ਇਕ ਵਾਰ ਮੈਂ ਮਲੇਸ਼ੀਆ ਸਾਈਡ ਗਿਆ ਹੋਇਆ ਸੀ। ਉਥੇ ਗੁਰਦੁਆਰੇ ਜਿੱਥੇ ਗੁਰਮਤਿ ਸਮਾਗਮ ਸੀ, ਹੈਰਾਨਗੀ ਹੋਈ ਮੈਨੂੰ ਸੰਗਤ ਬਹੁਤ ਹੀ ਥੋੜ੍ਹੀ ਜਿਹੀ ਸੀ, ਉਂਝ ਦੋ-ਢਾਈ ਹਜ਼ਾਰ ਦਾ ਇਕੱਠ ਹੁੰਦਾ ਸੀ। ਪੂਰਾ ਇੰਤਜ਼ਾਮ ਸੀ, ਪਰ ਸੰਗਤ ਨਾ ਆਈ। ਚਾਰ-ਪੰਜ ਜਥੇ ਤੇ ਉਹ ਵੀ ਨਾਮਵਰ, ਦਰਬਾਰ ਸਾਹਿਬ ਤੋਂ ਵੀ ਕੁਝ ਪਹੁੰਚੇ ਹੋਏ ਸਨ।ਖ਼ੈਰ, ਮੈਂ ਆਪਣੀ ਹਾਜ਼ਰੀ ਭਰ ਕੇ ਗੁਰਦੁਆਰਾ ਸਾਹਿਬ ਤੋਂ ਜਾ ਰਿਹਾ ਸੀ, ਕਿਉਂਕਿ ਰਿਹਾਇਸ਼ ਦਾ ਇੰਤਜ਼ਾਮ ਕੁਝ ਦੂਰੀ ‘ਤੇ ਸੀ। ਮੈਂ ਸੁਭਾਵਿਕ ਉਸ ਸੱਜਣ ਨੂੰ ਪੁੱਛ ਲਿਆ, ਜੋ ਮੈਨੂੰ ਛੱਡਣ ਜਾ ਰਿਹਾ ਸੀ,
“ਗੱਲ ਕੀ ਹੈ, ਬਈ ਅੱਜ ਸੰਗਤ ਕਿਉਂ ਨਹੀਂ ਆਈ?”
ਕਹਿਣ ਲੱਗਾ,
“ਅੱਜ ਦਲੇਰ ਮਹਿੰਦੀ ਆਇਆ ਹੋਇਆ ਹੈ, ਅੱਜ ਕੀਰਤਨ-ਕਥਾ ਕਿਸ ਨੇ ਸੁਣਨੀ ਹੈ।
ਫਿਰ ਉਸ ਨੇ ਮੈਨੂੰ ਹੀ ਪੁੱਛ ਲਿਆ,
“ਮਸਕੀਨ ਜੀ, ਅੈਸਾ ਕਿਉਂ ਹੋ ਜਾਂਦਾ ਹੈ?”
ਮੈਂ ਕਿਹਾ,
“ਉਥੇ ਤਾਲਮੇਲ ਬੈਠ ਜਾਂਦਾ ਹੈ। ਹਿਰਦਾ ਕਾਮ ਨਾਲ ਭਰਿਆ ਪਿਆ ਹੈ, ਕਾਮ ਦੇ ਗੀਤ, ਤਾਲਮੇਲ ਬੈਠ ਗਿਆ। ਹਿਰਦਾ ਵਾਸ਼ਨਾ ਨਾਲ ਭਰਿਆ ਪਿਆ ਹੈ, ਵਾਸ਼ਨਾ ਦੇ ਭਰੇ ਹੋਏ ਗੰਦੇ ਗੀਤ, ਤਾਲਮੇਲ ਬੈਠ ਗਿਆ। ਜਿੱਥੇ ਤਾਲਮੇਲ ਬੈਠ ਗਿਆ, ਰੱਸ ਆ ਜਾਂਦਾ ਹੈ ਤੇ ਮਨੁੱਖ ਉਧਰ ਨੂੰ ਜਾਂਦਾ ਹੈ।”
ਅਕਸਰ ਮਨੁੱਖ ਗੁਰਦੁਆਰਿਆਂ ਵਿਚ ਸਿਰ ਢਾਹ ਕੇ ਬੈਠੇ ਹੁੰਦੇ ਹਨ।ਕਾਰਨ?
ਤਾਲਮੇਲ ਨਹੀਂ ਬੈਠਦਾ।
ਇਕ ਦਿਨ ਸਫ਼ਰ ਵਿਚ ਮੈਂ ਇਕ ਅਖ਼ਬਾਰ ਵਿਚ ਲਤੀਫ਼ਾ ਪੜ੍ਹ ਕੇ ਹੈਰਾਨ ਹੋਇਆ। ਉਹ ਲਿਖਦਾ ਹੈ, ਇਕ ਮਰੀਜ਼ ਡਕਟਰ ਕੋਲ ਆਇਆ,ਤੇ ਡਾਕਟਰ ਨੇ ਪੁੱਛਿਆ,
“ਕੀ ਤਕਲੀਫ਼ ਹੈ?
ਮਰੀਜ਼ ਨੇ ਕਿਹਾ, ਹੋਰ ਤਾਂ ਕੁਝ ਨਹੀਂ, ਸਿਰਫ਼ ਨੀਂਦਰ ਨਹੀਂ ਆਉਂਦੀ, ਕੋਈ ਦਵਾਈ ਦਿਉ।”
ਡਾਕਟਰ ਕਹਿੰਦਾ ਹੈ,
“ਤੂੰ ਗ਼ਲਤ ਜਗ੍ਹਾ ‘ਤੇ ਆ ਗਿਆ ਹੈਂ। ਜੇ ਨੀਂਦਰ ਨਹੀਂ ਆਉਂਦੀ ਤਾਂ ਕਿਸੇ ਧਾਰਮਿਕ ਮੰਦਿਰ ਵਿਚ ਜਾ, ਕਥਾ ਸੁਣ, ਆਪੇ ਨੀਂਦਰ ਆ ਜਾਵੇਗੀ।”
ਜਿਥੇ ਤਾਲਮੇਲ ਨਾ ਬੈਠੇ, ਸਿਰ ‘ਤੇ ਬੋਝ ਜੋ ਜਾਂਦਾ ਹੈ, ਰੱਸ ਨਹੀਂ ਬਣਦਾ, ਨੀਂਦਰ ਆਉਂਦੀ ਹੈ। ਅੰਮ੍ਰਿਤ ਵੇਲੇ ਮੈਂ ਦਰਬਾਰ ਸਾਹਿਬ ਵੀ ਵੇਖੇ ਹਨ ਲੋਕ ਸੁੱਤੇ ਹੋਏ। ਮੈਂ ਕਿਹਾ, ਹੱਦ ਹੋ ਗਈ, ਤਿੰਨ ਵਜੇ ਊਠੇ ਹੋਣਗੇ, ਇਸ਼ਨਾਨ ਕੀਤਾ ਹੋਵੇਗਾ, ਆ ਗਏ ਹਨ ਆਸਾ ਦੀ ਵਾਰ ਦਾ ਕੀਰਤਨ ਸੁਣਨ, ਪਰ ਸੁੱਤੇ ਹਨ। ਜਿੱਥੇ ਤਾਲਮੇਲ ਨਾ ਬੈਠੇ, ਉਥੇ ਰੱਸ ਨਹੀ ਬਣਦਾ ਤੇੇ ਬੇ-ਰੱਸੀ ਵਿਚ ਮਨੁੱਖ ਬਹੁਤ ਸਮਾਂ ਨਹੀਂ ਬੈਠ ਸਕਦਾ।
383
previous post