ਤਹਿਰਾਨ ਦੇ ਇਕ ਵਿਦਿਆਲੇ ਦੀ ਗੱਲ ਯਾਦ ਆ ਗਈ ਜਿਥੇ ਇਸਲਾਮੀ ਤਾਲੀਮ ਦਿੱਤੀ ਜਾਂਦੀ ਸੀ। ਜਿਹੜਾ ਉਥੋਂ ਦਾ ਮੁੱਖ ਅਧਿਆਪਕ ਸੀ,ਉਸ ਦਾ ਤਕੀਆ ਕਲਾਮ ਸੀ। ਉਹ ਜਿਉਂ ਬੱਚਿਆਂ ਨੂੰ ਪੜਾੑਣਾ ਸ਼ੁਰੂ ਕਰਦਾ ਸੀ, ਤਾਂ ਪਹਿਲੇ ਬੋਲ ਉਸਦੀ ਜ਼ਬਾਨ ਤੋਂ ਇਹੀ ਨਿਕਲਦੇ ਸਨ,
“ਖ਼ੁਦਾ ਵੇਖ ਰਿਹਾ ਹੈ,ਖ਼ੁਦਾ ਵਿਆਪਕ ਹੈ,”
ਫਿਰ ਉਹ ਪੜਾੑਈ ਸ਼ੁਰੂ ਕਰਦਾ ਸੀ। ਬੱਚਿਆਂ ਨੂੰ ਵੀ ਪਤਾ ਚਲ ਗਿਆ ਸੀ ਕਿ ਪਹਿਲੇ ਬੋਲ ਤਾਂ ਇਹ ਹੀ ਨਿਕਲਣਗੇ।
ਇਕ ਦਿਨ ਅਜੀਬ ਹਾਦਸਾ ਹੋ ਗਿਆ। ਇਹ ਅਧਿਆਪਕ ਜਦ ਬੱਚਿਆਂ ਦੇ ਸਾਹਮਣੇ ਆਇਆ ਤਾਂ ਇਸਨੇ ਆਉਂਦਿਆਂ ਹੀ ਬੱਚਿਆਂ ‘ਤੇ ਪ੍ਸ਼ਨ ਕੀਤਾ ਅਤੇ ਰੋਜ਼ ਦਾ ਜੋ ਤਕੀਆ ਕਲਾਮ ਸੀ,ਉਸਦੀ ਵਰਤੋਂ ਨਹੀਂ ਕੀਤੀ।
ਉਸ ਨੇ ਅਾਖਿਆ,
“ਬੱਚਿਉ ! ਇਹ ਦੱਸੋ ਕਿ ਖ਼ੁਦਾ ਕਿਹੜੀ ਥਾਂ ‘ਤੇ ਨਹੀਂ ਹੈ ?”
ਦੰਗ ਰਹਿ ਗਏ ਬੱਚੇ ਕਿ ਹੱਦ ਹੋ ਗਈ,ਰੋਜ਼ ਸਾਨੂੰ ਪੜਾੑਉਂਦਾ ਸੀ ਕਿ ਖ਼ੁਦਾ ਵਿਆਪਕ ਹੈ,ਹਰ ਥਾਂ’ਤੇ ਮੋਜੂਦ ਹੈ,ਤੇ ਅੱਜ ਪ੍ਸ਼ਨ ਕਰਦਾ ਹੈ ਕਿ ਦੱਸੋ,ਖ਼ੁਦਾ ਕਿਹੜੀ ਥਾਂ ‘ਤੇ ਨਹੀਂ ਹੈ। ਸਭ ਬੱਚੇ ਚੁੱਪ,ਪਰ ਇਕ ਬੱਚੇ ਨੇ ਹਿੰਮਤ ਕੀਤੀ,ਖੜਾ ਹੋ ਗਿਆ ਤੇ ਕਹਿੰਦਾ ਹੈ,
“ਉਸਤਾਦ ਜੀ,ਜੇ ਇਜ਼ਾਜ਼ਤ ਹੋਵੇ ਤਾਂ ਮੈਂ ਜਵਾਬ ਦਿਆਂ।”
ਹੈਰਾਨਗੀ ਉਸਤਾਦ ਨੂੰ ਵੀ ਹੋ ਗਈ,ਕਿ ਮੈਂ ਤਾਂ ਸਵਾਲ ਹੀ ਗ਼ਲਤ ਕੀਤਾ ਹੈ ਤੇ ਇਹ ਕੰਮਬਖ਼ਤ ਜਵਾਬ ਦੇਣ ਨੂੰ ਤਿਆਰ ਹੋ ਗਿਆ ਹੈ ਤੇ ਜਵਾਬ ਵੀ ਗ਼ਲਤ ਹੋਵੇਗਾ। ਇਹ ਬੱਚਾ ਗ਼ਲਤ ਹੈ,ਨਾਦਾਨ ਹੈ।
“ਅੱਛਾ,ਦੱਸ ਖ਼ੁਦਾ ਕਿਹੜੀ ਥਾਂ ਤੇ ਨਹੀਂ ਹੈ?”
ਬੱਚਾ ਕਹਿੰਦਾ ਹੈ,
“ਉਸਤਾਦ ਜੀ ! ਖ਼ੁਦਾ ਤਾਂ ਵਿਆਪਕ ਹੈ ਤੇ ਖ਼ੁਦਾ ਵੇਖ ਵੀ ਰਿਹਾ ਹੈ। ਖ਼ੁਦਾ ਇਕ ਥਾਂ ‘ਤੇ ਨਹੀਂ ਹੈ’,ਬਾਕੀ ਸਭ ਥਾਵਾਂ ‘ਤੇ ਹੈ।”
“ਦੱਸ ਕਿੱਥੇ ਨਹੀਂ ਹੈ?”
“ਮਨੁੱਖ ਦੇ ਚੇਤੇ ਵਿਚ ਨਹੀਂ ਹੈ,ਸਮਝ ਵਿਚ ਨਹੀਂ ਹੈ,ਬਾਕੀ ਸਭ ਥਾਂਵਾਂ ‘ਤੇ ਹੈ। ਅੱਖਾਂ ਵਿਚ,ਰਸਨਾ ਵਿਚ,ਹੱਥਾਂ ਤੇ ਪੈਰਾਂ ਵਿਚ ਉਹ ਹੀ ਹੈ,ਪਰ ਯਾਦ ਵਿਚ ਨਹੀਂ ਹੈ।”
ਹੁਣ ਇਤਿਹਾਸ ਕਹਿੰਦਾ ਹੈ ਕਿ ਉਹ ਉਸਤਾਦ ਬੱਚੇ ਦੇ ਪੈਰੀਂ ਪੈ ਗਿਆ।ਕਹਿੰਦਾ ਮੈਂ ਤਾਂ ਸਮਝਿਆ ਸੀ ਕਿ ਮੇਰਾ ਸਵਾਲ ਹੀ ਗ਼ਲਤ ਹੈ,ਪਰ ਤੇਰੇ ਜਵਾਬ ਨੇ ਮੈਨੂੰ ਗ਼ਲਤ ਸਾਬਤ ਕਰ ਦਿੱਤਾ ਹੈ। ਤੂੰ ਸਹੀ ਹੈਂ,ਵਾਕਿਆਂ ਹੀ ਇਕ ਥਾਂ ਪਰਮਾਤਮਾ ਨਹੀਂ ਹੈ। ਰੋਮ-ਰੋਮ ਵਿਚ ਉਹ ਹੀ ਹੈ,ਜ਼ੱਰੇ-ਜ਼ੱਰੇ ਵਿਚ ਉਹ ਹੀ ਹੈ,ਪਰ ਮਨੁੱਖ ਦੀ ਯਾਦ ਵਿਚ ਨਹੀਂ ਹੈ,ਚੇਤੇ ਵਿਚ ਨਹੀਂ ਹੈ।
“ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ॥” ‘
{ਅਾਸਾ ਕੀ ਵਾਰ,ਪੰਨਾ ੪੭੨}
ਸਭ ਕੁਝ ਉਸ ਦੇ ਚੇਤੇ ਵਿਚ ਹੈ ਤੇ ਸਭ ਕੁਝ ਉਸ ਦੀ ਨਿਗਾਹ ਦੇ ਥੱਲੇ ਹੈ। ਰੌਂਗਟੇ ਖੜੇ ਹੋ ਜਾਣਗੇ,ਜੇ ਇਤਨਾ ਅਹਿਸਾਸ ਹੋ ਜਾਵੇ ਕਿ ਅਸੀਂ ਉਸਦੇ ਚੇਤੇ ਵਿਚ ਹਾਂ,ਸਾਡੇ ਚੇਤੇ ਵਿਚ ਉਹ ਨਹੀਂ ਹੈ। ਉਸਦੀ ਤਰਫ਼ੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ,ਸਾਡੀ ਤਰਫ਼ੋਂ ਉਸ ਨਾਲ ਰਿਸ਼ਤਾ ਟੁੱਟਿਆ ਹੋਇਆ ਹੈ।