ਜਦੋਂ ਵੀ ਘਰ ਵਿੱਚ ਕੋਈ ਉੱਚੀ ਜਾਂ ਤਿੱਖੀ ਅਵਾਜ਼ ਵਿੱਚ ਬੋਲਦਾ ਤਾਂ ਉਹ ਸਹਿਮ ਜਾਂਦੀ । ਉਸਦਾ ਕੋਮਲ ਮਨ ਕਮਲਾ ਜਾਂਦਾ।
ਸ਼ਾਤ ਹਲਾਤਾਂ ਵਿੱਚ ਉਹ ਕਿਕਲੀਆਂ ਪਾਉੰਦੀ ਭੱਜ- ਭੱਜ ਕੁੱਛੜ ਚੜ੍ਹਦੀ ਨਾ ਥੱਕਦੀ। ਇੰਨੀਆਂ ਗੱਲਾਂ ਕਰਦੀ ਕਿ ਗੱਲ ਨਾ ਟੁੱਟਣ ਦੇੰਦੀ ਪਰ ਜਦੋਂ ਤਲਖ-ਕਲਾਮੀ ਸੁੱਣਦੀ ਤਾਂ ਕਈ-ਕਈ ਦਿਨ ਰੱਝ ਕੇ ਨਾ ਖਾਂਦੀ ਤੇ ਨਾ ਹੀ ਕਿਸੇ ਨਾਲ ਗੱਲ ਕਰਦੀ।
ਉਹ ਡਰੀ ਘਰਦੇ ਕਿਸੇ ਕੋਨੇ ਵਿੱਚ ਮੂੰਹ ਵਿੱਚ ਉੰਗਲਾਂ ਨੂੰ ਪਾ ਸੋਚਦੀ ਰਹਿੰਦੀ ।
ਉਹ ਸਿਰਫ ਧੀਰਜ ਨਾਲ ਬੋਲਣ ਤੇ ਹੱਸਦੇ ਚਿਹਰਿਆਂ ਨੂੰ ਇਨਸਾਨ ਸਮਝਦੀ ਬਾਕੀ ਉਸਨੂੰ ਡਰਾਉਣੇ ਹਵਾਨ ਜਾਪਦੇ।
ਅੱਕ ਕੇ ਇਕ ਦਿਨ ਉਹ, ਘਰ ਵਿੱਚ ਵੱਡਿਆਂ ਦੀ ਹੁੰਦੀ ਤੂੰ -ਤੂੰ, ਮੈਂ -ਮੈੰ ਵਿੱਚ ਜਾ ਖਲੋਤੀ । ਸਿਸਕੀਆਂ ਲੈੰਦੀ ਨੇ ਆਪਣੇ ਨਿੱਕਿਆਂ ਨਿੱਕਿਆਂ ਹੱਥਾਂ ਨੂੰ ਜੋੜ ਤਰਲਾ ਲਿਆ , ” ਰੱਬ ਦੇ ਵਾਸਤੇ ਸਾਰੇ ਚੁੱਪ ਹੋ ਜਾਓ !! ਤੁਹਾਨੂੰ ਕਿੰਨੇ ਵੱਡਿਆਂ ਬਣਾ ਦਿੱਤਾ , ਤੁਸੀਂ ਤੇ ਨਿਆਣਿਆਂ ਤੋਂ ਵੀ ਗਏ ਗੁਜਰੇ ਹੋ। ਇਸ ਤਰ੍ਹਾਂ ਦੀ ਕਾਵਾਂ ਰੌਲੀ ਤਾਂ ਕਾਂ ਵੀ ਨਹੀਂ ਪਾਉਂਦੇ । ਤੁਸੀਂ ਇੰਨਾਂ ਮਸਲਿਆਂ ਨੂੰ ਆਰਾਮ ਨਾਲ ਬੈਠਕੇ ਵੀ ਹਲ ਕਰ ਸਕਦੇ ਹੋ। ਤੁਸੀਂ ਕਦੀ ਨਹੀਂ ਸੋਚਿਆ ਕਿ ਘਰ ਵਿੱਚ ਛੋਟੇ ਬਾਲ ਵੀ ਰਹਿੰਦੇ ਹਨ॥ ਉਨ੍ਹਾਂ ਦੀ ਕੋਮਲ-ਕਾਇਆ ਤੇ ਤੁਹਾਡੇ ਬੋਲ -ਕਬੋਲਾਂ ਦਾ ਕਿੰਨਾ ਬੁਰਾ ਅਸਰ ਪੈੰਦਾ ਹੋਊ? ਤੁਸੀਂ ਕਈ ਵਾਰੀ ਮੈਨੂੰ ਕਿਹਾ ਕਿ ਤੈਨੂੰ ਖਾਧਾ ਪੀਤਾ ਨਹੀਂ ਲਗਦਾ। ਤੁਹਾਨੂੰ ਕੀ ਪਤਾ ਤੁਹਾਡੇ ਬੋਲ ਬੁਲਾਰੇ ਕਰਕੇ ਮੈਂ ਸਾਰੀ ਸਾਰੀ ਰਾਤ ਸੌੰ ਨਹੀਂ ਸਕਦੀ । ਇਸ ਸਭ ਕੁੱਝ ਲਈ ਤੁਸੀਂ ਦੋਸ਼ੀ ਹੋ । ਜੋ ਘਰੇਲੂ ਮਹੌਲ ਸੁੱਖਾਵਾਂ ਨਹੀ ਰੱਖ ਸਕੇ।
ਬੇਸ਼ਕ ਮੈਂ ਨਿਆਣੀ ਹਾਂ ਪਰ ਮੈਨੂੰ ਇੰਨਾਂ ਕੁ ਪਤਾ ਹੈ ਕਿ ਜਿਸ ਘਰ ਵਿੱਚ ਨਿੱਤ ਕਲੇਸ਼ ਰਹੇ ਉਹ ਘਰ ਨਹੀਂ ਮੁਸਾਫਿਰਖਾਨਾ ਹੁੰਦਾ। ਜਿਥੇ ਕੋਈ ਕਿਸੇ ਦਾ ਖੈਰ ਖਾਹ ਨਹੀ ਸਗੋਂ ਸਭ ਦਿਨ ਕੱਟੀ ਕਰ ਰਹੇ ਹੁੰਦੇ।” ਜਦੋਂ ਇਕੋ ਸਾਹੇ ਉਸ ਸੱਚ ਉਗਲਿਆਂ ਤਾਂ ਸਾਰਿਆਂ ਨੀਵੀਆਂ ਪਾ ਲਈਆਂ । ਉਸ ਰੋੰਦੀ ਨੇ ਅੰਦਰ ਵੜ ਕੁੰਡੀ ਲਾ ਲਈ।
ਗੁਰਨਾਮ ਨਿੱਜਰ
ਧੀਮੀ ਸੁਰ
924
previous post