ਅੱਜ ਦੀ ਸੱਚੀ ਘਟਨਾ ।।।।
ਦੋਸਤੋ ਅੱਜ ਕੁਝ ਅਜਿਹਾ ਹੋਇਆ ਕਿ ਸਵੇਰੇ ਦਾ ਮਨ ਵਿਆਕੁਲ ਹੋਇਆ ਪਿਆ ਹੈ ।
ਸਵੇਰੇ ਸਵੇਰੇ ਅੱਜ ਜਦ ਸਕੂਲ ਪਹੁੰਚਿਆ ਤਾਂ ਪੰਛੀਆਂ ਵਾਂਗ ਹਰ ਰੋਜ ਤਹਿ ਚਹਾਉਂਦੇ ਬੱਚਿਆਂ ਦੇ ਮੂੰਹ ਤੇ ਚੁੱਪ ਪਸਰੀ ਹੋਈ ਸੀ ।ਚਿਹਰੇ ਉਦਾਸ ਨਜਰ ਆ ਰਹੇ ਸਨ । ਜਦ ਮੈਂ ਬੱਚਿਆਂ ਨੂੰ ਇਸਦਾ ਕਾਰਨ ਪੁੱਛਿਆ ਕਿ ਕੀ ਗੱਲ ਬਈ ਕਿਵੇਂ ਚੁੱਪ ਜਿਹੇ ਹੋ ਸਾਰੇ ?ਤਾਂ ਮੇਰੀ ਵਿਦਿਆਰਥਣ ਅਸਨਦੀਪ ਨੇ ਭਰੇ ਮਨ ਨਾਲ ਪੁੱਛਿਆ ਕਿ ਸਰ ਤੁਹਾਨੂੰ ਵੀ ਕਈ ਕਈ ਮਹੀਨੇ ਤਨਖਾਹ ਨਹੀਂ ਮਿਲਦੀ?
ਮੈਂ ਉਸਨੂੰ ਟਾਲਣਾ ਚਾਹਿਆ ਪਰ ਲਵਪ੍ਰੀਤ ਬੋਲੀ ਕਿ ਸਰ ਸਰਕਾਰ ਤੁਹਾਨੂੰ ਤਨਖਾਹ ਕਿਉਂ ਨਹੀਂ ਦਿੰਦੀ ?
ਮੈਂ ਉਹਨਾਂ ਦੀਆਂ ਗੱਲਾਂ ਦਾ ਜੁਆਬ ਨਾਂ ਦੇ ਕੇ ਹਾਜਰੀ ਲਗਾਉਣ ਲੰਘ ਗਿਆ ।
ਜਦ ਮੈਂ ਕਲਾਸ ਵਿਚ ਗਿਆ ਤਾਂ ਕੁਝ ਹੋਰ ਬੱਚਿਆਂ ਨੇ ਮੈਨੂੰ ਪੁੱਛਿਆ ਕਿ ਜੀ ਆਪਣੇ ਸਕੂਲ ਵਿੱਚ ਜੋ ਟੀਚਰ ਨੇ ਉਹ ਪੱਕੇ ਆ ਜਾਂ ਕੱਚੇ?
ਤੁਸੀਂ ਕੱਚੇ ਹੋ ਸਰ ? ਮੈਂ ਭਰੇ ਮਨ ਨਾਲ ਕਿਹਾ ਹਾਂ ।
ਹਿੰਦੀ ਵਾਲੇ ਮੈਡਮ ? ਮੈਂ ਕਿਹਾ ਹਾਂ। ਗਣਿਤ ਵਾਲੇ ਸਰ? ਮੈਂ ਕਿਹਾ ਹਾਂ । ਬੱਚਿਆਂ ਨੇ ਹੈਰਾਨੀ ਨਾਲ ਪੁੱਛਿਆ ਸਾਰੇ ਹੀ ਕੱਚੇ ਸਰ ??ਮੈਂ ਉਨ੍ਹਾਂ ਦਾ ਫਿਰ ਧਿਆਨ ਬਦਲਣ ਦੀ ਕੋਸ਼ਿਸ਼ ਕੀਤੀ । ਪਰ ਕਿੱਥੇ ।
ਉਹਨਾਂ ਕਿਹਾ ਕਿ ਸਰ ਮੇਰੇ ਪਾਪਾ ਕਹਿ ਰਹੇ ਸਨ ਕਿ 6 ਮਹੀਨੇ ਤਨਖਾਹ ਨਾਂ ਮਿਲਣ ਕਾਰਨ ਤੇ ਕੱਚੇ ਹੋਣ ਕਾਰਨ ਕੱਲ੍ਹ ਇਕ ਅਧਿਆਪਕ ਨੇ ਨਹਿਰ ਵਿਚ ਛਾਲ ਮਾਰਕੇ ਆਪਣੀ ਜਾਨ ਦੇ ਦਿੱਤੀ । ਸਰ ਅਸੀਂ ਤੁਹਾਡੇ ਸਭ ਦੀ ਮਦਦ ਕਰ ਸਕਦੇ ਹਾਂ । ਮੇਰੀਆਂ ਅੱਖਾਂ ਭਰ ਆਈਆਂ ।ਮੈਂ ਕਿਹਾ ਕਿਵੇਂ ??
ਤਾਂ ਅਮਨਦੀਪ ਬੋਲਿਆ ਸਰ ਅਸੀਂ ਨਵੇਂ ਬੂਟ ਨਹੀਂ ਲਵਾਂਗੇ ਅਸੀਂ ਨਵੇਂ ਕੱਪੜੇ ਨਹੀਂ ਲਵਾਂਗੇ ਸਾਰੀ ਫਜ਼ੂਲ ਖਰਚੀ ਬੰਦ ਕਰਦਿਆਂਗੇ ਸਾਡੇ ਮਾਂ ਪਿਓ ਤੁਹਾਡੀ ਮਦਦ ਕਰਨਗੇ ।ਮੈਂ ਬੱਚਿਆਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਕਿ ਕੋਈ ਗੱਲ ਨਹੀਂ ਬੱਚਿਓ ।ਤੁਸੀਂ ਫਿਕਰ ਨਾਂ ਕਰੋ ।
ਪੜ੍ਹਾਈ ਕਰਿਆ ਕਰੋ ਦੱਬ ਕੇ ।ਉਹ ਕਹਿਣ ਲੱਗੇ ਕਿ ਸਰ ਸਾਡੀ ਇਕ ਗੱਲ ਤੁਹਾਨੂੰ ਜਰੂਰ ਮੰਨਣੀ ਪਉ ਮੈਂ ਪੁੱਛਿਆ ਕਿਹੜੀ ???
ਸਰ ਤੁਸੀਂ ਨਹਿਰ ਵਾਲੇ ਰਸਤੇ ਨਾਂ ਆਇਆ ਜਾਇਆ ਕਰੋ ।
ਸਾਰੀ ਜਮਾਤ ਵਿਚ ਉਦਾਸੀ ਪਸਰ ਗਈ ।
ਸਾਰੀ ਛੁੱਟੀ ਸਮੇਂ ਸਭ ਬੱਚੇ ਮੈਨੂੰ ਵੇਖ ਰਹੇ ਸਨ
ਤੇ ਮੈਂ ਆਪਣਾ ਮੋਟਰ ਸਾਇਕਲ ਨਹਿਰ ਦੀ ਪਟੜੀ ਨਾਂ ਪਾਕੇ ਸੜਕੋ ਸੜਕੀਂ ਪਾ ਲਿਆ ਸੀ ।
ਬੱਚਿਆਂ ਦੇ ਚਿਹਰੇ ਖਿੜੇ ਹੋਏ ਸਨ ।