ਸਲਵੈੱਸਰ ਸਟਲੋਅਨ ਹੌਲੀਵੁੱਡ ਦਾ ਮੰਨਿਆ, ਦੰਨਿਆ ਤੇ ਮਸ਼ਹੂਰ ਅਮੀਰ ਅਮਰੀਕਨ ਅਭਿਨੇਤਾ ਹੈ। ਰੌਕੀ ਵਰਗੀ ਫਿਲਮ ਨਾਲ ਅਦਾਕਰੀ ਦੀ ਦੁਨੀਆ ਵਿੱਚ ਉਸਨੇ ਮੀਲਪੱਥਰ ਗੱਡਿਆ ਸੀ। ਉਸ ਕੋਲ ਅੱਜ ਐਨੀ ਦੌਲਤ ਹੈ ਕਿ ਦੋਨਾਂ ਹੱਥਾਂ ਨਾਲ ਵੀ ਲੁੱਟਾਵੇ ਜਾਂ ਨੋਟਾਂ ਨੂੰ ਅੱਗ ਲਾਵੇ… ਮੁੱਕਣੀ ਨਹੀਂ।
ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸਲਵੈੱਸਰ ਸਟਲੋਅਨ ਗੁਮਨਾਮੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਆਰਥਿਕ ਤੰਗੀ ਕਾਰਨ ਉਸ ਨੂੰ ਆਪਣੀ ਪਤਨੀ ਦੇ ਗਹਿਣੇ ਵੀ ਚੋਰੀ ਕਰਕੇ ਵੇਚਣੇ ਪਏ ਸਨ। ਸਲਵੈੱਸਰ ਸਟਲੋਅਨ ਦੀ ਮਾਇਕ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਨੌਬਤ ਘਰ ਵੇਚਣ ਅਤੇ ਬੇਘਰ ਹੋਣ ਤੱਕ ਚੱਲੀ ਗਈ ਸੀ। ਮਕਾਨ ਖੁੱਸਣ ਬਾਅਦ ਉਹਨੂੰ ਤਿੰਨ ਰਾਤਾਂ ਨਿਊਯੌਰਕ ਦੇ ਬੱਸ ਅੱਡੇ ‘ਤੇ ਸੌਂ ਕੇ ਗੁਜ਼ਾਰਨੀਆਂ ਪਈਆਂ ਸਨ। ਨਾ ਉਸ ਵਿੱਚ ਉਦੋਂ ਕਿਰਾਏ ਦਾ ਕਮਰਾ ਲੈਣ ਦੀ ਸਮਰਥਾ ਸੀ ਤੇ ਨਾ ਹੀ ਜੇਬ ਵਿੱਚ ਕੁੱਝ ਖਰੀਦ ਕੇ ਖਾਣ ਲਈ ਕੋਈ ਛਿੱਲੜ ਸੀ। ਅਜਿਹੀ ਅਵਸਥਾ ਵਿੱਚ ਸਲਵੈੱਸਰ ਸਟਲੋਅਨ ਨੇ ਆਪਣਾ ਪਾਲਤੂ ਕੁੱਤਾ ਇੱਕ ਸ਼ਰਾਬ ਦੇ ਸਟੋਰ ਅੱਗੇ ਕਿਸੇ ਅਜਨਬੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਸ ਕੋਲ ਕੁੱਤੇ ਨੂੰ ਰਜਾਉਣ ਲਈ ਪੈਸੇ ਨਹੀਂ ਸਨ।
ਸਲਵੈੱਸਰ ਸਟਲੋਅਨ ਆਪਣੇ ਜਿਸ ਕੁੱਤੇ ਨੂੰ ਬਹੁਤ ਪਿਆਰ ਕਰਦਾ ਸੀ, ਉਸੇ ਕੁੱਤੇ ਨੂੰ ਪੱਚੀ ਡਾਲਰ ਵਿੱਚ ਵੇਚ ਕੇ ਉਹ ਰੋਂਦਾ ਹੋਇਆ ਉੱਥੋਂ ਚੱਲਿਆ ਸੀ।
ਦੋ ਹਫਤੇ ਬਾਅਦ ਸਲਵੈੱਸਰ ਸਟਲੋਅਨ ਨੇ ਮੁਹੰਮਦ ਅਲੀ ਅਤੇ ਚੱਕ ਵੈਪਨਰ ਦਾ ਮੁੱਕੇਬਾਜ਼ੀ ਮੈਚ ਦੇਖਿਆ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਰੌਕੀ ਫਿਲਮ ਦੀ ਪਟਕਥਾ ਅਹੁੜ ਗਈ ਸੀ।
ਸਲਵੈੱਸਰ ਸਟਲੋਅਨ ਨੇ ਪੂਰੇ ਵੀਹ ਘੰਟੇ ਲਾ ਕੇ ਰੌਕੀ ਫਿਲਮ ਦੀ ਸਕਰਿਪਟ ਲਿੱਖੀ। ਸਲਵੈੱਸਰ ਸਟਲੋਅਨ ਨੇ ਫਿਲਮ ਨਿਰਮਾਤਾਵਾਂ ਨੂੰ ਕਹਾਣੀ ਵੇਚਣ ਲਈ ਸੰਪਰਕ ਕੀਤਾ ਤਾਂ ਉਸ ਨੂੰ $25,000 ਦੀ ਪੇਸ਼ਕਸ਼ ਵੀ ਹੋ ਗਈ ਸੀ। ਪਰ ਪੰਗਾ ਉਦੋਂ ਪੈ ਗਿਆ ਜਦੋਂ ਸਲਵੈੱਸਰ ਸਟਲੋਅਨ ਨੇ ਫਿਲਮ ਵਿੱਚ ਮੁੱਖ ਭੂਮਿਕਾ ਰੌਕੀ ਪਾਤਰ ਨੂੰ ਖੁਦ ਨਿਭਾਉਣ ਦੀ ਸ਼ਰਤ ਰੱਖੀ। ਨਿਰਮਾਤਾ ਨੇ ਇਹ ਕਹਿ ਕੇ ਜੁਅਬ ਦੇ ਦਿੱਤਾ ਕਿ ਉਹ ਕਿਸੇ ਸਥਾਪਿਤ ਅਦਾਕਾਰ ਨੂੰ ਹੀ ਲੈ ਕੇ ਫਿਲਮ ਬਣਾਉਣਗੇ। ਉਨ੍ਹਾਂ ਨੇ ਸਲਵੈੱਸਰ ਸਟਲੋਅਨ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਤੂੰ ਤਾਂ ਊਈਂ ਝੁੱਡੂ ਜਿਹਾ ਲੱਗਦੈਂ!
ਸਲਵੈੱਸਰ ਸਟਲੋਅਨ ਬੇਇੱਜ਼ਤ ਹੋ ਕੇ ਆਪਣੀ ਸਕਰਿਪਟ ਚੁੱਕ ਕੇ ਮੁੜ ਆਇਆ। ਕੁੱਝ ਹਫਤਿਆਂ ਬਾਅਦ ਸਲਵੈੱਸਰ ਸਟਲੋਅਨ ਨੂੰ ਉਸੇ ਨਿਰਮਾਤਾ ਦੇ ਸਟੂਡੀਉ ਵਿੱਚੋਂ ਬੰਦਿਆਂ ਨੇ ਆ ਕੇ ਸੰਪਰਕ ਕੀਤਾ ਤੇ $250,000 ਦੀ ਪੇਸ਼ਕਸ਼ ਕੀਤੀ ਤੇ ਕਿਹਾ ਕਿ ਉਹ ਖੁਦ ਅਦਾਕਾਰੀ ਕਰਨ ਦੀ ਜ਼ਿੱਦ ਛੱਡ ਦੇਵੇ। ਸਲਵੈੱਸਰ ਸਟਲੋਅਨ ਨੇ ਪੇਸ਼ਕਸ਼ ਠੁੱਕਰਾ ਦਿੱਤੀ। ਉਨ੍ਹਾਂ ਨੇ ਰਕਮ ਵਧਾ ਕੇ $350,000 ਦੀ ਪੇਸ਼ਕਸ਼ ਕੀਤੀ। ਸਲਵੈਸਰ ਸਟਲੋਅਨ ਨੇ ਉਹ ਵੀ ਠੁੱਕਰਾ ਦਿੱਤੀ ਤੇ ਆਪਣੀ ਹਿੰਡ ‘ਤੇ ਅੜਦਿਆਂ ਕਿਹਾ ਕਿ ਮੁੱਖ ਨਾਇਕ ਦੀ ਭੂਮਿਕਾ ਉਹ ਖੁਦ ਹੀ ਕਰੇਗਾ। ਅੱਕ ਕੇ ਅਖੀਰ ਨੂੰ ਨਿਰਮਾਤਾ ਸਲਵੈੱਸਰ ਸਟਲੋਅਨ ਨੂੰ ਫਿਲਮ ਵਿੱਚ ਲੈਣ ਲਈ ਮੰਨ ਗਿਆ, ਪਰ ਉਸ ਨੇ ਸਕਰਿਪਟ ਦੀ ਕੀਮਤ ਘਟਾ ਕੇ ਮਹਿਜ਼ $35,000 ਕਰ ਦਿੱਤੀ। ਸਲਵੈੱਸਰ ਸਟਲੋਅਨ ਨੇ ਝੱਟ ਹਾਂ ਕਰ ਦਿੱਤੀ। ਉਸ ਦਿਨ ਤੋਂ ਬਾਅਦ ਗਰੀਬੀ ਸਿਰਫ ਸਲਵੈੱਸਰ ਸਟਲੋਅਨ ਲਈ ਇੱਕ ਇਤਿਹਾਸਕ ਸ਼ੈਅ ਹੀ ਬਣ ਕੇ ਰਹਿ ਗਈ ਸੀ।
ਰੌਕੀ ਫਿਲਮ ਜਦੋਂ ਬਣ ਕੇ ਲੋਕਾਂ ਤੱਕ ਪਹੁੰਚੀ ਤਾਂ ਉਸਨੇ ਫਿਲਮਾਂ ਦੇ ਕਈ ਰਿਕਾਰਡ ਤੋੜ ਦਿੱਤੇ ਤੇ ਉਸ ਵਰ੍ਹੇ ਦੇ ਅਨੇਕਾਂ ਔਸਕਰ ਪੁਰਸਕਾਰ ਜਿੱਤੇ। ਸਲਵੈੱਸਰ ਸਟਲੋਅਨ ਨੂੰ ਰੌਕੀ ਫਿਲਮ ਲਈ ਸਰਵੋਤਮ ਅਦਾਕਾਰ ਘੋਸ਼ਿਤ ਕੀਤਾ ਗਿਆ ਸੀ। ਰੌਕੀ ਫਿਲਮ ਨੂੰ ਅਮਰੀਕਨ ਰਾਸ਼ਟਰੀ ਫਿਲਮ ਰਿਜ਼ੀਸਟਰੀ ਵੱਲੋਂ ਉਦੋਂ ਤੱਕ ਦੀ ਹੌਲੀਵੁੱਡ ਦੀ ਸਭ ਤੋਂ ਉਮਦਾ ਫਿਲਮ ਵੀ ਗਰਦਾਨਿਆ ਗਿਆ ਸੀ।
ਫਿਲਮ ਨਿਰਮਾਤਾ ਵੱਲੋਂ ਮਿਲੇ ਪੈਂਤੀ ਹਜ਼ਾਰ ਮਿਹਨਤਾਨੇ ਨਾਲ ਸਲਵੈੱਸਰ ਸਟਲੋਅਨ ਨੇ ਸਭ ਤੋਂ ਪਹਿਲਾਂ ਆਪਣਾ ਕੁੱਤਾ ਵਾਪਿਸ ਖਰੀਦਣ ਦੀ ਕੋਸ਼ਿਸ਼ ਕੀਤੀ। ਸਲਵੈੱਸਰ ਸਟਲੋਅਨ ਨੇ ਜਿਸ ਸਟੋਰ ਮੂਹਰੇ ਕੁੱਤੇ ਨੂੰ ਵੇਚਿਆ ਸੀ। ਉਹ ਉੱਥੇ ਜਾ ਕੇ ਤਿੰਨ ਦਿਨ ਖੜਾ ਕੁੱਤਾ ਖਰੀਦਣ ਵਾਲੇ ਵਿਅਕਤੀ ਦਾ ਇੰਤਜ਼ਾਰ ਕਰਦਾ ਰਿਹਾ ਸੀ। ਤੀਜੇ ਦਿਨ ਉਹ ਬੰਦਾ ਕੁੱਤਾ ਲੈ ਕੇ ਆਉਂਦਾ ਸਲਵੈੱਸਰ ਸਟਲੋਅਨ ਨੂੰ ਦਿੱਸ ਗਿਆ। ਸਲਵੈਸਰ ਸਟਲੋਅਨ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸਲਵੈੱਸਰ ਸਟਲੋਅਨ ਨੇ ਆਪਣੀ ਕੁੱਤਾ ਵੇਚਣ ਦੀ ਮਜ਼ਬੂਰੀ ਦੱਸ ਕੇ ਉਸ ਵਿਅਕਤੀ ਤੋਂ ਦੁਬਾਰਾ ਕੁੱਤਾ ਖਰੀਦਣ ਦੀ ਬੇਨਤੀ ਕੀਤੀ। ਪੱਚੀ ਡਾਲਰ ਵਿੱਚ ਵੇਚੇ ਕੁੱਤੇ ਨੂੰ ਖਰੀਦਣ ਦੀ ਸਲਵੈੱਸਰ ਸਟਲੋਅਨ ਨੇ ਸੌ ਡਾਲਰ ਪੇਸ਼ਕਸ਼ ਕੀਤੀ। ਕੁੱਤੇ ਦੇ ਮਾਲਕ ਨੇ ਠੁੱਕਰਾ ਦਿੱਤੀ। ਸਲਵੈੱਸਰ ਸਟਲੋਅਨ ਨੇ ਪੰਜ ਸੌ ਡਾਲਰ ਦੀ ਪੇਸ਼ਕਸ਼ ਕੀਤੀ। ਕੁੱਤੇ ਦੇ ਮਾਲਕ ਨੇ ਉਹ ਵੀ ਠੁੱਕਰਾ ਦਿੱਤੀ। ਸਲਵੈੱਸਰ ਸਟਲੋਅਨ ਨੇ ਹਜ਼ਾਰ ਡਾਲਰ ਦੀ ਪੇਸ਼ਕਸ਼ ਕੀਤੀ। ਕੁੱਤੇ ਦੇ ਮਾਲਕ ਨੇ ਉਹ ਵੀ ਠੁੱਕਰਾ ਦਿੱਤੀ। ਇੰਝ ਰਕਮ ਵਧਾਉਂਦਿਆਂ ਦਸ ਹਜ਼ਾਰ ਡਾਲਰ ਦੀ ਪੇਸ਼ਕਸ਼ ਕੀਤੀ। ਕੁੱਤੇ ਦੇ ਮਾਲਕ ਨੇ ਸਭ ਇਹ ਕਹਿ ਕੇ ਠੁਕਰਾ ਦਿੱਤੀਆਂ ਕਿ ਜਦੋਂ ਤੂੰ ਕੁੱਤਾ ਵੇਚਿਆ ਸੀ, ਉਦੋਂ ਉਹ ਵਿਕਾਊ ਸੀ। ਹੁਣ ਵਿਕਾਊ ਨਹੀਂ ਹੈ। ਅੰਤ ਪੱਚੀ ਡਾਲਰ ਵਿੱਚ ਵੇਚਿਆ ਕੁੱਤਾ ਸਲਵੈੱਸਰ ਸਟਲੋਅਨ ਨੇ ਮਿੰਨਤਾ ਕਰਕੇ ਪੰਦਰਾਂ ਹਜ਼ਾਰ ਡਾਲਰ ਦਾ ਵਾਪਿਸ ਖਰੀਦਿਆ ਸੀ।
ਜਦੋਂ ਕੁੱਤਾ ਖਰੀਦ ਕੇ ਸਲਵੈੱਸਰ ਸਟਲੋਅਨ ਜਾਣ ਲੱਗਿਆ ਤਾਂ ਉਸ ਕੁੱਤਾ ਵੇਚਣ ਵਾਲੇ ਵਿਅਕਤੀ ਨੇ ਸਲਵੈਸਰ ਸਟਲੋਅਨ ਨੂੰ ਰੋਕ ਕੇ ਪੁੱਛਿਆ ਕਿ ਤੂੰ ਇਸ ਕੁੱਤੇ ਨੂੰ ਖਰੀਦਣ ਦੀ ਐਨੀ ਵੱਡੀ ਰਕਮ ਕਿਉਂ ਖਰਚੀ? ਸਲਵੈੱਸਰ ਸਟਲੋਅਨ ਨੇ ਹੱਸਦੇ ਹੋਏ ਜੁਆਬ ਦਿੱਤਾ ਸੀ, “ਜਦੋਂ ਗਰੀਬੀ ਦੀ ਮਾਰ ਨਾ ਸਹਾਰਦਿਆਂ ਹੋਇਆਂ ਮੈਂ ਥੱਕ ਕੇ ਡਿੱਗ ਪੈਂਦਾ ਸੀ ਤਾਂ ਆਪਣੇ ਕੁੱਤੇ ਨਾਲ ਆਪਣਾ ਦੁੱਖ-ਸੁੱਖ ਕਰਦਾ ਹੁੰਦਾ ਸੀ। ਮੈਂ ਤਾਂ ਆਪਣੀ ਭੁੱਖ ਬਰਦਾਸ਼ਤ ਕਰ ਲੈਂਦਾ ਸੀ। ਪਰ ਮੇਰੇ ਕੁੱਤੇ ਤੋਂ ਜਦੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਸੀ ਤਾਂ ਉਹ ਇੱਧਰ-ਉੱਧਰ ਚੀਜ਼ਾਂ ਨੂੰ ਮੂੰਹ ਮਾਰ ਕੇ ਆਪਣੇ ਖਾਣ ਲਈ ਕੁੱਝ ਨਾ ਕੁੱਝ ਲੱਭ ਲੈਂਦਾ ਹੁੰਦਾ ਸੀ। ਮੈਂ ਆਪਣੇ ਇਸ ਕੁੱਤੇ ਤੋਂ ਹੀ ਸਬਕ ਸਿੱਖਿਆ ਸੀ ਕਿ ਕਦੇ ਹਿੰਮਤ ਹਾਰ ਕੇ ਬੈਠਣਾ ਨਹੀਂ ਚਾਹੀਦੈ। ਹੱਥ ਪੈਰ ਮਾਰਦੇ ਰਹੋ, ਕਦੇ ਨਾ ਕਦੇ ਕਿਤੇ ਨਾ ਕਿਤੇ ਤੁਹਾਡਾ ਪੰਜਾਂ ਜ਼ਰੂਰ ਅੜ ਜਾਵੇਗਾ। ਮੈਂ ਇਹੀ ਕੀਤਾ ਤੇ ਹੁਣ ਹੌਲੀਵੁੱਡ ਦਾ ਸਟਾਰ ਬਣ ਗਿਆ ਹਾਂ।”
Translated by Balraj Sidhu