ਸਲੋਕ ਮਃ ੫
ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥
ਪ੍ਰਭੂ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸੁਆਦ ਦੇਣ ਵਾਲਾ ਹੈ (ਹੇ ਭਾਈ) ਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੀ ਰਾਹੀਂ ਇਸ ਪ੍ਰਭੂ ਨਾਮ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਕਰੋ।
status on waheguru
ਰਾਗੁ ਸੂਹੀ ਮਹਲਾ ੪ ਛੰਤ ਘਰੁ ੧
ੴ ਸਤਿਗੁਰ ਪ੍ਰਸਾਦਿ
ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਮੈਨੂੰ ਗੁਰੂ-ਪੁਰਖ ਮਿਲਾ (ਜਿਸ ਦੀ ਰਾਹੀਂ) ਮੈਂ (ਤੇਰੇ) ਗੁਣ ਯਾਦ ਕਰਾਂ, ਅਤੇ (ਇਹਨਾਂ ਗੁਣਾਂ ਦੇ ਵੱਟੇ) ਔਗੁਣ ਵੇਚ ਦਿਆਂ (ਦੂਰ ਕਰ ਦਿਆਂ)। ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਉਚਾਰਾਂ।
ਅੰਗ: 773 | 08-11-2021
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ੴ ਸਤਿਗੁਰ ਪ੍ਰਸਾਦਿ ॥
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
(ਵਾਦ ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। (ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ॥੧॥ ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ ਵਿਵਾਦ ਦੀ ਰਾਹੀਂ) ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥
ਅੰਗ: 727 | 07-11-2021
ਸੋਰਠਿ ਮਹਲਾ ੪ ॥
ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥ ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥ ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ ॥ ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥
ਹੇ ਭਾਈ! ਪਰਮਾਤਮਾ ਨਾਲ ਪਿਆਰ ਦੀ ਰਾਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਝ ਜਾਂਦਾ ਹੈ, ਉਹ ਪਰਮਾਤਮਾ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ। ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧॥ ਹੇ ਮੇਰੇ ਪ੍ਰਭੂ! (ਮੈਨੂੰ ਆਪਣੀ) ਮੇਹਰ ਦਾ ਜਲ ਦੇਹ। ਹੇ ਹਰੀ! ਮੈਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤਿ ਦੇਹ। ਮੈਂ ਆਪਣੇ ਹਿਰਦੇ ਵਿਚ ਦਿਨ ਰਾਤ ਤੇਰਾ ਨਾਮ (ਹੀ) ਮੰਗਦਾ ਹਾਂ (ਕਿਉਂਕਿ ਤੇਰੇ) ਨਾਮ ਵਿਚ ਜੁੜਿਆਂ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ ॥ ਰਹਾਉ॥
ਅੰਗ: 607 | 06-11-2021
ਧਨਾਸਰੀ ਮਹਲਾ ੫ ॥
ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥
ਹੇ ਭਾਈ! ਉਸ ਮਨੁੱਖ ਨੂੰ ਬਦ ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਲੱਭ ਲੈਂਦਾ ਹੈ।1। ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।
ਅੰਗ: 682 | 05-11-21
ਸੋਰਠਿ ਮਹਲਾ ੯ ॥
ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥
ਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ। ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥ ਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ, ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ॥੧॥
ਅੰਗ: 632 | 04-11-2021
ਧਨਾਸਰੀ ਮਹਲਾ ੧ ॥
ਸਹਜਿ ਮਿਲੈ ਮਿਲਿਆ ਪਰਵਾਣੁ ॥ ਨਾ ਤਿਸੁ ਮਰਣੁ ਨ ਆਵਣੁ ਜਾਣੁ ॥ ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ ਜਹ ਦੇਖਾ ਤਹ ਅਵਰੁ ਨ ਕੋਇ ॥੧॥
ਜੇਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਚਰਨਾਂ ਵਿਚ ਜੁੜਦਾ ਹੈ, ਉਸ ਦਾ ਪ੍ਰਭੂ-ਚਰਨਾਂ ਵਿਚ ਜੁੜਨਾ ਕਬੂਲ ਪੈਂਦਾ ਹੈ। ਉਸ ਮਨੁੱਖ ਨੂੰ ਨਾਹ ਆਤਮਕ ਮੌਤ ਆਉਂਦੀ ਹੈ, ਨਾਹ ਹੀ ਜਨਮ ਮਰਨ ਦਾ ਗੇੜ। ਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿਚ ਲੀਨ ਰਹਿੰਦਾ ਹੈ, ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪਰਗਟ ਹੋ ਜਾਂਦਾ ਹੈ। ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ।੧।
ਅੰਗ: 686 | 03-11-2021
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥
ਹੇ ਸੰਤ ਜਨੋ! ਪਉਣ ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ।
ਅੰਗ: 656 | 02-11-2021
ਸਲੋਕੁ ਮਃ ੩ ॥
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥ ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥
ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿਚ ਪਿਆਰ ਨਹੀਂ ਬਣਦਾ। ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ। ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿਚ ਬਿਰਤੀ ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿਚ ਮਿਲ ਗਏ ਹਨ।
ਅੰਗ: 594 । 31-10-2021