ਕਾਫੀ ਅਰਸਾ ਪਹਿਲਾਂ ਦੀ ਗੱਲ ਏ, ਉੜੀਸਾ ਆਂਧਰਾ ਵੱਲ ਟਰੱਕਾਂ ਤੇ ਧੱਕੇ ਧੋੜੇ ਖਾ ਕੇ ਅਖੀਰ ਬੜੇ ਤਰਲਿਆਂ , ਸਿਫਾਰਿਸ਼ਾਂ ਨਾਲ ਪੰਜਾਬ ਰੋਡਵੇਜ਼ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਸ਼ੁਬੇਗ ਸਿੰਘ ਨੂੰ । ਖ਼ਾਕੀ ਪੈਂਟ ਕਮੀਜ਼ ਤੇ ਪੱਗ ਬੰਨ੍ਹ ਕੇ ਓਸਤੋ ਚਾਅ ਚੁੱਕਿਆ ਨਹੀ ਸੀ ਜਾਂਦਾ , ਜਿਵੇ ਸਾਰੀ ਦੁਨੀਆਂ ਦੀ ਬਾਦਸ਼ਾਹੀ ਮਿਲ ਗਈ ਹੋਵੇ । ਜਦੋ ਨੇਮ ਪਲੇਟ ਲਾ ਕੇ ਤੁਰਦਾ ਤਾਂ ਓਹਨੂੰ ਜਾਪਦਾ ਜਿਵੇਂ ਹੁਣ ਤੱਕ ਬਿਨਾ ਨਾਮ ਤੋ ਈ ਤੁਰਿਆ ਫਿਰਦਾ ਰਿਹਾ ਹੋਵੇ । ਜਦੋਂ ਪਹਿਲੀ ਤਨਖ਼ਾਹ ਮਿਲੀ ਤਾਂ ਕਲਰਕ ਨੇ ਪੈਸੇ ਗਿਣਾ ਕੇ ਦਸਤਖ਼ਤ ਕਰਵਾਏ , ਇੰਜ ਲੱਗਾ ਜਿਵੇਂ ਜਿੰਦਗੀ ਹੁਣ ਸ਼ੁਰੂ ਹੋਈ ਹੋਵੇ , ਇਨਸਾਨਾਂ ਚ ਗਿਣਤੀ ਸ਼ੁਰੂ ਹੋ ਗਈ ਹੋਵੇ । ਬੜੇ ਚਾਈਂ ਤਿਆਰ ਹੋ ਡਿਊਟੀ ਤੇ ਪਹੁੰਚਦਾ ਓਹ । ਸਰਕਾਰੀ ਬੱਸ ਵੀ ਓਹਨੂੰ ਆਪਣੀ ਆਪਣੀ ਜਾਪਦੀ , ਘਰ ਦੇ ਜੀਆਂ ਵਾਂਗ । ਬੱਚਿਆਂ ਵਾਂਗ ਖਿਆਲ ਰੱਖਦਾ ਸੀ ਓਹ ਬੱਸ ਦਾ । ਡਿਊਟੀ ਖਤਮ ਹੋਣ ਤੋ ਬਾਅਦ ਓਹਨੇ ਉੱਤਰ ਕੇ ਬੱਸ ਨੂੰ ਸ਼ੁਕਰਾਨੇ ਭਰੀ ਨਿਗ੍ਹਾ ਨਾਲ ਤੱਕਣਾ ।ਪਰਕਰਮਾ ਕਰਕੇ ਸਿਰ ਝੁਕਾ ਕੇ ਮੱਥਾ ਟੇਕਣਾ ,ਜਦੋਂ ਉਹਨੇ ਘਰ ਪਰਤਣਾ ਤਾਂ ਸੀਟ ਦੇ ਕਵਰ ਤੋ ਬਣੇ ਹਰੇ ਝੋਲੇ ਵਿੱਚ ਬੱਚਿਆਂ ਲਈ ਕੋਈ ਨਾ ਕੋਈ ਫਲ ਫਰੂਟ ਲੈ ਕੇ ਜਾਣਾ। ਬੇਸ਼ੱਕ ਜ਼ਮੀਨ ਜਾਇਦਾਦ ਨਾਂਹ ਦੇ ਬਰਾਬਰ ਸੀ ਓਹਦੀ , ਪਰ ਨੌਕਰੀ ਦੇ ਸਿਰ ਤੇ ਓਹਦਾ ਜੀਵਨ ਨਿਰਬਾਹ ਬਹੁਤ ਸੋਹਣਾ ਚੱਲ ਰਿਹਾ ਸੀ ।ਬੱਚੇ ਪੜ੍ਹ ਰਹੇ ਸਨ , ਜਿੰਦਗੀ ਵਿੱਚ ਅਨੁਸ਼ਾਸਨ ਜਿਹਾ ਆ ਗਿਆ ਸੀ ਆਪਣੇ ਆਪ । ਛੋਟਾ ਜਿਹਾ , ਸਾਫ ਸੁਥਰਾ ਘਰ , ਨੇਕ ਜੀਵਨ ਸਾਥਣ ਤੇ ਪਿਆਰ ਕਰਨ ਵਾਲਾ ਪਰਿਵਾਰ , ਹੋਰ ਕੀ ਚਾਹੀਦਾ ਏ ਇਨਸਾਨ ਨੂੰ ?
ਤੇ ਫਿਰ ਅਚਾਨਕ ਓਹਦੀ ਡਿਊਟੀ ਬਾਡਰ ਏਰੀਏ ਚ ਲੱਗ ਗਈ । ਰਾਤ ਨੂੰ ਬੱਸ ਵਿੱਚ ਈ ਸੌਣਾ ਪੈਂਦਾ ਤੇ ਸਵੇਰੇ ਸਵਾ ਸੱਤ ਵਜੇ ਪਹਿਲਾ ਗੇੜਾ ਲੈ ਕੇ ਅੰਮ੍ਰਿਤਸਰ ਜਾਣਾ ਹੁੰਦਾ ਸੀ । ਦੋ ਦਿਨ ਡਿਊਟੀ, ਤੀਜੇ ਦਿਨ ਰੈਸਟ ਹੁੰਦੀ ।
ਇੱਕ ਰਾਤ ਜਦ ਓਹ ਬੱਸ ਵਿੱਚ ਸੁੱਤਾ ਪਿਆ ਸੀ ਤਾਂ ਰਾਤ ਸਾਢੇ ਕੁ ਨੌਂ ਵਜੇ ਕਿਸੇ ਨੇ ਸ਼ੀਸ਼ਾ ਖੜਕਾਇਆ , ਕੋਈ ਮੋਟਰ-ਸਾਈਕਲ ਸਵਾਰ ਸੀ ਤੇ ਗੱਲ ਕਰਨੀ ਚਾਹੁੰਦਾ ਸੀ । ਪੁੱਛਣ ਤੇ ਓਹਨੇ ਕਿਹਾ ਕਿ ਓਹ ਡੀਜ਼ਲ ਖਰੀਦਣਾ ਚਾਹੁੰਦਾ ਏ, ਪਰ ਸ਼ੁਬੇਗ ਸਿੰਘ ਨੇ ਨਾਂਹ ਕਰ ਦਿੱਤੀ । ਪਰ ਓਹ ਬੰਦਾ ਬਦੋਬਦੀ ਸੌ ਰੁਪਈਆ ਫੜਾ ਕੇ ਚਲਾ ਗਿਆ ਕਿ ਅਗਲੀ ਵਾਰੀ ਆ ਕੇ ਮਿਲੇਗਾ , ਸੋਚ ਕੇ ਦੱਸ ਦਿਓ ।
ਓਦੋਂ ਸੌ ਰੁਪਈਆ ਵੇਖਕੇ ਸ਼ੁਬੇਗ ਸਿੰਘ ਦਾ ਮਨ ਥਿੜਕ ਗਿਆ , ਅਠਾਰਾਂ ਸੌ ਕੁੱਲ ਤਨਖ਼ਾਹ ਸੀ ਓਹਦੀ ਓਸ ਵਕਤ , ਅਗਰ ਚਾਹਵੇ ਤਾਂ ਤਨਖ਼ਾਹ ਜਿੰਨੇ ਪੈਸੇ ਉੱਪਰੋਂ ਵੀ ਬਣਾ ਸਕਦਾ ਸੀ ਓਹ ਹਰ ਮਹੀਨੇ ।
ਅਗਲੀ ਵਾਰੀ ਜਦੋਂ ਓਹ ਡਿਊਟੀ ਲਈ ਰਾਤ ਰੁਕਿਆ ਤਾਂ ਓਹੀ ਮੋਟਰ-ਸਾਈਕਲ ਵਾਲਾ ਵੇਲੇ ਸਿਰ ਈ ਪਲਾਸਟਿਕ ਦਾ ਕੈਨ ਲੈ ਕੇ ਆਣ ਪੁੱਜਾ, ਨਾਲ ਪਾਈਪ ਵੀ ਰੱਖੀ ਸੀ ਓਹਨੇ ਸੂਟੇ ਨਾਲ ਤੇਲ ਕੱਢਣ ਲਈ, ਜਾਣੂ ਸੀ ਓਹ ਬਾਕੀ ਡਰੈਵਰਾਂ ਦਾ । ਸ਼ੁਬੇਗ ਸਿੰਘ ਨੇ ਪੇਸ਼ਗੀ ਵਾਲਾ ਸੌ ਰੁਪਈਆ ਖਰਚਿਆ ਨਹੀ ਸੀ, ਬਟੂਏ ਚ ਈ ਸੀ ਓਹਦੇ ਕੋਲ। ਓਹਨੇ ਝਕਦੇ ਨੇ ਡੀਜ਼ਲ ਟੈਂਕੀ ਦਾ ਢੱਕਣ ਖੋਹਲ ਦਿੱਤਾ ਤੇ ਓਹ ਬੰਦਾ ਫਟਾਫਟ ਤੇਲ ਕੱਢਣ ਲੱਗ ਪਿਆ । ਜਿਉਂ ਜਿਉ ਤੇਲ ਭਰਨ ਲੱਗਾ, ਸ਼ੁਬੇਗ ਸਿੰਘ ਨੂੰ ਖ਼ੁਦ ਤੇ ਸ਼ਰਮ ਆਉਣ ਲੱਗ ਪਈ, ਸਰੀਰ ਤੇ ਸੂਈਆਂ ਚੁਭਣ ਲੱਗ ਪਈਆਂ ।ਜਦੋਂ ਕੈਨੀ ਅੱਧੋਂ ਵੱਧ ਭਰ ਚੁੱਕੀ ਸੀ ਤਾਂ ਅਚਾਨਕ ਓਹਨੇ ਰੋਕ ਦਿੱਤਾ , ਕੈਨੀ ਉੱਚੀ ਕਰ ਦਿੱਤੀ ਤੇ ਤੇਲ ਵਾਪਸ ਟੈਂਕੀ ਵਿੱਚ ਪੈਣਾ ਸ਼ੁਰੂ ਹੋ ਗਿਆ ।ਓਹ ਡੀਜ਼ਲ ਦਾ ਗਾਹਕ ਥੋੜਾ ਹੱਕਾ ਬੱਕਾ ਰਹਿ ਗਿਆ,ਕਹਿਣ ਲੱਗਾ ਕਿ ਪੈਸੇ ਹੋਰ ਲੈ ਲਵੋ, ਪਰ ਸ਼ੁਬੇਗ ਸਿੰਘ ਨੇ ਖਾਲ਼ੀ ਕੈਨ ਤੇ ਪਾਈਪ ਓਹਦੇ ਹੱਥ ਥਮਾ ਦਿੱਤਾ । ਨਾਲ ਈ ਪੈਸੇ ਵੀ ਹੱਥ ਤੇ ਰੱਖ ਦਿੱਤੇ ਵਾਪਸ। ਛਿੱਥਾ ਜਿਹਾ ਪੈ ਗਿਆ ਓਹ ਬੰਦਾ , ਪੁੱਛਣ ਲੱਗਾ ਕਿ ਹੋਇਆ ਕੀ ਏ, ਇਰਾਦਾ ਕਿਉਂ ਬਦਲ ਗਿਆ ਅਖੀਰ ਤੇ?
ਸ਼ੁਬੇਗ ਸਿੰਘ ਅੱਖਾਂ ਭਰ ਆਇਆ । ਹੱਥ ਜੋੜ ਕੇ ਖਲੋ ਗਿਆ ਤੇ ਕਹਿਣ ਲੱਗਾ,”ਪਰਦੇਸਾਂ ਚ ਧੱਕੇ ਖਾਧੇ ਨੇ ਰਿਜ਼ਕ ਖ਼ਾਤਰ , ਹੁਣ ਆ ਕੇ ਬੜੀ ਸੋਹਣੀ ਰੋਟੀ ਜੁੜਦੀ ਏ, ਰਾਤ ਦਾ ਟੀਏ ਮਿਲਦਾ ਏ ਵੱਖਰਾ, ਸਾਰਾ ਟੱਬਰ ਇੱਜਤ ਦੀ ਰੋਟੀ ਖ਼ਾਨੇ ਆਂ ਅਸੀਂ , ਤੇ ਏਹ ਗੱਡੀ ਜੋ ਮੇਰੇ ਸਾਰੇ ਪਰਿਵਾਰ ਦਾ ਪੇਟ ਪਾਲਦੀ ਏ, ਏਹਦਾ ਪੇਟ ਕਿਵੇਂ ਧੋ ਦੇਵਾਂ , ਕਿਵੇਂ ਕਰ ਲਵਾਂ ਏਹਦੇ ਲਹੂ ਦਾ ਸੌਦਾ ਯਾਰ, ਕਿੱਥੇ ਲੇਖਾ ਦਊੰਗਾ ਮੈਂ?
ਮੋਟਰ-ਸਾਈਕਲ ਸਵਾਰ, ਦਾਲ ਨਾ ਗਲਦੀ ਵੇਖ ਕਿੱਕ ਮਾਰਕੇ ਕਾਹਲੀ ਵਿੱਚ ਚਲਾ ਗਿਆ ।
ਸ਼ੁਬੇਗ ਸਿੰਘ ਹਾਲੇ ਵੀ ਭਾਵਕ ਹੋਇਆ ਖੜਾ ਸੀ , ਫਿਰ ਬੱਸ ਦੇ ਅਗਲੇ ਪਾਸੇ ਚਲਾ ਗਿਆ, ਗੱਲਾਂ ਕਰਨ ਲੱਗ ਪਿਆ ਓਹਦੇ ਨਾਲ ਇਕੱਲ੍ਹਾ ਈ ।
,” ਮਾਫ ਕਰੀਂ ਕਰਮਾਂ ਵਾਲੀਏ, ਮੈਂ ਕੇਰਾਂ ਡੋਲ ਗਿਆ ਸਾਂ, ਫਿਰ ਕਦੀ ਐਹੋ ਜਿਹੀ ਗਲਤੀ ਨਹੀ ਕਰਦਾ “
ਚੁੰਮ ਲਿਆ ਓਹਨੇ ਬੱਸ ਨੂੰ , ਹੱਥ ਵਿਚਲੇ ਪਰਨੇ ਨਾਲ ਪੂੰਝਣ ਲੱਗ ਪਿਆ ਓਹਨੂੰ, ਤੇ ਫਿਰ ਆਪਣੇ ਆਪ ਨਾਲ ਗੱਲਾਂ ਕਰਦਾ ਕਰਦਾ ਬੱਸ ਵਿੱਚ ਸੀਟਾਂ ਜੋੜਕੇ ਬਣਾਏ ਬਿਸਤਰੇ ਤੇ ਸਕੂਨ ਨਾਲ ਸੌਂ ਗਿਆ । ਇਵੇਂ , ਜਿਵੇਂ ਬੱਚਾ ਮਾਂ ਦੀ ਗੋਦ ਵਿੱਚ ਸਿਰ ਰੱਖ ਸੌਂਦਾ ਏ ।
ਜ਼ਮੀਰ ਦੀ ਆਵਾਜ ਸੁਣਕੇ ਓਸਤੇ ਅਮਲ ਕਰਨਾ ਈ ਸਵਰਗ ਏ ਦੋਸਤੋ, ਤੇ ਜ਼ਮੀਰ ਵੇਚਕੇ ਓਹਦੀ ਦਲਾਲੀ ਖਾਣੀ ਅਸਲ ਨਰਕ ਏ, ਮਰਜ਼ੀ ਸਾਡੀ ਆਪਣੀ ਏ , ਨਰਕ ਭੋਗਣਾ ਏ ਜਾਂ ਸਵਰਗ ।
✍️ਦਵਿੰਦਰ ਸਿੰਘ ਜੌਹਲ