• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

admin

admin

I am writer

ਛੱਤਰੀ

by admin September 25, 2020

ਸਾਰਾ ਪਰਿਵਾਰ ਇਕ ਛੱਤਰੀ ਹੇਠ ਤੇ ਇਕੱਠਾ ਹੋ ਕੇ ਤੁਰਿਆ ਜਾ ਰਿਹਾ ਸੀ।ਛਤਰੀ ਭਾਵੇ ਪੁਰਾਣੀ ਅਤੇ ਕਈ ਥਾਵਾਂ ਤੋਂ ਫਟੀ ਹੋਈ ਸੀ ਪਰ ਫੇਰ ਵੀ ਉਸਨੇ ਉਨ੍ਹਾਂ ਦਾ ਮੀਂਹ ਤੋਂ ਕਾਫੀ ਬਚਾਅ ਕਰ ਦਿੱਤਾ ਸੀ ।ਪਿਤਾ ਆਪਣੇ ਬੱਚਿਆਂ ਅਤੇ ਉਹਨਾਂ ਦੀ ਮਾਂ ਨੂੰ ਬਚਾਉਣ ਦੇ ਚੱਕਰ ਵਿੱਚ ਕਾਫੀ ਭਿੱਜ ਵੀ ਗਿਆ ਸੀ। ਅਚਾਨਕ ਹੀ ਮੀਂਹ ਰੁਕ ਕੇ ਧੁੱਪ ਨਿਕਲ ਆਈ ।ਸਾਰੇ ਜਾਣੇ ਦੂਰ ਦੂਰ ਹੋ ਕੇ ਤੁਰਨ ਲੱਗੇ। ਉਸ ਨੇ ਆਪਣੇ ਕੱਪੜੇ ਸੁਕਾਉਣ ਲਈ ਛੱਤਰੀ ਆਪਣੀ ਪਤਨੀ ਨੂੰ ਫੜਾ ਦਿੱਤੀ। ਥੋੜ੍ਹਾ ਤੁਰ ਕੇ ਪਤਨੀ ਨੇ ਛੱਤਰੀ ਵੱਡੇ ਮੁੰਡੇ ਨੂੰ ਦੇ ਦਿੱਤੀ ਅਤੇ ਵੱਡੇ ਮੁੰਡੇ ਨੇ ਆਪਣੀ ਭੈਣ ਨੂੰ ਫੜਾ ਦਿੱਤੀ ਤੇ ਭੈਣ ਨੇ ਛੋਟੇ ਮੁੰਡੇ ਨੂੰ ਫੜਾ ਦਿੱਤੀ ।ਹੁਣ ਛੱਤਰੀ ਚੁੱਕਣ ਲਈ ਕੋਈ ਤਿਆਰ ਨਹੀਂ ਸੀ। ਛੋਟੇ ਨੇ ਛੱਤਰੀ ਉਸ ਵੱਲ ਕਰਦੇ ਕਿਹਾ,” ਡੈਡੀ ਆਹ ਲਓ ਛੱਤਰੀ ਸਾਥੋਂ ਨੂੰ ਚੁੱਕੀ ਜਾਂਦੀ।”ਉਸਨੇ ਮੁੜ ਕੇ ਦੇਖਿਆ। “ਸੁਟੋ ਪਰੇ ਐਨੀ ਪੁਰਾਣੀ ਤਾ ਹੋਈ ਪਈ ਹੈ। ” ਪਤਨੀ ਦੇ ਬੋਲ ਉਸ ਦੇ ਕੰਨੀ ਪਏ।ਉਸ ਨੇ ਗੁਹ ਨਾਲ ਛਤਰੀ ਵੱਲ ਦੇਖਿਆ। ਇਹ ਉਹਦੇ ਪਿਤਾ ਦੀ ਸੀ, ਜਿਹੜੀ ਸਾਲਾਂ ਤੋਂ ਉਹਨਾਂ ਦੇ ਪਰਿਵਾਰ ਕੋਲ ਸੀ। ਛਤਰੀ ਬਾਪ ਦੀ ਯਾਦ ਵੀ ਲੈ ਆਈ ਸੀ।ਜਿਹੜਾ ਉਨ੍ਹਾਂ ਪੰਜ ਭਰਾਵਾਂ ਦੇ ਹੁੰਦਿਆਂ ਬਿਰਧ ਆਸ਼ਰਮ ਵਿੱਚ ਦਿਨ ਕੱਟ ਰਿਹਾ ਸੀ ।ਉਸ ਨੂੰ ਲੱਗਿਆ ਕਿ ਮੁੰਡੇ ਦੇ ਹੱਥ ਵਿੱਚ ਫੜੀ ਛੱਤਰੀ ਬਾਪ ਦਾ ਰੂਪ ਧਾਰਨ ਕਰ ਗਈ ਹੋਵੇ ।ਉਹ ਬਾਪ ਜਿਸ ਨੇ ਸਾਰੀ ਉਮਰ ਛੱਤਰੀ ਬਣ ਕੇ ਉਨ੍ਹਾਂ ਨੂੰ ਛਾਂ ਦਿੱਤੀ ਸਮੇਂ ਦੀਆਂ ਧੁੱਪਾਂ ਬਰਸਾਤਾਂ ਤੋਂ ਬਚਾਇਆ।ਹੁਣ ਉਸਨੂੰ ਸਮਝ ਆ ਚੁੱਕੀ ਸੀ ਕਿ ਜਦੋਂ ਕਿਸੇ ਚੀਜ਼ ਦੀ ਲੋੜ ਖਤਮ ਹੋ ਜਾਂਦੀ ਹੈ ਤਾਂ ਵਾਧੂ ਹੋ ਜਾਂਦੀ ਹੈ ।ਜਿਵੇਂ ਅੱਜ ਉਸ ਦੇ ਪਰਿਵਾਰ ਨੂੰ ਮੀਂਹ ਖਤਮ ਹੋਣ ਤੋਂ ਬਾਅਦ ਛੱਤਰੀ ਵਾਧੂ ਜਾਪ ਰਹੀ ਸੀ ।ਉਸੇੇ ਤਰਾਂ ਹੀ ਸਮੇ ਦੀ ਰਫ਼ਤਾਰ ਨੇ ਰਿਸਤੇ ਵੀ ਵਾਧੂ ਕਰ ਦਿੱਤੇ ਹਨ। ਪੈਰਾਂ ਸਿਰ ਹੋਣ ਤੋਂ ਬਾਅਦ ਉਨ੍ਹਾਂ ਪੰਜਾਂ ਭਰਾਵਾਂ ਲਈ ਵੀ ਬਾਪੂ ਵਾਧੂ ਹੋ ਕੇ ਬਿਰਧ ਆਸ਼ਰਮ ਦਾ ਵਾਸੀ ਬਣ ਗਿਆ ਸੀ।ਏਨੇ ਵਿਚ ਮੁੰਡੇ ਨੇ ਛਤਰੀ ਵਗਾਹ ਕੇ ਸਡ਼ਕ ਤੇ ਮਾਰੀ।ਉਹ ਹੋਰ ਵੀ ਫੱਟ ਗਈ।ਉਹ ਭੁੰਜੇ ਪਈ ਛੱਤਰੀ ਨੂੰ ਦੇਖ ਰਿਹਾ ਸੀ।ਜਿਵੇ ਉਹਨਾਂ ਨੇ ਆਪਣੇ ਬਾਪ ਨੂੰ ਸੜਕ ਤੇ ਪਟਕਾ ਮਾਰਿਆ ਹੋਵੇ।
ਭੁਪਿੰਦਰ ਸਿੰਘ ਮਾਨ
ਮੌੜ ਮੰਡੀ

ਗਿਰਝ

by admin September 24, 2020

ਚੈਨਲ ਦੇ ਦਫਤਰ ਵਿੱਚ ਬਾਸ ਪੱਤਰਕਾਰਾਂ ਉਪਰ ਗਰਜ ਰਿਹਾ ਸੀ ,”ਚੈਨਲ ਦੀ ਟੀ ਆਰ ਪੀ ਲਗਾਤਾਰ ਹੇਠਾਂ ਜਾ ਰਹੀ ਹੈ ।ਤੁਸੀਂ ਕੀ ਕਰ ਰਹੇ ਹੋ ਕੋਈ ਵੀ ਸਨਸਨੀਖੇਜ਼ ਖ਼ਬਰ ਹਾਲੇ ਤੱਕ ਨਹੀਂ ਆਈ।” ਇਸ ਤੇ ਚੀਫ ਰਿਪੋਰਟਰ ਬੋਲਿਆ,” ਸਰ ਵੋਟਾਂ ਖਤਮ ਹੋ ਗਈਆਂ ,ਲੋਕਾਂ ਨੂੰ ਹੁਣ ਵੋਟਾਂ ਵਰਗਾ ਸੁਆਦ ਕਿੱਥੋਂ ਲਿਆ ਕੇ ਦੇਈਏ।”ਸਾਰਿਆ ਨੇ ਸਿਰ ਹਿੱਲਾ ਕੇ ਹਾਮੀ ਭਰੀ।ਦੂਜੇ ਪੱਤਰਕਾਰ ਨੇ ਨਾਲ ਗੱਲ ਜੋੜੀ,” ਹੁਣ ਤਾਂ ਖਬਰਾਂ ਬੱਸ ਇਹੀ ਹੈ ਕਿ ਕਾਰ ਗੱਡੇ ਵਿੱਚ ਵੱਜੀ,ਢੱਠਾ ਖੂਹ ਵਿੱਚ ਡਿੱਗ ਪਿਆ ।”
ਬਾਸ ਉਹਨਾਂ ਦੀਆਂ ਗੱਲਾਂ ਤੋ ਜਿਆਦਾ ਪ੍ਰਭਾਵਿਤ ਨਜਰ ਨਹੀਂ ਆ ਰਿਹਾ ਸੀ।ਉਹ ਨਾਖੁਸ਼ੀ ਨਾਲ ਬੋਲਿਆ,”ਲੋਕਾਂ ਨੂੰ ਸਨਸਨੀ ਵਾਲੀਆਂ ਖ਼ਬਰਾਂ ਚਾਹੀਦੀਆ ਹਨ,ਕਿਸੇ ਨੇਤਾ ਦਾ ਸੈਕਸ ਸਕੈਂਡਲ ਲੈ ਕੇ ਆਓ ,ਕੋਈ ਦਲਾਲੀ ਦੀ ਖ਼ਬਰ ਲੈ ਆਓ ,ਕੋਈ ਫੜਕਦੀ ਖ਼ਬਰ ਹੋਵੇ ਜੀਹਦੇ ਨਾਲ ਲੋਕਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਣ, ਮੈਨੂੰ ਦਾ ਬੱਸ ਟੀ ਆਰ ਪੀ ਵਧਣੀ ਚਾਹੀਦੀ ਹੈ,ਇਸ ਤਰਾਂ ਤਾ ਇਸ਼ਤਿਹਾਰ ਤੋਂ ਆਮਦਨ ਘੱਟ ਜਾਉ।”ਸਾਰੇ ਜਾਣੇ ਆਪਣੇ ਸੋਚਾਂ ਦੇ ਘੋੜੇ ਭਜਾਉਣ ਲੱਗੇ।ਟੀ ਆਰ ਪੀ ,ਟੀ ਆਰ ਪੀ ਉਹਨਾਂ ਦੇ ਕੰਨਾਂ ਵਿੱਚ ਹਥੌੜੇ ਵਾਂਗ ਗੂੰਜ ਰਹੀ ਸੀ।
ਇਨ੍ਹੇ ਵਿਚ ਬਾਸ ਦੇ ਫ਼ੋਨ ਦੀ ਘੰਟੀ ਵੱਜ ਗਈ।ਬਾਸ ਫੋਨ ਤੇ ਰੁਝ ਗਿਆ।ਅਚਾਨਕ ਉੱਚੀ ਆਵਾਜ਼ ਵਿੱਚ ਬੋਲਿਆ,”ਅੱਛਾ ਬਹੁਤ ਵਧੀਆ, ਗੁੱਡ ਗੁੱਡ ਤੋਂ ਉੱਥੇ ਹੀ ਰਹਿ ਤੇ ਪੂਰੀ ਕਵਰੇਜ਼ ਕਰੀ ਚੱਲ ।”ਉਸ ਦੇ ਚਿਹਰੇ ਤੇ ਰੌਣਕ ਆ ਗਈ ਸੀ। ਸਾਰੇ ਉਸ ਵੱਲ ਹੈਰਾਨੀ ਨਾਲ ਦੇਖ ਰਹੇ ਸੀ ।ਬਾਸ ਨੇ ਚੀਫ ਰਿਪੋਰਟਰ ਨੂੰ ਹੁਕਮ ਦਿੱਤਾ ,”ਹੁਣੇ ਗੱਡੀ ਲੈ ਜਾਓ ਤੇ ਉੱਚੇ ਪਿੰਡ ਪਹੁੰਚੋ ,ਉੱਥੇ ਇੱਕ ਬੱਚਾ ਬੋਰ ਵਿੱਚ ਡਿੱਗ ਪਿਆ ,ਆਪਣਾ ਲੋਕਲ ਰਿਪੋਟਰ ਉਥੇ ਹੈ,ਮੈਂਨੂੰ ਹਰ ਮਿੰਟ ਦੀ ਲਾਈਵ ਚਾਹੀਦੀ ਹੈ।”ਫੇਰ ਉਸਨੇ ਜਿਵੇਂ ਆਪਣੇ ਆਪ ਨੂੰ ਕਿਹਾ ਹੋਵੇ,” ਲੱਗਦਾ ਤਿੰਨ ਚਾਰ ਦਿਨ ਤਾਂ ਚੰਗੇ ਲੰਘਣਗੇ ।”
ਉਸਨੇ ਨਿਊਜ਼ ਰੀਡਰਾ ਨੂੰ ਹੁਕਮ ਚਾੜਿਆ,”ਲਗਾਤਾਰ ਖ਼ਬਰਾਂ ਦਿੰਦੇ ਰਹੋ, ਪੰਜ ਸੱਤ ਵਿਦਵਾਨ ਬਿਠਾ ਕੇ ਉਨ੍ਹਾਂ ਦੀ ਰਾਏ ਲਓ ,ਇਲਾਕੇ ਦੇ ਲੀਡਰਾਂ ਨੂੰ ਸਵਾਲ ਪੁੱਛੋ।” ਹੁਣ ਉਹ ਸੋਚ ਰਿਹਾ ਸੀ,ਕਿ ਟੀਆਰਪੀ ਉੱਪਰ ਆ ਹੀ ਜਾਵੇਗੀ।ਇਸੇ ਖੁਸ਼ੀ ਵਿਚ ਉਸ ਦੇ ਹੱਥ ਤਬਲੇ ਵਾਂਗ ਮੇਜ ਤੇ ਵੱਜ ਰਹੇ ਸਨ।ਦਫਤਰ ਦਾ ਸੇਵਾਦਾਰ ਜਿਹੜਾ ਸਭ ਕੁਝ ਦੇਖ ਸੁਣ ਰਿਹਾ ਸੀ ,ਬਿਨਾਂ ਹੁਕਮ ਤੋਂ ਹੀ ਪਾਣੀ ਦਾ ਗਿਲਾਸ ਲੈ ਕੇ ਸਾਹਿਬ ਕੋਲ ਆ ਗਿਆ।ਉਸਦੇ ਚਿਹਰੇ ਉਪਰ ਚਿੰਤਾ ਦੇ ਭਾਵ ਸਨ।ਉਸਨੇ ਨੀਵੀ ਪਾ ਕੇ ਹੌਲੀ ਜਿਹੇ ਪੁਛਿਆ,”ਸਾਹਿਬ ਜੀ ,ਬੱਚਾ ਜਿਉਂਦਾ ਨਿੱਕਲ ਤਾ ਆਉ?’ਸਾਹਿਬ ਦੇ ਲਾਪਰਵਾਹੀ ਭਰੇ ਬੋਲ ਉਸ ਦੇ ਕੰਨਾਂ ਵਿੱਚ ਗੂੰਜੇ,”ਉਹ ਨਿਕਲੇ ਜਾ ਨਾ ਨਿਕਲੇ ,ਮਰੇ ਜਾ ਜੀਵੇ ,ਬਸ ਇਹੋ ਜਿਹਾ ਕੁਝ ਵਾਪਰਦਾ ਰਹੇ ਤੇ ਵਧੀ ਟੀ ਆਰ ਪੀ ਮੀਂਹ ਵਾਂਗੂੰ ਵਰ੍ਹਦੀ ਲਕਸ਼ਮੀ ਦੇ ਦਰਸ਼ਨ ਕਰਵਾਉਦੀ ਰਹੇ।”ਸੇਵਾਦਾਰ ਉਸ ਵੱਲ ਘਬਰਾ ਕੇ ਝਾਕਿਆ,ਉਸ ਨੂੰ ਲੱਗਿਆ ਕੁਰਸੀ ਤੇ ਸਾਹਿਬ ਨਾ ਹੋ ਕੇ ਖੰਭ ਫੈਲਾਈ ਗਿਰਝ ਬੈਠੀ ਹੋਵੇ।

ਭੁਪਿੰਦਰ ਸਿੰਘ ਮਾਨ

ਤੇਰਾਂ ਤਾਲ਼ੀ

by admin September 23, 2020

ਸੁਖਵਿੰਦਰ ਕੌਰ ਸੁਭਾਅ ਦੀ ਮਿੱਠੀ ਪਰ ਅੰਦਰੋਂ ਖੋਟੀ ਕਿਸਮ ਦੀ ਔਰਤ ਸੀ। ਸਾਂਝੇ ਪਰਿਵਾਰ ਤੇ ਉਸਦੀ ਤੜੀ ਚੱਲਦੀ ਸੀ। ਪੁਰਾਣੇ ਸਮਿਆਂ ਦੀ ਬੀ:ਏ: ਪਾਸ ਹੋਣ ਕਰਕੇ ਸਭ ਨੂੰ ਟਿੱਚ ਜਾਣਦੀ ਸੀ। ਉਹਦੇ ਘਰ ਵਾਲਾ ਤੇ ਜੇਠ ਟੱਬਰ ਦੀ ਇੱਜ਼ਤ-ਵੁੱਕਤ ਦੇ ਮੱਦੇਨਜ਼ਰ ਉਹਨੂੰ ਅਣਗੌਲਿਆਂ ਕਰ ਛੱਡਦੇ। ਸੱਸ-ਸਹਰੇ ਦੇ ਗੁਜ਼ਰਨ ਤੋਂ ਬਾਅਦ ਉਹਦੀਆਂ ਵਧੀਕੀਆਂ ਸਹਿਣ ਨੂੰ ਰਹਿ ਗਈ ਸੀ ਤਾਂ ਬੱਸ….
ਉਹਦੀ ਜੇਠਾਣੀ। ਸਮਾਂ ਲੰਘਦਾ ਗਿਆ….ਬੱਚੇ ਵੀ ਜਵਾਨ ਹੋ ਗਏ ਸਨ। ਜੇਠ ਦੇ ਵੱਡੇ ਮੁੰਡੇ ਦਾ ਵਿਆਹ ਇੱਕ ਸੁਘੜ ਸਿਆਣੀ ਕੁੜੀ ਨਾਲ ਹੋ ਗਿਆ । ਪੜੀ ਲਿਖੀ ਹੋਣ ਦੇ ਬਾਵਜੂਦ ਆਉਂਦੀ ਨੇ ਈ ਘਰ ਦਾ ਸਾਰਾ ਕੰਮ ਸੰਭਾਲ ਲਿਆ ਸੀ ਪਰ ਉਹਨੂੰ ਵੀ ਨੱਕ ਹੇਠ ਨਾ ਲਿਆਉਂਦੀ
“ਲੈ ਕੇਰਾਂ ਦਾ ਕੰਮ ਕਰਕੇ ਚੁਬਾਰੇ ਚੜਕੇ ਪੈ ਜਾਂਦੀ ਐ, ਜੇ ਕੋਈ ਭਲਾ ਹੇਠਾਂ ਚਾਹ ਪਾਣੀ ਆਲਾ ਆ ਜਾਏ ਫੇਰ”?
“ਉੱਠਣ ਸਾਰ ਈ ਕੱਪੜੇ ਧੋਣ ਲੱਗ ਜਾਂਦੀ ਐ ਆਏਂ ਨੀ ਵੀ ਚੁੱਲੇ ਕਨੀਂ ਦੇਖ ਲਾਂ” ਸਾਰਾ ਦਿਨ ਨਿੱਕੀਆਂ ਨਿੱਕੀਆਂ ਗੱਲਾਂ ਤੇ ਭਸੂੜੀ ਪਾਈਂ ਰੱਖਦੀ।
ਜੇ ਅੱਗਿਓਂ ਉਹ ਕਿਸੇ ਗੱਲ ਦਾ ਜਵਾਬ ਦੇ ਦਿੰਦੀ ਤਾਂ ਘਰ ਚ ਉਹ ਮਹਾਂਭਾਰਤ ਛਿੜਦਾ…..ਰਹੇ ਰੱਬ ਦਾ ਨਾਂ।
ਉਹਦੀ ਸੱਸ ਵੀ ਓਹਲਿਓ- ਚੋਰੀ ਓਸੇ ਨੂੰ ਚੁੱਪ ਰਹਿਣ ਨੂੰ ਕਹਿੰਦੀ। ਦੋਵੇਂ ਸੱਸ-ਨੂੰਹਾਂ ਕਿਸੇ ਤਰਾਂ ਸਮਾਂ ਲੰਘਾ ਰਹੀਆਂ ਸਨ।
ਹੁਣ ਉਹਦੇ ਆਪਣੇ ਮੁੰਡੇ ਦਾ ਰਿਸ਼ਤਾ ਵੀ ਪੱਕਾ ਹੋ ਗਿਆ ਸੀ। ਠੋਕ ਵਜਾਕੇ, ਚੰਗੀ ਤਰਾਂ ਦੇਖ ਪਰਖ ਕੇ ਰਿਸ਼ਤਾ ਲਿਆ ਸੀ ਉਹਨੇ…..” ਕੋਈ ਚੰਗੇ ਘਰ ਦੀ ਧੀ ਆ ਜਾਏ, ਜਿਹੜੀ ਮੇਰੀ ਸੇਵਾ ਕਰੇ, ਮੇਰੇ ਤਾਂ ਗੋਡੇ ਪਹਿਲਾਂ ਈ ਦੁਖਦੇ ਨੇ” ਆਢਣਾਂ- ਗੁਆਢਣਾਂ ਨੂੰ ਆਖਦੀ, ਉਹਦੀ ਕਰਤੂਤ ਤੋਂ ਸਭ ਵਾਕਿਫ ਸਨ ਪਰ ਮੂੰਹ ਤੇ ਸਭ ਹਾਂ ਚ ਹਾਂ ਮਿਲਾ ਦਿੰਦੀਆਂ ।
ਵਿਆਹ ਹੋਇਆ, ਨੂੰਹ ਆ ਗਈ। ਮਹੀਨਾ- ਵੀਹ ਦਿਨ ਤਾਂ ਲਾਡਾਂ ਸ਼ਗਨਾਂ ਚ ਈ ਲੰਘ ਗਏ। ਉਸਤੋਂ ਬਾਅਦ ਵੀ ਤੋਰਾ ਫੇਰਾ ਕਦੇ ਕਿਤੇ ਕਿਤੇ…..ਉਸਤੋਂ ਬਾਅਦ ਵੀ ਨਵੀਂ ਵਿਆਹੀ ਦਿਨ ਚੜੇ ਉੱਠਿਆ ਕਰੇ
“ਮੰਮਾ ਚਾਹ ਬਣਾ ਦਿਓ ਦੋ ਕੱਪ” ਨਾ ਰੋਟੀ ਚੱਕ ਕੇ ਖਾਵੇ ; ਕੁੱਝ ਦਿਨ ਤਾਂ ਜੇਠਾਣੀ ਤੇ ਉਹਦੀ ਨੂੰਹ ਨੇ ਦੇਖਿਆ, ਬਾਅਦ ਚ ਉਹ ਹਟ ਗਈਆਂ ਬੈਠੀ ਨੂੰ ਪੂਜਣੋਂ…..ਫੇਰ ਤਾਂ ਗਰੈਜੂਏਟ ਸੁਖਵਿੰਦਰ ਕੌਰ ਦੀ ਪੱਕੀ ਓ ਡਿਊਟੀ ਲੱਗ ਗਈ, ਨੂੰਹ ਪੁੱਤ ਨੂੰ ਅੰਨ- ਪਾਣੀ ਵਰਤਾਉਣ ਦੀ…ਨੂੰਹ ਬਣਕੇ ਆਈ ਸੀ….ਸੱਸ ਬਣ ਬੈਠੀ….ਅਵਲ ਤਾਂ ਮਹੀਨਾ ਮਹੀਨਾ ਪੇਕੇ ਈ ਗਈ ਰਹਿੰਦੀ, ਜੇ ਆਉਂਦੀ ਵੀ ਤਾਂ ਕਦੇ ਬੁਖਾਰ-ਸਿਰ ਦਰਦ,ਪੇਟ ਦਰਦ ਦਾ ਨਾ ਖਤਮ ਹੋਣ ਵਾਲਾ ਸਿਲਸਿਲਾ; ਜੇ ਕੁੱਝ ਕਹਿਣਾ ਚਾਹੁੰਦੀ ਤਾਂ ਮੁੰਡਾ ” ਮਾਂ ਇਹਨੂੰ ਤਾਂ ਆਪ ਈ ਡਿਪਰੈਸ਼ਨ ਹੋ ਗਿਐ, ਜੇ ਆਪਾਂ ਨਹੀਂ ਇਹਨੂੰ ਸਮਝਾਂਗੇ, ਇਹਦੀ ਮਦਦ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂ, ਆਖ ਚੁੱਪ ਕਰਾ ਦਿੰਦਾ। ਬਾਹਲੀਆਂ ਨਘੋਚਾਂ ਕੱਢਣ ਵਾਲੀ ਹੱਥ ਮਲ ਕੇ ਰਹਿ ਜਾਂਦੀ।
ਲੱਤਾਂ ਘੁੱਟਣੀਆਂ ਤਾਂ ਦੂਰ ਸਗੋਂ ਲੱਤਾਂ ਘੁਟਵਾਇਆ ਕਰੇ….. ਦਵਾਈ ਨਾਲ ਪਾਣੀ ਦਾ ਗਿਲਾਸ ਬੈੱਡ ਤੇ ਪਈ ਦੇ ਹੱਥ ਚ ਫੜਾਉਣਾ ਪੈਂਦਾ
ਨਾ ਝਾੜੂ ਲਾਉਣਾ ਆਵੇ ਨਾ ਕੱਪੜੇ ਧੋਣੇ, ਰੋਟੀ ਟੁੱਕ ਤਾਂ ਆਉਣਾ ਈ ਕਿੱਥੋਂ ਸੀ।
ਹੋਰਾਂ ਨੂੰ ਬੇਹੇ ਕੜਾਹ ਵਾਂਗੂੰ ਲੈਣ ਵਾਲੀ ਹੁਣ ਆਪਣੀ ਨੂੰਹ ਨੂੰ ” ਨਿਆਣੀ ਐ” ਕਹਿ ਕੇ ਸਾਰ ਦਿਆ ਕਰੇ।
ਮਾਘ ਮਹੀਨੇ ਗੁਆਂਢੀਆਂ ਦੇ ਮੁੰਡੇ ਦੇ ਵਿਆਹ ਦੀ ਜਾਗੋ ਚ ਜਦ ਨੂੰਹ ਨੇ, ਸੱਸ ਦੀ ਬਾਂਹ ਨੱਚਣ ਨੂੰ ਖਿੱਚ ਕੇ
“ਸੱਸੇ ਨੀ ਬਾਰਾਂ ਤਾਲ਼ੀਏ, ਮੈਂ ਤੇਰਾਂ ਤਾਲ਼ੀ ਆਈ” ਬੋਲੀ ਪਾਈ ਤਾਂ ਲੋਹੜੇ ਦੀ ਠੰਡ ਚ ਵੀ ਸੁਖਵਿੰਦਰ ਕੌਰ ਦਾ ਸਿਰ ਘੁੰਮ ਗਿਆ।
ਹਰਿੰਦਰ ਕੌਰ ਸਿੱਧੂੂ

ਸ਼ਰਬਤ

by admin September 22, 2020

ਜਰਨੈਲ ਸਿੰਘ ਕਾਫੀ ਥੱਕਿਆ ਟੁੱਟਿਆ ਪਿਆ ਸੀ। ਪਰ ਮਜਬੂਰੀ ਸੀ, ਰੁਕ ਵੀ ਨਹੀਂ ਸਕਦਾ ਸੀ। ਉਸਦੇ ਹੱਥਾਂ ਵਿੱਚ ਇੱਕ ਵੱਡਾ ਝੋਲਾ ਸੀ ਜਿਸ ਵਿੱਚ ਇੱਕ ਫਾਇਲ,ਕੁਝ ਫੋਟੋਸਟੇਟਾਂ ਤੇ ਇੱਕ ਪਿੰਨ ਸੀ। ਅੱਜ ਗਰਮੀ ਵੀ ਬਹੁਤ ਸੀ। ਮੋਬਾਇਲਾ ਉੱਪਰ ਪਾਰਾ 44 ਡਿਗਰੀ ਦਿਖਾ ਰਿਹਾ ਸੀ। ਉਸਨੂੰ ਬਹੁਤ ਪਿਆਸ ਲੱਗੀ ਹੋਈ ਸੀ। ਪਰ ਹਰ ਪਾਸੇ ਦੇਖਣ ਦੇ ਬਾਅਦ ਵੀ ਕਿਤੇ ਪਾਣੀ ਨਹੀਂ ਦਿਖਿਆ। ਸਾਹਮਣੇ ਬਸ ਇੱਕ ਗੰਨੇ ਦੇ ਜੂਸ ਦੀ ਰੇਹੜੀ ਸੀ।
“ਜੇ ਉਹ ਮੈਨੂੰ ਨਾ ਲੁੱਟਦਾ, ਮੇਰੇ ਤੋਂ ਧੱਕੇ ਨਾਲ ਰਿਸ਼ਵਤ ਨਾ ਲੈਂਦਾ ਤਾਂ ਮੈ ਜੂਸ ਦਾ ਇੱਕ ਗਲਾਸ ਹੀ ਪੀ ਲੈਂਦਾ। ਬੇਸਬਰੇ ਨੇ ਮੰਗਿਆ ਵੀ ਤਾਂ ਪੂਰਾ 500, ਜੇ ਲੈਣਾ ਹੀ ਸੀ ਤਾਂ 100 ਲੈਅ ਲੈਂਦਾ। ਘਟੀਆਂ ਬੰਦਾ” ਜਰਨੈਲ ਸਿੰਘ ਆਪਣੇ ਮਨ ਵਿੱਚ ਉਸ ਅਫ਼ਸਰ ਨੂੰ ਗਾਲ਼ਾਂ ਕੱਢ ਰਿਹਾ ਸੀ। ਜਿਸਨੂੰ ਉਹ ਹੁਣੇ ਹੁਣੇ ਮਿਲਕੇ ਆਇਆ ਸੀ।
ਉਸਦੀ ਜੇਬ ਵਿੱਚ ਰੁਪਿਆ ਦਾ ਅਜੇ ਵੀ 400 ਬਚਿਆ ਹੋਇਆ ਸੀ। ਪਰ ਪਿੰਡ ਨੂੰ ਵਾਪਸ ਜਾਣ ਦੇ ਕਿਰਾਏ ਅਤੇ ਅਗਲੇ ਅਫ਼ਸਰ, ਜਿਸਨੂੰ ਹੁਣ ਮਿਲਣਾ ਸੀ ਵਾਰੇ ਸੋਚ ਕਿ ਉਸਦੀ ਖਰਚਣ ਦੀ ਹਿੰਮਤ ਨਹੀਂ ਪੈ ਰਹੀ ਸੀ। ਉਹ ਸੋਚ ਰਿਹਾ ਸੀ ਜਿਵੇਂ ਪਿਛਲੇ ਅਫ਼ਸਰ ਨੇ ਵੱਢੀ ਮੰਗ ਲਈ ਜੇ ਉਸੇ ਤਰ੍ਹਾਂ ਹੁਣ ਵਾਲੇ ਨੇ ਵੀ ਵੱਢੀ ਮੰਗ ਲਈ ਫੇਰ ਕਿੱਥੋਂ ਦੇਵਾਂਗਾ ?
ਇੰਨਾ ਹੀ ਖਿਆਲਾਂ ਦੀ ਉਦੇੜ ਬੁਣ ਵਿੱਚ ਸੀ ਉਹ ਕਿ ਉਸੇ ਵਕਤ ਬੱਸ ਆ ਗਈ। ਉਹ ਬੱਸ ਵਿੱਚ ਚੜਿਆ ਤੇ ਖਾਲੀ ਪਈ ਸੀਟ ਤੇ ਬੈਠ ਗਿਆ ਤੇ ਨਾਲ ਵਾਲੇ ਨੂੰ ਆਖਣ ਲੱਗਾ,”ਹਨੇਰ ਹੈ ਭਾਈ ਸਾਬ, ਕੱਲਯੁਗ ਦਾ ਇੰਨਾ ਅਸਰ ਹੈ ਕਿ ਬੰਦਿਆ ਦਾ ਸਬਰ ਹਿੱਲਿਆ ਪਿਆ ਹੈ। 50-50 ਹਜਾਰ ਤਨਖਾਹਾਂ ਨੇ ਫੇਰ ਵੀ ਵੱਢੀ ਮੰਗਣ ਲਈ ਹੱਥ ਅੱਡਣ ਲੱਗੇ ਸ਼ਰਮ ਨਹੀਂ ਖਾਂਦੇ।” ਉਹ ਕਾਫੀ ਸਮਾਂ ਆਪਣੇ ਅੰਦਰ ਵਾਲਾ ਗੁੱਬ- ਗੁਵਾਟ ਕੱਡਦਾ ਰਿਹਾ, ਨਾਲ ਦੀ ਨਾਲ ਸ਼ੀਸ਼ੇ ਥਾਣੀ ਬਾਹਰ ਦੇਖਦਾ ਰਹਿੰਦਾ ਤਾਂਕਿ ਕਿਤੇ ਛਬੀਲ ਲੱਗੀ ਹੀ ਮਿਲ ਜਾਵੇ ਤੇ ਉਸਦੀ ਪਿਆਸ ਵੀ ਬੁੱਝ ਜਾਵੇ। ਪਰ ਸ਼ਾਇਦ ਅੱਜ ਉਸਦਾ ਦਿਨ ਹੀ ਸਖਤ ਚੱਲ ਰਿਹਾ ਸੀ। ਕਿਤੇ ਵੀ ਛਬੀਲ ਨਹੀਂ ਆਈ ਤੇ ਦੋ ਘੰਟੇ ਦੇ ਸਫ਼ਰ ਬਾਅਦ ਉਹ ਆਪਣੀ ਮੰਜਿਲ ਤੇ ਪਹੁੰਚ ਗਿਆ। ਜਿਵੇਂ-ਜਿਵੇਂ ਉਹ ਅੰਦਰ ਜਾ ਰਿਹਾ ਸੀ ਉਵੇਂ ਉਵੇਂ ਮਨ ਵਿੱਚ ਗਾਲ਼ਾਂ ਕੱਡਦਾ ਜਾ ਰਿਹਾ ਸੀ,”ਆਹ ਹੁਣ ਫੇਰ ਅਫ਼ਸਰ ਦੇ ਭੇਸ ਚ ਇੱਕ ਹੋਰ ਜੋਕ ਮਿਲਜੂ, ਮੈਨੂੰ ਗਰੀਬ ਨੂੰ ਚੂਸਣ ਲਈ। ਲਾਲਚ ਦੇ ਭੁੱਖੇ ਇਹ ਕੁੱਤੇ ਕਿਸੇ ਦੀ ਮਜਬੂਰੀ, ਤਕਲੀਫ ਤੇ ਵੀ ਤਰਸ ਨਹੀਂ ਖਾਂਦੇ।”
ਤੁਰਦੇ ਤੁਰਦੇ ਉਹ ਅਫ਼ਸਰ ਦੇ ਦਫਤਰ ਦੇ ਬਾਹਰ ਬੈਠਣ ਹੀ ਲੱਗਾ ਸੀ ਕਿ ਚਪੜਾਸੀ ਨੇ ਰੋਹਬ ਨਾਲ ਕਿਹਾ,”ਮਿਲਣਾ ਹੈ ਤਾਂ ਹੁਣੇ ਚੱਲਜਾ ਅੰਦਰ, ਫੇਰ ਸਾਹਬ ਨੇ ਜਾਣਾ ਹੈ ਕਿਤੇ। ਨਹੀਂ ਫੇਰ ਤੈਨੂੰ ਕੱਲ ਨੂੰ ਫੇਰ ਆਉਣਾ ਪਵੇਗਾ।”
“ਇਹਨਾਂ ਨੂੰ ਦੂਜਿਆਂ ਦੇ ਟਾਇਮ ਦੀ ਭੋਰਾ ਕਦਰ ਨਹੀਂ, ਬਸ ਜਦੋਂ ਮਨ ਕਰਦਾ ਅੱਧੀ ਛੁੱਟੀ ਲੈਂਦੇ ਨੇ ਤੇ ਘਰ ਚਲੇ ਜਾਂਦੇ ਨੇ। ਲੈਅ ਜੇ ਭੋਰਾ ਹੋਰ ਲੇਟ ਹੋ ਜਾਂਦਾ ਤਾਂ ਸਾਰਾ ਕੰਮ ਫੇਰ ਕੱਲ ਤੇ ਗਿਆ ਸੀ।”ਜਰਨੈਲ ਸਿੰਘ ਆਪਣੇ ਹੀ ਮਨ ਵਿੱਚ ਖੁਦ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ।

“ਉਹ ਜਾ ਤੁਰਜਾ ਹੁਣ ਅੰਦਰ,, ਕਿਹੜੀਆਂ ਸੋਚਾਂ ਚ ਪੈ ਗਿਆ।” ਚਪੜਾਸੀ ਨੇ ਫੇਰ ਰੋਹਬ ਨਾਲ ਕਿਹਾ।
ਉਹਦੀਆਂ ਸੋਚਾ ਦੀ ਲੜੀ ਟੁੱਟੀ ਤੇ ਉਹ ਅੰਦਰ ਚਲਾ ਗਿਆ।

ਅੰਦਰ ਇੱਕ ਨੌਜਵਾਨ ਅਫ਼ਸਰ ਬੈਠਾ ਸੀ, ਸਿਰ ਤੇ ਪੋਚਵੀ ਪੱਗ ਬੰਨੀ ਹੋਈ ਸੀ, ਖੁੱਲ੍ਹੀ ਦਾਹੜੀ ਸੀ ਤੇ ਚਿਹਰੇ ਤੇ ਵੱਖਰਾ ਹੀ ਨੂਰ ਸੀ। ਸੋਹਣੇ ਕੱਪੜੇ ਪਾਈ ਪੂਰਾ ਜੱਚ ਰਿਹਾ ਸੀ।
ਅੰਦਰ ਜਾਕੇ ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜਕੇ ਸਤਿ ਸ੍ਰੀ ਆਕਾਲ ਬੁਲਾਈ ਤੇ ਆਪਣੀ ਬੇਨਤੀ ਕਰਨ ਲੱਗਾ,” ਸਾਬ ਜੀ ਮੇਰੀ ਧੀ ਦੇ ਗੁਰਦਾ ਪੈਣ ਵਾਲਾ ਹੈ। ਉਹਦੇ ਦੋ ਛੋਟੇ ਛੋਟੇ ਜਵਾਕ ਨੇ। ਪਿਛਲੇ 3 ਮਹੀਨਿਆਂ ਤੋਂ ਦਫ਼ਤਰਾਂ ਦੇ ਗੇੜੇ ਕੱਢ ਰਿਹਾ ਇਜਾਜਤ ਲੈਣ ਲਈ। ਮੈ ਮੇਰਾ ਹੀ ਗੁਰਦਾ ਦੇਣਾ ਹੈ ਉਸਨੂੰ। ਅਸੀਂ ਕਿਤੋਂ ਮੁੱਲ ਨਹੀਂ ਲੈਅ ਰਹੇ,ਪਰ ਫੇਰ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਦਫ਼ਤਰਾਂ ਚ ਧੱਕੇ ਖਾ ਰਿਹਾ। ਇਸੇ ਦੇਰੀ ਕਰਕੇ ਮੇਰੀ ਧੀ ਦੀ ਸਿਹਤ ਹੋਰ ਵੀ ਖਰਾਬ ਹੋਈ ਜਾਂਦੀ ਐ,, ਜੇ ਤੁਸੀ ਭੋਰਾ ਰਹਿਮ ਕਰੋ ਤਾਂ ਛੋਟੇ ਛੋਟੇ ਬੱਚਿਆ ਦੀ ਮਾਂ ਬਚ ਸਕਦੀ ਹੈ।”
“ਬਾਪੂ ਜੀ ਤੁਸੀ ਫ਼ਿਕਰ ਨਾ ਕਰੋ , ਤੁਸੀ ਆਏ ਕਿੱਥੋਂ ਹੋ? ਫਾਇਲ ਦੇਖਦੇ ਦੇਖਦੇ ਉਸ ਅਫ਼ਸਰ ਨੇ ਪੁੱਛਿਆ।
“ਪੁੱਤ ਮੈ ਤਾਂ ਫਿਰੋਜਪੁਰ ਏਰੀਏ ਤੋਂ ਆਇਆ । ਪਿੰਡੋ ਸਿੱਧੇ ਇਥੇ ਆਉਣ ‘ਚ ਤਾਂ 5 ਘੰਟੇ ਲੱਗ ਜਾਂਦੇ ਨੇ” ਜਰਨੈਲ ਸਿੰਘ ਨੇ ਦਿਲ ਜਿਹਾ ਹੌਲਾ ਕਰਦੇ ਨੇ ਦੱਸਿਆ।
ਅਫ਼ਸਰ ਨੇ ਆਪਣੇ ਮੇਜ ਤੇ ਪਈ ਘੰਟੀ ਵਜਾਈ ਤੇ ਆਪਣੇ ਚਪੜਾਸੀ ਨੂੰ ਅੰਦਰ ਸੱਦਿਆ ਤੇ ਉਸਨੂੰ ਜਰਨੈਲ ਸਿੰਘ ਵਾਸਤੇ ਸ਼ਰਬਤ ਲੈਕੇ ਆਉਣ ਲਈ ਕਿਹਾ। ਜਰਨੈਲ ਸਿੰਘ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ? ਉਸਦੀ ਹਿੰਮਤ ਹੀ ਨਹੀਂ ਪੈ ਰਹੀ ਸੀ, ਇੱਡੇ ਅਫ਼ਸਰ ਦੇ ਦਫ਼ਤਰ ਚ ਬੈਠਕੇ ਸ਼ਰਬਤ ਪੀਣ ਦੀ ।
“ਇੱਕ ਮਿੰਟ ਅੰਦਰ ਹੀ, ਚਪੜਾਸੀ ਸ਼ਰਬਤ ਦਾ ਭਰਿਆ ਗਲਾਸ ਲੈਅ ਆਇਆ ਤੇ ਜਰਨੈਲ ਸਿੰਘ ਅੱਗੇ ਕਰ ਦਿੱਤਾ। ਜਰਨੈਲ ਸਿੰਘ ਨੇ ਸੰਗਦੇ ਜਿਹੇ ਗਲਾਸ ਚੁੱਕਿਆ ਤੇ ਇੱਕੋ ਡੀਕ ਸਾਰਾ ਗਲਾਸ ਖਿੱਚ ਗਿਆ। ਉਸ ਲਈ ਤਾਂ ਇਹ ਸ਼ਰਬਤ ਦਾ ਗਲਾਸ ਸਾਲਾਂ ਦੇ ਸੋਕੇ ਬਾਅਦ ਪਏ ਪਹਿਲੇ ਮੀਂਹ ਵਰਗਾ ਸੀ।
ਅਫ਼ਸਰ ਨੇ ਪੁੱਛਿਆ,”ਬਾਪੂ ਜੀ ਹੋਰ ਸ਼ਰਬਤ ਲਵੋਂਗੇ”
ਮਨ ਤਾਂ ਬਹੁਤ ਸੀ ਜਰਨੈਲ ਸਿੰਘ ਦਾ ਪਰ ਫੇਰ ਇਹ ਸੋਚ ਨੇ ਨਾ ਹੀ ਬੋਲ ਗਿਆ ਕਿ ਕਿਤੇ ਅਫ਼ਸਰ ਬੁਰਾ ਹੀ ਨਾ ਮੰਨ ਜੇ, ਕਿ ਸਾਡੇ ਤੋ ਹੀ ਸੇਵਾ ਕਰਾਈ ਜਾਂਦਾ ਹੈ।
ਉਸ ਅਫ਼ਸਰ ਨੇ ਸਾਰੇ ਦਸਤਖ ਕਰਕੇ ਫਾਈਲ ਜਰਨੈਲ ਸਿੰਘ ਨੂੰ ਫੜਾ ਦਿੱਤੀ ਤੇ ਕਿਹਾ ,” ਬਾਪੂ ਜੀ ਹੁਣ ਆਪ੍ਰੇਸ਼ਨ ਹੋ ਜਾਊ ,, ਹੁਣ ਕੋਈ ਅੜਿਕਾ ਨਹੀਂ ਲੱਗਣਾ, ਮੈ ਸਾਰੇ ਸਾਈਨ ਕਰ ਦਿੱਤੇ ਨੇ”
ਜਰਨੈਲ ਸਿੰਘ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਕੋਈ ਅਜਿਹਾ ਅਫ਼ਸਰ ਵੀ ਹੋ ਸਕਦਾ ਹੈ, ਜਿਸਨੇ ਸ਼ਰਬਤ ਵੀ ਪਿਲਾਈ ਤੇ ਵੱਢੀ ਵੀ ਨਹੀਂ ਮੰਗੀ।
ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜਕੇ , ਉਸ ਅਫ਼ਸਰ ਨੂੰ ਧੰਨਵਾਦ ਕਿਹਾ ਤੇ ਅੱਖਾਂ ਭਰਦੇ ਨੇ ਅਨੇਕਾਂ ਦੁਆਵਾਂ ਦੇ ਦਿੱਤੀਆਂ। ਦੁਆਵਾਂ ਦਿੰਦਾ-ਦਿੰਦਾ ਦਫ਼ਤਰੋਂ ਬਾਹਰ ਆ ਗਿਆ। ਬਾਹਰ ਨਿਕਲਣ ਸਾਰ ਹੀ ਉਸਦੀ ਨਜਰ ਮੇਜ ਤੇ ਰੱਖੇ ਵਾਟਰਕੂਲਰ ਤੇ ਪਈ, ਉਸਨੇ ਵਾਟਰਕੂਲਰ ਉੱਪਰੋ ਗਲਾਸ ਚੁੱਕਿਆ ਤੇ ਜਿਉਂ ਹੀ ਟੂਟੀ ਛੱਡੀ ਤਾਂ ਦੇਖਿਆ ਉਸ ਵਿੱਚੋ ਵੀ ਰੂਹ ਅਫ਼ਜ਼ਾ ਵਾਲਾ ਪਾਣੀ ਨਿਕਲਿਆ, ਜਿਸ ਤਰ੍ਹਾਂ ਦਾ ਪਾਣੀ ਅਕਸਰ ਛਬੀਲਾਂ ਚ ਵਰਤਾਇਆ ਜਾਂਦਾ ਹੈ।
“ਮੈਨੂੰ ਪਤਾ ਤੂੰ ਕੀ ਸੋਚ ਰਿਹਾ ਹੋਵੇਗਾ ਕਿ ਆਹ ਕੀ ਹੋਈ ਜਾਂਦਾ ? ਜਿਹੜਾ ਪਹਿਲੀ ਵਾਰ ਆਉਂਦਾ ਉਹ ਤੇਰੇ ਵਾਂਗੂ ਹੀ ਹੈਰਾਨ ਹੁੰਦਾ ਐ। ਸਾਡੇ ਸਾਬ ਜੀ ਬਹੁਤ ਦਿਆਲੂ ਤੇ ਰੱਜੀ ਸੋਚ ਦੇ ਮਾਲਿਕ ਨੇ। ਗਰਮੀਆਂ ਚ ਸ਼ਰਬਤ ਅਤੇ ਸਿਆਲਾਂ ਚ ਚਾਹ ਦਾ ਲੰਗਰ ਲਾਈ ਰੱਖਦੇ ਨੇ। ਕਿਉਂਕਿ ਉਹ ਕਹਿੰਦੇ ਇਥੇ ਫਾਈਲਾਂ ਨਾਲ ਮੱਥਾ ਮਾਰਦਾ ਕਿਸਮਤ ਦਾ ਧੱਕਿਆ ਹੀ ਆਉਂਦਾ ਹੈ ਤੇ ਨਾਲੇ ਜੇ ਦਸਵੰਦ ਕਿਸੇ ਕਿਸਮਤ ਮਾਰੇ ਦੀ ਭੁੱਖ ਮਿਟਾਉਣ ਚ ਲੱਗੇ ਤਾਂ ਇਸਤੋਂ ਵਧੀਆ ਕੀ ਹੋਵੇਗਾ” ਵਾਟਰਕੂਲਰ ਦੇ ਨੇੜੇ ਹੀ ਸਟੂਲ ਤੇ ਬੈਠਾ ਚਪੜਾਸੀ ਬੋਲਿਆ।

” ਵਾਹ ਓਏ ਤੇਰੇ ਮਾਲਿਕਾਂ , ਮੇਰਾ ਤਾਂ ਤੇਰੇ ਤੋਂ ਯਕੀਨ ਜਿਹਾ ਉੱਠਦਾ ਜਾਂਦਾ ਸੀ। ਅੱਜ ਤਾਂ ਤੂੰ ਆਪ ਬੰਦੇ ਦੇ ਰੂਪ ਚ ਮਿਲਣ ਆ ਗਿਆ। ਮਿਹਰ ਰੱਖੀ ਅਜਿਹੀਆਂ ਰੂਹਾਂ ਤੇ ਜੋਂ ਸੇਵਾ ਭਾਵ ਨਾਲ ਭਰੀਆਂ ਨੇ ਤੇ ਦੂਜਿਆਂ ਦੀ ਮਜਬੂਰੀ ਚੋ ਮੁਨਾਫਾ ਨਹੀਂ ਦੇਖਦੀਆਂ।” ਜਰਨੈਲ ਸਿੰਘ ਦੋਵੇਂ ਹੱਥ ਜੋੜ ਕਿ ਉੱਪਰ ਵੱਲ ਤੱਕਦਾ ਹੋਇਆ ਬੋਲਿਆ ।

ਹੁਣ ਜਰਨੈਲ ਸਿੰਘ ਨੇ ਵਾਪਸੀ ਵਾਲੀ ਬੱਸ ਫੜੀ ਤੇ ਜਦ ਉਹ ਪਿਛਲੇ ਅੱਡੇ ਤੇ ਪਹੁੰਚਿਆ ਜਿੱਥੇ ਆਉਂਦੇ ਹੋਏ ਉਸਨੇ ਗੰਨੇ ਦੇ ਜੂਸ ਦੀ ਰੇਹੜੀ ਦੇਖੀਂ ਸੀ ਤਾਂ ਜੂਸ ਵਾਲੇ ਤੋਂ ਦੋ ਗਲਾਸ ਜੂਸ ਦੇ ਲਏ ਤੇ ਥੋੜ੍ਹੀ ਦੂਰ ਸਫਾਈ ਕਰਦੇ ਮੁੰਡਿਆ ਨੂੰ ਜੂਸ ਪਿਲਾ ਆਇਆ। ਜੂਸ ਪਿਲਾ ਉਹ ਪਿੰਡ ਵਾਲੀ ਬੱਸ ਵਿੱਚ ਆ ਬੈਠਾ,ਪਰ ਉਸਦਾ ਦਿਲ ਤੇ ਦਿਮਾਗ ਅਜੇ ਵੀ ਉਸ ਅਫ਼ਸਰ ਦੇ ਦਫ਼ਤਰ ਚ ਸੀ। ਉਸਦੇ ਚਿਹਰੇ ਤੇ ਹੁਣ ਵੱਖਰਾ ਹੀ ਸਕੂਨ ਸੀ।

ਜਗਮੀਤ ਸਿੰਘ ਹਠੂਰ

ਸੋਨੇ ਦਾ ਗੁੰਬਦ

by admin September 21, 2020

ਬੰਤੋ ਦੀ ਉਮਰ ਲਗਭਗ 50 ਕੁ ਸਾਲ ਦੀ ਸੀ…ਬੰਤੋ ਦਾ ਇੱਕ ਪੁੱਤ ਸੀ… ਬੰਤੋ ਘਰਾ ਵਿੱਚ ਗੋਹਾ-ਕੂੜਾ ਕਰਦੀ ਸੀ ਤੇ ਬੰਤੋ ਦਾ ਮੁੰਡਾ ਦਿਹਾੜੀਆਂ ਕਰਦਾ ਸੀ…ਘਰਵਾਲਾ ਕੁਝ ਵਰੇ ਪਹਿਲਾ ਦਿਹਾੜੀ ਗਿਆ ਬੋਰ ਵਿੱਚ ਦੱਬ ਗਿਆ ਸੀ ਜਿਸ ਨਾਲ ਉਸਦੀ ਮੌਤ ਹੋ ਗਈ …ਬੇਸ਼ੱਕ ਘਰ ਦ ਹਾਲਤ ਕੋਈ ਬਹੁਤ ਚੰਗੀ ਨਹੀ ਸੀ ..ਗਰੀਬੀ ਦਾ ਜੀਵਨ ਜਿਉਂਦੇ ਵੀ ਉਹਨਾ ਦੇ ਮਨ ਸੰਤੁਸ਼ਟੀ ਸੀ ,,ਬੰਤੋ ਅਕਸਰ ਹੀ ਕਹਿੰਦੀ ਰਹਿੰਦੀ ਸ਼ੁਕਰ ਹੈ ਮਾਲਕ ਨੇ ਜੋ ਕੁਝ ਦਿੱਤਾ ਹੈ,ਕਈਆਂ ਕੋਲ ਤਾਂ ਸਿਰ ਤੇ ਛੱਤ ਵੀ ਨਹੀ,ਘੱਟੋ ਘੱਟ ਦੋ ਕਮਰੇ ਤਾਂ ਹੈ ਆਪਨੇ ਕੋਲ,ਕੀ ਹੋਇਆ ਜੇ ਕੱਚੇ ਨੇ ਹੌਲੀ ਪੱਕੇ ਵੀ ਹੋ ਜਾਣਗੇ…ਸ਼ਾਮ ਦਾ ਵੇਲਾ ਸੀ,ਬੰਤੋ ਘਰ ਦਾ ਕੰਮਕਾਰ ਕਰੀ ਜਾ ਰਹੀ ਸੀ ਕਿ ਅਚਾਨਕ ਭੱਜਿਆ-ਭੱਜਿਆ ਗੁਵਾੰਡੀਆਂ ਦਾ ਮੁੰਡਾ ਆਇਆ ਤੇ ਇੱਕੋ ਸਾਹ ਬੋਲਣ ਲੱਗ ਪਿਆ, ਤਾਈ-ਤਾਈ ,ਆਪਣੇ ਤਾਰੀ ਦਾ ਐਕਸੀਡੇੰਟ ਹੋ ਗਿਆ ,,”

“ਹਾਏ ਵੇ ਆਹ ਕੀ ਹੋ ਗਿਆ,,ਕਿਵੇ ਵਰਤ ਗਿਆ ਏ ਭਾਣਾ ..” ਬੰਤੋ ਦੇ ਮੂੰਹੋ ਹੂਕ ਨਿਕਲ ਗਈ
“ਤਾਈ ਆਪਣਾ ਤਾਰੀ ਸਾਈਕਲ ਤੇ ਕੰਮ ਤੋਂ ਮੁੜ ਹੀ ਰਿਹਾ ਸੀ ਕਿ ਰਾਹ ਵਿੱਚ ਕਿਸੇ ਸ਼ਰਾਬੀ ਨੇ ਗੱਡੀ ਮਾਰੀ ਤੇ ਤਾਰੀ ਕਾਫੀ ਜਖਮੀ ਹੋ ਗਿਆ..” ਗੁਵਾੰਡੀਆਂ ਦੇ ਮੁੰਡੇ ਨੇ ਜਵਾਬ ਦਿੱਤਾ
ਗਵਾਂਡੀਆਂ ਦਾ ਮੁੰਡਾ ਤੇ ਬੰਤੋ ਸ਼ਹਿਰ ਦੇ ਹਸਪਤਾਲ ਲਈ ਚੱਲ ਪਏ ਜਿਥੇ ਤਾਰੀ ਜੇਰੇ ਇਲਾਜ ਸੀ…
ਡਾਕਟਰ ਨਾਲ ਜਾ ਕੇ ਗੱਲ ਕਰੀ ਤਾਂ ਡਾਕਟਰ ਕਹਿੰਦਾ ਸਿਰ ਵਿੱਚ ਕਾਫੀ ਸੱਟ ਲੱਗੀ ਹੋਈ ਹੈ,,ਕੋਈ ਤਿੱਖੀ ਚੀਜ ਸਿਰ ਵਿੱਚ ਖੁੱਬ ਚੁੱਕੀ ਹੈ ,,ਇਸ ਲਈ ਕੱਲ ਓਪਰੇਸ਼ਨ ਕਰਨਾ ਪਵੇਗਾ ਤੇ ਓਪਰੇਸ਼ਨ ਦਾ ਖਰਚਾ ਲਗਭਗ 1 ਲੱਖ ਰੁਪੇ ਦਾ ਹੋਵੇਗਾ…
ਬੰਤੋ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ,,ਉਹ ਸੋਚ ਰਹੀ ਸੀ ਕਿ ਏਨਾ ਪੈਸਾ ਆਉ ਕਿਥੋ,,ਅਸੀਂ ਤਾਂ ਸਾਰੀ ਉਮਰ ਚ ਕਦੇ ਏਨਾ ਪੇਸਾ ਇੱਕਠਾ ਨਹੀ ਦੇਖਿਆ …ਫੇਰ ਬੰਤੋ ਦੇ ਮਨ ਵਿੱਚ ਆਈ ਕਿ ਜਿਸ ਸਰਦਾਰ ਸੋਹਣ ਸਿੰਘ ਦੇ ਘਰ ਉਹ ਕੰਮ ਕਰਦੀ ਹੈ ,ਉਸ ਤੋਂ ਮੰਗ ਸਕਦੀ ਹੈ,ਨਾਲੇ ਅੱਜ-ਕੱਲ ਤਾਂ ਉਹਨਾ ਦਾ ਮੁੰਡਾ ਵੀ ਬਾਹਰਲੇ ਮੁਲਕੋ ਆਇਆ ਹੋਇਆ ਹੈ..ਸ਼ਾਇਦ ਉਹੀ ਮਦਦ ਕਰ ਦੇਣ…
ਬੰਤੋ ਰਾਤੋ ਰਾਤ ਪਿੰਡ ਵਾਪਸ ਪਰਤ ਆਈ ਤੇ ਸਵੇਰੇ ਸਵੇਰੇ ਸਰਦਾਰਾ ਦੇ ਘਰ ਚਲੀ ਗਈ,,ਬੰਤੋ ਨੇ ਸਾਰੀ ਗੱਲ ਦੱਸੀ ਤੇ ਪੈਸਿਆ ਦੀ ਮੰਗ ਕੀਤੀ..
“ਦੇਖ ਬੰਤੋ ਅਸੀਂ ਸਮਝ ਸਕਦੇ ਹਾਂ ,ਤੇਰਾ ਦੁੱਖ ਬਹੁਤ ਵੱਡਾ ਏ…ਅਸੀਂ ਤੇਰੀ ਮਦਦ ਵੀ ਕਰਦੇ ਪਰ ਏਸ ਵਾਰ ਹੱਥ ਬਹੁਤ ਤੰਗ ਹੈ…ਮੁੰਡੇ ਦੇ ਬਾਹਰ ਪੱਕੇ ਹੋਣ ਲਈ ਅਸੀਂ ਸੁੱਖ ਸੁੱਖੀ ਹੋਈ ਸੀ ਗੁਰੂਘਰ ਦੇ ਗੁੰਬਦ ਤੇ ਸੋਨਾ ਚੜਾਉਣ ਦੀ ਸੇਵਾ ਵਿੱਚ ਹਿੱਸਾ ਪਾਵਾਗੇ,, ਪੈਸੇ ਤਾਂ ਘਰ ਪਏ ਨੇ ਪਰ ਲਗਭਗ ਦੋ ਲੱਖ ਤਾਂ ਸੋਨੇ ਲਈ ਕੱਡਿਆ ਸੀ ਹੁਣ ਚੁੱਕੇ ਹੋਏ ਪੈਸਿਆ ਚੋ ਤਾਂ ਤੈਨੂੰ ਦੇ ਨਹੀ ਸਕਦੇ..ਅਸੀਂ ਤਾਂ ਅੱਜ ਚੱਲੇ ਹੀ ਸੀ ਸੋਨਾ ਲੈਣ ..” ਸਰਦਾਰ ਨੇ ਲੰਬਾ ਸਾਰਾ ਧਾਰਮਿਕ ਰੰਗਤ ਨਾਲ ਭਰਿਆ ਜਵਾਬ ਦੇ ਦਿੱਤਾ ਤੇ ਬੰਤੋ ਨੂੰ ਮੋੜ ਦਿੱਤਾ..ਬੰਤੋ ਨੇ ਹਰ ਇੱਕ ਬੰਦੇ ਅੱਗੇ ਹੱਥ ਅੱਡਿਆ ਪਰ ਗਰੀਬ ਨੂੰ ਕੌਣ ਪੈਸੇ ਦਿੰਦਾ ਹੈ ,ਹਰ ਕੋਈ ਇਹੀ ਸੋਚ ਜਾਂਦਾ ਹੈ ਕਿ ਇਹਨਾ ਕੇਹੜੇ ਮੋੜਨੇ ਨੇ …ਥੱਕ ਹਾਰ ਬੰਤੋ ਹਸਪਤਾਲ ਵਾਪਸ ਮੁੜ ਗਈ ਤੇ ਰੋਂਦੀ ਕਰਲਾਉਂਦੀ ਡਾਕਟਰ ਅੱਗੇ ਵਾਸਤੇ ਪਾਉਣ ਲੱਗੀ ਕਿ , “ਇੱਕ ਵਾਰ ਉਪਰੇਸਨ ਕਰਦੇ ਮੈ ਸਾਰੀ ਉਮਰ ਤੇਰੇ ਘਰ ਮੁਫਤ ਚ ਕੰਮ ਕਰੁ…ਮੇਰਾ ਇੱਕੋ ਇੱਕ ਸਹਾਰਾ ਬਚਾ ਲੈ”
ਪਰ ਡਾਕਟਰ ਵੀ ਇੱਕ ਵਪਾਰੀ ਦੀ ਤਰਾ ਸਿੱਧਾ ਕਹਿ ਗਿਆ , ਮਾਤਾ ਜੀ ਇਲਾਜ ਤਾਂ ਫੇਰ ਹੀ ਹੋਊ ਜੇ ਪੈਸੇ ਪਹਿਲਾ ਜਮਾ ਕਰਵਾਓਗੇ”
ਬੰਤੋ ਦੀ ਹੁਣ ਕੋਈ ਵੱਸ ਨਹੀ ਚੱਲ ਰਹੀ ਸੀ ,ਉਹ ਮੁੰਡੇ ਦੇ ਕਮਰੇ ਬਾਹਰ ਬੈਠ ਰੱਬ ਅੱਗੇ ਅਰਦਾਸਾ ਕਰਨ ਲੱਗੀ ਕਿ “ ਹੇ,ਮਾਲਕਾ ਮੇਰੇ ਮੁੰਡੇ ਨੂੰ ਬਚਾ ਲੈ ,ਮੈ ਸਦਾ ਤੇਰੀ ਰਜਾ ਵਿੱਚ ਖੁਸ਼ ਰਹੀ ਹਾਂ ,ਪਰ ਇੱਕ ਵਾਰ ਮੇਰੀ ਰਜਾ ਮੰਨ ਲੈ ਮੇਰੇ ਮੁੰਡੇ ਨੂੰ ਬਚਾ ਲੈ”…ਬੰਤੋ ਬੈਠੀ ਅਰਦਾਸਾ ਕਰ ਹੀ ਰਹੀ ਸੀ ਕਿ ਗਵਾਂਡੀਆਂ ਦਾ ਮੁੰਡਾ ਅੱਖਾ ਭਰੀ ਆ ਕਿ ਬੋਲਿਆ ,”ਚੱਲ ਤਾਈ ਘਰ ਚੱਲੀਏ ,ਸਾਡੀ ਰੱਬ ਵੀ ਨਹੀ ਸੁਣਦਾ ,,ਵੀਰਾ ਨਹੀ ਰਿਹਾ ..”
ਬੰਤੋ ਦੀਆਂ ਧਾਹਾ ਅੱਗੇ ਜੇ ਰੱਬ ਖੁਦ ਵੀ ਖੜਾ ਹੁੰਦਾ ਸ਼ਾਇਦ ਉਹਦੀ ਵੀ ਭੱਬ ਨਿਕਲ ਜਾਂਦੀ …
ਲਾਸ਼ ਨੂੰ ਲੈ ਬੰਤੋ ਘਰ ਪਹੁੰਚ ਗਈ ਤੇ ਮੁੰਡਿਆ ਨੇ ਲਾਸ਼ ਨੂੰ ਇੱਕ ਮੰਜੇ ਤੇ ਰੱਖਿਆ ਤੇ ਹੋਰ ਪਿੰਡ ਵਾਸੀ ਵੀ ਅਫਸੋਸ ਜਾਹਿਰ ਕਰਨ ਲਈ ਇਕਠੇ ਹੋਣ ਲੱਗੇ …ਬੰਤੋ ਦੇ ਘਰ ਕਹਿਰ ਚੀਕਾ ਮਾਰ ਰਿਹਾ ਸੀ ,,ਬੰਤੋ ਦੇ ਕੀਰਨੇ ਸਬ ਦਾ ਕਲੇਜਾ ਪਾੜ ਰਹੇ ਸੀ ਕਿ ਅਚਾਨਕ ਪਿੰਡ ਦੇ ਗੁਰੂਘਰ ਦਾ ਸਪੀਕਰ ਚੱਲਿਆ ਤੇ ਪਾਠੀ ਨੇ ਅਨਾਉਂਸਮੇੰਟ ਕੀਤੀ , ‘ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕਿ ਫਤਿਹ ,,ਭਾਈ ਕੱਲ ਗੁਰੂਘਰ ਦੇ ਗੁੰਬਦ ਉੱਪਰ ਸੋਨਾ ਚੜਾਇਆ ਜਾਣਾ ਹੈ ,ਜੋ ਸੋਨੇ ਦੀ ਕਮੀ ਸੀ, ਉਹ ਸਰਦਾਰ ਸੋਹਣ ਸਿੰਘ ਹੋਣਾ ਨੇ ਮੁੰਡੇ ਦੇ ਬਾਹਰ ਪੱਕੇ ਹੋਣ ਦੀ ਖੁਸ਼ੀ ਵਿੱਚ ਅੱਜ ਦੋ ਲੱਖ ਦਾ ਸੋਨਾ ਚੜਾ ਕੇ ਪੂਰੀ ਕਰ ਦਿੱਤੀ ਹੈ ,ਕੱਲ ਸਬ ਨੇ ਸੇਵਾ ਵਿੱਚ ਹਿੱਸਾ ਪਾਉਣਾ ਤੇ ਸਮੂਹ ਨਿਵਾਸੀਆ ਨੇ ਗੁਰੂ ਦੀਆਂ ਮਹਿਰਾ ਪ੍ਰਾਪਤ ਕਰਨੀਆ …”
ਇੱਕ ਪਾਸੇ ਬੰਤੋ ਇਲਾਜ ਨਾ ਹੋਣ ਕਰਕੇ ਮੋਹੇ ਪੁੱਤ ਦੀ ਲਾਸ਼ ਨੂੰ ਦੇਖ ਰਹੀ ਸੀ ਤੇ ਦੂਜੇ ਪਾਸੇ ਕੰਨਾ ਵਿੱਚ ਪੈ ਰਹੀ ਗ੍ਰੰਥੀ ਦੀ ਆਵਾਜ ਨੂੰ ਸੁਣ ਰਹੀ ਸੀ ,ਤੇ ਮਨੋ ਮਨ ਸੋਚ ਰਹੀ ਸੀ ਕਿੰਨਾ ਫਰਕ ਹੈ ਬਾਬੇ ਨਾਨਕ ਦੀ ਬਾਣੀ ਵਿੱਚ ਤੇ ਅੱਜ ਦੇ ਸਿੱਖਾ ਦੀ ਕਰਨੀ ਵਿੱਚ ,,, ਸੋਨੇ ਦਾ ਗੁੰਬਦ ਜਿਆਦਾ ਕੀਮਤੀ ਸੀ ਜਾ ਮੇਰੇ ਪੁੱਤ ਦੀ ਜਾਨ…
………..
ਗਰੀਬ ਦਾ ਮੂੰਹ ,ਗੁਰੂ ਦੀ ਗੋਲਕ

ਜਗਮੀਤ ਸਿੰਘ ਹਠੂਰ

ਗੋਤ

by admin September 20, 2020

ਸੀਰਤ ਨੇ ਚਾਈਂ ਚਾਈਂ ਆਪਣੀ ਪਲੇਠੀ ਕਿਤਾਬ ਆਪਣੇ ਸਹੁਰਾ ਸਾਬ ਜੋਕਿ ਇੱਕ ਰਿਟਾਇਰਡ ਸਰਕਾਰੀ ਅਫਸਰ ਸਨ, ਸਰਦਾਰ ਮਹਿੰਦਰ ਸਿੰਘ ਨੂੰ ਫੜਾਉਂਦਿਆਂ ਆਖਿਆ
“ਦੇਖੋ ਪਾਪਾ ਮੇਰੀ ਕਿਤਾਬ ਛਪ ਕੇ ਆ ਗਈ ਹੈ”।
ਸੀਰਤ ਦੇ ਹੱਥੋਂ ਕਿਤਾਬ ਫੜਕੇ ਉਸਦੇ ਸਿਰ ਤੇ ਹੱਥ ਰੱਖਦਿਆਂ ਬੋਲਿਆ
“ਮੈਂਨੂੰ ਤੇਰੇ ਤੇ ਮਾਣ ਐ ਧੀਏ ਤੂੰ ਸਾਡੇ ਖਾਨਦਾਨ ਦੇ ਨਾਂ ਨੂੰ ਚਾਰ ਚੰਨ ਲਾਏ ਨੇ;ਮੈਂ ਹੁਣ ਔਰਤ ਦਿਵਸ ਸੰਬੰਧੀ ਹੋ ਰਹੇ ਸਮਾਗਮ ਤੇ ਚੱਲਿਆ ਹਾਂ,ਫੁਰਸਤ ਚ ਜ਼ਰੂਰ ਪੜਾਂਗਾਂ”।
ਜਿਵੇਂ ਈ ਕਿਤਾਬ ਬੰਦ ਕਰ ਕੇ ਸੀਰਤ ਨੂੰ ਫੜਾਉਣ ਲੱਗਦਾ ਹੈ ਉਸਦੀ ਨਜ਼ਰ ਕਵਰ ਪੇਜ਼ ਤੇ ਸੀਰਤ ਦੇ ਨਾਂ ਲਿਖੇ ੳਸਦੇ ਪੇਕਿਆਂ ਦੇ ਗੋਤ ਤੇ ਪੈਂਦੀ ਹੈ…”ਆਹ ਕੀ?ਹੁਣ ਤੁਹਾਨੂੰ ਆਪਣਾ ਸਹੁਰਿਆਂ ਵਾਲਾ ਸਰਨੇਮ ਲਿਖਣਾ ਚਾਹੀਦਾ ਹੈ ਬੇਟਾ ਜੀ,ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ”।

“ਨਹੀਂ ਪਾਪਾ ਜੀ,ਮੈਨੂੰ ਜੋ ਵੀ ਸਿੱਖਿਆ ਜਾਂ ਗਿਆਨ ਮਿਲਿਆ ਹੈ ਉਹ ਮੇਰੇ ਫਾਦਰ ਸਾਬ ਦੀ ਬਦੌਲਤ ਹੀ ਮਿਲਿਆ ਹੈ,ਹੁਣ ਮੇਰਾ ਵੀ ਇਹ ਫਰਜ਼ ਬਣਦਾ ਹੈ ਕਿ ਮੈਂ ਉਹਨਾਂ ਦੇ ਨਾਮ ਨੂੰ ਅੱਗੇ ਲੈਕੇ ਜਾਵਾਂ …ਨਾਲੇ ਐਡੀ ਕਿਹੜੀ ਗੱਲ ਹੈ,ਮੈਂ ਇਹ ਨਹੀਂ ਕਰ ਸਕਦੀ, ਸੌਰੀ”।
ਸੀਰਤ ਦਾ ਜਵਾਬ ਸੁਣ ਮਹਿੰਦਰ ਸਿੰਘ ਨਿਰਉੱਤਰ ਹੋ ਗਿਆ।
ਹਰਿੰਦਰ ਕੌਰ ਸਿੱਧੂੂ

ਅਪਾਹਿਜ਼

by admin September 20, 2020

ਮਹਿਮਾਨ ਚਾਹ ਨਾਲ ਮਿਠਾਈ ਅਤੇ ਪਕੌੜਿਆਂ ਨੂੰ ਚਟਖ਼ਾਰੇ ਲੈ ਕੇ ਖ਼ਾ ਰਹੇ ਸਨ। ਛੋਟਾ ਭਰਾ ਕਾਜੂ ਬਦਾਮਾਂ ਦੀਆਂ ਪਲੇਟਾਂ ਚੁੱਕ ਚੁੱਕ ਮਹਿਮਾਨਾ ਅਗੇ ਕਰ ਰਿਹਾ ਸੀ।ਮੰਮੀ ਨਵੀ ਮੰਗਵਾਈ ਕਰੋਕਰੀ ਵਿਚ ਚਾਹ ਵਰਤਾ ਰਹੇ ਸੀ।ਸਾਰਾ ਟੱਬਰ ਉਨ੍ਹਾਂ ਸਾਹਮਣੇ ਵਿਛਿਆ ਪਿਆ ਸੀ। ਸੰਦੀਪ ਨੀਵੀਂ ਪਾਈ ਸੋਚ ਰਹੀ ਸੀ ਕਿ ਪੰਜਾਬ ਵਿੱਚ ਆਹ ਪਿਛਲੀ ਸਦੀ ਦਾ ਰਿਵਾਜ਼ ਹੀ ਚਲਦਾ ਰਹੂ।ਇੱਕਵੀਂ ਸਦੀ ਵਿੱਚ ਅਧਿਆਪਕ ਦੀ ਨੌਕਰੀ ਅਤੇ ਉੱਚ ਡਿਗਰੀਆਂ ਦੇ ਬਾਵਜੂਦ ਹਾਲੇ ਵੀ ਮਾਪੇ ਮੁੰਡੇ ਵਾਲਿਆਂ ਸਾਹਮਣੇ ਇਸ ਤਰ੍ਹਾਂ ਦੀ ਦੇਖ ਦਿਖਾਈ ਲਈ ਮਜ਼ਬੂਰ ਸਨ ।ਦਿਲ ਤਾਂ ਉਹਦਾ ਵੀ ਬਹੁਤ ਕਰਦਾ ਸੀ ਕਿ ਇਸਤਰਾਂ ਦੇ ਰਿਸ਼ਤੇ ਨੂੰ ਇਨਕਾਰ ਕਰ ਦੇਵੇ, ਪਰ ਮਾਂ-ਬਾਪ ਦੀ ਇੱਜ਼ਤ ਦਾ ਖ਼ਿਆਲ ਉਸ ਸਾਹਮਣੇ ਆ ਕੇ ਉਸਨੂੰ ਬੇਵੱਸ ਕਰ ਦਿੰਦਾ। ਉਹ ਚੁੱਪਚਾਪ ਨੀਵੀਂ ਪਾਈ ਕੋਸ਼ਿਸ਼ ਕਰ ਰਹੀ ਸੀ ਕਿ ਉਸਨੂੰ ਦੇਖਣ ਆਏ ਮੁੰਡੇ ਦੀ ਝਲਕ ਉਸਨੂੰ ਵੀ ਦਿਖਾਈ ਦੇ ਜਾਵੇ, ਪਰ ਉਨ੍ਹਾ ਸੋਫ਼ਾ ਖੱਬੇ ਹੱਥ ਸੀ ਤੇ ਓਹਦੇ ਨਾਲ ਹੀ ਡੈਡੀ ਬੈਠੇ ਸਨ। ਸੋ ਉਹ ਚਾਹ ਕੇ ਵੀ ਉਸ ਪਾਸੇ ਚੰਗੀ ਤਰ੍ਹਾਂ ਦੇਖ ਨਹੀਂ ਸਕਦੀ ਸੀ। ਥੋੜੇ ਸਮੇਂ ਬਾਅਦ ਮੁੰਡੇ ਵਾਲਿਆਂ ਦੀ ਘੁਸਰ ਮੁਸਰ ਸ਼ੁਰੂ ਹੋ ਗਈ।
ਅਚਾਨਕ ਇੱਕ ਜਨਾਨਾ ਅਵਾਜ਼ ਸੁਣਾਈ ਦਿੱਤੀ। ਉਸਨੇ ਕੁਨੱਖੀਆਂ ਅੱਖਾਂ ਨਾਲ ਵੇਖਿਆ ਤਾਂ ਇੱਕ ਅੱਧਖੜ੍ਹ ਉਮਰ ਦੀ ਜ਼ਿਆਦਾ ਹੀ ਮੇਕਅਪ ਕੀਤੀ ਔਰਤ ਬੋਲ ਰਹੀ ਸੀ ,”ਦੇਖੋ ਜੀ ਕੁੜੀ ਸਾਨੂੰ ਪਸੰਦ ਹੈ, ਬੱਸ ਧੀਏ ਥੋੜ੍ਹਾ ਜਿਹਾ ਦਰਵਾਜ਼ੇ ਤਕ ਗੇੜਾ ਤਾਂ ਦੇ ਕੇ ਆ’।” ਉਸਦੀ ਪਹਿਲੀ ਪਸੰਦ ਵਾਲੀ ਗੱਲ ਸੁਣ ਕੇ ਹਾਲੇ ਗੁਲਾਬੀ ਰੰਗਤ ਚਿਹਰੇ ‘ਤੇ ਆਉਣ ਹੀ ਲੱਗੀ ਸੀ ਕਿ ਪਲਤਣ ਛਾ ਗਈ। ਉਸਦੇ ਦਿਮਾਗ ਨੇ ਸੋਚਿਆ ਕਿ ਇਹ ਸਮਝਦੇ ਨੇ ਕਿ ਕਿਤੇ ਮੈਂ ਅਪਾਹਿਜ਼ ਹੀ ਨਾ ਹੋਵਾਂ।ਮੈਂ ਵੀ ਕਿਸੇ ਦੀ ਧੀ ਹਾ, ਕੋਈ ਪਸੂ ਤਾਂ ਨਹੀਂ ਜਿਸ ਨੂੰ ਵਪਾਰੀ ਵਾਂਗ ਤੋਰ ਕੇ ਵੇਖ ਰਹੇ ਹਨ। ਉਸਨੂੰ ਗੁੱਸਾ ਚੜ੍ਹਣਾ ਸ਼ੁਰੂ ਹੋ ਚੁੱਕਿਆ ਸੀ। ਉਸਦੀ ਮਾਂ ਨੇ ਕਿਹਾ “ਜਾਹ, ਸੰਦੀਪ ਆਹ ਟਰੇਅ ਕਿਚਨ ਵਿੱਚ ਰੱਖ ਆ।” ਉਹ ਮਾਂ ਦੀ ਮੂਕ ਮਜ਼ਬੁਰੀ ਅਤੇ ਮਨਸ਼ਾ ਸਮਝ ਚੁੱਕੀ ਸੀ। ਉਸਨੇ ਟਰੇਅ ਚੁੱਕਣ ਲਈ ਹੱਥ ਵਧਾਏ ਤਾਂ ਉਸਨੂੰ ਮੁੰਡੇ ਦਾ ਚਿਹਰਾ ਦਿਖ ਗਿਆ ਤੇ ਉਸਦੇ ਮੂੰਹੋਂ ਨਿਕਲਿਆ ‘ ਹੈਰੀ ਤੂੰ’। ਹੈਰੀ ਮੁਸਕੁਰਾ ਰਿਹਾ ਸੀ। ਡੈਡੀ ਨੇ ਹੈਰਾਨੀ ਨਾਲ ਦੋਵਾਂ ਵੱਲ ਦੇਖਿਆ ਅਤੇ ਪੁੱਛਿਆ ‘ਤੁਸੀ ਇੱਕ ਦੂਜੇ ਨੂੰ ਜਾਣਦੇ ਹੋ’। ਸੰਦੀਪ ਦੀਆਂ ਅੱਖਾਂ ਵਿੱਚ ਗੁੱਸੇ ਦੀ ਗਹਿਰ ਆ ਗਈ। ਉਹ ਬੋਲੀ,” ‘ਹਾਂ ਡੈਡੀ, ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ, ਇਸਦਾ ਪਰਿਵਾਰ ਮੈਂਨੂੰ ਤੋਰ ਕੇ ਪਰਖਣਾ ਚਾਹੁੰਦਾ ਸੀ ਕਿ ਮੈਂ ਅਪਾਹਿਜ਼ ਤਾਂ ਨਹੀਂ, ਹੁਣ ਮੈਂ ਇੰਨ੍ਹਾਂ ਦੇ ਇਸ ਅਪਾਹਿਜ਼ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰਦੀ ਹਾਂ ਭਾਵੇਂ ਤੁਸੀ ਨਾਰਾਜ਼ ਹੀ ਹੋ ਜਾਓ।” ਸੰਦੀਪ ਦੇ ਵੱਡੇ ਬੋਲ ਸੁਣ ਕੇ ਹਾਹਾਕਾਰ ਮੱਚ ਗਈ ਸੀ। ਉਸਦੇ ਮੰਮੀ-ਡੈਡੀ ਹੈਰਾਨ ਹੋਏ ਦੇਖ ਰਹੇ ਸਨ ਜਿਵੇਂ ਉਨ੍ਹਾਂ ਦੇ ਮੂੰਹ ਵਿੱਚ ਬੋਲ ਵੀ ਨਾ ਫੁੱਟ ਰਿਹਾ ਹੋਵੇ।
ਹੈਰੀ ਦੀ ਮਾਂ ਛਾਲ ਮਾਰ ਕੇ ਉਠੀ,” ਜੇ ਤੂੰ ਵਿਆਹ ਨਹੀ ਕਰਵਾਉਂਣਾ ਤਾਂ ਨਾ ਕਰਵਾ, ਪਰ ਖ਼ਬਰਦਾਰ ਮੇਰੇ ਪੁੱਤ ਨੂੰ ਅਪਾਹਿਜ਼ ਕਿਹਾ ,ਬਕਵਾਸ ਕਰਨ ਦੀ ਕੋਈ ਲੋੜ ਨਹੀਂ। “ਸੰਦੀਪ ਗੁੱਸੇ ਵਿੱਚ ਤਮਕ ਕੇ ਬੋਲੀ ,”ਆਂਟੀ ਜੀ ਸਰੀਰਿਕ ਘਾਟ ਵਾਲਾ ਬੰਦਾ ਅਪਾਹਿਜ਼ ਨਹੀਂ ਹੁੰਦਾ, ਕੁਦਰਤ ਕਿਸੇ ਤਰੀਕੇ ਨਾਲ ਉਸਦੀ ਤਾਂ ਘਾਟ ਪੂਰੀ ਕਰ ਦਿੰਦੀ ਹੈ, ਪਰ ਜੇਕਰ ਕੋਈ ਦਿਮਾਗ ਤੇ ਸੋਚ ਤੋਂ ਅਪਾਹਿਜ਼ ਹੋਵੇ ਤਾਂ ਉਸਦਾ ਕੁੱਝ ਨਹੀਂ ਹੋ ਸਕਦਾ’। ਸੰਦੀਪ ਦੀ ਗੱਲ ਸੁਣਕੇ ਹੈਰੀ ਦਾ ਸਾਰਾ ਪਰਿਵਾਰ ਉੱਠ ਖੜ੍ਹਿਆ। ਹੈਰੀ ਤਾਂ ਜਿਵੇਂ ਗੂੰਗਾ ਹੋ ਗਿਆ ਹੋਵੇ। ਸੰਦੀਪ ਹਾਲੇ ਵੀ ਬੋਲ ਰਹੀ ਸੀ ‘ਡੈਡੀ ਤੁਸੀ ਕਹਿੰਦੇ ਸੀ ਇੱਕ ਦੂਜੇ ਨੂੰ ਜਾਣਦੇ ਹੋ ਤਾਂ ਸੁਣੋ, ਇਹ ਸਾਡੇ ਕਾਲਜ ਦਾ ਸਭ ਤੋਂ ਲਫੰਡਰ ਦਿਮਾਗੀ ਤੌਰ ‘ਤੇ ਅਪਾਹਿਜ਼ ਬੰਦਾ ਹੈ। ਜਿਸਨੇ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਖ਼ਰਾਬ ਕੀਤਾ ਅਤੇ ਕਿੰਨੀਆਂ ਤੋਂ ਛਿੱਤਰ ਖ਼ਾਧੇ ਹਨ। ਮੈਂ ਨਹੀਂ ਕਰਵਾਉਣਾ ਅਜਿਹੇ ਦਿਮਾਗੀ ਤੌਰ ‘ਤੇ ਅਪਾਹਿਜ਼ ਨਾਲ ਵਿਆਹ ਵੂਹ।” ਇਹ ਕਹਿੰਦੀ ਸੰਦੀਪ ਅੰਦਰ ਨੂੰ ਤੁਰ ਗਈ। ਹੈਰੀ ਦਾ ਪਰਿਵਾਰ ਮਣ ਮਣ ਦੇ ਪੈਰ ਧਰਦਾ ਘਰੋਂ ਬਾਹਰ ਜਾ ਰਿਹਾ ਸੀ। ਸਭ ਤੋਂ ਪਿੱਛੇ ਧੌਣ ਨਿਵਾਈ ਜਾਂਦਾ ਹੈਰੀ ਸੰਦੀਪ ਦੇ ਮਾਪਿਆਂ ਨੂੰ ਸੱਚਮੁੱਚ ਅਪਾਹਿਜ਼ ਹੀ ਲੱਗ ਰਿਹਾ ਸੀ।
ਭੁਪਿੰਦਰ ਸਿੰਘ ਮਾਨ

ਅਜਾਦੀ

by admin September 19, 2020

ਰਾਤ ਦਾ ਆਖਰੀ ਪਹਿਰ ਬੀਤ ਚੁਕਾ ਸੀ ਤੇ ਅਸਮਾਨ ਵਿਚ ਚਾਨਣ ਰਿਸ਼ਮਾਂ ਖਿਲਰਨੀਆ ਸ਼ੁਰੂ ਹੋ ਚੁੱਕਿਆਂ ਸੀ …ਇਕ ਛੋਟੇ ਜਿਹੇ ਕਮਰੇ ਵਿਚ ਤਾੜੇ ਹੋਏ ਗੁਲਾਮਾਂ ਨੂੰ ਬਾਹਰ ਲਿਆ ਕੰਮ ਤੇ ਲਾਇਆ ਜਾ ਰਿਹਾ ਸੀ.. ਯੂਰੋਪ ਵਰਗੇ ਠੰਡੇ ਇਲਾਕੇ ਵਿਚ ਗਰਮੀ ਵੀ ਪੈਂਦੀ ਸੀ ..ਰੋਮਨ ਹੁਕਮਰਾਨਾ ਵਲੋਂ ਅਫਰੀਕਨ ਨੀਗਰੋ ਤੇ ਹੋਰ ਗੁਲਾਮ ਖਰੀਦੇ ਜਾਂਦੇ ਸਨ ਤੇ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ..ਕੋਰਲੀ ਵੀ ਓਹਨਾ ਚੋ ਇਕ ਸੀ ਪਰ ਉਸ ਨੂੰ ਆਪਣਾ ਮੁਲਕ ਬਹੁਤ ਯਾਦ ਆਉਂਦਾ ਸੀ …ਉਹ ਨਿਕਲਣਾ ਚਾਹੁੰਦਾ ਸੀ ਇਥੋਂ ਪਰ ਕਿਲੇ ਦੀ ਦੀਵਾਰ ਦੇ ਕੋਲ ਸਖਤ ਪਹਿਰੇ ਕਰਕੇ ਹਿਲ ਵੀ ਨੀ ਸੀ ਸਕਦਾ ..ਇਸੇ ਕਰਕੇ ਕਈ ਵਾਰ ਚਾਬੁਕ ਵੀ ਪਏ ..ਦਿਲ ਨੂੰ ਲਗੇ ਝੋਰੇ ਤੇ ਹੱਦ ਤੋੜਵੀ ਮੇਹਨਤ ਕਰ ਉਸ ਦਾ ਸ਼ਰੀਰ ਕਾਫੀ ਨਿਢਾਲ ਹੋ ਗਿਆ ਸੀ …

ਓਹਨਾ ਤੇ ਨਿਗਰਾਨੀ ਰੱਖਣ ਵਾਲੇ ਬੰਦੇ ਕੋਲ ਅਕਸਰ ਹੀ ਇਕ ਪਿੰਜਰਾ ਹੁੰਦਾ ਸੀ ਜਿਸ ਵਿਚ ਕਈ ਰੰਗ ਬਿਰੰਗੇ ਪੰਛੀ ਸਨ ..ਕੋਰਕੀ ਓਨਾ ਵਲ ਦੇਖਦਾ ਤਾ ਉਸ ਨੂੰ ਪੰਛੀਆਂ ਤੇ ਬੜਾ ਤਰਸ ਆਉਂਦਾ …

ਇਕ ਦਿਨ ਤੜਕਸਾਰ ਹੀ ਉਸ ਨੂੰ ਆਪਣਾ ਘਰ ਤੇ ਪਿੰਡ ਸੁਪਨੇ ਚ ਦਿਸੇ,ਉਹ ਨਦੀ ਦਿਖੀ ਜਿਸ ਵਿਚ ਉਹ ਅਕਸਰ ਤਾਰੀਆਂ ਲਾਉਂਦਾ ਸੀ …ਇਕ ਅੱਚਵੀ ਜਿਹੀ ਲਗ ਗਈ ਤੇ ਸ਼ਰੀਰ ਨਿਢਾਲ ਪੈ ਗਿਆ ..ਪਰ ਇਥੇ ਕਿਸ ਨੇ ਧਿਆਨ ਦੇਣਾ ਸੀ …ਕੋਠੜੀ ਚੋ ਬਾਹਰ ਲਿਆ ,ਉਸ ਦੀਆ ਬੇੜੀਆਂ ਖੋਲੀਆਂ ਗਈਆਂ..ਅਜਾਦ ਹੋਣ ਦੀ ਲਾਲਸਾ ਨੇ ਇਕ ਵਾਰ ਫੇਰ ਮੌਕਾ ਦੇਖ ਉਸ ਨੂੰ ਕੰਧ ਟੱਪ ਜਾਣ ਲਈ ਜ਼ੋਰ ਪਾਇਆ ਤੇ ਉਸ ਨੇ ਸਾਰੀ ਤਾਕਤ ਇਕਠੀ ਕਰ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ …

ਪਹਿਰੇਦਾਰਾਂ ਨੇ ਫੜ ਕੇ ਧੁ ਲਿਆ ਤੇ ਉਸ ਤੇ ਚਾਬੁਕ ਵਰਨੇ ਸ਼ੁਰੂ ਹੋ ਗਏ …ਕੁਛ ਸਮੇ ਮਗਰੋਂ ਥਕ ਹਾਰ ਕੇ ਪਹਿਰੇਦਾਰ ਵਾਪਸ ਜਾਣ ਲਗੇ ਤਾ ਕੋਰਕੀ ਨੇ ਮੂੰਹ ਉਤਾਂਹ ਚੁਕਿਆ ਤਾ ਸਾਹਮਣੇ ਓਹੀ ਪਿੰਜਰਾ ਦਿੱਖ ਗਿਆ …ਘਿਸਰ ਕੇ ,ਹੋਲੀ ਹੋਲੀ ਪਿੰਜਰੇ ਕੋਲ ਜਾ, ਉਸ ਨੇ ਪਿੰਜਰਾ ਖੋਲ ਸਾਰੇ ਪਰਿੰਦੇ ਉਡਾ ਦਿਤੇ ….ਚਾਬੁਕਾਂ ਦਾ ਦੋਰ ਫੇਰ ਚਲ ਪਿਆ ਪਰ ਉਸ ਤੇ ਕੋਈ ਅਸਰ ਨੀ ਹੋ ਰਿਹਾ ..ਜਿੰਨੇ ਜ਼ੋਰ ਨਾਲ ਚਾਬੁਕ ਪੈਂਦੇ ,ਉਹ ਹੋਰ ਉੱਚੀ ਹਸਦਾ ਤੇ ਅਖੀਰ ਹਸਦੇ ਹਸਦੇ ਅੱਖਾਂ ਮੀਟ ਹੋ ਗਈਆਂ ਤੇ ਅਸਮਾਨ ਦਾ ਨੀਲਾ ਰੰਗ ਉਸ ਦੀਆ ਪਲਕਾਂ ਵਿਚ ਸਮਾ,ਕਾਲਾ ਸਿਆਹ ਹੋ ਗਿਆ …ਰੂਹ ਆਜ਼ਾਦ ਹੋ ਚੁਕੀ ਸੀ …

ਗੁਲਜਿੰਦਰ ਕੌਰ

ਰੁੱਖ ਲਗਾਓ-ਪਾਣੀ ਬਚਾਓ

by admin September 18, 2020

ਕਰਮਜੀਤ ਕੌਰ, ਜੋਕਿ ਪਿੰਡ ਦੀ ਸਰਪੰਚ ਸੀ, ਸਵੇਰੇ ਸਵੇਰੇ ਘਰ ਦੇ ਗੇਟ ਮੂਹਰਿਓ ਲੰਘੀ ਜਾਂਦੀ, ਗਵਾਂਢਣ ਨੂੰ ਆਵਾਜ਼ ਮਾਰਕੇ ਬੁਲਾਉਂਦੀ ਹੈ,ਜੋ ਕਿ ਮੈਂਬਰ ਪੰਚਾਇਤ ਵੀ ਐ
“ਭੈਣ ਜੀ,ਕੱਲ ਚੱਲਣਾ ਆਪਾਂ, ਬੀ: ਡੀ: ਓ ਦਫਤਰ”
“ਕਿਉਂ? ਕੀ ਕੰਮ ਐ”
“ਭੁੱਲ ਗਏ?”
ਉਹ ਪ੍ਰੋਗਰਾਮ ਐ, ਪੰਚਾਇਤਾਂ ਦਾ ” ਰੁੱਖ ਲਗਾਓ- ਪਾਣੀ ਬਚਾਓ”
“ਅੱਛਾ ਜ਼ਰੂਰ ਜਾਵਾਂਗੇ, ਇਹ ਤਾਂ ਸਾਡੇ ਭਲੇ ਦੀ ਓ ਗੱਲ ਐ ”
“ਚੰਗਾ ਫੇਰ ਬਾਕੀ ਪੰਚਾਇਤ ਮੈਂਬਰਾਂ ਨੂੰ ਵੀ ਸੁਨੇਹਾ ਲਾ ਦੇਣਾ”
” ਲਾ ਦੇਊਂਗੀ”
ਜਿੰਨੇ ਸਮੇਂ ਦੌਰਾਨ ਇਹ ਗੱਲਬਾਤ ਹੋਈ, ਸਰਪੰਚਣੀ ਸਾਹਿਬਾਂ ਦਾ ਵਿਹੜਾ ਧੋਣ ਲਈ ਲਾਇਆ ਪਾਣੀ ਵਾਲਾ ਪਾਇਪ ਖੁੱਲਾ ਈ ਚੱਲ ਰਿਹਾ ਸੀ ਤੇ ਉਹ ਸੀਰੀ ਨੂੰ ਤਾਕੀਦ ਕਰ ਰਹੀ ਸੀ
” ਤਾਰੂ, ਜਦ ਟੈਮ ਲੱਗਿਆ ਨਾ, ਆਹ ਦਰੱਖਤ ਪੱਟੀਂ, ਵਿਹੜੇ ਚੋਂ,ਦਿਹਾੜੀਏ ਪੁੱਛ ਲਈਂ,ਇੱਕ-ਦੋ ;ਸਾਰਾ ਦਿਨ ਪੱਤੇ ਗੰਦ ਪਾਈਂ ਰੱਖਦੇ ਨੇ”।
ਹਰਿੰਦਰ ਕੌਰ ਸਿੱਧੂੂ

ਰੁੱਖਾਂ ਦੀ ਜੀਰਾਂਦ

by admin September 17, 2020

ਉਹ ਆਪਣੀਆਂ ਸੋਚਾਂ ਵਿੱਚ ਉਲਝਿਆ , ਦੁਨੀਆਂ ਦੀ ਭੀੜ ਵਿੱਚ ਖ਼ੁਦ ਨੂੰ ਇਕੱਲ੍ਹਾ ਮਹਿਸੂਸ ਕਰ ਰਿਹਾ ਸੀ, ਸਵੇਰ ਤੋ ਕਿਸੇ ਕੰਮ ਤੇ ਜਾਣ ਨੂੰ ਵੀ ਦਿਲ ਨਾ ਕੀਤਾ । ਉਦਾਸੀ ਭਰੇ ਗੀਤ ਸੁਣ ਸੁਣ ਰੋਂਦਾ ਰਿਹਾ।

ਕਿਸਕਾ ਰਸਤਾ ਦੇਖੇ
ਐ ਦਿਲ ਸ਼ੌਦਾਈ । …..

ਤੁਝਸੇ ਨਾਰਾਜ ਨਹੀਂ ਐ ਜ਼ਿੰਦਗੀ
ਹੈਰਾਨ ਹੂੰ ਮੈਂ …..
ਸਾਰਾ ਦਿਨ ਸਿਰਹਾਣੇ ਚ ਸਿਰ ਦੇ ਕੇ ਪਿਆ ਰਿਹਾ , ਸ਼ਾਮ ਢਲ ਆਈ । ਬਾਹਰ ਦਾ ਮੌਸਮ ਬੇਹੱਦ ਸੁਹਾਵਣਾ ਸੀ, ਹੁਣੇ ਪਤਾ ਲੱਗਿਆ ਜਦ ਪਰਦੇ ਹਟਾਕੇ ਤੱਕਿਆ । ਦਿਲ ਕੀਤਾ ਬਾਹਰ ਜਾ ਕੇ ਵੇਖੇ , ਫਿਰ ਇੱਕ ਸੋਚ ਆਈ ਕਿ ਰਹਿਣ ਦਿਓ, ਕੀ ਕਰਨਾ ਘੁੰਮ ਕੇ ਵੀ, ਅਗਰ ਕੁਝ ਸਾਲ ਘੱਟ ਵੀ ਜੀਅ ਲਵਾਂਗਾ ਤਾਂ ਕੀ ਫਰਕ ਪੈਂਦਾ , ਕਿਸੇ ਨੂੰ ਕੋਈ ਘਾਟਾ ਨਹੀ ਪੈਣ ਲੱਗਿਆ । ਅੱਜ ਮਰੇ ਕੱਲ੍ਹ ਨੂੰ ਦੂਜਾ ਦਿਨ , ਸਭ ਆਪੋ ਆਪਣੇ ਸੁੱਖਾਂ ਨੂੰ ਰੋਂਦੇ ਨੇ , ਕੋਈ ਕਿਸੇ ਦੇ ਦੁੱਖ ਨੂੰ ਨਹੀ ਰੋਂਦਾ , ਤੇ ਮੇਰਾ ਕਿਸੇ ਨੂੰ ਕੀ ਸੁਖ ਏ ਜੋ ਦੁਖੀ ਹੋਵੇਗਾ ਮੇਰੇ ਤੁਰ ਜਾਣ ਤੋ ਬਾਅਦ । ਪਰ ਜੱਕੋ ਤੱਕੀ ਕਰਦਿਆਂ ਪਤਾ ਨਹੀਂ ਕਿਸ ਵਕਤ ਉਹ ਬੂਟ ਪਹਿਨ ਕੇ ਬਾਹਰ ਨਿਕਲ ਗਿਆ ਤੇ ਘਰ ਦੇ ਨਜ਼ਦੀਕ ਈ ਬਣੇ ਪਾਰਕ ਵਿੱਚ ਜਾ ਵੜਿਆ । ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਪਾਰਕ ਵਿੱਚ ਰੌਣਕ ਸੀ । ਬੱਚੇ , ਬੁੱਢੇ ਜਵਾਨ ਸਭ ਉਮਰ ਵਰਗ ਦੇ ਲੋਕ ਸਨ ਓਥੇ । ਬੱਚੇ , ਜ਼ਿੰਦਗੀ ਨਾਲ ਭਰਪੂਰ, ਬਿਨਾ ਕਿਸੇ ਫਿਕਰ ਫ਼ਾਕੇ ਤੋ ਹੱਸ ਖੇਡ ਰਹੇ ਸਨ, ਖ਼ੁਸ਼ੀ ਵਿੱਚ ਖੀਵੇ ਹੋ ਰਹੇ ਸਨ ।ਕੁਝ ਪੈਨਸ਼ਨਰ ਬਜ਼ੁਰਗ ਸਨ, ਆਪਣੇ ਹਾਣੀਆਂ ਨਾਲ ਟਹਿਲ ਰਹੇ ਸਨ ਪਾਰਕ ਵਿੱਚ ਬਣੇ ਟ੍ਰੈਕ ਤੇ । ਉਹ ਵੀ ਬੋਝਲ ਕਦਮਾਂ ਨਾਲ ਟਹਿਲਣ ਲੱਗਾ , ਤੁਰਦਾ ਰਿਹਾ ਬੜੀ ਦੇਰ ਤੱਕ , ਜਦ ਆਲੇ ਦੁਆਲੇ ਨਿਗਾ ਦੁੜਾਈ ਤਾਂ ਸਭ ਲੋਕ ਜਾ ਚੁੱਕੇ ਸਨ , ਕੁਝ ਦੇਰ ਪਹਿਲਾਂ ਲੋਕਾਂ ਨਾਲ ਭਰਿਆ ਪਾਰਕ ਭਾਂਅ ਭਾਂਅ ਕਰ ਰਿਹਾ ਸੀ । ਉਹ ਵੀ ਆਹਿਸਤਾ ਆਹਿਸਤਾ ਤੁਰਦਾ ਇੱਕ ਦਰਖ਼ਤ ਕੋਲ ਜਾ ਕੇ ਠਹਿਰ ਗਿਆ , ਵਿਸ਼ਾਲ ਦਿਓ ਕੱਦ ਦਰੱਖਤ ਸੀ ਓਹ । ਸ਼ਾਇਦ ਕੱਦ ਅਤੇ ਉਮਰ ਮੁਤਾਬਿਕ ਪਾਰਕ ਦਾ ਸਭ ਤੋ ਉਮਰ ਦਰਾਜ਼ ਤੇ ਵੱਡਾ ਸੀ ਓਹ ਦਰਖ਼ਤ ।
ਓਹ ਨਿਢਾਲ ਹੋਇਆ ਓਸ ਦਰਖ਼ਤ ਦੇ ਤਣੇ ਨਾਲ ਲੱਗ ਕੇ ਖੜੋ ਗਿਆ । ਪਤਾ ਨਹੀ ਕਿਉਂ , ਉਸਨੂੰ ਲੱਗਾ ਜਿਵੇ ਦਰਖ਼ਤ ਵੀ ਉਸਨੂੰ ਕਲਾਵੇ ਚ ਲੈਣਾ ਚਾਹੁੰਦਾ ਹੋਵੇ , ਕੁਝ ਕਹਿਣਾ ਲੋਚਦਾ ਹੋਵੇ ਉਸਦੇ ਕੰਨ ਚ । ਤੇ ਅਚਾਨਕ ਉਹਦੇ ਹੰਝੂ ਵਹਿ ਤੁਰੇ , ਉਹ ਦਰਖ਼ਤ ਨੂੰ ਕਲਾਵੇ ਚ ਲੈਣ ਦੀ ਨਾਕਾਮ ਕੋਸ਼ਿਸ਼ ਕਰਨ ਲੱਗਾ , ਚਿੰਬੜ ਗਿਆ ਉਹਦੇ ਵਿਸ਼ਾਲ ਤਣੇ ਨਾਲ , ਜਿਵੇਂ ਛੋਟਾ ਬੱਚਾ ਆਪਣੇ ਬਾਪ ਦੀਆਂ ਲੱਤਾਂ ਨਾਲ ਜੁੜਦਾ ਏ ਡਡਿਆ ਕੇ । ਤੇ ਰੁੱਖ ਨੇ ਵੀ ਜਿਵੇ ਉਸਨੂੰ ਘੁੱਟ ਕੇ ਨਾਲ ਲਾ ਲਿਆ ,ਕਿ ਚੱਲ ਬੱਚੇ, ਕਰ ਈ ਲੈ ਦਿਲ ਹੌਲ਼ਾ ਤੂੰ ਚੰਗੀ ਤਰਾਂ ।
ਜਦ ਉਸਨੇ ਮਨ ਹਲਕਾ ਕਰ ਲਿਆ ਤਾਂ ਉਸਨੂੰ ਲੱਗਾ ਜਿਵੇ ਅੰਦਰਲਾ ਸ਼ੋਰ ਰੁਕ ਗਿਆ ਹੋਵੇ । ਅਚਾਨਕ ਉਸਨੂੰ ਜਾਪਿਆ , ਜਿਵੇਂ ਦਰਖ਼ਤ ਨੇ ਪੁੱਛਿਆ ਹੋਵੇ ,ਕਿ ਕੀ ਹੋਇਆ ਈ ਝੱਲਿਆ, ਏਨਾ ਫਿੱਸਿਆ ਕਿਉਂ ਪਿਆਂ ? ਤੇ
ਉਹ ਮਨ ਈ ਮਨ ਦਰਖ਼ਤ ਨਾਲ ਗੱਲੀਂ ਲੱਗ ਗਿਆ ,” ਕੀ ਦੱਸਾਂ ਪਿਆਰੇ ਬਿਰਖ ਮੈਂ ਤੈਨੂੰ? ਮੈ ਜ਼ਿੰਦਗੀ ਦੀਆਂ ਤਲਖ਼ੀਆਂ ਤੋ ਤੰਗ ਆ ਗਿਆਂ , ਜਿੰਨ੍ਹਾਂ ਦੀ ਖ਼ਾਤਰ ਮੈ ਦੇਸੋਂ ਪਰਦੇਸ ਆਇਆ, ਮੁਸ਼ੱਕਤਾਂ ਕੀਤੀਆਂ , ਜਿੰਨ੍ਹਾਂ ਦੇ ਸੁਪਨੇ ਸਿਰਜਦਿਆਂ ਆਪਣੀ ਨੀਂਦ ਗਵਾਈ, ਅੱਜ ਓਹ ਸਿੱਧੇ ਮੂੰਹ ਗੱਲ ਵੀ ਨਹੀ ਕਰਦੇ । ਜਿੰਨ੍ਹਾਂ ਦੇ ਬੋਲ ਮੈ ਸੁਣਨ ਨੂੰ ਤਰਸਦਾ ਸੀ, ਅੱਜ ਉਹਨਾਂ ਨੂੰ ਮੇਰੀ ਬੋਲੀ ਖੱਰਵ੍ਹੀ ਲੱਗਦੀ ਏ , ਆਵਾਜ਼ ਅੱਖਰਦੀ ਏ । ਜਿੰਨ੍ਹਾਂ ਨੂੰ ਉਂਗਲੀ ਫੜ੍ਹ ਤੁਰਨਾ ਸਿਖਾਇਆ , ਜਦ ਉਹ ਵੱਡੇ ਹੋਏ ਤਾਂ ਮੇਰਾ ਕੱਦ ਵੀ ਸੁੰਗੜ ਗਿਆ ਤੇ ਰੁਤਬਾ ਵੀ ਉਹਨਾ ਦੀ ਡੀਲ ਡੌਲ ਸਾਹਮਣੇ , ਫੌਜਾਂ ਜਿੱਤ ਕੇ ਅੰਤ ਨੂੰ ਹਾਰਨ ਵਾਲੀ ਗੱਲ ਬਣ ਗਈ ਏ ਯਾਰਾ ,ਬੇਰਸ , ਬੇਕਾਰ ਹੋ ਗਈ ਏ ਜ਼ਿੰਦਗੀ ।ਕੀ ਕਰਾਂ , ਕਿੱਥੇ ਜਾਵਾਂ “ਏਨਾ ਆਖ ਉਹ ਫਿਰ ਮਨ ਭਰ ਆਇਆ ।
ਦਰਖ਼ਤ ਬਾਦਸਤੂਰ ਹਵਾ ਨਾਲ ਝੂਮ ਰਿਹਾ ਸੀ , ਪਹਿਲਾ ਵਾਂਗ ਈ ਲਹਿਲਹਾਉਂਦਾ ਹੋਇਆ ।
ਕੁਝ ਦੇਰ ਬਾਅਦ ਉਹਨੂੰ ਆਵਾਜ਼ ਆਈ, ਆਪਣੇ ਈ ਅੰਤਰਮਨ ਤੋਂ, ਇਹ ਦਰਖ਼ਤ ਬੋਲ ਰਿਹਾ ਸੀ ।
“ਓਇ ਝੱਲਿਆ, ਥਸ ਐਨੀ ਕੁ ਗੱਲੋਂ ਦੁਖੀ ਹੋ ਗਿਆਂ , ਕਦੀ ਆਪਣੇ ਤੋਂ ਦੁਖੀਏ ਵੱਲ ਵੀ ਤੱਕ ਲਿਆ ਕਰ , ਪਤਾ ਈ, ਤੇਰਾ ਡਾਕਟਰ , ਨਰੇਸ਼, ਲੋਕਾਂ ਦੇ ਇਲਾਜ ਕਰਦਾ ਆਪ ਮਰੀਜ ਹੋ ਗਿਆ ਏ, ਹਫਤੇ ਚ ਦੋ ਵਾਰ ਡਾਇਲਸਿਜ਼ ਕਰਵਾ ਰਿਹਾ ਈ,ਓਹ ਤੇਰਾ ਰੇਂਜ ਰੋਵਰਾਂ ਦਾ ਸ਼ੌਕੀਨ ਦੋਸਤ, ਕੈਂਸਰ ਨੇ ਕੱਠਾ ਕਰ ਸੁੱਟਿਆ , ਗੱਡੀ ਚ ਚੜ੍ਹਨੋ ਵੀ ਆਤੁਰ ਹੋ ਗਿਆ ਏ , ਤੈਨੂੰ ਕੋਈ ਅਜਿਹੀ ਸਮੱਸਿਆ ਤਾਂ ਨਹੀ ਏ ਨਾ । ਔਹ ਵੇਖ ਗੁਰਨਾਮ ਸਿੰਹੁੰ ਨੂੰ, ਸਾਰੀ ਉਮਰ ਫਾਊੰਡਰੀਆਂ ਚ ਭੱਠ ਝੋਕਿਆ ਏ, ਨਾਲ ਦੀ ਤੁਰ ਗਈ, ਰੋਟੀ ਗੁਰੂ ਘਰੋਂ ਖਾਂਦਾ ਏ , ਚਾਰ ਬੱਚਿਆਂ ਨੂੰ ਪਾਲਣ ਵਾਲਾ ਪਿਓ ਨਹੀ ਸਾਂਭਿਆ ਗਿਆ ਚੌਹਾਂ ਬੱਚਿਆਂ ਤੋ ਰਲਕੇ ।ਤੇਰੀ ਇਹ ਹਾਲਤ ਤਾਂ ਨਹੀਂ ਏ ਨਾ ?

ਤਲਖ਼ੀਆਂ ਕਿਸਦੀ ਜ਼ਿੰਦਗੀ ਚ ਨਹੀ ਨੇ ? ਮੇਰੇ ਵੱਲ ਵੇਖ , ਪੱਤਝੜ ਮੈਂ ਝੱਲਦਾਂ ,ਬਰਫ਼ਾਨੀ ਹਵਾਵਾਂ ਮੈ ਬਰਦਾਸ਼ਤ ਕਰਦਾਂ ,ਆਸਮਾਨਾਂ ਤੋ ਬਿਜਲੀ ਕੜਕਦੀ ਏ, ਮੈ ਚੁੱਪ-ਚਾਪ ਸਹਿਨਾਂ। ਟੁੰਡ ਮੁੰਢ , ਬਦਸੂਰਤ ਹੋ ਕੇ ਬਹਾਰ ਰੁੱਤ ਉਡੀਕਦਾਂ ਮੈਂ ਵੀ ਕਿ ਕਦੋ ਰੌਣਕਾਂ ਲੱਗਣ , ਕਦੋ ਮੈ ਬਲਿਹਾਰੀ ਜਾਵਾਂ ਵੇਖ ਕੇ ਨੰਨ੍ਹੇ ਮੁੰਨ੍ਹੇਂ ਬੱਚਿਆਂ ਨੂੰ । ਕਈ ਵਾਰ ਮੇਰੇ ਵੀ ਟਾਹਣ ਟੁੱਟਦੇ ਨੇ, ਮੇਰੇ ਵੀ ਪਾਣੀ ਸਿੰਮਦਾ ਏ ਪਰ ਮੈਂ ਮਾਯੂਸ ਨਹੀ ਹੁੰਦਾ , ਉਸ ਪਾਣੀ ਤੋ ਮਲ੍ਹਮ ਬਣਾ ਕੇ ਵਰਤ ਲੈਨਾ, ਆਪਣਾ ਇਲਾਜ ਆਪ ਕਰ ਲੈਨਾ । ਮੇਰਾ ਧਰਮ ਏ ਹਰ ਦੁੱਖ ਜਰਨਾ ਤੇ ਆਪਣੇ ਕੰਮ ਚ ਲੱਗੇ ਰਹਿਣਾ, ਜਹਿਰੀਲੀ ਹਵਾ ਨੂੰ ਜੀਵਨ ਦਾਤੀ ਆਕਸੀਜਨ ਚ ਬਦਲਨਾ , ਛਾਂ ਤੇ ਹਰਿਆਵਲ ਦੇਣੀ । ਅਖੀਰ ਜਦ ਮੈਨੂੰ ਕੱਟਣ ਆਉਂਦੇ ਨੇ ਮਨੁੱਖ , ਤਾਂ ਕੁਹਾੜੇ ਵਿੱਚ ਦਸਤਾ ਮੇਰੀ ਲੱਕੜ ਦਾ ਈ ਹੁੰਦਾ ਏ ਅਕਸਰ , ਪਰ ਮੈਨੂੰ ਸੰਤੁਸ਼ਟੀ ਏ ਕਿ ਮੇੈ ਕਿਸੇ ਕੰਮ ਆਉਂਨਾ , ਇਹੀ ਮੇਰਾ ਧਰਮ ਏ, ਕੋਈ ਆਸ ਰੱਖੇ ਬਿਨਾ , ਹਮੇਸ਼ਾਂ ਦੇਦੇ ਰਹਿਣਾ, ਬਦਲੇ ਚ ਕੁਝ ਮੰਗਣਾ ਨਹੀ ਕਿਸੇ ਤੋਂ ਵੀ ।ਇਸ ਲਈ ਮੈ ਮਨੁੱਖਾਂ ਵਾਂਗ ਮਾਣ ਨਹੀ ਕਰਦਾ , ਕੋਈ ਅਹਿਸਾਨ ਨਹੀ ਕਰਦਾ ਕਿਸੇ ਸਿਰ ।
ਅਗਰ ਜ਼ਿੰਦਗੀ ਸੁਖਾਲੀ ਕਰਨੀ ਏ ਤਾਂ ਜ਼ਰਾ ਕੁ ਮੇਰੇ ਵਰਗਾ ਬਣ , ਦਰਵੇਸ਼ ਹੋ ਜਾ । ਤੇਰੇ ਤਾਂ ਗੁਰੂ ਨੇ ਵੀ ਦੱਸਿਆ ਹੋਇਆ ਏ ਕਿ
ਦਰਵੇਸ਼ਾਂ ਨੂੰ ਲੋੜੀਏ , ਰੁੱਖਾਂ ਦੀ ਜੀਰਾਂਦ ।।
ਮੈ ਇਹ ਨਹੀ ਕਹਿੰਦਾ ਕਿ ਜੜ੍ਹ ਪੱਥਰ ਹੋ ਜਾ, ਸਿਰਫ ਕੁਝ ਕੁ ਗੁਣ ਈ ਲੈ ਲੈ, ਉੱਚਾ ਉੱਠ ਜਾਵੇਂਗਾ ।
ਦਿਲਗੀਰ ਨਹੀ ਹੋਈਦਾ, ਜਦ ਵੀ ਮਨ ਟਿਕਾਣੇ ਨਾ ਹੋਵੇ ਤੇ ਆ ਜਾਵੀਂ, ਮੈ ਏਥੇ ਈ ਮਿਲੂੰਗਾ , ਦਿਨ ਰਾਤ , ਜਦੋਂ ਮਰਜ਼ੀ ਦਿਲ ਹੌਲਾ ਕਰ ਲਵੀਂ ਪਰ ਜ਼ਿੰਦਗੀ ਤੋ ਨਿਰਾਸ਼ ਨਾ ਹੋਵੀਂ , ਆਪਣੇ ਕੰਮ ਲੱਗਿਆ ਰਹਿ , ਅਜਿਹਾ ਬਣ ਕਿ ਕੋਈ ਤੇਰੇ ਤੋ ਆਸ ਰੱਖ ਸਕੇ , ਪਰ ਆਪ ਕਦੀ ਕਿਸੇ ਤੋ ਕੋਈ ਆਸ ਨਾ ਰੱਖੀਂ ।
ਤੇ ਉਸਨੂੰ ਲੱਗਿਆ , ਜਿਵੇ ਉਹ ਫਿਰ ਤੋ ਜੀਵਨ ਊਰਜਾ ਨਾਲ ਭਰ ਗਿਆ ਹੋਵੇ , ਲਬਾ ਲਬ, ਤਰੋ ਤਾਜ਼ਾ । ਉਹਨੇ ਦਰਖ਼ਤ ਨੂੰ ਚੁੰਮਿਆਂ, ਧੰਨਵਾਦ ਕੀਤਾ ਤੇ ਕਾਹਲੇ ਕਦਮੀ ਘਰ ਨੂੰ ਤੁਰ ਪਿਆ ।
ਥੋੜੀ ਦੂਰ ਜਾ ਕੇ ਉਹਨੇ ਧੰਨਵਾਦੀ ਨਜ਼ਰਾਂ ਨਾਲ ਦਰਖ਼ਤ ਨੂੰ ਟੀਸੀ ਤੋ ਲੈ ਕੇ ਮੁੱਢ ਤੱਕ ਨਿਹਾਰਿਆ ,ਲੱਗਿਆ ਜਿਵੇ ਦਰਖ਼ਤ ਵੀ ਉਸਦੇ ਉਤਸ਼ਾਹ ਤੋ ਖੁਸ਼ ਹੋ ਕੇ ਝੂਮ ਰਿਹਾ ਹੋਵੇ ,ਫਿਰ ਮਿਲਣ ਆਉਣ ਦੀ ਤਾਕੀਦ ਕਰ ਰਿਹਾ ਹੋਵੇ ।

ਅੰਨਾ ਵਿਆਹ…..

by admin September 16, 2020

ਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਏ ਇਹ ਅਮੀਰ ਗਰੀਬ ਜਾਤ ਪਾਤ ਕੁਝ ਨਹੀਂ ਵੇਖਦਾ, ਜਿਸਨੂੰ ਹੋ ਜਾਂਦਾ ਕੋਈ ਕੱਚੇ ਘੜਿਆਂ ਤੇ ਤਰਨ ਲਗ ਪੈਂਦਾ ਕੋਈ ਰੇਗਿਸਥਾਨ ਵਿੱਚ ਰੇਤ ਵਿੱਚ ਭਟਕ ਭਟਕ ਮਰ ਜਾਂਦਾ…. ਕੋਈ ਅਣਖ ਦਾ ਨਾਮ ਦੇ ਇਸਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਕੋਈ ਘਰ ਬਾਰ ਛੱਡ ਜਾਂਦਾ ਤੇ ਬਹੁਤ ਕੁਝ…..
ਇਸ਼ਕ ਦੀ ਇੱਕ ਸੱਚੀ ਕਹਾਣੀ ਨੂੰ ਜਿਵੇਂ ਸੁਣਿਆ ਤਿਵੇਂ ਲਿਖ ਰਿਹਾ ਹਾਂ ….
ਕਹਾਣੀ ਇਸ ਤਰ੍ਹਾਂ ਹੈ ਕਿ ਦੁਆਬੇ ਵਿੱਚ ਕਿਸੇ ਵਿਆਹ ਤੇ ਅੰਮ੍ਰਿਤਸਰ ਲਾਗੇ ਦੇ ਕਿਸੇ ਬਹੁਤ ਹੀ ਅਮੀਰ ਤੇ ਸਿਆਸੀ ਘਰਾਨੇ ਦੀ ਪੜ੍ਹੀ ਲਿਖੀ ਸੁੰਦਰ ਲੜ੍ਕੀ ਵਿਆਹ ਤੇ ਜਾਂਦੀ ਹੈ ਉੱਥੇ ਉਹ ਕਿਸੇ ਲੇਬਰ/ਡਰਾਈਵਰੀ ਕਰਨ ਵਾਲੇ ਮੁੰਡੇ ਨੂੰ ਆਪਣਾ ਦਿਲ ਦੇ ਬੈਠਦੀ ਹੈ ਤੇ ਫਿਰ ਗੱਲਬਾਤ ਦਾ ਸਿਲਸਲਾ ਜਾਰੀ ਰਹਿੰਦਾ ਮੋਬਾਇਲ ਦਾ ਜਮਾਨਾ ਹੈ…. ਦੋਨੋਂ ਪ੍ਰੇਮ ਵਿਆਹ ਦੀ ਸੋਚਦੇ ਨੇ ਪਰ ਲੜਕਾ ਤੇ ਬਹੁਤ ਗਰੀਬ ਸੀ, ਕੁੜੀ ਦੇ ਪਰਿਵਾਰ ਤੱਕ ਗੱਲ ਪਹੁੰਚਦੀ ਹੈ ਉਹ ਉਹਨਾਂ ਦਾ ਕਤਲ ਕਰਨ ਦੀ ਸ਼ਾਇਦ ਸੋਚਦੇ ਨੇ ਪਰ ਸਿਆਸੀ ਪਰਿਵਾਰ ਹੋਣ ਕਰਕੇ ਲੜਕੀ ਦਾ ਦਾਦਾ ਆਪਣੇ ਪੁੱਤਰ ਤੇ ਲੜਕੀ ਦੇ ਬਾਪ ਨੂੰ ਸਮਝਾਉਂਦਾ ਇਹ ਪਾਪ ਨਹੀਂ ਕਰਨਾ ਨਾਲੇ ਤੁਸੀ ਸਾਰੀ ਉਮਰ ਲਈ ਬੱਝ ਜਾਉਗੇ…. ਸਿਆਣੇ ਕਹਿੰਦੇ ਆ ਨਾ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ…. ਜ਼ੇ ਕੁੜੀ ਮੁੰਡੇ ਨੂੰ ਕੁਝ ਹੋ ਜਾਂਦਾ ਉਹ ਤੇ ਮਰ ਗਏ ਪਰ ਤੁਸੀ ਬੱਝ ਜਾਵੋਗੇ ਤੇ ਸਜਾ ਤੇ ਤੁਸੀ ਭੁਗਤੋਗੇ ਨਾ ਉਹਨਾਂ ਨੂੰ ਥੋੜ੍ਹੇ ਮਿਲਨੀ ਏ, ਇਸ ਲਈ ਮੈਂ ਜਿਵੇਂ ਕਹਿੰਦਾ ਹਾਂ ਉਵੇਂ ਕਰੋ….
ਵਿਆਹ ਹੋਣ ਦਿਉ ਪਰ ਲੜਕੀ ਨੇ ਤੁਹਾਡੀ ਬਦਨਾਮੀ ਕਰਵਾਈ ਏ ਤੁਸੀ ਵਿਆਹ ਤੋਂ ਬਾਅਦ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਮੇਲ ਜੋਲ ਬੰਦ ਕਰ ਦਿਉ ਸਾਰੀ ਉਮਰ ਲਈ …. ਤੁਹਾਡੀ ਵੀ ਰਹਿ ਆ ਜਾਵੇਗੀ ਤੇ ਕੁੜੀ ਵੀ ਸਾਰੀ ਉਮਰ ਪਛਤਾਵੇਗੀ….

ਲੜਕੀ ਦਾ ਬਾਪ ਮੰਨ ਗਿਆ ਤੇ ਸਾਰਾ ਪਰਿਵਾਰ ਸਹਿਮਤ ਹੋ ਗਿਆ…

: ਚਲੋ ਜੀ ਵਿਆਹ ਮੁਕੱਰਰ ਹੋ ਗਿਆ ਵਿਆਹ ਵਾਲਾ ਮੁੰਡਾ ਤੇ ਮਾਰੇ ਛਾਲਾਂ ਕਿ ਇਹੋ ਜਿਹਾ ਰਿਸ਼ਤਾ ਤੇ ਸੁਪਨਿਆਂ ਵਿੱਚ ਵੀ ਨਹੀਂ ਮਿਲਦਾ ਪਤਾ ਨਹੀਂ ਕਿਵੇਂ ਜਾਲ ਵਿੱਚ ਫਸ ਗਈ ਬਹੁਤ ਹੀ ਖੁਸ਼ ਕਿ ਦਾਜ ਵੀ ਮੋਟਾ ਮਿਲੇਗਾ….. ਗਰੀਬੀ ਕੱਟੀ ਜਾਵੇਗੀ… ਕੁੜੀ ਵਿਚਾਰੀ ਭੋਲੀ ਫਸ ਗਈ ਉਸਨੂੰ ਕੀ ਪਤਾ ਕਿ ਮੁੰਡੇ ਦਾ ਧਿਆਨ ਤੇ ਉਸਦੀ ਦੌਲਤ ਤੇ ਹੈ…..
ਕੁੜੀ ਵਾਲਿਆਂ ਨੇ ਵਿਆਹ ਦੀ ਇੱਕ ਸ਼ਰਤ ਰੱਖੀ ਕਿ ਘੱਟੋ ਘੱਟ ਡੇਢ ਸੌ ਬੰਦਾ ਬਾਰਾਤੇ ਆਉਂਣਾ ਚਾਹੀਦਾ ਏ…. ਮੁੰਡੇ ਵਾਲੇ ਮੰਨ ਗਏ, ਹੁਣ ਡੇਢ ਸੌ ਬੰਦੇ ਲਈ ਕਾਰਾਂ ਤੇ ਬੱਸ ਲਈ ਤੇ ਉਹਨਾਂ ਕੋਲ ਪੈਸੇ ਨਹੀਂ ਸਨ ਪਰ ਇਹ ਸੋਚ ਕੇ ਕਿ ਲੜਕੀ ਵਾਲੇ ਅਮੀਰ ਨੇ ਮੋਟਾ ਸ਼ਗਨ ਤੇ ਆਵੇਗਾ ਹੀ ਕੋਈ ਨਾ ਉਸ ਵਿਚੋਂ ਦੇ ਦੇਵਾਂਗੇ ਬਾਕੀ ਸਾਡਾ ਹੋਰ ਕਿਹੜਾ ਕੋਈ ਖਾਸ ਖਰਚਾ ਹੋਣਾ ਏ…. ਉਹ ਮੰਨ ਗਏ….
ਹੁਣ ਵਿਆਹ ਦਾ ਦਿਨ ਆ ਗਿਆ ਤਾਂ ਲੜਕੇ ਦੇ ਪਰਿਵਾਰ ਕੋਲ ਤੇ ਇਕ ਕਾਰ ਦੇ ਪੈਸੇ ਨਹੀਂ ਸਨ ਉਹਨਾਂ ਮੰਗ ਤੰਗ ਕੇ ਅਤੇ ਕੁਝ ਉਧਾਰ ਪੈਸੇ ਕਰਕੇ ਕੁਝ ਕਾਰਾਂ ਤੇ ਇਕ ਬੱਸ ਵਿਆਹ ਲਈ ਕੀਤੀ, ਜੋ ਡੋਲੀ ਵਾਲੀ ਕਾਰ ਸੀ ਉਸਨੂੰ ਵੀ ਕਿਹਾ ਕਿ ਵੇਖ ਸ਼ਗਨ ਵਾਧੂ ਹੋਣਾ ਏ ਮੈਂ ਪੈਸੇ ਆਉਂਦਿਆਂ ਦੇ ਦੇਵਾਂਗਾ, ਉਹ ਕਾਰ ਵਾਲਾ ਕਹਿੰਦਾ ਵੇਖ ਪੰਦਰਾਂ ਸੌ ਲਵਾਂਗਾ ਅਡਵਾਂਸ ਤੇ ਬਾਕੀ ਘਰ ਪਹੁੰਚਣ ਤੇ ਲੈਣੇ ਨੇ ਮੈਨੂੰ ਨਹੀਂ ਪਤਾ ਤੈਨੂੰ ਸ਼ਗਨ ਹੋਵੇ ਜਾਂ ਨਾ ਹੋਵੇ…. ਚਲੋ ਵਿਆਹ ਵਾਲਾ ਮੁੰਡਾ ਮੰਨ ਗਿਆ….
ਚਲੋ ਜੀ ਬਾਰਾਤ ਪਹੁੰਚ ਗਈ ਅੰਮ੍ਰਿਤਸਰ ਜਿਲੇ ਦੇ ਜੀ.ਟੀ.ਰੋਡ ਤੇ ਹੀ ਪੈਂਦੇ ਕਿਸੇ ਪਿੰਡ ਵਿੱਚ ….
ਲੜਕੀ ਵਾਲਿਆਂ ਬਾਰਾਤ ਦਾ ਬਹੁਤ ਮਾਣ ਤਾਨ ਕੀਤਾ ਬਹੁਤ ਸੋਹਣਾ ਵਿਆਹ ਸੀ ਖਾਣ ਪੀਣ ਖੁੱਲਾ ਬਹੁਤ ਹੀ ਵਧੀਆ …. ਵਿਆਹ ਵਾਲਾ ਮੁੰਡਾ ਤੇ ਬਾਗੋ ਬਾਗ ਹੋਇਆ ਫਿਰੇ ਕਿ ਜੇ ਵਿਆਹ ਇਹੋ ਜਿਹਾ ਸ਼ਾਨਦਾਰ ਏ ਤਾਂ ਦਾਜ ਤੇ ਸ਼ਗਨ ਕਿੰਨਾ ਹੋਵੇਗਾ….
ਜਦ ਵਿਆਹ ਵਾਲੀ ਜੋੜੀ ਦੇ ਸ਼ਗਨ ਪਾਉਣ ਦੀ ਵਾਰੀ ਆਈ ਤਾਂ ਮਸਾਂ ਪੰਦਰਾਂ ਸੌ ਵੀ ਸ਼ਗਨ ਨਾ ਹੋਇਆ ਕਿਸੇ ਨੇ ਪੰਜਾਹ ਰੁਪਏ ਤੋਂ ਵੱਧ ਸ਼ਗਨ ਨਾ ਦਿੱਤਾ….
ਹੁਣ ਡੋਲੀ ਤੋਰਨ ਦਾ ਵੇਲਾ ਆਇਆ ਲੜ੍ਕੀ ਦਾ ਦਾਦਾ ਅਸ਼ੀਰਵਾਦ ਦੇ ਕੇ ਉਹਨਾਂ ਦੋਨਾਂ ਲਾੜਾ ਲਾੜੀ ਨੂੰ ਕਹਿੰਦਾ ਵੇਖੋ ਬੱਚਿਉ ਤੁਸੀ ਆਪਣੀ ਮਰਜੀ ਕੀਤੀ ਹੈ ਬਹੁਤ ਵਧੀਆ ਅਸੀ ਤੁਹਾਡੀ ਮਰਜੀ ਦੇ ਖਿਲਾਫ਼ ਨਹੀਂ ਗਏ ਵਿਆਹ ਵੀ ਵਧੀਆ ਕੀਤਾ ਤੁਹਾਨੂੰ ਘਰੋਂ ਰਾਜੀ ਖੁਸ਼ੀ ਵਿਦਿਆ ਕਰ ਰਹੇ ਹਾਂ ….. ਹੁਣ ਧੀਏ ਅੱਜ ਤੋਂ ਤੂੰ ਸਾਡੇ ਲਈ ਮਰ ਗਈ ਅਸੀ ਤੇਰੇ ਲਈ….. ਤੇਨੂੰ ਦੁੱਖ ਹੋਵੇ ਤਕਲੀਫ਼ ਹੋਵੇ ਕੁਝ ਵੀ ਹੋਵੇ ਤੁਸੀ ਇੱਧਰ ਦਾ ਮੂੰਹ ਨਹੀਂ ਤੱਕਣਾ….. ਨਹੀਂ ਤੇ ਫਿਰ ਸਾਥੋਂ ਬੁਰਾ ਕੋਈ ਨਹੀਂ ਹੋਣਾ….. ਦੋਨੋਂ ਵੇਖਣ ਉਤਾਂਹ ਠਾਂਹ ਇਹ ਕੀ ਕੀਤਾ ਮਾਪਿਆਂ….
ਡੋਲੀ ਚਾਵਾਂ ਨਾਲ ਵਿਦਾਈ ਕੀਤੀ ਜਦ ਡੋਲੀ ਘਰ ਪਹੁੰਚੀ ਤਾਂ ਡੋਲੀ ਵਾਲੀ ਕਾਰ ਦਾ ਡਰਾਈਵਰ ਮੁੰਡੇ ਨੂੰ ਕਹਿੰਦਾ ਮੈਂ ਤੇ ਬਕਾਇਆ ਪੈਸੇ ਲਏ ਬਗੈਰ ਡੋਲੀ ਨਹੀਂ ਉੱਤਰਣ /ਜਾਣ ਦੇਣੀ…..
ਹੁਣ ਮੁੰਡੇ ਨੂੰ ਸ਼ਰਮੋ ਸ਼ਰਮੀ ਉੱਤਰਨਾ ਪਿਆ ਤੇ ਸ਼ਗਨ ਇੰਨਾ ਨਹੀਂ ਸੀ ਕਿ ਕਾਰ ਵਾਲੇ ਦੇ ਬਕਾਇਆ ਪੈਸੇ ਦੇ ਸਕਦਾ ਉਹ ਅਾਪਣੇ ਘਰ ਵਾਲਿਆਂ ਕੋਲੋਂ ਪੈਸੇ ਲੈਨ ਚਲਾ ਗਿਆ ਪਿੱਛੇ ਬਾਕੀ ਵੀ ਸਾਰੇ ਕਾਰ ਵਿਚੋਂ ਉੱਤਰ ਗਏ…
: ਇਕੱਲੀ ਵਿਆਹ ਵਾਲੀ ਲੜਕੀ ਕਾਰ ਵਿੱਚ ਬੈਠੀ ਸੀ ਉਸਨੂੰ ਕਾਰ ਦਾ ਮਾਲਕ/ਡਰਾਈਵਰ ਕਹਿਣ ਲੱਗਾ ਭੈਣ ਜੀ ਵੈਸੇ ਮੇਰਾ ਕਹਿਣਾ ਨਹੀਂ ਬਣਦਾ ਪਰ ਤੁਸੀ ਇਸ ਮੁੰਡੇ ਵਿੱਚ ਵੇਖਿਅਾ ਕੀ ਏ ਆਹ ਕਾਰ ਦਾ ਕਿਰਾਇਆ ਵੀ ਮੰਗ ਤੰਗ ਕੇ ਦੇ ਰਹੇ ਨੇ ਉਸ ਵਾਸਤੇ ਵੀ ਇਹਨਾਂ ਕੋਲ ਪੈਸੇ ਹੈਨੀ ਤੁਸੀ ਚੰਗੇ ਭਲੇ ਘਰ ਦੇ ਬੱਚੇ ਹੋ ਕੇ ਕਿੱਥੇ ਪਿਆਰ ਪਾ ਲਿਆ, ਤੁਹਾਡੇ ਅਮੀਰ ਘਰ ਦੇ ਖਰਚੇ ਤੇ ਆਰਾਮ ਇੱਥੇ ਕਿੱਥੇ ਲੱਭਣੇ ਨੇ ਮਸਾਂ ਇਹ ਪੰਜ ਹਜਾਰ ਕਮਾਉਂਦਾ ਇੰਨੇ ਤੇ ਤੁਹਾਡੇ ਮੇਕਅਪ ਤੇ ਲਗ ਜਾਇਆ ਕਰਨੇ ਨੇ… ਇਹ ਤੇ ਤੁਹਾਡੀ ਅਮੀਰੀ ਰੰਗ ਰੂਪ ਤੇ ਡੁੱਲਿਆ ਤੁਸੀ ਇਹਦੇ ਵਿੱਚ ਕੀ ਵੇਖਿਆ???
ਤੇ ਕੁਝ ਹੋਰ ਵੀ ਗੱਲਾਂ ਉਸ ਲੜਕੀ ਨੂੰ ਕਹੀਆਂ /ਦੱਸੀਆਂ, ਉਹ ਬੁੱਤ ਬਣ ਸੁਣਦੀ ਰਹੀ, ਸ਼ਾਇਦ ਅੰਦਰਖਾਤੀ ਪਛਤਾ ਰਹੀ ਹੋਣੀ ਏ….. ਪਰ…. ਸਿਆਣੇ ਕਹਿੰਦੇ ਨੇ ਨਾ ਹੁਣ ਪਛੋਤਾਉਣ ਦਾ ਕੀ ਫਾਇਦਾ ਜਦ ਚਿੜੀਆਂ ਚੁੱਗ ਗਈਆਂ ਖੇਤ ਨੂੰ …

ਜਸਵਿੰਦਰ ਸਿੰਘ

ਟੀਫਿੰਨ

by admin September 15, 2020

ਤੈਨੂੰ ਕਿੰਨੀ ਵਾਰੀ ਕਿਹਾ, “ਰੋਟੀ-ਪਾਣੀ ਚੱਜ ਦਾ ਬਣਾ ਲਿਆ ਕਰ। ਸਾਰਾ ਦਿਨ ਕੰਮ ਕਰਦਾ ਤੇ ਤੇਰੇ ਤੋ ਆਹ ਤਿੰਨ ਟਾਇਮ ਦੀ ਰੋਟੀ ਵੀ ਚੱਜ ਨਾਲ ਨਹੀਂ ਬਣਾ ਕਿ ਖਵਾਈ ਜਾਂਦੀ।” ਰਮੇਸ਼ ਅੱਜ ਸਵੇਰੇ-ਸਵੇਰੇ ਹੀ ਆਪਣਾ ਬੈਗ ਅਤੇ ਰੁਮਾਲ ਚੁੱਕਦਾ-ਚੁੱਕਦਾ ਗੁੱਸੇ ਨਾਲ ਬੋਲਿਆ ਅਤੇ ਕੋਲ ਮੇਜ ਤੇ ਪੈਕ ਕੀਤੇ ਹੋਏ ਰੋਟੀ ਵਾਲੇ ਟੀਫਿੰਨ ਨੂੰ ਉਥੇ ਹੀ ਛੱਡ ਕੇ ਕੋਠੀ ਤੋਂ ਬਾਹਰ ਵੱਲ ਚੱਲ ਪਿਆ। ਰਮੇਸ਼ 1 ਸਟੀਲ ਕੰਪਨੀ ਦਾ ਮਾਲਕ ਸੀ ਤੇ ਸ਼ਹਿਰ ਦਾ ਅਮੀਰ ਬੰਦਾ ਸੀ।
ਬਾਹਰ ਜਾਕੇ ਆਪਣੀ ਗੱਡੀ ਸਟਾਰਟ ਕਰ ਤੁਰਨ ਹੀ ਲੱਗਾ ਸੀ ਕਿ ਉਸ ਵਕਤ ਹੀ ਉਸਦੀ ਪਤਨੀ ਪਿੱਛੇ ਹੀ ਉਸਦਾ ਰੋਟੀ ਵਾਲਾ ਟਫਿੰਨ ਲੈਅ ਆਈ ਤੇ ਰਮੇਸ਼ ਨੂੰ ਮਿੰਨਤਾ ਕਰਨ ਲੱਗੀ ਕਿ ਰੋਟੀ ਵਾਲਾ ਡੱਬਾ ਨਾਲ ਲੈਅ ਜਾਓ। ਤੁਹਾਨੂੰ ਦੁਪਿਹਰੇ ਭੁੱਖ ਲੱਗੂ । ਰਮੇਸ਼ ਨੇ ਮੂੰਹ ਵਿੱਚ ਹੀ ਬੁੜ – ਬੁੜ ਕਰਦੇ ਨੇ ਉਹ ਟੀਫਿੰਨ ਫੜ ਲਿਆ ਤੇ ਗੱਡੀ ਵਿੱਚ ਰੱਖ ਲਿਆ।

ਰਮੇਸ਼ ਆਪਣੀ ਕੰਪਨੀ ਪਹੁੰਚਿਆ ਤੇ ਸਾਰਾ ਕੰਮ ਦੇਖਣ ਲੱਗਾ। ਕੰਮਕਾਰ ਦੇਖਦੇ-ਦੇਖਦੇ ਦੁਪਿਹਰ ਹੋ ਗਈ। ਰਮੇਸ਼ ਨੂੰ ਭੁੱਖ ਲੱਗ ਆਈ। ਉਸਨੇ ਉਸੇ ਵਕਤ ਫੋਨ ਚੁੱਕਿਆ ਤੇ ਸਵਿੱਗੀ ਤੋਂ ਖਾਣਾ ਆਰਡਰ ਕਰ ਦਿੱਤਾ। ਰਮੇਸ਼ ਨੂੰ ਭੁੱਖ ਬਹੁਤ ਜਿਆਦਾ ਲੱਗੀ ਹੋਈ ਸੀ ਇਸ ਲਈ ਉਸਦਾ ਕੰਮ ‘ਚ ਮਨ ਨਹੀਂ ਲੱਗ ਰਿਹਾ ਸੀ। ਉਸਨੇ ਆਪਣੇ ਆਪ ਨੂੰ ਕਿਹਾ ,”ਜਿੰਨਾ ਟਾਇਮ ਸਵਿੱਗੀ ਵਾਲਾ ਖਾਣਾ ਲੈਕੇ ਨਹੀਂ ਆਉਂਦਾ ਉਨ੍ਹਾਂ ਟਾਇਮ ਬਾਹਰ ਗੇੜਾ ਹੀ ਦੇ ਲੈਂਦਾ ਹਾਂ, ਅੱਜ ਬਾਹਰ ਮੌਸਮ ਵੀ ਬਹੁਤ ਸੋਹਣਾ ਹੈ। ਇਸੇ ਬਹਾਨੇ ਟਾਇਮ ਪਾਸ ਹੋ ਜਾਊ।”
ਰਮੇਸ਼ ਆਪਣੇ ਆਫਿਸ ਤੋਂ ਬਾਹਰ ਆਇਆ ਤੇ ਫੈਕਟਰੀ ਦੇ ਇੱਕ ਪਾਸੇ ਬਣਾਏ ਛੋਟੇ ਜਿਹੇ ਪਾਰਕ ਵਿੱਚ ਗੇੜੇ ਕੱਢਣ ਲੱਗਾ । ਗੇੜੇ ਕੱਡਦੇ- ਕੱਡਦੇ ਉਸਦੇ ਕੰਨਾਂ ਵਿੱਚ ਅਵਾਜ ਪਈ ।
“ਅੱਜ ਦੋ ਹੀ ਰੋਟੀਆਂ ਕਿਉਂ ਲੈਕੇ ਆਈ ਹੈ ? ਅੱਗੇ ਤਾਂ ਛੇ ਰੋਟੀਆਂ ਹੁੰਦੀਆਂ ਨੇ। ਦੋ ਨਾਲ ਆਪਣੇ ਦੋਵਾਂ ਦਾ ਕਿਵੇਂ ਸਰੂ।” ਪਾਰਕ ਵਿੱਚ ਇੱਕ ਰੁੱਖ ਹੇਠ ਬੈਠਾ ਇੱਕ ਬਜੁਰਗ ਮਜਦੂਰ ਆਪਣੀ ਪਤਨੀ ਨੂੰ ਬੋਲ ਰਿਹਾ ਸੀ। ਇਹ ਮਜਦੂਰ ਤੇ ਇਸਦੀ ਪਤਨੀ, ਦੋਵੇਂ ਰਮੇਸ਼ ਦੀ ਕੰਪਨੀ ਵਿੱਚ ਹੀ ਕੰਮ ਕਰਦੇ ਸੀ।
“ਅੱਜ ਆਟਾ ਮੁੱਕ ਗਿਆ ਸੀ। ਗੁਆਂਢੀਆਂ ਦੇ ਘਰੋ ਪੁੱਛਿਆ ਤਾਂ ਉਹਨਾਂ ਨੇ ਵੀ ਜਵਾਬ ਦੇਤਾ। ਤੁਸੀ ਦੋਵੇਂ ਰੋਟੀਆਂ ਖਾ ਲਵੋ,ਮੈ ਸਾਰ ਲਵਾਂਗੀ।” ਬੁੱਢੇ ਮਜਦੂਰ ਦੀ ਪਤਨੀ ਬੋਲੀ।
“ਕੋਈ ਨਾ ਐਵੇਂ ਮਨ ਹੌਲਾ ਨਾ ਕਰ, ਦੋਵੇਂ ਰਲ ਕੇ ਖਾਨੇ ਆ। ਤੇਰੇ ਹੱਥਾਂ ਚ ਤਾਂ ਜਾਦੂ ਐ, ਤੇਰੀ ਬਣਾਈ ਰੋਟੀ ਤਾਂ ਇੰਨੀ ਸਵਾਦ ਹੁੰਦੀ ਹੈ ਕਿ ਸਾਰੀਆਂ ਕਸਰਾਂ ਪੂਰੀਆਂ ਹੋ ਜਾਂਦੀਆਂ ਨੇ। ਤੈਨੂੰ ਪਤਾ ਤਾਂ ਹੈ, ਸਵਾਦ ਚੀਜਾਂ ਗਿਣਤੀ ‘ਚ ਘੱਟ ਹੀ ਮਿਲਦੀਆਂ ਹੁੰਦੀਆਂ।” ਬਜੁਰਗ ਮਜਦੂਰ ਹੱਸਦਾ ਹੋਇਆ ਬੋਲਿਆ ਤੇ ਦੋਵੇਂ ਜਾਣੇ ਹੱਸਦੇ-ਹੱਸਦੇ ਰੋਟੀ ਖਾਣ ਲੱਗੇ।
ਰਮੇਸ਼ ਨੇ ਸੋਚਿਆ ਕਿ ਅਜਿਹਾ ਕੀ ਪਕਾ ਕਿ ਲੈਕੇ ਆਉਂਦੀ ਹੈ ਇਸਦੀ ਪਤਨੀ ਰੋਟੀ ਨਾਲ ਜੋਂ ਇਹ ਇੰਨੀ ਸਵਾਦ ਅਤੇ ਖੁਸ਼ੀ ਨਾਲ ਖਾ ਰਿਹਾ ਹੈ। ਉਸਨੇ ਬਹੁਤ ਉਤਸੁਕਤਾ ਨਾਲ ਉਹਨਾਂ ਦੇ ਹੱਥਾਂ ਵੱਲ ਝਾਤ ਮਾਰੀ ਤਾਂ ਦੇਖਿਆ ਦੋਵਾਂ ਦੀਆਂ ਰੋਟੀਆਂ ਤੇ ਇੱਕ-ਇੱਕ ਫ਼ਾੜੀ ਅੰਬ ਦੇ ਅਚਾਰ ਦੀ ਸੀ।
ਰਮੇਸ਼ ਨੂੰ ਉਸੇ ਵਕਤ ਸਵੇਰੇ ਆਪਣੇ ਵੱਲੋ ਉਸਦੀ ਪਤਨੀ ਨਾਲ ਕੀਤਾ ਵਰਤਾਵ ਯਾਦ ਆ ਗਿਆ। ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਸੋਚਣ ਲੱਗਾ ਕਿ “ਮੈ ਕਿੰਨਾ ਨਾ-ਸ਼ੁਕਰਾ ਮੇਰੀ ਪਤਨੀ ਹਰ ਰੋਜ ਮੇਰੇ ਲਈ ਕਿੰਨੀ ਮਹਿਨਤ ਕਰਕੇ ਖਾਣਾ ਪਕਾਉਂਦੀ ਹੈ ਤੇ ਮੈ ਹਰ ਰੋਜ ਬਿਨਾ ਗੱਲੋਂ ਉਸਦੇ ਵਿੱਚ ਕਮੀਆਂ ਲੱਭਦਾ ਰਹਿੰਦਾ ਹਾਂ।”
ਰਮੇਸ਼ ਆਪਣੀ ਗੱਡੀ ਵੱਲ ਤੁਰ ਪਿਆ ਤੇ ਟੀਫਿੰਨ ਕੱਢ ਆਫਿਸ ਵੱਲ ਵਾਪਸ ਕਦਮ ਪੁੱਟਿਆ ਹੀ ਸੀ ਕਿ ਉਸਨੂੰ ਸਵਿੱਗੀ ਵਾਲੇ ਦਾ ਫੋਨ ਆ ਗਿਆ। ਉਸਨੇ ਆਪਣੇ ਗੇਟਮੇਨ ਨੂੰ ਆਰਡਰ ਵਾਲਾ ਖਾਣਾ ਫੜਕੇ ਲਿਉਣ ਲਈ ਕਿਹਾ ਤੇ ਉਸਨੂੰ ਆਦੇਸ਼ ਦਿੱਤਾ ਕਿ ਇਹ ਖਾਣਾ ਉਸ ਬਜੁਰਗ ਮਜਦੂਰ ਤੇ ਉਸਦੀ ਪਤਨੀ ਨੂੰ ਦੇ ਦੇਵੀ।
ਰਮੇਸ਼ ਵਾਪਸ ਆਪਣੇ ਆਫਿਸ ਵਿੱਚ ਆਇਆ। ਉਸਨੇ ਰੋਟੀ ਵਾਲਾ ਟਿਫਿੰਨ ਖੋਲਿਆ ਤਾਂ ਦੇਖਿਆ ਕਿ ਇੱਕ ਡੱਬੇ ਵਿੱਚ ਮੈਕਸ ਵੇਜ਼ ਸਬਜੀ ਸੀ ਤੇ ਦੂਜੇ ਵਿੱਚ ਪਨੀਰ ਦੀ ਭੁਰਜੀ। ਤੀਜੇ ਵਿੱਚ ਮੁਲਾਇਮ ਮੁਲਾਇਮ ਪਰੌਠੇ ਬਣਾ ਕਿ ਸਿਲਵਰ ਫੋਆਇਲ ਵਿੱਚ ਪੈਕ ਕੀਤੇ ਹੋਏ ਸੀ। ਖਾਣੇ ਵਿੱਚੋ ਮਸਾਲਿਆਂ ਦੀ ਬਹੁਤ ਸੋਹਣੀ ਮਹਿਕ ਆ ਰਹੀ ਸੀ। ਰਮੇਸ਼ ਨੇ ਜਦੋਂ ਹੀ ਪਹਿਲੀ ਬੁਰਕੀ ਲਗਾਈ ਤਾਂ ਅੱਜ ਉਸਨੂੰ ਦੁਨੀਆ ਦਾ ਸਭ ਤੋਂ ਵੱਧ ਸਵਾਦ ਆਇਆ। ਉਸਨੂੰ ਉਸ ਬੁਰਕੀ ਵਿੱਚ ਆਪਣੀ ਪਤਨੀ ਦਾ ਪਿਆਰ ਅਤੇ ਉਸਦੀ ਮਹਿਨਤ ਮਹਿਸੂਸ ਹੋਈ। ਦੂਜੇ ਪਾਸੇ ਬਜੁਰਗ ਜੌਡ਼ਾ ਵੀ ਸਵਿੱਗੀ ਤੋਂ ਆਏ ਹੋਏ ਖਾਣੇ ਨਾਲ ਆਪਣਾ ਢਿੱਡ ਭਰ ਰਿਹਾ ਸੀ।
ਹੁਣ ਆਫਿਸ ਵਿੱਚ ਬੈਠਾ ਰਮੇਸ਼ ਉਹਨਾਂ ਬਜੁਰਗ ਪਤੀ ਪਤਨੀ ਦਾ ਸ਼ੁਕਰੀਆ ਕਰ ਰਿਹਾ ਸੀ ਕਿ ਉਹਨਾਂ ਨੇ ਉਸਨੂੰ ਖੁਸ਼ ਪਰਿਵਾਰ ਦਾ ਰਾਜ ਸਿਖਾ ਦਿੱਤਾ ਤੇ ਬਾਹਰ ਖਾਣਾ ਖਾ ਰਿਹਾ ਬਜੁਰਗ ਜੌਡ਼ਾ ਰਮੇਸ਼ ਨੂੰ ਦੁਆਵਾਂ ਦੇ ਰਿਹਾ ਰਿਹਾ ਸੀ,ਕਿਉਕਿ ਉਸਨੇ ਉਹਨਾਂ ਨੂੰ ਲਾਜਵਾਬ ਖਾਣਾ ਖਵਾਇਆ ਸੀ।

ਜਗਮੀਤ ਸਿੰਘ ਹਠੂਰ

  • 1
  • …
  • 146
  • 147
  • 148
  • 149
  • 150
  • …
  • 186

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close