ਈ ਤਿੰਨ ਦਹਾਕੇ ਪਹਿਲਾਂ ਦੀ ਹੀ ਤਾਂ ਗੱਲ ਏ..ਜਦੋਂ ਵੱਜਦੇ ਸਪੀਕਰਾਂ ਦੀ ਪੂਰੀ ਚੜਤ ਹੁੰਦੀ ਸੀ…
ਵਿਆਹ ਤੋਂ ਕੋਈ ਪੰਦਰਾਂ ਵੀਹ ਦਿਨ ਪਹਿਲਾਂ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸਨ…
ਪਲੇਠੀ ਦੇ ਪ੍ਰਾਹੁਣੇ ਨੂੰ ਬਰੂਹਾਂ ਤੇ ਤੇਲ ਚੋ ਕੇ ਅੰਦਰ ਲੰਘਾਇਆ ਜਾਂਦਾ ਸੀ
ਪਹਿਲਾਂ ਆਏ ਨੂੰ ਸੌਣ ਵਾਸਤੇ ਮੰਜਾ ਬਿਸਤਰਾ ਵੀ ਵਧੀਆਂ ਜਿਹੇ ਟਿਕਾਣੇ ਤੇ ਮਿਲ ਜਾਇਆ ਕਰਦਾ ਸੀ..
ਦੂਰੋਂ ਆਏ ਦੀ ਵਾਪਸੀ ਵੀ ਵਿਆਹ ਤੋਂ ਪੰਦਰਾਂ ਵੀਹਾਂ ਦਿਨਾਂ ਮਗਰੋਂ ਹੀ ਹੋਇਆ ਕਰਦੀ ਸੀ….
ਸਪੀਕਰ ਵਾਲੇ ਦੀ ਮੰਜੀ ਕੋਲ ਹਰ ਵੇਲੇ ਨਿਆਣਿਆਂ ਸਿਆਣਿਆਂ ਦੀਆਂ ਬੇਅੰਤ ਰੌਣਕਾਂ ਲੱਗੀਆਂ ਹੀ ਰਹਿੰਦੀਆਂ ਸਨ..ਖੁਸ਼ੀ ਦੀ ਵੇਲ ਕਰਾਉਣ ਵਾਲੇ ਨੂੰ ਸਪੀਕਰ ਵਿਚ ਬੋਲਿਆ ਗਿਆ ਆਪਣਾ ਨਾਮ ਲੱਖਾਂ ਦੀ ਲਾਟਰੀ ਜਿੱਤਣ ਤੋਂ ਵੀ ਵੱਧ ਦਾ ਸਰੂਰ ਦਿੰਦਾ ਸੀ
ਸਪੀਕਰ ਵਾਲੇ ਨੂੰ ਪੱਕੀ ਹਿਦਾਇਤ ਹੁੰਦੀ ਸੀ ਕੇ ਮਾੜਾ ਰਿਕਾਡ ਨੀ ਲੱਗਣਾ ਚਾਹੀਦਾ..ਧੀਆਂ ਭੈਣਾਂ ਵਾਲਾ ਪਿੰਡ ਹੈ
ਜਦੋਂ ਫੁੱਫੜ ਤੇ ਜੀਜੇ ਵੱਲੋਂ ਕਰਾਈ ਰੁਪਈਏ ਦੋ ਰੁਪਈਏ ਦੀ ਵੇਲ ਸਪੀਕਰ ਤੇ ਲੱਖਾਂ ਕਰੋੜਾਂ ਵਿਚ ਦਰਸਾਈ ਜਾਂਦੀ ਤਾਂ ਓਹਨਾ ਦੇ ਹੱਥ ਬਦੋ-ਬਦੀ ਮੁੱਛਾਂ ਨੂੰ ਵੱਟ ਚਾੜਨ ਲੱਗ ਜਾਂਦੇ..
ਸੁਵੇਰੇ ਗੁਰੂ ਘਰਾਂ ਵਿਚ ਹੁੰਦੇ ਨਿੱਤ ਨੇਮ ਦੇ ਪਾਠਾਂ ਮਗਰੋਂ ਵਿਆਹ ਵਾਲੇ ਘਰ ਸਪੀਕਰ ਤੇ ਗਾਉਣ ਵਜਾਉਣ ਵਾਲਾ ਨਿਰੰਤਰ ਜਿਹਾ ਸਿਲਸਿਲਾ ਸ਼ੁਰੂ ਹੋ ਜਾਂਦਾ…..ਪਹਿਲੇ ਡੇਢ ਦੋ ਘੰਟੇ ਸਿਰਫ ਧਾਰਮਿਕ ਰਿਕਾਰਡ ਹੀ ਲਗਿਆ ਕਰਦੇ ਸਨ…
ਫੇਰ ਗਿਆਰਾਂ ਕੂ ਵਜੇ ਮੁੰਡਿਆਂ ਖੁੰਡਿਆਂ ਵਾਲੇ ਸਹਿੰਦੇ ਸਹਿੰਦੇ ਪਿਆਰ ਮੁਹੱਬਤ ਵਾਲੇ ਜਗਮੋਹਨ ਕੌਰ ਨਰਿੰਦਰ ਬੀਬਾ ਮਾਣਕ ਮਸਤਾਨੇ ਤੇ ਜਮਲੇ ਜੱਟ ਲਾ ਦਿੱਤੇ ਜਾਂਦੇ ਸਨ….
ਸਾਲ ਪਹਿਲਾਂ ਹੋਈ ਮੌਤ ਵਾਲੇ ਘਰਾਂ ਵਾਲਿਆਂ ਦੇ ਜਜਬਾਤਾਂ ਦਾ ਖਾਸ ਖਿਆਲ ਰੱਖਣ ਲਈ ਸਪੀਕਰ ਦੀ ਵਾਜ ਕਾਫੀ ਘਟ ਰੱਖੀ ਜਾਂਦੀ ਸੀ ਤੇ ਸਪੀਕਰ ਦਾ ਮੂੰਹ ਵੀ ਓਹਨਾ ਦੇ ਘਰਾਂ ਤੋਂ ਦੂਜੇ ਪਾਸੇ ਰਖਿਆ ਜਾਂਦਾ ਸੀ !
ਸਪੀਕਰ ਵਾਲੇ ਕੋਲ ਚਾਹ ਪਾਣੀ ਬੂੰਦੀ ਸ਼ੱਕਰ-ਪਾਰੇ ਲੱਡੂਆਂ ਤੇ ਰੋਟੀ ਟੁੱਕ ਦੀ ਸਪਲਾਈ ਨਿਰੰਤਰ ਜਾਰੀ ਰਹਿੰਦੀ
ਸਪੀਕਰ ਲੱਗੇ ਪਿੰਡ ਕੋਲੋਂ ਦੀ ਸਾਈਕਲ ਤੇ ਲੰਘਦੇ ਅਣਜਾਣ ਰਾਹੀਆਂ ਦੇ ਚੇਹਰੇ ਵੀ ਖੁਸ਼ੀ ਨਾਲ ਖਿੜ ਕੇ ਗੁਲਾਬ ਹੋ ਜਾਂਦੇ ਸੀ !
ਓਹਨਾ ਵੇਲਿਆਂ ਦੇ ਸਰਲ ਸਪਸ਼ਟ ਤੇ ਸਾਫ ਦਿਲ ਲੋਕ ਇੱਕ ਦੂਜੇ ਦੀ ਖੁਸ਼ੀ ਵਿਚ ਸ਼ਾਮਿਲ ਹੋਣ ਲੱਗੇ ਅੱਜ ਕੱਲ ਵਾੰਗ ਬਹੁਤੀਆਂ ਗਿਣਤੀਆਂ ਮਿਣਤੀਆਂ ਨਹੀਂ ਸਨ ਕਰਿਆ ਕਰਦੇ !
ਮਹੀਨਾ ਕੂ ਰਹਿ ਗਏ ਪ੍ਰਾਹੁਣੇ ਨਾਲ ਏਨਾ ਮੋਹ ਪੈ ਜਾਂਦਾ ਕੇ ਉਸ ਦੇ ਤੁਰ ਜਾਣ ਮਗਰੋਂ ਡੰਗਰ ਤੇ ਪਾਲਤੂ ਕੁੱਤਿਆਂ ਤੱਕ ਵੀ ਮਸੋਸੇ ਜਾਂਦੇ…ਓਹਨੀ ਦਿਨੀਂ ਵਿਆਹ ਵਾਲੇ ਘਰੋਂ ਵਿਦਾਈ ਲੈਣੀ ਵੀ ਕਿਹੜੀ ਸੌਖੀ ਹੁੰਦੀ ਸੀ..
ਨਾ ਪ੍ਰਾਹੁਣੇ ਦਾ ਦਿਲ ਕਰਦਾ ਸੀ ਜਾਣ ਨੂੰ ਤੇ ਨਾ ਹੀ ਘਰ ਵਾਲਿਆਂ ਦਾ ਤੋਰਨ ਨੂੰ..ਬੱਸ ਹੰਜੂਆਂ ਦੀ ਬਰਸਾਤ ਵਿਚ ਪੂਰੀ ਤਰਾਂ ਭਿੱਜ ਕੇ ਹੀ ਦਿਲੀਂ ਵਿਛੋੜੇ ਪੈਂਦੇ ਸੀ!
ਫੇਰ ਕੋਠੇ ਤੇ ਚੜ ਤੁਰੇ ਜਾਂਦੇ ਪ੍ਰਾਹੁਣੇ ਨੂੰ ਉੱਨੀ ਦੇਰ ਤਕ ਦੇਖਦੇ ਰਹਿਣਾ ਜਿੰਨੀ ਦੇਰ ਤੱਕ ਕਰਮਾ ਵਾਲਾ ਅੱਖੋਂ ਓਹਲੇ ਹੀ ਨਾ ਹੋ ਜਾਂਦਾ..!
ਪ੍ਰਾਹੁਣੇ ਨੂੰ ਰੋਕਣ ਲਈ ਉਸਦਾ ਟੈਚੀ ਟਰੰਕ ਲਕਾਉਣ ਵਾਲਾ ਹਥਿਆਰ ਵੀ ਸਭ ਤੋਂ ਅਖੀਰ ਵਿਚ ਵਰਤਿਆ ਜਾਂਦਾ ਸੀ
ਸਾਲਾਂ ਬੱਧੀ ਤੁਰੀਆਂ ਆਉਂਦੀਆਂ ਗੁੱਸੇ ਨਰਾਜਗੀਆਂ ਸਪੀਕਰ ਤੇ ਕਰਾਈ ਸਵਾ ਰੁਪਈਏ ਦੀ ਇੱਕ ਵੇਲ ਨਾਲ ਮਿੰਟਾ ਸਕਿੰਟਾਂ ਵਿਚ ਢਹਿ ਢੇਰੀ ਹੋ ਜਾਂਦੀਆਂ ਤੇ ਖੜੇ ਖਲੋਤੇ ਜੱਫੀਆਂ ਪੈ ਜਾਂਦੀਆਂ…
ਪਰ ਸਮੇ ਦੇ ਵਹਿਣ ਵਿਚ ਪਤਾ ਹੀ ਨੀ ਲੱਗਾ ਕਦੋਂ ਟੇਪਾਂ,ਸੀਡੀਆਂ ਤੇ ਡੀ.ਜੇ ਵਾਲੇ ਆਏ ਅਤੇ ਓਹਨਾ ਕਦੋਂ ਚੁੱਪ ਚੁਪੀਤੇ ਸਪੀਕਰ ਵਾਲਿਆਂ ਦੇ ਘਰੀਂ ਸੰਨ ਲਾ ਦਿੱਤੀ ਤੇ ਹੱਸਦੇ ਵੱਸਦੇ ਵੇਹੜੇ ਸੁੰਨੇ ਜਿਹੇ ਪੈ ਗਏ!
ਮਹੀਨਾ ਮਹੀਨਾ ਚੱਲਦੇ ਵਿਆਹ ਦੋ ਤਿੰਨ ਘੰਟਿਆਂ ਵਾਲੇ ਅੱਧਨੰਗੇ ਸਟੇਜੀ ਸਭਿਆਚਾਰ ਦੀ ਭੇਟਾ ਚੜ ਗਏ ਤੇ ਮਾਨ ਦਾ ਇਹ ਗੀਤ ਬਸ ਦੁਆਹੀਆਂ ਅਤੇ ਵਾਸਤੇ ਹੀ ਪਾਉਂਦਾ ਰਹਿ ਗਿਆ…!
“ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨੀ ..
ਜਿਹੜੇ ਵਾਜੇ ਵੱਜ ਗੇ ਉਹ ਮੁੜ ਵੱਜਣੇ ਨੀ ”