386
ਦਿਲ ਦੇ ਬਨੇਰਿਆਂ ‘ਤੇ ਦੀਵੇ ਜਗਾ ਕੇ ਤੁਰ ਗਏ
ਕਿੱਦਾਂ ਦੇ ਸੀ ਪ੍ਰਾਹੁਣੇ ਨ੍ਹੇਰੇ ਹੀ ਪਾ ਕੇ ਤੁਰ ਗਏ
ਸਾਡੀ ਉਹ ਝੋਲੀ ਪਾ ਗਏ ਕੁਝ ਸਿੱਪੀਆਂ ਤੇ ਘੋਗੇ
ਸਾਰੇ ਹੀ ਸੁੱਚੇ ਮੋਤੀ ਸਾਥੋਂ ਛੁਪਾ ਕੇ ਤੁਰ ਗਏ
ਫੁੱਲਾਂ ਦੀ ਸੇਜ ਉਤੇ ਜਿਨ੍ਹਾਂ ਨੂੰ ਰਾਤੀਂ ਰੱਖਿਆ
ਉਹ ਸੁਪਨੇ ਸਾਡੇ ਰਾਹੀਂ ਕੰਡੇ ਵਿਛਾ ਕੇ ਤੁਰ ਗਏ
ਹੱਸਾਂ ਤਾਂ ਰੋਣ ਨਿਕਲੇ, ਰੋਵਾਂ ਤਾਂ ਹਾਸਾ ਆਵੇ
ਇਹ ਰੋਗ ਕਿਸ ਤਰ੍ਹਾਂ ਦਾ ਸੱਜਣ ਲਗਾ ਕੇ ਤੁਰ ਗਏ