ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਵਾਂ।
ਹਾਣੀ ਹਾਣ ਦਿਆ,
ਕੀ ਕਹਿ ਆਖ ਬੁਲਾਵਾਂ।
ਮਿੱਤਰਾ ਬੇਦਰਦਾ,
ਬਣ ਜਾਂ ਤੇਰਾ ਪਰਛਾਵਾਂ।
ਕਾਲੇ ਕਾਵਾਂ ਨੂੰ,
ਚੂਰੀਆਂ ਕੁੱਟ ਕੁੱਟ ਪਾਵਾਂ।
viah diyan boliyan
ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ, ਛੱਕਾ ਪੂਰ ਕੇ ਆਈ,
ਨੀ ਜਾ ਕੇ …….,
ਆਰੀ-ਆਰੀ-ਆਰੀ
ਬੋਲੀਆਂ ਦੇ ਪੁਲ ਬੰਨ੍ਹ ਦਿਆਂ
ਜਿੱਥੇ ਖਲਕਤ ਲੰਘ ਜੇ ਸਾਰੀ
ਬੋਲੀਆਂ ਦੇ ਹਲ ਜੋੜਾਂ
ਫੇਰ ਆਪ ਕਰਾਂ ਸਰਦਾਰੀ
ਬੋਲੀਆਂ ਦੀ ਨਹਿਰ ਭਰਾਂ
ਕਣਕ ਰਮਾ ਲਾਂ ਸਾਰੀ
ਬੋਲੀਆਂ ਦੀ ਰੇਲ ਭਰਾਂ
ਜਿੱਥੇ ਚੜ੍ਹ ਜਾਵਾਂ ਬਿਨ ਤਾੜੀ
ਲੁਧਿਆਣੇ ਜਾ ਖੜ੍ਹਦੀ
ਫੇਰ ਉਤਰੇ ਬਹੁਤ ਵਪਾਰੀ
ਐਡੋ ਜਾਣੇ ਨੇ
ਡਾਂਗ ਪੱਟਾਂ ਤੇ ਮਾਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਝਾਵਾਂ।
ਗਿੱਧੇ ਵਿੱਚ ਨੱਚ ਭਾਬੀਏ,
ਲੜੀਦਾਰ ਬੋਲੀਆਂ ਪਾਵਾਂ।
ਨੱਚਦੀ ਭਾਬੀ ਤੋਂ,
ਨੋਟਾਂ ਦਾ ਮੀਂਹ ਵਰਾਵਾਂ।
ਮੁੰਡਾ ਜੰਮ ਭਾਬੀਏ….
ਪਿੰਡ ਨੂੰ ਸ਼ਰਾਬ ਪਲਾਵਾਂ।
ਜੇ ਮੈਂ ਹੋਵਾਂ ਮੱਲਣੀ,ਮੱਲਾਂ ਵਾਲੇ ਘੋਲ ਕਰਾਂ,
ਜੇ ਮੈ ……,
ਤਾਵੇ-ਤਾਵੇ-ਤਾਵੇ
ਨਾਲ ਦਰਿਆਵਾਂ ਦੇ
ਕਾਹਨੂੰ ਬੰਨ੍ਹਦੀ ਛੱਪੜੀਏ ਦਾਅਵੇ
ਭਲਕੇ ਸੁੱਕਜੇਂਗੀ
ਤੇਰੀ ਕੱਲੀ ਦੀ ਪੇਸ਼ ਨਾ ਜਾਵੇ
ਤੂੜੀ ਵਾਲੇ ਅੱਗ ਲੱਗ ਗਈ
ਬੁੜ੍ਹਾ ਬੁੜ੍ਹੀ ਨੂੰ ਘੜੀਸੀ ਜਾਵੇ
ਮਿੱਡੀਆਂ ਨਾਸਾਂ ਤੇ
ਲੌਂਗ ਚਾਂਭੜਾਂ ਪਾਵੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਵੇ।
ਬੱਦਲੀਆਂ ਗਰਜਦੀਆਂ,
ਪੈਲ ਮੋਰ ਨੂੰ ਆਵੇ।
ਮੋਰਨੀ ਨੂੰ ਚਾਅ ਚੜ੍ਹਿਆ,
ਹੰਝੂ ਚੁੱਕਣ ਨੂੰ ਆਵੇ।
ਭਾਬੀ ਦਿਓਰ ਬਿਨਾਂ……..,
ਫੁੱਲ ਵਾਂਗੂੰ ਕੁਮਲਾਵੇ।
ਅਸਾਂ ਕੁੜੀਏ ਨਾ ਤੇਰੀ ਤੋਰ ਨੀ ਦੇਖਣੀ,
ਅੱਗ ਲਾਉਣਾ ਗੜਵਾ ਚਾਂਦੀ ਦਾ ਨੀ,
ਲੱਕ ਟੁੱਟ ਜੂ ਹੁਲਾਰੇ ਖਾਂਦੀ ਦਾ ਨੀ,
ਲੱਕ ……..,
ਤਾਵੇ-ਤਾਵੇ-ਤਾਵੇ
ਛੜਿਆਂ ਦੀ ਮਾਂ ਮਰਗੀ
ਕੋਈ ਡਰਦੀ ਰੋਣ ਨਾ ਜਾਵੇ
ਛੜਿਆਂ ਦੇ ਦੋ ਚੱਕੀਆਂ
ਸੁੱਖ ਸੁੱਖਦੇ ਪੀਹਣ ਕੋਈ ਆਵੇ
ਛੜਿਓ ਸੁੱਖ ਸੁੱਖ ਲਓ
ਡਾਰ ਰੰਨਾਂ ਦੀ ਆਵੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਿੱਠਾ।
ਓਹ ਮਤਲਬ ਕੱਢ ਲੈਂਦਾ,
ਜੋ ਵੀ ਜੀਭ ਦਾ ਮਿੱਠਾ।
ਆਉਂਦਾ ਜੋਬਨ ਹਰ ਕੋਈ ਦੇਖੇ,
ਜਾਂਦਾ ਕਿਸ ਨੇ ਡਿੱਠਾ।
ਪੀਂਘਾਂ ਝੂਟ ਲੀਆਂ………,
ਦਿਓਰ ਜੀਭ ਦਾ ਮਿੱਠਾ।
ਜੇ ਮੁੰਡਿਆਂ ਤੂੰ ਮੈਨੂੰ ਨੱਚਦੀ ਦੇਖਣਾ,
ਗੜਵਾ ਲੈ ਦੇ ਚਾਂਦੀ ਦਾ ਵੇ,
ਲੱਕ ਹਿੱਲੇ ਮਜਾਜਣ ਜਾਂਦੀ ਦਾ,
ਲੱਕ …….,
ਆਰੀ-ਆਰੀ-ਆਰੀ
ਛੜਿਆਂ ਨਾਲ ਵੈਰ ਕੱਢਿਆ
ਰੱਬਾ ਛੜਿਆਂ ਦੀ ਕਿਸਮਤ ਮਾੜੀ
ਛੜਿਆਂ ਦੀ ਮੁੰਜ ਦੀ ਮੰਜੀ
ਰੰਨਾਂ ਵਾਲਿਆਂ ਦੀ ਪਲੰਘ ਨਵਾਰੀ
ਭਾਬੀ ਨਾਲ ਲੈ ਗਈ ਕੁੰਜੀਆਂ
ਤੇਰੀ ਖੁੱਸ ਗਈ ਛੜਿਆ ਮੁਖਤਿਆਰੀ।