ਮੇਰੇ ਗੁਆਂਢੀ ਤੇ ਵਾਕਿਫ ਘੜੀ-ਸਾਜ਼ ਦੀ ਦੁਕਾਨ ਦੇ ਖੁੱਲਣ ਦਾ ਕੋਈ ਵੇਲਾ ਨਹੀਂ ਸੀਬਸ, ਜਦੋਂ ਸਾਡੇ ਗੁਆਂਢਲੇ ਗੁਰਦੁਆਰੇ ਭੋਗ ਪੈਂਦਾ, ਉਹ ਦੇਗ ਵਾਲੇ ਹੱਥ ਦਾਹੜੀ ਨਾਲ ਸਾਫ ਕਰਦਾ, “ਵਾਹਿਗੁਰੂ, ਵਾਹਿਗੁਰੂ ਕਹਿੰਦਾ ਦੁਕਾਨ ਖੋਦਾ, ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਧੂਪ ਦਿੰਦਾ, ਆਪਣੇ ਸੰਦ ਝਾੜਦਾ ਤੇ ਆਪਣਾ ਕੰਮ ਸ਼ੁਰੂ ਕਰ ਦੇਦਾ।
ਰਾਤੀਂ ਮੇਰੀ ਘੜੀ ਖਲੋ ਗਈ ਸੀ। ਜਿਉਂ ਹੀ ਸਵੇਰੇ ਉਸ ਦੀ ਦੁਕਾਨ ਖੁੱਲੀ ਤੇ ਮੈਂ ਸਿਰ ਤੇ ਪੱਗ ਧਰਦਿਆਂ ਓਧਰ ਚੱਲ ਪਿਆ। ਅਜੇ ਉਹ ਦੁਕਾਨ ਵਿਚ ਧੂਪ ਹੀ ਦੇ ਰਿਹਾ ਸੀ ਕਿ ਮੈਂ ਉਸਦੀ ਦੁਕਾਨ ਤੇ ਪੁੱਜ ਗਿਆ। ਉਸ ਨੇ ਮਿਸ਼ਰੀ ਘੁਲੀ ਜ਼ੁਬਾਨ ਨਾਲ ਮੈਨੂੰ ਕਈ ਵਾਰ ‘‘ਆਓ ਜੀ, ਆਉ ਜੀ…. ਕਿਹਾ। ਮੈਂ ‘ਆਏ ਜੀ ਕਹਿੰਦਿਆਂ, ਹੱਥ ਮਿਲਾਂਦਿਆਂ, ਸੋਫੇ ਤੇ ਬਹਿੰਦਿਆਂ, ਗੁੱਟ ਤੋਂ ਘੜੀ ਲਾਹ ਕੇ ਦੇਦਿਆਂ ਕਿਹਾ, “ਭਾਈ ਸਾਹਿਬ! ਇਹਨੂੰ ਵੇਖਣਾ ਜ਼ਰਾ। ਉਸ ਨੇ ਘੜੀ ਫੜੀ ਤੇ ਆਈ ਗਲਾਸ ਅੱਖ ਤੇ ਚਾਦਿਆਂ ਚਮਟੀ ਨਾਲ ਉਸ ਦੀ ਇੱਕ ਨਾੜ ਵੇਖੀ। ਅੰਤ ਉਹ ਬੋਲਿਆ, “ਪੰਜ ਸੱਤ ਮਿੰਟ ਲੱਗਣਗੇ, ਹੁਣੇ ਠੀਕ ਕਰ ਦੇਨਾਂ।
ਮੈਂ ਉਥੇ ਹੀ ਬੈਠ ਗਿਆ। ਉਸ ਨੇ ਅੱਖ ਦੀ ਝਮਕੇ ਵਿਚ ਘੜੀ ਚੱਲਦੀ ਕਰਕੇ ਮੇਰੇ ਹੱਥ ਤੇ ਰੱਖ ਦਿੱਤੀ। “ਸੇਵਾ ਪੁੱਛਣ ਤੇ ਉਹ ਬੋਲਿਆ, ‘ਸਿਰਫ ਪੰਜ ਰੁਪੈ। |
ਪੰਜ ਰੁਪਏ ਮੈਂ ਦੇ ਦਿੱਤੇ, ਪਰ ਮੈਨੂੰ ਦੁੱਖ ਬਹੁਤ ਹੋਇਆ। ਮੈਂ ਆਪਣਾ ਦੁੱਖ ਜ਼ਾਹਰ ਜਰੂਰ ਕਰਨਾ ਚਾਹੁੰਦਾ ਸਾਂ ਪਰ ਸੋਚ ਰਿਹਾ ਸਾਂ ਕਿ ਆਖਾਂ ਤਾਂ ਕਿਸ ਤਰ੍ਹਾਂਆਖਾਂ ਤਾਂ ਕਿ ਗੱਲ ਇਸ ਨੂੰ ਚੁਭੇ ਨਾ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਸ ਨੇ ਸਾਹਮਣੀ ਦੁਕਾਨ ਤੇ ਚਾਹ ਦਾ ਆਰਡਰ ਦੇ ਦਿੱਤਾ ਭਾਵੇਂ ਮੈਂ ਘਰੋਂ ਚਾਹ ਪੀਕੇ ਹੀ ਗਿਆ ਸਾਂ ਪਰ ਮੈਂ ਮੌਕਾ ਦੇਖ ਕੇ ਬੈਠ ਗਿਆ। ਚਾਹ ਆ ਗਈ। ਉਸ ਨੇ ਗੱਲ ਤੋਰੀ, “ਤੁਸੀਂ ਕਦੇ ਗੁਰਦੁਆਰੇ ਨਹੀਂ ਆਏ ਪ੍ਰੋਫੈਸਰ ਸਾਹਿਬ?”
ਮੇਰਾ ਦਾਅ ਲੱਗ ਗਿਆ, ‘ਨੇਕ ਕਮਾਈ ਕਰਦੇ ਹਾਂ- ਭੁੱਲ ਬਖਸ਼ਾਉਣ ਦੀ ਲੋੜ ਹੀ ਨਹੀਂ ਪੈਂਦੀ।
ਘੜੀ-ਸਾਜ਼ ਨੇ “ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੱਥ ਫੜ ਲਏ। ਮੈਨੂੰ ਦੋ ਰੁਪਏ ਵਾਪਸ ਦੇਦਿਆਂ ਉਹ ਬੋਲਿਆ, “ਮੁਆਫ ਕਰਨਾ ਗੁਰ ਦੇਵ- ਮੇਰੇ ਦਿਮਾਗ ਦੇ ਕਪਾਟ ਤਾਂ ਅੱਜ ਖੁੱਲੇ ਹਨ।”
ਸੁਲੱਖਣ ਮੀਤ