ਮੈਂ ਜਮਾਤ ਵਿੱਚ ਪੜ੍ਹਾਉਂਦੇ ਪੜ੍ਹਾਉਂਦੇ ਇੱਕ ਕਹਾਣੀ ਸ਼ੁਰੂ ਕਰ ਲਈ।ਬੱਚੇ ਬੜੇ ਧਿਆਨ ਨਾਲ਼ ਕਹਾਣੀ ਸੁਣ ਰਹੇ ਸਨ।ਅਚਾਨਕ ਵਿਭਾਗ ਦੇ ਇੱਕ ਉੱਚ-ਅਧਿਕਾਰੀ ਜਮਾਤ ਵਿੱਚ ਆ ਗਏ।”ਮੈਡਮ ! ਕੀ ਪੜ੍ਹਾ ਰਹੇ ਹੋ ਤੁਸੀਂ ?” ਉਸਨੇ ਪੁੱਛਿਆ। “ਕਹਾਣੀ ਸੁਣਾ ਰਹੀ ਸੀ ਇਹਨਾਂ ਨੂੰ” ਮੈਂ ਕਿਹਾ। “ਅੱਛਾ ਤਾਂ ਤੁਸੀਂ ਪੰਜਾਬੀ ਦੇ ਅਧਿਆਪਕ ਹੋ ?” ਉਸਨੇ ਕਿਹਾ।”ਨਹੀਂ ਸਰ,ਇਹ ਤਾਂ ਸਾਇੰਸ ਦਾ ਪੀਰੀਅਡ ਹੈ।” ਮੈਂ ਜਵਾਬ ਦਿੱਤਾ। “ਮੈਡਮ ! ਇਹ ਤਾਂ ਬਹੁਤ ਗਲਤ ਕਰ ਰਹੇ ਹੋ ਤੁਸੀਂ।ਸਾਇੰਸ ਪੜ੍ਹਾਉਣ ਦੀ ਥਾਂ ਕਹਾਣੀਆਂ ਸੁਣਾ ਰਹੇ ਹੋ।” ਉਹ ਥੋੜ੍ਹਾ ਗੁੱਸੇ ਨਾਲ਼ ਬੋਲੇ। “ਸਰ ਤੁਸੀਂ ਪਹਿਲਾਂ ਮੇਰੀ ਜਮਾਤ ਦੇ ਬੱਚਿਆਂ ਨੂੰ ਮਿਲ਼ੋ।ਫ਼ੇਰ ਠੀਕ ਗਲਤ ਦਾ ਫ਼ੈਸਲਾ ਕਰਨਾ।”ਮੈਂ ਕਿਹਾ।”ਆਓ ਸਰ,ਮਿਲੋ ਮੇਰੀ ਕਲਾਸ ਨੂੰ।ਇਹ ਪਿਆਰਾ ਜਿਹਾ ਬੱਚਾ ਨੂਰ ਹੈ।ਇਸਦੀ ਮਾਂ ਇੱਕ ਸਾਲ ਪਹਿਲਾਂ ਗੁਜ਼ਰ ਗਈ ਸੀ।ਆਹ ਚਲਾਕ ਜਿਹਾ ਦਿਸਣ ਵਾਲਾ਼ ‘ਕਰਨ’ ਹੈ।ਇਸਦੇ ਮਾਂ ਬਾਪ ਦੋਵੇਂ ਹੀ ਇਸਨੂੰ ਛੱਡ ਗਏ। ਬੁੱਢੇ ਨਾਨੇ ਕੋਲ਼ ਰਹਿੰਦਾ ਹੁਣ।ਪਤਾ ਨਹੀਂ ਮਾਮੀ ਰੋਟੀ ਨਾਲ਼ ਕਿੰਨੀਆਂ ਕੁ ਗਾਲ਼ਾਂ ਪਰੋਸਦੀ ਹੋਣੀ।ਆਹ ‘ਖ਼ੁਸ਼ੀ’ ਬੈਠੀ ਏ।ਇਹਦਾ ਪਿਓ ਨਸ਼ਿਆਂ ਦੀ ਭੇਟ ਚੜ੍ਹ ਗਿਆ।ਤੇ ਆਹ ‘ਦੀਪੂ’ ਨਿਆਣੀ ਉਮਰੇ ਸ਼ੂਗਰ ਦਾ ਰੋਗੀ ਏ।ਆਹ ਜਿਹੜਾ ‘ਹਰੀ’ ਮਰੀਅਲ ਜਿਹਾ,ਇਹਦੀ ਬਚਪਨ ਤੋਂ ਸੱਜੀ ਬਾਂਹ ਕੰਮ ਨਹੀਂ ਕਰਦੀ।ਇਹ ਸਾਰੇ ਤੰਗੀਆਂ ਤੁਰਸ਼ੀਆਂ ਦੇ ਮਾਰੇ ਨੇ।ਮੈਂ ਤਾਂ ਬਸ ਕਦੇ ਕਦੇ ਇਹਨਾਂ ਦੇ ਚਿਹਰਿਆਂ ਤੇ ਹਾਸਾ ਦੇਖ ਕੇ ਖੁਸ਼ ਹੋ ਲੈਂਦੀ ਹਾਂ।ਕਹਾਣੀਆਂ ਰਾਹੀਂ ਇਹਨਾਂ ਦੇ ਦਿਲਾਂ ਵਿੱਚ ‘ਸੁਪਨੇ’ ਜਗਾਉਣ ਦੀ ਕੋਸ਼ਿਸ਼ ਕਰਦੀ ਹਾਂ। ਕੀ ਪਤਾ ਇਹਨਾਂ ਦਾ ‘ਕੱਲ੍ਹ’ ਹੀ ਸੁਧਰ ਜਾਵੇ।” ਮੈਂ ਕਿਹਾ। ” ਤੁਸੀਂ ਠੀਕ ਕਹਿੰਦੇ ਹੋ ਮੈਡਮ ! ਸੱਚਮੁੱਚ ਇਹਨਾਂ ਲਈ ਜ਼ਿੰਦਗੀ ਹੁਣੇ ਤੋਂ ‘ਯੁੱਧ’ ਵਾਂਗ ਹੈ।ਤੁਸੀਂ ਇਹਨਾਂ ਨੂੰ ਲੜਨਾ ਸਿਖਾਉਂਦੇ ਰਹੋ।” ਏਨਾ ਕਹਿ ਕੇ ਉਹ ਚਲੇ ਗਏ।
ਰਮਨਦੀਪ ਕੌਰ ਵਿਰਕ
admin
“ਸਤਿ ਸ੍ਰੀ ਅਕਾਲ …ਬੱਲਿਆ ,” ਦੁਕਾਨ ‘ਤੇ ਬੈਠੇ ਨੂੰ ਇਕ ਬਜੁਰਗ ਨੇ ਗੱਜ ਕੇ ਫਤਿਹ ਬੁਲਾਈ।
ਚਿੱਟਾ ਕੁੜਤਾ ਤੇ ਚਾਦਰਾ ਲਾਈ ਕਾਲੇ ਰੰਗ ਦੀ ਪੱਗ ਬੰਨ੍ਹੀ ਉਹ ਸਰਦਾਰ ਬਜੁਰਗ ਕਿਸੇ ਚੰਗੇ ਘਰ ਦਾ ਲੱਗ ਰਿਹਾ ਸੀ।ਸਾਡੇ ਕੋਲ ਅਕਸਰ ਅਜਿਹੇ ਗ੍ਰਾਹਕ ਆਉਂਦੇ ਰਹਿੰਦੇ ਹਨ ਇਸ ਲਈ ਕੁਝ ਓਪਰਾ ਨਹੀਂ ਲੱਗਿਆ।
‘ਸਤਿ ਸ੍ਰੀ ਅਕਾਲ ਜੀ…ਕਹਿ ਮੈਂ ਦੂਜੇ ਗ੍ਰਾਹਕ ਦੀ ਗੱਲ ਸੁਣਨ ਲੱਗ ਪਿਆ।
“ਬਈ ਲੱਗਦਾ ਪਹਿਚਾਣਿਆ ਨਹੀਂ ?”ਚਿਹਰੇ ‘ਤੇ ਹਲਕੀ ਜਿਹੀ ਮੁਸਕਰਾਹਟ ਲਿਆਉਂਦਿਆਂ ਉਸ ਕਿਹਾ।
ਉਸਦੇ ਚਿਹਰੇ ਨਾਲ ਮਿਲਦੇ-ਜੁਲਦੇ ਲੋਕਾਂ ਨਾਲ ਬੀਤੇ ਸਮੇਂ ‘ਤੇ ਇਕ ਨਜ਼ਰ ਦੌੜਾਈ ਤਾਂ ਇਕ ਘਟਨਾ ਜੋ ਯਾਦ ਆਈ…ਦੋ ਕੁ ਸਾਲ ਪਹਿਲਾਂ ਪੋਹ ਮਾਘ ਦੀ ਨਿੱਘੀ ਜਿਹੀ ਧੁੱਪ ਚੁਫੇਰੇ ਫੈਲੀ ਹੋਈ ਸੀ..ਇਕ ਬਜੁਰਗ ਮੰਗਣ ਦੇ ਲਹਿਜੇ ਨਾਲ ਦੁਕਾਨ ‘ਤੇ ਆਇਆ। ਥੌੜਾ ਹੈਰਾਨ ਜਿਹਾ ਹੋਇਆ…ਕਿਉਂਕਿ ਇਸਦੇ ਦੋ ਕਾਰਣ ਸਨ,ਪਹਿਲਾ ਤਾਂ ਦੇਖਣ ਤੋਂ ਮੰਗਤਾ ਨਹੀਂ ਲੱਗ ਰਿਹਾ ਸੀ ਦੂਜਾ ਕਾਰਣ ਬੜਾ ਅਹਿਮ ਸੀ ਕਿ ਉਹ ਸਰਦਾਰ ਸੀ। ਪੁੱਛਣ ‘ਤੇ ਉਸ ਦੱਸਿਆ ਕਿ ਕੋਈ ਕੰਮ ਨਹੀਂ ਮਿਲਦਾ ਇਸ ਲਈ ਮੰਗਦਾ ਹਾਂ।
“ਬਾਬਾ ਸੌ ਦੁਕਾਨ ‘ਤੇ ਜਾਵੇਂਗਾ ਤਾਂ ਸੌ ਰੁਪਏ ‘ਕੱਠੇ ਹੋਣਗੇ…ਕਿੰਨਾ ਫਿਰਨਾ ਪਊ.. ਕੀ ਕੁਝ ਸੁਣਨਾ ਪਊ…ਕੰਮ ਕਰੇਂਗਾ ਤਾਂ ਮੈਂ ਸੌ ਰੁਪਈਆ ਹੁਣੇ ਦੇ ਦੇਵਾਂਗਾ…..ਬੋਲ ਕਰੇਂਗਾ?”
ਕੰਮ ਤਾਂ ਉਸ ਵੇਲੇ ਕੋਈ ਖਾਸ ਨਹੀਂ ਸੀ ਮੇਰੇ ਕੋਲ ਪਰ ਫਿਰ ਵੀ ਉਸ ਨਿਰਾਸ਼ ਬਜੁਰਗ ਨੂੰ ਆਸ ਦੀ ਇਕ ਕਿਰਨ ਦਿਖਾਉਣ ਲਈ ਦੁਕਾਨ ‘ਤੇ ਪਏ ਲੂਣ ਨੂੰ ਕੁੱਟਣ ਲਈ ਕਿਹਾ ਜਿਸਨੂੰ ਬਾਅਦ ਵਿੱਚ ਚੱਕੀ ‘ਚ ਪੀਸ ਕੇ ਬਰੀਕ ਕੀਤਾ ਜਾਂਦਾ ਹੈ। ਉਸਦੇ ਹਾਂ ਕਰਨ ‘ਤੇ ਬਾਹਰ ਧੁੱਪੇ ਹੀ ਪੱਲੀ ਵਿਛਾ ਨਮਕ ਦੇ ਡਲੇ ਉਸ ਅੱਗੇ ਰੱਖ ਦਿੱਤੇ।ਬਜੁਰਗ ਨੇ ਚੁੱਪਚਾਪ ਅੱਧੇ-ਪੌਣੇ ਘੰਟੇ ਵਿਚ ਕੰਮ ਕੀਤਾ ਤੇ ਪੈਸੇ ਲੈ ਕੇ ਚਲਾ ਗਿਆ। ਮੈਨੂੰ ਅੱਜ ਵਾਲੇ ਸਰਦਾਰ ਦੀ ਸ਼ਕਲ ਉਸ ਨਾਲ ਮਿਲਦੀ ਹੋਈ ਜਾਪੀ। ਅਜੇ ਸੋਚ ਹੀ ਰਿਹਾ ਸੀ ਕਿ ਮੇਰੀ ਸੋਚਾਂ ਦੀ ਲੜੀ ਤੋੜਦਿਆਂ ਬਜੁਰਗ ਨੇ ਕਿਹਾ,” ਮੈਂ ੳਹੀ ਹਾਂ….ਜੋ ਤੇਰਾ ਲੂਣ ਕੁੱਟ ਕੇ ਗਿਆਂ ਸਾਂ।ਏਥੋਂ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਤੇਰੀ ਗੱਲ ਸਹੀ ਸੀ ਕਿ ਸਰਦਾਰ ਭੀਖ ਨਹੀਂ ਮੰਗਦੇ ਚੰਗੇ ਲੱਗਦੇ ਨਾਲੇ ਬਾਬੇ ਨਾਨਕ ਦਾ ਸਿੱਖ ਤਾਂ ਕਿਰਤੀ ਸਿੱਖ ਹੈ…ਫਿਰ ਮੈਂ ਕਿਉਂ ਭੀਖ ਮੰਗ ਰਿਹਾ,ਉਸੇ ਦਿਨ ਤੋਂ ਭੀਖ ਮੰਗਣਾ ਛੱਡ ਦਿੱਤਾ…. ਅੱਜਕਲ੍ਹ ਮੈਂ ਇਕ ਕੋਲਡ ਸਟੋਰ ‘ਤੇ ਗੇਟਕੀਪਰ ਦੀ ਨੌਕਰੀ ਕਰ ਰਿਹਾਂ…ਵਧੀਆ ਗੁਜਾਰਾ ਹੋਈ ਜਾਂਦਾ………ਅੱਜ ਸੁਲਤਾਨਪੁਰ ਬਾਬੇ ਨਾਨਕ ਦਾ ਸ਼ੁਕਰਾਨਾ ਕਰਨ ਜਾ ਰਿਹਾ ਹਾਂ ਸੋਚਿਆ ਰਾਸਤੇ ਵਿੱਚ ਤੇਰਾ ਵੀ ਧੰਨਵਾਦ ਕਰਦਾ ਜਾਂਵਾ ਕਿ ਉਸ ਦਿਨ ਜੇ ਤੂੰ ਵੀ ਇਕ ਰੁਪਈਆ ਦੇ ਕੇ ਤੋਰ ਦਿੰਦਾ ਤਾਂ ਮੈਂ ਮੰਗਤਾ ਹੀ ਬਣਿਆ ਰਹਿਣਾ ਸੀ ।”
– ਰਾਕੇਸ਼ ਅਗਰਵਾਲ ਸ਼ਾਹਕੋਟ
ਸਾਡੇ ਸਕੂਲ ਵਿੱਚ ਨਵੀਂ ਕੰਪਿਊਟਰ ਅਧਿਆਪਕ ਦੀ ਨਿਯੁਕਤੀ ਹੋਈ ।ਕੋਈ ਸਤਾਈ ਕੁ ਸਾਲ ਦੀ ਉਮਰ ਹੋਵੇਗੀ । ਸਾਦੇ ਜਿਹੇ ਪਹਿਰਾਵੇ ਵਿੱਚ ਬੱਚਿਆਂ ਵਿੱਚ ਰਲ਼ੀ ਹੋਈ ਲਗਦੀ । ਬਹੁਤ ਮਿਹਨਤੀ ਅਤੇ ਹੁਸ਼ਿਆਰ ਸੀ ਉਹ ਕੁੜੀ । ਜਦੋਂ ਦੇਖੋ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੀ ਹੁੰਦੀ । ਜ਼ਿਆਦਾ ਗੱਲਾਂ ਨਹੀਂ ਕਰਦੀ ਸੀ । ਬੱਸ ਹਮੇਸ਼ਾ ਆਪਣੇ ਆਪ ਵਿੱਚ ਮਸਤ ਰਹਿੰਦੀ । ਇੱਕ ਦਿਨ ਉਸਦੇ ਕੋਲ਼ ਬੈਠਿਆਂ ਸਹਿਜ ਸੁਭਾਅ ਪੁੱਛ ਲਿਆ ” ਮਨਵੀਰ ! ਤੈਨੂੰ ਐਨੀ ਜਾਣਕਾਰੀ ਕਿਵੇਂ ਹਰ ਵਿਸ਼ੇ ਬਾਰੇ ? ਇੰਝ ਲਗਦਾ ਜਿਵੇਂ ਤੂੰ ਗਿਆਨ ਦਾ ਸਮੁੰਦਰ ਹੋਵੇਂ । ” ਉਹ ਬੋਲੀ, ” ਅੱਛਾ! ਅੱਜ ਆਪਣੀ ਕਹਾਣੀ ਸੁਣਾਉਂਦੀ ਹਾਂ ਤੁਹਾਨੂੰ ।” ਸਾਨੂੰ ਵੀ ਉਤਸੁਕਤਾ ਹੋ ਗਈ ਸੀ ,ਉਸ ਬਾਰੇ ਜਾਨਣ ਦੀ । ਅਸੀਂ ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾਏ । ਉਸਨੇ ਆਪਣੀ ਗੱਲ ਸ਼ੁਰੂ ਕੀਤੀ , ” ਸਾਡੇ ਪਰਿਵਾਰ ਵਿੱਚ ਅਸੀਂ ਤਿੰਨ ਜੀਅ ਸੀ ।ਮੈਂ, ਮੇਰਾ ਵੱਡਾ ਭਰਾ ਅਤੇ ਮੇਰੇ ਪਾਪਾ । ਅਸੀਂ ਵੀਰ ਦਾ ਵਿਆਹ ਬੜੇ ਚਾਵਾਂ ਨਾਲ਼ ਕੀਤਾ । ਜ਼ਿੰਦਗੀ ਵਧੀਆ ਲੰਘ ਰਹੀ ਸੀ । ਮੇਰਾ ਭਤੀਜਾ ਵੀ ਦੋ ਸਾਲ ਦਾ ਹੋ ਗਿਆ । ਅਚਾਨਕ ਇੱਕ ਦਿਨ ਮੇਰੀ ਭਰਜਾਈ ਅਤੇ ਭਰਾ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ । ਘਰ ਵਿੱਚ ਮੈਂ, ਛੋਟਾ ਜਿਹਾ ਭਤੀਜਾ ਤੇ ਬਿਮਾਰ ਬਾਪ ਰਹਿ ਗਏ ।”
“ਇਹ ਤਾਂ ਬਹੁਤ ਬੁਰਾ ਹੋਇਆ ।” ਸਾਡੇ ਵਿੱਚੋਂ ਇੱਕ ਬੋਲੀ । ਮਨਵੀਰ ਵੀ ਉਦਾਸ ਹੋ ਕੇ ਬੋਲੀ ,” ਮੈਨੂੰ ਤਾਂ ਲੱਗਿਆ ਕਿ ਦੁਨੀਆਂ ਖ਼ਤਮ ਹੋ ਗਈ । ਆਤਮਹੱਤਿਆ ਕਰਨ ਦਾ ਵੀ ਸੋਚ ਲਿਆ ਸੀ ਇੱਕ ਵਾਰ ਤਾਂ । ਫ਼ੇਰ ਸੋਚਿਆ ਕਿ ਹੁਣ ਤਾਂ ਪਾਪਾ ਤੇ ਭਤੀਜੇ ਦੀ ਜ਼ਿੰਮੇਵਾਰੀ ਵੀ ਮੇਰੇ ਤੇ ਹੈ । ਘਰ ਦਾ ਗੁਜ਼ਾਰਾ ਵੀ ਚਲਾਉਣਾ ਸੀ ।ਇੱਕ ਪਾਰਟ ਟਾਈਮ ਨੌਕਰੀ ਦੇ ਨਾਲ਼ ਨਾਲ਼ ਕੰਪਿਊਟਰ ਕੋਰਸ ਵਿੱਚ ਦਾਖ਼ਲਾ ਲੈ ਲਿਆ । ਉਸ ਤੋਂ ਬਾਅਦ ਮੇਰੀ ਜ਼ਿੰਦਗੀ ਸਿੱਧੀ ਤੋਰੇ ਤੁਰ ਪਈ । ਉਦਾਸੀ ‘ਚੋਂ ਨਿਕਲਣ ਲਈ ਪੜ੍ਹਾਈ ਦਾ ਸਹਾਰਾ ਲਿਆ । ਜਿੰਨੀ ਉਦਾਸੀ ਵਧਦੀ ਸੀ ,ਓਨਾ ਪੜ੍ਹੀ ਜਾਂਦੀ ਤੇ ਮੇਰੇ ਦੁੱਖ ਨੇ ਮੈਨੂੰ ਗਿਆਨ ਦਾ ਭੰਡਾਰ ਬਣਾ ਦਿੱਤਾ । ” ” ਮਨਵੀਰ ਤੇਰੀ ਕਹਾਣੀ ਹੈ ਤਾਂ ਦੁਖਦਾਇਕ ਪਰ ਇਹ ਪ੍ਰੇਰਣਾ ਸ੍ਰੋਤ ਹੈ । ਅਕਸਰ ਦੇਖਿਆ ਕਿ ਲੋਕ ਦੁੱਖ ਨਾਲ਼ ਟੁੱਟ ਜਾਂਦੇ ਨੇ ਪਰ ਤੂੰ ਤਾਂ ਦੁੱਖ ਨੂੰ ਪੌੜੀ ਬਣਾ ਲਿਆ, ਨਵੀਆਂ ਉਚਾਈਆਂ ਛੂਹਣ ਲਈ । ਰੱਬ ਤੈਨੂੰ ਹਿੰਮਤ ਨਾਲ਼ ਭਰੀ ਰੱਖੇ !” ਮੇਰੀ ਸਹੇਲੀ ਨੇ ਕਿਹਾ । ਇਸ ਘਟਨਾ ਤੋਂ ਬਾਅਦ ਸਾਡਾ ਸਾਥ ਕੁਝ ਮਹੀਨੇ ਰਿਹਾ । ਫ਼ੇਰ ਸ਼ਾਇਦ ਉਸ ਨੂੰ ਹੋਰ ਕਿਤੇ ਨੌਕਰੀ ਮਿਲ ਗਈ । ਪਰ ਇਹ ਯਾਦ ਹਮੇਸ਼ਾ ਮਨ ਵਿੱਚ ਰਹੀ ਅਤੇ ਕਈ ਮੁਸ਼ਕਿਲ ਘੜੀਆਂ ਵਿੱਚ ਹੌਂਸਲਾ ਮਿਲਿਆ।(ਇਹ ਸੱਚੀ ਕਹਾਣੀ ਜੋ ਥੋੜ੍ਹੇ ਬਦਲਾਅ ਨਾਲ਼ ਪੇਸ਼ ਕੀਤੀ ਗਈ ਹੈ।)
ਰਮਨਦੀਪ ਕੌਰ ਵਿਰਕ
ਸੁਰਜੀਤ ਰੋਜ਼ ਦੀ ਤਰਾਂ ਅੱਜ ਵੀ ਗੁਰੂਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਜਾ ਰਹੀ ਸੀ। ਰਾਹ ਵਿੱਚ ਮਿਲੀ ਗੁਆਂਢਣ ਦੇ ਪੁੱਛਣ ਤੇ ਉਹ ਆਪਣੀ ਭਤੀਜੀ ਦੇ ਵਿਆਹ ਬਾਰੇ ਦੱਸਣ ਲੱਗੀ।
ਸੁਰਜੀਤ ਬੜੇ ਮਾਣ ਨਾਲ ਗੁਆਂਢਣ ਨੂੰ ਦੱਸਣ ਲੱਗੀ ਕਿ ਉਹਨਾਂ ਨੇ ਵਿਆਹ ਤੇ ਰੱਖੇ ਅਖੰਡ ਪਾਠ ਦਾ ਭੋਗ ਬੜੇ ਸਾਦੇ ਤਰੀਕੇ ਨਾਲ ਪਾਇਆ। ਪੰਗਤ ‘ਚ ਬਿਠਾ ਕੇ ਸਭ ਨੂੰ ਲੰਗਰ ਛਕਾਇਆ ਤੇ ਜਿਸ ਨਾਲ ਕਿਸੇ ਨਾਲ ਵੀ ਵਿਤਕਰਾ ਨਾ ਹੋ ਸਕੇ । ਪਾਠ ਦੇ ਦੌਰਾਨ ਗੁਰਬਾਣੀ ਨੂੰ ਵੀ ਸਾਰੇ ਪਰਿਵਾਰ ਨੇ ਕੋਲ ਬੈਠ ਕੇ ਸੁਣਿਆ।ਵਿਆਹ ਵੀ ਬੜੇ ਸਾਦੇ ਤੇ ਸੋਹਣੇ ਢੰਗ ਨਾਲ ਕੀਤਾ ਗਿਆ। ਜਿਸ ਵਿੱਚ ਬਿਲਕੁਲ ਵੀ ਲੋਕ-ਦਿਖਾਵਾ ਨਹੀਂ ਸੀ।
ਗੁਰੂਦੁਆਰੇ ਸਾਹਿਬ ਦੇ ਹਾਲ ਵਿੱਚ ਹੀ ਸਾਰਾ ਬਰਾਤੀਆਂ ਦੇ ਖਾਣ-ਪੀਣ ਤੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਸੀ,ਜੋ ਕਿ ਪੈਲਿਸ ਤੋਂ ਕਿਤੇ ਵਧੀਆ ਲੱਗ ਰਿਹਾ ਸੀ।ਸਮੇਂ ਨੂੰ ਪਹਿਲ ਦਿੰਦਿਆਂ ਬਰਾਤ ਵੀ ਸਮੇਂ ਸਿਰ ਪਹੁੰਚ ਗਈ ਸੀ,ਜਿਸ ਕਰਕੇ ਲਾਵਾਂ ਬਾਰ੍ਹਾਂ ਵਜੇ ਤੋਂ ਪਹਿਲਾਂ ਕੀਤੀਆਂ ਗਈਆਂ। ਜਿਸ ਨਾਲ ਡੋਲੀ ਸਮੇਂ ਨਾਲ ਤੋਰੀ ਗਈ। ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਸੀ ਜਦ ਪਿੰਡ ਵਾਲੇ ਵੀਰ ਨੂੰ ਕਹਿ ਰਹੇ ਸੀ ਕਿ ,”ਉਸਨੇ ਅਜਿਹਾ ਵਿਆਹ ਕਰਕੇ ਪਿੰਡ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।”
ਸੁਰਜੀਤ ਦੀ ਗੁਆਂਢਣ ਵੀ ਸੁਣਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ,” ਜੇਕਰ ਮੁੰਡੇ ਵਾਲੇ ਵੀ ਸਾਥ ਦੇਣ ਤਾਂ ਅਜਿਹਾ ਕਰਨਾ ਕੁੜੀ ਵਾਲ਼ਿਆਂ ਲਈ ਆਸਾਨ ਹੋ ਜਾਂਦਾ ਹੈ, ਨਹੀਂ ਤਾਂ ਕੁੜੀ ਨੂੰ ਸਹੁਰੇ ਘਰ ਜਾ ਕੇ ਮਹਿਣਿਆਂ ਦੀ ਪੰਡ ਦਾ ਭਾਰ ਚੁੱਕਣਾ ਪੈਂਦਾ।” ਇੱਕ ਤਾਂ ਅਜਿਹੇ ਪ੍ਰੋਗਰਾਮ ਲਈ ਗੁਰੂਦੁਆਰਾ ਸਾਹਿਬ ‘ਚ ਜਾਂ ਫਿਰ ਪਿੰਡ ‘ਚ ਹਾਲ ਬਣਾਉਣੇ ਚਾਹੀਦੇ ਹਨ। ਜੇਕਰ ਕਿਤੇ ਸਰਕਾਰ ਹੀ ਅਜਿਹਾ ਕਾਨੂੰਨ ਬਨਾ ਦੇਵੇ ਤਾਂ ਇਹਨਾ ਖ਼ਰਚਿਆਂ ਦੇ ਦਿਖਾਵਿਆਂ ‘ਚ ਉੱਜੜ ਰਹੇ ਕਈ ਘਰ ਬਚ ਜਾਣਗੇ ਤੇ ਕਹਿਣ ਲੱਗੀ ਨੀ ਸੁਰਜੀਤ ਕੁੜੇ,” ਸਾਡੇ ਵਰਗੇ ਲੋਕ ਵੀ ਬੋਝ ਹੇਠ ਦੱਬਣ ਦੀ ਜਗਾ ਤੁਹਾਡੇ ਵਾਂਗੂੰ ਮਾਣ ਮਹਿਸੂਸ ਕਰਨਗੇ।”
ਸੰਦੀਪ ਕੌਰ ਚੀਮਾ
ਮੇਰੇ ਜੁੱਤੇ
ਕਿੰਨੇ ਹੀ ਦਿਨਾਂ ਤੋਂ ਇੰਤਜ਼ਾਰ ਕਰ ਰਿਹਾ ਸਾਂ ਉਹਨਾਂ ਦੇ ਫੋਨ ਦਾ ਅਤੇ ਜਦੋਂ ਇੰਟਰਵਿਊ ਲਈ ਫੋਨ ਆਇਆ ਤਾਂ ਕਿਤੇ ਜਾ ਕੇ ਸੁੱਖ ਦਾ ਸਾਹ ਮਿਲਿਆ ਪਰ ਇੰਟਰਵਿਊ ਦਾ ਸਮਾਂ ਅਗਲੇ ਦਿਨ ਦਾ ਮਿਲਿਆ ਇਹੀ ਗੱਲ ਨੇ ਮੈਨੂੰ ਥੋੜੀ ਜਿਹੀ ਪਰੇਸ਼ਾਨੀ ਵਿੱਚ ਪਾ ਦਿੱਤਾ ..ਹੁਣ ਪਹਿਲਾਂ ਤਾਂ ਇਹ ਸੋਚ ਸੀ ਕਿ ਕੱਲ੍ਹ ਨੂੰ ਕਿਹੜੇ ਕੱਪੜੇ ਪਹਿਨ ਕੇ ਜਾਵਾਂ ..ਕਿਉਂਕਿ ਗਿਣਵੇਂ ਜਿਹਾ ਹੀ ਸਮਾਨ ਸੀ ਮੇਰੇ ਕੋਲ ਤਾਂ..ਜੋ ਹੱਥ ਵਿੱਚ ਆਇਆ ਉਸਨੂੰ ਪ੍ਰੈਸ ਕਰਕੇ ਰੱਖ ਦਿੱਤਾ ਅਤੇ ਯਾਦ ਆਇਆ ਫਿਰ ਪੈਰਾਂ ਦਾ ..ਕਿ ਬੂਟ ਤਾਂ ਕਾਫੀ ਪੁਰਾਣੇ ਹੋ ਗਏ ਨੇ ਅਤੇ ਉਹਨਾਂ ਨੂੰ ਜਦੋਂ ਅਲਮਾਰੀ ਵਿਚੋਂ ਕੱਢ ਕੇ ਸਾਫ ਕਰ ਰਿਹਾ ਸੀ ..ਤਾਂ ਉਹ ਸਮਾਂ ਯਾਦ ਆ ਗਿਆ ਜਦੋਂ ਇਹਨਾਂ ਨੂੰ ਪਹਿਲੀ ਵਾਰ ਪਹਿਨਿਆ ਸੀ..ਸ਼ਾਇਦ ਲਗਭਗ ਤਿੰਨ ਵਰ੍ਹੇ ਹੋ ਗਏ .. ਮੇਰੇ ਭੂਰੇ ਰੰਗ ਦੇ ਬੂਟ ..ਬਾਪੂ ਪਤਾ ਨਹੀਂ ਕਿਧਰੋਂ ਖਰੀਦ ਕੇ ਲਿਆਇਆ ਸੀ ਇੰਨੇ ਸੋਹਣੇ ਬੂਟ…..ਹਰ ਵਾਰ ਸੋਚਣਾ ਕਿ ਇਕ ਹੋਰ ਜੋੜੀ ਲੈ ਲਵਾਂਗਾ ਪਰ ਘਰ ਦੇ ਖਰਚਿਆਂ ਵਿੱਚ ਵਾਰੀ ਹੀ ਨਹੀਂ ਆਈ ਪਰ ਸ਼ੁਕਰ ਹੈ ਕਦੇ ਇਹਨਾਂ ਨੇ ਮੇਰਾ ਸਾਥ ਨਹੀਂ ਛੱਡਿਆ ਸੀ..ਅਗਰ ਰੱਬ ਨੇ ਚਾਹਿਆ ਤਾਂ ਕੱਲ੍ਹ ਵਾਲੀ ਨੌਕਰੀ ਮੈਨੂੰ ਮਿਲ ਜਾਉਗੀ ਤਾਂ ਮੈਂ ਵੀ ਬਾਪੂ ਦਾ ਹੱਥ ਵਟਾ ਲਊਂ ..ਅਤੇ ਇਕ ਜੋੜੀ ਜੁੱਤੀਆਂ ਦੀ ਵੀ ਲੈ ਲਵਾਂਗਾ…. ਸਾਫ ਤਾਂ ਹੋ ਗਏ ਹੁਣ ਪਾ ਕੇ ਵੇਖਦਾ ਕਿੰਝ ਲੱਗਦੇ ਨੇ ..ਜਦੋਂ ਪੈਰ ਵਿੱਚ ਜੁੱਤੀ ਪਾਈ ਤਾਂ ਸੱਜੇ ਪੈਰ ਦਾ ਅੰਗੂਠਾ ਬਾਹਰ ਨਿਕਲ ਆਇਆ ..ਸਾਰੀ ਹੀ ਸਿਲਾਈ ਖਰਾਬ ਹੋ ਚੁੱਕੀ ਸੀ ਤੇ ਇੰਨੀ ਰਾਤ ਨੂੰ ਨਾ ਹੀ ਕੋਈ ਮੋਚੀ ਨੇ ਮਿਲਣਾ ਸੀ ..ਮੈਂ ਕਿਹਾ ਕੀ ਗੱਲ ਭੂਰਿਆ? ਆਪਾਂ ਤਾਂ ਇੰਨੀਆਂ ਵਾਟਾਂ ਤਹਿ ਕੀਤੀਆਂ ਨੇ.. ਮੈਂ ਕਿਸੇ ਖਾਸ ਮੌਕੇ ਤੇਰੇ ਨਾਲ ਹੀ ਤੁਰਿਆ..ਅਤੇ ਹੱਸ ਪਿਆ ਕਿ ਕੱਲ੍ਹ ਵੇਖ ਲਵਾਂਗਾ ..ਸਵੇਰੇ-ਸਵੇਰੇ ਮੋਚੀ ਤੋਂ ਠੀਕ ਕਰਵਾ ਆਪਣੇ ਰਾਹ ਵੱਲ ਨੂੰ ਤੁਰ ਪਵਾਂਗਾ। ਅਗਲੇ ਦਿਨ ਕਿੰਨੀ ਹੀ ਦੇਰ ਮੋਚੀ ਨੂੰ ਵੇਖਦਾ ਰਿਹਾ ਪਰ ਜਦੋਂ ਤੱਕ ਉਹਨੇ ਆਉਣਾ ਸੀ …ਮੇਰਾ ਇੰਟਰਵਿਊ ਲਈ ਪਹੁੰਚਣਾ ਜਰੂਰੀ ਸੀ..ਰੱਬ ਦਾ ਨਾਮ ਲੈ ਮੈਂ ਆਪਣੇ ਰਾਹ ਵੱਲ ਨੂੰ ਤੁਰ ਪਿਆ। ਮੇਰੀ ਮਿਹਨਤ ਦਾ ਫਲ ਮਿਲਿਆ ਅਤੇ ਮੇਰੇ ਪਹਿਨਾਵੇ ਨੂੰ ਵੇਖਣ ਬਜਾਏ ਉਹਨਾਂ ਮੇਰੇ ਗਿਆਨ ਦਾ ਮੁੱਲ ਪਾਇਆ। ਆਉਂਦੇ ਹੋਇਆ ਮੈਂ ਆਪਣੇ ਭੂਰੇ ਨੂੰ ਸਿਲਾਈ ਕਰਵਾਈ ਅਤੇ ਆਖਿਆ ਹੁਣ ਤੂੰ ਠੀਕ ਹੀ ਰਹੀ ਅਜੇ ਤੇਰੀ ਬਹੁਤ ਜਰੂਰਤ ਹੈ ਬਾਅਦ ਵਿੱਚ ਇਕ ਹੋਰ ਜੋੜਾ ਲਵਾਂਗਾ ਪਰ ਤੂੰ ਅੱਧ ਵਿਚਕਾਰ ਸਾਥ ਨਾ ਛੱਡੀ।ਮਾਲਕ ਦੀ ਕਿਰਪਾ ਨਾਲ ਮਹੀਨਾ ਸੋਹਣਾ ਲੰਘ ਗਿਆ ਅਤੇ ਪਹਿਲੀ ਤਨਖਾਹ ਵੀ ਮਿਲ ਗਈ..ਸੋਚਿਆ ਘਰ ਆਉਂਦਿਆਂ ਇਕ ਜੁੱਤੀਆਂ ਦਾ ਜੋੜਾ ਖਰੀਦਦਾ ਜਾਵਾਂਗਾ ।ਘਰ ਵਾਪਸੀ ਆਉਂਦਿਆਂ ਬੱਸ ਖਰਾਬ ਹੋ ਗਈ ਅਤੇ ਪੰਦਰਾਂ ਵੀਹ ਕੁ ਮਿੰਟਾਂ ਦਾ ਰਾਹ ਲਈ ਮੈਂ ਪੈਦਲ ਚੱਲਣ ਦਾ ਹੀ ਸੋਚਿਆ ਕਿ ਜੁੱਤੀਆਂ ਦੀ ਦੁਕਾਨ ਕੋਲ ਹੀ ਹੈ ….ਸੜਕ ਪਾਰ ਹੀ ਕਰਨ ਲੱਗਾ ਸੀ ਕਿ ਅਚਾਨਕ ਕੁਝ ਪੈਰ ਦੇ ਵਿੱਚ ਚੁੱਭ ਗਿਆ ..ਨੇੜੇ ਹੀ ਪੌੜੀਆਂ ਵੇਖ ਮੈਂ ਬੈਠ ਗਿਆ ਅਤੇ ਆਪਣੇ ਪੈਰਾਂ ਤੋਂ ਭੂਰੇ ਨੂੰ ਉਤਾਰਿਆ ਅਤੇ ਆਖਿਆ ਕੀ ਗੱਲ ਭੂਰੇ ਉਹ ਸਾਹਮਣੇ ਤੱਕ ਤਾਂ ਜਾਣਾ ਸੀ ਇੱਥੇ ਕਿਉਂ ਰੁਕਵਾਇਆ? ਇੰਨੇ ਨੂੰ ਨਾਲ ਪੌੜੀਆਂ ‘ਤੇ ਬੈਠੇ ਮੁੰਡੇ ਨੇ ਪੁੱਛਿਆ,”ਕੀ ਹੋਇਆ ਵੀਰ ਜੀ?” ਮੈਂ ਜਦੋਂ ਉਸ ਵੱਲ ਤੱਕਿਆ ਤਾਂ ਉਹ ਕਿਤਾਬਾਂ ਹੱਥ ਵਿੱਚ ਫੜ੍ਹੀ ਬੈਠਾ ਸੀ। ਮੈਂ ਆਖਿਆ,” ਕੁਝ ਨਹੀਂ ਨਿੱਕੇ ਬਸ ਮੇਰੇ ਭੂਰੇ ਮਤਲਬ ..ਮੇਰੇ ਜੁੱਤੇ ..ਸਾਥ ਜਿਹਾ ਛੱਡਣ ਨੂੰ ਆਖਦੇ ..ਪਰ ਵੇਖੀ ਮੈਂ ਇਹਨਾਂ ਨੂੰ ਇੰਝ ਕਰਨ ਨਹੀਂ ਦੇਣਾ ..ਆਖਰ ਮੇਰੇ ਬਾਪੂ ਜੀ ਨੇ ਦਿੱਤੇ ਸੀ ਮੈਨੂੰ ਜਨਮਦਿਨ ‘ਤੇ ” । ਮੇਰੀ ਗੱਲ ਸੁਣ ਉਹ ਥੋੜ੍ਹਾ ਜਿਹਾ ਭਾਵੁਕ ਜਿਹਾ ਹੋ ਗਿਆ ਅਤੇ ਆਖਣ ਲੱਗਾ,”ਬਿਲਕੁਲ ਵੀਰੇ,ਜਿਵੇਂ ਮੈਂ ਆਪਣੇ ਜੁੱਤਿਆਂ ਦਾ ਸਾਥ ਨਹੀਂ ਛੱਡਿਆ “। ਉਹ ਖੜ੍ਹਾ ਹੋ ਕੇ ਆਪਣੇ ਜੁੱਤੇ ਵਿਖਾਉਣ ਲੱਗ ਪਿਆ.. ਉਸਦੇ ਇਕ ਪੈਰ ਦੇ ਜੁੱਤੇ ਦਾ ਤਲਾ ਸਾਰਾ ਅਲੱਗ ਹੋਇਆ ਪਿਆ ਸੀ ਅਤੇ ਮੈਨੂੰ ਉਹਦੀਆਂ ਪੈਰਾਂ ਦੀਆਂ ਉਂਗਲਾਂ ਵਿਖਾਈ ਦੇ ਰਹੀਆਂ ਸਨ ..ਇਉਂ ਜਾਪਦਾ ਸੀ ਕਿ ਕਿਸੇ ਸਮੇਂ ਉਹਨਾਂ ਦਾ ਰੰਗ ਕਾਲਾ ਹੋਵੇਗਾ ..ਜੋ ਹੁਣ ਤੱਕ ਸਲੇਟੀ ਰੰਗ ਦੇ ਹੋ ਚੁੱਕੇ ਸਨ। ਆਪਣੇ ਪੈਰਾਂ ਵਿਚੋਂ ਖੁੱਭੀ ਉਸ ਸੂਲ ਨੂੰ ਕੱਢਦੇ ਹੋਏ ਮੈਂ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਆਖਿਆ ਮੈਂ ਇਥੇ ਨਾਲਦੇ ਸਕੂਲ ਵਿੱਚ ਹੀ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ.. ਬਾਪੂ ਜੀ ਤਿੰਨ ਸਾਲ ਪਹਿਲਾਂ ਹੀ ਗੁਜਰ ਗਏ ..ਮਾਂ ਘਰਾਂ ਦੇ ਨਿੱਕੇ ਮੋਟੇ ਕੰਮ ਕਰ ਸਾਡੇ ਘਰ ਦਾ ਖਰਚਾ ਚਲਾਉਂਦੀ ਹੈ… ਦੋ ਭੈਣਾਂ ਦਾ ਮੈਂ ਇਕਲੌਤਾ ਭਰਾ ਹਾਂ…ਇਸ ਵਾਰ ਫੀਸ ਦਾ ਇੰਤਜ਼ਾਮ ਨਹੀਂ ਹੋ ਪਾਇਆ ਤਾਂ ਮੈਂ ਲੋਕਾਂ ਦੇ ਘਰ ਜਾ ਕੇ ਬੱਚਿਆਂ ਨੂੰ ਟਿਊਸ਼ਨ ਦੇ ਰਿਹਾ। ਉਹਦੀਆਂ ਗੱਲ੍ਹਾਂ ਸੁਣ ਮੈਂ ਹੈਰਾਨ ਜਿਹਾ ਰਹਿ ਗਿਆ… ਮੈਂ ਉਹਦੇ ਪੈਰਾਂ ਨੂੰ ਚੁੱਕ ਆਪਣੇ ਹੱਥਾਂ ਨਾਲ ਉਸਦਾ ਨਾਪ ਲੈ ਲਿਆ ….ਸਾਹਮਣੇ ਵਾਲੀ ਦੁਕਾਨ ਤੋਂ ਉਸ ਲਈ ਜੁੱਤੀਆਂ ਦੀ ਜੋੜੀ ਲੈ ਆਇਆ ..ਅਤੇ ਜਦੋਂ ਦੇਣ ਲਈ ਹੱਥ ਵਧਾਇਆ ਤਾਂ ਉਸਨੇ ਲੈਣ ਤੋਂ ਸਾਫ ਇਨਕਾਰ ਕਰਦੇ ਹੋਏ ਆਖਿਆ ਕਿ ਬਾਪੂ ਨੇ ਮੁਫਤ ਦੀ ਚੀਜ਼ਾਂ ਲੈਣ ਤੋਂ ਮਨਾਹੀ ਕੀਤੀ ਸੀ। ਮੈਂ ਉਹਦੇ ਜਜ਼ਬੇ ਤੋਂ ਬਹੁਤ ਹੈਰਾਨ ਸੀ..ਫਿਰ ਮੈਂ ਇਹ ਆਖਿਆ,” ਅਗਰ ਮੈਂ ਤੇਰੀ ਇਕ ਪ੍ਰੀਖਿਆ ਲਵਾਂ, ਤਾਂ ਕੀ ਮੈਂ ਤੈਨੂੰ ਇਹ ਇਨਾਮ ਵਜੋਂ ਦੇ ਸਕਦਾ? ਕਿਉਂਕਿ ਫਿਰ ਤਾਂ ਇਹ ਤੇਰੀ ਮਿਹਨਤ ਦਾ ਫਲ ਹੋਵੇਗਾ।” ਇਹ ਸੁਣ ਉਹਨੇ ਵੀ ਸਹਿਮਤੀ ਪ੍ਰਗਟਾਈ। ਨਿਯਮ ਅਨੁਸਾਰ ਮੈਂ ਦਸ ਪ੍ਰਸ਼ਨ ਪੁੱਛਣੇ ਸੀ ਅਤੇ ਆਖਿਆ ਜੇਕਰ ਕੋਈ ਸੱਤ ਸਹੀ ਹੋਣਗੇ ਤਾਂ ਇਹ ਜੁੱਤੇ ਤੇਰੇ। ਮੈਂ ਇੱਕ ਇੱਕ ਕਰਕੇ ਪ੍ਰਸ਼ਨ ਪੁੱਛਦਾ ਗਿਆ ਅਤੇ ਉਹ ਉੱਤਰ ..ਕੁੱਲ ਨੌ ਪ੍ਰਸ਼ਨਾਂ ਦੇ ਉੱਤਰ ਉਸਨੇ ਸਹੀ ਦਿੱਤੇ..ਉਹਨੂੰ ਜੇਤੂ ਆਖ ਜਦੋਂ ਮੈਂ ਉਸਨੂੰ ਉਹਦਾ ਇਨਾਮ ਦਿੱਤਾ ਤਾਂ ਉਹ ਬਹੁਤ ਖੁਸ਼ ਹੋਇਆ …ਅਤੇ ਮੈਂ ਆਪਣੇ ਭੂਰੇ ਨਾਲ ਘਰ ਵੱਲ ਨੂੰ ਤੁਰ ਪਿਆ।
~ਗੁਰਦੀਪ ਕੌਰ
ਮਨਰੀਤ ਹਾਲੇ ਸਕੂਲ ਪਹੁੰਚੀ ਹੀ ਸੀ । ‘ਸ਼ੁੱਭ’ ਉਸ ਵੱਲ ਭੱਜਿਆ ਆਇਆ ਤੇ ਬੋਲਿਆ , ਮੈਡਮ !ਮੈਡਮ ! ਜਿਹੜੇ ਬੂਟੇ ਲਾਏ ਸੀ ਨਾ ਆਪਾਂ, ਉਹ ਪਿੰਡ ਵਾਲੇ ਵੱਡੇ ਬੱਚੇ ਜਿਹੜੇ ਸ਼ਾਮ ਨੂੰ ਸਕੂਲ ਖੇਡਣ ਆਉਂਦੇ ਹਨ ਖ਼ਰਾਬ ਕਰ ਗਏ । ਮਨਰੀਤ ਉਦਾਸ ਜਿਹੀ ਹੋ ਕੇ ਬੋਲੀ ,”ਇਹ ਤਾਂ ਬਹੁਤ ਗਲਤ ਹੈ ਬੇਟਾ! ਅਸੀਂ ਤਾਂ ਸੋਚ ਰਹੇ ਸੀ ਕਿ ਬੂਟੇ ਵੱਡੇ ਹੋਣਗੇ ।ਹਰਿਆਲੀ ਭਰਿਆ ਸਕੂਲ ਬਹੁਤ ਸੋਹਣਾ ਲੱਗਿਆ ਕਰੇਗਾ। ਬੜੀ ਮਿਹਨਤ ਨਾਲ ਪਾਲ਼ਿਆ ਸੀ ਬੂਟਿਆਂ ਨੂੰ।” ਸਾਰਿਆਂ ਦਾ ਮਨ ਉਦਾਸ ਜਿਹਾ ਹੋ ਗਿਆ। ਫੇਰ ਉਹ ਸਾਰੇ ਬੱਚਿਆਂ ਨਾਲ ਰਲਕੇ ਉਨ੍ਹਾਂ ਬੂਟਿਆਂ ਨੂੰ ਦੇਖਣ ਚਲੀ ਗਈ ।ਸੱਚਮੁੱਚ ਬਹੁਤ ਬੁਰਾ ਲੱਗਿਆ। ਐਨੇ ਪਿਆਰ ਨਾਲ ਪਾਲੇ ਬੂਟੇ ਮੁਰਝਾ ਚੁੱਕੇ ਸੀ। ਉਹ ਜਿੰਨੇ ਬੂਟੇ ਲਾਉਂਦੇ ਚਾਰ ਦੀਵਾਰੀ ਨਾ ਹੋਣ ਕਰਕੇ ਕੁਝ ਪਸ਼ੂ ਖਰਾਬ ਕਰ ਜਾਂਦੇ ਤੇ ਕੁਝ ਖੇਡਣ ਆਏ ਬੱਚਿਆਂ ਦਾ ਸ਼ਿਕਾਰ ਹੋ ਜਾਂਦੇ। ਉਸ ਨੂੰ ਹਰਿਆਲੀ ਨਾਲ ਸ਼ੁਰੂ ਤੋਂਂ ਹੀ ਬਹੁਤ ਪਿਆਰ ਸੀ । ਵਧਦੇ ਫੁੱਲਦੇ ਬੂਟਿਆਂ ਨੂੰ ਦੇਖ ਕੇ ਆਪਣੇ ਬੱਚਿਆਂ ਦੇ ਵੱਡੇ ਹੋਣ ਵਰਗਾ ਅਹਿਸਾਸ ਹੁੰਦਾ ਸੀ ਮਨਰੀਤ ਨੂੰ। ਇਹ ਵੀ ਉਸਨੂੰ ਆਪਣੇ ਬੱਚਿਆਂ ਵਾਂਗ ਹੀ ਲਗਦੇ । ਇੱਕ ਵਾਰ ਤਾਂ ਮਨ ਨਿਰਾਸ਼ ਹੋ ਗਿਆ ਪਰ ਫ਼ੇਰ ‘ਮਨੂੰ ‘ਵੀ ਬੋਲਿਆ , ” ਮੈਡਮ ! ਫ਼ੇਰ ਕੀ ਹੋਇਆ ਜੇ ਬੂਟੇ ਖ਼ਰਾਬ ਹੋ ਗਏ । ਆਪਾਂ ਕੱਲ੍ਹ ਨੂੰ ਹੋਰ ਬੂਟੇ ਲਿਆ ਕੇ ਲਾਵਾਂਗੇ ।” ਦੂਜੇ ਦਿਨ ਬੱਚਿਆਂ ਨੇ ਹੋਰ ਬੂਟੇ ਲਿਆ ਕੇ ਪੁਰਾਣੇ ਪੌਦਿਆਂ ਦੀ ਥਾਂ ਤੇ ਲਾ ਦਿੱਤਾ ਤੇ ਹਰ ਰੋਜ਼ ਪਾਣੀ ਦੇਣ ਲੱਗੇ। ਕੁਝ ਹੀ ਦਿਨਾਂ ਚ ਉਹ ਬੂਟੇ ਵੀ ਵਧਣ ਫੁੱਲਣ ਲੱਗੇ। ਇਹ ਦੇਖ ਕੇ ਉਸਨੂੰ ਬਹੁਤ ਖੁਸ਼ੀ ਹੋ ਰਹੀ ਸੀ । ਉਸਨੇ ਮਨ ਹੀ ਮਨ ਕਿਹਾ ਕਿ ਚਲੋ ਬੂਟੇ ਤਾਂ ਤੁਸੀਂ ਪੁੱਟ ਦਿੱਤੇ ਪਰ ਜਿਹੜੇ ਬੀਜ ਮੈਂ ਬੱਚਿਆਂ ਦੇ ਮਨਾਂ ਚ ਬੀਜ ਦਿੱਤੇ ਨੇ, ਉਹਨਾਂ ਦਾ ਕੀ ਕਰੋਗੇ? ਉਹ ਕਦੇ ਵੀ ਹਾਰ ਨਹੀਂ ਮੰਨਣਗੇ ।ਤੁਸੀਂ ਪੁੱਟੀ ਜਾਓ ਤੇ ਅਸੀਂ ਬੂਟੇ ਲਾਈ ਜਾਵਾਂਗੇ । ਦੇਖਣਾ ਅੰਤ ਨੂੰ ਜਿੱਤ ਕਿਸ ਦੀ ਹੁੰਦੀ ਹੈ ।ਮੈਨੂੰ ਤਾਂ ਲੱਗਦਾ ਕਿ ਸਾਡਾ ਸਕੂਲ ਹਰਾ ਭਰਾ ਹੋਵੇਗਾ, ਕੁਝ ਹੀ ਮਹੀਨਿਆਂ ਵਿੱਚ । ਸਾਡਾ ਹਰਾ ਭਰਾ ਸਕੂਲ ਸਾਡੀ ਜਿੱਤ ਦੀ ਗਵਾਹੀ ਭਰੇਗਾ ।ਇਹ ਸੋਚ ਕੇ ਮਨ ਹੀ ਮਨ ਮੁਸਕਰਾਉਂਦੀ ਹੋਈ ਕਲਾਸ ਵਿੱਚ ਚੱਲੀ ਗਈ ।
ਰਮਨਦੀਪ ਕੌਰ ਵਿਰਕ
ਅਲਾਰਮ ਵੱਜਦੇ ਹੀ ਅੱਖ ਖੁੱਲ੍ਹੀ ਤੇ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ। ਛੇਤੀ ਦੇਣੀ ਚਾਹ ਬਣਾਈ ਤੇ ਨਾਲ ਕੱਲ੍ਹ ਦੇ ਬਚੇ ਬਰੈਡ ਖਾ ਕੇ ਕੰਮ ਤੇ ਨਿਕਲ ਪਿਆ। ਕੰਮ ਤੇ ਪਹੁੰਚਿਆ ਹੀ ਸੀ ਕਿ ਉਸਦਾ ਫੋਨ ਵੱਜਿਆ । ਪੰਜਾਬ ਦਾ ਨੰਬਰ ਦੇਖ ਕੇ ਫਟਾਫਟ ਫੋਨ ਚੁੱਕਿਆ ਤੇ ਹੈਲੋ ਕਿਹਾ ਹੀ ਸੀ ਕਿ ਉਧਰੋਂ ਬਾਪੂ ਜੀ ਬੋਲੇ “ਕਿੱਦਾਂ ਪੁੱਤਰਾ ” ਓਹਨੇ ਕਿਹਾ “ਮੈਂ ਠੀਕ ਹਾਂ ਬਾਪੂ ਜੀ ਤੁਸੀਂ ਦੱਸੋ ਕਿੱਦਾਂ ਸਾਰੇ”?? ਬਾਪੂ ਜੀ ਕਹਿੰਦੇ ਠੀਕ ਆ ਸਾਰੇ ਪਰ ਤੇਰੀ ਬੇਬੇ ਥੋੜੀ ਢਿੱਲੀ ਹੈ ਉਹਨੂੰ ਹਸਪਤਾਲ ਲੈ ਕੇ ਆਏ ਹਾਂ। ਦਿਲ ਚ ਹੌਲ ਜਿਹਾ ਪਿਆ ਤੇ ਇਕਦਮ ਕਿਹਾ ਕਿ ਬਾਪੂ ਜੀ ਚੰਗੀ ਤਰ੍ਹਾਂ ਇਲਾਜ ਕਰਾਓ ਤੁਸੀਂ ਕਹੋ ਤੇ ਮੈਂ ਆ ਜਾਵਾਂ। ਬਾਪੂ ਜੀ ਕਹਿੰਦੇ ਨਹੀਂ ਪੁੱਤਰਾ ਕੋਈ ਨੀ ਅਸੀਂ ਹੈਗੇ ਆ ਸਾਰੇ ਤੂੰ ਫਿਕਰ ਨਾ ਕਰ।ਗੱਲਬਾਤ ਕਰਕੇ ਫੋਨ ਕੱਟ ਕੇ ਫਿਰ ਕੰਮ ਤੇ ਲੱਗ ਗਿਆ । ਪਰ ਵਾਰ ਵਾਰ ਧਿਆਨ ਮਾਂ ਵੱਲ ਜਾਂਦਾ ਸੀ ਕਿ ਕਿਵੇਂ ਹੋਏਗੀ ਠੀਕ ਹੋਏਗੀ ਕਿ ਨਹੀਂ ਇੱਕ ਚੜਦੀ ਇੱਕ ਲਹਿੰਦੀ ਤੇ ਫੇਰ ਦਿਲ ਨੂੰ ਤਸੱਲੀ ਜਿਹੀ ਦੇ ਕੇ ਮਨ ਕੰਮ ਚ ਲਗਾਉਂਦਾ । ਸ਼ਾਮ ਨੂੰ ਘਰ ਆਉਂਦਾ ਤੇ ਆਉਂਦੇ ਸਾਰ ਹੀ ਫੋਨ ਕਰਦਾ ਹੈ ਤੇ ਬੇਬੇ ਦਾ ਹਾਲਚਾਲ ਪੁੱਛਦਾ ਹੈ ।ਸੁਣ ਕੇ ਮਨ ਨੂੰ ਥੋੜਾ ਚੈਨ ਮਿਲਦਾ ਕਿ ਹੁਣ ਠੀਕ ਹੈ ।ਬੇਬੇ ਨਾਲ਼ ਵੀ ਗੱਲ ਕਰਦਾ ਤੇ ਆਖਦਾ ਹੈ ਕਿ ਕੋਈ ਨਾ ਬੇਬੇ ਫਿਕਰ ਨਾ ਕਰੀਂ ਮੈਂ ਹੈਗਾ । ਫੋਨ ਕੱਟ ਕੇ ਸੌਂ ਜਾਂਦਾ ।
ਸਵੇਰ ਹੋਈ ਤੇ ਬਾਪੂ ਜੀ ਦਾ ਫਿਰ ਫੋਨ ਆਇਆ ਕਹਿੰਦੇ ਪੁੱਤਰਾ ਤੇਰੀ ਬੇਬੇ ਤੈਨੂੰ ਮਿਲਣ ਨੂੰ ਬੁਲਾ ਰਹੀ ਆ ਜੇ ਇੱਕ ਵਾਰ ਆ ਕੇ ਮਿਲ ਜਾਂਦਾ । ਉਹ ਇਕਦਮ ਪੁੱਛਦਾ ਕਿ ਬੇਬੇ ਠੀਕ ਆ ?? ਕਹਿੰਦੇ ਹਾਂ ਠੀਕ ਆ ਪੁੱਤਰਾ ।ਉਹ ਕਹਿੰਦਾ ਕੋਈ ਨਾ ਬਾਪੂ ਜੀ ਮੈਂ ਦੁਪਹਿਰ ਤੱਕ ਦੱਸਦਾ ਤੁਹਾਨੂੰ। ਦੁਪਹਿਰ ਨੂੰ ਟਿਕਟ ਦਾ ਬੰਦੋਬਸਤ ਕਰਕੇ ਬਾਪੂ ਨੂੰ ਦੱਸ ਦਿੱਤਾ ਕਿ ਆ ਰਿਹਾ ਮੈਂ । ਘਰੋਂ ਹਵਾਈ ਅੱਡੇ ਨੂੰ ਜਾਂਦੇ ਹੋਏ ਨੂੰ ਬੇਬੇ ਨੂੰ ਮਿਲਣ ਦੀ ਤਾਂਘ ਤੇ ਮਨ ਚ ਇੱਕ ਅਜੀਬ ਜਿਹੀ ਬੇਚੈਨੀ ਸੀ । ਹਵਾਈ ਸਫਰ ਤੋਂ ਬਾਅਦ ਜਦ ਦਿੱਲੀ ਹਵਾਈ ਅੱਡੇ ਤੇ ਪਹੁੰਚਿਆ ਤੇ ਚਾਚੇ ਦਾ ਮੁੰਡਾ ਲੈਣ ਆਇਆ ਸੀ । ਮਿਲਣ ਤੋਂ ਬਾਅਦ ਜਲਦੀ ਦੇਣੀ ਤੁਰ ਪੈਂਦੇ ਆ ।
ਰਸਤੇ ਚ ਦਿੱਲੀ ਤੋਂ ਪਿੰਡ ਤੱਕ ਦਾ ਸਫਰ ਉਹਨੂੰ ਪਰਦੇਸ ਤੋਂ ਵੀ ਜਿਆਦਾ ਲੱਗ ਰਿਹਾ ਸੀ। ਉਹਨੂੰ ਏਦਾਂ ਲਗਦਾ ਸੀ ਕਿ ਕਾਸ਼ ਉੱਡ ਕੇ ਚਲਾ ਜਾਵੇ। ਪਿੰਡ ਦੀ ਜੂਹ ਲੰਘਿਆ ਸੀ ਕਿ ਅਚਾਨਕ ਗੱਡੀ ਨੂੰ ਸ਼ਮਸ਼ਾਨਘਾਟ ਵੱਲ ਜਾਂਦੀ ਵੇਖ ਕੇ ਉਹਨੇ ਇਕਦਮ ਪੁੱਛਿਆ ਕਿ ਆਹ ਕਿੱਧਰ ਦੀ ਚੱਲੇ ਆਪਾਂ??? ਉਹ ਕਹਿੰਦਾ ਕਿ ਵੀਰੇ ਸਾਰੇ ਤੈਨੂੰ ਹੀ ਉਡੀਕ ਰਹੇ ਆ ਕਿਉਂਕਿ ਤਾਈ ਤੇ ਕੱਲ ਦੀ ਸਾਨੂੰ ਛੱਡ ਕੇ ਹਮੇਸ਼ਾਂ ਲਈ ਜਾ ਚੁੱਕੀ ਆ। ਉਹ ਜਾਗਦਾ ਹੋਇਆ ਬੁੱਤ ਬਣ ਜਾਂਦਾ ਹੈ। ਉਹਦੀਆਂ ਅੱਖਾਂ ਅੱਗੇ ਬੇਬੇ ਦਾ ਉਹੀ ਹਸੂੰ ਹਸੂੰ ਕਰਦਾ ਚਿਹਰਾ ਆ ਜਾਂਦਾ ਹੈ ਜੋ ਆਪਣੇ ਪੁੱਤ ਨੂੰ ਦੇਖ ਕੇ ਆਉਂਦਾ ਸੀ। ਧਾਹਾਂ ਮਾਰਦਾ ਹੋਇਆ ਉਹ ਬੇਬੇ ਕੋਲ਼ ਜਾਂਦਾ ਹੈ ਤੇ ਆਖਦਾ ਹੈ ਕਿ ਬੇਬੇ ਉੱਠ ਤੇਰਾ ਪੁੱਤ ਆ ਗਿਆ ਆ। ਰੋਂਦਾ ਹੋਇਆ ਫਿਰ ਦੂਰ ਖੜ੍ਹ ਜਾਂਦਾ ਹੈ ਤੇ ਚੁੱਪਚਾਪ ਬੇਬੇ ਵੱਲ ਨੂੰ ਦੇਖਦਾ ਰਹਿੰਦਾ ……….
ਰੀਨਾ ਔਜਲਾ
ਕੁਝ ਦਿਨ ਪਹਿਲਾਂ ਮੇਰੇ ਬੇਟੇ ਦੇ ਦੋਸਤ ਦਾ ਫੋਨ ਆਇਆ। “ਆਂਟੀ !ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਣੀ ਸੀ।” ਮੈਂ ਥੋੜ੍ਹਾ ਘਬਰਾ ਗਈ ,”ਹਾਂ !ਦੱਸੋ ਬੇਟਾ ਦੀ ਗੱਲ ਹੈ?” ਉਹ ਬੋਲਿਆ ,”ਆਂਟੀ ! ਜੋਤ ਨੂੰ ਕਲਾਸ ਵਿੱਚ ਬਲੈਕ ਬੋਰਡ ਦਿਖਾਈ ਨਹੀਂ ਦਿੰਦਾ। ਤੁਸੀਂ ਉਸਦੀ ਨਿਗ੍ਹਾ ਚੈੱਕ ਕਰਵਾਓ ।” ਪਹਿਲਾਂ ਤਾਂ ਮੈਂ ਸੋਚਿਆ ਕਿ ਬੱਚਾ ਹੈ। ਐਵੇਂ ਮਜ਼ਾਕ ਕਰ ਰਿਹਾ ਹੋਣਾ। ਫਿਰ ਮੈਂ ਸਹੀ ਗੱਲ ਪਤਾ ਕਰਨ ਦੀ ਸੋਚੀ। ਮੈਂ ਬਿਲਕੁਲ ਹੈਰਾਨ ਰਹਿ ਗਈ, ਜਦੋਂ ਮੈਂ ਉਸ ਨੂੰ ਥੋੜ੍ਹੀ ਦੂਰ ਲਿਖੇ ਕੁਝ ਅੱਖਰ ਪੜ੍ਹਾ ਕੇ ਦੇਖਣ ਦੀ ਕੋਸ਼ਿਸ਼ ਕੀਤੀ । ਉਹ ਬਿਲਕੁਲ ਵੀ ਨਹੀਂ ਪੜ੍ਹ ਸਕਿਆ । ਪਹਿਲਾਂ ਤਾਂ ਮੈਂ ਉਸ ਨੂੰ ਡਾਂਟਿਆ ਕਿ ਕਿੰਨੀ ਦੇਰ ਹੋ ਗਈ ਤੂੰ ਇਸ ਬਾਰੇ ਦੱਸਿਆ ਕਿਉਂ ਨਹੀਂ। ਉਸ ਤੋਂ ਬਾਅਦ ਅਸੀਂ ਜਲਦੀ ਨਾਲ ਉਸ ਨੂੰ ਡਾਕਟਰ ਕੋਲ ਲੈ ਕੇ ਗਏ। ਜਦੋਂ ਡਾਕਟਰ ਨੇ ਨਜ਼ਰ ਚੈੱਕ ਕੀਤੀ ਤਾਂ ਕਿਹਾ ਕਿ ਇਸਦੇ ਦਾ ਸਾਢੇ ਤਿੰਨ ਨੰਬਰ ਦੀ ਐਨਕ ਲੱਗੇਗੀ। ਬੇਟੇ ਦੇ ਐਨਕ ਤਾਂ ਲੱਗ ਗਈ ਪਰ ਮੈਨੂੰ ਫਿਰ ਮੈਨੂੰ ਉਸਦੇ ‘ਫਰਿਸ਼ਤੇ’ ਵਰਗੇ ਦੋਸਤ ਦਾ ਧਿਆਨ ਆਇਆ , ਜਿਸ ਨੇ ਕਿ ਸਾਨੂੰ ਦੱਸਣਾ ਆਪਣਾ ਫਰਜ਼ ਸਮਝਿਆ ।ਨਹੀਂ ਤਾਂ ਪਤਾ ਨਹੀਂ ਕਿੰਨੀ ਕੁ ਦੇਰ ਲੱਗ ਜਾਂਦੀ ਤੇ ਹੋਰ ਵੀ ਜ਼ਿਆਦਾ ਨੁਕਸਾਨ ਹੋ ਜਾਂਦਾ ।ਅਸੀਂ ਉਸ ਦੇ ਫਰਿਸ਼ਤੇ ਵਰਗੇ ਦੋਸਤ ਦਾ ਵਾਰ ਵਾਰ ਸ਼ੁਕਰੀਆ ਅਦਾ ਕੀਤਾ ਅਤੇ ਆਪਣੇ ਬੇਟੇ ਨੂੰ ਤਾਕੀਦ ਕੀਤੀ , “ਸੱਚੇ ਦੋਸਤ ਬੜੀ ਮੁਸ਼ਕਿਲ ਨਾਲ ਮਿਲਦੇ ਨੇ । ਰੱਬ ਨੇ ਤੈਨੂੰ ਇਹ ਇੰਨਾ ਪ੍ਰਵਾਹ ਕਰਨ ਵਾਲਾ ਦੋਸਤ ਦੇ ਕੇ ਤੈਨੂੰ ਜ਼ਿੰਦਗੀ ਦਾ ਬਹੁਮੁੱਲਾ ਤੋਹਫ਼ਾ ਦਿੱਤਾ ਹੈ । ਇਸ ਨੂੰ ਕਦੇ ਨਾ ਛੱਡੀਂ ।”
ਰਮਨਦੀਪ ਕੌਰ ਵਿਰਕ
ਸੀਮਾ ਇੱਕ ਪੜ੍ਹੀ ਲਿਖੀ ਘਰੇਲੂ ਔਰਤ ਸੀ। ਉਹ ਸਾਰਾ ਦਿਨ ਆਪਣੇ ਬੱਚਿਆਂ ਵਿੱਚ ਮਸਤ ਰਹਿੰਦੀ । ਕਦੇ ਉਨ੍ਹਾਂ ਨੂੰ ਪੜ੍ਹਾ ਰਹੀ ਹੁੰਦੀ ,ਕਦੇ ਉਨ੍ਹਾਂ ਨੂੰ ਖਾਣ ਪੀਣ ਲਈ ਦਿੰਦੀ । ਉਹ ਘਰ ਦੇ ਨਿੱਕੇ ਨਿੱਕੇ ਕੰਮ ਕਰਦਿਆਂ ਬੜਾ ਖੁਸ਼ੀ ਮਹਿਸੂਸ ਕਰਦੀ। ਆਪਣੇ ਬੱਚਿਆਂ ਨਾਲ ਰਲ ਮਿਲ ਕੇ ਹੱਸਣਾ ਉਸ ਨੂੰ ਬਹੁਤ ਚੰਗਾ ਲਗਦਾ। ਇੱਕ ਦਿਨ ਉਹ ਬੱਚਿਆਂ ਨਾਲ ਗੱਲਾਂ ਗੱਲਾਂ ਬਾਤਾਂ ਕਰ ਰਹੀ ਸੀ। ਉਸ ਨੇ ਆਪਣੇ ਬੱਚਿਆਂ ਨੂੰ ਪੁੱਛਿਆ ,”ਬੇਟੇ ਤੁਸੀਂ ਵੱਡੇ ਹੋ ਕੇ ਕੀ ਬਣੋਗੇ ?”ਉਸ ਦੀ ਅੱਠਵੀਂ ਚ ਪੜ੍ਹਦੀ ਬੇਟੀ ਰੀਤ ਬੋਲੀ ,”ਮੰਮੀ !ਮੈਂ ਤਾਂ ਡਾਕਟਰ ਬਣਨਾ।” ਉਸ ਨੇ ਕਿਹਾ ,”ਹਾਂ ਬੇਟੇ ਸਾਰਿਆਂ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਉਦੇਸ਼ ਹੋਣਾ ਚਾਹੀਦਾ ।ਬਹੁਤ ਵਧੀਆ ਲੱਗਿਆ ਕਿ ਤੂੰ ਡਾਕਟਰ ਬਣਨਾ । ਫਿਰ ਉਸ ਦੇ ਬੇਟੇ ਨੇ ਕਿਹਾ,”ਪਰ ਮੰਮੀ ਤੁਸੀਂ ਸਾਡੀ ਛੱਡੋ !ਤੁਸੀਂ ਇਹ ਦੱਸੋ ਕੀ ਤੁਸੀਂ ਜਦੋਂ ਸਾਡੇ ਜਿੱਡੇ ਹੁੰਦੇ ਸੀ ਤਾਂ ਤੁਹਾਡਾ ਦਿਲ ਕਰਦਾ ਸੀ ਕਿ ਮੈਂ ਕੀ ਬਣਾਂ?” ਸੀਮਾ ਹੱਸ ਕੇ ਬੋਲੀ ,”ਮੇਰਾ ਤਾਂ ਬਹੁਤ ਕੁਝ ਬਣਨ ਨੂੰ ਦਿਲ ਕਰਦਾ ਸੀ ਬੇਟਾ!” ਤਾਂ
ਮੰਮੀ ਬਣੇ ਕਿਉਂ ਨਹੀਂ ?”ਉਸ ਦੇ ਬੇਟੇ ਨੇ ਪੁੱਛਿਆ।” ਤੁਸੀਂ ਤਾਂ ਪੜ੍ਹ ਲਿਖ ਕੇ ਘਰ ਵਿੱਚ ਹੀ ਕੰਮ ਕਰਦੇ ਹੋ ।” “ਦੱਸਦੀ ਹਾਂ ਬੇਟਾ, ਛੋਟੀ ਹੁੰਦੀ ਜਦੋਂ ਆਪਣੀ ਮੰਮੀ ਨਾਲ ਹਸਪਤਾਲ ਜਾਇਆ ਕਰਨਾ, ਉੱਥੇ ਡਾਕਟਰ ਨੂੰ ਵੇਖ ਕੇ ਮੇਰਾ ਬੜਾ ਦਿਲ ਕਰਨਾ ਕਿ ਮੈਂ ਇਸ ਵਰਗੀ ਡਾਕਟਰ ਬਣਾਂ । ਜਦੋਂ ਮੈਂ ਆਪਣੇ ਅਧਿਆਪਕਾਂ ਨੂੰ ਪੜ੍ਹਾਉਂਦੇ ਦੇਖਦੀ ਸੀ ਤਾਂ ਮੇਰਾ ਮਨ ਅਧਿਆਪਕ ਬਣਨ ਨੂੰ ਕਰਦਾ ਸੀ ਤੇ ਜਦੋਂ ਕਦੇ ਕਦੇ ਸਕੂਲ ਦੇ ਬਗੀਚੇ ਵਿੱਚ ਮਾਲੀ ਨੂੰ ਕੰਮ ਕਰਦੇ ਦੇਖਣਾ ਤਾਂ ਮੇਰਾ ਦਿਲ ਕਰਿਆ ਕਰਨਾ ਕਿ ਚੱਲ ਮੈਂ ਤਾਂ ਮਾਲੀ ਹੀ ਬਣ ਜਾਵਾਂ। ਸਾਰਾ ਦਿਨ ਫੁੱਲਾਂ ਬੂਟਿਆਂ ‘ਚ ਰਿਹਾ ਕਰਾਂਗੀ । ਕਈ ਵਾਰੀ ਜਦੋਂ ਵਿਆਹ ਸ਼ਾਦੀ ਵਿੱਚ ਸਵਾਦ ਚੀਜ਼ਾਂ ਖਾਂਦੀ ਫੇਰ ਮੇਰਾ ਜੀਅ ਕਰਦਾ, ਲੈ ਮੈਂ ਤਾਂ ਸ਼ੈੱਫ ਬਣਜਾਂ ਤੇ ਬਹੁਤ ਸਵਾਦ ਸਵਾਦ ਚੀਜ਼ਾਂ ਬਣਾਇਆ ਕਰਾਂ। ਇਸ ਤਰ੍ਹਾਂ ਮੇਰੇ ਤਾਂ ਬਹੁਤ ਕੁਝ ਬਣਨ ਨੂੰ ਦਿਲ ਕਰਦਾ ਸੀ ।”ਅੱਛਾ ਮੰਮੀ ,ਤੁਸੀਂ ਐਨਾ ਕੁਝ ਬਣਨਾ ਚਾਹੁੰਦੇ ਸੀ ?”ਅਵੀ ਹੈਰਾਨੀ ਨਾਲ ਬੋਲਿਆ। ਫੇਰ ਸੀਮਾ ਨੇ ਗੱਲ ਜਾਰੀ ਰੱਖੀ ਏਨਾ ਹੀ ਨਹੀਂ ਬੇਟੇ ! ਜਦੋਂ ਕਦੇ ਮੈਂ ਸੋਹਣੀਆਂ ਕਹਾਣੀਆਂ ਪੜ੍ਹਦੀ ਸੀ ਤਾਂ ਮੇਰਾ ਜੀਅ ਕਰਦਾ ਸੀ ਕਿ ਮੈਂ ਤਾਂ ਕਹਾਣੀਆਂ ਲਿਖਿਆ ਕਰਾਂ। ਮੇਰਾ ਕਹਾਣੀਕਾਰ ਬਣਨ ਨੂੰ ਵੀ ਦਿਲ ਕਰਦਾ ਸੀ। ” ਇਹ ਸੁਣ ਕੇ ਦੋਵੇਂ ਬੱਚੇ ਹੈਰਾਨ ਹੋ ਗਏ ਤੇ ਉਸ ਦੀ ਬੇਟੀ ਰੀਤ ਉਦਾਸ ਜੀ ਹੋ ਕੇ ਬੋਲੀ ,”ਹੈਂ ਮੰਮੀ! ਤੁਸੀਂ ਤਾਂ ਪੜ੍ਹ ਲਿਖ ਕੇ ਘਰ ਵਿੱਚ ਹੀ ਰਹਿ ਗਏ ।ਤੁਸੀਂ ਤਾਂ ਕੁਝ ਵੀ ਨਹੀਂ ਬਣ ਸਕੇ।” ਇਹ ਸੋਚ ਕੇ ਸੀਮਾ ਹੱਸ ਪਈ ,”ਨਹੀਂ ਬੇਟੇ ਮੇਰੀ ਗੱਲ ਧਿਆਨ ਨਾਲ ਸੁਣੋ ! ਭਾਵੇਂ ਮੈਂ ਘਰ ਵਿੱਚ ਕੰਮ ਕਰਦੀ ਹਾਂ ਪਰ ਜਦੋਂ ਤੁਸੀਂ ਬੀਮਾਰ ਹੁੰਦੇ ਓ ਨਵੇਂ ਨਵੇਂ ਨੁਸਖੇ ਵਰਤ ਕੇ ਤੁਹਾਨੂੰ ਮਿੰਟਾਂ ਵਿੱਚ ਠੀਕ ਕਰਦੀਆਂ ਕਿ ਨਹੀਂ?” “ਹਾਂ ਮੰਮੀ ਪਿਛਲੀ ਵਾਰ ਜਦੋਂ ਮੈਨੂੰ ਜ਼ੁਕਾਮ ਹੋਇਆ ਸੀ ਤੁਸੀਂ ਇੱਕ ਦਿਨ ਚ ਮੈਨੂੰ ਠੀਕ ਕਰ ਦਿੱਤਾ ਸੀ। ਤੁਸੀਂ ਸੱਚੀ ਮੁੱਚੀ ਡਾਕਟਰ ਹੋ ।” “ਬੇਟੇ !ਜਦੋਂ ਮੈਂ ਤੈਨੂੰ ਸਵਾਦ ਸਵਾਦ ਚੀਜ਼ਾਂ ਬਣਾ ਕੇ ਖੁਆਉਂਦੀ ਹਾਂ ਤਾਂ?” ਸੀਮਾ ਨੇ ਪੁੱਛਿਆ । ” ਮੰਮੀ! ਵੱਡੇ ਵੱਡੇ ਸ਼ੈਫ ਵੀ ਤੁਹਾਡੇ ਵਰਗਾ ਖਾਣਾ ਨਹੀਂ ਬਣਾ ਸਕਦੇ ।ਸਾਨੂੰ ਤਾਂ ਘਰ ਦੇ ਖਾਣੇ ਚ ਇੰਨਾ ਸੁਆਦ ਆਉਂਦਾ ਕਿ ਕਿਸੇ ਹੋਟਲ ਚ ਵੀ ਨਹੀਂ ਆ ਸਕਦਾ।” ਤੇ ਮੈਂ ਜਦੋਂ ਤੁਹਾਨੂੰ ਪੜ੍ਹਾਉਂਦੀਆਂ ,ਉਦੋਂ ਮੈਂ ਮੈਨੂੰ ਆਪਣਾ ਆਪ ਕਿਸੇ ਅਧਿਆਪਕ ਤੋਂ ਘੱਟ ਨਹੀਂ ਲੱਗਦਾ।” ” ਮੰਮੀ ਸੱਚੀਂ ਅਧਿਆਪਕ ਵੀ ਤੁਹਾਡੇ ਤੋਂ ਵਧੀਆ ਨਹੀਂ ਪੜ੍ਹਾ ਸਕਦੇ।” ਦੋਵੇਂ ਬੱਚੇ ਇਕੱਠੇ ਬੋਲੇ। ” ਤੇ ਉਹ ਜਿਹੜੀ ਤੁਸੀਂ ਕਹਾਣੀਆਂ ਲਿਖਣ ਦੀ ਗੱਲ ਕਰਦੇ ਸੀ, ਉਹਦਾ ਕੀ ਬਣਿਆ ? ਸੀਮਾ ਨੇ ਜਵਾਬ ਦਿੱਤਾ ,”ਜਦੋਂ ਤੁਸੀਂ ਰਾਤ ਨੂੰ ਸੌਣ ਵੇਲੇ ਕਹਾਣੀ ਸੁਣਨ ਦੀ ਜ਼ਿੱਦ ਕਰਦੇ ਓ ,ਉਹ ਜਿਹੜੀਆਂ ਕਹਾਣੀਆਂ ਮੈਂ ਸੁਣਾਉਂਦੀ ਹਾਂ, ਉਹ ਮੈਂ ਆਪਣੇ ਆਪ ਨੂੰ ਬਣਾ ਕੇ ਤੁਹਾਨੂੰ ਸੁਣਾਉਂਦੀਆਂ ਤੇ ਫਿਰ ਮੈਂ ਕਹਾਣੀਕਾਰ ਵੀ ਹੋ ਗਈ। ਹਾਂ ,ਜਦੋਂ ਮੈਂ ਘਰ ਲੱਗੇ ਬੂਟਿਆਂ ਨੂੰ ਪਾਲ ਪੋਸ ਕੇ ਵੱਡਾ ਕਰਦੀਆਂ ਤਾਂ ਉਦੋਂ ਮੈਂ ਕਿਸੇ ਮਾਲੀ ਤੋਂ ਘੱਟ ਨਹੀਂ ਹੁੰਦੀ ।” ਦੋਨੋਂ ਬੱਚੇ ਬਹੁਤ ਖੁਸ਼ ਹੋਏ ।”ਤਾਂ ਮੰਮੀ ਹੁਣ ਇਸ ਤੋਂ ਬਾਅਦ ਕੀ ਬਣਨ ਦਾ ਇਰਾਦਾ ਹੈ? ਇਨ੍ਹਾਂ ਵਿੱਚੋਂ ਸਾਰਾ ਕੁਝ ਬਣ ਗਏ ਕਿ ਕੁਝ ਰਹਿ ਵੀ ਗਿਆ ?” ਰੀਤ ਨੇ ਪੁੱਛਿਆ।” ਹਾਂ ਬੇਟੇ ,ਇੱਕ ਚੀਜ਼ ਰਹਿਗੀ ।” “ਉਹ ਕੀ ਮੰਮੀ ? ਅਵੀ ਬੋਲਿਆ।” ਹੁਣ ਤਾਂ ਮੈਂ ਬੱਸ ‘ ਪਾਇਲਟ ‘ਬਣਨਾ ਹੈ ।”ਪਾਇਲਟ ?”ਦੋਨੋਂ ਬੱਚਿਆਂ ਨੇ ਪੁੱਛਿਆ।” ਹਾਂ ਜੀ ਬਿਲਕੁਲ ‘ਪਾਇਲਟ ‘ ਬਣਨਾ।” ” ਪਰ ਕਿਵੇਂ ਮੰਮੀ ?” ਬੱਚੇ ਹੈਰਾਨ ਹੋ ਗਏ। ” ਦੇਖੋ ਬੇਟੇ ਹੁਣ ਤੁਹਾਡੇ ਸੁਪਨਿਆਂ ਨੂੰ ਉਡਾਣ ਦੇ ਕੇ ਮੈਂ ਪਾਇਲਟ ਬਣਾਂਗੀ । ਸਮਝੇ ਕਿ ਨਹੀਂ ?” ਤੇ ਤਿੰਨੋਂ ਉੱਚੀ ਉੱਚੀ ਹੱਸ ਪਏ ।
ਰਮਨਦੀਪ ਕੌਰ ਵਿਰਕ
ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ। ਮੇਰੀ ਉੱਮਰ ਉਦੋਂ 15-16 ਸਾਲ ਦੀ ਹੋਣੀ ਆ ਮੈਂ ਨਾ ਨੁੱਕਰ ਜਿਹੀ ਕੀਤੀ ਪਰ ਬੇਬੇ ਕਹਿੰਦੀ ਕੱਲ੍ਹ ਨੂੰ ਤੇਰਾ ਵਿਆਹ ਵੀ ਤਾਂ ਕਰਨਾ ਫੇਰ ਕਿਸੇ ਨਹੀਂ ਆਉਣਾ ਕੰਮ ਕਰਾਉਣ ਲਈ, ਬੇਬੇ ਦੀ ਨਸੀਹਤ ਸੁਣਨ ਤੋਂ ਬਾਅਦ ਮੈਂ ਹਾਂ ਕਰ ਦਿੱਤੀ। ਬੇਬੇ ਨੇ ਦੁੱਧ ਦਾ ਡੋਲੂ ਭਰਿਆ ਅਤੇ ਮੈਨੂੰ ਲੰਬਰਦਾਰਾਂ ਦੇ ਭੇਜ ਦਿੱਤਾ। ਮੈਂ ਪਹਿਲੀ ਵਾਰ ਕਿਸੇ ਵਿਆਹ ਵਾਲੇ ਘਰ ਕੰਮ ਕਰਨ ਲਈ ਗਿਆ ਸੀ। ਅੱਜ ਕੱਲ੍ਹ ਤਾਂ ਪੈਲਸਾਂ ਦਾ ਜ਼ਮਾਨਾ ਆ ਗਿਆ ਪਰ ਉਨ੍ਹਾਂ ਸਮਿਆਂ ਵਿੱਚ ਪਿੰਡ ਵਾਲੇ ਵਿਆਹ-ਸ਼ਾਦੀ ਵੇਲੇ ਇੱਕ ਦੂਜੇ ਦੀ ਬਹੁਤ ਮਦਦ ਕਰਦੇ ਸਨ ਜਿਵੇਂ ਦੁੱਧ ਪਹੁੰਚਾਉਣਾ, ਮੰਜੇ ਬਿਸਤਰੇ ਦੇਣਾ, ਨਿਉਂਦਾ ਪਾਓਣਾ, ਜਿਸ ਨਾਲ ਵਿਆਹ ਵਾਲਿਆ ਨੂੰ ਬਹੁਤ ਸਹਾਰਾ ਲੱਗ ਜਾਂਦਾ ਸੀ। ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ਭੱਠੀ ਚੜ੍ਹਾਈ ਜਾਂਦੀ ਸੀ। ਪਹਿਲੇ ਦਿਨ ਹਲਵਾਈ ਨੇ ਭੁਜੀਆਂ – ਬੂੰਦੀ, ਲੱਡੂ , ਮੱਠੀਆਂ, ਆਦਿ ਮਠਿਆਈਆਂ ਬਣਾਈਆਂ ਉਹ ਤਾਜ਼ੀਆਂ ਮਠਿਆਈਆਂ ਦੀ ਖੁਸ਼ਬੂ ਅੱਜ ਵੀ ਮੇਰੇ ਦਿਮਾਗ ਵਿੱਚ ਵਸੀ ਹੋਈ ਏ।
ਅਗਲੇ ਦਿਨ ਬੇਬੇ ਨੂੰ ਮੈਨੂੰ ਕਹਿਣ ਦੀ ਲੋੜ ਨਾ ਪਈ, ਮੈਂ ਆਪ ਹੀ ਦੁੱਧ ਦਾ ਡੋਲੂ ਲੈ ਲੰਬਰਦਾਰਾਂ ਦੇ ਘਰ ਪਹੁੰਚ ਗਿਆ ਕੰਮ ਕਰਾਉਣ ਲਈ। ਜਾਂਦਿਆ ਹੀ ਭੁਜੀਆਂ-ਬਦਾਣੇ ਨਾਲ ਗਰਮ- ਗਰਮ ਚਾਹ ਦਾ ਗਿਲਾਸ, ਕੀ ਸਵਾਦ ਸੀ ਅੱਜ ਵੀ ਚੇਤੇ ਆ, ਉਸ ਦਿਨ ਅਸੀਂ “ਮੰਜੇ ਬਿਸਤਰੇ, ਵੀ ਇਕੱਠੇ ਕੀਤੇ ਜਿਸ ਦੇ ਵੀ ਘਰ ਜਾਂਦੇ ਬਹੁਤ ਖੁਸ਼ੀ ਨਾਲ਼ ਮੰਜਾ ਬਿਸਤਰਾ ਦਿੰਦਾਂ ਪਰ ਕਈ ਬੀਬੀਆਂ ਮਜ਼ਾਕ ਚ ਕਹਿ ਵੀ ਦਿੰਦੀਆਂ ਕਿ ਨਵਾਂ ਬਿਸਤਰਾ ਜੀ ਨਿਆਣੇ ਵਾਲੀ ਨੂੰ ਨਾ ਦਿਓ ਗੰਦਾ ਹੋਜੂ।
ਸ਼ਾਮ ਵੇਲੇ ਨਾਨਕਾ ਮੇਲ ਵੀ ਪਹੁੰਚ ਚੁੱਕਿਆ ਸੀ ਰਾਤ ਦੀ ਰੋਟੀ ਨਾਲ਼ ਹਲਵਾਈ ਵੱਲੋਂ ਗਰਮਾ-ਗਰਮ ਜਲੇਬੀਆਂ ਵੀ ਬਣਾਈਆਂ ਗਈਆਂ ਨਾਨਕੇ ਅਤੇ ਦਾਦਕਿਆਂ ਵਲੋਂ ਮਿਲ ਕੇ ਪਿੰਡ ਵਿੱਚ ਜਾਗੋ ਕੱਢੀ ਗਈ, ਇੱਕ ਦੂਜੇ ਨੂੰ ਸਿੱਠਣੀਆਂ ਰਾਹੀਂ ਖ਼ੂਬ ਮਜ਼ਾਕ ਕੀਤਾ ਗਿਆ, ਇਸ ਤਰ੍ਹਾਂ ਦੇਰ ਰਾਤ ਤੱਕ ਖ਼ੂਬ ਰੌਣਕਾਂ ਲੱਗੀਆਂ ਰਹੀਆਂ।
ਸਵੇਰੇ ਬਰਾਤ ਚ ਜਾਣ ਲਈ ਬਾਪੂ ਤਿਆਰ ਸੀ, ਪਰ ਮੈਂ ਜਿਦ ਕਰਕੇ ਬਹਿ ਗਿਆ। ਬੇਬੇ ਦੇ ਕਹਿਣ ਤੇ ਬਾਪੂ ਮਨ ਗਿਆ ਮੈਂ ਤਿਆਰ ਹੋ ਕੇ ਪਹੁੰਚ ਗਿਆ ਲੰਬਰਦਾਰਾਂ ਦੇ ਘਰ, ਮੇਰੇ ਜਾਂਦਿਆ ਨੂੰ ਵਿਆਹ ਵਾਲਾ ਮੁੰਡਾ ਵੀ ਤਿਆਰ ਸੀ, ਸੇਹਰਾ ਬਨਾਈ, ਸੂਰਮਾ ਪਵਾਈ, ਅਤੇ ਸਲਾਮੀ ਦੀਆਂ ਰਸਮਾਂ ਤੋਂ ਬਾਅਦ ਗੁਰੂ ਘਰ ਮੱਥਾ ਟੇਕਿਆ ਅਤੇ ਰੀਬਨਾ ਵਾਲ਼ੀ ਕਾਰ ਚ ਬੈਠ ਤੁਰ ਪਿਆ ਸੋਹਰਿਆਂ ਦੇ ਪਿੰਡ ਵੱਲ ਨੂੰ, ਹੋਰ ਬਰਾਤੀ ਬੱਸ ਚ ਬੈਠ ਪਿੱਛੇ-ਪਿੱਛੇ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਗਏ।
ਪਿੰਡ ਦੀ ਧਰਮਸ਼ਾਲਾ ਵਿੱਚ ਬਰਾਤ ਦਾ ਉਤਾਰਾ ਸੀ। ਧਰਮਸ਼ਾਲਾ ਚੋਂ ਬਾਜੇ ਗਾਜਿਆ ਨਾਲ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚੀ, ਮਿਲਣੀ ਦੀਆਂ ਰਸਮਾਂ ਤੋਂ ਬਾਅਦ ਰੀਬਨ ਕਟਾਈ ਤੇ ਲਾੜੇ ਅਤੇ ਸਾਲੀਆਂ ਵਲੋਂ ਇੱਕ ਦੂਜੇ ਬਹੁਤ ਮਜ਼ਾਕ ਕੀਤਾ ਗਿਆ। ਕੁੜੀ ਵਾਲਿਆਂ ਵੱਲੋਂ ਚਾਹ ਪਕੌੜਿਆਂ ਅਤੇ ਹੋਰ ਮਠਿਆਈਆਂ ਨਾਲ ਬਰਾਤ ਦੀ ਖ਼ੂਬ ਸੇਵਾ ਕੀਤੀ ਗਈ। ਉਸ ਤੋਂ ਬਾਅਦ ਆਨੰਦ ਕਾਰਜ ਹੋਏ, ਦੋਵੇਂ ਪਰਿਵਾਰਾਂ ਵੱਲੋਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਲੰਬਰਦਾਰ ਦੇ ਭਾਣਜੇ ਵੱਲੋਂ ਸੇਹਰਾ ਪੜ੍ਹਿਆ ਗਿਆ। ਧਰਮਸ਼ਾਲਾ ਵਿੱਚ ਮੂੰਡੇ ਦੇ ਯਾਰਾਂ, ਦੋਸਤਾਂ, ਨੇ ਵਿਆਹ ਦੀ ਖ਼ੁਸ਼ੀ ਵਿੱਚ ਢੋਲ ਦੇ ਡਗੇ ਤੇ ਭੰਗੜਾ ਪਾਇਆ ਐਨੇ ਵਿੱਚ ਕੁੜੀ ਵਾਲਿਆਂ ਵੱਲੋਂ ਰੋਟੀ ਦਾ ਸੁਨੇਹਾ ਆ ਗਿਆ ਰੋਟੀ ਤੇ ਵੀ ਬਰਾਤ ਦੀ ਸੇਵਾ ਵਿੱਚ ਕੁੜੀ ਵਾਲਿਆਂ ਵੱਲੋਂ ਕੋਈ ਕਸਰ ਨਾ ਰਹੀ।
ਹੁਣ ਵੇਲਾ ਸੀ ਡੋਲੀ ਵਿਦਾ ਹੋਣ ਦਾ ਬਾਜੇ ਵਾਲਿਆਂ ਨੇ ਵੀ ” ਬਾਬੂਲ ਕੀ ਦੁਆਏਂ ਲੈਤੀ ਜਾ , ਵਾਲੀ ਤਰਜ਼ ਵਜਾਉਣੀ ਸ਼ੁਰੂ ਕਰ ਦਿੱਤੀ। ਕੁੱਝ ਰਸਮਾਂ ਤੋਂ ਬਾਅਦ ਨਵ ਵਿਆਹੀ ਜੋੜੀ ਨੂੰ ਕਾਰ ਵਿੱਚ ਬਿਠਾਇਆ ਗਿਆ। ਰੀਬਨਾ ਵਾਲੀ ਕਾਰ ਜਦੋਂ ਨਵੀਂ ਜੋੜੀ ਨੂੰ ਬਿਠਾ ਤੁਰਨ ਲੱਗੀ ਤਾਂ ਲੰਬਰਦਾਰ ਵੱਲੋਂ ਕਾਰ ਉੱਤੋਂ ਦੱਸੀਆਂ -ਪੰਜੀਆਂ ਦੀ ਭਾਨ ਦੀ ਵਰਖਾ ਕੀਤੀ ਗਈ। ਬਰਾਤ ਵਾਪਸ ਪਿੰਡ ਪਹੁੰਚਣ ਤੇ ਲੰਬੜਦਾਰ ਦੇ ਘਰ ਖ਼ੁਸ਼ੀ ਦਾ ਮਾਹੌਲ ਸੀ। ਨਵ ਵਿਆਹੀ ਜੋੜੀ ਨੂੰ ਕਾਰ ਚੋਂ ਉਤਾਰਿਆ ਗਿਆ ਮੁੰਡੇ ਦੀ ਮਾਂ ਵੱਲੋਂ ਪਾਣੀ ਵਾਰ ਕੇ ਜੋੜੀ ਨੂੰ ਘਰ ਅੰਦਰ ਲਿਆਂਦਾ ਗਿਆ ਰਿਸਤੇਦਾਰ ਅਤੇ ਪਿੰਡ ਵਾਲੇ ਲੰਬੜਦਾਰ ਅਤੇ ਉਸ ਦੇ ਘਰਵਾਲੀ ਨੂੰ ਵਧਾਈਆਂ ਦੇ ਰਹੇ ਸਨ।
ਭਾਵੇਂ ਅੱਜ ਕੱਲ੍ਹ ਵਿਆਹਾਂ ਤੇ ਖ਼ਰਚੇ ਜ਼ਿਆਦਾ ਕੀਤੇ ਜਾਂਦੇ ਹਨ ਪਰ ਪਹਿਲਾਂ ਵਾਲੀ ਗੱਲ ਨਹੀਂ ਬਣਦੀ।
” ਦਵਿੰਦਰ ਸਿੰਘ ਰਿੰਕੂ ,
ਆਖਿਰ ਸਮਸ਼ੇਰ ਸਿੰਘ ਵੀ ਪਹੁੰਚ ਗਿਆ ਸੀ ਵਲੈਤ ਨੂੰਹ ਪੁੱਤ ਕੋਲ।
ਜ਼ਹਾਜ ਚੜਨ ਤੇ ਬੱਚੇ ਕਿਵੇਂ ਰਹਿੰਦੇ ਪ੍ਰਦੇਸ ਚ,ਦੇਖਣ ਦਾ ਚਾਅ ਤਾਂ ਮਾਪਿਆਂ ਨੂੰ ਹੁੰਦਾ ਈ ਐ……ਜਿਸ ਇਲਾਕੇ ਚ ਬੱਚਿਆਂ ਦਾ ਰੈਣ ਬਸੇਰਾ ਸੀ,ਪੰਜਾਬੀ ਅਜੇ ਘੱਟ ਈ ਪਹੁੰਚੇ ਸਨ। ਨੂੰਹ ਦੀ ਪੜਾਈ ਤਾਂ ਭਾਵੇਂ ਪੂਰੀ ਹੋ ਚੁੱਕੀ ਸੀ,ਪਰ ਕੰਮ ਤੇ ਇੱਕ ਦੋ ਸਟਾਫ ਆਪਣੇ ਦੇਸ਼ ਗਏ ਹੋਣ ਕਰਕੇ ਕੰਮ ਦਾ ਭਾਰ ਕੁੱਝ ਜਿਆਦਾ ਈ ਵਧ ਗਿਆ ਸੀ,ਪੱਕੇ ਹੋਣ ਕਰਕੇ ਹਰਜਾ-ਮਰਜਾ ਤਾਂ ਖਾਣਾ ਈ ਪੈਂਦਾ ਆ….
ਮੁੰਡਾ ਵੀ ਦਸ-ਬਾਰਾਂ ਘੰਟੇ ਕੰਮ ਤੇ ਜਾਂਦਾ। ਰਾਤ ਦੇ ਦਸ-ਗਿਆਰਾਂ ਵੱਜ ਜਾਂਦੇ ਮੁੜਦਿਆਂ ਨੂੰ…..ਬਾਹਰ ਈ ਕੁੱਝ ਖਾ ਆਉਂਦੇ ਵਿਚਾਰੇ….ਸਵੇਰ ਦੀ ਰੋਟੀ ਤਾਂ ਪਕਾ ਜਾਂਦੀ ਸੀ ਨੂੰਹ ਰਾਣੀ….ਉਹਦੀ ਕੰਮ ਵਾਲੀ ਥਾਂ ਦੂਰ ਸੀ,ਫੇਰ ਰਾਤ ਨੂੰ ਈ ਵਾਪਿਸ ਆਉਂਦੀ।
ਕੰਮ ਤੋਂ ਬਰੇਕ ਮਿਲਣ ਤੇ ਸ਼ਾਮ ਦੀ ਰੋਟੀ ਪੁੱਤ ਬਾਹਰ ਈ ਖੁਆ ਲਿਆਉਂਦਾ ਜਿਹੜੀ ਉਹਨੂੰ ਜਮਾਂ ਸੁਆਦ ਨਾ ਲੱਗਦੀ।
ਘਰੇਂ ਤਾਂ ਲਾਣੇਦਾਰਨੀ ਉਹਦੀ ਪਸੰਦ ਦੀਆਂ ਵੰਨ ਸੁਵੰਨੀਆਂ ਚੀਜ਼ਾਂ ਬਣਾਉਂਦੀ ਸੀ,ਉਹਦੇ ਕਾਲਜੇ ਚ ਜਾਣੋਂ ਹੌਲ ਪੈਂਦੇ।
ਤਿੰਨ ਕਮਰਿਆਂ ਵਾਲੇ ਘਰ ਚ ਇੱਕ ਹੋਰ ਮੁੰਡਾ ਵੀ ਰਹਿੰਦਾ ਸੀ,ਉਹ ਦੱਖਣ ਭਾਰਤ ਤੋਂ ਸੀ,ਚਾਹ ਕੇ ਵੀ ਉਹਦੇ ਨਾਲ ਕੋਈ ਗੱਲ ਨਾ ਕਰ ਪਾੳਂਦਾ…..ਉਹ ਵੀ ਕਦੇ-ਕਦਾਈਂ ਈ ਨਜ਼ਰੀਂ ਪੈਂਦਾ ਸੀ ।
ਕਮਰੇ ਚ ਬੈਠੇ ਬੈਠੇ ਦਿਨ ਲੰਘਣ ਚ ਈ ਨਾ ਆਉਂਦਾ,ਉਹਦਾ ਦਮ ਘੁੱਟਦਾ। ਚਾਰ ਕੁ ਦਿਨਾਂ ਚ ਉਹਦਾ ਮਨ ਉਚਾਟ ਹੋ ਗਿਆ।
ਖਿਆਲਾਂ ਦੀ ਸੂਈ ਮੁੜ-ਘੁੜ ਪੰਜਾਬ ਜਾ ਮੁੜਦੀ। ਕਿਵੇਂ ਉਹਨੇ ਬਾਪੂ ਜੀ ਵਾਂਗੂੰ ਸਖਤ ਮਿਹਨਤ ਕਰਕੇ ਸਭ ਬਣਾਇਆ ਸੀ। ਜਦੋਂ ਉਹਨਾਂ ਦਸ ਕਮਰੇ ਤੇ ਚਾਰ ਚੁਬਾਰਿਆਂ ਵਾਲਾ ਘਰ ਪਾਇਆ ਸੀ ਤਾਂ ਲੋਕ ਦੂਰੋਂ ਦੂਰੋਂ ਦੇਖਣ ਆਉੰਦੇ ਸਨ। ਪਿੰਡ ਚ ਹੋਰ ਕੋਈ ਵੀ ਐਡਾ ਵੱਡਾ ਘਰ ਪਾ ਨਹੀਂ ਸਕਿਆ ਸੀ। ਖੁੱਲੀ ਜ਼ਮੀਨ ਤੇ ਘਰੇਂ ਖੜਾ ਹਰੇਕ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ ਸੰਦ, ਕਿੱਲਿਆਂ ਤੇ ਬੱਧੀਆਂ ਸੁਲੱਖਣੀਆਂ ਮੱਝਾਂ ਗਾਵਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਪਿੰਡ ਚ ਸਭ ਬਹੁਤ ਇੱਜ਼ਤ ਕਰਦੇ ਸਨ, ਜਿੱਥੇ ਉਹ ਖੜ ਜਾਂਦਾ ਉਥੇ ਈ ਮੇਲਾ ਲੱਗ ਜਾਂਦਾ। ਨੇੜੇ ਤੇੜੇ ਦੇ ਦਸ ਪਿੰਡਾਂ ਚ ਉਹਦੀ ਠੁੱਕ ਸੀ। ਖੇਤਾਂ ਚ ਲਹਿਲਹਾਉੰਦੀਆਂ ਫਸਲਾਂ,ਚੱਲਦੀਆਂ ਮੋਟਰਾਂ ਦਾ ਕਲ-ਕਲ ਦਾ ਸੰਗੀਤ ਵਜਾਉਂਦਾ ਪਾਣੀ ਉਹਦੀ ਜਿੰਦ ਜਾਨ ਸਨ।
ਇਹ ਸਭ ਕੁੱਝ ਛੱਡ ਇਕਲੌਤੇ ਪੁੱਤ ਨੇ ਵਿਦੇਸ਼ ਵਾਲਾ ਰਾਹ ਕਿਉਂ ਚੁਣਿਆ,ਉਹ ਸਮਝ ਨਾ ਸਕਿਆ। ਉਹ ਦੇਖਣਾ ਚਾਹੁੰਦਾ ਸੀ,ਐਸਾ ਕੀ ਐ ਉਥੇ ਜੋ ਐਥੇ ਨਹੀਂ?
ਛੁੱਟੀ ਵਾਲੇ ਦਿਨ ਬੇਟਾ ਗੁਰੂ ਘਰ ਵੀ ਲੈ ਜਾਂਦਾ,ਇਧਰ ਉਧਰ ਘੁਮਾਉਣ ਵੀ ਲੈ ਜਾਂਦਾ,ਪਰ ਉਹਦਾ ਮਨ ਭਿੱਜਦਾ ਨਹੀਂ ਸੀ।
ਬੈਠਾ ਬੈਠਾ ਉਹ ਰੋ ਪੈਂਦਾ।
“ਇਹ ਇੱਥੇ ਕਿਵੇਂ ਰਹਿੰਦੇ ਨੇ”? ਮਨ ਈ ਮਨ ਚ ਸੋਚਦਾ ਰਹਿੰਦਾ ।
ਮਹੀਨੇ ਕੁ ਬਾਅਦ ਉਸਨੇ ਵਾਪਸੀ ਦੀ ਟਿਕਟ ਕਟਾ ਜਦ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਤਾਂ ਉਸਨੂੰ ਇੰਝ ਜਾਪ ਰਿਹਾ ਸੀ ਜਿਵੇਂ ਉਹ
ਹਰਿੰਦਰ ਕੌਰ ਸਿੱਧੂ
ਜ਼ਿੰਦਗੀ ਵਿੱਚ ਕਈ ਵਾਰ ਇਸ ਮਤਲਬ ਪ੍ਰਸਤ ਦੁਨੀਆਂ ਨੂੰ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ ।ਪਰ ਕਦੇ ਕਦੇ ਇਸੇ ਦੁਨੀਆਂ ਵਿੱਚ ਵਿਚਰਦਿਆਂ ਕੁਝ ‘ਰੱਜੀਆਂ ਰੂਹਾਂ ‘ਦੇ ਦਰਸ਼ਨ ਹੋ ਜਾਂਦੇ ਹਨ ਤਾਂ ਮਨ ਨੂੰ ਸਕੂਨ ਜਿਹਾ ਮਿਲਦਾ ਹੈ । ਇਹੋ ਜਿਹੀਆਂ ਘਟਨਾਵਾਂ ਕਦੇ ਨਹੀਂ ਭੁੱਲਦੀਆਂ। ਅਸੀਂ ਹੋਸਟਲ ਵਿੱਚ ਰਹਿੰਦੇ ਸੀ ।ਅਸੀਂ ਇਕ ਪ੍ਰੋਫੈਸਰ ਸਾਹਿਬ ਕੋਲ ਪੰਦਰਾਂ ਕੁ ਦਿਨ ਲਈ ਪੜ੍ਹਨ ਲਈ ਜਾਣਾ ਸੀ ਤਾਂ ਅਸੀਂ ਅੱਠ ਕੁ ਕੁੜੀਆਂ ਨੇ ਮਿਲ ਕੇ ਇੱਕ ਆਟੋ ਰਿਕਸ਼ਾ ਕਿਰਾਏ ਤੇ ਕਰ ਲਿਆ । ਕੁੜੀਆਂ ਉਸ ਆਟੋ ਰਿਕਸ਼ਾ ਡਰਾਈਵਰ ਨਾਲ ਗੱਲਾਂ ਕਰਨ ਲੱਗੀਆਂ। ਪਹਿਲਾਂ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਕਿਸੇ ਅਣਜਾਣ ਬੰਦੇ ਨਾਲ ਇਸ ਤਰ੍ਹਾਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੋਈ ਵੀ ਭਰੋਸੇਯੋਗ ਨਹੀਂ ਹੁੰਦਾ। ਪਰ ਕੁਝ ਕੁ ਦਿਨਾਂ ਵਿੱਚ ਪਤਾ ਲੱਗਿਆ ਕਿ ਉਹ ਤਾਂ ਵਾਕਿਆ ਹੀ ਬੜਾ ਹਸਮੁੱਖ ਤੇ ਭਲਾ ਪੁਰਸ਼ ਸੀ ।ਇੱਕ ਦਿਨ ਤਾਂ ਅਸੀਂ ਦੇਖਿਆ ਕਿ ਉਹ ਆਪਣੀ ਘਰ ਵਾਲੀ ਨੂੰ ਵੀ ਆਪਣੇ ਆਟੋ ਰਿਕਸ਼ਾ ਵਿੱਚ ਹੀ ਬਿਠਾਈ ਫਿਰੇ ।ਪੁੱਛਣ ਤੇ ਦੱਸਿਆ ,”ਇਹ ਤੁਹਾਡੀ ਭਰਜਾਈ ਹੈ । ਇਸ ਨੂੰ ਪੇਕੇ ਮਿਲਾਉਣ ਲੈ ਕੇ ਚੱਲਿਆ ਹਾਂ । ” ਅਸੀਂ ਬੜਾ ਖ਼ੁਸ਼ ਹੋਈਆਂ। ਉਹ ਵੀ ਉਸੇ ਦੀ ਤਰ੍ਹਾਂ ਹੀ ਬੜ੍ਹੀ ਹੱਸ ਮੁੱਖ ਸੀ ।ਪ੍ਰੋਫੈਸਰ ਸਾਹਿਬ ਦੇ ਘਰ ਤੱਕ ਪਹੁੰਚਦੇ ਪਹੁੰਚਦੇ ਸਾਡੇ ਨਾਲ ਗੱਲਾਂ ਕਰਦੀ ਰਹੀ ਤੇ ਅਸੀਂ ਉਸ ਤੋਂ ਉਸ ਦੀ ਇਸ ਜ਼ਿੰਦਗੀ ਬਾਰੇ ਹੋਰ ਵੀ ਕਾਫ਼ੀ ਕੁਝ ਪੁੱਛਿਆ। ਉਸ ਤੋਂ ਬਾਅਦ ਸਾਡੇ ਪੜ੍ਹਾਈ ਦੇ ਦਿਨ ਖ਼ਤਮ ਹੋ ਗਏ ਤੇ ਸਾਡੇ ਪੇਪਰ ਆ ਗਏ। ਪੇਪਰਾਂ ਤੋਂ ਬਾਅਦ ਅਸੀਂ ਆਪਣਾ ਸਾਮਾਨ ਚੁੱਕੀ ਹੋਸਟਲ ਦੇ ਬਾਹਰ ਕਿਸੇ ਆਟੋ ਦੀ ਉਡੀਕ ਕਰ ਰਹੀਆਂ ਸਾਂ ਕਿ ਉਹ ਹੀ ਆਟੋ ਵਾਲਾ ਸਾਨੂੰ ਦਿਸ ਪਿਆ। ਉਸ ਨੇ ਸਾਨੂੰ ਬੁਲਾਇਆ , “ਦੀਦੀ ! ਆਜੋ , ਬਸ ਸਟੈਂਡ ਤੱਕ ਛੱਡ ਦਿੰਦਾ ਹਾਂ ਤੁਹਾਨੂੰ।” ਅਸੀਂ ਕਿਹਾ,” ਠੀਕ ਹੈ “।ਅਤੇ ਉਸ ਦੇ ਆਟੋ ਵਿੱਚ ਸਾਮਾਨ ਰੱਖ ਕੇ ਬਸ ਸਟੈਂਡ ਵੱਲ ਚੱਲ ਪਈਆਂ। ਬੱਸ ਸਟੈਂਡ ਪਹੁੰਚ ਕੇ ਅਸੀਂ ਆਪਣਾ ਸਾਮਾਨ ਉਤਾਰਿਆ ਤੇ ਉਸ ਨੂੰ ਕਿਹਾ,” ਇਹ ਲਓ ਆਪਣੇ ਪੈਸੇ ।” ਪਰ ਅਸੀਂ ਉਸ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਈਆਂ। ਉਹ ਬੋਲਿਆ,” ਮੈਂ ਨਹੀਂ ਲੈਣੇ ਪੈਸੇ !ਆਪਣੀਆਂ ਭੈਣਾਂ ਤੋਂ ਵੀ ਕੋਈ ਪੈਸੇ ਲੈਂਦਾ ਹੈ ।” ਅਸੀਂ ਬੜਾ ਜ਼ੋਰ ਲਾਇਆ ਪਰ ਉਸ ਨੇ ਸਾਡੇ ਤੋਂ ਇੱਕ ਵੀ ਰੁਪਿਆ ਨਾ ਲਿਆ ਤੇ ਚਲਾ ਗਿਆ ।ਅਸੀਂ ਸਾਰੀਆਂ ਹੈਰਾਨ ਜਿਹੀਆਂ ਹੋਈਆਂ ਸੋਚਦੀਆਂ ਰਹਿ ਗਈਆਂ ਕਿ ਕਿੱਥੇ ਤਾਂ ਇਨਸਾਨ ਮਤਲਬ ਪਿੱਛੇ ਕਿਸੇ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ ਤੇ ਇਹ ਸ਼ਖਸ ਅਣਜਾਣ ਕੁੜੀਆਂ ਨੂੰ ਭੈਣਾਂ ਦੱਸ ਕੇ ਆਪਣੀ ਮਿਹਨਤ ਦੇ ਪੈਸੇ ਵੀ ਨਹੀਂ ਲੈ ਕੇ ਗਿਆ।ਇਹੋ ਜਿਹੇ ਗਰੀਬਾਂ ਨੂੰ ਤਾਂ ਪੈਸੇ ਦੀ ਬਹੁਤ ਲੋੜ ਹੁੰਦੀ ਹੈ। ਰੱਬ ਕਰੇ ਹੋ ਜਿਹੀਆਂ ‘ਰੱਜੀਆਂ ਰੂਹਾਂ’ ਦੇ ਦਰਸ਼ਨ ਹੁੰਦੇ ਰਹਿਣ ।ਇਹੋ ਜਿਹੇ ਲੋਕਾਂ ਕਰਕੇ ਦੁਨੀਆਂ ਤੇ ਵਿਸ਼ਵਾਸ ਕਾਇਮ ਰਹਿ ਜਾਂਦਾ ਹੈ ।
ਰਮਨਦੀਪ ਕੌਰ ਵਿਰਕ