ਬਿੰਦੀ ਮੇਰਾ ਹਾਣੀ ਅਤੇ ਜਮਾਤ ਦਾ ਸਾਥੀ ਹੈ, ਘਰ ਵੀ ਸਾਡੇ ਨੇੜੇ ਹੀ ਸਨ।ਸੱਤਵੀਂ ਜਮਾਤ ਵਿੱਚ ਅੰਗਰੇਜ਼ੀ ਨਾਲ ਅੜੀ ਪੈਣ ਕਰਕੇ ਅੰਗਰੇਜ਼ੀ ਸਿੱਖਿਆ ਤੰਤਰ ਨੂੰ ਤਿਲਾਂਜਲੀ ਦੇ ਦਿੱਤੀ।ਪਹਿਲਾਂ ਪਸ਼ੂ ਚਾਰਨ ਦੀ ਡਿਊਟੀ ਨਿਭਾਈ ਫੇਰ ਆਪਣੇ ਪਿਉ ਨਾਲ ਪਿਤਾ ਪੁਰਖੀ ਕਿੱਤੇ ਤਰਖਾਣੇ ਕੰਮ ਵਿੱਚ ਹੱਥ ਵਟਾਉਣ ਲੱਗਾ।ਇੱਥੇ ਵੀ ਪਿਉ ਦੀ ਟੋਕਾਟਾਕੀ ਕਾਰਨ ਮਨ ਨਾ ਲੱਗਦਾ।ਉਸ ਦਾ ਸੁਭਾਅ ਸੀ ਹੱਸਦੇ ਰਹਿਣਾ ਅਤੇ ਪਿਉ ਵੱਲੋਂ ਕੰਮ ਪ੍ਰਤੀ ਦਿੱਤੇ ਸੁਝਾਅ ਨੂੰ ਵੇਲੇ ਕਹਿਣਾ ‘ਇਹ ਕਿਹੜਾ ਨੰਦ ਪੜਨੇ..’। ਜੁਆਨ ਹੋਇਆ ਤਾਂ ਪਿਤਾ ਪੁੱਤਰ ਵਾਲੀ ਕਿਚ ਕਿਚ ਵਧਦੀ ਗਈ, ਗੱਲ ਇੱਥੋਂ ਤੱਕ ਪਹੁੰਚ ਗਈ ਕਿ ਉਸ ਨੇ ਦੁਕਾਨ ਤੇ ਕੰਮ ਕਰਨ ਦੀ ਬਜਾਏ ਆਪਣਾ ਆਜਾਦ ਧੰਦਾ ਅਪਣਾਉਣ ਦੀ ਸੋਚੀ।ਸੰਦ ਥੈਲੇ ਵਿੱਚ ਪਾ ਸ਼ਹਿਰ ਤੁਰ ਗਿਆ ਅਤੇ ਮਹੱਲੇ ਵਿੱਚ ‘ਮੰਜੇ ਪੀੜ੍ਹੀਆਂ ਠੀਕ ਕਰਵਾ ਲਵੋ’ ਦਾ ਹੋਕਾ ਜਾ ਲਾਇਆ।ਕਾਫੀ ਭਕਾਈ ਬਾਅਦ ਇੱਕ ਮਾਈ ਨੇ ਪੁਛਿਆ, “ਭਾਈ ਮੰਜਾ ਠੋਕ ਦੇਵੇਂਗਾ”।ਸਾਈਕਲ ਰੋਕ ਜਵਾਬ ਦਿੱਤਾ,”ਇਸ ਵਿੱਚ ਕੀ ਨੰਦ ਪੜਨੇ,ਲਿਆਓ।” ਥੈਲਾ ਬਿਜਲੀ ਦੇ ਖੰਭੇ ਨਾਲ ਟਿਕਾ ਬੈਠ ਗਿਆ, ਮਾਈ ਨੇ ਸਮਾਨ ਫੜਾ ਦਿੱਤਾ।ਆਵਾਜਾਈ ਲਈ ਰਾਹ ਛੱਡ ਹੋ ਗਿਆ ਸ਼ੁਰੂ, ਮੰਜਾ ਠੋਕ ਦਿੱਤਾ ਅਤੇ ਮਾਈ ਨੂੰ ਲੈ ਜਾਣ ਲਈ ਆਵਾਜ ਮਾਰ ਦਿੱਤੀ।”ਵੇ ਜਣਦਿਆਂ ਨੂੰ ਖਾਣਿਆਂ, ਤੈਨੂੰ ਕਿਹੜੇ ਕੰਜਰ ਨੇ ਅਕਲ ਦਿੱਤੀ ਹੈ।” ਹੋਇਆ ਇਸ ਤਰ੍ਹਾਂ ਕਿ ਮੰਜਾ ਠੋਕਣ ਲੱਗਿਆਂ ਖੰਭੇ ਦਾ ਧਿਆਨ ਹੀ ਨਾ ਕੀਤਾ ਅਤੇ ਮੰਜੇ ਦੇ ਵਿਚਾਲੇ ਲੈ ਲਿਆ।ਮਾਈ ਗਾਹਲਾਂ ਦਾ ਮੀਂਹ ਵਰਾਈ ਜਾਵੇ।ਦੁਬਾਰਾ ਖੇੜਨ ਦੇ ਚੱਕਰ ਅਤੇ ਘਬਰਾਹਟ ਕਾਰਨ ਚੂਲ੍ਹ ਟੁੱਟ ਗਈ।ਦੁਬਾਰਾ ਨਵੀਆਂ ਚੂਲਾਂ ਕੱਢ ਮੰਜਾ ਠੋਕ ਮਸਾਂ ਖਹਿੜਾ ਛੁਡਾਇਆ, ਖਾਲੀ ਹੱਥ ਛੂਟ ਵੱਟ ਲਈ।
ਸ਼ਾਮ ਨੂੰ ਮੈਨੂੰ ਆ ਆਵਾਜ਼ ਦਿੱਤੀ।ਮੈਂ ਸੋਚਿਆ ਪਹਿਲੀ ਕਮਾਈ ਦੀ ਪਾਰਟੀ ਕਰੇਗਾ।ਸਦਾ ਹੱਸਦੇ ਰਹਿਣ ਵਾਲੇ ਬਿੰਦੀ ਨੇ ਜਦੋਂ ਸਾਰੀ ਗੱਲ ਦੱਸੀ ਤਾਂ ਮੇਰਾ ਹਾਸਾ ਨਾ ਰੁਕੇ,ਉਸ ਦੀ ਹਾਲਤ ਹੋਰ ਖਰਾਬ ਹੋਈ ਜਾਵੇ।ਰੋਣਹਾਕਾ ਹੋ ਪੁਛਿਆ ਕਿ ਹੁਣ ਕੀ ਕਰਾਂ।ਮੈਂ ਉਸ ਨੂੰ ਸਕੀਮ ਦੱਸੀ ਕਿ ਆਪਣੀ ਦੁਕਾਨ ਤੇ ਬੈਠ ਤੇ ਚੰਗੀ ਤਰ੍ਹਾਂ ਕੰਮ ਸਿੱਖ।ਅਸੀਂ ਸਕੀਮ ਬਣਾਈ ਕਿ ਕਿਵੇਂ ਉਸਦੇ ਬਾਪੂ ਨੂੰ ਮਨਾਉਣਾ।
ਅਗਲੇ ਦਿਨ ਸਵੇਰੇ ਹੀ ਬੇਬੇ ਤੋਂ ਦੁਕਾਨ ਦੀ ਚਾਬੀ ਮੰਗ ਲਈ,”ਬਾਪੂ ਬੱਗੀ ਦਾਹੜੀ ਵਾਲਾ ਝਾੜੂ ਮਾਰਦਾ ਬੁਰਾ ਲੱਗਦਾ, ਸਫਾਈ ਮੈਂ ਕਰ ਦਿੰਨਾ।” ਬਾਪੂ ਅੰਦਰ ਪਿਆ ਬੁੜਬੁੜ ਕਰੀ ਜਾਵੇ,ਬਿੰਦੀ ਚਾਬੀ ਚੱਕ ਦੁਕਾਨ ਤੇ ਆ ਗਿਆ।ਚੰਗੀ ਤਰ੍ਹਾਂ ਸਫਾਈ ਕਰ, ਸੰਦ ਧੋ ਧੂਫਬੱਤੀ ਕਰ ਦਿੱਤੀ।ਜਦੋਂ ਬਾਪੂ ਦੁਕਾਨ ਤੇ ਆਇਆ, ਕੁਰਸੀ ਸਾਫ ਕਰ ਬਿਠਾ ਦਿੱਤਾ।ਬਾਪੂ ਨੂੰ ਕੰਮ ਦਾ ਪੁੱਛ ਕਰਨ ਲੱਗਾ, ਬਾਪੂ ਹੈਰਾਨ।ਕੁਝ ਦਿਨਾਂ ਵਿੱਚ ਜੁਗਤ ਕੰਮ ਆ ਗਈ ਅਤੇ ਬਿੰਦੀ ਦਾ ਹੱਥ ਅਤੇ ਦਿਮਾਗ ਚੱਲਣ ਲੱਗਾ।ਕੁੱਝ ਹੀ ਸਮੇਂ ਵਿੱਚ ਵਧੀਆ ਮਿਸਤਰੀ ਬਣ ਗਿਆ।
ਅੱਜ ਬਿੰਦੀ, ਬਿੰਦਰਪਾਲ ਸਿੰਘ ਬਣ ਗਿਆ ਹੈ ਅਤੇ ਉਸ ਦਾ ਸ਼ਹਿਰ ਵਿੱਚ ਵੱਡਾ ਸ਼ੋਅ ਰੂਮ ਹੈ।ਪੈਸੇ ਟਕੇ ਵੱਲੋਂ ਕਿਰਪਾ ਹੈ,ਇਹ ਸਭ ਉਸ ਦਾ ਪਹਿਲੀ ਕਮਾਈ ਨੂੰ ਦਿਮਾਗ ਵਿੱਚ ਸਾਂਭਣ ਕਾਰਨ ਹੋਇਆ।ਅੱਜ ਵੀ ਜਦੋਂ ਮਿਲਦੇ ਹਾਂ ਤਾਂ ਉਸ ਘਟਨਾ ਨੂੰ ਯਾਦ ਕਰ ਖੂਬ ਹੱਸਦੇ ਹਾਂ।
ਗੁਰਮੀਤ ਸਿੰਘ ਮਰਾੜ੍ਹ
ਪਹਿਲੀ ਕਮਾਈ
758
previous post