ਨੌਕਰ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਪੁੱਤ ਬਥੇਰੇ
ਨੌਕਰ ਨੇ ਤਾਂ ਚੱਕਿਆ ਬਿਸਤਰਾ
ਹੋ ਗਿਆ ਗੱਡੀ ਦੇ ਨੇੜੇ
ਮੈਂ ਤੈਨੂੰ ਵਰਜ ਰਹੀ ।
ਦੇਈਂ ਨਾ ਬਾਬਲਾ ਫੇਰੇ।
viah diyan boliyan
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਡੰਡੀ।
ਸਹੁਰਾ ਮੇਰਾ ਮਾਰਦਾ,
ਸੱਸ ਪਾਉਂਦੀ ਭੰਡੀ।
ਸਦਾ ਨਾ ਬਾਗ਼ੀ ਹੋਣ ਬਹਾਰਾਂ,
ਸਦਾ ਨਾ ਕੋਇਲ ਬੋਲੇ,
ਤੇਰੀ ਮੇਰੀ ਲੱਗ ਗੀ ਦੋਸਤੀ
ਲੱਗ ਗੀ ਕੰਧੋਲੀ ਓਹਲੇ।
ਮੇਰੇ ਹੱਥ ਵਿੱਚ ਗੁੱਲੀ ਡੰਡਾ,
ਤੇਰੇ ਹੱਥ ਪਟੋਲੇ।
ਟੁੱਟਗੀ ਯਾਰੀ ਤੋਂ
ਗਾਲ੍ਹ ਬਿਨਾਂ ਨਾ ਬੋਲੇ।
ਹੋਰ ਜਨੇਤੀ ਪੇੜੇ ਖਾਂਦੇ
ਕੁੜਮ ਤਾਂ ਮੰਗੇ ਬਤਾਊਂ
ਬੇ ਕੁੜਮਾ ਜਾਰਨੀ ਦਿਆ
ਤੂੰ ਤਾਂ ਨਿਰਾ ਘਾਊਂ ਮਾਊਂ
ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਸੱਚ ਦੱਸ ਗੋਰੀਏ,
ਕਾਹਤੋਂ ਜੇਠ ਨੇ ਕੁੱਟੀ,
ਸੱਚ ਦੱਸ
ਨੌਕਰ ਨੂੰ ਤਾਂ ਨਾਰ ਪਿਆਰੀ
ਜਿਉਂ ਵਾਹਣਾਂ ਨੂੰ ਪਾਣੀ
ਲੱਗੀ ਦੋਸਤੀ ਚੱਕੀਆਂ ਸ਼ਰਮਾਂ
ਰੋਟੀ ਕੱਠਿਆਂ ਖਾਣੀ
ਭਿੱਜ ਗਈ ਬਾਹਰ ਖੜ੍ਹੀ
ਤੈਂ ਛੱਤਰੀ ਨਾ ਤਾਣੀ
ਦੁਆਰ ਤੇਰੇ ਤੇ ਬੈਠਾ ਜੋਗੀ,
ਧੂਣੀ ਆਪ ਤਪਾਈਂ।
ਹੱਥ ਜੋਗੀ ਨੇ ਫੜਿਆ ਕਾਸਾ,
ਖੈਰ ਏਹਦੇ ਵਿੱਚ ਪਾਈਂ।
ਐਧਰ ਜਾਂਦੀ, ਓਧਰ ਜਾਂਦੀ,
ਕੋਲੋਂ ਲੰਘਦੀ ਜਾਈਂ।
ਵਿਚ ਦਰਵਾਜ਼ੇ ਦੇ…..
ਝਾਂਜਰ ਨਾ ਛਣਕਾਈਂ।
ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਰਿਹਾ ਕੋਲ ਤੂੰ ਖੜਾ,
ਵੇ ਮੈ ਜੇਠ ਨੇ ਕੁੱਟੀ,
ਰਿਹਾ ਕੋਲ
ਚੱਕ ਲਿਆ ਟੋਕਰਾ ਚੱਲ ਪਈ ਖੇਤ ਨੂੰ
ਮੈਂ ਵੀ ਮਗਰੇ ਆਇਆ
ਵੱਟਾਂ ਡੌਲੇ ਸਾਰੇ ਫਿਰ ਗਿਆ
ਤੇਰਾ ਮਨ੍ਹਾਂ ਨਾ ਥਿਆਇਆ
ਪਾਣੀ ਪਿਆ ਪਤਲੋ
ਮਰ ਗਿਆ ਯਾਰ ਤਿਹਾਇਆ।
ਛੰਦ ਪਰਾਗੇ ਆਈਏ ਜਾਈਏ
ਛੰਦੇ ਪਰਾਗੇ ਤੀਰਾ
ਸਾਲੀ ਮੇਰੀ ਦਲੀ ਗੁਲਾਬੀ,
ਸਾਂਢੂ ਅੱਖੋਂ ਟੀਰਾ
ਕੁੜਮ ਦੈਂਗੜਾ ਕੂੜਮਣੀ ਸਾਂਢਣੀ
ਸਾਡੀ ਬੀਬੀ ਦੇ ਬਸਣੇ ਦਾ ਕੀ ਹੱਜ ਵੇ
ਕੁੜਮਣੀ ਤਾਂ ਅਜੇ ਢੱਠੀ ਬਛੇਰੀ
ਉਹਨੂੰ ਜੰਮ ਜੰਮ ਆਵੇ ਨਾ ਰੱਜ ਕੇ
ਅਜੇ ਤਾਂ ਉਹਦੀ ਉਮਰ ਨਿਆਣੀ
ਉਹਨੇ ਜੰਮਣਾ ਸ਼ਰੀਕ ਲਾਉਣੀ ਬੱਜ ਵੇ
ਨਹੀਂ ਤਾਂ ਜੀਜਾ ਮਾਂ ਦਾ ਪਰੇਸ਼ਨ ਕਰਾਦੇ
ਨਹੀਂ ਬਾਪੂ ਨੂੰ ਕਹਿ ਅੱਗਾ ਕੱਜ ਕੇ
ਹੀਰਿਆ ਹਰਨਾ, ਬਾਗੀਂ ਚਰਨਾ,
ਬਾਗੀਂ ਪੰਤਰ ਸਾਵੇ।
ਗ਼ਮ ਨੇ ਖਾ ਲੀ, ਗ਼ਮ ਨੇ ਪੀਲੀ,
ਗ਼ਮ ਹੱਡੀਆਂ ਨੂੰ ਖਾਵੇ।
ਮੱਛੀ ਤੜਫੇ ਪਾਣੀ ਬਾਝੋਂ,
ਆਸ਼ਕ ਨੀਂਦ ਨਾ ਆਵੇ।
ਅਲਸੀ ਦੇ ਫੁੱਲ ਵਰਗੀ
ਤੁਰ ਗੀ ਅੱਜ ਮੁਕਲਾਵੇ।