ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ , ਜੋ ਉਮਰ ਭਰ ਜ਼ਿਹਨ ਵਿੱਚ ਤਾਜਾ ਰਹਿੰਦੀਆਂ ਨੇ । ਜਦੋਂ ਅਸੀਂ ਕੈਮਰੇ ਨਾਲ ਤਸਵੀਰਾਂ ਲੈਂਦੇ ਹਾਂ ਤਾਂ ਬਾਅਦ ਵਿੱਚ ਦੇਖਣ ਵਾਲੇ ਨੂੰ ਸਿਰਫ ਤਸਵੀਰ ਈ ਦਿਖਾਈ ਦੇਂਦੀ ਏ, ਪਰ ਤਸਵੀਰ ਖਿੱਚਣ ਵਾਲੇ ਨੂੰ ਓਸ ਤਸਵੀਰ ਨਾਲ ਜੁੜਿਆ ਹੋਰ ਕਈ ਕੁਝ ਯਾਦ ਰਹਿੰਦਾ ਏ ਜੋ ਯਾਦਾਂ ਵਿੱਚ ਜੁੜਿਆ ਰਹਿੰਦਾ ਏ। ਹੇਠਲੀ ਤਸਵੀਰ ਮੈ 2010 ਵਿੱਚ ਖਿੱਚੀ ਸੀ , ਜਦ ਮੈਂ ਫਰਾਂਸ ਰਹਿੰਦਾ ਸੀ। ਪੈਰਿਸ ਤੋਂ ਕੋਈ ਸੱਠ੍ਹ ਕੁ ਕਿਲੋਮੀਟਰ ਦੂਰ ਇੱਕ ਖ਼ੂਬਸੂਰਤ ਪਿੰਡ ਸੀ , ਨਾਮ ਸੀ ਗਾਰਜੌਵੀਲ ।ਜਿੱਥੇ ਅਸੀਂ ਕੰਮ ਕਰਦੇ ਸੀ , ਓਥੇ ਵਿਰਲੀ ਜਿਹੀ ਵਸੋਂ ਸੀ, ਸਰ੍ਹੋਂ ਅਤੇ ਕਣਕ ਦੇ ਖੇਤ ਕਿਸੇ ਸਵਰਗ ਦਾ ਨਜ਼ਾਰਾ ਪੇਸ਼ ਕਰਦੇ ਸਨ । ਸਾਡੇ ਕੰਮ ਕਰਨ ਵਾਲੀ ਸਾਈਟ ਜਿਸਨੂੰ ਫਰੈੰਚ ਵਿੱਚ ਸ਼ਾਂਤੀਏ ਕਹਿੰਦੇ ਨੇ ,ਦੇ ਨਾਲ ਲੱਗਦਾ ਇੱਕ ਸੋਹਣਾ ਜਿਹਾ ਘਰ ਸੀ । ਉਸ ਘਰ ਵਿੱਚ ਕੁੱਲ ਤਿੰਨ ਵਿਅਕਤੀ ਰਹਿੰਦੇ ਸਨ ,ਇੱਕ ਪਚਵੰਜਾ ਕੁ ਸਾਲ ਦੀ ਖ਼ੂਬਸੂਰਤ ਔਰਤ ਅਤੇ ਦੋ ਆਦਮੀ ,ਕਰੀਬ ਸੱਠ੍ਹਾਂ ਬਾਹਠਾਂ ਕੁ ਦੀ ਉਮਰ ਦੇ ।ਇੱਕ ਆਦਮੀ ਖੇਤੀ ਕਰਦਾ ਸੀ, ਜਦ ਵਿਹਲਾ ਹੁੰਦਾ ਤਾਂ ਘਰ ਦੇ ਪਿਛਵਾੜੇ ਬਗ਼ੀਚੇ ਵਿੱਚ ਕੰਮ ਕਰਦਾ ਸੀ । ਦੂਜਾ ਵਿਅਕਤੀ ਕਿਸੇ ਦੁਰਘਟਨਾ ਕਾਰਨ ਕੰਮ ਕਰਨ ਤੋਂ ਅਸਮਰੱਥ ਸੀ ,ਹਮੇਸ਼ਾਂ ਵੀਲ ਚੇਅਰ ਤੇ ਹੀ ਹੁੰਦਾ ਸੀ ।ਉਸ ਘਰ ਦਾ ਬਗ਼ੀਚਾ ਐਨਾ ਕੁ ਸੰਵਾਰਿਆ ਹੁੰਦਾ ਸੀ ਕਿ ਦਿਲ ਕਰਦਾ ਸੀ ,ਬਸ ਦੇਖੀ ਜਾਈਏ ।ਮਜਾਲ ਐ ਕਦੇ ਇੱਕ ਤੀਲਾ ਵੀ ਫਾਲਤੂ ਖਿੱਲਰਿਆ ਹੋਵੇ । ਮਿਰਚਾਂ , ਟਮਾਟਰ, ਸ਼ਿਮਲਾ ਮਿਰਚਾਂ ਤੇ ਹੋਰ ਮੌਸਮੀ ਸਬਜ਼ੀਆਂ ਫੀਤੇ ਨਾਲ ਮਿਣਕੇ ਬਰਾਬਰ ਫ਼ਾਸਲੇ ਤੇ ਲਾਈਆਂ ਹੋਈਆਂ ਅਤੇ ਸੁਪੋਟਾਂ ਨਾਲ ਸਹਾਰਾ ਦੇ ਕੇ ਸੱਜਾਈਆਂ ਹੋਈਆਂ ਸਨ । ਬਗ਼ੀਚੇ ਨੂੰ ਪਾਣੀ ਦੇਣ ਦਾ ਪ੍ਰਬੰਧ ਬਰਸਾਤੀ ਪਾਣੀ ਨੂੰ ਵੱਡੀ ਟੈਂਕੀ ਵਿੱਚ ਭੰਡਾਰ ਕਰਕੇ ਅੱਗੇ ਟੂਟੀ ਲਾ ਕੇ ਬੜੇ ਈ ਸਲੀਕੇ ਨਾਲ ਕੀਤਾ ਹੋਇਆ ਸੀ । ਘਰ ਵਿੱਚ ਰਹਿਣ ਵਾਲੇ ਤਿੰਨੇ ਜੀਅ ਇੱਕ ਦੂਜੇ ਨਾਲ ਬੇਹੱਦ ਪਿਆਰ ਇਤਫਾਕ ਨਾਲ ਰਹਿੰਦੇ ਸਨ , ਆਪਣੀ ਦੁਨੀਆਂ ਵਿੱਚ ਮਸਤ ਪਰ ਇੱਕ ਦੂਜੇ ਪ੍ਰਤੀ ਸਮਰਪਿਤ ।
ਇੱਕ ਦਿਨ ਓਹਨਾ ਵਿੱਚੋਂ ਇੱਕ ਵਿਅਕਤੀ ਜੋ ਵੀਲ ਚੇਅਰ ਤੇ ਸੀ , ਓਹਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ,ਜੋ ਉਸਨੇ ਦੱਸਿਆ, ਸੁਣਕੇ ਉਸ ਪਰੀਵਾਰ ਬਾਰੇ ਜਾਣਕੇ ਮਨ ਵਿਸਮਾਦ ਨਾਲ ਭਰ ਗਿਆ।
ਉਹਨੇ ਆਪਣਾ ਨਾਮ ਜੋਜ਼ੇ , ਉਸ ਔਰਤ ਦਾ ਨਾਮ ਲੀਜ਼ਾ ਅਤੇ ਦੂਜੇ ਆਦਮੀ ਦਾ ਨਾਮ ਦਾਵਿਦ ਦੱਸਿਆ । ਉਹਨੇ ਦੱਸਿਆ ਕਿ ਉਸਦਾ ਵਿਆਹ 38 ਸਾਲ ਦੀ ਉਮਰ ਚ ਲੀਜ਼ਾ ਨਾਲ ਹੋਇਆ ਸੀ , ਬੱਚਾ ਕੋਈ ਨਹੀਂ ਸੀ । 42 ਸਾਲ ਦੀ ਉਮਰ ਵਿੱਚ ਉਸਦਾ ਰੋਡ ਐਕਸੀਡੈਂਟ ਹੋਇਆ ਫਲਸਰੂਪ ਉਹਦੀਆਂ ਨਸਾਂ ਫਿੱਸ ਗਈਆਂ , ਹੇਠਲਾ ਧੜ ਨਕਾਰਾ ਹੋ ਗਿਆ । ਉਸਦੀ ਪਤਨੀ ਨੇ ਓਹਦੀ ਬਹੁਤ ਸੰਭਾਲ਼ ਕੀਤੀ , ਜਾਨ ਤਾਂ ਬਚ ਗਈ ਪਰ ਪੀੜਾਦਾਇਕ ਅਪੰਗਤਾ ਪੱਲੇ ਪੈ ਗਈ , ਸੈਕਸੁਅਲੀ ਹਮੇਸ਼ਾਂ ਲਈ ਨਕਾਰਾ ਹੋ ਗਿਆ । ਸਰਕਾਰੀ ਭੱਤਾ , ਪੈਨਸ਼ਨ ਵੀ ਲੱਗ ਗਈ, ਚਾਹੁੰਦਾ ਤਾਂ ਸਰਕਾਰੀ ਸੰਭਾਲ਼ ਕੇਂਦਰ ਚ ਚਲਾ ਜਾਂਦਾ ਪਰ ਉਸਦੀ ਪਤਨੀ ਨੇ ਖ਼ੁਦ ਸੰਭਾਲ਼ ਕਰਨ ਦਾ ਤਹੱਈਆ ਕਰ ਲਿਆ ।ਜ਼ਿੰਦਗੀ ਜਿਵੇਂ ਕਿਵੇਂ ਰਿੜ੍ਹ ਪਈ । ਪਰ ਉਸ ਤੋਂ ਆਪਣੀ ਪਤਨੀ ਦਾ ਇਕੱਲ੍ਹਾਪਨ ਝੱਲਿਆ ਨਹੀ ਸੀ ਜਾਂਦਾ ।ਸੋ ਉਸਨੇ ਲੀਜ਼ਾ ਨੂੰ ਕਿਹਾ ਕਿ ਆਪਣਾ ਘਰ ਵਸਾ ਲਵੇ , ਪਹਾੜ ਜਿੱਡੀ ਜ਼ਿੰਦਗੀ ਇੱਕ ਅਪੰਗ ਬੰਦੇ ਨਾਲ ਕਿਵੇਂ ਗੁਜ਼ਾਰੇਂਗੀ , ਜੋ ਉਸਨੂੰ ਕੋਈ ਵੀ ਸੁਖ ਦੇਣ ਦੇ ਅਸਮਰਥ ਏ । ਪਰ ਲੀਜ਼ਾ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ । ਫਿਰ ਦੋ ਕੁ ਸਾਲ ਬਾਅਦ ਉਸਨੂੰ ਦਾਵਿਦ ਮਿਲਿਆ ਜਿਸਦੀ ਪਤਨੀ ਕੈਂਸਰ ਕਾਰਨ ਗੁਜ਼ਰ ਗਈ ਸੀ ।ਜੋਜ਼ੇ ਨੇ ਦਾਵਿਦ ਨਾਲ ਗੱਲ ਕੀਤੀ ਤੇ ਫਿਰ ਲੀਜ਼ਾ ਨੂੰ ਫ਼ਰਿਆਦ ਕੀਤੀ ਕਿ ਦਾਵਿਦ ਨਾਲ ਗ਼੍ਰਹਿਸਥੀ ਵਸਾ ਲਵੇ । ਕਈ ਦਿਨਾਂ ਦੀ ਕਸ਼ਮਕਸ਼ ਤੋਂ ਬਾਅਦ ਲੀਜ਼ਾ ਏਸ ਸ਼ਰਤ ਤੇ ਰਾਜ਼ੀ ਹੋਈ ਕਿ ਉਹ ਦਾਵਿਦ ਨਾਲ ਤਾਂ ਰਹੇਗੀ ਅਗਰ ਜੋਜ਼ੇ ਵੀ ਨਾਲ ਈ ਰਹੇ। ਦਾਵਿਦ ਵੀ ਨੇਕ ਰੂਹ ਇਨਸਾਨ ਸੀ , ਓਹ ਵੀ ਇਵੇਂ ਹੀ ਰਹਿਣ ਨੂੰ ਮੰਨ ਗਿਆ । ਤੇ ਉਸਤੋਂ ਬਾਅਦ ਓਹ ਤਿੰਨੇ ਇਕੱਠੇ ਜ਼ਿੰਦਗੀ ਬਸਰ ਕਰ ਰਹੇ ਨੇ,ਇੱਕ ਦੂਜੇ ਦੇ ਸਹਾਰੇ ਬਣਕੇ , ਹਮਸਾਏ ਬਣਕੇ । ਅਗਰ ਦਾਵਿਦ ਟਰੈਕਟਰ ਵਾਹੁੰਦਾ ਹੁੰਦਾ ਤਾਂ ਜੋਜ਼ੇ ਬੈਟਰੀ ਚਾਲਿਤ ਵੀਲ ਚੇਅਰ ਤੇ ਬਾਹਰ ਬੈਠਾ ਹੁੰਦਾ ।ਕਦੀ ਕਦੀ ਤਿੰਨੇ ਈ ਬਗ਼ੀਚੇ ਵਿੱਚ ਹੱਸਦੇ ਦਿਖਾਈ ਦੇਂਦੇ । ਓਹਨਾ ਦੀ ਆਪਸੀ ਸੂਝ-ਬੂਝ ਅਤੇ ਇੱਕ ਦੂਜੇ ਦਾ ਖਿਆਲ ਰੱਖਣ ਦੀ ਸੱਚੀ ਭਾਵਨਾ ਵੇਖਕੇ ਦਿਲ ਗਦ-ਗਦ ਹੋ ਜਾਂਦਾ ।
ਅੱਜ ਫਰਾਂਸ ਛੱਡ ਕੇ ਆਇਆਂ ਨੂੰ ਵੀ ਨੌਂ ਸਾਲ ਹੋ ਚਲੇ ਨੇ । ਪਰ ਹੁਣ ਵੀ ਜਦ ਜੋਜ਼ੇ,ਲੀਜ਼ਾ,ਦਾਵਿਦ ਦੀ ਪਿਆਰੀ ਤਿੱਕੜੀ ਦਾ ਚੇਤਾ ਆਉਂਦਾ ਏ ਤਾਂ ਦਿਲ ਚੋਂ ਅਰਦਾਸ ਈ ਨਿਕਲਦੀ ਏ ਕਿ ਐ ਖੁਦਾ , ਓਹਨਾਂ ਨੇਕ ਬਖ਼ਤ ਇਨਸਾਨਾਂ ਨੂੰ ਹੋਰ ਨਵਾਂ ਸਦਮਾ ਨਾ ਦੇਵੀਂ , ਭਰਪੂਰ ਜ਼ਿੰਦਗੀ ਜਿਉਣ ਨੂੰ ਦੇਵੀਂ ਓਹਨਾਂ ਦੇਵਤਾ ਰੂਹਾਂ ਨੂੰ ।
ਦਵਿੰਦਰ ਸਿੰਘ ਜੌਹਲ