ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ
ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ ।
ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ
ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ ।
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ ,
ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ।
ਇੱਕ ਬਹੁਤ ਵੱਡਾ ਵਿਸ਼ਾਲ ਰੁੱਖ ਸੀ । ਉਸ ਤੇ ਦਰਜਨਾਂ ਹੰਸ ਰਹਿੰਦੇ ਸਨ । ਉਨ੍ਹਾਂ ਵਿੱਚ ਇੱਕ ਬਹੁਤ ਸਿਆਣਾ ਹੰਸ ਸੀ, ਸੂਝਵਾਨ ਅਤੇ ਬਹੁਤ ਦੂਰਦਰਸ਼ੀ । ਸਭ ਉਸਨੂੰ ਇੱਜ਼ਤ ਨਾਲ ‘ਤਾਇਆ’ ਕਹਿਕੇ ਬੁਲਾਉਂਦੇ ਸਨ। ਇੱਕ ਦਿਨ ਉਸਨੇ ਇੱਕ ਛੋਟੀ–ਜਿਹੀ ਵੇਲ ਨੂੰ ਰੁੱਖ ਦੇ ਤਣੇ ਤੇ ਬਹੁਤ ਹੇਠਾਂ ਚਿੰਮੜਿਆ ਪਾਇਆ। ਤਾਏ ਨੇ ਦੂਜੇ ਹੰਸਾਂ ਨੂੰ ਸੱਦ ਕੇ ਕਿਹਾ “ਵੇਖੋ, ਇਸ ਵੇਲ ਨੂੰ ਨਸ਼ਟ ਕਰ ਦੇਵੋ। ਇੱਕ ਦਿਨ ਇਹ ਵੇਲ ਸਾਨੂੰ ਸਾਰਿਆਂ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ।”
ਇੱਕ ਜਵਾਨ ਹੰਸ ਹੱਸਦੇ ਹੋਏ ਬੋਲਿਆ “ਤਾਇਆ, ਇਹ ਛੋਟੀ–ਜਿਹੀ ਵੇਲ ਸਾਨੂੰ ਕਿਵੇਂ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ?”
ਸਿਆਣੇ ਹੰਸ ਨੇ ਸਮਝਾਇਆ “ਅੱਜ ਇਹ ਤੈਨੂੰ ਛੋਟੀ ਜਿਹੀ ਲੱਗ ਰਹੀ ਹੈ। ਹੌਲ਼ੀ–ਹੌਲ਼ੀ ਇਹ ਰੁੱਖ ਦੇ ਸਾਰੇ ਤਣੇ ਨੂੰ ਲਪੇਟਾ ਮਾਰਕੇ ਉਪਰ ਤੱਕ ਆ ਜਾਵੇਗੀ। ਫਿਰ ਵੇਲ ਦਾ ਤਣਾ ਮੋਟਾ ਹੋਣ ਲੱਗੇਗਾ ਅਤੇ ਰੁੱਖ ਨਾਲ ਚਿਪਕ ਜਾਵੇਗਾ, ਤਦ ਹੇਠੋਂ ਉਪਰ ਤਕ ਰੁੱਖ ਤੇ ਚੜ੍ਹਣ ਲਈ ਪੌੜੀ ਬਣ ਜਾਵੇਗੀ। ਕੋਈ ਵੀ ਸ਼ਿਕਾਰੀ ਪੌੜੀ ਦੇ ਸਹਾਰੇ ਚੜ੍ਹ ਕੇ ਸਾਡੇ ਤੱਕ ਪਹੁੰਚ ਜਾਏਗਾ ਅਤੇ ਅਸੀਂ ਸਾਰੇ ਮਾਰੇ ਜਾਵਾਂਗੇ।”
ਦੂਜੇ ਹੰਸ ਨੂੰ ਭਰੋਸਾ ਨਹੀਂ ਆਇਆ, “ਇੱਕ ਛੋਟੀ ਜਿਹੀ ਵੇਲ ਕਿਵੇਂ ਪੌੜੀ ਬਣੇਗੀ ?”
ਤੀਜਾ ਹੰਸ ਬੋਲਿਆ, “ਤਾਇਆ, ਤੂੰ ਤਾਂ ਇੱਕ ਛੋਟੀ ਜਿਹੀ ਵੇਲ ਨੂੰ ਖਿੱਚ ਕੇ ਜ਼ਿਆਦਾ ਹੀ ਲੰਬਾ ਕਰ ਰਿਹਾ ਹੈਂ।”
ਇੱਕ ਹੰਸ ਬੁੜਬੁੜਾਇਆ, “ਇਹ ਤਾਇਆ ਆਪਣੀ ਅਕਲ ਦਾ ਰੋਹਬ ਪਾਉਣ ਲਈ ਅੰਟ-ਸ਼ੰਟ ਕਹਾਣੀ ਬਣਾ ਰਿਹਾ ਹੈ।”
ਇਸ ਪ੍ਰਕਾਰ ਕਿਸੇ ਵੀ ਹੰਸ ਨੇ ਤਾਏ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇੰਨੀ ਦੂਰ ਤੱਕ ਵੇਖ ਸਕਣ ਦੀ ਉਨ੍ਹਾਂ ਵਿੱਚ ਅਕਲ ਕਿੱਥੇ ਸੀ ?
ਸਮਾਂ ਗੁਜ਼ਰਦਾ ਰਿਹਾ। ਵੇਲ ਚਿੰਮੜਦੇ-ਲਿਪਟਦੇ ਉਪਰ ਸ਼ਾਖਾਵਾਂ ਤੱਕ ਪਹੁੰਚ ਗਈ। ਵੇਲ ਦਾ ਤਣਾ ਮੋਟਾ ਹੋਣਾ ਸ਼ੁਰੂ ਹੋਇਆ ਅਤੇ ਸਚਮੁੱਚ ਹੀ ਰੁੱਖ ਦੇ ਤਣੇ ਤੇ ਪੌੜੀ ਬਣ ਗਈ। ਜਿਸ ਤੇ ਸੌਖ ਨਾਲ ਚੜਿਆ ਜਾ ਸਕਦਾ ਸੀ। ਸਾਰਿਆਂ ਨੂੰ ਤਾਏ ਦੀ ਗੱਲ ਦੀ ਸੱਚਾਈ ਸਾਹਮਣੇ ਨਜ਼ਰ ਆਉਣ ਲੱਗੀ। ਪਰ ਹੁਣ ਕੁੱਝ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਵੇਲ ਇੰਨੀ ਮਜਬੂਤ ਹੋ ਗਈ ਸੀ ਕਿ ਉਸਨੂੰ ਨਸ਼ਟ ਕਰਨਾ ਹੰਸਾਂ ਦੇ ਵੱਸ ਦੀ ਗੱਲ ਨਹੀਂ ਸੀ । ਇੱਕ ਦਿਨ ਜਦੋਂ ਸਾਰੇ ਹੰਸ ਦਾਣਾ ਚੁਗਣ ਬਾਹਰ ਗਏ ਹੋਏ ਸਨ ਤਦ ਇੱਕ ਚਿੜੀਮਾਰ ਉਧਰ ਆ ਨਿਕਲਿਆ। ਰੁੱਖ ਤੇ ਬਣੀ ਪੌੜੀ ਨੂੰ ਵੇਖਦੇ ਹੀ ਉਸਨੇ ਰੁੱਖ ਤੇ ਚੜ੍ਹ ਕੇ ਜਾਲ ਵਿਛਾਇਆ ਅਤੇ ਚਲਾ ਗਿਆ। ਸਾਂਝ ਨੂੰ ਸਾਰੇ ਹੰਸ ਪਰਤ ਆਏ ਅਤੇ ਰੁੱਖ ਤੇ ਉੱਤਰੇ ਤਾਂ ਚਿੜੀਮਾਰ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਏ। ਜਦੋਂ ਉਹ ਜਾਲ ਵਿੱਚ ਫਸ ਗਏ ਅਤੇ ਫੜਫੜਾਉਣ ਲੱਗੇ, ਤਦ ਉਨ੍ਹਾਂ ਨੂੰ ਤਾਏ ਦੀ ਅਕਲਮੰਦੀ ਅਤੇ ਦੂਰ-ਦ੍ਰਿਸ਼ਟੀ ਦਾ ਪਤਾ ਲਗਾ । ਸਭ ਤਾਏ ਦੀ ਗੱਲ ਨਾ ਮੰਨਣ ਲਈ ਸ਼ਰਮਿੰਦਾ ਸਨ ਅਤੇ ਆਪਣੇ ਆਪ ਨੂੰ ਕੋਸ ਰਹੇ ਸਨ । ਤਾਇਆ ਸਭ ਨਾਲ ਰੁਸ਼ਟ ਸੀ ਅਤੇ ਚੁਪ ਬੈਠਾ ਹੋਇਆ ਸੀ ।
ਇੱਕ ਹੰਸ ਨੇ ਹਿੰਮਤ ਕਰਕੇ ਕਿਹਾ “ਤਾਇਆ, ਅਸੀਂ ਮੂਰਖ ਹਾਂ, ਲੇਕਿਨ ਹੁਣ ਸਾਡੇ ਤੋਂ ਮੂੰਹ ਨਾ ਫੇਰੋ।”
ਦੂਜਾ ਹੰਸ ਬੋਲਿਆ, “ਇਸ ਸੰਕਟ ਵਿੱਚੋਂ ਨਿਕਲਣ ਦੀ ਤਰਕੀਬ ਤੁਸੀਂ ਹੀ ਸਾਨੂੰ ਦੱਸ ਸਕਦੇ ਹੋ। ਅੱਗੇ ਤੋਂ ਅਸੀਂ ਤੁਹਾਡੀ ਕੋਈ ਗੱਲ ਨਹੀਂ ਟਾਲਾਂਗੇ।” ਸਾਰੇ ਹੰਸਾਂ ਨੇ ਹਾਮੀ ਭਰੀ ਤਦ ਤਾਏ ਨੇ ਉਨ੍ਹਾਂ ਨੂੰ ਦੱਸਿਆ “ਮੇਰੀ ਗੱਲ ਧਿਆਨ ਨਾਲ ਸੁਣੋ । ਸਵੇਰੇ ਜਦੋਂ ਚਿੜੀਮਾਰ ਆਵੇਗਾ, ਤਦ ਮੁਰਦਾ ਹੋਣ ਦਾ ਡਰਾਮਾ ਕਰਨਾ । ਚਿੜੀਮਾਰ ਥੋਨੂੰ ਮੁਰਦਾ ਸਮਝ ਕੇ ਜਾਲ ਤੋਂ ਕੱਢ ਜ਼ਮੀਨ ਤੇ ਰਖਦਾ ਜਾਵੇਗਾ । ਉੱਥੇ ਵੀ ਮਰਿਆਂ ਵਾਂਗ ਪਏ ਰਹਿਣਾ । ਜਿਵੇਂ ਹੀ ਉਹ ਅਖੀਰਲੇ ਹੰਸ ਨੂੰ ਹੇਠਾਂ ਰੱਖੇਗਾ, ਮੈਂ ਸੀਟੀ ਬਜਾਊਂਗਾ । ਮੇਰੀ ਸੀਟੀ ਸੁਣਦੇ ਹੀ ਸਭਨਾਂ ਨੇ ਉੱਡ ਜਾਣਾ ।”
ਸਵੇਰੇ ਚਿੜੀਮਾਰ ਆਇਆ । ਹੰਸਾਂ ਨੇ ਉਵੇਂ ਹੀ ਕੀਤਾ ਜਿਵੇਂ ਤਾਏ ਨੇ ਸਮਝਾਇਆ ਸੀ । ਸਚਮੁੱਚ ਚਿੜੀਮਾਰ ਹੰਸਾਂ ਨੂੰ ਮੁਰਦਾ ਸਮਝ ਕੇ ਜ਼ਮੀਨ ਤੇ ਪਟਕਦਾ ਗਿਆ । ਸੀਟੀ ਦੀ ਅਵਾਜ ਦੇ ਨਾਲ ਹੀ ਸਾਰੇ ਹੰਸ ਉੱਡ ਗਏ । ਚਿੜੀਮਾਰ ਅਵਾਕ ਹੋਕੇ ਵੇਖਦਾ ਰਹਿ ਗਿਆ ।
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ
ਬੋਲਣਾ ਵੀ ਆਉਦਾ ਤੇ ਰੋਲਣਾ ਵੀ ।
ਨਾ ਮੈਂ ਗਿਰਾ ਨਾ ਮੇਰੀ ਉਮੀਦਾਂ ਦੇ ਮੀਨਾਰ ਗਿਰੇ
ਕੁਝ ਲੋਕ ਮੈਨੂੰ ਗਿਰੌਣ ਲਈ ਬਾਰ ਬਾਰ ਗਿਰੇ
ਕਿਸੇ ਸ਼ਹਿਰ ਵਿੱਚ ਚਾਰ ਦੋਸਤ ਰਹਿੰਦੇ ਸਨ । ਉਹ ਹਮੇਸ਼ਾ ਇਕੱਠੇ ਹੀ ਰਹਿੰਦੇ । ਉਨ੍ਹਾਂ ਵਿਚੋਂ ਤਿੰਨ ਬਹੁਤ ਗਿਆਨੀ ਸਨ । ਚੌਥਾ ਦੋਸਤ ਇੰਨਾ ਗਿਆਨੀ ਤਾਂ ਨਹੀਂ ਸੀ ਪਰ ਫਿਰ ਵੀ ਉਹ ਦੁਨੀਆਂਦਾਰੀ ਦੀਆਂ ਗੱਲਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ।
ਇੱਕ ਦਿਨ ਉਨ੍ਹਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਦੂਰ-ਦੂਰ ਦੇਸ਼ਾਂ ਵਿੱਚ ਘੁੰਮ-ਘੁੰਮਕੇ ਉਹਨਾਂ ਨੂੰ ਵੇਖਿਆ ਜਾਵੇ ਤੇ ਨਾਲ ਹੀ ਦੌਲਤ ਕਮਾਈ ਜਾਵੇ। ਉਹ ਘਰੋਂ ਟੁਰ ਪਏ ਤੇ ਛੇਤੀ ਹੀ ਇੱਕ ਸੰਘਣੇ ਜੰਗਲ ਵਿੱਚ ਪੁੱਜ ਗਏ । ਰਾਹ ਵਿੱਚ ਉਨ੍ਹਾਂ ਨੇ ਕਿਸੇ ਜਾਨਵਰ ਦੀਆਂ ਹੱਡੀਆਂ ਜ਼ਮੀਨ ਉੱਤੇ ਖਿੰਡੀਆਂ ਹੋਈਆਂ ਵੇਖੀਆਂ । ਇੱਕ ਗਿਆਨੀ ਬੋਲਿਆ , ”ਸਾਨੂੰ ਆਪਣਾ ਗਿਆਨ ਪਰਖਣ ਦਾ ਮੌਕਾ ਮਿਲ ਗਿਆ ਹੈ। ਇਹ ਹੱਡੀਆਂ ਕਿਸੇ ਮਰੇ ਹੋਏ ਜਾਨਵਰ ਦੀਆਂ ਹਨ। ਮੈਂ ਉਨ੍ਹਾਂ ਨੂੰ ਦੁਬਾਰਾ ਜੋੜ ਦੇਵਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਇਨ੍ਹਾਂ ਹੱਡੀਆਂ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ।”
ਦੂਜੇ ਦੋਸਤ ਨੇ ਕਿਹਾ, ”ਮੈਂ ਇਸ ਜਾਨਵਰ ਉੱਤੇ ਮਾਸ ਅਤੇ ਖੱਲ ਚੜ੍ਹਾ ਦੇਵਾਂਗਾ ਤੇ ਨਾਲ ਹੀ ਖੂਨ ਪਾ ਦੇਵਾਂਗਾ।”
ਤੀਜੇ ਦੋਸਤ ਨੇ ਕਿਹਾ, ”ਮੈਂ ਆਪਣੇ ਅਮੁੱਲ ਗਿਆਨ ਨਾਲ ਇਸ ਜਾਨਵਰ ਨੂੰ ਜਿੰਦਾ ਕਰ ਦੇਵਾਂਗਾ।”
ਪਹਿਲੇ ਗਿਆਨੀ ਜਵਾਨ ਨੇ ਉਸ ਜਾਨਵਰ ਦੀਆਂ ਹੱਡੀਆਂ ਸਹੀ-ਸਹੀ ਜੋੜ ਦਿੱਤੀਆਂ ਅਤੇ ਦੂਜੇ ਨੇ ਉਸ ਉੱਤੇ ਮਾਸ ਅਤੇ ਖੱਲ ਚੜ੍ਹਾ ਦਿੱਤੀ ਅਤੇ ਖੂਨ ਪਾ ਦਿੱਤਾ।
ਚੌਥਾ ਜਵਾਨ ਜ਼ੋਰ-ਜ਼ੋਰ ਦੀ ਰੌਲਾ ਪਾਉਣ ਲੱਗਾ, ”ਰੁਕ ਜਾਓ ! ਇਸ ਜਾਨਵਰ ਵਿੱਚ ਜਾਨ ਨਾ ਪਾਇਓ, ਇਹ ਤਾਂ ਸ਼ੇਰ ਹੈ ।”
ਪਰ ਗਿਆਨੀ ਦੋਸਤਾਂ ਨੇ ਉਸਦੀ ਗੱਲ ਨਾ ਸੁਣੀ। ਉਨ੍ਹਾਂ ਨੇ ਉਸ ਨੂੰ ਜਿਉਂਦਾ ਕਰਨ ਦੀ ਪੱਕੀ ਧਾਰੀ ਹੋਈ ਸੀ। ਦੁਨੀਆਂਦਾਰੀ ਜਾਣਨ ਵਾਲਾ ਦੋਸਤ ਕਾਹਲੀ ਨਾਲ ਲਾਗਲੇ ਰੁੱਖ ਉੱਤੇ ਚੜ੍ਹ ਗਿਆ ਅਤੇ ਵੇਖਣ ਲਗਾ। ਤੀਜੇ ਦੋਸਤ ਨੇ ਸ਼ੇਰ ਵਿੱਚ ਜਾਨ ਪਾ ਦਿੱਤੀ । ਸ਼ੇਰ ਜਿਉਂਦਾ ਹੁੰਦਿਆਂ ਹੀ ਦਹਾੜਨ ਲੱਗਾ ਅਤੇ ਤਿੰਨੇ ਗਿਆਨੀਆਂ ਉੱਤੇ ਝਪਟਿਆ । ਚੌਥੇ ਦੋਸਤ ਦੇ ਵਿੰਹਦਿਆਂ-ਵਿੰਹਦਿਆਂ ਹੀ ਸ਼ੇਰ ਨੇ ਉਹਨਾਂ ਨੂੰ ਮਾਰ ਦਿੱਤਾ । ਚੌਥੇ ਦੋਸਤ ਨੂੰ ਦੁੱਖ ਤਾਂ ਬੜਾ ਹੋਇਆ ਪਰ ਉਹ ਕੀ ਕਰ ਸਕਦਾ ਸੀ।
ਸਿੱਖਿਆ :- ਅਕਲ ਤੋਂ ਬਿਨਾਂ ਗਿਆਨ ਮਾਰੂ ਹੋ ਸਕਦਾ ਹੈ ।
ਦਲਵਾਈ ਦਾ ਦਿਨ ਸੀ। ਮੀਂਹ ਕਦੇ ਪੈਣ ਲੱਗਦਾ ਕਦੇ ਹਟ ਜਾਂਦਾ। ਗਰਮੀ ਘਟ ਗਈ ਸੀ। ਮੌਸਮ ਸੁਹਾਵਣਾ ਹੋ ਗਿਆ ਸੀ। ਅੱਜ ਛੁੱਟੀ ਦਾ ਦਿਨ ਸੀ। ਮਾਂ ਨੇ ਖੀਰ-ਪੂੜੇ ਬਣਾਏ। ਪਤੀ ਅਤੇ ਪੁੱਤਰ ਨੂੰ ਆ ਕੇ ਖਾ ਲੈਣ ਲਈ ਆਵਾਜ਼ਾਂ ਦੇਣ ਲੱਗੀ।
‘‘ਤੇਰੀ ਮਾਂ ਨੂੰ ਪਕਾਉਣ-ਖਾਣ ਤੋਂ ਬਿਨਾਂ ਦੂਜਾ ਕੋਈ ਕੰਮ ਨਹੀਂ।’’ ਪਾਪਾ ਨੇ ਰਿਸ਼ੀ ਵੱਲ ਤੱਕ ਕੇ ਹੱਸ ਕੇ ਆਖਿਆ।
‘‘ਅੰਨ ਵਿਚ ਹੀ ਪ੍ਰਾਣ ਨੇ। ਸਿਆਣਿਆਂ ਨੇ ਆਖਿਆ ਹੈ ‘ਜਿਹੋ ਜਿਹਾ ਅੰਨ ਉਹੋ ਜਿਹਾ ਮਨ।’ ਜੇ ਖਾਣਾ ਪੀਣਾ ਜ਼ਰੂਰੀ ਨਾ ਹੁੰਦਾ ਤਾਂ ਰੱਬ ਬੰਦੇ ਦੇ ਢਿੱਡ ਹੀ ਕਾਹਤੋਂ ਲਗਾਉਂਦਾ।’’ ਮਾਂ ਨੇ ਕਿਹਾ।
‘‘ਪਾਪਾ, ਮੰਮੀ ਨੇ ਐਨੇ ਵਧੀਆ ਖੀਰ-ਪੂੜੇ ਬਣਾਏ ਨੇ ਕ੍ਰਿਟੀਸਿਜ਼ਮ ਨਾ ਕਰੋ।’’ ਰਿਸ਼ੀ ਪੂੜੇ ਦੀ ਬੁਰਕੀ ਤੋੜਦਾ ਬੋਲਿਆ।
‘‘ਇਨ੍ਹਾਂ ਨੇ ਤਾਂ ਮੇਰੀ ਹਰੇਕ ਗੱਲ ਦੇ ਉਲਟ ਬੋਲਣਾ ਹੀ ਹੋਇਆ।’’ ਮਾਂ ਨੇ ਪੂੜਾ ਪਾਪਾ ਦੀ ਪਲੇਟ ’ਚ ਰੱਖਦਿਆਂ ਆਖਿਆ।
‘‘ਰਿਸ਼ੀ ਤੇਰੀ ਮਾਂ ਬੜੀ ਚੰਗੀ ਹੈ ਕਿਉਂਕਿ ਤੇਰਾ ਵੀ ਧਿਆਨ ਰੱਖਦੀ ਹੈ ਮੇਰਾ ਵੀ ਧਿਆਨ ਰੱਖਦੀ ਹੈ। ਫ਼ਜ਼ੂਲ ਖ਼ਰਚ ਕੋਈ ਨਹੀਂ ਕਰਦੀ। ਨਾਲੇ ਦੇਖਦਾ ਨਹੀਂ ਪਿੰਡੋਂ ਜਦੋਂ ਤੇਰੀ ਦਾਦੀ ਆਉਂਦੀ ਹੈ ਉਸ ਨਾਲ ਕਿੰਨੀ ਮਿੱਠੀ ਬਣ ਜਾਂਦੀ ਹੈ।’’ ਪਾਪਾ ਆਖ ਰਹੇ ਸਨ।
‘‘ਮੈਂ ਸਭ ਜਾਣਦੀ ਹਾਂ। ਪਹਿਲਾਂ ਜੋ ਮਰਜ਼ੀ ਆਖ ਦਿੰਦੇ ਹੋ ਮਗਰੋਂ ਪੋਚੇ ਮਾਰ ਦਿੰਦੇ ਹੋ।’’ ਮਾਂ ਹੱਸ ਕੇ ਬੋਲੀ।
‘‘ਹਾਂ ਸੱਚ ਸੁਣੋ। ਦਫ਼ਤਰੋਂ ਆਉਂਦੇ ਹੋਏ ਆਪਣੇ ਨਾਈਟ ਸੂਟ ਦਾ ਕੱਪੜਾ ਫੜ ਲਿਆਉਣਾ। ਬਣਾ ਮੈਂ ਦਿਆਂਗੀ।’’ ਮਾਂ ਨੂੰ ਕੁਝ ਯਾਦ ਆਇਆ।
‘‘ਮੇਰੀ ਛੱਡੋ, ਰਿਸ਼ੀ ਦਾ ਫ਼ਿਕਰ ਕਰੋ। ਇਸ ਦੀ ਪੋਸਟਿੰਗ ਦੀ ਚਿੱਠੀ ਆਉਣ ਹੀ ਵਾਲੀ ਹੈ। ਨਾਲੇ ਦੇਖ ਲਓ ਰਿਸ਼ੀ ਆਖਦਾ ਸੀ ਇਮਤਿਹਾਨ ਅਗਲੀ ਵਾਰ ਦਿਆਂਗਾ। ਐਤਕੀਂ ਤਿਆਰੀ ਚੰਗੀ ਨਹੀਂ। ਫੇਰ ਵੀ ਉਹ ਪਾਸ ਹੋ ਗਿਆ। ਇੰਟਰਵਿਊ ’ਚ ਲੰਘ ਗਿਆ। ਪੀਸੀਐੱਸ ਵਿਚੋਂ ਪਾਸ ਹੋ ਜਾਣਾ ਕੋਈ ਛੋਟੀ ਗੱਲ ਨਹੀਂ। ਮੈਂ ਜਾਣਦਾ ਸੀ ਕਿ ਮੇਰਾ ਪੁੱਤਰ ਜੋ ਹੈ, ਲਾਈਕ ਤਾਂ ਹੋਵੇਗਾ ਹੀ।’’ ਪਾਪਾ ਨੇ ਪੂੜਾ ਖਾਂਦਿਆਂ ਕਿਹਾ।
‘‘ਆਹੋ ਜੀ, ਜੇ ਚੰਗਾ ਤਾਂ ਆਖਣਗੇ ਪਿਓ ਦਾ ਪੁੱਤਰ ਹੈ ਜੇ ਮਾੜਾ ਹੈ ਤਾਂ ਆਖਣਗੇ ਕਿ ਮਾਂ ਦਾ ਵਿਗਾੜਿਆ ਹੋਇਆ ਹੈ।’’ ਮਾਂ ਨੇ ਕਿਹਾ।
‘‘ਚਲੋ ਝਗੜਾ ਛੱਡੋ ਜੀ। ਮੈਂ ਤਾਂ ਤੁਹਾਡਾ ਦੋਵਾਂ ਦਾ ਪੁੱਤਰ ਹਾਂ।’’ ਰਿਸ਼ੀ ਨੇ ਹੱਸ ਕੇ ਕਿਹਾ।
‘‘ਕਿਤੇ ਪੋਸਟਿੰਗ ਬਹੁਤੀ ਦੂਰ ਦੀ ਤਾਂ ਨਹੀਂ ਹੋਊਗੀ।’’ ਮਾਂ ਨੇ ਥੋੜ੍ਹੀ ਚਿੰਤਾਤੁਰ ਹੋ ਕੇ ਕਿਹਾ।
‘‘ਲਓ ਜੀ, ਪਹਿਲਾਂ ਰਿਸ਼ੀ ਦੀ ਨੌਕਰੀ ਦੀ ਚਿੰਤਾ ਸੀ। ਹੁਣ ਦੂਰ-ਨੇੜੇ ਦੀ ਪੋਸਟਿੰਗ ਦਾ ਖ਼ਿਆਲ ਆ ਗਿਆ। ਜਿੱਥੇ ਦੀ ਵੀ ਹੋਈ ਜਾਵੇ, ਜਾਣਾ ਤਾਂ ਪਊਗਾ ਹੀ।’’ ਪਾਪਾ ਨੇ ਕਿਹਾ।
‘‘ਬੜੇ ਸੁਆਦ ਸੀ ਖੀਰ-ਪੂੜੇ। ਰਾਤ ਨੂੰ ਇਕ-ਅੱਧਾ ਫੁਲਕਾ ਹੀ ਖਾਵਾਂਗਾ।’’ ਪਾਪਾ ਨੇ ਕਿਹਾ।
‘‘ਹਾਲੇ ਰਾਤ ਨੂੰ ਵੀ ਖਾਓਗੇ?’’ ਮਾਂ ਨੇ ਮਜ਼ਾਕ ਕੀਤਾ।
ਰਿਸ਼ੀ ਹੱਥ ਧੋ ਕੇ ਆਪਣੇ ਕਮਰੇ ਵੱਲ ਚਲਿਆ ਗਿਆ।
‘‘ਮੁੰਡੇ ਤੇਰੇ ਨੂੰ ਵਧੀਆ ਨੌਕਰੀ ਮਿਲ ਰਹੀ ਹੈ। ਹੁਣ ਇਸ ਦੇ ਵਿਆਹ ਬਾਰੇ ਸੋਚ।’’ ਪਾਪਾ ਨੇ ਕਿਹਾ।
‘‘ਮੈਨੂੰ ਤਾਂ ਸਾਊ ਕੁੜੀ ਚਾਹੀਦੀ ਐ।’’ ਮਾਂ ਨੇ ਕੁਰਸੀ ’ਤੇ ਬੈਠਦੇ ਹੋਏ ਕਿਹਾ।
‘‘ਮੈਨੂੰ ਸਾਊ ਪਰਿਵਾਰ ਚਾਹੀਦਾ ਐ।’’ ਪਾਪਾ ਨੇ ਕਿਹਾ।
‘‘ਜਿਸ ਦੇ ਸੰਜੋਗ ਹੋਏ, ਮਿਲ ਜਾਊਗੀ।’’ ਮਾਂ ਨੇ ਕਿਹਾ।
ਰਿਸ਼ੀ ਦੀ ਪੋਸਟਿੰਗ ਅੰਮ੍ਰਿਤਸਰ ਦੀ ਹੋਈ ਸੀ। ਸਰਕਾਰੀ ਕੋਠੀ ਅਜੇ ਖਾਲੀ ਨਹੀਂ ਸੀ। ਮਹਿਕਮੇ ਵਾਲਿਆਂ ਨੇ ਆਪ ਹੀ ਚੰਗੇ ਇਲਾਕੇ ’ਚ ਇਕ ਨਵਾਂ ਬਣਿਆ ਘਰ ਲੱਭ ਰੱਖਿਆ ਸੀ। ਮਾਂ ਤੇ ਪਾਪਾ ਆਪ ਉਸ ਨੂੰ ਛੱਡਣ ਗਏ। ਕੁਝ ਚੀਜ਼ਾਂ ਘਰੋਂ ਲੈ ਗਏ ਸਨ ਤੇ ਕੁਝ ਉੱਥੋਂ ਲੈ ਲਈਆਂ ਸਨ। ਇਕ-ਦੋ ਦਿਨ ’ਚ ਘਰ ਸੈੱਟ ਕਰਵਾ ਕੇ ਮਾਂ ਤੇ ਪਾਪਾ ਮੁੜ ਆਏ ਸਨ। ਛੋਟੂ ਦੇ ਪਿਓ ਨੂੰ ਦਸ ਦਿਨਾਂ ਦੀ ਛੁੱਟੀ ਦਿਵਾ ਕੇ ਉਸ ਕੋਲ ਛੱਡ ਆਏ ਸਨ ਤਾਂ ਜੋ ਉਸ ਦੇ ਚਪੜਾਸੀ ਨੂੰ ਉਸ ਦੇ ਖਾਣ-ਪੀਣ ਬਾਰੇ ਸਮਝਾ ਦੇਵੇ।
ਮਾਂ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਉਸ ਦਾ ਵਿਆਹ ਕਰ ਦਿੱਤਾ ਜਾਏ। ਕੋਈ ਘਰ ਸੰਭਾਲਣ ਲਈ ਵੀ ਚਾਹੀਦੀ ਐ। ਮਾਂ ਦੀ ਬਸ ਇਕੋ ਮੰਗ ਸੀ ਕਿ ਕੁੜੀ ਸਾਊ ਤੇ ਮੇਰੇ ਪੁੱਤਰ ਦਾ ਖ਼ਿਆਲ ਰੱਖਣ ਵਾਲੀ ਹੋਵੇ। ਪਾਪਾ ਸੋਚਦੇ ਸਨ ਕਿ ਚੰਗੇ ਖਾਨਦਾਨ, ਚੰਗੇ ਘਰ ਦੀ, ਸੰਸਕਾਰਾਂ ਵਾਲੀ ਲੜਕੀ ਹੋਵੇ। ਰਿਸ਼ੀ ਭਾਵੇਂ ਆਖਦਾ ਸੀ ਜਿਹੜੀ ਤੁਹਾਨੂੰ ਠੀਕ ਲੱਗਦੀ ਐ ਲੱਭ ਲਵੋ। ਵਿਚੋਂ ਉਸਦਾ ਮਨ ਸੀ ਕਿ ਕੁੜੀ ਸੋਹਣੀ ਜ਼ਰੂਰ ਹੋਵੇ।
ਉਨ੍ਹਾਂ ਦੀ ਗੁਆਂਢਣ ਸੱਤਿਆ ਦੇਵੀ ਦੀ ਪਹਿਲਾਂ ਤੋਂ ਹੀ ਰਿਸ਼ੀ ਉਪਰ ਨਜ਼ਰ ਸੀ। ਹੁਣ ਮੌਕਾ ਦੇਖ ਕੇ ਉਸਨੇ ਆਪਣੀ ਭਤੀਜੀ ਲਈ ਵਿਆਹ ਦੀ ਗੱਲ ਤੋਰੀ। ਉਸਨੇ ਉਨ੍ਹਾਂ ਕੋਲ ਆਪਣੀ ਭਤੀਜੀ ਨੀਲਮ ਦੀ ਰੱਜ ਕੇ ਤਾਰੀਫ਼ ਕੀਤੀ। ਮਾਂ ਨੇ ਉਹ ਵੇਖੀ ਹੋਈ ਸੀ। ਪਾਪਾ ਨੇ ਉਸ ਦੇ ਅੱਗੇ-ਪਿੱਛੇ, ਘਰ-ਬਾਰ ਦੀ ਪੜਤਾਲ ਵੀ ਕਰ ਲਈ।
ਰਿਸ਼ੀ ਪੰਦਰਾਂ ਦਿਨਾਂ ਮਗਰੋਂ ਪੰਜ-ਛੇ ਘੰਟੇ ਦਾ ਸਫ਼ਰ ਕਰਕੇ ਪਟਿਆਲੇ ਪਹੁੰਚਦਾ ਤੇ ਪੰਜ-ਛੇ ਘੰਟੇ ਦਾ ਸਫ਼ਰ ਕਰਕੇ ਵਾਪਸ ਜਾਂਦਾ। ਜਾਂਦੇ ਨੂੰ ਮਾਂ ਕਈ ਚੀਜ਼ਾਂ ਬਣਾ ਕੇ ਨਾਲ ਦਿੰਦੀ। ਕਈ ਹਦਾਇਤਾਂ ਕਰਦੀ ਹੋਈ ਖ਼ਾਸ ਕਰਕੇ ਖਾਣ-ਪੀਣ ਦਾ ਪੂਰਾ ਖ਼ਿਆਲ ਰੱਖਣ ਲਈ ਆਖ ਦਿੰਦੀ। ਪਾਪਾ ਭਾਵੇਂ ਹੱਸ ਕੇ ਆਖਦੇ, ‘‘ਭਲੀਏ ਲੋਕੇ, ਹੁਣ ਇਹ ਬੱਚਾ ਨਹੀਂ, ਅਫ਼ਸਰ ਹੈ।’’
ਮਾਂ ਅੱਗੋਂ ਉੱਤਰ ਦਿੰਦੀ, ‘‘ਮੇਰੇ ਲਈ ਤਾਂ ਇਹ ਬੱਚਾ ਹੀ ਐ।’’
ਇਸ ਵਾਰੀ ਰਿਸ਼ੀ ਪੰਦਰਾਂ ਦਿਨ ਮਗਰੋਂ ਨਾ ਆ ਸਕਿਆ। ਉਸ ਨੇ ਮਾਂ ਨੂੰ ਚਿੱਠੀ ਲਿਖੀ। ਸਾਰੀ ਚਿੱਠੀ ’ਚ ਮੋਟੇ-ਮੋਟੇ ਅੱਖਰਾਂ ’ਚ ਸਿਰਫ਼ ਏਨਾ ਹੀ ਲਿਖਿਆ ਸੀ ਆਈ ਮਿਸ ਯੂ ਮਾਂ। ਚਿੱਠੀ ਮਾਂ ਨੇ ਕਿੰਨੀ ਹੀ ਵਾਰੀ ਪੜ੍ਹੀ ਸੀ ਤੇ ਉਹਦਾ ਮਨ ਕੀਤਾ ਸੀ ਕਿ ਉਹ ਉੱਡ ਕੇ ਰਿਸ਼ੀ ਕੋਲ ਪਹੁੰਚ ਜਾਏ। ਜਦ ਉਸ ਨੂੰ ਛੱਡ ਕੇ ਆਏ ਸਨ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਉਸ ਦਾ ਮੱਥਾ ਟਿਕਾਉਣ ਲੈ ਕੇ ਗਏ ਸਨ। ਮਾਂ ਸੋਚਦੀ ਸੀ ਕਿ ਕਿੱਡੀ ਸ਼ਾਂਤੀ ਸੀ ਉੱਥੇ ਜਿਵੇਂ ਕੋਈ ਹੋਰ ਹੀ ਦੁਨੀਆ ਹੋਵੇ। ਪਾਠ ਦੀ ਆਵਾਜ਼ ਜਿਵੇਂ ਅੰਬਰਾਂ ਤੋਂ ਆ ਰਹੀ ਹੋਵੇ। ਜਾਂ ਫਿਰ ਸਰੋਵਰ ’ਚ ਨਹਾ ਕੇ ਆ ਰਹੀ ਹੋਵੇ। ਉਹ ਥਾਂ ਸੱਚਮੁੱਚ ਹੀ ਰੱਬ ਦਾ ਘਰ ਲੱਗਦਾ ਸੀ। ਮਨ ਹੀ ਮਨ ਉਸ ਨੇ ਦਰਬਾਰ ਸਾਹਿਬ ਨੂੰ ਚਿਤਵ ਕੇ ਹੱਥ ਜੋੜੇ, ਸਿਰ ਨਿਵਾਇਆ ਤੇ ਜਿਵੇਂ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਮੇਰੇ ਬੇਟੇ ਦੇ ਅੰਗ-ਸੰਗ ਸਹਾਈ ਹੋਈਂ। ਕੋਈ ਚੰਗੀ ਲੜਕੀ ਮਿਲੇ, ਮੇਰਾ ਫ਼ਿਕਰ ਮਿਟੇ।
ਅਗਲੇ ਹਫ਼ਤੇ ਐਤਵਾਰ ਉਹ ਘਰ ਆ ਗਿਆ। ਭਾਵੇਂ ਐਡੀ ਕੋਈ ਲੋੜ ਵੀ ਨਹੀਂ ਸੀ ਉਸ ਨੇ ਇਕ ਛੁੱਟੀ ਵੀ ਲੈ ਲਈ।
ਮਾਂ ਨੇ ਗੁਆਂਢਣ ਨੂੰ ਆਖ ਦਿੱਤਾ ਕਿ ਭਲਕੇ ਉਹ ਆਪਣੀ ਭਤੀਜੀ ਤੇ ਉਹਦੇ ਘਰਦਿਆਂ ਨੂੰ ਬੁਲਾ ਲਵੇ। ਉਹ ਤਾਂ ਪਹਿਲਾਂ ਹੀ ਇਹ ਚਾਹੁੰਦੀ ਸੀ। ਉਸਨੇ ਅੰਬਾਲੇ ਸੁਨੇਹਾ ਭੇਜ ਕੇ ਆਪਣੇ ਭਰਾ-ਭਰਜਾਈ ਤੇ ਨੀਲਮ ਨੂੰ ਸੱਦ ਲਿਆ। ਆਥਣੇ ਰਿਸ਼ੀ ਹੋਰਾਂ ਨੂੰ ਚਾਹ ’ਤੇ ਵੀ ਬੁਲਾ ਲਿਆ।
ਬਸ ਕੁੜੀ ਹੀ ਦੇਖਣੀ ਸੀ। ਬਾਕੀ ਇਨ੍ਹਾਂ ਨੂੰ ਕਿਹੜਾ ਕਿਸੇ ਚੀਜ਼ ਦਾ ਲਾਲਚ ਜਾਂ ਮੰਗ ਸੀ। ਚਾਹ-ਚੂ ਮੁਕਾ ਕੇ ਗੁਆਂਢਣ ਆਪਣੇ ਪਰਿਵਾਰ ਨੂੰ ਦੂਜੇ ਕਮਰੇ ’ਚ ਲੈ ਆਈ ਤਾਂ ਜੋ ਰਿਸ਼ੀ ਦੇ ਮਾਂ-ਪਿਓ ਉਸ ਦੀ ਮਰਜ਼ੀ ਪੁੱਛ ਲੈਣ।
ਦਸ-ਪੰਦਰਾਂ ਮਿੰਟਾਂ ਮਗਰੋਂ ਜਦੋਂ ਰਿਸ਼ੀ ਦੇ ਪਾਪਾ ਨੇ ਕਿਹਾ ਕਿ ਸਾਨੂੰ ਬੇਟੀ ਪਸੰਦ ਹੈ, ਬੇਟੀ ਸਾਡੀ ਹੋਈ। ਇਹ ਕਹਿਣ ’ਤੇ ਲੱਡੂਆਂ ਦਾ ਡੱਬਾ ਤੇ ਇਕ ਮੋਹਰ ਗੁਆਂਢਣ ਨੇ ਆਪਣੇ ਭਰਾ ਤੋਂ ਰਿਸ਼ੀ ਦੇ ਪੱਲੇ ਪੁਆ ਦਿੱਤੀ ਤੇ ਵਧਾਈਆਂ ਦਿੰਦੀ ਹੋਈ ਆਖਣ ਲੱਗੀ ਕਿ ਤਿਆਰੀ ਮੈਂ ਪਹਿਲਾਂ ਹੀ ਕਰ ਰੱਖੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਰੱਬ ਭਲੀ ਕਰੂਗਾ। ਇਉਂ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਪਰਤੇ।
ਘਰ ਪਹੁੰਚਣ ਸਾਰ ਮਾਂ ਨੇ ਫੇਰ ਵਿਆਹ ਦੀ ਚਰਚਾ ਛੇੜੀ।
‘‘ਵਿਆਹ ਕਦੋਂ ਦਾ ਰੱਖੀਏ?’’ ਮਾਂ ਨੇ ਪੁੱਛਿਆ।
‘‘ਤੂੰ ਅਜੇ ਸਾਹ ਤਾਂ ਲੈ। ਬਾਹਰ ਵਾਲਿਆਂ ਨੂੰ ਵੀ ਪੁੱਛਣਾ ਹੈ ਬਈ ਉਹ ਕਦੋਂ ਆ ਸਕਣਗੇ। ਕੁੜੀ ਵਾਲਿਆਂ ਨੂੰ ਵੀ ਤਿਆਰੀ ਲਈ ਸਮਾਂ ਚਾਹੀਦਾ ਹੋਊ। ਤੂੰ ਤੇ ਸੋਚਦੀ ਐਂ ਕਿ ਝਟਪਟ ਨੂੰਹ ਲੈ ਆਈਏੇ।’’ ਪਾਪਾ ਬੋਲੇ।
‘‘ਜਦ ਆਪਾਂ ਕੁੜੀ ਵਾਲਿਆਂ ਕੋਲੋਂ ਕੁਛ ਲੈਣਾ ਹੀ ਨਹੀਂ ਤਾਂ ਤਿਆਰੀ ਉਨ੍ਹਾਂ ਨੇ ਕਾਹਦੀ ਕਰਨੀ ਐ? ਬਾਕੀ ਬਾਹਰ ਵਾਲਿਆਂ ਵਿਚੋਂ ਮੁੰਡਾ ਭਾਵੇਂ ਨਾ ਆ ਸਕੇ, ਪਰ ਤੁਹਾਡੇ ਭਾਈ ਸਾਹਬ ਵਿਹਲੇ ਨੇ ਜਦੋਂ ਮਰਜ਼ੀ ਆ ਜਾਣ।’’ ਮਾਂ ਨੇ ਕਿਹਾ।
‘‘ਤੂੰ ਉਸ ਤੋਂ ਤਾਂ ਪੁੱਛ ਲੈ ਜਿਸਦਾ ਵਿਆਹ ਕਰਨਾ ਹੈ। ਤੂੰ ਆਪ ਹੀ ਰੌਲਾ ਪਾਈ ਜਾਨੀ ਐਂ।’’ ਪਾਪਾ ਬੋਲੇ। ‘‘ਜਦੋਂ ਤੁਹਾਨੂੰ ਠੀਕ ਲੱਗੇ, ਰੱਖ ਲੈਣਾ ਮੈਰਿਜ। ਬਸ ਥੋੜ੍ਹਾ ਜਿਹਾ ਪਹਿਲਾਂ ਦੱਸ ਦੇਣਾ ਤਾਂ ਜੋ ਛੁੱਟੀ ਦਾ ਪ੍ਰਬੰਧ ਹੋ ਸਕੇ।’’ ਰਿਸ਼ੀ ਨੇ ਕਿਹਾ।
‘‘ਚਲੋ, ਦਸੰਬਰ ਦੀਆਂ ਛੁੱਟੀਆਂ ’ਚ ਕਰ ਲਵਾਂਗੇ।’’ ਇਹ ਆਖ ਕੇ ਪਾਪਾ ਨੇ ਗੱਲ ਮੁਕਾਈ।
ਦਸੰਬਰ ’ਚ ਰਿਸ਼ੀ ਦਾ ਨੀਲਮ ਨਾਲ ਵਿਆਹ ਹੋ ਗਿਆ। ਨੀਲਮ ਨੂੰ ਰਿਸ਼ੀ ਦੇ ਨਾਲ ਅੰਮ੍ਰਿਤਸਰ ਭੇਜਣ ਮਗਰੋਂ ਮਾਂ ਦੇ ਫ਼ਿਕਰ ਘਟੇ। ਕੁੜੀ ਸਾਊ ਤੇ ਸਮਝਦਾਰ ਲੱਗਦੀ ਸੀ, ਸੋਹਣੀ ਤਾਂ ਹੈ ਹੀ ਸੀ।
‘‘ਇਹ ਸਾਡੀ ਨੂੰਹ ਵੀ ਐ ਤੇ ਧੀ ਵੀ ਐ। ਇਸ ਦਾ ਭਾਈ ਤੂੰ ਖ਼ਿਆਲ ਰੱਖੀਂ।’’ ਮਾਂ ਨੇ ਜਾਣ ਵੇਲੇ ਰਿਸ਼ੀ ਨੂੰ ਆਖਿਆ ਸੀ।
‘‘ਲੈ ਹੈ, ਇਸ ਨੇ ਮੇਰਾ ਖ਼ਿਆਲ ਰੱਖਣੈ ਕਿ ਮੈਂ ਇਸਦਾ ਰੱਖਣੈ?’’ ਰਿਸ਼ੀ ਨੇ ਕਿਹਾ ਸੀ।
‘‘ਪਾਪਾ ਨੇ ਕਿਹਾ ਸੀ ਕਿ ਤੁਸੀਂ ਇਕ ਦੂਜੇ ਦਾ ਖ਼ਿਆਲ ਰੱਖਿਓ।’’ ਨੀਲਮ ਨੇ ਕਿਹਾ।
ਹੁਣ ਰਿਸ਼ੀ ਪੰਦਰਾਂ ਦਿਨਾਂ ਮਗਰੋਂ ਨਹੀਂ, ਨੀਲਮ ਨੂੰ ਨਾਲ ਲੈ ਕੇ ਮਹੀਨੇ ਡੇਢ ਮਹੀਨੇ ਮਗਰੋਂ ਆਉਂਦਾ। ਉਹ ਇਕ ਦਿਨ ਰਹਿ ਕੇ ਮੁੜ ਜਾਂਦੇ।
ਇਸ ਵਾਰੀ ਰਿਸ਼ੀ ਇਕੱਲਾ ਆਇਆ। ਨੀਲਮ ਆਖਦੀ ਸੀ ਕਿ ਏਨੇ ਲੰਮੇ ਸਫ਼ਰ ’ਚ ਮੈਂ ਥੱਕ ਜਾਂਦੀ ਹਾਂ। ਨਾਲੇ ਉਸ ਦੀ ਮਾਂ ਮਿਲਣ ਆਈ ਹੋਈ ਸੀ।
ਮਾਂ ਨੇ ਬੜੇ ਸਾਲਾਂ ਤੋਂ ਸੰਭਾਲ ਕੇ ਰੱਖਿਆ ਖ਼ੂਬਸੂਰਤ ਕਾਫ਼ੀ ਸੈੱਟ ਜੋ ਉਸ ਦੇ ਪਾਪਾ ਨੇ ਪੈਰਿਸ ਤੋਂ ਲਿਆ ਕੇ ਦਿੱਤਾ ਸੀ ਰਿਸ਼ੀ ਨੂੰ ਦਿੱਤਾ। ਨੀਲਮ ਲਈ ਪਸ਼ਮੀਨੇ ਦਾ ਸ਼ਾਲ ਦਿੱਤਾ। ਰਿਸ਼ੀ ਨੂੰ ਕਿਹਾ ਕਿ ਨੀਲਮ ਨੂੰ ਆਖੀਂ ਘਰ ਰਿਸ਼ੀ ਇਕੱਲਾ ਨਾ ਆਵੇ ਤੂੰ ਨਾਲ ਆਇਆ ਕਰ। ਪਰ ਇਸ ਤੋਂ ਅਗਲੀ ਵਾਰ ਵੀ ਰਿਸ਼ੀ ਇਕੱਲਾ ਹੀ ਘਰ ਆਇਆ ਸੀ। ਮਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਰਿਸ਼ੀ ਦਾ ਜਵਾਬ ਸੀ ਕਿ ਉਸ ਦੀ ਤਬੀਅਤ ਠੀਕ ਨਹੀਂ ਸੀ।
‘‘ਜੇ ਉਸਦੀ ਤਬੀਅਤ ਠੀਕ ਨਹੀਂ ਸੀ ਫੇਰ ਤੂੰ ਨਹੀਂ ਸੀ ਆਉਣਾ।’’ ਮਾਂ ਨੇ ਕਿਹਾ।
‘‘ਉਸ ਦੀ ਰੋਜ਼ ਹੀ ਤਬੀਅਤ ਢਿੱਲੀ ਰਹਿੰਦੀ ਐ।’’ ‘‘ਕੀ ਕੋਈ ਖ਼ੁਸ਼ਖਬਰੀ ਹੈ ਰਾਜਾ ਬੇਟਾ।’’
‘‘ਪਤਾ ਨਹੀਂ, ਮੇਰੇ ਨਾਲ ਚਲਣਾ ਉਸ ਨੂੰ ਪੁੱਛ ਲੈਣਾ।’’ ਰਿਸ਼ੀ ਨੇ ਕਿਹਾ।
ਮਾਂ ਨੇ ਪਾਪਾ ਨੂੰ ਦੱਸਿਆ ਕਿ ਮੈਂ ਦੋ ਦਿਨ ਲਈ ਰਿਸ਼ੀ ਨਾਲ ਚੱਲੀ ਹਾਂ। ‘‘ਤੇ ਮੇਰਾ ਕੀ ਬਣੂਗਾ?’’ ਪਾਪਾ ਨੇ ਪੁੱਛਿਆ। ‘‘ਛੋਟੂ ਨੂੰ ਸਭ ਸਮਝਾ ਕੇ ਜਾਵਾਂਗੀ। ਕੋਈ ਖ਼ਾਸ ਚੀਜ਼ ਖਾਣੀ ਹੋਈ ਤਾਂ ਚਾਵਲਾ ਵਾਲਿਆਂ ਤੋਂ ਮੰਗਵਾ ਲਿਓ।’’ ਮਾਂ ਨੇ ਕਿਹਾ। ਮਾਂ ਰਿਸ਼ੀ ਨਾਲ ਅੰਮ੍ਰਿਤਸਰ ਪਹੁੰਚ ਗਈ। ਨੀਲਮ ਨੇ ਘਰ ਸਲੀਕੇ ਨਾਲ ਰੱਖਿਆ ਹੋਇਆ ਸੀ। ਉਸ ਨੇ ਸੱਸ ਦੀ ਬੜੀ ਆਓ-ਭਗਤ ਕੀਤੀ।
‘‘ਅਸੀਂ ਤਾਂ ਸੋਚਿਆ ਸੀ ਕਿ ਗਰਮੀਆਂ ’ਚ ਕਸ਼ਮੀਰ ਘੁੰਮਣ ਜਾਵਾਂਗੇ, ਪਰ ਹੁਣ ਮੁਸ਼ਕਲ ਹੋ ਜਾਣਾ ਹੈ।’’ ਰਿਸ਼ੀ ਨੇ ਮਾਂ ਕੋਲ ਬੈਠਦਿਆਂ ਕਿਹਾ।
‘‘ਅਜੇ ਤੁਸੀਂ ਇਕੱਲੇ ਘੁੰਮ ਆਉਣਾ।’’ ਨੀਲਮ ਨੇ ਕਿਹਾ। ‘‘ਤੇਰੀ ਥਾਂ ’ਤੇ ਕੋਈ ਜ਼ਨਾਨੀ ਕਿਰਾਏ ’ਤੇ ਲੈ ਜਾਊਂਗਾ।’’ ਉਹ ਸ਼ਰਾਰਤ ਨਾਲ ਬੋਲਿਆ।
ਇਹ ਸੁਣ ਕੇ ਮਾਂ ਖਿੱਝ ਗਈ ਤੇ ਕਹਿਣ ਲੱਗੀ, ‘‘ਰੱਬ ਦਾ ਸ਼ੁਕਰ ਮਨਾਓ ਕਿ ਤੁਹਾਡੇ ਘਰ ਪਿਆਰਾ ਛੋਟਾ ਮਹਿਮਾਨ ਆ ਰਿਹਾ ਹੈ, ਰੱਬ ਭਾਗਾਂ ਵਾਲਿਆਂ ’ਤੇ ਮਿਹਰ ਕਰਦੈ। ਨਹੀਂ ਤਾਂ ਤਰਸਦੇ ਮਰ ਜਾਂਦੇ ਨੇ ਲੋਕ ਇਨ੍ਹਾਂ ਚੀਜ਼ਾਂ ਲਈ।’’
‘‘ਮਾਂ, ਇਹ ਪੁਰਾਣੀਆਂ ਗੱਲਾਂ ਨੇ। ਹੁਣ ਤਾਂ ਹਿੰਦੁਸਤਾਨ ਦੀ ਜਨਤਾ ਐਨੀ ਵੱਧ ਗਈ ਹੈ ਕਿ ਰੱਬ ਕੋਲ ਉਲਟੀ ਬੇਨਤੀ ਕਰਨੀ ਚਾਹੀਦੀ ਐ ਬਈ ਆਪਣੀ ਫੈਕਟਰੀ ਦਸ-ਵੀਹ ਸਾਲ ਲਈ ਬੰਦ ਕਰ ਦੇਵੇ।’’ ਰਿਸ਼ੀ ਨੇ ਮਜ਼ਾਕ ਕੀਤਾ। ‘‘ਲੰਡਰ-ਫੰਡਰ ਲੋਕਾਂ ਦਾ ਵੀ ਕੋਈ ਜਿਉਣਾ ਹੁੰਦੈ।’’ ਮਾਂ ਨੇ ਕਿਹਾ।
ਮਾਂ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਕੀਤੀਆਂ ਜਿਵੇਂ ਜ਼ਿਆਦਾਤਰ ਗਾਇਤਰੀ ਮੰਤਰ ਸੁਣਨਾ, ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਨੂੰ ਦੁਹਰਾਉਣਾ, ਭਗਤਾਂ ਦੀਆਂ ਜੀਵਨੀਆਂ ਪੜ੍ਹਨੀਆਂ, ਸਾਤਵਿਕ ਭੋਜਨ ਖਾਣਾ, ਹਰ ਕਿਸੇ ਦਾ ਭਲਾ ਸੋਚਣਾ ਤੇ ਨਾਲ ਹੀ ਕਿਹਾ ਕਿ ਇਹ ਸਭ ਤੁਹਾਡੇ ਬੱਚੇ ’ਤੇ ਅਸਰ ਕਰੇਗਾ। ਹਦਾਇਤਾਂ ਕਰਕੇ ਮਾਂ ਵਾਪਸ ਆ ਗਈ। ਮਨ ਹੀ ਮਨ ਉਸ ਵੇਲੇ ਨੂੰ ਉਡੀਕਣ ਲੱਗੀ ਜਦੋਂ ਕੋਈ ਖ਼ੁਸ਼ਖਬਰੀ ਮਿਲੂਗੀ।
ਇਸ ਵਾਰੀ ਘਰ ਛੁੱਟੀ ਆਏ ਰਿਸ਼ੀ ਨੂੰ ਦੋ ਮਹੀਨੇ ਹੋ ਗਏ ਸਨ। ਕਦੇ-ਕਦੇ ਮਾਂ ਨੂੰ ਉਸ ’ਤੇ ਗੁੱਸਾ ਆਉਂਦਾ। ਇਕ ਦਿਨ ਇਕੱਲੀ ਬੈਠੀ-ਬੈਠੀ ਮਾਂ ਰੋਣ ਹੀ ਲੱਗ ਪਈ ਤੇ ਫੇਰ ਮਨ ਹੀ ਮਨ ਆਖਣ ਲੱਗੀ, ‘‘ਮੈਂ ਇਸ ਲਈ ਨਹੀਂ ਰੋਂਦੀ ਕਿ ਤੂੰ ਆਇਆ ਨਹੀਂ। ਮੈਂ ਇਸ ਲਈ ਰੋਂਦੀ ਹਾਂ ਕਿ ਤੈਨੂੰ ਮੇਰੇ ਵਾਂਗ ਕਿਸੇ ਨੇ ਨਹੀਂ ਉਡੀਕਣਾ। ਅਜੇ ਤੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੇਗੀ। ਜਦ ਤੇਰੇ ਬੱਚੇ ਹੋਣਗੇ ਤਦ ਸਮਝ ਲਗੇਗੀ।’’ ਉਸ ਨੇ ਉੱਠ ਕੇ ਮੋਤੀ ਨੂੰ ਦੁੱਧ ਪਾਇਆ। ਉਸ ਦੀ ਪਿੱਠ ਉਪਰ ਹੱਥ ਫੇਰਦੀ ਕਹਿਣ ਲੱਗੀ ਕਿ ਮੋਤੀ ਰਿਸ਼ੀ ਆਪਾਂ ਨੂੰ ਯਾਦ ਹੀ ਨਹੀਂ ਕਰਦਾ। ਇਕ ਤਾਂ ਉਸ ਨੂੰ ਕੰਮ ਬੜੇ ਰਹਿਣ ਲੱਗ ਪਏ ਨੇ। ਦੂਜਾ ਵਹੁਟੀ ਨੂੰ ਵੀ ਇਕੱਲਾ ਨਹੀਂ ਛੱਡਿਆ ਜਾ ਸਕਦਾ। ਮੈਨੂੰ ਆਖ ਦਿੰਦਾ ਹੈ ਕਿ ਮਾਂ ਤੂੰ ਆ ਕੇ ਮਿਲ ਜਾ। ਮੈਨੂੰ ਉਦਾਸ ਦੇਖ ਕੇ ਉਸ ਦਾ ਪਾਪਾ ਸਗੋਂ ਮਖੌਲ ਕਰਦਾ ਹੈ ਕਿ ਨਿਆਣੇ ਬੱਚਿਆਂ ਵਾਂਗੂ ਓਦਰ ਜਾਂਦੀ ਹੈ। ਜਦੋਂ ਮੈਂ ਆਖਦੀ ਹਾਂ ਕਿ ਮਾਂ ਦੀਆਂ ਆਂਦਰਾਂ ਨੂੰ ਜਿਹੜੀ ਖੋਹ ਪੈਂਦੀ ਹੈ ਉਸ ਬਾਰੇ ਦੂਜਾ ਬੰਦਾ ਨਹੀਂ ਜਾਣ ਸਕਦਾ, ਉਹ ਹੱਸਣ ਲੱਗ ਜਾਂਦੇ ਨੇ। ਮੋਤੀ, ਭਲਾ ਇਹ ਕੋਈ ਹੱਸਣ ਵਾਲੀ ਗੱਲ ਐ। ਅੱਜ ਮੈਂ ਬਦਾਮਾਂ ਵਾਲੀ ਖੀਰ ਬਣਾਈ ਸੀ। ਰਿਸ਼ੀ ਦੇ ਪਾਪਾ ਨੇ ਤਾਂ ਖੀਰ ਖਾ ਲਈ। ਮੇਰੇ ਖੀਰ ਦੀ ਬੁਰਕੀ ਕਿਹੜਾ ਲੰਘੀ, ਰਿਸ਼ੀ ਜੋ ਯਾਦ ਆ ਗਿਆ। ਠੀਕ ਐ ਮੋਤੀ ਇਸ ਵਾਰੀ ਜਦੋਂ ਰਿਸ਼ੀ ਆਇਆ ਆਪਾਂ ਵੀ ਰੁੱਸ ਕੇ ਬੈਠ ਜਾਵਾਂਗੇ। ਆਖਾਂਗੇ ਕਿ ਅਸੀਂ ਨਹੀਂ ਤੇਰੇ ਨਾਲ ਬੋਲਦੇ ਤੇ ਇਉਂ ਮਾਂ ਕਈ ਵਾਰੀ ਰਿਸ਼ੀ ਦੀਆਂ ਗੱਲਾਂ ਮੋਤੀ ਨਾਲ ਕਰਦੀ ਰਹਿੰਦੀ।
ਮਾਂ ਇਸ ਗੱਲ ਦੀ ਉਡੀਕ ਕਰ ਰਹੀ ਸੀ ਕਿ ਛਿਲੇ ਲਈ ਰਿਸ਼ੀ ਉਸ ਨੂੰ ਸੱਦੇਗਾ ਜਾਂ ਨੀਲਮ ਨੂੰ ਉਸ ਕੋਲ ਛੱਡ ਜਾਏਗਾ, ਪਰ ਇਕ ਦਿਨ ਉਸ ਨੂੰ ਸੁਨੇਹਾ ਮਿਲਿਆ ਕਿ ਨੀਲਮ ਦਾ ਭਰਾ ਉਸ ਨੂੰ ਅੰਬਾਲੇ ਲੈ ਗਿਆ ਸੀ। ਅੱਜ ਹੀ ਖ਼ਬਰ ਆਈ ਹੈ ਤੁਸੀਂ ਦਾਦਾ-ਦਾਦੀ ਬਣ ਗਏ ਹੋ। ਨਾਂ ਤੁਸੀਂ ਜਿਹੜਾ ਮਰਜ਼ੀ ਰੱਖ ਲੈਣਾ। ਉਸ ਦੀ ਮਾਂ ਨੇ ਉਸ ਦਾ ਘਰ ਦਾ ਨਾਂ ਜੁਗਨੂੰ ਰੱਖਿਆ ਹੈ। ਇਹ ਜਾਣ ਕੇ ਮਾਂ ਗੁੱਸੇ ਗਿਲੇ ਸਭ ਭੁੱਲ ਗਈ। ਗਿਆਰ੍ਹਵੇਂ ਦਿਨ ਉਹ ਨੀਲਮ ਲਈ ਇਕ ਸੂਟ ਤੇ ਸਾੜੀ, ਜੁਗਨੂੰ ਲਈ ਸੋਨੇ ਦੇ ਕੜੇ, ਚਾਂਦੀ ਦੇ ਸਗਲੇ, ਬੱਚੇ ਲਈ ਕੱਪੜੇ, ਦਾਈ ਲਈ ਸੂਟ, ਮੇਵਿਆਂ ਵਾਲੀ ਪੰਜੀਰੀ ਲੈ ਕੇ ਉਸ ਦੇ ਪੇਕੇ ਗਈ।
ਮੇਰਾ ਨਿੱਕਾ ਰਿਸ਼ੀ ਆਖ ਕੇ ਬੱਚੇ ਨੂੰ ਚੁੱਕ ਕੇ ਮਾਂ ਨੇ ਕਾਲਜੇ ਨਾਲ ਲਾ ਲਿਆ।
ਛੋਟੂ ਨੂੰ ਮਾਂ ਆਖਣ ਲੱਗੀ, ‘‘ਦੇਖ ਆਪਣਾ ਛੋਟਾ ਰਿਸ਼ੀ ਤੈਨੂੰ ਮਿਲਣ ਆ ਗਿਆ।’’
‘‘ਇਸ ਨੂੰ ਆਪਣੇ ਘਰ ਕਦੋਂ ਲੈ ਕੇ ਜਾਵਾਂਗੇ?’’ ਛੋਟੂ ਨੇ ਪੁੱਛਿਆ।
‘‘ਇਸ ਨੂੰ ਥੋੜ੍ਹਾ ਜਿਹਾ ਵੱਡਾ ਹੋ ਲੈਣ ਦੇ ਆਪੇ ਦੌੜ ਕੇ ਆਇਆ ਕਰਨਾ।’’ ਮਾਂ ਨੇ ਕਿਹਾ।
ਨੀਲਮ ਅਜੇ ਪੇਕੇ ਸੀ। ਜਦੋਂ ਰਿਸ਼ੀ ਦੀ ਬਦਲੀ ਪਟਿਆਲੇ ਦੀ ਹੋ ਗਈ ਤਾਂ ਮਾਂ ਦੇ ਭੁੰਜੇ ਪੈਰ ਕਿਹੜਾ ਲੱਗਦੇ ਸਨ। ਖ਼ੁਸ਼ ਹੋ ਕੇ ਉਹ ਕਾਲੀ ਦੇਵੀ ਦੇ ਮੰਦਰ ਮੱਥਾ ਟੇਕਣ ਗਈ। ਦੁਖ ਨਿਵਾਰਣ ਗੁਰੂਦੁਆਰੇ ਮੱਥਾ ਟੇਕਣ ਗਈ।
‘‘ਘਰ ਨੂੰ ਰੰਗ ਰੋਗਨ ਕਰਵਾ ਦਿਓ।’’ ਰਿਸ਼ੀ ਦੇ ਪਾਪਾ ਨੂੰ ਮਾਂ ਨੇ ਕਿਹਾ।
‘‘ਉਸ ਦਾ ਮੈਨੂੰ ਸੁਨੇਹਾ ਆ ਗਿਆ ਕਿ ਸਰਕਾਰੀ ਕੋਠੀ ਮਿਲੂਗੀ। ਜਾ ਕੇ ਮੈਂ ਦੇਖ ਆਵਾਂ ਤੇ ਨਾਲੇ ਚਪੜਾਸੀ ਨੂੰ ਕਹਿ ਆਵਾਂ ਕਿ ਉਹ ਕੋਲ ਖੜ੍ਹ ਕੇ ਪੀਡਬਲਿਊਡੀ ਵਾਲਿਆਂ ਤੋਂ ਸਾਰੇ ਕੰਮ ਕਰਵਾ ਲਵੇ।’’ ਪਾਪਾ ਨੇ ਕਿਹਾ।
‘‘ਲੈ ਆਪਣਾ ਘਰ ਕਿਹੜਾ ਮਾੜਾ ਸੀ। ਸਾਰੀ ਉਮਰ ਇੱਥੇ ਹੀ ਰਿਹਾ ਹੈ।’’ ਮਾਂ ਬੋਲੀ।
‘‘ਇਹ ਤੇਰਾ ਘਰ ਹੈ। ਹੁਣ ਉਹ ਅਫ਼ਸਰਾਂ ਵਾਲੀ ਕੋਠੀ ’ਚ ਰਹੇਗਾ। ਇਹ ਘਰ ਹੈ ਵੀ ਸ਼ਹਿਰ ’ਚ ਤੇ ਅਫ਼ਸਰਾਂ ਦੀਆਂ ਕੋਠੀਆਂ ਬਾਹਰਵਾਰ ਚੰਗੀਆਂ-ਖੁੱਲ੍ਹੀਆਂ ਤੇ ਨਾਲ ਬਗ਼ੀਚਿਆਂ ਵਾਲੀਆਂ ਨੇ।’’
ਪਾਪਾ ਨੇ ਜਦੋਂ ਦੱਸਿਆ ਮਾਂ ਚੁੱਪ ਕਰ ਗਈ।
ਮਹੀਨੇ ਦੇ ਅੰਦਰ-ਅੰਦਰ ਹੀ ਕੋਠੀ ਤਿਆਰ ਹੋ ਗਈ ਤੇ ਰਿਸ਼ੀ ਉੱਥੇ ਆ ਵੀ ਗਿਆ। ਜਾ ਕੇ ਉਹ ਨੀਲਮ ਨੂੰ ਨਾਲ ਲਿਆਇਆ। ਮਾਂ ਦਾ ਖ਼ਿਆਲ ਸੀ ਕਿ ਰਿਸ਼ੀ ਸਭ ਤੋਂ ਪਹਿਲਾਂ ਉਸ ਨੂੰ ਆਪਣੀ ਕੋਠੀ ਦਿਖਾਉਣ ਲੈ ਕੇ ਜਾਵੇਗਾ। ਪਰ ਨੀਲਮ ਨੇ ਉਨ੍ਹਾਂ ਨੂੰ ਓਪਰਿਆਂ ਵਾਂਗ ਐਤਵਾਰ ਨੂੰ ਖਾਣੇ ’ਤੇ ਸੱਦਿਆ ਸੀ। ਫੇਰ ਵੀ ਐਤਵਾਰ ਨੂੰ ਜਦੋਂ ਮਾਂ-ਪਿਓ ਰਿਸ਼ੀ ਦੀ ਕੋਠੀ ਗਏ ਤਾਂ ਉਨ੍ਹਾਂ ਨੂੰ ਬੜਾ ਚੰਗਾ ਲੱਗਿਆ। ਬਾਹਰ ਇਕ ਪਹਿਰੇਦਾਰ ਸੀ। ਅੰਦਰੋਂ ਨੀਲਮ ਨੇ ਸਾਰਾ ਘਰ ਸਲੀਕੇ ਨਾਲ ਸਜਾਇਆ ਹੋਇਆ ਸੀ। ਉਹ ਫਲ-ਫਰੂਟਾਂ ਦੀ ਟੋਕਰੀ, ਲੱਡੂਆਂ ਦਾ ਡੱਬਾ ਤੇ ਮਾਂ ਲਕਸ਼ਮੀ ਦੀ ਵੱਡੀ ਸਾਰੀ ਵਾਈਟ ਮੈਟਲ ਦੀ ਬਣੀ ਹੋਈ ਮੂਰਤੀ ਲੈ ਕੇ ਗਏ। ਨੀਲਮ ਨੇ ਬਸ ਐਨਾ ਹੀ ਕਿਹਾ ਕਿ ਐਨੀਆਂ ਚੀਜ਼ਾਂ ਦੀ ਕੀ ਲੋੜ ਸੀ। ਮਾਂ ਨੂੰ ਅਜੀਬ ਲੱਗਿਆ ਕਿ ਇਕੋ ਸ਼ਹਿਰ ’ਚ ਉਹ ਕਿਸੇ ਹੋਰ ਘਰ ’ਚ ਰਹਿਣਗੇ। ਪਰ ਪਾਪਾ ਨੇ ਕਿਹਾ ਕਿ ਭਲੀਏ ਲੋਕੇ ਸਮਝਦਾਰੀ ਇਸੇ ਵਿਚ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਰਜ਼ੀ ’ਤੇ ਛੱਡ ਦਿੱਤਾ ਜਾਵੇ। ਅੱਜਕੱਲ੍ਹ ਦੀਆਂ ਕੁੜੀਆਂ ਇੰਡੀਪੈਂਡੈਂਟ ਘਰ ਮੰਗਦੀਆਂ ਨੇ। ਮਗਰੋਂ ਲੜਾਈ-ਝਗੜਾ, ਅੱਡ ਹੋਣ ਦੀ ਥਾਂ ਚੰਗਾ ਐ ਸੁਲਹ-ਸਫ਼ਾਈ ਨਾਲ ਫ਼ੈਸਲੇ ਮੰਨ ਲਏ ਜਾਣ। ਨਾਲੇ ਜਦੋਂ ਚਿੱਤ ਕੀਤਾ ਮਿਲ ਆਵੀਂ। ਹੁਣ ਤੇਰਾ ਮੁੰਡਾ ਵੱਡਾ ਅਫ਼ਸਰ ਐ। ਉਸ ਨੂੰ ਮਿਲਣ-ਗਿਲਣ ਵੱਡੇ ਲੋਕਾਂ ਨੇ ਆਉਣਾ ਹੋਇਆ। ਆਪਣਾ ਮਕਾਨ ਆਪਣੇ ਲਈ ਤਾਂ ਠੀਕ ਸੀ ਪਰ ਉਸ ਦੀ ਸ਼ਾਨ ਮੁਤਾਬਿਕ ਠੀਕ ਨਹੀਂ।
ਕਈ ਦਿਨ ਹੋ ਗਏ ਸਨ ਰਿਸ਼ੀ ਨੂੰ ਪਟਿਆਲੇ ਆਏ ਹੋਏ। ਮਾਂ ਨੂੰ ਮਿਲਣ ਦੀ ਉਸ ਕੋਲ ਵਿਹਲ ਹੀ ਨਹੀਂ ਸੀ। ਹਾਰ ਕੇ ਇਕ ਦਿਨ ਰਿਕਸ਼ਾ ਲੈ ਕੇ ਮਾਂ ਆਪ ਉਨ੍ਹਾਂ ਦੀ ਕੋਠੀ ਮਿਲਣ ਚਲੀ ਗਈ।
‘‘ਮਾਤਾ ਜੀ ਕਿਸ ਨੂੰ ਮਿਲਣਾ?’’ ਮਾਂ ਨੂੰ ਪਹਿਰੇਦਾਰ ਨੇ ਰੋਕ ਕੇ ਪੁੱਛਿਆ।
‘‘ਮੈਂ ਰਿਸ਼ੀ ਦੀ ਮਾਂ ਹਾਂ। ਆਪਣੇ ਪੁੱਤ, ਪੋਤੇ ਨੂੰ ਦੇਖਣ ਆਈ ਹਾਂ।’’
ਪਹਿਰੇਦਾਰ ਪਿੱਛੇ ਹਟ ਗਿਆ। ਉਸ ਨੇ ਅਗਾਂਹ ਕੋਠੀ ਦੇ ਬੰਦ ਬੂਹੇ ਵੱਲ ਇਸ਼ਾਰਾ ਕੀਤਾ। ਉਸ ਨੇ ਦਰਵਾਜ਼ਾ ਖੜਕਾਇਆ।
ਪਹਿਰੇਦਾਰ ਨੇ ਉਸ ਨੂੰ ਕਿਹਾ ਕਿ ਬੈੱਲ ਕਰ ਦਿਓ।
ਕੁਝ ਪਲ ਰੁਕ ਕੇ ਬੂਹਾ ਖੁੱਲ੍ਹਿਆ। ਜੁਗਨੂੰ ਦੀ ਆਇਆ ਨੇ ਆਖਿਆ, ‘‘ਆ ਜਾਓ ਮਾਤਾ ਜੀ, ਅੰਦਰ ਆ ਜਾਓ, ਬੀਬੀ ਜੀ ਤੋ ਨਹਾ ਰਹੀ ਹੈ।’’
ਉਹ ਉਸ ਨੂੰ ਡਰਾਇੰਗ ਰੂਮ ’ਚ ਬਿਠਾ ਗਈ। ਉਹ ਉੱਚੀਆਂ-ਉੱਚੀਆਂ ਛੱਤਾਂ ਵਾਲੇ ਹਾਲ ਵਿਚ ਲੱਗੇ ਸੋਫਿਆਂ ਤੇ ਪਰਦਿਆਂ ਨੂੰ ਦੇਖਦੀ ਰਹੀ। ਫਿਰ ਆਪੇ ਉੱਠ ਕੇ ਅੰਦਰ ਵੱਲ ਗਈ। ਜੁਗਨੂੰ ਸੁੱਤਾ ਪਿਆ ਸੀ। ਆਇਆ ਕੋਲ ਬੈਠੀ ਸੀ। ਮਾਂ ਵੀ ਉਸ ਦੇ ਕੋਲ ਬੈਠ ਗਈ।
‘‘ਇਹ ਐਨਾ ਪੀਲਾ ਜਿਹਾ ਕਿਉਂ ਐ?’’ ਪੋਤੇ ਵੱਲ ਹੱਥ ਕਰਕੇ ਮਾਂ ਨੇ ਪੁੱਛਿਆ।
‘‘ਬੀਬੀ ਜੀ ਨੇ ਆਪਣਾ ਦੂਧ ਪਿਲਾਣਾ ਬੰਦ ਕਰ ਦੀਆ ਹੈ। ਡੱਬੇ ਵਾਲਾ ਦੂਧ ਅਭੀ ਬੱਚੇ ਕੋ ਸੁਖਾਤਾ ਨਹੀਂ। ਪੇਟ ਦਰਦ ਹੋ ਜਾਤਾ ਹੈ।’’ ਆਇਆ ਨੇ ਜਵਾਬ ਦਿੱਤਾ।
ਇਹ ਸੁਣ ਕੇ ਮਾਂ ਦੇ ਮੱਥੇ ’ਤੇ ਤਿਊੜੀ ਪੈ ਗਈ। ਉਹ ਸੋਚਣ ਲੱਗੀ ਕਿ ਅੱਜਕੱਲ੍ਹ ਦੀਆਂ ਬੇਵਕੂਫਾਂ ਨੂੰ ਇਹ ਨਹੀਂ ਪਤਾ ਕਿ ਮਾਂ ਦੇ ਦੁੱਧ ਤੋਂ ਚੰਗੀ ਕੋਈ ਹੋਰ ਚੀਜ਼ ਨਹੀਂ।
ਏਨੇ ਨੂੰ ਨੀਲਮ ਨੇ ਆ ਕੇ ਮਾਂ ਦੇ ਪੈਰੀਂ ਹੱਥ ਲਾਏ। ‘‘ਫਰਿੱਜ ’ਚੋਂ ਮਾਤਾ ਜੀ ਨੂੰ ਜੂਸ ਲਿਆ ਕੇ ਦੇ।’’ ਨੀਲਮ ਨੇ ਆਇਆ ਨੂੰ ਆਖਿਆ।
‘‘ਜੂਸ ਨੂੰ ਮੈਂ ਕੀ ਓਪਰੀ ਹਾਂ। ਜਿਹੜਾ ਕੁਝ ਜੀਅ ਕਰੇਗਾ ਲੈ ਲਵਾਂਗੀ। ਹਾਲੇ ਕਾਸੇ ਦੀ ਲੋੜ ਨਹੀਂ।’’ ਮਾਂ ਨੇ ਕਿਹਾ।
ਇਹ ਸੁਣ ਕੇ ਆਇਆ ਚੁੱਪ-ਚਾਪ ਬੈਠੀ ਰਹੀ।
‘‘ਜੇ ਪੇਟ ਖਰਾਬ ਹੋ ਜਾਂਦਾ ਹੈ, ਇਸਨੂੰ ਜਨਮ-ਘੁੱਟੀ ਦਿੰਦੇ ਰਹਿਣਾ ਸੀ ਜਾਂ ਹਿੰਗਵੱਟੀ ਘੋਲ ਕੇ ਪਿਲਾ ਦਿਆ ਕਰ। ਹੁਣੇ ਤੋਂ ਪੇਟ ਖ਼ਰਾਬ ਨਹੀਂ ਰਹਿਣਾ ਚਾਹੀਦਾ। ਆਪਣਾ ਦੁੱਧ ਪਿਆਇਆ ਕਰ।’’ ਮਾਂ ਨੇ ਕਿਹਾ।
‘‘ਊਂ ਤਾਂ ਦੇ ਦਿੰਦੀ ਹੁੰਦੀ ਹਾਂ। ਜੇ ਕਦੇ ਕਿਸੇ ਫੰਕਸ਼ਨ ’ਤੇ ਜਾਣਾ ਹੁੰਦਾ ਐ ਫੇਰ ਬੱਚੇ ਨੂੰ ਸਮੇਂ ’ਤੇ ਦੁੱਧ ਪਿਲਾਉਣਾ ਔਖਾ ਹੁੰਦੈ।’’ ਨੀਲਮ ਨੇ ਜਵਾਬ ਦਿੱਤਾ।
‘‘ਮੈਨੂੰ ਪੜ੍ਹੀਆਂ-ਲਿਖੀਆਂ ਵਾਲੇ ਚੋਚਲੇ ਪਸੰਦ ਨਹੀਂ। ਨਾਲੇ ਬੱਚੇ ਨਾਲੋਂ ਵੱਡੀ ਕਿਹੜੀ ਪਾਰਟੀ-ਪੂਰਟੀ ਹੁੰਦੀ ਐ। ਰੱਬ ਨੇ ਤੁਹਾਡੀ ਜੜ੍ਹ ਹਰੀ ਕੀਤੀ ਏ ਇਸਨੂੰ ਸੰਭਾਲੋ।’’
ਨੀਲਮ ਨੂੰ ਮਾਂ ਦੀਆਂ ਇਹ ਗੱਲਾਂ ਫਜ਼ੂਲ ਲੱਗਦੀਆਂ ਸਨ। ਉਹ ਉੱਠ ਕੇ ਸੇਬ ਤੇ ਕੇਲੇ ਇਕ ਪਲੇਟ ’ਚ ਰੱਖ ਕੇ ਲੈ ਆਈ।
‘‘ਨਹੀਂ ਬਹੂ ਅਜੇ ਤਾਂ ਮੈਂ ਕੁਝ ਨਹੀਂ ਖਾਣਾ। ਇਸ ਉਮਰ ਰੋਟੀ ਮਸਾਂ ਹਜ਼ਮ ਹੁੰਦੀ ਹੈ। ਹੋਰ ਸੁਣਾ ਪੇਕੇ ਸਭ ਠੀਕ-ਠਾਕ ਨੇ।’’
‘‘ਹਾਂ ਜੀ।’’ ਨੀਲਮ ਨੇ ਜਵਾਬ ਦਿੱਤਾ।
‘‘ਤੇਰੇ ਭਰਾ ਦੇ ਫੇਰ ਧੀ ਹੋ ਗਈ।’’ ਮਾਂ ਨੇ ਹਮਦਰਦੀ ਨਾਲ ਕਿਹਾ।
‘‘ਅੱਜਕੱਲ੍ਹ ਧੀਆਂ ਪੁੱਤਾਂ ’ਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ। ਧੀਆਂ ਮਾਪਿਆਂ ਦਾ ਵੱਧ ਕਰਦੀਆਂ ਨੇ।’’ ਨੀਲਮ ਨੇ ਕਿਹਾ।
‘‘ਇਹ ਸਭ ਕਹਿਣ ਦੀਆਂ ਗੱਲਾਂ ਨੇ। ਕੁੜੀ ਨੇ ਵਿਆਹ ਕਰਕੇ ਅਗਲਿਆਂ ਨੂੰ ਖ਼ੁਸ਼ ਰੱਖਣਾ ਹੁੰਦਾ। ਆਪਣੇ ਪੇਕਿਆਂ ਦੀ ਖ਼ਬਰ-ਸਾਰ ਲੈਣ ਦੀ ਵਿਹਲ ਹੀ ਕਿੱਥੇ ਹੁੰਦੀ ਐ ਉਸ ਕੋਲ।’’ ਮਾਂ ਬੋਲੀ।
‘‘ਨਹੀਂ ਮਾਂ ਜੀ, ਅੱਜਕੱਲ੍ਹ ਤੁਸੀਂ ਦੇਖਦੇ ਤਾਂ ਪਏ ਹੋ ਕਿ ਪੰਜਾਂ ਵਿਚੋਂ ਚਾਰ ਘਰਾਂ ’ਚ ਮੁੰਡੇ ਦੀ ਮਾਂ ਦੀ ਥਾਂ ਕੁੜੀ ਦੀ ਮਾਂ ਉਨ੍ਹਾਂ ਕੋਲ ਆਈ ਹੁੰਦੀ ਐ।’’
‘‘ਨਹੀਂ ਸਾਊ, ਘਰ-ਘਰਾਣੇ ਦੀਆਂ ਕੁੜੀਆਂ ਇਉਂ ਨਹੀਂ ਕਰਦੀਆਂ। ਉਹ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੀਆਂ ਨੇ। ਫੇਰ ਤਾਂ ਸੱਸ ਨੂੰ ਵੀ ਨੂੰਹ ਦੀ ਥਾਂ ਉਹ ਧੀ ਲੱਗਣ ਲੱਗ ਜਾਂਦੀ ਐ।’’
ਇਹ ਸੁਣ ਕੇ ਨੀਲਮ ਨੂੰ ਲੱਗਿਆ ਕਿ ਬੁੜੀ ਨਾਲ ਮਗਜ਼ ਕੌਣ ਮਾਰੇ। ਉਹ ਚੁੱਪ ਕਰ ਗਈ। ਕੁਝ ਚਿਰ ਉੱਥੇ ਬੈਠ ਕੇ ਨੀਲਮ ਘਰ ਦੇ ਨਿੱਕੇ-ਮੋਟੇ ਕੰਮ ਕਰਨ ’ਚ ਜੁਟ ਗਈ।
ਆਥਣ ਹੋ ਚੱਲਿਆ ਸੀ। ਮਾਂ ਨੇ ਕੁਝ ਚਿਰ ਜੁਗਨੂੰ ਨੂੰ ਖਿਡਾਇਆ। ਫੇਰ ਨੀਲਮ ਨਾਲ ਚਾਹ ਦਾ ਕੱਪ ਪੀਤਾ, ਫੇਰ ਕਮਰੇ ’ਚ ਲੱਗੀ ਘੜੀ ਵੱਲ ਦੇਖ ਕੇ ਆਖਣ ਲੱਗੀ, ‘‘ਰਿਸ਼ੀ ਤਾਂ ਅਜੇ ਤੱਕ ਨਹੀਂ ਆਇਆ। ਜਾ ਕੇ ਉਸ ਦੇ ਪਾਪਾ ਦਾ ਖਾਣਾ ਵੀ ਬਣਾਉਣਾ ਹੈ। ਮੈਂ ਚਲਦੀ ਹਾਂ। ਰਿਸ਼ੀ ਨੂੰ ਆਖੀਂ ਜਾਂਦਾ-ਆਉਂਦਾ ਉਹ ਮੈਨੂੰ ਮਿਲ ਜਾਵੇ।’’
‘‘ਤੁਸੀਂ ਹੋਰ ਸਮਾਂ ਰੁਕੋ। ਡਰਾਈਵਰ ਤੁਹਾਨੂੰ ਛੱਡ ਆਊਗਾ।’’ ਨੀਲਮ ਨੇ ਕਿਹਾ।
‘‘ਰਿਕਸ਼ਾ ਲੈ ਲਵਾਂਗੀ।’’ ਮਾਂ ਨੇ ਕਿਹਾ।
‘‘ਮੈਂ ਪਹਿਰੇਦਾਰ ਨੂੰ ਕਹਿ ਕੇ ਰਿਕਸ਼ਾ ਇੱਥੇ ਮੰਗਵਾ ਲੈਂਦੀ ਹਾਂ।’’ ਨੀਲਮ ਨੇ ਕਿਹਾ।
‘‘ਨਹੀਂ, ਮੈਂ ਸੜਕ ’ਤੋਂ ਰਿਕਸ਼ਾ ਲੈ ਲਵਾਂਗੀ।’’ ਆਖ ਕੇ ਮਾਂ ਬਾਹਰ ਵੱਲ ਨੂੰ ਤੁਰ ਪਈ।
ਘਰ ਪਹੁੰਚ ਕੇ ਉਸ ਨੇ ਪਾਪਾ ਨੂੰ ਕਿਹਾ, ‘‘ਰਿਸ਼ੀ ਤਾਂ ਹੁਣ ਸੱਚਮੁੱਚ ਹੀ ਵੱਡਾ ਅਫ਼ਸਰ ਬਣ ਗਿਆ ਹੈ। ਏਨੀ ਦੇਰ ਦਫ਼ਤਰ ਹੀ ਬੈਠਾ ਰਹਿੰਦੈ।’’
ਪਾਪਾ ਚੁੱਪ ਹੀ ਰਹੇ।
ਇਉਂ ਹੀ ਦਿਨ ਲੰਘ ਰਹੇ ਸਨ। ਰਿਸ਼ੀ ਉਨ੍ਹਾਂ ਵੱਲ ਨਹੀਂ ਸੀ ਆ ਸਕਿਆ।
ਇਕ ਦਿਨ ਰਿਸ਼ੀ ਨੇ ਦਫ਼ਤਰੋਂ ਆ ਕੇ ਕੱਪੜੇ ਬਦਲ ਕੇ ਚਾਹ ਪੀਂਦਿਆਂ ਨੀਲਮ ਨੂੰ ਕਿਹਾ, ‘‘ਅੱਜ ਆਪਾਂ ਮਾਂ ਵੱਲ ਜਾ ਆਉਂਦੇ।’’
‘‘ਫੇਰ ਕਿਸੇ ਦਿਨ ਜਾ ਆਵਾਂਗੇ। ਅੱਜ ਮੇਰੀ ਕਿਸੀ ਸਹੇਲੀ ਨੇ ਆਉਣਾ ਹੈ। ਉਸ ਦਾ ਖ਼ਿਆਲ ਹੈ ਕਿ ਪਟਿਆਲੇ ’ਚ ਬਹੁਤ ਲੇਡੀਜ਼ ਕਮੀਜ਼-ਸਲਵਾਰਾਂ ਹੀ ਪਾਉਂਦੀਆਂ ਨੇ। ਇੱਥੇ ਸੂਟਾਂ ਦੇ ਕੱਪੜੇ ਵਧੀਆ ਮਿਲਦੇ ਨੇ। ਇਸ ਲਈ ਉਹ ਸੂਟ ਲੈਣ ਆ ਰਹੀ ਹੈ।’’
‘‘ਪਤਾ ਨਹੀਂ ਕੀ ਗੱਲ ਐ? ਬਹੁਤੀਆਂ ਜ਼ਨਾਨੀਆਂ ਨੂੰ ਕੱਪੜਿਆਂ-ਗਹਿਣਿਆਂ ਤੋਂ ਅਗਾਂਹ ਕੁਝ ਸੁੱਝਦਾ ਹੀ ਨਹੀਂ।’’ ਰਿਸ਼ੀ ਨੇ ਕਿਹਾ।
‘‘ਕੀ ਮਾੜਾ ਐ ਜੇ ਕੋਈ ਜ਼ਨਾਨੀ ਗਹਿਣਿਆਂ-ਕੱਪੜਿਆਂ ਨਾਲ ਜੀਅ ਪਰਚਾ ਲੈਂਦੀ ਐ। ਆਦਮੀਆਂ ਵਾਂਗ ਉਹ ਨਸ਼ੇ ਵੱਲ ਤਾਂ ਨਹੀਂ ਭੱਜਦੀਆਂ। ਆਦਮੀ ਤਾਂ ਹਰੇਕ ਚੀਜ਼ ਨੂੰ ਹੀ ਨਸ਼ਾ ਬਣਾ ਲੈਂਦੇ ਨੇ।’’ ਨੀਲਮ ਨੇ ਜਵਾਬ ਦਿੱਤਾ।
‘‘ਇਸ ਸਭ ਦੀਆਂ ਜ਼ਿੰਮੇਵਾਰ ਉਨ੍ਹਾਂ ਦੀਆਂ ਔਰਤਾਂ ਹੀ ਹੁੰਦੀਆਂ ਨੇ।’’ ਰਿਸ਼ੀ ਨੇ ਜਵਾਬ ਦਿੱਤਾ।
‘‘ਕਿੰਨਾ ਸੌਖਾ ਐ ਹਰੇਕ ਮਰਜ਼ ਦਾ ਕਾਰਨ ਔਰਤ ਨੂੰ ਦੱਸ ਕੇ ਆਪ ਬਰੀ ਹੋ ਜਾਣਾ।’’ ਨੀਲਮ ਨੇ ਕਿਹਾ।
‘‘ਬਾਹਰ ਬੈੱਲ ਹੋਈ ਹੈ। ਇਸ ਡਿਸਕਸ਼ਨ ਨੂੰ ਇੱਥੇ ਵਿਰਾਮ ਦਿੰਦੇ ਹਾਂ। ਕਿਸੇ ਵਿਹਲੇ ਸਮੇਂ ਇੱਥੋਂ ਸਟਾਰਟ ਕਰ ਲਵਾਂਗੇ।’’ ਰਿਸ਼ੀ ਨੇ ਕਿਹਾ।
ਨੌਕਰ ਨੇ ਦਰਵਾਜ਼ਾ ਖੋਲ੍ਹਿਆ। ਰੇਖਾ ਅਤੇ ਉਸ ਦਾ ਪਤੀ ਅੰਦਰ ਲੰਘ ਆਏ। ਨੀਲਮ ਨੇ ਰਿਸ਼ੀ ਨਾਲ ਉਨ੍ਹਾਂ ਦੀ ਇੰਟਰੋਡਕਸ਼ਨ ਕਰਾਈ।
ਹੱਸਦੇ-ਮੁਸਕੁਰਾਉਂਦੇ ਉਹ ਖਾਣੇ ਵਾਲੇ ਮੇਜ਼ ਦੇ ਦੁਆਲੇ ਬੈਠ ਗਏ। ਨੌਕਰ ਕੌਫ਼ੀ ਲੈਣ ਚਲਿਆ ਗਿਆ। ਨੀਲਮ ਨੇ ਡਰਾਈਫਰੂਟ ਦਾ ਡੱਬਾ ਖੋਲ੍ਹ ਕੇ ਉਨ੍ਹਾਂ ਅੱਗੇ ਪੇਸ਼ ਕੀਤਾ।
ਬੜੀ ਰਾਤ ਗਈ ਤੱਕ ਉਹ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਰਹੇ।
‘‘ਤੂੰ ਜੁਗਨੂੰ ਨੂੰ ਕੀ ਬਣਾਏਂਗੀ?’’ ਰੇਖਾ ਨੇ ਨੀਲਮ ਨੂੰ ਪੁੱਛਿਆ।
ਨੀਲਮ ਉਸ ਦੇ ਸੁਆਲ ’ਤੇ ਹੈਰਾਨ ਹੋਈ।
‘‘ਰੇਖਾ ਨੇ ਟੈਸਟ ਕਰਾ ਕੇ ਦੇਖ ਲਿਆ ਹੈ ਤੇ ਇਹ ਆਪਣੀ ਹੋਣ ਵਾਲੀ ਬੇਟੀ ਦਾ ਤੁਹਾਡੇ ਜੁਗਨੂੰ ਨੂੰ ਰਿਸ਼ਤਾ ਕਰਨਾ ਚਾਹੁੰਦੀ ਹੈ ਇਸ ਲਈ ਪੁੱਛਦੀ ਹੈ।’’ ਰੇਖਾ ਦੇ ਘਰਵਾਲੇ ਨੇ ਮਜ਼ਾਕ ਕੀਤਾ।
‘‘ਮੈਂ ਤਾਂ ਆਪਣੇ ਬੇਟੇ ਨੂੰ ਆਈ.ਏ.ਐਸ ਬਣਾਊਂਗੀ।’’ ਨੀਲਮ ਨੇ ਜਵਾਬ ਦਿੱਤਾ।
‘‘ਆਹੋ, ਪੁੱਤਰ ਰਾਹੀ ਤਾਂ ਪਤੀ ’ਤੇ ਰੋਅਬ ਪਾਈਦਾ।’’ ਰਿਸ਼ੀ ਬੋਲਿਆ।
‘‘ਮੈਂ ਤਾਂ ਆਪਣੀ ਬੇਟੀ ਨੂੰ ਪੈਰਿਸ ਪੜ੍ਹਨ ਭੇਜਾਂਗੀ।’’ ਰੇਖਾ ਨੇ ਕਿਹਾ।
‘‘ਆਹੋ, ਜਿਹੜੇ ਸ਼ੌਕ ਆਪ ਨਹੀਂ ਪੂਰੇ ਕਰ ਸਕੀ ਉਹ ਧੀ ਰਾਹੀਂ ਹੀ ਪੂਰੇ ਹੋਣਗੇ।’’ ਰੇਖਾ ਦਾ ਘਰਵਾਲਾ ਬੋਲਿਆ।
‘‘ਇਹ ਵੀ ਬਈ ਕਮਾਲ ਦੀ ਗੱਲ ਹੈ ਕਿ ਬੱਚੇ ਮਾਪਿਆਂ ਰਾਹੀਂ ਜਿਊਣਾ ਸ਼ੁਰੂ ਕਰ ਦਿੰਦੇ ਨੇ। ਤੇ ਬੱਚਿਆਂ ਨੂੰ ਆਖਦੇ ਨੇ ਹੋਸਟਲਾਂ ’ਚ ਜੀਓ, ਜਿਵੇਂ ਅਸੀਂ ਚਾਹੁੰਦੇ ਹਾਂ।’’ ਰਿਸ਼ੀ ਨੇ ਕਿਹਾ।
‘‘ਹੁਣ ਸਾਡੇ ਮਾਂ ਜੀ ਚਾਹੁੰਦੇ ਨੇ ਕਿ ਨਿੱਕੇ ਬੱਚੇ ਵਾਂਗ ਰਿਸ਼ੀ ਮੇਰੀ ਉਂਗਲੀ ਫੜ ਕੇ ਤੁਰੀ ਜਾਵੇ।’’ ਨੀਲਮ ਨੇ ਕਿਹਾ।
‘‘ਬਈ ਮਾਵਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਹੁੰਦੀਆਂ ਨੇ।’’ ਰਿਸ਼ੀ ਨੇ ਕਿਹਾ।
‘‘ਹਾਂ ਐਨਾ ਜ਼ਿਆਦਾ ਕਿ ਅਗਲੇ ਦਾ ਭਾਵੇਂ ਸਾਹ ਘੁੱਟ ਜਾਵੇ।’’ ਨੀਲਮ ਬੋਲੀ।
ਗੱਲਾਂਬਾਤਾਂ ਕਰਦਿਆਂ ਰਿਸ਼ੀ ਦਾ ਧਿਆਨ ਮਾਂ ਵੱਲ ਚਲਿਆ ਗਿਆ ਤੇ ਸੋਚਿਆ ਕਿ ਕੱਲ੍ਹ ਮਾਂ ਨੂੰ ਜ਼ਰੂਰ ਮਿਲਣ ਜਾਵਾਂਗਾ।
ਅਗਲੇ ਦਿਨ ਨੀਲਮ ਤੇ ਰੇਖਾ ਸ਼ਾਪਿੰਗ ਲਈ ਚਲੀਆਂ ਗਈਆਂ। ਅੱਧੇ ਦਿਨ ਲਈ ਨੀਲਮ ਜੁਗਨੂੰ ਦੀ ਜ਼ਿੰਮੇਵਾਰੀ ਰਿਸ਼ੀ ਨੂੰ ਦੇ ਗਈ। ਦੁਪਹਿਰ ਤੱਕ ਉਹ ਦੋਵੇਂ ਜਣੇ ਘਰੇ ਬੈਠੇ ਗੱਪਾਂ ਮਾਰਦੇ ਰਹੇ।
‘‘ਸੌਰੀ ਲੇਟ ਹੋ ਗਏ।’’ ਤਿੰਨ ਵਜੇ ਘਰ ਆਉਂਦੇ ਰੇਖਾ ਨੇ ਆਖਿਆ।
‘‘ਛੇਤੀ-ਛੇਤੀ ਖਾਣਾ ਖਾਓ, ਆਪਾਂ ਚੱਲਣਾ।’’ ਰੇਖਾ ਦਾ ਘਰਵਾਲਾ ਬੋਲਿਆ।
ਖਾਣਾ ਖਾ ਕੇ ਉਹ ਦੋਵੇਂ ਚਲੇ ਗਏ। ਨੀਲਮ ਨੇ ਬੱਚੇ ਦਾ ਧਿਆਨ ਕੀਤਾ ਤੇ ਰਿਸ਼ੀ ਘੜੀ ਦੇਖ ਦੇ ਦਫ਼ਤਰ ਚਲਿਆ ਗਿਆ ਜ਼ਰੂਰੀ ਫਾਈਲਾਂ ਕੱਢਣ ਲਈ। ਇਸ ਦੌਰਾਨ ਉਸ ਦੇ ਪਾਪਾ ਦਫ਼ਤਰ ਆਏ ਸਨ ਕਿਸੇ ਦਾ ਨਿੱਕਾ ਜਿਹਾ ਕੰਮ ਕਰਾਉਣ। ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਤੇਰੀ ਮਾਂ ਯਾਦ ਕਰਦੀ ਪਈ ਸੀ। ਪਾਪਾ ਨੇ ਜਦੋਂ ਆਖਿਆ ਤਾਂ ਰਿਸ਼ੀ ਨੂੰ ਲੱਗਿਆ ਕਿ ਉਹ ਕੱਲ੍ਹ ਜ਼ਰੂਰ ਮਾਂ ਨੂੰ ਮਿਲਣ ਜਾਵੇਗਾ।
ਅਗਲੇ ਦਿਨ ਦਫ਼ਤਰੋਂ ਆ ਕੇ ਰਿਸ਼ੀ ਨੇ ਨੀਲਮ ਨੂੰ ਕਿਹਾ ਕਿ ਅੱਜ ਮਾਂ ਵੱਲ ਜਾਣਾ ਹੈ, ਤੂੰ ਚੱਲੇਂਗੀ?
‘‘ਤੁਸੀਂ ਹਮੇਸ਼ਾਂ ਭੁੱਲ ਜਾਂਦੇ ਹੋ ਅੱਜ ਸ਼ਾਮੀ ਆਪਾਂ ਜੁਗਨੂੰ ਲਈ ਡਾਕਟਰ ਦੀ ਅਪਾਇੰਟਮੈਂਟ ਲਈ ਹੋਈ ਹੈ। ਟੀਕੇ ਦਾ ਟਾਈਮ ਹੋ ਗਿਆ। ਡਾਈਟ ਬਾਰੇ ਵੀ ਪੁੱਛਣਾ ਹੈ।’’ ਨੀਲਮ ਨੇ ਯਾਦ ਕਰਾਇਆ।
ਰਿਸ਼ੀ ਨੇ ਕੋਈ ਉੱਤਰ ਨਾ ਦਿੱਤਾ। ਉਸ ਸ਼ਾਮ ਜੁਗਨੂੰ ਨੂੰ ਲੈ ਕੇ ਉਹ ਬੱਚਿਆਂ ਦੇ ਡਾਕਟਰ ਕੋਲ ਚਲੇ ਗਏ। ਟੀਕਾ ਲਗਵਾਇਆ, ਭਾਰ ਚੈੱਕ ਕੀਤਾ, ਡਾਕਟਰ ਨੇ ਡਾਈਟ ਬਾਰੇ ਦੱਸਿਆ ਤੇ ਟਾਨਿਕ ਬਦਲ ਦਿੱਤੀ।
ਆਉਂਦੇ ਹੋਏ ਉਹ ਬਾਜ਼ਾਰ ਵਿਚਦੀ ਹੋ ਕੇ ਆਏ।
ਰਾਹ ਵਿਚ ਉਨ੍ਹਾਂ ਨੇ ਜੁਗਨੂੰ ਲਈ ਕੱਪੜੇ ਤੇ ਖਿਡੌਣੇ ਵੀ ਖ਼ਰੀਦੇ। ਸਬੱਬ ਨਾਲ ਉਨ੍ਹਾਂ ਨੂੰ ਬਜ਼ਾਰ ’ਚ ਉਨ੍ਹਾਂ ਦੇ ਪਾਪਾ ਮਿਲ ਗਏ। ਉਨ੍ਹਾਂ ਨੇ ਰਿਸ਼ੀ ਨੂੰ ਦੱਸਿਆ ਕਿ ਦੋ ਦਿਨ ਹੋਏ ਤੇਰੀ ਮਾਂ ਨੂੰ ਥੋੜ੍ਹੀ ਜਿਹੀ ਭੱਖ ਜਿਹੀ ਹੋੋ ਜਾਂਦੀ ਹੈ। ਫ਼ਿਕਰ ਵਾਲੀ ਕੋਈ ਗੱਲ ਨਹੀਂ। ਡਾਕਟਰ ਆਖਦਾ ਸੀ ਕਿ ਮੌਸਮ ਬਦਲ ਰਿਹਾ ਹੈ ਹੋਰ ਕੁਝ ਨਹੀਂ। ਰਿਸ਼ੀ ਨੇ ਕਿਹਾ ਕਿ ਮੈਂ ਕੱਲ੍ਹ ਆਊਂਗਾ ਮਾਂ ਨੂੰ ਮਿਲਣ।
ਅਗਲੇ ਦਿਨ ਰਿਸ਼ੀ ਜਦੋਂ ਉਨ੍ਹਾਂ ਵੱਲ ਆਇਆ ਤਾਂ ਪਾਪਾ ਨੇ ਦੱਸਿਆ ਕਿ ਮੈਂ ਤਿੰਨ ਮਹੀਨੇ ਲਈ ਕੈਨੇਡਾ ਜਾ ਰਿਹਾ ਹਾਂ। ਤੇਰੇ ਚਾਚਾ ਬਹੁਤ ਕਹਿ ਰਹੇ ਸੀ ਮੈਨੂੰ ਉੱਥੇ ਆਉਣ ਨੂੰ। ਸੀਟ ਬੁੱਕ ਹੋ ਚੁੱਕੀ ਹੈ।
‘‘ਕਦੋਂ ਦੀ?’’
‘‘ਇਸੇ ਐਤਵਾਰ ਦੀ।’’ ਪਾਪਾ ਨੇ ਕਿਹਾ।
‘‘ਫੇਰ ਮਾਂ ਦਾ ਕੀ ਬਣੂੰਗਾ?’’ ਰਿਸ਼ੀ ਨੇ ਪੁੱਛਿਆ।
‘‘ਤੇਰੀ ਮਾਂ ਨੂੰ ਮੈਂ ਕਿਹਾ ਸੀ ਕਿ ਉਧਰ ਰਿਸ਼ੀ ਵੱਲ ਚਲੀ ਜਾਈਂ ਪਰ ਉਸ ਨੇ ਮਨ੍ਹਾਂ ਕਰ ਦਿੱਤਾ।’’ ਪਾਪਾ ਨੇ ਕਿਹਾ।
ਮਾਂ ਨੇ ਇਉਂ ਹੀ ਕੀਤਾ। ਪਾਪਾ ਦੇ ਜਾਣ ਮਗਰੋਂ ਉਹ ਰਿਸ਼ੀ ਵੱਲ ਨਹੀਂ ਆਈ। ਸੋਚਦੀ ਸੀ ਕਿ ਮੈਨੂੰ ਇਕੱਲੀ ਨੂੰ ਕੀ ਡਰ। ਹੈਗਾ ਛੋਟੂ ਮੇਰੇ ਕੋਲ। ਰਿਸ਼ੀ ਨੇ ਇਕ-ਦੋ ਵਾਰੀ ਕਿਹਾ ਕਿ ਤੁਸੀ ਸਾਡੇ ਕੋਲ ਚਲੋ, ਪਰ ਨੀਲਮ ਨੇ ਮਾਂ ਨੂੰ ਰਹਿਣ ਲਈ ਨਹੀਂ ਸੀ ਆਖਿਆ ਇਸੇ ਕਰਕੇ ਉਨ੍ਹਾਂ ਦੇ ਘਰ ਜਾਣ ਨੂੰ ਮਾਂ ਦਾ ਮਨ ਨਹੀਂ ਸੀ ਕਰਦਾ।
ਰਿਸ਼ੀ ਹੁਣ ਆਪਣੇ ਪਰਿਵਾਰ ’ਚ ਸੀ ਤੇ ਪਾਪਾ ਕੈਨੇਡਾ ਵਿਚ ਸੈਰਾਂ ਕਰਦੇ ਫਿਰਦੇ ਸਨ। ਮਾਂ ਨੂੰ ਲੱਗਦਾ ਜਿਵੇਂ ਉਸ ਦੇ ਸਾਰੇ ਕਾਰਜ ਮੁੱਕ ਗਏ ਹਨ। ਪਾਪਾ ਦਾ ਫ਼ੋਨ ਮਾਂ ਨੂੰ ਆਇਆ। ਹਾਲ-ਚਾਲ ਪੁੱਛਦੇ ਸਨ। ਮਾਂ ਨੇ ਪੁੱਛਿਆ, ‘‘ਵਾਪਸ ਕਦੋਂ ਆ ਰਹੇ ਹੋ?’’ ਅੱਗੋਂ ਉਨ੍ਹਾਂ ਨੇ ਜਵਾਬ ਦਿੱਤਾ, ‘‘ਗੁਰਦਾਸ ਆਖਦਾ ਮਸਾਂ ਤਾਂ ਤੁਸੀਂ ਕਿਧਰੇ ਕੈਨੇਡਾ ਆਏ ਹੋ। ਹੁਣ ਕੁਝ ਚਿਰ ਰਹੋ। ਦੁਨੀਆ ਦੇਖੋ। ਉਹ ਤਾਂ ਇਹ ਵੀ ਕਹਿੰਦਾ ਤੁਹਾਨੂੰ ਬਾਕੀ ਦੁਨੀਆ ਵੀ ਘੁਮਾ ਕੇ ਲਿਆਵਾਂਗਾ। ਤੁਸੀਂ ਦੇਖੋਗੇ ਕਿ ਏਧਰਲੇ ਲੋਕ ਕਿਵੇਂ ਜਿਉਂਦੇ ਨੇ।’’
ਅੱਗੋ ਮਾਂ ਨੇ ਉੱਤਰ ਦਿੱਤਾ, ‘‘ਗੁਰਦਾਸ ਤੁਹਾਨੂੰ ਕੱਲ੍ਹ ਨੂੰ ਆਖੇਗਾ ਕਿ ਆਪਣੇ ਵਾਂਗ ਤੁਹਾਨੂੰ ਵੀ ਮੇਮ ਲਿਆ ਕੇ ਦੇ ਦਿੰਦਾ ਹਾਂ। ਫੇਰ ਤਾਂ ਇੱਧਰ ਆਉਣ ਦੀ ਲੋੜ ਵੀ ਨਹੀਂ ਪੈਣੀ।’’
ਗੱਲ ਸੁਣ ਕੇ ਪਾਪਾ ਹੱਸ ਪਏ ਤੇ ਬੋਲੇ, ‘‘ਅਸੀਂ ਮੇਮਾਂ ਬਾਰੇ ਗਲਤ ਸੋਚਦੇ ਹਾਂ ਕਿ ਮੇਮਾਂ ਨਿਰੀਆਂ ਲਫੰਗੀਆਂ ਹੀ ਹੁੰਦੀਆਂ ਨੇ। ਨਹੀਂ, ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ। ਸਾਡੀਆਂ ਔਰਤਾਂ ਸਾਰੀਆਂ ਹੀ ਕਿਹੜੀਆਂ ਭਲੀਆਂ ਹੁੰਦੀਆਂ ਨੇ। ਸਾਡੀ ਰਿਸ਼ੀ ਦੀ ਮਾਂ ਕਿਹੜੀ ਕਿਸੀ ਮੇਮ ਤੋਂ ਘੱਟ ਹੈ!’’ ‘‘ਤੁਸੀਂ ਹੁਣ ਵਾਪਸ ਮੁੜਨ ਦੀ ਕਰੋ। ਹਰੇਕ ਪੁੱਛਦਾ ਕਿ ਰਿਸ਼ੀ ਦੇ ਪਾਪਾ ਨੇ ਬੜਾ ਚਿਰ ਲਾ ਦਿੱਤਾ ਉੱਥੇ ਕੀ ਕਰਦੇ ਨੇ।’’
‘‘ਲੋਕਾਂ ਦੇ ਮਾਰ ਗੋਲੀ। ਜੇ ਰਿਸ਼ੀ ਦੀ ਮਾਂ ਆਖਦੀ ਹੈ ਤਾਂ ਛੇਤੀ ਆ ਜੂੰਗਾ। ਆਮ ਜ਼ਨਾਨੀਆਂ ਤਾਂ ਆਖਦੀਆਂ ਹੁੰਦੀਆਂ ਨੇ ਇਹ ਹੋਵੇ ਕਿਧਰੇ ਚਾਰ ਦਿਨ ਦਫ਼ਾ, ਸੁੱਖ ਦਾ ਸਾਹ ਆਵੇ।’’ ਪਾਪਾ ਨੇ ਮਜ਼ਾਕ ਕੀਤਾ।
‘‘ਤੁਸੀਂ ਮਜ਼ਾਕ ਛੱਡੋ। ਬਸ ਬਥੇਰਾ ਰਹਿ ਲਿਆ ਕੈਨੇਡਾ।’’ ਆਖ ਕੇ ਮਾਂ ਨੇ ਫ਼ੋਨ ਬੰਦ ਕਰ ਦਿੱਤਾ।
ਉਧਰ ਰਿਸ਼ੀ ਨੇ ਨੀਲਮ ਨੂੰ ਫ਼ੋਨ ਕਰਕੇ ਆਖਿਆ ਕਿ ਅੱਜ ਮਾਂ ਵੱਲ ਚਲਣਾ। ਮੈਂ ਜਲਦੀ ਆ ਜਾਵਾਂਗਾ। ਤੁਸੀਂ ਦੋਵੇਂ ਤਿਆਰ ਰਹਿਓ।
ਅੱਗੋਂ ਨੀਲਮ ਕਹਿਣ ਲੱਗੀ, ‘‘ਮੈਂ ਤੁਹਾਨੂੰ ਆਪ ਫ਼ੋਨ ਕਰਨ ਵਾਲੀ ਸੀ। ਮੈਂ ਤਾਂ ਅੱਜ ਅਖ਼ਬਾਰ ’ਚ ਦੇਖਿਆ ਕਿ ਡਾਇਮੰਡ ਦੇ ਗਹਿਣਿਆਂ ਦੀ ਪ੍ਰਦਰਸ਼ਨੀ ਲੱਗੀ ਹੈ। ਅੱਜ ਉਸਦਾ ਆਖ਼ਰੀ ਦਿਨ ਹੈ। ਵੀਹ ਪ੍ਰਤੀਸ਼ਤ ਘੱਟ ਕੀਮਤ ’ਤੇ ਦੇ ਰਹੇ ਨੇ। ਨਾਲ ਡਾਇਮੰਡ ਦੇ ਅਸਲੀ ਹੋਣ ਦਾ ਸਰਟੀਫ਼ਿਕੇਟ ਵੀ। ਮਾਂ ਜੀ ਵੱਲ ਕੱਲ੍ਹ ਚਲੇ ਚਲਾਂਗੇ।’’
‘‘ਕਿੰਨੇ ਦਿਨ ਹੋ ਗਏ ਸੋਚਦੇ ਪਰ ਜਾ ਹੀ ਨਹੀਂ ਹੁੰਦਾ।’’ ਰਿਸ਼ੀ ਨੇ ਕਿਹਾ।
‘‘ਤੁਸੀਂ ਹੁਣ ਬੱਚੇ ਥੋੜ੍ਹੇ ਹੀ ਹੋ ਕਿ ਸਾਰਾ ਵੇਲਾ ਮਾਂ-ਮਾਂ ਕਰਦੇ ਰਹੋ।’’ ਨੀਲਮ ਅੱਗੋਂ ਬੋਲੀ।
‘‘ਤੂੰ ਇਹ ਕਿਉਂ ਨਹੀਂ ਆਖਦੀ ਕਿ ਔਰਤਾਂ ਨੂੰ ਗਹਿਣੇ ਕੱਪੜਿਆਂ ਦਾ ਨਸ਼ਾ ਹੁੰਦਾ। ਇਸ ਲਈ ਬਹੁਤਾ ਧਿਆਨ ਇਸ ਪਾਸੇ ਰਹਿੰਦਾ।’’
‘‘ਚਲੋ ਜੀ, ਮੰਨ ਲੈਂਦੇ ਹਾਂ ਤੁਹਾਡੀਆਂ ਗੱਲਾਂ। ਪਰ ਇਹ ਨਸ਼ਾ ਆਦਮੀਆਂ ਦੇ ਹਰੇਕ ਨਸ਼ੇ ਨਾਲੋਂ ਚੰਗਾ।’’
‘‘ਤੈਨੂੰ ਤਾਂ ਨੀਲਮ ਵਕੀਲ ਹੋਣਾ ਚਾਹੀਦਾ ਸੀ। ਤੇਰੇ ਕੋਲ ਹਰ ਗੱਲ ਦਾ ਜਵਾਬ ਤਿਆਰ ਹੈ।’’ ਰਿਸ਼ੀ ਨੇ ਕਿਹਾ।
‘‘ਡਾਇਮੰਡ ਖ਼ਰੀਦਣ ਵਾਸਤੇ ਪੈਸੇ ਹੈਗੇ ਤੇਰੇ ਕੋਲ?’’ ਰਿਸ਼ੀ ਨੇ ਪੁੱਛਿਆ।
‘‘ਉਹ ਛੇ ਮਹੀਨੇ ਤੱਕ ਦਾ ਚੈੱਕ ਲੈ ਲੈਂਦੇ ਨੇ।’’ ਨੀਲਮ ਨੇ ਜਵਾਬ ਦਿੱਤਾ।
‘‘ਛੇ ਮਹੀਨਿਆਂ ਤੱਕ ਡਾਇੰਮਡ ਵਾਸਤੇ ਪੈਸੇ ਕਿੱਥੋਂ ਆਉਣਗੇ?’’ ਰਿਸ਼ੀ ਨੇ ਫਿਰ ਪੁੱਛਿਆ।
‘‘ਹੋਜੂਗਾ ਇੰਤਜ਼ਾਮ। ਕੁਝ ਤਨਖ਼ਾਹਾਂ ’ਚੋਂ ਜੋੜਾਂਗੀ, ਕੁਝ ਪਾਪਾ ਨੂੰ ਕਹਾਂਗੀ ਪੈਸੇ ਭੇਜਣ ਬਾਰੇ, ਕੁਝ ਤੁਸੀਂ ਮਾਂ ਜੀ ਕੋਲੋਂ ਮੰਗ ਲਿਆਓ। ਮੈਂ ਤਾਂ ਇਹ ਵੀ ਸੁਣਿਆ ਹੋਇਆ ਹੈ ਕਿ ਤੁਹਾਡੇ ਵਰਗੇ ਅਫ਼ਸਰਾਂ ਕੋਲ ਤਕੜੀਆਂ ਅਸਾਮੀਆਂ ਹੁੰਦੀਆਂ ਨੇ। ਮਾੜਾ ਜਿਹਾ ਉਸ ਦਾ ਕੋਈ ਕੰਮ ਸਾਰ ਦਿਓ, ਜਿੰਨੇ ਮਰਜ਼ੀ ਪੈਸੇ ਝਾੜ ਲਵੋ।’’
‘‘ਜੁਗਨੂੰ ਨੂੰ ਹਰਾਮ ਦੀ ਕਮਾਈ ਨਾਲ ਪਾਲੇਂਗੀ ਉਹ ਹਰਾਮ ਦਾ ਹੀ ਬਣੂ। ਮੈਨੂੰ ਤਾਂ ਮਾਂ ਨੇ ਇਹੀ ਸਿਖਾਇਆ।’’
‘‘ਚਲੋ ਛੱਡੋ ਸਾਰੀਆਂ ਗੱਲਾਂ। ਨਹੀਂ ਲੈ ਕੇ ਦੇਣੇ ਨਾ ਲੈ ਕੇ ਦਿਓ।’’ ਆਖ ਕੇ ਨੀਲਮ ਨੇ ਫ਼ੋਨ ਬੰਦ ਕਰ ਦਿੱਤਾ।
ਰਿਸ਼ੀ ਨੇ ਸੋਚਿਆ ਕਿ ਚਲੋ ਬਹੁਤੇ ਕੀਮਤੀ ਗਹਿਣੇ ਨਾ ਸਹੀ ਘੱਟ ਕੀਮਤੀ ਗਹਿਣੇ ਲੈ ਲਵਾਂਗੇ। ਛੇਤੀ ਦਫ਼ਤਰੋਂ ਘਰ ਆ ਗਿਆ। ਉਹ ਪ੍ਰਦਰਸ਼ਨੀ ਦੇਖਣ ਚਲੇ ਗਏ।
ਹੀਰਿਆਂ ਦੇ ਗਹਿਣੇ ਅਸਲ ਵਿਚ ਬਹੁਤ ਖ਼ੂਬਸੂਰਤ ਸਨ। ਰਿਸ਼ੀ ਨੂੰ ਵੀ ਚੰਗੇ ਲੱਗੇ। ਨੀਲਮ ਨੇ ਜਦੋਂ ਪਾ-ਪਾ ਦਿਖਾਏ ਉਹ ਖ਼ੁਸ਼ ਸੀ। ਰਿਸ਼ੀ ਨੂੰ ਛੇ ਮਹੀਨੇ ਅਗਾਂਹ ਦਾ ਚੈੱਕ ਦੇਣਾ ਪਿਆ।
ਕਾਫ਼ੀ ਦੇਰ ਹੋਈ ਘਰ ਨੂੰ ਮੁੜੇ ਤਾਂ ਪਹਿਰੇਦਾਰ ਨੇ ਦੱਸਿਆ ਕਿ ਮਾਂ ਜੀ ਆਏ ਸਨ। ਕਾਫ਼ੀ ਚਿਰ ਉਡੀਕਦੇ ਰਹੇ। ਕਹਿੰਦੇ ਸੀ ਕਿ ਜੀਅ ਵੀ ਰਾਜ਼ੀ ਨਹੀਂ।
‘‘ਕੱਲ੍ਹ ਦਫ਼ਤਰੋਂ ਸਿੱਧੇ ਮਾਂ ਜੀ ਦੇ ਘਰ ਚਲੇ ਜਾਣਾ।’’ ਨੀਲਮ ਨੇ ਰਿਸ਼ੀ ਨੂੰ ਖ਼ੁਸ਼ ਕਰਨ ਲਈ ਕਿਹਾ।
ਅਗਲੇ ਦਿਨ ਦੁਪਹਿਰ ਤੋਂ ਮਗਰੋਂ ਜਦੋਂ ਰਿਸ਼ੀ ਦਫ਼ਤਰ ਦਾ ਕੰਮ ਛੇਤੀ-ਛੇਤੀ ਮੁਕਾ ਰਿਹਾ ਸੀ ਤਾਂ ਉਸ ਦਾ ਬੌਸ ਉਸਦੇ ਕਮਰੇ ’ਚ ਆ ਗਿਆ।
‘‘ਸਰ, ਤੁਸੀਂ ਮੈਨੂੰ ਬੁਲਾ ਲੈਂਦੇ।’’ ਰਿਸ਼ੀ ਖੜ੍ਹੇ ਹੁੰਦੇ ਬੋਲਿਆ।
‘‘ਜ਼ਰੂਰੀ ਕੰਮ ਆ ਪਿਆ।’’ ਇਕ ਪਾਸੇ ਸੋਫੇ ’ਤੇ ਬੈਠਦਿਆਂ ਬੌਸ ਨੇ ਆਖਿਆ।
ਰਿਸ਼ੀ ਨੇ ਘੰਟੀ ਮਾਰ ਕੇ ਚਪੜਾਸੀ ਨੂੰ ਦੋ ਕੱਪ ਕੌਫ਼ੀ ਲਿਆਉਣ ਨੂੰ ਕਿਹਾ।
‘‘ਕੀ ਗੱਲ ਹੈ ਸਰ?’’ ਰਿਸ਼ੀ ਨੇ ਪੁੱਛਿਆ।
‘‘ਮੇਰੇ ਸਹੁਰਾ ਸਾਹਬ ਦਿੱਲੀ ਰਹਿੰਦੇ ਸਨ। ਹੁਣੇ ਫ਼ੋਨ ਆਇਆ ਕਿ ਅਚਾਨਕ ਹਾਰਟਫੇਲ ਨਾਲ ਸੁਰਗਵਾਸ ਹੋ ਗਏ ਨੇ। ਤੁਹਾਨੂੰ ਪਤਾ ਹੀ ਹੈ ਇਕੋ ਮੇਰਾ ਸਾਲਾ ਹੈ ਉਹ ਅਮਰੀਕਾ ਹੈ ਉਸ ਨੇ ਏਡੀ ਛੇਤੀ ਪਹੁੰਚ ਨਹੀਂ ਸਕਣਾ। ਆਪਾਂ ਨੂੰ ਹੀ ਚੱਲ ਕੇ ਕਿਰਿਆ ਕਰਮ ਕਰਾਉਣਾ ਪੈਣਾ।’’ ਬੌਸ ਨੇ ਕਿਹਾ।
‘‘ਠੀਕ ਹੈ ਚਲੇ ਚਲਾਂਗੇ।’’ ਕੌਫ਼ੀ ਦਾ ਕੱਪ ਉਸਦੇ ਅੱਗੇ ਕਰਕੇ, ਆਪਣਾ ਕੱਪ ਚੁੱਕ ਕੇ ਰਿਸ਼ੀ ਬੋਲਿਆ।
‘‘ਤੂੰ ਰਾਤ ਜੋਗਾ ਨਾਈਟ ਸੂਟ ਲੈ ਕੇ, ਡਰਾਈਵਰ ਨੂੰ ਲੈ ਕੇ ਸਾਡੇ ਘਰ ਆ ਜਾ।’’ ਬੌਸ ਨੇ ਕਿਹਾ।
‘‘ਸਰ, ਅੱਜ ਤਾਂ ਦਿੱਲੀ ਪਹੁੰਚਦਿਆਂ ਲੇਟ ਹੋ ਜਾਵਾਂਗੇ।’’
ਕੌਫ਼ੀ ਪੀਣ ਮਗਰੋਂ ਬੌਸ ਚਲਿਆ ਗਿਆ। ਉਸ ਦੀ ਪਤਨੀ ਨੇ ਵੀ ਨਾਲ ਜਾਣਾ ਸੀ।
ਰਿਸ਼ੀ ਨੇ ਅੱਧਾ ਘੰਟਾ ਜ਼ਰੂਰੀ ਫਾਈਲਾਂ ਕੱਢੀਆਂ। ਫੇਰ ਡਰਾਈਵਰ ਨੂੰ ਲੈ ਕੇ ਆਪਣੇ ਘਰ ਚਲਿਆ ਗਿਆ। ਉਸ ਨੇ ਨੀਲਮ ਨੂੰ ਕਿਹਾ ਕਿ ਦਿੱਲੀ ਜਾਣਾ ਪੈਣਾ। ਤੂੰ ਇਕੱਲੀ ਹੈਂ ਮਾਂ ਨੂੰ ਬੁਲਾ ਲਵੀਂ।
‘‘ਮੈਨੂੰ ਇੱਥੇ ਕੋਈ ਡਰ ਨਹੀਂ। ਮਾਂ ਜੀ ਨੂੰ ਕਾਹਨੂੰ ਤੰਗ ਕਰਨਾ। ਕੋਠੀ ਦੇ ਬਾਹਰ ਪਹਿਰਾ ਐ।’’ ਨੀਲਮ ਨੇ ਜਵਾਬ ਦਿੱਤਾ, ‘‘ਸਰਵੈਂਟਸ ਕੁਆਰਟਰ ’ਚ ਡਰਾਈਵਰ ਅਤੇ ਕੁੱਕ ਦੀਆਂ ਫੈਮਲੀਜ਼ ਨੇ।’’
ਰਿਸ਼ੀ ਚੁੱਪ ਰਿਹਾ।
ਅਟੈਚੀਕੇਸ ’ਚ ਤੌਲੀਆ, ਬੁਰਸ਼, ਨਾਈਟ ਸੂਟ ਤੇ ਇਕ ਪੈਂਟ ਕਮੀਜ਼ ਪਾ ਕੇ ਜਾਣ ਲੱਗਿਆਂ ਜੁਗਨੂੰ ਨੂੰ ਪਿਆਰ ਦੇ ਕੇ ਰਿਸ਼ੀ ਨੇ ਕਿਹਾ ਕਿ ਮੇਰੇ ਮਗਰੋਂ ਬੇਟੇ ਆਪਣੀ ਮੰਮਾ ਦਾ ਖ਼ਿਆਲ ਰੱਖੀਂ।
ਇਹ ਸੁਣ ਕੇ ਨੀਲਮ ਹੱਸ ਪਈ। ਉੱਥੋਂ ਉਹ ਬੌਸ ਦੀ ਕੋਠੀ ਆ ਗਿਆ। ਅੱਗੋਂ ਉਹ ਅੱਗੜ-ਪਿਛੜ ਦਿੱਲੀ ਵੱਲ ਚੱਲ ਪਏ। ਹਨੇਰਾ ਹੋਣ ’ਤੇ ਰਾਹ ’ਚ ਉਨ੍ਹਾਂ ਨੇ ਇਕ ਰੈਸਤਰਾਂ ਤੋਂ ਰੋਟੀ ਖਾਧੀ।
ਰਿਸ਼ੀ ਹੈਰਾਨ ਸੀ ਕਿ ਬੌਸ ਦੀ ਵਹੁਟੀ ਜਿਸ ਦਾ ਬਾਪ ਮਰਿਆ ਸੀ ਉਸ ਨੇ ਵੀ ਆਰਾਮ ਨਾਲ ਖਾਣਾ ਖਾ ਲਿਆ ਸੀ। ਰਿਸ਼ੀ ਨੂੰ ਵਹੁਟੀ ਵੱਲ ਤੱਕਦਿਆਂ ਬੌਸ ਨੇ ਵਹੁਟੀ ਨੂੰ ਕਿਹਾ, ‘‘ਬਹੁਤਾ ਰੋਣ-ਧੋਣ ਨਾਲ ਕੁਝ ਨਹੀਂ ਬਣਦਾ। ਬੰਦੇ ਨੂੰ ਸਟਰੌਂਗ ਹੋਣਾ ਚਾਹੀਦਾ ਐ।’’ ਦਿੱਲੀ ਉਹ ਰਾਤ ਦੇ ਦਸ ਵਜੇ ਪਹੁੰਚੇ। ਬੌਸ ਦੀ ਵਹੁਟੀ ਨੇ ਬਾਪ ਦੇ ਮੂੰਹ ਤੋਂ ਕੱਪੜਾ ਲਾਹੁੰਦਿਆਂ ਹਾਏ ਪਾਪਾ ਕਹਿ ਕੇ ਧਾਹ ਮਾਰੀ। ਫਿਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਉਹ ਸ਼ਾਇਦ ਅਮਰੀਕਾ ’ਚ ਰਹਿੰਦੇ ਉਸਦੇ ਪੁੱਤਰ ਨੂੰ ਉਡੀਕਣਾ ਚਾਹੁੰਦੇ ਸਨ। ਅਗਲੀ ਸਵੇਰ ਤੱਕ ਉਸ ਦਾ ਫ਼ੋਨ ਆ ਗਿਆ ਕਿ ਕੋਈ ਫਲਾਈਟ ਨਹੀਂ ਮਿਲ ਰਹੀ। ਮੈਂ ਤਿੰਨ ਦਿਨ ਤੋਂ ਪਹਿਲਾਂ ਨਹੀਂ ਪਹੁੰਚ ਸਕਾਂਗਾ। ਇਸ ਲਈ ਕਰੀਮੇਸ਼ਨ ਤੁਸੀਂ ਕਰ ਦਿਓ ਤੇ ਭੋਗ ਮੇਰੇ ਆਏ ’ਤੇ ਪਾ ਦੇਣਾ। ਭੋਗ ਵੀ ਜਿਵੇਂ ਅੱਜਕੱਲ੍ਹ ਕਰਦੇ ਨੇ ਚੌਥੇ ਦਿਨ ਰੱਖ ਲਓ। ਬੌਸ ਨੇ ਕਰੀਮੇਸ਼ਨ ਤੋਂ ਮਗਰੋਂ ਵੀ ਰਿਸ਼ੀ ਨੂੰ ਵਾਪਸ ਨਾ ਜਾਣ ਦਿੱਤਾ ਕਿਉਂਕਿ ਅਗਲੇ ਦਿਨ ਫੁੱਲ ਚੁਗਣੇ ਸਨ। ਬੌਸ ਦੇ ਉੱਥੇ ਜਾਣ ਪਹਿਚਾਣ ਵਾਲਾ ਕੋਈ ਨਹੀਂ ਸੀ। ਫਿਰ ਫੁੱਲ ਹਰਿਦੁਆਰ ਪ੍ਰਵਾਹ ਕਰਕੇ ਆਉਣੇ ਸਨ। ਪਤਾ ਨਹੀਂ ਕਿਉਂ ਬੌਸ ਨੂੰ ਰਿਸ਼ੀ ਤੋਂ ਬਿਨਾਂ ਆਪਣੇ ਆਪ ਸਾਰੇ ਕੰਮ ਕਰਨੇ ਬਹੁਤ ਔਖੇ ਲੱਗਦੇ ਸਨ। ਹਰਿਦੁਆਰ ਤੋਂ ਆ ਕੇ ਉਨ੍ਹਾਂ ਨੇ ਅਖ਼ਬਾਰ ’ਚ ਤਸਵੀਰ ਤੇ ਭੋਗ ਦਾ ਸਮਾਂ ਤੇ ਸਥਾਨ ਕਢਵਾ ਦਿੱਤੇ ਸਨ। ਇਕ ਦਿਨ ਸਾਰੇ ਪ੍ਰਬੰਧ ਕਰਨ ਨੂੰ ਚਾਹੀਦਾ ਸੀ ਕੋਈ। ਭੋਗ ਤੋਂ ਮਗਰੋਂ ਆਏ-ਗਏ ਦੀ ਰੋਟੀ ਦਾ ਪ੍ਰਬੰਧ ਵੀ ਕਰਨਾ ਸੀ। ਉਸ ਨੇ ਰਿਸ਼ੀ ਨੂੰ ਆਖਿਆ, ‘‘ਤੈਨੂੰ ਇੰਨੇ ਦਿਨ ਰੋਕਣਾ ਚੰਗਾ ਤਾਂ ਨਹੀਂ ਲੱਗਦਾ, ਪਰ ਮੈਂ ਮਜਬੂਰ ਹਾਂ। ਤੇਰੀ ਸ੍ਰੀਮਤੀ ਵੀ ਉਡੀਕਦੀ ਹੋਊਗੀ।’’
ਰਿਸ਼ੀ ਨੇ ਕਿਹਾ, ‘‘ਕੋਈ ਨਹੀਂ ਸਰ। ਘਰੇ ਨੀਲਮ ਨੂੰ ਫ਼ੋਨ ਕਰ ਦਿੱਤਾ ਸੀ। ਕੱਲ੍ਹ ਨੂੰ ਭੋਗ ਮਗਰੋਂ ਚਲਿਆ ਜਾਵਾਂਗਾ।’’ ਅਗਲੇ ਦਿਨ ਭੋਗ ਪੈ ਗਿਆ। ਮਹਿਮਾਨਾਂ ਨੂੰ ਸੰਭਾਲਦੇ ਤੀਜਾ ਪਹਿਰ ਹੋ ਗਿਆ। ਪਤਾ ਨਹੀਂ ਰਿਸ਼ੀ ਦਾ ਦਿਲ ਕਾਹਤੋਂ ਕਾਹਲਾ ਪੈ ਰਿਹਾ ਸੀ। ਉਸ ਨੂੰ ਮਾਂ ਬੜੀ ਯਾਦ ਆ ਰਹੀ ਸੀ। ਕਾਫ਼ੀ ਦਿਨ ਹੋਏ ਸਨ ਮਾਂ ਵੱਲ ਗਏ ਨੂੰ। ਆਪਣੇ ਆਪ ਨੂੰ ਕਸੂਰਵਾਰ ਲੱਗ ਰਿਹਾ ਸੀ।
ਉਧਰ ਮਾਂ ਨੂੰ ਪਹਿਲਾਂ ਹਲਕਾ ਜਿਹਾ ਬੁਖ਼ਾਰ ਹੋ ਗਿਆ। ਫੇਰ ਤੇਜ਼ ਬੁਖ਼ਾਰ ਹੋ ਗਿਆ। ਉਸ ਨੇ ਸੋਚਿਆ ਕਿ ਰਿਕਸ਼ਾ ਮੰਗਵਾ ਕੇ ਆਪ ਹੀ ਡਾਕਟਰ ਨੂੰ ਦਿਖਾ ਆਵਾਂ। ਪਰ ਉਸ ਤੋਂ ਜਿਵੇਂ ਖੜ੍ਹਿਆ ਨਹੀਂ ਸੀ ਜਾ ਰਿਹਾ। ਉਸ ਨੇ ਛੋਟੂ ਨੂੰ ਰਿਸ਼ੀ ਦੇ ਘਰ ਭੇਜਿਆ ਕਿ ਮਾਂ ਜੀ ਦੀ ਤਬੀਅਤ ਠੀਕ ਨਹੀਂ। ਨੀਲਮ ਨੇ ਦੱਸਿਆ ਕਿ ਉਹ ਤਾਂ ਦਿੱਲੀ ਗਏ ਹੋਏ ਨੇ। ਮੈਂ ਕੱਲ੍ਹ ਆਵਾਂਗੀ ਮਾਂ ਜੀ ਕੋਲ।
ਫਿਰ ਛੋਟੂ ਆਪ ਹੀ ਦਵਾਈਆਂ ਦੀ ਦੁਕਾਨ ’ਤੇ ਜਾ ਕੇ ਇਹ ਕਹਿ ਕੇ ‘ਮਾਂ ਜੀ ਨੂੰ ਬੁਖ਼ਾਰ ਹੈ’ ਦਵਾਈ ਲੈ ਆਇਆ। ਮਾਂ ਨੇ ਦਵਾਈ ਖਾ ਤਾਂ ਲਈ ਸੀ ਪਰ ਕੋਈ ਫ਼ਰਕ ਨਹੀਂ ਸੀ ਪਿਆ। ਉਸ ਦੀ ਤਬੀਅਤ ਹੋਰ ਵੀ ਖ਼ਰਾਬ ਹੋ ਗਈ। ਛੋਟੂ ਦੇ ਸਮਝ ਕੁਝ ਨਹੀਂ ਸੀ ਆ ਰਿਹਾ ਉਹ ਕੀ ਕਰੇ। ਮਾਂ ਨੇ ਵੀ ਉਸ ਨੂੰ ਕੁਝ ਨਹੀਂ ਕਿਹਾ। ਪਤਾ ਨਹੀਂ ਕੀ ਸੋਚ ਕੇ ਮਾਂ ਦੀਆਂ ਅੱਖਾਂ ’ਚ ਪਾਣੀ ਭਰ ਆਇਆ।
ਦੁਪਹਿਰ ਵੇਲੇ ਉਸ ਨੇ ਆਪਣੇ ਸਿਰਹਾਣੇ ਹੇਠਾਂ ਰੱਖੀ ਇਕ ਚਿੱਠੀ ਕੱਢੀ ਜਿਸ ਉਪਰ ਮੋਟੇ-ਮੋਟੇ ਅੱਖਰਾਂ ਵਿਚ ਲਿਖਿਆ ਸੀ- ਆਈ ਮਿਸ ਯੂ ਮਾਂ। ਮਾਂ ਨੇ ਰਿਸ਼ੀ ਦੀ ਲਿਖੀ ਇਹ ਚਿੱਠੀ ਹੱਥ ’ਚ ਘੁੱਟ ਲਈ। ਉਸ ਦਾ ਸਾਰਾ ਜਿਸਮ ਟੁੱਟਦਾ ਜਾ ਰਿਹਾ ਸੀ।
ਰਿਸ਼ੀ ਨੇ ਤੀਜੇ ਪਹਿਰ ਬਿਨਾਂ ਖਾਧੇ-ਪੀਤੇ ਹੀ ਡਰਾਈਵਰ ਨੂੰ ਵਾਪਸ ਚੱਲਣ ਲਈ ਕਿਹਾ। ਬੌਸ ਨੇ ਉਸ ਦਾ ਧੰਨਵਾਦ ਕੀਤਾ।
ਵਾਪਸ ਜਾਂਦਾ ਹੋਇਆ ਰਿਸ਼ੀ ਸੋਚ ਰਿਹਾ ਸੀ ਕਿ ਬੇਸ਼ੱਕ ਜਿੰਨਾ ਮਰਜ਼ੀ ਹਨੇਰਾ ਹੋ ਜਾਏ ਮੈਂ ਸਿੱਧਾ ਮਾਂ ਕੋਲ ਹੀ ਜਾਵਾਂਗਾ। ਮਾਂ ਥੋੜ੍ਹਾ ਜਿਹਾ ਗੁੱਸਾ ਤਾਂ ਦਿਖਾਏਗੀ ਫਿਰ ਆਪ ਹੀ ਮੰਨ ਜਾਏਗੀ।
‘‘ਥੋੜ੍ਹਾ ਤੇਜ਼ ਚਲਾ।’’ ਉਸ ਨੇ ਡਰਾਈਵਰ ਨੂੰ ਬੇਧਿਆਨੇ ਜਿਹੇ ਹੋ ਕੇ ਕਿਹਾ।
‘‘ਆਪਾਂ ਸਰ ਪਹਿਲਾਂ ਹੀ ਕਾਫ਼ੀ ਸਪੀਡ ’ਤੇ ਜਾ ਰਹੇ ਹਾਂ।’’ ਡਰਾਈਵਰ ਨੇ ਕਿਹਾ।
ਜਦ ਉਨ੍ਹਾਂ ਨੂੰ ਟੋਲ ਟੈਕਸ ’ਤੇ ਖੜ੍ਹਾ ਲਿਆ ਗਿਆ ਉਦੋਂ ਰਿਸ਼ੀ ਦਾ ਜੀਅ ਕੀਤਾ ਕਿ ਅੱਗੇ ਖੜ੍ਹੇ ਵਾਹਨਾਂ ’ਚ ਟੱਕਰ ਮਾਰ ਕੇ ਇੱਧਰ-ਉਧਰ ਕਰਕੇ ਆਪ ਛੇਤੀ ਲੰਘ ਜਾਵੇ।
ਟੌਲ ਟੈਕਸ ਵਾਲੇ ਤੋਂ ਬਣਦੇ ਪੈਸੇ ਲੈਣ ਲਈ ਉਹ ਨਹੀਂ ਸੀ ਰੁਕੇ। ਰਾਹ ਮਿਲਦਿਆਂ ਹੀ ਡਰਾਈਵਰ ਨੇ ਗੱਡੀ ਭਜਾ ਲਈ।
‘‘ਅੱਜ ਜੇ ਮਾਂ ਜੀ ਨੂੰ ਪਤਾ ਲੱਗਿਆ ਕਿ ਗੱਡੀ ਐਨੀ ਤੇਜ਼ ਭਜਾਈ ਸੀ ਤਾਂ ਜ਼ਰੂਰ ਮੇਰੇ ਜੁੱਤੀਆਂ ਪੈਣਗੀਆਂ।’’ ਡਰਾਈਵਰ ਨੇ ਕਿਹਾ।
ਥੋੜ੍ਹੀ ਰਾਤ ਗਏ ਤੱਕ ਉਹ ਮਾਂ ਦੇ ਘਰ ਪੁੱਜ ਗਏ। ਰਿਸ਼ੀ ਫਾਟਕ ਖੋਲ੍ਹ ਕੇ ਅੰਦਰ ਗਿਆ। ਮੋਤੀ ਪਹਿਲਾਂ ਵਾਂਗ ਛਲਾਂਗਾਂ ਮਾਰਦਾ ਉਸ ਵੱਲ ਨਹੀਂ ਭੱਜਿਆ। ਅੰਦਰ ਜਾ ਕੇ ਰਿਸ਼ੀ ਨੇ ਦੇਖਿਆ ਕਿ ਮਾਂ ਕੋਲ ਇਕ ਪਾਸੇ ਛੋਟੂ ਚੌਕੀ ’ਤੇ ਬੈਠਾ ਹੋਇਆ ਉਂਘਲਾ ਰਿਹਾ ਸੀ। ਰਿਸ਼ੀ ਦੇ ਆਉੁਣ ਦਾ ਖੜਕਾ ਸੁਣ ਕੇ ਉੁਭੜਵਾਹੇ ਜਾਗਿਆ ਤੇ ਬੋਲਿਆ ਕਿ ਮਾਂ ਜੀ ਕੋਈ ਗੱਲ ਨਹੀਂ ਕਰ ਰਹੇ। ਪਤਾ ਨਹੀਂ ਕੀ ਹੋ ਗਿਆ।
ਰਿਸ਼ੀ ਮਾਂ ਦੇ ਨੇੜੇ ਗਿਆ। ਉਸ ਦੀ ਨਬਜ਼ ਟੋਹੀ। ਮੱਥੇ ’ਤੇ ਹੱਥ ਰੱਖਿਆ। ਮਾਂ ਪਤਾ ਨਹੀਂ ਕਦੋਂ ਦੀ ਜਾ ਚੁੱਕੀ ਸੀ। ਉਸ ਨੇ ਮਾਂ ਦੀਆਂ ਉਂਗਲਾਂ ਸਿੱਧੀਆਂ ਕਰਕੇ ਹੱਥ ’ਚੋਂ ਚਿੱਠੀ ਕੱਢੀ ਜੋ ਰਿਸ਼ੀ ਦੀ ਆਪਣੀ ਹੀ ਲਿਖੀ ਹੋਈ ਸੀ- ਆਈ ਮਿਸ ਯੂ ਮਾਂ।
ਉਹ ਬੱਚਿਆਂ ਵਾਂਗ ਵਿਲਕ ਕੇ ਮਾਂ ਦੇ ਗਲ ਲੱਗ ਗਿਆ।
ਮਾਂ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਵੱਲ ਦੇਖ ਉਸ ਨੂੰ ਲੱਗਿਆ ਜਿਵੇਂ ਉਹ ਆਖ ਰਹੀ ਹੋਵੇ- ਆਈ ਮਿਸ ਯੂ ਰਾਜਾ।
ਪ੍ਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਰਾਇ ਕੀ ਹੈ, ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਆਪ ਬਾਰੇ ਰਾਇ ਕੀ ਹੈ ?
ਨਰਿੰਦਰ ਸਿੰਘ ਕਪੂਰ
ਸੱਥ ਵਿੱਚ ਬੈਹ ਕੇ ਬੀਨ ਬਜਾਉਦੇ,
ਚੁਟਕੀ ਚੁਟਕੀ ਲਿਆਈਆਂ,
ਆਹ ਲੈ ਫੜ ਮਿੱਤਰਾਂ,ਬੰਗਾ ਮੇਚ ਨਾ ਆਈਆਂ,
ਆਹ ਲੈ …….,
ਜੰਮੂ ਤਵੀ ਦੇ ਰਸਤੇ ਕਸ਼ਮੀਰ ਜਾਈਏ ਤਾਂ ਕੁਦ ਤੇ ਅੱਗੇ ਇਕ ਛੋਟਾ ਜਿਹਾ ਪਹਾੜੀ ਪਿੰਡ ਬਟੌਤ ਆਉਂਦਾ ਹੈ – ਸਿਹਤ ਲਈ ਬੜੀ ਵਧੀਆ ਥਾਂ ਹੈ! ਏਥੇ ਦਿੱਕ ਦੇ ਮਰੀਜ਼ਾਂ ਲਈ ਇਕ ਨਿੱਕਾ ਜਿਹਾ ਸੈਨੇਟੋਰੀਅਮ ਹੈ।
ਉਂਝ ਤਾਂ ਅੱਜ ਤੋਂ ਅੱਠ-ਨੌਂ ਵਰ੍ਹੇ ਪਹਿਲਾਂ ਮੈਂ ਬਟੌਤ ਵਿਚ ਪੂਰੇ ਤਿੰਨ ਮਹੀਨੇ ਬਿਤਾਅ ਚੁੱਕਿਆ ਹਾਂ ਅਤੇ ਇਸ ਸਿਹਤ ਅਫ਼ਜ਼ਾ ਮੁਕਾਮ ਨਾਲ ਮੇਰੀ ਜੁਆਨੀ ਦਾ ਇਕ ਅੱਧ-ਪੱਕਿਆ ਰਿਹਾ ਇਸ਼ਕ ਵੀ ਜੁੜਿਆ ਹੋਇਐ, ਪਰ ਇਸ ਕਹਾਣੀ ਨਾਲ ਮੇਰੀ ਕਿਸੇ ਵੀ ਕਮਜ਼ੋਰੀ ਦਾ ਕੋਈ ਸਬੰਧ ਨਹੀਂ।
ਛੇ-ਸੱਤ ਮਹੀਨੇ ਹੋਏ ਮੈਨੂੰ ਬਟੌਤ ਵਿਚ ਆਪਣੇ ਇਕ ਮਿੱਤਰ ਦੀ ਪਤਨੀ ਦੀ ਖ਼ਬਰ ਸਾਰ ਪੁੱਛਣ ਲਈ ਜਾਣਾ ਪਿਆ, ਜੋ ਓਥੇ ਸੈਨੇ-ਟੋਰੀਅਮ ਵਿਚ ਜ਼ਿੰਦਗੀ ਦੇ ਆਖ਼ਰੀ ਸਾਹ ਲੈ ਰਹੀ ਸੀ। ਮੇਰੇ ਓਥੇ ਪੁਜਦਿਆਂ ਹੀ ਇਕ ਮਰੀਜ਼ ਪੂਰਾ ਹੋ ਗਿਆ ਅਤੇ ਵਿਚਾਰੀ ਪਦਮਾ ਦੇ ਸਾਹ, ਜੋ ਪਹਿਲਾਂ ਹੀ ਉੱਖੜੇ ਹੋਏ ਸਨ, ਹੋਰ ਵੀ ਬੇਵਸਾਹੀ ਦੀ ਹੱਦ ਤੱਕ ਪਹੁੰਚ ਗਏ।
ਮੈਂ ਕਹਿ ਨਹੀਂ ਸਕਦਾ ਕਿ ਕਾਰਨ ਕੀ ਸੀ, ਪਰ ਮੇਰਾ ਖ਼ਿਆਲ ਹੈ ਕਿ ਇਹ ਕੇਵਲ ਇਤਫ਼ਾਕ ਸੀ ਕਿ ਚਾਰ ਦਿਨਾਂ ਦੇ ਅੰਦਰ-ਅੰਦਰ ਉਸ ਨਿੱਕੇ ਜਿਹੇ ਸੈਨੇਟੋਰੀਅਮ ਵਿਚ ਤਿੰਨ ਮਰੀਜ਼ ਉਪਰੋ-ਥਲੀ ਮਰ ਗਏ… ਜਿਉਂ ਹੀ ਕੋਈ ਬਿਸਤਰਾ ਖ਼ਾਲੀ ਹੁੰਦਾ ਜਾਂ ਰੋਗੀ ਦੀ ਸੇਵਾ ਕਰਦੇ ਕਰਦੇ ਥੱਕੇ ਹੋਏ ਇਨਸਾਨਾਂ ਦੀ ਥੱਕੀ ਹੋਈ ਚੀਕ-ਪੁਕਾਰ ਉੱਠਦੀ ਤਾਂ ਸਾਰੇ ਸੈਨੇਟੋਰੀਅਮ ਉਤੇ ਇਕ ਅਜੀਬ ਕਿਸਮ ਦੀ ਮਟਮੈਲੀ ਉਦਾਸੀ ਛਾਂ ਜਾਂਦੀ ਅਤੇ ਉਹ ਮਰੀਜ਼ ਜੋ ਉਮੀਦ ਦੇ ਪਤਲੇ ਧਾਗੇ ਨਾਲ ਚਿੰਬੜੇ ਹੁੰਦੇ ਸਨ, ਨਿਰਾਸ਼ਾ ਦੀਆਂ ਅਥਾਹ ਗਹਿਰਾਈਆਂ ਵਿਚ ਡੁੱਬ ਜਾਂਦੇ।
ਮੇਰੇ ਮਿੱਤਰ ਦੀ ਬੀਵੀ ਪਦਮਾ ਦਾ ਤਾਂ ਸਾਹ ਹੀ ਸੂਤਿਆ ਜਾਂਦਾ, ਉਸਦੇ ਪਤਲੇ ਬੁੱਲ੍ਹਾਂ ਉਤੇ ਮੌਤ ਦੀ ਪਿਲੱਤਣ ਕੰਬਣ ਲੱਗਦੀ ਅਤੇ ਉਸਦੀਆਂ ਡੂੰਘੀਆਂ ਅੱਖਾਂ ‘ਚ ਇਕ ਨਿਹਾਇਤ ਹੀ ਤਰਸ ਭਰਿਆ ਪ੍ਰਸ਼ਨ ਪੈਦਾ ਹੋ ਜਾਂਦਾ, ਸਭ ਤੋਂ ਅੱਗੇ ਇਕ ਘਬਰਾਇਆ ਹੋਇਆ ‘ਕਿਉਂ’? ਤੇ ਉਸ ਦੇ ਪਿੱਛੇ ਬਹੁਤ ਸਾਰੇ ਡਰਪੋਕ ‘ਨਹੀਂ!’
ਤੀਜੇ ਮਰੀਜ਼ ਦੀ ਮੌਤ ਪਿਛੋਂ ਮੈਂ ਬਾਹਰ ਵਰਾਂਡੇ ‘ਚ ਬੈਠ ਕੇ ਜ਼ਿੰਦਗੀ ਅਤੇ ਮੌਤ ਬਾਰੇ ਸੋਚਣ ਲੱਗਿਆ; ਸੈਨੇਟੋਰੀਅਮ ਇਕ ਮਰਤਬਾਨ ਵਰਗਾ ਲਗਦਾ ਹੈ, ਜਿਸ ਵਿਚ ਮਰੀਜ਼ ਗੰਢਿਆਂ ਵਾਂਗੂੰ ਸਿਰਕੇ ਵਿਚ ਡੁੱਬੇ ਹੋਏ ਨੇ… ਇਕ ਕਾਂਟਾ ਆਉਂਦਾ ਹੈ ਅਤੇ ਜਿਹੜਾ ਗੰਢਾ ਚੰਗੀ ਤਰ੍ਹਾਂ ਗਲ਼ ਗਿਆ ਹੈ, ਉਸਨੂੰ ਲੱਭਦਾ ਹੈ ਅਤੇ ਕੱਢ ਕੇ ਲੈ ਜਾਂਦਾ ਹੈ…
ਕਿੰਨੀ ਹਾਸੋਹੀਣੀ ਉਪਮਾ ਸੀ, ਪਰ ਪਤਾ ਨਹੀਂ ਕਿਉਂ ਵਾਰ-ਵਾਰ ਇਹੀ ਉਪਮਾ ਮੇਰੇ ਦਿਮਾਗ਼ ਵਿਚ ਆਈ ਅਤੇ ਮੈਂ ਇਸ ਤੋਂ ਅੱਗੇ ਹੋਰ ਕੁਝ ਨਾ ਸੋਚ ਸਕਿਆ ਕਿ ਮੌਤ ਇਕ ਬਹੁਤ ਹੀ ਕੋਝੀ ਚੀਜ਼ ਹੈ। ਤੁਸੀਂ ਚੰਗੇ ਭਲੇ ਜੀ ਰਹੇ ਓ, ਫੇਰ ਇਕ ਬਿਮਾਰੀ ਕਿਤੋਂ ਆ ਕੇ ਚੰਬੜ ਜਾਂਦੀ ਹੈ ਅਤੇ ਤੁਸੀਂ ਮਰ ਜਾਂਦੇ ਹੋ… ਕਹਾਣੀਕਾਰੀ ਦੇ ਦ੍ਰਿਸ਼ਣੀਕੋਣ ਤੋਂ ਵੀ ਜ਼ਿੰਦਗੀ ਦੀ ਕਹਾਣੀ ਦਾ ਇਹ ਅੰਤ ਕੁਝ ਚੁਸਤ ਨਹੀਂ ਲਗਦਾ।
ਵਰਾਂਡੇ ‘ਚੋਂ ਉੱਠ ਕੇ ਮੈਂ ਵਾਰਡ ਅੰਦਰ ਜਾ ਵੜਿਆ।
ਅਜੇ ਮੈਂ ਦਸ ਪੰਦਰਾਂ ਕਦਮ ਹੀ ਚੱਲਿਆ ਹੋਵਾਂਗਾ ਕਿ ਪਿਛਿਉਂ ਆਵਾਜ਼ ਆਈ, “ਦਫ਼ਨਾਅ ਆਏ ਤੁਸੀਂ ਨੰਬਰ ਬਾਈ ਨੂੰ?”
ਮੈਂ ਮੁੜ ਕੇ ਦੇਖਿਆ – ਚਿੱਟੇ ਬਿਸਤਰੇ ਉਤੇ ਦੋ ਕਾਲੀਆਂ ਅੱਖਾਂ ਮੁਸਕਰਾਅ ਰਹੀਆਂ ਸਨ। ਉਹ ਅੱਖਾਂ ਜਿਵੇਂ ਕਿ ਮੈਨੂੰ ਪਿਛੋਂ ਪਤਾ ਲੱਗਿਆ, ਇਕ ਬੰਗਾਲੀ ਔਰਤ ਦੀਆਂ ਸਨ, ਜੋ ਦੂਜੇ ਮਰੀਜ਼ਾਂ ਨਾਲੋਂ ਬਿਲਕੁਲ ਵੱਖਰੇ ਢੰਗ ਨਾਲ ਆਪਣੀ ਮੌਤ ਨੂੰ ਉਡੀਕ ਰਹੀ ਸੀ।
ਉਹਨੇ ਜਦੋਂ ਕਿਹਾ ਸੀ, ‘ਦਫ਼ਨਾਅ ਆਏ ਤੁਸੀਂ ਨੰਬਰ ਬਾਈ ਨੂੰ’ ਤਾਂ ਮੈਨੂੰ ਅਹਿਸਾਸ ਹੋਇਆ ਸੀ ਕਿ ਅਸੀਂ ਇਕ ਇਨਸਾਨ ਨੂੰ ਨਹੀਂ, ਇਕ ਨਗ ਨੂੰ ਦਫ਼ਨਾਅ ਕੇ ਆ ਰਹੇ ਆਂ ਤੇ ਸੱਚ ਪੁੱਛੋ ਤਾਂ ਉਸ ਮਰੀਜ਼ ਨੂੰ ਕਬਰ ਦੇ ਹਵਾਲੇ ਕਰਦਿਆਂ ਮੇਰੇ ਦਿਲ-ਦਿਮਾਗ਼ ਦੇ ਕਿਸੇ ਖੂੰਜੇ ਵਿਚ ਵੀ ਇਹ ਅਹਿਸਾਸ ਪੈਦਾ ਨਹੀਂ ਹੋਇਆ ਕਿ ਉਹ ਇਕ ਇਨਸਾਨ ਸੀ ਅਤੇ ਉਸਦੀ ਮੌਤ ਨਾਲ ਦੁਨੀਆਂ ਵਿਚ ਇਕ ਖੱਪਾ ਪੈਦਾ ਹੋ ਗਿਆ ਹੈ।
ਮੈਂ ਜਦੋਂ ਹੋਰ ਗੱਲਾਂ ਬਾਤਾਂ ਕਰਨ ਲਈ ਉਸ ਬੰਗਾਲੀ ਔਰਤ ਕੋਲ ਬੈਠਿਆ, ਜਿਸ ਦੀਆਂ ਸ਼ਾਹ ਕਾਲੀਆਂ ਅੱਖਾਂ, ਇਹੋ ਜਿਹੀ ਹੌਲਨਾਕ ਬੀਮਾਰੀ ਦੇ ਬਾਵਜੂਦ ਤਰੋ-ਤਾਜ਼ਾ ਅਤੇ ਚਮਕੀਲੀਆਂ ਸਨ ਤਾਂ ਉਸਨੇ ਠੀਕ ਉਸੇ ਤਰ੍ਹਾਂ ਮੁਸਕਰਾਅ ਕੇ ਕਿਹਾ, “ਮੇਰਾ ਨੰਬਰ ਚਾਰ ਹੈ…” ਫੇਰ ਉਹਨੇ ਚਿੱਟੀ ਚਾਦਰ ਦੀਆਂ ਕੁਝ ਸਿਲਵਟਾਂ ਆਪਣੇ ਸੁੱਕੇ ਪਿੰਜਰ ਜਿਹੇ ਹੱਥ ਨਾਲ ਸਿੱਧੀਆਂ ਕੀਤੀਆਂ ਅਤੇ ਬੜੇ ਬੇਬਾਕ ਢੰਗ ਨਾਲ ਆਖਿਆ, “ਤੁਸੀਂ ਮੁਰਦਿਆਂ ਨੂੰ ਜਲਾਉਣ-ਦਫ਼ਨਾਉਣ ਵਿਚ ਕਾਫ਼ੀ ਦਿਲਚਸਪੀ ਲੈਂਦੇ ਹੋ।”
ਮੈਂ ਐਵੇਂ-ਜਿਹਾ ਉੱਤਰ ਦਿੱਤਾ, “ਨਹੀਂ ਤਾਂ…”
ਇਸ ਪਿਛੋਂ ਇਹ ਸੰਖੇਪ ਜਿਹੀ ਗੱਲ-ਬਾਤ ਮੁੱਕ ਗਈ ਅਤੇ ਮੈਂ ਆਪਣੇ ਮਿੱਤਰ ਦੇ ਕੋਲ ਚਲਿਆ ਗਿਆ।
ਦੂਜੇ ਦਿਨ ਮੈਂ ਆਮ ਵਾਂਗ ਸੈਰ ਨੂੰ ਨਿਕਲਿਆ… ਹਲਕੀ ਹਲਕੀ ਫ਼ੁਹਾਰ ਪੈ ਰਹੀ ਸੀ ਅਤੇ ਵਾਤਾਵਰਨ ਬਹੁਤ ਹੀ ਪਿਆਰਾ ਅਤੇ ਮਾਸੂਮ ਹੋ ਗਿਆ ਸੀ; ਜਿਵੇਂ ਵਾਤਾਵਰਨ ਨੂੰ ਉਹਨਾਂ ਮਰੀਜ਼ਾਂ ਨਾਲ ਕੋਈ ਸਰੋਕਾਰ ਹੀ ਨਾ ਹੋਵੇ, ਮਰੀਜ਼ ਜੋ ਜਰਾਸੀਮ ਭਰੇ ਸਾਹ ਲੈ ਰਹੇ ਸਨ … ਚੀਲ੍ਹ ਦੇ ਲੰਬੇ ਲੰਬੇ ਰੁੱਖ, ਨੀਲੀਆਂ ਨੀਲੀਆਂ ਧੁੰਦ ਨਾਲ ਭਰੀਆਂ ਪਹਾੜੀਆਂ, ਸੜਕ ਉਤੇ ਲੁੜਕਦੇ ਹੋਏ ਪੱਥਰ, ਮਧਰੀਆਂ ਪਰ ਨਰੋਈਆਂ ਮ੍ਹੈਸਾਂ, ਹਰ ਪਾਸੇ ਖ਼ੂਬਸੂਰਤੀ ਸੀ, ਇਕ ਵਿਸ਼ਵਾਸ ਭਰੀ ਖ਼ੂਬਸੂਰਤੀ, ਜਿਸ ਨੂੰ ਕਿਸੇ ਚੋਰ ਦਾ ਤੌਖਲਾ ਨਹੀਂ ਸੀ।
ਮੈਂ ਸੈਰ ਤੋਂ ਮੁੜ ਕੇ ਸੈਨੇਟੋਰੀਅਮ ਵਿਚ ਵੜਿਆ ਤਾਂ ਮਰੀਜ਼ਾਂ ਦੇ ਉੱਤਰੇ ਹੋਏ ਚਿਹਰਿਆਂ ਤੋਂ ਹੀ ਮੈਨੂੰ ਪਤਾ ਲੱਗ ਗਿਆ ਕਿ ਇਕ ਹੋਰ ਨਗ ਚੱਲ ਵੱਸਿਆ ਹੈ। ਗਿਆਰਾਂ ਨੰਬਰ ਭਾਵ ਮੇਰੇ ਮਿੱਤਰ ਦੀ ਬੀਵੀ ਪਦਮਾ।
ਪਦਮਾ ਦੀਆਂ ਧਸੀਆਂ ਹੋਈਆਂ ਅੱਖਾਂ ਵਿਚ, ਜੋ ਖੁੱਲ੍ਹੀਆਂ ਰਹਿ ਗਈਆਂ ਸਨ, ਮੈਂ ਬਹੁਤ ਸਾਰੇ ਘਬਰਾਏ ਹੋਏ ‘ਕਿਉਂ’ ਅਤੇ ਅਣਗਿਣਤ ਡਰਪੋਕ ‘ਨਹੀਂ’ ਜੰਮੇ ਹੋਏ ਦੇਖੇ… ਵਿਚਾਰੀ!
ਮੀਂਹ ਵਰ੍ਹ ਰਿਹਾ ਸੀ, ਇਸ ਲਈ ਸੁੱਕਾ ਬਾਲਣ ਇਕੱਠਾ ਕਰਨ ਵਿਚ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਖ਼ੈਰ! ਉਸ ਗਰੀਬ ਦੀ ਲਾਸ਼ ਨੂੰ ਅੱਗੇ ਦੇ ਹਵਾਲੇ ਕਰ ਦਿੱਤਾ ਗਿਆ। ਮੇਰਾ ਮਿੱਤਰ ਓਥੇ ਈ ਚਿਤਾ ਕੋਲ ਬੈਠਾ ਰਿਹਾ ਅਤੇ ਮੈਂ ਉਸਦਾ ਸਾਮਾਨ ਵਗੈਰਾ ਸੰਭਾਲਣ ਲਈ ਸੈਨੇਟੋਰੀਅਮ ਆ ਗਿਆ।
ਵਾਰਡ ਦੇ ਅੰਦਰ ਵੜਦਿਆਂ ਹੀ ਮੈਨੂੰ ਉਸ ਬੰਗਾਲੀ ਔਰਤ ਦੀ ਆਵਾਜ਼ ਸੁਣਾਈ ਦਿੱਤੀ, “ਬੜਾ ਚਿਰ ਲੱਗ ਗਿਆ ਤੁਹਾਨੂੰ।”
“ਜੀ ਹਾਂ… ਮੀਂਹ ਦੇ ਕਾਰਨ ਸੁੱਕਾ ਬਾਲਣ ਨਹੀਂ ਸੀ ਮਿਲ ਰਿਹਾ, ਇਸ ਕਰਕੇ ਦੇਰ ਹੋ ਗਈ।”
“ਹੋਰਨਾਂ ਥਾਵਾਂ ‘ਤੇ ਤਾਂ ਬਾਲਣ ਦੀਆਂ ਦੁਕਾਨਾਂ ਹੁੰਦੀਆਂ ਨੇ, ਪਰ ਮੈਂ ਸੁਣਿਐਂ ਏਥੇ ਏਧਰੋਂ ਓਧਰੋਂ ਆਪ ਹੀ ਲੱਕੜੀਆਂ ਕੱਟਣੀਆਂ ਅਤੇ ਚੁਗਣੀਆਂ ਪੈਂਦੀਆਂ ਨੇ…”
“ਜੀ ਹਾਂ।”
“ਬੈਠੋ ਨਾ, ਕੁਝ ਚਿਰ।”
ਮੈਂ ਉਹਦੇ ਕੋਲ ਸਟੂਲ ਉਤੇ ਬੈਠ ਗਿਆ ਤਾਂ ਉਸਨੇ ਇਕ ਅਜੀਬ ਜਿਹਾ ਸਵਾਲ ਕੀਤਾ,
“ਲੱਭਦਿਆਂ ਲੱਭਦਿਆਂ ਜਦ ਤੁਹਾਨੂੰ ਸੁੱਕੀ ਲੱਕੜੀ ਦਾ ਕੋਈ ਟੁਕੜਾ ਮਿਲ ਜਾਂਦਾ ਹੋਵੇਗਾ ਤਾਂ ਤੁਸੀਂ ਬਹੁਤ ਖੁਸ਼ ਹੋ ਜਾਂਦੇ ਹੋਵੋਗੇ?” ਉਸਨੇ ਮੇਰੇ ਉੱਤਰ ਦੀ ਉਡੀਕ ਨਾ ਕੀਤੀ ਅਤੇ ਆਪਣੀਆਂ ਚਮਕੀਲੀਆਂ ਅੱਖਾਂ ਨਾਲ ਮੈਨੂੰ ਧਿਆਨ ਨਾਲ ਦੇਖਦਿਆਂ ਹੋਇਆ ਕਿਹਾ, “ਮੌਤ ਬਾਰੇ ਤੁਹਾਡਾ ਕੀ ਵਿਚਾਰ ਹੈ?”
“ਮੈਂ ਕਈ ਵਾਰ ਸੋਚਿਆ ਹੈ, ਪਰ ਕੁਝ ਸਮਝ ਨਹੀਂ ਸਕਿਆ…”
ਉਹ ਸਿਆਣਿਆਂ ਵਾਂਗ ਮੁਸਕਰਾਈ ਅਤੇ ਫੇਰ ਬੱਚਿਆਂ ਵਰਗੇ ਲਹਿਜੇ ਵਿਚ ਕਹਿਣ ਲੱਗੀ, “ਮੈਂ ਕੁਝ ਕੁਝ ਸਮਝ ਸਕੀ ਹਾਂ, ਇਸ ਲਈ ਕਿ ਬਹੁਤ ਮੌਤਾਂ ਦੇਖ ਚੁੱਕੀ ਹਾਂ… ਐਨੀਆਂ ਕਿ ਤੁਸੀਂ ਸ਼ਾਇਦ ਹਜ਼ਾਰ ਵਰ੍ਹੇ ਵੀ ਜਿਉਂਦੇ ਰਹਿ ਕੇ ਨਾ ਦੇਖ ਸਕੋ… ਮੈਂ ਬੰਗਾਲ ਦੀ ਰਹਿਣ ਵਾਲੀ ਆਂ, ਜਿੱਥੋਂ ਦਾ ਇਕ ਕਾਲ਼ ਅੱਜ ਕਲ੍ਹ ਬੜਾ ਮਸ਼ਹੂਰ ਹੈ… ਤੁਹਾਨੂੰ ਤਾਂ ਪਤਾ ਹੀ ਹੋਵੇਗਾ, ਲੱਖਾਂ ਆਦਮੀ ਓਥੇ ਮਰ ਚੁੱਕੇ ਹਨ, ਬਹੁਤ ਸਾਰੀਆਂ ਕਹਾਣੀਆਂ ਛਪ ਚੁੱਕੀਆਂ ਹਨ, ਸੈਂਕੜੇ ਲੇਖ ਲਿਖੇ ਜਾ ਚੁੱਕੇ ਹਨ… ਫੇਰ ਵੀ ਸੁਣਿਆਂ ਹੈ, ਇਨਸਾਨ ਦੀ ਇਸ ਬਿਪਤਾ ਦਾ ਚੰਗੀ ਤਰ੍ਹਾਂ ਨਕਸ਼ਾ ਨਹੀਂ ਖਿੱਚਿਆ ਜਾ ਸਕਿਆ… ਮੌਤ ਦੀ ਇਸੇ ਮੰਡੀ ਵਿਚ ਮੈਂ ਮੌਤ ਬਾਰੇ ਕੁਝ ਸੋਚਿਆ ਹੈ…”
ਮੈਂ ਪੁੱਛਿਆ, “ਕੀ?”
ਉਹਨੇ ਉਸੇ ਲਹਿਜੇ ਵਿਚ ਜਵਾਬ ਦਿੱਤਾ, “ਮੈਂ ਸੋਚਿਆ ਹੈ ਕਿ ਇਕ ਆਦਮੀ ਦਾ ਮਰਨਾ ਮੌਤ ਹੈ, ਇਕ ਲੱਖ ਆਦਮੀਆਂ ਦਾ ਮਰਨਾ ਤਮਾਸ਼ਾ ਹੈ… ਮੈਂ ਸੱਚ ਕਹਿੰਦੀ ਹਾਂ, ਮੌਤ ਦਾ ਉਹ ਭੈਅ ਜੋ ਕਦੇ ਮੇਰੇ ਦਿਲ ਵਿਚ ਹੋਇਆ ਕਰਦਾ ਸੀ, ਬਿਲਕੁਲ ਦੂਰ ਹੋ ਗਿਆ ਹੈ… ਹਰ ਬਜ਼ਾਰ ਵਿਚ ਦਸ-ਵੀਹ ਅਰਥੀਆਂ ਅਤੇ ਜਨਾਜ਼ੇ ਦਿਖਾਈ ਦੇਣ ਤਾਂ ਕੀ ਮੌਤ ਦਾ ਅਸਲੀ ਮਤਲਬ ਖ਼ਤਮ ਨਹੀਂ ਹੋ ਜਾਵੇਗਾ… ਮੈਂ ਕੇਵਲ ਏਨਾ ਸਮਝ ਸਕੀ ਹਾਂ ਕਿ ਇਹੋ ਜਿਹੀਆਂ ਅਣਗਿਣਤ ਮੌਤਾਂ ਉਤੇ ਰੋਣਾ ਬੇਕਾਰ ਹੈ, ਬੇਵਕੂਫ਼ੀ ਹੈ… ਅੱਵਲ ਤਾਂ ਏਨੇ ਆਦਮੀਆਂ ਦਾ ਮਰ ਜਾਣਾ ਹੀ ਸਭ ਤੋਂ ਵੱਡੀ ਮੂਰਖ਼ਤਾ ਹੈ…”
ਮੈਂ ਤੁਰੰਤ ਪੁਛਿਆ, “ਕਿਸ ਦੀ?”
“ਕਿਸੇ ਦੀ ਵੀ ਹੋਵੇ… ਮੂਰਖ਼ਤਾ ਮੂਰਖ਼ਤਾ ਹੈ… ਇਕ ਭਰੇ ਸ਼ਹਿਰ ਉਤੇ ਤੁਸੀਂ ਉਪਰੋਂ ਬੰਬ ਸੁੱਟ ਦਿਓ, ਲੋਕ ਮਰ ਜਾਣਗੇ… ਖੂਹਾਂ ‘ਚ ਜ਼ਹਿਰ ਪਾ ਦਿਓ, ਜਿਹੜਾ ਵੀ ਓਥੋਂ ਪਾਣੀ ਪੀਵੇਗਾ, ਮਰ ਜਾਵੇਗਾ… ਇਹ ਕਾਲ, ਕਹਿਰ, ਜੰਗ ਅਤੇ ਬੀਮਾਰੀਆਂ ਸਭ ਵਾਹੀਆਤ ਹਨ… ਇਹਨਾਂ ਨਾਲ ਮਰ ਜਾਣਾ ਬਿਲਕੁਲ ਇਉਂ ਹੀ ਐ, ਜਿਵੇਂ ਉਪਰੋਂ ਛੱਤ ਆ ਗਿਰੇ… ਹਾਂ, ਦਿਲ ਦੀ ਇਕ ਜਾਇਜ਼ ਇੱਛਾ ਦੀ ਮੌਤ ਬਹੁਤ ਵੱਡੀ ਮੌਤ ਹੈ… ਇਨਸਾਨ ਨੂੰ ਮਾਰਨਾ ਕੁਝ ਨਹੀਂ, ਪਰ ਉਸਦੀ ਫ਼ਿਤਰਤ ਨੂੰ ਕਤਲ ਕਰ ਦੇਣਾ ਬਹੁਤ ਵੱਡਾ ਜ਼ੁਲਮ ਹੈ…” ਇਹ ਕਹਿ ਕੇ ਉਹ ਕੁਝ ਚਿਰ ਚੁੱਪ ਰਹੀ, ਫੇਰ ਪਾਸਾ ਵੱਟ ਕੇ ਕਹਿਣ ਲੱਗੀ, “ਮੇਰੇ ਵਿਚਾਰ ਪਹਿਲਾਂ ਏਦਾਂ ਦੇ ਨਹੀਂ ਸਨ… ਸੱਚ ਪੁੱਛੋਂ ਤਾਂ ਮੈਨੂੰ ਸੋਚਣ-ਸਮਝਣ ਦਾ ਮੌਕਾ ਹੀ ਨਹੀਂ ਸੀ ਮਿਲਿਆ, ਪਰ ਇਸ ਕਹਿਰ ਨੇ ਮੈਨੂੰ ਇਕ ਬਿਲਕੁਲ ਨਵੀਂ ਦੁਨੀਆਂ ਵਿਚ ਲਿਆ ਸੁੱਟਿਆ…” ਰਤਾ ਰੁਕ ਕੇ ਇਕਦਮ ਉਹਦਾ ਧਿਆਨ ਮੇਰੇ ਵੱਲ ਹੋਇਆ।
ਮੈਂ ਆਪਣੀ ਨੋਟ ਬੁੱਕ ਵਿਚ ਯਾਦ ਵਜੋਂ ਉਸਦੀਆਂ ਕੁਝ ਗੱਲਾਂ ਲਿਖ ਰਿਹਾ ਸੀ।
“ਇਹ ਤੁਸੀਂ ਕੀ ਲਿਖ ਰਹੇ ਓ?” ਉਹਨੇ ਪੁੱਛਿਆ।
ਮੈਂ ਸੱਚੋ ਸੱਚ ਦੱਸਣਾ ਠੀਕ ਸਮਝਿਆ ਅਤੇ ਕਿਹਾ, “ਮੈਂ ਇਕ ਕਹਾਣੀਕਾਰ ਹਾਂ… ਜਿਹੜੀਆਂ ਗੱਲਾਂ ਮੈਨੂੰ ਦਿਲਚਸਪ ਲੱਗਣ, ਮੈਂ ਲਿਖ ਲਿਆ ਕਰਦਾ ਹਾਂ।”
“ਓਹ… ਫੇਰ ਤਾਂ ਮੈਂ ਤੁਹਾਨੂੰ ਆਪਣੀ ਪੂਰੀ ਕਹਾਣੀ ਸੁਣਾਵਾਂਗੀ।”
ਤਿੰਨ ਘੰਟੇ ਤਕ ਕਮਜ਼ੋਰ ਆਵਾਜ਼ ਵਿਚ ਉਹ ਮੈਨੂੰ ਆਪਣੀ ਕਹਾਣੀ ਸੁਣਾਉਂਦੀ ਰਹੀ। ਹੁਣ ਉਹੀ ਕਹਾਣੀ ਮੈਂ ਆਪਣੇ ਸ਼ਬਦਾਂ ਵਿਚ ਬਿਆਨ ਕਰਦਾ ਹਾਂ :
ਬੇਲੋੜੇ ਵੇਰਵਿਆਂ ‘ਚ ਜਾਣ ਦੀ ਜ਼ਰੂਰਤ ਨਹੀਂ… ਬੰਗਾਲ ‘ਚ ਜਦੋਂ ਕਾਲ ਪਿਆ ਤਾਂ ਲੋਕ ਧੜਾ ਧੜ ਮਰਨ ਲੱਗੇ ਤਾਂ ਸਕੀਨਾ ਨੂੰ ਉਹਦੇ ਚਾਚੇ ਨੇ ਇਕ ਅਵਾਰਾ ਆਦਮੀ ਦੇ ਹੱਥ ਪੰਜ ਸੌ ਰੁਪਏ ਵਿਚ ਵੇਚ ਦਿੱਤਾ, ਜੋ ਉਹਨੂੰ ਲਾਹੌਰ ਲੈ ਆਇਆ ਅਤੇ ਇਕ ਹੋਟਲ ਵਿਚ ਠਹਿਰਾਅ ਕੇ ਉਸ ਤੋਂ ਰੁਪਿਆ ਕਮਾਉਣ ਦੀ ਕੋਸ਼ਿਸ਼ ਕਰਨ ਲੱਗਿਆ… ਪਹਿਲਾ ਬੰਦਾ ਜੋ ਸਕੀਨਾ ਕੋਲ ਇਸ ਸਿਲਸਿਲੇ ਵਿਚ ਲਿਆਂਦਾ ਗਿਆ, ਇਕ ਸੁੰਦਰ ਅਤੇ ਤੰਦਰੁਸਤ ਨੌਜੁਆਨ ਸੀ… ਕਾਲ ਪੈਣ ਤੋਂ ਪਹਿਲਾਂ ਜਦ ਸਕੀਨਾ ਨੂੰ ਰੋਟੀ-ਕੱਪੜੇ ਦੀ ਫ਼ਿਕਰ ਨਹੀਂ ਸੀ, ਉਹ ਇਹੋ ਜਿਹੇ ਹੀ ਨੌਜੁਆਨ ਦੇ ਸੁਫ਼ਨੇ ਦੇਖਦੀ ਹੁੰਦੀ ਸੀ, ਜੋ ਉਹਦਾ ਪਤੀ ਬਣੇ; ਪਰ ਏਥੇ ਤਾਂ ਉਸਦਾ ਸੌਦਾ ਕੀਤਾ ਜਾ ਰਿਹਾ ਸੀ, ਇਕ ਇਹੋ ਜਿਹੀ ਕਰਤੂਤ ਲਈ ਉਹਨੂੰ ਮਜਬੂਰ ਕੀਤਾ ਜਾ ਰਿਹਾ ਸੀ, ਜਿਸਦੀ ਕਲਪਨਾ ਨਾਲ ਹੀ ਉਸਨੂੰ ਕਾਂਬਾ ਛਿੜਦਾ ਜਾ ਰਿਹਾ ਸੀ।
ਜਦੋਂ ਉਹ ਕਲਕੱਤੇ ਤੋਂ ਲਾਹੌਰ ਲਿਆਂਦੀ ਗਈ ਸੀ, ਉਹਨੂੰ ਪਤਾ ਸੀ ਕਿ ਉਹਦੇ ਨਾਲ ਕੀ ਸਲੂਕ ਹੋਣ ਵਾਲਾ ਹੈ। ਉਹ ਸਿਆਣੀ ਕੁੜੀ ਸੀ ਅਤੇ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੁਝ ਕੁ ਦਿਨਾਂ ‘ਚ ਹੀ ਉਹਨੂੰ ਇਕ ਸਿੱਕਾ ਬਣਾਅ ਕੇ ਥਾਂ-ਥਾਂ ਭੁਨਾਇਆ ਜਾਵੇਗਾ। ਉਸਨੂੰ ਇਸ ਸਭ ਕੁਝ ਦਾ ਪਤਾ ਸੀ, ਪਰ ਉਸ ਕੈਦੀ ਵਾਂਗ, ਜੋ ਰਹਿਮ ਦੀ ਆਸ ਨਾ ਹੋਣ ‘ਤੇ ਵੀ ਉਮੀਦ ਲਾਈ ਰੱਖਦਾ ਹੈ, ਉਹ ਇਹ ਅਸੰਭਵ ਘਟਨਾ ਵਾਪਰ ਜਾਣ ਦੀ ਟੇਕ ਲਾਈ ਬੈਠੀ ਸੀ।
ਉਹ ਘਟਨਾ ਤਾਂ ਨਾ ਵਾਪਰੀ, ਪਰ ਉਸ ਵਿਚ ਏਨੀ ਹਿੰਮਤ ਪੈਦਾ ਹੋ ਗਈ ਕਿ ਉਹ ਉਸ ਰਾਤ ਨੂੰ, ਕੁਝ ਆਪਣੀ ਹੁਸ਼ਿਆਰੀ ਨਾਲ ਅਤੇ ਕੁਝ ਉਸ ਨੌਜੁਆਨ ਦੇ ਅਣਜਾਣ ਪੁਣੇ ਸਦਕਾ, ਹੋਟਲ ਵਿਚੋਂ ਭੱਜ ਜਾਣ ਵਿਚ ਸਫ਼ਲ ਹੋ ਗਈ।
ਹੁਣ ਲਾਹੌਰ ਦੀਆਂ ਸੜਕਾਂ ਸਨ ਅਤੇ ਉਨ੍ਹਾਂ ਦੇ ਨਵੇਂ ਖ਼ਤਰੇ… ਕਦਮ ਕਦਮ ‘ਤੇ ਉਹਨੂੰ ਇਉਂ ਲੱਗਦਾ ਸੀ ਕਿ ਲੋਕਾਂ ਦੀਆਂ ਨਜ਼ਰਾਂ ਉਸਨੂੰ ਖਾ ਜਾਣਗੀਆਂ; ਲੋਕ ਉਸਨੂੰ ਘੱਟ ਦੇਖਦੇ ਸਨ, ਪਰ ਉਸਦੇ ਜੋਬਨ ਨੂੰ, ਜੋ ਛੁਪਣ ਵਾਲੀ ਚੀਜ਼ ਨਹੀਂ ਸੀ, ਕੁਝ ਏਨਾ ਵੱਧ ਘੂਰਦੇ ਸਨ, ਜਿਵੇਂ ਵਰਮੇ ਨਾਲ ਉਸਦੇ ਅੰਦਰ ਮੋਰੀ ਕਰ ਰਹੇ ਹੋਣ; ਸੋਨੇ-ਚਾਂਦੀ ਦਾ ਕੋਈ ਗਹਿਣਾ ਜਾਂ ਮੋਤੀ ਹੁੰਦਾ ਤਾਂ ਉਹ ਸ਼ਾਇਦ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਅ ਲੈਂਦੀ, ਪਰ ਉਹ ਇਕ ਅਜਿਹੀ ਚੀਜ਼ ਦੀ ਰੱਖਿਆ ਕਰ ਰਹੀ ਸੀ, ਜਿਸ ਉਤੇ ਕੋਈ ਵੀ ਆਸਾਨੀ ਨਾਲ ਹੱਥ ਮਾਰ ਸਕਦਾ ਸੀ।
ਤਿੰਨ ਦਿਨ ਅਤੇ ਤਿੰਨ ਰਾਤਾਂ ਉਹ ਕਦੇ ਏਧਰ, ਕਦੇ ਓਧਰ ਘੁੰਮਦੀ-ਭਟਕਦੀ ਰਹੀ। ਭੁੱਖ ਨਾਲ ਉਸਦਾ ਬੁਰਾ ਹਾਲ ਸੀ, ਪਰ ਉਸਨੇ ਕਿਸੇ ਮੂਹਰੇ ਹੱਥ ਨਾ ਅੱਡਿਆ। ਉਹ ਡਰਦੀ ਸੀ ਕਿ ਉਸਦਾ ਅੱਡਿਆ ਹੋਇਆ ਹੱਥ ਉਸਦੀ ਇੱਜ਼ਤ ਸਮੇਤ ਕਿਸੇ ਹਨੇਰੀ ਕੋਠੜੀ ਵਿਚ ਖਿੱਚ ਲਿਆ ਜਾਵੇਗਾ… ਉਹ ਦੁਕਾਨਾਂ ਵਿਚ ਸਜੀਆਂ ਹੋਈਆਂ ਮਿਠਾਈਆਂ ਦੇਖਦੀ ਸੀ; ਭੋਜਨ-ਭੰਡਾਰਾਂ ਵਿਚ ਲੋਕ ਬੜੇ ਬੜੇ ਬੁਰਕ ਤੋੜ ਕੇ ਖਾਂਦੇ ਸਨ; ਉਸਦੇ ਹਰ ਪਾਸੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਬੜੀ ਬੇਦਰਦੀ ਨਾਲ ਵਰਤਿਆ ਜਾਂਦਾ ਸੀ; ਪਰ ਇਉਂ ਲਗਦਾ ਸੀ ਜਿਵੇਂ ਦੁਨੀਆ ਵਿਚ ਉਹਦੇ ਭਾਗਾਂ ਦਾ ਕੋਈ ਦਾਣਾ ਹੀ ਨਹੀਂ ਸੀ ਰਿਹਾ।
ਉਸਨੂੰ ਜ਼ਿੰਦਗੀ ਵਿਚ ਪਹਿਲੀ ਵਾਰ ਖਾਣੇ ਦੀ ਮਹੱਤਤਾ ਦਾ ਅਹਿਸਾਸ ਹੋਇਆ। ਪਹਿਲਾਂ ਉਸਨੂੰ ਖਾਣਾ ਮਿਲ ਜਾਂਦਾ ਸੀ, ਹੁਣ ਉਹ ਖਾਣੇ ਨੂੰ ਮਿਲਣਾ ਚਾਹੁੰਦੀ ਸੀ ਅਤੇ ਮਿਲ ਨਹੀਂ ਸਕਦੀ ਸੀ… ਚਾਰ ਦਿਨਾਂ ਦੇ ਫ਼ਾਕਿਆਂ ਨੇ ਉਸਨੂੰ ਆਪਣੀਆਂ ਹੀ ਨਜ਼ਰਾਂ ਵਿਚ ਇਕ ਬਹੁਤ ਵੱਡਾ ਸ਼ਹੀਦ ਤਾਂ ਬਣਾ ਦਿੱਤਾ, ਪਰ ਉਸ ਦੇ ਜਿਸਮ ਦੀਆਂ ਸਾਰੀਆਂ ਨੀਹਾਂ ਹਿਲਾਅ ਕੇ ਰੱਖ ਦਿੱਤੀਆਂ… ਉਹ ਜੋ ਰੂਹਾਨੀ ਸੰਤੋਖ ਹੁੰਦਾ ਹੈ, ਇਕ ਵੇਲਾ ਆ ਗਿਆ ਕਿ ਉਹ ਵੀ ਸੁੰਗੜਨ ਲੱਗਿਆ।
ਚੌਥੇ ਦਿਨ ਆਥਣੇ ਉਹ ਇਕ ਗਲੀ ਵਿਚੋਂ ਲੰਘ ਰਹੀ ਸੀ ਕਿ ਪਤਾ ਨਹੀਂ ਉਸਦੇ ਜੀਅ ਵਿਚ ਕੀ ਆਇਆ, ਉਹ ਇਕ ਮਕਾਨ ਦੇ ਅੰਦਰ ਵੜ ਗਈ। ਮਕਾਨ ਦੇ ਅੰਦਰ ਵੜਦਿਆਂ ਹੀ ਉਸਨੂੰ ਖ਼ਿਆਲ ਆਇਆ ਕਿ ਨਹੀਂ, ਕੋਈ ਫੜ ਲਏਗਾ ਅਤੇ ਕੁੱਲ ਕੀਤੇ ਕਰਾਏ ਉਤੇ ਪਾਣੀ ਫਿਰ ਜਾਵੇਗਾ ਅਤੇ ਹੁਣ ਉਸ ਵਿਚ ਏਨੀ ਸੱਤਿਆ ਵੀ ਤਾਂ ਨਹੀਂ ਹੈ ਕਿ ਉਹ… ਸੋਚਦੀ ਸੋਚਦੀ ਉਹ ਵਿਹੜੇ ਕੋਲ ਪੁੱਜ ਚੁੱਕੀ ਸੀ… ਧੁੰਦਲੇ ਹਨੇਰੇ ਵਿਚ ਉਹਨੇ ਘੜੌਂਜੀਆਂ ਉਤੇ ਦੋ ਸਾਫ਼ ਸੁਥਰੇ ਘੜੇ ਦੇਖੇ ਅਤੇ ਉਸਦੇ ਕੋਲ ਹੀ ਫਲਾਂ ਨਾਲ ਭਰੇ ਹੋਏ ਦੋ ਥਾਲ; ਸਿਓ, ਨਾਸ਼ਪਤੀਆਂ, ਅਨਾਰ… ਉਸਨੇ ਸੋਚਿਆ: ਅਨਾਰ ਬਕਵਾਸ ਹੈ… ਸਿਓ ਤੇ ਨਾਸ਼ਪਤੀਆਂ ਠੀਕ ਨੇ। ਘੜੇ ਦੇ ਉੱਪਰ ਚੱਪਣੀ ਦੀ ਥਾਂ ਤਸ਼ਤਰੀ ਨਾਲ ਢਕਿਆ ਹੋਇਆ ਇਕ ਪਿਆਲਾ ਰੱਖਿਆ ਹੋਇਆ ਸੀ… ਉਹਨੇ ਤਸ਼ਤਰੀ ਚੁੱਕ ਕੇ ਦੇਖਿਆ; ਪਿਆਲਾ ਮਲਾਈ ਨਾਲ ਭਰਿਆ ਹੋਇਆ ਸੀ।
ਉਹਨੇ ਪਿਆਲਾ ਚੁੱਕ ਲਿਆ ਅਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸੋਚ ਸਕੇ, ਉਹਨੇ ਛੇਤੀ ਛੇਤੀ ਮਲਾਈ ਨਿਗਲਣੀ ਸ਼ੁਰੂ ਕਰ ਦਿੱਤੀ। ਕੁਝ ਕੁ ਪਲਾਂ ‘ਚ ਸਾਰੀ ਮਲਾਈ ਉਹਦੇ ਢਿੱਡ ਵਿਚ ਸੀ। ਉਹਦੇ ਲਈ ਉਹ ਸੁਖਦਾਇਕ ਘੜੀ ਸੀ… ਉਹ ਭੁੱਲ ਗਈ ਸੀ ਕਿ ਉਹ ਕਿਸੇ ਓਪਰੇ ਮਕਾਨ ਵਿਚ ਹੈ। ਓਥੇ ਈ ਬੈਠ ਕੇ ਉਹਨੇ ਸਿਓ ਅਤੇ ਨਾਸ਼ਪਤੀਆਂ ਖਾਧੀਆਂ।
ਘੜੌਂਜੀ ਹੇਠਾਂ ਕੁਝ ਹੋਰ ਵੀ ਸੀ… ਸੂਪ, ਠੰਢਾ ਸੂਪ ਅਤੇ ਉਹਨੇ ਸਾਰੀ ਪਤੀਲੀ ਮੁਕਾਅ ਦਿੱਤੀ।
ਫੇਰ ਇਕਦਮ ਪਤਾ ਨਹੀਂ ਕਿ ਹੋਇਆ ਕਿ ਉਸਦੇ ਢਿੱਡ ਦੇ ਧੁਰ ਅੰਦਰੋਂ ਇਕ ਉਬਾਲ ਜਿਹਾ ਉੱਠਿਆ ਅਤੇ ਉਸਦਾ ਸਿਰ ਚਕਰਾਉਣ ਲੱਗਿਆ।
ਉਸੇ ਸਮੇਂ ਉਸਨੇ ਖੰਘਣ ਦੀ ਆਵਾਜ਼ ਸੁਣੀ… ਉਹ ਉੱਠ ਖੜ੍ਹੀ ਹੋਈ; ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਚਕਰਾ ਕੇ ਡਿੱਗ ਪਈ ਅਤੇ ਬੇਹੋਸ਼ ਹੋ ਗਈ।
ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਇਕ ਸਾਫ਼ ਸੁਥਰੇ ਬਿਸਤਰੇ ਉਤੇ ਲੰਮੀ ਪਈ ਸੀ… ਸਭ ਤੋਂ ਪਹਿਲਾਂ ਉਸਨੂੰ ਖ਼ਿਆਲ ਆਇਆ ਕਿ ਉਹ ਕਿਤੇ ਲੁੱਟੀ ਤਾਂ ਨਹੀਂ ਗਈ, ਪਰ ਤੁਰੰਤ ਹੀ ਉਸਨੂੰ ਤਸੱਲੀ ਹੋ ਗਈ ਕਿ ਉਹ ਸਹੀ ਸਲਾਮਤ ਹੈ।
ਉਹ ਕੁਝ ਹੋਰ ਸੋਚਣ ਲੱਗੀ ਕਿ ਉਸਨੂੰ ਧੀਮੀ ਧੀਮੀ ਖੰਘ ਦੀ ਆਵਾਜ਼ ਸੁਣਾਈ ਦਿੱਤੀ ਅਤੇ ਫੇਰ ਹੱਡੀਆਂ ਦਾ ਇਕ ਢਾਂਚਾ ਕਮਰੇ ਵਿਚ ਵੜਿਆ।
ਸਕੀਨਾ ਨੇ ਆਪਣੇ ਪਿੰਡ ਵਿਚ ਬਹੁਤ ਸਾਰੇ ਅਕਾਲ ਦੇ ਮਾਰੇ ਇਨਸਾਨ ਦੇਖੇ ਸਨ, ਪਰ ਇਹ ਇਨਸਾਨ ਉਨ੍ਹਾਂ ਤੋਂ ਬਿਲਕੁਲ ਵੱਖਰਾ ਸੀ; ਬੇਚਾਰਗੀ ਉਸ ਦੀਆਂ ਅੱਖਾਂ ਵਿਚ ਵੀ ਸੀ, ਪਰ ਇਸ ਬੇਚਾਰਗੀ ਵਿਚ ਉਹ ਅਨਾਜ ਦੀ ਤਰਸੀ ਹੋਈ ਇੱਛਾ ਨਹੀਂ ਸੀ… ਸਕੀਨਾ ਨੇ ਢਿੱਡ ਦੇ ਭੁੱਖੇ ਦੇਖੇ ਸਨ, ਜਿਨ੍ਹਾਂ ਦੀਆਂ ਨਿਗਾਹਾਂ ਵਿਚ ਇਕ ਨੰਗੀ ਅਤੇ ਕੋਝੀ ਲਾਲਸਾ ਹੁੰਦੀ ਹੈ, ਪਰ ਇਸ ਮਰਦ ਦੀਆਂ ਨਜ਼ਰਾਂ ਵਿਚ ਉਹਨੂੰ ਇਕ ਚਿਲਮਨ ਜਿਹੀ ਦਿਖਾਈ ਦਿੱਤੀ, ਇਕ ਧੁੰਦਲਾ ਪਰਦਾ, ਜਿਸਦੇ ਪਿਛੋਂ ਦੀ ਉਹ ਡਰਿਆ-ਸਹਿਮਿਆ ਉਸਦੇ ਵੱਲ ਦੇਖ ਰਿਹਾ ਸੀ।
ਘਬਰਾਹਟ ਸਕੀਨਾ ਨੂੰ ਹੋਣੀ ਚਾਹੀਦੀ ਸੀ, ਪਰ ਸਹਿਮਿਆ ਹੋਇਆ ਉਹ ਸੀ – ਉਹਨੇ ਰੁਕ-ਰੁਕ ਕੇ, ਕੁਝ ਝੇਂਪਦਿਆਂ, ਕੁਝ ਅਜੀਬ ਕਿਸਮ ਦਾ ਸੰਕੋਚ ਮਹਿਸੂਸ ਕਰਦੇ ਹੋਏ ਸਕੀਨਾ ਨੂੰ ਕਿਹਾ, “ਜਦ ਤੂੰ ਖਾ ਰਹੀ ਸੀ, ਮੈਂ ਤੇਰੇ ਤੋਂ ਕੁਝ ਦੂਰ ਖੜ੍ਹਾ ਸੀ… ਹਾਇ! ਮੈਂ ਕਿੰਨਾ ਔਖਾ ਹੋ ਕੇ ਆਪਣੀ ਖੰਘ ਰੋਕੀ ਰੱਖੀ ਕਿ ਤੂੰ ਆਰਾਮ ਨਾਲ ਖਾ ਸਕੇਂ ਤੇ ਇਹ ਖ਼ੂਬਸੂਰਤ ਨਜ਼ਾਰਾ ਬਹੁਤੀ ਦੇਰ ਤਕ ਦੇਖ ਸਕਾਂ… ਭੁੱਖ ਬੜੀ ਪਿਆਰੀ ਚੀਜ਼ ਹੈ… ਇਹ ਮੈਂ ਹਾਂ ਕਿ ਨਿਹਮਤ ਤੋਂ ਵਾਂਝਾ ਹਾਂ… ਨਹੀਂ, ਵਾਂਝਾ ਨਹੀਂ, ਕਹਿਣਾ ਚਾਹੀਦਾ ਹੈ ਕਿ ਮੈਂ ਆਪ ਇਸ ਨੂੰ ਕਤਲ ਕੀਤਾ ਹੈ…”
ਉਹ ਕੁਝ ਵੀ ਨਾ ਸਮਝ ਸਕੀ।
ਉਸਦੀਆਂ ਗੱਲਾਂ ਇਕ ਬੁਝਾਰਤ ਸਨ… ਸਕੀਨਾ ਨੇ ਬੁੱਝਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਕ ਹੋਰ ਬੁਝਾਰਤ ਬਣ ਗਈ; ਇਸਦੇ ਬਾਵਜੂਦ ਸਕੀਨਾ ਨੂੰ ਉਸਦੀਆਂ ਗੱਲਾਂ ਚੰਗੀਆਂ ਲੱਗੀਆਂ, ਉਹਨਾਂ ਵਿਚ ਇਨਸਾਨੀਅਤ ਦੀ ਗਰਮੀ ਸੀ।
ਸਕੀਨਾ ਨੇ ਆਪਣੀ ਸਾਰੀ ਹੱਡ-ਬੀਤੀ ਉਸਨੂੰ ਸੁਣਾਅ ਦਿੱਤੀ।
ਜਦੋਂ ਸਕੀਨਾ ਉਸਦਾ ਧੰਨਵਾਦ ਕਰਨ ਲੱਗੀ ਤਾਂ ਉਹਦੀਆਂ ਅੱਖਾਂ, ਜੋ ਹੰਝੂਆਂ ਤੋਂ ਬੇਪ੍ਰਵਾਹ ਲੱਗਦੀਆਂ ਸਨ, ਇਕਦਮ ਸਿੱਲ੍ਹੀਆਂ ਹੋ ਗਈਆਂ ਅਤੇ ਉਹਨੇ ਡੁਬਡੁਬਾਈ ਹੋਈ ਆਵਾਜ਼ ਵਿਚ ਕਿਹਾ, “ਏਥੇ ਈ ਰਹਿ ਪਓ ਸਕੀਨਾ… ਮੈਂ ਦਿੱਕ ਦਾ ਮਰੀਜ਼ ਹਾਂ… ਮੇਰੀ ਭੁੱਖ ਮਰ ਚੁੱਕੀ ਹੈ… ਮੈਨੂੰ ਕੋਈ ਖਾਣਾ, ਕੋਈ ਫਲ ਚੰਗਾ ਨਹੀਂ ਲੱਗਦਾ… ਤੂੰ ਖਾਇਆ ਕਰੀਂ ਅਤੇ ਮੈਂ ਤੈਨੂੰ ਦੇਖਿਆ ਕਰਾਂਗਾ…” ਤਦੇ ਹੀ ਉਹ ਮੁਸਕਰਾਉਣ ਲੱਗਿਆ… “ਕੀ ਹਿਮਾਕਤ ਹੈ… ਕੋਈ ਹੋਰ ਸੁਣਦਾ ਤਾਂ ਕੀ ਕਹਿੰਦਾ… ਜਾਣੀ ਦੂਜਾ ਖਾਇਆ ਕਰੇ ਅਤੇ ਮੈਂ ਦੇਖਿਆ ਕਰਾਂ… ਨਹੀਂ ਸਕੀਨਾ… ਉਂਝ ਮੇਰੀ ਦਿਲੀ ਇੱਛਾ ਹੈ ਕਿ ਤੂੰ ਏਥੇ ਈ ਰਹੇਂ…”
ਸਕੀਨਾ ਕੁਝ ਸੋਚਣ ਲੱਗੀ; ਫੇਰ ਉਸਨੇ ਕਿਹਾ, “ਜੀ ਨਹੀਂ, ਮੇਰਾ ਮਤਲਬ ਹੈ, ਤੁਸੀਂ ਇਸ ਘਰ ਚ ਇਕੱਲੇ ਹੋ ਅਤੇ ਮੈਂ… ਨਹੀਂ ਨਹੀਂ… ਗੱਲ ਇਹ ਹੈ ਕਿ ਮੈਂ…”
ਸਕੀਨਾ ਦੀ ਗੱਲ ਸੁਣ ਕੇ ਉਸਨੂੰ ਕੁਝ ਅਜਿਹਾ ਧੱਕਾ ਲਗਿਆ ਕਿ ਉਹ ਥੋੜ੍ਹੀ ਦੇਰ ਲਈ ਬਿਲਕੁਲ ਗੁਆਚ ਜਿਹਾ ਗਿਆ। ਜਦੋਂ ਉਹ ਬੋਲਿਆ ਤਾਂ ਉਹਦੀ ਆਵਾਜ਼ ਥੋਥੀ ਜਿਹੀ ਸੀ, “ਮੈਂ ਦਸ ਵਰ੍ਹੇ ਤਕ ਕਾਲਜ ਵਿਚ ਕੁੜੀਆਂ ਨੂੰ ਪੜ੍ਹਾਉਂਦਾ ਰਿਹਾ ਹਾਂ। ਮੈਂ ਸਦਾ ਉਹਨਾਂ ਨੂੰ ਆਪਣੀਆਂ ਬੱਚੀਆਂ ਸਮਝਿਆ … ਤੂੰ… ਤੂੰ ਇਕ ਹੋਰ ਹੋ ਜਾਵੇਂਗੀ…”
ਸਕੀਨਾ ਲਈ ਕੋਈ ਹੋਰ ਥਾਂ ਹੀ ਨਹੀਂ ਸੀ। ਉਹ ਉਸ ਪ੍ਰੋਫ਼ੈਸਰ ਦੇ ਕੋਲ ਰਹਿਣ ਲੱਗੀ।
ਪ੍ਰੋਫ਼ੈਸਰ ਇਕ ਵਰ੍ਹਾ ਅਤੇ ਕੁਝ ਮਹੀਨੇ ਜਿਉਂਦਾ ਰਿਹਾ… ਇਸ ਸਮੇਂ ਦੌਰਾਨ ਬਜਾਇ ਇਸ ਦੇ ਕਿ ਸਕੀਨਾ ਉਸਦੀ ਦੇਖਭਾਲ ਕਰਦੀ, ਉਲਟਾ ਉਹ ਜੋ ਬੀਮਾਰ ਸੀ, ਸਕੀਨਾ ਨੂੰ ਸੁਖ ਸੁਵਿਧਾ ਪੁਚਾਉਣ ਲਈ ਕੁਝ ਇਸ ਸਲੀਕੇ ਨਾਲ ਰੁਝਿਆ ਰਿਹਾ, ਜਿਵੇਂ ਉਹ ਬਹੁਤ ਕਾਹਲੀ ਵਿਚ ਹੋਵੇ।
ਪ੍ਰੋਫ਼ੈਸਰ ਦੀ ਦੇਖ ਭਾਲ ਨੇ ਸਕੀਨਾ ਨੂੰ ਕੁਝ ਮਹੀਨਿਆਂ ਵਿਚ ਹੀ ਨਿਖ਼ਾਰ ਦਿੱਤਾ। ਫੇਰ ਠਹ ਸਕੀਨਾ ਤੋਂ ਕੁਝ ਦੂਰ ਦੂਰ ਰਹਿਣ ਲੱਗਿਆ, ਪਰ ਉਸਦੀ ਦੇਖਭਾਲ ਵਿਚ ਕੋਈ ਫ਼ਰਕ ਨਾ ਪਿਆ।
ਆਖ਼ਰੀ ਦਿਨਾਂ ਵਿਚ ਅਚਾਨਕ ਉਹਦੀ ਹਾਲਤ ਖ਼ਰਾਬ ਹੋ ਗਈ। ਇਕ ਰਾਤ ਜਦੋਂ ਸਕੀਨਾ ਉਸਦੇ ਨੇੜੇ ਹੀ ਸੁੱਤੀ ਪਈ ਸੀ, ਉਹ ਬੌਂਦਲ ਕੇ ਉੱਠ ਬੈਠਾ ਅਤੇ ਜ਼ੋਰ ਜ਼ੋਰ ਦੀ ਕੂਕਣ ਲੱਗਾ, “ਸਕੀਨਾ… ਸਕੀਨਾ!” ਉਸਦੀਆਂ ਚੀਕਾ ਸੁਣ ਕੇ ਸਕੀਨਾ ਘਬਰਾਅ ਗਈ।
ਉਸਦੀਆਂ ਧਸੀਆਂ ਹੋਈਆਂ ਅੱਖਾਂ ‘ਚ, ਉਹ ਜੋ ਚਿਲਮਨ ਜਿਹੀ ਹੁੰਦੀ ਸੀ, ਕਿਤੇ ਦਿਖਾਈ ਨਹੀਂ ਸੀ ਦੇ ਰਹੀ… ਉਹਨਾਂ ਅੱਖਾਂ ਵਿਚ ਸਕੀਨਾ ਨੂੰ ਇਕ ਅਥਾਹ ਦੁੱਖ ਨਜ਼ਰ ਆਇਆ।
ਉਸਨੇ ਆਪਣੇ ਕੰਬਦੇ ਹੋਏ ਹੱਥਾਂ ਨਾਲ ਸਕੀਨਾ ਦੇ ਹੱਥ ਫੜੇ ਅਤੇ ਕਿਹਾ, “ਮੈਂ ਮਰ ਰਿਹਾ ਹਾਂ, ਪਰ ਇਸ ਮੌਤ ਦਾ ਮੈਨੂੰ ਦੁੱਖ ਨਹੀਂ, ਕਿਉਂਕਿ ਬਹੁਤ ਸਾਰੀਆਂ ਮੌਤਾਂ ਮੇਰੇ ਅੰਦਰ ਵਾਪਰ ਚੁੱਕੀਆਂ ਨੇ… ਤੂੰ ਸੁਣਨਾ ਚਾਹੁੰਦੀ ਐ ਮੇਰੀ ਵਿਥਿਆ… ਜਾਣਨਾ ਚਾਹੁੰਦੀ ਐ, ਮੈਂ ਕੀ ਆਂ…? ਸੁਣ… ਮੈਂ ਇਕ ਝੂਠ ਹਾਂ, ਬਹੁਤ ਵੱਡਾ ਝੂਠ… ਮੇਰੀ ਸਾਰੀ ਜ਼ਿੰਦਗੀ ਆਪਣੇ ਆਪ ਨਾਲ ਝੂਠ ਬੋਲਣ ਅਤੇ ਫੇਰ ਉਸਨੂੰ ਸੱਚ ਬਨਾਉਣ ਵਿਚ ਲੰਘੀ ਹੈ… ਹਾਇ ਇਹ ਕਿੰਨਾ ਦੁਖਦਾਈ, ਅਸੁਭਾਵਕ ਅਤੇ ਅਣਮਨੁੱਖੀ ਕੰਮ ਸੀ… ਮੈਂ ਇਕ ਸੁਭਾਵਕ ਇੱਛਾ ਨੂੰ ਮਾਰਿਆ ਸੀ, ਪਰ ਮੈਨੂੰ ਇਹ ਪਤਾ ਨਹੀਂ ਸੀ ਕਿ ਇਸ ਕਤਲ ਦੇ ਪਿੱਛੇ ਮੈਨੂੰ ਹੋਰ ਬਹੁਤ ਸਾਰੇ ਖ਼ੂਨ ਕਰਨੇ ਪੈਣਗੇ… ਮੈਂ ਸਮਝਦਾ ਸੀ ਕਿ ਇਕ ਮੁਸਾਮ ਬੰਦ ਕਰ ਦੇਣ ਨਾਲ ਕੀ ਫ਼ਰਕ ਪਵੇਗਾ; ਮੈਨੂੰ ਇਹ ਪਤਾ ਨਹੀਂ ਸੀ ਕਿ ਫੇਰ ਆਪਣੇ ਸਰੀਰ ਦੇ ਸਾਰੇ ਦਰਵਾਜ਼ੇ ਬੰਦ ਕਰਨੇ ਪੈਣਗੇ… ਸਕੀਨਾ, ਇਹ ਜੋ ਕੁਝ ਮੈਂ ਕਹਿ ਰਿਹਾ ਹਾਂ, ਫ਼ਲਸਫ਼ੀ ਬਕਵਾਸ ਹੈ… ਸਿੱਧੀ ਗੱਲ ਇਹ ਹੈ ਕਿ ਮੈਂ ਆਪਣਾ ਕਰੈਕਟਰ ਉੱਚਾ ਕਰਦਾ ਰਿਹਾ ਅਤੇ ਆਪ ਅਤਿਅੰਤ ਡੂੰਘੀਆਂ ਦਲਦਲਾਂ ਵਿਚ ਧਸਦਾ ਰਿਹਾ… ਮੈਂ ਮਰ ਜਾਵਾਂਗਾ ਅਤੇ ਮੇਰਾ ਇਹ ਕਰੈਕਟਰ… ਇਹ ਬੇਰੰਗਾ ਝੰਡਾ ਮੇਰੀ ਮਿੱਟੀ ਉਤੇ ਉਡਦਾ ਰਹੇਗਾ… ਉਹ ਸਾਰੀਆਂ ਕੁੜੀਆਂ ਜਿਨ੍ਹਾਂ ਨੂੰ ਮੈਂ ਕਾਲਜ ਵਿਚ ਪੜ੍ਹਾਇਆ ਕਰਦਾ ਸੀ, ਜਦ ਕਦੇ ਮੈਨੂੰ ਯਾਦ ਕਰਨਗੀਆਂ, ਇਹੀ ਕਹਿਣਗੀਆਂ ਕਿ ਇਕ ਫ਼ਰਿਸ਼ਤਾ ਸੀ, ਜੋ ਇਨਸਾਨਾਂ ਵਿਚ ਆ ਗਿਆ ਸੀ… ਤੂੰ ਵੀ ਮੇਰੀਆਂ ਨੇਕੀਆਂ ਨੂੰ ਨਹੀਂ ਭੁੱਲੇਂਗੀ… ਪਰ ਹਕੀਕਤ ਇਹ ਹੈ ਕਿ ਜਦ ਤੋਂ ਤੂੰ ਇਸ ਘਰ ਵਿਚ ਆਈ ਹੈਂ, ਇਕ ਛਿਣ ਵੀ ਅਜਿਹਾ ਨਹੀਂ ਲੰਘਿਆ, ਜਦ ਮੈਂ ਤੇਰੀ ਜੁਆਨੀ ਨੂੰ ਚੋਰ ਅੱਖ ਨਾਲ ਨਾ ਦੇਖਿਆ ਹੋਵੇ… ਮੈਂ ਕਲਪਨਾ ਵਿਚ ਕਈ ਵਾਰ ਤੇਰਿਆਂ ਬੁੱਲ੍ਹਾਂ ਨੂੰ ਚੁੰਮਿਆ ਹੈ… ਕਈ ਵਾਰ ਖ਼ਿਆਲਾਂ ਖ਼ਿਆਲਾਂ ਵਿਚ ਮੈਂ ਤੇਰੀਆਂ ਬਾਹਾਂ ਵਿਚ ਆਪਣਾ ਸਿਰ ਰੱਖਿਆ ਹੈ… ਅਤੇ ਹਰ ਵਾਰ ਮੈਨੂੰ ਇਹਨਾਂ ਤਸਵੀਰਾਂ ਦੇ ਪੁਰਜ਼ੇ-ਪੁਰਜ਼ੇ ਕਰਨੇ ਪਏ, ਫੇਰ ਇਨ੍ਹਾਂ ਪੁਰਜ਼ਿਆਂ ਨੂੰ ਜਲਾਅ ਕੇ ਮੈਂ ਸੁਆਹ ਬਣਾਈ ਹੈ ਕਿ ਇਹਨਾਂ ਦਾ ਨਾਂ-ਨਿਸ਼ਾਨ ਤੱਕ ਬਾਕੀ ਨਾ ਰਹੇ… ਕਾਸ਼! ਮੇਰੇ ਵਿਚ ਏਨੀ ਹਿੰਮਤ ਹੁੰਦੀ ਕਿ ਮੈਂ ਆਪਣੇ ਇਸ ਉੱਚੇ ਕਰੈਕਟਰ ਨੂੰ ਇਕ ਲੰਬੇ ਬਾਂਸ ਉਤੇ ਲੰਗੂਰ ਵਾਂਗ ਬਿਠਾਅ ਸਕਦਾ ਅਤੇ ਡੁਗਡੁਗੀ ਵਜਾਅ ਕੇ ਲੋਕਾਂ ਨੂੰ ਇਕੱਠਾ ਕਰ ਸਕਦਾ ਅਤੇ ਕਹਿ ਸਕਦਾ ਕਿ ਆਓ ਦੇਖੋ ਅਤੇ ਨਸੀਹਤ ਲਵੋ…”
ਇਸ ਘਟਨਾ ਤੋਂ ਪਿਛੋਂ ਪ੍ਰੋਫ਼ੈਸਰ ਕੇਵਲ ਪੰਜ ਦਿਨ ਜਿਉਂਦਾ ਰਿਹਾ। ਸਕੀਨਾ ਦਾ ਬਿਆਨ ਹੈ ਕਿ ਮਰਨ ਤੋਂ ਪਹਿਲਾਂ ਉਹ ਬਹੁਤ ਖ਼ੁਸ਼ ਸੀ।
ਜਦੋਂ ਉਹ ਆਖ਼ਰੀ ਸਾਹ ਲੈ ਰਿਹਾ ਸੀ, ਉਸਨੇ ਸਕੀਨਾ ਨੂੰ ਕੇਵਲ ਏਨਾ ਆਖਿਆ ਸੀ,
“ਸਕੀਨਾ, ਮੈਂ ਲਾਲਚੀ ਨਹੀਂ ਹਾਂ… ਜ਼ਿੰਦਗੀ ਦੇ ਇਹ ਆਖ਼ਰੀ ਪੰਜ ਦਿਨ ਮੇਰੇ ਲਈ ਬਹੁਤ ਨੇ… ਮੈਂ ਤੇਰਾ ਧੰਨਵਾਦੀ ਹਾਂ…”
(ਅਨੁਵਾਦ: ਪਰਦੁਮਨ ਸਿੰਘ ਬੇਦੀ)
ਨ੍ਹਾ ਰਾਮ ਨੰਨ੍ਹਾ ਤਾਂ ਸੀ ਪਰ ਸ਼ਰਾਰਤਾਂ ਦੇ ਲਿਹਾਜ਼ ਨਾਲ ਬਹੁਤ ਵੱਡਾ ਸੀ। ਚਿਹਰੇ ਤੋਂ ਬੇਹੱਦ ਭੋਲਾ ਭਾਲਾ ਜਾਪਦਾ। ਕੋਈ ਨਕਸ਼ ਅਜਿਹਾ ਨਹੀਂ ਸੀ ਜਿਸ ਤੋਂ ਸ਼ੋਖੀ ਦਾ ਪਤਾ ਲਗਦਾ ਹੋਵੇ। ਉਸ ਦੇ ਸਰੀਰ ਦਾ ਹਰ ਅੰਗ ਭੱਦੇਪਣ ਦੀ ਹਾਲਤ ਤਕ ਮੋਟਾ ਸੀ। ਜਦੋਂ ਤੁਰਦਾ ਤਾਂ ਇਉਂ ਲਗਦਾ ਜਿਵੇਂ ਫੁੱਟਬਾਲ ਲੁੜ੍ਹਕ ਰਿਹਾ ਹੈ। ਉਮਰ ਮੁਸ਼ਕਿਲ ਨਾਲ ਅੱਠ ਵਰ੍ਹਿਆਂ ਦੀ ਹੋਵੇਗੀ, ਮਗਰ ਅੰਤਾਂ ਦਾ ਜ਼ਹੀਨ ਤੇ ਚਲਾਕ ਸੀ। ਐਪਰ ਉਸ ਦੀ ਜ਼ਹਾਨਤ ਤੇ ਚਲਾਕੀ ਦਾ ਪਤਾ ਉਸ ਦੇ ਸ਼ਕਲ-ਸੂਰਤ ਤੋਂ ਲਾਉੇਣਾ ਬਹੁਤ ਮੁਸ਼ਕਿਲ ਸੀ। ਰਾਮ ਦੇ ਪਿਤਾ ਮਿਸਟਰ ਰਾਮਾ ਸ਼ੰਕਰ ਅਚਾਰੀਆ ਐਮ[ਏ[ ਐਲ਼ਐਲ਼ਬੀ[ ਕਿਹਾ ਕਰਦੇ ਸਨ, “ਮੂੰਹ ਵਿਚ ਰਾਮ ਰਾਮ ਅਤੇ ਬਗ਼ਲ ਵਿਚ ਛੁਰੀ” ਵਾਲੀ ਮਿਸਾਲ ਇਸ ਰਾਮ ਲਈ ਹੀ ਬਣਾਈ ਗਈ ਹੈ।
ਰਾਮ ਦੇ ਮੂੰਹ ਤੋਂ ਰਾਮ ਰਾਮ ਤਾਂ ਕਿਸੇ ਨੇ ਸੁਣਿਆ ਨਹੀਂ ਸੀ। ਹਾਂ, ਉਸ ਦੀ ਬਗ਼ਲ ਵਿਚ ਛੁਰੀ ਦੀ ਥਾਂ ਇਕ ਛੋਟੀ ਜਿਹੀ ਛੜੀ ਜ਼ਰੂਰ ਹੁੰਦੀ ਸੀ ਜਿਸ ਨਾਲ ਉਹ ਕਦੇ ਕਦੇ ਡਗਲਸ ਫੇਅਰਬੈਂਕਸ ਯਾਨਿ ਬਗ਼ਦਾਦੀ ਚੋਰ ਦੀ ਤਲਵਾਰਬਾਜ਼ੀ ਦੀ ਨਕਲ ਕਰਿਆ ਕਰਦਾ ਸੀ।
ਜਦੋਂ ਰਾਮ ਦੀ ਮਾਂ ਮਿਸਿਜ਼ ਰਾਮਾ ਸ਼ੰਕਰ ਅਚਾਰੀਆ ਉਸ ਨੂੰ ਕੰਨਾਂ ਤੋਂ ਫੜ ਕੇ ਉਸ ਦੇ ਬਾਪ ਦੇ ਸਾਹਮਣੇ ਲਿਆਈ ਤਾਂ ਉਹ ਬਿਲਕੁਲ ਖਾਮੋਸ਼ ਸੀ। ਅੱਖਾਂ ਖੁਸ਼ਕ ਸਨ। ਉਸ ਦਾ ਇਕ ਕੰਨ ਜੋ ਮਾਂ ਦੇ ਹੱਥ ਵਿਚ ਸੀ, ਦੂਜੇ ਕੰਨ ਨਾਲੋਂ ਵੱਡਾ ਜਾਪਦਾ ਸੀ। ਉਹ ਮੁਸਕਰਾ ਰਿਹਾ ਸੀ ਪਰ ਉਸ ਦੀ ਮੁਸਕਰਾਹਟ ਵਿਚ ਅੰਤਾਂ ਦਾ ਭੋਲਾਪਣ ਸੀ। ਮਾਂ ਦਾ ਚਿਹਰਾ ਗੁੱਸੇ ਨਾਲ ਲਾਲ ਪੀਲ਼ਾ ਹੋਇਆ ਪਿਆ ਸੀ। ਜਦਕਿ ਉਸ ਦੇ ਚਿਹਰੇ ਤੋਂ ਲਗਦਾ ਸੀ ਕਿ ਉਹ ਆਪਣੀ ਮਾਂ ਨਾਲ ਖੇਡ ਰਿਹਾ ਹੈ ਅਤੇ ਆਪਣੇ ਕੰਨ ਨੂੰ ਮਾਂ ਦੇ ਹੱਥ ਵਿਚ ਦੇ ਕੇ ਇਕ ਖਾਸ ਕਿਸਮ ਦਾ ਸੁਆਦ ਲੈ ਰਿਹਾ ਹੈ ਜਿਸ ਨੂੰ ਉਹ ਦੂਜਿਆਂ ਅੱਗੇ ਜ਼ਾਹਿਰ ਨਹੀਂ ਕਰਨਾ ਚਾਹੁੰਦਾ।
ਜਦ ਰਾਮ ਮਿਸਟਰ ਸ਼ੰਕਰ ਆਚਾਰੀਆ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਹ ਆਰਾਮ ਕੁਰਸੀ ਉਤੇ ਜਚ ਕੇ ਬੈਠ ਗਏ ਕਿ ਇਸ ਨਾਲਾਇਕ ਦੇ ਕੰਨ ਖਿੱਚਣ। ਹਾਲਾਂਕਿ ਉਹ ਉਸ ਦੇ ਕੰਨ ਖਿੱਚ ਖਿੱਚ ਕੇ ਕਾਫੀ ਜ਼ਿਆਦਾ ਲੰਮੇ ਕਰ ਚੁੱਕੇ ਸਨ ਤੇ ਉਸ ਦੀਆਂ ਸ਼ਰਾਰਤਾਂ ਵਿਚ ਕੋਈ ਫਰਕ ਨਹੀਂ ਆਇਆ ਸੀ। ਉਹ ਅਦਾਲਤ ਵਿਚ ਕਾਨੂੰਨ ਦੇ ਜ਼ੋਰ ਨਾਲ ਬਹੁਤ ਕੁਝ ਕਰ ਲੈਂਦੇ ਸਨ ਪਰ ਇਥੇ ਛੋਟੇ ਜਿਹੇ ਬੱਚੇ ਦੇ ਸਾਹਮਣੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਸੀ ਚਲਦੀ।
ਇਕ ਵਾਰ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਕਿਸੇ ਸ਼ਰਾਰਤ ਉਤੇ ਉਸ ਨੂੰ ਪਰਮੇਸ਼ਰ ਦੇ ਨਾਂ ‘ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ, “ਦੇਖ ਰਾਮ, ਤੂੰ ਚੰਗਾ ਮੁੰਡਾ ਬਣ ਜਾਹ, ਨਹੀਂ ਤਾਂ ਮੈਨੂੰ ਡਰ ਹੈ ਪਰਮੇਸ਼ਰ ਤੇਰੇ ਨਾਲ ਖਫਾ ਹੋ ਜਾਣਗੇ।”
ਰਾਮ ਨੇ ਜਵਾਬ ਦਿੱਤਾ ਸੀ, “ਤੁਸੀਂ ਵੀ ਤਾਂ ਖਫਾ ਹੁੰਦੇ ਹੀ ਹੋ ਤੇ ਮੈਂ ਤੁਹਾਨੂੰ ਮਨਾ ਲੈਂਦਾ ਹਾਂ।” ਅਤੇ ਫਿਰ ਥੋੜ੍ਹੀ ਦੇਰ ਸੋਚਣ ਬਾਅਦ ਉਸ ਨੇ ਪੁੱਛਿਆ ਸੀ, “ਬਾਪੂ ਜੀ, ਇਹ ਪਰਮੇਸ਼ਰ ਕੌਣ ਹਨ?”
ਮਿਸਟਰ ਸ਼ੰਕਰ ਅਚਾਰੀਆ ਨੇ ਉਸ ਨੂੰ ਸਮਝਾਉਣ ਲਈ ਜਵਾਬ ਦਿੱਤਾ ਸੀ, “ਭਗਵਾਨ, ਹੋਰ ਕੌਣ। ਸਾਡੇ ਸਭ ਤੋਂ ਵੱਡੇ।”
“ਇਸ ਮਕਾਨ ਜਿੱਡੇ।”
“ਇਸ ਤੋਂ ਵੀ ਵੱਡੇ। ਦੇਖ ਹੁਣ ਤੂੰ ਕੋਈ ਸ਼ਰਾਰਤ ਨਾ ਕਰੀਂ, ਨਹੀਂ ਤਾਂ ਉਹ ਤੈਨੂੰ ਮਾਰ ਸੁੱਟਣਗੇ।” ਮਿਸਟਰ ਸ਼ੰਕਰ ਅਚਾਰੀਆ ਨੇ ਆਪਣੇ ਬੇਟੇ ਨੂੰ ਭੈਅ ਭੀਤ ਕਰਨ ਲਈ ਪਰਮੇਸ਼ਰ ਨੂੰ ਕੁਝ ਜ਼ਿਆਦਾ ਹੀ ਡਰਾਉਣੀ ਸ਼ਕਲ ਵਿਚ ਪੇਸ਼ ਕਰਨ ਪਿੱਛੋਂ ਇਹ ਖਿਆਲ ਕਰ ਲਿਆ ਸੀ ਕਿ ਹੁਣ ਰਾਮ ਸੁਧਰ ਜਾਵੇਗਾ, ਕੋਈ ਸ਼ਰਾਰਤ ਨਹੀਂ ਕਰੇਗਾ। ਐਪਰ ਰਾਮ ਨੇ ਜੋ ਇਸ ਵਕਤ ਖਾਮੋਸ਼ ਬੈਠਾ ਸੀ ਤੇ ਆਪਣੇ ਜ਼ਿਹਨ ਦੀ ਤੱਕੜੀ ਵਿਚ ਪਰਮੇਸ਼ਰ ਨੂੰ ਤੋਲ ਰਿਹਾ ਸੀ, ਕੁਝ ਦੇਰ ਵਿਚਾਰ ਕਰਨ ਪਿੱਛੋਂ ਜਦ ਬੜੇ ਭੋਲ਼ੇਪਣ ਨਾਲ ਕਿਹਾ ਸੀ, “ਬਾਪੂ ਜੀ, ਤੁਸੀਂ ਮੈਨੂੰ ਪਰਮੇਸ਼ਰ ਦਿਖਾ ਦਿਉ”, ਤਾਂ ਮਿਸਟਰ ਸ਼ੰਕਰ ਅਚਾਰੀਆ ਦੀ ਸਾਰੀ ਕਾਨੂੰਨਦਾਨੀ ਤੇ ਵਕਾਲਤ ਧਰੀ ਦੀ ਧਰੀ ਰਹਿ ਗਈ ਸੀ।
ਕਿਸੇ ਮੁਕੱਦਮੇ ਦਾ ਹਵਾਲਾ ਦੇਣਾ ਹੁੰਦਾ ਤਾਂ ਉਹ ਉਸ ਨੂੰ ਫਾਈਲ ਕੱਢ ਕੇ ਦਿਖਾ ਦਿੰਦੇ ਜਾਂ ਜੇ ਕੋਈ ਭਾਰਤੀ ਦੰਡਾਵਲੀ ਦੀ ਕਿਸੇ ਧਾਰਾ ਸੰਬੰਧੀ ਸਵਾਲ ਕਰਦਾ ਤਾਂ ਉਹ ਆਪਣੀ ਮੇਜ਼ ਤੋਂ ਉਹ ਮੋਟੀ ਕਿਤਾਬ ਚੁੱਕ ਕੇ ਖੋਲ੍ਹਣਾ ਸ਼ੁਰੂ ਕਰ ਦਿੰਦੇ ਜਿਸ ਦੀ ਜਿਲਦ ‘ਤੇ ਉਨ੍ਹਾਂ ਦੇ ਇਸ ਮੁੰਡੇ ਨੇ ਚਾਕੂ ਨਾਲ ਬੇਲ ਬੂਟੇ ਬਣਾ ਰੱਖੇ ਸਨ। ਐਪਰ ਉਹ ਪਰਮੇਸ਼ਰ ਨੂੰ ਫੜ ਕੇ ਕਿੱਥੋਂ ਲਿਆਉਂਦੇ ਜਿਸ ਬਾਰੇ ਉਨ੍ਹਾਂ ਨੂੰ ਖੁਦ ਵੀ ਪਤਾ ਨਹੀਂ ਸੀ ਕਿ ਉਹ ਕੀ ਹੈ, ਕਿੱਥੇ ਰਹਿੰਦਾ ਹੈ ਤੇ ਕੀ ਕਰਦਾ ਹੈ!
ਜਿਸ ਤਰ੍ਹਾਂ ਉਨ੍ਹਾਂ ਨੂੰ ਪਤਾ ਸੀ ਕਿ ਧਾਰਾ ੩੨੯ ਚੋਰੀ ਦੇ ਮਾਮਲੇ ਵਿਚ ਲਾਗੂ ਹੁੰਦੀ ਹੈ, ਇਸੇ ਤਰ੍ਹਾਂ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਮਾਰਨ ਤੇ ਪੈਦਾ ਕਰਨ ਵਾਲੇ ਨੂੰ ਪਰਮੇਸ਼ਰ ਕਹਿੰਦੇ ਹਨ। ਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਜਿਸ ਦੇ ਕਾਨੂੰਨ ਬਣੇ ਹੋਏ ਹਨ, ਦੀ ਅਸਲੀਅਤ ਕੀ ਹੈ, ਠੀਕ ਇਸੇ ਤਰ੍ਹਾਂ ਉਨ੍ਹਾਂ ਨੂੰ ਪਰਮੇਸ਼ਰ ਦੀ ਅਸਲੀਅਤ ਦਾ ਪਤਾ ਨਹੀਂ ਸੀ। ਉਹ ਐਮ[ਏ[ ਐਲਐਲਬੀ[ ਤਾਂ ਸਨ ਪਰ ਇਹ ਡਿਗਰੀ ਉਨ੍ਹਾਂ ਨੇ ਅਜਿਹੀਆਂ ਉਲਝਣਾਂ ਵਿਚ ਫਸਣ ਲਈ ਨਹੀਂ ਸਗੋਂ ਦੌਲਤ ਕਮਾਉਣ ਲਈ ਹਾਸਲ ਕੀਤੀ ਸੀ। ਉਹ ਰਾਮ ਨੂੰ ਪਰਮੇਸ਼ਰ ਨਾ ਦਿਖਾ ਸਕੇ ਅਤੇ ਨਾ ਉਸ ਨੂੰ ਕੋਈ ਢੁਕਵਾਂ ਜਵਾਬ ਹੀ ਦੇ ਸਕੇ। ਇਸ ਲਈ ਕਿ ਇਹ ਸਵਾਲ ਹੀ ਕੁਝ ਇਸ ਤਰ੍ਹਾਂ ਅਚਾਨਕ ਤੌਰ ‘ਤੇ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਦਿਮਾਗ਼ ਬਿਲਕੁਲ ਖਾਲੀ ਹੋ ਗਿਆ ਸੀ। ਉਹ ਸਿਰਫ ਇਹੀ ਕਹਿ ਸਕੇ ਸਨ, “ਜਾਹ ਰਾਮ, ਮੇਰਾ ਦਿਮਾਗ਼ ਨਾ ਚੱਟ, ਮੈਂ ਬਹੁਤ ਕੰਮ ਕਰਨਾ ਹੈ।”
ਇਸ ਸਮੇਂ ਉਨ੍ਹਾਂ ਨੇ ਕੰਮ ਸੱਚਮੁੱਚ ਬਹੁਤ ਕਰਨਾ ਸੀ ਪਰ ਉਹ ਆਪਣੀਆਂ ਪੁਰਾਣੀਆਂ ਹਾਰਾਂ ਭੁੱਲ ਕੇ ਝੱਟ ਹੀ ਇਸ ਮੁਕੱਦਮੇ ਦਾ ਫੈਸਲਾ ਕਰ ਦੇਣਾ ਚਾਹੁੰਦੇ ਸਨ। ਉਨ੍ਹਾਂ ਨੇ ਰਾਮ ਵੱਲ ਕੈਰੀਆਂ ਨਿਗਾਹਾਂ ਨਾਲ ਦੇਖ ਕੇ ਆਪਣੀ ਧਰਮ ਪਤਨੀ ਨੂੰ ਕਿਹਾ, “ਅੱਜ ਇਸ ਨੇ ਕਿਹੜੀ ਨਵੀਂ ਸ਼ਰਾਰਤ ਕੀਤੀ ਹੈ, ਮੈਨੂੰ ਛੇਤੀ ਦੱਸ, ਮੈਂ ਅੱਜ ਇਹਨੂੰ ਡਬਲ ਸਜ਼ਾ ਦੇਵਾਂਗਾ।”
ਮਿਸਿਜ਼ ਅਚਾਰੀਆ ਨੇ ਰਾਮ ਦਾ ਕੰਨ ਛੱਡ ਦਿੱਤਾ ਤੇ ਕਿਹਾ, “ਇਸ ਮੋਟੇ ਨੇ ਤਾਂ ਜੀਣਾ ਦੁੱਭਰ ਕਰ ਰੱਖਿਆ ਹੈ, ਜਦੋਂ ਦੇਖੋ ਨੱਚਣਾ, ਟੱਪਣਾ। ਨਾ ਆਏ ਦੀ ਸ਼ਰਮ, ਨਾ ਗਏ ਦਾ ਲਿਹਾਜ਼। ਸਵੇਰ ਤੋਂ ਮੈਨੂੰ ਸਤਾ ਰਿਹਾ ਹੈ। ਕਈ ਵਾਰ ਕੁਟਾਪਾ ਚਾੜ੍ਹ ਚੁੱਕੀ ਹਾਂ, ਪਰ ਇਹ ਆਪਣੀਆਂ ਸ਼ਰਾਰਤਾਂ ਤੋਂ ਬਾਜ਼ ਨਹੀਂ ਆਉਂਦਾ। ਰਸੋਈ ਵਿਚੋਂ ਦੋ ਕੱਚੇ ਟਮਾਟਰ ਚੁੱਕ ਕੇ ਖਾ ਗਿਆ ਹੈ, ਹੁਣ ਮੈਂ ਸਲਾਦ ਵਿਚ ਇਹਦਾ ਸਿਰ ਪਾਵਾਂ।”
ਇਹ ਸੁਣ ਕੇ ਮਿਸਟਰ ਰਾਮਾ ਸ਼ੰਕਰ ਨੂੰ ਧੱਕਾ ਜਿਹਾ ਲੱਗਿਆ। ਉਹ ਖਿਆਲ ਕਰ ਰਹੇ ਸਨ ਕਿ ਰਾਮ ਖਿਲਾਫ ਕੋਈ ਸੰਗੀਨ ਇਲਜ਼ਾਮ ਹੋਵੇਗਾ ਪਰ ਇਹ ਸੁਣ ਕੇ ਕਿ ਉਸ ਨੇ ਰਸੋਈ ਵਿਚੋਂ ਸਿਰਫ ਦੋ ਕੱਚੇ ਟਮਾਟਰ ਚੁੱਕ ਕੇ ਖਾਧੇ ਹਨ, ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ। ਰਾਮ ਨੂੰ ਝਿੜਕਣ-ਝਾੜਨ ਦੀ ਉਨ੍ਹਾਂ ਦੀ ਸਾਰੀ ਤਿਆਰੀ ਇਕਦਮ ਠੰਢੀ ਪੈ ਗਈ। ਉਨ੍ਹਾਂ ਨੂੰ ਇਉਂ ਮਹਿਸੂਸ ਹੋਇਆ ਕਿ ਉਨ੍ਹਾਂ ਦਾ ਸੀਨਾ ਇਕਦਮ ਖਾਲੀ ਹੋ ਗਿਆ ਹੈ ਜਿਵੇਂ ਇਕ ਵਾਰ ਉਨ੍ਹਾਂ ਦੀ ਮੋਟਰ ਦੇ ਪਹੀਏ ਦੀ ਸਾਰੀ ਹਵਾ ਨਿਕਲ ਗਈ ਸੀ।
ਟਮਾਟਰ ਖਾਣਾ ਕੋਈ ਜੁਰਮ ਨਹੀਂ। ਇਸ ਤੋਂ ਬਿਨਾਂ ਮਿਸਟਰ ਸ਼ੰਕਰ ਅਚਾਰੀਆ ਦੇ ਇਕ ਮਿੱਤਰ, ਜੋ ਜਰਮਨੀ ਤੋਂ ਡਾਕਟਰੀ ਦੀ ਉਚੀ ਸਨਦ ਲੈ ਕੇ ਆਇਆ ਸੀ, ਨੇ ਉਨ੍ਹਾਂ ਨੂੰ ਕਿਹਾ ਸੀ ਕਿ ਆਪਣੇ ਬੱਚਿਆਂ ਨੂੰ ਖਾਣੇ ਵਿਚ ਕੱਚੇ ਟਮਾਟਰ ਜ਼ਰੂਰ ਦਿਆ ਕਰੋ, ਕਿਉਂਕਿ ਉਨ੍ਹਾਂ ਵਿਚ ਵਿਟਾਮਿਨ ਬਹੁਤ ਹੁੰਦੇ ਹਨ ਪਰ ਹੁਣ ਕਿਉਂ ਜੁ ਉਹ ਰਾਮ ਦੀ ਝਾੜ-ਝੰਬ ਲਈ ਤਿਆਰ ਹੋ ਚੁੱਕੇ ਸਨ ਅਤੇ ਉਨ੍ਹਾਂ ਦੀ ਬੀਵੀ ਦੀ ਵੀ ਇਹੀ ਖਾਹਿਸ਼ ਸੀ, ਇਸ ਲਈ ਉਨ੍ਹਾਂ ਨੇ ਥੋੜ੍ਹੀ ਦੇਰ ਵਿਚਾਰ ਕੇ ਇਕ ਕਾਨੂੰਨੀ ਨੁਕਤਾ ਲੱਭਿਆ ਅਤੇ ਇਸ ਲੱਭਤ ਉਤੇ ਦਿਲ ਹੀ ਦਿਲ ਵਿਚ ਖੁਸ਼ ਹੋ ਕੇ ਆਪਣੇ ਬੇਟੇ ਨੂੰ ਕਿਹਾ, “ਮੇਰੇ ਨੇੜੇ ਆ, ਅਤੇ ਜੋ ਕੁਝ ਮੈਂ ਤੈਥੋਂ ਪੁੱਛਾਂ, ਸੱਚ ਸੱਚ ਦੱਸ।”
ਮਿਸਿਜ਼ ਰਾਮਾ ਸ਼ੰਕਰ ਅਚਾਰੀਆ ਚਲੀ ਗਈ ਅਤੇ ਰਾਮ ਚੁੱਪਚਾਪ ਆਪਣੇ ਬਾਪ ਦੇ ਸਾਹਮਣੇ ਖੜ੍ਹਾ ਹੋ ਗਿਆ। ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਪੁੱਛਿਆ, “ਤੂੰ ਰਸੋਈ ਵਿਚੋਂ ਦੋ ਕੱਚੇ ਟਮਾਟਰ ਕੱਢ ਕੇ ਕਿਉਂ ਖਾਧੇ?”
ਰਾਮ ਨੇ ਜਵਾਬ ਦਿੱਤਾ, “ਦੋ ਕਿੱਥੇ ਸੀ, ਮਾਂ ਝੂਠ ਬੋਲਦੀ ਹੈ।”
“ਤੂੰ ਹੀ ਦੱਸ ਕਿੰਨੇ ਸੀ।”
“ਡੇਢ। ਇਕ ਅਤੇ ਅੱਧਾ”, ਰਾਮ ਨੇ ਇਹ ਲਫਜ਼ ਉਂਗਲ਼ੀਆਂ ਨਾਲ ਅੱਧੇ ਦਾ ਨਿਸ਼ਾਨ ਬਣਾ ਕੇ ਬੋਲੇ, “ਦੂਜੇ ਅੱਧੇ ਨਾਲ ਮਾਤਾ ਜੀ ਨੇ ਦੁਪਹਿਰ ਨੂੰ ਚਟਣੀ ਬਣਾਈ ਸੀ।”
“ਚਲੋ ਡੇਢ ਹੀ ਸਹੀ, ਪਰ ਤੂੰ ਇਹ ਉਥੋਂ ਚੁੱਕੇ ਕਿਉਂ?”
ਰਾਮ ਨੇ ਜਵਾਬ ਦਿੱਤਾ, “ਖਾਣ ਲਈ।”
“ਠੀਕ ਹੈ, ਪਰ ਤੂੰ ਚੋਰੀ ਕੀਤੀ”, ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਕਾਨੂੰਨੀ ਨੁਕਤਾ ਪੇਸ਼ ਕੀਤਾ।
“ਚੋਰੀ! ਬਾਪੂ ਜੀ ਮੈਂ ਚੋਰੀ ਨਹੀਂ ਕੀਤੀ, ਟਮਾਟਰ ਖਾਧੇ ਹਨ, ਇਹ ਚੋਰੀ ਕਿਵੇਂ ਹੋਈ?” ਇਹ ਕਹਿੰਦਾ ਉਹ ਫਰਸ਼ ‘ਤੇ ਬੈਠ ਗਿਆ ਅਤੇ ਗਹੁ ਨਾਲ ਆਪਣੇ ਪਿਉ ਵੱਲ ਦੇਖਣ ਲੱਗਿਆ।
“ਇਹ ਚੋਰੀ ਸੀ। ਦੂਜੇ ਦੀ ਚੀਜ਼ ਨੂੰ ਉਸ ਦੀ ਇਜਾਜ਼ਤ ਤੋਂ ਬਿਨਾਂ ਚੁੱਕ ਲੈਣਾ ਚੋਰੀ ਹੁੰਦੀ ਹੈ।” ਮਿਸਟਰ ਸ਼ੰਕਰ ਅਚਾਰੀਆ ਨੇ ਇਉਂ ਆਪਣੇ ਬੱਚੇ ਨੂੰ ਸਮਝਾਇਆ ਅਤੇ ਖਿਆਲ ਕੀਤਾ ਕਿ ਉਹ ਉਨ੍ਹਾਂ ਦਾ ਸਾਰ-ਤੱਤ ਚੰਗੀ ਤਰ੍ਹਾਂ ਸਮਝ ਗਿਆ ਹੈ। ਰਾਮ ਨੇ ਤੁਰੰਤ ਕਿਹਾ, “ਪਰ ਟਮਾਟਰ ਤਾਂ ਸਾਡੇ ਆਪਣੇ ਸਨ, ਮੇਰੀ ਮਾਤਾ ਜੀ ਦੇ।”
ਸ਼੍ਰੀਮਾਨ ਸ਼ੰਕਰ ਅਚਾਰੀਆ ਝੁੰਜਲਾ ਗਏ। ਫਿਰ ਵੀ ਉਨ੍ਹਾਂ ਝੱਟ ਆਪਣਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ, “ਤੇਰੀ ਮਾਤਾ ਜੀ ਦੇ ਸਨ, ਠੀਕ ਹੈ, ਪਰ ਉਹ ਤੇਰੇ ਤਾਂ ਨਹੀਂ ਨਾ ਹੋਏ। ਜੋ ਚੀਜ਼ ਉਨ੍ਹਾਂ ਦੀ ਹੈ, ਉਹ ਤੇਰੀ ਕਿਵੇਂ ਹੋ ਸਕਦੀ ਹੈ? ਦੇਖ ਸਾਹਮਣੇ ਮੇਜ਼ ‘ਤੇ ਤੇਰਾ ਖਿਡੌਣਾ ਪਿਆ ਹੈ, ਚੁੱਕ ਲਿਆ, ਮੈਂ ਤੈਨੂੰ ਚੰਗੀ ਤਰ੍ਹਾਂ ਸਮਝਾਉਂਦਾ ਹਾਂ।”
ਰਾਮ ਉਠਿਆ ਅਤੇ ਭੱਜ ਕੇ ਲੱਕੜੀ ਦਾ ਘੋੜਾ ਚੁੱਕ ਲਿਆਇਆ ਅਤੇ ਆਪਣੇ ਪਿਉ ਦੇ ਹੱਥ ਵਿਚ ਫੜਾ ਦਿੱਤਾ, “ਇਹ ਲਉ।”
ਮਿਸਟਰ ਰਾਮਾ ਸ਼ੰਕਰ ਅਚਾਰੀਆ ਬੋਲੇ, “ਹਾਂ! ਤਾਂ ਦੇਖ, ਇਹ ਘੋੜਾ ਤੇਰਾ ਹੈ ਨਾ?”
“ਜੀ ਹਾਂ।”
“ਜੇ ਮੈਂ ਇਹਨੂੰ ਤੇਰੀ ਇਜਾਜ਼ਤ ਤੋਂ ਬਗ਼ੈਰ ਚੁੱਕ ਕੇ ਆਪਣੇ ਕੋਲ਼ ਰੱਖ ਲਵਾਂ ਤਾਂ ਇਹ ਚੋਰੀ ਹੋਵੇਗੀ।” ਮਿਸਟਰ ਰਾਮਾ ਸ਼ੰਕਰ ਨੇ ਹੋਰ ਵਿਆਖਿਆ ਕਰਦਿਆਂ ਕਿਹਾ, “ਅਤੇ ਮੈਂ ਚੋਰ।”
“ਨਹੀਂ ਪਿਤਾ ਜੀ, ਤੁਸੀਂ ਇਸ ਨੂੰ ਆਪਣੇ ਕੋਲ਼ ਰੱਖ ਸਕਦੇ ਹੋ। ਮੈਂ ਤੁਹਾਨੂੰ ਚੋਰ ਨਹੀਂ ਕਹਾਂਗਾ। ਮੇਰੇ ਕੋਲ਼ ਖੇਡਣ ਲਈ ਹਾਥੀ ਜੁ ਹੈ। ਤੁਸੀਂ ਹੁਣ ਤਕ ਦੇਖਿਆ ਨਹੀਂ? ਕਲ੍ਹ ਹੀ ਮੁਣਸ਼ੀ ਦਾਦਾ ਨੇ ਲੈ ਕੇ ਦਿੱਤਾ ਹੈ। ਰੁਕੋ, ਮੈਂ ਹੁਣੇ ਤੁਹਾਨੂੰ ਦਿਖਾਉਂਦਾ ਹਾਂ।” ਇਹ ਕਹਿ ਕੇ ਤਾੜੀਆਂ ਵਜਾਉਂਦਾ ਹੋਇਆ ਉਹ ਦੂਜੇ ਕਮਰੇ ਵਿਚ ਚਲਿਆ ਗਿਆ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਅੱਖਾਂ ਝਪਕਦੇ ਰਹਿ ਗਏ।
ਦੂਜੇ ਦਿਨ ਮਿਸਟਰ ਰਾਮਾ ਸ਼ੰਕਰ ਨੂੰ ਇਕ ਖਾਸ ਕੰਮ ਲਈ ਪੂਨੇ ਜਾਣਾ ਪਿਆ। ਉਨ੍ਹਾਂ ਦੀ ਵੱਡੀ ਭੈਣ ਉਥੇ ਰਹਿੰਦੀ ਸੀ। ਕਾਫੀ ਚਿਰ ਤੋਂ ਉਹ ਛੋਟੇ ਰਾਮ ਨੂੰ ਦੇਖਣ ਲਈ ਬੇਕਰਾਰ ਸੀ। ਇੰਜ ਇਕ ਪੰਥ ਦੋ ਕਾਜ ਦੇ ਸਨਮੁਖ ਰਾਮਾ ਸ਼ੰਕਰ ਅਚਾਰੀਆ ਆਪਣੇ ਬੇਟੇ ਨੂੰ ਵੀ ਨਾਲ ਲੈ ਗਏ ਪਰ ਇਸ ਸ਼ਰਤ ‘ਤੇ ਕਿ ਉਹ ਰਸਤੇ ਵਿਚ ਕੋਈ ਇੱਲਤ ਨਹੀਂ ਕਰੇਗਾ। ਨੰਨ੍ਹਾ ਰਾਮ ਇਸ ਸ਼ਰਤ ਉਤੇ ਪੋਰੀਬੰਦਰ ਦੇ ਸਟੇਸ਼ਨ ਤਕ ਹੀ ਕਾਇਮ ਰਹਿ ਸਕਿਆ। ਉਧਰ ਦੱਕਨ ਕੁਈਨ ਚੱਲੀ ਤੇ ਇਧਰ ਰਾਮ ਦੇ ਛੋਟੇ ਜਿਹੇ ਸੀਨੇ ਵਿਚ ਸ਼ਰਾਰਤਾਂ ਨੇ ਮਚਲਣਾ ਸ਼ੁਰੂ ਕਰ ਦਿੱਤਾ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਸੈਕੰਡ ਕਲਾਸ ਕੰਪਾਰਟਮੈਂਟ ਦੀ ਚੌੜੀ ਸੀਟ ਉਤੇ ਬੈਠੇ ਆਪਣੇ ਨਾਲ ਵਾਲ਼ੇ ਮੁਸਾਫਿਰ ਦਾ ਅਖਬਾਰ ਪੜ੍ਹ ਰਹੇ ਸਨ। ਤੇ ਸੀਟ ਦੇ ਆਖਰੀ ਹਿੱਸੇ ਉਤੇ ਰਾਮ ਖਿੜਕੀ ਤੋਂ ਬਾਹਰ ਝਾਕ ਰਿਹਾ ਸੀ ਤੇ ਹਵਾ ਦਾ ਦਬਾਅ ਦੇਖ ਕੇ ਇਹ ਸੋਚ ਰਿਹਾ ਸੀ ਕਿ ਜੇ ਉਹ ਉਸ ਨੂੰ ਲੈ ਉਡੇ ਤਾਂ ਕਿੰਨਾ ਮਜ਼ਾ ਆਵੇ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਆਪਣੀ ਐਨਕ ਦੇ ਕੋਣਿਆਂ ਵਿਚੀਂ ਰਾਮ ਵੱਲ ਦੇਖਿਆ ਤੇ ਉਸ ਨੂੰ ਬਾਹੋਂ ਫੜ ਕੇ ਹੇਠਾਂ ਬਿਠਾ ਦਿੱਤਾ। “ਤੂੰ ਚੈਨ ਵੀ ਲੈਣ ਦੇਵੇਂਗਾ ਜਾਂ ਨਹੀਂ, ਆਰਾਮ ਨਾਲ ਬਹਿ ਜਾ।” ਇਹ ਕਹਿੰਦਿਆਂ ਉਨ੍ਹਾਂ ਦੀ ਨਜ਼ਰ ਰਾਮ ਦੀ ਟੋਪੀ ‘ਤੇ ਪਈ ਜੋ ਉਸ ਦੇ ਸਿਰ ਉਤੇ ਚਮਕ ਰਹੀ ਸੀ, “ਇਹਨੂੰ ਲਾਹ ਕੇ ਰੱਖ ਨਾਲਾਇਕ, ਹਵਾ ਇਹਨੂੰ ਉਡਾ ਕੇ ਲੈ ਜਾਵੇਗੀ।”
ਉਨ੍ਹਾਂ ਨੇ ਰਾਮ ਦੇ ਸਿਰ ਤੋਂ ਟੋਪੀ ਲਾਹ ਕੇ ਉਸ ਦੀ ਗੋਦ ਵਿਚ ਰੱਖ ਦਿੱਤੀ। ਪਰ ਥੋੜ੍ਹੀ ਦੇਰ ਬਾਅਦ ਟੋਪੀ ਫੇਰ ਰਾਮ ਦੇ ਸਿਰ ਉਤੇ ਸੀ ਅਤੇ ਉਹ ਖਿੜਕੀ ਤੋਂ ਬਾਹਰ ਸਿਰ ਕੱਢੀ ਦੌੜਦੇ ਹੋਏ ਦਰਖਤਾਂ ਨੂੰ ਗਹੁ ਨਾਲ ਦੇਖ ਰਿਹਾ ਸੀ। ਦਰਖਤਾਂ ਦੀ ਭੱਜ ਦੌੜ ਰਾਮ ਦੇ ਜ਼ਿਹਨ ਵਿਚ ਲੁਕਣਮੀਚੀ ਦੀ ਦਿਲਚਸਪ ਖੇਡ ਦਾ ਨਕਸ਼ਾ ਖਿੱਚ ਰਹੀ ਸੀ।
ਹਵਾ ਦੇ ਬੁੱਲੇ ਨਾਲ ਅਖਬਾਰ ਦੂਹਰਾ ਹੋ ਗਿਆ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਆਪਣੇ ਬੇਟੇ ਦੇ ਸਿਰ ਨੂੰ ਫੇਰ ਖਿੜਕੀ ਤੋਂ ਬਾਹਰ ਦੇਖਿਆ। ਗ਼ੁੱਸੇ ਵਿਚ ਉਨ੍ਹਾਂ ਨੇ ਉਸ ਦੀ ਬਾਂਹ ਖਿੱਚ ਕੇ ਆਪਣੇ ਕੋਲ਼ ਬਿਠਾਇਆ ਅਤੇ ਕਿਹਾ, “ਜੇ ਤੂੰ ਇਥੋਂ ਇਕ ਇੰਚ ਵੀ ਹਿੱਲਿਆ ਤਾਂ ਤੇਰੀ ਖੈਰ ਨਹੀਂ।” ਇਹ ਕਹਿ ਕੇ ਉਨ੍ਹਾਂ ਨੇ ਟੋਪੀ ਚੁੱਕ ਕੇ ਉਸ ਦੀਆਂ ਲੱਤਾਂ ਉਤੇ ਰੱਖ ਦਿੱਤੀ।
ਇਸ ਕੰਮ ਤੋਂ ਵਿਹਲੇ ਹੋ ਕੇ ਉਨ੍ਹਾਂ ਨੇ ਅਖਬਾਰ ਚੁੱਕਿਆ ਅਤੇ ਉਹ ਅਜੇ ਇਸ ਵਿਚੋਂ ਉਹ ਸਤਰਾਂ ਹੀ ਲੱਭ ਰਹੇ ਸਨ ਜਿੱਥੋਂ ਉਨ੍ਹਾਂ ਨੇ ਪੜ੍ਹਨਾ ਛੱਡਿਆ ਸੀ ਕਿ ਰਾਮ ਨੇ ਖਿੜਕੀ ਵੱਲ ਸਰਕ ਕੇ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ। ਟੋਪੀ ਉਹਦੇ ਸਿਰ ਉਤੇ ਸੀ। ਇਹ ਦੇਖ ਕੇ ਮਿਸਟਰ ਸ਼ੰਕਰ ਅਚਾਰੀਆ ਨੂੰ ਸਖਤ ਗ਼ੁੱਸਾ ਆਇਆ। ਉਨ੍ਹਾਂ ਦਾ ਹੱਥ ਭੁੱਖੀ ਇੱਲ੍ਹ ਵਾਂਗੂੰ ਟੋਪੀ ਵੱਲ ਵਧਿਆ ਤੇ ਪਲਕ ਝਲਕ ਵਿਚ ਉਹ ਉਨ੍ਹਾਂ ਦੀ ਸੀਟ ਦੇ ਹੇਠਾਂ ਸੀ। ਇਹ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਰਾਮ ਨੂੰ ਸਮਝਣ ਦਾ ਮੌਕਾ ਹੀ ਨਾ ਮਿਲਿਆ। ਮੁੜ ਕੇ ਉਸ ਨੇ ਆਪਣੇ ਬਾਪ ਵੱਲ ਦੇਖਿਆ। ਐਪਰ ਉਨ੍ਹਾਂ ਦੇ ਹੱਥ ਖਾਲੀ ਨਜ਼ਰ ਆਏ। ਇਸੇ ਪ੍ਰੇਸ਼ਾਨੀ ਵਿਚ ਉਸ ਨੇ ਖਿੜਕੀ ਤੋਂ ਬਾਹਰ ਝਾਕ ਕੇ ਦੇਖਿਆ ਤਾਂ ਉਸ ਨੂੰ ਰੇਲ ਦੀ ਪਟੜੀ ‘ਤੇ ਬਹੁਤ ਪਿਛਾਂਹ ਖਾਕੀ ਕਾਗ਼ਜ਼ ਦਾ ਟੁਕੜਾ ਉਡਦਾ ਨਜ਼ਰ ਆਇਆ। ਉਸ ਨੇ ਸਮਝਿਆ ਕਿ ਇਹ ਮੇਰੀ ਟੋਪੀ ਹੈ।
ਇਹ ਖਿਆਲ ਆਉਂਦਿਆਂ ਹੀ ਉਸ ਦੇ ਦਿਲ ਨੂੰ ਧੱਕਾ ਜਿਹਾ ਲੱਗਿਆ। ਪਿਉ ਵੱਲ ਭੈੜੀਆਂ ਜਿਹੀਆਂ ਨਿਗਾਹਾਂ ਨਾਲ ਦੇਖਦਿਆਂ ਉਸ ਨੇ ਕਿਹਾ, “ਬਾਪੂ ਮੇਰੀ ਟੋਪੀ।” ਮਿਸਟਰ ਸ਼ੰਕਰ ਅਚਾਰੀਆ ਖਾਮੋਸ਼ ਰਹੇ।
“ਹਾਇ ਮੇਰੀ ਟੋਪੀ”, ਰਾਮ ਦੀ ਆਵਾਜ਼ ਉਚੀ ਹੋਈ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਕੁਝ ਨਾ ਬੋਲੇ।
ਰਾਮ ਨੇ ਰੋਂਦੀ ਆਵਾਜ਼ ਵਿਚ ਕਿਹਾ, “ਮੇਰੀ ਟੋਪੀ” ਅਤੇ ਆਪਣੇ ਪਿਉ ਦਾ ਹੱਥ ਫੜ ਲਿਆ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਉਸ ਦਾ ਹੱਥ ਝਟਕ ਕੇ ਕਿਹਾ, “ਡੇਗ ਦਿੱਤੀ ਹੋਵੇਗੀ ਤੈਂ, ਹੁਣ ਰੋਂਦਾ ਕਿਉਂ ਹੈਂ?” ਇਸ ‘ਤੇ ਰਾਮ ਦੀਆਂ ਅੱਖਾਂ ਵਿਚ ਦੋ ਮੋਟੇ ਮੋਟੇ ਹੰਝੂ ਤੈਰਨ ਲੱਗੇ।
“ਪਰ ਧੱਕਾ ਤਾਂ ਤੁਸੀਂ ਹੀ ਦਿੱਤਾ ਸੀ”, ਉਸ ਨੇ ਇੰਨਾ ਕਿਹਾ ਤੇ ਰੋਣ ਲੱਗਿਆ।
ਮਿਸਟਰ ਰਾਮਾ ਸ਼ੰਕਰ ਨੇ ਰਤਾ ਝਾੜਿਆ ਤਾਂ ਰਾਮ ਨੇ ਹੋਰ ਜ਼ਿਆਦਾ ਰੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ। ਰਾਮ ਦਾ ਰੋਣਾ ਸਿਰਫ ਟੋਪੀ ਬੰਦ ਕਰਾ ਸਕਦੀ ਸੀ। ਇਸ ਲਈ ਰਾਮਾ ਸ਼ੰਕਰ ਅਚਾਰੀਆ ਨੇ ਥੱਕ ਹਾਰ ਕੇ ਉਸ ਨੂੰ ਕਿਹਾ, “ਟੋਪੀ ਵਾਪਸ ਆ ਜਾਵੇਗੀ ਪਰ ਸ਼ਰਤ ਇਹ ਹੈ ਕਿ ਤੂੰ ਉਸ ਨੂੰ ਪਹਿਨੇਂਗਾ ਨਹੀਂ!”
ਰਾਮ ਦੀਆਂ ਅੱਖਾਂ ਵਿਚੋਂ ਹੰਝੂ ਝੱਟਪੱਟ ਖੁਸ਼ਕ ਹੋ ਗਏ ਜਿਵੇਂ ਤਪੀ ਹੋਈ ਰੇਤ ਵਿਚ ਬਾਰਸ਼ ਦੇ ਕਤਰੇ ਜਜ਼ਬ ਹੋ ਜਾਣ। ਉਹ ਸਰਕ ਕੇ ਅੱਗੇ ਵਧ ਆਇਆ ਤੇ ਬੋਲਿਆ, “ਉਹ ਵਾਪਸ ਲੈ ਆਓ।”
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਕਿਹਾ, “ਇਉਂ ਥੋੜ੍ਹੀ ਵਾਪਸ ਆ ਜਾਵੇਗੀ, ਮੰਤਰ ਪੜ੍ਹਨਾ ਪਏਗਾ।”
ਕੰਪਾਰਟਮੈਂਟ ਵਿਚ ਸਭ ਮੁਸਾਫਿਰ ਬਾਪ ਬੇਟੇ ਦੀ ਗੱਲਬਾਤ ਸੁਣ ਰਹੇ ਸਨ।
“ਮੰਤਰ”, ਇਹ ਕਹਿੰਦਿਆਂ ਰਾਮ ਨੂੰ ਤੁਰੰਤ ਉਹ ਕਿੱਸਾ ਯਾਦ ਆ ਗਿਆ ਜਿਸ ਵਿਚ ਇਕ ਮੁੰਡੇ ਨੇ ਮੰਤਰ ਰਾਹੀਂ ਦੂਜਿਆਂ ਦੀਆਂ ਚੀਜ਼ਾਂ ਗੁੰਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
“ਪੜ੍ਹੋ ਪਿਤਾ ਜੀ”, ਇਹ ਕਹਿ ਕੇ ਉਹ ਗਹੁ ਨਾਲ ਆਪਣੇ ਬਾਪ ਵੱਲ ਦੇਖਣ ਲੱਗਿਆ ਜਿਵੇਂ ਮੰਤਰ ਪੜ੍ਹਦੇ ਸਮੇਂ ਮਿਸਟਰ ਸ਼ੰਕਰ ਆਚਾਰੀਆ ਦੇ ਗੰਜੇ ਸਿਰ ‘ਤੇ ਸਿੰਗ ਉਗ ਆਉਣਗੇ।
ਮਿਸਟਰ ਰਾਮਾ ਸ਼ੰਕਰ ਆਚਾਰੀਆ ਨੇ ਉਸ ਮੰਤਰ ਦੇ ਬੋਲ ਯਾਦ ਕਰਦਿਆਂ ਕਿਹਾ ਜੋ ਉਨ੍ਹਾਂ ਨੇ ਬਚਪਨ ਵਿਚ ‘ਇੰਦਰ ਜਾਲ ਮੁਕੰਮਲ’ ਤੋਂ ਜ਼ੁਬਾਨੀ ਯਾਦ ਕੀਤਾ ਸੀ, “ਤੂੰ ਫੇਰ ਸ਼ਰਾਰਤ ਤਾਂ ਨਹੀਂ ਕਰੇਂਗਾ?”
“ਨਹੀਂ ਬਾਪੂ ਜੀ”, ਰਾਮ ਜੋ ਮੰਤਰ ਦੀਆਂ ਗਹਿਰਾਈਆਂ ਵਿਚ ਡੁੱਬ ਰਿਹਾ ਸੀ, ਨੇ ਆਪਣੇ ਪਿਉੁ ਨਾਲ ਸ਼ਰਾਰਤ ਨਾ ਕਰਨ ਦਾ ਵਾਅਦਾ ਕਰ ਲਿਆ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੂੰ ਮੰਤਰ ਦੇ ਬੋਲ ਯਾਦ ਆ ਗਏ ਅਤੇ ਉਨ੍ਹਾਂ ਨੇ ਦਿਲ ਹੀ ਦਿਲ ਵਿਚ ਆਪਣੇ ਚੇਤੇ ਦੀ ਦਾਦ ਦੇ ਕੇ ਆਪਣੇ ਮੁੰਡੇ ਨੂੰ ਕਿਹਾ, “ਲੈ ਹੁਣ ਤੂੰ ਅੱਖਾਂ ਬੰਦ ਕਰ ਲੈ।”
ਰਾਮ ਨੇ ਅੱਖਾਂ ਬੰਦ ਕਰ ਲਈਆਂ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਮੰਤਰ ਪੜ੍ਹਨਾ ਸ਼ੁਰੂ ਕੀਤਾ।
“ਓਮ ਨਮਾ ਕਾਮੇਸ਼ਵਰੀ ਮਦ ਮਦੀਸ਼ ਓਤਮਾ ਦੇ ਭਰੀਂਗ ਪਰਾ ਸਵਾਹ”, ਮਿਸਟਰ ਰਾਮਾ ਸ਼ੰਕਰ ਅਚਾਰੀਆ ਦਾ ਇਕ ਹੱਥ ਸੀਟ ਦੇ ਹੇਠਾਂ ਗਿਆ ਅਤੇ ‘ਸਵਾਹ’ ਦੇ ਨਾਲ ਹੀ ਰਾਮ ਦੀ ਟੋਪੀ ਉਸ ਦੇ ਗੁਦਗੁਦੇ ਪੱਟਾਂ ‘ਤੇ ਆ ਡਿੱਗੀ।
ਰਾਮ ਨੇ ਅੱਖਾਂ ਖੋਲ੍ਹ ਦਿੱਤੀਆਂ। ਟੋਪੀ ਉਸ ਦੀ ਚਪਟੀ ਨੱਕ ਦੇ ਸਾਹਮਣੇ ਪਈ ਸੀ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੀ ਤਿੱਖੀ ਨੱਕ ਐਨਕ ਦੀ ਸੁਨਹਿਰੀ ਪਕੜ ਹੇਠਾਂ ਥਰਥਰਾ ਰਹੀ ਸੀ। ਅਦਾਲਤ ਵਿਚ ਮੁਕੱਦਮਾ ਜਿੱਤਣ ਪਿੱਛੋਂ ਉਨ੍ਹਾਂ ਦੀ ਇਹੋ ਜਿਹੀ ਹਾਲਤ ਹੋਇਆ ਕਰਦੀ ਸੀ।
“ਟੋਪੀ ਆ ਗਈ”, ਰਾਮ ਨੇ ਸਿਰਫ ਇੰਨਾ ਕਿਹਾ ਤੇ ਚੁੱਪ ਕਰ ਗਿਆ। ਮਿਸਟਰ ਸ਼ੰਕਰ ਅਚਾਰੀਆ ਰਾਮ ਨੂੰ ਖਾਮੋਸ਼ ਬੈਠਣ ਦਾ ਹੁਕਮ ਦੇ ਕੇ ਅਖਬਾਰ ਪੜ੍ਹਨ ਵਿਚ ਰੁੱਝ ਗਏ। ਇਕ ਖਬਰ ਚੋਖੀ ਦਿਲਚਸਪ ਅਤੇ ਅਖਬਾਰੀ ਜ਼ੁਬਾਨ ਵਿਚ ਬੇਹੱਦ ਸਨਸਨੀਖੇਜ਼ ਸੀ। ਇਸ ਲਈ ਉਹ ਮੰਤਰ ਵਗੈਰਾ ਸਭ ਕੁਝ ਭੁੱਲ ਕੇ ਉਸ ਵਿਚ ਗੁਆਚ ਗਏ। ਦੱਕਣ ਕੁਈਨ ਬਿਜਲੀ ਦੇ ਪਰਾਂ ‘ਤੇ ਪੂਰੀ ਤੇਜ਼ੀ ਨਾਲ ਉਡ ਰਹੀ ਸੀ। ਉਸ ਦੇ ਫੌਲਾਦੀ ਪਹੀਆਂ ਦੀ ਇਕਸਾਰ ਗੜਗੜਾਹਟ ਅਖਬਾਰ ਦੀ ਸਨਸਨੀ ਪੈਦਾ ਕਰਨ ਵਾਲੀ ਖਬਰ ਦੀ ਹਰ ਸਤਰ ਨੂੰ ਗੂੜ੍ਹੀ ਕਰ ਰਹੀ ਸੀ। ਮਿਸਟਰ ਸ਼ੰਕਰ ਅਚਾਰੀਆ ਇਹ ਸਤਰ ਪੜ੍ਹ ਰਹੇ ਸਨ,
“ਅਦਾਲਤ ਵਿਚ ਸੰਨਾਟਾ ਪਸਰਿਆ ਹੋਇਆ ਸੀ। ਸਿਰਫ ਟਾਈਪਰਾਈਟਰ ਦੀ ਟਿਕ ਟਿਕ ਸੁਣਾਈ ਦਿੰਦੀ ਸੀ। ਮੁਲਜ਼ਮ ਇਕਦਮ ਚੀਕਿਆ-ਬਾਪੂ ਜੀ!”
ਐਨ ਉਸ ਵਕਤ ਰਾਮ ਨੇ ਆਪਣੇ ਬਾਪ ਨੂੰ ਜ਼ੋਰ ਦੀ ਆਵਾਜ਼ ਮਾਰੀ, “ਬਾਪੂ ਜੀ।” ਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੂੰ ਇਉਂ ਜਾਪਿਆ ਜਿਵੇਂ ਨਿਗਾਹ ਹੇਠਲੀ ਸਤਰ ਦੇ ਆਖਰੀ ਲਫਜ਼ ਕਾਗ਼ਜ਼ ‘ਚੋਂ ਉਛਲ਼ ਪਏ ਹਨ।
ਰਾਮ ਦੇ ਥਰਥਰਾਉਂਦੇ ਬੁਲ੍ਹ ਦੱਸ ਰਹੇ ਸਨ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਜ਼ਰਾ ਤੇਜ਼ੀ ਨਾਲ ਕਿਹਾ, “ਕੀ ਹੈ?” ਅਤੇ ਐਨਕ ਦੇ ਇਕ ਕੋਨਿਉੁਂ ਟੋਪੀ ਨੂੰ ਸੀਟ ਉਤੇ ਪਿਆ ਦੇਖ ਕੇ ਆਪਣੀ ਤਸੱਲੀ ਕਰ ਲਈ।
ਰਾਮ ਅੱਗੇ ਸਰਕ ਆਇਆ ਅਤੇ ਕਹਿਣ ਲੱਗਾ, “ਬਾਪੂ ਜੀ ਉਹੀ ਮੰਤਰ ਪੜ੍ਹੋ!”
“ਕਿਉਂ?” ਇਹ ਕਹਿੰਦਿਆਂ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਰਾਮ ਦੀ ਟੋਪੀ ਵੱਲ ਗਹੁ ਨਾਲ ਦੇਖਿਆ ਜੋ ਸੀਟ ਦੇ ਖੂੰਜੇ ਵਿਚ ਪਈ ਸੀ।
“ਤੁਹਾਡੇ ਕਾਗ਼ਜ਼ ਜੋ ਇਥੇ ਪਏ ਸੀ, ਮੈਂ ਬਾਹਰ ਸੁੱਟ ਦਿੱਤੇ ਹਨ।”
ਰਾਮ ਨੇ ਇਸ ਤੋਂ ਅੱਗੇ ਕੁਝ ਹੋਰ ਵੀ ਕਿਹਾ ਪਰ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੀਆਂ ਅੱਖਾਂ ਅੱਗੇ ਹਨੇਰਾ ਜਿਹਾ ਪਸਰ ਗਿਆ। ਬਿਜਲੀ ਵਰਗੀ ਤੇਜ਼ੀ ਨਾਲ ਉਠ ਕੇ ਉਨ੍ਹਾਂ ਨੇ ਖਿੜਕੀ ਤੋਂ ਬਾਹਰ ਝਾਕ ਕੇ ਦੇਖਿਆ। ਐਪਰ ਰੇਲ ਦੀ ਪਟੜੀ ਦੇ ਨਾਲ ਤਿਤਲੀਆਂ ਵਾਂਗ ਫੜਫੜਾਉਂਦੇ ਕਾਗ਼ਜ਼ ਦੇ ਪੁਰਜ਼ਿਆਂ ਤੋਂ ਬਿਨਾਂ ਹੋਰ ਕੁਝ ਨਜ਼ਰ ਨਾ ਆਇਆ।
“ਤੈਂ ਉਹ ਕਾਗ਼ਜ਼ ਸੁੱਟ ਦਿੱਤੇ ਜੋ ਇਥੇ ਪਏ ਸੀ?” ਉਨ੍ਹਾਂ ਨੇ ਆਪਣੇ ਸੱਜੇ ਹੱਥ ਨਾਲ ਸੀਟ ਵੱਲ ਇਸ਼ਾਰਾ ਕਰਦਿਆਂ ਕਿਹਾ।
ਰਾਮ ਨੇ ਪੁਸ਼ਟੀ ਵਿਚ ਸਿਰ ਹਿਲਾ ਦਿੱਤਾ, “ਤੁਸੀਂ ਉਹੀ ਮੰਤਰ ਪੜ੍ਹੋ ਨਾ!”
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੂੰ ਅਜਿਹਾ ਕੋਈ ਮੰਤਰ ਯਾਦ ਨਹੀਂ ਸੀ ਜੋ ਸੱਚਮੁੱਚ ਗੁਆਚੀਆਂ ਚੀਜ਼ਾਂ ਵਾਪਸ ਲਿਆ ਸਕੇ। ਉਹ ਸਖਤ ਪਰੇਸ਼ਾਨ ਸਨ। ਉਹ ਕਾਗ਼ਜ਼ ਜੋ ਉਨ੍ਹਾਂ ਦੇ ਬੇਟੇ ਨੇ ਸੁੱਟ ਦਿੱਤੇ ਸਨ, ਇਕ ਨਵੇਂ ਮੁਕੱਦਮੇ ਦੀ ਮਿਸਲ ਸੀ ਜਿਸ ਵਿਚ ਚਾਲ਼ੀ ਹਜ਼ਾਰ ਮੁੱਲ ਦੇ ਕਾਨੂੰਨੀ ਕਾਗ਼ਜ਼ ਪਏ ਸਨ। ਮਿਸਟਰ ਰਾਮਾ ਸ਼ੰਕਰ ਐਮ.ਏ. ਐਲਐਲਬੀ. ਦੀ ਬਾਜ਼ੀ ਉਨ੍ਹਾਂ ਦੀ ਆਪਣੀ ਚਾਲ ਨਾਲ ਹੀ ਮਾਤ ਹੋ ਗਈ ਸੀ। ਇਕ ਪਲ ਲਈ ਅੰਦਰੇ ਅੰਦਰ ਉਨ੍ਹਾਂ ਦੇ ਕਾਨੂੰਨੀ ਦਿਮਾਗ਼ ਵਿਚ ਕਾਗ਼ਜ਼ਾਂ ਬਾਰੇ ਸੈਂਕੜੇ ਵਿਚਾਰ ਆਏ। ਸਪਸ਼ਟ ਹੈ, ਮਿਸਟਰ ਰਾਮਾ ਸ਼ੰਕਰ ਅਚਾਰੀਆ ਦੇ ਮੁਅਕਿਲ ਦਾ ਨੁਕਸਾਨ ਉਨ੍ਹਾਂ ਦਾ ਆਪਣਾ ਨੁਕਸਾਨ ਸੀ, ਮਗਰ ਹੁਣ ਉਹ ਕਰ ਕੀ ਸਕਦੇ ਸਨ? ਸਿਰਫ ਇਹ ਕਿ ਅਗਲੇ ਸਟੇਸ਼ਨ ‘ਤੇ ਉਤਰ ਕੇ ਰੇਲ ਦੀ ਪਟੜੀ ਦੇ ਨਾਲ ਨਾਲ ਚੱਲਣਾ ਸ਼ੁਰੂ ਕਰ ਦੇਣ ਅਤੇ ਦਸ ਪੰਦਰਾਂ ਮੀਲ ਤਕ ਇਨ੍ਹਾਂ ਕਾਗ਼ਜ਼ਾਂ ਦੀ ਭਾਲ਼ ਵਿਚ ਮਾਰੇ ਮਾਰੇ ਫਿਰਦੇ ਰਹਿਣ। ਮਿਲਣ ਨਾ ਮਿਲਣ, ਉਨ੍ਹਾਂ ਦੀ ਕਿਸਮਤ।
ਇਕ ਪਲ ਵਿਚ ਸੈਂਕੜੇ ਗੱਲਾਂ ਸੋਚਣ ਮਗਰੋਂ ਆਖਰ ਉਨ੍ਹਾਂ ਨੇ ਆਪਣੇ ਦਿਲ ਨਾਲ ਫੈਸਲਾ ਕਰ ਲਿਆ ਕਿ ਜੇ ਭਾਲਣ ‘ਤੇ ਕਾਗ਼ਜ਼ ਨਾ ਮਿਲ਼ੇ ਤਾਂ ਮੁਅਕਿਲ ਦੇ ਸਾਹਮਣੇ ਇਕ ਵਾਢਿਉਂ ਇਨਕਾਰ ਕਰ ਦੇਣਗੇ ਕਿ ਉਸ ਨੇ ਉਨ੍ਹਾਂ ਨੂੰ ਕਾਗ਼ਜ਼ ਦਿੱਤੇ ਸਨ। ਇਖਲਾਕੀ ਤੇ ਕਾਨੂੰਨੀ ਤੌਰ ‘ਤੇ ਇਹ ਸਰਾਸਰ ਨਾਜਾਇਜ਼ ਸੀ ਪਰ ਇਸ ਤੋਂ ਬਿਨਾਂ ਹੋਰ ਹੋ ਵੀ ਕੀ ਸਕਦਾ ਸੀ!
ਇਸ ਤਸੱਲੀਬਖਸ਼ ਖਿਆਲ ਦੇ ਬਾਵਜੂਦ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੇ ਹਲ਼ਕ ਵਿਚ ਤਲਖੀ ਜਿਹੀ ਪੈਦਾ ਹੋ ਰਹੀ ਸੀ। ਇਕਦਮ ਉੁਨ੍ਹਾਂ ਦੇ ਦਿਲ ਵਿਚ ਆਇਆ ਕਿ ਕਾਗ਼ਜ਼ਾਂ ਵਾਂਗ ਉਹ ਰਾਮ ਨੂੰ ਵੀ ਚੁੱਕ ਕੇ ਗੱਡੀ ਤੋਂ ਬਾਹਰ ਸੁੱਟ ਦੇਣ ਪਰ ਇਸ ਖਾਹਿਸ਼ ਨੂੰ ਸੀਨੇ ਵਿਚ ਦਬਾ ਕੇ ਉਨ੍ਹਾਂ ਨੇ ਉਸ ਵੱਲ ਦੇਖਿਆ।
ਰਾਮ ਦੇ ਬੁਲ੍ਹਾਂ ਉਤੇ ਅਜੀਬ ਕਿਸਮ ਦਾ ਖੇੜਾ ਪਸਰ ਰਿਹਾ ਸੀ।
ਉਸ ਨੇ ਹੌਲ਼ੀ ਜਿਹੀ ਕਿਹਾ, “ਬਾਪੂ ਜੀ ਮੰਤਰ ਪੜ੍ਹੋ।”
“ਆਰਾਮ ਨਾਲ ਬਹਿ ਜਾ, ਨਹੀਂ ਤਾਂ ਯਾਦ ਰੱਖ ਸੰਘੀ ਨੱਪ ਦੇਵਾਂਗਾ”, ਮਿਸਟਰ ਰਾਮਾ ਸ਼ੰਕਰ ਅਚਾਰੀਆ ਝੁੰਜਲਾ ਗਏ। ਉਸ ਮੁਸਾਫਰ ਜੋ ਬਾਪ ਬੇਟੇ ਦੀ ਗੱਲਬਾਤ ਸੁਣ ਰਿਹਾ ਸੀ, ਦੇ ਲਬਾਂ ਉਤੇ ਇਕ ਅਰਥ ਭਰਪੂਰ ਮੁਸਕਰਾਹਟ ਨੱਚ ਰਹੀ ਸੀ।
ਰਾਮ ਅਗਾਂਹ ਸਰਕ ਆਇਆ, “ਬਾਪੂ ਜੀ ਤੁਸੀਂ ਅੱਖਾਂ ਬੰਦ ਕਰ ਲਉ, ਮੈਂ ਮੰਤਰ ਪੜ੍ਹਦਾ ਹਾਂ।”
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਅੱਖਾਂ ਬੰਦ ਨਾ ਕੀਤੀਆਂ ਪਰ ਰਾਮ ਨੇ ਮੰਤਰ ਪੜ੍ਹਨਾ ਸ਼ੁਰੂ ਕਰ ਦਿੱਤਾ। “ਊਂਗ ਮਿਆਂਗ ਸ਼ਿਆਂਗ, ਲਦਮਗਾਫਰੋਦਮਾਸਵਾਹਾ” ਅਤੇ ‘ਸਵਾਹਾ’ ਦੇ ਨਾਲ ਹੀ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੇ ਮਾਸਲ ਪੱਟਾਂ ‘ਤੇ ਕਾਗ਼ਜ਼ਾਂ ਦਾ ਪੁਲੰਦਾ ਆ ਡਿੱਗਿਆ।
ਉਨ੍ਹਾਂ ਦੀ ਨੱਕ ਐਨਕ ਦੀ ਸੁਨਹਿਰੀ ਗ੍ਰਿਫਤ ਹੇਠਾਂ ਜ਼ੋਰ ਨਾਲ ਥਰਥਰਾਈ।
ਰਾਮ ਦੇ ਚਪਟੇ ਨੱਕ ਦੀਆਂ ਗੋਲ਼ ਤੇ ਲਾਲ ਲਾਲ ਨਾਸਾਂ ਵੀ ਥਰਥਰਾ ਰਹੀਆਂ ਸਨ।
ਅੰਮ੍ਰਿਤਸਰ ਤੋਂ ਟਰੇਨ ਸੁਭਾ ਦੇ ਦੋ ਵਜੇ ਚੱਲੀ ਅਤੇ ਅੱਠ ਘੰਟਿਆਂ ਤੋਂ ਬਾਅਦ ਮੁਗਲਪੁਰਾ ਪਹੁੰਚੀ । ਰਸਤੇ ਵਿੱਚ ਕਈ ਆਦਮੀ ਮਾਰੇ ਗਏ। ਅਨੇਕ ਜ਼ਖਮੀ ਹੋਏ ਅਤੇ ਕੁੱਝ ਇੱਧਰ-ਉੱਧਰ ਭਟਕ ਗਏ।
ਸੁਭਾ ਦਸ ਵਜੇ ਕੈਂਪ ਦੀ ਠੰਡੀ ਜ਼ਮੀਨ ਉੱਤੇ ਜਦੋਂ ਸਰਾਜੁਦੀਨ ਨੇ ਅੱਖਾਂ ਖੋਲ੍ਹੀਆਂ ਅਤੇ ਆਪਣੇ ਚਾਰੇ ਪਾਸੇ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਇੱਕ ਉਮੜਦਾ ਸਮੁੰਦਰ ਦੇਖਿਆ ਤਾਂ ਉਸ ਦੀਆਂ ਸੋਚਣ ਸਮਝਣ ਦੀਆਂ ਤਾਕਤਾਂ ਹੋਰ ਵੀ ਬੁੱਢੀਆਂ ਹੋ ਗਈਆਂ ਅਤੇ ਉਹ ਦੇਰ ਤੱਕ ਗੰਧਲੇ ਅਸਮਾਨ ਨੂੰ ਟਿਕਟਿਕੀ ਬੰਨ੍ਹੀ ਦੇਖਦਾ ਰਿਹਾ। ਉਂਝ ਤਾਂ ਕੈਂਪ ਵਿੱਚ ਰੌਲ਼ਾ ਪੈ ਰਿਹਾ ਸੀ, ਪਰ ਬੁੱਢੇ ਸਰਾਜੁਦੀਨ ਦੇ ਕੰਨ ਜਿਵੇਂ ਬੰਦ ਸਨ। ਜਿਵੇਂ ਕੁੱਝ ਸੁਣਾਈ ਨਹੀਂ ਦਿੰਦਾ ਸੀ। ਕੋਈ ਉਸਨੂੰ ਦੇਖਦਾ ਤਾਂ ਇਹ ਖਿਆਲ ਕਰਦਾ ਕਿ ਉਹ ਕਿਸੇ ਗਹਿਰੀ ਨੀਂਦ ਵਿੱਚ ਗਰਕ ਹੈ ਪਰ ਅਜਿਹਾ ਨਹੀਂ ਸੀ। ਉਸਦੇ ਹੋਸ਼-ਹਵਾਸ਼ ਗਾਇਬ ਸਨ। ਉਸਦੀ ਸਾਰੀ ਹੋਂਦ ਖਲਾਅ ਵਿੱਚ ਲਟਕੀ ਹੋਈ ਸੀ।
ਗੰਧਲੇ ਅਸਮਾਨ ਵੱਲ ਬਗੈਰ ਕਿਸੇ ਇਰਾਦੇ ਦੇ ਦੇਖਦਿਆਂ ਸਰਾਜੁਦੀਨ ਦੀਆਂ ਨਜ਼ਰਾਂ ਸੂਰਜ ਨਾਲ਼ ਟਕਰਾਈਆਂ। ਤੇਜ਼ ਰੌਸ਼ਨੀ ਉਸਦੀ ਹੋਂਦ ਦੀ ਰਗ-ਰਗ ਵਿੱਚ ਉੱਤਰ ਗਈ ਅਤੇ ਉਹ ਜਾਗ ਉੱਠਿਆ। ਉੱਪਰ-ਥੱਲੇ ਉਸਦੇ ਦਿਮਾਗ਼ ਵਿੱਚ ਕਈ ਤਸਵੀਰਾਂ ਦੌੜ ਗਈਆਂ — ਲੁੱਟ, ਅੱਗ, ਭੱਜਾ-ਦੌੜੀ, ਸਟੇਸ਼ਨ-ਗੋਲ਼ੀਆਂ, ਰਾਤ ਅਤੇ ਸਕੀਨਾ … ਸਰਾਜੁਦੀਨ ਇੱਕ ਦਮ ਉੱਠ ਖੜਾ ਹੋਇਆ ਅਤੇ ਪਾਗ਼ਲਾਂ ਦੀ ਤਰ੍ਹਾਂ ਉਸਨੇ ਚਾਰੇ ਪਾਸੇ ਫੈਲੇ ਹੋਏ ਇਨਸਾਨਾਂ ਦੇ ਸਮੁੰਦਰ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ।
ਪੂਰੇ ਤਿੰਨ ਘੰਟੇ ਉਹ ‘ਸਕੀਨਾ, ਸਕੀਨਾ’ ਪੁਕਾਰਦਾ ਰਿਹਾ, ਕੈਂਪ ਦੀ ਖਾਕ ਛਾਣਦਾ ਰਿਹਾ ਪਰ ਉਸਨੂੰ ਆਪਣੀ ਜਵਾਨ ਇਕਲੌਤੀ ਧੀ ਦਾ ਕੋਈ ਪਤਾ ਨਾ ਲੱਗਿਆ। ਚਾਰੇ ਪਾਸੇ ਇੱਕ ਧਾਂਦਲੀ ਜਿਹੀ ਮੱਚੀ ਹੋਈ ਸੀ। ਕੋਈ ਆਪਣਾ ਬੱਚਾ ਲੱਭ ਰਿਹਾ ਸੀ, ਕੋਈ ਮਾਂ, ਕੋਈ ਪਤਨੀ ਕੋਈ ਬੇਟੀ। ਸਰਾਜੁਦੀਨ ਥੱਕ ਹਾਰ ਕੇ ਇੱਕ ਪਾਸੇ ਬੈਠ ਗਿਆ ਅਤੇ ਦਿਮਾਗ਼ ਉੱਤੇ ਜ਼ੋਰ ਦੇ ਕੇ ਸੋਚਣ ਲੱਗਾ ਕਿ ਸਕੀਨਾ ਉਸ ਨਾਲ਼ ਕਦੋਂ ਅਤੇ ਕਿੱਥੇ ਅਲੱਗ ਹੋਈ, ਪਰ ਸੋਚਦੇ-ਸੋਚਦੇ ਉਸਦਾ ਦਿਮਾਗ਼ ਸਕੀਨਾ ਦੀ ਮਾਂ ਦੀ ਲਾਸ਼ ਉੱਤੇ ਜੰਮ ਜਾਂਦਾ, ਜਿਸ ਦੀਆਂ ਸਾਰੀਆਂ ਆਂਤਾਂ ਬਾਹਰ ਨਿੱਕਲ਼ੀਆਂ ਹੋਈਆਂ ਸਨ। ਉਸ ਤੋਂ ਅੱਗੇ ਉਹ ਹੋਰ ਕੁੱਝ ਨਾ ਸੋਚ ਸਕਿਆ।
ਸਕੀਨਾ ਦੀ ਮਾਂ ਮਰ ਚੁੱਕੀ ਸੀ। ਉਸਨੇ ਸਰਾਜੁਦੀਨ ਦੀਆਂ ਅੱਖਾਂ ਦੇ ਸਾਹਮਣੇ ਦਮ ਤੋੜਿਆ ਸੀ, ਪਰ ਸਕੀਨਾ ਕਿੱਥੇ ਸੀ, ਜਿਸ ਬਾਰੇ ਉਸਦੀ ਮਾਂ ਨੇ ਮਰਦੇ ਹੋਏ ਕਿਹਾ ਸੀ, “ਮੈਨੂੰ ਛੱਡ ਦਿਓ ਅਤੇ ਸਕੀਨਾ ਨੂੰ ਲੈ ਕੇ ਜਲਦੀ ਇੱਥੋਂ ਭੱਜ ਜਾਓ।”
ਸਕੀਨਾ ਉਸਦੇ ਨਾਲ਼ ਹੀ ਸੀ। ਦੋਵੇਂ ਨੰਗੇ ਪੈਰੀਂ ਭੱਜ ਰਹੇ ਸਨ। ਸਕੀਨਾ ਦਾ ਦੁਪੱਟਾ ਡਿਗ ਪਿਆ ਸੀ, ਉਸਨੂੰ ਉਠਾਉਣ ਲਈ ਉਸਨੇ ਰੁਕਣਾ ਚਾਹਿਆ ਸੀ। ਸਕੀਨਾ ਨੇ ਚੀਕ ਕੇ ਕਿਹਾ ਸੀ, “ਅੱਬਾ ਜੀ ਛੱਡੋ।” ਪਰ ਉਸਨੇ ਦੁਪੱਟਾ ਚੁੱਕ ਲਿਆ ਸੀ। … ਇਹ ਸੋਚਦੇ-ਸੋਚਦੇ ਉਸਨੇ ਆਪਣੀ ਉੱਭਰੀ ਹੋਈ ਕੋਟ ਦੀ ਜੇਬ ਵੱਲ ਵੇਖਿਆ ਅਤੇ ਉਸ ਵਿੱਚ ਹੱਥ ਪਾ ਕੇ ਇੱਕ ਕੱਪੜਾ ਕੱਢਿਆ, ਇਹ ਸਕੀਨਾ ਦਾ ਉਹੀ ਦੁਪੱਟਾ ਸੀ, ਪਰ ਸਕੀਨਾ ਕਿੱਥੇ ਸੀ?
ਸਰਾਜੁਦੀਨ ਨੇ ਆਪਣੇ ਥੱਕੇ ਹੋਏ ਦਿਮਾਗ਼ ਉੱਤੇ ਬਹੁਤ ਜ਼ੋਰ ਦਿੱਤਾ ਪਰ ਉਹ ਕਿਸੇ ਨਤੀਜੇ ਉੱਤੇ ਨਾ ਪਹੁੰਚ ਸਕਿਆ। ਕੀ ਉਹ ਸਕੀਨਾ ਨੂੰ ਆਪਣੇ ਨਾਲ਼ ਸਟੇਸ਼ਨ ਤੱਕ ਲੈ ਆਇਆ ਸੀ? ਕੀ ਉਹ ਉਸਦੇ ਨਾਲ਼ ਹੀ ਗੱਡੀ ਵਿੱਚ ਸਵਾਰ ਸੀ? ਰਸਤੇ ਵਿੱਚ ਜਦੋਂ ਗੱਡੀ ਰੋਕੀ ਗਈ ਸੀ ਅਤੇ ਬਲਵਾਈ ਅੰਦਰ ਵੜ ਆਏ ਸਨ, ਤਾਂ ਕੀ ਉਹ ਬੇਹੋਸ਼ ਹੋ ਗਿਆ ਸੀ, ਜੋ ਉਹ ਸਕੀਨਾ ਨੂੰ ਚੁੱਕ ਕੇ ਲੈ ਗਏ?
ਸਰਾਜੁਦੀਨ ਦੇ ਦਿਮਾਗ਼ ਵਿੱਚ ਸਵਾਲ ਹੀ ਸਵਾਲ ਸਨ, ਜਵਾਬ ਕੋਈ ਵੀ ਨਹੀਂ ਸੀ। ਉਸਨੂੰ ਹਮਦਰਦੀ ਦੀ ਲੋੜ ਸੀ। ਸਰਾਜੁਦੀਨ ਨੇ ਰੋਣਾ ਚਾਹਿਆ ਪਰ ਅੱਖਾਂ ਨੇ ਉਸਦੀ ਮਦਦ ਨਹੀਂ ਕੀਤੀ। ਹੰਝੂ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਸਨ।
ਛੇ ਦਿਨਾਂ ਬਾਅਦ ਜਦੋਂ ਹੋਸ਼ੋ-ਹਵਾਸ ਕਿਸੇ ਹੱਦ ਤੱਕ ਦਰੁਸਤ ਹੋਏ ਤਾਂ ਸਰਾਜੁਦੀਨ ਉਨ੍ਹਾਂ ਲੋਕਾਂ ਨੂੰ ਮਿਲ਼ਿਆ ਜੋ ਉਸਦੀ ਮਦਦ ਕਰਨ ਲਈ ਤਿਆਰ ਸਨ। ਅੱਠ ਨੌਜਵਾਨ ਸਨ, ਜਿਨ੍ਹਾਂ ਕੋਲ਼ ਡਾਂਗਾਂ ਸਨ, ਬੰਦੂਕਾਂ ਸਨ। ਸਰਾਜੁਦੀਨ ਨੇ ਉਨ੍ਹਾਂ ਨੂੰ ਲੱਖ-ਲੱਖ ਦੁਆਵਾਂ ਦਿੱਤੀਆਂ ਅਤੇ ਸਕੀਨਾ ਦਾ ਹੁਲੀਆ ਦੱਸਿਆ, “ਗੋਰਾ ਰੰਗ ਹੈ ਅਤੇ ਬਹੁਤ ਖੂਬਸੂਰਤ ਹੈ … ਮੇਰੇ ਉੱਤੇ ਨਹੀਂ ਆਪਣੇ ਮਾਂ ਉੱਤੇ ਸੀ … ਉਮਰ ਸਤਾਰਾਂ ਵਰ੍ਹਿਆਂ ਦੇ ਕਰੀਬ ਹੈ। … ਅੱਖਾਂ ਵੱਡੀਆਂ-ਵੱਡੀਆਂ … ਵਾਲ਼ ਸਿਆਹ … ਸੱਜੀ ਗੱਲ੍ਹ ਉੱਤੇ ਮੋਟਾ ਜਿਹਾ ਤਿਲ … ਮੇਰੀ ਇਕਲੌਤੀ ਧੀ ਹੈ। ਲੱਭ ਲਿਆਓ ਖੁਦਾ ਤੁਹਾਡਾ ਭਲਾ ਕਰੇਗਾ।”
ਰਜਾਕਾਰ ਨੌਜਵਾਨਾਂ ਨੇ ਬੜੇ ਜਜ਼ਬੇ ਨਾਲ਼ ਬੁੱਢੇ ਸਰਾਜੁਦੀਨ ਨੂੰ ਯਕੀਨ ਦਿਵਾਇਆ ਕਿ ਜੇ ਉਸਦੀ ਧੀ ਜਿਉਂਦੀ ਹੋਈ ਤਾਂ ਕੁੱਝ ਦਿਨਾਂ ਵਿੱਚ ਹੀ ਉਸਦੇ ਕੋਲ਼ ਹੋਵੇਗੀ।
ਅੱਠਾਂ ਨੌਜਵਾਨਾਂ ਨੇ ਕੋਸ਼ਿਸ਼ ਕੀਤੀ। ਜਾਨ ਹਥੇਲ਼ੀ ਉੱਤੇ ਰੱਖ ਕੇ ਉਹ ਅੰਮ੍ਰਿਤਸਰ ਗਏ। ਕਈ ਥਾਵਾਂ ਅਤੇ ਬੱਚਿਆਂ ਨੂੰ ਕੱਢ-ਕੱਢ ਕੇ ਉਨ੍ਹਾਂ ਨੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ। ਦਸ ਦਿਨ ਗੁਜ਼ਰ ਗਏ ਪਰ ਉਹਨਾਂ ਨੂੰ ਸਕੀਨਾ ਨਾ ਮਿਲ਼ੀ।
ਇੱਕ ਦਿਨ ਇਸੇ ਸੇਵਾ ਦੇ ਲਈ ਲਾਰੀ ਉੱਤੇ ਅੰਮ੍ਰਿਤਸਰ ਜਾ ਰਹੇ ਸਨ ਕਿ ਛੇਹਰਟਾ ਦੇ ਕੋਲ਼ ਸੜਕ ਉੱਤੇ ਉਨ੍ਹਾਂ ਨੂੰ ਇੱਕ ਕੁੜੀ ਦਿਖਾਈ ਦਿੱਤੀ। ਲਾਰੀ ਦੀ ਅਵਾਜ਼ ਸੁਣ ਕੇ ਉਹ ਬਿਦਕੀ ਤੇ ਭੱਜਣਾ ਸ਼ੁਰੂ ਕਰ ਦਿੱਤਾ। ਰਜਾਕਾਰਾਂ ਨੇ ਮੋਟਰ ਰੋਕੀ ਅਤੇ ਸਾਰੇ ਦੇ ਸਾਰੇ ਉਸਦੇ ਪਿੱਛੇ ਭੱਜੇ। ਇੱਕ ਖੇਤ ਵਿੱਚ ਉਹਨਾਂ ਨੇ ਲੜਕੀ ਨੂੰ ਫੜ ਲਿਆ। ਦੇਖਿਆ ਤਾਂ ਬਹੁਤ ਖੂਬਸੂਰਤ ਸੀ। ਸੱਜੀ ਗੱਲ ਉੱਤੇ ਬਹੁਤ ਮੋਟਾ ਕਾਲ਼ਾ ਤਿਲ ਸੀ। ਇੱਕ ਮੁੰਡੇ ਨੇ ਉਸਨੂੰ ਕਿਹਾ, “ਘਬਰਾ ਨਾ, ਕੀ ਤੇਰਾ ਨਾਮ ਸਕੀਨਾ ਹੈ?”
ਕੁੜੀ ਦਾ ਰੰਗ ਹੋਰ ਵੀ ਪੀਲ਼ਾ ਪੈ ਗਿਆ। ਉਸਨੇ ਕੋਈ ਜਵਾਬ ਨਹੀਂ ਦਿੱਤਾ। ਪਰ ਜਦੋਂ ਬਾਕੀ ਮੁੰਡਿਆਂ ਨੇ ਉਸਨੂੰ ਦਮ ਦਿਲਾਸਾ ਦਿੱਤਾ ਤਾਂ ਉਸਦੀ ਦਹਿਸ਼ਤ ਦੂਰ ਹੋਈ ਅਤੇ ਉਸਨੇ ਮੰਨ ਲਿਆ ਕਿ ਉਹ ਸਰਾਜੁਦੀਨ ਦੀ ਧੀ ਸਕੀਨਾ ਹੈ।
ਅੱਠ ਰਜਾਕਾਰ ਨੌਜਵਾਨਾਂ ਨੇ ਇਸ ਤਰ੍ਹਾਂ ਸਕੀਨਾ ਦੀ ਦਿਲਜੋਈ ਕੀਤੀ। ਉਸਨੂੰ ਖਾਣਾ ਖੁਆਇਆ, ਦੁੱਧ ਪਿਆਇਆ ਅਤੇ ਲਾਰੀ ਵਿੱਚ ਬਿਠਾ ਦਿੱਤਾ। ਇੱਕ ਨੇ ਆਪਣਾ ਕੋਟ ਲਾਹ ਕੇ ਉਸਨੂੰ ਦੇ ਦਿੱਤਾ, ਕਿਉਂਕਿ ਦੁਪੱਟਾ ਨਾ ਹੋਣ ਕਾਰਨ ਉਹ ਬਹੁਤ ਉਲ਼ਝਣ ਮਹਿਸੂਸ ਕਰ ਰਹੀ ਸੀ ਅਤੇ ਵਾਰ-ਵਾਰ ਆਪਣੀਆਂ ਬਾਹਾਂ ਨਾਲ਼ ਆਪਣੇ ਸੀਨੇ ਨੂੰ ਢਕਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ।
ਕਈ ਦਿਨ ਬੀਤ ਗਏ, ਸਰਾਜੁਦੀਨ ਨੂੰ ਸਕੀਨਾ ਦੀ ਕੋਈ ਖ਼ਬਰ ਨਾ ਮਿਲ਼ੀ। ਉਹ ਦਿਨ ਭਰ ਵੱਖ-ਵੱਖ ਕੈਂਪਾਂ ਅਤੇ ਦਫ਼ਤਰਾਂ ਦੇ ਚੱਕਰ ਕੱਟਦਾ ਰਹਿੰਦਾ, ਪਰ ਕਿਤੋਂ ਵੀ ਉਸਦੀ ਧੀ ਦਾ ਪਤਾ ਨਾ ਚੱਲਿਆ। ਰਾਤ ਨੂੰ ਉਹ ਬਹੁਤ ਦੇਰ ਤੱਕ ਉਨ੍ਹਾਂ ਰਜਾਕਾਰ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗਦਾ ਰਹਿੰਦਾ ਜਿਨ੍ਹਾਂ ਨੇ ਉਸਨੂੰ ਯਕੀਨ ਦਿਵਾਇਆ ਸੀ ਕਿ ਜੇ ਸਕੀਨਾ ਜਿਉਂਦੀ ਹੋਈ ਤਾਂ ਕੁੱਝ ਦਿਨਾਂ ਵਿੱਚ ਉਸਨੂੰ ਲੱਭ ਲਿਆਉਣਗੇ।
ਇੱਕ ਦਿਨ ਸਰਾਜੁਦੀਨ ਨੇ ਕੈਂਪ ਵਿੱਚ ਉਨ੍ਹਾਂ ਰਜਾਕਾਰ ਨੌਜਵਾਨਾਂ ਨੂੰ ਦੇਖਿਆ। ਲਾਰੀ ਵਿੱਚ ਬੈਠੇ ਸਨ। ਸਰਾਜੁਦੀਨ ਭੱਜਿਆ-ਭੱਜਿਆ ਉਨ੍ਹਾਂ ਕੋਲ਼ ਗਿਆ। ਲਾਰੀ ਚੱਲਣ ਹੀ ਵਾਲ਼ੀ ਸੀ ਕਿ ਉਸਨੇ ਪੁੱਛਿਆ — “ਬੇਟਾ ਮੇਰੀ ਸਕੀਨਾ ਦਾ ਪਤਾ ਲੱਗਾ?”
ਸਭ ਨੇ ਇੱਕ ਜਵਾਬ ਹੋਕੇ ਕਿਹਾ, “ਲੱਗ ਜਾਵੇਗਾ, ਲੱਗ ਜਾਵੇਗਾ।” ਅਤੇ ਲਾਰੀ ਅੱਗੇ ਵਧਾ ਦਿੱਤੀ। ਸਰਾਜੁਦੀਨ ਨੇ ਇੱਕ ਵਾਰ ਫੇਰ ਉਨ੍ਹਾਂ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗੀ ਅਤੇ ਉਸਦਾ ਜੀਅ ਕੁੱਝ ਹਲਕਾ ਹੋਣ ਲੱਗਾ।
ਸ਼ਾਮ ਦੇ ਕਰੀਬ ਚਾਰ ਵਜੇ ਕੈਂਪ ਵਿੱਚ ਜਿੱਥੇ ਸਰਾਜੁਦੀਨ ਬੈਠਾ ਸੀ ਉਸਦੇ ਕੋਲ਼ ਹੀ ਕੁੱਝ ਗੜਬੜ ਜਿਹੀ ਹੋਈ। ਚਾਰ ਆਦਮੀ ਕੁੱਝ ਚੁੱਕ ਕੇ ਲਿਆ ਰਹੇ ਸਨ। ਉਸ ਨੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇੱਕ ਕੁੜੀ ਰੇਲਵੇ ਲਾਈਨ ਦੇ ਕੋਲ਼ ਬੇਹੋਸ਼ ਪਈ ਸੀ। ਲੋਕ ਉਸਨੂੰ ਚੁੱਕ ਕੇ ਲਿਆਏ ਹਨ। ਸਰਾਜੁਦੀਨ ਉਨ੍ਹਾਂ ਦੇ ਪਿੱਛੇ ਹੋ ਲਿਆ। ਲੋਕਾਂ ਨੇ ਕੁੜੀ ਨੂੰ ਹਸਪਤਾਲ ਵਾਲ਼ਿਆਂ ਦੇ ਸਪੁਰਦ ਕੀਤਾ ਅਤੇ ਚਲੇ ਗਏ।
ਕੁੱਝ ਦੇਰ ਉਹ ਇੰਝ ਹੀ ਹਸਪਤਾਲ ਦੇ ਬਾਹਰ ਲੱਗੇ ਹੋਏ ਲੱਕੜਾਂ ਦੇ ਖੰਭੇ ਨਾਲ਼ ਲੱਗ ਕੇ ਖੜਾ ਰਿਹਾ। ਫੇਰ ਹੌਲ਼ੀ-ਹੌਲ਼ੀ ਅੰਦਰ ਚਲਾ ਗਿਆ। ਕਮਰੇ ਵਿੱਚ ਕੋਈ ਨਹੀਂ ਸੀ। ਇੱਕ ਸਟਰੈਚਰ ਸੀ, ਜਿਸ ਉੱਤੇ ਇੱਕ ਲਾਸ਼ ਪਈ ਸੀ। ਸਰਾਜੁਦੀਨ ਛੋਟੇ-ਛੋਟੇ ਕਦਮ ਚੁੱਕਦਾ ਹੋਇਆ ਉਸ ਵੱਲ ਵਧਿਆ। ਕਮਰੇ ਵਿੱਚ ਰੌਸ਼ਨੀ ਹੋਈ। ਸਰਾਜੁਦੀਨ ਨੇ ਲਾਸ਼ ਦੇ ਚਿਹਰੇ ਉੱਤੇ ਚਮਕਦਾ ਹੋਇਆ ਤਿਲ ਦੇਖਿਆ ਅਤੇ ਚੀਕਿਆ, “ਸਕੀਨਾ।”
ਸਰਾਜੁਦੀਨ ਦੇ ਹਲ਼ਕ ਵਿੱਚੋਂ ਸਿਰਫ਼ ਇੰਨਾ ਨਿੱਕਲ਼ ਸਕਿਆ, “ਜੀ ਮੈਂ … ਜੀ ਮੈਂ … ਇਸਦਾ ਬਾਪ ਹਾਂ।”
ਡਾਕਟਰ ਨੇ ਸਟਰੈਚਰ ‘ਤੇ ਪਈ ਲਾਸ਼ ਦੀ ਨਬਜ਼ ਦੇਖੀ ਅਤੇ ਸਰਾਜੁਦੀਨ ਨੂੰ ਕਿਹਾ, “ਖਿੜਕੀ ਖੋਲ੍ਹ ਦੋ।”
ਸਕੀਨਾ ਦੇ ਮੁਰਦਾ ਜਿਸਮ ਵਿੱਚ ਹਲਚਲ ਹੋਈ। ਬੇਜਾਨ ਹੱਥਾਂ ਨਾਲ਼ ਉਸਨੇ ਨਾਲ਼ਾ ਖੋਲ੍ਹ ਦਿੱਤਾ ਅਤੇ ਸਲਵਾਰ ਹੇਠਾਂ ਖਿਸਕਾ ਦਿੱਤੀ। ਬੁੱਢਾ ਸਰਾਜੁਦੀਨ ਖ਼ੁਸ਼ੀ ਨਾਲ਼ ਚੀਕਿਆ, “ਜਿਉਂਦੀ ਹੈ — ਮੇਰੀ ਧੀ ਜਿਉਂਦੀ ਹੈ।”
ਡਾਕਟਰ ਸਿਰ ਤੋਂ ਪੈਰ ਤੱਕ ਪਸੀਨੇ ਵਿੱਚ ਗਰਕ ਹੋ ਗਿਆ।