾਸ ਪਰੀਵਰਤਨ ਨਹੀਂ ਆਇਆ ਸੀ, ਸਿਰਫ਼ ਉਹ ਕੁਛ ਕਮਜ਼ੋਰ ਨਜ਼ਰ ਆ ਰਹੀ ਸੀ।
ਤਿਰਲੋਚਨ ਨੇ ਉਸਨੂੰ ਪੁੱਛਿਆ, “ਬੀਮਾਰ ਰਹੀ ਏਂ?”
“ਨਹੀਂ।” ਮੋਜ਼ੇਲ ਨੇ ਆਪਣੇ ਕੱਟੇ ਹੋਏ ਵਾਲਾਂ ਨੂੰ ਇਕ ਹਲਕਾ ਜਿਹਾ ਝਟਕਾ ਦਿੱਤਾ।
“ਪਹਿਲਾਂ ਨਾਲੋਂ ਕਮਜ਼ੋਰ ਨਜ਼ਰ ਆ ਰਹੀ ਏਂ।”
“ਮੈਂ ਡਾਈਟਿੰਗ ਕਰ ਰਹੀ ਆਂ।” ਮੋਜ਼ੇਲ ਪਾਣੀ ਦੇ ਮੋਟੇ ਪਾਈਪ ਉੱਤੇ ਬੈਠ ਗਈ ਤੇ ਖੜਾਵਾਂ ਫਰਸ਼ ਨਾਲ ਵਜਾਉਣ ਲੱਗੀ। “ਤੂੰ, ਮਤਲਬ ਇਹ ਕਿ ਹੁਣ ਫੇਰ ਨਵੇਂ ਸਿਰੇ ਤੋਂ ਸਿੱਖ ਬਣ ਰਿਹਾ ਏਂ?”
ਤਿਰਲੋਚਨ ਨੇ ਰਤਾ ਕਰੜਾਈ ਨਾਲ ਕਿਹਾ, “ਹਾਂ।”
“ਮੁਬਾਰਕ ਹੋਵੇ!” ਮੋਜ਼ੇਲ ਨੇ ਇਕ ਖੜਾਂ ਪੈਰ ਵਿਚੋਂ ਲਾਹ ਲਈ ਤੇ ਪਾਣੀ ਦੇ ਪਾਈਪ ‘ਤੇ ਵਜਾਉਣ ਲੱਗੀ। “ਕਿਸੇ ਹੋਰ ਕੁੜੀ ਨਾਲ ਪ੍ਰੇਮ ਕਰਨਾ ਸ਼ੁਰੂ ਕਰ ਦਿੱਤਾ ਏ?”
ਤਿਰਲੋਚਨ ਨੇ ਹੌਲੀ-ਜਿਹੀ ਕਿਹਾ, “ਹਾਂ।”
“ਮੁਬਾਰਕ ਹੋਵੇ—ਇਸੇ ਬਿਲਡਿੰਗ ਦੀ ਐ ਕੋਈ?”
“ਨਹੀਂ।”
“ਇਹ ਬੜੀ ਬੁਰੀ ਗੱਲ ਏ।” ਮੋਜ਼ੇਲ ਖੜਾਂ ਆਪਣੀ ਉਂਗਲ ਵਿਚ ਟੁੰਗ ਕੇ ਉੱਠੀ। “ਆਦਮੀ ਨੂੰ ਹਮੇਸ਼ਾ ਆਪਣੇ ਗੁਆਂਢੀਆਂ ਦਾ ਖ਼ਿਆਲ ਰੱਖਣਾ ਚਾਹੀਦਾ ਏ।”
ਤਿਰਲੋਚਨ ਚੁੱਪ ਰਿਹਾ। ਮੋਜ਼ੇਲ ਨੇ ਉਸਦੀ ਦਾੜ੍ਹੀ ਨੂੰ ਆਪਣੀਆਂ ਉਂਗਲਾਂ ਨਾਲ ਛੇੜਿਆ। “ਕੀ ਉਸੇ ਕੁੜੀ ਨੇ ਤੈਨੂੰ ਵਾਲ ਵਧਾਉਣ ਦੀ ਰਾਏ ਦਿੱਤੀ ਏ?”
“ਨਹੀਂ।”
ਤਿਰਲੋਚਨ ਬੜੀ ਉਲਝਣ ਵਿਚ ਸੀ, ਜਿਵੇਂ ਕੰਘਾ ਕਰਦੇ-ਕਰਦੇ ਉਸਦੀ ਦਾੜ੍ਹੀ ਦੇ ਵਾਲ ਆਪਸ ਵਿਚ ਉਲਝ ਗਏ ਹੋਣ। ਜਦੋਂ ਉਸਨੇ ‘ਨਹੀਂ’ ਕਿਹਾ ਸੀ, ਉਸਦੀ ਆਵਾਜ਼ ਰਤਾ ਤਿੱਖੀ ਹੋ ਗਈ ਸੀ।
ਮੋਜ਼ੇਲ ਦੇ ਲਿਪਸਟਿਕ ਵਾਲੇ ਬੁੱਲ੍ਹ ਬੇਹੇ ਮਾਸ ਵਰਗੇ ਲੱਗ ਰਹੇ ਸਨ। ਉਹ ਮੁਸਕਰਾਈ ਤਾਂ ਤਿਰਲੋਚਨ ਨੂੰ ਇੰਜ ਲੱਗਿਆ ਕਿ ਉਸਦੇ ਪਿੰਡ ਦੀ ਝਟਕੇ ਦੀ ਦੁਕਾਨ ‘ਤੇ ਝਟਕਈ ਨੇ ਛੁਰੀ ਨਾਲ ਮਾਸ ਦੇ ਦੋ ਟੁਕੜੇ ਕਰ ਦਿੱਤੇ ਹੋਣ।
ਮੁਸਕਰਾਉਣ ਪਿੱਛੋਂ ਉਹ ਹੱਸੀ। “ਤੂੰ ਹੁਣ ਇਹ ਦਾੜ੍ਹੀ ਮੁੰਨਵਾ ਦਵੇਂ ਤਾਂ ਕਿਸੇ ਦੀ ਵੀ ਸਹੁੰ ਲੈ ਲੈ, ਮੈਂ ਤੇਰੇ ਨਾਲ ਵਿਆਹ ਕਰ ਲਵਾਂਗੀ।”
ਤਿਰਲੋਚਨ ਦੇ ਦਿਲ ਵਿਚ ਆਇਆ ਕਿ ਉਸਨੂੰ ਕਹਿ ਦਏ ਕਿ ਉਹ ਇਕ ਬੜੀ ਸ਼ਰੀਫ਼, ਸੁਸ਼ੀਲ ਤੇ ਸ਼ਰਮੀਲੀ ਕੁੜੀ ਨੂੰ ਪ੍ਰੇਮ ਕਰ ਰਿਹਾ ਹੈ ਤੇ ਉਸ ਨਾਲ ਹੀ ਵਿਆਹ ਕਰੇਗਾ। ਮੋਜ਼ੇਲ ਉਸਦੇ ਮੁਕਾਬਲੇ ਵਿਚ ਨਿਰਲੱਜ ਹੈ, ਬਦਸੂਰਤ, ਬੇਵਫ਼ਾ ਤੇ ਕਪਟੀ ਹੈ। ਪਰ ਉਹ ਇਸ ਤਰ੍ਹਾਂ ਦਾ ਹੋਛਾ ਆਦਮੀ ਨਹੀਂ ਸੀ। ਉਸਨੇ ਮੋਜ਼ੇਲ ਨੂੰ ਸਿਰਫ਼ ਏਨਾ ਹੀ ਕਿਹਾ, “ਮੋਜ਼ੇਲ, ਮੈਂ ਆਪਣੇ ਵਿਆਹ ਦਾ ਫ਼ੈਸਲਾ ਕਰ ਚੁੱਕਿਆ ਆਂ। ਮੇਰੇ ਪਿੰਡ ਦੀ ਇਕ ਸਿੱਧੀ-ਸਾਦੀ ਕੁੜੀ ਏ, ਜਿਹੜੀ ਮਜ਼ਹਬ ਦੀ ਪਾਬੰਦ ਏ। ਉਸੇ ਦੇ ਲਈ ਮੈਂ ਵਾਲ ਵਧਾਉਣ ਦਾ ਫ਼ੈਸਲਾ ਕਰ ਲਿਆ ਏ।”
ਮੋਜ਼ੇਲ ਸੋਚ-ਵਿਚਾਰ ਦੀ ਆਦੀ ਨਹੀਂ ਸੀ। ਪਰ ਉਸਨੇ ਕੁਝ ਚਿਰ ਸੋਚਿਆ ਤੇ ਖੜਾਵਾਂ ਉਪਰ ਅੱਧੇ ਦਾਇਰੇ ਵਿਚ ਘੁੰਮ ਕੇ ਤਿਰਲੋਚਨ ਨੂੰ ਕਿਹਾ, “ਜੇ ਉਹ ਮਜ਼ਹਬ ਦੀ ਪਾਬੰਦ ਏ ਤਾਂ ਉਹ ਤੈਨੂੰ ਕਿੰਜ ਸਵੀਕਾਰ ਕਰੇਗੀ? ਕੀ ਉਸਨੂੰ ਪਤਾ ਨਹੀਂ ਕਿ ਤੂੰ ਇਕ ਵਾਰੀ ਆਪਣੇ ਵਾਲ ਕਟਵਾ ਚੁੱਕਿਆ ਏਂ?”
“ਉਸਨੂੰ ਅਜੇ ਪਤਾ ਨਹੀਂ—ਦਾੜ੍ਹੀ ਮੈਂ ਤੇਰੇ ਦੇਵਲਾਲੀ ਜਾਣ ਦੇ ਬਾਅਦ ਹੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ, ਸਿਰਫ਼ ਪ੍ਰਾਸ਼ਚਿਤ ਵਜੋਂ। ਉਸ ਪਿੱਛੋਂ ਮੇਰੀ ਕਿਰਪਾਲ ਕੌਰ ਨਾਲ ਮੁਲਾਕਾਤ ਹੋਈ। ਪਰ ਮੈਂ ਪੱਗ ਇਸ ਤਰ੍ਹਾਂ ਬੰਨ੍ਹਦਾ ਆਂ ਕਿ ਸੌ ਵਿਚੋਂ ਇਕ ਆਦਮੀ ਹੀ ਮੁਸ਼ਕਲ ਨਾਲ ਜਾਣ ਸਕਦਾ ਏ ਕਿ ਮੇਰੇ ਕੇਸ ਕੱਟੇ ਹੋਏ ਨੇ। ਪਰ ਹੁਣ ਮੈਂ ਬੜੀ ਜਲਦੀ ਠੀਕ ਹੋ ਜਾਵਾਂਗਾ।” ਤਿਰਲੋਚਨ ਨੇ ਆਪਣੇ ਮੁਲਾਇਮ ਵਾਲਾਂ ਵਿਚ ਉਂਗਲਾਂ ਨਾਲ ਕੰਘੀ ਕਰਨੀ ਸ਼ੁਰੂ ਕਰ ਦਿੱਤੀ। ਮੋਜ਼ੇਲ ਨੇ ਲੰਮਾ ਕੁੜਤਾ ਚੁੱਕ ਕੇ ਆਪਣਾ ਗੋਰਾ ਪੱਟ ਖੁਰਕਣਾ ਸ਼ੁਰੂ ਕੀਤਾ। “ਇਹ ਬੜੀ ਚੰਗੀ ਗੱਲ ਏ—ਪਰ ਇਹ ਕੰਬਖ਼ਤ ਮੱਛਰ ਇੱਥੇ ਵੀ ਮੌਜ਼ੂਦ ਐ। ਦੇਖ, ਕਿੰਨੀ ਜ਼ੋਰ ਦੀ ਲੜਿਆ ਏ!”
ਤਿਰਲੋਚਨ ਨੇ ਦੂਜੇ ਪਾਸੇ ਦੇਖਣਾ ਸ਼ੁਰੂ ਕਰ ਦਿੱਤਾ। ਮੋਜ਼ੇਲ ਨੇ ਉਸ ਥਾਂ ਜਿੱਥੇ ਮੱਛਰ ਲੜਿਆ ਸੀ, ਉਂਗਲੀ ਨਾਲ ਥੁੱਕ ਲਾਇਆ ਤੇ ਕੁੜਤਾ ਛੱਡ ਕੇ ਸਿੱਧੀ ਖੜ੍ਹੀ ਹੋ ਗਈ। “ਕਦੋਂ ਹੋ ਰਿਹਾ ਏ ਤੁਹਾਡਾ ਵਿਆਹ?”
ਤਿਰਲੋਚਨ ਨੂੰ ਉਸ ਸਮੇਂ ਕਿਸੇ ਹਮਦਰਦ ਦੀ ਲੋੜ ਸੀ, ਭਾਵੇਂ ਉਹ ਮੋਜ਼ੇਲ ਹੀ ਕਿਉਂ ਨਾ ਹੋਵੇ। ਇਸ ਲਈ ਉਸਨੇ ਉਸਨੂੰ ਸਾਰਾ ਕਿੱਸਾ ਸੁਣਾ ਦਿੱਤਾ। ਮੋਜ਼ੇਲ ਹੱਸੀ, “ਤੂੰ ਅੱਵਲ ਦਰਜ਼ੇ ਦਾ ਈਡੀਅਟ ਏਂ। ਜਾਹ, ਉਸਨੂੰ ਲੈ ਆ, ਅਜਿਹੀ ਕੀ ਮੁਸ਼ਕਿਲ ਏ?”
“ਮੁਸ਼ਕਿਲ ! ਮੋਜ਼ੇਲ ਤੂੰ ਇਸ ਮਾਮਲੇ ਦੀ ਨਜ਼ਾਕਤ ਨੂੰ ਕਦੀ ਨਹੀਂ ਸਮਝ ਸਕਦੀ—ਕਿਸੇ ਵੀ ਮਾਮਲੇ ਦੀ ਨਜ਼ਾਕਤ—ਤੂੰ ਬੜੀ ਹੀ ਛਿਛਲੀ ਕੁੜੀ ਏਂ। ਇਹੋ ਕਾਰਨ ਹੈ ਕਿ ਮੇਰੇ ਤੇ ਤੇਰੇ ਸੰਬੰਧ ਟੁੱਟ ਗਏ, ਜਿਸਦਾ ਮੈਨੂੰ ਸਾਰੀ ਉਮਰ ਅਫ਼ਸੋਸ ਰਹੇਗਾ।”
ਮੋਜ਼ੇਲ ਨੇ ਜ਼ੋਰ ਨਾਲ ਆਪਣੀ ਖੜਾਂ ਪਾਣੀ ਵਾਲੇ ਪਾਈਪ ਨਾਲ ਮਾਰੀ, “ਅਫ਼ਸੋਸ ਬੀ ਡੈਮਡ—ਸਿਲੀ, ਈਡੀਅਟ! ਤੂੰ ਇਹ ਸੋਚ ਕਿ ਤੇਰੀ ਉਸਨੂੰ…ਕੀ ਨਾਂ ਏਂ ਉਸਦਾ…ਉਸ ਮੁਹੱਲੇ ‘ਚੋਂ ਬਚਾ ਕੇ ਕਿੰਜ ਲਿਆਵੇਂ…ਤੇ ਤੂੰ ਬੈਠ ਗਿਆ ਏਂ ਸੰਬੰਧਾਂ ਦਾ ਰੋਣਾ-ਰੋਣ…ਤੇਰਾ-ਮੇਰਾ ਸੰਬੰਧ ਕਦੀ ਬਣਿਆਂ ਨਹੀਂ ਰਹਿ ਸਕਦਾ ਸੀ—ਤੂੰ ਇਕ ਸਿਲੀ ਕਿਸਮ ਦਾ ਆਦਮੀ ਏਂ—ਤੇ ਬੜਾ ਡਰਪੋਕ! ਮੈਨੂੰ ਨਿਡਰ ਆਦਮੀ ਚਾਹੀਦੈ…ਪਰ ਛੱਡ ਇਹਨਾਂ ਗੱਲਾਂ ਨੂੰ…ਚੱਲ ਆ,ਤੇਰੀ ਉਸਨੂੰ ਲੈ ਆਈਏ।”
ਉਸਨੇ ਤਿਰਲੋਚਨ ਦੀ ਬਾਂਹ ਫੜ੍ਹ ਲਈ। ਤਿਰਲੋਚਨ ਨੇ ਘਬਰਾ ਕੇ ਉਸਨੂੰ ਪੁੱਛਿਆ, “ਕਿੱਥੋਂ?”
“ਉੱਥੋਂ ਈ, ਜਿੱਥੇ ਉਹ ਹੈ। ਮੈਂ ਉਸ ਮੁਹੱਲੇ ਦੀ ਇਕ-ਇਕ ਇੱਟ ਨੂੰ ਜਾਣਦੀ ਆਂ—ਚੱਲ, ਆ ਮੇਰੇ ਨਾਲ।”
“ਪਰ ਸੁਣ ਤਾਂ—ਕਰਫ਼ਿਊ ਲੱਗਾ ਹੋਇਐ।”
“ਮੋਜ਼ੇਲ ਲਈ ਨਹੀਂ—ਚੱਲ, ਆ।”
ਉਹ ਤਿਰਲੋਚਨ ਨੂੰ ਖਿੱਚਦੀ ਹੋਈ ਉਸ ਦਰਵਾਜ਼ੇ ਤਕ ਲੈ ਗਈ, ਜਿਹੜਾ ਹੇਠਾਂ ਪੌੜੀਆਂ ਵੱਲ ਖੁੱਲ੍ਹਦਾ ਸੀ। ਦਰਵਾਜ਼ਾ ਖੋਲ੍ਹ ਕੇ ਉਹ ਉਤਰਨ ਵਾਲੀ ਸੀ ਕਿ ਰੁਕ ਗਈ ਤੇ ਤਿਰਲੋਚਨ ਦੀ ਦਾੜ੍ਹੀ ਵੱਲ ਦੇਖਣ ਲੱਗੀ।
ਤਿਰਲੋਚਨ ਨੇ ਪੁੱਛਿਆ, “ਕੀ ਗੱਲ ਏ?”
ਮੋਜ਼ੇਲ ਨੇ ਕਿਹਾ, “ਇਹ ਤੇਰੀ ਦਾੜ੍ਹੀ—ਪਰ, ਖ਼ੈਰ ਠੀਕ ਐ। ਐਨੀ ਵੱਡੀ ਨਹੀਂ—ਨੰਗੇ ਸਿਰ ਚੱਲੇਂਗਾ ਤਾਂ ਕੋਈ ਨਹੀਂ ਸਮਝੇਗਾ ਕਿ ਤੂੰ ਸਿੱਖ ਏਂ।”
“ਨੰਗੇ ਸਿਰ?” ਤਿਰਲੋਚਨ ਨੇ ਬੌਖਲਾ ਕੇ ਕਿਹਾ, “ਮੈਂ ਨੰਗੇ ਸਿਰ ਨਹੀਂ ਜਾਵਾਂਗਾ।”
ਮੋਜ਼ੇਲ ਨੇ ਬੜੀ ਭੋਲੀ ਸੂਰਤ ਬਣਾ ਕੇ ਪੁੱਛਿਆ, “ਕਿਓਂ?”
ਤਿਰਲੋਚਨ ਨੇ ਆਪਣੇ ਵਾਲਾਂ ਦੀ ਇਕ ਲਿਟ ਠੀਕ ਕੀਤੀ ਤੇ ਬੋਲਿਆ, “ਤੂੰ ਸਮਝਦੀ ਨਹੀਂ—ਮੇਰਾ ਉੱਥੇ ਪੱਗ ਬਿਨਾਂ ਜਾਣਾ ਠੀਕ ਨਹੀਂ।”
“ਕਿਓਂ ਠੀਕ ਨਹੀਂ?”
“ਤੂੰ ਸਮਝਦੀ ਕਿਓਂ ਨਹੀਂ ਏਂ ਕਿ ਉਸਨੇ ਅਜੇ ਤਕ ਮੈਨੂੰ ਨੰਗੇ ਸਿਰ ਨਹੀਂ ਦੇਖਿਆ—ਉਹ ਇਹੀ ਸਮਝਦੀ ਏ ਕਿ ਮੇਰੇ ਕੇਸ ਨੇ। ਮੈਂ ਉਸਨੂੰ ਇਹ ਭੇਦ ਨਹੀਂ ਜਾਣਨ ਦੇਣਾ ਚਾਹੁੰਦਾ।”
ਮੋਜ਼ੇਲ ਨੇ ਜ਼ੋਰ ਨਾਲ ਆਪਣੀ ਖੜਾਂ ਦਰਵਾਜ਼ੇ ਦੀ ਦਹਿਲੀਜ਼ ‘ਤੇ ਮਾਰੀ। “ਤੂੰ ਸੱਚਮੁੱਚ ਅਵੱਲ ਦਰਜੇ ਦਾ ਈਡੀਅਟ ਏਂ—ਗਧਾ ਕਿਤੋਂ ਦਾ! ਉਸਦੀ ਜ਼ਿੰਦਗੀ ਦਾ ਸਵਾਲ ਏ—ਕੀ ਨਾਂ ਏਂ ਤੇਰੀ ਉਸ ਕੌਰ ਦਾ, ਜਿਸ ਨਾਲ ਤੈਨੂੰ ਪ੍ਰੇਮ ਹੋਇਐ?”
ਤਿਰਲੋਚਨ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। “ਮੋਜ਼ੇਲ, ਉਹ ਬੜੀ ਧਾਰਮਕ ਪ੍ਰਵਿਰਤੀ ਦੀ ਕੁੜੀ ਏ—ਜੇ ਉਸਨੇ ਮੈਨੂੰ ਨੰਗੇ ਸਿਰ ਦੇਖ ਲਿਆ ਤਾਂ ਮੈਨੂੰ ਨਫ਼ਰਤ ਕਰਨ ਲੱਗੇਗੀ।”
ਮੋਜ਼ੇਲ ਚਿੜ ਗਈ। “ਔਹ, ਤੁਹਾਡਾ ਪ੍ਰੇਮ, ਬੀ ਡੈਮ—ਮੈਂ ਪੁੱਛਦੀ ਆਂ, ਕੀ ਸਾਰੇ ਸਿੱਖ ਤੇਰੇ ਵਾਂਗ ਬੇਵਕੂਫ਼ ਹੁੰਦੇ ਨੇ?—ਉਸਦੀ ਜਾਨ ਖ਼ਤਰੇ ‘ਚ ਐ ਤੂੰ ਕਹਿਣਾ ਏਂ ਕਿ ਪੱਗ ਜ਼ਰੂਰ ਬੰਨ੍ਹੇਗਾ ਤੇ ਸ਼ਾਇਦ ਆਪਣਾ ਅੰਡਰ-ਵੀਅਰ ਵੀ, ਜਿਹੜਾ ਨਿੱਕਰ ਨਾਲ ਮਿਲਦਾ-ਜੁਲਦਾ ਏ।”
ਤਿਰਲੋਚਨ ਨੇ ਕਿਹਾ, “ਉਹ ਤਾਂ ਮੈਂ ਹਰ ਵੇਲੇ ਪਾਈ ਰੱਖਦਾਂ।”
“ਬੜਾ ਚੰਗਾ ਕਰਦੈਂ—ਪਰ ਹੁਣ ਤੂੰ ਇਹ ਸੋਚ ਕਿ ਮਾਮਲਾ ਉਸ ਮਹੱਲੇ ਦਾ ਏ, ਜਿੱਥੇ ਮੀਏਂ ਈ ਮੀਏਂ ਭਰਾ ਰਹਿੰਦੇ ਨੇ, ਤੇ ਉਹ ਵੀ ਵੱਡੇ-ਵੱਡੇ ਦਾਦੇ। ਤੂੰ ਪੱਗ ਬੰਨ੍ਹ ਕੇ ਗਿਆ ਤਾਂ ਉੱਥੇ ਈ ਕਤਲ ਕਰ ਦਿੱਤਾ ਜਾਵੇਂਗਾ।”
ਤਿਲਰੋਲਨ ਨੇ ਸੰਖੇਪ ਜਿਹਾ ਉਤਰ ਦਿੱਤਾ, “ਮੈਨੂੰ ਉਸਦੀ ਪ੍ਰਵਾਹ ਨਹੀਂ। ਜੇ ਮੈਂ ਤੇਰੇ ਨਾਲ ਉੱਥੇ ਜਾਵਾਂਗਾ ਤਾਂ ਪੱਗ ਬੰਨ੍ਹ ਕੇ ਹੀ ਜਾਵਾਂਗਾ। ਮੈਂ ਆਪਣੇ ਪ੍ਰੇਮ ਨੂੰ ਖ਼ਤਰੇ ਵਿਚ ਪਾਉਣਾ ਨਹੀਂ ਚਾਹੁੰਦਾ।”
ਮੋਜ਼ੇਲ ਹਿਰਖ ਗਈ। ਉਸਦੇ ਅੰਦਰ ਇਕ ਜ਼ੋਰ ਦਾ ਉਫਾਨ ਆਇਆ ਕਿ ਉਸਦੀਆਂ ਛਾਤੀਆਂ ਆਪਸ ਵਿਚ ਭਿੜਣ ਲੱਗੀਆਂ। “ਗਧਾ ਕਿਤੋਂ ਦਾ—ਤੇਰਾ ਪ੍ਰੇਮ ਈ ਕਿੱਥੇ ਰਹੇਗਾ, ਜਦੋਂ ਤੂੰ ਈ ਨਾ ਰਿਹਾ? ਤੇਰੀ ਉਹ…ਕੀ ਨਾਂ ਏਂ ਉਸ ਭੜਵੀ ਦਾ…ਜਦੋਂ ਉਹ ਨਾ ਰਹੀ, ਉਸਦਾ ਪਰਿਵਾਰ ਨਾ ਰਿਹਾ। ਬਈ ਤੂੰ ਸਿੱਖ ਏਂ—ਖ਼ੁਦਾ ਦੀ ਸਹੁੰ, ਤੂੰ ਸਿੱਖ ਈ ਏਂ ਤੇ ਬੜਾ ਈਡੀਅਟ ਏਂ।” ਤਿਰਲੋਚਨ ਹਿਰਖ ਗਿਆ। “ਬਕਵਾਸ ਨਾ ਕਰ!”
ਮੋਜ਼ੇਲ ਜ਼ੋਰ ਨਾਲ ਹੱਸੀ ਤੇ ਉਸਨੇ ਆਪਣੀ ਨਰਮ ਰੋਏਂਦਾਰ ਬਾਂਹ ਉਸਦੇ ਗਲ਼ ਵਿਚ ਪਾ ਦਿੱਤੀ ਤੇ ਥੋੜ੍ਹਾ ਜਿਹਾ ਝੂਲ ਕੇ ਬੋਲੀ, “ਡਾਰਲਿੰਗ, ਚੱਲ, ਜਿਵੇਂ ਤੇਰੀ ਮਰਜ਼ੀ। ਜਾਹ, ਪੱਗ ਬੰਨ੍ਹ ਆ—ਮੈਂ ਹੇਠਾਂ ਬਾਜ਼ਾਰ ‘ਚ ਖੜ੍ਹੀ ਆਂ।”
ਇਹ ਕਹਿ ਕੇ ਉਹ ਹੇਠਾਂ ਜਾਣ ਲੱਗੀ। ਤਿਰਲੋਚਨ ਨੇ ਉਸਨੂੰ ਟੋਕਿਆ। “ਤੂੰ ਕੱਪੜੇ ਨਹੀਂ ਪਾਉਣੇ?”
ਮੋਜ਼ੇਲ ਨੇ ਆਪਣੇ ਸਿਰ ਨੂੰ ਝਟਕਾ ਦਿੱਤਾ। “ਨਹੀਂ—ਚੱਲੇਗਾ, ਇਸੇ ਤਰ੍ਹਾਂ।” ਇਹ ਕਹਿ ਕੇ ਉਹ ਖਟ-ਖਟ ਕਰਦੀ ਹੇਠਾਂ ਉਤਰ ਗਈ। ਤਿਰਲੋਚਨ ਹੇਠਲੀ ਮੰਜ਼ਿਲ ਦੀਆਂ ਪੌੜੀਆਂ ‘ਤੇ ਵੀ ਉਸਦੀਆਂ ਖੜਾਵਾਂ ਦੀ ਆਵਾਜ਼ ਸੁਣਦਾ ਰਿਹਾ। ਫੇਰ ਉਸਨੇ ਆਪਣੇ ਲੰਮੇ ਵਾਲ ਉਂਗਲਾਂ ਨਾਲ ਪਿੱਛੇ ਵੱਲ ਸਮੇਟੇ ਤੇ ਹੇਠਾਂ ਉਤਰ ਕੇ ਆਪਣੇ ਫਲੈਟ ਵਿਚ ਚਲਾ ਗਿਆ। ਛੇਤੀ-ਛੇਤੀ ਉਸਨੇ ਕੱਪੜੇ ਬਦਲੇ। ਪੱਗ ਬੰਨ੍ਹੀ-ਬੰਨ੍ਹਾਈ ਪਈ ਸੀ, ਉਸਨੇ ਚੰਗੀ ਤਰ੍ਹਾਂ ਸਿਰ ‘ਤੇ ਜਚਾ ਲਈ ਤੇ ਫਲੈਟ ਦੇ ਦਰਵਾਜ਼ੇ ਨੂੰ ਕੁੰਡੀ ਮਾਰ ਕੇ ਹੇਠਾਂ ਉਤਰ ਗਿਆ।
ਬਾਹਰ ਫੁਟਪਾਥ ‘ਤੇ ਮੋਜ਼ੇਲ ਆਪਣੀਆਂ ਨਰੋਈਆਂ ਲੱਤਾਂ ਚੌੜੀਆਂ ਕਰੀ ਖੜ੍ਹੀ ਸਿਗਰਟ ਪੀ ਰਹੀ ਸੀ, ਬਿਲਕੁਲ ਮਰਦਾਂ ਵਾਂਗ। ਜਦੋਂ ਤਿਰਲੋਚਨ ਉਸਦੇ ਕੋਲ ਪਹੁੰਚਿਆ ਤਾਂ ਉਸਨੇ ਸ਼ਰਾਰਤ ਨਾਲ ਮੂੰਹ ਭਰ ਕੇ ਧੂੰਆਂ ਉਸਦੇ ਮੂੰਹ ‘ਤੇ ਮਾਰਿਆ। ਤਿਰਲੋਚਨ ਨੇ ਹਿਰਖ ਕੇ ਕਿਹਾ, “ਤੂੰ ਬੜੀ ਜ਼ਲੀਲ ਏਂ।”
ਮੋਜ਼ੇਲ ਮੁਸਕਰਾਈ। ਇਹ ਤੂੰ ਕੋਈ ਨਵੀਂ ਗੱਲ ਨਹੀਂ ਆਖੀ…ਇਸ ਤੋਂ ਪਹਿਲਾਂ ਮੈਨੂੰ ਹੋਰ ਵੀ ਕਈ ਲੋਕ ਜ਼ਲੀਲ ਕਹਿ ਚੁੱਕੇ ਨੇ।
ਫੇਰ ਉਸਨੇ ਤਿਰਲੋਚਨ ਦੀ ਪੱਗ ਵੱਲ ਦੇਖਿਆ। “ਇਹ ਪੱਗ ਤੂੰ ਸੱਚਮੁੱਚ ਸੋਹਣੀ ਤਰ੍ਹਾਂ ਬੰਨ੍ਹੀ ਏਂ। ਇੰਜ ਲੱਗਦੈ, ਜਿਵੇਂ ਤੇਰੇ ਕੇਸ ਹੈਨ।”
ਬਾਜ਼ਾਰ ਬਿਲਕੁਲ ਸੁੰਨਸਾਨ ਸੀ—ਸਿਰਫ਼ ਹਵਾ ਚੱਲ ਰਹੀ ਸੀ ਤੇ ਉਹ ਵੀ ਬੜੀ ਹੌਲੀ-ਹੌਲੀ, ਜਿਵੇਂ ਉਹ ਵੀ ਕਰਫ਼ਿਊ ਤੋਂ ਡਰਦੀ ਹੋਵੇ। ਬੱਤੀਆਂ ਜਗ ਰਹੀਆਂ ਸਨ, ਪਰ ਉਹਨਾਂ ਦਾ ਚਾਨਣ ਬਿਮਾਰ-ਜਿਹਾ ਲੱਗਦਾ ਸੀ। ਆਮ ਤੌਰ ‘ਤੇ ਇਸ ਸਮੇਂ ਟਰਾਮਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਸਨ ਤੇ ਲੋਕਾਂ ਦਾ ਆਉਣ-ਜਾਣ ਵੀ ਸ਼ੁਰੂ ਹੋ ਜਾਂਦਾ ਸੀ। ਚੰਗੀ-ਖਾਸੀ ਚਹਿਲ-ਪਹਿਲ ਹੋ ਜਾਂਦੀ ਸੀ—ਪਰ ਹੁਣ ਇੰਜ ਜਾਪਦਾ ਸੀ ਕਿ ਸੜਕ ਤੋਂ ਨਾ ਕਦੀ ਕੋਈ ਆਦਮੀ ਲੰਘਿਆ ਹੈ, ਨਾ ਲੰਘੇਗਾ।
ਮੋਜ਼ੇਲ ਅੱਗੇ-ਅੱਗੇ ਸੀ। ਫੁਟਪਾਥ ਦੇ ਪੱਥਰਾਂ ਉੱਤੇ ਉਸਦੀਆਂ ਖੜਾਵਾਂ ਖਟ-ਖਟ ਕਰ ਰਹੀਆਂ ਸਨ। ਇਹ ਆਵਾਜ਼ ਉਸ ਚੁੱਪ-ਗੜੂੱਪ ਵਾਤਾਵਰਣ ਵਿਚ ਬੜਾ ਸ਼ੋਰ ਕਰ ਰਹੀ ਸੀ। ਤਿਰਲੋਚਨ ਦਿਲ ਹੀ ਦਿਲ ਵਿਚ ਮੋਜ਼ੇਲ ਨੂੰ ਬੁਰਾ-ਭਲਾ ਕਹਿ ਰਿਹਾ ਸੀ ਕਿ ਦੋ ਮਿੰਟ ਵਿਚ ਹੋਰ ਕੁਝ ਨਹੀਂ ਤਾਂ ਆਪਣੀਆਂ ਇਹ ਬੇਹੂਦਾ ਖੜਾਵਾਂ ਲਾਹ ਕੇ ਕੋਈ ਹੋਰ ਚੀਜ਼ ਪਾ ਸਕਦੀ ਸੀ। ਉਸਨੇ ਚਾਹਿਆ ਕਿ ਮੋਜ਼ੇਲ ਨੂੰ ਕਹੇ, ਖੜਾਵਾਂ ਲਾਹ ਦੇ ਤੇ ਨੰਗੇ ਪੈਰੀਂ ਚੱਲ, ਪਰ ਉਸਨੂੰ ਵਿਸ਼ਵਾਸ ਸੀ ਕਿ ਉਹ ਕਦੀ ਨਹੀਂ ਮੰਨੇਗੀ, ਇਸ ਲਈ ਚੁੱਪ ਰਿਹਾ।
ਤਿਰਲੋਚਨ ਬੜਾ ਡਰਿਆ ਹੋਇਆ ਸੀ, ਕੋਈ ਪੱਤਾ ਵੀ ਖੜਕਦਾ ਤਾਂ ਉਸਦਾ ਦਿਲ ਹਿੱਲ ਜਾਂਦਾ—ਪਰ ਮੋਜ਼ੇਲ ਸਿਗਰਟ ਦਾ ਧੂੰਆਂ ਉਡਾਉਂਦੀ ਹੋਈ ਬਿਲਕੁਲ ਨਿਡਰਤਾ ਨਾਲ ਤੁਰੀ ਜਾ ਰਹੀ ਸੀ, ਜਿਵੇਂ ਕੋਈ ਬੇਫ਼ਿਕਰੀ ਨਾਲ ਚਹਿਲ-ਕਦਮੀ ਕਰਨ ਨਿਕਲਿਆ ਹੋਵੇ।
ਚੌਕ ਵਿਚ ਪਹੁੰਚੇ ਤਾਂ ਪੁਲਿਸਮੈਨ ਦੀ ਆਵਾਜ਼ ਕੜਕੀ, “ਓਇ, ਕਿੱਧਰ ਜਾ ਰਹੇ ਓਂ?”
ਤਿਰਲੋਚਨ ਡਰ ਗਿਆ। ਮੋਜ਼ੇਲ ਅੱਗੇ ਵਧੀ ਤੇ ਪੁਲਿਸਮੈਨ ਕੋਲ ਪਹੁੰਚ ਗਈ ਤੇ ਆਪਣੇ ਵਾਲਾਂ ਨੂੰ ਇਕ ਹਲਕਾ-ਜਿਹਾ ਝਟਕਾ ਦੇ ਕੇ ਕਿਹਾ, “ਓ-ਤੂੰ—ਮੈਨੂੰ ਪਛਾਣਿਆਂ ਨਹੀਂ ਤੂੰ—ਮੋਜ਼ੇਲ…” ਫੇਰ ਉਸਨੇ ਇਕ ਗਲੀ ਵੱਲ ਇਸ਼ਾਰਾ ਕੀਤਾ, “ਓਧਰ, ਉਸ ਨਾਲ ਵਾਲੀ ਗਲੀ ‘ਚ ਮੇਰੀ ਭੈਣ ਰਹਿੰਦੀ ਐ, ਉਸਦੀ ਤਬੀਅਤ ਖ਼ਰਾਬ ਏ—ਡਾਕਟਰ ਲੈ ਕੇ ਜਾ ਰਹੀ ਆਂ।”
ਸਿਪਾਹੀ ਉਸਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸਨੇ ਪਤਾ ਨਹੀਂ ਕਿੱਥੋਂ ਸਿਗਰਟ ਦੀ ਡੱਬੀ ਕੱਢੀ ਤੇ ਇਕ ਸਿਗਰਟ ਕੱਢ ਕੇ ਉਸਨੂੰ ਦੇ ਦਿੱਤੀ। “ਲੈ, ਪੀ!” ਸਿਪਾਹੀ ਨੇ ਸਿਗਰਟ ਲੈ ਲਈ। ਮੋਜ਼ੇਲ ਨੇ ਆਪਣੇ ਮੂੰਹ ਵਾਲੀ ਸੁਲਗਦੀ ਹੋਈ ਸਿਗਰਟ ਕੱਢੀ ਤੇ ਉਸ ਵੱਲ ਵਧਾ ਕੇ ਬੋਲੀ, “ਹੀਯਰ ਇਜ਼ ਲਾਈਟ।”
ਸਿਪਾਹੀ ਨੇ ਸਿਗਰਟ ਦਾ ਕਸ਼ ਲਿਆ—ਮੋਜ਼ੇਲ ਨੇ ਸੱਜੀ ਅੱਖ ਉਸਨੂੰ ਤੇ ਖੱਬੀ ਅੱਖ ਤਿਰਲੋਚਨ ਨੂੰ ਮਾਰੀ ਤੇ ਖਟ-ਖਟ ਕਰਦੀ ਉਸ ਗਲੀ ਵੱਲ ਤੁਰ ਪਈ, ਜਿਸ ਵਿਚੋਂ ਲੰਘ ਕੇ ਉਹਨਾਂ ਮੁਹੱਲੇ ਵਿਚ ਜਾਣਾ ਸੀ।
ਤਿਰਲੋਚਨ ਚੁੱਪ ਰਿਹਾ, ਪਰ ਉਹ ਮਹਿਸੂਸ ਕਰ ਰਿਹਾ ਸੀ ਕਿ ਮੋਜ਼ੇਲ ਕਰਫ਼ਿਊ ਦੀ ਉਲੰਘਣਾ ਕਰਕੇ ਇਕ ਵਚਿੱਤਰ ਤਰ੍ਹਾਂ ਦੀ ਖ਼ੁਸ਼ੀ ਮਹਿਸੂਸ ਕਰ ਰਹੀ ਹੈ। ਖ਼ਤਰਿਆਂ ਨਾਲ ਖੇਡਣਾ ਉਸਨੂੰ ਪਸੰਦ ਸੀ। ਉਹ ਜਦੋਂ ਜੁਹ ‘ਤੇ ਉਸਦੇ ਨਾਲ ਜਾਂਦੀ ਸੀ ਤਾਂ ਉਸਦੇ ਲਈ ਇਕ ਮੁਸੀਬਤ ਬਣ ਜਾਂਦੀ ਸੀ। ਸਮੁੰਦਰ ਦੀਆਂ ਵੱਡੀਆਂ-ਵੱਡੀਆਂ ਲਹਿਰਾਂ ਨਾਲ ਟਕਰਾਉਂਦੀ-ਭਿੜਦੀ ਉਹ, ਦੂਰ ਤਕ ਨਿਕਲ ਜਾਂਦੀ ਸੀ ਤੇ ਉਸਨੂੰ ਹਮੇਸ਼ਾ ਇਸ ਗੱਲ ਦਾ ਧੜਕੂ ਲੱਗਾ ਰਹਿੰਦਾ ਸੀ ਕਿ ਕਿਤੇ ਉਹ ਡੁੱਬ ਹੀ ਨਾ ਜਾਵੇ। ਜਦੋਂ ਵਾਪਸ ਆਉਂਦੀ ਤਾਂ ਉਸਦਾ ਸਰੀਰ ਨੀਲਾਂ ਤੇ ਜ਼ਖ਼ਮਾਂ ਨਾਲ ਭਰਿਆ ਹੁੰਦਾ ਸੀ, ਪਰ ਉਸਨੂੰ ਇਸਦੀ ਕੋਈ ਪ੍ਰਵਾਹ ਨਹੀਂ ਸੀ ਹੁੰਦੀ।
ਮੋਜ਼ੇਲ ਅੱਗੇ-ਅੱਗੇ ਸੀ ਤੇ ਤਿਰਲੋਚਨ ਉਸਦੇ ਪਿੱਛੇ-ਪਿੱਛੇ। ਡਰ ਕਰਕੇ ਉਹ ਇਧਰ-ਉਧਰ ਦੇਖਦਾ ਹੋਇਆ ਤੁਰ ਰਿਹਾ ਸੀ ਕਿ ਕਿਸੇ ਪਾਸਿਓਂ ਕੋਈ ਛੁਰੀਮਾਰ ਨਾ ਨਿਕਲ ਆਵੇ।
ਅਚਾਨਕ ਮੋਜ਼ੇਲ ਰੁਕ ਗਈ। ਜਦੋਂ ਤਿਰਲੋਚਨ ਕੋਲ ਆਇਆ ਤਾਂ ਉਸਨੇ ਉਸਨੂੰ ਸਮਝਾਉਣ ਵਾਲੀ ਸੁਰ ਵਿਚ ਕਿਹਾ, “ਡੀਅਰ ਤਿਰਲੋਚਨ, ਇਸ ਤਰ੍ਹਾਂ ਠੀਕ ਨਹੀਂ। ਤੂੰ ਡਰੇਂਗਾ ਤਾਂ ਜ਼ਰੂਰ ਕੁਛ ਨਾ ਕੁਛ ਹੋ ਕੇ ਰਹੇਗਾ। ਸੱਚ ਕਹਿੰਦੀ ਆਂ, ਇਹ ਮੇਰੀ ਆਜਮਾਈ ਹੋਈ ਗੱਲ ਏ।”
ਤਿਰਲੋਚਨ ਚੁੱਪ ਰਿਹਾ।
ਜਦੋਂ ਉਹ ਉਸ ਗਲੀ ਨੂੰ ਪਾਰ ਕਰਕੇ ਦੂਜੀ ਗਲੀ ਵਿਚ ਪਹੁੰਚੇ, ਜਿਹੜੀ ਉਹ ਮੁਹੱਲੇ ਵੱਲ ਨਿਕਲਦੀ ਸੀ, ਜਿਸ ਵਿਚ ਕਿਰਪਾਲ ਕੌਰ ਰਹਿੰਦੀ ਸੀ ਤਾਂ ਮੋਜ਼ੇਲ ਤੁਰਦੀ-ਤੁਰਦੀ ਯਕਦਮ ਰੁਕ ਗਈ—ਕੁਝ ਦੂਰੀ ਤੇ ਬੜੇ ਆਰਾਮ ਨਾਲ ਇਕ ਮਾਰਵਾੜੀ ਦੀ ਦੁਕਾਨ ਲੁੱਟੀ ਜਾ ਰਹੀ ਸੀ।
ਇਕ ਛਿਣ ਲਈ ਉਸਨੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਤਿਰਲੋਚਨ ਨੂੰ ਕਿਹਾ—”ਚੱਲ ਆ।”
ਦੋਵੇਂ ਤੁਰ ਪਏ। ਇਕ ਆਦਮੀ ਜਿਹੜਾ ਸਿਰ ਉੱਤੇ ਇਕ ਵੱਡੀ ਸਾਰੀ ਪਰਾਤ ਚੁੱਕੀ ਜਾ ਰਿਹਾ ਸੀ, ਤਿਰਲੋਚਨ ਨਾਲ ਟਕਰਾ ਗਿਆ। ਪਰਾਤ ਡਿੱਗ ਪਈ। ਉਸ ਆਦਮੀ ਨੇ ਧਿਆਨ ਨਾਲ ਤਿਰਲੋਚਨ ਵੱਲ ਦੇਖਿਆ। ਸਾਫ਼ ਪਤਾ ਲੱਗਦਾ ਸੀ ਕਿ ਉਹ ਸਿੱਖ ਹੈ। ਉਸ ਆਦਮੀ ਨੇ ਕਾਹਲ ਨਾਲ ਆਪਣੇ ਨੇਫੇ ਵਿਚ ਹੱਥ ਪਾਇਆ ਕਿ ਮੋਜ਼ੇਲ ਆ ਗਈ ਲੜਖੜਾਉਂਦੀ ਹੋਈ, ਜਿਵੇਂ ਨਸ਼ੇ ਵਿਚ ਟੁੰਨ ਹੋਵੇ। ਉਸਨੇ ਜ਼ੋਰ ਨਾਲ ਉਸ ਆਦਮੀ ਨੂੰ ਧੱਕਾ ਦਿੱਤਾ ਤੇ ਨਸ਼ੀਲੀ ਆਵਾਜ਼ ਵਿਚ ਕਿਹਾ, “ਓਇ, ਕਿਆ ਕਰਤਾ ਹੈ—ਅਪਣੇ ਭਾਈ ਕੋ ਮਾਰਨਾ ਹੈ! ਹਮ ਇਸ ਸੇ ਸ਼ਾਦੀ ਬਨਾਨੇ ਕੋ ਮਾਂਗਤਾ ਹੈ!” ਫੇਰ ਉਹ ਤਿਰਲੋਚਨ ਵੱਲ ਮੁੜੀ। “ਕਰੀਮ, ਉਠਾਓ ਯਹ ਪਰਾਤ ਔਰ ਰੱਖ ਦੋ ਇਸ ਕੇ ਸਿਰ ਪਰ।”
ਉਸ ਆਦਮੀ ਨੇ ਨੇਫੇ ਤੋਂ ਆਪਣਾ ਹੱਥ ਹਟਾ ਲਿਆ ਤੇ ਲਲਚਾਈਆਂ ਨਜ਼ਰਾਂ ਨਾਲ ਮੋਜ਼ੇਲ ਵੱਲ ਦੇਖਣ ਲੱਗਾ। ਫੇਰ ਅੱਗੇ ਵਧ ਕੇ ਆਪਣੀ ਕੁਹਣੀ ਨਾਲ ਉਸਦੀਆਂ ਛਾਤੀਆਂ ਨੂੰ ਹੁਲਾਰਾ ਦਿੱਤਾ। “ਐਸ਼ ਕਰ ਸਾਲੀਏ—ਐਸ਼ ਕਰ।” ਫੇਰ ਉਸਨੇ ਪਰਾਤ ਚੁੱਕੀ ਤੇ ਅਹਿ ਜਾਹ, ਔਹ ਜਾਹ।
ਤਿਰਲੋਚਨ ਬੁੜਬੁੜਾਇਆ, “ਹਰਾਮਜ਼ਾਦੇ ਨੇ ਕੈਸੀ ਜ਼ਲੀਲ ਹਰਕਤ ਕੀਤੀ!” ਮੋਜ਼ੇਲ ਨੇ ਆਪਣੀਆਂ ਛਾਤੀਆਂ ‘ਤੇ ਹੱਥ ਫੇਰਿਆ। “ਕੋਈ ਜ਼ਲੀਲ ਹਰਕਤ ਨਹੀਂ—ਸਭ ਚਲਦਾ ਏ, ਆ।”
ਤੇ ਉਹ ਕਾਹਲੀ-ਕਾਹਲੀ ਤੁਰਨ ਲੱਗੀ। ਤਿਰਲੋਚਨ ਨੇ ਵੀ ਕਦਮ ਤੇਜ਼ ਕਰ ਦਿੱਤੇ।
ਉਹ ਗਲੀ ਪਾਰ ਕਰਕੇ ਦੋਵੇਂ ਉਸ ਮੁਹੱਲੇ ਵਿਚ ਪਹੁੰਚ ਗਏ, ਜਿੱਥੇ ਕਿਰਪਾਲ ਕੌਰ ਰਹਿੰਦੀ ਸੀ।
ਮੋਜ਼ੇਲ ਨੇ ਪੁੱਛਿਆ, “ਕਿਸ ਗਲੀ ਵਿਚ ਜਾਣਾ ਏਂ?”
ਤਿਰਲੋਚਨ ਨੇ ਹੌਲੀ-ਜਿਹੀ ਕਿਹਾ, “ਤੀਜੀ ਗਲੀ ‘ਚ—ਨੁੱਕਰ ਵਾਲੀ ਬਿਲਡਿੰਗ।”
ਮੋਜ਼ੇਲ ਨੇ ਉਸੇ ਪਾਸੇ ਤੁਰਨਾ ਸ਼ੁਰੂ ਕਰ ਦਿੱਤਾ। ਉਸ ਪਾਸੇ ਬਿਲਕੁਲ ਸੁੰਨ-ਮਸਾਨ ਸੀ। ਆਸੇ-ਪਾਸੇ ਏਨੀ ਸੰਘਣੀ ਆਬਾਦੀ ਸੀ, ਪਰ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਵੀ ਨਹੀਂ ਸੀ ਸੁਣਾਈ ਦੇ ਰਹੀ।
ਜਦੋਂ ਉਹ ਉਸ ਗਲੀ ਕੋਲ ਪਹੁੰਚੇ ਤਾਂ ਕੁਝ ਗੜਬੜ ਦਿਖਾਈ ਦਿੱਤੀ। ਇਕ ਆਦਮੀ ਬੜੀ ਤੇਜ਼ੀ ਨਾਲ ਉਸ ਨੁੱਕਰ ਵਾਲੀ ਬਿਲਡਿੰਗ ਵਿਚ ਵੜਿਆ ਸੀ। ਇਸ ਬਿਲਡਿੰਗ ਵਿਚੋਂ ਥੋੜ੍ਹੀ ਦੇਰ ਬਾਅਦ ਤਿੰਨ ਆਦਮੀ ਨਿਕਲੇ। ਫੁਟਪਾਥ ‘ਤੇ ਆ ਕੇ ਉਹਨਾਂ ਨੇ ਇਧਰ-ਉਧਰ ਦੇਖਿਆ ਤੇ ਬੜੀ ਫੁਰਤੀ ਨਾਲ ਦੂਜੀ ਬਿਲਡਿੰਗ ਵਿਚ ਚਲੇ ਗਏ। ਮੋਜ਼ੇਲ ਠਿਠਕ ਗਈ। ਉਸਨੇ ਤਿਰਲੋਚਨ ਨੂੰ ਇਸ਼ਾਰਾ ਕੀਤਾ ਕਿ ਹਨੇਰੇ ਵਿਚ ਹੋ ਜਾਏ, ਫੇਰ ਉਸਨੇ ਧੀਮੀ ਆਵਾਜ਼ ਵਿਚ ਕਿਹਾ, “ਤਿਰਲੋਚਨ ਡੀਅਰ, ਅਹਿ ਪੱਗ ਲਾਹ ਦੇ!”
ਤਿਰਲੋਚਨ ਨੇ ਜਵਾਬ ਦਿੱਤਾ, “ਮੈਂ ਇਹ ਕਿਸੇ ਹਾਲਤ ‘ਚ ਨਹੀਂ ਲਾਹ ਸਕਦਾ।”
ਮੋਜ਼ੇਲ ਖਿਝ ਗਈ। “ਤੇਰੀ ਮਰਜ਼ੀ—ਪਰ ਤੂੰ ਦੇਖਦਾ ਨਹੀਂ ਸਾਹਮਣੇ ਕੀ ਹੋ ਰਿਹਾ ਏ?”
ਸਾਹਮਣੇ ਜੋ ਕੁਝ ਹੋ ਰਿਹਾ ਸੀ, ਦੋਵਾਂ ਦੀਆਂ ਅੱਖਾਂ ਦੇ ਸਾਹਮਣੇ ਸੀ—ਸਾਫ਼ ਗੜਬੜ ਹੋ ਰਹੀ ਸੀ ਤੇ ਬੜੇ ਰਹੱਸਮਈ ਢੰਗ ਨਾਲ। ਖੱਬੇ ਹੱਥ ਵਾਲੀ ਬਿਲਡਿੰਗ ਵਿਚੋਂ ਜਦ ਦੋ ਆਦਮੀ ਆਪਣੀ ਪਿੱਠ ਉੱਤੇ ਬੋਰੀਆਂ ਚੁੱਕੀ ਨਿਕਲੇ ਤਾਂ ਮੋਜ਼ੇਲ ਕੰਬ ਗਈ। ਉਹਨਾਂ ਵਿਚੋਂ ਗਾੜ੍ਹੇ-ਗਾੜ੍ਹੇ ਤਰਲ ਵਰਗਾ ਕੁਝ ਟਪਕ ਰਿਹਾ ਸੀ। ਮੋਜ਼ੇਲ ਆਪਣੇ ਬੁੱਲ੍ਹ ਟੁੱਕਣ ਲੱਗੀ। ਸ਼ਾਇਦ ਉਹ ਕੁਝ ਸੋਚ ਰਹੀ ਸੀ। ਜਦੋਂ ਉਹ ਦੋਵੇਂ ਆਦਮੀ ਗਲੀ ਦੇ ਦੂਜੇ ਸਿਰੇ ‘ਤੇ ਪਹੁੰਚ ਕੇ ਗ਼ਾਇਬ ਹੋ ਗਏ ਤਾਂ ਉਸਨੇ ਤਿਰਲੋਚਨ ਨੂੰ ਕਿਹਾ, “ਦੇਖ, ਇੰਜ ਕਰ, ਮੈਂ ਭੱਜ ਕੇ ਨੁੱਕਰ ਵਾਲੀ ਬਿਲਡਿੰਗ ਵਿਚ ਜਾਂਦੀ ਆਂ—ਤੂੰ ਮੇਰੇ ਪਿੱਛੇ-ਪਿੱਛੇ ਆਵੀਂ—ਬੜੀ ਤੇਜ਼ੀ ਨਾਲ, ਜਿਵੇਂ ਤੂੰ ਮੇਰਾ ਪਿੱਛਾ ਕਰ ਰਿਹਾ ਹੋਵੇਂ—ਸਮਝਿਆ? ਪਰ ਇਹ ਸਭ ਯਕਦਮ ਤੇ ਫੁਰਤੀ ਨਾਲ ਹੋਵੇ।”
ਮੋਜ਼ੇਲ ਨੇ ਤਿਰਲੋਚਨ ਦੇ ਜਵਾਬ ਦੀ ਉਡੀਕ ਨਾ ਕੀਤੀ ਤੇ ਨੁੱਕਰ ਵਾਲੀ ਬਿਲਡਿੰਗ ਵੱਲ ਖੜਾਵਾਂ ਖੜਕਾਉਂਦੀ ਹੋਈ ਤੇਜ਼ੀ ਨਾਲ ਦੌੜ ਪਈ। ਤਿਰਲੋਚਨ ਵੀ ਉਸਦੇ ਪਿੱਛੇ ਦੌੜਿਆ। ਕੁਝ ਛਿਣ ਵਿਚ ਉਹ ਬਿਲਡਿੰਗ ਦੇ ਅੰਦਰ ਸਨ। ਪੌੜੀਆਂ ਕੋਲ ਤਿਰਲੋਚਨ ਹਫ਼ ਰਿਹਾ ਸੀ, ਪਰ ਮੋਜ਼ੇਲ ਬਿਲਕੁਲ ਠੀਕ-ਠਾਕ ਸੀ। ਉਸਨੇ ਤਿਰਲੋਚਨ ਤੋਂ ਪੁੱਛਿਆ, “ਕਿਹੜੀ ਮੰਜ਼ਿਲ ‘ਤੇ ਐ?”
ਤਿਰਲੋਚਨ ਨੇ ਆਪਣੇ ਸੁੱਕੇ ਹੋਏ ਬੁੱਲ੍ਹਾਂ ‘ਤੇ ਜੀਭ ਫੇਰੀ, “ਦੂਜੀ ‘ਤੇ।”
“ਚੱਲ।”
ਇਹ ਕਹਿ ਕੇ ਉਹ ਖਟਖਟ ਪੌੜੀਆਂ ਚੜ੍ਹਨ ਲੱਗੀ। ਤਿਰਲੋਚਨ ਉਸਦੇ ਪਿੱਛੇ ਹੋ ਲਿਆ।
ਪੌੜੀਆਂ ‘ਤੇ ਖ਼ੂਨ ਦੇ ਵੱਡੇ-ਵੱਡੇ ਧੱਬੇ ਪਏ ਹੋਏ ਸਨ। ਉਹਨਾਂ ਨੂੰ ਦੇਖ-ਦੇਖ ਕੇ ਉਸਦਾ ਖ਼ੂਨ ਸੁੱਕ ਰਿਹਾ ਸੀ।
ਦੂਜੀ ਮੰਜ਼ਿਲ ‘ਤੇ ਪਹੁੰਚੇ ਤਾਂ ਕਾਰੀਡੋਰ ਵਿਚ ਕੁਝ ਦੂਰ ਜਾ ਕੇ ਤਿਰਲੋਚਨ ਨੇ ਹੌਲੀ-ਜਿਹੀ ਇਕ ਦਰਵਾਜ਼ੇ ਨੂੰ ਖੜਕਾਇਆ। ਮੋਜ਼ੇਲ ਦੂਰ ਪੌੜੀਆਂ ਕੋਲ ਖੜ੍ਹੀ ਰਹੀ।
ਤਿਰਲੋਚਨ ਨੇ ਇਕ ਵਾਰੀ ਫੇਰ ਦਰਵਾਜ਼ਾ ਖੜਕਾਇਆ ਤੇ ਉਸਦੇ ਨਾਲ ਮੂੰਹ ਜੋੜ ਕੇ ਆਵਾਜ਼ ਦਿੱਤੀ, “ਮਹਿੰਗਾ ਸਿੰਘ ਜੀ, ਮਹਿੰਗਾ ਸਿੰਘ ਜੀ!”
ਅੰਦਰੋਂ ਇਕ ਬਾਰੀਕ ਜਿਹੀ ਆਵਾਜ਼ ਆਈ—”ਕੌਣ?”
“ਤਿਰਲੋਚਨ।”
ਦਰਵਾਜ਼ਾ ਹੌਲੀ-ਜਿਹੀ ਖੁੱਲ੍ਹਿਆ। ਤਿਰਲੋਚਨ ਨੇ ਮੋਜ਼ੇਲ ਨੂੰ ਇਸ਼ਾਰਾ ਕੀਤਾ। ਉਹ ਕਾਹਲ ਨਾਲ ਆਈ। ਦੋਵੇਂ ਅੰਦਰ ਵੜ ਗਏ। ਮੋਜ਼ੇਲ ਨੇ ਆਪਣੇ ਕੋਲ ਖੜ੍ਹੀ ਉਸ ਪਤਲੀ-ਜਿਹੀ ਕੁੜੀ ਨੂੰ ਦੇਖਿਆ, ਜਿਹੜੀ ਬੜੀ ਹੀ ਡਰੀ ਹੋਈ ਸੀ। ਮੋਜ਼ੇਲ ਨੇ ਇਕ ਛਿਣ ਲਈ ਉਸਨੂੰ ਧਿਆਨ ਨਾਲ ਦੇਖਿਆ। ਪਤਲੇ-ਪਤਲੇ ਨਕਸ਼ ਸਨ। ਨੱਕ ਬੜੀ ਹੀ ਪਿਆਰੀ ਜਿਹੀ, ਪਰ ਜੁਕਾਮ ਦੀ ਮਾਰੀ ਹੋਈ। ਮੋਜ਼ੇਲ ਨੇ ਉਸਨੂੰ ਆਪਣੀ ਚੌੜੀ ਛਾਤੀ ਨਾਲ ਲਾਇਆ ਤੇ ਆਪਣੇ ਢਿੱਲੇ-ਢਾਲੇ ਕੁੜਤੇ ਦਾ ਪੱਲਾ ਚੁੱਕ ਕੇ ਉਸਦੀ ਨੱਕ ਪੂੰਝੀ।
ਤਿਰਲੋਚਨ ਲਾਲ ਹੋ ਗਿਆ।
ਮੋਜ਼ੇਲ ਨੇ ਕਿਰਪਾਲ ਕੌਰ ਨੂੰ ਬੜੀ ਅਪਣੱਤ ਨਾਲ ਕਿਹਾ, “ਡਰ ਨਾ, ਤਿਰਲੋਚਨ ਤੈਨੂੰ ਲੈਣ ਆਇਆ ਏ।”
ਕਿਰਪਾਲ ਕੌਰ ਨੇ ਤਿਰਲੋਚਨ ਵੱਲ ਆਪਣੀਆਂ ਸਹਿਮੀਆਂ ਹੋਈ ਅੱਖਾਂ ਨਾਲ ਦੇਖਿਆ ਤੇ ਮੋਜ਼ੇਲ ਨਾਲੋਂ ਵੱਖ ਹੋ ਗਈ।
ਤਿਰਲੋਚਨ ਨੇ ਉਸਨੂੰ ਕਿਹਾ, “ਸਰਦਾਰ ਸਾਹਬ ਨੂੰ ਕਹੋ ਕਿ ਜਲਦੀ ਤਿਆਰ ਹੋ ਜਾਣ—ਤੇ ਮਾਤਾ ਜੀ ਨੂੰ ਵੀ—ਪਰ ਜਲਦੀ ਕਰੋ।”
ਏਨੇ ਵਿਚ ਉਪਰਲੀ ਮੰਜ਼ਿਲ ਤੋਂ ਉੱਚੀਆਂ-ਉੱਚੀਆਂ ਆਵਾਜ਼ਾਂ ਆਉਣ ਲੱਗੀਆਂ, ਜਿਵੇਂ ਕੋਈ ਚੀਕ-ਕੁਰਲਾ ਰਿਹਾ ਹੋਵੇ ਤੇ ਧੱਕਾ-ਮੁੱਕੀ ਹੋ ਰਹੀ ਹੋਵੇ।
ਕਿਰਪਾਲ ਕੌਰ ਦੇ ਮੂੰਹੋਂ ਹਲਕੀ-ਜਿਹੀ ਚੀਕ ਨਿਕਲ ਗਈ। “ਉਸਨੂੰ ਫੜ੍ਹ ਲਿਆ ਉਹਨਾਂ ਨੇ।”
ਤਿਰਲੋਚਨ ਨੇ ਪੁੱਛਿਆ, “ਕਿਸ ਨੂੰ?”
ਕਿਰਪਾਲ ਕੌਰ ਉਤਰ ਦੇਣ ਹੀ ਲੱਗੀ ਸੀ ਕਿ ਮੋਜ਼ੇਲ ਨੇ ਉਸਨੂੰ ਬਾਹੋਂ ਫੜ੍ਹਿਆ ਤੇ ਖਿੱਚ ਕੇ ਇਕ ਕੋਨੇ ਵਿਚ ਲੈ ਗਈ। “ਫੜ੍ਹ ਲਿਆ ਤਾਂ ਚੰਗਾ ਹੋਇਆ। ਤੂੰ ਇਹ ਕੱਪੜੇ ਲਾਹ ਦੇਅ।”
ਕਿਰਪਾਲ ਕੌਰ ਅਜੇ ਕੁਝ ਸੋਚ ਵੀ ਨਹੀਂ ਸੀ ਸਕੀ ਕਿ ਮੋਜ਼ੇਲ ਨੇ ਅੱਖ ਦੇ ਫੋਰੇ ਵਿਚ ਉਸਦੀ ਕਮੀਜ਼ ਲਾਹ ਕੇ ਇਕ ਪਾਸੇ ਰੱਖ ਦਿੱਤੀ। ਕਿਰਪਾਲ ਕੌਰ ਨੇ ਆਪਣੀਆਂ ਬਾਹਾਂ ਨਾਲ ਆਪਣੇ ਨੰਗੇ ਜਿਸਮ ਨੂੰ ਢਕ ਲਿਆ ਤੇ ਹੋਰ ਵੀ ਭੈਭੀਤ ਹੋ ਗਈ। ਤਿਰਲੋਚਨ ਨੇ ਮੂੰਹ ਦੂਜੇ ਪਾਸੇ ਕਰ ਲਿਆ। ਮੋਜ਼ੇਲ ਨੇ ਆਪਣਾ ਢਿੱਲਾ-ਢਾਲਾ ਕੁੜਤਾ ਲਾਹ ਕੇ ਉਸਦੇ ਪਾ ਦਿੱਤਾ ਤੇ ਖ਼ੁਦ ਨੰਗ-ਧੜ ਹੋ ਗਈ। ਫੇਰ ਜਲਦੀ-ਜਲਦੀ ਉਸਨੇ ਕਿਰਪਾਲ ਕੌਰ ਦਾ ਨਾਲਾ ਢਿੱਲਾ ਕੀਤਾ ਤੇ ਉਸਦੀ ਸਲਵਾਰ ਲਾਹ ਕੇ ਤਿਰਲੋਚਨ ਨੂੰ ਕਿਹਾ, “ਜਾਹ, ਇਸਨੂੰ ਲੈ ਜਾ—ਪਰ ਠਹਿਰ!”
ਇਹ ਕਹਿ ਕੇ ਉਸਨੇ ਕਿਰਪਾਲ ਕੌਰ ਦੇ ਵਾਲ ਖੋਲ੍ਹ ਦਿੱਤੇ ਤੇ ਉਹਨਾਂ ਨੂੰ ਕਿਹਾ, “ਜਾਓ—ਜਲਦੀ ਨਿਕਲ ਜਾਓ।”
ਤਿਰਲੋਚਨ ਨੇ ਉਸਨੂੰ, “ਕਿਹਾ ਆ।” ਪਰ ਫੇਰ ਤੁਰੰਤ ਹੀ ਰੁਕ ਗਿਆ। ਪਰਤ ਕੇ ਉਸਨੇ ਮੋਜ਼ੇਲ ਵੱਲ ਦੇਖਿਆ, ਜਿਹੜੀ ਖੁੱਲ੍ਹੇ ਦੀਦਿਆਂ ਵਾਂਗ ਨੰਗੀ ਖੜ੍ਹੀ ਸੀ। ਉਸਦੀਆਂ ਬਾਹਾਂ ਦੀ ਲੂੰਈਂ ਸਰਦੀ ਕਾਰਨ ਜਾਗੀ ਹੋਈ ਸੀ।
“ਤੁਸੀਂ ਜਾਂਦੇ ਕਿਓਂ ਨਹੀਂ?” ਮੋਜ਼ੇਲ ਦੀ ਆਵਾਜ਼ ਵਿਚ ਚਿੜਚਿੜਾਹਟ ਸੀ।
ਤਿਲੋਚਨ ਨੇ ਧੀਮੀ ਆਵਾਜ਼ ਵਿਚ ਕਿਹਾ, “ਇਸਦੇ ਮਾਂ-ਪਿਓ ਵੀ ਤਾਂ ਹੈਨ।”
“ਜਹੱਨੁਮ ‘ਚ ਜਾਣ ਓਹ—ਤੂੰ ਇਸ ਨੂੰ ਲੈ ਜਾਹ।”
“ਤੇ ਤੂੰ?”
“ਮੈਂ ਆ ਜਾਵਾਂਗੀ।”
ਯਕਦਮ ਉਪਰਲੀ ਮੰਜ਼ਿਲ ‘ਚੋਂ ਕਈ ਆਦਮੀ ਦਗੜ-ਦਗੜ ਹੇਠਾਂ ਉੱਤਰਣ ਲੱਗੇ ਤੇ ਫੇਰ ਦਰਵਾਜ਼ੇ ‘ਤੇ ਆ ਕੇ ਉਹਨਾਂ ਉਸਨੂੰ ਇੰਜ ਖੜਕਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਉਸਨੂੰ ਤੋੜ ਹੀ ਦੇਣਗੇ।
ਕਿਰਪਾਲ ਕੌਰ ਦੀ ਅੰਨ੍ਹੀ ਮਾਂ ਤੇ ਉਸਦਾ ਅਪਾਹਜ਼ ਪਿਓ ਦੂਜੇ ਕਮਰੇ ਵਿਚ ਪਏ ਕਰਾਹ ਰਹੇ ਸਨ।
ਮੋਜ਼ੇਲ ਨੇ ਕੁਝ ਸੋਚਿਆ ਤੇ ਵਾਲਾਂ ਨੂੰ ਹਲਕਾ-ਜਿਹਾ ਝਟਕਾ ਦੇ ਕੇ ਤਿਰਲੋਚਨ ਨੂੰ ਕਿਹਾ, “ਸੁਣੋ, ਹੁਣ ਸਿਰਫ਼ ਇਕੋ ਤਰਕੀਬ ਮੇਰੀ ਸਮਝ ‘ਚ ਆਉਂਦੀ ਏ। ਮੈਂ ਦਰਵਾਜ਼ਾ ਖੋਲ੍ਹਦੀ ਆਂ…”
ਕਿਰਪਾਲ ਕੌਰ ਦੇ ਸੁੱਕੇ ਗਲ਼ੇ ਵਿਚੋਂ ਚੀਕ ਨਿਕਲਦੀ-ਨਿਕਲਦੀ ਰਹਿ ਗਈ, “ਦਰਵਾਜ਼ਾ!”
ਮੋਜ਼ੇਲ ਤਿਰਲੋਚਨ ਵੱਲ ਮੁੜ ਕੇ ਕਹਿੰਦੀ ਰਹੀ, “ਮੈਂ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਦੀ ਆਂ—ਤੂੰ ਮੇਰੇ ਪਿੱਛੇ-ਪਿੱਛੇ ਭੱਜੀਂ। ਮੈਂ ਉਪਰ ਚੜ੍ਹ ਜਾਵਾਂਗੀ—ਤੇ ਤੂੰ ਵੀ ਉਪਰ ਚੜ੍ਹ ਆਵੀਂ। ਇਹ ਲੋਕ ਜਿਹੜੇ ਦਰਵਾਜ਼ਾ ਤੋੜ ਰਹੇ ਨੇ, ਸਭ ਕੁਝ ਭੁੱਲ ਜਾਣਗੇ ਤੇ ਸਾਡੇ ਪਿੱਛੇ ਆਉਣਗੇ।”
ਤਿਰਲੋਚਨ ਨੇ ਪੁੱਛਿਆ, “ਫੇਰ?”
ਮੋਜ਼ੇਲ ਨੇ ਕਿਹਾ, “ਇਹ ਤੇਰੀ—ਕੀ ਨਾਂ ਏਂ ਇਸਦਾ—ਮੌਕਾ ਵੇਖ ਕੇ ਨਿਕਲ ਜਾਏ। ਇਸ ਭੇਸ ਵਿਚ ਇਸਨੂੰ ਕੋਈ ਕੁਛ ਨਹੀਂ ਕਹੇਗਾ।”
ਤਿਰਲੋਚਨ ਨੇ ਜਲਦੀ ਜਲਦੀ ਕਿਰਪਾਲ ਕੌਰ ਨੂੰ ਸਾਰੀ ਗੱਲ ਦੱਸ ਦਿੱਤੀ। ਮੋਜ਼ੇਲ ਜ਼ੋਰ ਨਾਲ ਚੀਕੀ। ਦਰਵਾਜ਼ਾ ਖੋਲ੍ਹਿਆ ਤੇ ਧੜੰਮ ਬਾਹਰ ਨਿਕਲ ਕੇ ਲੋਕਾਂ ‘ਤੇ ਜਾ ਡਿੱਗੀ। ਸਾਰੇ ਬੌਂਦਲ ਗਏ। ਉਠ ਕੇ ਉਹ ਉਪਰ ਵਾਲੀਆਂ ਪੌੜੀਆਂ ਵੱਲ ਦੌੜੀ। ਤਿਰਲੋਚਨ ਉਸਦੇ ਪਿੱਛੇ-ਪਿੱਛੇ ਸੀ। ਸਾਰੇ ਇਕ ਪਾਸੇ ਹਟ ਗਏ।
ਮੋਜ਼ੇਲ ਅੰਨ੍ਹੇਵਾਹ ਪੌੜੀਆਂ ਚੜ੍ਹ ਰਹੀ ਸੀ—ਖੜਾਵਾਂ ਉਸਦੇ ਪੈਰਾਂ ਵਿਚ ਸਨ। ਉਹ ਲੋਕ, ਜਿਹੜੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ, ਸੰਭਲ ਕੇ ਉਹਨਾਂ ਦੇ ਪਿੱਛੇ ਦੌੜ ਪਏ। ਯਕਦਮ ਮੋਜ਼ੇਲ ਦਾ ਪੈਰ ਤਿਲ੍ਹਕ ਗਿਆ ਤੇ ਉਪਰਲੀ ਪੌੜੀ ਤੋਂ ਉਹ ਕੁਛ ਇਸ ਤਰ੍ਹਾਂ ਰੁੜ੍ਹੀ ਕਿ ਹਰ ਪੱਥਰੀਲੀ ਪੌੜੀ ਨਾਲ ਟਕਰਾਉਂਦੀ, ਲੋਹੇ ਦੇ ਜੰਗਲੇ ਨਾਲ ਵੱਜਦੀ ਹੇਠਾਂ ਆ ਡਿੱਗੀ—ਪੱਥਰੀਲੇ ਫਰਸ਼ ਉੱਤੇ।
ਤਿਰਲੋਚਨ ਯਕਦਮ ਹੇਠਾਂ ਉਤਰਿਆ। ਝੁਕ ਕੇ ਉਸਨੇ ਦੇਖਿਆ ਤਾਂ ਉਸਦੀ ਨੱਕ ਵਿਚੋਂ ਖ਼ੂਨ ਵਗ ਰਿਹਾ ਸੀ। ਮੂੰਹ ਵਿਚੋਂ ਖ਼ੂਨ ਵਗ ਰਿਹਾ ਸੀ। ਕੰਨਾਂ ਵਿਚੋਂ ਵੀ ਖ਼ੂਨ ਨਿਕਲ ਰਿਹਾ ਸੀ। ਉਹ ਜਿਹੜੇ ਦਰਵਾਜ਼ਾ ਤੋੜਨ ਆਏ ਸਨ, ਇਰਦ-ਗਿਰਦ ਇਕੱਠੇ ਹੋ ਗਏ ਸਨ—ਕਿਸੇ ਨੇ ਵੀ ਇਹ ਨਹੀਂ ਪੁੱਛਿਆ ਕਿ ਕੀ ਹੋਇਆ ਹੈ। ਸਾਰੇ ਚੁੱਪ ਸਨ ਤੇ ਮੋਜ਼ੇਲ ਦੇ ਨੰਗੇ ਦੇ ਗੋਰੇ ਜਿਸਮ ਨੂੰ ਦੇਖ ਰਹੇ ਸਨ, ਜਿਹੜਾ ਥਾਂ-ਥਾਂ ਤੋਂ ਛਿੱਲਿਆ-ਝਰੀਟਿਆ ਗਿਆ ਸੀ।
ਤਿਰਲੋਚਨ ਨੇ ਉਸਦੀ ਬਾਂਹ ਹਿਲਾਈ ਤੇ ਆਵਾਜ਼ ਮਾਰੀ, “ਮੋਜ਼ੇਲ! ਮੋਜ਼ੇਲ!”
ਮੋਜ਼ੇਲ ਨੇ ਆਪਣੀਆਂ ਮੋਟੀਆਂ-ਮੋਟੀਆਂ ਯਹੂਦੀ ਅੱਖਾਂ ਖੋਲ੍ਹੀਆਂ, ਜਿਹੜੀਆਂ ਬੀਰ-ਵਹੁਟੀ ਵਾਂਗ ਲਾਲ ਹੋਈਆਂ ਹੋਈਆਂ ਸਨ ਤੇ ਮੁਸਕਰਾਈ। ਤਿਰਲੋਚਨ ਨੇ ਆਪਣੀ ਪੱਗ ਲਾਹੀ ਤੇ ਖੋਲ੍ਹ ਕੇ ਉਸਦਾ ਨੰਗਾ ਸਰੀਰ ਢਕ ਦਿੱਤਾ। ਮੋਜ਼ੇਲ ਫੇਰ ਮੁਸਕਰਾਈ ਤੇ ਅੱਖ ਮਾਰ ਕੇ ਮੂੰਹੋਂ ਖ਼ੂਨ ਦੇ ਬੁਲਬੁਲੇ ਛੱਡਦਿਆਂ ਤਿਰਲੋਚਨ ਨੂੰ ਕਿਹਾ, “ਜਾਹ, ਦੇਖ—ਮੇਰਾ ਅੰਡਰ-ਵੀਅਰ ਉੱਥੇ ਹੈ ਕਿ ਨਹੀਂ। ਮੇਰਾ ਮਤਲਬ ਏ ਕਿ ਉਹ…”
ਤਿਰਲੋਚਨ ਉਸਦਾ ਮਤਲਬ ਸਮਝ ਗਿਆ, ਪਰ ਉਹ ਉੱਠਿਆ ਨਹੀਂ। ਇਸ ‘ਤੇ ਮੋਜ਼ੇਲ ਨੇ ਹਿਰਖ ਕੇ ਕਿਹਾ, “ਤੂੰ ਸੱਚਮੁੱਚ ਸਿੱਖ ਏਂ…ਜਾਹ, ਦੇਖ ਕੇ ਆ।”
ਤਿਰਲੋਚਨ ਉਠ ਕੇ ਕਿਰਪਾਲ ਦੇ ਫਲੈਟ ਵੱਲ ਚਲਾ ਗਿਆ। ਮੋਜ਼ੇਲ ਨੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਆਪਣੇ ਆਸੇ-ਪਾਸੇ ਖੜ੍ਹੇ ਲੋਕਾਂ ਨੂੰ ਦੇਖਿਆ ਤੇ ਕਿਹਾ, “ਇਹ ਮੀਆਂ ਭਾਈ ਏ…ਪਰ ਬਹੁਤ ਵੱਡਾ ਦਾਦਾ ਕਿਸਮ ਦਾ…ਮੈਂ ਇਸਨੂੰ ਸਿੱਖ ਕਹਿੰਦੀ ਆਂ।”
ਤਿਰਲੋਚਨ ਵਾਪਸ ਆ ਗਿਆ। ਉਸਨੇ ਅੱਖਾਂ-ਅੱਖਾਂ ਵਿਚ ਹੀ ਮੋਜ਼ੇਲ ਨੂੰ ਦੱਸਿਆ ਕਿ ਕਿਰਪਾਲ ਕੌਰ ਜਾ ਚੁੱਕੀ ਹੈ। ਮੋਜ਼ੇਲ ਨੇ ਸੁਖ ਦਾ ਸਾਹ ਲਿਆ—ਪਰ ਇੰਜ ਕਰਨ ਨਾਲ ਬਹੁਤ ਸਾਰਾ ਖ਼ੂਨ ਉਸਦੇ ਮੂੰਹ ਵਿਚੋਂ ਬਾਹਰ ਨਿਕਲਿਆ। “ਓ ਡੈਮ ਇਟ…” ਇਹ ਕਹਿ ਕੇ ਉਸਨੇ ਆਪਣੀ ਰੋਏਂਦਾਰ ਬਾਂਹ ਨਾਲ ਆਪਣਾ ਮੂੰਹ ਪੂੰਝਿਆ ਤੇ ਤਿਰਲੋਚਨ ਵੱਲ ਦੇਖ ਕੇ ਬੋਲੀ, “ਆਲ ਰਾਈਟ ਡਾਰਲਿੰਗ—ਬਾਇ-ਬਾਇ!”
ਤਿਰਲੋਚਨ ਨੇ ਕੁਝ ਕਹਿਣਾ ਚਾਹਿਆ, ਪਰ ਸ਼ਬਦ ਉਸਦੇ ਹਲਕ ਵਿਚ ਹੀ ਅਟਕ ਗਏ।
ਮੋਜ਼ੇਲ ਨੇ ਆਪਣੇ ਸਰੀਰ ਤੋਂ ਤਿਰਲੋਚਨ ਦੀ ਪੱਗ ਲਾਹੀ। “ਲੈ ਜਾ ਇਸਨੂੰ, ਆਪਣੇ ਮਜ਼ਹਬ ਨੂੰ!” ਤੇ ਉਸਦੀ ਨਰੋਈ ਬਾਂਹ ਉਸਦੀਆਂ ਨਿੱਗਰ ਛਾਤੀਆਂ ਉੱਤੇ ਬੇਜਾਨ ਹੋ ਕੇ ਡਿੱਗ ਪਈ।

ਸਆਦਤ ਹਸਨ ਮੰਟੋ
(ਅਨੁਵਾਦ: ਮਹਿੰਦਰ ਬੇਦੀ ਜੈਤੋ)

ਮੈਂ ਕਹਾਣੀ ਕਿਉਂਕਰ ਲਿਖਦਾ ਹਾਂ

by Sandeep Kaur March 23, 2020

ਸਤਿਕਾਰਤ ਬੀਬੀਓ ਤੇ ਸਾਹਿਬੋ !
ਮੈਨੂੰ ਕਿਹਾ ਗਿਆ ਹੈ ਕਿ ਮੈਂ ਇਹ ਦੱਸਾਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ ।
ਇਹ ‘ਕਿਉਂਕਰ’ ਮੇਰੀ ਸਮਝ ਵਿੱਚ ਨਹੀਂ ਆਇਆ । ‘ਕਿਉਂਕਰ’ ਦੇ ਅਰਥ ਸ਼ਬਦ ਕੋਸ਼ ਵਿਚ ਤਾਂ ਇਹ ਮਿਲਦੇ ਨੇ : ‘ਕਿਵੇਂ ਤੇ ਕਿਸ ਤਰਾਂ’ ।
ਹੁਣ ਤੁਹਾਨੂੰ ਕੀ ਦੱਸਾਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ । ਇਹ ਬੜੀ ਉਲਝਣ ਦੀ ਗੱਲ ਹੈ । ਜੇ ‘ਕਿਸ ਤਰਾਂ’ ਨੂੰ ਸਾਹਮਣੇ ਰੱਖਾਂ ਤਾਂ ਇਹ ਜਵਾਬ ਦੇ ਸਕਦਾ ਹਾਂ, “ਮੈਂ ਆਪਣੇ ਕਮਰੇ ਵਿਚ ਸੋਫੇ ਉਤੇ ਬੈਠ ਜਾਂਦਾ ਹਾਂ, ਕਾਗਜ-ਕਲਮ ਫੜਦਾ ਹਾਂ ਅਤੇ ਬਿਸਮਿੱਲਾਹ ਕਰਕੇ ਕਹਾਣੀ ਲਿਖਣੀ ਸੁਰੂ ਕਰ ਦਿੰਦਾ ਹਾਂ-ਮੇਰੀਆਂ ਤਿੰਨੇ ਬੱਚੀਆਂ ਰੌਲਾਂ ਪਾ ਰਹੀਆਂ ਹੁੰਦੀਆਂ ਨੇ । ਮੈਂ ਉਹਨਾਂ ਨਾਲ ਗੱਲਾਂ ਵੀ ਕਰਦਾ ਹਾਂ, ਉਹਨਾਂ ਦੀਆਂ ਆਪਸੀ ਲੜਾਈਆਂ ਦਾ ਫੈਸਲਾ ਵੀ ਕਰਦਾ ਹਾਂ । ਆਪਣੇ ਵਾਸਤੇ ਸਲਾਦ ਵੀ ਤਿਆਰ ਕਰਦਾ ਹਾਂ । ਕੋਈ ਮਿਲਣ ਵਾਲਾ ਆ ਜਾਏ ਤਾਂ ਉਹਦੀ ਸੇਵਾ ਵੀ ਕਰਦਾ ਹਾਂ……ਪਰ ਕਹਾਣੀ ਲਿਖੀ ਜਾਂਦਾ ਹਾਂ ।”
ਹੁਣ ‘ਕਿਵੇਂ’ ਦਾ ਸਵਾਲ ਆਏ ਤਾਂ ਮੈਂ ਇਹ ਕਹਾਂਗਾ : “ਮੈ ਓਦਾਂ ਹੀ ਕਹਾਣੀ ਲਿਖਦਾ ਹਾਂ, ਜਿੱਦਾਂ ਖਾਣਾ ਖਾਂਦਾ ਹਾਂ, ਨਹਾਉਂਦਾਂ ਹਾਂ, ਸਿਗਰਟ ਪੀਦਾਂ ਹਾਂ ਅਤੇ ਝੱਖ ਮਾਰਦਾ ਹਾਂ ।”
ਜੇ ਇਹ ਪੁਛਿਆ ਜਾਏ ਕਿ ਮੈਂ ਕਹਾਣੀ ਕਿਉਂ ਲਿਖਦਾ ਹਾਂ ਤਾਂ ਇਸਦਾ ਜਵਾਬ ਹਾਜ਼ਿਰ ਹੈ ।
“ਮੈਂ ਕਹਾਣੀ ਅੱਵਲ ਤਾਂ ਇਸ ਵਾਸਤੇ ਲਿਖਦਾ ਹਾਂ ਕਿ ਮੈਨੂੰ ਕਹਾਣੀਕਾਰੀ ਦੀ ਸ਼ਰਾਬ ਵਾਂਗ ਬਾਣ ਪੈ ਗਈ ਹੈ ।”
ਮੈਂ ਕਹਾਣੀ ਨਾ ਲਿਖਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਨਹਾਤਾ ਨਹੀਂ ਜਾਂ ਮੈਂ ਸ਼ਰਾਬ ਨਹੀਂ ਪੀਤੀ ।
ਮੈਂ ਕਹਾਣੀ ਨਹੀਂ ਲਿਖਦਾ, ਹਕੀਕਤ ਇਹ ਹੈ ਕਿ ਕਹਾਣੀ ਮੈਨੂੰ ਲਿਖਦੀ ਹੈ ।
ਮੈਂ ਬੁਹਤ ਘੱਟ ਪੜ੍ਹਿਆ ਲਿਖਿਆ ਆਦਮੀ ਹਾਂ…ਉਂਝ ਤਾਂ ਵੀਹ ਤੋਂ ਉਤੇ ਕਿਤਾਬਾਂ ਲਿਖੀਆਂ ਨੇ, ਪਰ ਮੈਨੂੰ ਕਦੇ ਕਦੇ ਹੈਰਾਨੀ ਹੁੰਦੀ ਹੈ ਕਿ ਇਹ ਕੌਣ ਹੈ, ਜੀਹਨੇ ਏਨੀਆਂ ਅੱਛੀਆਂ ਕਹਾਣੀਆਂ ਲਿਖੀਆਂ ਨੇ, ਜਿਹਨਾਂ ਉਤੇ ਨਿਤ ਮੁਕੱਦਮੇ ਚਲਦੇ ਰਹਿੰਦੇ ਨੇ ।
ਜਦੋ ਕਲਮ ਮੇਰੇ ਹੱਥ ਵਿਚ ਨਾ ਹੋਵੇ ਤਾਂ ਮੈਂ ਕੇਵਲ ਸਆਦਤ ਹਸਨ ਹੁੰਦਾ ਹਾਂ, ਜਿਹਨੂੰ ਉਰਦੂ ਆਉਂਦੀ ਹੈ, ਨਾ ਫਾਰਸੀ, ਅੰਗਰੇਜ਼ੀ ਨਾ ਫ੍ਰਾਂਸੀਸੀ ।
ਕਹਾਣੀ ਮੇਰੇ ਦਿਮਾਗ ‘ਚ ਨਹੀਂ, ਜੇਬ ਚ ਹੁੰਦੀ ਹੈ, ਜਿਸਦੀ ਮੈਨੂੰ ਕੋਈ ਖ਼ਬਰ ਨਹੀਂ ਹੁੰਦੀ । ਮੈਂ ਆਪਣੇ ਦਿਮਾਗ ‘ਤੇ ਜੋਰ ਦਿੰਦਾ ਹਾਂ ਕਿ ਕੋਈ ਕਹਾਣੀ ਨਿਕਲ ਆਏ ਕਹਾਣੀਕਾਰ ਬਣਨ ਦੀ ਵੀ ਬੁਹਤ ਕੋਸ਼ਿਸ਼ ਕਰਦਾ ਹਾਂ । ਸਿਗਰਟ ਤੇ ਸਿਗਰਟ ਫੂਕੀ ਜਾਂਦਾ ਹਾਂ ।
ਅਣਲਿਖੀ ਕਹਾਣੀ ਦੇ ਪੈਸੇ ਪੇਸ਼ਗੀ ਵਸੂਲ ਕਰ ਚੁਕਿਆ ਹੁੰਦਾ ਹਾਂ, ਇਸ ਲਈ ਬੜੀ ਕੋਫ਼ਤ ਹੁੰਦੀ ਹੈ ।
ਪਾਸੇ ਬਦਲਦਾ ਹਾਂ, ਉਠ ਕੇ ਆਪਣੀਆਂ ਚਿੜੀਆਂ ਨੂੰ ਦਾਣੇ ਪਾਉਦਾਂ ਹਾਂ, ਬੱਚੀਆਂ ਨੂੰ ਝੂਲਾ ਝੁਲਾਉਂਦਾ ਹਾਂ, ਘਰ ਦਾ ਕੂੜਾ-ਕਬਾੜਾ ਸਾਫ਼ ਕਰਦਾ ਹਾਂ, ਨੰਨੇ ਮੁੰਨੇ ਜੁੱਤੇ, ਜੋ ਘਰ ‘ਚ ਥਾਂ-ਕੁਥਾਂ ਖਿੰਡੇ ਪਏ ਹੁੰਦੇ ਨੇ; ਚੁੱਕ ਕੇ ਇਕ ਥਾਂ ‘ਤੇ ਰੱਖਦਾ ਹਾਂ-ਪਰ ਕੰਬਖਤ ਕਹਾਣੀ, ਜੋ ਮੇਰੀ ਜੇਬ ‘ਚ ਪਈ ਰਹਿੰਦੀ ਹੈ, ਮੇਰੇ ਜ਼ਿਹਨ ‘ਚ ਉਤਰਦੀ ਨਹੀਂ ਅਤੇ ਮੈਂ ਤਿਲਮਿਲਾਉਦਾ ਰਹਿੰਦਾ ਹਾਂ ।
ਜਦੋਂ ਬਹੁਤ ਜ਼ਿਆਦਾ ਕੋਫ਼ਤ ਹੁੰਦੀ ਹੈ ਤਾਂ ਬਾਥਰੂਮ ‘ਚ ਚਲਿਆ ਜਾਂਦਾ ਹਾਂ, ਪਰ ਉਥੋਂ ਵੀ ਕੁਝ ਪ੍ਰਾਪਤ ਨਹੀਂ ਹੁੰਦਾ । ਸੁਣਿਆ ਹੈ ਕਿ ਹਰ ਬੜਾ ਆਦਮੀ ਗੁਸਲਖ਼ਾਨੇ ਵਿਚ ਸੋਚਦਾ ਹੈ-ਮੈਂ ਗੁਸਲਖ਼ਾਨੇ ਵਿਚ ਵੀ ਨਹੀਂ ਸੋਚ ਸਕਦਾ ।
ਹੈਰਤ ਹੈ ਕਿ ਫੇਰ ਵੀ ਮੈਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਬਹੁਤ ਬੜਾ ਕਹਾਣੀਕਾਰ ਹਾਂ ।
ਮੈਂ ਇਹੀ ਕਹਿ ਸਕਦਾ ਹਾਂ ਕਿ ਮੇਰੇ ਆਲੋਚਕਾਂ ਦੀ ਖ਼ੁਸ਼ਫਹਿਮੀ ਹੈ ਜਾਂ ਮੈਂ ਉਨਾਂ ਦੀਆਂ ਅੱਖਾਂ ‘ਚ ਘੱਟਾ ਪਾ ਰਿਹਾ ਹਾਂ, ਉਹਨਾਂ ਉਤੇ ਕੋਈ ਜਾਦੂ ਕਰ ਰਿਹਾ ਹਾਂ ।
ਕਿੱਸਾ ਇਹ ਹੈ ਕਿ ਮੈਂ ਖ਼ੁਦਾ ਨੂੰ ਹਾਜ਼ਿਰ ਨਾਜ਼ਿਰ ਰੱਖ ਕੇ ਕਹਿੰਦਾ ਹਾਂ ਕਿ ਮੈਨੂੰ ਇਸ ਬਾਰੇ ਕੋਈ ਇਲਮ ਨਹੀਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ ਅਤੇ ਕਿਵੇਂ ਲਿਖਦਾ ਹਾਂ ।
ਅਕਸਰ ਮੌਕਿਆਂ ‘ਤੇ ਅਜਿਹਾ ਹੋਇਆ ਹੈ ਕਿ ਜਦੋਂ ਮੈਂ ਨਿਰਾਸ਼ ਹੋਇਆ ਤਾਂ ਮੇਰੀ ਪਤਨੀ ਨੇ ਮੈਨੂੰ ਕਿਹਾ: “ਤੁਸੀਂ ਸੋਚੋ ਨਾ…ਕਲਮ ਚੁੱਕੋ ਅਤੇ ਲਿਖਣਾ ਸ਼ੁਰੂ ਕਰ ਦਿਓ ।”
ਮੈਂ ਉਹਦੇ ਕਹਿਣ ‘ਤੇ ਪੈਂਸਿਲ ਜਾਂ ਕਲਮ ਚੁੱਕਦਾ ਹਾਂ ਅਤੇ ਲਿਖਣਾ ਸ਼ੁਰੂ ਕਰ ਦਿੰਦਾ ਹਾਂ ।
ਦਿਮਾਗ ਬਿਲਕੁਲ ਖਾਲੀ ਹੁੰਦਾ ਹੈ, ਪਰ ਜੇਬ ਭਰੀ ਹੁੰਦੀ ਹੈ ਅਤੇ ਆਪਣੇ ਆਪ ਕੋਈ ਕਹਾਣੀ ਉਛਲ ਕੇ ਬਾਹਰ ਆ ਜਾਂਦੀ ਹੈ ।
ਮੈਂ ਆਪਣੇ ਆਪ ਨੂੰ ਇਸ ਪੱਖੋਂ ਕਹਾਣੀਕਾਰ ਨਹੀਂ, ਜੇਬ ਕਤਰਾ ਸਮਝਦਾ ਹਾਂ, ਜੋ ਆਪਣੀ ਜੇਬ ਆਪ ਹੀ ਕੱਟਦਾ ਹੈ ਅਤੇ ਤੁਹਾਡੇ ਹਵਾਲੇ ਕਰ ਦਿੰਦਾ ਹੈ।
ਮੇਰੇ ਵਰਗਾ ਬੱਧੂ ਵੀ ਦੁਨੀਆਂ ‘ਚ ਕੋਈ ਹੋਰ ਹੋਊਗਾ ?

ਸਆਦਤ ਹਸਨ ਮੰਟੋ

ਠੰਡਾ ਗੋਸ਼ਤ

by Sandeep Kaur March 17, 2020

ਈਸ਼ਰ ਸਿੰਘ ਦੇ ਹੋਟਲ ਦੇ ਕਮਰੇ ਵਿਚ ਵੜਦਿਆਂ ਸਾਰ ਈ ਕੁਲਵੰਤ ਕੌਰ ਪਲੰਘ ਤੋਂ ਉਠੀ। ਤਿੱਖੀ ਤੱਕਣੀ ਨਾਲ ਉਹਨੂੰ ਘੂਰਿਆ ਤੇ ਬੂਹੇ ਦੀ ਚਿਟਕਣੀ ਲਾ ਦਿੱਤੀ। ਰਾਤ ਦੇ ਬਾਰਾਂ ਵੱਜ ਗਏ ਸੀ। ਸ਼ਹਿਰ ਦਾ ਆਲ ਦੁਆਲਾ ਕਿਸੇ ਅਵੱਲੀ ਜਿਹੀ ਚੁੱਪ ਵਿਚ ਡੁੱਬਾ ਹੋਇਆ ਸੀ।
ਕੁਲਵੰਤ ਕੌਰ ਪਲੰਘ ਤੇ ਚੌਂਕੜੀ ਮਾਰ ਕੇ ਬੈਠ ਗਈ। ਈਸ਼ਰ ਸਿੰਘ ਖ਼ੌਰੇ ਆਪਣੇ ਖ਼ਿਆਲਾਂ ਦੀਆਂ ਗੰਢਾਂ ਖੋਲ੍ਹਣ ਵਿਚ ਰੁੱਝਾ ਹੋਇਆ ਸੀ, ਹੱਥੀਂ ਕਿਰਪਾਣ ਫੜੀ ਇਕ ਨੁਕਰੇ ਲੱਗ ਕੇ ਖਲੋਤਾ ਸੀ। ਝੱਟ-ਪਲ ਇੰਜ ਈ ਚੁੱਪ ਚਾਂ ਵਿਚ ਲੰਘ ਗਿਆ। ਕੁਲਵੰਤ ਕੌਰ ਨੂੰ ਅਪਣਾ ਆਸਨ ਪਸੰਦ ਨਾ ਆਇਆ ਤੇ ਉਹ ਪਲੰਘ ਤੋਂ ਲੱਤਾਂ ਲਿਮਕਾ ਕੇ ਹਿਲਾਉਣ ਲੱਗ ਪਈ। ਈਸ਼ਰ ਸਿੰਘ ਫਿਰ ਵੀ ਕੁੱਝ ਨਾ ਬੋਲਿਆ।
ਕੁਲਵੰਤ ਕੌਰ ਚੰਗੇ ਹੱਡਾਂ ਪੈਰਾਂ ਵਾਲ਼ੀ ਭਰਵੀਂ ਜ਼ਨਾਨੀ ਸੀ। ਚੌੜਾ ਥੱਲਾ, ਥਲ ਥਲ ਕਰਦੇ ਗੋਸ਼ਤ ਦਾ ਭਰਿਆ ਕੁੱਝ ਵਾਹਵਾ ਈ ਉਭਰਿਆ ਹੋਇਆ ਸੀਨਾ, ਤੇਜ਼ ਅੱਖਾਂ, ਉਤਲੇ ਬੁੱਲ੍ਹਾਂ ਦੇ ਉਤੇ ਵਾਲਾਂ ਦਾ ਸੁਰਮਈ ਗ਼ੁਬਾਰ, ਠੋਡੀ ਦੀ ਬਣਤ ਤੋਂ ਪਤਾ ਲਗਦਾ ਸੀ ਪਈ ਬੜੀ ਧੜੱਲੇ ਵਾਲ਼ੀ ਜ਼ਨਾਨੀ ਏ।
ਈਸ਼ਰ ਸਿੰਘ ਸਿਰ ਨਿਵਾਈਂ ਇਕ ਨੁਕਰੇ ਚੁੱਪ-ਚਾਪ ਖਲੋਤਾ ਸੀ, ਸਿਰ ਤੇ ਕੱਸ ਕੇ ਬੰਨ੍ਹੀ ਪੱਗ ਢਿੱਲੀ ਹੋ ਰਹੀ ਸੀ, ਜਿਸ ਹਥ ਵਿਚ ਕ੍ਰਿਪਾਣ ਫੜੀ ਸੀ ਉਹ ਹੌਲੀ ਹੌਲੀ ਕੰਬ ਰਿਹਾ ਸੀ। ਪਰ ਉਹਦੇ ਕੱਦ-ਕਾਠ ਤੋਂ ਜਾਪਦਾ ਸੀ ਪਈ ਉਹ ਕੁਲਵੰਤ ਕੌਰ ਵਰਗੀ ਜ਼ਨਾਨੀ ਲਈ ਚੰਗਾ ਤੇ ਵਧੀਆ ਜਣਾ ਸੀ।
ਕੁੱਝ ਵੇਲ਼ਾ ਹੋਰ ਚੁੱਪ-ਚਾਂ ਵਿਚ ਲੰਘਿਆ ਤੇ ਕੁਲਵੰਤ ਕੌਰ ਤ੍ਰਭਕ ਪਈ। ਪਰ ਤੇਜ਼ ਤੱਕਣੀ ਨਾਲ ਤੱਕਦਿਆਂ ਏਨਾ ਈ ਆਖ ਸਕੀ ”ਈਸ਼ਰ ਸਿਆਂ!”
ਈਸ਼ਰ ਸਿੰਘ ਨੇ ਧੌਣ ਚੁਕ ਕੇ ਕੁਲਵੰਤ ਕੌਰ ਵੱਲ ਵੇਖਿਆ, ਪਰ ਉਹਦੀਆਂ ਨਜ਼ਰਾਂ ਦੀਆਂ ਗੋਲੀਆਂ ਨੂੰ ਜਰ ਨਾ ਸਕਿਆ ਤੇ ਮੂੰਹ ਭੁਆਂ ਲਿਆ।
ਕੁਲਵੰਤ ਕੌਰ ਚੀਕੀ: ”ਈਸ਼ਰ ਸਿਆਂ!” ਪਰ ਫਿਰ ਅੱਚਣ-ਚੇਤੀ ਵਾਜ ਘੁੱਟ ਲਈ ਤੇ ਪਲੰਘ ਤੋਂ ਉਠ ਕੇ ਉਹਦੇ ਵੱਲ ਜਾਂਦਿਆਂ ਬੋਲੀ: ”ਕਿੱਥੇ ਰਿਹੈਂ ਤੂੰ ਏਨੇ ਦਿਨ?”
ਈਸ਼ਰ ਸਿੰਘ ਨੇ ਸੁੱਕੇ ਬੁਲ੍ਹਾਂ ਤੇ ਜੀਭ ਫੇਰੀ: ”ਮੈਨੂੰ ਨਹੀਂ ਪਤਾ।”
ਕੁਲਵੰਤ ਕੌਰ ਨੂੰ ਕਾਵੜ ਚੜ੍ਹ ਗਈ: ”ਇਹ ਵੀ ਮਾਂ ਯਾ ਜਵਾਬ ਏ?”
ਈਸ਼ਰ ਸਿੰਘ ਨੇ ਕ੍ਰਿਪਾਣ ਇਕ ਪਾਸੇ ਸੁਟ ਦਿੱਤੀ ਤੇ ਪਲੰਘ ਤੇ ਲੰਮਾਂ ਪੇ ਗਿਆ। ਇੰਜ ਜਾਪਦਾ ਸੀ ਜਿਵੇਂ ਕਈ ਦਿਨਾਂ ਦਾ ਬੀਮਾਰ ਹੋਵੇ। ਕੁਲਵੰਤ ਕੌਰ ਨੇ ਪਲੰਘ ਵੱਲ ਵੇਖਿਆ ਜਿਹੜਾ ਹੁਣ ਈਸ਼ਰ ਸਿੰਘ ਦੇ ਜੁੱਸੇ ਨਾਲ ਭਰਿਆ ਹੋਇਆ ਸੀ। ਉਹਦਾ ਦਿਲ ਪੋਲਾ ਪੈ ਗਿਆ। ਉਹਦੇ ਮੱਥੇ ਤੇ ਹਥ ਰੱਖ ਕੇ ਉਹਨੇ ਬੜੇ ਮੋਹ ਨਾਲ ਪੁੱਛਿਆ: ”ਜਾਨੀ ਕੀ ਹੋਇਆ ਏ ਤੈਨੂੰ?”
ਈਸ਼ਰ ਸਿੰਘ ਛੱਤ ਵੱਲ ਘੂਰ ਰਿਹਾ ਸੀ। ਉਧਰੋਂ ਨਜ਼ਰਾਂ ਫੇਰ ਕੇ ਉਹਨੇ ਕੁਲਵੰਤ ਕੌਰ ਦੇ ਜਾਣੇ-ਪਛਾਣੇ ਮੁਹਾਂਦਰੇ ਨੂੰ ਫਰੋਲਣਾ ਸ਼ੁਰੂ ਕੀਤਾ: ”ਕੁਲਵੰਤ!”
ਵਾਜ ਵਿਚ ਪੀੜ ਸੀ। ਕੁਲਵੰਤ ਕੌਰ ਸਾਰੀ ਦੀ ਸਾਰੀ ਆਪਣੇ ਉਤਲੇ ਬੁੱਲਾਂ ਵਿਚ ਆ ਗਈ ”ਹਾਂ ਜਾਨੀ!” ਆਖ ਕੇ ਉਹ ਬੁੱਲ੍ਹਾਂ ਨੂੰ ਦੰਦਾਂ ਨਾਲ ਚਿੱਥਣ ਲੱਗ ਪਈ।
ਈਸ਼ਰ ਸਿੰਘ ਨੇ ਪੱਗ ਲਾਹ ਦਿੱਤੀ। ਕੁਲਵੰਤ ਨੂੰ ਸਹਾਰਾ ਦੇਣ ਵਾਲੀ ਤੱਕਣੀ ਨਾਲ ਤੱਕਿਆ। ਉਹਦੇ ਮਾਸ ਭਰੇ ਚੁੱਤੜਾਂ ਤੇ ਜ਼ੋਰ ਦਾ ਧੱਫਾ ਮਾਰਿਆ ਤੇ ਸਿਰ ਨੂੰ ਝਟਕਾ ਕੇ ਆਪਣੇ ਆਪ ਨੂੰ ਆਖਿਆ : ”ਇਹ ਕੁੜੀ ਦਾ ਦਿਮਾਗ਼ ਈ ਖ਼ਰਾਬ ਏ।”
ਝਟਕਾ ਦੇਣ ਨਾਲ ਉਹਦੇ ਕੇਸ ਖੁਲ੍ਹ ਗਏ। ਕੁਲਵੰਤ ਕੌਰ ਉਂਗਲਾਂ ਨਾਲ ਉਨ੍ਹਾਂ ਵਿਚ ਕੰਘੀ ਕਰਨ ਲੱਗੀ। ਇੰਜ ਕਰਦਿਆਂ ਉਹਨੇ ਬੜੇ ਮੋਹ ਨਾਲ ਪੁੱਛਿਆ: ”ਈਸ਼ਰ ਸਿਆਂ ਕਿੱਥੇ ਰਿਹੈਂ ਤੂੰ ਏਨੇ ਦਿਨ?”
”ਬੁਰੇ ਦੀ ਮਾਂ ਦੇ ਘਰ” ਈਸ਼ਰ ਸਿੰਘ ਨੇ ਕੁਲਵੰਤ ਨੂੰ ਘੂਰੀ ਵੱਟੀ ਤੇ ਅੱਚਨ-ਚੇਤੀ ਦੋਹਾਂ ਹੱਥਾਂ ਨਾਲ ਉਹਦੇ ਭਰੇ ਭਰੇ ਸੀਨੇ ਨੂੰ ਮਚੋੜਨ ਲੱਗਾ : ”ਸੌਂਹ ਵਾਹਿਗੁਰੂ ਦੀ! ਬੜੀ ਭਰਵੀਂ ਜ਼ਨਾਨੀ ਏਂ ਤੂੰ।”
ਕੁਲਵੰਤ ਕੌਰ ਨੇ ਬੜੀ ਮੜਕ ਨਾਲ ਈਸ਼ਰ ਸਿੰਘ ਦੇ ਹਥ ਝਟਕ ਦਿੱਤੇ ਤੇ ਪੁੱਛਿਆ:” ਤੈਨੂੰ ਮੇਰੀ ਸੌਂਹ! ਦੱਸ ਕਿੱਥੇ ਰਿਹੈਂ । ਸ਼ਹਿਰ ਗਿਆ ਸੀ?”
ਈਸ਼ਰ ਸਿੰਘ ਨੇਂ ਇਕੋ ਲਪੇਟ ਵਿਚ ਆਪਣੇ ਵਾਲ਼ਾਂ ਦਾ ਜੂੜਾ ਬਣਾਉਂਦਿਆਂ ਜਵਾਬ ਦਿੱਤਾ:
”ਨਹੀਂ।”
ਕੁਲਵੰਤ ਕੌਰ ਚਿੜ੍ਹ ਗਈ: ”ਨਹੀਂ ਤੂੰ ਜ਼ਰੂਰ ਸ਼ਹਿਰ ਈ ਗਿਆ ਸੀ । ਤੇ ਤੂੰ ਬੜਾ ਪੈਸਾ ਲੁੱਟਿਆ ਏ ਜਿਹੜਾ ਹੁਣ ਮੈਥੋਂ ਲੁਕੋ ਰਿਹਾ ਏਂ।”
”ਉਹ ਆਪਣੇ ਪਿਓ ਦਾ ਨਹੀਂ ਜਿਹੜਾ ਤੇਰੇ ਨਾਲ ਝੂਠ ਬੋਲੇ।”
ਕੁਲਵੰਤ ਕੌਰ ਝੱਟ ਇਕ ਲਈ ਚੁੱਪ ਹੋ ਗਈ, ਪਰ ਫਿਰ ਭਖ਼ ਪਈ ”ਪਰ ਮੈਨੂੰ ਸਮਝ ਨਹੀਂ ਆਉਂਦੀ ਉਸ ਰਾਤ ਤੈਨੂੰ ਹੋਇਆ ਕੀ ਸੀ । ਚੰਗਾ ਭਲਾ ਮੇਰੇ ਨਾਲ ਲੰਮਾ ਪਿਆ ਸੀ, ਮੈਨੂੰ ਉਹ ਸਾਰੇ ਗਹਿਣੇ ਪਵਾਏ ਹੋਏ ਸਨ ਜਿਹੜੇ ਸ਼ਹਿਰੋਂ ਲੁੱਟ ਕੇ ਲਿਆਇਆ ਸੀ। ਮੇਰੀਆਂ ਭਪੀਆਂ ਲੈ ਰਿਹਾ ਸੀ, ਰੱਬ ਜਾਣੇ ਇਕਵਾਰੀ ਤੈਨੂੰ ਕੀ ਹੋ ਗਿਆ, ਉਠਿਆ ਤੇ ਕੱਪੜੇ ਪਾ ਕੇ ਬਾਹਰ ਨਿਕਲ ਗਿਆ।”
ਈਸ਼ਰ ਸਿੰਘ ਦਾ ਰੰਗ ਪੀਲ਼ਾ ਫਟਕ ਹੋ ਗਿਆ। ਕੁਲਵੰਤ ਕੌਰ ਨੇ ਇਹ ਬਦਲੀ ਵੇਖਦਿਆਂ ਈ ਆਖਿਆ: ”ਵੇਖਿਆ, ਕਿਵੇਂ ਰੰਗ ਪੀਲ਼ਾ ਪੇ ਗਿਆ । ਈਸ਼ਰ ਸਿਆਂ, ਸੌਂਹ ਵਾਹਿਗੁਰੂ ਦੀ, ਜ਼ਰੂਰ ਦਾਲ ਵਿਚ ਕੁੱਝ ਕਾਲ਼ਾ ਏ।”
”ਤੇਰੀ ਜਾਨ ਦੀ ਸੌਂਹ , ਕੁੱਝ ਵੀ ਨਹੀਂ।”
ਈਸ਼ਰ ਸਿੰਘ ਦੀ ਵਾਜ ਬੇ-ਜਾਨ ਸੀ, ਕੁਲਵੰਤ ਕੌਰ ਦਾ ਸ਼ੁਬ੍ਹਾ ਹੋਰ ਪੱਕਾ ਹੋ ਗਿਆ। ਉਤਲਾ ਬੁੱਲ੍ਹ ਚਿੱਥ ਕੇ ਉਹਨੇ ਇਕ ਇਕ ਫ਼ਿਕਰੇ ਤੇ ਜ਼ੋਰ ਦਿੰਦਿਆਂ ਆਖਿਆ: ”ਈਸ਼ਰ ਸਿਆਂ! ਕੀ ਗੱਲ ਐ, ਤੂੰ ਉਹ ਨਹੀਂ ਏਂ ਜਿਹੜਾ ਅੱਜ ਤੋਂ ਅਠ ਦਿਹਾੜੇ ਪਹਿਲਾਂ ਸੀ?”
ਈਸ਼ਰ ਸਿੰਘ ਤ੍ਰਭਕ ਕੇ ਉਠਿਆ ਜਿਵੇਂ ਉਹਦੇ ਤੇ ਕਿਸੇ ਨੇ ਧਾੜਾ ਮਾਰ ਦਿੱਤਾ ਹੋਵੇ। ਕੁਲਵੰਤ ਕੌਰ ਨੂੰ ਆਪਣੀਆਂ ਤਗੜਿਆਂ ਬਾਹਾਂ ਵਿਚ ਨੱਪ ਕੇ ਉਹਨੇ ਮਧੋਲਣਾ ਸ਼ੁਰੂ ਕਰ ਦਿੱਤਾ: ”ਜਾਨੀ ਮੈਂ ਉਹੋ ਈ ਆਂ । ਘੁੱਟ ਘੁੱਟ ਪਾ ਜੱਫੀਆਂ, ਤੇਰੀ ਨਿਕਲੇ ਹੱਡਾਂ ਦੀ ਗਰਮੀ।”
ਕੁਲਵੰਤ ਕੌਰ ਨੇ ਅੱਗੋਂ ਉਹਨੂੰ ਡੱਕਿਆ ਤੇ ਨਾ, ਪਰ ਸ਼ਿਕਾਇਤ ਕਰਦੀ ਰਹੀ: ”ਤੈਨੂੰ ਉਸ ਰਾਤ ਹੋ ਕੀ ਗਿਆ ਸੀ?”
”ਬੁਰੇ ਦੀ ਮਾਂ ਦਾ ਉਹ ਹੋ ਗਿਆ ਸੀ।”
”ਦੱਸੇਂਗਾ ਨਹੀਂ?”
”ਕੋਈ ਗੱਲ ਹੋਵੇ ਤੇ ਦਸਾਂ।”
”ਮੈਨੂੰ ਆਪਣੇ ਹੱਥੀਂ ਸਾੜੇਂ ਜੇ ਝੂਠ ਬੋਲੇਂ।”
ਈਸ਼ਰ ਸਿੰਘ ਨੇ ਆਪਣੀਆਂ ਬਾਹਾਂ ਉਹਦੀ ਧੌਣ ਦੁਆਲੇ ਪਾ ਲਈਆਂ ਤੇ ਬੁੱਲ੍ਹ ਉਹਦੇ ਬੁੱਲ੍ਹਾਂ ਤੇ ਗੱਡ ਦਿੱਤੇ। ਮੁੱਛਾਂ ਦੇ ਵਾਲ਼ ਕੁਲਵੰਤ ਕੌਰ ਦੀਆਂ ਨਾਸਾਂ ਵਿਚ ਚੁਭੇ ਤੇ ਉਹਨੂੰ ਛਿੱਕ ਆ ਗਈ। ਦੋਵੇਂ ਹੱਸ ਪਏ।
ਈਸ਼ਰ ਸਿੰਘ ਨੇ ਅਪਣੀ ਸਦਰੀ ਲਾਹ ਦਿੱਤੀ ਤੇ ਕੁਲਵੰਤ ਕੌਰ ਨੂੰ ਸ਼ਹਿਵਾਨੀ ਨਜ਼ਰਾਂ ਨਾਲ ਵੇਖ ਕੇ ਆਖਿਆ: ”ਚੱਲ ਆਜਾ ਤਾਸ਼ ਦੀ ਇਕ ਬਾਜ਼ੀ ਹੋ ਜਾਵੇ!”
ਕੁਲਵੰਤ ਕੌਰ ਦੇ ਉਤਲੇ ਬੁੱਲ੍ਹਾਂ ਤੇ ਮੁੜ੍ਹਕੇ ਦੇ ਨਿੱਕੇ ਨਿੱਕੇ ਤੁਬਕੇ ਨਿਕਲ ਆਏ। ਬੜੀ ਮੜ੍ਹਕ ਨਾਲ ਉਹਨੇ ਡੇਲੇ ਘੁਮਾ ਕੇ ਆਖਿਆ : ”ਚੱਲ, ਦਫ਼ਾ ਹੋ।”
ਈਸ਼ਰ ਸਿੰਘ ਨੇ ਉਹਦੇ ਭਰੇ ਹੋਏ ਚੁੱਤੜਾਂ ਤੇ ਭਰਵੀਂ ਚੂੰਢੀ ਵੱਢੀ ਤੇ ਕੁਲਵੰਤ ਕੌਰ ਤੜਫ਼ ਕੇ ਪਾਸੇ ਹੋ ਗਈ। ”ਨਾ ਕਰ ਈਸ਼ਰ ਸਿਆਂ ਮੈਨੂੰ ਪੀੜ ਹੁੰਦੀ ਏ।”
ਈਸ਼ਰ ਸਿੰਘ ਨੇ ਅਗਾਂਹ ਵਧ ਕੇ ਕੁਲਵੰਤ ਕੌਰ ਦਾ ਉਤਲਾ ਬੁੱਲ੍ਹ ਦੰਦਾਂ ਹੇਠ ਲਿਆ ਤੇ ਚਿੱਥਣ ਲੱਗ ਪਿਆ। ਕੁਲਵੰਤ ਕੌਰ ਉੱਕਾ ਈ ਪੰਘਰ ਗਈ। ਈਸ਼ਰ ਸਿੰਘ ਨੇ ਅਪਣਾ ਕੁਰਤਾ ਲਾਹ ਕੇ ਸੁੱਟ ਦਿੱਤਾ ਤੇ ਆਖਿਆ : ”ਲੈ ਫਿਰ ਹੋ ਜਾਵੇ ਤੁਰਪ ਚਾਲ।”
ਕੁਲਵੰਤ ਕੌਰ ਦਾ ਉਤਲਾ ਬੁੱਲ੍ਹ ਕੰਬਣ ਲੱਗਾ। ਈਸ਼ਰ ਸਿੰਘ ਨੇ ਦੋਹਾਂ ਹੱਥਾਂ ਨਾਲ ਕੁਲਵੰਤ ਕੌਰ ਦੇ ਝੱਗੇ ਦਾ ਘੇਰਾ ਫੜਿਆ ਤੇ ਜਿਵੇਂ ਬੱਕਰੇ ਦੀ ਖੱਲ ਲਾਹੀ ਦੀ ਏ, ਇੰਜ ਉਹਨੂੰ ਲਾਹ ਕੇ ਇਕ ਪਾਸੇ ਰੱਖ ਦਿੱਤਾ। ਫਿਰ ਉਹਨੇ ਘੂਰ ਕੇ ਉਹਦੇ ਨੰਗੇ ਪਿੰਡੇ ਨੂੰ ਵੇਖਿਆ ਤੇ ਬਾਂਹ ਤੇ ਕੱਸ ਕੇ ਚੂੰਢੀ ਵਢਦੀਆਂ ਆਖਿਆ: ”ਕੁਲਵੰਤ! ਸੌਂਹ ਵਾਹਿਗੁਰੂ ਦੀ, ਬੜੀ ਕਰਾਰੀ ਜ਼ਨਾਨੀ ਏਂ ਤੂੰ।”
ਕੁਲਵੰਤ ਕੌਰ ਅਪਣੀ ਬਾਂਹ ਤੇ ਬਣੇ ਲਾਲ ਨਿਸ਼ਾਨ ਨੂੰ ਵੇਖਣ ਲੱਗੀ: ”ਬੜਾ ਜ਼ਾਲਮ ਏਂ ਤੂੰ ਈਸ਼ਰ ਸਿਆਂ!”
ਈਸ਼ਰ ਸਿੰਘ ਆਪਣੀਆਂ ਸੰਘਣੀਆਂ ਕਾਲੀਆਂ ਮੁੱਛਾਂ ਵਿਚ ਮੁਸਕਾਇਆ: ”ਹੋਣ ਦੇ ਫਿਰ ਅੱਜ ਜ਼ੁਲਮ!” ਇਹ ਆਖ ਕੇ ਉਹਨੇ ਲੋੜ੍ਹਾ ਈ ਪਾ ਦਿੱਤਾ। ਕੁਲਵੰਤ ਕੌਰ ਦਾ ਉਤਲਾ ਬੁੱਲ੍ਹ ਦੰਦਾਂ ਵਿੱਚ ਲੈ ਕੇ ਚਿਥੀਆ। ਕੰਨ ਤੇ ਦੰਦੀ ਵੱਢੀ। ਉਭਰੇ ਹੋਏ ਸੀਨੇ ਨੂੰ ਮਧੋਲਿਆ। ਭਰੇ ਹੋਏ ਚੁੱਤੜਾਂ ਤੇ ਤਾੜ ਤਾੜ ਚਪੇੜਾਂ ਮਾਰੀਆਂ। ਗੱਲ੍ਹਾਂ ਤੇ ਮੂੰਹ ਭਰ ਭਰ ਚੁੰਮੀਆਂ ਲਈਆਂ। ਚੂਸ ਚੂਸ ਕੇ ਉਹਦੀ ਸਾਰੀ ਛਾਤੀ ਥੁੱਕ ਨਾਲ ਲਬੇੜ ਦਿੱਤੀ।
ਕੁਲਵੰਤ ਕੌਰ ਅੱਗ ਦੇ ਭਾਂਬੜ ਤੇ ਚੜ੍ਹੀ ਹਾਂਡੀ ਵਾਂਗ ਉਬਲਣ ਲੱਗ ਪਈ। ਪਰ ਈਸ਼ਰ ਸਿੰਘ ਇਹ ਸਾਰਾ ਕੁੱਝ ਕਰਣ ਮਗਰੋਂ ਵੀ ਆਪਣੇ ਅੰਦਰ ਗਰਮੀ ਨਾ ਲਿਆ ਸਕਿਆ।
ਜਿੰਨੇ ਗੁਰ ਤੇ ਦਾਅ ਉਹਨੂੰ ਚੇਤੇ ਸਨ, ਸਾਰੇ ਉਹਨੇ ਢੈਣ ਵਾਲੇ ਪਹਿਲਵਾਨ ਵਾਂਗੂੰ ਵਰਤ ਲਏ ਪਰ ਕੋਈ ਵੀ ਦਾਅ ਨਾ ਚੱਲਿਆ। ਕੁਲਵੰਤ ਕੌਰ ਨੇ ਜਿਹਦੇ ਪਿੰਡੇ ਦੀਆਂ ਸਾਰੀਆਂ ਤਾਰਾਂ ਆਪਣੇ ਆਪ ਵੱਜਣ ਲੱਗ ਪਈਆਂ ਸੀ, ਵਾਧੂ ਦੀ ਛੇੜ ਛਾੜ ਤੋਂ ਤੰਗ ਆ ਕੇ ਆਖਿਆ: ”ਈਸ਼ਰ ਸਿਆਂ, ਬੜਾ ਫੈਂਟ ਲਿਆ ਏ, ਹੁਣ ਪੱਤਾ ਸੁਟ!”
ਇਹ ਸੁਣਦਿਆਂ ਈ ਈਸ਼ਰ ਸਿੰਘ ਦੇ ਹੱਥੋਂ ਜਿਵੇਂ ਤਾਸ਼ ਦੀ ਸਾਰੀ ਗੱਡੀ ਤਿਲਕ ਗਈ। ਹਫ਼ਦਾ ਹੋਇਆ ਉਹ ਕੁਲਵੰਤ ਕੌਰ ਦੇ ਪਾਸੇ ਤੇ ਨਾਲ ਲੰਮਾਂ ਪੈ ਗਿਆ ਤੇ ਉਹਦੇ ਮੱਥੇ ਤੇ ਠੰਢੇ ਮੁੜ੍ਹਕੇ ਦੇ ਲੇਪ ਹੋਣ ਲੱਗੇ। ਕੁਲਵੰਤ ਕੌਰ ਨੇ ਉਹਨੂੰ ਗਰਮਾਉਣ ਦਾ ਬੜਾ ਵਾਹ ਲਾਇਆ। ਪਰ ਕੋਈ ਗੱਲ ਨਾ ਬਣੀ। ਹੁਣ ਤੀਕਰ ਸਾਰਾ ਕੁੱਝ ਮੂੰਹੋਂ ਬੋਲੇ ਬਿਨਾਂ ਈ ਹੁੰਦਾ ਰਿਹਾ ਸੀ। ਪਰ ਜਦੋਂ ਕੁਲਵੰਤ ਕੌਰ ਦੇ ਉਡੀਕਣਹਾਰੇ ਅੰਗਾਂ ਨੂੰ ਬੜੀ ਨਾ-ਉਮੀਦੀ ਹੋਈ ਤੇ ਉਹ ਕਾਵੜ ਕੇ ਪਲੰਘ ਤੋਂ ਹੇਠਾਂ ਉੱਤਰ ਗਈ। ਸਾਹਮਣੇ ਕਿੱਲੀ ਤੇ ਚਾਦਰ ਟੰਗੀ ਸੀ, ਉਹਨੂੰ ਲਾਹ ਕੇ ਉਹਨੇ ਛੇਤੀ ਛੇਤੀ ਉੱਤੇ ਲਿਆ ਤੇ ਨਾਸਾਂ ਫੁਲਾ ਕੇ ਆਫਰੀ ਹੋਈ ਬੋਲੀ: ”ਈਸ਼ਰ ਸਿਆਂ! ਉਹ ਕੌਣ ਹਰਾਮ ਦੀ ਜਣੀ ਏਂ ਜਿਹਦੇ ਕੋਲ਼ ਤੂੰ ਏਨੇ ਦਿਨ ਰਹਿ ਕੇ ਆਇਆ ਏਂ ਤੇ ਜਿਹਨੇ ਤੈਨੂੰ ਨਿਚੋੜ ਲਿਆ ਏ।”
ਈਸ਼ਰ ਸਿੰਘ ਪਲੰਘ ਤੇ ਪਿਆ ਹਫ਼ਦਾ ਰਿਹਾ ਤੇ ਕੁੱਝ ਨਾ ਬੋਲਿਆ।
ਕੁਲਵੰਤ ਕੌਰ ਗ਼ੁੱਸੇ ਨਾਲ ਉਬਲਣ ਲੱਗ ਪਈ: ”ਮੈਂ ਪੁੱਛਨੀ ਆਂ ਕੌਣ ਏ ਉਹ ਚੁਡੂ । ਕੌਣ ਏ ਉਹ ਅਲਿਫ਼ਤੀ । ਕੌਣ ਏ ਉਹ ਚੋਰ। ਦੱਸ।”
ਈਸ਼ਰ ਸਿੰਘ ਨੇ ਥੱਕੇ ਲਹਿਜੇ ਵਿਚ ਜਵਾਬ ਦਿੱਤਾ ”ਕੋਈ ਵੀ ਨਹੀਂ ਕੁਲਵੰਤ ਕੌਰੇ, ਕੋਈ ਵੀ ਨਹੀਂ।”
ਕੁਲਵੰਤ ਕੌਰ ਨੇ ਆਪਣੇ ਭਾਰੇ ਚੁੱਤੜਾਂ ਤੇ ਹਥ ਰੱਖ ਕੇ ਬੋਲ ਮਾਰਿਆ: ”ਈਸ਼ਰ ਸਿਆਂ, ਮੈਂ ਅੱਜ ਸੱਚ ਝੂਠ ਨਿਤਾਰ ਕੇ ਰਹਾਂਗੀ । ਵਾਹਿਗੁਰੂ ਜੀ ਦੀ ਸੌਂਹ । ਕੀ ਇਹਦੇ ਪਿੱਛੇ ਕੋਈ ਜ਼ਨਾਨੀ ਨਹੀਂ ਏ?”
ਈਸ਼ਰ ਸਿੰਘ ਕੁੱਝ ਬੋਲਣ ਈ ਲੱਗਾ ਸੀ ਪਰ ਕੁਲਵੰਤ ਕੌਰ ਨੇ ਬੋਲਣ ਨਾ ਦਿੱਤਾ: ”ਸੌਂਹ ਚੁੱਕਣ ਤੋਂ ਪਹਿਲਾਂ ਸੋਚ ਲਵੀਂ ਇਕ ਵਾਰੀ ਪਈ ਮੈਂ ਵੀ ਸਰਦਾਰ ਨਿਹਾਲ ਸਿੰਘ ਦੀ ਧੀ ਆਂ । ਡੱਕਰੇ ਕਰ ਦੇਵਾਂਗੀ ਜੇ ਤੂੰ ਝੂਠ ਬੋਲਿਆ ਤੇ । ਲੈ ਹੁਣ ਚੁਕ ਵਾਹਿਗੁਰੂ ਜੀ ਦੀ ਸੌਂਹ । ਕਿ ਇਹਦੇ ਪਿੱਛੇ ਕੋਈ ਜ਼ਨਾਨੀ ਨਹੀਂ ਏ?”
ਈਸ਼ਰ ਸਿੰਘ ਨੇ ਬੜੇ ਹਿਰਖ ਨਾਲ ਹਾਂ ਵਿਚ ਸਿਰ ਮਾਰਿਆ। ਕੁਲਵੰਤ ਕੌਰ ਹਥੀਓਂ ਈ ਉਖੜ ਗਈ। ਨੱਸ ਕੇ ਨੁੱਕਰ ਵਿਚ ਪਈ ਕ੍ਰਿਪਾਨ ਚੱਕੀ, ਮਿਆਨ ਨੂੰ ਕੇਲੇ ਦੇ ਛਿੱਲੜ ਵਾਂਗੂੰ ਲਾਹ ਕੇ ਪਾਸੇ ਸੁੱਟਿਆ ਤੇ ਈਸ਼ਰ ਸਿੰਘ ਤੇ ਵਾਰ ਕਰ ਦਿੱਤਾ।
ਵੇਖਦਿਆਂ ਈ ਵੇਖਦਿਆਂ ਲਹੂ ਦੇ ਫ਼ਵਾਰੇ ਛੁੱਟ ਪਏ। ਕੁਲਵੰਤ ਕੌਰ ਦਾ ਇੰਜ ਵੀ ਦਿਲ ਨਾ ਠਰਿਆ ਤੇ ਉਹਨੇ ਵਹਿਸ਼ੀ ਬਿੱਲੀਆਂ ਵਾਂਗੂੰ ਈਸ਼ਰ ਸਿੰਘ ਦੇ ਕੇਸ ਪੱਟਣੇ ਸ਼ੁਰੂ ਕਰ ਦਿੱਤੇ। ਨਾਲੋ ਨਾਲ ਉਹ ਅਪਣੀ ਅਣ-ਪਛਾਤੀ ਸੌਂਕਣ ਨੂੰ ਮੋਟੀਆਂ ਮੋਟੀਆਂ ਗਾਹਲਾਂ ਵੀ ਕੱਢਦੀ ਰਹੀ। ਈਸ਼ਰ ਸਿੰਘ ਨੇ ਕੁੱਝ ਚਿਰ ਮਗਰੋਂ ਬੜੀ ਔਖ ਨਾਲ ਤਰਲਾ ਪਾਇਆ: ”ਜਾਣ ਦੇ ਹੁਣ ਕੁਲਵੰਤ ਕੌਰੇ! ਜਾਣ ਦੇ।” ਵਾਜ ਵਿਚ ਲੋੜ੍ਹੇ ਦੀ ਪੀੜ ਸੀ। ਕੁਲਵੰਤ ਕੌਰ ਪਿਛਾਂਹ ਹੱਟ ਗਈ।
ਲਹੂ ਈਸ਼ਰ ਸਿੰਘ ਦੇ ਗਲ਼ ਤੋਂ ਉਡ ਉਡ ਉਹਦੀਆਂ ਮੁੱਛਾਂ ਤੇ ਡਿੱਗ ਰਿਹਾ ਸੀ। ਉਹਨੇ ਆਪਣੇ ਕੰਬਦੇ ਬੁੱਲ੍ਹ ਖੋਲ੍ਹੇ ਤੇ ਕੁਲਵੰਤ ਕੌਰ ਵੱਲ ਸ਼ੁਕਰੀਏ ਤੇ ਗਿਲੇ ਵਾਲੀ ਤੱਕਣੀ ਤੱਕੀ : ”ਮੇਰੀ ਜਾਨ! ਤੂੰ ਬੜੀ ਕਾਹਲ਼ ਕੀਤੀ । ਪਰ ਜੋ ਹੋਇਆ ਚੰਗਾ ਹੋਇਆ।”
ਕੁਲਵੰਤ ਕੌਰ ਦਾ ਜੁੱਸਾ ਫੜਕਿਆ:”ਪਰ ਉਹ ਹੈ ਕੌਣ? ਤੇਰੀ ਮਾਂ!”
ਲਹੂ ਈਸ਼ਰ ਸਿੰਘ ਦੀ ਜੀਭ ਤੀਕਰ ਅੱਪੜ ਗਿਆ। ਜਦੋਂ ਉਹਨੇ ਉਹਦਾ ਸਵਾਦ ਚੱਖਿਆ ਤੇ ਉਹਦੇ ਪਿੰਡੇ ਵਿਚ ਝੁਰਝੁਰੀ ਜਿਹੀ ਦੌੜ ਗਈ।
”ਤੇ ਮੈਂ । ਤੈ ਮੈਂ । ਭੈਣ ਯਾ ਛੇ ਬੰਦਿਆਂ ਨੂੰ ਕਤਲ ਕੀਤਾ ਏ । ਇਸ ਕ੍ਰਿਪਾਨ ਨਾਲ।”
ਕੁਲਵੰਤ ਕੌਰ ਦੇ ਦਿਮਾਗ਼ ਵਿੱਚ ਸਿਰਫ਼ ਦੂਜੀ ਜ਼ਨਾਨੀ ਸੀ: ”ਮੈਂ ਪੁੱਛਨੀ ਆਂ, ਕੌਣ ਏ ਉਹ ਹਰਾਮ ਦੀ ਜਣੀ?”
ਈਸ਼ਰ ਸਿੰਘ ਦੀਆਂ ਅੱਖਾਂ ਅੱਗੇ ਹਨੇਰਾ ਆ ਰਿਹਾ ਸੀ। ਇਕ ਮਾੜੀ ਜਿਹੀ ਚਮਕ ਉਨ੍ਹਾਂ ਵਿਚ ਆਈ ਤੇ ਉਹਨੇ ਕੁਲਵੰਤ ਕੌਰ ਨੂੰ ਆਖਿਆ: ”ਗਾਹਲ਼ ਨਾ ਕੱਢ ਉਸ ਭੜਵੀ ਨੂੰ।”
ਕੁਲਵੰਤ ਚੀਕੀ: ”ਮੈਂ ਪੁੱਛਨੀ ਆਂ, ਉਹ ਹੈ ਕੌਣ?”
ਈਸ਼ਰ ਸਿੰਘ ਰੋਣ ਹਾਕਾ ਹੋ ਗਿਆ: ”ਦੱਸਨਾਂ।” ਇਹ ਕਹਿ ਕੇ ਉਹਨੇ ਆਪਣੇ ਗਲ਼ ਤੇ ਹਥ ਫੇਰਿਆ ਤੇ ਉਹਦੇ ਤੇ ਅਪਣਾ ਜਿਊਂਦਾ ਲਹੂ ਵੇਖ ਕੇ ਮੁਸਕਾਇਆ : ”ਬੰਦਾ ਮਾਂ ਯਾ ਵੀ ਇਕ ਔਂਤਰੀ ਸ਼ੈ ਆ।”
ਕੁਲਵੰਤ ਕੌਰ ਉਹਦਾ ਜਵਾਬ ਉਡੀਕ ਰਹੀ ਸੀ: ”ਈਸ਼ਰ ਸਿਆਂ ਤੂੰ ਮਤਲਬ ਦੀ ਗੱਲ ਕਰ!”
ਈਸ਼ਰ ਸਿੰਘ ਦੀ ਮੁਸਕਾਨ ਉਹਦੀਆਂ ਲਹੂ ਭਰੀਆਂ ਮੁੱਛਾਂ ਵਿਚ ਹੋਰ ਖਿਲਰ ਗਈ । ”ਮਤਲਬ ਦੀ ਗੱਲ ਈ ਕਰ ਰਿਹਾਂ । ਗਲ਼ ਚੀਰਿਆ ਏ ਮਾਂ ਯਾ ਮੇਰਾ । ਹੁਣ ਹੌਲ਼ੀ ਹੌਲ਼ੀ ਈ ਦੱਸਾਂਗਾ ਸਾਰੀ ਗੱਲ।”
ਤੇ ਜਦੋਂ ਉਹ ਗੱਲ ਦੱਸਣ ਲੱਗਾ ਤੇ ਉਹਦੇ ਮੱਥੇ ਤੇ ਠੰਢੇ ਮੁੜ੍ਹਕੇ ਦੇ ਲੇਪ ਹੋਣ ਲੱਗੇ: ”ਕੁਲਵੰਤ! ਮੇਰੀ ਜਾਨ । ਮੈਂ ਤੈਨੂੰ ਦਸ ਨਹੀਂ ਸਕਦਾ, ਮੇਰੇ ਨਾਲ ਕੀ ਬੀਤੀ । ਬੰਦਾ ਕੁੜੀ ਯਾ ਵੀ ਇਕ ਔਂਤਰੀ ਸ਼ੈ ਆ । ਸ਼ਹਿਰ ਵਿਚ ਲੁੱਟ ਮਚੀ ਤੇ ਸਾਰਿਆਂ ਵਾਂਗੂੰ ਮੈਂ ਵੀ ਵਿੱਚ ਰਲ਼ ਗਿਆ । ਗਹਿਣੇ ਤੇ ਰੁਪਈਆ ਪੈਸਾ ਜੋ ਵੀ ਹਥ ਲੱਗਾ ਉਹ ਮੈਂ ਤੈਨੂੰ ਦੇ ਦਿੱਤਾ । ਪਰ ਇਕ ਗੱਲ ਤੈਥੋਂ ਲੁਕਾ ਲਈ।”
ਈਸ਼ਰ ਸਿੰਘ ਨੇ ਫੱਟ ਵਿਚ ਪੀੜ ਮਹਿਸੂਸ ਕੀਤੀ ਤੇ ਹਾਏ ਹਾਏ ਕਰਣ ਲੱਗਾ। ਕੁਲਵੰਤ ਕੌਰ ਨੇ ਉਹਦੇ ਵੱਲ ਕੋਈ ਧਿਆਨ ਨਾ ਦਿੱਤਾ ਤੇ ਬੜੀ ਬੇ-ਰਹਿਮੀ ਨਾਲ ਪੁੱਛਿਆ : ”ਕਿਹੜੀ ਗੱਲ?”
ਈਸ਼ਰ ਸਿੰਘ ਨੇ ਮੁੱਛਾਂ ਤੇ ਜੰਮਦੇ ਲਹੂ ਨੂੰ ਫੂਕ ਮਾਰ ਕੇ ਉਡਾਉਂਦਿਆਂ ਆਖਿਆ: ”ਜਿਸ ਮਕਾਨ ਤੇ । ਮੈਂ ਧਾੜਾ ਮਾਰਿਆ ਸੀ । ਉਹਦੇ ਵਿਚ ਸੱਤ । ਉਹਦੇ ਵਿਚ ਸੱਤ ਜੀ ਸਨ । ਛੇ ਮੈਂ । ਕਤਲ ਕਰ ਦਿੱਤੇ । ਇਸੇ ਕ੍ਰਿਪਾਨ ਨਾਲ ਜਿਹਦੇ ਨਾਲ ਤੂੰ ਮੈਨੂੰ । ਛੱਡ ਇਹਨੂੰ । ਸੁਣ । ਇਕ ਕੁੜੀ ਸੀ । ਅੱਤ ਸੋਹਣੀ । ਉਹਨੂੰ ਚੁੱਕ ਕੇ ਮੈਂ ਨਾਲ਼ ਲੈ ਆਇਆ।”
ਕੁਲਵੰਤ ਕੌਰ ਚੁੱਪ ਕਰ ਕੇ ਸੁਣਦੀ ਰਹੀ। ਈਸ਼ਰ ਸਿੰਘ ਨੇ ਇਕ ਵਾਰੀ ਫਿਰ ਫੂਕ ਮਾਰ ਕੇ ਮੁੱਛਾਂ ਤੋਂ ਲਹੂ ਉਡਾਇਆ : ”ਕੁਲਵੰਤ ਜਾਨੀ, ਕੀ ਦੱਸਾਂ ਮੈਂ ਤੈਨੂੰ ਉਹ ਕਿੰਨੀ ਸੋਹਣੀ ਸੀ । ਮੈਂ ਉਹਨੂੰ ਵੀ ਮਾਰ ਦਿੰਦਾ, ਪਰ ਮੈਂ ਆਖਿਆ:”ਨਹੀਂ ਈਸ਼ਰ ਸਿਆਂ, ਕੁਲਵੰਤ ਕੌਰ ਦਾ ਸਵਾਦ ਤੇ ਤੂੰ ਰੋਜ਼ ਈ ਲੈਨਾਂ ਏਂ, ਇਹ ਮੇਵਾ ਵੀ ਚੱਖ ਕੇ ਵੇਖ।”
ਕੁਲਵੰਤ ਕੌਰ ਨੇ ਬੱਸ ਏਨਾ ਈ ਆਖਿਆ ”ਹੂੰ।”
ਤੇ ਮੈਂ ਉਹਨੂੰ ਮੋਢੇ ਤੇ ਸੁੱਟ ਕੇ ਤੁਰ ਪਿਆ । ਰਾਹ ਵਿਚ । ਕੀ ਕਹਿ ਰਿਹਾ ਸੀ ਮੈਂ । ਹਾਂ ਰਾਹ ਵਿਚ । ਨਹਿਰ ਦੀ ਡੰਡੀ ਕੋਲ, ਥੋਹਰ ਦੀਆਂ ਝਾੜੀਆਂ ਹੇਠਾਂ ਮੈਂ ਉਹਨੂੰ ਲੰਮਾ ਪਾ ਦਿੱਤਾ । ਪਹਿਲੇ ਸੋਚਿਆ ਫੈਂਟਾਂ, ਫਿਰ ਖ਼ਿਆਲ ਆਇਆ ਪਈ ਨਹੀਂ । ਇਹ ਕਹਿੰਦਿਆਂ ਕਹਿੰਦਿਆਂ ਈਸ਼ਰ ਸਿੰਘ ਦੀ ਜੀਭ ਸੁੱਕ ਗਈ।
ਕੁਲਵੰਤ ਕੌਰ ਨੇ ਥੁੱਕ ਨਿਗਲ਼ਦਿਆਂ ਅਪਣਾ ਸੰਘ ਤਰ ਕੀਤਾ ਤੇ ਪੁੱਛਿਆ : ”ਫਿਰ ਕੀ ਹੋਇਆ?”
ਈਸ਼ਰ ਸਿੰਘ ਦੇ ਸੰਘ ਵਿਚੋਂ ਬੜੇ ਔਖੇ ਇਹ ਲਫ਼ਜ਼ ਨਿਕਲੇ:”ਮੈਂ । ਪੱਤਾ ਸੁੱਟਿਆ ।ਪਰ..ਪਰ”
ਉਹਦੀ ਵਾਜ ਡੁੱਬ ਗਈ।
ਕੁਲਵੰਤ ਕੌਰ ਨੇ ਉਹਨੂੰ ਹਲੂਣਿਆ:”ਫਿਰ ਕੀ ਹੋਇਆ?”
ਈਸ਼ਰ ਸਿੰਘ ਨੇ ਬੰਦ ਹੁੰਦੀਆਂ ਅੱਖਾਂ ਖੋਲ੍ਹੀਆਂ ਤੇ ਕੁਲਵੰਤ ਕੌਰ ਦੇ ਪਿੰਡੇ ਨੂੰ ਵੇਖਿਆ ਜਿਹਦੀ ਬੋਟੀ ਬੋਟੀ ਥਿਰਕ ਰਹੀ ਸੀ । ”ਉਹ । ਉਹ ਮਰੀ ਹੋਈ ਸੀ । ਲੋਥ ਸੀ ਬਿਲਕੁਲ ਠੰਡਾ ਗੋਸ਼ਤ । ਜਾਨੀ ਮੈਨੂੰ ਅਪਣਾ ਹੱਥ ਦੇ।”
ਕੁਲਵੰਤ ਕੌਰ ਨੇ ਅਪਣਾ ਹਥ ਈਸ਼ਰ ਸਿੰਘ ਦੇ ਹਥ ਤੇ ਰਖਿਆ ਜਿਹੜਾ ਬਰਫ਼ ਨਾਲੋਂ ਵੀ ਵੱਧ ਠੰਡਾ ਸੀ।

ਸਆਦਤ ਹਸਨ ਮੰਟੋ

ਮਿੰਨ੍ਹੀ ਕਹਾਣੀਆਂ ਸਆਦਤ ਹਸਨ ਮੰਟੋ

by Sandeep Kaur March 17, 2020

1. ਬੇਖ਼ਬਰੀ ਦਾ ਫਾਇਦਾ

ਘੋੜਾ ਦੱਬਿਆਂ ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲ਼ੀ ਬਾਹਰ ਨਿੱਕਲ਼ੀ। ਖਿੜਕੀ ਵਿੱਚੋਂ ਬਾਹਰ ਨਿੱਕਲਣ ਵਾਲ਼ਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋੜਾ ਥੋੜ੍ਹੀ ਦੇਰ ਬਾਅਦ ਫਿਰ ਦੱਬਿਆ – ਦੂਜੀ ਗੋਲ਼ੀ ਮਚਲਦੀ ਹੋਈ ਬਾਹਰ ਨਿੱਕਲ਼ੀ।
ਸੜਕ ਉੱਤੇ ਮਸ਼ਕੀ ਦੀ ਮਸ਼ਕ ਫਟੀ, ਉਹ ਮੂਧੇ ਮੂੰਹ ਡਿੱਗਿਆ ਅਤੇ ਉਹਦਾ ਖੂਨ ਮਸ਼ਕ ਦੇ ਪਾਣੀ ਵਿੱਚ ਘੁਲ਼ ਕੇ ਵਹਿਣ ਲੱਗਾ।
ਘੋੜਾ ਤੀਜੀ ਵਾਰ ਦੱਬਿਆ – ਨਿਸ਼ਾਨਾ ਖੁੰਝ ਗਿਆ, ਗੋਲ਼ੀ ਕੰਧ ਵਿੱਚ ਦਫਫ਼ਨ ਹੋ ਗਈ।
ਚੌਥੀ ਗੋਲ਼ੀ ਇੱਕ ਬੁੱਢੀ ਦੀ ਪਿੱਠ ਵਿੱਚ ਲੱਗੀ, ਉਹ ਚੀਕ ਵੀ ਨਾ ਸਕੀ ਅਤੇ ਉੱਥੇ ਹੀ ਢੇਰ ਹੋ ਗਈ।
ਪੰਜਵੀਂ ਅਤੇ ਛੇਵੀਂ ਗੋਲ਼ੀ ਬੇਕਾਰ ਗਈ, ਨਾ ਕੋਈ ਮਰਿਆ, ਨਾ ਜਖ਼ਮੀ ਹੋਇਆ।
ਗੋਲ਼ੀਆਂ ਚਲਾਉਣ ਵਾਲ਼ਾ ਹੈਰਾਨ ਹੋ ਗਿਆ।
ਅਚਾਨਕ ਸੜਕ ਉੱਤੇ ਇੱਕ ਛੋਟਾ ਜਿਹਾ ਬੱਚਾ ਦੌੜਦਾ ਹੋਇਆ ਦਿਖਾਈ ਦਿੱਤਾ। ਗੋਲ਼ੀਆਂ ਚਲਾਉਣ ਵਾਲ਼ੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਕੀਤਾ।
ਉਸਦੇ ਸਾਥੀ ਨੇ ਕਿਹਾ – “ਇਹ ਕੀ ਕਰਦੈਂ?”
ਗੋਲ਼ੀਆਂ ਚਲਾਉਣ ਵਾਲ਼ੇ ਨੇ ਪੁੱਛਿਆ, “ਕਿਉਂ?”
“ਗੋਲ਼ੀਆਂ ਤਾਂ ਖਤਮ ਹੋ ਚੁੱਕੀਆਂ ਨੇ।”
“ਤੂੰ ਚੁੱਪ ਰਹਿ, ਨਿੱਕੇ ਜਿਹੇ ਬੱਚੇ ਨੂੰ ਕੀ ਪਤਾ?”

2. ਹਲਾਲ ਅਤੇ ਝਟਕਾ

“ਮੈਂ ਉਹਦੇ ਗਲ਼ੇ ‘ਤੇ ਚਾਕੂ ਰੱਖਿਆ, ਹੌਲ਼ੀ-ਹੌਲ਼ੀ ਫੇਰਿਆ ਤੇ ਉਹਨੂੰ ਹਲਾਲ ਕਰ ਦਿੱਤਾ।”
“ਇਹ ਤੂੰ ਕੀ ਕੀਤਾ?”
“ਕਿਉਂ?”
“ਉਹਨੂੰ ਹਲਾਲ ਕਿਉਂ ਕੀਤਾ?”
“ਸੁਆਦ ਆਉਂਦਾ ਹੈ, ਇਸ ਤਰ੍ਹਾਂ ਕਰਨ ‘ਚ”
“ਮਜ਼ਾ ਆਉਂਦਾ ਹੈ ਦੇ ਬੱਚਿਆ… ਤੈਨੂੰ ਝਟਕਾਉਣਾ ਚਾਹੀਦਾ ਸੀ… ਇਸ ਤਰ੍ਹਾਂ।”
ਅਤੇ ਹਲਾਲ ਕਰਨ ਵਾਲ਼ੇ ਦੀ ਗਰਦਨ ਝਟਕਾ ਦਿੱਤੀ ਗਈ।

3. ਕਰਾਮਾਤ

ਲੁੱਟਿਆ ਹੋਇਆ ਮਾਲ ਬਰਾਮਦ ਕਰਨ ਲਈ ਪੁਲੀਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ।
ਲੋਕ ਡਰ ਦੇ ਮਾਰੇ ਹਨੇਰਾ ਹੋਣ ’ਤੇ ਲੁੱਟਿਆ ਹੋਇਆ ਮਾਲ ਬਾਹਰ ਸੁੱਟਣ ਲੱਗੇ।
ਕੁਝ ਅਜਿਹੇ ਵੀ ਸਨ, ਜਿਨ੍ਹਾਂ ਨੇ ਆਪਣਾ ਸਾਮਾਨ ਵੀ ਆਸੇ-ਪਾਸੇ ਕਰ ਦਿੱਤਾ ਤਾਂ ਕਿ ਕਾਨੂੰਨੀ ਖਿੱਚ-ਧੂਹ ਤੋਂ ਬਚੇ ਰਹਿਣ।
ਇੱਕ ਆਦਮੀ ਨੂੰ ਬੜੀ ਦਿੱਕਤ ਪੇਸ਼ ਆਈ। ਉਸ ਕੋਲ ਸ਼ੱਕਰ ਦੀਆਂ ਦੋ ਬੋਰੀਆਂ ਸਨ, ਜਿਹੜੀਆਂ ਉਸ ਨੇ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਸਨ।
ਇੱਕ ਬੋਰੀ ਤਾਂ ਉਹ ਰਾਤ ਦੇ ਹਨੇਰੇ ’ਚ ਨੇੜਲੇ ਖੂਹ ਵਿੱਚ ਸੁੱਟ ਆਇਆ ਪਰ ਜਦੋਂ ਉਹ ਦੂਜੀ ਚੁੱਕ ਕੇ ਸੁੱਟਣ ਲੱਗਾ ਤਾਂ ਨਾਲ ਹੀ ਆਪ ਵੀ ਖੂਹ ਵਿੱਚ ਜਾ ਪਿਆ।
ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਖੂਹ ਵਿੱਚ ਰੱਸੇ ਸੁੱਟੇ ਗਏ। ਦੋ ਨੌਜਵਾਨ ਥੱਲੇ ਉਤਰੇ ਅਤੇ ਉਸ ਆਦਮੀ ਨੂੰ ਬਾਹਰ ਕੱਢ ਲਿਆ ਪਰ ਕੁਝ ਘੰਟਿਆਂ ਬਾਅਦ ਉਹ ਮਰ ਗਿਆ।
ਦੂਜੇ ਦਿਨ ਲੋਕਾਂ ਨੇ ਵਰਤੋਂ ਲਈ ਜਦ ਉਸ ਖੂਹ ਵਿੱਚੋਂ ਪਾਣੀ ਕੱਢਿਆ ਤਾਂ ਉਹ ਮਿੱਠਾ ਸੀ। ਉਸੇ ਰਾਤ ਤੋਂ ਉਸ ਆਦਮੀ ਦੀ ਕਬਰ ’ਤੇ ਦੀਵੇ ਜਗ ਰਹੇ ਹਨ।

ਅਨੁਵਾਦ: ਬਿਕਰਮਜੀਤ ਨੂਰ

4. ਜੈਲੀ

ਸਵੇਰੇ ਛੇ ਵਜੇ ਪਟਰੋਲ ਪੰਪ ਕੋਲ ਹੱਥ ਗੱਡੀ ਵਿਚ
ਬਰਫ਼ ਵੇਚਣ ਵਾਲੇ ਦੇ ਛੁਰਾ ਖੋਭ ਦਿੱਤਾ ਗਿਆ।
ਸੱਤ ਵਜੇ ਤੱਕ ਉਸਦੀ ਲਾਸ਼ ਲੁੱਕ ਵਿਛੀ ਸੜਕ ਉੱਤੇ
ਪਈ ਰਹੀ, ਅਤੇ ਉਸ ‘ਤੇ ਬਰਫ਼ ਪਾਣੀ ਬਣ-ਬਣ ਗਿਰਦੀ ਰਹੀ।
ਸਵਾ ਸੱਤ ਵਜੇ ਪੁਲਿਸ ਲਾਸ਼ ਚੁੱਕ ਕੇ ਲੈ ਗਈ
ਬਰਫ਼ ਅਤੇ ਖੂਨ ਉੱਥੀ ਸੜਕ ਉੱਤੇ ਪਏ ਰਹੇ।
ਫੇਰ ਟਾਂਗਾ ਕੋਲੋਂ ਲੰਘਿਆ
ਬੱਚੇ ਨੇ ਸੜਕ ਉੱਤੇ ਤਾਜ਼ੇ ਖੂਨ ਦੇ ਜੰਮੇ ਹੋਏ ਚਮਕੀਲੇ
ਲੋਥੜੇ ਨੂੰ ਦੇਖਿਆ, ਉਸਦੇ ਮੂੰਹ ਵਿਚ ਪਾਣੀ ਭਰ ਆਇਆ।
ਆਪਣੀ ਮਾਂ ਦੀ ਬਾਂਹ ਖਿੱਚਕੇ ਬੱਚੇ ਨੇ ਆਪਣੀ ਉਂਗਲੀ ਨਾਲ ਉੱਧਰ
ਇਸ਼ਾਰਾ ਕੀਤਾ – “ਦੇਖੋ ਮੰਮੀ, ਜੈਲੀ….।”

5. ਦਾਵਤੇ-ਅਮਲ

ਅੱਗ ਲੱਗੀ ਤਾਂ ਸਾਰਾ ਮੁੱਹਲਾ ਜਲ ਗਿਆ
ਸਿਰਫ ਇਕ ਦੁਕਾਨ ਬਚ ਗਈ,
ਜਿਸਦੇ ਮੱਥੇ ਤੇ ਇਹ ਬੋਰਡ ਲਟਕਿਆ ਹੋਇਆ ਸੀ-
“ਐਥੇ ਇਮਾਰਤ ਸਾਜ਼ੀ ਦਾ ਸਾਰਾ ਸਮਾਨ ਮਿਲਦਾ ਹੈ।”

6. ਪਠਾਨੀਸਤਾਨ

“ਖੂੰ , ਇਕਦਮ ਜਲਦੀ ਬੋਲੋ, ਤੂੰ ਕੌਣ ਏਂ?”
“ਮੈਂ….ਮੈਂ…।”
“ਖੂੰ, ਸ਼ੈਤਾਨ ਦਾ ਬੱਚਾ, ਜਲਦੀ ਬੋਲੋ…. ਹਿੰਦੂ ਏ ਯਾਂ ਮੁਸਲਮਾਨ?”
“ਮੁਸਲਮਾਨ ।”
“ਖੂੰ, ਤੇਰਾ ਰਸੂਲ ਕੌਣ ਏ?”
“ਮੁਹੰਮਦ ਖਾਨ ।”
“ਠੀਕ ਏ… ਜਾਓ।”

7. ਖ਼ਬਰਦਾਰ

ਦੰਗਈ, ਮਾਲਿਕ ਮਕਾਨ ਨੂੰ
ਬੜੀ ਮੁਸ਼ਕਿਲ ਨਾਲ ਘਸੀਟ ਕੇ ਬਾਹਰ ਲੈ ਆਏ।
ਕਪੜੇ ਝਾੜ ਕੇ ਉਹ ਉੱਠ ਖੜ੍ਹਾ ਹੋਇਆ,
ਅਤੇ ਦੰਗਈਆਂ ਨੂੰ ਕਹਿਣ ਲੱਗਾ –
“ਤੁਸੀਂ ਮੈਨੂੰ ਮਾਰ ਸੁੱਟੋ, ਲੇਕਿਨ ਖ਼ਬਰਦਾਰ,
ਜੇ ਮੇਰੇ ਰੁਪਏ-ਪੈਸੇ ਨੂੰ ਹੱਥ ਲਾਇਆ…।”

8. ਹਮੇਸ਼ਾ ਦੀ ਛੁੱਟੀ

“ਫੜ ਲਓ… ਫੜ ਲਓ… ਵੇਖਿਓ ਜਾਵੇ ਨਾ।”
ਸ਼ਿਕਾਰ ਥੋੜ੍ਹੀ ਜਿਹੀ ਦੂਰ ਦੌੜਣ ਤੋਂ ਬਾਅਦ ਫੜਿਆ ਗਿਆ।
ਜਦੋਂ ਭਾਲਾ ਉਸਦੇ ਆਰਪਾਰ ਹੋਣ ਲਈ ਅੱਗੇ ਵਧਿਆ ਤਾਂ
ਉਸਨੇ ਕੰਬਦੀ ਆਵਾਜ਼ ਵਿਚ ਗਿੜਗਿੜਾ ਕੇ ਕਿਹਾ –
“ਮੈਨੂੰ ਨਾ ਮਾਰੋ… ਮੈਂ ਛੁੱਟੀਆਂ ਵਿਚ ਆਪਣੇ ਘਰ ਜਾ ਰਿਹਾ ਹਾਂ।”

9. ਸਾਅਤੇ ਸ਼ੀਰੀਂ

ਨਵੀਂ ਦਿੱਲੀ, ਜਨਵਰੀ 31 (ਏ.ਪੀ.) ਨਰਸੰਹਾਰ ਹੋਇਆ,
ਕਿ ਮਹਾਤਮਾ ਗਾਂਧੀ ਦੀ ਮੌਤ ਉੱਤੇ ਬੇਰਹਮੀ ਨਾਲ ਪ੍ਰਗਟਾਵੇ ਲਈ
ਅਮ੍ਰਿਤਸਰ, ਗਵਾਲੀਅਰ ਅਤੇ ਬੰਬਈ ਵਿਚ ਕਈ ਥਾਵਾਂ ਤੇ,
ਲੋਕਾਂ ਵਿਚ ਸ਼ੀਰੀਂ (ਮੁਸਲਮਾਨੀ ਖੀਰ) ਵੰਡੀ ਗਈ।

10. ਹੈਵਾਨੀਅਤ

ਬੜੀ ਮੁਸ਼ਕਿਲ ਨਾਲ ਮੀਆਂ-ਬੀਵੀ ਘਰ ਦਾ ਥੋੜ੍ਹਾ ਜਿਹਾ ਸਮਾਨ ਬਚਾਉਣ ਵਿਚ ਕਾਮਯਾਬ ਹੋ ਗਏ।
ਇਕ ਜਵਾਨ ਲੜਕੀ ਸੀ, ਉਸ ਦਾ ਪਤਾ ਨਾ ਚੱਲਿਆ।
ਇਕ ਛੋਟੀ ਜਿਹੀ ਬੱਚੀ ਸੀ, ਉਸਨੂੰ ਮਾਂ ਨੇ ਆਪਣੀ ਛਾਤੀ ਨਾਲ ਚਿਪਕਾ ਕੇ ਰੱਖਿਆ।
ਇਕ ਬੂਰੀ ਮੱਝ ਸੀ, ਉਸਨੂੰ ਬਦਮਾਸ਼ ਹੱਕ ਕੇ ਲੈ ਗਏ।
ਇਕ ਗਊ ਸੀ, ਉਹ ਬਚ ਗਈ ਪਰ ਉਸਦਾ ਵੱਛਾ ਨੀ ਮਿਲਿਆ
ਮੀਆਂ-ਬੀਵੀ, ਉਸਦੀ ਛੋਟੀ ਲੜਕੀ ਅਤੇ ਗਊ ਇਕ ਜਗ੍ਹਾ ਲੁਕੇ ਹੋਏ ਸਨ।
ਸਖ਼ਤ ਹਨੇਰੀ ਰਾਤ ਸੀ, ਬੱਚੀ ਨੇ ਡਰ ਕੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਇੰਝ ਲੱਗ ਰਿਹਾ ਸੀ ਕਿ ਕੋਈ ਖ਼ਾਮੋਸ਼ ਵਾਤਾਵਰਣ ਵਿਚ ਢੋਲ ਵਜਾ ਰਿਹਾ ਹੋਵੇ।
ਮਾਂ ਨੇ ਘਬਰਾ ਕੇ ਬੱਚੀ ਦੇ ਮੂੰਹ ਉੱਤੇ ਹੱਥ ਰੱਖ ਦਿੱਤਾ, ਕਿ ਦੁਸ਼ਮਣ ਸੁਣ ਨਾ ਲੈਣ, ਆਵਾਜ਼ ਦਬ ਗਈ –
ਬਾਪ ਨੇ ਜ਼ਰੂਰੀ ਸਮਝਦੇ ਹੋਏ ਬੱਚੀ ਦੇ ਮੂੰਹ ਉੱਪਰ ਮੋਟੀ ਚਾਦਰ ਪਾ ਦਿੱਤੀ।
ਥੋੜ੍ਹੀ ਦੂਰ ਜਾਣ ਦੇ ਬਾਅਦ ਦੂਰੋਂ ਕਿਸੇ ਵੱਛੇ ਦੀ ਆਵਾਜ਼ ਆਈ, ਗਊ ਦੇ ਕੰਨ ਖੜ੍ਹੇ ਹੋ ਗਏ –
ਉਹ ਉੱਠੀ ਤੇ ਪਾਗਲਾਂ ਦੀ ਤਰ੍ਹਾਂ ਦੌੜਦੀ ਹੋਈ ਰੀਂਗਣ ਲੱਗੀ,ਉਸਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਬੇਕਾਰ।
ਰੌਲਾ ਸੁਣ ਕੇ ਦੁਸ਼ਮਣ ਕਰੀਬ ਆ ਗਏ, ਮਸ਼ਾਲਾਂ ਦੀ ਰੌਸ਼ਨੀ ਦਿਖਣ ਲੱਗੀ।
ਬੀਵੀ ਨੇ ਆਪਣੇ ਮੀਆਂ ਨੂੰ ਬੜੇ ਗੁੱਸੇ ਨਾਲ ਕਿਹਾ : “ਤੂੰ ਕਿਉਂ ਇਸ ਹੈਵਾਨ ਨੂੰ ਆਪਣੇ ਨਾਲ ਲੈ ਆਇਆ ਸੀ ।

11. ਪੂਰਵ ਪ੍ਰਬੰਧ

ਪਹਿਲੀ ਵਾਰਦਾਤ ਨਾਕੇ ਦੇ ਹੋਟਲ ਦੇ ਨੇੜੇ ਹੋਈ।
ਫ਼ੌਰਨ ਹੀ ਉੱਥੇ ਇਕ ਸਿਪਾਹੀ ਦਾ ਪਹਿਰਾ ਲਗਾ ਦਿੱਤਾ ਗਿਆ।
ਦੂਜੀ ਵਾਰਦਾਤ, ਦੂਜੇ ਹੀ ਦਿਨ ਸ਼ਾਮ ਨੂੰ ਸਟੋਰ ਸਾਹਮਣੇ ਹੋਈ।
ਸਿਪਾਹੀ ਨੂੰ ਪਹਿਲੀ ਜਗ੍ਹਾ ਤੋਂ ਹਟਾ ਕੇ ਦੂਜੀ ਵਾਰਦਾਤ ਦੇ ਮੁਕਾਮ ਉੱਪਰ ਨਿਯੁਕਤ ਕਰ ਦਿੱਤਾ ਗਿਆ।
ਤੀਸਰਾ ਕੇਸ ਰਾਤ ਦੇ ਬਾਰਾਂ ਵਜੇ ਲਾਂਡਰੀ ਨੇੜੇ ਹੋਇਆ।
ਜਦੋਂ ਇੰਸਪੈਕਟਰ ਨੇ ਸਿਪਾਹੀ ਨੂੰ ਇਸ ਨਵੀਂ ਜਗ੍ਹਾ ਤੇ ਪਹਿਰਾ ਦੇਣ ਦਾ ਹੁਕਮ ਦਿੱਤਾ ਤਾਂ ਉਸ ਨੇ ਕੁਝ ਦੇਰ ਗ਼ੌਰ ਕਰਨ ਦੇ ਬਾਅਦ ਕਿਹਾ –
“ਮੈਨੂੰ ਉਥੇ ਖੜ੍ਹਾ ਕਰੋ ਜਿਥੇ ਨਵੀਂ ਵਾਰਦਾਤ ਹੋਣ ਵਾਲੀ ਹੈ।”

12. ਘਾਟੇ ਦਾ ਸੌਦਾ

ਦੋ ਦੋਸਤਾਂ ਨੇ ਮਿਲਕੇ ਦਸ-ਵੀਹ ਲੜਕੀਆਂ ਵਿਚੋਂ ਇਕ ਲੜਕੀ ਚੁਣੀ
ਅਤੇ ਬਿਆਲੀ ਰੁਪਏ ਦੇ ਕੇ ਉਸਨੰ ਖ਼ਰੀਦ ਲਿਆ।
ਰਾਤ ਗੁਜ਼ਾਰ ਕੇ ਇਕ ਦੋਸਤ ਨੇ ਉਸ ਲੜਕੀ ਨੂੰ ਪੁੱਛਿਆ, “ਤੇਰਾ ਨਾਂ ਕੀ ਐ ?”
ਲੜਕੀ ਨੇ ਆਪਣਾ ਨਾਂ ਦੱਸਿਆ ਤਾਂ ਉਹ ਚੌਂਕ ਉੱਠਿਆ,
“ਸਾਨੂੰ ਤਾਂ ਕਿਹਾ ਗਿਆ ਸੀ ਕਿ ਤੂੰ ਦੂਜੇ ਧਰਮ ਦੀ ਐਂ..”
ਲੜਕੀ ਨੇ ਜਵਾਬ ਦਿੱਤਾ – “ਉਸਨੇ ਝੂਠ ਬੋਲਿਆ ਸੀ।”
ਇਹ ਸੁਣ ਕੇ ਉਹ ਦੌੜਿਆ ਦੌੜਿਆ ਆਪਣੇ ਦੋਸਤ ਕੋਲ ਗਿਆ ਅਤੇ ਕਹਿਣ ਲੱਗਾ –
“ਉਸ ਹਰਾਮਜ਼ਾਦੇ ਨੇ ਸਾਡੇ ਨਾਲ ਧੋਖਾ ਕੀਤਾ ਹੈ, ਸਾਡੇ ਹੀ ਧਰਮ ਦੀ ਲੜਕੀ ਫੜਾ ਦਿੱਤੀ..
ਚਲੋ ਵਾਪਿਸ ਕਰ ਆਈਏ…!

13. ਯੋਗ ਕਾਰਵਾਈ

ਜਦੋਂ ਹਮਲਾ ਹੋਇਆ ਤਾਂ ਮੁਹੱਲੇ ਵਿਚ ਘੱਟ ਗਿਣਤੀ ਦੇ ਕੁਝ ਲੋਕ ਤਾਂ ਕਤਲ ਹੋ ਗਏ,
ਜੋ ਬਾਕੀ ਬਚੇ ਜਾਨ ਬਚਾਕੇ ਭੱਜ ਗਏ। ਇਕ ਆਦਮੀ ਅਤੇ ਉਸਦੀ ਪਤਨੀ ਕਿਸੇ ਵਸ ਆਪਣੇ ਘਰ ਦੇ ਤਹਿਖਾਨੇ ਵਿਚ ਲੁਕ ਗਏ,
ਦੋ ਦਿਨ ਅਤੇ ਦੋ ਰਾਤ ਛੁਪ ਕੇ ਰਹਿਣ ਪਿਛੋਂ ਪਤੀ ਪਤਨੀ ਨੇ ਹਮਲਾਵਰਾ ਦੇ ਆਉਣ ਦੀ ਆਸ ਵਿਚ ਗੁਜ਼ਾਰ ਦਿੱਤੇ ਪਰ ਕੋਈ ਨਾ ਆਇਆ।
ਦੋ ਦਿਨ ਹੋਰ ਕੱਢ ਦਿੱਤੇ, ਮੌਤ ਦਾ ਡਰ ਘਟਣ ਲੱਗਾ, ਭੁੱਖ ਤੇ ਪਿਆਸ ਨੇ ਜਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਚਾਰ ਦਿਨ ਹੋਰ ਬੀਤ ਗਏ, ਪਤੀ ਪਤਨੀ ਨੂੰ ਜਿੰਦਗੀ ਅਤੇ ਮੌਤ ਨਾਲ ਕੋਈ ਪਿਆਰ ਨਾ ਰਿਹਾ, ਦੋਵੇਂ ਪਨਾਹ ਦੀ ਜਗ੍ਹਾ ਤੋਂ ਬਾਹਰ ਨਿੱਕਲ ਆਏ।
ਪਤੀ ਨੇ ਹਲੀਮੀ ਨਾਲ ਆਵਾਜ਼ ਦਿੰਦਿਆਂ ਲੋਕਾਂ ਵੱਲ ਸੰਬੋਧਿਤ ਹੁੰਦਿਆਂ ਕਿਹਾ – “ਅਸੀਂ ਦੋਵੇਂ ਆਪਣਾ ਆਪ ਤੁਹਾਡੇ ਸਪੁਰਦ ਕਰਦੇ ਹਾਂ.. ਸਾਨੂੰ ਮਾਰ ਦਿਓ।”
ਜਿਨ੍ਹਾਂ ਨੂੰ ਸੰਬੋਧਿਤ ਕੀਤਾ ਸੀ ਉਹ ਸੋਚੀਂ ਪੈ ਗਏ – “ਸਾਡੇ ਧਰਮ ਵਿਚ ਤਾਂ ਜੀਵ-ਹੱਤਿਆ ਪਾਪ ਹੈ।”
ਉਨ੍ਹਾਂ ਆਪਸ ਵਿਚ ਸਲਾਹ ਕੀਤੀ ਅਤੇ ਪਤੀ-ਪਤਨੀ ਨੂੰ ਯੋਗ ਕਾਰਵਾਈ ਲਈ ਦੂਜੇ ਮੁਹੱਲੇ ਦੇ ਆਦਮੀਆਂ ਦੇ ਹਵਾਲੇ ਕਰ ਦਿੱਤਾ।

14. ਨਿਮਰਤਾ

ਚੱਲਦੀ ਗੱਡੀ ਰੋਕ ਲਿੱਤੀ ਗਈ, ਜਿਹੜੇ ਦੂਜੇ ਧਰਮ ਦੇ ਸਨ,
ਉਨ੍ਹਾਂ ਨੂੰ ਕੱਢ ਕੇ ਤਲਵਾਰਾਂ ਅਤੇ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ।
ਇਸਤੋਂ ਵਿਹਲੇ ਹੋ ਕੇ ਗੱਡੀ ਦੇ ਬਾਕੀ ਮੁਸਾਫਿਰਾਂ ਦੀ ਕੜਾਹ, ਦੁੱਧ ਅਤੇ ਫਲਾਂ ਨਾਲ ਖਾਤਿਰ ਕੀਤੀ ਗਈ।
ਗੱਡੀ ਚੱਲਣ ਤੋਂ ਪਹਿਲਾਂ, ਖਾਤਿਰ ਵਾਲੇ ਪ੍ਰਬੰਧਕਾਂ ਨੇ ਮੁਸਾਫਿਰਾਂ ਨਾਲ ਸੰਬੋਧਤ ਹੁੰਦਿਆਂ ਕਿਹਾ,
“ਭਰਾਵੋ, ਅਤੇ ਭੈਣੋ, ਸਾਨੂੰ ਗੱਡੀ ਦੀ ਆਮਦ ਦੀ ਸੂਚਨਾ ਬਹੁਤ ਦੇਰ ਨਾਲ ਮਿਲੀ,
ਇਹੀ ਵਜ੍ਹਾ ਹੈ ਕਿ ਅਸੀਂ ਜਿਸ ਤਰ੍ਹਾਂ ਚਾਹੁੰਦੇ ਸਾਂ, ਉਸ ਤਰ੍ਹਾਂ ਤੁਹਾਡੀ ਸੇਵਾ ਨਾ ਕਰ ਸਕੇ…।”

15. ਸੇਵਾ

ਉਸਦੀ ਖੁਦਕੁਸ਼ੀ ਉੱਤੇ
ਉਸਦੇ ਇਕ ਦੋਸਤ ਨੇ ਕਿਹਾ –
“ਬਹੁਤ ਹੀ ਬੇਵਕੂਫ ਸੀ ਜੀ…
ਮੈਂ ਲੱਖ ਸਮਝਾਇਆ ਕਿ
ਦੇਖੋ ਜੇਕਰ ਤੇਰੇ ਕੇਸ ਕੱਟ ਦਿੱਤੇ ਗਏ ਹਨ
ਅਤੇ ਦਾੜ੍ਹੀ ਮੁੰਨ ਦਿੱਤੀ ਗਈ ਹੈ
ਤਾਂ ਇਸਦਾ ਇਹ ਮਤਲਬ ਨਹੀਂ
ਕਿ ਤੇਰਾ ਧਰਮ ਖ਼ਤਮ ਹੋ ਗਿਆ..
ਰੋਜ ਦਹੀਂ ਇਸਤੇਮਾਲ ਕਰੋ..
ਵਾਹਿਗੁਰੂ ਜੀ ਨੇ ਚਾਹਿਆ
ਤਾਂ ਇਕ ਹੀ ਸਾਲ ਵਿਚ ਉਦਾਂ ਦੇ ਹੋ ਜਾਓਗੇ….।”

16. ਨਿਗਰਾਨੀ ਵਿਚ

“ਕ” ਆਪਣੇ ਦੋਸਤ “ਖ” ਆਪਣਾ ਹਮਧਰਮ ਜਾਹਿਰ ਕਰਕੇ
ਉਸਨੂੰ ਸੁਰੱਖਿਅਤ ਸਥਾਨ ਉੱਤੇ ਪਹੁਚਾਉਣ ਦੇ ਲਈ
ਮਿਲਟਰੀ ਦੇ ਇਕ ਦਸਤੇ ਨਾਲ ਰਵਾਨਾ ਹੋਇਆ।
ਰਸਤੇ ਵਿਚ “ਖ” ਨੇ ਜਿਸਦਾ ਧਰਮ ਕਾਰਣਵਸ ਬਦਲ ਗਿਆ ਸੀ, ਨੂੰ
ਮਿਲਟਰੀ ਵਾਲਿਆਂ ਨੇ ਪੁੱਛਿਆ, “ਕਿਓਂ ਜਨਾਬ, ਆਸਪਾਸ ਕੋਈ ਵਾਰਦਾਤ ਤਾਂ ਨਹੀਂ ਹੋਈ?”
ਜਵਾਬ ਮਿਲਿਆ, “ਕੋਈ ਖਾਸ ਨਹੀਂ.. ਫਲਾਨੇ ਮੁਹੱਲੇ ਵਿਚ ਸ਼ਾਇਦ ਇਕ ਕੁੱਤਾ ਮਾਰਿਆ ਗਿਆ।”
ਸਹਿਮ ਕੇ “ਕ” ਨੇ ਪੁੱਛਿਆ, “ਕੋਈ ਹੋਰ ਖ਼ਬਰ?”
ਜਵਾਬ ਮਿਲਿਆ, “ਖਾਸ ਨਹੀਂ.. ਨਹਿਰ ਵਿਚ ਤਿੰਨ ਕੁੱਤਿਆਂ ਦੀਆਂ ਲਾਸ਼ਾ ਮਿਲੀਆਂ ਹਨ।”
“ਕ” ਨੇ “ਖ” ਦੀ ਖ਼ਾਤਿਰ ਮਿਲਟਰੀ ਵਾਲਿਆਂ ਨੂੰ ਕਿਹਾ, “ਮਿਲਟਰੀ ਕੁਝ ਇੰਤਜ਼ਾਮ ਨਹੀਂ ਕਰਦੀ?”
ਜਵਾਬ ਮਿਲਿਆ, “ਕਿਉਂ ਨਹੀਂ, ਸਭ ਕੰਮ ਉਸਦੀ ਨਿਗਰਾਨੀ ਵਿਚ ਹੁੰਦਾ ਹੈ…।”

17. ਦ੍ਰਿੜ੍ਹਤਾ

“ਮੈਂ ਸਿੱਖ
ਬਨਣ ਦੇ ਲਈ
ਹਰਗਿਜ਼
ਤਿਆਰ ਨਹੀਂ ..
ਮੇਰਾ
ਉਸਤਰਾ
ਵਾਪਸ ਕਰ ਦਿਓ
ਮੈਨੂੰ…।”

18. ਜੁੱਤਾ

ਹਜ਼ੂਮ ਨੇ ਪਾਸਾ ਮੋੜਿਆ, ਅਤੇ ਸਰ ਗੰਗਾ ਰਾਮ ਦੇ ਬੁੱਤ ਉੱਤੇ ਟੁੱਟ ਪਿਆ।
ਲਾਠੀਆਂ ਵਰਸਾਈਆਂ ਗਈਆਂ,
ਇੱਟਾਂ ਅਤੇ ਪੱਥਰ ਸੁੱਟੇ ਗਏ,
ਇੱਕ ਨੇ ਮੂੰਹ ਉੱਤੇ ਤਾਰਕੋਲ ਮਲ ਦਿੱਤਾ,
ਦੂਜੇ ਨੇ ਬਹੁਤ ਸਾਰੇ ਪੁਰਾਣੇ ਜੁੱਤੇ ਜਮ੍ਹਾਂ ਕੀਤੇ
ਅਤੇ ਉਨ੍ਹਾਂ ਦਾ ਹਾਰ ਬਣਾ ਕੇ ਬੁੱਤ ਦੇ ਗਲੇ ਵਿਚ
ਪਾਉਣ ਲਈ ਅੱਗੇ ਵਧਿਆ
ਕਿ ਪੁਲਿਸ ਆ ਗਈ ਅਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ
ਜੁੱਤੀਆਂ ਦਾ ਹਾਰ ਪਹਿਣਾਉਣ ਵਾਲਾ ਜਖ਼ਮੀ ਹੋ ਗਿਆ,
ਸੋ ਮਲ੍ਹਮ ਪੱਟੀ ਦੇ ਲਈ ਉਸਨੂੰ
ਸਰ ਗੰਗਾ ਰਾਮ ਹਸਪਤਾਲ ਵਿਚ ਭੇਜ ਦਿੱਤਾ ਗਿਆ।

19. ਰਿਆਇਤ

“ਮੇਰੀਆਂ ਅੱਖਾਂ ਸਾਹਮਣੇ
ਮੇਰੀ ਜਵਾਨ ਬੇਟੀ ਨੂੰ
ਨਾ ਮਾਰੋ…. ”
“ਚਲੋ, ਇਸਦੀ ਮੰਨ ਲਵੋ..
ਕਪੜੇ ਉਤਾਰ ਕੇ
ਹੱਕ ਦਿਓ ਇੱਕ ਪਾਸੇ ਨੂੰ…।”

20. ਸੌਰੀ

ਛੁਰੀ
ਪੇਟ ਚੀਰਦੀ ਹੋਈ
ਨੇਫ਼ੇ ਦੇ ਥੱਲੇ ਤੱਕ ਚਲੀ ਗਈ
ਨਾਜ਼ੁਕ ਸ਼ੈਅ ਕਟ ਗਈ।
ਛੁਰੀ ਮਾਰਨ ਵਾਲੇ ਦੇ
ਮੂੰਹ ਤੋਂ
ਅਚਾਨਕ
ਆਇਤ ਨਿੱਕਲੀ,
“ਚ..ਚ..ਚ.. ਮਿਸਟੇਕ ਹੋ ਗਿਆ।”

21. ਸਲਾਹ

“ਕੌਣ ਹੋ ਤੁਸੀਂ?”
“ਤੁਸੀਂ ਕੌਣ ਹੋ?”
“ਹਰ-ਹਰ ਮਹਾਂਦੇਵ.. ਹਰ-ਹਰ ਮਹਾਂਦੇਵ।”
“ਹਰ-ਹਰ ਮਹਾਂਦੇਵ।”
“ਸਬੂਤ ਕੀ ਹੈ?”
“ਸਬੂਤ… ਮੇਰਾ ਨਾਂ ਧਰਮ ਚੰਦ ਹੈ?”
“ਇਹ ਕੋਈ ਸਬੂਤ ਨਹੀਂ।”
“ਚਾਰ ਵੇਦਾਂ ਵਿਚੋਂ ਕੋਈ ਗੱਲ ਮੈਨੂੰ ਪੁੱਛ ਲਵੋ।”
“ਅਸੀਂ ਵੇਦਾਂ ਨੂੰ ਨਹੀਂ ਜਾਣਦੇ.. ਸਬੂਤ ਦਿਓ”
“ਕੀ?”
“ਪਜਾਮਾ ਢਿੱਲਾ ਕਰੋ?”
ਪਜਾਮਾ ਢਿੱਲਾ ਹੋਇਆ.. ਤਾਂ ਸ਼ੋਰ ਮਚ ਗਿਆ, “ਮਾਰ ਦਿਓ.. ਮਾਰ ਦਿਓ”
“ਠਹਿਰੋ, ਠਹਿਰੋ.. ਮੈਂ ਤੁਹਾਡਾ ਭਰਾ ਹਾਂ.. ਰੱਬ ਦੀ ਸਹੁੰ, ਤੁਹਾਡਾ ਭਰਾ ਹਾਂ।”
“ਤਾਂ ਇਹ ਕੀ ਸਿਲਸਿਲਾ ਹੈ?”
“ਜਿਸ ਇਲਾਕੇ ਤੋਂ ਆ ਰਿਹਾ ਹਾਂ, ਉਹ ਸਾਡੇ ਦੁਸ਼ਮਣਾਂ ਦਾ ਹੈ,
ਇਸ ਲਈ ਮਜਬੂਰਨ ਮੈਨੂੰ ਅਜਿਹਾ ਕਰਨਾ ਪਿਆ, ਸਿਰਫ ਆਪਣੀ ਜਾਨ ਬਚਾਉਣ ਲਈ..
ਇਕ ਇਹੋ ਗ਼ਲਤੀ ਹੋ ਗਈ,ਬਾਕੀ ਮੈਂ ਬਿਲਕੁਲ ਠੀਕ ਹਾਂ..।”
“ਉਡਾ ਦਿਓ ਗ਼ਲਤੀ ਨੂੰ”
ਗ਼ਲਤੀ ਉਡਾ ਦਿੱਤੀ ਗਈ, ਧਰਮਚੰਦ ਵੀ ਨਾਲ ਹੀ ਉੱਡ ਗਿਆ।

22. ਸਫ਼ਾਈ ਪਸੰਦ

ਗੱਡੀ ਰੁਕੀ ਹੋਈ ਸੀ।
ਤਿੰਨ ਬੰਦੂਕਚੀ ਇਕ ਡੱਬੇ ਕੋਲ ਆਏ।
ਖਿੜਕੀਆਂ ਵਿਚੋਂ ਅੰਦਰ ਝਾਕ ਕੇ ਉਨ੍ਹਾਂ ਮੁਸਾਫਰਾਂ ਕੋਲੋਂ ਪੁੱਛਿਆ –
“ਕਿਉਂ ਜਨਾਬ, ਕੋਈ ਮੁਰਗਾ ਹੈ?”
ਇਕ ਮੁਸਾਫਰ ਕੁਝ ਕਹਿੰਦਾ ਕਹਿੰਦਾ ਰੁਕ ਗਿਆ।
ਬਾਕੀਆਂ ਨੇ ਜਵਾਬ ਦਿੱਤਾ, “ਜੀ ਨਹੀਂ।”
ਥੋੜ੍ਹੀ ਦੇਰ ਬਾਅਦ ਚਾਰ ਭਾਲਿਆਂ ਨਾਲ ਲੈਸ ਵਿਅਕਤੀ ਆਏ,
ਖਿੜਕੀਆਂ ਵਿਚੋਂ ਅੰਦਰ ਝਾਕ ਕੇ ਉਨ੍ਹਾਂ ਮੁਸਾਫਰਾਂ ਨੂੰ ਪੁੱਛਿਆ –
“ਕਿਉਂ ਜਨਾਬ ਕੋਈ ਮੁਰਗਾ – ਵੁਰਗਾ ਹੈ?”
ਉਸ ਮੁਸਾਫਰ ਨੇ ਜੋ ਪਹਿਲਾਂ ਕੁਝ ਕਹਿੰਦਾ-ਕਹਿੰਦਾ ਰੁਕ ਗਿਆ ਸੀ,
ਜਵਾਬ ਦਿੱਤਾ, “ਜੀ ਪਤਾ ਨਹੀਂ.. ਤੁਸੀਂ ਅੰਦਰ ਆਕੇ ਪੇਟੀ ਵਿਚ ਵੇਖ ਲਵੋ।”
ਭਾਲਿਆਂ ਵਾਲੇ ਅੰਦਰ ਦਾਖਲ ਹੋਏ, ਪੇਟੀ ਤੋੜੀ ਗਈ ਤਾਂ ਉਸ ਵਿਚੋਂ ਇਕ ਮੁਰਗਾ ਨਿੱਕਲ ਆਇਆ।
ਇਕ ਭਾਲੇ ਵਾਲੇ ਨੇ ਕਿਹਾ – “ਕਰ ਦਿਓ ਹਲਾਲ।”
ਦੂਜੇ ਨੇ ਕਿਹਾ – “ਨਹੀਂ ਇਥੇ ਨਹੀਂ… ਡੱਬਾ ਖਰਾਬ ਹੋ ਜਾਊ.. ਬਾਹਰ ਲੈ ਚੱਲੋ।

23. ਸਦਕੇ ਉਸਦੇ

ਰਾ ਖ਼ਤਮ ਹੋਇਆ।
ਤਮਾਸ਼ਬੀਨ ਵਿਦਾ ਹੋ ਗਏ।
ਉਸਤਾਦ ਜੀ ਨੇ ਕਿਹਾ-
“ਸਭ ਕੁਝ ਲੁਟਵਾ ਕੇ
ਐਥੇ ਆਏ ਸੀ,
ਲੇਕਿਨ ਅੱਲਾ ਮੀਆਂ ਨੇ
ਕੁਝ ਦਿਨਾਂ ਵਿਚ ਹੀ
ਵਾਰੇ-ਨਿਆਰੇ ਕਰ ਦਿੱਤੇ।”

24. ਸਮਾਜਵਾਦ

ਉਹ ਆਪਣੇ ਘਰ ਦਾ ਤਮਾਮ ਜ਼ਰੂਰੀ ਸਮਾਨ
ਇਕ ਟਰੱਕ ਵਿਚ ਲੱਦ ਕੇ
ਦੂਜੇ ਸ਼ਹਿਰ ਜਾ ਰਿਹਾ ਸੀ
ਕਿ ਰਸਤੇ ਵਿਚ
ਲੋਕਾਂ ਨੇ ਉਸਨੂੰ ਰੋਕ ਲਿਆ।
ਟਰੱਕ ਦੇ ਮਾਲ-ਸਮਾਨ ਉੱਪਰ ਲਾਲਚੀਆਂ ਨੇ ਨਜ਼ਰਾਂ ਗੱਡਦਿਆਂ ਕਿਹਾ –
“ਦੇਖੋ ਯਾਰ, ਕਿਸ ਮਜ਼ੇ ਨਾਲ ਐਨਾ ਮਾਲ ਇੱਕਲਾ ਹੀ ਉਡਾ ਕੇ ਲੈ ਜਾ ਰਿਹਾ ਹੈ”
ਸਮਾਨ ਦੇ ਮਾਲਕ ਨੇ ਮੁਸਕੁਰਾ ਕੇ ਕਿਹਾ – “ਜਨਾਬ, ਇਹ ਮੇਰਾ ਆਪਣਾ ਹੈ”
ਦੋ-ਤਿੰਨ ਆਦਮੀ ਹੱਸੇ – “ਅਸੀਂ ਸਭ ਜਾਣਦੇ ਹਾਂ”
ਇੱਕ ਆਦਮੀ ਚੀਕਿਆ- “ਲੁੱਟ ਲਓ.. ਇਹ ਅਮੀਰ ਆਦਮੀ ਹੈ.. ਟਰੱਕ ਲੈ ਕੇ ਚੋਰੀਆਂ ਕਰਦੈ।”

25. ਉਲ੍ਹਾਮਾ

“ਦੇਖ ਯਾਰ,
ਤੂੰ ਬਲੈਕ ਮਾਰਕੀਟ
ਦਾ ਮੁੱਲ ਵੀ ਲਿਆ
ਅਤੇ ਅਜਿਹਾ ਰੱਦੀ
ਪੈਟ੍ਰੋਲ ਦਿੱਤਾ
ਕਿ
ਇਕ ਦੁਕਾਨ
ਵੀ ਨਾ ਜਲੀ।”

26. ਆਰਾਮ ਦੀ ਜ਼ਰੂਰਤ

“ਮਰਿਆ ਨਹੀਂ.. ਦੋਖੋ, ਅਜੇ ਜਾਨ ਬਾਕੀ ਹੈ।”
“ਰਹਿਣ ਦੇ ਯਾਰ.. ਮੈਂ ਥੱਕ ਗਿਆ ਹਾਂ।”

27. ਕਿਸਮਤ

“ਕੁਝ ਨੀ ਦੋਸਤ..
ਐਨੀ ਮਿਹਨਤ
ਕਰਨ ਉੱਤੇ ਵੀ ਸਿਰਫ
ਇੱਕ ਡੱਬਾ ਹੱਥ
ਲੱਗਿਆ ਸੀ, ਪਰ ਉਸ
ਵਿਚ ਵੀ ਸਾਲਾ ਸੂਅਰ
ਦਾ ਗੋਸ਼ਤ ਨਿੱਕਲਿਆ.. ।”

28. ਅੱਖਾਂ ਉੱਤੇ ਚਰਬੀ

“ਸਾਡੀ ਕੌਮ ਦੇ ਲੋਕ ਵੀ ਕੈਸੇ ਨੇ..
ਪੰਜਾਹ ਸੂਅਰ ਐਨੀਆਂ ਮੁਸ਼ਕਲਾਂ ਦੇ ਬਾਅਦ
ਤਲਾਸ਼ ਕਰਕੇ ਇਸ ਮਸਜਿਦ ਵਿਚ ਕੱਟੇ ਸਨ…
ਉਧਰ ਮੰਦਰਾਂ ਵਿਚ ਧੜਾ-ਧੜ
ਗਊ ਦਾ ਗੋਸ਼ਤ ਵਿਕ ਰਿਹਾ ਹੈ…
ਲੇਕਿਨ ਐਥੇ ਸੂਅਰ ਦਾ ਮਾਸ ਖਰੀਦਣ
ਦੇ ਲਈ ਕੋਈ ਆਉਂਦਾ ਹੀ ਨਹੀਂ…।”

 

ਸਆਦਤ ਹਸਨ ਮੰਟੋ

  • 1
  • 2
  • 3

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close