ਅਸਲੀ ਖਿਡਾਰੀ ਉਹ ਨਹੀ ਹੁੰਦਾ ਜੋ ਹਰ ਵਾਰ ਜਿੱਤਦਾ ਹੈ, ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਹਰ ਵਾਰ ਲੜਦਾ ਹੈ।
Sandeep Kaur
ਜ਼ਿੰਦਗੀ ਉਦੋ ਤੱਕ ਜੰਨਤ ਹੁੰਦੀ ਹੈ, ਜਦੋ ਤੱਕ ਮਾਂ-ਬਾਪ ਦਾ ਸਾਇਆ ਸਾਡੇ ਸਿਰ ’ਤੇ ਹੁੰਦਾ ਹੈ।
ਗਰੂਰ ਤਾਂ ਦੁਨੀਆਂ ਕਰੀ ਫਿਰਦੀ ਆ
ਅਸੀਂ ਤਾਂ ਅੱਜ ਵੀ ਨਰਮ ਸੁਭਾਅ ਦੇ ਆਂ
ਮੀਣੇ
ਮੈਂ ਉਦੋਂ ਨਿੱਕਾ ਜਾ ਹੁੰਦਾ ਸੀ ਉਦੋਂ ਕੋਈ ਸਾਡੇ ਪਿੰਡ ਸੁੰਨੀ ਜੀ ਗਾਂ ਛੱਡ ਗਿਆ। ਵਿਚਾਰੀ ਮਰੀਅਲ ਜਿਹੀ ਪਿੰਡੇ ਤੇ ਲਾਸ਼ਾਂ ਪਈਆਂ ਜਿਵੇ ਕਿਸੇ ਨੇ ਬਹੁਤ ਮਾਰੀ ਹੋਵੇ। ਸਾਡੀ ਖੇਲ ਤੇ ਆ ਕੇ ਪਾਣੀ ਪੀਣ ਲੱਗੀ ਮੈਂ ਵੀ ਰੋਕੀ ਨਾ ਮੈਂ ਅੰਦਰੋ ਟੋਕਰੇ ਚ ਹਰਾ ਪਾ ਲਿਆਇਆ ਉਹ ਹੋਲੀ ਹੋਲੀ ਖਾਣ ਲੱਗੀ।ਗਾਂ ਰੋਜ ਆਇਆ ਕਰੇ ਮੈਂ ਹਰਾ ਪਾਇਆ ਕਰਾਂ ਉਹ ਰਾਜੀ ਹੋਣ ਲੱਗ ਗੀ ਮੈਂ ਬਾਪੂ ਨੂੰ ਕਿਹਾ ਵੀ ਇਹਨੂੰ ਘਰੇ ਹੀ ਰੱਖ ਲੈਨੇ ਆ ਉਂਞ ਵੀ ਤਾਂ ਆਪਾਂ ਹੀ ਹਰਾ ਪਾਨੇ ਆ ਬਾਪੂ ਮੰਨ ਗਿਆ ਗਾਂ ਨਵੇ ਦੁੱਧ ਹੋਗੀ ਟੈਮ ਲੰਗਦਾ ਗਿਆ ।ਇੱਕ ਦਿਨ ਬਾਪੂ ਕਹਿੰਦਾ ਅੱਜ ਖੁੰਢ ਤੇ ਨਾ ਜਾਈ ਗਾਂ ਦੇ ਦਿਨ ਪੂਰੇ ਹੋਗੇ ਸੂਣ ਆਲੀ ਆ ਅਗਲੀ ਸਵੇਰ ਗਾਂ ਨੇ ਬਹੁਤ ਸੋਹਣਾ ਵੱਛਾ ਦਿੱਤਾ ਮੈਂ ਉਸਦਾ ਨਾ ਮੀਣਾ ਰੱਖਿਆ ਨਰਮ ਕੂਲੇ ਕੰਨ ਮਲਮਲ ਵਰਗਾ ਪਿੰਡਾ ਸਰੂ ਵਰਗਾ ਕੱਦ ਮੈ ਪਛਾਣ ਲਿਆ ਵੀ ਇਹ ਚੋਬਰ ਵੈੜਕਾ ਬਣੂਗਾ ।ਕੁਝ ਦਿਨਾਂ ਬਾਅਦ ਗਾਂ ਮਰ ਗਈ ,ਮੈਨੂੰ ਬਹੁਤ ਦੁੱਖ ਹੋਇਆ ਮੈਂ ਮੀਣੇ ਨਾਲ ਬਹੁਤ ਲਾਡ ਕਰਦਾ ਉਹਨੂੰ ਬੋਤਲ ਨਾਲ ਦੁੱਧ ਪਿਆਉਦਾ ਉਹ ਵੀ ਮੇਰਾ ਬਿੰਦ ਦਾ ਵਸਾਹ ਨਾ ਕਰਦਾ ਹੋਲੀ ਹੋਲੀ ਉਹ ਵਧੀਆ ਵੈੜਾ ਨਿਕਲ ਆਇਆ ਮੈਂ ਰੋਜ ਉਸ ਨੂੰ ਰੇਹੜੇ ਚ ਜੋੜ ਕੇ ਪੱਠੇ ਲੈਣ ਜਾਂਦਾ ਤੇ ਉਹਨੂੰ ਟਾਹਲੀ ਦੇ ਹੇਠਾ ਬੰਨ ਦਿੰਦਾ ਉਹ ਜਗਾਲੀ ਕਰਦਾ ਅਸੀਂ ਕੱਠੇ ਹੀ ਸਦੀਕ ਸੁਣਦੇ ਮੈਂ ਉਹਦੇ ਨਾਲ ਹਲ ਵਾਹੁੰਦਾ ਇੱਕ ਵਾਰ ਮੈਂ ਵਿਸਾਖੀ ਦੇ ਮੇਲੇ ਤੋ ਉਹਦੇ ਲਈ ਘੁੰਗਰੂ ਲਿਆਇਆ ਜਿਹੜੇ ਉਹਦੇ ਜੋਬਨ ਨੂੰ ਚਾਰ ਚੰਨ ਲਾਉਦੇ ਜੇ ਕੋਈ ਆਖਦਾ ਨਾਜਰਾ ਵੈੜਾ ਵੇਚਣਾ ਮੈਂ ਉਹਨੂੰ ਚੱਕ ਕੇ ਪੈ ਜਾਂਦਾ ।ਲੋਕ ਗੱਲਾਂ ਕਰਦੇ ਵੀ ਪਤੰਦਰ ਵੈੜਾ ਤਾਂ ਨਾਜਰ ਦੈ ਬਈ ਜਮਾਂ ਅੱਗ ਦੀ ਨਾਲ ਅਐ ਪਤੰਦਰ ਜਾਨ ਵਾਰਦੈ ਉਹਦੇ ਤੋਂ।ਦਿਨ ਹੱਸਦੇ ਖੇਡਦੇ ਲੰਘਦੇ ਗਏ । ਭੈਣ ਦਾ ਵਿਆਹ ਪੱਕਾ ਹੋ ਗਿਆ 10 ਦਿਨਾਂ ਨੂੰ ਬਰਾਤ ਸੀ ਮੁੰਡੇ ਆਲਿਆਂ ਨੇ ਐਨ ਮੌਕੇ ਤੇ ਕਹਿ ਤਾਂ ਵੀ ਮੁੰਡਾ ਪੂਰੇ ਪੰਜ ਪੜਿਆ ਉਹ ਤਾਂ ਸੈੰਕਲ ਮੰਗਦੈ ਹੁਣ ਖੜੇ ਪੈਰਾਂ ਤੇ ਕਿੱਥੋਂ ਕਰੀਏ ਹੱਲ ਬਾਣੀਏ ਤੋਂ ਪਹਿਲਾਂ ਹੀ ਮੰਗੇ ਬੈਠੇ ਸੀ ਮਾਂ ਦੇ ਅੱਧੇ ਗਹਿਣੇ ਭੈਣ ਨੂੰ ਪਾਤੇ ਅੱਧੇ ਬਾਣੀਏ ਦੇ ਰੱਖੇ ਪਏ ਆਥਣੇ ਜੇ ਸਾਰਿਆਂ ਨੇ ਸਲਾਹ ਕੀਤੀ ਵੀ ਮੀਣੇ ਨੂੰ ਵੇਚ ਦਿੰਨੇ ਆ ਮੇਰੀ ਜਾਨ ਨਿਕਲਣ ਆਲੀ ਹੋਗੀ।ਪਰ ਹੁਣ ਕਰ ਵੀ ਕਿ ਸਕਦੇ ਆਂ ਅੱਕ ਚੱਬਣਾ ਪਿਆ ਅਗਲੇ ਦਿਨ ਮੀਣਾ ਚਾਲੀ ਰੁਪਏ ਦਾ ਵੇਚ ਤਾ। ਮੇਰੇ ਹੱਥ ਤੇ ਧਰੇ ਪੈਸੇ ਕਲੇਜਾ ਚੀਰਦੇ ਗਏ ।ਮੈਂ ਅਪਣੇ ਹੱਥੀ ਮੀਣੇ ਦਾ ਰੱਸਾ ਖੋਲਿਆ ਉਹੂਨੰ ਹੌਸਲਾ ਤੇ ਥਾਪੀ ਦਿੱਤੀ ਵੀ ਕੋਈ ਨਾ ਬੱਸ ਕਣਕਾਂ ਤੋਂ ਬਾਅਦ ਤੈਨੂੰ ਵਾਪਸ ਲੈ ਆਉਣੈ ।ਮੀਣਾ ਡਿੰਗਦਾ ਹੋਇਆ ਅੱਖਾਂ ਤੋ ਦੂਰ ਹੋ ਗਿਆ ਸਾਰੇ ਟੱਬਰ ਨੂੰ ਚਾਅ ਚੜਿਆ ਪਿਆ ਸੀ ਸਾਰੇ ਵਿਆਹ ਦੇ ਗੀਤ ਗਾਉਣ ਲੱਗ ਪੈ ।ਮੈਂ ਬੇਬੇ ਨੂੰ ਕਹਿ ਗਿਆ ਬੇਬੇ ਰੋਟੀ ਨਾ ਪਕਾਈ ਮੇਰੀ ਮੈਂ ਖੇਤ ਚੱਲਿਆਂ ਉਥੇ ਹੀ ਸੋਊਂਗਾ ।
ਜਾ ਕੇ ਉਸੇ ਟਾਹਲੀ ਹੇਠਾਂ ਬਹਿ ਕੇ ਮੀਣੇ ਨੂੰ ਯਾਦ ਕਰਦਾ ਰਿਹਾ ਉਹਦੀ ਟੱਲੀਆਂ ਹਾਲੇ ਵੀ ਮੇਰੇ ਕੰਨਾਂ ਵਿੱਚ ਵੱਜਦੀਆਂ ਸੀ ਮੇਰਾ ਹੱਥ ਆਪ ਮੁਹਾਰੇ ਉਹਦਾ ਸਿਰ ਪਲੋਸਣ ਨੂੰ ਤਰਸਿਆ ਆਥਣ ਹੋ ਗਿਆ ਮੈ ਵੈਰਾਗ ਨਾਲ ਭਰਿਆ ਪਿਆ ਸੀ ।ਇੰਨੇ ਨੂੰ ਤੇਜੇ ਤਾਏ ਨੇ ਆਪਦਾ ਜੀਟਰ ਮੇਰੇ ਕੋਲ ਹੋਲੀ ਕੀਤਾ ਅਖੇ ਆਜਾ ਭਤੀਜ ਚੱਲੀਏ ਕਵੇਲਾ ਹੋ ਰਿਹੈ ਮੈ ਕਿਹੇ ਬੱਸ ਤਾਇਆ ਮੈਂ ਪਾਣੀ ਲਾਉਗਾਂ ਰਾਤ ਨੂੰ ਤਾਇਆ ਕਹਿੰਦਾ ਚੰਗਾ ਸ਼ੇਰਾ ਉਹਨੇ ਗੀਤ ਲਾ ਕੇ ਡੈਕ ਦੀ ਅਵਾਜ ਚੱਕਤੀ —-ਨਹੀਉਂ ਲੱਭਣੇ ਲਾਲ ਗੁਆਚੇ ਉ ਮਿੱਟੀ ਨਾ ਫਰੋਲ ਜੋਗੀਆ ਮੇਰੀ ਭੁੱਬ ਨਿੱਕਲ ਗੀ ਮੈ ਟਾਹਲੀ ਨੂੰ ਘੁੱਟ ਕੇ ਜੱਫੀ ਪਾ ਲਈ।
ਸੋਨ ਚਿੜੀ ਪੰਜਾਬ
ਨਵੀ ਕਿਤਾਬ
ਮੋਤੀਆਂ ਦੀ ਕੀਮਤ ਤਦ ਤਕ ਹੁੰਦੀ ਹੈ ਜਦ ਤਕ ਉਹ ਧਾਗੇ ’ਚ ਪਰੋਏ ਹੋਣ ਜੇ ਧਾਗਾ ਟੁੱਟ ਜਾਵੇ ਤਾਂ ਮੋਤੀ ਕਿੰਨੇ ਵੀ ਸੋਹਣੇ ਹੋਣ ਕਿਸੇ ਗਲ ਦਾ ਸਿੰਗਾਰ ਨਹੀਂ ਬਣ ਸਕਦੇ
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ ਕਿ ਖੁਸ਼ੀਆਂ ਦਾਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ
ਦੱਸਦੇ ਇੱਕ ਵਾਰ ਤਿੰਨ ਮਹਾ-ਨਲਾਇਕ ਦੋਸਤਾਂ ਨੇ ਆਉਂਦੇ ਸੋਮਵਾਰ ਹੋਣ ਵਾਲੀ ਪ੍ਰੀਖਿਆ ਤੋਂ ਬਚਣ ਲਈ ਇੱਕ ਸਕੀਮ ਬਣਾ ਲਈ!
ਸੋਮਵਾਰ ਸੁਵਖਤੇ ਮੂੰਹ ਹਨੇਰੇ ਸਭ ਤੋਂ ਪਹਿਲਾਂ ਸਕੂਲ ਅੱਪੜ ਗਏ ਤੇ ਬਾਹਰ ਚਰਦੀਆਂ ਤਿੰਨ ਬੱਕਰੀਆਂ ਘੇਰ ਕੇ ਸਕੂਲ ਦੇ ਅਹਾਤੇ ਵਿਚ ਲੈ ਆਏ!
ਪਹਿਲੀ ਬੱਕਰੀ ਤੇ ਸਿਆਹੀ ਨਾਲ ਨੰਬਰ (1) ਲਿਖ ਦਿੱਤਾ..ਦੂਜੀ ਤੇ ਨੰਬਰ (2) ਤੇ ਤੀਜੀ ਤੇ ਨੰਬਰ (3) ਲਿਖਣ ਦੀ ਜਗਾ ਜਾਣ ਬੁਝ ਕੇ ਹੀ ਨੰਬਰ (4) ਲਿਖ ਦਿੱਤਾ!
ਫਿਰ ਤਿੰਨੋਂ ਬੱਕਰੀਆਂ ਸਕੂਲ ਦੀ ਅਹਾਤੇ ਵਿਚ ਚਰਦੀਆਂ ਹੋਈਆਂ ਛੱਡ ਬਾਹਰੋਂ ਗੇਟ ਨੂੰ ਕੁੰਡਾ ਲਾ ਕੇ ਆਪ ਦੌੜ ਗਏ!
ਸਕੀਮ ਇਹ ਸੀ ਕੇ ਜਦੋਂ ਸੁਵੇਰੇ ਸਕੂਲ ਖੁਲੂਗਾ ਤਾਂ ਵਹਿਮੀਂ ਪ੍ਰਿੰਸੀਪਲ ਨੇ ਓਨੀ ਦੇਰ ਪੇਪਰ ਸ਼ੁਰੂ ਹੀ ਨਹੀਂ ਹੋਣ ਦੇਣੇ ਜਿੰਨੀ ਦੇਰ ਤੱਕ ਬੱਕਰੀ ਨੰਬਰ 3 ਲੱਭਦੀ ਨਹੀਂ!
ਅਸਲ ਵਿਚ ਓਹੀ ਗੱਲ ਹੋਈ..
ਸਕੂਲ ਲੱਗਾ ਤੇ ਫੇਰ ਸਾਰਾ ਸਟਾਫ ਅਤੇ ਵਿਦਿਆਰਥੀ ਸੁਵੇਰ ਤੋਂ ਲੈ ਕੇ ਸ਼ਾਮ ਤੱਕ ਬੱਕਰੀ ਨੰਬਰ 3 ਨੂੰ ਲੱਭਦੇ ਰਹੇ!
ਪੂਰੀ ਦਿਹਾੜੀ ਬੱਸ ਇਸੇ ਕੰਮ ਵਿਚ ਲੰਘ ਗਈ..ਨਾ ਪ੍ਰੀਖਿਆ ਹੋਈ ਤੇ ਨਾ ਪੜਾਈ!
ਫੇਰ ਅਗਲਾ ਦਿਨ ਵੀ ਇੰਝ ਹੀ ਨਿੱਕਲ ਗਿਆ..ਕਿੰਨੀਆਂ ਦਿਹਾੜੀਆਂ ਭੰਨਣ ਮਗਰੋਂ ਵੀ ਅਖੀਰ ਨੂੰ ਨਾ ਮਾਇਆ ਮਿਲੀ ਨਾ ਰਾਮ..ਉੱਤੋਂ ਪ੍ਰਿੰਸੀਪਲ ਸਾਬ ਨੂੰ ਸੁਫਨਿਆਂ ਵਿਚ ਵੀ ਬੱਕਰੀ ਨੰਬਰ ਤਿੰਨ ਹੀ ਦਿਸਿਆ ਕਰਦੀ..!
ਆਓ ਇਸ ਵਿਅੰਗ ਨੂੰ ਅਜੋਕੇ ਮਾਹੌਲ ਦੇ ਸੰਧਰਬ ਵਿਚ ਵੇਖੀਏ..
ਅੱਜ ਵੀ ਬਹੁਤੇ ਕਿਸੇ ਐਸੇ ਰੋਜਗਾਰ ਦੀ ਤਲਾਸ਼ ਵਿਚ ਪੂਰੀ ਜਿੰਦਗੀ ਕੱਢ ਦਿੰਦੇ ਨੇ ਜਿਥੇ ਕੰਮ ਘੱਟ ਤੇ ਪੈਸੇ ਮੀਂਹ ਵਾੰਗ ਡਿੱਗਦੇ ਹੋਣ!
ਕਈਆਂ ਨੂੰ ਬਿਨਾ ਕੁਝ ਕੀਤਿਆਂ ਕਰੋੜਾਂ ਦੀ ਲਾਟਰੀ ਦੀ ਉਡੀਕ ਰਹਿੰਦੀ ਹੈ!
ਕਈ ਕਾਰੋਬਾਰ ਵਿਚ ਛੱਪਰ-ਪਾੜ ਮੁਨਾਫ਼ੇ ਉਡੀਕਦੇ ਅੰਤ ਕਬਰਿਸਤਾਨ ਦਾ ਸ਼ਿੰਗਾਰ ਬਣ ਜਾਂਦੇ!
ਕਈ ਐਸੇ ਜੀਵਨ ਸਾਥੀ ਦੀ ਤਲਾਸ਼ ਵਿਚ ਧੌਲਿਓਂ-ਧੌਲੀ ਹੋ ਜਾਂਦੇ ਜਿਹੜਾ ਪੈਸੇ ਅਤੇ ਸਕਲ ਪੱਖੋਂ ਬੱਸ ਸੋਲਾਂ ਕਲਾ ਸੰਪੂਰਨ ਹੋਵੇ!
ਕਈ ਸਾਰੀ ਉਮਰ ਸੋਹਣੇ ਦਿਖਣ-ਦਿਖਾਉਣ ਤੇ ਫੋਕਾ ਟੌਹਰ-ਟੱਪਾ ਬਣਾਉਣ ਦੇ ਚੱਕਰ ਵਿਚ ਅਖੀਰ ਨੰਗ ਹੋ ਜਾਂਦੇ!
ਆਓ ਅੰਤਰ ਝਾਤ ਮਾਰੀਏ..
ਕਿਧਰੇ ਸਾਡੀ ਸੰਖੇਪ ਜਿਹੀ ਜਿੰਦਗੀ ਦੇ ਕਿੰਨੇ ਸਾਰੇ ਸੁਨਹਿਰੀ ਕੀਮਤੀ ਪਲ ਵੀ ਉਸ ਬੱਕਰੀ ਨੰਬਰ (3) ਦੀ ਤਲਾਸ਼ ਵਿਚ ਹਰ ਪਲ ਗੁਆਚਦੇ ਤੇ ਨਹੀਂ ਜਾ ਰਹੇ ਜਿਹੜੀ ਅਸਲ ਵਿਚ ਕਿਧਰੇ ਹੈ ਹੀ ਨਹੀਂ..ਬੱਸ ਕਿਸੇ ਸ਼ਰਾਰਤੀ ਨੇ ਸਾਨੂੰ ਸਾਡੀ ਮੰਜਿਲ-ਏ-ਮਕਸੂਸ ਤੋਂ ਭਟਕਾਉਣ ਲਈ ਉਸਦਾ ਖਿਆਲੀ ਜਿਹਾ ਵਜੂਦ ਸਾਡੇ ਦਿਮਾਗਾਂ ਵਿਚ ਜਬਰਦਸਤੀ ਘੁਸੇੜ ਦਿੱਤਾ ਹੋਵੇ!
ਹਰਪ੍ਰੀਤ ਸਿੰਘ ਜਵੰਦਾ
ਇੱਕ ਸ਼ੇਰ ਪਿੰਜਰੇ ਵਿੱਚ ਬੰਦ ਸੀ। ਜਿਹੜਾ ਵੀ ਰਾਹਗੀਰ ਉੱਧਰੋਂ ਲੰਘਦਾ, ਉਸਨੂੰ ਉਹ ਬਹੁਤ ਫ਼ਰਿਆਦ ਕਰਦਾ ਅਤੇ ਪਿੰਜਰੇ ਦੀ ਕੁੰਡੀ ਖੋਲ੍ਹਣ ਲਈ ਕਹਿੰਦਾ। ਉਸਦੀ ਫ਼ਰਿਆਦ ਸੁਣਕੇ ਬਾਲ ਉਸ ‘ਤੇ ਤਰਸ ਕਰਦੇ, ਪਰ ਕਿਸੇ ਦੀ ਵੀ ਕੁੰਡੀ ਖੋਲ੍ਹਣ ਦੀ ਹਿੰਮਤ ਨਾ ਪੈਂਦੀ।
ਇੱਕ ਦਿਨ ਇੱਕ ਬਹੁਤ ਹੀ ਸਿੱਧਾ ਅਤੇ ਸ਼ਰੀਫ ਆਦਮੀ ਜਿਹੜਾ ਕਿ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦਾ ਸੀ, ਉੱਧਰੋਂ ਲੰਘਿਆ। ਸ਼ੇਰ ਨੇ ਉਸਨੂੰ ਫ਼ਰਿਆਦ ਕਰਦਿਆਂ ਕਿਹਾ, ‘ਕਿਰਪਾ ਕਰਕੇ ਪਿੰਜਰਾ ਖੋਲ੍ਹ ਦਿਓ। ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਾਂਗਾ।’
ਉਸ ਆਦਮੀ ਨੇ ਸ਼ੇਰ ‘ਤੇ ਤਰਸ ਕਰਕੇ ਪਿੰਜਰਾ ਖੋਲ੍ਹ ਦਿੱਤਾ। ਜਿਵੇਂ ਹੀ ਪਿੰਜਰਾ ਖੁੱਲ੍ਹਾ ਅਤੇ ਸ਼ੇਰ ਨੇ ਪਿੰਜਰੇ ਵਿੱਚੋਂ ਬਾਹਰ ਆ ਕੇ ਕਿਹਾ, ‘ਹੁਣ ਮੈਂ ਤੈਨੂੰ ਖਾਵਾਂਗਾ।’
ਉਹ ਆਦਮੀ ਬੋਲਿਆ, ‘ਮੈਂ ਅਜਿਹੀ ਗੱਲ ਕਦੇ ਨਹੀਂ ਸੁਣੀ ਕਿ ਉਪਕਾਰ ਕਰਨ ਵਾਲੇ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ?’
ਸ਼ੇਰ ਨੇ ਕਿਹਾ, ‘ਇਹ ਤਾਂ ਕੁਦਰਤ ਦਾ ਨਿਯਮ ਹੈ। ਪਹਿਲਾਂ ਉਪਕਾਰ ਕਰਨ ਵਾਲੇ ਆਦਮੀ ਨੂੰ ਹੀ ਦੰਡ ਭੁਗਤਣਾ ਪੈਂਦਾ ਹੈ।’
ਆਦਮੀ ਬੋਲਿਆ, ‘ਇਸ ਗੱਲ ਦਾ ਫ਼ੈਸਲਾ ਅਸੀਂ ਤਿੰਨ ਗਵਾਹਾਂ ‘ਤੇ ਛੱਡ ਦਿੰਦੇ ਹਾਂ। ਜੇ ਉਨ੍ਹਾਂ ਦੀ ਵੀ ਇਹੋ ਰਾਇ ਹੋਈ ਤਾਂ ਤੂੰ ਮੈਨੂੰ ਬੇਸ਼ੱਕ ਖਾ ਲਈਂ।’
ਸ਼ੇਰ ਨੇ ਕਿਹਾ, ‘ਠੀਕ ਹੈ! ਤੂੰ ਮੈਨੂੰ ਆਪਣੇ ਤਿੰਨ ਗਵਾਹਾਂ ਕੋਲ ਲੈ ਚੱਲ।’
ਉਹ ਆਦਮੀ ਸਭ ਤੋਂ ਪਹਿਲਾਂ ਸ਼ੇਰ ਨੂੰ ਇੱਕ ਟਟੀਹਰੀ ਕੋਲ ਲੈ ਗਿਆ ਅਤੇ ਉਸਨੂੰ ਪੁੱਛਿਆ ਕਿ ਕਿਸੇ ਉਪਕਾਰ ਕਰਨ ਵਾਲੇ ਨੂੰ ਭਲਾ ਕਰਨ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ ਇਨਾਮ ਦੇਣਾ ਚਾਹੀਦਾ ਹੈ?’
ਟਟੀਹਰੀ ਨੇ ਕਿਹਾ, ‘ਮੈਂ ਤਾਂ ਕਿਸਾਨਾਂ ਦੇ ਖੇਤਾਂ ਦੀ ਰਾਖੀ ਕਰਦੀ ਹਾਂ, ਪਰ ਕਿਸਾਨ ਫਿਰ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਮੇਰਾ ਵਿਚਾਰ ਹੈ ਕਿ ਉਪਕਾਰ ਕਰਨ ਵਾਲੇ ਆਦਮੀ ਦਾ ਕਦੇ ਭਲਾ ਨਹੀਂ ਕਰਨਾ ਚਾਹੀਦਾ।’
ਇਸਤੋਂ ਬਾਅਦ ਉਹ ਆਦਮੀ ਸ਼ੇਰ ਨੂੰ ਇੱਕ ਬੋਹੜ ਦੇ ਦਰੱਖਤ ਕੋਲ ਲੈ ਗਿਆ ਅਤੇ ਕਿਹਾ, ‘ਇਹ ਮੇਰਾ ਦੂਜਾ ਗਵਾਹ ਹੈ।’ ਬੋਹੜ ਨੂੰ ਵੀ ਉਹ ਹੀ ਸਵਾਲ ਪੁੱਛਿਆ ਗਿਆ।
ਬੋਹੜ ਬੋਲਿਆ, ਬਾਲ ਮੇਰੀ ਛਾਂ ਹੇਠ ਬੈਠਦੇ ਹਨ, ਪਰ ਮੇਰੇ ਪੱਤੇ ਤੋੜ ਲੈਂਦੇ ਹਨ ਅਤੇ ਮੇਰਾ ਦੁੱਧ ਵੀ ਕੱਢ ਲੈਂਦੇ ਹਨ। ਇਸ ਲਈ ਕਿਸੇ ਨੂੰ ਵੀ ਉਪਕਾਰ ਕਰਨ ਵਾਲੇ ਆਦਮੀ ਦਾ ਭਲਾ ਨਹੀਂ ਕਰਨਾ ਚਾਹੀਦਾ।’
ਉਸੇ ਵੇਲੇ ਉੱਥੇ ਬਘਿਆੜ ਆ ਗਿਆ। ਉਹ ਬਹੁਤ ਚਾਲਾਕ ਸੀ। ਉਸਨੇ ਕਿਹਾ, ਮੇਰੀ ਸਮਝ ਵਿੱਚ ਇਹ ਨਹੀਂ ਆ ਰਿਹਾ ਕਿ ਅਸਲ ਵਿੱਚ ਹੋਇਆ ਕੀ ਹੈ? ਸ਼ੇਰ ਇਸ ਰਸਤੇ ਆ ਰਿਹਾ ਸੀ ਅਤੇ ਇਹ ਆਦਮੀ ਪਿੰਜਰੇ ਵਿੱਚ ਬੰਦ ਸੀ ਜਾਂ ਆਦਮੀ ਇਸ ਰਸਤੇ ਆ ਰਿਹਾ ਸੀ ਅਤੇ ਸ਼ੇਰ ਪਿੰਜਰੇ ਵਿੱਚ ਬੰਦ ਸੀ।’
ਸ਼ੇਰ ਨੇ ਬਘਿਆੜ ਨੂੰ ਅਸਲ ਗੱਲ ਸਮਝਾਉਣੀ ਚਾਹੀ ਅਤੇ ਬੋਲਿਆ, ‘ਮੈਂ ਇਸ ਪਿੰਜਰੇ ਵਿੱਚ ਇਉਂ ਬੰਦ ਸੀ।’ ਕਹਿੰਦਾ ਹੋਇਆ ਸ਼ੇਰ ਮੁੜ ਉਸ ਪਿੰਜਰੇ ਵਿੱਚ ਵੜ ਗਿਆ ਤੇ ਚਾਲਾਕ ਬਘਿਆੜ ਨੇ ਤੁਰੰਤ ਬਾਹਰੋਂ ਪਿੰਜਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਆਦਮੀ ਵੱਲ ਵੇਖ ਕੇ ਬੋਲਿਆ, ‘ਕਿਸੇ ਧੋਖੇਬਾਜ਼ ‘ਤੇ ਕਦੇ ਵਿਸ਼ਵਾਸ ਨਾ ਕਰੋ। ਜਾਓ, ਰਾਜ ਮਹਿਲ ਵਿੱਚ ਤੁਹਾਡੀ ਉਡੀਕ ਹੋ ਰਹੀ ਹੋਵੇਗੀ।’
ਉਹ ਆਦਮੀ ਆਪਣੀ ਜਾਨ ਬਚਾਉਣ ਲਈ ਬਘਿਆੜ ਦਾ ਧੰਨਵਾਦ ਕਰਕੇ ਰਾਜ ਮਹਿਲ ਵੱਲ ਚਲਾ ਗਿਆ।
-(ਰਾਜਕੁਮਾਰ ਸਕੋਲੀਆ)
“ਛੋਲੀਆ ਕੀ ਭਾਅ ਲਾਇਆ ਹੈ।”
“ਚਾਲੀ ਰੁਪਏ ਪਾਈਆ।”
“ਪੰਜਾਹ ਦਾ ਦੇ ਦਿਓਂ।” ਤੇ ਮੈਂ ਪੰਜਾਹ ਦਾ ਨੋਟ ਪਕੜਾ ਦਿੱਤਾ।
ਉਸਨੇ ਛੋਲੀਆ ਤੋਲ ਦਿੱਤਾ।
ਪਰ ਨੋਟ ਪਕੜ ਕੇ ਨਾਲ ਦਿਆਂ ਕੋਲੋਂ ਸ਼ਾਇਦ ਪੈਸੇ ਖੁੱਲ੍ਹੇ ਲੈਣ ਚਲੀ ਗਈ।
“ਖੁੱਲ੍ਹੇ ਪੈਸੇ ਕਿਓੰ?”
“ਤੁਸੀਂ ਮੈਨੂੰ ਸੋ ਦਾ ਨੋਟ ਦਿੱਤਾ ਹੈ ਤੇਂ ਤੁਹਾਨੂੰ ਅੱਸੀ ਮੋੜਨੇ ਹਨ।” ਉਸ ਨੇ ਕਿਹਾ।
“ਅੱਸੀ ਕਿਓੰ?” ਮੈਂ ਪੁੱਛਿਆ।
“ਵੀਹ ਦਾ ਛੋਲੂਆ ਦਿੱਤਾ ਹੈ ਨਾ ਤੁਹਾਨੂੰ।” ਉਸਨੇ ਸਪਸ਼ਟੀਕਰਨ ਦਿੱਤਾ।
“ਉਹ ਹੋ। ਮੈਂ ਤਾਂ ਤੁਹਾਨੂੰ ਪੰਜਾਹ ਦਾ ਨੋਟ ਹੀ ਦਿੱਤਾ ਹੈ। ਤੇ ਪੰਜਾਹ ਦਾ ਛੋਲੂਆ ਹੀ ਮੰਗਿਆ ਹੈ।”
“ਪੁੱਤ ਨਾ ਸੁਣਦਾ ਹੈ ਮੈਨੂੰ ਤੇ ਨਾ ਦਿਖਦਾ ਹੈ।” ਕਹਿ ਕੇ ਮੇਰਾ ਪੰਜਾਹ ਦਾ ਛੋਲੂਆ ਪੂਰਾ ਕਰ ਦਿੱਤਾ। ਓਹਨਾ ਦੋਹਾਂ ਜੀਆਂ ਦੀ ਉਮਰ ਠੰਡ ਵਿਚ ਕੰਧ ਨਾਲ ਬੈਠਕੇ ਛੋਲੂਆ ਵੇਚਣ ਦੀ ਨਹੀਂ। ਪਰ ਪਾਪੀ ਪੇਟ ਜੋ ਹੈ।
ਫੋਟੋ ਖਿੱਚਣ ਦੇ ਵਕਤ ਇਹ ਬੇਬੇ ਬਾਪੂ ਡੱਬਵਾਲੀ ਰੇਲਵੇ ਫਾਟਕ ਕੋਲ ਕੰਧ ਨਾਲ PNB ਦੇ ਸਾਹਮਣੇ ਬੈਠੇ ਸਨ।
ਪੁਰਾਣੇ ਸਮੇਂ ਦੀ ਗੱਲ ਹੈ । ਇੱਕ ਗਿੱਦੜ ਘੁੰਮਦਾ ਹੋਇਆ ਸ਼ਹਿਰ ਵਿੱਚ ਆ ਵੜਿਆ। ਉੱਥੇ ਉਸ ਨੂੰ ਘੁੰਮਦੇ ਨੂੰ ਦੇਖ ਕੇ ਸ਼ਹਿਰ ਦੇ ਕੁੱਤੇ ਭੌਂਕਣ ਲੱਗੇ ਅਤੇ ਉਸ ਦੇ ਮਗਰ ਦੌੜ ਪਏ। ਦੌੜਦਾ ਹੋਇਆ ਗਿੱਦੜ ਲਲਾਰੀ ਦੇ ਰੰਗ ਵਾਲੇ ਮੱਟ ਵਿੱਚ ਡਿੱਗ ਪਿਆ। ਜਦੋਂ ਗਿੱਦੜ ਮੱਟ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦਾ ਸਰੀਰ ਰੰਗ ਚੜ੍ਹਨ ਨਾਲ ਨੀਲਾ ਹੋ ਗਿਆ ਸੀ।
ਉਹ ਦੌੜਦਾ-ਦੌੜਦਾ ਜੰਗਲ ਵਿੱਚ ਚਲਾ ਗਿਆ। ਜੰਗਲ ਵਿੱਚ ਪਹੁੰਚ ਕੇ ਗਿੱਦੜ ਨੇ ਜੰਗਲ ਦੇ ਜੀਵ-ਜੰਤੂਆਂ ਅਤੇ ਪੰਛੀਆਂ ਦਾ ਇਕੱਠ ਸੱਦਿਆ। ਜੰਗਲ ਦੇ ਵਾਸੀਆਂ ਨੂੰ ਸੰਬੋਧਨ ਹੁੰਦਾ ਉਹ ਆਖਣ ਲੱਗਾ, ‘‘ਜੰਗਲ ਵਾਸੀਓ, ਮੈਂ ਰੱਬੀ ਫਰਿਸ਼ਤਾ ਹਾਂ, ਮੈਨੂੰ ਰੱਬ ਨੇ ਤੁਹਾਡੀ ਸੇਵਾ ਲਈ ਭੇਜਿਆ ਹੈ। ਇਸ ਲਈ ਅੱਜ ਤੋਂ ਮੈਂ ਤੁਹਾਡਾ ਰਾਜਾ ਹੋਵਾਂਗਾ।’’ ਜੰਗਲ ਦੇ ਸਭ ਵਾਸੀਆਂ ਨੇ ਉਸ ਨੂੰ ਆਪਣਾ ਰਾਜਾ ਮੰਨ ਲਿਆ ਸੀ।
ਦਿਨ ਲੰਘਦੇ ਗਏ, ਗਿੱਦੜ ਝੂਠ ਬੋਲ ਕੇ ਜੰਗਲ ਦਾ ਰਾਜਾ ਬਣ ਗਿਆ ਸੀ। ਇਸ ਤਰ੍ਹਾਂ ਝੂਠ ਅਤੇ ਚਲਾਕੀ ਨਾਲ ਉਹ ਆਪਣਾ ਰਾਜ-ਪ੍ਰਬੰਧ ਚਲਾਉਣ ਲੱਗਾ। ਇੱਕ ਦਿਨ ਉਹ ਆਪਣੇ ਅੰਗ-ਰੱਖਿਅਕਾਂ ਅਤੇ ਸਲਾਹਕਾਰਾਂ ਨਾਲ ਕਿਧਰੇ ਜਾ ਰਿਹਾ ਸੀ ਕਿ ਉਸ ਦੇ ਕੰਨੀਂ ਗਿੱਦੜਾਂ ਦੇ ਹੁਆਂਕਣ ਦੀ ਆਵਾਜ਼ ਪਈ। ਉਸ ਤੋਂ ਰਿਹਾ ਨਾ ਗਿਆ, ਉਹ ਵੀ ਉਨ੍ਹਾਂ ਦੀ ਰੀਸੇ ਉੱਚੀ-ਉੱਚੀ ਹੁਆਂਕਣ ਲੱਗ ਪਿਆ। ਅੰਗ ਰੱਖਿਅਕਾਂ ਜਿਨ੍ਹਾਂ ਵਿੱਚ ਚੀਤਾ ਅਤੇ ਬਘਿਆੜ ਵੀ ਸੀ, ਨੂੰ ਗਿੱਦੜ ਦੇ ਝੂਠ ਅਤੇ ਚਲਾਕੀ ’ਤੇ ਬਹੁਤ ਗੁੱਸਾ ਆ ਗਿਆ ਕਿ ਕਿਸ ਤਰ੍ਹਾਂ ਉਹ ਝੂਠ ਬੋਲ ਕੇ ਉਨ੍ਹਾਂ ਦਾ ਰਾਜਾ ਬਣ ਗਿਆ ਸੀ। ਉਨ੍ਹਾਂ ਨੇ ਝਪਟ ਕੇ ਗਿੱਦੜ ਨੂੰ ਮਾਰ ਦਿੱਤਾ।
ਬੱਚਿਓ, ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਤੇ ਸਦਾ ਸੱਚ ਬੋਲਣਾ ਚਾਹੀਦਾ ਹੈ।
ਬਾਬਾ ਨਾਨਕ ਮੇਹਰ ਕਰੂਗਾ
ਡਟਿਆ ਰਹਿ ਤੂੰ ਜੱਟਾ ੳਏ
ਫਰਕ
ਢਾਬੇ ਤੇ ਬੈਠੇ 3 ਦੋਸਤਾ ਨੇ ਖਾਣਾ ਆਰਡਰ ਕੀਤਾ । ਵੇਟਰ ਖਾਣਾ ਦੇ ਗਿਆ । ਖਾਂਦੇ – ਖਾਂਦੇ ਇੱਕ ਦੋਸਤ ਹੱਥੋ ਰੋਟੀ ਖਾਣ ਵੇਲੇ ਮੇਜ ਉੱਪਰ ਡਿੱਗ ਗਈ । ਉਸਨੇ ਰੋਟੀ ਚੁੱਕੀ ਤੇ ਲਾਗਲੇ ਕੂੜੇਦਾਨ ਵਿੱਚ ਸੁੱਟ ਦਿੱਤੀ । ਦੂਜਾ ਦੋਸਤ ਉੱਠਿਆ ਉਸਨੇ ਰੋਟੀ ਕੂੜੇਦਾਨ ਵਿੱਚੋ ਕੱਢੀ ਤੇ ਉਹਨਾਂ ਦੇ ਮੇਜ ਤੋਂ ਥੋੜੀ ਦੂਰ ਬੈਠੇ ਕਤੂਰਿਆਂ ਨੂੰ ਪਾ ਦਿੱਤੀ । ਕਤੂਰੇ ਰੋਟੀ ਖਾਣ ਲੱਗੇ ਅਤੇ ਨਾਲ-ਨਾਲ ਪੂਛਾਂ ਹਲਾ ਰਹੇ ਸੀ ।
ਰੋਟੀ ਸੁੱਟਣ ਵਾਲੇ ਦੀਆਂ ਨਜਰਾਂ ਜਦ ਰੋਟੀ ਚੁੱਕਣ ਵਾਲੇ ਨਾਲ ਮਿਲੀਆਂ ਤਾਂ ਉਸਦੇ ਚਿਹਰੇ ਉੱਪਰ ਵੀ ਮੁਸਕਾਨ ਸੀ ।
ਜਗਮੀਤ ਸਿੰਘ ਹਠੂਰ