ਮੈਂ ਜਮਾਤ ਵਿੱਚ ਪੜ੍ਹਾਉਂਦੇ ਪੜ੍ਹਾਉਂਦੇ ਇੱਕ ਕਹਾਣੀ ਸ਼ੁਰੂ ਕਰ ਲਈ।ਬੱਚੇ ਬੜੇ ਧਿਆਨ ਨਾਲ਼ ਕਹਾਣੀ ਸੁਣ ਰਹੇ ਸਨ।ਅਚਾਨਕ ਵਿਭਾਗ ਦੇ ਇੱਕ ਉੱਚ-ਅਧਿਕਾਰੀ ਜਮਾਤ ਵਿੱਚ ਆ ਗਏ।”ਮੈਡਮ ! ਕੀ ਪੜ੍ਹਾ ਰਹੇ ਹੋ ਤੁਸੀਂ ?” ਉਸਨੇ ਪੁੱਛਿਆ। “ਕਹਾਣੀ ਸੁਣਾ ਰਹੀ ਸੀ ਇਹਨਾਂ ਨੂੰ” ਮੈਂ ਕਿਹਾ। “ਅੱਛਾ ਤਾਂ ਤੁਸੀਂ ਪੰਜਾਬੀ ਦੇ ਅਧਿਆਪਕ ਹੋ ?” ਉਸਨੇ ਕਿਹਾ।”ਨਹੀਂ ਸਰ,ਇਹ ਤਾਂ ਸਾਇੰਸ ਦਾ ਪੀਰੀਅਡ ਹੈ।” ਮੈਂ ਜਵਾਬ ਦਿੱਤਾ। “ਮੈਡਮ ! ਇਹ ਤਾਂ ਬਹੁਤ ਗਲਤ ਕਰ ਰਹੇ ਹੋ ਤੁਸੀਂ।ਸਾਇੰਸ ਪੜ੍ਹਾਉਣ ਦੀ ਥਾਂ ਕਹਾਣੀਆਂ ਸੁਣਾ ਰਹੇ ਹੋ।” ਉਹ ਥੋੜ੍ਹਾ ਗੁੱਸੇ ਨਾਲ਼ ਬੋਲੇ। “ਸਰ ਤੁਸੀਂ ਪਹਿਲਾਂ ਮੇਰੀ ਜਮਾਤ ਦੇ ਬੱਚਿਆਂ ਨੂੰ ਮਿਲ਼ੋ।ਫ਼ੇਰ ਠੀਕ ਗਲਤ ਦਾ ਫ਼ੈਸਲਾ ਕਰਨਾ।”ਮੈਂ ਕਿਹਾ।”ਆਓ ਸਰ,ਮਿਲੋ ਮੇਰੀ ਕਲਾਸ ਨੂੰ।ਇਹ ਪਿਆਰਾ ਜਿਹਾ ਬੱਚਾ ਨੂਰ ਹੈ।ਇਸਦੀ ਮਾਂ ਇੱਕ ਸਾਲ ਪਹਿਲਾਂ ਗੁਜ਼ਰ ਗਈ ਸੀ।ਆਹ ਚਲਾਕ ਜਿਹਾ ਦਿਸਣ ਵਾਲਾ਼ ‘ਕਰਨ’ ਹੈ।ਇਸਦੇ ਮਾਂ ਬਾਪ ਦੋਵੇਂ ਹੀ ਇਸਨੂੰ ਛੱਡ ਗਏ। ਬੁੱਢੇ ਨਾਨੇ ਕੋਲ਼ ਰਹਿੰਦਾ ਹੁਣ।ਪਤਾ ਨਹੀਂ ਮਾਮੀ ਰੋਟੀ ਨਾਲ਼ ਕਿੰਨੀਆਂ ਕੁ ਗਾਲ਼ਾਂ ਪਰੋਸਦੀ ਹੋਣੀ।ਆਹ ‘ਖ਼ੁਸ਼ੀ’ ਬੈਠੀ ਏ।ਇਹਦਾ ਪਿਓ ਨਸ਼ਿਆਂ ਦੀ ਭੇਟ ਚੜ੍ਹ ਗਿਆ।ਤੇ ਆਹ ‘ਦੀਪੂ’ ਨਿਆਣੀ ਉਮਰੇ ਸ਼ੂਗਰ ਦਾ ਰੋਗੀ ਏ।ਆਹ ਜਿਹੜਾ ‘ਹਰੀ’ ਮਰੀਅਲ ਜਿਹਾ,ਇਹਦੀ ਬਚਪਨ ਤੋਂ ਸੱਜੀ ਬਾਂਹ ਕੰਮ ਨਹੀਂ ਕਰਦੀ।ਇਹ ਸਾਰੇ ਤੰਗੀਆਂ ਤੁਰਸ਼ੀਆਂ ਦੇ ਮਾਰੇ ਨੇ।ਮੈਂ ਤਾਂ ਬਸ ਕਦੇ ਕਦੇ ਇਹਨਾਂ ਦੇ ਚਿਹਰਿਆਂ ਤੇ ਹਾਸਾ ਦੇਖ ਕੇ ਖੁਸ਼ ਹੋ ਲੈਂਦੀ ਹਾਂ।ਕਹਾਣੀਆਂ ਰਾਹੀਂ ਇਹਨਾਂ ਦੇ ਦਿਲਾਂ ਵਿੱਚ ‘ਸੁਪਨੇ’ ਜਗਾਉਣ ਦੀ ਕੋਸ਼ਿਸ਼ ਕਰਦੀ ਹਾਂ। ਕੀ ਪਤਾ ਇਹਨਾਂ ਦਾ ‘ਕੱਲ੍ਹ’ ਹੀ ਸੁਧਰ ਜਾਵੇ।” ਮੈਂ ਕਿਹਾ। ” ਤੁਸੀਂ ਠੀਕ ਕਹਿੰਦੇ ਹੋ ਮੈਡਮ ! ਸੱਚਮੁੱਚ ਇਹਨਾਂ ਲਈ ਜ਼ਿੰਦਗੀ ਹੁਣੇ ਤੋਂ ‘ਯੁੱਧ’ ਵਾਂਗ ਹੈ।ਤੁਸੀਂ ਇਹਨਾਂ ਨੂੰ ਲੜਨਾ ਸਿਖਾਉਂਦੇ ਰਹੋ।” ਏਨਾ ਕਹਿ ਕੇ ਉਹ ਚਲੇ ਗਏ।
ਰਮਨਦੀਪ ਕੌਰ ਵਿਰਕ