• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Sandeep Kaur

Sandeep Kaur

ਇਹਨਾਂ ਤੋਂ ਸਿੱਖਿਆ

by Sandeep Kaur April 16, 2020

ਇੱਕ ਸੁਚੱਜੇ ਇਨਸਾਨ ਦਾ ਜੀਵਨ ਬੜੇ ਸਲੀਕੇ ਨਾਲ ਨਿਯਮਿਤ ਹੁੰਦਾ ਏ । ਉਸਦਾ ਸਵੇਰੇ ਜਾਗਣਾ, ਸਰੀਰ ਦੀ ਸਾਫ ਸਫਾਈ, ਖਾਣ ਪੀਣ , ਕਾਰ ਵਿਹਾਰ ਲੈਅ ਬੱਧ ਹੁੰਦਾ ਏ । ਹਰ ਕੰਮ ਵਿੱਚ ਸਲੀਕਾ , ਸਬਰ , ਹੌਸਲਾ,ਦਿਸਦਾ ਏ । ਇਹੀ ਗੱਲਾਂ ਨੇ ਜੋ ਰਲ ਮਿਲ ਕੇ ਸਮੁੱਚੀ ਜ਼ਿੰਦਗੀ ਨੂੰ ਸੁਹਾਵਣਾ ਬਣਾਉਦੀਆਂ ਨੇ । ਜਦ ਬਹੁਤ ਸਾਰੇ ਸੁਚੱਜੇ ਲੋਕ ਰਲ ਮਿਲ ਕੇ ਰਹਿਣ ਤਾਂ ਸੋਹਣਾ ਸਮਾਜ ਸਿਰਜਿਆਂ ਜਾਂਦਾ ਏ , ਜੋ ਰਲ ਮਿਲ ਕੇ ਇਨਸਾਨ ਦੀ ਜ਼ਿੰਦਗੀ ਨੂੰ ਸੁਖੈਨ ਤੇ ਜੀਊਣਯੋਗ ਬਣਾਉਂਦਾ ਏ ।
ਸੁਚੱਜੇ ਸਮਾਜ ਦੀ ਪਛਾਣ ਈ ਇਸ ਗੱਲ ਤੋ ਹੁੰਦੀ ਏ ਕਿ ਉਹ ਸਮੁੱਚੇ ਮਨੁੱਖੀ ਜੀਵਨ ਦੇ ਹਰ ਪੜਾਅ ਨੂੰ ਕਿਵੇਂ ਸਜਾਉਂਦਾ ਏ । ਇੱਕ ਇਨਸਾਨ ਦੀ ਜੀਵਨ ਯਾਤਰਾ ਮਾਂ ਦੇ ਗਰਭ ਤੋ ਲੈ ਕੇ ਵਾਪਸ ਪੰਜ ਤੱਤਾਂ ਵਿੱਚ ਵਿਲੀਨ ਹੋਣ ਤੱਕ ਏ , ਇੱਕ ਸੁਚੱਜਾ ਸਮਾਜ ਜੀਵਨ ਦੇ ਹਰ ਪਹਿਲੂ ਤੇ ਇਨਸਾਨ ਦੇ ਨਾਲ ਨਾਲ ਚੱਲਦਾ ਏ, ਉਸਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਲੱਭਦਾ ਏ ਵਕਤ ਬਾ ਵਕਤ ।
ਇਨਸਾਨ ਦੀਆਂ ਮੁੱਢਲੀਆਂ ਲੋੜਾਂ ਨੇ ਰੋਟੀ ਕੱਪੜਾ ਤੇ ਮਕਾਨ । ਜਦ ਇਹਨਾਂ ਲੋੜਾਂ ਦਾ ਫਿਕਰ ਨਾ ਹੋਵੇ, ਆਰਾਮ ਨਾਲ ਪੂਰੀਆਂ ਹੁੰਦੀਆਂ ਹੋਣ ਤਾਂ ਇਨਸਾਨੀਅਤ ਵਿਗਸਦੀ ਐ, ਮੌਲਦੀ ਐ, ਤਰੱਕੀ ਦੀਆਂ ਨਵੀਂਆਂ ਮੰਜਿਲਾਂ , ਦਿਸਹੱਦੇ ਤੈਅ ਕਰਦੀ ਏ ।
ਪੱਛਮ ਦਾ ਸਮਾਜ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਣ ਦਾ ਬੜਾ ਸਲੀਕਾ ਰੱਖਦਾ ਏ ,ਇੱਕ ਤਰਾਂ ਦਾ ਜਨੂੰਨ ਏ ਉਹਨਾਂ ਨੂੰ ਇਸ ਮਾਮਲੇ ਚ । ਪੁਰਾਣਾ ਇਤਿਹਾਸ, ਪੁਰਾਣੇ ਹਥਿਆਰ, ਇਤਿਹਾਸਿਕ ਇਮਾਰਤਾਂ ਨੂੰ ਸਾਂਭਣਾ ਕੋਈ ਇਹਨਾਂ ਤੋ ਸਿੱਖੇ ।
ਪੁਰਾਣੇ ਦੋਸਤ, ਪੁਰਾਣੀਆਂ ਕਿਤਾਬਾਂ , ਪੁਰਾਣੀ ਸ਼ਰਾਬ , ਇਹਨਾ ਦੀ ਅਹਿਮੀਅਤ ਵਧਦੀ ਏ ਜਿਉਂ ਜਿਉਂ ਪੁਰਾਣੇ ਹੋਣ ।
ਅਗਰ ਰਿਸ਼ਤਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਔਰਤ ਆਦਮੀ ਦਾ ਰਿਸ਼ਤਾ ਸਭ ਤੋਂ ਸਿਰਮੌਰ ਏ, ਜਿਸਤੋ ਅੱਗੇ ਸਾਰੇ ਰਿਸ਼ਤੇ ਬਣਦੇ ਨੇ ।
ਜਦੋਂ ਜਵਾਨੀ ਜ਼ੋਰ ਸੀ ਵੇ ਜਾਲਮਾਂ
ਵੰਝਲ਼ੀ ਵਰਗਾ ਬੋਲ ਸੀ ਵੇ ਜਾਲਮਾਂ
ਜਵਾਨੀ ਵੇਲੇ ਤਾਂ ਸਾਰੇ ਢੁੱਕ ਢੁੱਕ ਬਹਿੰਦੇ ਨੇ ਪਰ ਪਤਾ ਉਦੋਂ ਲੱਗਦਾ ਏ ਜਦ ਹੁਸਨ ਦੇ ਵਪਾਰੀ ਲੱਦ ਜਾਂਦੇ ਨੇ , ਸੱਤ ਜਨਮਾਂ ਦਾ ਸਾਥ ਦੇਣ ਦੇ ਵਾਅਦੇ ਕਰਨ ਵਾਲੇ ਦੋ ਮਨੁੱਖ ਇੱਕ ਈ ਜਨਮ ਦਾ ਸਾਥ ਕਿਵੇ ਪੂਰਾ ਕਰਦੇ ਨੇ , ਵੇਖਣਾ ਬਣਦਾ ਏ ।
ਯੂ ਕੇ ਵਿੱਚ ਰਹਿੰਦਿਆਂ ਅਕਸਰ ਇਹਨਾਂ ਦੇ ਬਜ਼ੁਰਗਾਂ ਦੇ ਜੀਵਨ ਵੱਲ ਨਜ਼ਰ ਜਾਂਦੀ ਏ, ਬਹੁਤਾਤ ਬਜ਼ੁਰਗ ਜ਼ਿੰਦਗੀ ਦੇ ਆਖਰੀ ਪੜਾਵ ਦਾ ਲੁਤਫ ਲੈ ਰਹੇ ਨਜ਼ਰ ਆਉਦੇ ਨੇ । ਜਵਾਨੀ ਵੇਲੇ ਕੰਮ ਕੀਤਾ ਏ ਤਾਂ ਪੈਨਸ਼ਨ ਤਾਂ ਮਿਲਣੀ ਹੀ ਏ, ਸਿਰ ਤੇ ਛੱਤ ਏ, ਆਪਣੀ ਨਹੀ ਤਾਂ ਸਰਕਾਰੀ ਸਹੀ । ਸਿਹਤ ਸਹੂਲਤਾਂ ਸਰਕਾਰ ਖਾਤੇ , ਬੱਚਿਆਂ ਦੀ ਚਿੰਤਾ ਕੋਈ ਨਹੀਂ , ਨਾਲ ਰਹਿਣ ਜਾਂ ਅਲੱਗ, ਪਰ ਦੋਵੇਂ ਜੀਅ ਬੱਚਿਆਂ ਦੇ ਬੱਚਿਆਂ ਦੀ ਚੌਕੀਦਾਰੀ ਖ਼ਾਤਰ ਅਲੱਗ ਨਹੀ ਹੁੰਦੇ । ਸਵੇਰੇ ਜ਼ਰਾ ਆਰਾਮ ਨਾਲ ਉੱਠਣਾ, ਚਾਹ , ਕੌਫੀ ਦਾ ਆਨੰਦ ਲੈਣਾ, ਬਰੇਕ ਫਾਸਟ ਕਰਨਾ, ਜਦ ਸੜਕਾਂ ਤੇ ਸਵੇਰ ਦਾ ਟਰੈਫਿਕ ਘਟ ਜਾਦਾ ਏ ਤਾਂ ਇਹ ਲੋਕ ਤਿਆਰ ਬਿਆਰ ਹੋ ਕੇ ਘਰਾਂ ਤੋ ਨਿੱਕਲਦੇ ਨੇ । ਸਾਫ ਸੁਥਰੀ , ਸੋਹਣੀ ਗੱਡੀ ਰੱਖਦੇ ਨੇ, ਜਦ ਵੀ ਬਾਹਰ ਨਿਕਲਦੇ ਨੇ ਤਾਂ ਸੋਹਣਾ ਲਿਬਾਸ ਪਹਿਨਦੇ ਨੇ , ਜਿਵੇ ਕਿਸੇ ਫੰਕਸ਼ਨ ਤੇ ਚੱਲੇ ਹੋਣ । ਇੱਕ ਗੱਲ ਹੋਰ ਜੋ ਇਹਨਾਂ ਦੀ ਅਲੱਗ ਏ ਅਸਾਂ ਤੋਂ, ਸਿਖਰਲੇ ਬੁਢਾਪੇ ਵਿੱਚ ਵੀ ਬਾਂਹ ਵਿੱਚ ਬਾਂਹ ਪਾ ਕੇ ਚੱਲਦੇ ਨੇ । ਸ਼ਾਮ ਨੂੰ ਥੋੜਾ ਬਹੁਤ ਸੈਰ ਕਰਨ ਜ਼ਰੂਰ ਨਿਕਲਦੇ ਨੇ , ਵਿਚਲੇ ਵਕਤ ਵਿੱਚ ਗਾਰਡਨ ਦੀ ਸਾਫ ਸਫਾਈ, ਘਰ ਦਾ ਰੱਖ ਰਖਾਵ ਕਰਦੇ ਨੇ ਤਾਂ ਜੋ ਘਰ ਵੀ ਸੰਵਰਿਆ ਰਹੇ ਤੇ ਸਰੀਰ ਵੀ ।
ਜਿਵੇਂ ਬਾਸਮਤੀ ਦੇ ਚਾਵਲ ਪੁਰਾਣੇ ਹੋ ਕੇ ਹੋਰ ਮਹਿਕਦੇ ਨੇ, ਇਵੇਂ ਈ ਇੱਕ ਦੂਜੇ ਨੂੰ ਹਰ ਪੱਖੋਂ ਸਮਝਣ , ਪਿਆਰਨ ਵਾਲੇ ਰਿਸ਼ਤੇ ਹੋਰ ਮਹਿਕਦੇ ਨੇ ਸਮਾਂ ਪਾ ਕੇ । ਬੇਸ਼ੱਕ ਬੁਰਾਈਆਂ ਵੀ ਨੇ ਇਹਨਾਂ ਦੇ ਸਮਾਜ ਵਿੱਚ ਵੀ, ਪਰ ਅੱਛਾਈਆਂ ਦੀ ਬਹੁਤਾਤ ਏ , ਬਹੁਤ ਕੁਝ ਏ ਜੋ ਇਹਨਾਂ ਤੋਂ ਸਿੱਖਿਆ ਜਾ ਸਕਦਾ ਏ ।

ਦਵਿੰਦਰ ਸਿੰਘ ਜੌਹਲ

ਇਸ਼ਕ ਹਕੀਕੀ

by Sandeep Kaur April 15, 2020

ਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ।
ਅਖ਼ਲਾਕ ਤੀਹ ਸਾਲ ਦਾ ਹੋ ਗਿਆ। ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗਰਿਡ ਬਰਗਮੈਨ ਦੀ ਪਿਕਚਰ “ਫ਼ੌਰ ਹੂਮ ਦ ਬੈੱਲ ਟੌਲਜ਼” ਦਾ ਮੈਟਨੀ (ਤੀਜੇ ਪਹਿਰ ਦਾ) ਸ਼ੋ ਦੇਖਣ ਦੇ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਦਿਲ ਉਸ ਬੁਰਕਾਪੋਸ਼ ਕੁੜੀ ਨਾਲ ਵਾਬਸਤਾ ਹੋ ਗਿਆ ਹੈ, ਜੋ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠੀ ਸੀ ਅਤੇ ਸਾਰਾ ਵਕਤ ਆਪਣੀ ਲੱਤ ਹਿਲਾਂਦੀ ਰਹੀ ਸੀ।
ਪਰਦੇ ਉੱਤੇ ਜਦੋਂ ਸਿਆਹੀ ਘੱਟ ਅਤੇ ਰੋਸ਼ਨੀ ਜ਼ਿਆਦਾ ਹੋਈ ਤਾਂ ਅਖ਼ਲਾਕ ਨੇ ਉਸ ਕੁੜੀ ਨੂੰ ਇੱਕ ਨਜ਼ਰ ਵੇਖਿਆ। ਉਸ ਦੇ ਮੱਥੇ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਸਨ। ਨੱਕ ਦੀ ਫ਼ਿਨਿੰਗ ਉੱਤੇ ਕੁਝ ਬੂੰਦਾਂ ਸਨ ਜਦੋਂ ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ ਤਾਂ ਉਸਦੀ ਲੱਤ ਹਿਲਣੀ ਬੰਦ ਹੋ ਗਈ। ਇੱਕ ਅਦਾ ਦੇ ਨਾਲ ਉਸ ਨੇ ਆਪਣੇ ਸਿਆਹ ਬੁਰਕੇ ਦੀ ਜਾਲੀ ਨਾਲ ਆਪਣਾ ਚਿਹਰਾ ਢਕ ਲਿਆ। ਇਹ ਹਰਕਤ ਕੁੱਝ ਅਜਿਹੀ ਸੀ ਕਿ ਅਖ਼ਲਾਕ ਨੂੰ ਮੱਲੋਮੱਲੀ ਹਾਸੀ ਆ ਗਈ।
ਉਸ ਕੁੜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। ਦੋਨੋਂ ਹੌਲੀ ਹੌਲੀ ਹਸੀਆਂ। ਇਸ ਦੇ ਬਾਅਦ ਉਸ ਕੁੜੀ ਨੇ ਨਕਾਬ ਆਪਣੇ ਚਿਹਰੇ ਤੋਂ ਹਟਾ ਲਿਆ। ਅਖ਼ਲਾਕ ਦੀ ਤਰਫ਼ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਵੇਖਿਆ ਅਤੇ ਲੱਤ ਹਿੱਲਾ ਕੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈ।
ਅਖ਼ਲਾਕ ਸਿਗਰਟ ਪੀ ਰਿਹਾ ਸੀ। ਇੰਗਰਿਡ ਬਰਗਮੈਨ ਉਸਦੀ ਮਹਿਬੂਬ ਐਕਟਰਸ ਸੀ। “ਫ਼ੌਰ ਹੂਮ ਦ ਬੈੱਲ ਟੌਲਜ਼” ਵਿੱਚ ਉਸ ਦੇ ਵਾਲ਼ ਕਟੇ ਹੋਏ ਸਨ। ਫ਼ਿਲਮ ਦੇ ਆਰੰਭ ਵਿੱਚ ਜਦੋਂ ਅਖ਼ਲਾਕ ਨੇ ਉਸਨੂੰ ਵੇਖਿਆ ਤਾਂ ਉਹ ਬਹੁਤ ਹੀ ਪਿਆਰੀ ਲੱਗੀ। ਲੇਕਿਨ ਨਾਲ ਵਾਲੀ ਸੀਟ ਉੱਤੇ ਬੈਠੀ ਹੋਈ ਕੁੜੀ ਦੇਖਣ ਦੇ ਬਾਅਦ ਉਹ ਇੰਗਰਿਡ ਬਰਗਮੈਨ ਨੂੰ ਭੁੱਲ ਗਿਆ। ਇਵੇਂ ਤਾਂ ਕਰੀਬ ਕਰੀਬ ਸਾਰੀ ਫ਼ਿਲਮ ਉਸ ਦੀਆਂ ਨਿਗਾਹਾਂ ਦੇ ਸਾਹਮਣੇ ਚਲੀ ਮਗਰ ਉਸ ਨੇ ਬਹੁਤ ਹੀ ਘੱਟ ਵੇਖੀ।
ਸਾਰਾ ਵਕਤ ਉਹ ਕੁੜੀ ਇਸ ਦੇ ਦਿਲ ਦਿਮਾਗ਼ ਉੱਤੇ ਛਾਈ ਰਹੀ।
ਅਖ਼ਲਾਕ ਸਿਗਰਟ ਤੇ ਸਿਗਰਟ ਪੀਂਦਾ ਰਿਹਾ। ਇੱਕ ਵਾਰ ਉਸ ਨੇ ਰਾਖ ਝਾੜੀ। ਤਾਂ ਉਸਦੀ ਸਿਗਰਟ ਉਂਗਲੀਆਂ ਵਿੱਚੋਂ ਨਿਕਲ ਕੇ ਉਸ ਕੁੜੀ ਦੀ ਗੋਦ ਵਿੱਚ ਜਾ ਪਈ। ਕੁੜੀ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਸੀ ਇਸ ਲਈ ਉਸ ਨੂੰ ਸਿਗਰਟ ਡਿੱਗਣ ਦਾ ਕੁੱਝ ਪਤਾ ਨਹੀਂ ਸੀ। ਅਖ਼ਲਾਕ ਬਹੁਤ ਘਬਰਾਇਆ। ਇਸ ਘਬਰਾਹਟ ਵਿੱਚ ਉਸ ਨੇ ਹੱਥ ਵਧਾ ਕੇ ਸਿਗਰਟ ਉਸ ਦੇ ਬੁਰਕੇ ਤੋਂ ਚੁੱਕਿਆ ਅਤੇ ਫ਼ਰਸ਼ ਉੱਤੇ ਸੁੱਟ ਦਿੱਤਾ। ਕੁੜੀ ਹੜਬੜਾ ਕੇ ਉਠ ਖੜੀ ਹੋਈ। ਅਖ਼ਲਾਕ ਨੇ ਫ਼ੌਰਨ ਕਿਹਾ, “ਮੁਆਫ਼ੀ ਚਾਹੁੰਦਾ ਹਾਂ ਤੁਹਾਡੇ ਉੱਤੇ ਸਿਗਰਟ ਡਿੱਗ ਗਈ ਸੀ। ”
ਕੁੜੀ ਨੇ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਬੈਠ ਗਈ। ਬੈਠ ਕੇ ਉਸ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। “ਦੋਨਾਂ ਹੌਲੇ ਹੌਲੇ ਹਸੀਆਂ ਅਤੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈਆਂ। ”
ਫ਼ਿਲਮ ਦੇ ਖ਼ਾਤਮੇ ਉੱਤੇ ਜਦੋਂ ਕਾਇਦ-ਏ-ਆਜ਼ਮ ਦੀ ਤਸਵੀਰ ਨਮੂਦਾਰ ਹੋਈ ਤਾਂ ਅਖ਼ਲਾਕ ਉੱਠਿਆ। ਖ਼ੁਦਾ ਜਾਣੇ ਕੀ ਹੋਇਆ ਕਿ ਉਸ ਦਾ ਪੈਰ ਕੁੜੀ ਦੇ ਪੈਰ ਦੇ ਨਾਲ ਟਕਰਾਇਆ। ਅਖ਼ਲਾਕ ਇੱਕ ਵਾਰ ਫਿਰ ਸਿਰ ਤੋਂ ਪੈਰਾਂ ਤੱਕ ਸੁੰਨ ਹੋ ਗਿਆ। “ਮੁਆਫ਼ੀ ਚਾਹੁੰਦਾ ਹਾਂ ……ਪਤਾ ਨਹੀਂ ਅੱਜ ਕੀ ਹੋ ਗਿਆ ਹੈ।”
ਦੋਨੋਂ ਸਹੇਲੀਆਂ ਹੌਲੀ ਜਿਹੇ ਹੱਸੀਆਂ। ਜਦੋਂ ਭੀੜ ਦੇ ਨਾਲ ਬਾਹਰ ਨਿਕਲੀਆਂ ਤਾਂ ਅਖ਼ਲਾਕ ਉਨ੍ਹਾਂ ਦੇ ਪਿੱਛੇ ਪਿੱਛੇ ਹੋ ਲਿਆ। ਉਹ ਕੁੜੀ ਜਿਸ ਨਾਲ ਉਸ ਨੂੰ ਪਹਿਲੀ ਨਜ਼ਰ ਦਾ ਇਸ਼ਕ ਹੋਇਆ ਸੀ ਮੁੜ ਮੁੜ ਕੇ ਵੇਖਦੀ ਰਹੀ। ਅਖ਼ਲਾਕ ਨੇ ਇਸਦੀ ਪਰਵਾਹ ਨਹੀਂ ਕੀਤੀ। ਅਤੇ ਉਨ੍ਹਾਂ ਦੇ ਪਿੱਛੇ ਪਿੱਛੇ ਚੱਲਦਾ ਰਿਹਾ। ਉਸ ਨੇ ਤਹੱਈਆ ਕਰ ਲਿਆ ਸੀ ਕਿ ਉਹ ਉਸ ਕੁੜੀ ਦਾ ਘਰ ਵੇਖ ਕੇ ਰਹੇਗਾ।
ਮਾਲ ਰੋਡ ਦੇ ਫੁਟਪਾਥ ਉੱਤੇ ਵਾਈ ਐਮ ਸੀ ਏ ਦੇ ਸਾਹਮਣੇ ਉਸ ਕੁੜੀ ਨੇ ਮੁੜ ਕੇ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਆਪਣੀ ਸਹੇਲੀ ਦਾ ਹੱਥ ਫੜ ਕੇ ਰੁਕ ਗਈ। ਅਖ਼ਲਾਕ ਨੇ ਅੱਗੇ ਨਿਕਲਣਾ ਚਾਹਿਆ ਤਾਂ ਉਹ ਕੁੜੀ ਇਸ ਨੂੰ ਮੁਖ਼ਾਤਬ ਹੋਈ, “ਤੁਸੀਂ ਸਾਡੇ ਪਿੱਛੇ ਪਿੱਛੇ ਕਿਉਂ ਆ ਰਹੇ ਹੋ?”
ਅਖ਼ਲਾਕ ਨੇ ਇੱਕ ਛਿਣ ਸੋਚ ਕੇ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਅੱਗੇ ਕਿਉਂ ਜਾ ਰਹੀਆਂ ਹੋ।”
ਕੁੜੀ ਖਿਲਖਲਾ ਕੇ ਹਸ ਪਈ। ਇਸ ਦੇ ਬਾਅਦ ਉਸ ਨੇ ਆਪਣੀ ਸਹੇਲੀ ਨੂੰ ਕੁੱਝ ਕਿਹਾ। ਫਿਰ ਦੋਨੋਂ ਚੱਲ ਪਈਆਂ। ਬਸ ਸਟੈਂਡ ਦੇ ਕੋਲ ਉਸ ਕੁੜੀ ਨੇ ਜਦੋਂ ਮੁੜ ਕੇ ਵੇਖਿਆ ਤਾਂ ਅਖ਼ਲਾਕ ਨੇ ਕਿਹਾ। “ਤੁਸੀਂ ਪਿੱਛੇ ਆ ਜਾਓ। ਮੈਂ ਅੱਗੇ ਵੱਧ ਜਾਂਦਾ ਹਾਂ। ”
ਕੁੜੀ ਨੇ ਮੂੰਹ ਮੋੜ ਲਿਆ।
ਅਨਾਰਕਲੀ ਦਾ ਮੋੜ ਆਇਆ ਤਾਂ ਦੋਨਾਂ ਸਹੇਲੀਆਂ ਰੁੱਕ ਗਈਆਂ। ਅਖ਼ਲਾਕ ਕੋਲੋਂ ਲੰਘਣ ਲੱਗਿਆ ਤਾਂ ਉਸ ਕੁੜੀ ਨੇ ਉਸ ਨੂੰ ਕਿਹਾ। “ਤੁਸੀਂ ਸਾਡੇ ਪਿੱਛੇ ਨਾ ਆਓ। ਇਹ ਬਹੁਤ ਬੁਰੀ ਗੱਲ ਹੈ। ”
ਲਹਿਜੇ ਵਿੱਚ ਬੜੀ ਗੰਭੀਰਤਾ ਸੀ। ਅਖ਼ਲਾਕ ਨੇ “ਬਹੁਤ ਬਿਹਤਰ” ਕਿਹਾ ਅਤੇ ਵਾਪਸ ਚੱਲ ਪਿਆ। ਉਸ ਨੇ ਮੁੜ ਕੇ ਵੀ ਉਨ੍ਹਾਂ ਨੂੰ ਨਹੀਂ ਵੇਖਿਆ। ਲੇਕਿਨ ਦਿਲ ਵਿੱਚ ਉਹਨੂੰ ਅਫ਼ਸੋਸ ਸੀ ਕਿ ਉਹ ਕਿਉਂ ਉਸ ਦੇ ਪਿੱਛੇ ਨਹੀਂ ਗਿਆ। ਇੰਨੀ ਦੇਰ ਦੇ ਬਾਅਦ ਉਸ ਨੂੰ ਇੰਨੀ ਸ਼ਿੱਦਤ ਨਾਲ ਮਹਿਸੂਸ ਹੋਇਆ ਸੀ ਕਿ ਉਸ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ। ਲੇਕਿਨ ਉਸ ਨੇ ਮੌਕਾ ਹੱਥੋਂ ਜਾਣ ਦਿੱਤਾ। ਹੁਣ ਖ਼ੁਦਾ ਜਾਣੇ ਫਿਰ ਉਸ ਕੁੜੀ ਨਾਲ ਮੁਲਾਕਾਤ ਹੋਵੇ ਜਾਂ ਨਾ ਹੋਵੇ।
ਜਦੋਂ ਵਾਈ ਐਮ ਸੀ ਦੇ ਕੋਲ ਪਹੁੰਚਿਆ ਤਾਂ ਰੁੱਕ ਕੇ ਉਸ ਨੇ ਅਨਾਰਕਲੀ ਦੇ ਮੋੜ ਦੀ ਤਰਫ਼ ਵੇਖਿਆ। ਮਗਰ ਹੁਣ ਉੱਥੇ ਕੀ ਸੀ। ਉਹ ਤਾਂ ਉਸੇ ਵਕਤ ਅਨਾਰਕਲੀ ਦੀ ਤਰਫ਼ ਚਲੀਆਂ ਗਈਆਂ ਸਨ।
ਕੁੜੀ ਦੇ ਨਕਸ਼ ਵੱਡੇ ਪਤਲੇ ਪਤਲੇ ਸਨ। ਬਰੀਕ ਨੱਕ, ਛੋਟੀ ਜਿਹੀ ਠੋਡੀ, ਫੁਲ ਦੀਆਂ ਪੱਤੀਆਂ ਵਰਗੇ ਹੋਠ। ਜਦੋਂ ਪਰਦੇ ਉੱਤੇ ਕਾਲਖ ਘੱਟ ਅਤੇ ਰੋਸ਼ਨੀ ਜ਼ਿਆਦਾ ਹੁੰਦੀ ਸੀ ਤਾਂ ਉਸ ਨੇ ਉਸਦੇ ਉਪਰਲੇ ਹੋਠ ਉੱਤੇ ਇੱਕ ਤਿਲ ਵੇਖਿਆ ਸੀ ਜੋ ਬੇਹੱਦ ਪਿਆਰਾ ਲੱਗਦਾ ਸੀ। ਅਖ਼ਲਾਕ ਨੇ ਸੋਚਿਆ ਸੀ ਕਿ ਜੇਕਰ ਇਹ ਤਿਲ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਨਾਮੁਕੰਮਲ ਰਹਿੰਦੀ। ਇਸ ਦਾ ਉੱਥੇ ਹੋਣਾ ਅਤਿ ਜ਼ਰੂਰੀ ਸੀ।
ਛੋਟੇ ਛੋਟੇ ਕਦਮ ਸਨ ਜਿਨ੍ਹਾਂ ਵਿੱਚ ਕੰਵਾਰਪਣ ਸੀ। ਹਾਲਾਂਕਿ ਉਸ ਨੂੰ ਪਤਾ ਸੀ ਕਿ ਇੱਕ ਮਰਦ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਇਸ ਲਈ ਉस ਦੇ ਇਨ੍ਹਾਂ ਛੋਟੇ ਛੋਟੇ ਕਦਮਾਂ ਵਿੱਚ ਇੱਕ ਵੱਡੀ ਪਿਆਰੀ ਲੜਖੜਾਹਟ ਜਿਹੀ ਪੈਦਾ ਹੋ ਗਈ ਸੀ। ਉਸ ਦਾ ਮੁੜ ਮੁੜ ਕੇ ਵੇਖਣਾ ਤਾਂ ਗ਼ਜ਼ਬ ਸੀ। ਗਰਦਨ ਨੂੰ ਇੱਕ ਹਲਕਾ ਜਿਹਾ ਝੱਟਕਾ ਦੇਕੇ ਉਹ ਪਿੱਛੇ ਅਖ਼ਲਾਕ ਦੀ ਤਰਫ਼ ਵੇਖਦੀ ਅਤੇ ਤੇਜ਼ੀ ਨਾਲ ਮੂੰਹ ਮੋੜ ਲੈਂਦੀ।
ਦੂਜੇ ਦਿਨ ਉਹ ਇੰਗਰਿਡ ਬਰਗਮੈਨ ਦੀ ਫ਼ਿਲਮ ਫਿਰ ਦੇਖਣ ਗਿਆ। ਸ਼ੋ ਸ਼ੁਰੂ ਹੋ ਚੁੱਕਾ ਸੀ। ਵਾਲਟ ਡਿਜ਼ਨੀ ਦਾ ਕਾਰਟੂਨ ਚੱਲ ਰਿਹਾ ਸੀ ਕਿ ਉਹ ਅੰਦਰ ਹਾਲ ਵਿੱਚ ਦਾਖ਼ਲ ਹੋਇਆ। ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ ਸੀ।
ਗੇਟ ਕੀਪਰ ਦੀ ਬੈਟਰੀ ਦੀ ਅੰਨ੍ਹੀ ਰੋਸ਼ਨੀ ਦੇ ਸਹਾਰੇ ਇਸ ਨੇ ਟਟੋਲ ਟਟੋਲ ਕੇ ਇੱਕ ਖ਼ਾਲੀ ਸੀਟ ਦੀ ਭਾਲ ਕੀਤੀ ਅਤੇ ਉਸ ਉੱਪਰ ਬੈਠ ਗਿਆ।
ਡਿਜ਼ਨੀ ਦਾ ਕਾਰਟੂਨ ਬਹੁਤ ਮਜ਼ਾਹੀਆ ਸੀ। ਏਧਰ ਏਧਰ ਕਈ ਤਮਾਸ਼ਾਈ ਹਸ ਰਹੇ ਸਨ। ਕਦੇ ਕਦੇ ਬਹੁਤ ਹੀ ਕਰੀਬ ਤੋਂ ਅਖ਼ਲਾਕ ਨੂੰ ਅਜਿਹੀ ਹਾਸੀ ਸੁਣਾਈ ਦਿੱਤੀ ਜਿਸ ਨੂੰ ਉਹ ਸਿਆਣਦਾ ਸੀ। ਮੁੜ ਕੇ ਉਸ ਨੇ ਪਿੱਛੇ ਵੇਖਿਆ ਤਾਂ ਉਹੀ ਕੁੜੀ ਬੈਠੀ ਸੀ।
ਅਖ਼ਲਾਕ ਦਾ ਦਿਲ ਧੱਕ ਧੱਕ ਕਰਨ ਲੱਗਿਆ। ਕੁੜੀ ਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ। ਸ਼ਕਲ ਸੂਰਤ ਦੇ ਪੱਖ ਤੋਂ ਉਹ ਇਸ ਦਾ ਭਾਈ ਲੱਗਦਾ ਸੀ। ਉਸਦੀ ਹਾਜ਼ਰੀ ਵਿੱਚ ਉਹ ਕਿਸ ਤਰ੍ਹਾਂ ਵਾਰ ਵਾਰ ਮੁੜ ਕੇ ਵੇਖ ਸਕਦਾ ਸੀ।
ਇੰਟਰਵਲ ਹੋ ਗਿਆ। ਅਖ਼ਲਾਕ ਕੋਸ਼ਿਸ਼ ਦੇ ਬਾਵਜੂਦ ਫ਼ਿਲਮ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ। ਰੋਸ਼ਨੀ ਹੋਈ ਤਾਂ ਉਹ ਉੱਠਿਆ। ਕੁੜੀ ਦੇ ਚਿਹਰੇ ਉੱਤੇ ਨਕਾਬ ਸੀ। ਮਗਰ ਉਸ ਮਹੀਨ ਪਰਦੇ ਦੇ ਪਿੱਛੇ ਉਸਦੀਆਂ ਅੱਖਾਂ ਅਖ਼ਲਾਕ ਨੂੰ ਨਜ਼ਰ ਆਈਆਂ ਜਿਨ੍ਹਾਂ ਵਿੱਚ ਮੁਸਕੁਰਾਹਟ ਦੀ ਚਮਕ ਸੀ।
ਕੁੜੀ ਦੇ ਭਰਾ ਨੇ ਸਿਗਰਟ ਕੱਢ ਕੇ ਸੁਲਗਾਈ। ਅਖ਼ਲਾਕ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਉਸ ਨੂੰ ਮੁਖ਼ਾਤਬ ਹੋਇਆ, “ਜਰਾ ਮਾਚਿਸ ਮਿਹਰ ਫ਼ਰਮਾਓ।”
ਕੁੜੀ ਦੇ ਭਰਾ ਨੇ ਉਸ ਨੂੰ ਮਾਚਿਸ ਦੇ ਦਿੱਤੀ। ਅਖ਼ਲਾਕ ਨੇ ਆਪਣੀ ਸਿਗਰਟ ਸੁਲਗਾਈ ਅਤੇ ਮਾਚਿਸ ਉਸ ਨੂੰ ਵਾਪਸ ਦੇ ਦਿੱਤੀ, “ਧੰਨਵਾਦ ! ”
ਕੁੜੀ ਦੀ ਲੱਤ ਹਿੱਲ ਰਹੀ ਸੀ। ਅਖ਼ਲਾਕ ਆਪਣੀ ਸੀਟ ਉੱਤੇ ਬੈਠ ਗਿਆ। ਫ਼ਿਲਮ ਦਾ ਬਕਾਇਆ ਹਿੱਸਾ ਸ਼ੁਰੂ ਹੋਇਆ। ਇੱਕ ਦੋ ਵਾਰ ਉਸ ਨੇ ਮੁੜ ਕੇ ਕੁੜੀ ਦੀ ਤਰਫ਼ ਵੇਖਿਆ। ਇਸ ਤੋਂ ਜ਼ਿਆਦਾ ਉਹ ਕੁੱਝ ਨਹੀਂ ਕਰ ਸਕਿਆ।
ਫ਼ਿਲਮ ਖ਼ਤਮ ਹੋਈ। ਲੋਕ ਬਾਹਰ ਨਿਕਲਣਾ ਸ਼ੁਰੂ ਹੋਏ। ਕੁੜੀ ਅਤੇ ਉਸ ਦਾ ਭਾਈ ਨਾਲ ਸਨ। ਅਖ਼ਲਾਕ ਉਨ੍ਹਾਂ ਤੋਂ ਹੱਟ ਕੇ ਪਿੱਛੇ ਪਿੱਛੇ ਚਲਣ ਲਗਾ।
ਸਟੈਂਡ ਦੇ ਕੋਲ ਭਰਾ ਨੇ ਆਪਣੀ ਭੈਣ ਨੂੰ ਕੁੱਝ ਕਿਹਾ। ਇੱਕ ਟਾਂਗੇ ਵਾਲੇ ਨੂੰ ਬੁਲਾਇਆ ਕੁੜੀ ਉਸ ਵਿੱਚ ਬੈਠ ਗਈ। ਮੁੰਡਾ ਸਟੈਂਡ ਵਿੱਚ ਚਲਾ ਗਿਆ। ਕੁੜੀ ਨੇ ਨਕਾਬ ਵਿੱਚੋਂ ਅਖ਼ਲਾਕ ਦੀ ਤਰਫ਼ ਵੇਖਿਆ। ਉਸ ਦਾ ਦਿਲ ਧੱਕ ਧੱਕ ਕਰਨ ਲਗਾ। ਟਾਂਗਾ ਚੱਲ ਪਿਆ। ਸਟੈਂਡ ਦੇ ਬਾਹਰ ਇਸ ਦੇ ਤਿੰਨ ਚਾਰ ਦੋਸਤ ਖੜੇ ਸਨ। ਇਹਨਾਂ ਵਿਚੋਂ ਇੱਕ ਦੀ ਸਾਈਕਲ ਉਸ ਨੇ ਜਲਦੀ ਜਲਦੀ ਫੜੀ ਅਤੇ ਟਾਂਗੇ ਦੇ ਪਿੱਛੇ ਰਵਾਨਾ ਹੋ ਗਿਆ।
ਇਹ ਪਿੱਛੇ ਜਾਣਾ ਬਹੁਤ ਦਿਲਚਸਪ ਰਿਹਾ। ਜ਼ੋਰ ਦੀ ਹਵਾ ਚੱਲ ਰਹੀ ਸੀ ਕੁੜੀ ਦੇ ਚਿਹਰੇ ਉੱਤੋਂ ਨਕਾਬ ਉਠ ਉਠ ਜਾਂਦਾ। ਸਿਆਹ ਜਾਰਜਤ ਦਾ ਪਰਦਾ ਫੜਫੜਾਕੇ ਉਸਦੇ ਸਫੈਦ ਚਿਹਰੇ ਦੀਆਂ ਝਲਕੀਆਂ ਦਿਖਾਂਦਾ ਸੀ। ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਝੂਮਰ ਸਨ। ਪਤਲੇ ਪਤਲੇ ਹੋਠਾਂ ਉੱਤੇ ਮੱਸ ਮਾਇਲ ਸੁਰਖੀ ਸੀ ……ਅਤੇ ਉਪਰਲੇ ਹੋਠ ਉੱਤੇ ਤਿਲ ……ਉਹ ਅਤਿ ਜ਼ਰੂਰੀ ਤਿਲ।
ਬੜੇ ਜ਼ੋਰ ਦਾ ਬੁੱਲਾ ਆਇਆ ਤਾਂ ਅਖ਼ਲਾਕ ਦੇ ਸਿਰ ਉੱਤੋਂ ਹੈਟ ਉੱਤਰ ਗਿਆ ਅਤੇ ਸੜਕ ਤੇ ਦੌੜਨ ਲਗਾ। ਇੱਕ ਟਰੱਕ ਲੰਘ ਰਿਹਾ ਸੀ। ਉਸ ਦੇ ਵਜ਼ਨੀ ਪਹੀਏ ਦੇ ਹੇਠਾਂ ਆਇਆ ਅਤੇ ਉਥੇ ਹੀ ਚਿੱਤ ਗਿਆ।
ਕੁੜੀ ਹਸੀ ਅਖ਼ਲਾਕ ਨੇ ਮੁਸਕਰਾ ਦਿੱਤਾ। ਗਰਦਨ ਮੋੜ ਕੇ ਹੈਟ ਦੀ ਲਾਸ਼ ਵੇਖੀ ਜੋ ਬਹੁਤ ਪਿੱਛੇ ਰਹਿ ਗਈ ਸੀ ਅਤੇ ਕੁੜੀ ਨੂੰ ਮੁਖ਼ਾਤਬ ਹੋ ਕੇ ਕਿਹਾ। “ਉਸ ਨੂੰ ਤਾਂ ਸ਼ਹਾਦਤ ਦਾ ਰੁਤਬ ਮਿਲ ਗਿਆ।”
ਕੁੜੀ ਨੇ ਮੂੰਹ ਦੂਜੀ ਤਰਫ਼ ਮੋੜ ਲਿਆ।
ਅਖ਼ਲਾਕ ਥੋੜ੍ਹੀ ਦੇਰ ਦੇ ਬਾਅਦ ਫਿਰ ਉਸਨੂੰ ਮੁਖ਼ਾਤਬ ਹੋਇਆ। “ਤੁਹਾਨੂੰ ਇਤਰਾਜ਼ ਹੈ ਤਾਂ ਵਾਪਸ ਚਲੇ ਜਾਂਦਾ ਹਾਂ। ”
ਕੁੜੀ ਨੇ ਉਸ ਦੀ ਤਰਫ਼ ਵੇਖਿਆ ਮਗਰ ਕੋਈ ਜਵਾਬ ਨਹੀਂ ਦਿੱਤਾ।
ਅਨਾਰਕਲੀ ਦੀ ਇੱਕ ਗਲੀ ਵਿੱਚ ਟਾਂਗਾ ਰੁਕਿਆ ਅਤੇ ਉਹ ਕੁੜੀ ਉੱਤਰ ਕੇ ਅਖ਼ਲਾਕ ਦੀ ਤਰਫ਼ ਵਾਰ ਵਾਰ ਵੇਖਦੀ ਨਕਾਬ ਉਠਾ ਕੇ ਇੱਕ ਮਕਾਨ ਵਿੱਚ ਦਾਖ਼ਲ ਹੋ ਗਈ। ਅਖ਼ਲਾਕ ਇੱਕ ਪੈਰ ਸਾਈਕਲ ਦੇ ਪੈਡਲ ਉੱਤੇ ਅਤੇ ਦੂਜਾ ਪੈਰ ਦੁਕਾਨ ਦੇ ਥੜੇ ਉੱਤੇ ਰੱਖੇ ਥੋੜ੍ਹੀ ਦੇਰ ਖੜਾ ਰਿਹਾ। ਸਾਈਕਲ ਚਲਾਣ ਹੀ ਵਾਲਾ ਸੀ ਕਿ ਇਸ ਮਕਾਨ ਦੀ ਪਹਿਲੀ ਮੰਜ਼ਿਲ ਉੱਤੇ ਇੱਕ ਖਿੜਕੀ ਖੁੱਲੀ। ਕੁੜੀ ਨੇ ਝਾਕ ਕੇ ਅਖ਼ਲਾਕ ਨੂੰ ਵੇਖਿਆ। ਮਗਰ ਫ਼ੌਰਨ ਹੀ ਸ਼ਰਮਾ ਕੇ ਪਿੱਛੇ ਹੱਟ ਗਈ। ਅਖ਼ਲਾਕ ਤਕਰੀਬਨ ਅੱਧ ਘੰਟਾ ਉੱਥੇ ਖੜਾ ਰਿਹਾ। ਮਗਰ ਉਹ ਫਿਰ ਖਿੜਕੀ ਵਿੱਚ ਨਮੂਦਾਰ ਨਹੀਂ ਹੋਈ।
ਅਗਲੇ ਦਿਨ ਅਖ਼ਲਾਕ ਸਵੇਰੇ ਸਵੇਰੇ ਅਨਾਰਕਲੀ ਦੀ ਉਸ ਗਲੀ ਵਿੱਚ ਪਹੁੰਚਿਆ। ਪੰਦਰਾਂ ਵੀਹ ਮਿੰਟ ਤੱਕ ਏਧਰ ਉੱਧਰ ਘੁੰਮਦਾ ਰਿਹਾ। ਖਿੜਕੀ ਬੰਦ ਸੀ। ਮਾਯੂਸ ਹੋ ਕੇ ਪਰਤਣ ਵਾਲਾ ਸੀ ਕਿ ਇੱਕ ਫ਼ਾਲਸੇ ਵੇਚਣ ਵਾਲਾ ਆਵਾਜ਼ ਲਗਾਉਂਦਾ ਆਇਆ। ਖਿੜਕੀ ਖੁੱਲੀ, ਕੁੜੀ ਸਿਰ ਤੋਂ ਨੰਗੀ ਨਮੂਦਾਰ ਹੋਈ। ਇਸ ਨੇ ਫ਼ਾਲਸੇ ਵਾਲੇ ਨੂੰ ਆਵਾਜ਼ ਦਿੱਤੀ।
“ਭਾਈ ਫ਼ਾਲਸੇ ਵਾਲੇ, ਜਰਾ ਠਹਿਰਨਾ,” ਫਿਰ ਉਸਦੀਆਂ ਨਜ਼ਰਾਂ ਇੱਕ ਦਮ ਅਖ਼ਲਾਕ ਤੇ ਪਈਆਂ। ਚੌਂਕ ਕੇ ਉਹ ਪਿੱਛੇ ਹੱਟ ਗਈ। ਫ਼ਾਲਸੇ ਵਾਲੇ ਨੇ ਸਿਰ ਤੋਂ ਛਾਬੜੀ ਉਤਾਰੀ ਅਤੇ ਬੈਠ ਗਿਆ। ਥੋੜ੍ਹੀ ਦੇਰ ਦੇ ਬਾਅਦ ਉਹ ਕੁੜੀ ਸਿਰ ਉੱਤੇ ਦੁਪੱਟਾ ਲਈ ਹੇਠਾਂ ਆਈ। ਅਖ਼ਲਾਕ ਨੂੰ ਉਸ ਨੇ ਕਨਖੀਆਂ ਨਾਲ ਵੇਖਿਆ। ਸ਼ਰਮਾਈ ਅਤੇ ਫ਼ਾਲਸੇ ਲਏ ਬਿਨਾਂ ਵਾਪਸ ਚੱਲੀ ਗਈ।
ਅਖ਼ਲਾਕ ਨੂੰ ਇਹ ਅਦਾ ਬਹੁਤ ਪਸੰਦ ਆਈ। ਥੋੜ੍ਹਾ ਜਿਹਾ ਤਰਸ ਵੀ ਆਇਆ। ਫ਼ਾਲਸੇ ਵਾਲੇ ਨੇ ਜਦੋਂ ਉਸ ਨੂੰ ਘੂਰ ਕੇ ਵੇਖਿਆ ਤਾਂ ਉਹ ਉੱਥੋਂ ਚੱਲ ਪਿਆ। “ਚਲੋ ਅੱਜ ਇੰਨਾ ਹੀ ਕਾਫ਼ੀ ਹੈ।”
ਕੁਝ ਦਿਨ ਹੀ ਵਿੱਚ ਅਖ਼ਲਾਕ ਅਤੇ ਉਸ ਕੁੜੀ ਵਿੱਚ ਇਸ਼ਾਰੇ ਸ਼ੁਰੂ ਹੋ ਗਏ। ਹਰ ਰੋਜ ਸਵੇਰੇ ਨੌਂ ਵਜੇ ਉਹ ਅਨਾਰਕਲੀ ਦੀ ਇਸ ਗਲੀ ਵਿੱਚ ਪੁੱਜਦਾ। ਖਿੜਕੀ ਖੁਲਦੀ ਉਹ ਸਲਾਮ ਕਰਦਾ ਉਹ ਜਵਾਬ ਦਿੰਦੀ, ਮੁਸਕਰਾਉਂਦੀ। ਹੱਥ ਦੇ ਇਸ਼ਾਰਿਆਂ ਨਾਲ ਕੁੱਝ ਗੱਲਾਂ ਹੁੰਦੀਆਂ। ਇਸਦੇ ਬਾਅਦ ਉਹ ਚੱਲੀ ਜਾਂਦੀ।
ਇੱਕ ਰੋਜ ਉਂਗਲੀਆਂ ਘੁਮਾ ਕੇ ਉਸ ਨੇ ਅਖ਼ਲਾਕ ਨੂੰ ਦੱਸਿਆ ਕਿ ਉਹ ਸ਼ਾਮ ਦੇ ਛੇ ਵਜੇ ਦੇ ਸ਼ੋ ਸਿਨੇਮਾ ਦੇਖਣ ਜਾ ਰਹੀ ਹੈ। ਅਖ਼ਲਾਕ ਨੇ ਇਸ਼ਾਰਿਆਂ ਦੇ ਜ਼ਰੀਏ ਪੁੱਛਿਆ। “ਕਿਸ ਸਿਨੇਮਾ ਹਾਊਸ ਵਿੱਚ?”
ਉਸ ਨੇ ਜਵਾਬ ਵਿੱਚ ਕੁੱਝ ਇਸ਼ਾਰੇ ਕੀਤੇ। ਮਗਰ ਅਖ਼ਲਾਕ ਨਹੀਂ ਸਮਝਿਆ। ਆਖ਼ਰ ਵਿੱਚ ਉਸ ਨੇ ਇਸ਼ਾਰਿਆਂ ਵਿੱਚ ਕਿਹਾ। “ਕਾਗ਼ਜ਼ ਉੱਤੇ ਲਿਖ ਕੇ ਹੇਠਾਂ ਸੁੱਟ ਦੇ। ”
ਕੁੜੀ ਖਿੜਕੀ ਕੋਲੋਂ ਹੱਟ ਗਈ। ਕੁਝ ਲਮਹਿਆਂ ਦੇ ਬਾਅਦ ਉਸ ਨੇ ਏਧਰ ਉੱਧਰ ਵੇਖ ਕੇ ਕਾਗ਼ਜ਼ ਦੀ ਇੱਕ ਮੜੋਰੀ ਜਿਹੀ ਹੇਠਾਂ ਸੁੱਟ ਦਿੱਤੀ। ਅਖ਼ਲਾਕ ਨੇ ਉਸਨੂੰ ਖੋਲਿਆ, ਲਿਖਿਆ ਸੀ।
“ਪਲਾਜ਼ਾ ……ਪਰਵੀਣ। ”
ਸ਼ਾਮ ਨੂੰ ਪਲਾਜ਼ਾ ਵਿੱਚ ਉਸਦੀ ਮੁਲਾਕਾਤ ਪਰਵੀਣ ਨਾਲ ਹੋਈ। ਉਸ ਦੇ ਨਾਲ ਉਸਦੀ ਸਹੇਲੀ ਸੀ। ਅਖ਼ਲਾਕ ਉਸਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ। ਫ਼ਿਲਮ ਸ਼ੁਰੂ ਹੋਈ ਤਾਂ ਪਰਵੀਣ ਨੇ ਨਕਾਬ ਉਠਾ ਲਿਆ। ਅਖ਼ਲਾਕ ਸਾਰਾ ਵਕਤ ਉਸ ਨੂੰ ਵੇਖਦਾ ਰਿਹਾ। ਉਸ ਦਾ ਦਿਲ ਧੱਕ ਧੱਕ ਕਰਦਾ ਸੀ। ਇੰਟਰਵਲ ਤੋਂ ਕੁੱਝ ਪਹਿਲਾਂ ਉਸ ਨੇ ਆਹਿਸਤਾ ਜਿਹੇ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬ ਉੱਠੀ। ਅਖ਼ਲਾਕ ਨੇ ਫ਼ੌਰਨ ਹੱਥ ਉਠਾ ਲਿਆ।
ਦਰਅਸਲ ਉਹ ਉਸ ਨੂੰ ਅੰਗੂਠੀ ਦੇਣਾ ਚਾਹੁੰਦਾ ਸੀ, ਸਗੋਂ ਖ਼ੁਦ ਪਹਿਨਾਉਣਾ ਚਾਹੁੰਦਾ ਸੀ ਜੋ ਉਸ ਨੇ ਉਸੇ ਦਿਨ ਖ਼ਰੀਦੀ ਸੀ। ਇੰਟਰਵਲ ਖ਼ਤਮ ਹੋਇਆ ਤਾਂ ਉਸ ਨੇ ਫਿਰ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬੀ ਲੇਕਿਨ ਅਖ਼ਲਾਕ ਨੇ ਹੱਥ ਨਹੀਂ ਹਟਾਇਆ। ਥੋੜ੍ਹੀ ਦੇਰ ਦੇ ਬਾਅਦ ਉਸ ਨੇ ਅੰਗੂਠੀ ਕੱਢੀ ਅਤੇ ਉਸਦੀ ਇੱਕ ਉਂਗਲ ਵਿੱਚ ਚੜ੍ਹਾ ਦਿੱਤੀ ……ਉਹ ਬਿਲਕੁਲ ਖ਼ਾਮੋਸ਼ ਰਹੀ। ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ। ਮਥੇ ਅਤੇ ਨੱਕ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਥਰਥਰਾ ਰਹੇ ਸਨ।
ਫ਼ਿਲਮ ਖ਼ਤਮ ਹੋਈ ਤਾਂ ਅਖ਼ਲਾਕ ਅਤੇ ਪਰਵੀਣ ਦੀ ਇਹ ਮੁਲਾਕਾਤ ਵੀ ਖ਼ਤਮ ਹੋ ਗਈ। ਬਾਹਰ ਨਿਕਲ ਕੇ ਕੋਈ ਗੱਲ ਨਹੀਂ ਹੋ ਸਕੀ। ਦੋਨੋਂ ਸਹੇਲੀਆਂ ਟਾਂਗੇ ਵਿੱਚ ਬੈਠੀਆਂ। ਅਖ਼ਲਾਕ ਨੂੰ ਦੋਸਤ ਮਿਲ ਗਏ। ਉਨ੍ਹਾਂ ਨੇ ਉਸਨੂੰ ਰੋਕ ਲਿਆ ਲੇਕਿਨ ਉਹ ਬਹੁਤ ਖ਼ੁਸ਼ ਸੀ। ਇਸ ਲਈ ਕਿ ਪਰਵੀਣ ਨੇ ਉਸ ਦਾ ਤੋਹਫ਼ਾ ਕਬੂਲ ਕਰ ਲਿਆ ਸੀ।
ਦੂਜੇ ਦਿਨ ਮੁਕੱਰਰ ਵਕਤ ਤੇ ਜਦੋਂ ਅਖ਼ਲਾਕ ਪਰਵੀਣ ਦੇ ਘਰ ਦੇ ਕੋਲ ਪਹੁੰਚਿਆ ਤਾਂ ਖਿੜਕੀ ਖੁੱਲੀ ਸੀ। ਅਖ਼ਲਾਕ ਨੇ ਸਲਾਮ ਕੀਤਾ। ਪਰਵੀਣ ਨੇ ਜਵਾਬ ਦਿੱਤਾ। ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਉਸਦੀ ਪਹਿਨਾਈ ਹੋਈ ਅੰਗੂਠੀ ਚਮਕ ਰਹੀ ਸੀ।
ਥੋੜ੍ਹੀ ਦੇਰ ਇਸ਼ਾਰੇ ਹੁੰਦੇ ਰਹੇ ਇਸ ਦੇ ਬਾਅਦ ਪਰਵੀਣ ਨੇ ਏਧਰ ਉੱਧਰ ਵੇਖ ਕੇ ਇੱਕ ਲਿਫਾਫਾ ਹੇਠਾਂ ਸੁੱਟ ਦਿੱਤਾ। ਅਖ਼ਲਾਕ ਨੇ ਚੁੱਕਿਆ। ਖੋਲ੍ਹਿਆ ਤਾਂ ਇਸ ਵਿੱਚ ਇੱਕ ਖ਼ਤ ਸੀ। ਅੰਗੂਠੀ ਦੇ ਸ਼ੁਕਰੀਏ ਦਾ।
ਘਰ ਪਹੁੰਚ ਕੇ ਅਖ਼ਲਾਕ ਨੇ ਇੱਕ ਲੰਮਾ ਜਵਾਬ ਲਿਖਿਆ। ਆਪਣਾ ਦਿਲ ਕੱਢ ਕੇ ਕਾਗਜ਼ਾਂ ਵਿੱਚ ਰੱਖ ਦਿੱਤਾ। ਇਸ ਖ਼ਤ ਨੂੰ ਉਸ ਨੇ ਫੁੱਲਦਾਰ ਲਿਫਾਫੇ ਵਿੱਚ ਬੰਦ ਕੀਤਾ। ਉਸ ਉੱਤੇ ਸੈਂਟ ਲਗਾਇਆ ਅਤੇ ਦੂਜੇ ਦਿਨ ਸਵੇਰੇ ਨੌਂ ਵਜੇ ਪਰਵੀਣ ਨੂੰ ਵਿਖਾ ਕੇ ਹੇਠਾਂ ਲੈਟਰ ਬਾਕਸ ਵਿੱਚ ਪਾ ਦਿੱਤਾ।
ਹੁਣ ਉਨ੍ਹਾਂ ਵਿੱਚ ਬਾਕਾਇਦਾ ਖ਼ਤੋ-ਕਿਤਾਬਤ ਸ਼ੁਰੂ ਹੋ ਗਈ। ਹਰ ਖ਼ਤ ਇਸ਼ਕ ਮੁਹੱਬਤ ਦਾ ਇੱਕ ਦਫਤਰ ਸੀ। ਇੱਕ ਖ਼ਤ ਅਖ਼ਲਾਕ ਨੇ ਆਪਣੇ ਖ਼ੂਨ ਨਾਲ ਲਿਖਿਆ ਜਿਸ ਵਿੱਚ ਉਸ ਨੇ ਕਸਮ ਖਾਈ ਕਿ ਉਹ ਹਮੇਸ਼ਾ ਆਪਣੀ ਮੁਹੱਬਤ ਵਿੱਚ ਸਾਬਤ ਕਦਮ ਰਹੇਗਾ। ਇਸ ਦੇ ਜਵਾਬ ਵਿੱਚ ਖ਼ੂਨੀ ਤਹਰੀਰ ਹੀ ਆਈ। ਪਰਵੀਣ ਨੇ ਵੀ ਹਲਫ ਚੁੱਕਿਆ ਕਿ ਉਹ ਮਰ ਜਾਵੇਗੀ ਲੇਕਿਨ ਅਖ਼ਲਾਕ ਦੇ ਸਿਵਾ ਹੋਰ ਕਿਸੇ ਨੂੰ ਸ਼ਰੀਕ-ਏ-ਹਯਾਤ ਨਹੀਂ ਬਣਾਏਗੀ।
ਮਹੀਨੇ ਬੀਤ ਗਏ। ਇਸ ਦੌਰਾਨ ਕਦੇ ਕਦੇ ਕਿਸੇ ਸਿਨੇਮਾ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਸੀ। ਮਿਲ ਕੇ ਬੈਠਣ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਪਰਵੀਣ ਉੱਤੇ ਘਰ ਦੀ ਤਰਫ਼ ਤੋਂ ……ਬਹੁਤ ਕਰੜੀਆਂ ਪਾਬੰਦੀਆਂ ਆਇਦ ਸਨ। ਉਹ ਬਾਹਰ ਨਿਕਲਦੀ ਸੀ ਜਾਂ ਤਾਂ ਆਪਣੇ ਭਾਈ ਦੇ ਨਾਲ ਜਾਂ ਆਪਣੀ ਸਹੇਲੀ ਜ਼ੁਹਰਾ ਦੇ ਨਾਲ। ਇਨ੍ਹਾਂ ਦੋ ਦੇ ਇਲਾਵਾ ਉਸ ਨੂੰ ਹੋਰ ਕਿਸੇ ਦੇ ਨਾਲ ਬਾਹਰ ਜਾਣ ਦੀ ਇਜਾਜਤ ਨਹੀਂ ਸੀ। ਅਖ਼ਲਾਕ ਨੇ ਉਸਨੂੰ ਕਈ ਵਾਰ ਲਿਖਿਆ ਕਿ ਜ਼ੁਹਰਾ ਦੇ ਨਾਲ ਉਹ ਕਦੇ ਉਸਨੂੰ ਬਾਰਾਂਦਰੀ ਵਿੱਚ ਜਹਾਂਗੀਰ ਦੇ ਮਕਬਰੇ ਵਿੱਚ ਮਿਲੇ। ਮਗਰ ਉਹ ਨਹੀਂ ਮੰਨੀ। ਉਸਨ੍ਹੂੰ ਡਰ ਸੀ ਕਿ ਕੋਈ ਵੇਖ ਲਵੇਗਾ।
ਇਸ ਅਰਸੇ ਦੌਰਾਨ ਅਖ਼ਲਾਕ ਦੇ ਮਾਪਿਆਂ ਨੇ ਉਸਦੇ ਵਿਆਹ ਦੀ ਗੱਲਬਾਤ ਸ਼ੁਰੂ ਕਰਦੀ। ਅਖ਼ਲਾਕ ਟਾਲਦਾ ਰਿਹਾ ਜਦੋਂ ਉਨ੍ਹਾਂ ਨੇ ਤੰਗ ਆਕੇ ਇੱਕ ਜਗ੍ਹਾ ਗੱਲ ਕਰ ਦਿੱਤੀ ਤਾਂ ਅਖ਼ਲਾਕ ਵਿਗੜ ਗਿਆ, ਬਹੁਤ ਹੰਗਾਮਾ ਹੋਇਆ।
ਇੱਥੇ ਤੱਕ ਕਿ ਅਖ਼ਲਾਕ ਨੂੰ ਘਰ ਤੋਂ ਨਿਕਲ ਕੇ ਇੱਕ ਰਾਤ ਇਸਲਾਮੀਆ ਕਾਲਜ ਦੀ ਗਰਾਂਊਡ ਵਿੱਚ ਸੌਣਾ ਪਿਆ। ਏਧਰ ਪਰਵੀਣ ਰੋਦੀ ਰਹੀ। ਖਾਣੇ ਨੂੰ ਹੱਥ ਤੱਕ ਨਹੀਂ ਲਗਾਇਆ।
ਅਖ਼ਲਾਕ ਧੁਨ ਦਾ ਬਹੁਤ ਪੱਕਾ ਸੀ। ਜ਼ਿੱਦੀ ਵੀ ਪਰਲੇ ਦਰਜੇ ਦਾ ਸੀ। ਘਰ ਤੋਂ ਬਾਹਰ ਕਦਮ ਕੱਢਿਆ ਤਾਂ ਫਿਰ ਉੱਧਰ ਰੁਖ ਤੱਕ ਨਹੀਂ ਕੀਤਾ। ਉਸ ਦੇ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਮਗਰ ਉਹ ਨਹੀਂ ਮੰਨਿਆ। ਇੱਕ ਦਫਤਰ ਵਿੱਚ ਸੌ ਰੁਪਏ ਮਹੀਨਾਵਾਰ ਉੱਤੇ ਨੌਕਰੀ ਕਰ ਲਈ ਅਤੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਿਆ। ਜਿਸ ਵਿੱਚ ਨਲ ਸੀ ਨਾ ਬਿਜਲੀ।
ਏਧਰ ਪਰਵੀਣ ਅਖ਼ਲਾਕ ਦੀਆਂ ਤਕਲੀਫਾਂ ਦੇ ਦੁੱਖ ਵਿੱਚ ਘੁਲ ਰਹੀ ਸੀ। ਘਰ ਵਿੱਚ ਜਦੋਂ ਅਚਾਨਕ ਉਸ ਦੇ ਵਿਆਹ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਉੱਤੇ ਬਿਜਲੀ ਜਿਹੀ ਡਿੱਗੀ। ਉਸ ਨੇ ਅਖ਼ਲਾਕ ਨੂੰ ਲਿਖਿਆ। ਉਹ ਬਹੁਤ ਪਰੇਸ਼ਾਨ ਹੋਇਆ। ਲੇਕਿਨ ਪਰਵੀਣ ਨੂੰ ਉਸ ਨੇ ਤਸੱਲੀ ਦਿੱਤੀ ਕਿ ਉਹ ਘਬਰਾਏ ਨਹੀਂ। ਸਾਬਤ ਕਦਮ ਰਹੇ। ਇਸ਼ਕ ਉਨ੍ਹਾਂ ਦਾ ਇਮਤਿਹਾਨ ਲੈ ਰਿਹਾ ਹੈ।
ਬਾਰਾਂ ਦਿਨ ਬੀਤ ਗਏ। ਅਖ਼ਲਾਕ ਕਈ ਵਾਰ ਗਿਆ। ਮਗਰ ਪਰਵੀਣ ਖਿੜਕੀ ਵਿੱਚ ਨਜ਼ਰ ਨਹੀਂ ਆਈ। ਉਹ ਧੀਰਜ ਕਰਾਰ ਖੋਹ ਬੈਠਾ ਨੀਂਦ ਉਸਦੀ ਗਾਇਬ ਹੋ ਗਈ। ਉਸ ਨੇ ਦਫਤਰ ਜਾਣਾ ਛੱਡ ਦਿੱਤਾ। ਜ਼ਿਆਦਾ ਨਾਗੇ ਹੋਏ ਤਾਂ ਉਸ ਨੂੰ ਮੁਲਾਜ਼ਮਤ ਤੋਂ ਬਰਤਰਫ਼ ਕਰ ਦਿੱਤਾ ਗਿਆ। ਉਸ ਨੂੰ ਕੁੱਝ ਹੋਸ਼ ਨਹੀਂ ਸੀ। ਬਰਤਰਫ਼ੀ ਦਾ ਨੋਟਿਸ ਮਿਲਿਆ ਤਾਂ ਉਹ ਸਿੱਧਾ ਪਰਵੀਣ ਦੇ ਮਕਾਨ ਦੀ ਤਰਫ ਚੱਲ ਪਿਆ। ਪੰਦਰਾਂ ਦਿਨਾਂ ਦੇ ਲੰਮੇ ਅਰਸੇ ਦੇ ਬਾਅਦ ਉਸਨੂੰ ਪਰਵੀਣ ਨਜ਼ਰ ਆਈ ਉਹ ਵੀ ਇੱਕ ਛਿਣ ਦੇ ਲਈ। ਜਲਦੀ ਨਾਲ ਲਿਫਾਫਾ ਸੁੱਟ ਕੇ ਉਹ ਚੱਲੀ ਗਈ।
ਖ਼ਤ ਬਹੁਤ ਲੰਮਾ ਸੀ। ਪਰਵੀਣ ਦੀ ਗ਼ੈਰ ਹਾਜ਼ਰੀ ਦਾ ਸਬੱਬ ਇਹ ਸੀ ਕਿ ਉਸ ਦਾ ਬਾਪ ਉਹਨੂੰ ਨਾਲ ਗੁਜਰਾਂਵਾਲਾ ਲੈ ਗਿਆ ਸੀ ਜਿੱਥੇ ਉਸਦੀ ਵੱਡੀ ਭੈਣ ਰਹਿੰਦੀ ਸੀ। ਪੰਦਰਾਂ ਦਿਨ ਉਹ ਖ਼ੂਨ ਦੇ ਅੱਥਰੂ ਰੋਂਦੀ ਰਹੀ। ਉਸ ਦਾ ਦਹੇਜ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਲਈ ਰੰਗ ਬਿਰੰਗੇ ਕਫ਼ਨ ਬਣ ਰਹੇ ਹਨ। ਖ਼ਤ ਦੇ ਆਖਿਰ ਵਿੱਚ ਲਿਖਿਆ। ਤਾਰੀਖ ਮੁਕੱਰਰ ਹੋ ਚੁੱਕੀ ਹੈ ……ਮੇਰੀ ਮੌਤ ਦੀ ਤਾਰੀਖ ਮੁਕੱਰਰ ਹੋ ਚੁੱਕੀ ਹੈ। ਮੈਂ ਮਰ ਜਾਵਾਂਗੀ ……ਮੈਂ ਜ਼ਰੂਰ ਕੁੱਝ ਖਾ ਕੇ ਮਰ ਜਾਵਾਂਗੀ। ਇਸ ਦੇ ਸਿਵਾ ਹੋਰ ਕੋਈ ਰਸਤਾ ਮੈਨੂੰ ਵਿਖਾਈ ਨਹੀਂ ਦਿੰਦਾ ……ਨਹੀਂ ਨਹੀਂ ਇੱਕ ਹੋਰ ਰਸਤਾ ਵੀ ਹੈ ……ਲੇਕਿਨ ਮੈਂ ਕੀ ਇੰਨੀ ਹਿੰਮਤ ਕਰ ਸਕਾਂਗੀ। ਤੂੰ ਵੀ ਇੰਨੀ ਹਿੰਮਤ ਕਰ ਸਕੇਂਗਾ ……ਮੈਂ ਤੁਹਾਡੇ ਕੋਲ ਚੱਲੀ ਆਵਾਂਗੀ ……ਮੈਨੂੰ ਤੁਹਾਡੇ ਕੋਲ ਆਉਣਾ ਹੀ ਪਵੇਗਾ। ਤੁਸੀਂ ਮੇਰੇ ਲਈ ਘਰ ਵਾਰ ਛੱਡਿਆ। ਮੈਂ ਤੁਹਾਡੇ ਲਈ ਇਹ ਘਰ ਨਹੀਂ ਛੱਡ ਸਕਦੀ, ਜਿੱਥੇ ਮੇਰੀ ਮੌਤ ਦੇ ਸਾਮਾਨ ਹੋ ਰਹੇ ਹੋਣ ……ਲੇਕਿਨ ਮੈਂ ਪਤਨੀ ਬਣ ਕੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਤੁਸੀਂ ਵਿਆਹ ਦਾ ਬੰਦੋਬਸਤ ਕਰ ਲਓ। ਮੈਂ ਸਿਰਫ ਤਿੰਨ ਕੱਪੜਿਆਂ ਵਿੱਚ ਆਵਾਂਗੀ। ਜੇਵਰ ਵਗ਼ੈਰਾ ਸਭ ਉਤਾਰ ਕੇ ਇੱਥੇ ਸੁੱਟ ਦੇਵਾਂਗੀ।
……ਜਵਾਬ ਜਲਦੀ ਦਿਓ, ਹਮੇਸ਼ਾ ਤੁਹਾਡੀ। ਪਰਵੀਣ।
ਅਖ਼ਲਾਕ ਨੇ ਕੁੱਝ ਨਹੀਂ ਸੋਚਿਆ, ਫ਼ੌਰਨ ਉਸ ਨੂੰ ਲਿਖਿਆ ਮੇਰੀ ਬਾਹਾਂ ਤੈਨੂੰ ਆਪਣੇ ਆਗ਼ੋਸ਼ ਵਿੱਚ ਲੈਣ ਲਈ ਤੜਫ਼ ਰਹੀਆਂ ਹਨ। ਮੈਂ ਤੁਹਾਡੀ ਇੱਜ਼ਤ ਇਸਮਤ ਉੱਤੇ ਕੋਈ ਹਰਫ ਨਹੀਂ ਆਉਣ ਦੇਵਾਂਗਾ। ਤੂੰ ਮੇਰੀ ਜੀਵਨ ਸਾਥਣ ਬਣ ਕੇ ਰਹੋਗੀ। ਜ਼ਿੰਦਗੀ ਭਰ ਮੈਂ ਤੈਨੂੰ ਖ਼ੁਸ਼ ਰੱਖਾਂਗਾ।
ਇੱਕ ਦੋ ਖ਼ਤ ਹੋਰ ਲਿਖੇ ਗਏ ਇਸ ਦੇ ਬਾਅਦ ਤੈਅ ਕੀਤਾ ਕਿ ਪਰਵੀਣ ਬੁੱਧ ਨੂੰ ਸਵੇਰੇ ਸਵੇਰੇ ਘਰ ਤੋਂ ਨਿਕਲੇਗੀ। ਅਖ਼ਲਾਕ ਟਾਂਗਾ ਲੈ ਕੇ ਗਲੀ ਦੀ ਨੁੱਕੜ ਉੱਤੇ ਉਸ ਦਾ ਇੰਤਜ਼ਾਰ ਕਰੇ।
ਬੁੱਧ ਨੂੰ ਮੂੰਹ ਹਨ੍ਹੇਰੇ ਅਖ਼ਲਾਕ ਟਾਂਗੇ ਵਿੱਚ ਉੱਥੇ ਪਹੁੰਚ ਕੇ ਪਰਵੀਣ ਦਾ ਇੰਤਜ਼ਾਰ ਕਰਨ ਲਗਾ। ਪੰਦਰਾਂ ਵੀਹ ਮਿੰਟ ਬੀਤ ਗਏ। ਅਖ਼ਲਾਕ ਦੀ ਬੇਚੈਨੀ ਵੱਧ ਗਈ। ਲੇਕਿਨ ਉਹ ਆ ਗਈ। ਛੋਟੇ ਛੋਟੇ ਕਦਮ ਚੁਕਦਿਆਂ ਉਹ ਗਲੀ ਵਿੱਚ ਨਮੂਦਾਰ ਹੋਈ। ਚਾਲ ਵਿੱਚ ਲੜਖੜਾਹਟ ਸੀ। ਜਦੋਂ ਉਹ ਟਾਂਗੇ ਵਿੱਚ ਅਖ਼ਲਾਕ ਦੇ ਨਾਲ ਬੈਠੀ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ। ਅਖ਼ਲਾਕ ਖ਼ੁਦ ਵੀ ਕੰਬਣ ਲਗਾ।
ਘਰ ਪੁੱਜੇ ਤਾਂ ਅਖ਼ਲਾਕ ਨੇ ਬੜੇ ਪਿਆਰ ਨਾਲ ਉਸ ਦੇ ਬੁਰਕੇ ਦਾ ਨਕਾਬ ਚੁੱਕਿਆ ਅਤੇ ਕਿਹਾ “ਮੇਰੀ ਦੁਲਹਨ ਕਦੋਂ ਤੱਕ ਮੇਰੇ ਤੋਂ ਪਰਦੇ ਕਰੇਗੀ। ”
ਪਰਵੀਣ ਨੇ ਸ਼ਰਮਾ ਕੇ ਅੱਖਾਂ ਝੁੱਕਾ ਲਿੱਤੀਆਂ। ਉਸ ਦਾ ਰੰਗ ਜ਼ਰਦ ਸੀ ਜਿਸਮ ਅਜੇ ਤੱਕ ਕੰਬ ਰਿਹਾ ਸੀ। ਅਖ਼ਲਾਕ ਨੇ ਉੱਪਰਲੇ ਹੋਠ ਦੇ ਤਿਲ ਦੀ ਤਰਫ਼ ਵੇਖਿਆ ਤਾਂ ਉਸ ਦੇ ਹੋਠਾਂ ਵਿੱਚ ਇੱਕ ਚੁੰਮਣ ਤੜਪਨ ਲੱਗਿਆ। ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਥੰਮ ਕੇ ਉਸ ਨੇ ਤਿਲ ਵਾਲੀ ਜਗ੍ਹਾ ਨੂੰ ਚੁੰਮਿਆ। ਪਰਵੀਣ ਨੇ ਨਾਂਹ ਕੀਤੀ। ਉਸ ਦੇ ਹੋਠ ਖੁੱਲ੍ਹੇ। ਦੰਦਾਂ ਵਿੱਚ ਗੋਸ਼ਤ ਖ਼ੋਰਾ ਸੀ। ਮਸੂੜੇ ਡੂੰਘੇ ਨੀਲੇ ਰੰਗ ਦੇ ਸਨ। ਗਲ਼ੇ ਹੋਏ। ਸੜਾਂਦ ਦਾ ਇੱਕ ਭਬਕਾ ਅਖ਼ਲਾਕ ਦੀ ਨੱਕ ਵਿੱਚ ਵੜ ਗਿਆ। ਇੱਕ ਧੱਕਾ ਜਿਹਾ ਉਸ ਨੂੰ ਲੱਗਿਆ। ਇੱਕ ਹੋਰ ਭਬਕਾ ਪਰਵੀਣ ਦੇ ਮੂੰਹ ਵਿੱਚੋਂ ਨਿਕਲਿਆ ਤਾਂ ਉਹ ਇੱਕ ਦਮ ਪਿੱਛੇ ਹੱਟ ਗਿਆ।
ਪਰਵੀਣ ਨੇ ਹਿਆ ਭਿੱਜੀ ਆਵਾਜ ਵਿੱਚ ਕਿਹਾ, “ਵਿਆਹ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਗੱਲਾਂ ਦਾ ਹੱਕ ਨਹੀਂ ਪੁੱਜਦਾ।”
ਇਹ ਕਹਿੰਦੇ ਹੋਏ ਉਸਦੇ ਗਲ਼ੇ ਹੋਏ ਮਸੂੜੇ ਨੁਮਾਇਆਂ ਹੋਏ। ਅਖ਼ਲਾਕ ਦੇ ਹੋਸ਼ ਹਵਾਸ ਗਾਇਬ ਸਨ ਦਿਮਾਗ਼ ਸੁੰਨ ਹੋ ਗਿਆ। ਦੇਰ ਤੱਕ ਉਹ ਦੋਨੋਂ ਕੋਲ ਬੈਠੇ ਰਹੇ। ਅਖ਼ਲਾਕ ਨੂੰ ਕੋਈ ਗੱਲ ਨਹੀਂ ਸੁੱਝਦੀ ਸੀ। ਪਰਵੀਣ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ। ਜਦੋਂ ਉਸ ਨੇ ਉਂਗਲ ਦਾ ਨਹੁੰ ਕੱਟਣ ਲਈ ਹੋਠ ਖੋਲ੍ਹੇ ਤਾਂ ਫਿਰ ਉਨ੍ਹਾਂ ਗਲ਼ੇ ਹੋਏ ਮਸੂੜਿਆਂ ਦੀ ਨੁਮਾਇਸ਼ ਹੋਈ। ਬਦਬੂ ਦਾ ਇੱਕ ਭਬਕਾ ਨਿਕਲਿਆ। ਅਖ਼ਲਾਕ ਨੂੰ ਮਤਲੀ ਆਉਣ ਲੱਗੀ। ਉਠਿਆ ਅਤੇ “ਹੁਣੇ ਆਇਆ” ਕਹਿ ਕੇ ਬਾਹਰ ਨਿਕਲ ਗਿਆ। ਇੱਕ ਥੜੇ ਉੱਤੇ ਬੈਠ ਕੇ ਉਸ ਨੇ ਬਹੁਤ ਦੇਰ ਸੋਚਿਆ। ਜਦੋਂ ਕੁੱਝ ਸਮਝ ਵਿੱਚ ਨਹੀਂ ਆਇਆ ਤਾਂ ਲਾਇਲਪੁਰ ਰਵਾਨਾ ਹੋ ਗਿਆ। ਜਿੱਥੇ ਉਸ ਦਾ ਇੱਕ ਦੋਸਤ ਰਹਿੰਦਾ ਸੀ। ਅਖ਼ਲਾਕ ਨੇ ਸਾਰਾ ਵਾਪਰਿਆ ਸੁਣਾਇਆ ਤਾਂ ਉਸ ਨੇ ਬਹੁਤ ਲਾਨ ਤਾਨ ਕੀਤੀ ਅਤੇ ਇਸ ਨੂੰਕਿਹਾ। “ਫ਼ੌਰਨ ਵਾਪਸ ਜਾ। ਕਿਤੇ ਬੇਚਾਰੀ ਖੁਦਕੁਸ਼ੀ ਨਾ ਕਰ ਲਵੇ। ”
ਅਖ਼ਲਾਕ ਰਾਤ ਨੂੰ ਵਾਪਸ ਲਾਹੌਰ ਆਇਆ। ਘਰ ਵਿੱਚ ਦਾਖ਼ਲ ਹੋਇਆ ਤਾਂ ਪਰਵੀਣ ਮੌਜੂਦ ਨਹੀਂ ਸੀ ……ਪਲੰਗ ਉੱਤੇ ਤਕੀਆ ਪਿਆ ਸੀ। ਇਸ ਉੱਤੇ ਦੋ ਗੋਲ ਗੋਲ ਨਿਸ਼ਾਨ ਸਨ। ਗਿੱਲੇ !
ਇਸ ਦੇ ਬਾਅਦ ਅਖ਼ਲਾਕ ਨੂੰ ਪਰਵੀਣ ਕਿਤੇ ਨਜ਼ਰ ਨਹੀਂ ਆਈ।
(5 ਜੂਨ 1950)

ਸਆਦਤ ਹਸਨ ਮੰਟੋ

(ਅਨੁਵਾਦ: ਚਰਨ ਗਿੱਲ)

ਸੁੱਚੀ ਥਾਲੀ

by Sandeep Kaur April 15, 2020

ਇੱਕ ਆਮ ਸਾਧਾਰਨ ਜਿਹਾ ਵਿਅਕਤੀ ਜਸਪਾਲ ,ਜਸਪਾਲ ਸਿੰਘ ਪਾਲਾ ਇੱਕ ਕਰਿਆਨੇ ਦੀ ਨਿੱਕੀ ਦੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਚ ਕਿਸਮਤ ਅਜਮਾਈ ਤਾਂ ਜਿਵੇਂ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ ਦਿਨਾ ਚ ਹੀ ਪੈਸੇ ਦ ਅੰਮਬਾਰ ਲੱਗ ਗਏ ਅੈਸਾ ਭੇਤ ਆਇਆ ਇਸ ਕਾਰੋਬਾਰ ਦਾ ਕਿ 5 ,7 ਸਾਲਾ ਚ ਹੀ ਪਿੰਡ ਦਾ ਹੀ ਨਹੀ ਇਲਾਕੇ ਦੇ ਵੱਡਿਆਂ ਧਨਾਡਾ ਵਿੱਚ ਗਿਣਿਆਂ ਜਾਣ ਲੱਗਾ…. ਅੱਜ ਸ਼ਹਿਰ ਵਿੱਚ ਸਭ ਤੋਂ ਵੱਡਾ ਬੰਗਲਾ ਪਾਲੇ ਦਾ ਸੀ ਲਗਜ਼ਰੀ ਗੱਡੀਆਂ ਘਰ ਚ ਹਰ ਐਸ਼ੋ ਅਰਾਮ ਦਾ ਸਮਾਨ ਫੌਰਨ ਤੋਂ ਇਮਪੋਟ ਕੀਤਾ ਗਿਆ ਸੀ ਹੁਣ ਕਾਮਯਾਬੀ ਦਾ ਇਹ ਆਲਮ ਸੀ ਕਿ ਸਰਪੰਚ ,ਐਮ ਐਲ ਏ ,ਐਮ ਪੀ ਹੀ ਨਹੀ ਸਾਰੇ ਵੀ ਵੀ ਆਈ ਪੀ ਲੋਗ ਪਾਲੇ ਦੇ ਇਸ਼ਾਰਿਆਂ ਤੇ ਨੱਚਦੇ
…ਪਾਲੇ ਨੇ ਆਪਣੀ ਇਕਲੋਤੀ ਬੇਟੀ ਦਾ ਵਿਆਹ ਰੱਖਿਆ ਸ਼ਾਨਦਾਰ ਘਰ ਹੋਣ ਦੇ ਬਾਵਜੂਦ ਸ਼ਹਿਰ ਦਾ ਸਭ ਤੋਂ ਵੱਡਾ ਰਿਜੌਟ ਬੁੱਕ ਕੀਤਾ ਡੈਕੋਰੇਸ਼ਨ,ਵੇਟਰਾਂ ਦਾ ਖਰਚਾ ਮਿਲਾ, ਜੀ ਐਸ ਟੀ ਪਾ ਲਾ ਕੇ 4 ਲੱਖ ਚ ਗੱਲ ਮੁੱਕੀ
1500 ਬੰਦਿਆਂ ਦੇ ਰੇਜਮੈਂਟ ਤੇ ਕੈਟਰਿੰਗ ਦਾ ਕੁੱਲ ਖਰਚਾ 23 ਕੁ ਲੱਖ ਦਾ ਅਨੁਮਾਨ ਲਾਇਆ ਗਿਆ..
ਸਿਆਣੇ ਕਹਿੰਦੇ ਨੇ ਕਿ ਮਿਥਿਆ ਹੋਇਆ ਦਿਨ ਬੜੀ ਜਲਦੀ ਨਾਲ ਆਉਂਦਾ ਹੈ ਇਵੇਂ ਹੀ ਹੋਇਆ ਅੱਜ ਵਿਆਹ ਦਾ ਦਿਨ ਸੀ ਇਲਾਕੇ ਦੀਆਂ ਨਾਮਵਰ ਹਸਤੀਆਂ ਵਿਆਹ ਵਿੱਚ ਸ਼ਿਰਕਤ ਕਰਨ ਲਈ ਪਹੁੰਚੀਆਂ ਬਾਰਾਤ ਵੀ ਪਹੁੰਚ ਚੁੱਕੀ ਸੀ …ਸ਼ਾਨਦਾਰ ਸੋਫਿਆਂ ਤੇ ਬੈਠ ਲੋਕ ਪੈੱਗ ਤੇ ਲੈੱਗ ਨੋਚ ਰਹੇ ਸਨ ….ਹਰ ਪਾਸੇ ਇਸ ਸ਼ਾਨਦਾਰ ਵਿਆਹ ਦੀ ਤਾਰੀਫ਼ ਹੋ ਰਹੀ ਸੀ ਕਿਤੇ ਨਾ ਕਿਤੇ ਪਾਲਾ ਅੰਦਰੋਂ ਅੰਦਰੀ ਬੜਾ ਖੁਸ਼ ਸੀ ਉਸ ਦੀ ਹਉਮੈ ਅਤੇ ਹੰਕਾਰ ਬੜਾ ਸਿਖਰਾਂ ਤੇ ਸੀ ਜਦੋਂ ਲੋਕ ਇਲਾਕੇ ਦਾ ਸਭ ਤੋਂ ਵਧੀਆ ਵਿਆਹ ਕਹਿ ਰਹੇ ਸੀ ..ਡੋਲੀ ਤੁਰਨ ਤੱਕ ਲੱਗਭੱਗ ਅੱਧਿਓ ਵਧ ਲੋਕ ਜਾ ਚੁੱਕੇ ਸਮਾਂ ਬੀਤਿਆ ਡੋਲੀ ਦਾ ਵੇਲਾ ਆਇਆ ਤਾਂ ਸਿਰਫ ਕੁਝ ਇਕ ਪਰਿਵਾਰਕ ਮੈਂਬਰ ਹੀ ਸਨ ਡੋਲੀ ਵਿਦਾ ਹੋਈ ਬਾਕੀ ਲੋਕ ਫਿਰ ਤੋਂ ਪੈਲੇਸ ਦੇ ਅੰਦਰ ਗਏ …ਧੀ ਵਿੱਦਿਆ ਹੋਈ ਪਾਲਾ ਥੋੜ੍ਹਾ ਜਿਹਾ ਉਦਾਸ ਸੀ ਮਨ ਹੌਲਾ ਕਰਨ ਲਈ ਥੋੜ੍ਹਾ ਜਿਹਾ ਸਾਈਡ ਨੂੰ ਟੈੱਲਨ ਨਿਕਲਿਆ ਤਾਂ ਇੱਕ ਦਮ ਰੂਹ ਕੰਬ ਗਈ ਜਦੋਂ ਇੱਕ ਬਜ਼ੁਰਗ ਮਹਿਲਾ ਤੇ ਉਹਦੇ ਨਾਲ ਇੱਕ ਛੋਟੀ ਜਿਹੀ ਬੱਚੀ ਨੂੰ ਝੂਠੀਆਂ ਪੱਤਲਾਂ ਵਿੱਚੋਂ ਖਾਣਾ ਖਾਂਦੇ ਦੇਖਿਆ ਛੋਟੀ ਜਿਹੀ ਬੱਚੀ ਉਮਰ ਸੱਤ ਅੱਠ ਸਾਲ ਉੱਚੀ ਜਿਹੀ ਫਰਾਕ ਪਾਈ ਹੋਈ ਉਹਦੇ ਗੋਡੇ ਅਤੇ ਸਿਰ ਵਿੱਚੋਂ ਖੂਨ ਸਿਮ ਰਿਆ ਸੀ ਅੱਖਾਂ ਵਿੱਚ ਹੰਝੂ ਪਰ ਉਹ ਖਾਣ ਵਿੱਚ ਮਗਨ ਸੀ
ਕੋਲ ਜਾ ਕੇ ਪਾਲਾ ਬੋਲਿਆ ਮਾਤਾ ਜੀ ਇਹ ਕੀ ਕਰ ਰਹੇ ਹੋ ਜੂਠਾ ਖਾਣਾ ਕਿਉਂ ਖਾ ਰਹੇ ਜੋ ਆਓ ਅੰਦਰ ਆ ਕੇ ਖਾਣਾ ਖਾ ਲਓ ਮਾਤਾ ਬੋਲੀ ਬੇਟਾ ਗਈ ਸੀ ਬੱਚੀ ਅੰਦਰ ਪਰ ਤੁਹਾਡੇ ਕਿਸੇ ਪ੍ਰਬੰਧਕ ਨੇ ਖਾਣਾ ਤਾਂ ਕੀ ਦੇਣਾ ਸੀ ਧੱਕਾ ਮਾਰਿਆ ਜਿਸ ਕਾਰਨ ਬੱਚੀ ਦੇ ਸਿਰ ਤੇ ਗੋਡੇ ਉੱਤੇ ਸੱਟ ਵੀ ਲੱਗੀ ਏ ਬਾਕੀ ਕੋਈ ਗੱਲ ਵੀ ਪੁੱਤਰਾਂ ਆ ਜੂਠ ,ਸੁੱਚ ਰੱਜੇ ਪੁੱਜੇ ਲੋਕਾਂ ਦਾ ਬਹਾਨਾ ਹੁੰਦਾ…. ਤਿੰਨ ਦਿਨ ਤੋਂ ਭੁੱਖੇ ਲਈ ਇਹ ਜੁੂਠ ਨਹੀਂ ਇਹ ਵੀ ਅੰਮ੍ਰਿਤ ਈ ਏ ….ਨਾਲੇ ਬੇਟਾ ਜੀ ਹੁਣ ਤਾਂ ਭਰ ਪੇਟ ਖਾਣਾ ਖਾ ਲਿਆ ਏ ਤ੍ਰਿਪਤ ਹੋ ਗਈ ਆਂ ਪੰਜਾਂ ਛਿਆਂ ਪੱਤਲ਼ਾਂ ਦੇ ਵਿੱਚੋਂ ਇੱਕ ਪੱਤਰ ਵਿੱਚ ਇਕੱਠੇ ਕੀਤੇ ਚੌਲ ਲਿਫਾਫੇ ਚ ਪਾਉਂਦੀ ਹੋਈ ਬੋਲੀ ਮੈਂ ਤਾਂ ਰਾਤ ਜੋਗੇ ਵੀ ਲੈਂ ਲਏ ਨੇ …ਕਹਿੰਦੀ ਹੋਈ ਉੱਠ ਕੇ ਤੁਰਨ ਲੱਗੀ ….ਪਾਲੇ ਨੇ ਗੌਹ ਨਾਲ ਤੱਕਿਆ ਉਹ ਮੰਗਤੀ ਨਹੀਂ ਸੀ ਕਿਉਂਕਿ ਉਸ ਨੇ ਪਾਲੇ ਅੱਗੇ ਹੱਥ ਨਹੀਂ ਅੱਡਿਆ ਬਲਕਿ ਚੁੰਨੀ ਨਾਲ ਲਿੱਬੜੇ ਹੋਏ ਹੱਥ ਨੂੰ ਪੂਝਦੇ ਹੋਏ ਪਾਲੇ ਦੇ ਸਿਰ ਤੇ ਰੱਖ ਕੇ ਬੋਲੀ

…..ਜਿਉਂਦਾ ਰਹਿ ਪੁੱਤਰਾ ਰੱਬ ਤੈਨੂੰ ਬਹੁਤਾ ਦੇਵੇ …

ਉਹ ਚਲੀ ਗਈ ਨਾਲ ਉਂਗਲ ਲੱਗੀ ਛੋਟੀ ਜਿਹੀ ਬੱਚੀ ਪਿੱਛੇ ਪਰਤ ਵੇਖਿਆ ਤਾਂ ਪਾਲ ਸੌਂ ਦੀਆਂ ਭੁੱਬਾਂ ਨਿਕਲ ਗਈਆਂ ਹੰਕਾਰ ਚੂਰੋ ਚੂਰ ਹੋ ਗਿਆ …
ਪਾਲੇ ਨੇ ਮਹਿਸੂਸ ਕੀਤਾ ਕਿ ਅੱਜ ਨਾ ਸ਼ੁਕਰੇ ਲੋਕਾਂ ਤੇ ਲੱਖਾਂ ਰੁਪਿਆ ਖ਼ਰਚ ਕਰ ਦਿੱਤੇ ਨੇ ਪਰ ਜਦੋਂ ਰੱਬ ਖੁਦ ਆਇਆ ਸੀ ਅਸ਼ੀਰਵਾਦ ਦੇਣ ਉਸ ਨੂੰ ਇੱਕ….. ਸੁੱਚੀ ਥਾਲੀ …….ਵੀ ਨਹੀਂ ਭੇਟ ਕਰ ਸਕਿਆ।

ਹਰਦੀਪ ਸ਼ੁੱਭ

ਹੱਥੀਂ ਤੋਰੇ ਸੱਜਣਾਂ ਨੂੰ

by Sandeep Kaur April 14, 2020

ਬਿਰਹਾ ਦਾ ਮਨੁੱਖੀ ਜੀਵਨ ਚ ਬਹੁਤ ਮਹੱਤਵਪੂਰਨ ਸਥਾਨ ਏ ।ਬਿਰਹਾ ਤੋ ਭਾਵ ਵਿਛੋੜਾ , ਵਿਛੋੜਾ ਬੇਸ਼ੱਕ ਤੰਦਰੁਸਤੀ ਦਾ ਹੋਵੇ, ਕਿਸੇ ਪ੍ਰਾਣ ਪਿਆਰੇ ਦਾ ਹੋਵੇ, ਜਾਂ ਸੰਪਤੀ ਦਾ ਹੋਵੇ , ਹਮੇਸ਼ਾਂ ਰੂਹ ਨੂੰ ਦਰਦ ਦੇਂਦਾ ਏ , ਸ਼ਾਇਦ ਜਗਾਉਂਦਾ ਏ ਇਨਸਾਨ ਨੂੰ ਗ਼ਫ਼ਲਤ ਦੀ ਨੀਂਦ ਚੋਂ, ਨਹੀਂ ਤਾਂ ਇਨਸਾਨ ਰਾਖਸ਼ ਈ ਬਣ ਜਾਵੇ , ਸੰਵੇਦਨਾ ਤੋਂ ਹੀਣਾ, ਚੰਡਾਲ , ਜਿਸਨੂੰ ਭੁੱਲ ਜਾਵੇ ਕਿ ਸਦਾ ਬੈਠ ਨਹੀ ਰਹਿਣਾ ਇਸ ਫ਼ਾਨੀ ਦੁਨੀਆਂ ਤੇ ।
ਛੋਟੇ ਹੁੰਦੇ ਸੁਣਦੇ ਸੀ ਕਿ ਕੋਈ ਕਿਸੇ ਨੂੰ ਨਹੀ ਰੋਂਦਾ , ਸਭ ਆਪਣਿਆਂ ਨੂੰ ਯਾਦ ਕਰਕੇ ਰੋਂਦੇ ਨੇ , ਪਰ ਸਮਝ ਨਹੀ ਸੀ ਆਉਦੀ ਕਿ ਮਤਲਬ ਕੀ ਏ ਇਸ ਗੱਲ ਦਾ, ਪਰ ਵਕਤ ਨੇ ਸਮਝਾ ਦਿੱਤਾ , ਬਾਖੂਬੀ ।
ਬਚਪਨ ਵਿੱਚ ਕੁਝ ਬਜ਼ੁਰਗ ਰੁਖ਼ਸਤ ਹੁੰਦੇ ਵੇਖੇ , ਮਨ ਵਿਚਲਿਤ ਹੋਇਆ, ਪਰ ਇਉਂ ਲੱਗਾ ਕਿ ਇਹ ਜੋ ਬਿਰਧ ਲੋਕ ਸਨ, ਹਮੇਸ਼ਾਂ ਤੋ ਬਿਰਧ ਈ ਸਨ, ਕਿਉਂਕਿ ਅਸੀ ਉਹਨਾ ਨੂੰ ਜਵਾਨੀ ਦੀ ਅਵੱਸਥਾ ਚ ਵੇਖਿਆ ਈ ਨਹੀ ਸੀ ਕਦੇ, ਵੈਸੇ ਵੀ, ਫਲ ਪੱਕ ਕੇ ਡਿੱਗੇ ਤਾਂ ਗਲਤ ਨਹੀ ਜਾਪਦਾ ,ਖ਼ੁਦ ਬਾਰੇ ਇਉਂ ਜਾਪਦਾ ਸੀ ਕਿ ਸਾਡੇ ਕੋਲ ਵਕਤ ਐ, ਕੋਈ ਤਰਕੀਬ ਲਾ ਲਵਾਂਗੇ , ਅਸੀਂ ਜਾਂ ਸਾਡੇ ਕਿਸੇ ਹਾਣੀ ਨੇ ਨਹੀ ਮਰਨਾ ਕਦੇ ਵੀ ।
ਜਿੰਦਗੀ ਦੇ ਚੌਧਵੇਂ ਕੁ ਸਾਲ ਚ ਇੱਕ ਦੋਸਤ ਮਿਲਿਆ , ਜੋ ਅਸਲ ਵਿੱਚ ਵੱਡੇ ਵੀਰ ਜੀ ਦਾ ਜਮਾਤੀ ਸੀ, ਮੇਰੇ ਤੋ ਤਿੰਨ , ਚਾਰ ਸਾਲ ਵੱਡਾ । ਸੂਰਤ ਤੋ ਰੱਜ ਕੇ ਸੋਹਣਾ ਤੇ ਸੀਰਤ ਦੇ ਕਿਆ ਕਹਿਣੇ । ਨਾਮ ਵੀ ਨਿਆਰਾ ਜਿਹਾ, ਨੰਦਨਜੀਤ । ਉਸਦੀ ਆਮਦ ਨੇ ਜਿੰਦਗੀ ਖੁਸ਼ਗਵਾਰ ਕਰ ਦਿੱਤੀ, ਭਰਾ ਤੇ ਦੋਸਤ ਵਜੋ ਵਿਚਰਨ ਲੱਗਾ ਉਹ । ਉਸਨੇ ਜਲੰਧਰ ਸਪੋਰਟਸ ਕਾਲੇਜ ਦਾਖਲਾ ਲੈ ਲਿਆ , ਹਰ ਹਫਤੇ ਸ਼ਨੀਵਾਰ ਪਿੰਡ ਆਉਣਾ , ਅੰਮ੍ਰਤਸਰ ਜਿਲ੍ਹੇ ਵਿਚਲੇ ਸਾਡੇ ਪਿੰਡ । ਮਚਵਿਆਹ ਨਾਲੋ ਵੱਧ ਚਾਅ ਹੋਣਾ ਉਸਦੇ ਆਉਣ ਦਾ । ਉਸਦੇ ਆਉਣ ਤੇ ਦੁਨੀਆਂ ਭੁੱਲ ਜਾਂਦੇ ਸੀ ਅਸੀਂ । ਪਰ ਇਹ ਖੁਸ਼ੀਆਂ ਥੋੜ੍ਹ ਚਿਰੀਆਂ ਸਨ ।
10/09/88 ਦਿਨ ਸ਼ਨੀਵਾਰ ਦਾ ਸੀ, ਜਦ ਸਾਈਕਲ ਤੇ ਉਹਨਾਂ ਦੇ ਘਰੋਂ ਬੰਦਾ ਸੁਨੇਹਾ ਦੇਣ ਆਇਆ ਕਿ ਨੰਦਨ ਗੁਜ਼ਰ ਗਿਆ ਏ, ਜਲੰਧਰ ਐਕਸੀਡੈੰਟ ਹੋਣ ਕਾਰਨ । ਜਾਪਿਆ ਕਿ ਭੈੜਾ ਸੁਪਨਾ ਏ, ਸੱਚ ਨਹੀਂ ਹੋ ਸਕਦਾ , ਪਰ ਕਾਸ਼ ਇਹ ਸੁਪਨਾ ਹੁੰਦਾ । ਜ਼ਿੰਦਗੀ ਨੇ ਕੌੜਾ ਸੱਚ ਚੱਬਣ ਲਈ ਮਜਬੂਰ ਕਰ ਤਾ , ਜਿਸ ਵਕਤ ਉਹ ਸ਼ਨੀਵਾਰ ਘਰ ਆਇਆ ਕਰਦਾ ਸੀ, ਕੱਫਨ ਚ ਲਿਪਟੀ ਲਾਸ਼ ਆ ਗਈ ਓਹਦੀ । ਸਵੇਰੇ ਦਸ ਵਜੇ ਤੱਕ ਜ਼ਿੰਦਗੀ ਨਾਲ ਲਬਾਲਬ ਭਰਿਆ ਇਨਸਾਨ , ਜੋ ਘਰ ਨੂੰ ਆਉਣ ਲਈ ਉਤਾਵਲਾ ਸੀ,ਓਸੇ ਸ਼ਾਮ ਸੱਤ ਵਜੇ ਚਿਖਾ ਚ ਬਲ਼ ਗਿਆ । ਸਭ ਫੁਰਨੇ , ਸੁਪਨੇ ਸਵਾਹ ਹੋ ਗਏ । ਮਾਂ ਬਾਪ ਦਾ ਅੱਤ ਦਾ ਲਾਡਲਾ , ਲੱਕ ਤੋੜ ਕੇ ਤੁਰ ਗਿਆ ਉਹਨਾਂ ਦਾ,ਰੋਂਦੇ ਛੱਡ ਗਿਆ ਸੰਗੀ ਸਾਥੀਆਂ ਨੂੰ ।ਇੰਝ ਜਾਪਿਆ ਕਿ ਜ਼ਿੰਦਗੀ ਰੁਕ ਗਈ ਏ, ਬੇਰੰਗ ਹੋ ਗਈ ਏ, ਪਰ ਕਿੱਥੇ ਰੁਕਦੀ ਏ ਜ਼ਿੰਦਗੀ । ਪਹਿਲਾਂ ਦੀ ਤਰਾਂ ਈ ਅਗਲਾ ਦਿਨ ਵੀ ਚੜ੍ਹਿਆ, ਤੇ ਫਿਰ ਉਸ ਤੋਂ ਅਗਲਾ ਵੀ, ਜ਼ਿੰਦਗੀ ਤੁਰ ਪਈ ਆਪਣੀ ਚਾਲ । ਕਿਰਿਆ ਕਰਮ ਹੋਏ। ਕੁਝ ਦਿਨਾਂ ਬਾਅਦ ਭਿਆਨਕ ਹੜ੍ਹ ਆਏ, ਨੰਦਨ ਦੀ ਰਾਖ ਵੀ ਪਤਾ ਨਹੀ ਕਿੱਧਰ ਨੂੰ ਵਹਿ ਗਈ ।
ਖੈਲਾਅ ਪੈ ਗਿਆ ਜ਼ਿੰਦਗੀ ਚ, ਜੋ ਨਾ ਪੂਰਨਯੋਗ ਸੀ । ਵਕਤ ਨੇ ਸਬਰ ਦੇ ਦਿੱਤਾ , ਭਾਣਾ ਮੰਨ ਲਿਆ ਸਭ ਨੇ ਕਿ ਸਾਡਾ ਓਹਦਾ ਏਨਾ ਕੁ ਈ ਸਾਥ ਸੀ , ਪਰ ਮਨ ਵਿੱਚ ਸ਼ੰਕਾ ਜਿਹਾ ਸੀ, ਕਿ ਜੇਕਰ ਆਖਰੀ ਵਕਤ ਨੰਦਨ ਦੇ ਲਾਗੇ ਹੁੰਦੇ ਤਾਂ ਬਚਾਅ ਲੈਂਦੇ , ਕਿੰਨਾ ਬਚਕਾਨਾ ਸ਼ੰਕਾ ਸੀ ਓਹ ਵੀ ।
ਤਿੰਨ ਕੁ ਸਾਲ ਗੁਜ਼ਰੇ, ਇੱਕ ਨਵਾਂ ਦੋਸਤ ਪ੍ਰਿਤਪਾਲ ਆਇਆ ਜ਼ਿੰਦਗੀ ਚ । ਪਿੱਛੋਕੜ ਬਠਿੰਡੇ ਜ਼ਿਲ੍ਹੇ ਦਾ ,ਪਰ ਜੰਮ ਪਲ ਅੰਮ੍ਰਿਤਸਰ ਸ਼ਹਿਰ ਦਾ ਸੀ ਉਹਦਾ । ਈਟੀਟੀ ਚ ਦਾਖਲ ਹੋਇਆ ਸੀ ਉਹ ਵੱਡੇ ਵੀਰ ਜੀ ਨਾਲ ਡਾਇਟ ਵੇਰਕਾ ਚ । ਮੈਨੂੰ ਪਹਿਲੀ ਵਾਰ ਮਿਲਿਆ , ਧਾਅ ਕੇ ਗਲ਼ ਲੱਗ ਮਿਲਿਆ ,ਜਿਵੇ ਸਦੀਆਂ ਤੋ ਜਾਣਦਾ ਹੋਵੇ , ਜਾਪਿਆ , ਨੰਦਨ ਈ ਆ ਗਿਆ ਰੂਪ ਵਟਾ ਕੇ ਜਿਵੇਂ । ਡੀ ਐੱਸ ਪੀ ਬਾਪ ਦਾ ਬੇਟਾ ਸੀ ਉਹ, ਪਰ ਆਕੜ , ਮਿਜ਼ਾਜ ਤੋ ਕੋਹਾਂ ਦੂਰ । ਸ਼ਕਲੋਂ ਸੋਹਣਾ, ਚੰਗਾ ਗਵੱਈਆ, ਭੰਗੜਾ ਵੀ ਬਹੁਤ ਵਧੀਆ ਪਾ ਲੈਂਦਾ ਸੀ ਉਹ । ਵੇਰਕੇ ਪੜ੍ਹਦੇ ਈ ਇੱਕ ਖ਼ੂਬਸੂਰਤ ਲੜਕੀ ਨਾਲ ਉਸਦਾ ਪਿਆਰ ਪੈ ਗਿਆ ਜੋ ਈਟੀਟੀ ਕਰਦੀ ਸੀ ਉਹਦੇ ਨਾਲ ।ਕੋਰਸ ਖਤਮ ਹੁੰਦੇ ਸਾਰ ਈ ਨੌਕਰੀਆਂ ਮਿਲ ਗਈਆਂ , ਨਾਲ ਈ ਲਵ ਮੈਰਿਜ ਵੀ ਹੋ ਗਈ ।
ਸਾਲ 1994 ਦੇ ਅਖੀਰ ਚ ਉਹਦੇ ਘਰੇ ਪਿਆਰੀ ਜਿਹੀ ਬੇਟੀ ਨੇ ਜਨਮ ਲਿਆ । ਪਰ ਉਹ ਦੋਸਤਾਂ ਵਿੱਚ ਇੰਜ ਵਿਚਰਦਾ ਰਿਹਾ ਕਿ ਜਿਵੇਂ ਅਜੇ ਵੀ ਕੁਵਾਰਾ ਈ ਹੋਵੇ, ਮੋਬਾਈਲ ਫ਼ੋਨ ਨਹੀ ਸਨ ਉਸ ਵਕਤ , ਪਰ ਉਹ ਗੁਰਦਾਸਪੁਰ , ਤਰਨ ਤਾਰਨ ਅੰਮ੍ਰਿਤਸਰ , ਸੱਤ ਅੱਠ ਦੋਸਤਾਂ ਦੇ ਘਰੇ ਜਾ ਜਾ ਕੇ ਪ੍ਰੋਗਰਾਮ ਤੈਅ ਕਰ ਲੈਂਦਾ ਸੀ ਕਿ ਇਕੱਠੇ ਹੋਣ ਦਾ । ਸੂਤਰਧਾਰ ਸੀ ਸਾਰੀ ਖੇਡ ਦਾ ਓਹ ਇੱਕ ਈ ਬੰਦਾ ।
ਜੂਨ 1995 ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ , ਪ੍ਰਿਤਪਾਲ ਨੇ ਸਭ ਨੂੰ ਪ੍ਰੇਰ ਕੇ ਹਿਮਾਚਲ ਜਾਣ ਦੀ ਤਿਆਰੀ ਕਰ ਲਈ । ਕੁੱਲ ਸੱਤ ਜਣੇ ਗੱਡੀ ਲੈ ਕੇ ਵੀਹ ਜੂਨ ਨੂੰ ਨਿੱਕਲ ਗਏ ਪਿੰਡ ਤੋਂ , ਪਹਿਲੀ ਰਾਤ ਨੈਣੀ ਖੱਡ ਗੁਜ਼ਾਰੀ , ਅਗਲੀ ਡਲਹੌਜੀ ਤੇ ਤੀਸਰੀ ਧਰਮਸ਼ਾਲਾ ਫਿਰ ਕੁੱਲੂ ਮਨਾਲੀ, ਰੋਹਤਾਗ ਵੱਲ ਨੂੰ ਹੋ ਤੁਰੇ । ਸਭ ਯਗਾ ਘੁੰਮ ਕੇ ਵਾਪਸੀ ਵਾਇਆ ਰੋਪੜ ਕਰ ਲਈ । ਪੰਝੀ ਜੂਨ ਦੀ ਸ਼ਾਮ ਅਸੀਂ ਰਸਤੇ ਚ ਰੁਕ ਕੇ ਆਪ ਖਾਣਾ ਬਣਾਇਆ । ਖੂਬ ਨੱਚੇ, ਜੋ ਸਾਡਾ ਸਭ ਦਾ ਆਖਰੀ ਜਸ਼ਨ ਸੀ ,ਇਕੱਠਿਆਂ ਦਾ ।ਖਾਣਾ ਖਾ ਕੇ ਰਾਤ ਈ ਪਿੰਡ ਨੂੰ ਚਾਲੇ ਪਾ ਲਏ, ਕਿ ਟ੍ਰੈਫ਼ਿਕ ਘੱਟ ਪਵੇਗਾ । ਜਦੋਂ ਗੜ੍ਹ ਸ਼ੰਕਰ ਕੋਲ ਆਏ ਤਾਂ ਹਲਕੀ ਬਾਰਿਸ਼ ਸ਼ੁਰੂ ਹੋ ਗਈ । ਗੱਡੀ ਪ੍ਰਿਤਪਾਲ ਚਲਾ ਰਿਹਾ ਸੀ । ਸਾਹਮਣੇ ਤੋ ਟਰੱਕ ਆਉਦਾ ਦਿਸਿਆ , ਡਿੱਪਰ ਦਿੱਤੀ ਪਰ ਉਹਨੇ ਲਾਈਟਾਂ ਹਾਈ ਬੀਮ ਤੇ ਈ ਰੱਖੀਆਂ, ਜ਼ੋਰਦਾਰ ਧਮਾਕਾ ਹੋਇਆ ਤੇ ਹਨੇਰਾ ਛਾ ਗਿਆ, ਸਾਡੀ ਗੱਡੀ ਦੀਆਂ ਦੇ ਪਲਟੀਆਂ ਲੱਗ ਗਈਆਂ , ਪਤਾ ਨਾ ਲੱਗੇ ਕਿ ਅਸੀਂ ਕਿੰਨੇ ਜਣੇ ਬੱਚੇ ਆਂ ਤੇ ਕਿੰਨੇ ਖਤਮ । ਜਦ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਾ,ਪ੍ਰਿਤਪਾਲ ਥਾਂਏਂ ਈ ਮਰ ਚੁੱਕਾ ਸੀ, ਹਾਇ ਵੀ ਨਾ ਨਿਕਲੀ, ਮੌਤ ਮੇਰੇ ਨਾਲ ਖਹਿ ਕੇ ਲੰਘ ਗਈ ਤੇ ਸਭ ਤੋਂ ਪਿਆਰਾ ਦੋਸਤ ਪੰਜਿਆਂ ਚ ਅੜਾ ਕੇ ਲੈ ਗਈ , ਇਹ ਸ਼ੰਕਾ ਵੀ ਨਵਿਰਤ ਕਰ ਦਿੱਤਾ ਕਿ ਕੋਲ ਹੁੰਦੇ ਤਾਂ ਬੱਚਾ ਲੈਂਦੇ ।
ਕ੍ਰਮਵਾਰ ਇਕੱਤੀ ਸਾਲ , ਤੇ ਚੌਵੀ ਸਾਲ ਹੋ ਚੁੱਕੇ ਨੇ ਦੋਹਾਂ ਸੱਜਣਾਂ ਨੂੰ ਤੋਰਿਆਂ , ਪਰ ਅੱਜ ਵੀ ਇੰਜ ਲੱਗਦਾ ਜਿਵੇਂ ਅਜੇ ਕੱਲ੍ਹ ਈ ਗਏ ਹੋਣ । ਇੱਕ ਇੱਕ ਨਕਸ਼ ਯਾਦ ਏ ਤੁਰ ਗਈਆਂ ਸੂਰਤਾਂ ਦਾ । ਬੇਸ਼ੱਕ ਜਿਸਮਾਨੀ ਤੌਰ ਤੇ ਨਹੀ ਪਰ ਰੂਹਾਨੀ ਤੌਰ ਤੇ ਅੱਜ ਵੀ ਦਿਲ ਚ ਧੜਕਦੇ ਨੇ । ਜਦ ਕਿਸੇ ਦਾ ਦੁੱਖ ਵੇਖਦਾਂ ਤਾਂ ਉਹ ਆਣ ਖਲੋਂਦੇ ਨੇ ਅੱਖਾਂ ਮੂਹਰੇ , ਪਤਾ ਈ ਨਹੀ ਲੱਗਦਾ ਕਦੋਂ ਬਿਰਹਾ ਗਰਮ ਹੰਝੂ ਬਣ ਵਹਿ ਤੁਰਦਾ ਏ ।
ਉਹਨਾਂ ਤੋ ਬਾਅਦ ਕਈ ਲੋਕ ਜ਼ਿੰਦਗੀ ਚ ਆਏ , ਰੁਕੇ ਤੇ ਜਮਾਨੇ ਦੀ ਗਰਦਿਸ਼ ਚ ਗਵਾਚ ਗਏ, ਪਰ ਕਦੀ ਯਾਦ ਵੀ ਨਹੀ ਆਏ ।
ਯਾਦ ਸਿਰਫ ਓਹੀ ਰਹਿੰਦੇ ਨੇ ਜੋ ਦਿਲਾਂ ਤੋ ਜੁੜੇ ਹੁੰਦੇ ਨੇ,ਕੁਝ ਖ਼ਾਸ ਹੁੰਦਾ ਏ ਉਹਨਾਂ ਚ , ਹਮੇਸ਼ਾਂ ਜਿਉਂਦੇ ਨੇ ਮਿੱਤਰ ਪਿਆਰਿਆਂ ਦੇ ਦਿਲਾਂ ਵਿੱਚ ,ਕੋਈ ਰਿਮਾਈਂਡਰ ਨਹੀ ਲਾਉਣਾ ਪੈਂਦਾ । ਤੇ ਉਹਨਾਂ ਦੀ ਯਾਦ ਚ ਅੱਖਾਂ ਦਾ ਨਮ ਹੋਣਾ ਈ ਇਸ ਗੱਲ ਦਾ ਗਵਾਹ ਏ ਕਿ ਸੱਚੀ ਦੋਸਤੀ ਦਾ ਨਿੱਘ ਕਦੀ ਖਤਮ ਨਹੀ ਹੁੰਦਾ, ਤਾ ਉਮਰ ਨਾਲ ਨਾਲ ਤੁਰਦਾ ਏ , ਵਹਿ ਤੁਰਦਾ ਏ ਜਦ ਵੀ ਮੌਕਾ ਮਿਲੇ । ਕਦੇ ਇਕਾਂਤ ਚ ਬੈਠੋ ਤਾਂ ਸਰੂਰ ਵੀ ਦਿੰਦਾ ਏ, ਉਹਨਾਂ ਨਾਲ ਬੈਠ ਬਿਤਾਏ ਸੁਨਹਿਰੀ ਪਲਾਂ ਨੂੰ ਯਾਦ ਕਰਕੇ , ਜ਼ਿੰਦਗੀ ਦਾ ਸਰਮਾਇਆ ਹੁੰਦੇ ਨੇ ਸੱਚੇ ਦੋਸਤ ਤੇ ਉਹਨਾ ਦੀਆਂ ਯਾਦਾਂ ।
ਅਖੀਰ ਨੁਸਰਤ ਸਾਹਬ ਦੇ ਗਾਏ ਗੀਤਦੇ ਬੋਲ ਕਿ
“ ਲੱਖ ਗ਼ਮ ਆਵਣ ਨਹੀ ਪ੍ਰਵਾਹ
ਗਮਖਾਰ ਨਾ ਵਿੱਛੜੇ ।
ਕਿਸੇ ਦਾ , ਯਾਰ ਨਾ ਵਿੱਛੜੇ ……

ਦਵਿੰਦਰ ਸਿੰਘ ਜੌਹਲ

ਕੁਦਰਤ ਸਾਨੂੰ ਬੀਜ ਰਹੀ ਏ

by Sandeep Kaur April 13, 2020

ਬੈਠੇ ਬੈਠੇ ਉਸ ਘੁਮਿਆਰ ਦੀ ਕਹਾਣੀ ਯਾਦ ਆ ਗਈ ,ਜਿਸਦਾ ਗਧਾ ਢੱਠੇ ਖੂਹ ਵਿੱਚ ਜਾ ਪਿਆ ਸੀ। ਕੋਈ ਜੱਰੀਆ ਨਾ ਬਣਿਆਂ ਕਿ ਗਰੀਬ ਜਾਨਵਰ ਨੂੰ ਕੱਢਿਆ ਜਾਵੇ ਬਾਹਰ , ਕਿਸੇ ਤਰਾਂ । ਘੁਮਿਆਰ ਨੇ ਖੂਹ ਵਿੱਚ ਘਾਹ ਫ਼ੂਸ ਸੁੱਟਣਾ ਸ਼ੁਰੂ ਕਰ ਦਿੱਤਾ , ਲੋਕ ਵੀ ਰਹਿੰਦ ਖੂੰਹਦ, ਕੂੜਾ ਕਰਕਟ ਸੁੱਟਣ ਲੱਗ ਪਏ ਉਸ ਉਜਾੜ ਖੂਹ ਵਿੱਚ , ਘੁਮਿਆਰ ਨੇ ਵੀ ਸੋਚਿਆ ਕਿ ਗਧਾ ਮਿੱਟੀ ਘੱਟੇ ਹੇਠ ਦੱਬ ਕੇ ਮਰ ਮੁੱਕ ਜਾਵੇਗਾ , ਵੈਸੇ ਵੀ ਉਮਰ ਹੰਢਾ ਚੁੱਕਾ ਸੀ ਵਿਚਾਰਾ ਜਾਨਵਰ ।
ਪਰ ਇਹ ਕੀ, ਕੁਝ ਦਿਨਾਂ ਬਾਅਦ ਗਧਾ ਫਿਰ ਘੁਮਿਆਰ ਦੇ ਵਿਹੜੇ ਖੜਾ ਸੀ । ਜਿਉਂ ਜਿਉਂ ਮਿੱਟੀ ਘੱਟਾ ਖੂਹ ਚ ਡਿੱਗਦਾ ਰਿਹਾ, ਗਧਾ ਸਰੀਰ ਛੰਡ ਕੇ ਮਿੱਟੀ ਦੇ ਉੱਪਰ ਚੜ੍ਹ ਜਾਂਦਾ ਤੇ ਆਖਰ ਬਾਹਰ ਆ ਗਿਆ ।
ਹੈ ਤਾਂ ਕਹਾਣੀ , ਪਰ ਬੜੀ ਜਾਨਦਾਰ ਏ। ਜਦ ਅਣਕਿਆਸੇ ਹਾਲਾਤ ਉੱਭਰ ਆਉਦੇ ਨੇ ਜਿੰਦਗੀ ਚ, ਜਦ ਪਾਣੀ ਪੁਲਾਂ ਦੇ ਉੱਪਰੋਂ ਦੀ ਵਗਦਾ ਏ ਤਾਂ ਆਪਣੇ ਵੀ ਮੂੰਹ ਮੋੜ ਲੈਂਦੇ ਨੇ , ਜਿਨ੍ਹਾਂ ਦੀ ਖ਼ਾਤਰ ਇਨਸਾਨ ਗਧੇ ਵਾਂਗ ਭਾਰ ਢੋਂਦਾ ਏ ਸਾਰੀ ਉਮਰ । ਪਰ ਉਹੀ ਮੌਕਾ ਹੁੰਦਾ ਏ ਜਦ ਇਨਸਾਨ ਤੇ ਪਰਮਾਤਮਾ ਦੇ ਦਰਮਿਆਨ ਕੋਈ ਹੋਰ ਰਹਿ ਈ ਨਹੀ ਜਾਂਦਾ ।
ਤੇ ਕੋਈ ਅਦਿੱਖ ਸ਼ਕਤੀ ਬਾਂਹ ਫੜਦੀ ਏ ਉਸਦੀ , ਥਾਪੜਾ ਦਿੰਦਾ ਏ ਖ਼ੁਦ ਨੂੰ ਕੀ ਕੀ ਹੋਇਆ ਜੇ ਇਕੱਲਾ ਏਂ, ਜ਼ਿੰਦਾ ਤਾਂ ਏਂ । ਮਾਰ ਹਿੰਮਤ , ਛੰਡ ਦੇ ਬੁਰੇ ਵਕਤ ਦੀ ਗਰਦਿਸ਼ ਨੂੰ ਤੇ ਹਿੱਕ ਤਾਣ ਖੜ੍ਹ ਜਾ , ਆਪਣੇ ਪੈਰਾਂ ਸਿਰ । ਲੋੜ ਏ ਬਾਕੀ ਸ਼ੋਰ ਤੋ ਧਿਆਨ ਹਟਾ ਕੇ ਸਿਰਫ ਉਸ ਆਵਾਜ਼ ਨੂੰ ਸੁਣਨ ਦੀ, ਜੋ ਹਮੇਸ਼ਾਂ ਈ ਮੌਜੂਦ ਸੀ, ਮੌਜੂਦ ਹੈ ਤੇ ਮੌਜੂਦ ਰਹੇਗੀ । ਸਿਰਫ ਗ਼ਫ਼ਲਤ ਵੱਸ ਪੈ ਕਦੀ ਸੁਣੀ ਹੀ ਨਹੀ ਸੀ ।
ਜਦ ਅਸੀਂ ਡੂੰਘੇ ਦੱਬ ਗਏ ਮਹਿਸੂਸ ਕਰਦੇ ਆਂ ਤਾਂ ਇਹ ਵਿਸ਼ਵਾਸ਼ ਕਰਨਾ ਬਣਦਾ ਏ ਕਿ ਕੁਦਰਤ ਸਾਨੂੰ ਬੀਜ ਰਹੀ ਏ, ਫਿਰ ਤੋਂ ਕਿਸੇ ਨਵੇਂ ਰੂਪ ਵਿੱਚ ਵਿਸ਼ਾਲ ਦਰਖ਼ਤ ਬਣਨ ਲਈ ।

ਇਹ ਨਾ ਤੇਰਾ ਦੇਸ ….

by Sandeep Kaur April 12, 2020

ਇਹ ਨਾ ਤੇਰਾ ਦੇਸ ….
ਕੂੰਜਾਂ ਦੀਆਂ ਡਾਰਾਂ ਸਾਇਬੇਰੀਆ ਦੇ ਬਰਫ਼ਾਨੀ ਮਾਰੂਥਲ ਤੋ ਤੁਰਦੀਆਂ ਨੇ ਤੇ ਹਜ਼ਾਰਾਂ ਮੀਲਾਂ ਦਾ ਸਫਰ ਤੈਅ ਕਰਕੇ ਹਰੀਕੇ ਪੱਤਣ ਪਹੁੰਚਦੀਆਂ ਨੇ , ਜਾਂ ਅਜਿਹੇ ਹੀ ਹੋਰ ਸਥਾਨਾਂ ਤੇ, ਜਿੱਥੇ ਉਹਨਾਂ ਨੂੰ ਜਾਪਦਾ ਏ ਕਿ ਜੀਵਨ ਦੇ ਹਾਲਾਤ ਸਾਜਗਾਰ ਨੇ । ਅਗਰ ਉਹਨਾਂ ਦੇ ਪੂਰੇ ਜੀਵਨ ਦਾ ਲੇਖਾ ਜੋਖਾ ਕਰੀਏ ਤਾਂ ਕਿੰਨਾ ਲੰਮਾ ਸਮਾਂ ਉਹ ਉਡਾਣ ਵਿੱਚ ਈ ਬਤੀਤ ਕਰਦੀਆਂ ਹੋਣਗੀਆਂ , ਫਿਰ ਹਰ ਵਰ੍ਹੇ ਸਾਇਬੇਰੀਆ ਜਾਂ ਉੱਤਰ ਭਾਰਤ ਦਾ ਮੁਕਾਮ ਅਥਵਾ ਪੜਾਵ । ਕਿਵੇ ਤੈਅ ਕਰਦੀਆਂ ਹੋਣਗੀਆਂ ਕਿ ਉਹਨਾਂ ਦਾ ਦੇਸ਼ ਕਿਹੜਾ ਏ? ਇਹ ? ਜਾ ਓਹ ? ਸ਼ਾਇਦ ਖੁਸ਼ਕਿਸਮਤ ਨੇ ਇਹ ਪੰਛੀ , ਜੋ ਸਾਰੀ ਦੁਨੀਆਂ ਦੇ ਈ ਬਸ਼ਿੰਦੇ ਨੇ, ਜਿੱਥੇ ਮਰਜ਼ੀ ਰਹਿਣ , ਪਰ ਟਿਕਾਣਾ ਬਦਲੀ ਕਰਨ ਵੇਲੇ ਦਿਲਗੀਰ ਨਹੀ ਹੁੰਦੇ ।ਇਨਸਾਨ ਤਾਂ ਝੋਰਿਆਂ ਚ ਈ ਜਿੰਦਗੀ ਕੱਢ ਦੇਂਦਾ ਏ । ਕਦੀ ਇਹ ਵਿਗੋਚਾ ਕਿ ਬਾਹਰ ਵਾਲੇ ਮਜੇ ਚ ਜਿੰਦਗੀ ਬਤੀਤ ਕਰਦੇ ਨੇ , ਮੈ ਕਦੋਂ ਬਾਹਰ ਵੱਸਾਂਗਾ ? ਚੇ ਜਦ ਕਦੇ ਉੱਡ ਕੇ ਦੂਰ ਦੁਰਾਡੇ ਜਾ ਵੱਸਦਾ ਏ ਤਾਂ ਜਨਮ ਭੂਮੀ ਦੀ ਤਾਂਘ ਸੀਨੇ ਚੋ ਹੂਕ ਬਣ ਨਿਕਲਦੀ ਏ , ਸਾਰੇ ਸੁਖ ,ਚੈਨ ਹਾਸਿਲ ਕਰਕੇ ਵੀ ਗਿੱਲੀ ਲੱਕੜ ਵਾਂਗ ਧੁਖਦਾ ਏ ਜੀਵਨ ਭਰ । ਫਿਰ ਇੱਕ ਥੱਕੀ ਜਿਹੀ ਆਸ ਪਾਲਦਾ ਏ ਕਿ ਜਦ ਬੱਚੇ
ਉਡਾਰੂ ਹੋ ਜਾਣਗੇ ਤਾਂ ਮੈ ਆਪਣਾ ਅਖੀਰਲਾ ਵਕਤ ਆਪਣੇ ਪੁਰਖਿਆਂ ਦੀ ਧਰਤੀ ਤੇ ਗੁਜ਼ਾਰਾਂਗਾ , ਸਕੂਨ ਨਾਲ ਰਲ ਜਾਵਾਂਗਾ ਉਸ ਮਿੱਟੀ ਵਿੱਚ , ਜਿਸਦੀ ਉਹ ਪੈਦਾਇਸ਼ ਏ। ਬਹੁਤ ਵਿਰਲੇ ਈ ਹੁੰਦੇ ਹੋਣਗੇ , ਜੋ ਆਪਣੇ ਹਵਾਈ ਕਿਲਿਆਂ ਨੂੰ ਚਾਰ ਇੱਟਾਂ ਵੀ ਲਾ ਸਕਦੇ ਹੋਣਗੇ , ਨਹੀ ਤਾ ਇਹ ਖਾਹਿਸ਼ ਵੀ ਕਲਪਨਾ ਈ ਰਹਿ ਜਾਂਦੀ ਏ, ਮਰੀ ਹੋਈ ਮਾਂ ਦੇ ਚੰਨ ਤੇ ਬਹਿਕੇ ਚਰਖਾ ਕੱਤਦੀ ਹੋਣ ਦੇ ਭਰਮ ਵਾਂਗ ।
ਇਹ ਸਭ ਖੇਡ ਆਖਰ ਸਕੂਨ ਦਾ ਪਿੱਛਾ ਕਰਨ ਦੀ ਖੇਡ ਹੀ ਤਾਂ ਏ ।ਮਿ੍ਰਗ ਤ੍ਰਿਸ਼ਨਾ ਦੀ ਜਿਉਂਦੀ ਜਾਗਦੀ ਉਦਾਹਰਨ। ਪਿਆਸੀ ਰੂਹ ਆਪੇ ਈ ਭਰਮ ਪਾਲਦੀ ਏ ਕਿ ਔਹ ਦੂਰ ਸ਼ਾਇਦ ਪਾਣੀ ਦਾ ਤਲਾਬ ਏ, ਠੰਢਾ ਠਾਰ, ਬਸ ਏਨੀ ਕੁ ਤਪਸ਼ ਝੱਲ ਕੇ ਪਹੁੰਚ ਜਾਵਾਂ ਕਿਸੇ ਤਰਾਂ ਉਹਦੇ ਤੱਕ। ਜਦ ਸਾਹਾਂ ਦੀ ਪੂੰਜੀ ਖਰਚ ਕਰਕੇ ਓਥੇ ਤੱਕ ਪੁੱਜਦੀ ਏ ਤਾਂ ਓਹ ਜੋ ਛਲਾਵਾ ਏ , ਪਾਣੀ ਦਾ ਤਲਾਬ ਹੋਣ ਦਾ ਭੁਲੇਖਾ , ਅੱਗੇ ਤੋ ਅੱਗੇ ਤੁਰਿਆ ਜਾਂਦਾ ਵਿਖਾਈ ਦੇਂਦਾ ਏ । ਏਸੇ ਦੌੜ ਵਿੱਚ ਈ ਇਨਸਾਨ ਜਿੰਦਗੀ ਦਾ ਵਕਤ ਪੂਰਾ ਕਰ ਬਹਿੰਦਾ ਏ , ਕਲਪਨਾਵਾਂ ਮਗਰ ਦੌੜਦਾ, ਖਵਾਹਿਸ਼ਾਂ ਮਗਰ ਲਹੂ ਲੁਹਾਨ ਹੁੰਦਾ,ਖ਼ੁਦ ਨੂੰ ਦਿਲਬਰੀਆਂ ਦਿੰਦਾ ।
ਪਰ ਇਹ ਦੌੜ ਵੀ ਸ਼ਾਇਦ ਜ਼ਰੂਰੀ ਏ, ਇਹ ਜਾਣਨ ਲਈ ਕਿ ਇਹ ਵਿਅਰਥ ਸੀ।ਇਹ ਤ੍ਰਿਸ਼ਨਾ ਜ਼ਰੂਰੀ ਏ, ਇਹ ਜਾਨਣ ਲਈ ਕਿ ਉਹ ਨਿਰਮਲ ਜਲ ਦਾ ਸਰੋਤ ਕਿਤੇ ਬਾਹਰ ਨਹੀ , ਅੰਦਰ ਈ ਏ। ਕਸਤੂਰੀ ਦੀ ਸੁਗੰਧ ਜੋ ਬਾਹਰੋਂ ਆਉਦੀ ਜਾਪਦੀ ਏ, ਉਹਦਾ ਸਰੋਤ ਉਸਦੇ ਅੰਦਰ ਈ ਏ ਜੋ ਐਨਾ ਪੈਂਡਾ ਤੈਅ ਕਰਨ ਤੋ ਪਹਿਲਾਂ ਵੀ ਓਨਾ ਈ ਦੂਰ ਜਾਂ ਨੇੜੇ ਸੀ , ਜਿੰਨਾਂ ਪਹਿਲੇ ਕਦਮ ਵੇਲੇ ਸੀ ।
ਛੋਟੀ ਜਿਹੀ ਕਹਾਣੀ ਇੱਕ ਕਾਹਲੇ ਸੁਭਾਅ ਦੇ ਕਿਸਾਨ ਦੀ, ਜੀਹਨੇ ਤਾਰਿਆਂ ਦੀ ਲੋਏ ਹੱਲ ਜੋੜ ਲਿਆ ਬਲਦਾਂ ਨਾਲ। ਸਰੋਂ ਦਾ ਬੀਜ ਹੱਲ ਦੇ ਮੁੰਨੇ ਕੋਲ ਬੰਨ੍ਹ ਲਿਆ ਕਿ ਵਹਾਈ ਕਰਦੇ ਵਕਤ ਬੀਜ ਵੀ ਕੇਰ ਦਿਆਂਗਾ । ਪਰ ਯਾਦ ਭੁੱਲ ਗਈ ਕਾਹਲ ਵਿੱਚ । ਉਦੋਂ ਪਤਾ ਲੱਗਾ ਜਦ ਵਹਾਈ ਖਤਮ ਕਰਕੇ ਹਲ ਖੋਹਲ ਕੇ ਪੰਜਾਲ਼ੀ ਤੇ ਟੰਗਣ ਦਾ ਵਕਤ ਆ ਗਿਆ, ਵਾਪਸੀ ਦਾ, ਘਰ ਜਾਣ ਦਾ , ਜਦ ਖ਼ੁਦ ਚ ਵੀ ਸਾਹ ਸੱਤ ਬਾਕੀ ਨਾ ਰਿਹਾ ਤੇ ਬਲਦ ਵੀ ਥੱਕ ਚੁੱਕੇ ਸਨ । ਕਿੰਨਾ ਨਿਰਾਸ਼ ਹੋਇਆ ਹੋਵੇਗਾ ਉਹ ਕਿਸਾਨ , ਅਗਲੇ ਦਿਨ ਤਾਂ ਸ਼ਾਇਦ ਵੱਤਰ ਵੀ ਖੁਸ਼ਕ ਹੋ ਗਿਆ ਹੋਵੇਗਾ , ਪਛਤਾਵੇ ਤੋ ਸਿਵਾ ਕੁਝ ਵੀ ਪੱਲੇ ਨਹੀ ਪਿਆ ਹੋਣਾ ।
ਤੇ ਇਹ ਕਹਾਣੀ ਕਿਸਾਨ ਦੀ ਈ ਨਹੀ , ਹਰ ਉਸ ਇਨਸਾਨ ਦੀ ਏ , ਜੋ ਚੰਗੇ ਕਰਮਾਂ ਦੇ ਬੀਜ ਬੀਜਣੇ ਭੁੱਲ ਗਿਆ , ਜਾਂ ਵੱਤਰ ਸੁੱਕਾ ਬੈਠਾ ਹੋਵੇ ।
ਇਨਸਾਨ ਹਮੇਸ਼ਾਂ ਕਿਸੇ ਘਰ ਦਾ ਉਦਰੇਵਾਂ ਮਹਿਸੂਸ ਕਰਦਾ ਏ, ਕਦੀ ਇਸਦਾ ਤੇ ਕਦੀ ਓਸਦਾ, ਜਦ ਕਿ ਘਰ ਕਦੀ ਘਰ ਹੁੰਦਾ ਈ ਨਹੀਂ, ਸਿਰਫ ਘਾਟ ਹੁੰਦਾ ਏ, ਜਿੱਥੇ ਅਸੀਂ ਪੜਾਉ ਕਰਦੇ ਆਂ, ਜਿੰਦਗੀ ਦੇ ਸਫਰ ਦੌਰਾਨ । ਪਰ ਆਖਰ ਰਵਾਨਾ ਹੋਣਾ ਹੁੰਦਾ ਏ ਫਿਰ ਤੋ , ਅਗਲੇ ਮੁਕਾਮ ਵੱਲ , ਸਭ ਕੁਝ ਛੱਡ ਛੁਡਾ ਕੇ, ਭੁੱਲ ਭੁਲਾ ਕੇ ।

ਮੁਸਾਫਿਰ ਹੂੰ ਯਾਰੋ
ਨਾ ਘਰ ਹੈ ਨਾ ਠਿਕਾਨਾ,
ਮੁਝੇ ਚਲਤੇ ਜਾਨਾ ਹੈ
ਬਸ
ਚਲਤੇ ਜਾਨਾ ।
ਤੇ ਸੱਚ ਇਹੀ ਏ ਕਿ ਅਸੀਂ ਹਮੇਸ਼ਾਂ ਸਫਰ ਵਿੱਚ ਈ ਹੁੰਦੇ ਆਂ, ਹਰ ਦਿਸਦੀ ਚੀਜ ਸਫਰ ਵਿੱਚ ਏ , ਹਰ ਵਕਤ , ਲਗਾਤਾਰ । ਇਹ ਧਰਤੀ, ਸੂਰਜ ,ਚੰਦ ,ਤਾਰੇ ਸਭ ਮੁਸਾਫਿਰ ਈ ਤਾਂ ਨੇ ।
ਤੇ ਜੇ ਇਹ ਗੱਲ ਸਮਝ ਆ ਜਾਵੇ ਤਾਂ ਸ਼ਾਇਦ ਇਨਸਾਨ ਏਨੇ ਬਾਂਨ੍ਹਣੂ ਨਾ ਈ ਬੰਨ੍ਹੇ , ਨਾ ਜਾਲ ਵਿਛਾਵੇ।ਸਫਰ ਦਾ ਆਨੰਦ ਲਵੇ, ਖ਼ੁਦ ਵੀ , ਤੇ ਦੂਜਿਆਂ ਦਾ ਸਫਰ ਵੀ ਸੁਖਾਲਾ ਕਰੇ ।

ਦਵਿੰਦਰ ਸਿੰਘ ਜੌਹਲ

ਕਰਾਮਾਤ

by Sandeep Kaur April 11, 2020

ਲੁੱਟਿਆ ਹੋਇਆ ਮਾਲ ਬਰਾਮਦ ਕਰਨ ਲਈ ਪੁਲੀਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ।
ਲੋਕ ਡਰ ਦੇ ਮਾਰੇ ਹਨੇਰਾ ਹੋਣ ’ਤੇ ਲੁੱਟਿਆ ਹੋਇਆ ਮਾਲ ਬਾਹਰ ਸੁੱਟਣ ਲੱਗੇ।
ਕੁਝ ਅਜਿਹੇ ਵੀ ਸਨ, ਜਿਨ੍ਹਾਂ ਨੇ ਆਪਣਾ ਸਾਮਾਨ ਵੀ ਆਸੇ-ਪਾਸੇ ਕਰ ਦਿੱਤਾ ਤਾਂ ਕਿ ਕਾਨੂੰਨੀ ਖਿੱਚ-ਧੂਹ ਤੋਂ ਬਚੇ ਰਹਿਣ।
ਇੱਕ ਆਦਮੀ ਨੂੰ ਬੜੀ ਦਿੱਕਤ ਪੇਸ਼ ਆਈ। ਉਸ ਕੋਲ ਸ਼ੱਕਰ ਦੀਆਂ ਦੋ ਬੋਰੀਆਂ ਸਨ, ਜਿਹੜੀਆਂ ਉਸ ਨੇ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਸਨ।
ਇੱਕ ਬੋਰੀ ਤਾਂ ਉਹ ਰਾਤ ਦੇ ਹਨੇਰੇ ’ਚ ਨੇੜਲੇ ਖੂਹ ਵਿੱਚ ਸੁੱਟ ਆਇਆ ਪਰ ਜਦੋਂ ਉਹ ਦੂਜੀ ਚੁੱਕ ਕੇ ਸੁੱਟਣ ਲੱਗਾ ਤਾਂ ਨਾਲ ਹੀ ਆਪ ਵੀ ਖੂਹ ਵਿੱਚ ਜਾ ਪਿਆ।
ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਖੂਹ ਵਿੱਚ ਰੱਸੇ ਸੁੱਟੇ ਗਏ। ਦੋ ਨੌਜਵਾਨ ਥੱਲੇ ਉਤਰੇ ਅਤੇ ਉਸ ਆਦਮੀ ਨੂੰ ਬਾਹਰ ਕੱਢ ਲਿਆ ਪਰ ਕੁਝ ਘੰਟਿਆਂ ਬਾਅਦ ਉਹ ਮਰ ਗਿਆ।
ਦੂਜੇ ਦਿਨ ਲੋਕਾਂ ਨੇ ਵਰਤੋਂ ਲਈ ਜਦ ਉਸ ਖੂਹ ਵਿੱਚੋਂ ਪਾਣੀ ਕੱਢਿਆ ਤਾਂ ਉਹ ਮਿੱਠਾ ਸੀ। ਉਸੇ ਰਾਤ ਤੋਂ ਉਸ ਆਦਮੀ ਦੀ ਕਬਰ ’ਤੇ ਦੀਵੇ ਜਗ ਰਹੇ ਹਨ।

ਸਆਦਤ ਹਸਨ ਮੰਟੋ

ਅਨੁਵਾਦ: ਬਿਕਰਮਜੀਤ ਨੂਰ

ਖੁਦਾ ਕੀ ਕਸਮ

by Sandeep Kaur April 11, 2020

ਉਧਰੋਂ ਮੁਸਲਮਾਨ ਅਤੇ ਇੱਧਰੋਂ ਹਿੰਦੂ ਅਜੇ ਤੱਕ ਆ-ਜਾ ਰਹੇ ਸਨ। ਕੈਂਪਾਂ ਦੇ ਕੈਂਪ ਭਰੇ ਪਏ ਸਨ ਜਿਨ੍ਹਾਂ ਵਿਚ ਕਹਾਵਤ ਅਨੁਸਾਰ ਤਿਲ ਧਰਨ ਲਈ ਸੱਚ-ਮੁੱਚ ਕੋਈ ਥਾਂ ਨਹੀ ਸੀ। ਇਸ ਦੇ ਬਾਵਜੂਦ ਉਹ ਉਨ੍ਹਾਂ ਵਿਚ ਥੁੰਨੇ ਜਾ ਰਹੇ ਸਨ, ਲੋੜੀਂਦਾ ਅਨਾਜ ਹੈ ਨੀ, ਸਿਹਤ ਦੀ ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਨੀ, ਬਿਮਾਰੀਆਂ ਫੈਲ ਰਹੀਆਂ ਨੇ, ਇਹਦੀ ਹੋਸ਼ ਕਿਸ ਨੂੰ ਸੀ, ਹਫੜਾ ਦਫੜੀ ਤਾਂ ਮੱਚੀ ਹੋਈ ਸੀ।
ਸੰਨ ਅਠਤਾਲੀ ਚੜ੍ਹ ਚੁੱਕਿਆ ਸੀ ਤੇ ਸ਼ਾਇਦ ਮਾਰਚ ਦਾ ਮਹੀਨਾ। ਇਧਰ ਅਤੇ ਉਧਰ ਦੋਨੋਂ ਪਾਸੇ ਰਜ਼ਾਕਾਰਾਂ ਰਾਹੀਂ ਉਧਾਲੀਆਂ ਹੋਈਆਂ ਤੀਵੀਆਂ ਅਤੇ ਬੱਚਿਆਂ ਨੂੰ ਲੈ ਜਾਣ ਦਾ ਉਮਦਾ ਕੰਮ ਸ਼ੁਰੂ ਹੋ ਚੁੱਕਿਆ ਸੀ। ਸੈਂਕੜੇ ਮਰਦ, ਔਰਤਾਂ, ਮੁੰਡੇ ਅਤੇ ਕੁੜੀਆਂ ਇਸ ਨੇਕ ਕੰਮ ਵਿਚ ਹਿੱਸਾ ਲੈ ਰਹੇ ਸਨ। ਮੈਂ ਜਦੋਂ ਉਨ੍ਹਾਂ ਨੂੰ ਵਧ-ਚੜ੍ਹ ਕੇ ਇਸ ਕਾਰਜ ਵਿਚ ਜੁਟੇ ਦੇਖਦਾ ਤਾਂ ਮੈਨੂੰ ਹੈਰਾਨੀ ਭਰੀ ਖੁਸ਼ੀ ਹੁੰਦੀ। ਇਸ ਵਾਸਤੇ ਕਿ ਇਨਸਾਨ ਆਪ, ਇਨਸਾਨੀ ਬੁਰਾਈਆਂ ਦੇ ਆਸਾਰ ਮਿਟਾਉਣ ਦੀ ਕੋਸ਼ਿਸ਼ ਵਿਚ ਰੁਝਿਆ ਹੋਇਆ ਸੀ। ਜੋ ਇੱਜ਼ਤਾਂ ਲੁੱਟੀਆਂ ਜਾ ਚੁੱਕੀਆਂ ਸਨ, ਉਨ੍ਹਾਂ ਨੂੰ ਹੋਰ ਲੁੱਟ-ਖਸੁੱਟ ਤੋਂ ਬਚਾਉਣਾ ਚਾਹੁੰਦਾ ਸੀ। ਕਿਸ ਵਾਸਤੇ? ਇਸ ਵਾਸਤੇ ਕਿ ਉਹਦਾ ਦਾਮਨ ਹੋਰ ਧੱਬਿਆਂ ਅਤੇ ਦਾਗ਼ਾਂ ਨਾਲ ਲਥਪਥ ਨਾ ਹੋ ਜਾਵੇ, ਇਸ ਵਾਸਤੇ ਕਿ ਉਹ ਛੇਤੀ-ਛੇਤੀ ਲਹੂ ਨਾਲ ਲਿਬੜੀਆਂ ਉਂਗਲੀਆਂ ਚੱਟ ਲਵੇ, ਇਸ ਵਾਸਤੇ ਕਿ ਉਹ ਇਨਸਾਨੀਅਤ ਦਾ ਸੂਈ-ਧਾਗਾ ਲੈ ਕੇ ਇੱਜ਼ਤਾਂ ਦੇ ਪਾਟੇ ਹੋਏ ਦਾਮਨ ਰਫੂ ਕਰ ਦੇਵੇ। ਕੁਝ ਸਮਝ ਵਿਚ ਨਹੀਂ ਸੀ ਆਉਂਦਾ, ਪਰ ਉਨ੍ਹਾਂ ਰਜ਼ਾਕਾਰਾਂ ਦਾ ਸੰਘਰਸ਼ ਫਿਰ ਵੀ ਤਾਰੀਫਯੋਗ ਜਾਪਦਾ ਸੀ।
ਉਨ੍ਹਾਂ ਨੂੰ ਸੈਂਕੜੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ; ਹਜ਼ਾਰਾਂ ਬਖੇੜੇ ਸਨ, ਜੋ ਉਨ੍ਹਾਂ ਨੂੰ ਝੱਲਣੇ ਪੈਂਦੇ ਸਨ, ਕਿਉਂਕਿ ਜਿਨ੍ਹਾਂ ਨੇ ਔਰਤਾਂ ਅਤੇ ਲੜਕੀਆਂ ਚੁੱਕੀਆਂ ਸਨ, ਉਹ ਇਕ ਥਾਂ ਨਹੀਂ ਸੀ ਠਹਿਰਦੇ। ਅੱਜ ਇਥੇ, ਕੱਲ੍ਹ ਉਥੇ। ਹੁਣ ਇਸ ਮੁਹੱਲੇ ਵਿਚ, ਫਿਰ ਉਸ ਮੁਹੱਲੇ ਵਿਚ ਅਤੇ ਫਿਰ ਲਾਗੇ ਰਹਿਣ ਵਾਲੇ ਲੋਕ ਵੀ ਉਨ੍ਹਾਂ ਦੀ ਮੱਦਦ ਨਹੀਂ ਸਨ ਕਰਦੇ।
ਅਜੀਬ-ਅਜੀਬ ਕਹਾਣੀਆਂ ਵੀ ਸੁਣਨ ਵਿਚ ਆਉਂਦੀਆਂ ਸਨ।
ਇਕ ਲਿਆਜ਼ਾਂ ਅਫਸਰ ਨੇ ਮੈਨੂੰ ਦੱਸਿਆ ਕਿ ਸਹਾਰਨਪੁਰ ਵਿਚ ਦੋ ਕੁੜੀਆਂ ਨੇ ਪਾਕਿਸਤਾਨ ਵਿਚ ਆਪਣੇ ਮਾਪਿਆਂ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ। ਦੂਜੇ ਨੇ ਗੱਲ ਸੁਣਾਈ ਕਿ ਜਦੋਂ ਜਲੰਧਰ ਵਿਚ ਇਕ ਕੁੜੀ ਨੂੰ ਜ਼ਬਰਦਸਤੀ ਕੱਢਿਆ ਗਿਆ ਤਾਂ ਕਬਜ਼ਾ ਕਰੀ ਬੈਠੇ ਬੰਦੇ ਦੇ ਸਾਰੇ ਖ਼ਾਨਦਾਨ ਨੇ ਉਹਨੂੰ ਇਉਂ ਵਿਦਾ ਕੀਤਾ ਜਿਵੇਂ ਉਹ ਉਨ੍ਹਾਂ ਦੀ ਬਹੂ ਹੋਵੇ ਤੇ ਕਿਸੇ ਦੂਰ-ਦੁਰਾਡੇ ਸਫਰ ‘ਤੇ ਜਾ ਰਹੀ ਹੋਵੇ; ਕਈ ਕੁੜੀਆਂ ਨੇ ਮਾਪਿਆਂ ਦੇ ਡਰ ਕਰਕੇ ਰਾਹ ਵਿਚ ਹੀ ਖੁਦਕੁਸ਼ੀ ਕਰ ਲਈ। ਕਈ ਸਦਮੇ ਨਾਲ ਪਾਗਲ ਹੋ ਗਈਆਂ। ਕੁਝ ਅਜਿਹੀਆਂ ਵੀ ਸਨ ਜਿਨ੍ਹਾਂ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ। ਉਨ੍ਹਾਂ ਨੂੰ ਤਿਹਾ ਲਗਦੀ ਤਾਂ ਪਾਣੀ ਦੀ ਬਜਾਏ ਸ਼ਰਾਬ ਮੰਗਦੀਆਂ ਅਤੇ ਨੰਗੀਆਂ ਗਾਲਾਂ ਬਕਦੀਆਂ।
ਮੈਂ ਉਨ੍ਹਾਂ ਬਰਾਮਦ ਕੀਤੀਆਂ ਕੁੜੀਆਂ ਅਤੇ ਤੀਵੀਆਂ ਬਾਰੇ ਸੋਚਦਾ ਤਾਂ ਮੇਰੀਆਂ ਅੱਖਾਂ ਸਾਹਮਣੇ ਕੇਵਲ ਫੁੱਲੇ ਹੋਏ ਢਿੱਡ ਉਭਰਨ ਲੱਗਦੇ। ਇਨ੍ਹਾਂ ਢਿੱਡਾਂ ਦਾ ਕੀ ਹੋਊ? ਇਨ੍ਹਾਂ ਵਿਚ ਜੋ ਕੁਝ ਭਰਿਆ ਹੋਇਆ, ਉਹਦਾ ਮਾਲਿਕ ਕੌਣ ਹੈ, ਪਾਕਿਸਤਾਨ ਜਾਂ ਹਿੰਦੁਸਤਾਨ?
…ਅਤੇ ਉਹ ਨੌਂ ਮਹੀਨਿਆਂ ਦਾ ਭਾਰ ਢੋਣਾ…ਇਸ ਦੀ ਉਜਰਤ ਪਾਕਿਸਤਾਨ ਅਦਾ ਕਰੂ ਜਾਂ ਹਿੰਦੁਸਤਾਨ? ਕੀ ਇਹ ਸਭ ਕੁਝ ਜ਼ਾਲਿਮ ਫਿਤਰਤ ਦੇ ਵਹੀ ਖਾਤੇ ਵਿਚ ਦਰਜ ਹੋਵੇਗਾ? ਕੀ ਵਹੀ ਖਾਤੇ ਦਾ ਕੋਈ ਸਫਾ ਖਾਲੀ ਰਹਿ ਰਿਹਾ ਹੈ?
ਬਰਾਮਦ ਹੋਈਆਂ ਤੀਵੀਆਂ ਆ ਰਹੀਆਂ ਸਨ-ਬਰਾਮਦ ਹੋਈਆਂ ਤੀਵੀਆਂ ਜਾ ਰਹੀਆਂ ਸਨ।
ਮੈਂ ਸੋਚਦਾ ਕਿ ਇਨ੍ਹਾਂ ਤੀਵੀਆਂ ਨੂੰ ‘ਉਧਾਲੀਆਂ’ ਕਿਉਂ ਕਿਹਾ ਜਾਂਦਾ ਹੈ-ਇਨ੍ਹਾਂ ਨੂੰ ਉਧਾਲਿਆ ਕਦੋਂ ਗਿਆ ਹੈ?
ਉਧਾਲਾ ਤਾਂ ਬੜਾ ਰੁਮਾਂਟਿਕ ਅਮਲ ਹੈ ਜਿਸ ਵਿਚ ਮਰਦ ਅਤੇ ਔਰਤ ਦੋਵੇਂ ਸ਼ਰੀਕ ਹੁੰਦੇ ਨੇ। ਉਧਾਲਾ ਤਾਂ ਅਜਿਹੀ ਖਾਈ ਹੈ ਜਿਸ ਨੂੰ ਟੱਪਣ ਤੋਂ ਪਹਿਲਾਂ ਦੋਵਾਂ ਰੂਹਾਂ ਦੇ ਸਾਰੇ ਤਾਰ ਛਣਛਣਾ ਉਠਦੇ ਨੇ, ਪਰ ਇਹ ਕਿਹੋ ਜਿਹਾ ਉਧਾਲਾ ਹੈ ਕਿ ਕਿਸੇ ਨਿਹੱਥੀ ਨੂੰ ਫੜ ਕੇ ਕੋਠੜੀ ਵਿਚ ਕੈਦ ਕਰ ਲਿਆ। ਉਹ ਜ਼ਮਾਨਾ ਹੀ ਅਜਿਹਾ ਸੀ ਕਿ ਦਰਸ਼ਨ, ਦਲੀਲ ਅਤੇ ਫਲਸਫ਼ਾ ਸਭਾ ਬੇਕਾਰ ਚੀਜ਼ਾਂ ਸਨ। ਉਨ੍ਹੀਂ ਦਿਨੀਂ ਜਿਸ ਤਰ੍ਹਾਂ ਲੋਕ ਗਰਮੀਆਂ ਵਿਚ ਵੀ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰਕੇ ਸੌਂਦੇ ਸਨ, ਉਸੇ ਤਰ੍ਹਾਂ ਮੈਂ ਆਪਣੇ ਦਿਲ ਤੇ ਦਿਮਾਗ਼ ਦੀਆਂ ਸਭ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਲਏ ਸਨ, ਹਾਲਾਂਕਿ ਉਨ੍ਹਾਂ ਨੂੰ ਖੁੱਲ੍ਹਾ ਰੱਖਣ ਦੀ ਜ਼ਿਆਦਾ ਜ਼ਰੂਰਤ ਉਸੇ ਵੇਲੇ ਸੀ; ਪਰ ਮੈਂ ਕੀ ਕਰਦਾ, ਮੈਨੂੰ ਕੁਝ ਸੁੱਝਦਾ ਹੀ ਨਹੀਂ ਸੀ।
ਬਰਾਮਦ ਹੋਈਆਂ ਔਰਤਾਂ ਆ ਰਹੀਆਂ ਸਨ-ਬਰਾਮਦ ਹੋਈਆਂ ਔਰਤਾਂ ਜਾ ਰਹੀਆਂ ਸਨ।
ਇਹ ਦਰਾਮਦ ਅਤੇ ਬਰਾਮਦ ਜਾਰੀ ਸੀ, ਸਮੁੱਚੇ ਵਪਾਰਕ ਲੱਛਣਾਂ ਨਾਲ। ਪੱਤਰਕਾਰ, ਕਹਾਣੀਕਾਰ ਅਤੇ ਕਵੀ ਆਪਣੀਆਂ ਕਲਮਾਂ ਚੁੱਕੀ ਸ਼ਿਕਾਰ ਵਿਚ ਰੁੱਝੇ ਹੋਏ ਸਨ। ਖ਼ਬਰਾਂ, ਕਹਾਣੀਆਂ ਅਤੇ ਨਜ਼ਮਾਂ ਦਾ ਹੜ੍ਹ ਸੀ ਕਿ ਹੱਦਾਂ ਬੰਨ੍ਹੇ ਟੱਪਦਾ ਚਲਿਆ ਜਾ ਰਿਹਾ ਸੀ। ਕਲਮਾਂ ਦੇ ਕਦਮ ਉਖੜ ਉਖੜ ਜਾਂਦੇ, ਉਹ ਐਨੇ ਜਕੜੇ ਹੋਏ ਸਨ ਕਿ ਸਭ ਭਮੱਤਰ ਗਏ।
ਇਕ ਲਿਆਜ਼ਾ ਅਫਸਰ ਮੈਨੂੰ ਮਿਲਿਆ ਅਤੇ ਕਹਿਣ ਲੱਗਾ, ‘ਤੁਸੀਂ ਗੁੰਮਸੁੰਮ ਕਿਉਂ ਰਹਿੰਦੇ ਓ?’
ਮੈਂ ਕੋਈ ਜਵਾਬ ਨਾ ਦਿੱਤਾ।
ਉਹਨੇ ਮੈਨੂੰ ਇਕ ਦਾਸਤਾਨ ਸੁਣਾਈ: ਉਧਾਲੀਆਂ ਹੋਈਆਂ ਔਰਤਾਂ ਦੀ ਖੋਜ ਵਿਚ ਅਸੀਂ ਮਾਰੇ-ਮਾਰੇ ਫਿਰਦੇ ਆਂ। ਇਕ ਸ਼ਹਿਰੋਂ ਦੂਜੇ ਸ਼ਹਿਰ, ਇਕ ਪਿੰਡ ਤੋਂ ਦੂਜੇ ਪਿੰਡ, ਫਿਰ ਤੀਜੇ ਪਿੰਡ, ਫਿਰ ਚੌਥੇ। ਗਲੀ-ਗਲੀ, ਮੁਹੱਲੇ-ਮੁਹੱਲੇ, ਕੂਚੇ-ਕੂਚੇ। ਬੜੀਆਂ ਮੁਸ਼ਕਲਾਂ ਨਾਲ ਉਹ ਮੋਤੀ ਹੱਥ ਆਉਂਦੈ ਜਿਸ ਨੂੰ ਅਸੀਂ ਭਾਲਦੇ ਹੁੰਨੇ ਆਂ।
ਤੂੰ ਨਹੀਂ ਜਾਣਦਾ, ਸਾਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦੈ…ਖੈਰ, ਮੈਂ ਤੈਨੂੰ ਇਕ ਗੱਲ ਦੱਸਣ ਲੱਗਾ ਸੀ-ਅਸੀਂ ਬਾਰਡਰ ਦੇ ਉਸ ਪਾਰ ਸੈਂਕੜੇ ਫੇਰੇ ਮਾਰ ਚੁੱਕੇ ਆਂ। ਅਜੀਬ ਬਾਤ ਹੈ ਕਿ ਮੈਂ ਹਰ ਫੇਰੇ ਵਿਚ ਇਕ ਬੁੱਢੀ ਨੂੰ ਦੇਖਿਆ। ਇਕ ਮੁਸਲਮਾਨ ਬੁੱਢੀ ਨੂੰ…ਅਧੇੜ ਉਮਰ ਦੀ ਮੁਸਲਮਾਨ ਬੁੱਢੀ…।
ਪਹਿਲੀ ਵੇਰਾਂ ਮੈਂ ਉਹਨੂੰ ਜਲੰਧਰ ਦੀਆਂ ਬਸਤੀਆਂ ‘ਚ ਦੇਖਿਆ। ਬੁਰਾ ਹਾਲ, ਹਿੱਲਿਆ ਹੋਇਆ ਦਿਮਾਗ, ਵੀਰਾਨ-ਵੀਰਾਨ ਅੱਖਾਂ, ਗਰਦ ਨਾਲ ਅੱਟੇ ਹੋਏ ਵਾਲ, ਪਾਟੇ ਪੁਰਾਣੇ ਕੱਪੜੇ, ਨਾ ਤਨ ਦਾ ਹੋਸ਼ ਨਾ ਮਨ ਦਾ; ਪਰ ਉਹਦੀਆਂ ਨਿਗਾਹਾਂ ਤੋਂ ਸਾਫ਼ ਜ਼ਾਹਿਰ ਸੀ ਕਿ ਉਹ ਕਿਸੇ ਨੂੰ ਲੱਭ ਰਹੀ ਐ।
ਮੈਨੂੰ ‘ਸ’ ਭੈਣ ਨੇ ਦੱਸਿਆ ਕਿ ਉਹ ਔਰਤ ਸਦਮੇ ਦੀ ਮਾਰੀ ਪਾਗਲ ਹੋ ਗਈ ਹੈ…ਪਟਿਆਲੇ ਦੀ ਰਹਿਣ ਵਾਲੀ ਐ..ਆਪਣੀ ਇਕਲੌਤੀ ਧੀ ਤੋਂ ਵਿਛੜ ਗਈ ਹੈ…ਅਸੀ ਬੜੇ ਯਤਨ ਕੀਤੇ। ਉਹਦੀ ਲੜਕੀ ਨੂੰ ਲੱਭਣ ਦੇ, ਪਰ ਅਸਫਲ ਰਹੇ…ਲੱਗਦੈ, ਹੱਲਿਆਂ ‘ਚ ਮਾਰੀ ਗਈ, ਪਰ ਬੁੱਢੀ ਨਹੀਂ ਮੰਨਦੀ।
ਦੂਜੀ ਵੇਰਾਂ ਮੈਂ ਉਸ ਪਾਗਲ ਬੁੱਢੀ ਨੂੰ ਸਹਾਰਨਪੁਰ ਦੇ ਲਾਰੀਆਂ ਦੇ ਅੱਡੇ ਉਤੇ ਦੇਖਿਆ। ਉਸ ਦੀ ਹਾਲਤ ਪਹਿਲਾਂ ਤੋਂ ਵੀ ਭੈੜੀ ਅਤੇ ਖਸਤਾ ਸੀ। ਉਹਦਿਆਂ ਬੁੱਲ੍ਹਾਂ ਉਤੇ ਪੇਪੜੀਆਂ ਜੰਮੀਆਂ ਹੋਈਆਂ ਸਨ। ਵਾਲ ਸਾਧਾਂ ਦੀਆਂ ਜਟਾਂ ਵਰਗੇ ਹੋ ਗਏ ਸਨ।
ਮੈਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਚਾਹਿਆ ਕਿ ਉਹ ਆਪਣਾ ਭਰਮ ਛੱਡੇ ਅਤੇ ਲੱਭਣਾ ਬੰਦ ਕਰੇ। ਮੈਂ ਇਸ ਗਰਜ਼ ਨਾਲ ਬੜਾ ਪੱਥਰ ਦਿਲ ਬਣ ਕੇ ਉਹਨੂੰ ਕਿਹਾ: ‘ਮਾਈ ਤੇਰੀ ਲੜਕੀ ਕਤਲ ਕਰ ਦਿੱਤੀ ਗਈ ਸੀ…।’
ਪਗਲੀ ਨੇ ਮੇਰੀ ਵੱਲ ਦੇਖਿਆ- ਕਤਲ …? ਨਹੀਂ…ਉਹਦੇ ਲਹਿਜ਼ੇ ਵਿਚ ਫੌਲਾਦੀ ਯਕੀਨ ਪੈਦਾ ਹੋ ਗਿਆ; ਉਹਨੂੰ ਕੋਈ ਕਤਲ ਨਹੀਂ ਕਰ ਸਕਦਾ…ਮੇਰੀ ਬੇਟੀ ਨੂੰ ਕੋਈ ਕਤਲ ਨਹੀਂ ਕਰ ਸਕਦਾ…ਅਤੇ ਉਹ ਚਲੀ ਗਈ। ਭਰਮੀਂ ਪਏ ਚਿੱਤ ਨਾਲ, ਆਪਣੀ ਧੀ ਦੀ ਤਲਾਸ਼ ਵਿਚ। ਮੈਂ ਸੋਚਿਆ: ‘ਨਿਰੰਤਰ ਅਤੇ ਵਹਿਮੀ ਭਾਲ਼..।’
ਪਰ ਪਗਲੀ ਨੂੰ ਕਿਉਂ ਇੰਨਾ ਯਕੀਨ ਸੀ ਕਿ ਉਹਦੀ ਬੇਟੀ ਉਤੇ ਕੋਈ ਕਿਰਪਾਨ ਨਹੀਂ ਉਠ ਸਕਦੀ। ਕੋਈ ਤੇਜ਼ ਧਾਰ ਵਾਲਾ ਜਾਂ ਖੁੰਢਾ ਛੁਰਾ ਉਹਦੀ ਗਰਦਨ ਵੱਲ ਨਹੀਂ ਵਧ ਸਕਦਾ? ਮਮਤਾ ਬਿਆਨੋਂ ਪਰ੍ਹੇ ਯਕੀਨ ਹੁੰਦੀ ਹੈ, ਤਾਂ ਕੀ ਉਹ ਆਪਣੀ ਮਮਤਾ ਢੂੰਡ ਰਹੀ ਸੀ?
ਤੀਜੇ ਫੇਰੇ ਸਮੇਂ ਮੈਂ ਉਹਨੂੰ ਫਿਰ ਦੇਖਿਆ। ਹੁਣ ਉਹ ਬਿਲਕੁਲ ਚੀਥੜਿਆਂ ਵਿਚ ਸੀ, ਕਰੀਬ-ਕਰੀਬ ਨੰਗੀ।
ਮੈਂ ਉਹਨੂੰ ਕੱਪੜੇ ਦਿੱਤੇ, ਪਰ ਉਹਨੇ ਕਬੂਲ ਨਾ ਕੀਤੇ। ਮੈਂ ਉਹਨੂੰ ਆਖਿਆ, ‘ਮਾਈ, ਮੈਂ ਸੱਚ ਕਹਿਨਾਂ, ਤੇਰੀ ਲੜਕੀ ਪਟਿਆਲੇ ਵਿਚ ਹੀ ਕਤਲ ਕਰ ਦਿੱਤੀ ਗਈ ਸੀ।’
ਉਹਨੇ ਫਿਰ ਉਸੇ ਫੌਲਾਦੀ ਯਕੀਨ ਨਾਲ ਕਿਹਾ, ‘ਤੂੰ ਝੂਠ ਬੋਲਦੈਂ।’
ਮੈਂ ਆਪਣੀ ਗੱਲ ਮਨਵਾਉਣ ਦੀ ਖ਼ਾਤਿਰ ਕਿਹਾ, ‘ਨਹੀਂ, ਮੈਂ ਸੱਚ ਕਹਿਨਾਂ..ਬਥੇਰੀ ਖ਼ਾਕ ਛਾਣ ਲਈ ਤੈਂ…ਬਥੇਰਾ ਰੋ-ਪਿੱਟ ਲਿਆ…ਚੱਲ ਮੇਰੇ ਨਾਲ, ਮੈਂ ਤੈਨੂੰ ਪਾਕਿਸਤਾਨ ਲੈ ਚਲੂੰਗਾ।’
ਉਹਨੇ ਜਿਵੇਂ ਮੇਰੀ ਗੱਲ ਨਾ ਸੁਣੀ ਹੋਵੇ ਅਤੇ ਬੁੜਬੜਾਉਣ ਲੱਗੀ। ਬੁੜਬੜਾਉਂਦਿਆਂ ਉਹ ਇਕਦਮ ਚੌਂਕੀ। ਹੁਣ ਉਹਦੇ ਲਹਿਜ਼ੇ ਵਿਚ ਫੌਲਾਦ ਤੋਂ ਵੀ ਠੋਸ ਯਕੀਨ ਸੀ, ‘ਨਹੀਂ, ਮੇਰੀ ਬੇਟੀ ਨੂੰ ਕੋਈ ਕਤਲ ਨਹੀਂ ਕਰ ਸਕਦਾ…।’
ਮੈਂ ਪੁੱਛਿਆ, ‘ਕਿਉਂ ਕਤਲ ਨਹੀਂ ਕਰ ਸਕਦਾ…?’
ਬੁੱਢੀ ਨੇ ਹੌਲੀ-ਹੌਲੀ ਕਿਹਾ, ‘ਉਹ ਖੂਬਸੂਰਤ ਐ, ਐਨੀ ਸੋਹਣੀ ਐਂ ਕਿ ਉਹਨੂੰ ਕੋਈ ਕਤਲ ਨਹੀਂ ਕਰ ਸਕਦਾ…ਉਹਨੂੰ ਕੋਈ ਚਪੇੜ ਤੱਕ ਨਹੀਂ ਮਾਰ ਸਕਦਾ…!’
ਮੈਂ ਸੋਚਣ ਲੱਗਿਆ, ਕੀ ਸੱਚੀਂ ਮੁੱਚੀਂ ਉਹ ਐਨੀ ਸੋਹਣੀ ਸੀ ਕਿ…ਹਰ ਮਾਂ ਦੀਆਂ ਅੱਖਾਂ ‘ਚ ਉਹਦੀ ਔਲਾਦ ਚੰਦੇ-ਆਫ਼ਤਾਬ, ਚੰਦੇ-ਮਾਹਤਾਬ ਹੁੰਦੀ ਐ…ਮਗਰ ਇਸ ਤੂਫਾਨ ਵਿਚ, ਉਹ ਕਿਹੜੀ ਖੂਬਸੂਰਤੀ ਹੈ ਜੋ ਇਨਸਾਨ ਦੇ ਖੁਰਦਰੇ ਹੱਥੋਂ ਬਚੀ ਐ…ਫਿਰ ਵੀ ਹੋ ਸਕਦੈ, ਉਹ ਕੁੜੀ ਸੱਚਮੁੱਚ ਖੂਬਸੂਰਤ ਹੋਵੇ…ਪਰ ਫਰਾਰ ਦੇ ਲੱਖਾਂ ਰਾਹ ਨੇ…ਦੁੱਖ ਐਸਾ ਚੌਕ ਹੈ ਜੋ ਆਪਣੇ ਇਰਦਗਿਰਦ ਲੱਖਾਂ, ਸਗੋਂ ਕਰੋੜਾਂ ਸੜਕਾਂ ਦਾ ਜਾਲ ਬੁਣ ਦਿੰਦੈ…।’
ਬਾਰਡਰ ਦੇ ਉਸ ਪਾਰ ਕਈ ਫੇਰੇ ਲੱਗੇ ਅਤੇ ਹਰ ਵਾਰ ਮੈਂ ਉਸ ਪਗਲੀ ਨੂੰ ਦੇਖਿਆਹੁਣ ਉਹ ਹੱਡੀਆਂ ਦਾ ਢਾਂਚਾ ਰਹਿ ਗਈ ਸੀ; ਨਿਗਾਹ ਘਟ ਗਈ ਸੀ। ਟੋਹ-ਟੋਹ ਚਲਦੀ ਸੀ; ਉਹਦੀ ਭਾਲ ਜਾਰੀ ਸੀ। ਬੜੀ ਸ਼ਿੱਦਤ ਨਾਲ। ਉਹਦਾ ਯਕੀਨ ਉਸੇ ਤਰ੍ਹਾਂ ਪੱਕਾ ਸੀ ਕਿ ਉਹਦੀ ਧੀ ਜਿਉਂਦੀ ਐ, ਇਸ ਵਾਸਤੇ ਕਿ ਉਹਨੂੰ ਕੋਈ ਮਾਰ ਨਹੀਂ ਸਕਦਾ।
‘ਸ’ ਭੈਣ ਨੇ ਮੈਨੂੰ ਕਿਹਾ ਕਿ ਇਸ ਔਰਤ ਨਾਲ ਮਗਜ਼ਖਪਾਈ ਫਜ਼ੂਲ ਐ…ਇਸ ਦਾ ਦਿਮਾਗ ਹਿੱਲ ਚੁੱਕਿਐ…ਬਿਹਤਰ ਇਹੀ ਐ ਕਿ ਤੂੰ ਇਹਨੂੰ ਪਾਕਿਸਤਾਨ ਲੈ ਜਾ ਅਤੇ ਪਾਗਲਖਾਨੇ ਦਾਖਿਲ ਕਰਾ ਦੇ…
ਮੈਂ ਮੁਨਾਸਿਬ ਨਾ ਸਮਝਿਆ। ਮੈਂ ਉਹਦੀ ਵਹਿਮੀ ਭਾਲ ਜੋ ਉਸ ਦੀ ਜ਼ਿੰਦਗੀ ਦਾ ਹਕੀਕੀ ਸਹਾਰਾ ਸੀ, ਉਸ ਤੋਂ ਖੋਹਣਾ ਨਹੀਂ ਸੀ ਚਾਹੁੰਦਾ। ਮੈਂ ਉਸ ਨੂੰ ਵਿਸ਼ਾਲ ਅਤੇ ਲੰਬੇ ਚੌੜੇ ਪਾਗਲਖ਼ਾਨੇ ‘ਚੋਂ ਜਿਸ ਵਿਚ ਉਹ ਮੀਲਾਂ ਦਾ ਫਾਸਲਾ ਤੈਅ ਕਰਕੇ ਆਪਣੇ ਪੈਰਾਂ ਦੇ ਛਾਲਿਆਂ ਦੀ ਤੇਹ ਬੁਝਾ ਸਕਦੀ ਸੀ, ਉਠਾ ਕੇ ਨਿੱਕੀ ਜਿਹੀ ਚਾਰਦੀਵਾਰੀ ਵਿਚ ਕੈਦ ਕਰਾਉਣਾ ਨਹੀਂ ਚਾਹੁੰਦਾ ਸੀ।
ਆਖਰੀ ਵਾਰ ਮੈਂ ਉਹਨੂੰ ਅੰਮ੍ਰਿਤਸਰ ਵਿਚ ਦੇਖਿਆ। ਉਹਦੀ ਹਾਰੀ ਹੋਈ ਦੇਹ ਦਾ ਇਹ ਹਾਲ ਸੀ ਕਿ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਮੈਂ ਫੈਸਲਾ ਕਰ ਲਿਆ ਕਿ ਉਹ ਨੂੰ ਪਾਕਿਸਤਾਨ ਲੈ ਜਾਊਂਗਾ ਅਤੇ ਪਾਗਲਖਾਨੇ ਦਾਖ਼ਲ ਕਰਾ ਦਊਂਗਾ।
ਉਹ ਫਰੀਦ ਦੇ ਚੌਕ ਵਿਚ ਖੜ੍ਹੀ ਆਪਣੀਆਂ ਨੀਮ ਅੰਨ੍ਹੀਆਂ ਅੱਖਾਂ ਨਾਲ ਇਧਰ-ਉਧਰ ਦੇਖ ਰਹੀ ਸੀ।
ਮੈਂ ‘ਸ’ ਭੈਣ ਨਾਲ ਇਕ ਦੁਕਾਨ ‘ਤੇ ਬੈਠਾ ਕਿਸੇ ਉਧਾਲੀ ਹੋਈ ਲੜਕੀ ਬਾਬਤ ਗੱਲ ਕਰ ਰਿਹਾ ਸੀ, ਜਿਸ ਬਾਰੇ ਸਾਨੂੰ ਇਤਲਾਹ ਮਿਲੀ ਸੀ ਕਿ ਉਹ ਸਾਬਣ ਬਾਜ਼ਾਰ ਵਿਚ ਕਿਸੇ ਹਿੰਦੂ ਬਾਣੀਏ ਦੇ ਘਰ ਬੈਠੀ ਹੈ। ਗੱਲਬਾਤ ਮੁੱਕੀ ਤਾਂ ਮੈਂ ਉਠਿਆ ਕਿ ਉਸ ਪਗਲੀ ਨੂੰ ਝੂਠ-ਸੱਚ ਕਹਿ ਕੇ ਉਹਨੂੰ ਪਾਕਿਸਤਾਨ ਜਾਣ ਲਈ ਰਾਜ਼ੀ ਕਰਾਂ ਕਿ ਇਕ ਜੋੜਾ ਉਧਰੋਂ ਲੰਘਿਆ।
ਤੀਵੀਂ ਨੇ ਘੁੰਡ ਕੱਢਿਆ ਹੋਇਆ ਸੀ, ਛੋਟਾ ਜਿਹਾ ਘੁੰਡ। ਉਹਦੇ ਨਾਲ ਕੋਈ ਸਿੱਖ ਗੱਭਰੂ ਸੀ। ਬੜਾ ਛੈਲ-ਬਾਂਕਾ, ਬੜਾ ਨਰੋਆ, ਤਿੱਖੇ ਨੈਣ ਨਕਸ਼ਾਂ ਵਾਲਾ।
ਜਦੋਂ ਉਹ ਦੋਵੇਂ ਉਸ ਪਗਲੀ ਦੇ ਕੋਲ ਦੀ ਲੰਘੇ ਤਾਂ ਗੱਭਰੂ ਇਕਦਮ ਠਠੰਬਰ ਗਿਆ। ਉਹਨੇ ਦੋ ਹੱਥ ਪਿੱਛੇ ਹਟ ਕੇ ਤੀਵੀਂ ਦਾ ਹੱਥ ਫੜਿਆ, ਕੁਝ ਇੰਨੇ ਅਚਾਨਕ ਢੰਗ ਨਾਲ ਕਿ ਤੀਵੀਂ ਨੇ ਆਪਣਾ ਛੋਟਾ ਜਿਹਾ ਘੁੰਡ ਚੁੱਕਿਆ-ਲੱਠੇ ਦੀ ਧੋਤੀ ਹੋਈ ਚਿੱਟੀ ਚਾਦਰ ਦੇ ਘੇਰੇ ‘ਚ ਮੈਨੂੰ ਕੁੜੀ ਦਾ ਅਜਿਹਾ ਗੁਲਾਬੀ ਚਿਹਰਾ ਦਿਖਾਈ ਦਿੱਤਾ ਜਿਸ ਦਾ ਹੁਸਨ ਬਿਆਨ ਨਹੀਂ ਕੀਤਾ ਜਾ ਸਕਦਾ।
ਮੈਂ ਉਨ੍ਹਾਂ ਦੇ ਐਨ ਕੋਲ ਖੜ੍ਹਾ ਸੀ।
ਸਿੱਖ ਗੱਭਰੂ ਨੇ ਉਸ ਰੂਪ ਦੀ ਰਾਣੀ ਨੂੰ ਉਸ ਪਗਲੀ ਵੱਲ ਇਸ਼ਾਰਾ ਕਰਦਿਆਂ ਹੌਲੀ ਜਿਹੇ ਆਖਿਆ, ‘ਤੇਰੀ ਮਾਂ…।’
ਗੁਲਾਬੀ ਚਿਹਰੇ ਵਾਲੀ ਕੁੜੀ ਨੇ ਇਕ ਪਲ ਲਈ ਦੇਖਿਆ ਅਤੇ ਘੁੰਡ ਛੱਡ ਦਿੱਤਾ ਅਤੇ ਫਿਰ ਸਿੱਖ ਗੱਭਰੂ ਦੀ ਬਾਂਹ ਫੜ ਕੇ ਮਲਕੜੇ ਆਖਿਆ, ‘ਚਲੋ!’ ਤੇ ਉਹ ਦੋਵੇਂ ਸੜਕ ਤੋਂ ਰਤਾ ਪਰ੍ਹਾਂ ਹਟ ਕੇ ਫੁਰਤੀ ਨਾਲ ਅਗਾਂਹ ਨਿਕਲ ਗਏ। ਪਗਲੀ ਚੀਕੀ, ‘ਭਾਗ ਭਰੀ…ਭਾਗ ਭਰੀ!’
ਉਹ ਬੜੀ ਬੇਚੈਨ ਸੀ।
ਮੈਂ ਹੋਰ ਲਾਗੇ ਹੋ ਪੁੱਛਿਆ, ‘ਕੀ ਗੱਲ ਐ ਮਾਈ?’
ਉਹ ਕੰਬ ਰਹੀ ਸੀ, ‘ਮੈਂ ਉਹਨੂੰ ਦੇਖਿਐ…ਮੈਂ ਉਹਨੂੰ ਦੇਖਿਐ..!’
ਮੈਂ ਪੁੱਛਿਆ, ‘ਕੀਹਨੂੰ?’
ਉਹਦੇ ਮੱਥੇ ਹੇਠਾਂ ਦੋ ਖੁੱਡਾਂ ‘ਚ ਉਹਦੀਆਂ ਅੱਖਾਂ ਦੇ ਬੇਨੂਰ ਡੇਲੇ ਘੁੰਮ ਰਹੇ ਸਨ, ‘ਆਪਣੀ ਧੀ ਨੂੰ…ਆਪਣੀ ਭਾਗ ਭਰੀ ਨੂੰ…!’
ਮੈਂ ਕਿਹਾ, ‘ਉਹ ਮਰ ਖਪ ਚੁੱਕੀ ਹੈ ਮਾਈ!’
ਉਹਨੇ ਚੀਕਦਿਆਂ ਆਖਿਆ, ‘ਤੂੰ ਝੂਠ ਬੋਲਦੈਂ!’
ਇਕ ਵੇਰਾਂ ਮੈਂ ਉਹਨੂੰ ਪੂਰਾ ਯਕੀਨ ਦਿਵਾਉਣ ਖ਼ਾਤਿਰ ਕਿਹਾ, ‘ਮੈਂ ਖੁਦਾ ਦੀ ਕਸਮ ਖਾ ਕੇ ਕਹਿਨਾਂ, ਉਹ ਮਰ ਚੁੱਕੀ ਹੈ…!’
ਇਹ ਸੁਣਦਿਆਂ ਹੀ ਪਗਲੀ ਚੌਕ ‘ਚ ਢੇਰੀ ਹੋ ਗਈ।

ਸਆਦਤ ਹਸਨ ਮੰਟੋ
(ਅਨੁਵਾਦ: ਮੋਹਨ ਭੰਡਾਰੀ)

ਜਿੰਦਗੀ ਜੀਅ ਲੈਣੀ ਚਾਹੀਦੀ ਏ

by Sandeep Kaur April 11, 2020

ਇੱਕ ਵਾਰ ਇੱਕ ਬੰਦਾ ਥਾਲ਼ੀ ਵਿੱਚ ਰੋਟੀ ਲੈ ਕੇ ਬੈਠਾ ਸੀ , ਪਰ ਸਬਜ਼ੀ ਕੋਈ ਨਾ ਨਸੀਬ ਹੋਈ , ਅਖੀਰ ਬੁਰਕੀ ਤੋੜ ਕੇ ਥਾਲੀ ਨਾਲ ਘਸਾ ਕੇ ਰੋਟੀ ਖਾਣ ਲੱਗ ਪਿਆ ।ਕਿਸੇ ਨੇ ਵੇਖ ਕੇ ਪੁੱਛਿਆ ਕਿ ਇਹ ਕੀ ਕਰਦਾ ਏਂ ਭਾਈ ?
ਜੁਆਬ ਦਿੱਤਾ ਕਿ ਸਬਜ਼ੀ ਤਾਂ ਹੈ ਨਹੀਂ, ਖਿਆਲਾਂ ਵਿੱਚ ਈ ਅਚਾਰ ਨਾਲ ਲਾ ਕੇ ਰੋਟੀ ਖਾ ਰਿਹਾਂ।
ਵੇਖਣ ਵਾਲੇ ਨੇ ਕਿਹਾ ਕਿ ਕਮਲਿਆ, ਜੇ ਖਿਆਲਾਂ ਚ ਈ ਖਾਣੀ ਏ ਤਾਂ ਸ਼ਾਹੀ ਪਨੀਰ ਨਾਲ ਖਾਹ, ਏਸ ਵੇਲੇ ਕਾਹਤੋਂ ਕੰਜੂਸੀ ਕਰੀ ਜਾਨਾ , ਇਹਦਾ ਕਿਹੜਾ ਬਿੱਲ ਆਉਣ ਲੱਗਾ !
ਬੇਸ਼ੱਕ ਇਹ ਇੱਕ ਬੰਦੇ ਦੀ ਗੱਲ ਏ ਪਰ ਬਹੁਤੇ ਲੋਕਾਂ ਤੇ ਢੁੱਕਦੀ ਏ । ਗੁੜ ਖਾਣ ਦੇ ਸ਼ੁਕੀਨ ਨੂੰ ਸੁਪਨੇ ਵੀ ਗੁੜ ਦੇ ਈ ਆਉਣਗੇ , ਬਰਫੀ ਦੇ ਨਹੀਂ ।
ਇੱਕ ਕਰੋੜਪਤੀ ਸੇਠ ਸੀ, ਸਿਰੇ ਦਾ ਕੰਜੂਸ, ਨੌਕਰ ਵੀ ਨੱਕੋਂ ਮੂੰਹੋਂ ਝੁੱਲ ਕੇ ਈ ਨੌਕਰੀ ਕਰਦੇ ਸਨ ਉਹਦੀ , ਸਿਹਤ ਖ਼ਰਾਬ ਹੋਈ ਵਿਚਾਰੇ ਦੀ ਤਾਂ ਖ਼ੁਦ ਦੇ ਇਲਾਜ ਵਿੱਚ ਵੀ ਹੱਥ ਘੁੱਟ ਗਿਆ। ਨਤੀਜਾ , ਰਾਮ ਨਾਮ ਸੱਤ ਹੋ ਗਿਆ ਸੇਠ ਸਾਹਬ ਦਾ। ਉਸਦੀ ਖ਼ੂਬਸੂਰਤ ਪਤਨੀ ਨੇ ਆਪਣੇ ਇੱਕ ਸੋਹਣੇ ਜਿਹੇ , ਖੁਸ਼ਮਿਜ਼ਾਜ਼ ਨੌਕਰ ਨਾਲ ਵਿਆਹ ਕਰਵਾ ਲਿਆ ਸੇਠ ਦੀ ਮੌਤ ਤੋਂ ਤੁਰੰਤ ਬਾਅਦ । ਨੌਕਰ ਵਿਆਹ ਕਰਵਾ ਕੇ ਰੱਬ ਨੂੰ ਸ਼ੁਕਰਾਨਾ ਕਰਦਿਆਂ ਕਹਿਣ ਲੱਗਾ ਕਿ
ਵਾਹ ਰੱਬਾ , ਕੀ ਟੋਪੀ ਘੁਮਾਉਂਦਾ ਏਂ ਤੂੰ ਵੀ ਯਾਰਾ, ਮੈਂ ਸਮਝਦਾ ਸੀ ਕਿ ਸੇਠ ਦੀ ਨੌਕਰੀ ਕਰਦਾਂ ,ਪਰ ਅੱਜ ਸਮਝ ਆਈ ਕਿ ਉਹ ਗਰੀਬ ਤਾਂ ਸਾਰੀ ਉਮਰ ਮੇਰੀ ਨੌਕਰੀ ਕਰਦਾ ਰਿਹਾ , ਪਾਈ ਪਾਈ ਜੋੜਦਾ ਰਿਹਾ ਕੰਜੂਸੀ ਕਰ ਕਰਕੇ ।
ਤੰਗਦਿਲ ਬੰਦਾ ਹਰ ਯਗਾ ਕੰਜੂਸੀ ਕਰਦਾ ਏ ,ਕਿਸੇ ਦੀ ਬਣਦੀ ਸਿਫਤ ਕਰਨ ਵਿੱਚ ਵੀ ਕੰਜੂਸੀ, ਹੱਸਣ ਚ ਵੀ ਸਰਫ਼ਾ ,ਅਜਿਹੇ ਬੰਦੇ ਹੱਥ ਵੀ ਮਿਲਾਉਣਗੇ ਤਾਂ ਪੋਟੇ ਜਿਹੇ ਇਵੇਂ ਛੁਹਾਉਣਗੇ ਕਿ ਕਿਤੇ ਉਂਗਲਾਂ ਨਾ ਘਸ ਜਾਣ ।ਕੱਪੜੇ ਖਰੀਦਣ ਲੱਗਿਆਂ ਵੀ ਰੰਗ ਉਹ ਚੁਣਨਗੇ ਕਿ ਵੇਖਿਆਂ ਸੁਸਤੀ ਛਾ ਜੇ , ਚੂਹੇ ਰੰਗੇ, ਘਸਮੈਲੇ ਜਿਹੇ, ਜੋ ਧੋਣੇ ਨਾ ਪੈਣ ਛੇਤੀ ਕੀਤੇ,ਸਭ ਕੁਝ ਹੁੰਦੇ ਸੁੰਦੇ ਵੀ ਮਰੂੰ ਮਰੂੰ ਕਰਨ ਦੀ ਫ਼ਿਤਰਤ ਬਣ ਜਾਂਦੀ ਏ ਇਨਸਾਨ ਦੀ ।
ਮੇਰੇ ਘਰ ਸਾਹਮਣੇ ਇੱਕ ਗੋਰਿਆਂ ਦਾ ਬਜ਼ੁਰਗ ਜੋੜਾ ਰਹਿੰਦਾ ਏ ,ਵੇਖਣ ਨੂੰ ਬੜੇ ਈ ਗ਼ਰੀਬੜੇ ਜਿਹੇ ਨੇ ਦੋਵੇਂ ਜੀਅ, ਬੱਚਾ ਵੀ ਕੋਈ ਨਹੀਂ, ਸ਼ਾਇਦ ਏਸੇ ਕਰਕੇ ਨਹੀ ਜੰਮਿਆ ਹੋਣਾ ਕੇ ਖ਼ਰਚਾ ਕਰਨਾ ਪਵੇਗਾ ਪਾਲਣ ਪੋਸ਼ਣ ਤੇ ।ਘਸੇ ਜਿਹੇ ਕੱਪੜੇ ਪਾਉਂਦੇ ਨੇ ਹਮੇਸ਼ਾਂ , ਤੁਰ ਕੇ ਸੌਦਾ ਲੈਣ ਜਾਣਗੇ, ਟੈਕਸੀ ਕਰਦੇ ਕਦੀ ਨਹੀ ਵੇਖਿਆ, ਸਰਕਾਰੀ ਰਿਹਾਇਸ਼ ਵਿੱਚ ਫ੍ਰੀ ਰਹਿੰਦੇ ਨੇ, ਪੈਨਸ਼ਨ ਮਿਲਦੀ ਏ ਸੋਹਣੀ, ਦਵਾ ਦਾਰੂ, ਬੱਸਾਂ ਫ੍ਰੀ ਦੀਆਂ। ਪਰ ਇਹ ਕਰਮਾਂ ਵਾਲੇ ਸਿਰੇ ਦੇ ਲੀਚੜ ਨੇ, ਬੰਦਾ ਤਾਂ ਵਾਲ ਵੀ ਹਾੜੀ ਸਾਉਣੀ ਕਟਵਾਉਂਦਾ, ਜਦੋਂ ਸਿਰ ਤੇ ਗਟਾਰਾਂ ਬਹਿਣ ਲੱਗ ਪੈਣ। ਕਦੀ ਗੁੱਡ ਮੌਰਨਿੰਗ ਤੱਕ ਨਹੀ ਕਹਿੰਦੇ ਜਾਂ ਸਵੀਕਾਰ ਕਰਦੇ ਕਿਸੇ ਤੋਂ, ਕੋਲੋਂ ਲੰਘਣ ਵਾਲ਼ਿਆਂ ਨੂੰ ਇੰਜ ਨਜ਼ਰ ਅੰਦਾਜ਼ ਕਰਦੇ ਨੇ ਜਿਵੇਂ ਇਹਨਾਂ ਨੂੰ ਦੀਹਦੇ ਈ ਨਾ ਹੋਣ ।ਜ਼ਨਾਨੀ ਸਿਰੇ ਦੀ ਲਕੀਰ ਦੀ ਫਕੀਰ ਏ, ਇੱਕ ਦਿਨ ਮਿਥਿਆ ਏ ਉਹਨੇ , ਘਰੋਂ ਬਾਹਰਲੇ ਬੂਟਿਆਂ ਨੂੰ ਪਾਣੀ ਪਾਉਣ ਲਈ , ਉਸ ਦਿਨ ਹਰ ਹਾਲਤ ਵਿੱਚ ਪਾਣੀ ਪਾਉਂਦੀ ਏ, ਬੇਸ਼ੱਕ ਮੀਂਹ ਪੈਂਦਾ ਹੋਵੇ ਤਾ ਵੀ ਪਾਣੀ ਪਾਉਂਦੀ ਏ ,ਛਤਰੀ ਲੈ ਕੇ ਸਿਰ ਤੇ ।
ਲੰਘੀ ਚਾਰ ਤਾਰੀਖ਼ ਨੂੰ ਸ਼ਾਮ ਪੰਜ ਕੁ ਵਜੇ ਕੁਝ ਲੁਟੇਰੇ ਇਹਨਾਂ ਘਰ ਆਣ ਵੜੇ , ਸੁਣਨ ਵਿੱਚ ਆਇਆ ਏ ਕਿ ਦੋ ਬੈਗ ਨਕਦੀ ਦੇ ਖੋਹ ਲੈ ਕੇ ਗਏ ਇਸ ਚਿੜੀ ਚੱਬ ਜੋੜੀ ਕੋਲੋਂ ।ਦੋ ਕਮਰਿਆਂ ਦੇ ਘਰ ਚੋਂ ਲੱਖਾਂ ਪਾਊੰਡ ਲੁੱਟ ਕੇ ਲੈ ਗਏ ਲੁਟੇਰੇ , ਘਸੁੰਨ ਮੁੱਕੀ ਵੱਖਰਾ ਕਰ ਗਏ ਜਾਂਦੇ ਜਾਂਦੇ ।
ਸਾਰੀ ਉਮਰ ਬੈਂਕ ਚ ਪੈਸਾ ਨਹੀ ਰਹਿਣ ਦਿੱਤਾ ਇਸ ਹੰਸਾਂ ਦੀ ਜੋੜੀ ਨੇ, ਸਭ ਕੁਝ ਧੂ ਧੂ ਕੇ ਘਰੇ ਵਾੜ ਛੱਡਿਆ । ਨਾ ਕਦੀ ਚੱਜ ਦਾ ਖਾਧਾ , ਨਾ ਹੰਢਾਇਆ ,ਹੁਣ ਸਭ ਕੁਝ ਖੁਹਾ ਕੇ ਸਦਮੇ ਨਾਲ ਮਰਨ ਨੂੰ ਫਿਰਦੇ ਆ ਕਮਲੇ ।
ਸੁਣ ਕੇ ਦੁੱਖ ਵੀ ਬਹੁਤ ਹੋਇਆ ਪਰ ਸਿੱਖਿਆ ਵੀ ਮਿਲਦੀ ਏ ਕਿ ਜਿੰਦਗੀ ਜੀਅ ਲੈਣੀ ਚਾਹੀਦੀ ਏ, ਹਸਬ ਗੁੰਜਾਇਸ਼ , ਜੇ ਕਰ ਅੱਜ ਖੁਸ਼ ਨਹੀ ਓ ਤਾਂ ਕੱਲ੍ਹ ਨੂੰ ਸਵਾਹ ਖੁਸ਼ ਹੋਣਾ ਏ।
ਗੋਰਿਆਂ ਦੀ ਇੱਕ ਕਹਾਵਤ ਏ ਕਿ Life is just like an ice cream, you can taste it , or waste it.
ਤੀਲੇ ਵਾਲੀ ਕੁਲਫ਼ੀ ਵਰਗੀ ਏ ਜਿੰਦਗੀ, ਆਪਣੀ ਮਰਜ਼ੀ ਏ ਬੰਦੇ ਦੀ, ਸਵਾਦ ਲੈ ਲੈ ਕੇ ਖਾਵੇ ਜਾਂ ਵੇਂਹਦਾ ਰਹੇ ਇਹਦੀ ਵੱਲ ਕਿ ਅਗਲੇ ਸਾਲ ਖਾਊੰਗਾ , ਜਦੋਂ ਕਿਸੇ ਮੁਕਾਮ ਤੇ ਪਹੁੰਚ ਲਵਾਂਗਾ ।
ਤੇ ਯਕੀਨ ਜਾਣਿਓ, ਅਜਿਹੀ ਸੋਚ ਵਾਲੇ ਦਾ ਉਹ ਸਾਲ ਜਾ ਪਲ ਕਦੀ ਨਹੀ ਆਉਣਾ ।
ਖ਼ਰਬੂਜ਼ਿਆਂ ਜਾਂ ਜਾਮਨੂੰਆਂ ਦਾ ਸਵਾਦ ਉਹਨਾ ਦੀ ਰੁੱਤ ਵਿੱਚ ਈ ਲੈ ਲੈਣਾ ਬਣਦਾ ਏ , ਬਾਅਦ ਵਿੱਚ ਨਹੀਂ । ਇਨਸਾਨ ਹਾਲਾਤਾਂ ਤੋਂ ਘੱਟ ਪਰ ਆਪਣੀ ਦਕੀਆਨੂਸੀ ਸੋਚ ਕਰਕੇ ਵੱਧ ਨਰਕ ਭੋਗਦਾ ਏ ਅਕਸਰ ।
ਆਪਣੇ ਆਪ ਲਈ ਵਕਤ ਕੱਢਣਾ ਬੇਹੱਦ ਜ਼ਰੂਰੀ ਏ, ਕਾਦਰ ਦੀ ਕੁਦਰਤ ਨੂ ਮਾਨਣਾ , ਉਸਦੀ ਸਿਫ਼ਤ ਸਲਾਹ ਕਰਨੀ, ਮਸਤੀ ਵਿੱਚ ਗੁਣਗੁਣਾਉਣਾ , ਚੰਗਾ ,ਸਾਫ ਸੁਥਰਾ ਖਾਣਾ, ਹੰਢਾਉਣਾ ਤੇ ਖੁਸ਼ ਰਹਿਣਾ ਵੀ ਇਬਾਦਤ ਈ ਏ , ਉਸ ਪਰਵਰਦਿਗਾਰ ਦਾ ਸ਼ੁਕਰਾਨਾ ਈ ਏ ਮਨੁੱਖਾ ਜੀਵਨ ਦੇਣ ਲਈ , ਤੰਦਰੁਸਤੀ ਲਈ । ਸ਼ੁਕਰਾਨੇ ਤੇ ਮੁਸਕਾਨ ਵੇਲੇ ਤਾਂ ਕਦੀ ਵੀ ਕੰਜੂਸੀ ਨਹੀ ਵਰਤਣੀ ਬਣਦੀ ,ਜਿਉਂਦੇ ਹਾਂ ਤਾਂ ਜਿੰਦਗੀ ਧੜਕਣੀ ਵੀ ਚਾਹੀਦੀ ਏ, ਜਿਉਂਦੇ ਦਿਸਣਾ ਵੀ ਬਣਦਾ ਏ । ਵਰਾਛਾਂ ਘੁੱਟ ਕੇ ਹੱਸਿਆ ਹਾਸਾ ਵੇਖਣ ਨੂੰ ਸੋਹਣਾ ਵੀ ਨਹੀ ਲੱਗਦਾ ਤੇ ਰੂਹ ਨੂੰ ਖੇੜਾ ਵੀ ਨਹੀਂ ਦੇਂਦਾ ।
ਇੱਕ ਨੂੰ ਸਵਾ ਲੱਖ ਕਹਿਣ ਨਾਲ ਸਵਾ ਲੱਖ ਨਹੀ ਹੋ ਜਾਂਦਾ ਪਰ ਚੜ੍ਹਦੀ ਕਲਾ ਦਾ ਪ੍ਰਤੀਕ ਜ਼ਰੂਰ ਬਣ ਜਾਂਦਾ ਏ । ਲੰਗਰ “ਮੁੱਕ ਗਿਆ “ਕਹਿਣ ਨਾਲ਼ੋਂ ਲੰਗਰ “ਮਸਤ “ਹੋਇਆ ਕਹਿਣ ਨਾਲ ਰੋਟੀ ਨਹੀ ਮਿਲ ਜਾਂਦੀ , ਪਰ ਅਜਿਹਾ ਕਹਿਣ ਨਾਲ ਚੜ੍ਹਦੀ ਕਲਾ ਦਾ ਮਾਹੌਲ ਜ਼ਰੂਰ ਪੈਦਾ ਹੁੰਦਾ ਏ।
ਨਕਾਰਾਤਮਕ ਸੋਚ ਵਾਲੇ ਨੂੰ ਕੋਈ ਦਵਾ ਅਸਰ ਨਹੀ ਕਰਦੀ ਤੇ ਹਰ ਹਾਲ ਖੁਸ਼ ਰਹਿਣ ਵਾਲ਼ਿਆਂ ਤੋਂ ਫਿਕਰ, ਚਿੰਤਾ , ਬੀਮਾਰੀ ਵੀ ਰਾਹ ਬਦਲ ਲੈਂਦੇ ਨੇ ।
ਕੀ ਖਿਆਲ ਏ ਤੁਹਾਡਾ, ਹੈਗੇ ਨੇ ਕੁਝ ਲੋਕ ਅਜਿਹੇ ,ਸਾਡੇ ਤੁਹਾਡੇ ਇਰਦ ਗਿਰਦ ,ਮੇਰੇ ਗਵਾਂਢੀਆਂ ਵਰਗੇ , ਅਮੀਰ ਸੇਠ ਵਰਗੇ ?
ਜ਼ਰੂਰ ਹੋਣਗੇ, ਪਰ ਉਹਨਾ ਦੀ ਚਿੰਤਾ ਛੱਡ ਕੇ ਇਹ ਸੋਚਣਾ ਬਣਦਾ ਏ ਕਿ ਕਿਤੇ ਅਸੀਂ ਵੀ ਤਾ ਉਵੇਂ ਦੀ ਜਿੰਦਗੀ ਨਹੀ ਜੀਅ ਰਹੇ ।
ਅਸੀਂ ਉਹੀ ਹੁੰਦੇ ਹਾਂ , ਜੋ ਖ਼ੁਦ ਬਾਰੇ ਸੋਚਦੇ ਹਾਂ । ਜਿੰਦਗੀ ਤੋ ਵੱਧ ਕੀਮਤੀ ਹੋਰ ਕੁਝ ਵੀ ਨਹੀਂ, ਇਸਨੂੰ ਜੀਣ ਦਾ ਨਜ਼ਰੀਆ ਹੀ ਸਾਡੀ ਜਿੰਦਗੀ ਦੀ ਪੱਧਰ ਤੈਅ ਕਰਦਾ ਏ।

ਦਵਿੰਦਰ ਸਿੰਘ ਜੌਹਲ

ਰੁੱਖ

by Sandeep Kaur April 10, 2020

ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ
ਕੁਝ ਲੱਗਦੇ ਨੇ ਮਾਂਵਾਂ .(ਸ਼ਿਵ ਬਟਾਲਵੀ )
ਸੱਚਮੁੱਚ ਇਹਨਾ ਬਾਰੇ ਸੋਚਦਿਆਂ ਜਾਂ ਲਿਖਦਿਆਂ ਇੰਜ ਈ ਲੱਗਦਾ ਏ ਜਿਵੇਂ ਕਿਸੇ ਪਰਿਵਾਰਕ ਜੀਅ ਬਾਰੇ ਈ ਗੱਲ ਕਰਦੇ ਹੋਈਏ , ਜਿਵੇ ਇਹ ਵੀ ਹਰ ਗੱਲ ਸੁਣਦੇ ਸਮਝਦੇ ਹੋਣ ।
ਦੇਵਤਾ ਉਹ ਹੁੰਦਾ ਏ ਜੋ ਸਿਰਫ ਦੇਂਵਦਾ ਏ, ਹਮੇਸ਼ਾਂ । ਤੇ ਇਸ ਹਿਸਾਬ ਨਾਲ ਇਹ ਰੁੱਖ ਅਸਲ ਦੇਵਤੇ ਈ ਨੇ । ਅੱਖਾਂ ਨੂੰ ਹਰਿਆਲੀ ਦੀ ਠੰਢਕ, ਫੁੱਲ, ਫਲ, ਸੁਗੰਧੀਆਂ , ਬਾਲਣ ਲਈ ਲੱਕੜੀ , ਮੀਂਹ , ਧੁੱਪ ਤੋ ਸਿਰ ਲੁਕਾਵਾ , ਉਮਰ ਭਰ ਜੀਵਨਦਾਤੀ ਆਕਸੀਜਨ ਦਾ ਪ੍ਰਵਾਹ ਤੇ ਆਖਰ ਨੂੰ ਸੁਖ ਆਰਾਮ ਲਈ ਮਜ਼ਬੂਤ ਲੱਕੜ । ਕੀ ਨਹੀ ਦੇਂਦੇ ਇਹ ਫ਼ੱਕਰ । ਸਭ ਕੁਝ ਨਿਛਾਵਰ ਈ ਤਾਂ ਕਰਦੇ ਨੇ ਆਪਣਾ ।
ਇੱਕ ਦਿਨ ਪ੍ਰਵਚਨ ਸੁਣ ਰਿਹਾ ਸੀ ਕਿਸੇ ਗੁਣੀ ਪੁਰਸ਼ ਦੇ, ਉਹ ਕਹਿ ਰਿਹਾ ਸੀ ਕਿ ਜਦ ਅਸੀਂ ਕਿਸੇ ਇਨਸਾਨ ਨੂੰ ਹੱਥ ਮਿਲਾਉਦੇ ਹਾਂ ਤਾਂ ਸਾਡੇ ਹੱਥ ਦੀ ਚਮੜੀ ਉਸ ਇਨਸਾਨ ਦੇ ਹੱਥ ਦੇ ਸਪੱਰਸ਼ ਨੂੰ ਰਿਕਾਰਡ ਕਰ ਲੈਂਦੀ ਏ , ਯਾਦ ਰਹਿੰਦਾ ਏ ਉਹ ਹੱਥ ਵੀ ।ਬੇਸ਼ੱਕ ਸ਼ਕਲ ਯਾਦ ਨਾ ਵੀ ਰਹੇ ਪਰ ਹੱਥ ਮਿਲਾਉਣ ਨਾਲ ਵੀ ਯਾਦ ਤਾਜਾ ਹੋ ਜਾਂਦੀ ਏ ਕਿ ਪਹਿਲਾਂ ਵੀ ਕਦੇ ਮਿਲੇ ਸਾਂ ਉਸ ਸਖਸ਼ ਨੂੰ। ਜਾਪਦਾ ਏ ਕਿ ਇਵੇ ਈ ਇਹ ਰੁੱਖ ਵੀ ਸਾਨੂੰ ਯਾਦ ਕਰ ਲੈਂਦੇ ਨੇ ਕਿਸੇ ਨਾ ਕਿਸੇ ਪੱਧਰ ਤੇ । ਬਾਰ ਬਾਰ ਦਿਸਣ ਵਾਲੇ ਰੁੱਖ ਤੁਹਾਨੂੰ ਵਾਕਫਕਾਰ ਲੱਗਣ ਲੱਗਦੇ ਨੇ ਹੌਲੀ ਹੌਲੀ , ਇੱਕ ਮੂਕ ਰਿਸ਼ਤਾ ਬਣ ਜਾਂਦਾ ਏ ਇਹਨਾਂ ਨਾਲ ।
ਘਰ ਨੇੜਲੇ ਪਾਰਕ ਵਿੱਚ ਅਕਸਰ ਸੈਰ ਨੂੰ ਜਾਣ ਦਾ ਸਬੱਬ ਬਣ ਜਾਂਦਾ ਏ, ਇਹਨਾਂ ਰੁੱਖਾਂ ਨੂੰ ਨਿਹਾਰਦਿਆਂ ਪਤਾ ਈ ਨਹੀ ਲੱਗਦਾ ਕਦੋ ਘੰਟਿਆਂ ਬੱਧੀ ਤੁਰ ਲਈਦਾ ਏ, ਪਰ ਕਰੀਬ ਮਹੀਨੇ ਤੋ ਵੀ ਵੱਧ ਸਮਾਂ ਲੰਘ ਗਿਆ , ਕੰਮਾਂ ਦੀ ਮਸਰੂਫ਼ੀਅਤ ਤੇ ਦਿਨ ਛੋਟੇ ਹੋਣ ਕਾਰਨ ਜਾਣ ਦਾ ਮੌਕਾ ਨਹੀ ਸੀ ਮਿਲਿਆ ।ਕੱਲ੍ਹ ਬੜੇ ਦਿਨਾਂ ਬਾਅਦ ਮੌਸਮ ਵੀ ਸੋਹਣਾ ਸੀ ਕੇ ਸਮਾਂ ਵੀ ਸੀ, ਕਦਮ ਆਪ ਮੁਹਾਰੇ ਹੋ ਤੁਰੇ ਇਹਨਾਂ ਬੇਜੁਬਾਨ ਦੋਸਤਾਂ ਵੱਲ। ਵੇਖਕੇ ਮਨ ਭਾਵਕ ਹੋ ਗਿਆ, ਪੱਤਝੜ ਪੂਰੇ ਜੋਬਨ ਤੇ ਸੀ, ਹਰੇ ਕਚੂਰ ਪੱਤੇ ਰੰਗ ਵਟਾ ਕੇ ਪੀਲੇ ਤੇ ਫਿਰ ਤਾਂਬੇ ਰੰਗੇ ਹੋਏ ਪਏ ਨੇ, ਹਰ ਰੁੱਖ ਆਪਣੇ ਵੱਖਰੇ ਰੰਗ ਦਿਖਾ ਰਿਹਾ ਏ । ਇੰਜ ਲੱਗਾ ਜਿਵੇਂ ਰੰਜ ਕਰਦੇ ਹੋਣ ਕਿ ਤੂੰ ਵੀ ਹਰਿਆਲੀਆਂ ਦਾ ਈ ਸਾਥੀ ਏਂ ਸੱਜਣਾ, ਐਧਰ ਵੇਖ , ਅਸੀਂ ਇਸ ਮੌਸਮ ਵਿੱਚ ਵੀ ਹੁਸਨ ਦੀ ਛਹਿਬਰ ਲਾਈ ਹੋਈ ਏ , ਕੋਈ ਵੇਖੇ ਨਾ ਵੇਖੇ, ਅਸੀਂ ਤਾਂ ਹਰ ਪਲ ਖੁਸ਼ੀਆਂ ਈ ਵੰਡਦੇ ਆਂ । ਇੱਕ ਰੁੱਖ ਏ ਜੋ ਸਾਰੇ ਪਾਰਕ ਵਿੱਚ ਸਭ ਤੋ ਵੱਡਾ ਏ ਤੇ ਸੋਹਣਾ ਵੀ ਬੇਹੱਦ , ਜਦ ਇਸ ਕੋਲ ਗਿਆ ਤਾਂ ਇਹਦੀ ਆਭਾ ਵੇਖਣ ਈ ਵਾਲੀ ਸੀ, ਸੁਨਹਿਰੇ ਪੱਤੇ ਕਦਮਾਂ ਚ ਢੇਰੀ ਕਰਕੇ ਬੈਠਾ ਇਹ ਤਾਂ ਕਮਲਾ ਜਿਹਾ , ਸ਼ਾਇਦ ਇਹ ਦੱਸਣ ਦੀ ਕੋਸ਼ਿਸ਼ ਵਿੱਚ ਏ ਕਿ ਇਸ ਪਾਰਕ ਦਾ ਰਾਜਾ ਏ ਉਹ, ਕੱਦ ਪੱਖੋਂ ਵੀ ਤੇ ਸੁਹੱਪਣ ਪੱਖੋਂ ਵੀ ।
ਚੁੱਪ ਚਾਪ ਕਿੰਨਾ ਕੁਝ ਸਮਝਾਉਂਦੇ ਨੇ ਇਹ ਰੁੱਖ, ਕਿ ਗੁਣ ਹੋਣ ਤਾਂ ਤੁਹਾਨੂੰ ਕਿਤੇ ਖੱਜਲ ਹੋਣ ਦੀ ਲੋੜ ਨਹੀਂ, ਦੁਨੀਆਂ ਆਪ ਆਉਂਦੀ ਏ ਚੱਲ ਕੇ ।
ਰਜਾ ਵਿੱਚ ਰਹਿਣ ਵਾਲ਼ਿਆਂ ਦੀ ਹਰ ਅਦਾ ਨਿਰਾਲੀ ਤੇ ਮਨਮੋਹਕ ਹੁੰਦੀ ਏ, ਇਲਾਹੀ ਬੇਫ਼ਿਕਰੀ ਵਾਲੀ, ਉਹ ਆਪਣੇ ਰੰਗ ਵਿੱਚ ਮਸਤ ਰਹਿੰਦੇ ਨੇ, ਓਹਦੀਆਂ ਓਹ ਜਾਣੇ । ਮਸਤੀ ਵਿੱਚ ਈ ਜੀਵਨ ਦਾ ਹਰ ਮਰਹਲਾ ਪੂਰਾ ਕਰਦੇ ਨੇ , ਪੱਤਝੜ ਹੋਵੇ ਜਾਂ ਬਸੰਤ, ਓਹ ਹਰ ਵਕਤ ਖੇੜੇ ਚ ਈ ਰਹਿੰਦੇ ਨੇ ।

ਦਵਿੰਦਰ ਸਿੰਘ ਜੌਹਲ

ਸ਼ਹੀਦ-ਸਾਜ਼

by Sandeep Kaur April 9, 2020

ਮੈਂ ਗੁਜਰਾਤ ਕਾਠੀਆਵਾੜ ਦਾ ਰਹਿਣ ਵਾਲਾ ਹਾਂ ਅਤੇ ਜ਼ਾਤ ਦਾ ਬਾਣੀਆ ਹਾਂ। ਪਿਛਲੇ ਸਾਲ ਜਦੋਂ ਹਿੰਦੁਸਤਾਨ ਦੀ ਤਕਸੀਮ ਦਾ ਟੰਟਾ ਹੋਇਆ ਤਾਂ ਮੈਂ ਬਿਲਕੁਲ ਬੇਕਾਰ ਸੀ। ਮੁਆਫ਼ ਕਰਨਾ ਮੈਂ ਲਫਜ ਟੰਟਾ ਇਸਤੇਮਾਲ ਕੀਤਾ। ਮਗਰ ਇਸ ਦਾ ਕੋਈ ਹਰਜ ਨਹੀਂ। ਇਸਲਈ ਕਿ ਉਰਦੂ ਜ਼ਬਾਨ ਵਿੱਚ ਬਾਹਰ ਦੇ ਲਫ਼ਜ਼ ਆਉਣੇ ਹੀ ਚਾਹੀਦੇ ਨੇ। ਚਾਹੇ ਉਹ ਗੁਜਰਾਤੀ ਹੀ ਕਿਉਂ ਨਾ ਹੋਣ।
ਜੀ ਹਾਂ, ਮੈਂ ਬਿਲਕੁਲ ਬੇਕਾਰ ਸੀ। ਲੇਕਿਨ ਕੋਕੀਨ ਦਾ ਥੋੜ੍ਹਾ ਜਿਹਾ ਕੰਮ-ਕਾਜ ਚੱਲ ਰਿਹਾ ਸੀ। ਜਿਸਦੇ ਨਾਲ ਕੁੱਝ ਆਮਦਨ ਦੀ ਸੂਰਤ ਹੋ ਹੀ ਜਾਂਦੀ ਸੀ। ਜਦੋਂ ਬਟਵਾਰਾ ਹੋਇਆ ਅਤੇ ਇਧਰ ਦੇ ਆਦਮੀ ਉਧਰ ਅਤੇ ਉਧਰ ਦੇ ਇਧਰ ਹਜ਼ਾਰਾਂ ਦੀ ਤਾਦਾਦ ਵਿੱਚ ਆਉਣ ਜਾਣ ਲੱਗੇ ਤਾਂ ਮੈਂ ਸੋਚਿਆ ਚਲੋ ਪਾਕਿਸਤਾਨ ਚੱਲੀਏ। ਕੋਕੀਨ ਦਾ ਨਾ ਸਹੀ ਕੋਈ ਹੋਰ ਕੰਮ-ਕਾਜ ਸ਼ੁਰੂ ਕਰ ਦੇਵਾਂਗਾ। ਇਸਲਈ ਉੱਥੋਂ ਚੱਲ ਪਿਆ ਅਤੇ ਰਸਤੇ ਵਿੱਚ ਤਰ੍ਹਾਂ ਤਰ੍ਹਾਂ ਦੇ ਛੋਟੇ ਛੋਟੇ ਧੰਦੇ ਕਰਦਾ ਪਾਕਿਸਤਾਨ ਪਹੁੰਚ ਗਿਆ।
ਮੈਂ ਤਾਂ ਚਲਿਆ ਹੀ ਇਸ ਨੀਅਤ ਨਾਲ ਸੀ ਕਿ ਕੋਈ ਮੋਟਾ ਕੰਮ-ਕਾਜ ਕਰਾਂਗਾ। ਇਸਲਈ ਪਾਕਿਸਤਾਨ ਪੁੱਜਦੇ ਹੀ ਮੈਂ ਹਾਲਾਤ ਨੂੰ ਚੰਗੀ ਤਰ੍ਹਾਂ ਜਾਂਚਿਆ ਅਤੇ ਅਲਾਟਮੈਂਟਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਮਸਕਾ ਪਾਲਿਸ਼ ਮੈਨੂੰ ਆਉਂਦਾ ਹੀ ਸੀ। ਚੀਕਣੀਆਂ ਚੋਪੜੀਆਂ ਗੱਲਾਂ ਕੀਤੀਆਂ। ਇੱਕ ਦੋ ਆਦਮੀਆਂ ਦੇ ਨਾਲ ਯਰਾਨਾ ਗੰਢਿਆ ਅਤੇ ਇੱਕ ਛੋਟਾ ਜਿਹਾ ਮਕਾਨ ਅਲਾਟ ਕਰਾ ਲਿਆ। ਇਸ ਨਾਲ ਕਾਫ਼ੀ ਮੁਨਾਫਾ ਹੋਇਆ ਤਾਂ ਮੈਂ ਅੱਡ ਅੱਡ ਸ਼ਹਿਰਾਂ ਵਿੱਚ ਫਿਰ ਕੇ ਮਕਾਨ ਅਤੇ ਦੁਕਾਨਾਂ ਅਲਾਟ ਕਰਾਉਣ ਦਾ ਧੰਦਾ ਕਰਨ ਲੱਗਿਆ।
ਕੰਮ ਕੋਈ ਵੀ ਹੋਵੇ ਇਨਸਾਨ ਨੂੰ ਮਿਹਨਤ ਕਰਨੀ ਪੈਂਦੀ ਹੈ। ਮੈਨੂੰ ਵੀ ਇਸਲਈ ਅਲਾਟਮੈਂਟਾਂ ਦੇ ਸਿਲਸਿਲੇ ਵਿੱਚ ਕਾਫ਼ੀ ਮਿਹਨਤ ਕਰਨੀ ਪਈ। ਕਿਸੇ ਦੇ ਮਸਕਾ ਲਗਾਇਆ। ਕਿਸੇ ਦੀ ਮੁਠੀ ਗਰਮ ਕੀਤੀ, ਕਿਸੇ ਨੂੰ ਖਾਣੇ ਦੀ ਦਾਵਤ ਦਿੱਤੀ, ਕਿਸੇ ਨੂੰ ਨਾਚ-ਗਾਣੇ ਦੀ ਮਹਿਫਲ। ਗੱਲ ਕੀ ਬੇਸ਼ੁਮਾਰ ਬਖੇੜੇ ਸਨ। ਦਿਨ-ਭਰ ਖ਼ਾਕ ਛਾਣਦਾ, ਵੱਡੀਆਂ ਵੱਡੀਆਂ ਕੋਠੀਆਂ ਦੇ ਫੇਰੇ ਮਾਰਦਾ ਅਤੇ ਸ਼ਹਿਰ ਦਾ ਚੱਪਾ ਚੱਪਾ ਵੇਖਕੇ ਅੱਛਾ ਜਿਹਾ ਮਕਾਨ ਤਲਾਸ਼ ਕਰਦਾ ਜਿਸਦੇ ਅਲਾਟ ਕਰਾਉਣ ਨਾਲ ਜ਼ਿਆਦਾ ਮੁਨਾਫ਼ਾ ਹੋਵੇ।
ਇਨਸਾਨ ਦੀ ਮਿਹਨਤ ਕਦੇ ਖ਼ਾਲੀ ਨਹੀਂ ਜਾਂਦੀ। ਇਸਲਈ ਇੱਕ ਸਾਲ ਦੇ ਅੰਦਰ ਅੰਦਰ ਮੈਂ ਲੱਖਾਂ ਰੁਪਏ ਕਮਾ ਲਏ। ਹੁਣ ਖ਼ੁਦਾ ਦਾ ਦਿੱਤਾ ਸਭ ਕੁੱਝ ਸੀ। ਰਹਿਣ ਨੂੰ ਬਿਹਤਰੀਨ ਕੋਠੀ। ਬੈਂਕ ਵਿੱਚ ਬੇ-ਅੰਦਾਜ਼ਾ ਮਾਲ ਪਾਨੀ… ਮੁਆਫ਼ ਕਰਨਾ ਮੈਂ ਕਾਠੀਆਵਾੜ ਗੁਜਰਾਤ ਦਾ ਰੋਜ਼ਮਰਾ ਇਸਤੇਮਾਲ ਕਰ ਗਿਆ। ਮਗਰ ਕੋਈ ਡਰ ਨਹੀਂ। ਉਰਦੂ ਜ਼ਬਾਨ ਵਿੱਚ ਬਾਹਰ ਦੇ ਅਲਫ਼ਾਜ਼ ਵੀ ਸ਼ਾਮਿਲ ਹੋਣ ਚਾਹੀਦੇ ਹਨ…ਜੀ ਹਾਂ, ਅੱਲਾ ਦਾ ਦਿੱਤਾ ਸਭ ਕੁੱਝ ਸੀ। ਰਹਿਣ ਨੂੰ ਬਿਹਤਰੀਨ ਕੋਠੀ, ਨੌਕਰ-ਚਾਕਰ, ਪੇਕਾਰਡ ਮੋਟਰ, ਬੈਂਕ ਵਿੱਚ ਢਾਈ ਲੱਖ ਰੁਪਏ। ਕਾਰਖਾਨੇ ਅਤੇ ਦੁਕਾਨਾਂ ਵੱਖ…ਇਹ ਸਭ ਸੀ। ਲੇਕਿਨ ਮੇਰੇ ਦਿਲ ਦਾ ਚੈਨ ਪਤਾ ਨਹੀਂ ਕਿੱਥੇ ਉੱਡ ਗਿਆ। ਇਵੇਂ ਤਾਂ ਕੋਕੀਨ ਦਾ ਧੰਦਾ ਕਰਦੇ ਹੋਏ ਵੀ ਦਿਲ ਤੇ ਕਦੇ ਕਦੇ ਬੋਝ ਮਹਿਸੂਸ ਹੁੰਦਾ ਸੀ ਲੇਕਿਨ ਹੁਣ ਤਾਂ ਜਿਵੇਂ ਦਿਲ ਰਿਹਾ ਹੀ ਨਹੀਂ ਸੀ। ਜਾਂ ਫਿਰ ਇਵੇਂ ਕਹੀਏ ਕਿ ਬੋਝ ਇੰਨਾ ਆ ਪਿਆ ਕਿ ਦਿਲ ਉਸ ਦੇ ਹੇਠਾਂ ਦਬ ਗਿਆ। ਪਰ ਇਹ ਬੋਝ ਕਿਸ ਗੱਲ ਦਾ ਸੀ?
ਆਦਮੀ ਮੈਂ ਜ਼ਹੀਨ ਹਾਂ, ਦਿਮਾਗ਼ ਵਿੱਚ ਕੋਈ ਸਵਾਲ ਪੈਦਾ ਹੋ ਜਾਵੇ ਤਾਂ ਮੈਂ ਉਸ ਦਾ ਜਵਾਬ ਖੋਜ ਹੀ ਕੱਢਦਾ ਹਾਂ। ਠੰਡੇ ਦਿਲੋਂ (ਹਾਲਾਂਕਿ ਦਿਲ ਦਾ ਕੁੱਝ ਪਤਾ ਹੀ ਨਹੀਂ ਸੀ) ਮੈਂ ਗ਼ੌਰ ਕਰਨਾ ਸ਼ੁਰੂ ਕੀਤਾ ਕਿ ਇਸ ਗੜਬੜ ਘੋਟਾਲੇ ਦੀ ਵਜ੍ਹਾ ਕੀ ਹੈ?
ਔਰਤ?……ਹੋ ਸਕਦੀ ਹੈ। ਮੇਰੀ ਆਪਣੀ ਤਾਂ ਕੋਈ ਸੀ ਨਹੀਂ। ਜੋ ਸੀ ਉਹ ਕਾਠੀਆਵਾੜ ਗੁਜਰਾਤ ਹੀ ਵਿੱਚ ਅੱਲਾ ਮੀਆਂ ਨੂੰ ਪਿਆਰੀ ਹੋ ਗਈ ਸੀ। ਲੇਕਿਨ ਦੂਸਰਿਆਂ ਦੀਆਂ ਔਰਤਾਂ ਮੌਜੂਦ ਸਨ। ਮਿਸਾਲ ਦੇ ਤੌਰ ਉੱਤੇ ਆਪਣੇ ਮਾਲੀ ਵਾਲੀ ਹੀ ਸੀ। ਆਪਣਾ ਆਪਣਾ ਟੈਸਟ ਹੈ। ਸੱਚ ਪੁੱਛੋ ਤਾਂ ਔਰਤ ਜਵਾਨ ਹੋਣੀ ਚਾਹੀਦੀ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਪੜ੍ਹੀ ਲਿਖੀ ਹੋਵੇ, ਡਾਂਸ ਕਰਨਾ ਜਾਣਦੀ ਹੋਵੇ। ਆਪਾਂ ਨੂੰ ਤਾਂ ਸਾਰੀਆਂ ਜਵਾਨ ਔਰਤਾਂ ਚੱਲਦੀਆਂ ਹਨ। (ਕਾਠੀਆਵਾੜ ਗੁਜਰਾਤ ਦਾ ਮੁਹਾਵਰਾ ਹੈ ਜਿਸਦਾ ਉਰਦੂ ਵਿੱਚ ਹੂਬਹੂ ਬਦਲ ਮੌਜੂਦ ਨਹੀਂ)।
ਔਰਤ ਦਾ ਤਾਂ ਸਵਾਲ ਹੀ ਉਠ ਗਿਆ ਅਤੇ ਦੌਲਤ ਦਾ ਪੈਦਾ ਹੀ ਨਹੀਂ ਹੋ ਸਕਦਾ। ਇਸਲਈ ਕਿ ਬੰਦਾ ਜ਼ਿਆਦਾ ਲਾਲਚੀ ਨਹੀਂ ਜੋ ਕੁੱਝ ਹੈ ਉਸੇ ਤੇ ਸੰਤੁਸ਼ਟ ਹੈ ਲੇਕਿਨ ਫਿਰ ਇਹ ਦਿਲ ਵਾਲੀ ਗੱਲ ਕਿਉਂ ਪੈਦਾ ਹੋ ਗਈ ਸੀ?
ਆਦਮੀ ਜ਼ਹੀਨ ਹਾਂ, ਕੋਈ ਮਸਲਾ ਸਾਹਮਣੇ ਆ ਜਾਏ ਤਾਂ ਇਸ ਦੀ ਤਹਿ ਤੱਕ ਪੁੱਜਣ ਦੀ ਕੋਸ਼ਿਸ਼ ਕਰਦਾ ਹਾਂ। ਕਾਰਖਾਨੇ ਚੱਲ ਰਹੇ ਸਨ। ਦੁਕਾਨਾਂ ਵੀ ਚੱਲ ਰਹੀਆਂ ਸਨ। ਰੁਪਿਆ ਆਪਣੇ ਆਪ ਪੈਦਾ ਹੋ ਰਿਹਾ ਸੀ। ਮੈਂ ਅਲਗ-ਥਲਗ ਹੋ ਕੇ ਸੋਚਣਾ ਸ਼ੁਰੂ ਕੀਤਾ ਅਤੇ ਬਹੁਤ ਦੇਰ ਦੇ ਬਾਅਦ ਇਸ ਨਤੀਜੇ ਉੱਤੇ ਪੁੱਜਾ ਕਿ ਦਿਲ ਦੀ ਗੜਬੜ ਸਿਰਫ ਇਸਲਈ ਹੈ ਕਿ ਮੈਂ ਕੋਈ ਨੇਕ ਕੰਮ ਨਹੀਂ ਕੀਤਾ।
ਕਾਠੀਆਵਾੜ ਗੁਜਰਾਤ ਵਿੱਚ ਤਾਂ ਵੀਹਾਂ ਨੇਕ ਕੰਮ ਕੀਤੇ ਸਨ। ਮਿਸਾਲ ਦੇ ਤੌਰ ਤੇ ਜਦੋਂ ਮੇਰਾ ਦੋਸਤ ਪਾਂਡੂਰੰਗ ਮਰ ਗਿਆ ਤਾਂ ਮੈਂ ਉਸ ਦੀ ਵਿਧਵਾ ਨੂੰ ਆਪਣੇ ਘਰ ਪਾ ਲਿਆ ਅਤੇ ਦੋ ਸਾਲ ਤੱਕ ਉਸ ਨੂੰ ਧੰਦਾ ਕਰਨ ਤੋਂ ਰੋਕੀ ਰੱਖਿਆ। ਵਨਾਇਕ ਦੀ ਲੱਕੜੀ ਦੀ ਟੰਗ ਟੁੱਟ ਗਈ ਤਾਂ ਉਸਨੂੰ ਨਵੀਂ ਖ਼ਰੀਦ ਦਿੱਤੀ। ਤਕਰੀਬਨ ਚਾਲ੍ਹੀ ਰੁਪਏ ਇਸ ਤੇ ਉਠ ਗਏ ਸਨ। ਜਮਨਾ ਬਾਈ ਨੂੰ ਗਰਮੀ ਹੋ ਗਈ ਸਾਲੀ ਨੂੰ (ਮੁਆਫ਼ ਕਰਨਾ ਕੁੱਝ ਪਤਾ ਹੀ ਨਹੀਂ ਸੀ। ਮੈਂ ਉਸਨੂੰ ਡਾਕਟਰ ਦੇ ਕੋਲ ਲੈ ਗਿਆ। ਛੇ ਮਹੀਨੇ ਬਰਾਬਰ ਉਸ ਦਾ ਇਲਾਜ ਕਰਾਂਦਾ ਰਿਹਾ…ਲੇਕਿਨ ਪਾਕਿਸਤਾਨ ਆਕੇ ਮੈਂ ਕੋਈ ਨੇਕ ਕੰਮ ਨਹੀਂ ਕੀਤਾ ਸੀ ਅਤੇ ਦਿਲ ਦੀ ਗੜਬੜ ਦੀ ਵਜ੍ਹਾ ਇਹੀ ਸੀ। ਵਰਨਾ ਹੋਰ ਸਭ ਠੀਕ ਸੀ ਮੈਂ ਸੋਚਿਆ ਕੀ ਕਰਾਂ?…ਖ਼ੈਰਾਤ ਦੇਣ ਦਾ ਖਿਆਲ ਆਇਆ। ਲੇਕਿਨ ਇੱਕ ਰੋਜ ਸ਼ਹਿਰ ਵਿੱਚ ਘੁੰਮਿਆ ਤਾਂ ਵੇਖਿਆ ਕਿ ਕਰੀਬ ਕਰੀਬ ਹਰ ਸ਼ਖਸ ਭਿਖਾਰੀ ਹੈ। ਕੋਈ ਭੁੱਖਾ ਹੈ, ਕੋਈ ਨੰਗਾ। ਕਿਸ-ਕਿਸ ਦਾ ਢਿੱਡ ਭਰਾਂ, ਕਿਸ ਕਿਸ ਦਾ ਅੰਗ ਢਕਾਂ?…ਸੋਚਿਆ ਇੱਕ ਲੰਗਰ ਖਾਨਾ ਖੋਲ ਦੇਵਾਂ, ਲੇਕਿਨ ਇੱਕ ਲੰਗਰ ਖ਼ਾਨੇ ਨਾਲ ਕੀ ਹੁੰਦਾ ਅਤੇ ਫਿਰ ਅੰਨ ਕਿੱਥੋਂ ਲਿਆਉਂਦਾ? ਬਲੈਕ ਮਾਰਕੀਟ ਚੋਂ ਖ਼ਰੀਦਣ ਦਾ ਖਿਆਲ ਪੈਦਾ ਹੋਇਆ ਤਾਂ ਇਹ ਸਵਾਲ ਵੀ ਨਾਲ ਹੀ ਪੈਦਾ ਹੋ ਗਿਆ ਕਿ ਇੱਕ ਤਰਫ਼ ਗੁਨਾਹ ਕਰਕੇ ਦੂਜੀ ਤਰਫ਼ ਭਲੇ ਦੇ ਕੰਮ ਦਾ ਮਤਲਬ ਹੀ ਕੀ ਹੈ।
ਘੰਟਿਆਂ ਬੈਠ ਬੈਠ ਕੇ ਮੈਂ ਲੋਕਾਂ ਦੇ ਦੁੱਖ ਦਰਦ ਸੁਣੇ। ਸੱਚ ਪੁੱਛੋ ਤਾਂ ਹਰ ਸ਼ਖਸ ਦੁਖੀ ਸੀ। ਉਹ ਵੀ ਜੋ ਦੁਕਾਨਾਂ ਦੇ ਧੜਿਆਂ ਉੱਤੇ ਸੋਂਦਾ ਹੈ ਅਤੇ ਉਹ ਵੀ ਜੋ ਉਚੀਆਂ ਉਚੀਆਂ ਹਵੇਲੀਆਂ ਵਿੱਚ ਰਹਿੰਦੇ ਹਨ। ਪੈਦਲ ਚਲਣ ਵਾਲੇ ਨੂੰ ਇਹ ਦੁੱਖ ਸੀ ਕਿ ਇਸ ਦੇ ਕੋਲ ਕੰਮ ਦਾ ਕੋਈ ਜੁੱਤਾ ਨਹੀਂ। ਮੋਟਰ ਵਿੱਚ ਬੈਠਣ ਵਾਲੇ ਨੂੰ ਇਹ ਦੁੱਖ ਸੀ ਕਿ ਇਸ ਦੇ ਕੋਲ ਕਾਰ ਦਾ ਨਵਾਂ ਮਾਡਲ ਨਹੀਂ। ਹਰ ਸ਼ਖਸ ਦੀ ਸ਼ਿਕਾਇਤ ਆਪਣੀ ਆਪਣੀ ਜਗ੍ਹਾ ਦਰੁਸਤ ਸੀ। ਹਰ ਸ਼ਖਸ ਦੀ ਹਾਜਤ ਆਪਣੀ ਆਪਣੀ ਜਗ੍ਹਾ ਮਾਕੂਲ ਸੀ।
ਮੈਂ ਗ਼ਾਲਿਬ ਦੀ ਇੱਕ ਗ਼ਜ਼ਲ, ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਕੋਲੋਂ ਸੁਣੀ ਸੀ, ਇੱਕ ਸ਼ੇਅਰ ਯਾਦ ਰਹਿ ਗਿਆ ਹੈ।
‘ਕਿਸ ਦੀ ਹਾਜਤ-ਰਵਾ ਕਰੇ ਕੋਈ’
ਮੁਆਫ਼ ਕਰਨਾ ਇਹ ਉਸ ਦਾ ਦੂਜਾ ਮਿਸਰਾ ਹੈ ਅਤੇ ਹੋ ਸਕਦਾ ਹੈ ਪਹਿਲਾ ਹੀ ਹੋਵੇ।
ਜੀ ਹਾਂ, ਮੈਂ ਕਿਸ ਕਿਸ ਦੀ ਹਾਜਤ ਰਵਾ ਕਰਦਾ ਜਦੋਂ ਸੌ ਵਿੱਚੋਂ ਸੌ ਹੀ ਹਾਜਤਮੰਦ ਸਨ। ਮੈਂ ਫਿਰ ਇਹ ਵੀ ਸੋਚਿਆ ਕਿ ਖ਼ੈਰਾਤ ਦੇਣਾ ਕੋਈ ਅੱਛਾ ਕੰਮ ਨਹੀਂ। ਮੁਮਕਿਨ ਹੈ ਤੁਸੀ ਮੇਰੇ ਨਾਲ ਇੱਤਫਾਕ ਨਾ ਕਰੋ। ਲੇਕਿਨ ਮੈਂ ਮੁਹਾਜਿਰਾਂ ਦੇ ਕੈਂਪਾਂ ਵਿੱਚ ਜਾ ਜਾ ਕੇ ਜਦੋਂ ਹਾਲਾਤ ਦਾ ਚੰਗੀ ਤਰ੍ਹਾਂ ਜਾਇਜ਼ਾ ਲਿਆ ਤਾਂ ਮੈਨੂੰ ਪਤਾ ਚੱਲਿਆ ਕਿ ਖ਼ੈਰਾਤ ਨੇ ਬਹੁਤ ਸਾਰੇ ਮੁਹਾਜਿਰਾਂ ਨੂੰ ਬਿਲਕੁਲ ਹੀ ਨਾਕਾਮ ਬਣਾ ਦਿੱਤਾ ਹੈ। ਦਿਨ-ਭਰ ਹੱਥ ਤੇ ਹੱਥ ਧਰੀ ਬੈਠੇ ਹਨ। ਤਾਸ਼ ਖੇਲ ਰਹੇ ਹਨ। ਜੁਗਾ ਹੋ ਰਹੀ ਹੈ। (ਮੁਆਫ਼ ਕਰਨਾ ਜੁਗਾ ਦਾ ਮਤਲਬ ਹੈ ਜੁਵਾ ਯਾਨੀ ਕੁਮਾਰ ਬਾਜ਼ੀ) ਗਾਲਾਂ ਬਕ ਰਹੇ ਹਨ ਅਤੇ ਫ਼ੋਗਟ ਯਾਨੀ ਮੁਫ਼ਤ ਦੀਆਂ ਰੋਟੀਆਂ ਤੋੜ ਰਹੇ ਹਨ…..ਅਜਿਹੇ ਲੋਕ ਭਲਾ ਪਾਕਿਸਤਾਨ ਨੂੰ ਮਜ਼ਬੂਤ ਬਣਾਉਣ ਵਿੱਚ ਕੀ ਮਦਦ ਦੇ ਸਕਦੇ ਨੇ। ਇਸਲਈ ਮੈਂ ਇਸ ਨਤੀਜੇ ਉੱਤੇ ਪੁੱਜਾ ਕਿ ਭਿੱਖ ਦੇਣਾ ਹਰਗਿਜ਼ ਹਰਗਿਜ਼ ਨੇਕੀ ਦਾ ਕੰਮ ਨਹੀਂ। ਲੇਕਿਨ ਫਿਰ ਨੇਕੀ ਦੇ ਕੰਮ ਲਈ ਹੋਰ ਕਿਹੜਾ ਰਸਤਾ ਹੈ?
ਕੈਂਪਾਂ ਵਿੱਚ ਧੜਾ ਧੜ ਆਦਮੀ ਮਰ ਰਹੇ ਸਨ। ਕਦੇ ਹੈਜ਼ਾ ਫੁੱਟਦਾ ਸੀ ਕਦੇ ਪਲੇਗ। ਹਸਪਤਾਲਾਂ ਵਿੱਚ ਤਿਲ ਧਰਨ ਦੀ ਜਗ੍ਹਾ ਨਹੀਂ ਸੀ। ਮੈਨੂੰ ਬਹੁਤ ਤਰਸ ਆਇਆ। ਕਰੀਬ ਸੀ ਕਿ ਇੱਕ ਹਸਪਤਾਲ ਬਣਵਾ ਦੇਵਾਂ ਮਗਰ ਸੋਚਣ ਤੇ ਇਰਾਦਾ ਤਰਕ ਕਰ ਦਿੱਤਾ। ਪੂਰੀ ਸਕੀਮ ਤਿਆਰ ਕਰ ਚੁੱਕਿਆ ਸੀ। ਇਮਾਰਤ ਲਈ ਟੈਂਡਰ ਤਲਬ ਕਰਦਾ। ਦਾਖ਼ਲੇ ਦੀਆਂ ਫੀਸਾਂ ਦਾ ਰੁਪਿਆ ਜਮਾਂ ਹੋ ਜਾਂਦਾ। ਆਪਣੀ ਹੀ ਇੱਕ ਕੰਪਨੀ ਖੜੀ ਕਰ ਦਿੰਦਾ ਅਤੇ ਟੈਂਡਰ ਉਸ ਦੇ ਨਾਮ ਕੱਢ ਦਿੰਦਾ। ਖ਼ਿਆਲ ਸੀ ਇੱਕ ਲੱਖ ਰੁਪਏ ਇਮਾਰਤ ਤੇ ਲਾਵਾਂਗਾ। ਸਾਫ਼ ਹੈ ਕਿ ਸੱਤਰ ਹਜ਼ਾਰ ਰੁਪਏ ਵਿੱਚ ਬਿਲਡਿੰਗ ਖੜੀ ਕਰ ਦਿੰਦਾ ਅਤੇ ਪੂਰੇ ਤੀਹ ਹਜ਼ਾਰ ਰੁਪਏ ਬਚਾ ਲੈਂਦਾ। ਮਗਰ ਇਹ ਸਾਰੀ ਸਕੀਮ ਧਰੀ ਦੀ ਧਰੀ ਰਹਿ ਗਈ। ਜਦੋਂ ਮੈਂ ਸੋਚਿਆ ਕਿ ਜੇਕਰ ਮਰਨ ਵਾਲਿਆਂ ਨੂੰ ਬਚਾ ਲਿਆ ਗਿਆ ਤਾਂ ਇਹ ਜੋ ਵੱਧ ਆਬਾਦੀ ਹੈ ਇਹ ਕਿਵੇਂ ਘੱਟ ਹੋਵੇਗੀ?
ਗ਼ੌਰ ਕੀਤਾ ਜਾਵੇ ਤਾਂ ਇਹ ਸਾਰਾ ਲਫ਼ੜਾ ਹੀ ਫ਼ਾਲਤੂ ਆਬਾਦੀ ਦਾ ਹੈ। ਲਫ਼ੜਾ ਦਾ ਮਤਲਬ ਹੈ ਝਗੜਾ, ਉਹ ਝਗੜਾ ਜਿਸ ਵਿੱਚ ਦੰਗਾ ਫ਼ਸਾਦ ਵੀ ਹੋਵੇ। ਲੇਕਿਨ ਇਸ ਤੋਂ ਵੀ ਇਸ ਲਫ਼ਜ਼ ਦੇ ਪੂਰੇ ਮਾਅਨੇ ਮੈਂ ਬਿਆਨ ਨਹੀਂ ਕਰ ਸਕਿਆ।
ਜੀ ਹਾਂ ਗ਼ੌਰ ਕੀਤਾ ਜਾਵੇ ਤਾਂ ਇਹ ਸਾਰਾ ਲਫ਼ੜਾ ਹੀ ਇਸ ਫ਼ਾਲਤੂ ਆਬਾਦੀ ਦੇ ਕਾਰਨ ਹੈ। ਹੁਣ ਲੋਕ ਵੱਧਦੇ ਜਾਣਗੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਜ਼ਮੀਨਾਂ ਵੀ ਨਾਲ ਨਾਲ ਵਧਦੀਆਂ ਜਾਣਗੀਆਂ। ਅਸਮਾਨ ਵੀ ਨਾਲ ਨਾਲ ਫੈਲਦਾ ਜਾਵੇਗਾ। ਮੀਂਹ ਜ਼ਿਆਦਾ ਪੈਣਗੇ। ਅਨਾਜ ਜ਼ਿਆਦਾ ਉੱਗੇਗਾ। ਇਸਲਈ ਮੈਂ ਇਸ ਨਤੀਜੇ ਤੇ ਪਹੁੰਚਿਆ…ਕਿ ਹਸਪਤਾਲ ਬਣਾਉਣਾ ਹਰਗਿਜ਼ ਹਰਗਿਜ਼ ਨੇਕ ਕੰਮ ਨਹੀਂ। ਫਿਰ ਸੋਚਿਆ ਮਸਜਦ ਬਣਵਾ ਦੇਵਾਂ। ਲੇਕਿਨ ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਦਾ ਗਾਇਆ ਹੋਇਆ ਇੱਕ ਸ਼ੇਅਰ ਯਾਦ ਆ ਗਿਆ:
‘ਨਾਮ ਮਨਜੂਰ ਹੈ ਤੋ ਫ਼ੈਜ ਕੇ ਅਸਬਾਬ ਬਨਾ’
ਉਹ ਮਨਜ਼ੂਰ ਨੂੰ ਮਨਜੂਰ ਅਤੇ ਫ਼ੈਜ਼ ਨੂੰ ਫ਼ੈਜ ਕਿਹਾ ਕਰਦੀ ਸੀ। ‘ਨਾਮ ਮਨਜ਼ੂਰ ਹੈ ਤੋ ਫ਼ੈਜ਼ ਕੇ ਅਸਬਾਬ ਬਨਾ’। ਪੁਲ ਬਣਾ ਚਾਹੇ ਬਣਾ ਮਸਜਦ-ਓ-ਤਾਲਾਬ ਬਣਾ।
ਕਿਸੇ ਕਮਬਖ਼ਤ ਨੂੰ ਨਾਮ-ਓ-ਨਮੂਦ ਦੀ ਖਾਹਿਸ਼ ਹੈ। ਉਹ ਜੋ ਨਾਮ ਉਛਾਲਣ ਲਈ ਪੁਲ ਬਣਾਉਂਦੇ ਹਨ, ਨੇਕੀ ਦਾ ਕੀ ਕੰਮ ਕਰਦੇ ਹਨ? ਖ਼ਾਕ ਮੈਂ ਕਿਹਾ ਨਾ ਇਹ ਮਸਜਦ ਬਣਵਾਉਣ ਦਾ ਖ਼ਿਆਲ ਬਿਲਕੁਲ ਗ਼ਲਤ ਹੈ। ਬਹੁਤ ਸਾਰੀਆਂ ਵੱਖ ਵੱਖ ਮਸਜਦਾਂ ਦਾ ਹੋਣਾ ਵੀ ਕੌਮ ਦੇ ਹੱਕ ਵਿੱਚ ਹਰਗਿਜ਼ ਮੁਫ਼ੀਦ ਨਹੀਂ ਹੋ ਸਕਦਾ। ਇਸਲਈ ਕਿ ਅਵਾਮ ਬਟ ਜਾਂਦੇ ਹਨ।
ਥੱਕ-ਹਾਰ ਮੈਂ ਹੱਜ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਅੱਲਾ ਮੀਆਂ ਨੇ ਮੈਨੂੰ ਖ਼ੁਦ ਹੀ ਇੱਕ ਰਸਤਾ ਦੱਸ ਦਿੱਤਾ। ਸ਼ਹਿਰ ਵਿੱਚ ਇੱਕ ਜਲਸਾ ਹੋਇਆ। ਜਦੋਂ ਖ਼ਤਮ ਹੋਇਆ ਤਾਂ ਲੋਕਾਂ ਵਿੱਚ ਬਦਹਜ਼ਮੀ ਫੈਲ ਗਈ। ਇੰਨੀ ਭਗਦੜ ਮੱਚੀ ਕਿ ਤੀਹ ਆਦਮੀ ਹਲਾਕ ਹੋ ਗਏ। ਇਸ ਹਾਦਸੇ ਦੀ ਖ਼ਬਰ ਦੂਜੇ ਰੋਜ ਅਖ਼ਬਾਰਾਂ ਵਿੱਚ ਛਪੀ ਤਾਂ ਪਤਾ ਲੱਗਿਆ ਕਿ ਉਹ ਹਲਾਕ ਨਹੀਂ ਸਗੋਂ ਸ਼ਹੀਦ ਹੋਏ ਸਨ।
ਮੈਂ ਸੋਚਣਾ ਸ਼ੁਰੂ ਕੀਤਾ। ਸੋਚਣ ਦੇ ਇਲਾਵਾ ਮੈਂ ਕਈ ਮੌਲਵੀਆਂ ਨੂੰ ਮਿਲਿਆ। ਪਤਾ ਲੱਗਿਆ ਕਿ ਉਹ ਲੋਕ ਜੋ ਅਚਾਨਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਮਿਲਦਾ ਹੈ। ਯਾਨੀ ਉਹ ਰੁਤਬਾ ਜਿਸ ਨਾਲੋਂ ਵੱਡਾ ਕੋਈ ਹੋਰ ਰੁਤਬਾ ਹੀ ਨਹੀਂ। ਮੈਂ ਸੋਚਿਆ ਕਿ ਜੇਕਰ ਲੋਕ ਮਰਨ ਦੀ ਬਜਾਏ ਸ਼ਹੀਦ ਹੋਇਆ ਕਰਨ ਤਾਂ ਕਿੰਨਾ ਅੱਛਾ ਹੈ। ਉਹ ਜੋ ਆਮ ਮੌਤ ਮਰਦੇ ਹਨ। ਸਾਫ਼ ਹੈ ਕਿ ਉਨ੍ਹਾਂ ਦੀ ਮੌਤ ਬਿਲਕੁਲ ਅਕਾਰਥ ਜਾਂਦੀ ਹੈ। ਜੇਕਰ ਉਹ ਸ਼ਹੀਦ ਹੋ ਜਾਂਦੇ ਤਾਂ ਕੋਈ ਗੱਲ ਬਣਦੀ।
ਮੈਂ ਇਸ ਬਰੀਕੀ ਤੇ ਹੋਰ ਗ਼ੌਰ ਕਰਨਾ ਸ਼ੁਰੂ ਕੀਤਾ।
ਚਾਰੋਂ ਤਰਫ਼ ਜਿਧਰ ਵੇਖੋ ਖ਼ਸਤਾ-ਹਾਲ ਇਨਸਾਨ ਸਨ। ਚਿਹਰੇ ਜ਼ਰਦ, ਫ਼ਿਕਰ-ਓ-ਤਰੱਦੁਦ ਅਤੇ ਗ਼ਮ-ਏ-ਰੋਜ਼ਗਾਰ ਦੇ ਬੋਝ ਥਲੇ ਪਿਸੇ ਹੋਏ, ਧਸੀਆਂ ਹੋਈਆਂ ਅੱਖਾਂ ਬੇ-ਜਾਨ ਚਾਲ, ਕੱਪੜੇ ਤਾਰਤਾਰ। ਰੇਲ-ਗੱਡੀ ਦੇ ਕੰਡਮ ਮਾਲ ਦੀ ਤਰ੍ਹਾਂ ਜਾਂ ਤਾਂ ਕਿਸੇ ਟੁੱਟੇ ਫੁੱਟੇ ਝੋਂਪੜੇ ਵਿੱਚ ਪਏ ਹਨ ਜਾਂ ਬਜ਼ਾਰਾਂ ਵਿੱਚ ਬੇ ਮਾਲਿਕ ਮਵੇਸ਼ੀਆਂ ਦੀ ਤਰ੍ਹਾਂ ਮੂੰਹ ਚੁੱਕ ਬੇਮਤਲਬ ਘੁੰਮ ਰਹੇ ਹਨ। ਕਿਓਂ ਜੀ ਰਹੇ ਹਨ? ਕਿਸ ਲਈ ਜੀ ਰਹੇ ਹਨ ਅਤੇ ਕੈਸੇ ਜੀ ਰਹੇ ਹਨ? ਇਸ ਦਾ ਕੁੱਝ ਪਤਾ ਹੀ ਨਹੀਂ। ਕੋਈ ਛੂਤ ਦਾ ਰੋਗ ਫੈਲ ਜਾਵੇ। ਹਜ਼ਾਰਾਂ ਮਰ ਗਏ ਹੋਰ ਕੁੱਝ ਨਹੀਂ ਤਾਂ ਭੁੱਖ ਅਤੇ ਪਿਆਸ ਨਾਲ ਹੀ ਘੁਲ ਘੁਲ ਕੇ ਮਰੇ। ਸਰਦੀਆਂ ਵਿੱਚ ਆਕੜ ਗਏ, ਗਰਮੀਆਂ ਵਿੱਚ ਸੁੱਕ ਗਏ। ਕਿਸੇ ਦੀ ਮੌਤ ਤੇ ਕਿਸੇ ਨੇ ਦੋ ਅੱਥਰੂ ਵਗਾ ਦਿੱਤੇ। ਬਹੁਤਿਆਂ ਦੀ ਮੌਤ ਖੁਸ਼ਕ ਹੀ ਰਹੀ।
ਜ਼ਿੰਦਗੀ ਸਮਝ ਵਿੱਚ ਨਾ ਆਈ, ਠੀਕ ਹੈ। ਇਸ ਨੂੰ ਗੌਲਣ ਦੀ ਲੋੜ ਨਹੀਂ, ਇਹ ਵੀ ਠੀਕ ਹੈ…ਉਹ ਕਿਸ ਦਾ ਸ਼ੇਅਰ ਹੈ। ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਦੀ ਦਰਦ-ਭਰੀ ਆਵਾਜ਼ ਵਿੱਚ ਗਾਇਆ ਕਰਦੀ ਸੀ:
ਮਰ ਕੇ ਭੀ ਚੈਨ ਨਾ ਪਾਇਆ ਤੋ ਕਿਧਰ ਜਾਏਗੇ । ਮੇਰਾ ਮਤਲਬ ਹੈ ਜੇਕਰ ਮਰਨ ਦੇ ਬਾਅਦ ਵੀ ਜ਼ਿੰਦਗੀ ਨਾ ਸੁਧਰੀ ਤਾਂ ਲਾਹਨਤ ਹੈ ਸੁਸਰੀ ਤੇ।
ਮੈਂ ਸੋਚਿਆ ਕਿਉਂ ਨਾ ਇਹ ਬੇਚਾਰੇ, ਇਹ ਕਿਸਮਤ ਦੇ ਮਾਰੇ, ਦਰਦ ਦੇ ਠੁਕਰਾਏ ਹੋਏ ਇਨਸਾਨ ਜੋ ਇਸ ਦੁਨੀਆ ਵਿੱਚ ਹਰ ਚੰਗੀ ਚੀਜ਼ ਲਈ ਤਰਸਦੇ ਹਨ, ਉਸ ਦੁਨੀਆ ਵਿੱਚ ਅਜਿਹਾ ਰੁਤਬਾ ਹਾਸਲ ਕਰਨ ਕਿ ਉਹ ਜੋ ਇੱਥੇ ਉਨ੍ਹਾਂ ਦੀ ਤਰਫ਼ ਨਜ਼ਰ ਚੁੱਕ ਦੇਖਣਾ ਪਸੰਦ ਨਹੀਂ ਕਰਦੇ ਉੱਥੇ ਉਨ੍ਹਾਂ ਨੂੰ ਵੇਖਣ ਅਤੇ ਸ਼ਕ ਕਰਨ। ਇਸ ਦੀ ਇੱਕ ਹੀ ਸੂਰਤ ਸੀ ਕਿ ਉਹ ਆਮ ਮੌਤ ਨਾ ਮਰਨ ਸਗੋਂ ਸ਼ਹੀਦ ਹੋਣ।
ਹੁਣ ਸਵਾਲ ਇਹ ਸੀ ਕਿ ਇਹ ਲੋਕ ਸ਼ਹੀਦ ਹੋਣ ਲਈ ਰਾਜੀ ਹੋਣਗੇ? ਮੈਂ ਸੋਚਿਆ , ਕਿਉਂ ਨਹੀਂ। ਉਹ ਕੌਣ ਮੁਸਲਮਾਨ ਹੈ ਜਿਸ ਵਿੱਚ ਜ਼ੌਕ-ਏ-ਸ਼ਹਾਦਤ ਨਹੀਂ। ਮੁਸਲਮਾਨਾਂ ਦੀ ਵੇਖਾ ਵੇਖੀ ਤਾਂ ਹਿੰਦੂ ਅਤੇ ਸਿੱਖਾਂ ਵਿੱਚ ਵੀ ਇਹ ਰੁਤਬਾ ਪੈਦਾ ਕਰ ਦਿੱਤਾ ਗਿਆ ਹੈ। ਲੇਕਿਨ ਮੈਨੂੰ ਸਖ਼ਤ ਨਾਉਮੀਦੀ ਹੋਈ ਜਦੋਂ ਮੈਂ ਇੱਕ ਮਰੀਅਲ ਜਿਹੇ ਆਦਮੀ ਨੂੰ ਪੁੱਛਿਆ। ਕੀ ਤੂੰ ਸ਼ਹੀਦ ਹੋਣਾ ਚਾਹੁੰਦਾ ਹੈਂ? ਤਾਂ ਉਸ ਨੇ ਜਵਾਬ ਦਿੱਤਾ ਨਹੀਂ।
ਸਮਝ ਵਿੱਚ ਨਾ ਆਇਆ ਕਿ ਉਹ ਆਦਮੀ ਜੀ ਕੇ ਕੀ ਕਰੇਗਾ। ਮੈਂ ਉਸਨੂੰ ਬਹੁਤ ਸਮਝਾਇਆ ਕਿ ਵੇਖੋ ਬੜੇ ਮੀਆਂ ਜ਼ਿਆਦਾ ਤੋਂ ਜ਼ਿਆਦਾ ਤੂੰ ਡੇਢ ਮਹੀਨਾ ਹੋਰ ਜੀ ਲਏਂਗਾ। ਚਲਣ ਦੀ ਤੇਰੇ ਵਿੱਚ ਸ਼ਕਤੀ ਨਹੀਂ। ਖੰਘਦੇ ਖੰਘਦੇ ਗ਼ੋਤੇ ਵਿੱਚ ਜਾਂਦੇ ਹੋ ਤਾਂ ਇਵੇਂ ਲੱਗਦਾ ਹੈ ਕਿ ਬਸ ਦਮ ਨਿਕਲ ਗਿਆ। ਫੁੱਟੀ ਕੌਡੀ ਤੱਕ ਤੇਰੇ ਕੋਲ ਨਹੀਂ। ਜ਼ਿੰਦਗੀ-ਭਰ ਤੂੰ ਸੁਖ ਨਹੀਂ ਵੇਖਿਆ। ਭਵਿੱਖ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਫਿਰ ਹੋਰ ਜੀ ਕੇ ਕੀ ਕਰੇਂਗਾ। ਫ਼ੌਜ ਵਿੱਚ ਤੂੰ ਭਰਤੀ ਨਹੀਂ ਹੋ ਸਕਦਾ। ਇਸਲਈ ਮਹਾਜ਼ ਉੱਤੇ ਆਪਣੇ ਵਤਨ ਦੀ ਖਾਤਰ ਲੜਦੇ ਲੜਦੇ ਜਾਨ ਦੇਣ ਦਾ ਖਿਆਲ ਵੀ ਅਨਰਥ ਹੈ। ਇਸਲਈ ਕੀ ਇਹ ਬਿਹਤਰ ਨਹੀਂ ਕਿ ਤੂੰ ਕੋਸ਼ਿਸ਼ ਕਰਕੇ ਇੱਥੇ ਬਾਜ਼ਾਰ ਵਿੱਚ ਜਾਂ ਡੇਰੇ ਵਿੱਚ ਜਿੱਥੇ ਤੂੰ ਰਾਤ ਨੂੰ ਸੋਂਦਾ ਹੈਂ, ਆਪਣੀ ਸ਼ਹਾਦਤ ਦਾ ਬੰਦੋਬਸਤ ਕਰ ਲਵੇਂ। ਉਸਨੇ ਪੁੱਛਿਆ ਇਹ ਕਿਵੇਂ ਹੋ ਸਕਦਾ ਹੈ?
ਮੈਂ ਜਵਾਬ ਦਿੱਤਾ। ਇਹ ਸਾਹਮਣੇ ਕੇਲੇ ਦਾ ਛਿਲਕਾ ਪਿਆ ਹੈ। ਫ਼ਰਜ਼ ਕਰ ਲਿਆ ਜਾਵੇ ਕਿ ਤੂੰ ਇਸ ਤੋਂ ਫਿਸਲ ਗਿਆ…ਸਾਫ਼ ਹੈ ਕਿ ਤੂੰ ਮਰ ਜਾਏਂਗਾ ਅਤੇ ਸ਼ਹਾਦਤ ਦਾ ਰੁਤਬਾ ਪਾ ਲਏਂਗਾ। ਪਰ ਇਹ ਗੱਲ ਉਸ ਦੀ ਸਮਝ ਵਿੱਚ ਨਾ ਆਈ ਕਹਿਣ ਲਗਾ ਮੈਂ ਕਿਉਂ ਅੱਖੀਂ ਵੇਖੇ ਕੇਲੇ ਦੇ ਛਿਲਕੇ ਉੱਤੇ ਪੈਰ ਧਰਾਂਗਾ…ਕੀ ਮੈਨੂੰ ਆਪਣੀ ਜਾਨ ਪਿਆਰੀ ਨਹੀਂ…ਅੱਲਾ ਅੱਲਾ ਕੀ ਜਾਨ ਸੀ। ਹੱਡੀਆਂ ਦਾ ਢਾਂਚਾ। ਝੁਰੜੀਆਂ ਦੀ ਗਠੜੀ!
ਮੈਨੂੰ ਬਹੁਤ ਅਫ਼ਸੋਸ ਹੋਇਆ ਅਤੇ ਇਸ ਵਕਤ ਹੋਰ ਵੀ ਜ਼ਿਆਦਾ ਹੋਇਆ। ਜਦੋਂ ਮੈਂ ਸੁਣਿਆ ਕਿ ਉਹ ਕਮਬਖਤ ਜੋ ਬੜੀ ਸੌਖ ਨਾਲ ਸ਼ਹਾਦਤ ਦਾ ਰੁਤਬਾ ਇਖ਼ਤਿਆਰ ਕਰ ਸਕਦਾ ਸੀ। ਖ਼ੈਰਾਤੀ ਹਸਪਤਾਲ ਵਿੱਚ ਲੋਹੇ ਦੀ ਚਾਰਪਾਈ ਉੱਤੇ ਖੰਘਦਾ ਖੰਗਾਰਦਾ ਮਰ ਗਿਆ।
ਇੱਕ ਬੁੜੀ ਸੀ ਮੂੰਹ ਵਿੱਚ ਦੰਦ ਨਾ ਢਿੱਡ ਵਿੱਚ ਆਂਤ। ਆਖ਼ਿਰੀ ਸਾਹ ਲੈ ਰਹੀ ਸੀ। ਮੈਨੂੰ ਬਹੁਤ ਤਰਸ ਆਇਆ। ਸਾਰੀ ਉਮਰ ਗਰੀਬ ਦੀ ਮੁਫਲਿਸੀ ਅਤੇ ਰੰਜੋ ਗ਼ਮ ਵਿੱਚ ਬੀਤੀ ਸੀ। ਮੈਂ ਉਸਨੂੰ ਉਠਾ ਕੇ ਰੇਲ ਦੇ ਪਾਟੇ ਉੱਤੇ ਲੈ ਗਿਆ। ਮੁਆਫ਼ ਕਰਨਾ। ਸਾਡੇ ਇੱਥੇ ਪਟੜੀ ਨੂੰ ਪਾਟਾ ਕਹਿੰਦੇ ਹਨ। ਲੇਕਿਨ ਜਨਾਬ ਜਿਓਂ ਹੀ ਉਸਨੂੰ ਟ੍ਰੇਨ ਦੀ ਆਵਾਜ਼ ਸੁਣੀ ਉਹ ਹੋਸ਼ ਵਿੱਚ ਆ ਗਈ ਅਤੇ ਫੂਕ ਭਰੇ ਖਿਡੌਣੇ ਦੀ ਤਰ੍ਹਾਂ ਉਠ ਕੇ ਭੱਜ ਗਈ।
ਮੇਰਾ ਦਿਲ ਟੁੱਟ ਗਿਆ। ਲੇਕਿਨ ਫਿਰ ਵੀ ਮੈਂ ਹਿੰਮਤ ਨਾ ਹਾਰੀ। ਬਾਣੀਏ ਦਾ ਪੁੱਤਰ ਆਪਣੀ ਧੁਨ ਦਾ ਪੱਕਾ ਹੁੰਦਾ ਹੈ। ਨੇਕੀ ਦਾ ਜੋ ਸਾਫ਼ ਅਤੇ ਸਿੱਧਾ ਰਸਤਾ ਮੈਨੂੰ ਨਜ਼ਰ ਆਇਆ ਸੀ, ਮੈਂ ਉਸ ਨੂੰ ਆਪਣੀਆਂ ਅੱਖਾਂ ਤੋਂ ਓਝਲ ਨਾ ਹੋਣ ਦਿੱਤਾ।
ਮੁਗ਼ਲਾਂ ਦੇ ਵਕ਼ਤ ਦਾ ਇੱਕ ਵਿਸ਼ਾਲ ਅਹਾਤਾ ਖ਼ਾਲੀ ਪਿਆ ਸੀ। ਇਸ ਵਿੱਚ ਇੱਕ ਪਾਸੇ ਛੋਟੇ ਛੋਟੇ ਕਮਰੇ ਸਨ। ਬਹੁਤ ਹੀ ਖ਼ਸਤਾ ਹਾਲਤ ਵਿੱਚ। ਮੇਰੀਆਂ ਤਜਰਬਾਕਾਰ ਅੱਖਾਂ ਨੇ ਅੰਦਾਜ਼ਾ ਲਗਾ ਲਿਆ ਕਿ ਪਹਿਲੇ ਹੀ ਭਾਰੀ ਮੀਂਹ ਵਿੱਚ ਸਭ ਦੀਆਂ ਛੱਤਾਂ ਢਹਿ ਜਾਣਗੀਆਂ। ਇਸਲਈ ਮੈਂ ਇਸ ਅਹਾਤੇ ਨੂੰ ਸਾਢੇ ਦਸ ਹਜ਼ਾਰ ਰੁਪਏ ਵਿੱਚ ਖ਼ਰੀਦ ਲਿਆ ਅਤੇ ਇਸ ਵਿੱਚ ਇੱਕ ਹਜ਼ਾਰ ਮੰਦੇ-ਹਾਲ ਆਦਮੀ ਬਸਾ ਦਿੱਤੇ। ਦੋ ਮਹੀਨੇ ਦਾ ਕਿਰਾਇਆ ਵਸੂਲ ਕੀਤਾ, ਇੱਕ ਰੁਪਿਆ ਮਹੀਨਾਵਾਰ ਦੇ ਹਿਸਾਬ ਨਾਲ। ਤੀਸਰੇ ਮਹੀਨੇ ਜਿਵੇਂ ਕ‌ਿ ਮੇਰਾ ਅੰਦਾਜ਼ਾ ਸੀ, ਪਹਿਲੇ ਹੀ ਵੱਡੇ ਮੀਂਹ ਵਿੱਚ ਸਭ ਕਮਰਿਆਂ ਦੀਆਂ ਛੱਤਾਂ ਹੇਠਾਂ ਆ ਗਿਰੀਆਂ ਅਤੇ ਸੱਤ ਸੌ ਆਦਮੀ ਜਿਨ੍ਹਾਂ ਵਿੱਚ ਬੱਚੇ ਬੁਢੇ ਸਾਰੇ ਸ਼ਾਮਿਲ ਸਨ…ਸ਼ਹੀਦ ਹੋ ਗਏ।
ਉਹ ਜੋ ਮੇਰੇ ਦਿਲ ਤੇ ਬੋਝ ਜਿਹਾ ਸੀ ਕਿਸੇ ਹੱਦ ਤੱਕ ਹਲਕਾ ਹੋ ਗਿਆ। ਆਬਾਦੀ ਵਿੱਚੋਂ ਸੱਤ ਸੌ ਆਦਮੀ ਘੱਟ ਵੀ ਹੋ ਗਏ। ਲੇਕਿਨ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਵੀ ਮਿਲ ਗਿਆ…ਉੱਧਰ ਦਾ ਪੱਖ ਭਾਰੀ ਹੀ ਰਿਹਾ।
ਉਦੋਂ ਤੋਂ ਮੈਂ ਇਹੀ ਕੰਮ ਕਰ ਰਿਹਾ ਹਾਂ। ਹਰ ਰੋਜ ਆਪਣੀ ਸਮਰਥਾ ਮੁਤਾਬਕ ਦੋ ਤਿੰਨ ਆਦਮੀਆਂ ਨੂੰ ਸ਼ਹਾਦਤ ਦਾ ਜਾਮ ਪਿਆਲ ਦਿੰਦਾ ਹਾਂ। ਜਿਵੇਂ ਕ‌ਿ ਮੈਂ ਅਰਜ ਕਰ ਚੁੱਕਿਆ ਹਾਂ, ਕੰਮ ਕੋਈ ਵੀ ਹੋਵੇ ਇਨਸਾਨ ਨੂੰ ਮਿਹਨਤ ਕਰਨੀ ਹੀ ਪੈਂਦੀ ਹੈ। ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਇੱਕ ਸ਼ੇਅਰ ਗਾਇਆ ਕਰਦੀ ਸੀ। ਲੇਕਿਨ ਮੁਆਫ਼ ਕਰਨਾ ਉਹ ਸ਼ੇਅਰ ਇੱਥੇ ਠੀਕ ਨਹੀਂ ਬੈਠਦਾ। ਕੁੱਝ ਵੀ ਹੋਵੇ, ਕਹਿਣਾ ਇਹ ਹੈ ਕਿ ਮੈਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਮਿਸਾਲ ਦੇ ਤੌਰ ਤੇ ਇੱਕ ਆਦਮੀ ਨੂੰ ਜਿਸਦਾ ਵਜੂਦ ਛਕੜੇ ਦੇ ਪੰਜਵੇਂ ਪਹੀਏ ਦੀ ਤਰ੍ਹਾਂ ਬੇਮਾਅਨਾ ਅਤੇ ਬੇਕਾਰ ਸੀ। ਸ਼ਹਾਦਤ ਦਾ ਜਾਮ ਪਿਲਾਣ ਲਈ ਮੈਨੂੰ ਪੂਰੇ ਦਸ ਦਿਨ ਜਗ੍ਹਾ ਜਗ੍ਹਾ ਕੇਲੇ ਦੇ ਛਿਲਕੇ ਸੁੱਟਣੇ ਪਏ। ਲੇਕਿਨ ਮੌਤ ਦੀ ਤਰ੍ਹਾਂ ਜਿੱਥੇ ਤੱਕ ਮੈਂ ਸਮਝਦਾ ਹਾਂ ਸ਼ਹਾਦਤ ਦਾ ਵੀ ਇੱਕ ਦਿਨ ਮੁਕੱਰਰ ਹੈ। ਦਸਵੇਂ ਰੋਜ ਜਾ ਕੇ ਉਹ ਪਥਰੀਲੇ ਫ਼ਰਸ਼ ਉੱਤੇ ਕੇਲੇ ਦੇ ਛਿਲਕੇ ਤੋਂ ਫਿਸਲਿਆ ਅਤੇ ਸ਼ਹੀਦ ਹੋਇਆ।
ਅੱਜਕੱਲ੍ਹ ਮੈਂ ਇੱਕ ਬਹੁਤ ਵੱਡੀ ਇਮਾਰਤ ਬਣਵਾ ਰਿਹਾ ਹਾਂ। ਠੇਕਾ ਮੇਰੀ ਹੀ ਕੰਪਨੀ ਦੇ ਕੋਲ ਹੈ। ਦੋ ਲੱਖ ਦਾ ਹੈ। ਇਸ ਵਿੱਚੋਂ ਪਛੱਤਰ ਹਜ਼ਾਰ ਤਾਂ ਮੈਂ ਸਾਫ਼ ਆਪਣੀ ਜੇਬ ਵਿੱਚ ਪਾ ਲਵਾਂਗਾ। ਬੀਮਾ ਵੀ ਕਰਾ ਲਿਆ ਹੈ। ਮੇਰਾ ਅੰਦਾਜ਼ਾ ਹੈ ਕਿ ਜਦੋਂ ਤੀਜੀ ਮੰਜ਼ਿਲ ਖੜੀ ਕੀਤੀ ਜਾਵੇਗੀ ਤਾਂ ਸਾਰੀ ਬਿਲਡਿੰਗ ਧੜੰਮ ਡਿੱਗ ਪਵੇਗੀ। ਕਿਉਂਕਿ ਮਸਾਲਾ ਹੀ ਮੈਂ ਅਜਿਹਾ ਲਗਵਾਇਆ ਹੈ। ਇਸ ਵਕ਼ਤ ਤਿੰਨ ਸੌ ਮਜ਼ਦੂਰ ਕੰਮ ਤੇ ਲੱਗੇ ਹੋਣਗੇ। ਖ਼ੁਦਾ ਦੇ ਘਰ ਤੋਂ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਇਹ ਸਭ ਦੇ ਸਭ ਸ਼ਹੀਦ ਹੋ ਜਾਣਗੇ। ਲੇਕਿਨ ਜੇਕਰ ਕੋਈ ਬੱਚ ਗਿਆ ਤਾਂ ਇਸ ਦਾ ਇਹ ਮਤਲਬ ਹੋਵੇਗਾ ਕਿ ਉਹ ਪਰਲੇ ਦਰਜੇ ਦਾ ਗੁਨਾਹਗਾਰ ਹੈ, ਜਿਸਦੀ ਸ਼ਹਾਦਤ ਅੱਲਾ-ਤਾਲਾ ਨੂੰ ਮਨਜ਼ੂਰ ਨਹੀਂ ਸੀ।

ਸਆਦਤ ਹਸਨ ਮੰਟੋ

(ਅਨੁਵਾਦ: ਚਰਨ ਗਿੱਲ)

ਮੇਰਾ ਵਿਆਹ

by Sandeep Kaur April 7, 2020

ਮੇਰੀ ਦਿਲੀ ਖਾਹਸ਼ ਸੀ ਕਿ ਮੁਕਲਾਵੇ ਦੀ ਨੌਬਤ ਹੀ ਨਾ ਆਵੇ। ਮੈਂ ਬਹੁਤ ਡਰਿਆ ਹੋਇਆ ਸਾਂ, ਲਗਦਾ ਸੀ ਮੇਰੇ ਕੋਲੋਂ ਘਰ-ਬਾਰ ਨਹੀਂ ਚਲਾਇਆ ਜਾਣਾ, ਤੇ ਇਕ ਸ਼ਰੀਫ਼ ਲੜਕੀ ਦੀ ਸਾਰੀ ਉਮਰ ਬਗੈਰ ਕਿਸੇ ਕਸੂਰ ਦੇ, ਅਜ਼ਾਬ ਵਿਚ ਬੀਤੇਗੀ… ਪਰ ਦਿਨ ਮੁਕਰਰ ਹੋ ਚੁੱਕਾ ਸੀ, ਜੋ ਮੇਰੇ ਲਈ ਕਿਆਮਤ ਦਾ ਦਿਨ ਸੀ। ਮੁਕਲਾਵੇ ਵਿਚ ਜਦੋਂ ਦਸ ਦਿਨ ਬਾਕੀ ਰਹਿ ਗਏ, ਮੈਂ ਚੌਂਕ ਕੇ ਪੈਂਤੀ ਰੁਪਏ ਮਹੀਨੇ ‘ਤੇ ਇਕ ਫਲੈਟ ਕਿਰਾਏ ‘ਤੇ ਲੈ ਲਿਆ। ਹਫ਼ਤਾਵਾਰ ‘ਮੁਸੱਵਰ’ ਤੋਂ ਚਾਲੀ ਰੁਪਏ ਮਹੀਨੇ ਦੇ ਮਿਲਦੇ ਸਨ ਜੋ ਪੈਂਤੀ ਰੁਪਏ ਕਰਾਏ ਦੇ ਦੇ ਕੇ, ਹਰ ਮਹੀਨੇ ਮੈਨੂੰ ਪੰਜ ਰੁਪਏ ਬਚਦੇ ਸਨ, ਜਿਹਦੇ ਨਾਲ ਮੈਂ ਆਪਣਾ ਤੇ ਆਪਣੀ ਬੀਵੀ ਦਾ ਪੇਟ ਪਾਲਦਾ ਸੀ।
ਪਿਛਲੇ ਦਿਨਾਂ ਵਿਚ ਮੈਂ ਇਕ ਫਿਲਮੀ ਕਹਾਣੀ ਲਿਖੀ ਸੀ, ਜਿਹਦੀ ਫਿਲਮ ਬਣ ਕੇ ਚੱਲ ਚੁੱਕੀ ਸੀ, ਤੇ ਮੈਂ ਕੰਪਨੀ ਕੋਲੋਂ ਕਹਾਣੀ ਦੇ, ਤੇ ਕਈ ਮਹੀਨਿਆਂ ਦੀ ਤਨਖਾਹ ਦੇ ਅਠਾਰਾਂ ਸੌ ਰੁਪਈਏ ਲੈਣੇ ਸਨ, ਪਰ ਕੰਪਨੀ ਦੇ ਮਾਲਕ ਨੇ ਇਕ ਵੀ ਪੈਸਾ ਦੇਣ ਤੋਂ ਨਾਂਹ ਕਰ ਦਿੱਤੀ। ਮੈਂ ਹਾਰ ਕੇ ਬਾਬੂ ਰਾਉ ਪਟੇਲ ਕੋਲ ਗਿਆ ਕਿ ਜੇ ਮੈਨੂੰ ਕੰਪਨੀ ਨੇ ਪੈਸੇ ਨਾ ਦਿੱਤੇ ਤਾਂ ਮੈਂ ਭੁੱਖ ਹੜਤਾਲ ਕਰ ਦਿਆਂਗਾ। ਆਖਰ ਮੈਂ ਜਰਨਿਲਸਟ ਸਾਂ। ਪ੍ਰੈਸ ਮੇਰੇ ਨਾਲ ਸੀ। ਪਟੇਲ ਨੇ ਫੋਨ ਉਤੇ ਕੰਪਨੀ ਦੇ ਮਾਲਕ ਨੂੰ ਇਹ ਦੱਸਿਆ ਤਾਂ ਉਨ੍ਹਾਂ ਮੈਨੂੰ ਬੁਲਾ ਕੇ ਅੱਧੀ ਰਕਮ ਉਤੇ ਸਮਝੌਤਾ ਕਰ ਲੈਣ ਲਈ ਕਿਹਾ। ਨੌਂ ਸੌ ਰੁਪਏ ਦਾ ਚੈੱਕ ਦੇ ਦਿੱਤਾ, ਪਰ ਤਾਰੀਖ ਆਉਣ ‘ਤੇ ਚੈੱਕ ਨੇ ਕੈਸ਼ ਕਿਥੋਂ ਹੋਣਾ ਸੀ! ਅਖੀਰ ਪੰਜ ਸੌ ਰੁਪਏ ਨਕਦ ਦੇ ਕੇ ਉਨ੍ਹਾਂ ਗੱਲ ਮੁਕਾਈ।
ਇਹੀ ਪੰਜ ਸੌ ਰੁਪਏ ਬੋਝੇ ਵਿਚ ਪਾ ਕੇ, ਮੈਂ ਦੁਲਹਨ ਲਈ ਕੁਝ ਸਾੜ੍ਹੀਆਂ ਖਰੀਦੀਆਂ, ਤੇ ਘਰ ਲਈ ਕੁਝ ਮੰਜੇ ਕੁਰਸੀਆਂ ਕਿਸ਼ਤਾਂ ਉਤੇ ਲਈਆਂ। ਇਹ ਕਰਦਿਆਂ ਤੱਕ ਬੋਝੇ ਵਿਚ ਇਕ ਚੁਆਨੀ ਰਹਿ ਗਈ, ਜਿਹਦੇ ਨਾਲ ਮੈਂ ਇਕ ਡੱਬੀ ਸਿਗਰਟਾਂ ਦੀ ਖਰੀਦੀ ਤੇ ਇਕ ਮਾਚਸ।
ਨਾਈ ਕੋਲੋਂ ਹਜਾਮਤ ਮੈਂ ਉਧਾਰ ਕਰਵਾ ਲਈ, ਤੇ ਉਹਦੇ ਹੀ ਗੁਸਲਖਾਨੇ ਵਿਚ ਗਰਮ ਪਾਣੀ ਨਾਲ ਉਧਾਰ ‘ਤੇ ਗੁਸਲ ਕਰ ਲਿਆ। ਹੁਣ ਬਰਾਤ ਦਾ ਸਵਾਲ ਸੀ। ਬਾਬੂ ਰਾਉ ਪਟੇਲ ਨੂੰ ਫੋਨ ਕੀਤਾ ਜਿਹਨੇ ਪੱਤਰਕਾਰਾਂ ਦੀ ਅਤੇ ਫਿਲਮੀ ਅਦਾਕਾਰ ਪਦਮਾ ਨੂੰ ਵਾਲਦਾ ਦੀ ਮਦਦ ਲਈ ਭੇਜ ਦਿੱਤਾ।
ਬਰਾਤ ਵਿਚ ਦੁਲਹਾ ਬਣ ਕੇ ਜਾਣ ਵੇਲੇ ਤੱਕ ਮੇਰੀ ਸਿਗਰਟਾਂ ਦੀ ਡੱਬੀ ਵੀ ਖਤਮ ਹੋ ਚੁੱਕੀ ਸੀ, ਬੋਝੇ ਵਿਚ ਸਿਰਫ਼ ਮਾਚਸ ਰਹਿ ਗਈ ਸੀ, ਉਹ ਵੀ ਅੱਧੀ।
ਸਹੁਰਿਆਂ ਦੇ ਘਰ ਸਾਰੀ ਬਰਾਤ ਨੇ ਰੋਟੀ ਖਾਧੀ, ਤੇ ਜਦੋਂ ਦੁਲਹਨ ਨੂੰ ਲੈ ਕੇ ਘਰ ਆਇਆ, ਅੰਗ ਅੰਗ ਥਕਾਵਟ ਨਾਲ ਦੁਖਦਾ ਪਿਆ ਸੀ… ਉਤੋਂ ਦੋਸਤਾਂ ਮਿੱਤਰਾਂ ਦੇ ਵਿਦਾ ਹੋਣ ਲੱਗਿਆਂ, ਮੇਰੇ ਮਸਖਰੇ ਦੋਸਤ ਮਿਰਜ਼ਾ ਮੁਸ਼ੱਰਫ਼ ਨੇ ਮੇਰੇ ਕੰਨ ਵਿਚ ਕਿਹਾ- “ਮੁੰਨੇ! ਵੇਖੀਂ! ਸਾਡੀ ਨੱਕ ਨਾ ਕੱਟੀ ਜਾਏ…।”
ਦੂਸਰੀ ਸਵੇਰ ਮੈਂ ਮਹਿਸੂਸ ਕੀਤਾ ਕਿ ਮੇਰੇ ਵਜੂਦ ਦਾ ਇਕ ਚੌਥਾਈ ਹਿੱਸਾ ਸ਼ੌਹਰ ਬਣ ਚੁੱਕਾ ਹੈ… ਤੇ ਇਸ ਅਹਿਸਾਸ ਨਾਲ ਮੈਨੂੰ ਬੜਾ ਇਤਮੀਨਾਨ ਹਾਸਲ ਹੋਇਆ। ਬਾਹਰ ਛੱਜੇ ਵਿਚ ਮੈਨੂੰ ਰੱਸੀ ਟੰਗੀ ਹੋਈ ਨਜ਼ਰ ਆਉਣ ਲੱਗੀ ਜਿਥੇ ਨਿੱਕੇ ਪੋਤੜੇ ਟੰਗੇ ਹੋਏ ਸਨ।

  • 1
  • …
  • 489
  • 490
  • 491
  • 492
  • 493
  • …
  • 496

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close